Sach Di Khabar : Yashu Jaan

ਸੱਚ ਦੀ ਖ਼ਬਰ : ਯਸ਼ੂ ਜਾਨ

1. ਉੱਡਦੀਆਂ ਚਿੜੀਆਂ

ਹੁਣ ਰੁੱਖਾਂ ਤੇ ਪੰਛੀ ਨਜ਼ਰ ਨਹੀਂ ਆਉਂਦੇ,
ਪੰਛੀ ਕੀ ਲੋਕੀ ਤਾਂ ਰੁੱਖ ਹੀ ਨਹੀਂ ਲਾਉਂਦੇ,
ਜਿਵੇਂ ਜਿੱਤ ਕੇ ਵੀ ਸਰਕਾਰਾਂ,
ਕੁਝ ਝੋਲੀ ਨਹੀਂ ਪਾਉਂਦੀਆਂ,
ਤਾਹੀਓਂ ਉੱਡਦੀਆਂ ਚਿੜੀਆਂ,
ਹੁਣ ਆਲ੍ਹਣਾ ਨਹੀਂ ਬਣਾਉਂਦੀਆਂ

ਅੱਜ ਕੱਟਣ ਤੇ ਜ਼ੋਰ ਹੈ,
ਜੋ ਬਚੇ - ਖੁਚੇ ਰੁੱਖ ਲੱਗੇ,
ਬੈਠਦੇ ਸੀ ਛਾਵਾਂ ਵਿੱਚ,
ਜਿਸ ਵੇਲੇ ਧੁੱਪ ਲੱਗੇ,
ਹੁਣ ਇਹ ਵੀ ਵਿਹੜਾ ਸਾਡਾ,
ਦੇਖਣਾ ਨਹੀਂ ਚਾਹੁੰਦੀਆਂ,
ਤਾਹੀਓਂ ਉੱਡਦੀਆਂ ਚਿੜੀਆਂ,
ਹੁਣ ਆਲ੍ਹਣਾ ਨਹੀਂ ਬਣਾਉਂਦੀਆਂ

ਤਾਹੀਓਂ ਦਮੇ ਜਿਹੇ ਰੋਗ ਨੇ,
ਕਈ ਖਾ ਲਈਆਂ ਜਾਨਾਂ ਯਾਰ,
ਤਾਜ਼ੀ ਹਵਾ ਖਾਣ ਦਾ,
ਰਿਹਾ ਆਦਿ ਨਾ ਜ਼ਮਾਨਾ ਯਾਰ,
ਖੁੱਲ੍ਹੀ ਧੁੱਪ ਵਿੱਚ ਪਿੰਡਾ,
ਸੇਕਣਾ ਨਹੀਂ ਚਾਹੁੰਦੀਆਂ,
ਤਾਹੀਓਂ ਉੱਡਦੀਆਂ ਚਿੜੀਆਂ,
ਹੁਣ ਆਲ੍ਹਣਾ ਨਹੀਂ ਬਣਾਉਂਦੀਆਂ

ਵੇ ਗੱਲ ਸੁਣ ਬੰਦਿਆ ਤੂੰ,
ਥੋੜ੍ਹੀ -ਬਹੁਤ ਤਾਂ ਅਕਲ ਕਰ,
ਕਾਗਜ਼ ਵੀ ਬਣਦਾ ਹੈ,
ਰੁੱਖਾਂ ਦਾ ਕਤਲ ਕਰ,
ਯਸ਼ੂ ਜਾਨ ਡਰਦੀਆਂ,
ਲਾਗੇ ਵੀ ਨਹੀਂ ਆਉਂਦੀਆਂ,
ਤਾਹੀਓਂ ਉੱਡਦੀਆਂ ਚਿੜੀਆਂ,
ਹੁਣ ਆਲ੍ਹਣਾ ਨਹੀਂ ਬਣਾਉਂਦੀਆਂ

2. ਆਪਣਾ ਹੀ ਮਾਰਦਾ ਹੈ

ਇਸ ਗੱਲ ਨੂੰ ਬੰਦਾ ਅੱਜ ਨਾ ਵਿਚਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣਾ ਹੀ ਹੁੰਦਾ ਹੈ ਜੋ ਸੜਦਾ ਦੇਖ ਤਰੱਕੀ,
ਕਦੇ ਰਾਹ ਜਾਂਦੇ ਬੰਦੇ ਨੇ ਨਾ ਸ਼ਕਲ ਵੀ ਸਾਡੀ ਤੱਕੀ,
ਆਪਣਾ ਹੀ ਹੁੰਦਾ ਹੈ ਜੋ ਸਾਨੂੰ ਡੋਬਦਾ ਤਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣਾ ਹੀ ਹੁੰਦਾ ਹੈ ਮੁਸ਼ਕਿਲ ਵਿੱਚ ਸਾਥ ਨਾ ਖੜ੍ਹਦਾ,
ਹੋਵੇ ਲੱਖ਼ ਪਰਾਇਆ ਕੋਈ ਥੋੜ੍ਹੀ ਤਾਂ ਮਦਦ ਹੈ ਕਰਦਾ,
ਆਪਣੇ ਤੋਂ ਹੀ ਹਾਰਦਾ ਹੈ ਬੰਦਾ ਜਦੋਂ ਵੀ ਹਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਆਪਣੇ ਹੀ ਹੁੰਦੇ ਨੇ ਜੋ ਪਿਆਰ 'ਚ ਦਿੰਦੇ ਧੋਖੇ,
ਕਦੇ ਗ਼ੈਰ ਵੀ ਕਰਦੇ ਦੱਸ ਕੰਮ ਇੱਦਾਂ ਦੇ ਔਖੇ,
ਆਪਣਾ ਹੀ ਵਿਗਾੜਦਾ ਹੈ ਗ਼ੈਰ ਤਾਂ ਗੱਲ ਸਵਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

ਉਹ ਆਪਣਾ ਹੀ ਹੁੰਦਾ ਹੈ ਜੋ ਮੂੰਹ ਚੋਂ ਖੋਹਵੇ ਰੋਟੀ,
ਕਦੇ ਕੋਹਾਂ ਦੂਰ ਕਿਸੇ ਗੈਰ ਨੇ ਨਾ ਗੱਲ ਇਹ ਹੋਣੀ ਸੋਚੀ,
ਆਪਣਾ ਤਾਂ ਯਸ਼ੂ ਜਾਨ ਬਸ ਗੱਲਾਂ ਨਾਲ ਸਾਰਦਾ ਹੈ,
ਬੰਦੇ ਨੂੰ ਜਦੋਂ ਮਾਰਦਾ ਹੈ ਆਪਣਾ ਹੀ ਮਾਰਦਾ ਹੈ

3. ਅਸੀਂ ਵੀ ਨੇ ਸਿੱਖ ਲਏ ਸ਼ਿਕਾਰ ਕਰਨੇ

ਹੁਣ ਸਾਨੂੰ ਵੰਗਾਰਿਓ ਨਾ,
ਫ਼ੋਕੀ ਬੜ੍ਹਕ ਮਾਰਿਓ ਨਾ,
ਦਸ਼ਮੇਸ਼ ਪਿਤਾ ਦੇ ਸਿੰਘਾਂ ਨੂੰ,
ਐਵੇਂ ਹੀ ਲਲਕਾਰਿਓ ਨਾ,
ਗਿੱਦੜ, ਭੇਡਾਂ ਬੱਕਰੀਆਂ ਵਾਂਗ,
ਜ਼ੁਲਮ ਤੁਹਾਡੇ ਨਹੀਂ ਜਰਨੇ,
ਹੁਣ ਅਸੀਂ ਵੀ ਸਿੱਖ ਲਏ ਨੇ ਸ਼ਿਕਾਰ ਕਰਨੇ

ਸਾਡੇ ਗੁਰੂ ਗ੍ਰੰਥ ਸਾਹਿਬ ਨੂੰ,
ਗੋਰੇ ਵੀ ਅੱਜ ਪੜ੍ਹਦੇ ਨੇ,
ਵਿਗਿਆਨੀ ਨਾ ਇਸਦੇ ਵਰਗਾ,
ਰੌਲ਼ਾ ਪਾ ਅੱਜ ਦੱਸਦੇ ਨੇ,
ਸੁਣ ਲਓ ਤੁਸੀਂ ਵੀ ਕੰਨ ਖੋਲ੍ਹ,
ਜੋ ਲੁੱਟਣ ਪਾ ਭਗਵੇਂ ਪਰਨੇ,
ਹੁਣ ਅਸੀਂ ਵੀ ਸਿੱਖ ਲਏ ਨੇ ਸ਼ਿਕਾਰ ਕਰਨੇ

ਸਾਡੇ ਘਰਾਂ 'ਚ ਵੜਕੇ ਹੁਣ,
ਸਾਨੂੰ ਮਾਰਨਾ ਸੌਖਾ ਨਹੀਂ,
ਬਿਨ੍ਹਾਂ ਗੱਲੋਂ ਗਲ਼ ਰੱਸੇ ਪਾਉਣ ਦਾ,
ਅਸੀਂ ਦੇਣਾ ਹੁਣ ਮੌਕਾ ਨਹੀਂ,
ਮਾਸੂਮ ਲੋਕੀ ਮੇਰੇ ਦੇਸ਼ ਦੇ,
ਹੁਣ ਹੱਥ ਜੋੜਕੇ ਨਹੀਂ ਖੜ੍ਹਨੇ,
ਹੁਣ ਅਸੀਂ ਵੀ ਸਿੱਖ ਲਏ ਨੇ ਸ਼ਿਕਾਰ ਕਰਨੇ

4. ਉਹਨਾਂ ਲੈ ਜਾਣਾ ਸ਼ਰੇਆਮ ਬੰਨ੍ਹਕੇ

ਦਿਲਾ ਸ਼ੈਤਾਨੀਆਂ ਨੇ ਕੰਮ ਤੇਰੇ ਨਹੀਂ ਆਉਣਾ,
ਸੱਚ ਦੇਖਕੇ ਹੀ ਤੈਨੂੰ ਪਵੇਗਾ ਜਿਊਣਾ,
ਛੇਤੀ ਕਰਲੈ ਕੰਮ ਜੋ ਅਧੂਰੇ ਤੇਰੇ,
ਗੱਲ ਸਾਡੀ ਵੀ ਕੋਈ ਸੱਚ ਮੰਨਕੇ,
ਸੁਣ ਰੂਹ ਦੀ ਨਹੀਂ ਤਾਂ ਪਛਤਾਏਂਗਾ,
ਉਹਨਾਂ ਲੈ ਜਾਣਾ ਸ਼ਰੇਆਮ ਬੰਨ੍ਹਕੇ

ਉਹਨਾਂ ਆਣਕੇ ਤੈਨੂੰ ਪੁੱਛਣਾ ਨਹੀਂ,
ਸਾਡੇ ਨਾਲ਼ ਸੱਜਣਾਂ ਤੂੰ ਜਾਣਾ ਜਾਂ ਨਹੀਂ,
ਹੋਵੇਂ ਪਿਆਸਾ ਤੂੰ ਚਾਹੇ ਜਾਂ ਹੋਵੇ ਭੁੱਖਾ,
ਇਹ ਵੀ ਨਹੀਂ ਕਹਿਣਾ ਕੁਝ ਖਾਣਾ ਤੇ ਨਹੀਂ,
ਬੜੀ ਦੇਣੀ ਉਸ ਵੇਲੇ ਸੱਚੀਂ ਪੀੜ ਤੈਨੂੰ,
ਜ਼ਬਰਦਸਤੀ ਲੈ ਜਾਣਾ ਤੇਰੇ ਹੱਡ ਭਨ੍ਹਕੇ,
ਸੁਣ ਰੂਹ ਦੀ ਨਹੀਂ ਤਾਂ ਪਛਤਾਏਂਗਾ,
ਉਹਨਾਂ ਲੈ ਜਾਣਾ ਸ਼ਰੇਆਮ ਬੰਨ੍ਹਕੇ

ਇੰਨਾ ਪਤਾ ਹੈ ਤੇਰੀ ਹੋ ਮੌਤ ਜਾਣੀ,
ਅੱਗੇ ਕੀ ਹੋਇਆ ਕਿਸੇ ਆ ਦੱਸਿਆ ਨਾ,
ਇੱਕ ਵਾਰ ਜਿਹੜਾ ਗਿਆ ਜੱਗ ਉੱਤੋਂ,
ਉਹ ਮੁੜ ਵਾਪਿਸ ਕਦੇ ਪਰਤਿਆ ਨਾ,
ਫਿਰ ਕੀ ਦੱਸੀਏ ਕੀ ਯਸ਼ੂ ਜਾਨ ਹੋਵੇ,
ਕਦੇ ਦੇਖੀ ਨਹੀਂ ਮੈਂ ਤਕਦੀਰ ਛੱਨਕੇ,
ਸੁਣ ਰੂਹ ਦੀ ਨਹੀਂ ਤਾਂ ਪਛਤਾਏਂਗਾ,
ਉਹਨਾਂ ਲੈ ਜਾਣਾ ਸ਼ਰੇਆਮ ਬੰਨ੍ਹਕੇ

5. ਇੱਕ ਗੱਲ

ਇੱਕ ਗੱਲ ਸੁਣੋਂ ਤੁਸੀਂ,
ਹੋਵੇਗੀ ਬੜੀ ਖ਼ੁਸ਼ੀ,
ਜਿਸਨੂੰ ਅਸੀਂ ਪੂਜਦੇ ਹਾਂ,
ਉਹ ਕੌਣ ਹੈ,
ਕੋਈ ਫ਼ਰਿਸ਼ਤਾ ਹੈ,
ਪੱਥਰ ਦੀ ਮੂਰਤ ਹੈ,
ਜਾਂ ਪੌਣ ਹੈ,
ਹੈ ਤਾਂ ਕੁਝ ਵੀ ਨਹੀਂ,
ਸਾਡੀ ਹੀ ਆਸਥਾ ਹੈ,
ਇੱਕ ਪਵਿੱਤਰ ਅਹਿਸਾਸ ਹੈ,
ਰੱਬ ਹੁੰਦਾ ਹੈ,
ਇਹ ਕੁਝ ਹੋਰ ਨਹੀਂ,
ਸਿਰਫ਼ ਸਾਡਾ ਵਿਸ਼ਵਾਸ ਹੈ,
ਚੰਗਾ ਹੋਇਆ ਤਾਂ ਮੈਂ ਕੀਤਾ,
ਜੇ ਕੁਝ ਬੁਰਾ ਹੋਇਆ,
ਰੱਬ ਤੇ ਸੁੱਟ ਦਿੱਤਾ,
ਯਸ਼ੂ ਜਾਨ ਮਨੁੱਖ ਕਿਉਂ,
ਪੱਥਰਾਂ ਅੱਗੇ ਝੁਕਿਆ ਫਿਰਦਾ ਹੈ,
ਉਹ ਚੋਰ ਹੈ, ਡਾਕੂ ਹੈ, ਠੱਗ ਹੈ,
ਜੋ ਲੁਕਿਆ ਫਿਰਦਾ ਹੈ

6. ਇਤਿਹਾਸ ਨੂੰ ਇੱਕ ਵਾਰ

ਇਤਿਹਾਸ ਨੂੰ ਇੱਕ ਵਾਰ ਫਿਰ ਫਰੋਲਿਆ ਜਾਏਗਾ,
ਸੱਚ ਅਤੇ ਝੂਠ ਦਾ ਪੱਲੜਾ ਮੁੜ ਤੋਲਿਆ ਜਾਏਗਾ,
ਹੱਥ ਲੱਗੇਗੀ ਧੋਖੇਬਾਜ਼ੀ, ਠੱਗੀਆਂ ਦੀ ਪੰਡ ਲੋਭ,
ਕੋਈ ਬੰਦ ਦਰਵਾਜ਼ਾ ਦੁਬਾਰਾ ਖੋਲ੍ਹਿਆ ਜਾਏਗਾ,
ਇਤਿਹਾਸ ਨੂੰ ਇਕ ਵਾਰ ਫਿਰ ਫਰੋਲਿਆ ਜਾਏਗਾ

ਉਨ੍ਹੀਂ ਸੌ ਸੰਤਾਲੀ ਦਾ ਅਸਲ ਸੱਚ ਅਤੇ ਚੁਰਾਸੀ ਦੇ ਦੰਗੇ,
ਕਿਸ ਤਰ੍ਹਾਂ ਵਿਭਾਜਨ ਹੋਇਆ ਦੇਸ਼ ਦਾ ਦੇਸ਼ ਗਏ ਸੀ ਵੰਡੇ,
ਮੈਂਨੂੰ ਪਤਾ ਹੈ ਸਿਰਫ ਝੂਠ ਤੇ ਝੂਠ ਹੀ ਬੋਲਿਆ ਜਾਏਗਾ,
ਇਤਿਹਾਸ ਨੂੰ ਇਕ ਵਾਰ ਫਿਰ ਫਰੋਲਿਆ ਜਾਏਗਾ

ਸਰਕਾਰਾਂ ਸੱਚ ਨੂੰ ਉਪਰ ਕਦੇ ਆਉਣ ਨਹੀਂ ਦਿੰਦੀਆਂ ਨੇ,
ਝੂਠ ਨੂੰ ਸਦਾ ਦੀ ਨੀਂਦ ਵੀ ਸੁਲਾਉਣ ਨਹੀਂ ਦਿੰਦੀਆਂ ਨੇ,
ਅਸਲ ਰਾਜ਼ ਨੂੰ ਬਣਾ ਕਹਾਣੀ ਕਿਤੇ ਡੋਲ੍ਹਿਆ ਜਾਏਗਾ,
ਇਤਿਹਾਸ ਨੂੰ ਇਕ ਵਾਰ ਫਿਰ ਫਰੋਲਿਆ ਜਾਏਗਾ

ਖੁੱਲ੍ਹ ਕੇ ਸਾਹਮਣੇ ਆਉਣ ਤੋਂ ਡਰੇਗਾ ਫਿਰ ਕੋਈ ਗਵਾਹ,
ਇਹ ਦੇਣਗੇ ਕਈ ਤਰ੍ਹਾਂ ਦੇ ਝੂਠੇ ਬੇਬੁਨਿਆਦੀ ਸਬੂਤ ਬਣਾ,
ਯਸ਼ੂ ਜਾਨ ਉਹ ਨੌਜਵਾਨ ਪੈਰਾਂ ਦੇ ਹੇਠ ਰੋਲਿਆ ਜਾਏਗਾ,
ਇਤਿਹਾਸ ਨੂੰ ਇਕ ਵਾਰ ਫਿਰ ਫਰੋਲਿਆ ਜਾਏਗਾ

7. ਸਕੂਲਾਂ ਵਾਲੀ ਵਰਦੀ

ਪਾ ਸਕੂਲਾਂ ਵਾਲੀ ਵਰਦੀ,
ਸਾਰਾ ਦਿਨ ਅਵਾਰਾਗਰਦੀ

ਮਾਪੇ ਪੜ੍ਹਨ ਵਾਸਤੇ ਭੇਜਣ,
ਬੱਚੇ ਪੜ੍ਹਦੇ ਮਰਜ਼ੀ-ਫ਼ਰਜ਼ੀ

ਜਦੋਂ ਪ੍ਰੀਖਿਆ ਲਾਗੇ ਆਵੇ,
ਅੰਦਰੋ ਜਾਨ ਰਹਿੰਦੀ ਡਰਦੀ

ਵਿੱਦਿਆ ਨਾ ਗ਼ੁਲਾਮ ਕਿਸੇ ਦੀ,
ਖਲਕਤ ਐਵੇਂ ਪੈਸੇ ਭਰਦੀ

ਯਸ਼ੂ ਜਾਨ ਕੀ ਹੈ ਫਾਇਦਾ,
ਬਾਅਦ ਚ ਕੰਮਾਂ ਪਿੱਛੇ ਮਰਦੀ

8. ਸੰਵਿਧਾਨ ਰਚੇਤਾ

ਮੈਂ ਚਾਹੇ ਟਿਕਾਣਾ ਲੱਭਿਆ ਨਹੀਂ,
ਪਰ ਘਰ ਵਿੱਚੋਂ ਵੀ ਕੱਢਿਆ ਨਹੀਂ,

ਮੈਂ ਪੁੱਤ ਹਾਂ ਸੰਵਿਧਾਨ ਰਚੇਤਾ ਦਾ,
ਸੰਘਰਸ਼ ਕਰਨਾ ਛੱਡਿਆ ਨਹੀਂ,

ਮੇਰੀ ਮਾਂ ਬੋਲੀ ਵੀ ਪੰਜਾਬੀ ਹੈ,
ਕਿਸੇ ਗੋਰੇ ਕੁੱਤੇ ਵੱਢਿਆ ਨਹੀਂ,

ਦੱਬੇ ਕੁਚਲਿਆਂ ਦੀ ਆਵਾਜ਼ ਹਾਂ,
ਇਮਾਨ ਮੈਂ ਕਬਰੀਂ ਗੱਡਿਆ ਨਹੀਂ,

ਹੁਣ ਜ਼ੁਲਮ ਮੈਂ ਸਹਿਣੇ ਛੱਡ ਦਿੱਤੇ,
ਭਾਰ ਵੀ ਸਿਰ ਤੇ ਲੱਦਿਆ ਨਹੀਂ,

ਤੂੰ ਹੁਣ ਮੁੜਕੇ ਖੁੰਭ ਠਪਾਉਣੀ ਹੈ,
ਜੋ ਕਰਨੋਂ ਟਿੱਚਰ ਹਟਿਆ ਨਹੀਂ,

ਮੈਂ ਸਮਝ ਲਈ ਤੇਰੀ ਰਾਜਨੀਤੀ,
ਤੈਥੋਂ ਕੁਝ ਸਾਡਾ ਘਟਿਆ ਨਹੀਂ,

ਅਸੀਂ ਦੇਸ਼ ਵਿਦੇਸ਼ਾਂ ਇੱਜ਼ਤ ਪਾਈ,
ਤੂੰ ਬਣ ਨੇਤਾ ਕੁਝ ਖੱਟਿਆ ਨਹੀਂ,

ਮੈਂ ਗਿਆਨ ਹੈ ਪਾਇਆ ਉੱਚਾ,
ਭਾਸ਼ਣ ਪੜ੍ਹ - ਪੜ੍ਹ ਰਟਿਆ ਨਹੀਂ,

ਯਸ਼ੂ ਜਾਨ ਕਿਸੇ ਦਲਿਤਾਂ ਵਰਗਾ,
ਰੁਤਬਾ ਹਾਲੇ ਖੱਟਿਆ ਨਹੀਂ

9. ਸੜੀ ਹੋਈ ਲਾਸ਼

ਮੈਂ ਰਾਤੀਂ ਅੱਖ ਲਾਈ,
ਪਤਾ ਨਹੀਂ ਕਿਸ ਪੱਖ ਲਾਈ,
ਸੌਂਦੇ ਸਾਰ ਉੱਠ ਗਿਆਂ,
ਚੱਲਦਿਆਂ ਹੀ ਰੁਕ ਗਿਆਂ,
ਕੀ ਦੇਖਿਆ ਕੋਈ ਹੱਸ ਰਿਹਾ ਹੈ,
ਮੇਰੇ ਵੱਲ ਇਸ਼ਾਰਾ ਕਰ ਕੁਝ ਦੱਸ ਰਿਹਾ ਹੈ,
ਮੈਂ ਜਿੱਦਾਂ ਹੀ ਉਸਦੇ ਕੋਲ ਗਿਆਂ,
ਉਸਦੇ ਕੋਲ ਪਿਆ ਮੁਰਦਾ ਬੋਲ ਪਿਆ,
ਮੈਂ ਬੜਾ ਹੈਰਾਨ ਸੀ ਇਹ ਕੀ ਹੋ ਰਿਹਾ ਹੈ,
ਬੜਾ ਅਚੰਬਾ ਹੈ ਜੋ ਵੀ ਹੋ ਰਿਹਾ ਹੈ

ਉਹ ਤੁਰਦੇ ਗਏ ਸ਼ਮਸ਼ਾਨ ਵੱਲ੍ਹ,
ਕੋਈ ਪਿੱਛਾ ਕਰ ਰਿਹਾ ਸੀ ਮੇਰਾ,
ਉਹਨਾਂ ਮੇਰੇ ਮਨ ਦੀ ਗੱਲ ਬੁੱਝ ਕਿਹਾ,
ਕੋਈ ਹੋਰ ਨਹੀਂ ਇਹ ਤਾਂ ਸਾਇਆ ਹੈ ਤੇਰਾ,
ਇੱਕ ਜਗ੍ਹਾ ਪਹੁੰਚ ਸੀ ਰੁਕ ਗਏ,
ਮੇਰੇ ਬੁੱਲ੍ਹ ਸੀ ਪਿਆਸ ਨਾਲ ਸੁੱਕ ਗਏ,
ਉਹਨਾਂ ਇੱਕ ਕੀਤੀ ਗੱਲ ਸਿਆਣੀ,
ਮੈਨੂੰ ਪਿਲਾਇਆ ਬਿਠਾ ਕੇ ਪਾਣੀ,
ਇੱਕ ਤਾਬੂਤ ਸੀ ਮੇਰੇ ਸਾਹਮਣੇ ਰੱਖਿਆ,
ਜਿਸ ਉੱਤੋਂ ਉਹਨਾਂ ਪਰਦਾ ਚੱਕਿਆ,
ਦੇਖ ਉਸਨੂੰ ਮੇਰੀ ਅੱਖ ਖੁੱਲ੍ਹੀ ਰਹਿ ਗਈ ਸੀ,
ਉਹ ਮੇਰੀ ਸੜੀ ਹੋਈ ਲਾਸ਼ ਸੀ ਜੋ ਤਾਬੂਤ 'ਚ ਪਈ ਸੀ

ਮੇਰੀ ਲਾਸ਼ ਨੂੰ ਦੇਖ ਇੱਕ ਬੱਚਾ ਰੋਣ ਲੱਗਾ,
ਮੇਰੇ ਸ਼ਰੀਰ ਦਾ ਪਸੀਨਾ ਪੈਰਾਂ ਵੱਲ੍ਹ ਚੋਣ ਲੱਗਾ,
ਸਮਝ ਨਹੀਂ ਆ ਰਹੀ ਸੀ ਕਿਸ ਦੁਨੀਆਂ ਵਿੱਚ ਹਾਂ,
ਆਪਣੀ ਹੀ ਅਰਥੀ ਨੂੰ ਦੇਖ ਕੁਝ ਅਜੀਬ ਹੋਣ ਲੱਗਾ,
ਸੋਚਿਆ ਸੁੱਤਾ ਤਾਂ ਰਾਤੀਂ ਘਰ ਵਿੱਚ ਸੀ,
ਜਿੱਥੇ ਨਾ ਇੰਨੀ ਚਿਕ - ਚਿਕ ਸੀ,
ਇਹ ਕੌਣ ਨੇ ਜੋ ਮੈਨੂੰ ਇੱਥੇ ਲੈ ਆਏ,
ਚੰਗੇ ਨੇ ਜਾਂ ਇਹ ਬੁਰੇ ਨੇ ਸਾਏ,
ਮੈਂ ਪੁੱਛਿਆ ਗਰਜਦਿਆਂ ਕੀ ਹੋ ਚਾਹੁੰਦੇ,
ਗੱਲ ਕਰੋ ਉਹੀ ਕਿਉਂ ਬੁਝਾਰਤਾਂ ਪਾਉਂਦੇ,
ਪਲ - ਪਲ ਹੋਕੇ ਬੀਤਿਆ ਇੱਕ ਘੰਟਾ,
ਉਹਨਾਂ ਕਿਹਾ ਅਸੀਂ ਤੇਰੇ ਦੇਸ਼ ਦੀ ਹਾਂ ਜੰਤਾ

ਸੁਣ ਇਹ ਹਾਲਾਤ ਸਾਡੇ ਉਹਨਾਂ ਬਣਾਏ,
ਜੋ ਸੀ ਮੱਤਾਂ ਦੇ ਦੇ ਅਸੀਂ ਜਿਤਾਏ,
ਅੱਜ ਉਹ ਸਾਡੀਆਂ ਲਾਸ਼ਾਂ ਨੂੰ ਖਾਵਣ,
ਉਹਨਾਂ ਜਿਸਮਾਂ ਵਿੱਚ ਸਾਡੇ ਛੇਦ ਕਰਾਏ,
ਅਸੀਂ ਤੇਰੇ ਤੇ ਨਾਂ ਹੱਸੀਏ ਮਾਸੂਮ ਬੰਦਿਆ,
ਜਾ ਮੁੜਜਾ ਵਾਪਿਸ ਅਸਲੀ ਘਰ ਜਾਵੀਂ ਨਾ ਡੰਗਿਆ,
ਜਿਹੜੀ ਦੇਖੀ ਤੂੰ ਸੜੀ ਹੋਈ ਲਾਸ਼ ਜੋ ਤਾਬੂਤ ਵਿੱਚ ਸੀ,
ਉਹ ਸੁਪਨਾ ਵੀ ਸੀ ਤੇ ਤੇਰਾ ਆਉਣ ਵਾਲਾ ਭਵਿੱਖ ਸੀ,
ਕੁਝ ਸੁਧਾਰ ਕਰ ਸਕਦਾ ਏਂ ਤਾਂ ਕਰੀਂ ਜ਼ਰੂਰ,
ਉਹਨਾਂ ਨੂੰ ਮਰਨ ਨਾ ਦੇਵੀਂ ਜੋ ਨੇ ਬੇਕਸੂਰ,
ਨਹੀਂ ਤਾਂ ਇੱਕ ਦਿਨ ਤੂੰ ਵੀ ਇੱਥੇ ਆਕੇ ਹੀ ਰੋਏਂਗਾ,
ਯਸ਼ੂ ਜਾਨ ਹੁਣ ਕਰਨਾ ਕੀ ਹੈ ਸਮਝ ਤਾਂ ਗਿਆ ਹੀ ਹੋਏਂਗਾ

10. ਸਾਨੂੰ ਰੋ ਲੈਣ ਦੇ

ਖ਼ੁਸ਼ ਰਹਿ ਤੂੰ ਅਲਵਿਦਾ ਕਹਿਣ ਵਾਲਿਆ,
ਸਾਡੇ ਪਿਆਰ ਦੀਆਂ ਜੜ੍ਹਾਂ ਵਿੱਚ ਬਹਿਣ ਵਾਲਿਆ

ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ,
ਖੌਰੇ ਕਦੋਂ ਮੇਲੇ ਹੋਣਗੇ,
ਰੋ ਲੈਣ ਦੇ ਤੂੰ ਮੋਢੇ ਉੱਤੇ ਸਿਰ ਰੱਖ ਕੇ,
ਖੌਰੇ ਕਦੋਂ ਮੇਲੇ ਹੋਣਗੇ,
ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ

ਸਾਡੀ ਅੱਖਾਂ ਵਿੱਚੋਂ ਹੰਝੂ ਹੋ ਲੈਣ ਦੇ ਖ਼ਤਮ,
ਨਾਲੇ ਦਰਦ ਅੰਦਰ ਦਾ ਵੀ ਹੋਣ ਦੇ ਭਸਮ,
ਮੂੰਹ ਤੱਕ ਲੈਣ ਦੇ ਮੈਨੂੰ ਰੱਜ - ਰੱਜ ਕੇ,
ਖੌਰੇ ਕਦੋਂ ਮੇਲੇ ਹੋਣਗੇ,
ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ

ਦਿੱਤੀਆਂ ਨਿਸ਼ਾਨੀਆਂ ਦਾ ਕਿਹੜਾ ਮਹਿਲ ਪਾਵਾਂ ਮੈਂ,
ਜੀਣ ਨਹੀਂਓਂ ਦੇਣਾ ਤੇਰੇ ਬਿਨ ਮੈਨੂੰ ਸਾਹਾਂ ਨੇ,
ਸੁੱਟ ਦੇਣਾ ਮੈਂ ਕਲੇਜਾ ਅੱਜ ਵੱਢ ਵੱਢ ਕੇ,
ਖੌਰੇ ਕਦੋਂ ਮੇਲੇ ਹੋਣਗੇ,
ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ

ਤੂੰ ਆਖ ਦਿੱਤਾ ਇਹ ਖੇਡ ਹੈ ਨਸੀਬਾਂ ਦਾ,
ਜਿਸ ਅੱਗੇ ਚੱਲਿਆ ਨਾ ਜ਼ੋਰ ਹੀ ਗ਼ਰੀਬਾਂ ਦਾ,
ਕੁਝ ਸ਼ਰਮ ਤੇ ਕਰ ਸਾਨੂੰ ਦਿਲੋਂ ਕੱਢ ਕੇ,
ਖੌਰੇ ਕਦੋਂ ਮੇਲੇ ਹੋਣਗੇ,
ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ

ਯਸ਼ੂ ਜਾਨ ਇੰਨਾ ਸਾਨੂੰ ਕਰ ਨਾਂ ਪਰਾਇਆ ਤੂੰ,
ਯਾਦ ਕਰ ਕੀ ਕਹਿ ਕੇ ਮੈਨੂੰ ਸੀ ਲਿਆਇਆ ਤੂੰ,
ਕਦੇ ਵੀ ਮੈਂ ਤੈਨੂੰ ਜਾਊਂਗਾ ਨਾ ਛੱਡਕੇ,
ਖੌਰੇ ਕਦੋਂ ਮੇਲੇ ਹੋਣਗੇ,
ਸਾਨੂੰ ਰੋ ਲੈਣ ਦੇ ਯਾਰਾ ਗਲ ਲੱਗ ਕੇ

11. ਸੁਪਨਿਆਂ ਦਾ ਵਜੂਦ

ਇੰਨਸਾਨ ਰਾਤ ਨੂੰ ਬਾਹਰੀ ਅੱਖਾਂ ਬੰਦ ਕਰਕੇ ਸੌਂਦਾ ਹੈ
ਅਤੇ ਉਸਦੀਆਂ ਅੰਦਰਲੀਆਂ ਅੱਖਾਂ ਖੁਲ੍ਹਦੀਆਂ ਹਨ,
ਉਹ ਉਸਨੂੰ ਦਿਖਾਉਂਦੀਆਂ ਹਨ ਉਸਤੇ ਹੁੰਦੇ ਜ਼ੁਲਮ ਨੂੰ,
ਉਹ ਉਸਨੂੰ ਸਬੂਤ ਦਿੰਦਿਆਂ ਕਹਿੰਦੀਆਂ ਹਨ,
ਇਹ ਤੇਰੀ ਅਸਲੀ ਸਚਾਈ ਹੈ,
ਜਿਸਤੋਂ ਤੂੰ ਭੱਜ ਰਿਹਾ ਏਂ,
ਆਪਣੀ ਮੌਤ ਨੂੰ ਸੱਦ ਰਿਹਾ ਏਂ,
ਜਿਸਨੂੰ ਉਹ ਸਵੇਰੇ ਉੱਠਕੇ ਸੁਪਨਾ ਸੀ ਆਖ ਦਿੰਦਾ ਹੈ,
ਸਵੇਰੇ ਉੱਠਦਾ ਹੈ ਬਾਹਰੀ ਅੱਖਾਂ ਖੁਲ੍ਹਦੀਆਂ ਹਨ,
ਅੰਦਰਲੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ,
ਵਿਗਿਆਨ ਕਹਿੰਦਾ ਹੈ ਸੁਪਨੇ ਦਿਮਾਗ ਦੀ ਉਪਜ ਹਨ,
ਕੁਝ ਗੱਲਾਂ ਹਾਲੇ ਵੀ ਲੋਕੋ ਦਿਮਾਗ ਵਿੱਚ ਗੁਪਤ ਹਨ,
ਵਿਗਿਆਨ ਆਖਦਾ ਹੈ ਸੁਪਨੇ ਕਲਪਨਾ ਦਾ ਹਿੱਸਾ ਨੇ,
ਇਹਨਾਂ ਦਾ ਵਜੂਦ ਨਹੀਂ ਹੁੰਦਾ,
ਮੈਂ ਕਹਿੰਦਾ ਹਾਂ ਕਿ ਸੁਪਨੇ ਦਾ ਕੋਈ ਵਜੂਦ ਸੀ,
ਉਹ ਤਾਂ ਹੀ ਦਿਖਾਈ ਦਿੱਤਾ,
ਅਗਰ ਕੁਝ ਹੁੰਦਾ ਹੈ ਤਾਂ ਹੀ ਦਿਖਾਈ ਦਿੰਦਾ ਹੈ,
ਕਿਸੇ ਦਾ ਵਜੂਦ ਇਸਤੋਂ ਹੀ ਸਾਬਿਤ ਹੁੰਦਾ ਹੈ,
ਇਸ ਬਾਹਰਲੀਆਂ ਅੱਖਾਂ ਤੇ ਯਕੀਨ ਕਰਨਾ ਬੰਦ ਕਰੋ,
ਯਸ਼ੂ ਜਾਨ ਇੰਨਸਾਨ ਬਣੋ ਇੰਨਸਾਨਾਂ ਵਾਲੇ ਕੰਮ ਕਰੋ

12. ਸੋਚ ਦੀਆਂ ਤਰੰਗਾਂ

ਮੇਰੀ ਸੋਚ ਦੀਆਂ ਤਰੰਗਾਂ,
ਉੱਠਦੀਆਂ ਨੇ ਆਕਾਸ਼ ਵੱਲ੍ਹ,
ਕੋਈ ਰੋਕ ਵੀ ਨਹੀਂ ਸਕਦਾ,
ਇਹਨਾਂ ਦੇ ਵੱਧਦੇ ਕਦਮਾਂ ਨੂੰ,
ਮੇਰੀ ਸੋਚ ਦੀਆਂ ਤਰੰਗਾਂ,
ਉੱਠਦੀਆਂ ਨੇ ਪ੍ਰਕਾਸ਼ ਵੱਲ੍ਹ,
ਕੋਈ ਰੋਕ ਨਹੀਂ ਸਕਦਾ,
ਇਹਨਾਂ ਦੇ ਵੱਧਦੇ ਕਦਮਾਂ ਨੂੰ

ਸੋਚ ਨੇ ਕੀ ਕੁਝ ਕੀਤਾ ਹੈ,
ਸੋਚਕੇ ਦੇਖੋ ਤਾਂ ਜ਼ਰਾ,
ਸੋਚ ਨੇ ਵੱਖ ਕੀਤੇ ਨੇ,
ਭਰਾਵਾਂ ਤੋਂ ਹੀ ਭਰਾ,
ਸੋਚ ਦੀ ਮਾਰ ਦੇ ਅੱਗੇ,
ਪੁੱਤਾਂ ਨੇ ਮਾਵਾਂ ਮਾਰੀਆਂ,
ਸੋਚ ਨੂੰ ਮੱਦੇ ਨਜ਼ਰ ਰੱਖ,
ਸਿੱਖਾਂ ਤੇ ਚੱਲੀਆਂ ਆਰੀਆਂ,

ਸੋਚ ਨੇ ਚੰਗੇ ਰਚੇ ਗ੍ਰੰਥ,
ਸੋਚ ਨੇ ਭਰਮ ਵੀ ਰਚੇ ਨੇ,
ਸੋਚ ਦਾ ਹੀ ਹੈ ਇਹ ਜਾਦੂ,
ਪਾਪੀ ਹਾਲੇ ਤੱਕ ਬਚੇ ਨੇ,
ਸੋਚ ਦਾ ਪੱਥਰ ਖਾਕੇ ਹੀ,
ਆਸ਼ਿਕ ਕਬਰਾਂ ਤੱਕ ਪੁੱਜੇ,
ਸੋਚ ਦੀਆਂ ਸੱਟਾਂ ਸਹਿ ਕੇ ਵੀ,
ਰਹੇ ਵਿਦਵਾਨ ਵਿੱਚ ਰੁੱਝੇ,
ਸੋਚ ਨੇ ਜੰਗ ਲਗਾ ਦਿੱਤਾ,
ਧਰਮ ਦੇ ਸੱਚੇ ਅਦਬਾਂ ਨੂੰ

ਸੋਚ ਤੋਂ ਉਪਰ ਉੱਠਕੇ ਵੀ,
ਪੁੱਠੇ ਕੰਮ ਕਈਆਂ ਕੀਤੇ,
ਸੋਚ ਦੀਆਂ ਅਸਲੀ ਗੱਲਾਂ ਨੂੰ,
ਸੋਚਕੇ ਹਾਰੇ ਵੀ ਜਿੱਤੇ,
ਸੋਚ ਨੂੰ ਹਵਸ ਦਾ ਹੋਏ ਸ਼ਿਕਾਰ,
ਕਈ ਸਦੀਆਂ ਬੀਤ ਗਈਆਂ,
ਸੋਚ ਨੂੰ ਖੋਲ੍ਹ ਲੋਕਾਂ ਦੇ ਅੱਗੇ,
ਮਹਾਪੁਰਸ਼ਾਂ ਅੱਖਾਂ ਮੀਚ ਲਈਆਂ,
ਸੋਚ ਵਿੱਚ ਯਸ਼ੂ ਜਾਨ ਨੇ ਵੀ,
ਦਿੱਤਾ ਮਾਰ ਹੈ ਸ਼ਰਮਾਂ ਨੂੰ

13. ਹੁਸਨ

ਕੁੜੀ ਦੇ ਨੈਣ ਕਬੂਦ ਜਿਹੇ,
ਦੰਦ ਮੁਰਬਾਰਿਦ ਵਰਗੇ,
ਉਹਦਾ ਹੁਸਨ ਬਦਖ਼ਸ਼ਾਂ ਲਾਲ,
ਵਾਲ਼ ਜਾਦੂ ਜਿਹਾ ਕਰ ਗਏ,
ਕੁੜੀ ਦੇ ਨੈਣ ਕਬੂਦ ਜਿਹੇ

ਮੁੱਖੜਾ ਹੈ ਸੁਰਖ਼ ਲਾਲ,
ਉਹ ਰੂਪ ਦੀ ਹੱਟੀ ਆ,
ਅੱਖੀਆਂ ਦੇ ਪੇਚ ਲੜਾਕੇ,
ਆਪਾਂ ਪੱਟੀ ਆ,
ਫੁੱਲਾਂ ਨੂੰ ਵੇਖ ਆਈ ਸ਼ਰਮ,
ਤੇ ਭੌਰੇ ਥਾਂ ਹੀ ਮਰ ਗਏ,
ਉਹਦਾ ਹੁਸਨ ਬਦਖ਼ਸ਼ਾਂ ਲਾਲ,
ਵਾਲ਼ ਜਾਦੂ ਜਿਹਾ ਕਰ ਗਏ

ਉਹਦੀ ਅੱਖ ਦੇ ਵਿੱਚ ਸ਼ਰਾਰਤ,
ਹੈ ਕਲਕੱਤੇ ਦੀ,
ਨਾਂ ਸਾਥੋਂ ਦਿਲ ਦੀ ਪੁੱਛੇ,
ਨਾ ਉਹ ਦੱਸੇ ਜੀ,
ਕਈ ਰਾਂਝੇ ਬਣਕੇ ਉਸਦੇ ਪਿੱਛੇ,
ਸਭ ਕੁਝ ਹਰ ਗਏ,
ਉਹਦਾ ਹੁਸਨ ਬਦਖ਼ਸ਼ਾਂ ਲਾਲ,
ਵਾਲ਼ ਜਾਦੂ ਜਿਹਾ ਕਰ ਗਏ

ਮੇਰੇ ਦਿਲ ਦਾ ਸਿਸਟਮ,
ਉਸਦੇ ਕਰਕੇ ਹਿੱਲਿਆ ਏ,
ਇਹ ਕੈਸਾ ਉਸਦਾ ਪਿਆਰ,
ਸਾਨੂੰ ਮਿਲਿਆ ਏ,
ਯਸ਼ੂ ਜਾਨ ਵਰਗੇ ਤਾਂ ਲੋਕੋ,
ਹੱਦ ਹੀ ਕਰ ਗਏ,
ਉਹਦਾ ਹੁਸਨ ਬਦਖ਼ਸ਼ਾਂ ਲਾਲ,
ਵਾਲ਼ ਜਾਦੂ ਜਿਹਾ ਕਰ ਗਏ

14. ਕਲਯੁੱਗ ਦਾ ਅੰਤ ਪੱਕਾ ਹੈ

ਦੋਆਪਰ ਦਾ ਇੱਕ ਵੀ ਬੰਦਾ ਨਹੀਂ ਬਚਿਆ,
ਤ੍ਰੇਤਾ ਯੁੱਗ ਦਾ ਵੀ ਇੱਕ ਪਰਿੰਦਾ ਨਹੀਂ ਬਚਿਆ,
ਕਲਯੁੱਗ ਦਾ ਵੀ ਅੰਤ ਹੋਵੇਗਾ,
ਕਿਉਂਕਿ ਜਿਸਦਾ ਜਨਮ ਸੰਭਵ ਹੈ,
ਉਸਦਾ ਮਰਨ ਤਾਂ ਪੱਕਾ ਹੈ,
ਅੰਤਕਰਨ ਤਾਂ ਪੱਕਾ ਹੈ,
ਕਲਯੁੱਗ ਦਾ ਅੰਤ ਪੱਕਾ ਹੈ

ਜਦੋਂ ਕੁਦਰਤ ਅੱਕ ਜਾਵੇਗੀ ਇੰਨਸਾਨ ਦੀਆਂ ਹਰਕਤਾਂ ਤੋਂ,
ਜਦੋਂ ਮੁਰਦੇ ਜ਼ਿੰਦਾ ਹੋਣ ਲੱਗਣਗੇ ਜਾਗਦੇ ਮਰਘਟਾਂ ਤੋਂ,
ਚਰਮ ਸੀਮਾ ਤੇ ਹੋਵੇਗੀ ਦਹਿਸ਼ਤਗਰਦੀ,
ਬੇਇਮਾਨ ਹਰ ਸਾਧੂ ਸੰਤ ਹੋਵੇਗਾ,
ਕਲਯੁੱਗ ਦਾ ਵੀ ਅੰਤ ਹੋਵੇਗਾ,
ਕਲਯੁੱਗ ਦਾ ਅੰਤ ਪੱਕਾ ਹੈ

ਸੂਰਜ, ਚੰਨ ਬਾਕੀ ਗ੍ਰਹਿਾਂ ਉੱਤੇ ਜੀਵਨ ਪਣਪ ਉੱਠੇਗਾ,
ਸਮਾਂ ਆਪਣੀ ਗੋਦੀ ਵਿੱਚੋਂ ਲੈ ਮੌਤ ਦੀ ਭਣਕ ਉੱਠੇਗਾ,
ਕੋਈ ਹੱਸ ਰਿਹਾ ਹੋਵੇਗਾ ਪਰਲੋ ਦੇਖ,
ਨਾ ਪੱਤਝੜ ਹੋਵੇਗਾ ਨਾ ਬਸੰਤ ਹੋਵੇਗਾ,
ਕਲਯੁੱਗ ਦਾ ਵੀ ਅੰਤ ਹੋਵੇਗਾ,
ਕਲਯੁੱਗ ਦਾ ਅੰਤ ਪੱਕਾ ਹੈ

ਹਰ ਇੱਕ ਸੁਰ ਵਿੱਚ ਭਿਆਨਕ ਧੁਨੀ ਰਾਜ਼ ਕਰੇਗੀ,
ਖਲਕਤ ਆਪਣੇ ਹੀ ਪ੍ਰਛਾਵੇਂ ਤੋਂ ਦਿਨ ਰਾਤ ਡਰੇਗੀ,
ਹਰ ਘਰ ਹੋਣਗੇ ਖੜਕਦੇ ਦਰਵਾਜ਼ੇ,
ਯਸ਼ੂ ਜਾਨ ਦਾ ਵੀ ਨਾਮ ਜਸਵੰਤ ਹੋਵੇਗਾ,
ਕਲਯੁੱਗ ਦਾ ਵੀ ਅੰਤ ਹੋਵੇਗਾ,
ਕਲਯੁੱਗ ਦਾ ਅੰਤ ਪੱਕਾ ਹੈ

15. ਕੱਲ੍ਹੇ - ਕੱਲ੍ਹੇ ਰਹਿਣ ਦਾ ਸਵਾਦ

ਦੁੱਖਾਂ ਦੇ ਸ਼ਰੀਕ ਅਸੀਂ ਬੜੇ ਚਿਰ ਦੇ,
ਹੁਣ ਹੋ ਗਏ ਹਾਂ ਬਿਰਹੋਂ ਦੀ ਧਿਰ ਦੇ,
ਮੈਂ ਆਖਾਂ ਸੱਚ ਮੇਰੇ ਮਨ 'ਚ ਨਾ ਚੋਰ ਐ,
ਕੱਲ੍ਹੇ - ਕੱਲ੍ਹੇ ਰਹਿਣ ਦਾ ਸਵਾਦ ਕੁਝ ਹੋਰ ਐ

ਵਸਲ ਦੀ ਧੁਨ ਸਾਨੂੰ ਦਿੱਤੀ ਨਾ ਸੁਣਾਈ ਕਦੇ,
ਜ਼ਖ਼ਮਾਂ ਦੀ ਬੀਨ ਯਾਰੋ ਕੱਲ੍ਹ ਹੈ ਵਜਾਈ ਹਜੇ,
ਉਹਨਾਂ ਅੱਗੇ ਦੱਸੋ ਸਾਡਾ ਚੱਲਣਾ ਕੀ ਜ਼ੋਰ ਐ,
ਕੱਲ੍ਹੇ - ਕੱਲ੍ਹੇ ਰਹਿਣ ਦਾ ਸਵਾਦ ਕੁਝ ਹੋਰ ਐ

ਭਰਿਓ ਬਾਜ਼ਾਰ ਉਹਨਾਂ ਬੋਲੀ ਲਾਈ ਪਿਆਰ ਦੀ,
ਕਰਦੇ ਮਖੌਲ ਸਾਨੂੰ ਯਾਦ ਆਈ ਯਾਰ ਦੀ,
ਸਾਫ਼ ਅਸੀਂ ਕਿਹਾ ਕਦੇ ਕੀਤੀ ਨਾ ਗੌਰ ਐ,
ਕੱਲ੍ਹੇ - ਕੱਲ੍ਹੇ ਰਹਿਣ ਦਾ ਸਵਾਦ ਕੁਝ ਹੋਰ ਐ

ਜੋ ਛੱਡਕੇ ਵਤਨ ਸਾਡਾ ਹੋਰ ਦੇਸ਼ ਵੱਸ ਗਏ,
ਉਹਨਾਂ ਦੀਆਂ ਮੌਜਾਂ ਨੇ ਇੱਥੇ ਅਸੀਂ ਫਸ ਗਏ,
ਯਸ਼ੂ ਜਾਨ ਅੱਜ ਤਾਹੀਓਂ ਹੋਇਆ ਕਮਜ਼ੋਰ ਐ,
ਕੱਲ੍ਹੇ - ਕੱਲ੍ਹੇ ਰਹਿਣ ਦਾ ਸਵਾਦ ਕੁਝ ਹੋਰ ਐ

16. ਕਾਲ਼ੀ ਰਾਤ ਦਾ ਹਨ੍ਹੇਰਾ

ਮੈਂ ਕਾਲ਼ੀ ਰਾਤ ਦਾ ਹਨ੍ਹੇਰਾ ਹਾਂ,
ਉੱਜੜ ਜਾਂਦਾ ਹਾਂ ਦਿਨ ਵੜਦਿਆਂ

ਮੇਰੀ ਹੋਂਦ ਹੈ ਬਰਕਰਾਰ,
ਚਾਹੇ ਖੋ ਜਾਵਾਂ ਸੂਰਜ ਚੜ੍ਹਦਿਆਂ

ਮੈਨੂੰ ਮਾਣ ਹੈ ਚਾਨਣ ਨੂੰ ਵੀ,
ਖਾ ਜਾਵਾਂ ਖੜ੍ਹਦਿਆਂ-ਖੜ੍ਹਦਿਆਂ

ਮੇਰੀ ਊਰਜਾ ਦੁੱਧ ਦੇ ਰੰਗ ਨੂੰ,
ਫਿੱਕਾ ਕਰੇ ਕੜ੍ਹਦਿਆਂ-ਕੜ੍ਹਦਿਆਂ

ਯਸ਼ੂ ਜਾਨ ਮੈਂ ਤੈਨੂੰ ਵੀ ਇੱਕ ਦਿਨ,
ਮਾਰਾਂਗਾ ਅੜਦਿਆਂ-ਅੜਦਿਆਂ

17. ਚੰਗਾ ਲੱਗਾ ਸੁਣਕੇ

ਤੁਹਾਡੀਆਂ ਕਵਿਤਾਵਾਂ ਪਸੰਦ ਬੜੀਆਂ ਆਉਂਦੀਆਂ,
ਇੰਝ ਮੈਨੂੰ ਲੱਗਦਾ ਇਹ ਵੀ ਨੇ ਜਿਊਂਦਿਆਂ,
ਮੇਰੀ ਕੀਤੀ ਤਾਰੀਫ਼ ਉਹਨਾਂ ਨੇ,
ਅੱਖਰ ਚੁਣ-ਚੁਣ ਕੇ,
ਬੜਾ ਚੰਗਾ ਲੱਗਾ ਮੈਨੂੰ,
ਗੱਲ ਉਹਨਾਂ ਦੀ ਸੁਣਕੇ

ਮੈਨੂੰ ਲੱਗੇ ਉਹ ਸੁਰਖ਼ਾਬ ਜਿਹੇ,
ਕਿਸੇ ਮਹਿਕਦੇ ਹੋਏ ਗੁਲਾਬ ਜਿਹੇ,
ਅੱਖਾਂ ਦੇ ਵਿੱਚ ਸੀ ਚਮਕ ਰਹੇ,
ਹੀਰੇ ਦੋ ਆਫ਼ਤਾਬ ਜਿਹੇ,
ਸ਼ਾਇਦ ਉਹ ਖੁਸ਼ ਹੋ ਰਹੇ ਸੀ,
ਕੋਈ ਖ਼ੁਆਬ ਬੁਣਕੇ,
ਬੜਾ ਚੰਗਾ ਲੱਗਾ ਮੈਨੂੰ,
ਗੱਲ ਉਹਨਾਂ ਦੀ ਸੁਣਕੇ

ਉਹਨਾਂ ਦੀ ਗੱਲ ਨਿਰਾਲੀ ਸੀ,
ਤੇ ਨਾਲੇ ਮੁੱਖੜੇ ਉੱਤੇ ਲਾਲੀ ਸੀ,
ਮੈਂ ਬੋਲ ਨਾ ਕੁਝ ਸਕਿਆ ਲੱਗਾ,
ਮੇਰੇ ਸ਼ਬਦਾਂ ਦੀ ਗਾਗਰ ਖ਼ਾਲੀ ਸੀ,
ਯਸ਼ੂ ਜਾਨ ਚੁੱਪ ਸੀ ਸਾਦਗੀ ਦੀ ਪੌਣੀ 'ਚ,
ਉਹਨਾਂ ਦੇ ਲਫ਼ਜ਼ਾਂ ਨੂੰ ਪੁਣਕੇ,
ਬੜਾ ਚੰਗਾ ਲੱਗਾ ਮੈਨੂੰ,
ਗੱਲ ਉਹਨਾਂ ਦੀ ਸੁਣਕੇ

18. ਚੋਰਾਂ ਦੀ ਸੱਤਾ

ਚੋਰਾਂ ਦੀ ਸੱਤਾ ਮੇਰੀਆਂ ਲਿਖਤਾਂ ਨੂੰ ਪੜ੍ਹ ਟੱਪ ਰਹੀ ਹੈ,
ਹੁਣ ਤਾਂ ਟੋਲੀ ਮੈਂਨੂੰ ਮਾਰਨ ਲਈ ਉਜ਼ਾਰ ਲੱਭ ਰਹੀ ਹੈ,
ਉਹਨਾਂ ਨੂੰ ਪਤਾ ਹੈ,
ਜੇ ਮੈਂ ਜ਼ਿੰਦਾ ਰਿਹਾ,
ਇਕੱਲਾ ਹੀ ਬਹੁਤ ਹਾਂ,
ਮੈਂ ਇਕੱਲਾ ਹੀ ਲੋਕੋ,
ਉਹਨਾਂ ਸਾਰਿਆਂ ਦੀ ਮੌਤ ਹਾਂ,
ਮੈਂ ਦੇਖ ਰਿਹਾ ਸੀ ਕਈ ਦਿਨਾਂ ਤੋਂ,
ਪਾ ਵਾਧੂ ਦੀ ਹੀ ਖੱਪ ਰਹੀ ਹੈ,
ਚੋਰਾਂ ਦੀ ਸੱਤਾ

ਮੇਰਾ ਸੁਪਨਾ ਹੈ ਬੇਰੋਜ਼ਗਾਰੀ ਨੂੰ ਖ਼ਤਮ ਕਰਨ ਦਾ,
ਨੌਜਵਾਨਾਂ ਵਿੱਚ ਮਿਹਨਤ ਪ੍ਰਤਿ ਜਜ਼ਬਾ ਭਰਨ ਦਾ,
ਰਾਜਨੀਤੀ ਦੀਆਂ ਚਾਲਾਂ ਤੋਂ ਬਚਾਉਣ ਦਾ ਯਤਨ ਹੈ,
ਹੌਂਸਲਾ ਹੈ ਮੇਰੇ ਵਿੱਚ ਮੁਸ਼ਕਿਲਾਂ ਦੇ ਅੱਗੇ ਖੜ੍ਹਨ ਦਾ,
ਮੇਰੇ ਤੇਵਰ ਦੇਖ ਕੇ ਹੁਣ ਮੰਡਲੀ,
ਥੁੱਕ - ਥੁੱਕ ਕੇ ਚੱਟ ਰਹੀ ਹੈ,
ਚੋਰਾਂ ਦੀ ਸੱਤਾ

ਕਿੱਧਰੇ ਛਿੜ ਨਾ ਜਾਵੇ ਮੁੜ ਤੋਂ ਜੰਗ - ਏ - ਅਜ਼ਾਦੀ,
ਸਰਕਾਰਾਂ ਗੋਰਿਆਂ ਵਾਂਗ ਨਾ ਕਰੇ ਸਾਡੀ ਬਰਬਾਦੀ,
ਜੋ ਬੀਜ ਰਹੇ ਹੋ ਤੁਸੀਂ ਸਿੰਚਾਈ ਲਹੂ ਦੇ ਨਾਲ ਕਰਕੇ,
ਸਾਨੂੰ ਕਰਨੀ ਪਏ ਨਾ ਤੁਹਾਡੀ ਇਸ ਫ਼ਸਲ ਦੀ ਵਾਢੀ,
ਘੂਰ ਕੇ ਮੈਂਨੂੰ ਕੁਝ ਨਾ ਹੋਣਾ,
ਜੋ ਪਾ ਮੱਥੇ ਵੱਟ ਰਹੀ ਹੈ,
ਚੋਰਾਂ ਦੀ ਸੱਤਾ

ਜ਼ਖ਼ਮੀ ਹਾਂ ਪਰ ਮਰੇ ਨਹੀਂ ਸਾਡੀ ਕਬਰ ਨਾ ਬਣਾਓ,
ਬੜੇ ਸਬਰ ਨਾਲ ਬੰਨ੍ਹੇ ਹਾਂ ਸਾਡਾ ਸਬਰ ਨਾ ਅਜ਼ਮਾਓ,
ਬਹੁਤ ਪਿਆਰ ਨਾਲ ਆਖ ਲਿਆ ਜੋ ਮੰਨੀ ਨਾਂ ਤੁਸੀਂ,
ਕੀ - ਕੀ ਕਰ ਸਕਦੇ ਹਾਂ ਅਸੀਂ ਹੁਣ ਤੁਸੀਂ ਦੇਖੀ ਜਾਓ,
ਯਸ਼ੂ ਜਾਨ ਦੀ ਕਲਮ ਸਾਨੂੰ,
ਸਭ ਕੁਝ ਦੱਸ ਰਹੀ ਹੈ,
ਚੋਰਾਂ ਦੀ ਸੱਤਾ

19. ਜਵਾਲਾਮੁਖੀ

ਮੰਨਿਆਂ ਮੈਂ ਚੁੱਪ ਹਾਂ,
ਮੇਰੀ ਚੁੱਪ ਦਾ ਮਤਲਬ,
ਮੇਰੀ ਬੁਜ਼ਦਿਲੀ ਨਹੀਂ,
ਇਹ ਉਹ ਜਵਾਲਾਮੁਖੀ ਹੈ,
ਜੋ ਕਦੇ ਵੀ ਫੱਟ ਸਕਦਾ ਹੈ,
ਤੁਹਾਡੀਆਂ ਨਾੜਾਂ ਵਿੱਚ ਧੱਸ ਸਕਦਾ ਹੈ,
ਇਹ ਉਹ ਜਵਾਲਾਮੁਖੀ ਹੈ

ਹਮੇਸ਼ਾ ਯਾਦ ਰੱਖਿਓ,
ਕਾਲਾ ਹਨੇਰਾ ਉੰਨਾ ਡਰਾਉਣਾ ਨਹੀਂ,
ਜਿੰਨੀ ਉਸਦੀ ਚੁੱਪ ਹੁੰਦੀ ਹੈ,
ਮਘਦਾ ਸੂਰਜ ਹੁੰਦਾ ਹੈ,
ਪਰ ਸਾਡੇ ਲਈ ਚੁੱਭਦੀ ਧੁੱਪ ਹੁੰਦੀ ਹੈ,
ਕਿਰਿਆਸ਼ੀਲ ਹੋਣ ਤੋਂ ਬਾਅਦ ਬੰਦ ਨਹੀਂ,
ਬੇਸ਼ੱਕ ਘੱਟ ਸਕਦਾ ਹੈ,
ਇਹ ਉਹ ਜਵਾਲਾਮੁਖੀ ਹੈ,
ਜੋ ਕਦੇ ਵੀ ਫੱਟ ਸਕਦਾ ਹੈ

ਇਹ ਭੁਲੇਖਾ ਹੈ ਤੇਰਾ,
ਮਾਸੂਮੀਅਤ ਖ਼ਤਰਨਾਕ ਨਹੀਂ ਹੁੰਦੀ,
ਸਿਰਫ਼ ਦਿਸਦੀ ਨਹੀਂ ਕਿਸੇ ਨੂੰ,
ਜੋ ਵੀ ਕਰਦੀ ਹੈ ਗੁਪਤ ਕਰੇ,
ਤੇ ਭਣਕ ਲੱਗਣ ਦੇਵੇ ਨਾ ਤੈਨੂੰ ਨਾ ਮੈਨੂੰ,
ਇਸਦਾ ਮਾਰਿਆ ਹੋਇਆ ਵਾਰ - ਵਾਰ ਮਰੇ,
ਸੋਚੀਂ ਨਾ ਬੱਚ ਸਕਦਾ ਹੈ,
ਇਹ ਉਹ ਜਵਾਲਾਮੁਖੀ ਹੈ,
ਜੋ ਕਦੇ ਵੀ ਫੱਟ ਸਕਦਾ ਹੈ

ਹਾਲੇ ਕੁਝ ਨਹੀਂ ਵਿਗੜਿਆ,
ਤੂੰ ਤੌਬਾ ਕਰਲੈ ਆਪਣੇ ਗੁਨਾਹਾਂ ਤੋਂ,
ਨੇਕੀ ਦਾ ਸਬਕ ਯਾਦ ਰੱਖ,
ਪਛਤਾਏਂਗਾ ਮਾਫ਼ੀਆਂ ਮੰਗ ਕੇ,
ਜੇ ਦੇਸ਼ ਨਹੀਂ ਤਾਂ ਆਪਣੇ ਆਪ ਨੂੰ ਆਜ਼ਾਦ ਰੱਖ,
ਯਸ਼ੂ ਜਾਨ ਦੀ ਕਲਮ ਦੀ ਸਿਆਹੀ ਵਾਂਘ,
ਤੇਰੇ ਖ਼ੂਨ 'ਚ ਰਚ ਸਕਦਾ ਹੈ,
ਇਹ ਉਹ ਜਵਾਲਾਮੁਖੀ ਹੈ,
ਜੋ ਕਦੇ ਵੀ ਫੱਟ ਸਕਦਾ ਹੈ

20. ਬਹੁਤ ਹੀ ਭਿਆਨਕ

ਜਿਹੜੀ ਮੂਰਖ ਦੇ ਮੂੰਹ ਚੋਂ ਨਿੱਕਲੇ,
ਉਹ ਸਿੱਖਿਆ ਭਿਆਨਕ ਹੁੰਦੀ ਹੈ,
ਜਿਹੜੀ ਦਿਸਦੀ ਖ਼ੂਬਸੂਰਤ ਹੈ,
ਉਹ ਚੀਜ਼ ਭਿਆਨਕ ਹੁੰਦੀ ਹੈ

ਬਹੁਤ ਹੀ ਭਿਆਨਕ ਹੁੰਦਾ ਹੈ,
ਕਿਸੇ ਤੋਂ ਪੈਸਾ ਉਧਾਰਾ ਲੈਣਾ,
ਡੁੱਬ ਜਾਣਾ ਗ਼ਰੀਬੀ ਵਿੱਚ,
ਫ਼ਿਰ ਸ਼ਰਾਬ ਦਾ ਸਹਾਰਾ ਲੈਣਾ,
ਬਹੁਤ ਭਿਆਨਕ ਹੁੰਦਾ ਹੈ

ਭਿਆਨਕ ਹੁੰਦੀ ਹੈ ਉਹ ਰਾਤ,
ਜੋ ਜੁਦਾਈ ਵਿੱਚ ਬਿਤਾਈ ਜਾਂਦੀ ਹੈ,
ਭਿਆਨਕ ਹੁੰਦਾ ਹੈ ਉਹ ਸੱਪ,
ਜਿਸ ਅੱਗੇ ਬੀਨ ਵਜਾਈ ਜਾਂਦੀ ਹੈ,
ਭਿਆਨਕ ਹੁੰਦਾ ਹੈ ਜੇਲ੍ਹ ਚੋਂ ਭੱਜਿਆ ਕੈਦੀ,
ਭਿਆਨਕ ਉਹ ਚਿਤਾ ਜਿਸਨੂੰ ਅੱਗ ਲਗਾਈ ਜਾਂਦੀ ਹੈ,
ਭਿਆਨਕ ਹੈ ਕਿਸੇ ਨੂੰ ਚੀਜ਼ ਦੇਕੇ,
ਵਾਪਿਸ ਦੋਬਾਰਾ ਲੈਣਾ,
ਡੁੱਬ ਜਾਣਾ ਗ਼ਰੀਬੀ ਵਿੱਚ,
ਫ਼ਿਰ ਸ਼ਰਾਬ ਦਾ ਸਹਾਰਾ ਲੈਣਾ,
ਬਹੁਤ ਭਿਆਨਕ ਹੁੰਦਾ ਹੈ

ਭਿਆਨਕ ਹੁੰਦਾ ਕੁਦਰਤ ਦਾ ਸ਼ਰਾਪ,
ਜਿਸਨੂੰ ਸਾਰੀ ਦੁਨੀਆਂ ਭੋਗਦੀ ਹੈ,
ਭਿਆਨਕ ਹੁੰਦਾ ਡੰਗ ਪਿਆਰ ਦਾ,
ਜਿਸ ਤੇ ਖੁਦਾਈ ਵੀ ਰੋਂਦੀ ਹੈ,
ਭਿਆਨਕ ਹੈ ਕਿਸੇ ਦੀ ਗ਼ਲਤ ਚਰਚਾ ਕਰਨਾ,
ਭਿਆਨਕ ਹੁੰਦਾ ਹੈ ਕਿਸੇ ਦੀ ਮੌਤ ਦੇਖ ਕੇ ਮਰਨਾ,
ਭਿਆਨਕ ਹੈ ਕਿਸੇ ਨੂੰ ਵੀ,
ਦੇਕੇ ਦੱਸ ਗਿਆਰਾਂ ਲੈਣਾ,
ਡੁੱਬ ਜਾਣਾ ਗ਼ਰੀਬੀ ਵਿੱਚ,
ਫ਼ਿਰ ਸ਼ਰਾਬ ਦਾ ਸਹਾਰਾ ਲੈਣਾ,
ਬਹੁਤ ਭਿਆਨਕ ਹੁੰਦਾ ਹੈ

21. ਡਰ

ਡਰ ਉਦੋਂ ਤੱਕ ਹੈ,
ਜਦੋਂ ਤੱਕ ਦਿਲ ਵਿੱਚ ਹੈ,
ਕਿਉਂਕਿ ਦਿਲ ਤੋਂ ਬਾਹਰ,
ਇਸ ਲਈ ਕੋਈ ਜਗ੍ਹਾ ਨਹੀਂ,
ਗਲ਼ਤੀ ਤਾਂ ਇੱਥੇ ਹੀ ਹੁੰਦੀ ਹੈ,
ਲੋਕ ਇਸਨੂੰ ਪਾਲਣਾ ਚਾਹੁੰਦੇ ਨੇ,
ਦਿਲਾਂ ਵਿੱਚ ਸੰਭਾਲਣਾਂ ਚਾਹੁੰਦੇ ਨੇ,
ਡਰ ਦਾ ਮਕਸਦ ਦੁਨੀਆਂ ਮਾਰਨਾ ਹੈ,
ਹੋਰ ਕੁਝ ਨਹੀਂ,
ਦਿਲਾਂ ਤੋਂ ਬਾਹਰ ਰਹੇ ਤਾਂ ਮੌਜਾਂ ਨੇ,
ਇਹ ਵਿਗਿਆਨੀਆਂ ਦੀਆਂ ਖੋਜਾਂ ਨੇ,
ਯਸ਼ੂ ਜਾਨ ਸਾਡਾ ਡਰ ਹੀ ਹੈ ਦੁਸ਼ਮਣ ਸਾਡਾ,
ਕੋਈ ਹੋਰ ਨਹੀਂ,
ਜਿਸ ਉੱਤੇ ਕਦੇ ਸਦਾ ਚੱਲਿਆ,
ਜ਼ੋਰ ਨਹੀਂ

22. ਤੰਗ ਆ ਜੱਟਾਂ ਦਾ ਮੁੰਡਾ

ਤੇਰੀਆਂ ਡਿਮਾਂਡਾਂ ਕਿੱਥੋਂ ਕਰਾਂ ਪੂਰੀਆਂ,
ਘਰਾਂ ਵਿੱਚ ਹੋਣ ਸੌ - ਸੌ ਮਜ਼ਬੂਰੀਆਂ,
ਬਾਪੂ ਕਹਿੰਦਾ ਤੈਨੂੰ ਜੁੱਤੀਆਂ ਦੀ ਘਾਟ ਆ,
ਗਾਲਾਂ ਪੈਂਦੀਆਂ ਨੇ ਇੱਕ ਤੇਰੇ ਕਰਕੇ,
ਤੰਗ ਆ ਜੱਟਾਂ ਦਾ ਮੁੰਡਾ ਪਾਈ - ਪਾਈ ਤੋਂ,
ਦੱਸ ਕਿੱਥੋਂ ਕੱਢੇ ਹੁਣ ਤੇਰੇ ਖਰਚੇ

ਤੈਨੂੰ ਨਾਂ ਫ਼ਿਕਰ ਕੋਈ ਕੰਮ ਧੰਦੇ ਦੀ,
ਕਦਰ ਨਾ ਪਾਈ ਇਸ ਹੀਰੇ ਬੰਦੇ ਦੀ,
ਬਚੀ ਨਾ ਚੁਆਨੀ ਇੱਕ ਜੇਬ ਵਿੱਚ ਨੀ,
ਰੱਖਦਾ ਸੀ ਕਦੇ ਜੇਬਾਂ ਭਰ ਭਰ ਕੇ,
ਤੰਗ ਆ ਜੱਟਾਂ ਦਾ ਮੁੰਡਾ ਪਾਈ - ਪਾਈ ਤੋਂ,
ਦੱਸ ਕਿੱਥੋਂ ਕੱਢੇ ਹੁਣ ਤੇਰੇ ਖਰਚੇ

ਆਖਦੀ ਤੂੰ ਵਾਲੀਆਂ ਕਰਾਕੇ ਕੱਲ੍ਹ ਦੇਅ,
ਮੇਰੇ ਕਿਹੜਾ ਬਾਪੂ ਦੇ ਟਰੱਕ ਚੱਲਦੇ,
ਚਾਰ ਵਜ਼ੇ ਉੱਠ ਧਾਰਾਂ ਚੋਣ ਲੱਗਜਾਂ,
ਤੈਨੂੰ ਕਿਹੜਾ ਪੈਂਦਾ ਕੋਈ ਕੰਮ ਤੜਕੇ,
ਤੰਗ ਆ ਜੱਟਾਂ ਦਾ ਮੁੰਡਾ ਪਾਈ - ਪਾਈ ਤੋਂ,
ਦੱਸ ਕਿੱਥੋਂ ਕੱਢੇ ਹੁਣ ਤੇਰੇ ਖਰਚੇ

ਤੇਰੇ ਨਾਲ ਪਿਆਰ ਪਾਕੇ ਕੀ ਖੱਟਣਾ,
ਤੇਰੇ ਨਾਲ ਨਾਤਾ ਯਸ਼ੂ ਨੇ ਨਾਂ ਰੱਖਣਾ,
ਖਾ ਪੀ ਕੇ ਸਾਡਾ ਗੈਰਾਂ ਨਾਲ ਘੁੰਮਦੀ,
ਦੇ ਨਾਂ ਸਫਾਈਆਂ ਹੁਣ ਸਿਰ ਚੜ੍ਹਕੇ,
ਤੰਗ ਆ ਜੱਟਾਂ ਦਾ ਮੁੰਡਾ ਪਾਈ - ਪਾਈ ਤੋਂ,
ਦੱਸ ਕਿੱਥੋਂ ਕੱਢੇ ਹੁਣ ਤੇਰੇ ਖਰਚੇ

23. ਤੁਰ ਅੱਗ ਰਹੀ ਹੈ

ਰਾਹ ਰੁੱਕਿਆ ਰਹਿੰਦਾ ਹੈ,
ਰਾਹੀ ਹੀ ਹੈ ਨਿੱਕਲ ਜਾਂਦਾ,
ਫਿਰ ਵੀ ਲੋਕੀ ਪੁੱਛਦੇ ਨੇ,
ਇਹ ਰਸਤਾ ਹੈ ਕਿੱਧਰ ਜਾਂਦਾ,
ਤੁਰੇ ਜਾਂਦੇ ਨੂੰ,
ਜੋ ਗਰਮੀ ਤੈਨੂੰ ਲੱਗ ਰਹੀ ਹੈ,
ਇਹ ਗਰਮੀ ਨਹੀਂ,
ਤੇਰੇ ਨਾਲ ਤੁਰ ਅੱਗ ਰਹੀ ਹੈ

ਆਪਣੀਆਂ ਸੱਟਾਂ ਅਤੇ ਤਕਲੀਫ਼ਾਂ ਦਾ,
ਡਰਾਮਾ ਕਰਨਾ ਛੱਡਦੇ,
ਜੇਕਰ ਲੱਗੀ ਸੱਟ ਹੈ ਕਿਸੇ ਅੰਗ ਤੇ,
ਉਸ ਅੰਗ ਨੂੰ ਵੱਢਦੇ,
ਇਹ ਠੰਡੀ ਹਵਾ,
ਆਪਣੀ ਚੋਂ ਗਰਮੀ ਕੱਢ ਰਹੀ ਹੈ,
ਇਹ ਗਰਮੀ ਨਹੀਂ,
ਤੇਰੇ ਨਾਲ ਤੁਰ ਅੱਗ ਰਹੀ ਹੈ

ਰੋਟੀ ਮਿਲ ਰਹੀ ਹੈ ਖੁਸ਼ ਰਹਿ ਤੂੰ,
ਬਹੁਤੀ ਇੱਛਾ ਨਾ ਕਰੀਂ,
ਬੀਤੀਆਂ ਹੋਈਆਂ ਰੁੱਤਾਂ ਦਾ ਵੀ,
ਤੂੰ ਕਦੇ ਪਿੱਛਾ ਨਾ ਕਰੀਂ,
ਸ਼ੈਤਾਨ ਦੀ ਹਥੌੜੀ,
ਜਿਸਮ ਚ ਕਿੱਲਾਂ ਗੱਡ ਰਹੀ ਹੈ,
ਇਹ ਗਰਮੀ ਨਹੀਂ,
ਤੇਰੇ ਨਾਲ ਤੁਰ ਅੱਗ ਰਹੀ ਹੈ

ਯਸ਼ੂ ਜਾਨ ਤੇਰੀਆਂ ਕਰਤੂਤਾਂ ਦਾ ਵੀ,
ਪਰਦਾਫ਼ਾਸ਼ ਹੋਵੇਗਾ,
ਫੇਲ੍ਹ ਹੋਈਆਂ ਤੇਰੀਆਂ ਸਕੀਮਾਂ ਜੇ,
ਤੂੰ ਵੀ ਨਾ ਪਾਸ ਹੋਵੇਂਗਾ,
ਤੇਰੀ ਸੋਚ ਵੀ ਇਹਨਾਂ ਅੱਗਾਂ ਦੇ,
ਵਾਂਗੂੰ ਮਗ ਰਹੀ ਹੈ,
ਇਹ ਗਰਮੀ ਨਹੀਂ,
ਤੇਰੇ ਨਾਲ ਤੁਰ ਅੱਗ ਰਹੀ ਹੈ

24. ਤੈਨੂੰ ਆਪਣੀ ਹੂਰ ਬਣਾਕੇ

ਮੇਰੇ ਬੇਬੇ ਬਾਪੂ ਨੇ,
ਮੇਰੇ ਸਾਰੇ ਸ਼ੌਂਕ ਪੁਗਾਤੇ,
ਮੈਂ ਵੀ ਖ਼ੁਸ਼ ਹੋਇਆ ਹਾਂ,
ਤੈਨੂੰ ਆਪਣੀ ਹੂਰ ਬਣਾਕੇ,
ਮੇਰੇ ਬੇਬੇ ਬਾਪੂ ਨੇ

ਖ਼ੂਬ ਸੇਵਾ ਕਰਿਓ ਬਰਾਤੀਆਂ ਦੀ ਰੱਜ ਕੇ,
ਬੋਲੂਗਾ ਜੇ ਉੱਚਾ ਕੋਈ ਸਾਰ ਦਿਓ ਹੱਸਕੇ,
ਹੋਰ ਕੁਝ ਨਹੀਂ ਚਾਹੀਦਾ,
ਮੈਂ ਖੁਸ਼ ਹਾਂ ਤੈਨੂੰ ਪਾਕੇ,
ਮੈਂ ਵੀ ਖ਼ੁਸ਼ ਹੋਇਆ ਹਾਂ,
ਤੈਨੂੰ ਆਪਣੀ ਹੂਰ ਬਣਾ

ਇੱਜਤਾਂ ਪਿਆਰੀਆਂ ਨੇ ਦਾਜ ਨਹੀਂਓਂ ਮੰਗਦੇ,
ਧੀ ਤੋਰ ਦਿੱਤੀ ਜਿਹਨਾਂ ਮਾਪੇ ਬੜੇ ਧੰਨ ਦੇ,
ਤੈਨੂੰ ਲੈ ਜਾਣਾ ਹੈ,
ਪੂਰੇ ਸ਼ਗਨਾਂ ਨਾਲ ਵਿਆਹ ਕੇ,
ਮੈਂ ਵੀ ਖ਼ੁਸ਼ ਹੋਇਆ ਹਾਂ,
ਤੈਨੂੰ ਆਪਣੀ ਹੂਰ ਬਣਾ

ਜਦੋਂ ਆਇਆ ਕਰੂ ਤੈਨੂੰ ਮਾਪਿਆਂ ਦੀ ਯਾਦ,
ਜਾਵੀਂ ਖ਼ੁਸ਼ ਹੋਕੇ ਭਾਵੇਂ ਆਵੀਂ ਮਹੀਨੇ ਬਾਅਦ,
ਯਸ਼ੂ ਜਾਨ ਰੱਖੂਗਾ ਸੋਹਣੀਏ,
ਹੱਥਾਂ ਨੂੰ ਕੰਘੀ ਪਾਕੇ,
ਮੈਂ ਵੀ ਖ਼ੁਸ਼ ਹੋਇਆ ਹਾਂ,
ਤੈਨੂੰ ਆਪਣੀ ਹੂਰ ਬਣਾ

25. ਤੁਹਾਡਿਆਂ ਸਿਰਾਂ ਦੀ ਮੁੰਡਮਾਲਾ

ਅਗਰ ਕਾਲ਼ਾ ਜਾਦੂ ਸੱਚ ਹੈ,
ਤਾਂ ਨੇਤਾਵਾਂ ਤੇ ਚੱਲੇ,
ਅਗਰ ਕੋਈ ਹੈ ਕਾਲ਼ੀ ਵਿੱਦਿਆ,
ਭੂਤ ਵਿਦੇਸ਼ਾਂ ਵੱਲ੍ਹ ਘੱਲੇ,
ਜਿਹਨਾਂ ਨੇ ਉਜਾੜਿਆ ਹੈ,
ਦੇਸ਼ ਦੇ ਨੌਜਵਾਨਾਂ ਨੂੰ,
ਹੱਲਾਸ਼ੇਰੀ ਦਿੱਤੀ ਹੈ,
ਨਸ਼ੇ ਦੀਆਂ ਦੁਕਾਨਾਂ ਨੂੰ,
ਅਗਰ ਸੱਚ ਹੈ ਕੋਈ ਜਾਦੂ-ਟੂਣਾ,
ਮੈਂ ਵੀ ਸਿੱਖ ਲਵਾਂਗਾ ਜਾਦੂ ਕਾਲ਼ਾ,
ਬਣਾਕੇ ਪਾਵਾਂਗਾ ਮੈਂ ਗਲ ਵਿੱਚ,
ਤੁਹਾਡਿਆਂ ਸਿਰਾਂ ਦੀ ਮੁੰਡਮਾਲਾ

ਮੈਂ ਆਤੰਕਵਾਦੀਆਂ ਤੇ ਚਲਾਵਾਂਗਾ ਕਾਲੀਆ-ਮਸਾਣ,
ਤੇਤੀ ਦਿਨਾਂ ਦੇ ਵਿੱਚ ਜੋ ਪਹੁੰਚਾ ਦੇਵੇ ਸ਼ਮਸ਼ਾਨ,
ਕੋਈ ਡਾਕਿਨੀ-ਸ਼ਾਕਿਨੀ ਮੈਂ ਪਿੱਛੇ ਲਗਾ ਦਊਂ,
ਬੇਹੱਦ ਕਰੇਗੀ ਤੁਹਾਡਾ ਨੁਕਸਾਨ ਤੇ ਨੁਕਸਾਨ,
ਕਿਸੇ ਕੋਲ ਮੇਰੇ ਵਾਰ ਦਾ ਨਾ ਹੋਣਾ ਕਾਟ ਤੇ ਟਾਲ਼ਾ,
ਬਣਾਕੇ ਪਾਵਾਂਗਾ ਮੈਂ ਗੱਲ ਵਿੱਚ,
ਤੁਹਾਡਿਆਂ ਸਿਰਾਂ ਦੀ ਮੁੰਡਮਾਲਾ

ਮੈਂ ਆਪਣੀ ਬਲੀ ਵੀ ਦੇਵਾਂਗਾ ਮੈਨੂੰ ਸਵਿਕਾਰ ਮਰਨਾ,
ਕਿਵੇਂ ਗ਼ਲਤ ਚੀਜ਼ ਦਾ ਸਹੀ ਕੰਮ ਲਈ ਪ੍ਰਯੋਗ ਕਰਨਾ,
ਬੰਦੂਕ ਆਪਣੇ ਬਚਾਓ 'ਚ ਚਲਾਈ ਜਾਵੇ ਤਾਂ ਹੈ ਚੰਗੀ,
ਬਿਨ੍ਹਾਂ ਗੱਲੋਂ ਹੈ ਗ਼ੈਰ-ਕਾਨੂੰਨੀ ਕਿਸੇ ਅੱਗੇ ਫੜ੍ਹਨਾ,
ਕਿਸੇ ਤਾਂਤਰਿਕ ਤੋਂ ਲੈ ਲਵਾਂਗਾ ਮੰਤਰ ਕੋਈ ਸੁਖਾਲ਼ਾ,
ਬਣਾਕੇ ਪਾਵਾਂਗਾ ਮੈਂ ਗਲ਼ ਵਿੱਚ,
ਤੁਹਾਡਿਆਂ ਸਿਰਾਂ ਦੀ ਮੁੰਡਮਾਲਾ

ਇੱਕ ਕਰਣ-ਪਿਸ਼ਾਚਿਣੀ ਸਿੱਧ ਕਰੂੰਗਾ ਭਵਿੱਖ ਦੇਖਣ ਲਈ,
ਸ਼ਮਸ਼ਾਨ 'ਚ ਇੱਕ ਧੂਣੀ ਲਗਾਉਣੀ ਹੱਡੀਆਂ ਸੇਕਣ ਲਈ,
ਮੇਰੀਆਂ ਗੱਲਾਂ ਅਜੀਬ ਨੇ ਪਰ ਮੈਂ ਬੜਾ ਹੀ ਦੁਖੀ ਹਾਂ,
ਇਹਨਾਂ ਸਿਆਸਤਦਾਨਾਂ ਨੂੰ ਕਾਹਲ਼ਾ ਹਾਂ ਵੇਚਣ ਲਈ,
ਯਸ਼ੂ ਜਾਨ ਨੂੰ ਵੀ ਭਾਵੇਂ ਕੱਢਣਗੇ ਇਹ ਸਾਰੇ ਗਾਲਾਂ,
ਬਣਾਕੇ ਪਾਵਾਂਗਾ ਮੈਂ ਗੱਲ ਵਿੱਚ,
ਤੁਹਾਡਿਆਂ ਸਿਰਾਂ ਦੀ ਮੁੰਡਮਾਲਾ

26. ਨਗਾਂ ਰਾਸ਼ੀਆਂ ਦਾ ਸੱਚ

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ,
ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ,
ਤੁਹਾਨੂੰ ਫਸਾਇਆ ਜਾ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ,
ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ ਉਂਗਲੀ,
ਤੁਹਾਡੀ ਸੋਚ ਦੀ ਕਮਜ਼ੋਰੀ ਉਹਨਾਂ ਲਈ ਸੁਨਹਿਰੀ ਮੌਕਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਮੰਗਲੀਕ ਕਹਿ ਕੇ ਡਰਾਇਆ ਜਾ ਰਿਹਾ ਹੈ ਆਪ ਸਭ ਨੂੰ,
ਲੋਕਾਂ ਨੇ ਤਾਂ ਮੰਨਣਾ ਹੀ ਛੱਡ ਦਿੱਤਾ ਹੈ ਹੁਣ ਰੱਬ ਨੂੰ,
ਤੁਹਾਡੀ ਹਰ ਗੇਂਦ ਤੇ ਲੱਗ ਹੁਣ ਕਦੇ ਛੱਕਾ ਕਦੇ ਚੌਕ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਕਾਲਸਰਪਯੋਗ ਹੈ ਸੱਪ ਕੱਟ ਸਕਦਾ ਹੈ ਕਦੇ ਵੀ ਤੁਹਾਨੂੰ,
ਇਸ ਨਾਲ ਬੰਦਾ ਵੀ ਅਮੀਰ ਹੋ ਸਕਦਾ ਆਖਿਆ ਕਈਆਂ ਨੂੰ,
ਮੈਂਨੂੰ ਖੁਦ ਨੂੰ ਆ ਰਹੀ ਸ਼ਰਮ ਇਹ ਤਾਂ ਬਹੁਤਾ ਹੀ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

ਦਸ਼ਾ ਜਿਹੜੇ ਮਰਜ਼ੀ ਗ੍ਰਹਿ ਦੀ ਚੱਲੇ ਆਪਣੀ ਦਸ਼ਾ ਸਹੀ ਰੱਖੋ,
ਜੇ ਅਨਪੜ੍ਹ ਹੋ ਯਸ਼ੂ ਜਾਨ ਜ਼ਿਆਦਾ ਤਾਂ ਮੋਢੇ ਉੱਤੇ ਕਹੀ ਰੱਖੋ,
ਸੁਣ ਬੇਪਰਵਾਹ ਬੰਦਿਆ ਮਨ ਤੇਰਾ ਕਿਉਂ ਅੱਜ ਖੋਤਾ ਹੋ ਰਿਹਾ ਹੈ,
ਕੁੰਡਲੀਆਂ ਦੇ ਭਰਮ ਵਿੱਚ,
ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ
ਰੂੜੀ ਵਾਦੀਆਂ ਦਾ ਕੰਮ ਕੁਝ ਸੌਖਾ ਹੋ ਰਿਹਾ ਹੈ

27. ਦੀਦ ਜਿਹਨਾਂ ਦੀ ਹੱਕ ਸੀ ਸਾਡਾ

ਸੁੰਨੀਆਂ ਗਲੀਆਂ ਚੰਨ ਦੇ ਓਹਲੇ,
ਦੁੱਖਾਂ ਭਰ - ਭਰ ਡੇਰੇ ਲਾਏ,
ਦੀਦ ਜਿਹਨਾਂ ਦੀ ਹੱਕ ਸੀ ਸਾਡਾ,
ਕਦੀ ਨਾ ਸਾਡੇ ਨੇੜੇ ਆਏ,
ਸੁੰਨੀਆਂ ਗਲੀਆਂ ਚੰਨ ਦਾ ਓਹਲਾ

ਡੁੱਬਦੇ ਆਸ਼ਿਕ ਇਸ਼ਕ ਸਮਾਲੇ,
ਉਸ ਲਈ ਕੀ ਬੱਗੇ ਕਾਲੇ,
ਤੇਰੀਆਂ ਪੈੜਾਂ ਲੱਭਦੇ - ਲੱਭਦੇ,
ਪੈਰਾਂ ਦੇ ਵਿੱਚ ਪੈ ਗਏ ਛਾਲੇ,
ਕਾਲੀਆਂ ਰਾਤਾਂ ਵੈਣ ਦੀਆਂ,
ਕਦੇ ਨਾ ਸੁੱਖ ਸਵੇਰੇ ਆਏ,
ਦੀਦ ਜਿਹਨਾਂ ਦੀ ਹੱਕ ਸੀ ਸਾਡਾ,
ਕਦੀ ਨਾ ਸਾਡੇ ਨੇੜੇ ਆਏ

ਇਸ਼ਕ ਮੰਗੇ ਦੇਹ ਪਿੰਜਰ ਸਾਰਾ,
ਖ਼ੂਨ ਦੀ ਬੂੰਦ ਨਾ ਕਾਫ਼ੀ ਯਾਰਾ,
ਐਵੇਂ ਤੇਰੀ ਜਾਨ ਜਾਊਗੀ,
ਕਰ ਨਾਂ ਦੇਵੀਂ ਪੁੱਠਾ ਕਾਰਾ,
ਰਿਸ਼ਤੇਦਾਰਾਂ ਨੂੰ ਕੀ ਤਾਹਨੇ,
ਨਾ ਤੇਰੇ ਨਾ ਮੇਰੇ ਆਏ,
ਦੀਦ ਜਿਹਨਾਂ ਦੀ ਹੱਕ ਸੀ ਸਾਡਾ,
ਕਦੀ ਨਾ ਸਾਡੇ ਨੇੜੇ ਆਏ

ਯਸ਼ੂ ਜਾਨ ਲੱਭ ਚੀਜ਼ ਗਵਾਚੀ,
ਜਿਸਦੇ ਕਰਕੇ ਰੂਹ ਹੈ ਪਿਆਸੀ,
ਇੱਕ ਦਿਨ ਤੇਰਾ ਕੰਮ ਹੋ ਜਾਣਾ,
ਪਹਿਲਾਂ ਹੀ ਹੋ ਜਾ ਪ੍ਰਵਾਸੀ,
ਜ਼ਿੰਦਗੀ ਦੇ ਵਿੱਚ ਧੋਖਾ ਦੇਣ,
ਲੋਕੀ ਯਾਰ ਬਥੇਰੇ ਆਏ,
ਦੀਦ ਜਿਹਨਾਂ ਦੀ ਹੱਕ ਸੀ ਸਾਡਾ,
ਕਦੀ ਨਾ ਸਾਡੇ ਨੇੜੇ ਆਏ

28. ਨੇਤਾ ਘਰ ਆਏ ਨੇ

ਕੰਮ ਕਿਹੜਾ ਹੋਇਆ ਯਾਰੋ,
ਕੁਝ ਗੱਲ ਨੂੰ ਵਿਚਾਰੋ,
ਘਰ ਮੇਰੇ ਨੇਤਾ ਕਾਹਤੋਂ ਆਏ ਹੋਏ ਨੇ,
ਦੇਣ ਜੋ ਵਧਾਈਆਂ ਮੈਨੂੰ,
ਕਿੱਥੋਂ ਨੇ ਇਹ ਆਈਆਂ ਮੈਨੂੰ,
ਕਮਲੇ ਜਿਹੇ ਅੱਜ ਚਾਚੇ ਤਾਏ ਹੋਏ ਨੇ

ਜਿਊਂਦੇ ਨੂੰ ਨਾ ਪਾਣੀ,
ਸਾਰਾ ਦਿਨ ਕੁੱਤੇ ਖਾਣੀ,
ਅੱਜ ਭੋਗ ਤੇ ਪਕੌੜੇ ਕਿਉਂ ਕਢਾਏ ਹੋਏ ਨੇ,
ਦੇਣ ਜੋ ਵਧਾਈਆਂ ਮੈਨੂੰ,
ਕਿੱਥੋਂ ਨੇ ਇਹ ਆਈਆਂ ਮੈਨੂੰ,
ਕਮਲੇ ਜਿਹੇ ਅੱਜ ਚਾਚੇ ਤਾਏ ਹੋਏ ਨੇ

ਦੱਬ ਘਰਾਂ ਵਿੱਚ ਨੈਸ਼,
ਗਰਮੀ 'ਚ ਆਪ ਬੈਠ,
ਠੰਡੀਆਂ ਥਾਵਾਂ ਤੇ ਕੁੱਤੇ ਪਾਏ ਹੋਏ ਨੇ,
ਦੇਣ ਜੋ ਵਧਾਈਆਂ ਮੈਨੂੰ,
ਕਿੱਥੋਂ ਨੇ ਇਹ ਆਈਆਂ ਮੈਨੂੰ,
ਕਮਲੇ ਜਿਹੇ ਅੱਜ ਚਾਚੇ ਤਾਏ ਹੋਏ ਨੇ

ਗੱਡੀਆਂ 'ਚ ਜਾਣ ਫੜ੍ਹੇ,
ਜਨਤਾ ਗਰੀਬ ਮਰੇ,
ਕੁਰਸੀ ਤੇ ਏਦਾਂ ਦੇ ਬਿਠਾਏ ਹੋ ਨੇ,
ਦੇਣ ਜੋ ਵਧਾਈਆਂ ਮੈਨੂੰ,
ਕਿੱਥੋਂ ਨੇ ਇਹ ਆਈਆਂ ਮੈਨੂੰ,
ਕਮਲੇ ਜਿਹੇ ਅੱਜ ਚਾਚੇ ਤਾਏ ਹੋਏ ਨੇ

ਯਸ਼ੂ ਜਿਹੜੇ ਚਾਹੁੰਦੇ ਸਿਗੇ,
ਸੀਨੇ ਨਾਲ ਲਾਉਂਦੇ ਸਿਗੇ,
ਦੇਖ ਲੈ ਤੂੰ ਅੱਜ ਉਹ ਪਰਾਏ ਹੋਏ ਨੇ,
ਦੇਣ ਜੋ ਵਧਾਈਆਂ ਮੈਨੂੰ,
ਕਿੱਥੋਂ ਨੇ ਇਹ ਆਈਆਂ ਮੈਨੂੰ,
ਕਮਲੇ ਜਿਹੇ ਅੱਜ ਚਾਚੇ ਤਾਏ ਹੋਏ ਨੇ

29. ਪਾਸ਼ ਦੀ ਆਤਮਾਂ

ਮੈਨੂੰ ਸੁਣਕੇ ਹੋ ਰਹੀ ਬਹੁਤ ਖੁਸ਼ੀ ਹੈ,
ਪਾਸ਼ ਦੀ ਆਤਮਾਂ ਕਿਸੇ ਵਿੱਚ ਤਾਂ ਘੁਸੀ ਹੈ,
ਜੋ ਕਹਿ ਰਹੀ ਮੈਂ ਆਵਾਂਗੀ,
ਹਰ ਭੇਦ ਨੂੰ ਖੋਲ੍ਹਾਂਗ਼ੀ,
ਤੁਸੀਂ ਥੋੜ੍ਹਾ ਸਮਾਂ ਹੰਡਾਓ,
ਮੈਂ ਫਿਰ ਤੋਂ ਬੋਲਾਂਗੀ

ਮੈਂ ਨਾਲ਼ ਖੜ੍ਹਾਂਗੀ ਉਹਨਾਂ ਦੇ,
ਜਿਹੜੇ ਲੋਹਾ ਖਾਕੇ ਜੀ ਰਹੇ,
ਪਾਣੀ ਦੀ ਜਗ੍ਹਾ ਤੇ ਤਾਂਬੇ ਨੂੰ,
ਪਿਘਲਾ - ਪਿਘਲਾ ਕੇ ਪੀ ਰਹੇ,
ਉਹਨਾਂ ਦੀ ਗੁੰਮੀ ਆਤਮਾਂ ਨੂੰ,
ਮੈਂ ਹੀ ਟੋਹਲਾਂਗੀ,
ਤੁਸੀਂ ਥੋੜ੍ਹਾ ਸਮਾਂ ਹੰਡਾਓ,
ਮੈਂ ਫਿਰ ਤੋਂ ਬੋਲਾਂਗੀ

ਮੇਰਾ ਮਕਸਦ ਹੋਊ ਜ਼ਾਲਮਾਂ ਨੂੰ,
ਧੁਰ ਅੰਦਰੋਂ ਮਾਰਨ ਦਾ,
ਸਭਨਾਂ ਦੇ ਭਲੇ ਦੀ ਗੱਲ ਕਰੂੰ,
ਮਤਲਬ ਕੀ ਹਾਰਨ ਦਾ,
ਮੈਂ ਪਾਪਾਂ ਭਰੀ ਗੱਠੜੀ ਨੂੰ,
ਅੱਖਾਂ ਨਾਲ ਤੋਲਾਂਗੀ,
ਤੁਸੀਂ ਥੋੜ੍ਹਾ ਸਮਾਂ ਹੰਡਾਓ,
ਮੈਂ ਫਿਰ ਤੋਂ ਬੋਲਾਂਗੀ

ਮੇਰੇ ਤੋਂ ਆਸ ਹੈ ਕਈਆਂ ਦੀ,
ਟੁੱਟਣ ਨਹੀਂ ਦੇਣੀ ਆਸ,
ਕਦੇ ਸੁਪਨੇ ਵਿੱਚ ਨਾ ਸੋਚਿਆ ਸੀ,
ਮੁੜ ਤੋਂ ਬੋਲੂਗਾ ਪਾਸ਼,
ਮੈਂ ਯਸ਼ੂ ਜਾਨ ਦੀ ਕਲਮ ਤੋਂ,
ਕਈ ਰਾਜ਼ ਫਰੋਲਾਂਗੀ,
ਤੁਸੀਂ ਥੋੜ੍ਹਾ ਸਮਾਂ ਹੰਡਾਓ,
ਮੈਂ ਫਿਰ ਤੋਂ ਬੋਲਾਂਗੀ

30. ਪੁਲਸ ਪੰਜਾਬ ਦੀ

ਸਾਈਕਲਾਂ ਤੇ ਚੜ੍ਹੇ ਦਾ ਚਲਾਨ ਕਰਦੀ,
ਪੁਲਸ ਪੰਜਾਬ ਦੀ,
ਗੰਦੀ ਕਰਦੀ ਏ ਸ਼ਰੇਆਂਮ ਵਰਦੀ,
ਪੁਲਸ ਪੰਜਾਬ ਦੀ,
ਝੂਠੇ ਮਾਮਲੇ 'ਚ ਲਾਉਂਦੀ ਹੱਥਾਂ ਨੂੰ ਕੜੀ,
ਪੁਲਸ ਪੰਜਾਬ ਦੀ

ਅੱਖਾਂ ਨਾਲ਼ ਕਰਦੀ ਪਛਾਣ ਬੰਦਿਆਂ ਦੀ,
ਮਰਜ਼ੀ ਨਾਲ਼ ਰੋਕ ਲੈਂਦੀ,
ਖਾਧੀ-ਪੀਤੀ ਵਿੱਚ ਜਦੋਂ ਮਨ ਕਰਦਾ ਏ,
ਚੰਡਾਂ ਵੀ ਇਹ ਠੋਕ ਲੈਂਦੀ,
ਕਈ ਵਾਰੀ ਫੜ੍ਹੀ ਰਿਸ਼ਵਤ ਫੜ੍ਹਦੀ,
ਪੁਲਸ ਪੰਜਾਬ ਦੀ,
ਸਾਈਕਲਾਂ ਤੇ ਚੜ੍ਹੇ ਦਾ ਚਲਾਨ ਕਰਦੀ,
ਪੁਲਸ ਪੰਜਾਬ ਦੀ

ਪੀ ਕੇ ਸ਼ਰਾਬ ਮੈਂ ਤਾਂ ਕਈ ਵਾਰ ਦੇਖੀ,
ਇਹ ਤਾਂ ਸੜਕਾਂ ਦੇ ਉੱਤੇ,
ਅੱਜ-ਕੱਲ੍ਹ ਗੁੱਸਾ ਇਹ ਕੱਢਦੀ ਏ,
ਬੱਚਿਆਂ ਬਜ਼ੁਰਗਾਂ ਨੂੰ ਕੁੱਟੇ,
ਨਵੀਂ ਪੀੜ੍ਹੀ ਕਰਦੀ ਅਵਰਗਰਦੀ,
ਪੁਲਸ ਪੰਜਾਬ ਦੀ,
ਸਾਈਕਲਾਂ ਤੇ ਚੜ੍ਹੇ ਦਾ ਚਲਾਨ ਕਰਦੀ,
ਪੁਲਸ ਪੰਜਾਬ ਦੀ

ਸੱਚੀਆਂ ਗੱਲਾਂ ਤਾਂ ਯਾਰੋ ਚੁੱਭਦੀਆਂ ਨੇ,
ਇਹ ਯਸ਼ੂ ਜਾਨ ਆਖਦਾ,
ਸੱਚ ਆਖਾਂ ਮੈਂ ਕਦੇ ਬੰਨ੍ਹਿਆ ਨਾ ਛੁੱਟੂ,
ਮੇਰੇ ਨਾਗ਼ ਪਾਸ਼ ਦਾ,
ਨਸ਼ੇ ਵਿੱਚ ਆਕੇ ਕਰ ਕੀ ਗੁਜ਼ਰਦੀ,
ਪੁਲਸ ਪੰਜਾਬ ਦੀ,
ਸਾਈਕਲਾਂ ਤੇ ਚੜ੍ਹੇ ਦਾ ਚਲਾਨ ਕਰਦੀ,
ਪੁਲਸ ਪੰਜਾਬ ਦੀ

31. ਬਹੁਤ ਫ਼ਰਕ ਹੈ

ਇੱਕ ਪੱਖੇ ਦੀ ਪੌਣ ਅਤੇ ਕੁਦਰਤੀ ਪੌਣ ਵਿੱਚ ਬਹੁਤ ਫ਼ਰਕ ਹੈ,
ਆਪਣੇ ਸੌਣ ਅਤੇ ਇੱਕ ਮਾਂ ਦੇ ਸੁਲਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਪੁਰਾਣੀਆਂ ਅਤੇ ਨਵੀਂਆਂ ਚੀਜ਼ਾਂ ਵਿੱਚ ਬਹੁਤ ਜ਼ਿਆਦਾ,
ਇੱਕ ਅੱਜ ਦੇ ਸੋਫਿਆਂ ਅਤੇ ਮੰਜੇ ਦੀ ਦੌਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਸਾਡੀਆਂ ਅਤੇ ਪੁਰਾਣੇ ਬਜ਼ੁਰਗਾਂ ਦੀਆਂ ਸੋਚਾਂ ਵਿੱਚ,
ਤੁਹਾਡੇ ਅਤੇ ਤੁਹਾਡੇ ਬਾਪੂ ਦੇ ਸਮਝਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਅੱਜ ਦੀ ਅਤੇ ਪੁਰਾਣੀ ਲੇਖਣੀ ਅਤੇ ਗਾਇਕੀ ਵਿੱਚ,
ਅੱਜ ਦੇ ਨੌਜਵਾਨ ਅਤੇ ਯਮਲੇ ਦੇ ਗਾਉਣ ਵਿੱਚ ਬਹੁਤ ਫ਼ਰਕ ਹੈ

ਫ਼ਰਕ ਹੈ ਯਸ਼ੂ ਜਾਨ ਇੱਥੇ ਰਹਿੰਦੇ ਅਤੇ ਵਿਦੇਸ਼ੀ ਪੰਜਾਬੀਆਂ ਵਿੱਚ,
ਸਾਡੀ ਤੜਪ ਉੱਧਰ ਜਾਣ ਉਹਨਾਂ ਦੀ ਆਉਣ ਵਿੱਚ ਬਹੁਤ ਫ਼ਰਕ ਹੈ

32. ਬਾਜਾਂ ਵਾਲੇ ਦੀ ਸਿਫ਼ਤ

ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਉਹਨਾਂ ਸਾਨੂੰ ਸ਼ੇਰ ਬਣਾਇਆ,
ਜਿੱਤੀ ਵੀ ਲੜਾਈ ਸੀ ਹੱਕ ਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਤੀਰ ਉਹਨਾਂ ਦੇ ਤਿੱਖੇ ਸੀ,
ਤੇ ਸ਼ਬਦ ਉਹਨਾਂ ਦੇ ਮਿੱਠੇ ਸੀ,
ਉਹਨਾਂ ਕੌਮ ਦੀ ਖ਼ਾਤਿਰ ਸਿਰ ਦਿੱਤਾ,
ਜਦ ਬਾਕੀ ਹਟ ਗਏ ਪਿੱਛੇ ਸੀ,
ਜੋ ਸਾਨੂੰ ਬਖ਼ਸ਼ੀ ਮਤ ਉਹਨਾਂ,
ਕੋਈ ਸਰਕਾਰ ਨਹੀਂ ਖੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਲੱਖਾਂ ਪਰਿਵਾਰ ਬਚਾਉਣ ਲਈ,
ਉਹਨਾਂ ਵਾਰ ਸਾਰਾ ਪਰਿਵਾਰ ਦਿੱਤਾ,
ਬਿਨ ਮਾਂ - ਬਾਪ ਦੇ ਬੱਚਿਆਂ ਨੂੰ,
ਉਹਨਾਂ ਹੱਦੋਂ ਵੱਧਕੇ ਪਿਆਰ ਦਿੱਤਾ,
ਅਸੀਂ ਸੱਚੇ ਸਿੱਖ ਗੁਰੂ ਗੋਬਿੰਦ ਦੇ,
ਜਿਹਨਾਂ ਨੂੰ ਮੌਤ ਨਹੀਂ ਛੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਮੈਂ ਨਿਤਨੇਮ ਗੁਰਬਾਣੀ ਨੂੰ ਪੜ੍ਹਦਾ,
ਹਾਂ ਮਨ ਚਿੱਤ ਲਾਕੇ ਜੀ,
ਮੈਂ ਪੱਗ ਬੰਨ੍ਹਾਂ ਦਸ਼ਮੇਸ਼ ਪਿਤਾ ਨੂੰ,
ਸੱਚੇ ਮਨ ਨਾਲ ਧਿਆ ਕੇ ਹੀ,
ਸਾਡੀ ਸੋਚ ਹੈ ਗੁਰੂ ਗ੍ਰੰਥ ਸਾਹਿਬ,
ਜੋ ਵਹਿਮ, ਪਖੰਡ ਨਹੀਂ ਢੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ,
ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

33. ਭਿਆਨਕ ਮੌਤ

ਅੱਜ ਦਾ ਸਮਾਂ ਕਿਸੇ ਨੂੰ ਖੰਘਣ ਨਹੀਂ ਦਿੰਦਾ,
ਪਹਿਲਾਂ ਹੀ ਦੇ ਦਿੰਦਾ ਹੈ ਮੌਤ ਮੰਗਣ ਨਹੀਂ ਦਿੰਦਾ,
ਬੁਰੇ ਸਮੇਂ ਦੀ ਗੋਦੜੀ ਵਿੱਚ ਕੀ ਹੈ ਲੁਕਿਆ,
ਆਪਣੇ ਲਾਗਿਓਂ ਜਿਹੜਾ ਕਿਸੇ ਨੂੰ ਲੰਘਣ ਨਹੀਂ ਦਿੰਦਾ,
ਸਵੇਰੇ ਘਰੋਂ ਨਿੱਕਲਿਆ ਬੰਦਾ,
ਸ਼ਾਮੀਂ ਪਰਤਕੇ ਨਾ ਆਉਂਦਾ ਹੈ,
ਇੱਦਾਂ ਦੀ ਭਿਆਨਕ ਮੌਤ ਮਰਨਾਂ,
ਦੱਸੋ ਕੌਣ ਚਾਹੁੰਦਾ ਹੈ

ਰਾਤ ਨੂੰ ਸੌਣ ਲਈ ਬਿਸਤਰ ਤੇ ਲੇਟਣਾ,
ਸਵੇਰ ਨੂੰ ਉੱਠਣ ਦਾ ਪਤਾ ਨਾ ਹੋਣਾ,
ਕੋਲਿਆਂ ਦੀਆਂ ਖਾਨਾਂ ਵਿੱਚ ਜ਼ਿੰਦਾ ਵੜਨਾ,
ਵਿੱਚ ਕੋਈ ਬੰਦਾ ਹੋ ਜਾਵੇ ਪ੍ਰਾਹੁਣਾ,
ਮੁਰਦਾ ਸ਼ਮਸ਼ਾਨ 'ਚ ਫੂਕਣ ਗਿਆ ਕੋਈ,
ਖੱਟਕੇ ਮੌਤ ਹੀ ਲਿਆਉਂਦਾ ਹੈ,
ਇੱਦਾਂ ਦੀ ਭਿਆਨਕ ਮੌਤ ਮਰਨਾਂ,
ਦੱਸੋ ਕੌਣ ਚਾਹੁੰਦਾ ਹੈ

ਇੱਜ਼ਤ ਲੁੱਟ ਹੋਣਾ ਫਿਰ ਔਰਤ ਦਾ ਮਰਨਾ,
ਭਿਆਨਕ ਸ਼ਬਦ ਨੂੰ ਵੀ ਸ਼ਰਮ ਆਵੇ,
ਲੁੱਟਣ ਵਾਲਾ ਘੁੱਮੇ ਸ਼ਰੇਆਮ ਬੇਖ਼ੌਫ਼ ਹੋਕੇ,
ਐਸੀ ਮੌਤ ਉਸ ਮਰੀ ਤੇ ਵੀ ਕਹਿਰ ਢਾਹਵੇ,
ਜਦੋਂ ਕੋਈ ਜ਼ਿੰਦਾ ਪਿਓ ਮਰੇ ਪੁੱਤ ਦੀ,
ਲਾਸ਼ ਨੂੰ ਹੱਥ ਲਗਾਉਂਦਾ ਹੈ,
ਇੱਦਾਂ ਦੀ ਭਿਆਨਕ ਮੌਤ ਮਰਨਾਂ,
ਦੱਸੋ ਕੌਣ ਚਾਹੁੰਦਾ ਹੈ

ਜਦੋਂ ਕੋਈ ਭੈਣ ਰੱਖੜੀ ਵਾਲੇ ਦਿਨ ਰੋਂਦੀ ਹੈ,
ਮਰੇ ਹੋਏ ਭਰਾ ਦੇ ਗੁੱਟ ਨੂੰ ਯਾਦ ਕਰ,
ਯਸ਼ੂ ਜਾਨ ਉਸ ਵੇਲੇ ਕੀ ਹੈ ਵਾਪਰਦਾ,
ਕੋਈ ਵੇਖੇ ਨਾ ਪਲ ਐਸਾ ਇਹ ਫ਼ਰਿਆਦ ਕਰ,
ਲਾਪਰਵਾਹੀ ਵਿੱਚ ਹੋਈ ਦੁਰਘਟਨਾ ਨੂੰ,
ਜਦੋਂ ਕੋਈ ਮੂਹੋਂ ਬੋਲ ਸੁਣਾਉਂਦਾ ਹੈ,
ਇੱਦਾਂ ਦੀ ਭਿਆਨਕ ਮੌਤ ਮਰਨਾਂ,
ਦੱਸੋ ਕੌਣ ਚਾਹੁੰਦਾ ਹੈ

34. ਮਾਯੂਸੀ ਦੇ ਮਾਹੌਲ਼ ਨੂੰ

ਕੌਣ ਬਦਲ ਸਕੇਗਾ ਇਸ ਮਾਯੂਸੀ ਦੇ ਮਾਹੌਲ਼ ਨੂੰ,
ਮੇਰੀ ਮਜਬੂਰੀ ਨੂੰ ਦਿਲਾਂ 'ਚ ਪੈਂਦੇ ਹੌਲ਼ ਨੂੰ

ਖ਼ਲਕਤ ਨੇ ਮੇਰੇ ਬਾਰੇ ਬਹੁਤ ਛੋਰ ਮਚਾਇਆ ਹੈ,
ਠੱਲ੍ਹ ਕੋਈ ਵਿਰਲਾ ਹੀ ਪਾਵੇਗਾ ਮੇਰੇ ਉੱਡਦੇ ਮਖ਼ੌਲ ਨੂੰ

ਮੇਰੀ ਜਵਾਨੀ ਨੂੰ ਫਿਰਦੇ ਨੇ ਗਲੀਆਂ 'ਚ ਰੋਲ਼ਦੇ,
ਮੇਰੇ ਸੀਨੇ ਉੱਤੇ ਤਾਣ ਤੋਪਾਂ ਅਤੇ ਪਿਸਤੌਲ ਨੂੰ

ਯਸ਼ੂ ਜਾਨ ਕੋਈ ਹੀਲਾ ਹੀ ਮਿਲਣਾ ਨਹੀਂ ਹੁਣ,
ਯਾਦ ਕਰ ਆਪਣੇ ਵੱਲੋਂ ਤੂੰ ਕੀਤੀ ਹੋਈ ਘੌਲ਼ ਨੂੰ

35. ਬਾਂਦਰ ਦਾ ਖੇਲ੍ਹ

ਜੇਬਾਂ ਵਿੱਚ ਪਏ ਮੋਬਾਈਲ ਨਹੀਂ,
ਘੱਟ ਨੇ ਅਸਲੇ ਤੋਂ,
ਬੜਾ ਜਾਣੂ ਕਰਵਾਇਆ ਸਰਕਾਰਾਂ ਨੂੰ,
ਇਹੋ ਜਿਹੇ ਮਸਲੇ ਤੋਂ,
ਤੇਰੀ ਗੱਲ ਕੀ ਸੁਨਣ ਲੋਕਾਂ ਨੂੰ,
ਟਿਕ - ਟੌਕ ਤੋਂ ਵਿਹਲ ਨਹੀਂ,
ਸੋਸ਼ਲ ਮੀਡੀਆ ਸੰਦੇਸ਼ ਦਾ ਜ਼ਰੀਆ ਹੈ,
ਬਾਂਦਰ ਦਾ ਖੇਲ੍ਹ ਨਹੀਂ

ਮੈਂ ਦੇਖ ਰਿਹਾ ਹਾਂ ਇਸ ਵੱਲ੍ਹ,
ਵੱਧਦੇ ਰੁਝਾਨ ਨੂੰ,
ਜਾਗਦੇ ਸ਼ਮਸ਼ਾਨ ਨੂੰ,
ਫੇਸਬੁੱਕ ਤੋਂ ਲੈਕੇ ਅਸ਼ਲੀਲ,
ਚੈਟ ਦੀ ਦੁਕਾਨ ਨੂੰ,
ਜੰਮਦੇ ਸ਼ੈਤਾਨ ਨੂੰ,
ਜੋ ਇਸ ਤੋਂ ਬਾਹਰ ਨਹੀਂ ਆਇਆ ਜਾ ਸਕਦਾ,
ਇਹ ਕੋਈ ਜੇਲ੍ਹ ਨਹੀਂ,
ਸੋਸ਼ਲ ਮੀਡੀਆ ਸੰਦੇਸ਼ ਦਾ ਜ਼ਰੀਆ ਹੈ,
ਬਾਂਦਰ ਦਾ ਖੇਲ੍ਹ ਨਹੀਂ

ਮੇਰੀ ਕੋਸ਼ਿਸ਼ ਨਹੀਂ ਤੁਹਾਡਾ,
ਸਾਥ ਕੰਮ ਆਵੇਗਾ,
ਸਬ ਹੋ ਜਾਵੇਗਾ,
ਮੇਰੀ ਕਲਮ ਦਾ ਲਿਖਿਆ ਹਰ,
ਸ਼ਬਦ ਧੁੰਮਾਂ ਪਾਵੇਗਾ,
ਜੜਾਂ ਵੱਢ ਖਾਏਗਾ,
ਇਹ ਡਿਗਰੀ ਲੈਣ ਦੀ ਪ੍ਰੀਖਿਆ ਨਹੀਂ,
ਕੋਈ ਪਾਸ ਫੇਲ੍ਹ ਨਹੀਂ,
ਸੋਸ਼ਲ ਮੀਡੀਆ ਸੰਦੇਸ਼ ਦਾ ਜ਼ਰੀਆ ਹੈ,
ਬਾਂਦਰ ਦਾ ਖੇਲ੍ਹ ਨਹੀਂ

ਇਹਨਾਂ ਮੋਬਾਈਲਾਂ ਤੇ ਚੱਲਦੀਆਂ,
ਉਂਗਲਾਂ ਖਤਰਨਾਕ ਨੇ,
ਮੌਤ ਪਾਸ ਨੇ,
ਇਹਨਾਂ ਤੋਂ ਹੀ ਬੱਚੇ ਬਣ ਰਹੇ,
ਖੁਦਖੁਸ਼ੀਆਂ ਦੇ ਗ੍ਰਾਹਕ ਨੇ,
ਕਰਦੇ ਨਾਸ਼ ਨੇ,
ਇਹਨਾਂ ਦਾ ਯਸ਼ੂ ਨਾਲ ਤੇ ਯਸ਼ੂ ਦਾ,
ਇਹਨਾਂ ਨਾਲ ਕੋਈ ਮੇਲ ਨਹੀਂ,
ਸੋਸ਼ਲ ਮੀਡੀਆ ਸੰਦੇਸ਼ ਦਾ ਜ਼ਰੀਆ ਹੈ,
ਬਾਂਦਰ ਦਾ ਖੇਲ੍ਹ ਨਹੀਂ

36. ਮੁਲਕ ਤਰੱਕੀ ਨਹੀਂ ਕਰ ਸਕਦਾ

ਜਿੱਥੇ ਚਪੜਾਸੀ ਲੱਗਣ ਲਈ ਦਸਵੀਂ ਪਾਸ ਚਾਹੀਦੀ ਹੈ,
ਰਾਜਨੀਤੀ 'ਚ ਆਉਣ ਲਈ ਕਰਨੀ ਆਉਣੀ ਬਕਵਾਸ ਚਾਹੀਦੀ,
ਅੱਜ ਦੇ ਯੁੱਗ ਵਿੱਚ ਵੀ ਫੱਟੀ ਕਲਮ ਦਵਾਤ ਚਾਹੀਦੀ ਹੈ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਜਿੱਥੇ ਐੱਮ.ਐੱਲ.ਏ. ਦਾ ਮਤਲਬ ਐੱਮ.ਐੱਲ.ਏ. ਨੂੰ ਨਹੀਂ ਪਤਾ,
ਜਿੱਥੇ ਮੂਰਖਾਂ ਦੀ ਟੋਲੀ ਮਿਲਕੇ ਪਾਸ ਕਰਦੀ ਹੋਵੇ ਮਤਾ,
ਤੇ ਵੋਟਾਂ ਤੋਂ ਬਾਅਦ ਸਰਕਾਰ ਹੋ ਜਾਂਦੀ ਲਾ - ਪਤਾ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਸਰਕਾਰਾਂ ਜੰਨਤਾ ਨਾਲ ਮਿਲਕੇ ਜਿੱਥੇ ਖੇਡਣ ਵੋਟਾਂ - ਵੋਟਾਂ,
ਜਿੱਥੇ ਮੱਤ ਕਿਸੇ ਦੀ ਵਿਕਦੀ ਹੋਏ ਦਾਰੂ ਪਿੱਛੇ ਅੱਗੇ ਨੋਟਾਂ,
ਜਿੱਥੇ ਆਪਣੇ ਪੂਚੂ - ਪੂਚੂ ਕਰ ਪਿੱਠ ਉੱਤੇ ਮਾਰਨ ਚੋਟਾਂ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

ਜਿਸ ਥਾਂ ਤੇ ਖੜ੍ਹ ਸਹੁੰ ਖਾਕੇ ਮੁੱਕਰ ਜਾਵਣ ਜਾਂਦੇ - ਜਾਂਦੇ,
ਜਿਸ ਦੇਸ਼ 'ਚ ਭੁੱਖਾਂ ਨਸ਼ਿਆਂ ਖਾਤਰ ਵਿਕਣ ਲੱਗਣ ਜੀ ਭਾਂਡੇ,
ਨੇਤਾ ਦੂਜੇ ਤੀਜੇ ਦਿਨ ਯਸ਼ੂ ਵਿਦੇਸ਼ ਨੂੰ ਸਮਝਣ ਵਾਂਢੇ,
ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ,
ਉਹ ਮੁਲਕ ਤਰੱਕੀ ਨਹੀਂ ਕਰ ਸਕਦਾ

37. ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਇਓ

ਮੈਂ ਇਲਜ਼ਾਮ ਲਗਾਕੇ ਕੀ ਕਰਨਾ,
ਕਿਸੇ ਸੁਣਨਾ ਹੀ ਨਹੀਂ,
ਮੇਰੇ ਜਾਣ ਤੋਂ ਬਾਅਦ ਜਦ ਮੈਂ,
ਕਦੇ ਮੁੜਨਾ ਹੀ ਨਹੀਂ,
ਤੁਸੀਂ ਇੱਕੋ ਫ਼ਰਜ਼ ਨਿਭਾਇਓ,
ਮੇਰੇ ਮਰਨ ਤੋਂ ਬਾਅਦ ਕਿਸੇ ਨੂੰ,
ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਇਓ,
ਮੇਰੀ ਮੌਤ ਨੂੰ ਬਾਅਦ ਵਿੱਚ ਰਾਜਨੀਤੀ ਨਾ ਬਣਾਇਓ

ਮੈਂ ਮਰਾਂਗਾ ਦੂਸ਼ਿਤ ਹਵਾ ਦੇ ਕਰਕੇ,
ਜਾਂ ਆਪਣੇ ਕਿਸੀ ਬੇਵਫ਼ਾ ਦੇ ਕਰਕੇ,
ਹੋਵੇਗੀ ਮੇਰੀ ਮੌਤ ਲਿਖਣ ਕਰਕੇ,
ਜਾਂ ਫ਼ਿਰ ਕਿਸੀ ਕਵਿਤਾ ਦੇ ਕਰਕੇ,
ਪਰ ਕਦੇ ਕਵਿਤਾ ਨੂੰ,
ਦਾਗ ਵੀ ਨਾ ਲਾਇਓ,
ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਇਓ

ਗ਼ਮਾਂ ਦੀ ਕੌਲੀ ਭਰ - ਭਰ ਖਾ ਕੇ,
ਮਰ ਜਾਵਾਂਗਾ ਕੋਈ ਗੀਤ ਸੁਣਾਕੇ,
ਲੋਕਾਂ ਦੇ ਦੁੱਖ ਜਾਂ ਮਰਦੀ ਜਵਾਨੀ,
ਮਰਨਾ ਹੈ ਜਾਂ ਕੋਈ ਰਾਜ਼ ਬਣਾਕੇ,
ਕਿਸੇ ਤੇ ਤੁਸੀਂ ਪਰ,
ਉਂਗਲੀ ਨਾ ਉਠਾਇਓ,
ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਇਓ,

ਅੱਜ ਦੇ ਕਾਨੂੰਨ ਦਾ ਕੀ ਹੈ ਤਮਾਸ਼ਾ,
ਮਰਾਂਗਾ ਮੈਂ ਜਾਂ ਭੁੱਖਾ ਪਿਆਸਾ,
ਯਸ਼ੂ ਜਾਨ ਨੂੰ ਹੈ ਤੁਸੀਂ ਭੁੱਲ ਜਾਣਾ,
ਵੱਜਦਾ ਰਹੇਗਾ ਮੇਰਾ ਇਹ ਗਾਣਾ,
ਮੈਂਨੂੰ ਮੇਰੇ ਪਿੰਡ ਦੇ,
ਵਿੱਚ ਹੀ ਤੁਸੀਂ ਦਫ਼ਨਾਇਓ,
ਮੇਰੀ ਮੌਤ ਦਾ ਜ਼ਿੰਮੇਦਾਰ ਨਾ ਠਹਿਰਾਇਓ

38. ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ

ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ,
ਇੱਕ ਆਮ ਇੰਨਸਾਨ ਹਾਂ,
ਮੇਰੇ ਵਿੱਚ ਤਾਂ ਜਾਨ ਨਹੀਂ,
ਪਰ ਮੈਂ ਲੋਕਾਂ ਦੀ ਜਾਨ ਹਾਂ,
ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ
ਇੱਕ ਆਮ ਇੰਨਸਾਨ ਹਾਂ

ਲੋਕਾਂ ਦਾ ਸਾਥੀ ਹਾਂ,
ਲੋਕਾਂ ਵਿੱਚ ਰਹਿੰਦਾ ਹਾਂ,
ਲੋਕਾਂ ਦੀ ਗੱਲ ਸੁਣਕੇ,
ਲੋਕਾਂ ਨੂੰ ਕਹਿੰਦਾ ਹਾਂ,
ਲੋਕ ਹੀ ਰਾਜ ਕਰਾਉਂਦੇ,
ਨੇਤਾ ਨੂੰ ਲੋਕ ਬਣਾਉਂਦੇ,
ਪਰ ਮੈਂ ਕੋਈ ਨੇਤਾ ਨਹੀਂ,
ਲੋਕਾਂ ਦਾ ਮਹਿਮਾਨ ਹਾਂ,
ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ,
ਇੱਕ ਆਮ ਇੰਨਸਾਨ ਹਾਂ

ਮੈਂ ਬਹੁਤਾ ਪੜ੍ਹਿਆ ਨਹੀਂ,
ਕੁਝ ਜ਼ਿਆਦਾ ਲਿਖਿਆ ਨਹੀਂ,
ਮੇਰੇ ਸਿਰ ਉੱਤੇ ਕੋਈ,
ਹਾਲੇ ਤਾਜ ਵੀ ਟਿਕਿਆ ਨਹੀਂ,
ਮੈਂ ਰਾਜਾ ਨਹੀਂ ਨਾ ਲੱਭਾਂ ਰਾਜ,
ਦਰ ਦਾ ਦਰਬਾਨ ਹਾਂ,
ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ,
ਇੱਕ ਆਮ ਇੰਨਸਾਨ ਹਾਂ

ਕਦੇ ਮਾਨ ਨਹੀਂ ਕੀਤਾ,
ਆਪਣੀ ਇਸ ਲੇਖਣੀ ਦਾ,
ਸਦਾ ਧਿਆਨ ਹੈ ਰੱਖਿਆ,
ਜਨਤਾ ਦੀ ਦੇਖਣੀ ਦਾ,
ਮੈਂ ਕੋਈ ਗੈਰ ਕਰਿੰਦਾ ਨਹੀਂ,
ਮੈਂ ਤੁਹਾਡਾ ਯਸ਼ੂ ਜਾਨ ਹਾਂ,
ਮੈਂ ਕੋਈ ਮਸ਼ਹੂਰ ਕਵੀ ਤਾਂ ਨਹੀਂ,
ਇੱਕ ਆਮ ਇੰਨਸਾਨ ਹਾਂ,
ਮੇਰੇ ਵਿੱਚ ਤਾਂ ਜਾਨ ਨਹੀਂ,
ਪਰ ਮੈਂ ਲੋਕਾਂ ਦੀ ਜਾਨ ਹਾਂ

39. ਮੇਰੀ ਲਾਸ਼ ਤੋਂ ਗ਼ੁਜ਼ਰਕੇ

ਪਿਆਸੇ ਤਾਂ ਇੱਥੇ ਨੇ,
ਖੂਹ ਖੁਦਵਾਏ ਕਿਤੇ ਹੋਰ ਜਾ ਰਹੇ ਨੇ,
ਤਮਾਸ਼ੇ ਤਾਂ ਲੱਗਦੇ ਇੱਥੇ ਨੇ,
ਬਾਂਦਰ ਨਚਵਾਏ ਕਿਤੇ ਹੋਰ ਜਾ ਰਹੇ ਨੇ,
ਥੱਕ ਗਿਆ ਹਾਂ ਮੈਂ ਹੁਣ ਇਕੱਲ੍ਹਾ ਤੁਰ - ਤੁਰ ਕੇ,
ਪਰ ਮੈਂ ਦੋਸ਼ੀਆਂ ਨੂੰ ਅੱਗੇ ਵਧਣ ਨਹੀਂ ਦੇਵਾਂਗਾ,
ਉਹਨਾਂ ਨੂੰ ਲੰਘਣਾਂ ਪਵੇਗਾ ਮੇਰੀ ਲਾਸ਼ ਤੋਂ ਗ਼ੁਜ਼ਰਕੇ

ਅੱਜ ਸ਼ਹੀਦੀਆਂ ਦੇਣ ਦੀ ਤਾਂ ਲੋੜ ਨਹੀਂ,
ਕਿਸੇ ਤੋਂ ਕੁਝ ਲੈਣ ਜਾਂ ਖੋਹਣ ਦੀ ਲੋੜ ਨਹੀਂ,
ਹਰ ਇੱਕ ਜਣਾਂ ਆਪਣੀ ਜਿੰਮੇਦਾਰੀ ਨਿਭਾਵੇ,
ਵਿਦਿਆਰਥੀ ਪੜ੍ਹੇ,
ਅਧਿਆਪਕ ਪੜ੍ਹਾਵੇ,
ਸਰਕਾਰੀ ਗੈਰ - ਸਰਕਾਰੀ ਅਦਾਰਿਆਂ ਵਿੱਚ,
ਰਿਸ਼ਵਤ ਲਈ ਨਾਂ ਜਾਵੇ,
ਕੋਈ ਮਰੇਗਾ ਨਹੀਂ ਕਿਸੇ ਤਰ੍ਹਾਂ ਦੀ,
ਪਿਆਸ ਤੋਂ ਗੁਜ਼ਰਕੇ,
ਪਰ ਮੈਂ ਦੋਸ਼ੀਆਂ ਨੂੰ ਅੱਗੇ ਵਧਣ ਨਹੀਂ ਦੇਵਾਂਗਾ,
ਉਹਨਾਂ ਨੂੰ ਲੰਘਣਾਂ ਪਵੇਗਾ ਮੇਰੀ ਲਾਸ਼ ਤੋਂ ਗ਼ੁਜ਼ਰਕੇ

ਹੁਣ ਮੈਂ ਆਵਾਂਗਾ ਥੋੜ੍ਹਾ ਪਖੰਡ ਦੇ ਮਹਿਲਾਂ ਵੱਲ੍ਹ,
ਖ਼ਲਕਤ ਝੂਟੇ ਰੀਤੀ - ਰਿਵਾਜ਼ਾਂ ਵੱਲ੍ਹ ਪਈ ਹੈ ਚੱਲ,
ਬਿੱਲੀ ਰਸਤਾ ਕੱਟੇ,
ਕੋਈ ਪਿੱਛਿਓਂ ਸੱਦੇ,
ਇਹਨਾਂ ਨੇ ਹੀ ਦਿਮਾਗਾਂ ਦੀ ਲੋਅ ਨੂੰ ਘੇਰਿਆ ਹੈ,
ਵਹਿਮ ਹੋਏ ਜੜੋਂ ਪੱਕੇ,
ਫਿਰ ਵੀ ਕਹਾਂਗਾ ਇੱਕ ਵਾਰ ਦੇਖੋ ਚੰਗੀ ਆਸ ਤੋਂ ਗੁਜ਼ਰਕੇ,
ਪਰ ਮੈਂ ਦੋਸ਼ੀਆਂ ਨੂੰ ਅੱਗੇ ਵਧਣ ਨਹੀਂ ਦੇਵਾਂਗਾ,
ਉਹਨਾਂ ਨੂੰ ਲੰਘਣਾਂ ਪਵੇਗਾ ਮੇਰੀ ਲਾਸ਼ ਤੋਂ ਗ਼ੁਜ਼ਰਕੇ

ਨੌਕਰੀਆਂ ਵਾਧੂ ਨੇ ਸਾਡੇ ਦੇਸ਼ ਵਿੱਚ ਸਾਫ਼ ਦਰਪਣ ਹੈ,
ਕੋਈ ਛੋਟਾ ਕੰਮ ਕਰਕੇ ਰਾਜ਼ੀ ਨਹੀਂ ਇਹੀ ਅੜਚਨ ਹੈ,
ਵਿਹਲਿਆਂ ਨਾਲੋਂ,
ਕੁਝ ਤਾਂ ਕਮਾ ਲਓ,
ਸ਼ੁਰੂਆਤ ਛੋਟੀ ਹੀ ਹੁੰਦੀ ਹੈ ਤੇ ਕਾਮਯਾਬੀ ਹੁੰਦੀ ਵੱਡੀ,
ਬੀਬੇ ਰਾਣਿਓਂ ਹੋਸ਼ ਸੰਭਾਲੋ,
ਯਸ਼ੂ ਜਾਨ ਸਭ ਕਹਿ ਰਿਹਾ ਸ਼ਿਵ ਅਤੇ ਪਾਸ਼ ਤੋਂ ਗੁਜ਼ਰਕੇ,
ਪਰ ਮੈਂ ਦੋਸ਼ੀਆਂ ਨੂੰ ਅੱਗੇ ਵਧਣ ਨਹੀਂ ਦੇਵਾਂਗਾ,
ਉਹਨਾਂ ਨੂੰ ਲੰਘਣਾਂ ਪਵੇਗਾ ਮੇਰੀ ਲਾਸ਼ ਤੋਂ ਗ਼ੁਜ਼ਰਕੇ

40. ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰ

ਉਸਨੇ ਮੈਂਨੂੰ ਕਿਹਾ ਹੈ,
ਤੂੰ ਪਿਆਰ ਕਰ,
ਪਾਪੀਆਂ ਦਾ ਸ਼ਿਕਾਰ ਕਰ,
ਤੈਨੂੰ ਜਲਦੀ ਹੀ ਸੁਨੇਹਾ ਭੇਜਾਂਗਾ,
ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰ

ਮੈਂ ਤੈਨੂੰ ਮਰਨ ਨਹੀਂ ਦੇ ਸਕਦਾ,
ਇਸ ਵਿੱਚ ਮੌਤ ਦੀ ਜਿੱਤ ਹੋਵੇਗੀ,
ਕਿਸੇ ਦੇ ਹੱਥੇ ਚੜ੍ਹਨ ਨਹੀਂ ਦੇ ਸਕਦਾ,
ਤੇਰੀ ਸ਼ਕਤੀ ਕਿਸੇ ਵੱਲ੍ਹ ਖਿੱਚ ਹੋਵੇਗੀ,
ਤੂੰ ਆਪਣੀ ਕਲਮ ਤੋਂ ਕੁਝ ਵਧੀਆ ਲਿਖ,
ਤੇ ਉਹਨਾਂ ਨੂੰ ਸ਼ਰਮਸਾਰ ਕਰ,
ਤੈਨੂੰ ਜਲਦੀ ਹੀ ਸੁਨੇਹਾ ਭੇਜਾਂਗਾ,
ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰ

ਤੇਰੇ ਜਿਹੇ ਨੇ ਮੈਂਨੂੰ ਹੋਰ ਲੋੜੀਂਦੇ,
ਜਿਸ ਤੋਂ ਇੱਕ ਫ਼ੌਜ ਤਿਆਰ ਹੈ ਹੋਣੀ,
ਅਗਰ ਹੋਣ ਤੇਰੇ ਜਿਹੇ ਹੋਰ ਕਰਿੰਦੇ,
ਦੁਸ਼ਮਣਾਂ ਦੀ ਹਾਲਤ ਫ਼ਿਰ ਯਾਰ ਕੀ ਹੋਣੀ,
ਦੇਸ਼ ਦੇ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ,
ਕੋਈ ਏਦਾਂ ਦਾ ਕਿਰਦਾਰ ਕਰ,
ਤੈਨੂੰ ਜਲਦੀ ਹੀ ਸੁਨੇਹਾ ਭੇਜਾਂਗਾ,
ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰ

ਅਸਲੀ ਗੱਲ ਹੈ ਆਪਣਿਆਂ ਕੋਲੋਂ,
ਸਾਨੂੰ ਗੈਰਾਂ ਤੋਂ ਵੀ ਵੱਧ ਖ਼ਤਰਾ ਹੈ,
ਕੁਝ ਚੰਗਾ ਕਰਕੇ ਹੀ ਦੁਨੀਆਂ ਤੋਂ,
ਅਸੀਂ ਫ਼ਿਰ ਵਾਚਣਾ ਪਤਰਾ ਹੈ,
ਸਿਆਹੀ ਆਪਣੀ ਨੂੰ ਯਸ਼ੂ ਜਾਨ,
ਪਾ ਗੂੜ੍ਹਾ ਰੰਗ ਤਿਆਰ ਕਰ,
ਤੈਨੂੰ ਜਲਦੀ ਹੀ ਸੁਨੇਹਾ ਭੇਜਾਂਗਾ,
ਮੇਰੇ ਇਸ਼ਾਰੇ ਦਾ ਇੰਤਜ਼ਾਰ ਕਰ

41. ਮੈਨੂੰ ਮਾਰਨਾ ਮੁਸ਼ਕਿਲ ਹੈ

ਮੈਂ ਸਭ ਜਾਣਦਾਂ ਚਾਲ ਤੁਹਾਡੀ,
ਮੈਂ ਵੀ ਚੱਲਾਂ ਨਿਗ੍ਹਾ ਨਾਲ਼ ਤੁਹਾਡੀ,
ਪਰ ਹੁਣ ਮੌਕਾ ਖੁੰਝ ਗਿਆ,
ਮੈਨੂੰ ਮਾਰਨਾ ਮੁਸ਼ਕਿਲ ਹੈ,
ਮੈਂ ਥੋਡੇ ਅੱਖੀਂ ਕੱਖ਼ ਪਿਆ,
ਮੈਨੂੰ ਮਾਰਨਾ ਮੁਸ਼ਕਿਲ ਹੈ

ਇਸ ਭੋਲ਼ੀ - ਭਾਲੀ ਜਨਤਾ ਦੀਆਂ,
ਤੁਸੀਂ ਲੁੱਟੀਆਂ ਨੇ ਜਾਗੀਰਾਂ,
ਮੈਂ ਪਾਰਾ ਬਣਕੇ ਕਹਿਰ ਮਚਾਊਂ,
ਵੜ ਵਿੱਚ ਤੁਹਾਡੇ ਸ਼ਰੀਰਾਂ,
ਮੈਂ ਬਣਿਆਂ ਵਿਗੜੇ ਸੱਪ ਜਿਹਾ,
ਮੈਨੂੰ ਮਾਰਨਾ ਮੁਸ਼ਕਿਲ ਹੈ,
ਮੈਂ ਥੋਡੇ ਅੱਖੀਂ ਕੱਖ਼ ਪਿਆ,
ਮੈਨੂੰ ਮਾਰਨਾ ਮੁਸ਼ਕਿਲ ਹੈ

ਤੁਹਾਡੇ ਢਿੱਡ ਪਤਾਲੋਂ ਡੂੰਘੇ,
ਚਾਹੇ ਜਿੰਨਾ ਮਰਜ਼ੀ ਭਰੀਏ,
ਫਿਰ ਖਜ਼ਾਨੇ ਜਨਤਾ ਵਾਲ਼ੇ,
ਕਾਹਤੋਂ ਖ਼ਾਲੀ ਕਰੀਏ,
ਮੈਂ ਢਿੱਡ ਤੁਹਾਡੇ ਕੱਟ ਦਿਆਂ,
ਮੈਨੂੰ ਮਾਰਨਾ ਮੁਸ਼ਕਿਲ ਹੈ,
ਮੈਂ ਥੋਡੇ ਅੱਖੀਂ ਕੱਖ਼ ਪਿਆ,
ਮੈਨੂੰ ਮਾਰਨਾ ਮੁਸ਼ਕਿਲ ਹੈ

ਝੂਠ ਤੁਹਾਡੇ ਘਰਦੀ ਖੇਤੀ,
ਵਿਰੋਧੀਆਂ ਨਾਲ਼ ਵੀ ਯਾਰੀਆਂ ਨੇ,
ਜਨਤਾ ਨੂੰ ਹੀ ਭਰਮ ਨੇ ਪਾਏ,
ਪਰ ਆਪਸ ਵਿੱਚ ਰਿਸ਼ਤੇਦਾਰੀਆਂ ਨੇ,
ਹਾਲੇ ਯਸ਼ੂ ਜਾਨ ਨੇ ਘੱਟ ਕਿਹਾ,
ਮੈਨੂੰ ਮਾਰਨਾ ਮੁਸ਼ਕਿਲ ਹੈ,
ਮੈਂ ਥੋਡੇ ਅੱਖੀਂ ਕੱਖ਼ ਪਿਆ,
ਮੈਨੂੰ ਮਾਰਨਾ ਮੁਸ਼ਕਿਲ ਹੈ

42. ਮੌਤ ਖੜ੍ਹੀ ਸੀ

ਸੋਚੋ ਉਹ ਕਿੰਨੀ ਮਨਹੂਸ ਘੜੀ ਸੀ,
ਕਿਸੇ ਦੇ ਪਿਓ ਨੇ ਜਾਣਾ ਸੀ ਕੰਮ ਤੇ,
ਬਾਹਰ ਉਸਨੂੰ ਉਡੀਕਦੀ ਮੌਤ ਖੜ੍ਹੀ ਸੀ,
ਬਾਹਰ ਆਵੇ ਤਾਂ ਉਸਤੇ ਸੁੱਟਾਂ ਪਾਸ਼ ਯੱਮ ਦਾ,
ਇਰਾਦੇ ਸਾਫ਼ ਜ਼ਾਹਿਰ ਕਰ ਆਪਣੀ ਗੱਲ ਤੇ ਅੜੀ ਸੀ,
ਸੋਚੋ ਉਹ ਕਿੰਨੀ ਮਨਹੂਸ ਘੜੀ ਸੀ

ਨਹੀਂ ਤਾਂ ਕੌਣ ਚਾਹੁੰਦਾ ਹੈ ਅਣਿਆਈ ਮੌਤੇ ਮਰਨਾ,
ਨਿੱਕੇ ਬੱਚੇ ਘਰਵਾਲੀ ਛੱਡ ਵਿਹੜਾ ਸੁੰਨਾਂ ਕਰਨਾ,
ਪਰ ਜੋ ਹੋਣਾ ਹੁੰਦਾ ਹੈ,
ਉਹ ਸੋਚ ਵਿੱਚ ਨਹੀਂ ਹੁੰਦਾ,
ਜੋ ਸੋਚਿਆ ਹੁੰਦਾ ਹੈ,
ਉਹ ਤਾਂ ਹੁੰਦਾ ਹੀ ਨਹੀਂ,
ਇਹ ਮੈਂ ਨਹੀਂ ਹਾਂ ਕਹਿ ਰਿਹਾ,
ਮੈਂ ਕਿੱਧਰੇ ਗੱਲ ਪੜ੍ਹੀ ਸੀ,
ਸੋਚੋ ਉਹ ਕਿੰਨੀ ਮਨਹੂਸ ਘੜੀ ਸੀ

ਫਿਰ ਘਰਦੀ ਇੱਜ਼ਤ ਲੁੱਟਣ ਨੂੰ ਲੱਖਾਂ ਹੱਥ ਉੱਠਦੇ,
ਉਸ ਔਰਤ ਦੀ ਮਜਬੂਰੀ ਦਾ ਨੇ ਫ਼ਾਇਦਾ ਚੁੱਕਦੇ,
ਕਿਸੇ ਘਰ ਲੱਗੀ ਅੱਗ,
ਬੁਝਾਉਣਾ ਕੋਈ ਨਹੀਂ ਚਾਹੁੰਦਾ,
ਜਿੰਨਾ ਮਰਜ਼ੀ ਦੁੱਖ ਕੱਟੇ,
ਵੰਡਾਉਣਾ ਕੋਈ ਨਹੀਂ ਚਾਹੁੰਦਾ,
ਐਸੇ ਹਾਲਾਤਾਂ ਵਿੱਚੋਂ ਲੰਘ ਕੇ,
ਉਹ ਹੋਈ ਖ਼ਤਰਨਾਕ ਬੜੀ ਸੀ,
ਸੋਚੋ ਉਹ ਕਿੰਨੀ ਮਨਹੂਸ ਘੜੀ ਸੀ

ਐਸਿਆਂ ਹਾਲਾਤਾਂ ਨੂੰ ਦੇਖਕੇ ਮੈਂ ਕੁਝ ਤੱਥ ਘੜੇ ਨੇ,
ਸਾਡਿਆਂ ਪੈਰਾਂ ਦੀ ਧੂੜ ਨਾਲ ਸਾਡੇ ਸਿਰ ਭਰੇ ਨੇ,
ਮੁਫ਼ਤ ਦਾ ਮਜ਼ਾਕ ਨਹੀਂ,
ਪਤੇ ਦੀ ਹੀ ਗੱਲ ਹੈ,
ਸਮਝੋਗੇ ਤਾਂ ਠੀਕ,
ਨਹੀਂ ਤਾਂ ਡੂੰਘਾ ਸੱਲ੍ਹ ਹੈ,
ਉਹ ਖੜ੍ਹਾ ਸੀ ਖ਼ਾਮੋਸ਼ ਜਿਹਾ ਹੋ,
ਮੌਤ ਦੀ ਪੂਰੀ ਤੜ੍ਹੀ ਸੀ,
ਸੋਚੋ ਉਹ ਕਿੰਨੀ ਮਨਹੂਸ ਘੜੀ ਸੀ
ਕਿਸੇ ਦੇ ਪਿਓ ਨੇ ਜਾਣਾ ਸੀ ਕੰਮ ਤੇ,
ਬਾਹਰ ਉਸਨੂੰ ਉਡੀਕਦੀ ਮੌਤ ਖੜ੍ਹੀ ਸੀ

43. ਰੱਬ ਮੂਕ ਦਰਸ਼ਕ ਬਣ ਦੇਖ ਰਿਹਾ

ਕੋਈ ਕਿਸੇ ਦੀ ਚੀਕ ਸੁਣ ਹੁਣ ਹੌਂਕੇ ਨਹੀਂ ਭਰਦਾ,
ਪੁੱਤ ਨਾ ਆਪਣੀ ਮਾਂ ਨਾਲ ਬੋਲੇ ਤੀਵੀਂ ਤੋਂ ਡਰਦਾ,
ਸੱਚੀ ਮੁਹੱਬਤ ਦੀ ਜਗ੍ਹਾ ਹੁਣ ਢੋਂਗ ਹੀ ਹੁੰਦੇ ਨੇ,
ਆਪਣਿਆਂ ਤੋਂ ਰੱਖਣ ਲੱਗੇ ਆਪਣੇ ਹੀ ਪਰਦਾ,
ਰੱਬ ਵੀ ਮੂਕ ਦਰਸ਼ਕ ਬਣ ਦੇਖ ਰਿਹਾ ਹੈ,
ਕੁਝ ਨਹੀਂ ਕਰਦਾ, ਕੁਝ ਨਹੀਂ ਕਰਦਾ

ਹਰ ਘਰ ਵਿੱਚ ਹੁਣ ਵੱਖੋ - ਵੱਖਰੇ ਲਾਂਘੇ ਹੋ ਗਏ ਨੇ,
ਸੋਨੇ ਵਰਗੇ ਰਿਸ਼ਤੇ ਦੇਖੋ ਤਾਂਬੇ ਹੋ ਗਏ ਨੇ,
ਮਾਂ - ਬਾਪ ਦੀ ਹਾਲਤ ਦਾ ਅੰਦਾਜ਼ਾ ਨਹੀਂ ਲੱਗਦਾ,
ਛੱਡ ਉਹਨਾਂ ਨੂੰ ਧੀਆਂ - ਪੁੱਤਰ ਲਾਂਭੇ ਹੋ ਗਏ ਨੇ,
ਬੰਦ ਉਹਨਾਂ ਲਈ ਕਰ ਦਿੱਤਾ ਹੁਣ ਬੂਹਾ ਘਰ ਦਾ,
ਰੱਬ ਵੀ ਮੂਕ ਦਰਸ਼ਕ ਬਣ ਦੇਖ ਰਿਹਾ,
ਕੁਝ ਨਹੀਂ ਕਰਦਾ, ਕੁਝ ਨਹੀਂ ਕਰਦਾ

ਹੁਣ ਲਾਈ ਲੱਗ ਬਣਾ ਦਿੱਤਾ ਪੁੱਤਰਾਂ ਨੂੰ ਲੋਕਾਂ ਨੇ,
ਲੂਣ ਪਾਉਣ ਤੇ ਵੀ ਨਾ ਮਰਨ ਇਹ ਐਸੀਆਂ ਜੋਕਾਂ ਨੇ,
ਚੁਗਲਖੋਰ ਹਰ ਪਾਸੇ ਹੀ ਪ੍ਰਧਾਨ ਬਣਾ ਦਿੱਤਾ,
ਬਾਕੀਆਂ ਦੇ ਮੂੰਹ ਬੰਦ ਕਰ ਦਿੱਤੇ ਹਰਿਆਂ ਨੋਟਾਂ ਨੇ,
ਪਰ ਧੇਲਾ ਖਰਚ ਕੇ ਰਾਜ਼ੀ ਨਹੀਂ ਕੋਈ ਹੋਵੇ ਮਰਦਾ,
ਰੱਬ ਵੀ ਮੂਕ ਦਰਸ਼ਕ ਬਣ ਦੇਖ ਰਿਹਾ,
ਕੁਝ ਨਹੀਂ ਕਰਦਾ, ਕੁਝ ਨਹੀਂ ਕਰਦਾ

ਇੱਕ ਦਿਨ ਦੇਖਿਓ ਦੁਨੀਆਂ ਇਹ ਪਤਾਲ 'ਚ ਵੜ ਜਾਣੀ,
ਚੱਲਦੀ ਹੋਈ ਜ਼ੁਬਾਨ ਬਰਫ਼ ਦੇ ਵਾਂਗੂ ਖੜ੍ਹ ਜਾਣੀ,
ਲੋਕਾਂ ਨੇ ਫਿਰ ਆਖਣਾ ਇਹ ਕੀ ਹੋਈ ਜਾਂਦਾ ਏ,
ਸਭ ਨੇ ਫਿਰ ਗੁਨਾਹਾਂ ਤੋਂ ਵੀ ਤੌਬਾ ਕਰ ਜਾਣੀ,
ਫ਼ਿਰ ਕੀ ਫ਼ਾਇਦਾ ਯਸ਼ੂ ਜਾਨ ਜਦ ਡੰਡਾ ਵਰ੍ਹਦਾ,
ਰੱਬ ਵੀ ਮੂਕ ਦਰਸ਼ਕ ਬਣ ਦੇਖ ਰਿਹਾ,
ਕੁਝ ਨਹੀਂ ਕਰਦਾ, ਕੁਝ ਨਹੀਂ ਕਰਦਾ

44. ਰਾਮ-ਰਾਮ ਹੀ ਕਹਿਣਾ

ਦੁਨੀਆਂ ਵਾਲ਼ੇ ਕਹਿੰਦੇ ਛੱਡਦੇ ਨਾਮ ਰਾਮ ਦਾ ਲੈਣਾ,
ਮੇਰੇ ਮਨ ਵਿੱਚ ਰਾਮ ਬਸੇ ਮੈਂ ਰਾਮ-ਰਾਮ ਹੀ ਕਹਿਣਾ,
ਮੇਰੇ ਰਾਮ ਆਉਣਗੇ ਵਿਹੜੇ,
ਮੁੱਕ ਜਾਣਗੇ ਝਗੜੇ - ਝੇੜੇ

ਰਾਮ ਜੀ ਲਈ ਮੈਂ ਖੀਰ ਬਣਾਈ,
ਰਾਮ ਨਾਮ ਦੀ ਮਿਸ਼ਰੀ ਪਾਈ,
ਆਪਣੇ ਹੱਥਾਂ ਨਾਲ ਖਿਲਾਊਂ,
ਸਭ ਤੋਂ ਪਹਿਲਾਂ ਭੋਗ ਲਗਾਊਂ,
ਛੱਡਦੇ ਕਰਨੀ ਰਾਮ ਦੀ ਭਗਤੀ,
ਆਖਣ ਬੀਬੀਆਂ ਭੈਣਾਂ,
ਮੇਰੇ ਮਨ ਵਿੱਚ ਰਾਮ ਬਸੇ,
ਮੈਂ ਰਾਮ-ਰਾਮ ਹੀ ਕਹਿਣਾ

ਰਾਮ ਜੀ ਲਈ ਵਸਤਰ ਬਣਾਏ,
ਫੁੱਲ, ਬੂਟੀਆਂ ਉੱਤੇ ਪਾਏ,
ਉਹਨਾਂ ਦੇ ਸਿਰ ਤਾਜ ਧਰਾਂ,
ਸੋਹਣੇ ਵਸਤਰ ਭੇਂਟ ਕਰਾਂ,
ਭਾਵੇਂ ਰਾਮ ਜੀ ਖ਼ਾਤਿਰ ਮੈਂਨੂੰ,
ਲੱਖ ਦੁੱਖ ਪਏ ਸਹਿਣਾ,
ਮੇਰੇ ਮਨ ਵਿੱਚ ਰਾਮ ਬਸੇ,
ਮੈਂ ਰਾਮ-ਰਾਮ ਹੀ ਕਹਿਣਾ

ਰਾਮ ਜੀ ਲਈ ਮੈਂ ਵਰਤ ਹੈ ਰੱਖਿਆ,
ਮੇਰੇ ਤੇ ਜੱਗ ਸਾਰਾ ਹੱਸਿਆ,
ਰਾਮ ਜੀ ਦੇ ਮੈਂ ਦਰਸ਼ਨ ਪਾਏ,
ਦੇਖਕੇ ਸੀ ਸਾਰੇ ਹਰਸ਼ਾਏ,
ਯਸ਼ੂ ਜਾਨ ਮੈਂ ਗਲ ਵਿੱਚ ਪਾਇਆ,
ਰਾਮ ਨਾਮ ਦਾ ਗਹਿਣਾ,
ਮੇਰੇ ਮਨ ਵਿੱਚ ਰਾਮ ਬਸੇ,
ਮੈਂ ਰਾਮ-ਰਾਮ ਹੀ ਕਹਿਣਾ

45. ਲਕਸ਼ ਦੀ ਤਲਾਸ਼

ਅਸੀਂ ਮੰਜ਼ਿਲਾਂ ਨੂੰ ਹੈ ਕਹਿ ਦਿੱਤਾ,
ਤੁਸੀਂ ਮਾਣ ਕਰੋ ਨਾ ਬਹੁਤਾ ਜੀ,
ਬੇਧੜਕ ਇਰਾਦਿਆਂ ਵਾਲੇ,
ਸਭ ਕੁਝ ਕਰ ਸਕਦੇ ਨੇ

ਮੈਂ ਆਪਣੇ ਲਕਸ਼ ਦੀ ਹੀ,
ਤਲਾਸ਼ ਵਿੱਚ ਜੀਅ ਰਿਹਾ ਹਾਂ,
ਜਿਹੜੀ ਬੁੱਝੀ ਨਾ ਕਦੇ ਜਨਮਾਂ ਦੀ,
ਪਿਆਸ ਵਿੱਚ ਜੀਅ ਰਿਹਾ ਹਾਂ,
ਮੈਂ ਆਪਣੇ ਲਕਸ਼ ਦੀ ਹੀ

ਜੀਹਨੇ ਮੇਰੀ ਪਿਆਸ ਬੁਝਾਉਣੀ ਹੈ,
ਉਹ ਨਦੀ ਬੜੀ ਹੈ ਹਾਲੇ ਦੂਰ,
ਜਿੱਥੇ ਮੁੱਕੇ ਮੇਰੀ ਤਲਾਸ਼ ਜਾ ਕੇ,
ਉਹ ਮੰਜ਼ਿਲ ਹੈ ਕੋਈ ਤਖਤ ਹਜ਼ੂਰ,
ਹਾਲੇ ਤਾਂ ਆਪਣਾ ਜੀਵਨ ਬੜਾ ਹੀ,
ਨਿਰਾਸ਼ ਵਿੱਚ ਜੀਅ ਰਿਹਾ ਹਾਂ,
ਮੈਂ ਆਪਣੇ ਲਕਸ਼ ਦੀ ਹੀ,
ਤਲਾਸ਼ ਵਿੱਚ ਜੀਅ ਰਿਹਾ ਹਾਂ

ਮੇਰੇ ਕਦਮ ਸਹੀ ਰਾਹ ਲੱਭਦੇ ਨੇ,
ਕੋਈ ਆਕੇ ਵਿੱਚ ਭੁਲਾ ਜਾਂਦਾ,
ਮੈਂ ਕਿੱਥੋਂ ਤੁਰਿਆ ਪਹੁੰਚਿਆ ਹਾਂ,
ਆਕੇ ਯਾਦਾਸ਼ਤ ਮੁਕਾ ਜਾਂਦਾ,
ਇੱਕ ਦਿਨ ਪਹੁੰਚ ਹੀ ਮੈਂ ਜਾਵਾਂਗਾ,
ਇਸ ਆਸ ਵਿੱਚ ਜੀਅ ਰਿਹਾ ਹਾਂ,
ਮੈਂ ਆਪਣੇ ਲਕਸ਼ ਦੀ ਹੀ,
ਤਲਾਸ਼ ਵਿੱਚ ਜੀਅ ਰਿਹਾ ਹਾਂ

ਮੈਂ ਛੱਡਾਂ ਕਦੇ ਉਮੀਦ ਨਾ,
ਇੱਕ ਆਦਤ ਮੇਰੀ ਅਨੋਖੀ ਹੈ,
ਮੈਂ ਰਸਤੇ ਆਉਂਦੀ ਮੁਸ਼ਕਿਲ ਵੀ,
ਅੱਖਾਂ ਦੇ ਨਾਲ ਹੀ ਜੋਖੀ ਹੈ,
ਮੈਂ ਯਸ਼ੂ ਜਾਨ ਦੇ ਹੋਣ ਵਾਲੇ,
ਅਹਿਸਾਸ ਵਿੱਚ ਜੀਅ ਰਿਹਾ ਹਾਂ,
ਮੈਂ ਆਪਣੇ ਲਕਸ਼ ਦੀ ਹੀ,
ਤਲਾਸ਼ ਵਿੱਚ ਜੀਅ ਰਿਹਾ ਹਾਂ

46. ਲੋਕੀ ਆਖਣ ਕਰਾਮਾਤ ਹੈ

ਲੋਕੀ ਆਖਣ ਕਰਾਮਾਤ ਹੈ,
ਨਾਨਕ ਆਖਿਆ ਭਾਣਾ ਰੱਬ ਦਾ

47. ਬਲ਼ਦੇ ਗੀਤ

ਲੋਕੀ ਖ਼ੁਸ਼ ਨੇ ਹੁੰਦੇ ਬਲ਼ਦੇ ਗੀਤ ਦੇਖ ਕੇ ਮੇਰੇ,
ਮੈਂ ਗੀਤਾਂ ਦਾ ਹਾਂ ਅਲਫ਼ਾਜ਼ ਇਹ ਗੀਤ ਨਾ ਮੇਰੇ,
ਲੋਕੀ ਖ਼ੁਸ਼ ਨੇ ਹੁੰਦੇ ਬਲ਼ਦੇ ਗੀਤ ਦੇਖ ਕੇ ਮੇਰੇ

ਕਲਮ ਆਪਣੀ ਮੈਂ ਲਿਸ਼ਕਾਵਾਂ,
ਚਾਂਦੀ ਰੰਗ ਸਿਆਹੀ ਪਾਵਾਂ,
ਜਿਊਂਦਾ ਹੋਇਆ ਵੀ ਮਰ ਜਾਵਾਂ,
ਇਹਨਾਂ ਦੇ ਚਾਨਣ ਵਿੱਚ ਚਮਕਣ,
ਹਰ ਤਰਾਂ ਦੇ ਚਿਹਰੇ,
ਬਲ਼ਦੇ ਗੀਤ ਦੇਖ ਕੇ ਮੇਰੇ

ਉਹੀ ਲਿਖਦਾਂ ਜੋ ਜੱਗ ਮੰਗੇ,
ਮੈਂ ਨਾਂ ਹੀ ਪਾਏ ਵਾਧੂ ਪੰਗੇ,
ਮੇਰੇ ਲਈ ਤਾਂ ਸਭ ਨੇ ਚੰਗੇ,
ਮੇਰੀ ਕਵਿਤਾ ਸੁਣਨ ਵਾਸਤੇ,
ਪਾਈ ਰੱਖਣ ਘੇਰੇ,
ਬਲ਼ਦੇ ਗੀਤ ਦੇਖ ਕੇ ਮੇਰੇ

ਪੈਰਾਂ ਹੇਠ ਪਤਾਲ ਬੁਲਾਵੇ,
ਉੱਪਰ ਅੰਬਰ ਹੇਕਾਂ ਲਾਵੇ,
ਧਰਤੀ ਤੇ ਮੈਨੂੰ ਚੈਨ ਨਾ ਆਵੇ,
ਉੱਥੇ ਹੀ ਟੁਰ ਜਾਣਾ ਅਸਾਂ ਜਿੱਥੇ,
ਸੱਜਣਾਂ ਲਾਏ ਡੇਰੇ,
ਬਲ਼ਦੇ ਗੀਤ ਦੇਖ ਕੇ ਮੇਰੇ

ਆਖਰੀ ਪਹਿਰਾ ਲਿਖ ਲੈਣ ਦੇ,
ਇੱਕ ਥਾਂ ਮੈਨੂੰ ਟਿਕ ਲੈਣ ਦੇ,
ਰੁਕ ਜਾ ਮੈਨੂੰ ਛਿੱਕ ਲੈਣ ਦੇ,
ਯਾਦ ਯਸ਼ੂ ਤੇਰੀ ਜਾਨ ਨੇ ਕੀਤਾ,
ਲੱਭੇ ਚਾਰ-ਚੁਫੇਰੇ,
ਬਲ਼ਦੇ ਗੀਤ ਦੇਖ ਕੇ ਮੇਰੇ

48. ਵੇਦ, ਕੁਰਾਨ, ਪੜ੍ਹ ਭਗਵਤ ਗੀਤਾ

ਵੇਦ, ਕੁਰਾਨ, ਪੜ੍ਹ ਭਗਵਤ ਗੀਤਾ,
ਲੋਕਾਂ ਨੇ ਹੈ ਕੀ ਕੁਝ ਕੀਤਾ,
ਲੱਖਾਂ ਇਹਨਾਂ ਭਰਮ ਫੈਲਾਏ,
ਝੂਠਾ ਅੰਮ੍ਰਿਤ ਸੱਚ ਕਰ ਪੀਤਾ,
ਵੇਦ, ਕੁਰਾਨ, ਪੜ੍ਹ ਭਗਵਤ ਗੀਤਾ

ਕਿਸੇ ਨੇ ਲਾਈਆਂ ਅੱਗਾਂ ਪੜ੍ਹਕੇ,
ਹੋਏ ਕਈ ਸਵਾਹ ਸੜ - ਸੜ ਕੇ,
ਨਿੰਬੂ, ਮਿਰਚਾਂ ਬੂਹੇ ਟੰਗ ਕੇ,
ਕੈਸਾ ਇਹ ਪ੍ਰਪੰਚ ਰਚੀਤਾ,
ਵੇਦ, ਕੁਰਾਨ, ਪੜ੍ਹ ਭਗਵਤ ਗੀਤਾ

ਦੰਗਿਆਂ ਦੇ ਵਿੱਚ ਇੱਜ਼ਤ ਲੁੱਟੀ,
ਧੀ, ਭੈਣ ਸੀ ਵੱਢ - ਵੱਢ ਸੁੱਟੀ,
ਤਹਿਸ - ਨਹਿਸ ਕਰਤਾ ਇਹਨਾਂ,
ਭਰਿਆ ਫੁੱਲਾਂ ਦਾ ਬਗੀਚਾ,
ਵੇਦ, ਕੁਰਾਨ, ਪੜ੍ਹ ਭਗਵਤ ਗੀਤਾ

ਵਰਗਾਂ ਦੇ ਵਿੱਚ ਲੋਕ ਗਏ ਵੰਡੇ,
ਜ਼ਖ਼ਮੀ ਹੋਏ ਖਾ - ਖਾ ਡੰਡੇ,
ਯਸ਼ੂ ਜਾਨ ਇਹ ਦੁਨੀਆਂ ਮਾਰੇ,
ਲੱਗੇ ਜ਼ਖ਼ਮਾਂ ਤੇ ਝਰੀਟਾਂ,
ਵੇਦ, ਕੁਰਾਨ, ਪੜ੍ਹ ਭਗਵਤ ਗੀਤਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ