Saanu Tor Ambriye Tor : Shiv Kumar Batalvi
ਸਾਨੂੰ ਟੋਰ ਅੰਬੜੀਏ ਟੋਰ : ਸ਼ਿਵ ਕੁਮਾਰ ਬਟਾਲਵੀ
ਸਾਨੂੰ ਟੋਰ ਅੰਬੜੀਏ ਟੋਰ
ਅੰਬੜੀਏ ਟੋਰ ਨੀ ।
ਪਰ੍ਹਾਂ ਇਹ ਫੂਕ
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ ।
ਅੰਬੜੀਏ ਸਾਡੇ ਬਾਹੀਂ ਖੱਲੀਆਂ,
ਗੋਰੇ ਹੱਥੀਂ ਰੱਟਣਾਂ,
ਇਸ ਰੁੱਤੇ ਸਾਨੂੰ ਭਲਾ ਨਾ ਸੋਹਾਵੇ,
ਪਾ ਤੰਦਾਂ ਦੋ ਥੱਕਣਾ
ਜਿਸ ਲਈ ਕੱਤਣਾ
ਉਹ ਨਾ ਆਪਣਾ
ਤਾਂ ਅਸਾਂ ਕਿਸ ਲਈ
ਕੱਤਣਾ ਹੋਰ ਨੀ
ਅੰਬੜੀਏ ਟੋਰ ਨੀ ।
ਅੰਬੜੀਏ ਲੈ ਕੱਚੀਆਂ ਤੰਦਾਂ
ਸਾਹ ਦੀਆਂ, ਮਾਹਲ ਵਟੀਵਾਂ
ਰੂਪ ਸਰਾਂ ਦੇ ਪਾਣੀ ਭੇਵਾਂ
ਸੌ ਸੌ ਸ਼ਗਨ ਮਨੀਵਾਂ
ਨਿੱਤ ਬੰਨ੍ਹਾਂ ਗੀਤਾਂ ਦੀਆਂ ਕੌਡਾਂ
ਸ਼ੀਸ਼ੇ ਹੰਝ ਮੜ੍ਹੀਵਾਂ
ਜਿਉਂ ਜਿਉਂ ਮੁੱਖ ਵਖਾਵਾਂ ਸ਼ੀਸ਼ੇ
ਪਾਵੇ ਬਿਰਹਾ ਸ਼ੋਰ ਨੀ
ਅੰਬੜੀਏ ਟੋਰ ਨੀ ।
ਅੰਬੜੀਏ ਇਸ ਚਰਖੇ ਸਾਥੋਂ
ਸੁਪਨੇ ਕੱਤ ਨਾ ਹੋਏ
ਇਸ ਚਰਖੇ ਥੀਂ
ਸੈ ਘੁਣ ਲੱਗੇ
ਚਰਮਖ ਖੱਦੇ ਹੋਏ
ਟੁੱਟ ਗਿਆ ਤਕਲਾ
ਭਰ ਗਿਆ ਬੀੜਾ
ਬਰੜਾਂਦੀ ਘਨਘੋਰ ਨੀ
ਅੰਬੜੀਏ ਟੋਰ ਨੀ ।
ਪਰ੍ਹਾਂ ਇਹ ਫੂਕ ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ ।
ਅੰਬੜੀਏ ਟੋਰ ਨੀ ।