S. N. Sewak ਸ. ਨ. ਸੇਵਕ
ਸ. ਨ. ਸੇਵਕ ਜੀ ਦਾ ਪੂਰਾ ਨਾਮ ਸਤਿਆ ਨੰਦ ਸੇਵਕ ਸੀ। ਉਹ ਸਮਰੱਥ ਪੰਜਾਬੀ ਨਾਟਕਕਾਰ, ਅੰਗਰੇਜ਼ੀ ਅਧਿਆਪਕ ਅਤੇ ਲੇਖਕ ਸੀ। ਉਹ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਭਾਸ਼ਾਵਾਂ, ਪੱਤਰਕਾਰੀ ਤੇ ਸਭਿਆਚਾਰ ਵਿਭਾਗ ਦੇ ਮੁਖੀ ਵੀ ਬਣੇ। ਪੰਜਾਬੀ ਸਭਿਆਚਾਰ ਅਕਾਡਮੀ ਦੇ ਬਾਨੀ ਪ੍ਰਧਾਨ ਹੋਣ ਤੋਂ ਇਲਾਵਾ ਉਹ ਲੁਧਿਆਣਾ ਕਲਾ ਮੰਚ ਥੀਏਟਰ ਦੇ ਨਿਰਦੇਸ਼ਕ ਵੀ ਸਨ।
ਸੇਵਕ ਸਾਹਿਬ ਆਪਣੀ ਜੀਵਨ ਸਾਥਣ ਅੰਮ੍ਰਿਤਾ ਸੇਵਕ ਨਾਲ ਮਿਲ ਕੇ ਨਾਟਕ ਵੀ ਖੇਡਦੇ। ਸ਼ਬਦਾਂ ਦੇ ਉੱਚਾਰਣ ਵੱਲ ਵਿਸ਼ੇਸ਼ ਧਿਆਨ ਦਿੰਦੇ। ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਯੰਗ ਰਾਈਟਰਜ਼ ਐਸੋਸੀਏਸ਼ਨ ਉਨ੍ਹਾਂ ਹੀ ਬਣਾਈ। ਇਸ ਸੰਸਥਾ ਨੇ ਕਿੰਨੇ ਪੰਜਾਬੀ ਲੇਖਕ ਪੈਦਾ ਕੀਤੇ।
ਸੇਵਕ ਸਾਹਿਬ ਦਾ ਜਨਮ ਤਾਂ ਪਾਕਿਸਤਾਨ ਵਿੱਚ ਹੋਇਆ ਪਰ ਦੇਸ਼ ਵੰਡ ਉਪਰੰਤ ਉਹ ਬਿਆਸ(ਅੰਮ੍ਹਿਤਸਰ)ਆਣ ਵੱਸੇ। ਸੰਘਰਸ਼ ਨੇ ਉਨ੍ਹਾਂ ਨੂੰ ਲੋਹਿਉਂ ਪਾਰਸ ਬਣਾਇਆ। ਪੰਜਾਬੀ ਤੇ ਅੰਗਰੇਜ਼ੀ ਵਿੱਚ ਉਹ ਇੱਕੋ ਜਿੰਨੀ ਮੁਹਾਰਤ ਰੱਖਦੇ ਸਨ। ਮੈਨੂੰ ਮਾਣ ਹੈ ਕਿ ਉਹ ਮੇਰੇ ਸਹਿਕਰਮੀ ਤਾਂ ਹੈ ਹੀ ਸਨ ਪਰ ਪਰਿਵਾਰਕ ਹਿਤ ਚਿੰਤਕ ਵੀ ਸਨ।
ਉਨ੍ਹਾ ਨੇ ਤ੍ਰੈਮਾਸਿਕ ਪੱਤਰ “ਜੀਵਨ ਸਾਂਝਾਂ “ਅਤੇ ਰਾਈਟਰਜ ਪਰੈੱਸ ਦੇ ਮੈਗਜ਼ੀਨ “ਸੰਚਾਰ” ਦੀ ਲੰਮਾਂ ਸਮਾਂ ਸੰਪਾਦਨਾ ਵੀ ਕੀਤੀ।
ਸ. ਨ. ਸੇਵਕ ਦਾ ਪਹਿਲਾ ਗ਼ਜ਼ਲ ਸੰਗ੍ਰਹਿ ‘ਰੁੱਤ ਕੰਡਿਆਲੀ’ 1985 ਵਿੱਚ ਛਪਿਆ ਸੀ। ‘ਅਮਲਤਾਸ ਦੇ ਪੱਤੇ’ ਉਨ੍ਹਾਂ ਦੀ ਦੂਜੀ ਕਾਵਿ ਪੁਸਤਕ ਸੀ।
ਉਨ੍ਹਾਂ ਦੀਆਂ ਰਚਨਾਵਾਂ ਵਿੱਚ ਫ਼ਰਹਾਦ(ਕਾਵਿ-ਨਾਟਕ), ਮਦਾਰੀ ਜਾਲ,ਸੁਕਰਾਤ (ਨਾਟਕ), ਰੁੱਤ ਕੰਡਿਆਲੀ (ਗ਼ਜ਼ਲ ਸੰਗ੍ਰਹਿ), ਦੁੱਲਾ : ਕੁੱਕਨੂਸ ਮਾਰਦਾ ਨਹੀਂ, ਜਨਮ ਦਿਨ (ਦੇਸ਼ਾ ਦੀ ਅਜ਼ਾਦੀ ਦੀ ਗੋਲੜਨ ਜੁਬਲੀ ਨੂੰ ਸਮਰਪਿਤ ਪੂਰਾ ਨਾਟਕ) ਕਾਲ਼ਾ ਸੋਨਾ ਗੋਰੇ ਲੋਕ (ਅਰਬ ਦੇਸ਼ਾਂ, ਮੁੱਖ ਤੌਰ ਤੇ ਇਰਾਕ ਵਿੱਚ ਲੇਖਕ ਦੀ ਯਾਤਰਾ ਦਾ ਵੇਰਵਾ, 1960-64), ਗੁਰੂ ਗੋਬਿੰਦ ਸਿੰਘ (ਅੰਗਰੇਜ਼ੀ ਵਿੱਚ), ਕਾਮਾਗਾਟਾਮਾਰੂ (ਭੁੱਲੇ ਵਿਸਰੇ ਨਾਇਕਾਂ ਬਾਰੇ), ਮੇਰਾ ਯਾਰ ਤੇ ਹੋਰ ਨਾਟਕ ਤੇ ਅੰਤਲੀ ਰਚਨਾ “ਕਬੀਰ” ਪ੍ਰਮੁੱਖ ਹਨ। - ਗੁਰਭਜਨ ਗਿੱਲ
