Rut Kandiali (Selected Ghazals and Poems) : S. N. Sewak
ਰੁੱਤ ਕੰਡਿਆਲੀ (ਚੋਣਵੀਆਂ ਗ਼ਜ਼ਲਾਂ ਤੇ ਕਵਿਤਾਵਾਂ) : ਸ. ਨ. ਸੇਵਕ
ਆਪਣੀ ਜਨਮ-ਦਾਤੀ
ਸ਼੍ਰੀਮਤੀ ਭਰਾਵਾਂ ਬਾਈ
ਦੇ ਨਾਂ
ਜਿਸ ਲਈ ਦੁਨੀਆ ਦਾ ਹਰ ਮੁੰਡਾ ਸੱਤੂ ਹੈ
ਤੇ ਹਰ ਕੁੜੀ ਕੱਲੋ
ਪ੍ਰਵੇਸ਼ : ਸਾਧੂ ਸਿੰਘ
ਪਿਛਲੇ ਡੇਢ-ਦੋ ਦਹਾਕਿਆਂ ਤੋਂ ਪੰਜਾਬ ਦੀ ਸਾਹਿੱਤਕ ਪਤ੍ਰਕਾਰੀ, ਸਮਾਲੋਚਨਾ, ਨਾਟਕ, ਥੀਏਟਰ, ਤੇ ਵਾਰਤਕ ਦੇ ਪਿੜਾਂ ਵਿਚ ਜਾਣਿਆ ਪਛਾਣਿਆ ਸ. ਨ. ਸੇਵਕ ਪੰਜਾਬੀ ਕਵਿਤਾ ਦੇ ਪਾਠਕਾਂ ਲਈ ਵੀ ਕੋਈ ਅਜਨਬੀ ਨਾਂ ਨਹੀਂ। ਵੱਖ ਵੱਖ ਪਰਚਿਆਂ ਵਿਚ ਛਪੀਆਂ ਤੇ ਸਾਹਿੱਤਕ ਇਕੱਠਾਂ ਵਿਚ ਸੁਣਾਈਆਂ ਉਸ ਦੀਆਂ ਨਜ਼ਮਾਂ ਤੇ ਗ਼ਜ਼ਲਾਂ ਬਤੌਰ ਕਵੀ ਸੇਵਕ ਦਾ ਆਪਣੇ ਸਰੋਤਿਆਂ ਨਾਲ ਮੁੱਢਲਾ ਪਰਿਚੈ ਕਰਵਾਉਣ ਦਾ ਕੰਮ ਪਹਿਲੇ ਹੀ ਬਖ਼ੂਬੀ ਕਰ ਚੁਕੀਆਂ ਹਨ । ਉਸ ਦਾ ਪਲੇਠੀ ਦਾ ਕਾਵਿ-ਸੰਗ੍ਰਿਹ 'ਰੁੱਤ ਕੰਡਿਆਲੀ' ਨਿਸ਼ਚੇ ਹੀ ਕਵੀ ਦੇ ਤੌਰ ਤੇ ਉਸਦਾ ਬੱਝਵਾਂ ਬਿੰਬ ਪੇਸ਼ ਕਰਨ ਵਿਚ ਸਹਾਈ ਹੋਵੇਗਾ।
ਇਸ ਕਾਵਿ-ਸੰਗ੍ਰਹਿ ਵਿਚ ਡਾ: ਸੇਵਕ ਦੀ ਮੁੱਖ ਚਿੰਤਾ ਸਮਕਾਲੀ ਸਮਾਜੀ ਸਥਿਤੀ ਦੇ ਮੂਲ ਯਥਾਰਥ ਨੂੰ ਇਸ ਦੀਆਂ ਸਭਨਾਂ ਵਿਸੰਗਤੀਆਂ ਅਤੇ ਵਿਪਥਨਾਂ ਸਮੇਤ ਸਮਝਣ ਅਤੇ ਸਰਲ ਤੇ ਸਪਸ਼ਟ ਕਾਵਿਕ ਮੁਹਾਵਰੇ ਰਾਹੀਂ ਰੂਪਮਾਨ ਕਰਨ ਵਲ ਰੁਚਿਤ ਹੈ । ‘ਰੁੱਤ ਕੰਡਿਆਲੀ' ਇਸ ਸਮੁੱਚੀ ਸਥਿਤੀ ਦੇ ਸਾਰ ਨੂੰ ਹੀ ਪੇਸ਼ ਕਰਨ ਵਾਲਾ ਸਾਰਥਕ ਨਾਂ ਹੈ ।
ਇਹ ਗੱਲ ਡਾ: ਸੇਵਕ ਦੇ ਦ੍ਰਿਸ਼ਟੀਕੋਣ ਦੇ ਸੰਤੁਲਿਤ ਹੋਣ ਦਾ ਭਰਵਾਂ ਪ੍ਰਮਾਣ ਹੈ ਕਿ ਉਸ ਨੇ ਸਾਰੀ ਸਮੱਸਿਆ ਦੀ ਸਮਝ ਤੇ ਪੇਸ਼ਕਾਰੀ ਲਈ ਨਿਰਾ ਨਕਾਰਾਤਮਕ ਰਵੱਈਆ ਨਹੀਂ ਇਖ਼ਤਿਆਰ ਕੀਤਾ। ਇਸ ਸੰਗ੍ਰਹਿ ਦੀ ਮੁੱਖ ਕਵਿਤਾ 'ਮੈਂ ਤੇ ਡਿੱਕੀ' ਵਿਚ ਉਸ ਨੇ ਇਸ ਤੱਥ ਵਲ ਸਪਸ਼ਟ ਸੰਕੇਤ ਕੀਤੇ ਹਨ ਕਿ ਸੁਤੰਤਰਤਾ ਦੀ ਪ੍ਰਾਪਤੀ ਨੇ, ਭਾਵੇਂ ਇਸ ਦੀ ਨੋਈਅਤ ਕਿੰਨੀ ਵੀ ਸੀਮਤ ਕਿਉਂ ਨਾ ਹੋਵੇ, ਸਮਕਾਲੀ ਭਾਰਤ ਦੇ ਨਾਗਰਿਕਾਂ ਨੂੰ ਪ੍ਰਾਧੀਨਤਾ ਦੇ ਦੌਰ ਦੇ ਟਾਕਰੇ ਤੇ ਕਿਤੇ ਵਧੇਰੇ ਖੁਲ੍ਹ ਦਾ ਮਾਹੌਲ ਮੁਹੱਈਆ ਕੀਤਾ ਹੈ ਪਰੰਤੂ ਇਸ ਦੀ ਬੁਨਿਆਦੀ ਸੀਮਾ ਇਸ ਤੱਥ ਵਿਚ ਵਿਦਮਾਨ ਹੈ ਕਿ ਵਿਕਾਸ ਦੀਆਂ ਸੰਭਾਵਨਾਵਾਂ ਦੇ ਬਾਵਜੂਦ ਮੁਸ਼ੱਕਤ ਕਰਕੇ ਪੇਟ ਭਰਨ ਵਾਲੇ ਮਿਹਨਤਕਸ਼ ਵਰਗ ਨੂੰ ਉਹਦੀ ਕਿਰਤ ਦੀ ਸਹੀ ਉਜਰਤ ਨਹੀਂ ਦਿੱਤੀ ਜਾਂਦੀ ਤੇ ਕੰਮ ਕਰਦਿਆਂ ਕਿਸੇ ਹਾਦਸੇ ਦਾ ਸ਼ਿਕਾਰ ਹੋਣ ਦੀ ਸੂਰਤ ਵਿਚ ਕਿਰਤੀ ਲੋਕਾਂ/ਪਰਿਵਾਰਾਂ ਦੇ ਜੀਆਂ ਨੂੰ ਮਿਹਨਤੀਆਂ ਤੋਂ ਮੰਗਤੇ ਬਣਨ ਦੀ ਤ੍ਰਾਸਦਿਕ ਹੋਣੀ ਹੰਢਾਉਣ ਲਈ ਮਜਬੂਰ ਹੋਣਾ ਪੈਂਦਾ ਹੈ ।
ਇਹ ਹਾਲਤ ਉਸ ਸੂਰਤ ਵਿਚ ਹੋਰ ਵੀ ਵਧੇਰੇ ਹਾਸੋ ਹੀਣੀ ਹੋ ਜਾਂਦੀ ਹੈ ਜਦ ਕਿ ਇਕ ਸੰਵਿਧਾਨਕ ਸੰਸ਼ੋਧਨ ਦੁਆਰਾ ਭਾਰਤ ਦੇ ਧਰਮ ਨਿਰਲੇਪ ਤੇ ਜਮਹੂਰੀ ਗਣਤੰਤਰ ਨੂੰ “ਸਮਾਜਵਾਦੀ” ਵਿਸ਼ੇਸ਼ਣ ਨਾਲ ਵਿਭੂਸ਼ਿਤ ਕਰਨ ਦਾ ਉਚੇਚਾ ਉਪਰਾਲਾ ਕੀਤਾ ਗਿਆ ਹੈ । ‘ਮੈਂ ਤੇ ਡਿੱਕੀ' ਦੇ ਪਾਠਕ ਦੇ ਮਨ ਵਿਚ ਇਹ ਸੁਆਲ ਉਬਾਲੇ ਖਾਂਦਾ ਹੀ ਰਹਿ ਜਾਂਦਾ ਹੈ ਕਿ ਇਹ ਕਿਹੋ ਜਿਹਾ ‘ਸਮਾਜਵਾਦ” ਹੈ ਜਿਸ ਵਿਚ ਮਜ਼ਦੂਰਾਂ ਨੂੰ ਘੱਟ ਤੋਂ ਘੱਟ ਸਮਾਜਕ ਸੁਰੱਖਿਆ ਤੀਕ ਪ੍ਰਾਪਤ ਨਹੀਂ। ਸੇਵਕ ਹੋਰਾਂ ਇਹ ਖ਼ਾਹਿਸ਼ ਪ੍ਰਗਟ ਕੀਤੀ ਹੈ ਕਿ ਕਿਤੇ ਸਾਡੀ ਅਗਲੀ ਪੀੜ੍ਹੀ ਨੂੰ ਮਿਹਨਤੀਆਂ ਨੂੰ ਮੰਗਤੇ ਬਣੇ ਦੇਖਣ ਦਾ ਉਹ ਦੁਖ ਨਾ ਵੇਖਣਾ ਪਵੇ ਜਿਸ ਦੀ ਮੌਜੂਦਗੀ ਵਿਚ ਕਿਸੇ ਸੰਵੇਦਨਸ਼ੀਲ ਵਿਅਕਤੀ ਦੇ ਆਪਣੇ ਕਮਾਏ ਹੋਏ ਸਭਨਾਂ ਸੁੱਖਾਂ ਦਾ ਸੁਆਦ ਵੀ ਕਿਰਕਿਰਾ ਹੋ ਜਾਂਦਾ ਹੈ ।
‘ਰੁੱਤ ਕੰਡਿਆਲੀ' ਵਿਚ ਪੇਸ਼ ਗ਼ਜ਼ਲਾਂ ਵੀ ਮੂਲ ਰੂਪ ਵਿਚ ਇਸ ਵਿਸ਼ੇ ਦੀ ਨਿਰੰਤਰਕਾਰਤਾ ਵਲ ਹੀ ਅਗ੍ਰਸਰ ਹਨ ਤੇ ਇਸ ਦੇ ਨਾਲ ਹੀ ਉਹ ਉਹਨਾਂ ਕਾਰਣਾਂ ਨਾਲ ਵੀ ਪਾਠਕ ਦੀ ਸਾਂਝ ਪੁਆਉਂਦੀਆਂ ਹਨ ਜੋ ਮੌਜੂਦਾ ਸਥਿਤੀ ਵਿਚਲੀ ਵਿਕਰਾਲਤਾ ਲਈ ਜ਼ਿੰਮੇਵਾਰ ਹਨ। ਇਸ ਦਿਸ਼ਾ ਵਿਚ ਇਹਨਾਂ ਸ਼ਿਅਰਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ :
ਜਿਨ੍ਹਾਂ ਨੂੰ ਦੇਸ਼ ਦੇ ਕੱਲ੍ਹ ਤਕ ਧਰੋਹੀ ਸਮਝਦੇ ਸੀ ਸਭ,
ਉਨ੍ਹਾਂ ਲਈ ਕੁਰਸੀਆਂ ਦੀ ਡਾਰ ਫਿਰ ਲੋਕਾਂ ਵਿਛਾਈ ਹੈ ।
* * * * *
ਨਾਟਕ ਹੈ ਜਾਂ ਇਹ ਅਸਲੀਅਤ ਜਦ ਵੀ ਪਰਦਾ ਉਠਿਆ ਹੈ,
ਸਿੰਘਾਸਨ ਤੇ ਜਿਹੜੇ ਬੈਠੇ, ਦੰਭੀ ਤੇ ਵਿਭਚਾਰੀ ਲੋਕ ।
ਸੇਵਕ ਹੋਰਾਂ ਵੱਖ ਵੱਖ ਦੀਨ ਧਰਮਾਂ ਦੇ ਪਰਚਮ ਉਠਾ ਕੇ ਆਪੋ ਆਪਣੇ ਨਿਹਿਤ ਸੁਆਰਥਾਂ ਨੂੰ ਪੱਠੇ ਪਾਉਣ ਵਾਲੇ ਲੋਕਾਂ ਦੇ ਦੰਭ ਨੂੰ ਖ਼ੂਬ ਨੰਗਿਆਂ ਕੀਤਾ ਹੈ । ਇਸ ਤਰ੍ਹਾਂ ‘ਰੁੱਤ ਕੰਡਿਆਲੀ' ਦੇ ਕੁਝ ਸ਼ਿਅਰ ਦਿਸਦੇ ਯਥਾਰਥ ਦੀ ਤਹਿ ਹੇਠ ਲੁਕੇ ਹੋਏ ਅਸਲ ਸੱਚ ਦੀ ਪਛਾਣ ਲਈ ਸੂਖਮ ਸੰਕੇਤ ਕਰਦੇ ਹਨ ਜਿਵੇਂ :
ਸਰਹੱਦਾਂ ਤੇ ਮੁੜ ਖ਼ਤਰੇ ਦੀ ਗੱਲ ਕਰਦੇ ਹੋ ਨੇਤਾ ਜੀ,
ਪਰ ਸਾਨੂੰ ਤਾਂ ਸੰਕਟ ਸਾਰਾ ਲਗਦਾ ਤੁਸਾਂ ਬਣਾਇਆ ਹੈ ।
* * * * *
ਕਨਵੋਕੇਸ਼ਨ ਵਾਲੇ ਦਿਨ ਜਦ ਭਰੇ ਹਾਲ 'ਚੋਂ ਲੰਘਿਆ ਮੈਂ,
ਜਿਹੜੇ ਹੱਥ ਵਿਚ ਡਿਗਰੀ ਵੇਖੀ ਓਹੀ ਮੁਖ ਮੁਰਝਾਇਆ ਹੈ।
* * * * *
ਸਾਰੀ ਖ਼ੁਸ਼ਬੂ ਕੁਝ ਹੀ ਕੰਧਾਂ ਦੇ ਅੰਦਰ ਹੈ ਸਿਮਟੀ,
ਬਾਕੀ ਸਭ ਥਾਂ ਸੁੱਕੀਆਂ ਹੋਈਆਂ ਫੁੱਲਾਂ ਬਾਝੋਂ ਵੱਲਾਂ।
* * * * *
ਚਾਂਦੀ ਦੀ ਕੁੰਜੀ ਦੇ ਬਾਝੋਂ ਰਸਤਾ ਕੋਈ ਨਾ ਖੁਲ੍ਹਦਾ,
ਲਾਵਾ ਆਪਣੇ ਅੰਦਰ ਦਬਿਆ ਕਿਸ ਹੀਲੇ ਮੈਂ ਠਲ੍ਹਾਂ।
ਹੁਕਮਰਾਨਾਂ ਦੀ ਹੈਂਕੜ, ਹਿਰਸ, ਹੰਕਾਰ, ਤੇ ਹੈਂਸਿਆਰੇਪਨ ਤਾਂ ਸੇਵਕ ਦੇ ਕਾਵਿਕ ਰੋਹ ਦੇ ਸ਼ਿਕਾਰ ਹੋਏ ਹੀ ਹਨ, ਇਸ ਦੇ ਨਾਲ ਹੀ ਉਸ ਨੇ ਆਮ ਲੋਕਾਂ ਦੇ ਮਾਨਸਿਕ ਪਛੜੇਵੇਂ ਤੋਂ ਉਸ ਸੰਕੀਰਣਤਾ ਨੂੰ ਬੇਪਰਦ ਕਰਨ ਵੱਲੋਂ ਵੀ ਗੁਰੇਜ਼ ਨਹੀਂ ਕੀਤਾ ਜੋ ਯਥਾਸਥਿਤੀ ਦੇ ਕਿਆਮ ਦਾ ਮੂਲ ਕਾਰਣ ਤਾਂ ਭਾਵੇਂ ਨਹੀਂ ਪਰੰਤੂ ਇਸ ਨੂੰ ਤਬਦੀਲ ਕਰਨ ਦੇ ਰਾਹੇ ਪੈਣ ਵਿਚ ਇਕ ਵੱਡੀ ਰੁਕਾਵਟ ਜ਼ਰੂਰ ਹਨ ।
‘ਰੁੱਤ ਕੰਡਿਆਲੀ' ਦੇ ਯਥਾਰਥ ਨੂੰ ਹੋਰ ਕੌੜਾ ਕੁਸੈਲਾ ਕਰਨ ਵਿਚ ਬਹੁਤਾ ਰੋਲ ਉਸ ਤਣਾਉ ਭਰੇ ਫ਼ਿਰਕੂ ਵਾਤਾਵਰਣ ਦਾ ਵੀ ਹੈ ਜੋ ਪਿਛਲੇ ਤਿੰਨਾਂ ਚਹੁੰ ਵਰ੍ਹਿਆਂ ਤੋਂ ਪੰਜਾਬ ਦੇ ਜਨ-ਜੀਵਨ ਵਿਚ ਵਿਹੁ ਬਣ ਕੇ ਘੁਲਿਆ ਰਿਹਾ ਹੈ। ਸੇਵਕ ਹੋਰਾਂ ਪੰਜਾਬੀ ਲੋਕਾਂ ਨੂੰ ਇਹ ਯਾਦ ਕਰਵਾਇਆ ਹੈ ਕਿ ‘ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ” ਦੀ ਸਥਿਤੀ ਸਾਡੇ ਭੂਤਪੂਰਵ ਮਹਾਂਪੁਰਸ਼ਾਂ ਦੁਆਰਾ ਉਚਾਰੇ ਪਾਵਨ ਵਾਕ ਮਾਤਰ ਹੀ ਹੈ, ਇਸ ਦਾ ਸਾਡੇ ਲਈ ਸਜਿੰਦ ਅਰਥ ਤਾਂ ਹੀ ਸਾਕਾਰ ਹੋਏਗਾ ਜੇ ਅਸੀਂ ਆਪਣੇ ਨਿੱਤ ਚੱਜ ਆਚਾਰ ਰਾਹੀਂ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਬੀੜਾ ਉਠਾਵਾਂਗੇ ।
'ਰੁੱਤ ਕੰਡਿਆਲੀ' ਵਿਚ ਪੇਸ਼ ਸਥਿਤੀ ਭਾਵੇਂ ਵਿਆਪਕ ਤੌਰ 'ਤੇ ਨਿਰਾਸ਼ਾ- ਜਨਕ ਹੀ ਹੈ ਪਰੰਤੂ ਫਿਰ ਵੀ ਸੇਵਕ ਹੋਰਾਂ ਦੇ ਨਜ਼ਰੀਏ ਦੀ ਮੂਲ ਆਸ਼ਾਵਾਦੀ ਸੁਰ ਪਾਠਕ ਦੀ ਨਜ਼ਰ ਤੋਂ ਗੁੱਝੀ ਨਹੀਂ ਰਹਿੰਦੀ । ਉਨ੍ਹਾਂ ਦੇ ਆਸ਼ਾਵਾਦ ਦੀ ਮੂਲ ਟੇਕ ਹੈ ਸਜੱਗ ਤੇ ਸਕ੍ਰੀਅ ਜਨ-ਚੇਤਨਾ । ਅਜੇਹੀ ਜਨ-ਚੇਤਨਾ ਕਿਸੇ ਹੋਰ ਦੀ ਪਿਛਲੱਗ ਬਣਨ ਦੀ ਥਾਂ ਸਮਾਜਕ ਤੋਰ ਨੂੰ ਸਿਹਤਮੰਦ ਮੋੜ ਦੇਣ ਲਈ ਅਗਵਾਨੂੰ ਰੋਲ ਅਦਾ ਕਰਦੀ ਹੈ । ਇਸ ਸ਼ਿਅਰ ਵਿਚ ਅਜੇਹੇ ਲੋਕਾਂ ਨੂੰ ਸਲਾਮ ਕੀਤਾ ਗਿਆ ਹੈ ਜਿਹੜੇ ਇਸ ਸਥਿਤੀ ਨੂੰ ਸਿਰਜਣ ਲਈ ਆਪਣੇ ਵਿਤ ਮੁਤਾਬਕ ਆਪਣਾ ਸਾਹ ਰਲਾਉਂਦੇ ਹਨ :
ਕਦ ਲੋਕਾਂ ਦੇ ਹੜ੍ਹ ਨੇ ਉਠਣਾ ਕਦ ਜੁੱਗ-ਪਲਟਾ ਹੋਵੇਗਾ,
ਰਸਤੇ ਨੂੰ ਪਧਰਾਉਂਦੇ ਰਹਿੰਦੇ ਹਰਦਮ ਲੋਕ-ਲਿਖਾਰੀ ਲੋਕ ।
ਡਾ: ਸੇਵਕ ਹੋਰੀਂ ਇਸ ਟੀਚੇ ਦੀ ਪੂਰਤੀ ਹਿਤ ਆਪਣੀਆਂ ਨਜ਼ਮਾਂ ਤੇ ਗ਼ਜ਼ਲਾਂ ਦਾ ਢੋਆ ਲੈ ਕੇ ਹਾਜ਼ਰ ਹਨ। ਆਸ ਹੈ ਪਾਠਕ ਜੀ-ਆਇਆਂ ਆਖਣਗੇ ।
ਸਾਧੂ ਸਿੰਘ
ਪਤ੍ਰਕਾਰੀ, ਭਾਸ਼ਾ, ਤੇ ਸਭਿਆਚਾਰ ਵਿਭਾਗ
ਪੰਜਾਬ ਐਕਲਚਰਲ ਯੂਨੀਵਰਸਿਟੀ
ਲੁਧਿਆਣਾ।
ਜੁਲਾਈ 5, 1985
ਸਵੈ-ਕਥਨ : ਸਤਿਆ ਨੰਦ ਸੇਵਕ
ਇਹ 1960 ਦੀ ਗੱਲ ਹੈ ।
ਮੈਨੂੰ ਕਈ ਵਾਰ ਦਿੱਲੀ ਜਾਣਾ ਪਿਆ ਸੀ। ਮੈਂ ਪਹਿਲੀ ਵਾਰ ਵਿਦੇਸ਼ ਜਾ ਰਿਹਾ ਸਾਂ । ਇਰਾਕ ਵਿਚ ਅੰਗ੍ਰੇਜ਼ੀ ਦੇ ਅਧਿਆਪਨ ਲਈ ਮੇਰੀ ਚੋਣ ਹੋ ਗਈ ਸੀ। ਮੈਨੂੰ ਪਾਸਪੋਰਟ, ਵੀਜ਼ਾ, ਤੇ ਹੋਰ ਜ਼ਰੂਰੀ ਕਾਗਜ਼ਾਂ ਸੰਬੰਧੀ ਕਦੇ ਸੈਂਟਰਲ ਸੈਕ੍ਰੀਟੇਰੀਏਟ, ਕਦੇ ਇਰਾਕੀ ਐਮਬੈਸੀ, ਤੇ ਕਦੇ ਰੀਜ਼ਰਵ ਬੈਂਕ ਜਾਣਾ ਪੈਂਦਾ ਸੀ। ਮੈਂ ਕਈ ਵਾਰ ਇਕ ਦਫਤਰ ਤੋਂ ਦੂਜੇ ਦਫਤਰ ਪੈਦਲ ਚਲਾ ਜਾਂਦਾ ਤੇ ਨਵੀਆਂ ਬਣ ਰਹੀਆਂ ਇਮਾਰਤਾਂ ਨੂੰ ਵੇਖਦਾ ਰਹਿੰਦਾ। ਪੈਦਲ ਜਾਂਦਿਆਂ ਮੈਨੂੰ ਬਹੁਤ ਕੁਝ ਸਮਝਣ ਤੇ ਵਿਚਾਰਣ ਦਾ ਅਵਸਰ ਮਿਲਿਆ। ਉਨ੍ਹਾਂ ਦਿਨਾਂ ਵਿਚ ਮੈਂ ਪੁਰਾਣੀ ਤੇ ਨਵੀਂ ਦਿੱਲੀ ਵਿਚ ਕਈ ਥਾਵਾਂ ਦੀ ਯਾਤਰਾ ਵੀ ਕੀਤੀ । ਮੈਂ ਆਪਣੇ ਜਮਾਤੀ ਤੇ ਗੂੜ੍ਹੇ ਮਿੱਤਰ ਅਵਤਾਰ ਕੋਲ ਕੀਰਤੀ ਨਗਰ ਠਹਿਰਿਆ ਹੋਇਆ ਸਾਂ । ਉਸ ਦੇ ਘਰ ਇਕ ਬੱਚੀ ਨੇ ਜਨਮ ਲਿਆ ਸੀ ਜਿਸ ਨੂੰ ਉਹ ਪਿਆਰ ਨਾਲ ਡਿੱਕੀ ਆਖਦੇ ਸਨ । ਮੈਂ ਆਪਣੇਂ ਦਫ਼ਤਰੀ ਕੰਮ ਕਰ ਕੇ ਸ਼ਾਮੀਂ ਥਕਿਆ ਟੁਟਿਆ ਘਰ ਆਉਂਦਾ ਤਾਂ ਡਿੱਕੀ ਦੀ ਮਾਸੂਮ ਮੁਸਕ੍ਰਾਹਟ ਮੇਰਾ ਥਕੇਵਾਂ ਲਾਹ ਦੇਂਦੀ । ਮੈਂ, ਕਿੰਨੀ ਕਿੰਨੀ ਦੇਰ ਉਸ ਨਾਲ ਖੇਡਦਾ ਰਹਿੰਦਾ, ਉਸ ਨਾਲ ਗੱਲਾਂ ਕਰਦਾ ਰਹਿੰਦਾ। ਮੇਰੇ ਉਨ੍ਹਾਂ ਅਹਿਸਾਸਾਂ ਤੇ ਤਜਰਬਿਆਂ ਦਾ ਪਰਿਣਾਮ ਸੀ 'ਮੈਂ ਤੇ ਡਿੱਕੀ' ਜਿਹੜੀ ਇਸ ਸੰਗ੍ਰਹਿ ਦੀ ਇਕ ਲੰਮੀ ਕਵਿਤਾ ਹੈ।
ਹੁਣ 1985 ਹੈ ।
ਮੈਂ ਇਕ ਵਾਰ ਫਿਰ ਵਿਦੇਸ਼ ਜਾ ਰਿਹਾ ਹਾਂ । ਇਸ ਵਾਰ ਸਿੱਧਾ ਇੰਗਲੈਂਡ ਜਾਣਾ ਹੈ । ਅਵਤਾਰ ਇੰਗਲੈਂਡ ਰਹਿੰਦਾ ਹੈ । 1965 ਦੀ ਮਾਸੂਮ ਬੱਚੀ ਡਿੱਕੀ ਹੁਣ ਮੁਟਿਆਰ ਹੋ ਗਈ ਹੈ । ਪਤਾ ਨਹੀਂ ਉਸ ਨੇ ਦਿੱਲੀ ਵਿਚ ਕਦੇ ਉਹ ਸਥਿਤੀ ਭੋਗੀ ਹੈ ਜਿਹੜੀ ਕਦੇ ਮੈਨੂੰ ਭੋਗਣੀ ਪਈ ਸੀ। ਅਵਤਾਰ ਆਉਣ ਦਾ ਨਾਂ ਹੀ ਨਹੀਂ ਲੈਂਦਾ। ਸ਼ਾਇਦ ਪਰਵਾਸੀ ਭਾਰਤੀ ਅਜਿਹੀ ਸਥਿਤੀ ਦਾ ਸਾਮ੍ਹਣਾ ਹੀ ਨਹੀਂ ਕਰਨਾ ਚਾਹੁੰਦੇ। ਮੈਨੂੰ ਇਹ ਵੀ ਨਹੀਂ ਪਤਾ ਕਿ ਡਿੱਕੀ ਨੂੰ ਆਪਣੀ ਮਾਂ-ਬੋਲੀ, ਆਪਣੇ ਸਭਿਆਚਾਰ, ਜਾਂ ਆਪਣੇ ਦੇਸ਼ ਬਾਰੇ ਕਿੰਨਾ ਕੁ ਗਿਆਨ ਹੈ । ਕਿਉਂਕਿ ਅਵਤਾਰ ਵੀਹ ਸਾਲ ਪਹਿਲੇ ਇੰਗਲੈਂਡ ਚਲਾ ਗਿਆ ਸੀ। ਮੈਂ ਅਜੇ ਡਿੱਕੀ ਨੂੰ ਮਿਲਣਾ ਹੈ ਤੇ ਇਸ ਕਵਿਤਾ ਬਾਰੇ ਦਸਣਾ ਹੈ । ਵੈਸੇ ਤਾਂ ਡਿੱਕੀ ਕੋਈ ਵੀ ਬੱਚੀ ਹੋ ਸਕਦੀ ਹੈ। ਮੈਨੂੰ ਡਰ ਹੈ ਕਿ ਅਜੇ ਵੀ ਹਰ ਡਿੱਕੀ ਨੂੰ ਉਹ ਸਥਿਤੀ ਭੋਗਣੀ ਪੈ ਸਕਦੀ ਹੈ ਜਿਹੜੀ ਕਦੇ ਮੈਂ ਭੋਗੀ ਸੀ।
ਇੰਨੇ ਲੰਮੇ ਸਮੇਂ ਵਿਚ ਮੈਂ ਕਾਫ਼ੀ ਕਵਿਤਾਵਾਂ ਤੇ ਗ਼ਜ਼ਲਾਂ ਲਿਖੀਆਂ ਜਿਨ੍ਹਾਂ ਵਿੱਚੋਂ ਕਈ ਵਖਰੇ ਵਖਰੇ ਅਦਬੀ ਰਿਸਾਲਿਆਂ ਵਿਚ ਛਪਦੀਆਂ ਵੀ ਰਹੀਆਂ । ਕਈ ਵਾਰੀ ਮੈਂ ਉਨ੍ਹਾਂ ਨੂੰ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਿਤ ਕਰਨ ਦਾ ਖ਼ਿਆਲ ਵੀ ਬਣਾਇਆ ਪਰ ਇਸ ਨੂੰ ਸਿਰੇ ਨਾ ਚਾੜ੍ਹ ਸਕਿਆ । ਪੱਚੀ ਸਾਲ ਬਾਅਦ ਮੁੜ ਡਿੱਕੀ ਨੂੰ ਮਿਲਣ ਦਾ ਖ਼ਿਆਲ ਇਕ ਪ੍ਰੇਰਣਾ ਸਾਬਿਤ ਹੋਇਆ ਤੇ ਮੈਂ ਆਪਣੀਆਂ ਛਪੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੀ ਛਾਣਬੀਣ ਸ਼ੁਰੂ ਕਰ ਦਿੱਤੀ । ਮੈਨੂੰ ਅਹਿਸਾਸ ਹੋਇਆ ਕਿ ਬਹੁਤ ਸਾਰੀਆਂ ਕਵਿਤਾਵਾਂ ਤੇ ਗ਼ਜ਼ਲਾਂ ਦੇ ਮਾਹੌਲ ਤੋਂ ਮੈਂ ਬਹੁਤ ਅੱਗੇ ਲੰਘ ਆਇਆ ਸਾਂ। ਇਸ ਸੰਗ੍ਰਹਿ ਲਈ ਮੈਂ ਕੇਵਲ ਵੀਹ ਗ਼ਜ਼ਲਾਂ ਤੇ ਬਾਰਾਂ ਕਵਿਤਾਵਾਂ ਹੀ ਚੁਣ ਸਕਿਆ । ਇਹ ਕੰਮ ਔਖਾ ਸੀ। ਤੁਹਾਡੀ ਹਰ ਰਚਨਾ ਤੁਹਾਨੂੰ ਆਵਾਜ਼ ਦਿੰਦੀ ਹੈ, ਕਿਤਾਬ ਵਿਚ ਥਾਂ ਲੈਣ ਲਈ ਤਰਲਾ ਕਰਦੀ ਹੈ। ਤੇ ਤੁਹਾਡੇ ਲਈ ਉਸ ਨੂੰ ਅਸਵੀਕਾਰ ਕਰਨਾ ਔਖਾ ਹੁੰਦਾ ਹੈ — ਬਹੁਤ ਔਖਾ । ਰਚਨਾ ਤੇ ਆਲੋਚਨਾ ਦੇ ਇਸ ਸੰਘਰਸ਼ ਨੂੰ ਮੈਂ ਬੜੀ ਮੁਸ਼ਕਲ ਨਾਲ ਪਾਰ ਕੀਤਾ ਹੈ । ਅਜੇ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਇਨ੍ਹਾਂ ਦੀ ਸਾਰਥਕਤਾ ਦਾ ਨਿਰਣਾ ਪਾਠਕਾਂ ਨੇ ਕਰਨਾ ਹੈ, ਮੈਂ ਨਹੀਂ ।
ਮੇਰੇ ਲਈ ਕਵਿਤਾ ਇਕ ਡੂੰਘੇ ਤਣਾਉ 'ਚੋਂ ਜਨਮ ਲੈਂਦੀ ਹੈ। ਜੀਵਨ ਦੀਆਂ ਕਈ ਸਥਿਤੀਆਂ ਤੇ ਅਨੁਭਵ ਮਨ ਤੇ ਇੰਨੇ ਭਾਰੂ ਹੋ ਜਾਂਦੇ ਨੇ ਕਿ ਉਹ ਤੁਹਾਡੇ ਚੇਤਨ ਅਵਚੇਤਨ ਵਿਚ ਸੂਲਾਂ ਵਾਂਗ ਚੁਭਦੇ ਹੋਏ ਮਹਿਸੂਸ ਹੁੰਦੇ ਨੇ । ਇਹ ਚੁਭਣ ਉਦੋਂ ਤਕ ਜਾਰੀ ਰਹਿੰਦੀ ਹੈ ਜਦੋਂ ਤਕ ਉਸ ਅਨੁਭਵ ਦਾ ਕਿਸੇ ਸ਼ਿਅਰ, ਗ਼ਜ਼ਲ, ਜਾਂ ਕਵਿਤਾ ਦੇ ਰੂਪ ਵਿਚ ਰੂਪਾਂਤਰਣ ਨਹੀਂ ਹੋ ਜਾਂਦਾ । ਇਸ ਨਾਲ ਉਹ ਸਥਿਤੀ ਤਾਂ ਬਦਲ ਨਹੀਂ ਜਾਂਦੀ ਪਰ ਰਚਨਾਕਾਰ ਆਪਣਾ ਫ਼ਰਜ਼ ਅਦਾ ਕਰ ਦੇਣ ਦੀ ਸੰਤੁਸ਼ਟੀ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ । ਤੇ ਉਸ ਨੂੰ ਕੁਝ ਮਾਨਸਕ ਸ਼ਾਂਤੀ ਮਿਲ ਜਾਂਦੀ ਹੈ । ਮੇਰੇ ਖ਼ਿਆਲ ਵਿਚ ਕਵਿਤਾ ਫ਼ਰਜ਼ ਪਛਾਨਣ ਤੇ ਫ਼ਰਜ਼ ਅਦਾ ਕਰਨ ਦੀ ਹੀ ਪ੍ਰਕ੍ਰਿਆ ਹੈ । ਇਹ ਫ਼ਰਜ਼ ਸੰਵੇਦਨਸ਼ੀਲ ਵਿਅਕਤੀ ਦਾ ਆਪਣੇ ਪ੍ਰਤੀ ਵੀ ਹੋ ਸਕਦਾ ਹੈ, ਸਮਾਜ ਪ੍ਰਤੀ ਜਾਂ ਦੋਹਾਂ ਪ੍ਰਤੀ ਵੀ। ਇਨ੍ਹਾਂ ਗ਼ਜ਼ਲਾਂ ਤੇ ਕਵਿਤਾਵਾਂ ਵਿਚ ਆਪਣੀ ਸਿਰਜਣਾਤਮਕ ਸਮਰੱਥਾ ਅਨੁਸਾਰ ਮੈਂ ਇਹ ਫ਼ਰਜ਼ ਪਛਾਨਣ ਤੇ ਅਦਾ ਕਰਨ ਦਾ ਯਤਨ ਕੀਤਾ ਹੈ।
ਰਚਨਾਕਾਰ ਨੂੰ ਆਪਣੀ ਕਿਸੇ ਰਚਨਾ ਨਾਲ ਮੋਹ ਵੀ ਹੋ ਸਕਦਾ ਹੈ—ਵਧ ਜਾਂ ਘਟ । ਮੈਨੂੰ ਇਹ ਮੋਹ ‘ਮੈਂ ਤੇ ਡਿੱਕੀ' ਨਾਲ ਸੀ ਤੇ ਮੈਂ ਇਸ ਸੰਗ੍ਰਹਿ ਦਾ ਨਾਮਕਰਣ ਵੀ ਇਸੇ ਨਾਲ ਕਰਨਾ ਚਾਹੁੰਦਾ ਸਾਂ ਪਰ ਮੇਰੇ ਅਦਬੀ ਦੋਸਤਾਂ ਨੇ ਇਸ ਨੂੰ ਪ੍ਰਵਾਨਗੀ ਨਾ ਦਿੱਤੀ । ਉਨ੍ਹਾਂ ਦਾ ਖ਼ਿਆਲ ਸੀ ਕਿ ਕਵਿਤਾ ਦੇ ਸ਼ੀਰਸ਼ਕ ਵਜੋਂ ਤਾਂ ‘ਮੈਂ ਤੇ ਡਿੱਕੀ' ਬਿਲਕੁਲ ਢੁਕਵਾਂ ਸਿਰਲੇਖ ਹੈ, ਕਾਵਿ-ਸੰਗ੍ਰਹਿ ਦੇ ਨਾਂ ਵਜੋਂ ਨਹੀਂ । ਮੈਂ ਇਨ੍ਹਾਂ ਮਿਤਰਾਂ—ਸਾਧੂ ਸਿੰਘ, ਸੁਰਜੀਤ ਪਾਤਰ, ਗੁਰਭਜਨ ਗਿੱਲ, ਤੇ ਅਮਰਜੀਤ ਗਰੇਵਾਲ—ਦਾ ਰਿਣੀ ਹਾਂ । ‘ਰੁੱਤ ਕੰਡਿਆਲੀ' ਸ਼ੀਰਸ਼ਕ ਸਾਰਿਆਂ ਨੂੰ ਜਚਿਆ । ਮੈਨੂੰ ਲਗਦਾ ਹੈ ਕਿ ਇਸ ਸੰਗ੍ਰਹਿ ਦੀਆਂ ਗ਼ਜ਼ਲਾਂ ਤੇ ਕਵਿਤਾਵਾਂ ਦਾ ਮਾਹੌਲ ਕੰਡਿਆਲੀ ਰੁੱਤ ਵਾਲਾ ਮਾਹੌਲ ਹੈ ਜਿਸ ਨੂੰ ਅਸੀਂ ਕਈ ਦਹਾਕਿਆਂ ਤੋਂ ਭੋਗ ਰਹੇ ਹਾਂ :
ਇਸ ਕੰਡਿਆਲੀ ਰੁੱਤੇ ਕੋਈ ਕਿਸ ਪਾਸੇ ਵਲ ਜਾਵੇ,
ਸਾਰੇ ਰਸਤੇ ਮੱਲੇ ਹੋਏ ਹੁਣ ਤਾਂ ਮਾਰੂ-ਥੱਲਾਂ ।
ਪਰ ਮੈਂ ਹਨੇਰੇ ਦੀ ਸਥਿਤੀ ਤੋਂ ਨਿਰਾਸ਼ ਨਹੀਂ :
ਕੌਣ ਸੂਰਜ ਨੂੰ ਰੋਕ ਸਕਿਆ ਹੈ,
ਮੇਰੇ ਸੀਨੇ 'ਚ ਆਸ ਬਾਕੀ ਏ।
ਭਾਵੇਂ ਮੇਰੀ ਕਾਵਿ-ਰਚਨਾ ਦਾ ਸਫ਼ਰ ਲੰਬਾ ਹੈ, ਇਸ ਨੂੰ ਕਿਤਾਬੀ ਰੂਪ ਨਹੀਂ ਸਾਂ ਦੇ ਸਕਿਆ। ਲੋਕ-ਲਿਖਾਰੀ ਸਭਾ ਅੰਮ੍ਰਿਤਸਰ ਨੇ “ਹਾਦਸਿਆਂ ਦਾ ਮੌਸਮ' ਵਿਚ ਮੇਰੀਆਂ ਤਿੰਨ ਗ਼ਜ਼ਲਾਂ ਸੰਕਲਿਤ ਕੀਤੀਆਂ ਸਨ ਤੇ ਲਿਖਾਰੀ ਸਭਾ ਜਗਤਪੁਰ ਨੇ ਇਕ ਗ਼ਜ਼ਲ ਆਪਣੇ ਸੰਗ੍ਰਹਿ ਵਿਚ ਛਾਪੀ ਸੀ। ਇਸ ਸੰਗ੍ਰਹਿ ਵਿਚ ਵੀ ਮੈਂ ਗਿਣਤੀ ਦੇ ਪੱਖ ਤੋਂ ਬਹੁਤੀਆਂ ਰਚਨਾਵਾਂ ਸੰਕਲਿਤ ਨਹੀਂ ਕਰ ਰਿਹਾ ਕਿਉਂਕਿ ਮੈਂ ਗਿਣਾਤਮਕ ਪੱਖ ਨਾਲੋਂ ਗੁਣਾਤਮਕ ਪੱਖ ਨੂੰ ਤਰਜੀਹ ਦਿੱਤੀ ਹੈ । ਕਾਵਿ-ਨਾਟਕ 'ਫ਼ਰਹਾਦ' ਤੋਂ ਬਾਅਦ ਕਿਤਾਬੀ ਰੂਪ ਵਿਚ ਇਹ ਮੇਰਾ ਪਹਿਲਾ ਕਾਵਿ-ਸੰਕਲਨ ਹੈ । ਇਸ ਦੀ ਸੀਮਾ ਮੇਰੀ ਆਪਣੀ ਹੈ । ਇਸ ਦੀ ਸੰਭਾਵਨਾ ਦਾ ਅਨੁਮਾਨ ਪਾਠਕਾਂ ਨੇ ਲਾਉਣਾ ਹੈ। ਜੇ ਇਨ੍ਹਾਂ ਗ਼ਜ਼ਲਾਂ ਤੇ ਕਵਿਤਾਵਾਂ ਵਿਚ ਮੈਂ ਕੋਈ ਸਾਰਥਕ ਗੱਲ ਕਰ ਸਕਿਆ ਹਾਂ ਜਿਹੜੀ ਪਾਠਕਾਂ ਦੇ ਅਹਿਸਾਸਾਂ ਨਾਲ ਸਾਂਝ ਪਾ ਸਕੇ ਤਾਂ ਮੈਂ ਆਪਣਾ ਇਹ ਯਤਨ ਸਫ਼ਲ ਸਮਝਾਂਗਾ।
ਇਕ ਗੱਲ ਗ਼ਜ਼ਲ ਤੇ ਕਵਿਤਾ ਬਾਰੇ ਵੀ ਕਹਿਣਾ ਚਾਹੁੰਦਾ ਹਾਂ। ਮੈਨੂੰ ਗ਼ਜ਼ਲ ਦਾ ਰੂਪ ਬੜਾ ਸੰਯੁਕਤ, ਤੀਖਣ, ਤੇ ਪ੍ਰਭਾਵਸ਼ਾਲੀ ਜਾਪਿਆ ਹੈ । ਗ਼ਜ਼ਲ ਲਿਖਣਾ ਕਵਿਤਾ ਲਿਖਣ ਨਾਲੋਂ ਵਧੇਤੋਂ ਔਖਾ ਹੈ । ਕਵਿਤਾ ਵਿਚ ਮੈਂ ਲੈ-ਮਈ ਤੇ ਵਾਰਤਕ-ਮਈ ਦੋਵਾਂ ਸ਼ੈਲੀਆਂ ਨੂੰ ਅਪਣਾਇਆ ਹੈ । ਗ਼ਜ਼ਲ ਇਕ ਖ਼ਾਸ ਅਨੁਸ਼ਾਸਨ ਦੀ ਮੰਗ ਕਰਦੀ ਹੈ ਤੇ ਇਹ ਅਨੁਸ਼ਾਸਨ ਸ਼ਾਬਦਿਕ ਹੀ ਨਹੀਂ ਹੁੰਦਾ, ਵਿਚਾਰਾਂ ਤੇ ਪੱਧਰ ਤੇ ਵੀ ਹੁੰਦਾ ਹੈ । ਗ਼ਜਲ ਵਿਚ ਕਿਸੇ ਵਿਚਾਰ ਨੂੰ ਕਵਿਤਾ ਵਿਚਲੇ ਵਿਚਾਰ ਵਾਂਗ ਫੈਲਾ ਕੇ ਨਹੀਂ ਪੇਸ਼ ਕੀਤਾ ਜਾ ਸਕਦਾ । ਤੇ ਜਦੋਂ ਵਿਚਾਰਾਂ ਤੇ ਸ਼ਬਦਾਂ ਦਾ ਸੁਮੇਲ ਪੈਦਾ ਹੋ ਜਾਂਦਾ ਹੈ, ਉਦੋਂ ਹੀ ਗ਼ਜ਼ਲ ਦਾ ਇਕ ਸ਼ਿਅਰ ਬਣਦਾ ਹੈ । ਕਾਫ਼ੀਏ ਤੇ ਰਦੀਫ਼ ਇਕੱਠੇ ਕਰ ਕੇ ਗ਼ਜ਼ਲ ਲਿਖਣਾ ਮੈਨੂੰ ਇਕ ਫ਼ਜ਼ੂਲ ਗੱਲ ਜਾਪਦੀ ਹੈ । ਜੇ ਤੁਹਾਡੇ ਵਿਚਾਰਾਂ ਤੇ ਸ਼ਬਦਾਂ ਵਿਚ ਸੁਮੇਲ ਆ ਜਾਵੇ, ਤਾਂ ਕਾਫ਼ੀਆ ਆਪੇ ਮਿਲ ਜਾਂਦਾ ਹੈ । ਮੈਂ ਪਿਛਲੇ ਕੁਝ ਸਾਲਾਂ ਵਿਚ ਗ਼ਜ਼ਲਾਂ ਵਧੇਰੇ ਤੇ ਕਵਿਤਾਵਾਂ ਘੱਟ ਲਿਖੀਆਂ ਹਨ । ਤੇ ਇੰਜ ਲਗਦਾ ਹੈ ਕਿ ਇਹ ਪ੍ਰਕ੍ਰਿਆ ਜਾਰੀ ਰਹੇਗੀ । ਇਸੇ ਲਈ ਇਸ ਸੰਗ੍ਰਹਿ ਵਿਚ ਮੈਂ ਗ਼ਜ਼ਲਾਂ ਪਹਿਲੇ ਸੰਕਲਿਤ ਕੀਤੀਆਂ ਹਨ ਤੇ ਕਵਿਤਾਵਾਂ ਬਾਅਦ ਵਿਚ। ਉਂਜ ਸਾਹਿੱਤਕ ਸਿਰਜਣਾ ਵਜੋਂ ਗ਼ਜ਼ਲ ਤੇ ਕਵਿਤਾ ਦੀ ਅਹਿਮੀਅਤ ਇੱਕੋ ਜਿੰਨੀ ਹੈ, ਇਕ ਦੂਜੇ ਨਾਲੋਂ ਕਿਸੇ ਤਰ੍ਹਾਂ ਵਧ ਜਾਂ ਘਟ ਨਹੀਂ ।
ਉਂਜ ਤਾਂ ਹਰ ਕਵਿਤਾ ਜਾਂ ਗ਼ਜ਼ਲ ਰਚਨਾਕਾਰ ਦੇ ਨਿੱਜ ਦੇ ਸੱਚੇ ਵਿਚ ਢਲ ਕੇ ਹੀ ਪ੍ਰਗਟ ਹੁੰਦੀ ਹੈ । ਪਰ ਇਸ ਸੰਗ੍ਰਹਿ ਦੀ ਅੰਤਿਮ ਕਵਿਤਾ ‘ਸਮਰਪਣ" ਬਹੁਤ ਨਿੱਜੀ ਹੈ । ਇਸ ਵਿਚ ਮੈਂ ਆਪਣੀ ਮਾਂ ਨੂੰ ਮੁਖ਼ਾਤਿਬ ਹਾਂ ਜਿਸ ਦੀ ਬਦੌਲਤ ਮੈਂ ਇਹ ਕੁਝ ਬਣ ਸਕਿਆ ਹਾਂ । ਉਂਜ ਮੇਰੀ ਮਾਂ ਕੋਈ ਵੀ ਮਾਂ ਹੋ ਸਕਦੀ ਹੈ ਪਰ ਇਹ ਕਵਿਤਾ ਵਿਸ਼ੇਸ਼ ਉਸ ਲਈ ਹੈ ਤੇ ਇਹ ਸੰਗ੍ਰਹਿ ਵੀ ਉਸ ਨੂੰ ਹੀ ਸਮਰਪਿਤ ਹੈ । ਮੈਨੂੰ ਉਸ ਦੀ ਅਸੀਸ ਦਾ ਪੂਰਾ ਯਕੀਨ ਹੈ।
ਅੰਤ ਵਿਚ ਮੈਂ ਆਪਣੇ ਸਾਰੇ ਮਿਤਰਾਂ ਸਹਿ-ਅਧਿਆਪਕਾਂ, ਲੇਖਕ ਸਾਥੀਆਂ, ਨੌਜਵਾਨ ਲੇਖਕਾਂ, ਤੇ ਅਨੇਕ ਵਿਦਿਆਰਥੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀਆਂ ਗ਼ਜ਼ਲਾਂ ਤੇ ਕਵਿਤਾਵਾਂ ਨੂੰ ਸੁਣ ਕੇ ਜਾਂ ਪੜ੍ਹ ਕੇ ਚਰਚਾ ਦਾ ਵਿਸ਼ਾ ਬਣਾਇਆ ਤੇ ਇਨ੍ਹਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਗਾਹੇ ਬਗਾਹੇ ਦਲੇਰੀ ਨਾਲ ਟਿੱਪਣੀਆਂ ਕੀਤੀਆਂ। ਮੈਂ ਬੜੀ ਕੋਤਾਹੀ ਕਰਾਂਗਾ ਜੇ ਮੈਂ ਇਸ ਗੱਲ ਦਾ ਉਲੇਖ ਨਾ ਕਰਾਂ ਕਿ ਮੇਰੀਆਂ ਗ਼ਜ਼ਲਾਂ ਤੇ ਕਵਿਤਾਵਾਂ ਦੇ ਪਹਿਲੇ ਸਰੋਤੇ ਆਮ ਤੌਰ ਤੇ ਮੇਰੀ ਪਤਨੀ ਅੰਮ੍ਰਿਤਾ, ਮੇਰੇ ਬੇਟੇ ਅਰਵਿੰਦ, ਅਰੁਣ, ਤੇ ਆਦਿਤਯ, ਅਤੇ ਮੇਰੀਆਂ ਭੈਣਾਂ ਈਸ਼ਵਰ ਤੇ ਅੰਮ੍ਰਿਤ ਬਣੇ ਹਨ । ਅਰੁਣ ਨੇ ਤਾਂ ਕਈ ਵਾਰ ਨਿਝੱਕ ਹੋ ਕੇ ਮੇਰੇ ਨਾਲ ਚਰਚਾ ਵੀ ਕੀਤੀ ਹੈ। ਮੈਨੂੰ ਇਨ੍ਹਾਂ ਦੇ ਸੂਝਵਾਨ ਸਨੇਹੀ ਸਰੋਤੇ ਹੋਣ ਤੇ ਮਾਣ ਹੈ । ਮੈਂ ਆਪਣੇ ਸੁਹਿਰਦ ਮਿੱਤਰ ਪੁਰਦਮਨ ਸਿੰਘ ਬੇਦੀ ਦਾ ਇਸ ਸੰਗ੍ਰਹਿ ਨੂੰ ਇੰਨੇ ਥੋੜੇ ਸਮੇਂ ਵਿਚ ਪ੍ਰਕਾਸ਼ਿਤ ਕਰਨ ਲਈ ਤੇ ਮੁਹਤਰਮ ਦੋਸਤ ਅਜਾਇਬ ਚਿਤ੍ਰਕਾਰ ਦਾ ਇਸ ਸੰਗ੍ਰਹਿ ਨੂੰ ਰੂਪ ਪ੍ਰਦਾਨ ਕਰਨ ਲਈ ਦਿਲੋਂ ਆਭਾਰੀ ਹਾਂ ।
ਸਤਿਆ ਨੰਦ ਸੇਵਕ
ਐਸੋਸੀਏਟ ਪ੍ਰੋਫੈਸਰ ਔਫ਼ ਇੰਗਲਿਸ਼
ਪੰਜਾਬ ਐਕਲਚਰਲ ਯੂਨੀਵਰਸਿਟੀ
ਲੁਧਿਆਣਾ।
ਜੁਲਾਈ 12, 1985
ਗ਼ਜ਼ਲਾਂ
ਇਸ ਕੰਡਿਆਲੀ ਰੁੱਤੇ ਕੋਈ ਕਿਸ ਪਾਸੇ ਵਲ ਜਾਵੇ ? ਸਾਰੇ ਰਸਤੇ ਮੱਲੇ ਹੋਏ ਹੁਣ ਤਾਂ ਮਾਰੂ-ਥੱਲਾਂ ।
ਸਾਗਰ ਵਿਚ ਤੂਫ਼ਾਨ ਮਚਲਦੇ
ਸਾਗਰ ਵਿਚ ਤੂਫ਼ਾਨ ਮਚਲਦੇ । ਸੀਨੇ ਵਿਚ ਅਰਮਾਨ ਉਬਲਦੇ । ਛੱਲਾਂ ਵਿਚ ਜਦ ਠੇਲ੍ਹੀ ਬੇੜੀ, ਲਹਿਰੀ ਅਜਗਰ ਰਾਹ ਨੂੰ ਮਲਦੇ । ਧੁੰਦਲੀ ਮੰਜ਼ਿਲ ਦੂਰ ਕਿਨਾਰਾ, ਵਿਚ ਮੰਝਧਾਰੀਂ ਚੱਪੂ ਚਲਦੇ । ਹੁਣ ਚੱਟਾਨਾਂ ਤੋਂ ਕੀ ਡਰਨਾ, ਠਿਲ੍ਹ ਪਏ ਵਿਚ ਅਸਗਾਹੀਂ ਜਲ ਦੇ । ਕਾਲੀ ਰਾਤ ਅਮਾਵਸ ਵਾਲੀ, ਵਿਚ ਅਸਮਾਨੀਂ ਦੀਵੇ ਬਲਦੇ । ਦੂਰ ਨਹੀਂ ਪਰਭਾਤ ਲਿਸ਼ਕਵੀਂ, ਰਾਤ ਦਾ ਸੀਨਾ ਚੀਰ ਕੇ ਚਲਦੇ । ਕਦੇ ਕਿਨਾਰੇ ਪਹੁੰਚ ਹੀ ਜਾਸੇਂ, ਜਿੱਥੇ ਦਿਲ ਦਿਲਾਂ ਨੂੰ ਮਿਲਦੇ ।
ਕਿਸ਼ਤੀ ਹੈ ਪਤਵਾਰ ਨਹੀਂ ਏ
ਕਿਸ਼ਤੀ ਹੈ ਪਤਵਾਰ ਨਹੀਂ ਏ। ਅਜ ਉਹ ਮਹਿਰਮ ਯਾਰ ਨਹੀਂ ਏ । ਜੀਵਨ ਨੌਕਾ ਵਿਚ ਭੰਵਰਾਂ ਦੇ, ਮਾਂਝੀ ਵਿਚ ਮੰਝਧਾਰ ਨਹੀਂ ਏ । ਦਿਲ ਦੀ ਪੀੜ ਸਮੁੰਦਰੋਂ ਡੂੰਘੀ, ਚੀਸਾਂ ਦਾ ਕੋਈ ਪਾਰ ਨਹੀਂ ਏ। ਆਸ ਦੇ ਤੀਲੇ ਪਿਆਰ ਦੇ ਸੁਫ਼ਨੇ, ਖਿੰਡ ਗਏ ਕਿਧਰੇ ਸਾਰ ਨਹੀਂ ਏ । ਹੁਣ ਤੇ ਦਰਦ ਵੰਡਾ ਜਾ ਦਰਦੀ, ਮੇਰੇ ਨਾਲ ਕੀ ਪਿਆਰ ਨਹੀਂ ਏ ? (ਦਇਆ ਨੰਦ ਦਰਦੀ ਨੂੰ)
ਯਾਦ ਤੇਰੀ ਜਦੋਂ ਵੀ ਆਈ ਹੈ
ਯਾਦ ਤੇਰੀ ਜਦੋਂ ਵੀ ਆਈ ਹੈ। ਢੇਰ ਚੀਸਾਂ ਦਾ ਮੁੜ ਲਿਆਈ ਹੈ। ਕੌਣ ਦਿਲ ਨੂੰ ਸੰਭਾਲ ਸਕਦਾ ਹੈ ? ਗ਼ਮ ਦੀ ਮਹਿਫ਼ਲ ਜੋ ਤੂੰ ਸਜਾਈ ਹੈ । ਤਾਰੇ ਗਿਣ ਗਿਣ ਕੇ ਪਲ ਬਿਤਾਉਂਦਾ ਹਾਂ, ਚੰਨ ਤੇ ਮਸਿਆਂ ਦੀ ਰਾਤ ਛਾਈ ਹੈ । ਮਨ 'ਚ ਧੁਖਦਾ ਤੇ ਤਨ 'ਚ ਬਲਦਾ ਹਾਂ, ਕੈਸੀ ਅਗਨੀ ਇਹ ਤੂੰ ਮਚਾਈ ਹੈ। ਬਹੁਤ ਦਿਲ ਨੂੰ ਮਨਾਇਆ ਮੈਂ ਤਾਂ ਵੀ, ਪੀੜ ਯਾਦਾਂ ਨੇ ਫਿਰ ਵਧਾਈ ਹੈ।
ਕੌਣ ਯਾਦਾਂ ਦੇ ਸਹਾਰੇ
ਕੌਣ ਯਾਦਾਂ ਦੇ ਸਹਾਰੇ ਦਿਲ ਨੂੰ ਭਰਮਾਈਂ ਫਿਰੇ । ਹਾਰ ਪੀੜਾਂ ਦੇ ਪਰੋਏ ਗਲ ਦੇ ਵਿਚ ਪਾਈ ਫਿਰੇ। ਹੋਂਦ ਤਾਂ ਇਕ ਹਾਦਸਾ ਹੈ ਕੋਈ ਰੱਬੀ ਨੇਮ ਨਹੀਂ, ਕਿਸ ਲਈ ਫਿਰ ਆਦਮੀ ਗਰਦਨ ਨੂੰ ਅਕੜਾਈ ਫਿਰੇ ? ਏਨੀ ਕਾਲੀ ਰਾਤ ਵੀ ਵੇਖੀ ਕਿਸੇ ਰਾਹੀ ਕਦੇ ? ਕੋਈ ਤਾਰਾ ਵੀ ਨਹੀਂ ਜੁਗਨੂੰ ਨਹੀਂ ਸਿਆਹੀ ਫਿਰੇ । ਸੂਰਜਾਂ ਦੀ ਰੌਸ਼ਨੀ ਨੂੰ ਤਰਸਦਾ ਹੀ ਰਹਿ ਗਿਆ, ਕਾਲਖ਼ਾਂ ਸੰਗ ਜੂਝਦਾ ਜੋ ਮੌਤ ਗਲ ਪਾਈ ਫਿਰੇ । ਇਹ ਵੀ ਕਾਹਦੀ ਜ਼ਿੰਦਗੀ ਵੇਖੋ ਸੁਣੋ ਬੋਲੋ ਨਾ ਪਰ ? ਜੀਭ ਤੇ ਜਾਬਰ ਦਾ ਜੰਦਰਾ ਹੌਸਲਾ ਢਾਈ ਫਿਰੇ । ਏਸ ਸੁਹਣੇ ਬਾਗ਼ ਤੇ ਦਾਨਵ ਦਾ ਪਹਿਰਾ ਹੈ ਅਜੇ, ਜੋ ਬਸੰਤੀ ਰੁੱਤ ਦੇ ਫੁੱਲਾਂ ਨੂੰ ਬਰਫ਼ਾਈ ਫਿਰੇ । ਰੱਦ ਕਰਦਾ ਹਾਂ ਮੈਂ ਯਾਰੋਂ ਜੀਣ ਦਾ ਐਸਾ ਨਿਜ਼ਾਮ, ਜੋ ਮਨੁੱਖ 'ਚੋਂ ਮਾਨਵੀ ਕਦਰਾਂ ਨੂੰ ਮਨਫ਼ਾਈ ਫਿਰੇ । ਮੈਂ ਤਾਂ ਆਸ਼ਿਕ ਹਾਂ ਬਹਾਰਾਂ ਦਾ ਪਿਆਰਾਂ ਦਾ ਸਦਾ, ਪਰ ਅਜੇ ਵੀ ਚਾਨਣੀ ਕੋਹਾਂ 'ਤੇ ਘਬਰਾਈ ਫਿਰੇ । ਆਓ ਯਾਰੋ ਸਿਰਜੀਏ ਮਿਲ ਕੇ ਨਵਾਂ ਸੰਸਾਰ ਇਕ, ਜਿੱਥੇ ਸਾਂਝ ਪਿਆਰ ਦੀ ਨਿੱਤ ਪੌਣ ਨਸ਼ਿਆਈ ਫਿਰੇ ।
ਰਾਤ ਹਨੇਰੀ ਬੱਦਲਵਾਈ
ਰਾਤ ਹਨੇਰੀ ਬੱਦਲਵਾਈ ਪੌਣ ਬੜੀ ਕਕਰਾਈ ਹੈ । ਚੰਨ ਦੀ ਕਾਤਰ ਧੁੰਦ ਲਪੇਟੀ ਇਹ ਕੇਹੀ ਰੁੱਤ ਆਈ ਹੈ । ਦੂਰ ਖ਼ਲਾਅ ਵਿਚ ਤਾਰਾ ਮੰਡਲਾਂ ਦੀ ਜਗਦੀ ਦੀਵਾਲੀ ਨਹੀਂ, ਦੁਧ ਦੀ ਗੰਗੀ ਥਾਵੇਂ ਹੁਣ ਕਲਮੂਹੀਂ ਬਦਲੀ ਛਾਈ ਹੈ । ਰਾਹੂ ਕੇਤੂ ਰੱਬ ਨੂੰ ਲੈ ਕੇ ਮੁੜ ਗਗਨਾਂ 'ਚੋਂ ਲੰਘੇ ਨੇ, ਗ੍ਰਹਿਣੀ ਧਰਤੀ ਦੀ ਹਰ ਵਸਤੂ ਨ੍ਹੇਰੇ ਵਿਚ ਪਥਰਾਈ ਹੈ । ਪੰਜਾਂ ਵਿਚ ਪਰਮੇਸ਼ਰ ਹੁਣ ਨਹੀਂ ਸਹਿਮ ਜਿਹਾ ਕੋਈ ਵਸਦਾ ਹੈ, ਧਰਮਰਾਜ ਦੀ ਕੁਰਸੀ ਥੱਲੇ ਡਰ ਦੀ ਡੂੰਘੀ ਖਾਈ ਹੈ । ਏਸ ਫ਼ਿਜ਼ਾ ਵਿਚ ਰਲ ਕੇ ਯਾਰੋ ਲੱਖਾਂ ਦੀਪਕ ਬਾਲੋ ਹੁਣ, ਚਾਨਣ ਵੰਡੋ ਥਾਂ ਥਾਂ ਜਾ ਕੇ ਕਹਿੰਦੀ ਪਈ ਲੋਕਾਈ ਹੈ ।
ਕੋਈ ਸ਼ਹਿਰ ਦੀਆਂ ਕੰਧਾਂ ਤੇ
ਕੋਈ ਸ਼ਹਿਰ ਦੀਆਂ ਕੰਧਾਂ ਤੇ ਲਿਖ ਗਿਆ ਕਿੱਸੇ ਹਾਰਾਂ ਦੇ । ਲੋੜਾਂ ਦੇ ਮਹਿੰਗਾਈ ਦੇ ਤੇ ਝੂਠੇ ਕੌਲ ਕਰਾਰਾਂ ਦੇ । ਦੂਰ ਦੁਰਾਡੇ ਕਿਸੇ ਸੰਤ ਨੇ ਮੌਨ ਵਰ੍ਹੇ ਦਾ ਰਖਿਆ ਹੈ, ਬੰਦ ਕਰੋਗੇ ਕਿੱਦਾਂ ਪਰ ਮੂੰਹ ਭੁਖਿਆਂ ਤੇ ਲਾਚਾਰਾਂ ਦੇ ? ਕਹਿੰਦੇ ਨੇ ਨੇਤਾ ਦੇ ਉੱਪਰ ਬੰਬ ਕਿਸੇ ਨੇ ਸੁੱਟਿਆ ਹੈ, ਬੋਲੇ ਕੰਨਾਂ ਅੰਦਰ ਗੂੰਜੇ ਨਾਅਰੇ ਦੋ ਅੰਗਿਆਰਾਂ ਦੇ। ਸ਼ਾਮ ਢਲੀ ਹੈ, ਰਾਤ ਪਈ ਹੈ, ਕਾਂਗ ਚੜ੍ਹੀ ਹੈ ਫ਼ਿਕਰਾਂ ਦੀ, ਫੁੱਲਾਂ ਵਰਗੀ ਨੀਂਦ ਨਹੀਂ ਏ, ਸੁਫ਼ਨੇ ਵੀ ਨੇ ਖ਼ਾਰਾਂ ਦੇ । ਨਵੇਂ ਸਾਲ ਦੀ ਜਦੋਂ ਮੁਬਾਰਿਕ ਮੈਂ ਬੀਵੀ ਨੂੰ ਆਖੀ ਹੈ, ਉਸ ਨੇ ਕਰਜ਼ੇ ਫੋਲ ਸੁਣਾਏ ਕਈਆਂ ਲਹਿਣੇਦਾਰਾਂ ਦੇ। ਜਿਹੜੇ ਰੁੱਖ ਨੂੰ ਰਲ ਕੇ ਆਪਾਂ ਮਿਹਨਤ ਨਾਲ ਉਗਾਇਆ ਸੀ, ਉਸ ਦੇ ਫੁਲ ਤੇ ਫਲ ਨੇ ਫਿੱਕੇ, ਸੁੱਕੇ ਪੱਤੇ ਡਾਰਾਂ ਦੇ । ਮੇਰੇ ਬੋਲਾਂ ਵਿਚਲੀ ਪੀੜਾ ਮੇਰੀ ਵੀ ਹੈ ਤੇਰੀ ਵੀ, ਇਹ ਪਤਝੜ ਦੇ ਬੋਲ ਨੇ ਸਜਣਾਂ, ਨਗ਼ਮੇ ਨਹੀਂ ਬਹਾਰਾਂ ਦੇ।
ਕਈ ਲੋਕਾਂ ਨੂੰ ਰਾਸ ਨਾ ਆਈਆਂ
ਕਈ ਲੋਕਾਂ ਨੂੰ ਰਾਸ ਨਾ ਆਈਆਂ ਮੇਰੀਆਂ ਸੱਚੀਆਂ ਗੱਲਾਂ । ਰਾਤ ਨੂੰ ਦਿਨ ਮੈਂ ਕੀਕਣ ਆਖਾਂ ਪੈਣ ਕਲੇਜੇ ਸੱਲਾਂ। ਕਿੰਨੇ ਬੌਣੇ, ਕਿੰਨੇ ਸੌੜੇ, ਏਸ ਨਗਰ ਦੇ ਬੰਦੇ, ਅਪਣੇ ਖੂਹ ਨੂੰ ਸਮਝੀ ਬੈਠੇ ਸ਼ਹੁ ਸਾਗਰ ਦੀਆਂ ਛੱਲਾਂ । ਮੂੰਹ ਤੇ ਜੰਦਰਾ, ਕੰਨ 'ਚ ਸਿੱਕਾ, ਅੱਖ ਤੇ ਕਾਲੀ ਐਨਕ, ਅਹਿਜੇ ਗਹਿਣੇ ਪਾ ਕੇ ਰਸਤੇ ਉੱਪਰ ਕਿੱਦਾਂ ਚੱਲਾਂ। ਚਾਂਦੀ ਦੀ ਕੁੰਜੀ ਦੇ ਬਾਝੋਂ ਬੂਹਾ ਕੋਈ ਨਾ ਖੁਲ੍ਹਦਾ, ਲਾਵਾ ਅਪਣੇ ਅੰਦਰ ਦਬਿਆ ਕਿਸ ਹੀਲੇ ਮੈਂ ਠੱਲ੍ਹਾਂ । ਸਾਰੀ ਖ਼ੁਸ਼ਬੂ ਕੁਝ ਹੀ ਕੰਧਾਂ ਦੇ ਅੰਦਰ ਹੈ ਸਿਮਟੀ, ਬਾਕੀ ਸਭ ਤਾਂ ਸੁੱਕੀਆਂ ਹੋਈਆਂ ਫੁੱਲਾਂ ਬਾਝੋਂ ਵੱਲਾਂ । ਇਸ ਕੰਡਿਆਲੀ ਰੁੱਤੇ ਕੋਈ ਕਿਸ ਪਾਸੇ ਵਲ ਜਾਵੇ ? ਸਾਰੇ ਰਸਤੇ ਮੱਲੇ ਹੋਏ ਹੁਣ ਤਾਂ ਮਾਰੂ-ਥੱਲਾਂ । ਦੂਰ ਦੁਰਾਡੇ ਵਸਦੇ ਸਜਣਾ, ਮੈਂ ਸਾਰੀ ਇਹ ਵਿਥਿਆ, ਕੀਕਣ ਤੈਨੂੰ ਫੋਲ ਸੁਣਾਵਾਂ ਕਿੰਞ ਸੁਨੇਹੇ ਘੱਲਾਂ।
ਮੇਰੇ ਘਰ ਤੂੰ ਜਦ ਵੀ ਫੇਰਾ ਪਾਇਆ ਹੈ
ਮੇਰੇ ਘਰ ਤੂੰ ਜਦ ਵੀ ਫੇਰਾ ਪਾਇਆ ਹੈ। ਮੈਨੂੰ ਮੁੜ ਕੇ ਈਸਾ ਚੇਤੇ ਆਇਆ ਹੈ । ਜਿਹੜੇ ਚੁੱਕੀ ਫਿਰਨ ਸਲੀਬਾਂ ਮੋਢੇ ਤੇ, ਹਰ ਇਕ ਬੰਦਾ ਉਹ ਮਰੀਅਮ ਦਾ ਜਾਇਆ ਹੈ। ਮਾਰੂਥਲ ਹੈ ਤਪਿਆ ਹੁਣ ਤਾਂ ਸੋਚਾਂ ਦਾ, ਨੰਗੇ ਪੈਰੀਂ ਮੇਰਾ ਮਨ ਕੁਮ੍ਹਲਾਇਆੱ ਹੈ। ਕਹਿੰਦੇ ਸਨ ਜੋ ਹਰਦਮ ਤੋੜ ਨਿਭਾਵਾਂਗੇ, ਅਜ ਲਗਦੇ ਨੇ ਜੀਕਣ ਕੋਈ ਪਰਾਇਆ ਹੈ। ਈਦ ਮੁਬਾਰਿਕ ਕਿਸ ਨੂੰ ਜਾ ਕੇ ਆਖਾਂ ਮੈਂ, ਯਾਰਾਂ ਨੇ ਪੈਸੇ ਨੂੰ ਪੀਰ ਬਣਾਇਆ ਹੈ। ਲੋਹੇ ਦੇ ਇਸ ਸ਼ਹਿਰ 'ਚ ਲੋਹਾ ਹੋਇਆ ਹੈ, ਜਿਸ ਬੰਦੇ ਨੇ ਲੋਹੇ ਨੂੰ ਹਥ ਲਾਇਆ ਹੈ। ਮੇਰੇ ਕੋਲੋਂ ਆਸ ਨਾ ਰੱਖੋ ਪੂੰਜੀ ਦੀ, ਮੇਰੇ ਪੱਲੇ ਸ਼ਬਦਾਂ ਦਾ ਸਰਮਾਇਆ ਹੈ।
ਦੱਸਾਂ ਕਿੰਝ ਬਿਤਾਈ ਰਾਤ
ਦੱਸਾਂ ਕਿੰਝ ਬਿਤਾਈ ਰਾਤ । ਕੀ ਮੇਰੇ ਸਿਰ ਆਈ ਰਾਤ । ਫ਼ੁਟ-ਪਾਥਾਂ ਲਈ ਸੋਗ ਬਣੀ, ਭਵਨਾਂ ਤੇ ਮੁਸਕਾਈ ਰਾਤ । ਚੱਪਾ ਧਰਤੀ ਚਾਨਣ ਹੈ ਬਾਕੀ ਸਭ ਥਾਂ ਛਾਈ ਰਾਤ । ਸੋਨ ਸਵੇਰਾ ਕਿੱਥੇ ਹੈ ? ਮੈਂ ਤਾਂ ਬਹੁਤ ਹੰਢਾਈ ਰਾਤ। ਮੈਂ ਨਹੀਂ ਰਹਿਣਾ ਓਸ ਗਰਾਂ, ਜਿੱਥੇ ਦਿਨੇ ਵੀ ਛਾਈ ਰਾਤ । ਚਾਨਣ ਦੀ ਆਰੀ ਦੇ ਨਾਲ, ਕਈਆਂ ਤਾਂ ਮੁਕਾਈ ਰਾਤ । ਦਿਲ ਦਾ ਦੀਵਾ ਬਾਲ ਕੇ ਮੈਂ, ਅੱਖਾਂ ਵਿਚ ਲੰਘਾਈ ਰਾਤ ।
ਰਾਤ ਲੰਬੀ ਹੈ ਸੁਆਸ ਬਾਕੀ ਏ
ਰਾਤ ਲੰਬੀ ਹੈ ਸੁਆਸ ਬਾਕੀ ਏ । ਐਵੇਂ ਥੋੜਾ ਹਰਾਸ ਬਾਕੀ ਏ। ਰਾਤ ਭਾਵੇਂ ਬੜੀ ਹਨੇਰੀ ਹੈ, ਸੂਹੀ ਸੰਧਿਆ ਦੀ ਬਾਸ ਬਾਕੀ ਏ । ਵਾਟ ਮੁਕਦੀ ਹੈ ਤੁਰਦਿਆਂ ਆਖ਼ਿਰ, ਤੁਰਨਾ ਜਦ ਤਕ ਹਵਾਸ ਬਾਕੀ ਏ। ਓਹੀ ਮੰਜ਼ਿਲ ਤੇ ਪਹੁੰਚਿਐ ਯਾਰੋ, ਜਿਹਦੇ ਅੰਦਰ ਪਿਆਸ ਬਾਕੀ ਏ । ਕੌਣ ਸੂਰਜ ਨੂੰ ਰੋਕ ਸਕਿਆ ਹੈ ? ਮੇਰੇ ਸੀਨੇ 'ਚ ਆਸ ਬਾਕੀ ਏ।
ਸਾਵਣ ਰੁੱਤੇ ਦੂਰ ਦੁਮੇਲੀਂ
ਸਾਵਣ ਰੁੱਤੇ ਦੂਰ ਦੁਮੇਲੀਂ ਸਤਰੰਗੀ ਦੇ ਛਾਏ ਰੰਗ । ਨੀਲੱਤਣ ਦੀ ਵਾਦੀ ਦੇ ਵਿਚ ਕੁਦਰਤ ਖ਼ੂਬ ਸਜਾਏ ਰੰਗ । ਕਿਹੜੇ ਤੱਤਾਂ ਤੋਂ ਬਣਦੀ ਹੈ ਏਨੀ ਸੁੰਦਰ ਅਰਸ਼ੀ ਪੀਂਘ, ਪ੍ਰਿਜ਼ਮ ਅਦੁੱਤੀ ਕੋਈ ਜਿਸ ਨੇ ਇਹ ਸਾਰੇ ਲਿਸ਼ਕਾਏ ਰੰਗ । ਆਪਣੇ ਬਾਗ਼ ਦੇ ਸਭ ਫੁੱਲਾਂ ਦੀ ਅਜਬ ਹਕੀਕਤ ਵੇਖੀ ਮੈਂ, ਜਦ ਵੀ ਕੋਈ ਤੋੜਨ ਜਾਵੇ ਉਹਨਾਂ ਦੇ ਘਬਰਾਏ ਰੰਗ । ਸੱਭੇ ਪਾਸੇ ਖਿੜਨ ਕਸੁੰਭੇ ਰੰਗ ਮਜੀਠਾ ਕਿਧਰੇ ਨਾ, ਨਾਲੇ ਫਿੱਕੇ ਨਾਲੇ ਕੱਚੇ ਮੈਂ ਸਾਰੇ ਅਜ਼ਮਾਏ ਰੰਗ। ਜਿਗਰੀ ਮਿੱਤਰ ਨੂੰ ਜਦ ਦਸਿਆ ਅਜਕਲ ਹੱਥੋਂ ਖ਼ਾਲੀ ਹਾਂ, ਦੂਰੋਂ ਹਥ ਹਿਲਾਇਆ ਉਸ ਨੇ ਚਿਹਰੇ ਦੇ ਬਦਲਾਏ ਰੰਗ । ਕੋਈ ਕਿਰਨ ਸੁਨਹਿਰੀ ਮੇਰਾ ਵਿਹੜਾ ਵੀ ਰੁਸ਼ਨਾਏਗੀ ? ਮੇਰੀ ਨ੍ਹੇਰੀ ਬਸਤੀ ਅੰਦਰ ਕਦੇ ਨਾ ਕੋਈ ਆਏ ਰੰਗ । ਅੱਧੀ ਉਮਰ ਬਿਤਾਈ ਯਾਰੋ ਰੰਗ ਪਛਾਨਣ ਖ਼ਾਤਿਰ ਮੈਂ, ਹਰ ਕੋਈ ਅਸਲ ਲੁਕਾਏ ਏਥੇ ਨਕਲੀ ਸਿਰਫ਼ ਵਿਖਾਏ ਰੰਗ ।
ਉਸ ਦਾ ਘਰ ਤਾਂ ਰੰਗ ਬਿਰੰਗੇ
ਉਸ ਦਾ ਘਰ ਤਾਂ ਰੰਗ ਬਿਰੰਗੇ ਬਲਬਾਂ ਨੇ ਰੁਸ਼ਨਾਇਆ ਹੈ । ਮੇਰੇ ਵਿਹੜੇ ਪਰ ਜਨਮਾਂ ਦਾ ਘੁੱਪ ਹਨੇਰਾ ਛਾਇਆ ਹੈ । ਉਸ ਦੀ ਮਹਿਫ਼ਲ ਵਿਚ ਨਿੱਤ ਸ਼ਾਮੀ ਜਾਮ ਪਿਆਲੇ ਚਲਦੇ ਨੇ, ਮੇਰੇ ਹਿੱਸੇ ਕਦੇ ਕਦਾਈਂ ਲਿਮਕਾ ਤਕ ਨਾ ਆਇਆ ਹੈ । ਕਹਿੰਦੇ ਨੇ ਪ੍ਰਭਾਤ ਦਾ ਚਾਨਣ ਕੁਝ ਘੜੀਆਂ ਤਕ ਆਵੇਗਾ, ਮੈਂ ਤਾਂ ਅਪਣਾ ਅੰਤਿਮ ਪਲ ਵੀ ਅੱਧੀ ਰਾਤ ਮੁਕਾਇਆ ਹੈ। ਉਹ ਵੀ ਦਿਨ ਸਨ ਤੂੰ ਤੇ ਮੈਂ ਜਦ ਪਿਆਰ ਗਗਨ ਵਿਚ ਉਡਦੇ ਸਾਂ, ਹੁਣ ਤਾਂ ਲੂਣ ਤੇਲ ਦੀ ਚਿੰਤਾ ਵਿਚ ਪਾਤਾਲੀਂ ਲਾਹਿਆ ਹੈ। ਸਰਹੱਦਾਂ ਤੇ ਮੁੜ ਖਤਰੇ ਦੀ ਗੱਲ ਕਰਦੇ ਹੋ ਨੇਤਾ ਜੀ ! ਪਰ ਸਾਨੂੰ ਤਾਂ ਸੰਕਟ ਸਾਰਾ ਲਗਦਾ ਤੁਸਾਂ ਬਣਾਇਆ ਹੈ । ਕਨਵੋਕੇਸ਼ਨ ਵਾਲੇ ਦਿਨ ਜਦ ਭਰੇ ਹਾਲ 'ਚੋਂ ਲੰਘਿਆ ਮੈਂ, ਜਿਹੜੇ ਹੱਥ ਵਿਚ ਡਿਗਰੀ ਵੇਖੀ ਓਹੀ ਮੁਖ ਮੁਰਝਾਇਆ ਹੈ । ਇਹ ਵੀ ਯੁਗ ਕੀ ਯੁਗ ਹੈ ਯਾਰਾ ਹਰ ਪਾਸੇ ਦਿਲ ਕਾਲੇ ਨੇ, ਹਰ ਬੰਦੇ ਨੇ ਵਖਰਾ ਵਖਰਾ ਕੋਈ ਮੁਖੌਟਾ ਪਾਇਆ ਹੈ।
ਕਾਲੀ ਘੁੱਪ ਹਨੇਰੀ ਰਾਤੇ
ਕਾਲੀ ਘੁੱਪ ਹਨੇਰੀ ਰਾਤੇ ਜਿਹੜਾ ਦੀਵਾ ਬਲਦਾ ਸੀ । ਮੇਰੀ ਉੱਚੀ ਨੀਵੀਂ ਵਾਟੇ ਦੂਰੋਂ ਲੋਆਂ ਘਲਦਾ ਸੀ। ਉਹ ਹਾਣੀ ਵੀ ਕਾਹਦੇ ਹਾਣੀ ਰੱਸੀ ਕੋਲੋਂ ਡਰਦੇ ਸਨ, ਮੇਰੇ ਰਸਤੇ ਉਪਰੋਂ ਫਨੀਅਰ ਨਾ ਹਿਲਦਾ ਨਾ ਟਲਦਾ ਸੀ। ਸੋਚਾਂ ਦੇ ਸ਼ਹੁ ਸਾਗਰ ਦੇ ਵਿਚ ਹੈਮਲਿਟ ਵਾਂਗੂੰ ਡੁਬਿਆ ਸਾਂ, ਦੁਬਿਧਾ ਦੇ ਦਰਿਆ ਵਿਚ ਕੋਈ ਥਹੁ ਨਾ ਦਿਸਦਾ ਥਲ ਦਾ ਸੀ। ਲੋਕਾਂ ਦੇ ਜੰਗਲ ਦੇ ਅੰਦਰ ਜਿਸ ਪਾਸੇ ਵਲ ਤਕਿਆ ਮੈਂ, ਸੁੱਕੇ ਪੱਤੇ ਤਿੱਖੀਆਂ ਸੂਲਾਂ ਸੋਨੇ ਦਾ ਮ੍ਰਿਗ ਛਲਦਾ ਸੀ । ਮੈਂ ਕੀ ਲੈਣਾ ਏਸ ਗਰਾਂ ਤੋਂ ਸਾਰੇ ਬੂਹੇ ਢੋਏ ਸਨ, ਜਿੱਥੇ ਰੂਹਾਂ ਉੱਤੇ ਜੰਦਰੇ ਸੰਸਾ ਅਜ ਤੇ ਕਲ੍ਹ ਦਾ ਸੀ । ਕੰਢੇ ਤੇ ਤਿਰਹਾਇਆ ਫਿਰਦਾ ਇਹ ਕਾਹਦੀ ਮਜਬੂਰੀ ਸੀ, ਸਰ ਤੇ ਇਕ ਰਾਕਸ਼ ਦਾ ਪਹਿਰਾ ਹਰਦਮ ਮੈਨੂੰ ਖਲਦਾ ਸੀ । ਕੌਣ ਝਨਾਂ 'ਚੋਂ ਕਚ ਦੀ ਬੇੜੀ ਲੈ ਕੇ ਯਾਰੋ ਤਰਿਆ ਹੈ, ਫਿਰ ਵੀ ਦਿਲ ਦਾ ਰਹਿਬਰ ਮੈਨੂੰ ਪੱਤਣ ਵੱਲੇ ਘਲਦਾ ਸੀ।
ਇਹ ਕੇਹੀ ਸ਼ਾਮ ਹੈ ਯਾਰੋ
ਇਹ ਕੇਹੀ ਸ਼ਾਮ ਹੈ ਯਾਰੋ ਨਵੇਂ ਸੁਫ਼ਨੇ ਲਿਆਈ ਹੈ । ਜਿਨ੍ਹਾਂ ਵਿਚ ਨੂਰ ਸਰਘੀ ਦਾ ਤਪਸ਼ ਸਿਖਰਾਂ ਦੀ ਪਾਈ ਹੈ । ਖਿ਼ਜ਼ਾਂ ਵਿਚ ਫੁਲ ਕਹਿੰਦੇ ਨੇ ਬਹਾਰਾਂ ਦੇ ਨਹੀਂ ਖਿੜਦੇ, ਬਸੰਤੀ ਰੰਗ ਨੇ ਪਤਝੜ ਕਿਵੇਂ ਆ ਕੇ ਸਜਾਈ ਹੈ। ਉਨ੍ਹਾਂ ਯਾਰਾਂ ਦੀ ਯਾਰੀ ਵੀ ਕਿਹੀ ਯਾਰੀ ਮਿਰੇ ਯਾਰੋ, ਜਿਨ੍ਹਾਂ ਦੇ ਮੂੰਹ ਤਾਂ ਰੌਸ਼ਨ ਨੇ ਦਿਲਾਂ ਦੇ ਵਿਚ ਸਿਆਹੀ ਹੈ। ਜਿਧਰ ਵੇਖੋ ਉਧਰ ਲੋਕੀਂ ਮਖੌਟੇ ਪਾ ਕੇ ਫਿਰਦੇ ਨੇ, ਮੁਖੌਟਾ ਹੀ ਹਕੀਕਤ ਵਿਚ ਮਿਰੇ ਯੁਗ ਦੀ ਸੱਚਾਈ ਹੈ । ਹੈ ਸੱਜਣ ਕੌਣ ਤੇ ਦੁਸ਼ਮਣ ਕਹਾਂ ਕਿਸ ਨੂੰ ਕਿਵੇਂ ਸਮਝਾਂ, ਸਵੰਬਰ ਵਿਚ ਦੋਹਾਂ ਨੇ ਸ਼ਕਲ ਇੱਕੋ ਬਣਾਈ ਹੈ । ਜਿਨ੍ਹਾਂ ਨੂੰ ਦੇਸ਼ ਦੇ ਕਲ੍ਹ ਤਕ ਧਰੋਹੀ ਸਮਝਦੇ ਸੀ ਸਭ, ਉਨ੍ਹਾਂ ਲਈ ਕੁਰਸੀਆਂ ਦੀ ਡਾਰ ਫਿਰ ਲੋਕਾਂ ਵਿਛਾਈ ਹੈ। ਇਹ ਭੇਡਾਂ ਬਗਲਿਆਂ ਇੱਲਾਂ ਦੀ ਬਸਤੀ ਹੈ ਮਿਰੇ ਯਾਰੋ ! ਕੀ ਇਹ ਹੈ ਲੋਕਤਾ ਸਾਡੀ ਇਹੀ ਸਾਡੀ ਲੋਕਾਈ ਹੈ ?
ਮੌਸਮ ਦੇ ਖੰਭਾਂ ਤੇ ਬਹਿ ਕੇ
ਮੌਸਮ ਦੇ ਖੰਭਾਂ ਤੇ ਬਹਿ ਕੇ ਕਰਦੇ ਜੋ ਅਸਵਾਰੀ ਲੋਕ । ਉਹ ਨੇ ਪੌਣਾਂ ਦੇ ਪੰਖੇਰੂ ਉਹ ਨਹੀਂ ਹਾਰੀ ਸਾਰੀ ਲੋਕ । ਜਾਂ ਉਹ ਲੀਡਰ, ਧਰਮੀ ਆਗੂ, ਜਾਂ ਸੰਚਾਲਕ ਪੱਤਰਾਂ ਦੇ, ਮਿੱਲਾਂ, ਖੇਤਾਂ ਦੇ ਜਾਂ ਮਾਲਿਕ, ਸਨਮਾਨੇ ਸਰਕਾਰੀ ਲੋਕ । ਇਕ ਸੰਕਟ ਸੀ ਮੁਕਿਆ ਮਰ ਕੇ ਦੂਜਾ ਸੰਕਟ ਆਇਆ ਹੈ, ‘ਮੀਸਾ' ਦੀ ਵੀ ਧਮਕੀ ਹੁਣ ਤਾਂ ਮੰਨਦੇ ਨਹੀਂ ਵਪਾਰੀ ਲੋਕ। ਕਿਹੜਾ ਆ ਕੇ ਚਾਨਣ ਬੀਜੇ ਕਾਲੀ ਬੰਜਰ ਧਰਤੀ ਤੇ, ਜਦ ਚਾਨਣ ਦੇ ਮਾਲਿਕ ਲਾਉਂਦੇ ਨ੍ਹੇਰੇ ਦੇ ਸੰਗ ਯਾਰੀ ਲੋਕ । ਕਿਸ ਨੂੰ ਮੁਜਰਿਮ ਕਹੀਏ ਯਾਰੋ ਕਿਸ ਨੂੰ ਮੁਨਸਿਫ਼ ਮੰਨੋਗੇ ? ਕੂੜਾ ਰਾਜਾ ਕੂੜੀ ਪਰਜਾ ਕੂੜੇ ਸਭ ਦਰਬਾਰੀ ਲੋਕ। ਨਾਟਕ ਹੈ ਜਾਂ ਇਹ ਅਸਲੀਅਤ ਜਦ ਵੀ ਪਰਦਾ ਉਠਿਆ ਹੈ, ਸਿੰਘਾਸਨ ਤੇ ਜਿਹੜੇ ਬੈਠੇ ਦੰਭੀ ਤੇ ਵਿਭਚਾਰੀ ਲੋਕ। ਕਦ ਲੋਕਾਂ ਦੇ ਹੜ੍ਹ ਨੇ ਉਠਣਾ ਕਦ ਜੁਗ ਪਲਟਾ ਹੋਵੇਗਾ ? ਰਸਤੇ ਨੂੰ ਪਧਰਾਉਂਦੇ ਰਹਿੰਦੇ ਹਰ ਦਮ ਲੋਕ-ਲਿਖਾਰੀ ਲੋਕ ।
ਜੰਗਲ ਬੇਲੇ ਲੂਸਣ ਲੱਗੇ
ਜੰਗਲ ਬੇਲੇ ਲੂਸਣ ਲੱਗੇ ਮਚਿਆ ਕੋਈ ਦਾਵਾਨਲ ਹੈ । ਨਖ਼ਲਿਸਤਾਨਾਂ ਨੂੰ ਦਫ਼ਨਾਉਂਦਾ ਵਧਿਆ ਕੋਈ ਮਾਰੂਥਲ ਹੈ । ਦੂਰ ਪੁਲਾੜੀਂ ਜਾ ਕੇ ਚੰਨ ਦੀ ਬੰਦਾ ਕਰ ਆਇਆ ਪਰਕਰਮਾ, ਉਸ ਦੇ ਆਪਣੇ ਚਾਰ ਚੁਫ਼ੇਰੇ ਕੋਈ ਡੋਬੂ ਇਕ ਦਲਦਲ ਹੈ । ਨੀਲ ਸਮੁੰਦਰ ਹਰੀਆਂ ਪੱਬੀਆਂ ਬਾਗ਼ ਬਗ਼ੀਚੇ ਦੋਧੀ ਨਹਿਰਾਂ, ਦੋਜ਼ਖ਼ ਦੀ ਅਗ ਫੂਕੀ ਜਾਵੇ ਜਿੱਥੇ ਕੋਈ ਫੁਲ ਤੇ ਫਲ ਹੈ । ਹਰ ਬੰਦਾ ਅਜ ਸਨਕੀ ਹੋਇਆ ਹਰ ਅਖ ਪੀੜਾ ਵਿਚ ਗੁਆਚੀ, ਜਿਹੜਾ ਦਿਲ ਵੀ ਫੋਲਣ ਲੱਗੋ ਉਸ ਦੇ ਅੰਦਰ ਡੂੰਘਾ ਸਲ ਹੈ । ਕੌਣ ਭਲਾ ਕਿਸ ਸਚ ਦੀ ਖ਼ਾਤਿਰ ਸੂਲੀ ਚੁੰਮੇ ਜਾਨ ਗੰਵਾਏ, ਏਥੇ ਸਚ ਦਾ ਸੌਦਾ ਹੋਵੇ ਜੋ ਭਾਅ ਅਜ ਹੈ, ਵਖਰਾ ਕਲ੍ਹ ਹੈ । ਜਿਸ ਨੂੰ ਦਿਲ ਦਾ ਮਹਿਰਮ ਜਾਤਾ ਉਹ ਵੀ ਅਜ ਪਰਾਇਆ ਹੋਇਆ, ਉਸ ਦੇ ਚਿਹਰੇ ਉੱਪਰ ਦਿਸਦਾ, ਕੋਈ ਗੁੱਝਾ ਡੂੰਘਾ ਛਲ ਹੈ । ਹਦ ਬੰਦੇ ਦਾ ਅਪਣਾ ਝੰਡਾ ਕੋਈ ਕੌਮੀ ਕੋਈ ਦੀਨੀ, ਹਿੰਦੂ ਮੁਸਲਿਮ ਸਿਖ ਈਸਾਈ, ਹਰ ਬੰਦਾ ਏਥੇ ਲੇਬਲ ਹੈ । ਕੌਣ ਭਲਾ ਇਸ ਮੌਸਮ ਅੰਦਰ ਖਿੜਿਆ ਹੋਇਆ ਰਹਿ ਸਕਦਾ ਹੈ, ਬਾਹਰ ਤਪਦਾ ਅੰਦਰ ਧੁਖਦਾ ਹੀਰੋਸ਼ੀਮਾ ਦਾ ਇਹ ਪਲ ਹੈ । ਮੇਰੀ ਚੁਪ ਦਾ ਰੌਲਾ ਮੈਥੋਂ ਹੁਣ ਨਾ ਜਰਿਆ ਜਾਵੇ ਯਾਰੋ, ਮੇਰੀ ਚੀਕ ਮਿਰੇ ਅੰਦਰ ਦੀ ਚਿਰ ਤੋਂ ਦੱਬੀ ਇਕ ਹਲਚਲ ਹੈ ।
ਜਦ ਵੀ ਅਜ ਦਾ ਖ਼ਿਆਲ ਕਰਦਾ ਹਾਂ
ਜਦ ਵੀ ਅਜ ਦਾ ਖ਼ਿਆਲ ਕਰਦਾ ਹਾਂ। ਰੋਜ਼ ਜੀਂਦਾ ਹਾਂ ਰੋਜ਼ ਮਰਦਾ ਹਾਂ। ਖ਼ਬਰਾਂ ਨਸ਼ਤਰ ਤੇ ਜ਼ਹਿਰ ਗੱਲਾਂ ਨੇ, ਰੋਜ਼ ਗੁੱਝੇ ਮੈਂ ਤੀਰ ਜਰਦਾ ਹਾਂ। ਯਾਰਾ ਕਾਹਨੂੰ ਬੰਦੂਕ ਤਾਣੀ ਏ, ਬੰਦਾ ਮੈਂ ਵੀ ਤਾਂ ਤੇਰੇ ਘਰ ਦਾ ਹਾਂ ! ਬੁੱਧ ਨਾਨਕ ਕਬੀਰ ਦੇ ਵਿਹੜੇ, ਸਾਹ ਲੈਣੋਂ ਵੀ ਹੁਣ ਤਾਂ ਡਰਦਾ ਹਾਂ। ਹੋਣੀ ਆਦਮ ਦੀ ਸੋਚ ਕੇ ਯਾਰੋ, ਮੈਂ ਪਾਤਾਲਾਂ ਦੇ ਵਿਚ ਨਿਘਰਦਾ ਹਾਂ। ਅਜ ਵੀ ਲਾਠੀ ਦਾ ਬੋਲ ਬਾਲਾ ਹੈ, ਜਿਹੜੀ ਰਾਹੇ ਮੈਂ ਅਜ ਗੁਜ਼ਰਦਾ ਹਾਂ । ਕੌਣ ਸੱਜਣ ਹੈ ਕੌਣ ਦੁਸ਼ਮਣ ਹੈ, ਕਿਵੇਂ ਦੱਸਾਂ ਮੈਂ ਕਿਸ ਸ਼ਹਿਰ ਦਾ ਹਾਂ। ਕੰਡੇ ਸੂਲਾਂ ਤੇ ਕਹਿਰ ਦੇ ਭਖੜੇ, ਜਿਹੜੇ ਪੱਤਣ ਤੇ ਮੈਂ ਉਤਰਦਾ ਹਾਂ । ਤਪਦੀ ਵਾਰਿਸ ਹੁਸੈਨ ਦੀ ਧਰਤੀ, ਨੰਗੇ ਪੈਰੀਂ ਪਿਆ ਵਿਚਰਦਾ ਹਾਂ। ਕਿਹੜੇ ਰੱਬ ਨੂੰ ਧਿਆਵਾਂ ਮੈਂ ਬਲ੍ਹਿਆ, ਮੈਂ ਕੈਦ ਕੰਧਾਂ ਦੇ ਵਿਚ ਫ਼ਜਰ ਦਾ ਹਾਂ। ਯਾਰੋ ਨਫ਼ਰਤ ਦੇ ਬੀਜ ਨਾ ਬੀਜੋ, ਮੈਂ ਤਾਂ ਬੰਦੇ ਨੂੰ ਇਸ਼ਕ ਕਰਦਾ ਹਾਂ।
ਸੈਂਤੀ ਵਰ੍ਹਿਆਂ ਅੰਦਰ ਆਪਾਂ
ਸੈਂਤੀ ਵਰ੍ਹਿਆਂ ਅੰਦਰ ਆਪਾਂ ਕੀ ਖਟਿਆ ਕੀ ਪਾਇਆ ਹੈ । ਬੁੱਸੀਆਂ ਲੀਹਾਂ ਪੁੱਠੀਆਂ ਸੋਧਾਂ ਸੋਚਾਂ ਨੂੰ ਧੁੰਦਲਾਇਆ ਹੈ। ਜੋ ਦਿੱਲੀ ਪੰਜਾਬ 'ਚ ਹੋਇਆ' ਕਿਸ ਨੂੰ ਦੋਸ਼ੀ ਆਖੋਗੇ ? ਹਰ ਥਾਂ ਮੁੜ ਮੁੜ ਆਪਾਂ ਯਾਰੋ ਆਪਣਾ ਖ਼ੂਨ ਵਹਾਇਆ ਹੈ । ਜਿਸ ਸੁਫ਼ਨੇ ਦੀ ਖ਼ਾਤਿਰ ਆਪਾਂ ਏਨੇ ਦੁਖੜੇ ਝੱਲੇ ਸਨ, ਉਸ ਸੁਫ਼ਨੇ ਦੀ ਵੇਖ ਹਕੀਕਤ ਮੇਰਾ ਮਨ ਸ਼ਰਮਾਇਆ ਹੈ । ਜਿਸ ਵਿਹੜੇ ਵਿਚ ਰੰਗ ਬਿਰੰਗੇ ਫੁਲ ਕਦੇ ਮੁਸਕਾਉਂਦੇ ਸਨ, ਉਸ ਵਿਹੜੇ ਵਿਚ ਖ਼ੂਨੀ ਸੂਲਾਂ ਥਾਂ ਥਾਂ ਡੇਰਾ ਲਾਇਆ ਹੈ। ਹੁਣ ਤੇ ਹਾਸਾ ਆਉਂਦਾ ਸੁਣ ਕੇ ਕੀ ਇਕਬਾਲ ਨੇ ਲਿਖਿਆ ਸੀ, ਕਿਹੜਾ ਹਿੰਦੁਸਤਾਨ ਹੈ ਜਿਸ ਦਾ ਨਗ਼ਮਾ ਉਸ ਨੇ ਗਾਇਆ ਹੈ। ਹਰ ਚਿਹਰਾ ਹੈ ਸੁੰਞਾ ਹੋਇਆ ਹਰ ਜਿੰਦ ਜਿਵੇਂ ਸਰਾਪੀ ਹੋਈ, ਕਿਹੜਾ ਦੁਰਵਾਸਾ ਅਜ ਮੁੜ ਕੇ ਪੀੜਾਂ ਵੰਡਣ ਆਇਆ ਹੈ । ਵਿਸ ਨਾ ਘੋਲੋ ਹੋਰ ਫ਼ਿਜ਼ਾ ਵਿਚ ਪਿਆਰ ਦੇ ਨਗ਼ਮੇ ਛੇੜੋ ਹੁਣ, ਮਾਨਸ ਦੀ ਤਾਂ ਜ਼ਾਤ ਹੈ ਇੱਕੋ ਗੋਬਿੰਦ ਨੇ ਫ਼ਰਮਾਇਆ ਹੈ ।
ਕਵਿਤਾਵਾਂ
ਪੁਲ ਹੀ ਰਸਤਾ ਹੈ ਦੁਨੀਆ ਵਾਸਤੇ ਇਹ ਸਿਰਫ਼ ਪੂਰਬ ਤੇ ਪੱਛਮ ਹੀ ਨਹੀਂ ਇਹ ਦਿਲਾਂ ਨੂੰ ਜੋੜ ਸਕਦੈ ਆਓ ਆਪਾਂ ਪੁਲ ਬਣੀਏ ਤੇ ਨਵਾਂ ਆਗ਼ਾਜ਼ ਕਰੀਏ ।
ਮੈਂ ਤੇ ਡਿੱਕੀ
ਡੂੰਘ ਖ਼ਿਆਲਾਂ ਵਿਚ ਗੁਆਚਾ ਕਿਸੇ ਮਿੱਠੀ ਯਾਦ 'ਚ ਡੁੱਬਾ ਸੁਪਨੇ ਦੇ ਸੰਸਾਰ ਸਜਾਂਦਾ ਮਸਤ ਜਿਹਾ ਸਾਂ ਟੁਰਿਆ ਜਾਂਦਾ ਲੰਮੀਆਂ ਖੁੱਲ੍ਹੀਆਂ ਸੜਕਾਂ ਉੱਤੇ ਜਿਸ ਉੱਪਰ ਚਲਦੇ ਜਾਂਦੇ ਸਨ ਕਾਰਾਂ, ਬੱਸਾਂ ਅਤੇ ਸਕੂਟਰ ਟੈਕਸੀਆਂ ਟਾਂਗੇ ਮੋਟਰ ਸਾਈਕਲ ਫੁਟਪਾਥਾਂ ਤੇ ਟੁਰਦੇ ਜਾਂਦੇ ਮੇਰੇ ਵਰਗੇ ਰਾਹੀ ਪੈਦਲ ਆਪਣੇ ਆਪਣੇ ਲਈ ਨਿਸ਼ਾਨੇ ਛੇਤੀ ਛੇਤੀ ਕਦਮ ਵਧਾਂਦੇ । ਭਾਵੇਂ ਮੈਂ ਸਾਂ ਟੁਰਿਆ ਜਾਂਦਾ ਮਹਾ ਨਗਰ ਮਨ-ਮੋਹਣੇ ਅੰਦਰ ਰੌਣਕ ਭਰੀਆਂ ਸੜਕਾਂ ਉੱਪਰ ਤਕਦਾ ਮੈਂ ਸਾਂ ਦੂਰ ਇਨ੍ਹਾਂ ਸੜਕਾਂ ਤੋਂ ਦੂਰ ਦੇਸ਼ ਦੀਆਂ ਹੱਦਾਂ ਤੋਂ ਦੂਰ ਸੁਹਣੀ ਹਰੀ ਭਰੀ ਕੋਈ ਵਾਦੀ ਨਖ਼ਲਿਸਤਾਨਾਂ ਨਾਲ ਸ਼ਿੰਗਾਰੀ ਦਿਸਦੀ ਪਈ ਸੀ ਏਦਾਂ ਮੈਨੂੰ ਅੱਖੀਆਂ ਸਾਹਵੇ ਜਿਉਂ ਪਰਛਾਵੇਂ ਸੂਰਜ ਕਿਰਨਾਂ ਨਾਲ ਬਣੇ ਸਨ ਥਾਵੇਂ ਥਾਵੇਂ । ਮੇਰੇ ਦੋਵੇਂ ਪਾਸੇ ਫੈਲੇ ਭਰੇ ਬਾਜ਼ਾਰ ਸਜੇ ਸਟਾਲ ਕਈ ਕਿਸਮਾਂ ਦੀਆਂ ਚੀਜ਼ਾਂ ਨਾਲ ਹਾਰੂਨ-ਅਲ-ਰਸ਼ੀਦ ਵੀ ਜੇਕਰ ਆ ਜਾਵੇ ਉਹ ਏਥੇ ਪਲ ਭਰ ਸਾਰੀ ਦੌਲਤ ਤੁਰਤ ਲੁਟਾਵੇ ਫਿਰ ਵੀ ਤਕਦਾ ਹੀ ਰਹਿ ਜਾਵੇ । ਕਿੰਨੀ ਸੁਹਣੀ ਦਿੱਲੀ ਸਾਡੀ ਸੁਹਣਾ ਭਾਰਤ ਏਥੇ ਦਿੱਸੇ ਜੋਬਨ ਵੀ ਪਿਆ ਡਲ੍ਹਕਾਂ ਮਾਰੇ ਹੁਸਨ ਜਵਾਨੀ ਖਿੜ ਖਿੜ ਹੱਸਣ ਕਿੰਨੀਆਂ ਸੁੰਦਰ ਇਹ ਮੁਟਿਆਰਾਂ ਦੇਸ਼ ਵਿਦੇਸ਼ਾਂ ਤੋਂ ਇਹ ਨਾਰਾਂ ਸ਼ੋ-ਕੇਸਾਂ ਦੇ ਆਲੇ ਦੁਆਲੇ ਦੁਗਣੀਆਂ ਅਤੇ ਚੌਗਣੀਆਂ ਲੱਗਣ ਸ਼ੀਸ਼ੇ -ਕੰਧਾਂ ਅੰਦਰ ਖੜੀਆਂ। ਜੇ ਅਕਬਰ ਵੀ ਆ ਕੇ ਵੇਖੇ ਜੋ ਮੀਨਾ ਬਾਜ਼ਾਰ ਲਗਾਂਦਾ ਹੁਸਨਾਂ ਦੇ ਗੁਲਜ਼ਾਰ ਸਜਾਂਦਾ ਫੁੱਲਾਂ ਉੱਤੇ ਭੌਰੇ ਵਾਂਗਰ ਫਿਰਦਾ ਰਹਿੰਦਾ ਤੇ ਨਸ਼ਿਆਂਦਾ ਸੁੰਦਰਤਾ ਨੂੰ ਗਲੇ ਲਗਾਂਦਾ ਮਾਤ ਪਏ ਸਭ ਰੌਣਕ ਉਹਦੀ ਕਨਾਟ ਪਲੇਸ ਦੀ ਰੌਣਕ ਸਾਹਵੇਂ। ਕੀ ਇਹ ਓਹੀ ਸੁੰਦਰ ਧਰਤੀ ਜਿੱਥੇ ਕੌਰਵ ਪਾਂਡਵ ਆਏ ਇੰਦਰਪ੍ਰਸਥੀ ਨਗਰ ਸਜਾਏ । ਕਈਆਂ ਸਦੀਆਂ ਪਹਿਲੇ ਏਥੇ ਜ਼ਾਲਿਮ ਕਈ ਜਰਵਾਣੇ ਆਏ ਮੁਗ਼ਲ ਸ਼ਹਿਨਸ਼ਾਹਾਂ ਨੇ ਆ ਕੇ ਆਪਣੇ ਝੰਡੇ ਸਨ ਲਹਿਰਾਏ ਜਿੱਥੇ ਵੀਰ ਮਰਾਠੇ ਪੁੱਜੇ ਛਤ੍ਰਪਤੀ ਦੇ ਨਾਅਰੇ ਲਾਏ । ਓਹੀ ਤਾਂ ਹੈ ਸਵਰਗ ਪੁਰਾਣਾ ਪਾਂਡੂਆਂ ਦਾ ਉਹ ਦੁਰਗ ਪੁਰਾਣਾ ਸ਼ਾਹ ਜਹਾਨ ਦਾ ਲਾਲ ਕਿਲਾ ਉਹ ਹਿਮਾਯੂੰ ਓਥੇ ਸੁੱਤਾ ਹੋਇਆ ਜੰਤਰ ਮੰਤਰ ਗੁੰਝਲ ਦਿੱਸੇ ਕਿੰਨਾ ਸੁਹਣਾ ਚਾਂਦਨੀ ਚੌਕ ਚਾਂਦਨੀ ਚੌਕ !!! ਜਿੱਥੇ ਇਕ ਮਹਾਨ ਪੁਰਸ਼ ਨੇ ਸੀਸ ਕਟਾਇਆ ਮਾਨਵਤਾ ਲਈ ਭਾਰਤ ਦਾ ਸਵੈਮਾਨ ਬਚਾਇਆ। ਜਿੱਥੇ ਦੋ ਮੁਗ਼ਲਈ ਸ਼ਹਿਜ਼ਾਦੇ ਅਣਖੀ ਦੂਲੇ ਸ਼ਾਹ ਤੇ ਸ਼ਾਇਰ ਜ਼ਫ਼ਰ ਦੇ ਪੁੱਤਰ ਗਏ ਲਟਕਾਏ ਭਰੇ ਚੌਕ ਵਿਚ ਫਾਂਸੀ ਦੇ ਰੱਸਿਆਂ ਦੇ ਨਾਲ ਜਿਨ੍ਹਾਂ ਸ਼ਹੀਦਾਂ ਦੀ ਰੱਤ ਗੂੜ੍ਹੀ ਨਾਲ ਸੀ ਜਮਨਾ ਹੋਈ ਲਾਲ ਹੋਇਆ ਸਾਰਾ ਦੇਸ਼ ਨਿਢਾਲ ਫਿਰ ਵੀ ਪਰ ਨਾ ਸ਼ਾਨ ਗੰਵਾਈ ਆਜ਼ਾਦੀ ਦੀ ਸ਼ਮਾ ਜਲਾਈ ਹੋਰ ਅਨੇਕਾਂ ਖੰਡਰ ਏਥੇ ਭੂਤ ਕਾਲ ਦੀ ਦੇਣ ਗਵਾਹੀ। ਤਾਂ ਇਹ ਜਮਨਾ ਦੀ ਵਾਦੀ ਹੈ ! ਜਿੱਥੇ ਪ੍ਰਿਥਵੀਰਾਜ ਚੌਹਾਨ ਹੁਸਨਾਂ ਪਰੀ ਸੰਜੋਗਤਾ ਲੈ ਕੇ ਆਇਆ ਸੀ ਦੁਸ਼ਮਣ ਨੂੰ ਜਿੱਤ ਕੇ ਕਹਿੰਦੇ ਉਸ ਨੇ ਆਪਣੀ ਧੀ ਲਈ ਇਕ ਸੁੰਦਰ ਮੀਨਾਰ ਬਣਾਇਆ ਚੰਦਰ ਰਾਜ ਦੇ ਥੰਮ ਦੇ ਨਾਲ ਲਾਡਾਂ ਨਾਲ ਪਲੋਸੀ ਧੀ ਨੂੰ ਜਮਨਾ ਦਾ ਸੀ ਤੀਰ ਵਿਖਾਇਆ ਓਹੀ ਤਾਂ ਹੈ ਉੱਚਾ ਸੁਹਣਾ ਜਿਸ ਨੂੰ ਕਹਿੰਦੇ ਕੁਤਬ ਮੀਨਾਰ ਕੁਤਬਦੀਨ ਤੋਂ ਬਾਅਦ ਅਲਤਮਸ਼ ਜਿਸ ਨੂੰ ਆ ਕੇ ਤੋੜ ਚੜ੍ਹਾਇਆ ਜਿਸ ਨੂੰ ਸਾਡੇ ਅਮਰ ਕਵੀ ਨੇ “ਹਿੰਦ ਗਗਨ ਦਾ ਸਾਂਝਾ ਇੰਦੂ" ਕਹਿ ਕੇ ਸਾਰਾ ਭੇਦ ਮਿਟਾਇਆ। ਆਪਣੇ ਦੇਸ਼ ਸੁਤੰਤਰ ਦੇ ਇਸ ਮਹਾ ਨਗਰ ਦੇ ਜਲਵੇ ਤਕਦਾ ਸੜਕਾਂ ਦੇ ਦੋਵੇਂ ਪਾਸੇ ਤੇ ਉੱਚੀਆਂ ਉੱਚੀਆਂ ਵੱਡੀਆਂ ਵੱਡੀਆਂ ਮੈਂ ਇਮਾਰਤਾਂ ਤਕਦਾ ਤਕਦਾ ਟੁਰਿਆ ਜਾਂਦਾ ਡੂੰਘੇ ਖ਼ਿਆਲਾਂ ਵਿਚ ਗੁਆਚਾ ਕਿਸੇ ਮਿੱਠੀ ਯਾਦ 'ਚ ਡੁੱਬਾ ਸੁਪਨੇ ਦੇ ਸੰਸਾਰ ਸਜਾਂਦਾ ਮਸਤ ਜਿਹਾ ਸਾਂ ਤੁਰਿਆ ਜਾਂਦਾ। ਅਜ ਕੋਈ ਛੁਟ ਬਿਗਾਨੀ ਹੈ ਨਹੀਂ ਜ਼ਾਲਿਮ ਇੰਗਲਿਸਤਾਨੀ ਹੈ ਨਹੀਂ ਸੜਕਾਂ ਦੀ ਲੰਬਾਈ ਸਾਡੀ ਧਰਤੀ ਦੀ ਚੌੜਾਈ ਸਾਡੀ ਆਲੀਸ਼ਾਨ ਮਕਾਨ ਵੀ ਸਾਡੇ ਜ਼ਮੀਨ ਅਤੇ ਅਸਮਾਨ ਵੀ ਸਾਡੇ ਅਜ ਤਾਂ ਹੁਕਮਰਾਨ ਵੀ ਸਾਡੇ ! ਪਾਰਲੀਅਮੈਂਟ ਹਾਊਸ ਵੀ ਸਾਡਾ ਰਾਸ਼ਟਰਪਤੀ ਭਵਨ ਵੀ ਸਾਡਾ ਉੱਚਾ ਇੰਡੀਆ ਗੇਟ ਵੀ ਸਾਡਾ ਇੰਨੇ ਸੁਹਣੇ ਭਵਨ ਵਿਸ਼ਾਲ ਇਹ ਸਭ ਸਾਡੇ ! ਸਭ ਜਨਤਾ ਦੇ । ਵਾਹ ਆਜ਼ਾਦੀ ਕਿੰਨੀ ਸੁਹਣੀ ਕਿੰਨੀ ਚੰਗੀ ਕਲ੍ਹ ਇਨ੍ਹਾਂ ਭਵਨਾਂ ਦੇ ਮਾਲਿਕ ਜ਼ਾਲਿਮ ਕੋਈ ਵਿਦੇਸ਼ੀ ਹੈ ਸਨ ਕਲ੍ਹ ਤਕ ਜੋ ਸਨ ਰੋਅਬ ਜਮਾਂਦੇ ਅਜ ਨੇ ਸਾਰੇ ਸੀਸ ਨਿਵਾਂਦੇ ਸਾਡੇ ਅੱਗੇ ! ਨਹੀਂ ਸਾਡੀ ਸਰਕਾਰ ਦੇ ਅੱਗੇ ਜਨਤਾ ਦੀ ਜੈਕਾਰ ਦੇ ਅੱਗੇ ਇਕ ਮੁੱਠ ਇਸ ਆਬਾਦੀ ਅੱਗੇ ਨਹੀਂ ਨਹੀਂ ਨਹੀਂ ਆਜ਼ਾਦੀ ਅੱਗੇ ! ਆਜ਼ਾਦੀ ਦਾ ਇਹ ਅਹਿਸਾਸ ਪੰਦਰਾਂ ਤੇ ਛੱਬੀ ਨੂੰ ਹੁੰਦਾ ਜਦੋਂ ਇਨ੍ਹਾਂ ਹੀ ਸੜਕਾਂ ਉੱਤੇ ਹੋਣ ਪਰੇਡਾਂ ਤਾਕਤ ਦੇ ਪ੍ਰਦਰਸ਼ਨ ਦੇ ਲਈ ਉਸ ਦਿਨ ਹਰ ਭਾਰਤ ਵਾਸੀ ਦਾ ਗੌਰਵਮਈ ਸਿਰ ਉੱਚਾ ਹੁੰਦਾ ਆਜ਼ਾਦੀ ਦੀ ਦੇਵੀ ਤੈਨੂੰ ਲਖ ਲਖ ਵਾਰ ਪ੍ਰਣਾਮ ਕਰਾਂ ਮੈਂ ! ਕਿੰਨਾ ਸੁਹਣਾ ਬਿਰਲਾ ਮੰਦਰ ਕਲਾ ਪਈ ਵੱਸੇ ਇਸ ਦੇ ਅੰਦਰ ਇਸ ਨੂੰ ਵੱਡੇ ਸੇਠ ਬਣਾਇਆ ਲੱਖਾਂ ਜਿਸ ਰੁਪਈਆ ਲਾਇਆ ਕਿੰਨਾ ਚੰਗਾ ਕਿੰਨਾ ਨੇਕ-ਬਖ਼ਤ ਉਹ ਬੰਦਾ ਜਿਸ ਲੋਕਾਂ ਦੀ ਸੇਵਾ ਖ਼ਾਤਿਰ ਇੰਨਾ ਸੁਹਣਾ ਤੇ ਮਨ-ਮੋਹਣਾ ਪਿਆਰਾ ਪਿਆਰਾ ਉੱਚਾ ਸੁੱਚਾ ਰੱਬ ਦਾ ਇਹ ਮੰਦਰ ਬਣਵਾਇਆ । ਵਿਸ਼ਕਰਮਾ ਵਰਗੇ ਕਈ ਲਾ ਕੇ ਸ਼ਿਲਪਕਾਰ ਜੋ ਬਹੁਤ ਸਿਆਣੇ ਚਿਤ੍ਰਕਾਰ ਕਈ ਬਹੁਤ ਪੁਰਾਣੇ ਬੁੱਤਕਾਰ ਮੰਨੇ ਪਰਮੰਨੇ ਪਾਣੀ ਵਾਂਗ ਵਹਾ ਕੇ ਪੈਸਾ ਸੁਹਜ ਸਵਾਦ ਦੇ ਨਾਲ ਸਜਾ ਕੇ ਇਸ ਮੰਦਰ ਨੂੰ ਤੋੜ ਚੜ੍ਹਾਇਆ ਜਨਤਾ ਤੇ ਅਹਿਸਾਨ ਕਮਾਇਆ ਜਿਸ ਨੂੰ ਦੇਸ਼ ਪਿਤਾ ਗਾਂਧੀ ਨੇ ਸਚ ਅਹਿੰਸਾ ਦੇ ਪਾਂਧੀ ਨੇ ਮਾਨਵਤਾ ਲਈ ਦੇ ਕੁਰਬਾਨੀ ਹੋਰ ਪਵਿੱਤਰ ਕਰ ਦਿਖਲਾਇਆ। ਮੰਦਰਾਂ ਦੇ ਕਈ ਨਕਸ਼ ਬਣਾਂਦਾ ਟੁਰਿਆ ਜਾਂਦਾ ਡੂੰਘੇ ਖ਼ਿਆਲਾਂ ਵਿਚ ਗੁਆਚਾ ਕਿਸੇ ਮਿੱਠੀ ਯਾਦ 'ਚ ਡੁੱਬਾ ਸੁਪਨੇ ਦੇ ਸੰਸਾਰ ਸਜਾਂਦਾ ਮਸਤ ਜਿਹਾ ਸਾਂ ਟੁਰਿਆ ਜਾਂਦਾ। ਬਿਰਲਾ ਮੰਦਰ ਰਹਿ ਗਿਆ ਦੂਰ ਮੈਂ ਭਰਿਆ ਸਾਂ ਵਿਚ ਸਰੂਰ ਓਸ ਸੇਠ ਦੇ ਸੁਹਲੇ ਗਾਂਦਾ... ਦੁਨੀਆਂ ਦੇ ਸਭ ਖ਼ਿਆਲ ਗੰਵਾ ਕੇ ਰੌਲੇ ਵੱਲੋਂ ਕੰਨ ਹਟਾ ਕੇ ਟੁਰਿਆ ਜਾਂਦਾ ਉਸ ਉਪਕਾਰੀ ਦੇ ਸੁਹਲੇ ਗਾਂਦਾ... “ਬਾਬੂ ਜੀ ! ਇਕ ਪੈਸਾ !! ਬਾਬੂ ! ਤੇਰਾ ਬੱਚਾ ਜੀਵੇ !! ਬਾਬੂ ! ਸਦਾ ਜਵਾਨੀ ਮਾਣੇਂ !! ਬਾਬੂ ਜੀ ! ਇਕ ਪੈਸਾ !!'' ਚੌਂਕ ਪਿਆ ਮੈਂ ਟੁਰਿਆ ਜਾਂਦਾ। ਮੇਰੇ ਤੋਂ ਵੀ ਕਾਹਲੀ ਕਾਹਲੀ ਅੱਧੇ ਖੁਲ੍ਹੇ ਹੋਠਾਂ ਵਾਲੀ ਸਾਂਉਲੇ ਤਿੱਖੇ ਅੰਗਾਂ ਵਾਲੀ ਇਕ ਮੁਰਝਾਈ ਨਾਜ਼ਕ ਨਾਰੀ ਮੇਰੇ ਪਿੱਛੇ ਟੁਰਦੀ ਆਉਂਦੀ ਆਪਣੇ ਕੁੱਛੜ ਬੱਚਾ ਚੁਕੀ ਸੁੱਕਾ ਸੁੱਕਾ ਭੁੱਖਾ ਭੁੱਖਾ ਜਿਸ ਦੀਆਂ ਅੱਖਾਂ ਟੱਡੀਆਂ ਹੋਈਆਂ ਗਲ੍ਹਾਂ ਤੇ ਕੋਈ ਮਾਸ ਨਾ ਦਿਸਦਾ ਦੋ ਟੋਇਆਂ ਵਿਚ ਚਮਕਣ ਉਹਦੇ ਮੋਟੇ ਮੋਟੇ ਸਹਿਮੇ ਸਹਿਮੇ ਨੈਣ ਵਿਚਾਰੇ ਮਾਂ ਦੀਆਂ ਅੱਖੀਆਂ ਤੋਂ ਵੀ ਰੁੱਖੇ ਮਾਂ ਦੀਆਂ ਅੱਖੀਆਂ ਤੋਂ ਵੀ ਭੁੱਖੇ ਬਿਨ ਹੰਝੂ, ਨਿਰਜਿੰਦ ਤੇ ਨੀਰਸ ਸੱਖਣੇ ਸੱਖਣੇ ਨੈਣ ਓਸ ਦੇ ਉਸ ਦੀ ਮਾਂ ਸੀ ਟੁਰਦੀ ਆਉਂਦੀ ਮੇਰੇ ਪਿੱਛੇ ਪਤਾ ਨਹੀਂ ਕਿਉਂ ? ਕਿੱਥੋਂ ? ਕਦ ਤੋਂ ?? ਮੈਲੀ ਜਿਹੀ ਇਕ ਸਾੜ੍ਹੀ ਪਾਈ ਪਾਟੇ ਸਨ ਲੰਗਾਰ ਜਿਸ ਦੇ ਪੈਰਾਂ ਤੋਂ ਲੈ ਪਿੰਨੀਆਂ ਤੀਕਰ ਗੋਡਿਆਂ ਤੋਂ ਵੀ ਕੁਝ ਕੁਝ ਉੱਪਰ ਉਸ ਦੀਆਂ ਸਾਂਉਲੀਆਂ ਪਿੰਨੀਆਂ ਨੰਗੀਆਂ ਗਲ ਵਿਚ ਇਕ ਪਾਟੀ ਜਿਹੀ ਚੋਲੀ ਉਸ ਦਾ ਜੋਬਨ ਕਜ ਨਾ ਸੱਕੇ ਉਸ ਦੀ ਨੰਗ ਪਈ ਦੱਸੇ ਕੋਈ ਭੇਤ ਜ਼ਬਾਨੀ । ਗੁੱਝੀ ਗੁੱਝੀ ਲੰਮੀ ਲੰਮੀ ਦੁੱਖਾਂ ਵਾਲੀ ਅਕਥ ਕਹਾਣੀ । ਉਸ ਦੀ ਜੀਭਾ ਨਾਲੋਂ ਵਧ ਕੇ ਉਸ ਦੇ ਪਾਟੇ ਕਪੜੇ ਦੱਸਣ ਦਰਦ ਭਰੀ ਕੋਈ ਕਥਾ ਪੁਰਾਣੀ । ਕਿੱਥੇ ਸਾਂ ਮੈਂ ਟੁਰਿਆ ਜਾਂਦਾ ? ਮੈਂ ਤਾਂ ਪੱਥਰ ਵਾਂਗ ਖੜਾ ਸਾਂ “ਬਾਬੂ ਜੀ ! ਕੋਈ ਪੈਸਾ !! ਬਾਬੂ ਜੀ ! ਮੇਰਾ ਬੱਚਾ ਭੁੱਖਾ !! ਬਾਬੂ ਜੀ ! ਮੈਂ ਆਪ ਵੀ ਭੁੱਖੀ !! ਮੇਰਾ ਸਭ ਪਰਿਵਾਰ ਵੀ ਭੁੱਖਾ !!!" ਸਚ ਮੁਚ ਪੱਥਰ ਵਾਂਗ ਖੜਾ ਸਾਂ ਉਸ ਕੁਰਲਾਉਂਦੀ ਨਾਰੀ ਅੱਗੇ ਜਿਸ ਦਾ ਦਿੱਸੇ ਲੂੰ ਲੂੰ ਭੁੱਖਾ । ਠਕ ਠਕ ! ਠਕ ਠਾਕ !! ਠਾਹ ਠਾਹ ! ਠਾਹ ਠਾਹ ਦੂਜੇ ਪਾਸੇ ਪੱਥਰ ਕੁਟਦੇ ਕੁਝ ਮਜ਼ਦੂਰ ਪਥਰਾਂ ਉੱਤੇ ਬੈਠੇ ਬੈਠੇ ਪਥਰਾਂ ਦੁਆਲੇ ਕੁਲੀਆਂ ਬਣੀਆਂ ਕੁਲੀਆਂ ਦੁਆਲੇ ਪੱਥਰ ਖਿਲਰੇ ਮੇਰੇ ਸਾਹਵੇਂ ਉਸ ਪਾਸੇ ਵਲ ਉਸਰ ਰਿਹਾ ਸੀ ਭਵਨ ਵਿਸ਼ਾਲ ਓਥੇ ਸਨ ਕੁਝ ਹੈਟਾਂ ਵਾਲੇ ਰੰਗ-ਬਿਰੰਗੀਆਂ ਪੱਗਾਂ ਵਾਲੇ ਹੁਕਮ ਚਲਾਉਂਦੇ- ਇੱਟਾਂ ਲਿਆਓ ! ਬਜਰੀ ਲਿਆਓ ! ਸੀਮਿੰਟ ਲਿਆਓ ! ਠੀਕ ਉਸੇ ਨਾਰੀ ਦੇ ਵਾਂਗੂੰ ਕਈ ਔਰਤਾਂ ਜਿਨ੍ਹਾਂ ਦੇ ਸਨ ਪੈਰ ਵੀ ਨੰਗੇ ਗੋਰੀਆਂ ਸਾਂਉਲੀਆਂ ਪਿੰਨੀਆਂ ਨੰਗੀਆਂ ਜੋਬਨ ਭਾਰ ਤੇ ਪੇਟ ਵੀ ਨੰਗਾ ਕਈ ਕਈ ਬਾਟੇ ਚੁੱਕੀ ਆਵਣ ਰੋੜੀ ਸੀਮਿੰਟ ਬਜਰੀ ਲੱਦੇ ਮੇਰੇ ਖ਼ਿਆਲਾਂ ਅੰਦਰ ਲੱਗੇ ਉਸਰਣ ਭਵਨ ਅਨੇਕਾਂ ਜਿਹੜੇ ਦਿਨ ਭਰ ਦੇ ਵਿਚ ਤਕ ਆਇਆ ਸਾਂ ! ਕਿਉਂ ਮੰਗਦੀ ਏ ? ਕੰਮ ਨਹੀਂ ਕਰਦੀ ? ਓਹਨਾਂ ਮਜ਼ਦੂਰਾਂ ਦੇ ਵਾਂਗੂੰ ਜਿਹੜੇ ਅਪਣੀ ਰੋਜ਼ੀ ਖ਼ਾਤਿਰ ਸਖ਼ਤ ਮੁਸ਼ੱਕਤ ਕਰਦੇ ਪਏ ਨੇ ਤੂੰ ਵੀ ਕੰਮ ਕਰ ਜਾ ਕੇ ਓਥੇ।” “ਬਾਬੂ ! ਮੈਂ ਓਥੋਂ ਹੀ ਆਈ ਜਿੱਥੇ ਤੂੰ ਤੱਕੀ ਜਾਨਾ ਏਂ ਇਹਨਾਂ ਪੱਥਰਾਂ ਥੱਲੇ ਦਬਿਆ ਮਾਲਿਕ ਮੇਰਾ ਪੱਥਰ ਕੁਟਦਾ ਰੋੜੀ ਚੁਕਦਾ ਸੀਮਿੰਟ ਭਰਦਾ ਉੱਚੀ ਉਸ ਟੀਸੀ ਤੋਂ ਡਿਗਿਆ ਮੇਰਾ ਬੱਚਾ ਰੋਂਦਾ ਰਹਿੰਦਾ ਇਸ ਲਈ ਮੈਨੂੰ ਕੰਮ ਨਹੀਂ ਮਿਲਦਾ " ਮੈਂ ਰੁਕਿਆ ਸਾਂ ਟੁਰਦਾ ਜਾਂਦਾ ਮਿੱਠੀ ਮੇਰੀ ਯਾਦ ਵੀ ਟੁੱਟੀ ਸੁਪਨੇ ਦਾ ਸੰਸਾਰ ਵੀ ਟੁੱਟਾ ਡਿਗ ਪਿਆ ਮੈਂ ਟੁਰਿਆ ਜਾਂਦਾ ਹੁਣ ਸਾਂ ਡੱਕੋ ਡੋਲੇ ਖਾਂਦਾ। ਕੀ ਇਹ ਓਹੀ ਦੇਸ਼ ਹੈ ਮੇਰਾ ਜਿਸ ਦੇ ਸੁਹਣੇ ਭਵਨ ਵਿਸ਼ਾਲ ਅਪਣੇ ਸਾਡੇ ਮੇਰੇ ਵੀ ਇਸ ਨਾਰੀ ਦੇ ਵੀ ! ਜਿਸ ਦਾ ਦਿੱਸੇ ਅੰਗ ਅੰਗ ਭੁੱਖਾ ਜਿਸ ਦਾ ਬੱਚਾ ਸੁਕਿਆ ਤੀਲਾ ਜਿਸ ਦੇ ਪੈਰ ਬਿਆਈਆਂ ਪਾਟੇ ਜਿਸ ਦਾ ਅੱਧਾ ਜਿਸਮ ਏ ਨੰਗਾ ਜਿਸ ਦਾ ਵਾਤਾਵਰਣ ਵੀ ਭੁੱਖਾ ! ਕੀ ਏਹੀ ਆਜ਼ਾਦੀ ਸਾਡੀ ! ਸੁਹਣੀ ਮਿੱਠੀ ਵਾਦੀ ਸਾਡੀ ਜਿੱਥੇ ਲੱਖਾਂ ਬੰਦੇ ਭੁੱਖੇ ਮਿਹਨਤ ਕਰਦੇ ਫਿਰ ਵੀ ਭੁੱਖੇ ਭਵਨ ਉਸਾਰਣ ਵਾਲੇ ਕਾਮੇ ਕੁੱਲੀਆਂ ਦੇ ਵਿਚ ਵਸਦੇ ਸਾਰੇ ਅਧ-ਨੰਗੇ ਅਧ-ਭੁੱਖੇ ਦਿਸਦੇ ਇਹ ਕਿਉਂ ਭੁੱਖੇ ? ਇਹ ਕਿਉਂ ਨੰਗੇ ? ਇਹ ਕਿਉਂ ਬੇਘਰ ? ਇਹ ਆਜ਼ਾਦੀ ਸੁਪਨ ਅਧੂਰਾ ਇਹ ਤਾਂ ਕੇਵਲ ਭਰਮ ਭੁਲੇਖਾ ਪਤਾ ਨਹੀਂ ਉਸ ਨਾਰੀ ਅੱਗੇ ਕੀ ਕੁਝ ਵਾਧੂ ਬੋਲ ਗਿਆ ਸਾਂ । ਉਹ ਭੋਲੀ ਦੁਖਿਆਰੀ ਨਾਰੀ ਸਮਝ ਨਾ ਸੱਕੀ ਮੇਰੇ ਮਨ ਦੀ ਇਸ ਲੀਲਾ ਨੂੰ ਸਮਝ ਕੇ ਪਾਗਿਲ ਅੱਗੇ ਟੁਰ ਪਈ। ਸ਼ਾਮੀਂ ਮੈਂ ਇਕ ਯਾਰ ਨੂੰ ਮਿਲਿਆ ਮੈਂ ਅਪਣੇ ਅਵਤਾਰ ਨੂੰ ਮਿਲਿਆ ਉੱਥੇ ਮੈਂ ਡਿੱਕੀ ਨੂੰ ਤਕਿਆ ਡਿੱਕੀ ਸੀ ਇਕ ਬੱਚੀ ਪਿਆਰੀ ਨਿੱਕੀ ਨਿੱਕੀ, ਮਿੱਠੀ ਮਿੱਠੀ ਪੋਲੇ ਪੋਲੇ ਅੰਗ ਓਸ ਦੇ ਹਸਦੇ ਹਸਦੇ ਨੈਣ ਓਸ ਦੇ ਕਾਲੇ ਕਾਲੇ ਲਿਸ਼ਕਾਂ ਵਾਲੇ ਜਦ ਕਦੀ ਮੇਰੇ ਵਲ ਤੱਕੇ ਵੇਖ ਵੇਖ ਬੁਲ੍ਹੀਆਂ ਨੂੰ ਖੋਲ੍ਹੇ ਮੇਰੀ ਹਾਲਤ ਵੇਖ ਕੇ ਹੱਸੇ । ਮੁੜ ਮੁੜ ਕੇ ਮੈਂ ਸੋਚੀ ਜਾਵਾਂ ਜਦੋਂ ਇਹ ਡਿੱਕੀ ਵੱਡੀ ਹੋਸੀ ਮੇਰੇ ਜਿੱਡੀ ਭਰ ਜਵਾਨ ਸੁਹਣੀ ਸੁਹਣੀ , ਗੋਰੀ ਗੋਰੀ ਪਿਆਰੀ ਪਿਆਰੀ ਚੰਚਲ ਨਿਆਰੀ ਬਣ ਮੁਟਿਆਰ ਜਦੋਂ ਇਹ ਹੋਸੀ ਸੜਕਾਂ ਉੱਤੇ ਟੁਰਦੀ ਜਾਂਦੀ ਮਿੱਠੀਆਂ ਯਾਦਾਂ ਦੇ ਵਿਚ ਡੁੱਬੀ ਸੁਪਨੇ ਦੇ ਸੰਸਾਰ ਸਜਾਂਦੀ ਮਸਤੀ ਦੇ ਵਿਚ ਟੁਰਦੀ ਜਾਂਦੀ ਇਸ ਨੂੰ ਕੋਈ ਨਾ ਆਖੇ ਆ ਕੇ “ਬੀਬੀ ਜੀ ! ਇਕ ਪੈਸਾ !!"
ਯਾਦ
ਲੋਕ ਕਹਿੰਦੇ : ਮੋਏ ਤੇ ਵਿਛੜੇ ਕਦੇ ਮਿਲਦੇ ਨਹੀਂ ਹੋਂਦ ਤੇਰੀ ਦਾ ਮਗਰ ਇੰਜ ਹੈ ਅਹਿਸਾਸ ਮੈਨੂੰ ਜਿਸ ਤਰ੍ਹਾਂ ਹਿਰਦੇ ਦੀ ਧੜਕਨ ਜਿਸ ਤਰ੍ਹਾਂ ਸਾਹਾਂ ਦੀ ਹਰਕਤ ਕਿਸ ਤਰ੍ਹਾਂ ਫਿਰ ਮੰਨ ਲਵਾਂ ਵਿਛੜੇ ਮਿਲਦੇ ਨਹੀਂ ਯਾਦ ਤੇਰੀ ਦਾ ਜਦੋਂ ਦੀਵਾ ਬਲੇ !
ਦੁਸ਼ਾਂਕਾ
ਨਿੰਮਾ ਨਿੰਮਾ, ਮਿੱਠਾ ਮਿੱਠਾ, ਇਕ ਬੱਤੀ ਦਾ ਚਾਨਣ । ਠੰਡੀ ਠੰਡੀ, ਮਹਿਕਾਂ ਵਾਲੀ ਉਹ ਬਸੰਤੀ ਰੁਤ । ਕਾਲੀ ਕਾਲੀ, ਤਾਰਿਆਂ ਲੱਦੀ, ਜਾਦੂ ਕਰਦੀ ਰਾਤ । ਸੁਹਣਾ ਸੁਹਣਾ, ਉੱਚਾ ਨੀਵਾਂ, ਸਜਿਆ ਸੁੰਦਰ ਸ਼ਹਿਰ । ਮੱਧਮ ਲੋਅ ਵਿਚ ਪੀਲਾ ਹੋਇਆ, ਵਿਛੜੇ ਯਾਰ ਦਾ ਘਰ। ਨਾਲ ਸਿਰਾਹਣੇ ਘੁੱਟੇ ਮੇਰੇ, ਗਿੱਲੇ ਰੋਂਦੇ ਨੈਣ। ਪੀੜ-ਪਰੋਤਾ, ਦਰਦੀਂ ਦਬਿਆ ਚੀਸਾਂ ਘਿਰਿਆ ਦਿਲ । ਮਨ ਮੁਰਝਾਇਆ ਤੇ ਤਨਹਾਈ, ਟੁੱਟਦੀ ਟੁੱਟਦੀ ਆਸ । ਡੂੰਘੇ ਵਹਿਣੀਂ ਗ਼ੋਤੇ ਖਾਂਦਾ ਕੰਢਾ ਜਾਪੇ ਦੂਰ । ਵਿਚ ਨਿਰਾਸ਼ਾ ਡੁੱਬਿਆ ਹੋਇਆ ਮਨ ਦਾ ਹਰ ਇਕ ਖ਼ਿਆਲ । ਹੌਲੇ ਹੌਲੇ ਕਦਮ ਉਠਾਉਂਦੀ ਆਈ ਇਕ ਮੁਟਿਆਰ । ਕੂਲੇ ਕੂਲੇ ਅੰਗ ਉਸ ਦੇ, ਪਿਆਰੇ ਪਿਆਰੇ ਹੱਥ । ਡੂੰਘੇ ਡੂੰਘੇ ਨੈਣ ਓਸ ਦੇ, ਤਕ ਕਰਦੇ ਮਦਹੋਸ਼ । ਥੋੜੇ ਥੋੜੇ ਵਾਲ ਸੁਨਹਿਰੀ, ਲੋਅ ਵਿਚ ਜਾਣ ਗੁਆਚ ਗੋਰਾ ਗੋਰਾ ਮੁਖੜਾ ਸੁਹਣਾ, ਕੰਬਦੇ ਕੰਬਦੇ ਬੁਲ੍ਹ । ਨਿੱਘੇ ਨਿੱਘੇ ਹੱਥਾਂ ਮੇਰੇ, ਹੰਝੂ ਦਿੱਤੇ ਪੂੰਝ । ਚਿੱਟੇ ਕੂਲੇ ਰੂੰ ਦੇ ਵਾਂਗਰ, ਪੀ ਲਈ ਸਾਰੀ ਪੀੜ । ਮੇਰੇ ਹੰਝੂਆਂ ਦੇ ਵਿਚ ਪਾਈ, ਉਸ ਦਿਆਂ ਨੈਣਾਂ ਸਾਂਝ । ਉਸ ਦਰਦੀਲੀ ਹਿੱਕ ਨੇ ਪਾਈ, ਮੇਰੀ ਹਿੱਕ ਵਿਚ ਆਸ । ਭਾਸ਼ਾ ਦੀ ਵਲਗਣ ਤੋਂ ਉੱਪਰ, ਅੱਖੀਆਂ ਦੀ ਜ਼ੁਬਾਨ । ਚੁਪ ਚੁਪੀਤੇ ਨੈਣਾਂ ਦੱਸੀ, ਦਿਲ ਦੀ ਹਰ ਆਵਾਜ਼ ਆਸ ਦਾ ਦੀਵਾ ਦਿੱਸਣ ਲੱਗਾ, ਕੰਢੇ ਤੋਂ ਕੁਝ ਦੂਰ । ਕਦੇ ਵੀ ਭੁਲ ਨਹੀਂ ਸਕਦਾ ਉਸ ਦਾ ਸੱਚਾ ਸੁੱਚਾ ਪਿਆਰ । ਮਾਨਵਤਾ ਦੀ ਦੇਵੀ ਸੀ ਉਹ ਮੇਰੇ ਲਈ ਸਾਕਾਰ ।
ਬੁੱਢਾ ਰੁੱਖ ਤੇ ਧੁੱਪ
ਬੁੱਢੇ ਰੁੱਖ ਵੀ ਛਾਂ ਭਾਲਦੇ ਮਿਤਰੋ ਇਸ ਦੀ ਚੰਦਨ ਦੇਹੀ ਦੁਆਲੇ ਕਿੰਨੇ ਨਾਗ ਵਿਸ਼ੈਲੇ ਲਿਪਟੇ ਇਸ ਦੀ ਇਕ ਇਕ ਟਹਿਣੀ ਉੱਪਰ ਫਨੀਅਰ ਬੈਠੇ ਫੰਨ ਖਿਲਾਰੀ ਇਸ ਦੇ ਹਰ ਇਕ ਪੱਤੇ ਉੱਪਰ ਇਕ ਜ਼ਹਿਰੀਲੀ ਪਰਤ ਪਈ ਹੈ ਇਸ ਦੀ ਛਾਂ ਵਿਚ ਜੋ ਜਾਂਦਾ ਹੈ ਜਾਂ ਉਹ ਬਿਸੀਅਰ ਬਣ ਜਾਂਦਾ ਹੈ ਜਾਂ ਡੰਗਿਆ ਤੇ ਮਰ ਜਾਂਦਾ ਹੈ। ਇਸ ਨਾਲੋਂ ਤਾਂ ਧੁੱਪ ਚੰਗੀ ਹੈ ਚੰਦਨ ਵਰਗੀ ਜੋ ਚਮਕੀਲੀ ਜਿਸ ਵਿਚ ਕੋਈ ਭੇਤ ਨਹੀਂ ਹੈ ਨਾ ਕੋਈ ਚੰਦਨ ਵਾਂਗ ਛਲਾਵਾ ਨਾ ਏ ਜ਼ਹਿਰੀ ਨਾਗ ਦਾ ਖ਼ਦਸ਼ਾ ਰਸਤੇ ਦਾ ਨਾ ਕੋਈ ਭੁਲੇਖਾ । ਬੁੱਢੇ ਰੁੱਖ ਦੀ ਛਾਂ ਨੂੰ ਛੱਡੋ ਜੋਬਨ ਵਰਗੀ ਧੁੱਪ ਵਿਚ ਆਓ ਇਸ ਦੇ ਚਾਨਣ ਨੂੰ ਗਲ ਲਾਓ ।
ਪੁਲ
ਮੈਂ ਜਿਨ੍ਹਾਂ ਲੋਕਾਂ ਲਈ ਪੁਲ ਬਣਿਆਂ ਸਾਂ ਕਦੇ ਉਹਨਾਂ 'ਚੋਂ ਹਰ ਇਕ ਨੇ ਚਾਹਿਆ ਮੈਂ ਉਨ੍ਹਾਂ ਦੇ ਬੁਰਜ ਤੇ ਢੇਰ ਦਾਰੂ ਦੇ ਲਗਾਵਾਂ ਤੀਰ ਸਾਣਾਂ ਤੇ ਚੜ੍ਹਾ ਕੇ ਹੱਥ ਉਹਨਾਂ ਦੇ ਫੜਾਵਾਂ ਕ੍ਰਿਸ਼ਨ ਵਾਂਗੂੰ ਅਪਣੀ ਸੈਨਾ ਕੌਰਵਾਂ ਦੇ ਸੰਗ ਰਲਾਵਾਂ ਯੁੱਧ ਨੀਤੀ ਪਾਂਡੂਆਂ ਨੂੰ ਰੱਥ ਤੇ ਬਹਿ ਕੇ ਸਿਖਾਵਾਂ । ਮੈਂ ਜਦੋਂ ਦਸਿਆ ਉਨ੍ਹਾਂ ਨੂੰ ਮੈਂ ਤਾਂ ਯਾਰੋ ਪੁਲ ਹੀ ਹਾਂ ਤਾਂ ਜੋ ਕੰਢਿਆਂ ਨੂੰ ਮਿਲਾਵਾਂ ਤੇ ਮਹਾ ਭਾਰਤ ਦੀ ਥਾਵੇਂ ਗੀਤ ਪਿਆਰਾਂ ਦਾ ਸੁਣਾਵਾਂ ਬੀਜ ਨਫ਼ਰਤ ਦੇ ਮਿਟਾ ਕੇ ਫੁੱਲ ਉਲਫ਼ਤ ਦੇ ਖਿੜਾਵਾਂ ਸਾਂਝ ਦਾ ਦੇ ਕੇ ਸੁਨੇਹਾ ਦੋਸਤੀ ਦਾ ਰਾਹ ਵਿਖਾਵਾਂ ਪੁਲ ਦੀ ਥਾਂ ਕਿਸ ਤਰ੍ਹਾਂ ਮੈਂ ਰੂਪ ਖਾੜੀ ਦਾ ਬਣਾਵਾਂ ? ਹਰ ਕਿਸੇ ਨੇ ਇੰਜ ਮੈਨੂੰ ਆਖਿਆ : ਕੀ ਕਦੇ ਖੱਬਾ ਤੇ ਸੱਜਾ ਇਕ ਹੋਇਐ ? ਜਾਂ ਕਦੀ ਪੂਰਬ ਤੇ ਪੱਛਮ ਮਿਲ ਸਕਣਗੇ ? ਕੀ ਭਲਾ ਕਾਅਬਾ ਤੇ ਕਾਸ਼ੀ ਇਕ ਹੋਸਣ ? ਜਾਂ ਕਿਤੇ ਜ਼ਮਜ਼ਮ ਤੇ ਗੰਗਾ ਇਕ ਧਾਰਾ ? ਤੱਤਿਆਂ ਤੇ ਠੰਡਿਆਂ ਦਾ ਮੇਲ ਕਾਹਦਾ ? ਕਾਫ਼ਿਰਾਂ ਤੇ ਮੋਮਨਾਂ ਨੂੰ ਜੋੜ ਸਕਦੈਂ ? ਅਸੀਂ ਕੇਵਲ ਸਾਥ ਸੱਚਾ ਲੋੜੀਏ ਬਾਦਲੀਲੇ ਬੰਦਿਆਂ ਦੇ ਸ਼ਬਦ ਜਾਲ ਦੂਰ ਰਖੀਏ ਤੇ ਸਦਾ ਮੂੰਹ ਮੋੜੀਏ ਏਸ ਪੁਲ ਦੀ ਸਾਨੂੰ ਕੋਈ ਲੋੜ ਨਾ ! ਮੈਂ ਅਜੇ ਵੀ ਸੋਚਦਾ ਹਾਂ ਪੁਲ ਹੀ ਰਸਤਾ ਹੈ ਦੁਨੀਆ ਵਾਸਤੇ ਇਹ ਸਿਰਫ਼ ਪੂਰਬ ਤੇ ਪੱਛਮ ਹੀ ਨਹੀਂ ਇਹ ਦਿਲਾਂ ਨੂੰ ਜੋੜ ਸਕਦੈ ਆਓ ਆਪਾਂ ਪੁਲ ਬਣੀਏ ਤੇ ਨਵਾਂ ਆਗ਼ਾਜ਼ ਕਰੀਏ।
ਜਨਮ ਦਿਨ
ਦੋਸਤੋ ! ਮੈਂ ਕੋਈ ਮਿਲਟਨ ਨਹੀਂ ਜੋ ਆਪਣੇ ਤੇਈਵੇਂ ਜਨਮ ਦਿਨ ਤੇ ਪਸ਼ਚਾਤਾਪ ਕਰਾਂ ਕਿ ਮੇਰੀ ਢਲਦੀ ਬਹਾਰ ਫੁੱਲਾਂ ਤੋਂ ਸੱਖਣੀ ਹੈ ਤੇ ਨਾਲੇ ਮੈਂ ਤੇਈਆਂ ਦਾ ਨਹੀਂ ਅੱਜ ਚਾਲ੍ਹੀ ਵਰ੍ਹਿਆਂ ਦਾ ਹੋ ਗਿਆ ਹਾਂ ਪੱਤਝੜ ਦੀ ਸ਼ਾਮ ਤੇ ਬਹਾਰ ਦੀ ਸੁਬਹ ਵਿਚ ਫ਼ਰਕ ਵੀ ਤਾਂ ਹੁੰਦਾ ਹੈ ! ਮੈਂ ਕੋਈ ਨੀਊਟਨ ਵੀ ਨਹੀਂ ਜੋ ਆਖ ਸਕਾਂ : "ਮੈਂ ਗਿਆਨ ਸਾਗਰ ਦੇ ਕੰਢੇ ਤੇ ਘੋਗੇ ਤੇ ਕੌਡਾਂ ਚੁਗਦਾ ਰਿਹਾ ਹਾਂ !" ਮੇਰੀਆਂ ਪ੍ਰਾਪਤੀਆਂ ਦਾ ਪੰਨਾ ਕੋਰੇ ਕਾਗ਼ਜ਼ ਵਾਂਗ ਖ਼ਾਲੀ ਹੈ ! ਪਰ ਆਪਣੇ ਇਸ ਜਨਮ ਦਿਨ ਤੇ ਮੈਂ ਉਸ ਜੀਵਨ ਦੀ ਗੱਲ ਕਰਾਂਗਾ ਜੋ ਮੈਂ ਆਪ ਜੀਊਂਦਾ ਹਾਂ ਜਿਸ ਨੂੰ ਅਸੀਂ ਸਭ ਜੀਊਂਦੇ ਹਾਂ ਤੇ ਜਿਸ ਨੂੰ ਬਿਨਾਂ ਕਿਸੇ ਰੋਸ ਤੋਂ ਬਸ ਅਸੀਂ ਹੀ ਜੀਉਂ ਸਕਦੇ ਹਾਂ ! ਜਦੋਂ ਬੀਵੀ ਦਸਦੀ ਹੈ ਕਿ ਸਟੋਵ ਵਿਚ ਤਾਂ ਤੇਲ ਦੀ ਬੂੰਦ ਵੀ ਨਹੀਂ ਤਾਂ ਮੈਂ ਬੋਤਲ ਸਾਈਕਲ ਦੀ ਟੱਕਰੀ 'ਚ ਰੱਖ ਤੁਰ ਪੈਂਦਾ ਹਾਂ ਸੱਤਰ ਪੈਸੇ ਦੀ ਬੋਤਲ ਲਈ ਇਕ, ਦੋ, ਜਾਂ ਤਿੰਨ ਤਕ ਖ਼ਰਚਣ ਲਈ ਤਿਆਰ ਦੁਗਣੇ ਚੌਗੁਣੇ ਭਾਅ ਇੱਥੇ ਕੀ ਨਹੀਂ ਮਿਲ ਜਾਂਦਾ ! ਕਾਲਿਜ ਵਿਚ ਪ੍ਰਿੰਸੀਪਲ ਵੱਲੋਂ ਜਦੋਂ ਕਿਸੇ ਕੁਲੀਗ ਨਾਲ ਧੱਕੇ-ਸ਼ਾਹੀ ਹੁੰਦੀ ਹੈ ਤਾਂ ਮੈਂ ਆਪਣਾ ਭਵਿੱਖ ਤਕਦਾ ਹੋਇਆ ਝਟ ‘ਹੈੱਡ’ ਦੀ ਹਾਂ ਵਿਚ ਹਾਂ ਮਿਲਾ ਦਿੰਦਾ ਹਾਂ ! ਮੁਕਦਮੇ ਦੀ ਤਾਰੀਖ਼ ਵਾਲੇ ਦਿਨ ਕਚਹਿਰੀ ਦੇ ਨਿੰਮ ਥੱਲੇ ਆਪਣੇ ਮਨਹੂਸ ਮਾਲਿਕ ਮਕਾਨ ਦੀ ਸ਼ਕਲ ਤੋਂ ਛੇਤੀ ਛੁਟਕਾਰਾ ਪਾਉਣ ਲਈ ਜਦੋਂ ਮੈਂ ਚਾਹੁੰਦਾ ਹਾਂ— ਕਿ 'ਵਾਜ ਪਵੇ ਤੇ ਕੰਮ ਮੁਕੇ ਤਾਂ ਮੈਂ ਗੰਜੇ ਕਲਰਕ ਦੀ ਫ਼ਰਮਾਇਸ਼ ਝਟ ਪੂਰੀ ਕਰ ਦਿੰਦਾ ਹਾਂ । ਚੌੜੇ ਬਾਜ਼ਾਰ 'ਚੋਂ ਲੰਘਦਿਆਂ ਜਦੋਂ ਉਹ ਕਾਲਾ-ਕਲੂਟ ਅੰਗਹੀਨ ਮੰਗਤਾ ਕੜਾਕੇ ਦੀ ਸਰਦੀ ਵਿਚ ਆਪਣਾ ਨੰਗਾ ਤਨ ਰਗੜ ਕੇ ਲੇਲ੍ਹੜੀਆਂ ਕਢਦਾ ਹੈ ............
ਮਹਾ ਭੋਜ
ਉਸ ਮਹਾਨ ਅਵਸਰ ਤੇ ਇਕ ਧਨਵਾਨ ਪੁਰਸ਼ ਨੇ ਮਹਾਂ ਭੋਜ ਦਾ ਪ੍ਰਬੰਧ ਕੀਤਾ ਜਿਸ ਵਿਚ ਮਹਾਨਗਰ ਦੇ ਹਜ਼ਾਰਾਂ ਲੋਕਾਂ ਨੂੰ ਸਦਿਆ ਗਿਆ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ ਗਈਆਂ ਤੇ ਉਸ ਨੇਕ ਇਨਸਾਨ ਦਾ ਬੜਾ ਗੁਣ-ਗਾਨ ਹੋਇਆ ਫਿਰ ਮਹਾ ਭੋਜ ਲਈ ਸੱਦੇ ਲੋਕ ਜੁੜ ਬੈਠੇ ਪੰਕਤੀਆਂ ਵਿਚ । ਪਤਲਾਂ ਤੋਂ ਖਾਣਾ ਪਰੋਸਿਆ ਗਿਆ ਜਿਸ ਨੂੰ ਸਮਾਨਤਾ ਦੀ ਭਾਵਨਾ ਨਾਲ ਅਣਗਿਣਤ ਨਗਰ-ਵਾਸੀਆਂ ਨੇ ਬੜੇ ਪ੍ਰੇਮ ਤੇ ਸਵਾਦ ਨਾਲ ਖਾਧਾ ਪਤਲਾਂ ਸੁੱਟਣ ਲਈ ਹਰ ਕੋਈ ਜਾਂਦਾ ਸ਼ਾਮਿਆਨੇ ਤੋਂ ਥੋੜਾ ਪਰੇ ਇਕ ਧੁਆਂਖੀ ਕੰਧ ਦੇ ਨੇੜੇ ਜਿੱਥੇ ਇਕ ਪਾਸੇ ਵਲ ਝੁਰਮਟ ਪਾਈ ਬੈਠੇ ਸਨ ਅਨੇਕਾਂ ਪਤਲਾਂ ਚੱਟਣ ਵਾਲੇ ਦੋਪਾਏ ! ਦੂਜੇ ਪਾਸੇ ਮੌਜੂਦ ਸਨ ਉੱਨੇ ਹੀ ਚੌਪਾਏ !! ਇਕ ਦੂਜੇ ਤੋਂ ਪਤਲਾਂ ਖੋਂਹਦੇ। ਤੇ ਪਤਲਾਂ ਸੁਟਦਿਆਂ ਹਰ ਕੋਈ ਆਖ ਰਿਹਾ ਸੀ : ਸਵਾਦ ਆ ਗਿਆ ਮਹਾ ਭੋਜ ਦਾ ਪ੍ਰਬੰਧ ਕਿੰਨਾ ਚੰਗਾ ਹੈ !!!
ਬਗ਼ਦਾਦ !
ਬਗ਼ਦਾਦ ! ਤੇਰਾ ਦਜਲਾ ਤੇ ਤੇਰੇ ਖਜੂਰਾਂ ਦੇ ਬਾਗ਼ ਤੇਰੀਆਂ ਮਸਜਿਦਾਂ ਤੇ ਮੀਨਾਰ ਅਲਰਸ਼ੀਦ ਤੇ ਅਲਸਾਅਦੂਨ ਦੀਆਂ ਉੱਚੀਆਂ ਇਮਾਰਤਾਂ ਤੇ ਅਨੇਕਾਂ ਸ਼ਾਨਦਾਰ ਸਮਾਰਕ ਇਕ ਵਾਰ ਫਿਰ ਮੇਰੇ ਜ਼ਿਹਨ 'ਚ ਉਭਰ ਆਏ ਨੇ ਇੰਜ ਲਗਦਾ ਹੈ ਜਿਵੇਂ ਮੈਂ ਦਿਨੇ ਸੁਫ਼ਨਾ ਵੇਖ ਰਿਹਾ ਹੋਵਾਂ ! ਪਰ ਸੁੰਦਰ ਚਿਹਰਿਆਂ ਤੇ ਇਹ ਖ਼ਾਮੋਸ਼ੀ ਕਿਸ ਲਈ ? ਲੋਕੀਂ ਸਹਿਮੇ ਹੋਏ ਕਿਉਂ ਜਾਪਦੇ ਨੇ ? ਮਰਦਾਂ ਦੇ ਮੂੰਹਾਂ ਤੇ ਉਹ ਖੇੜਾ ਨਹੀਂ ਔਰਤਾਂ ਗ਼ਮਗੀਨ ਤੇ ਬੱਚੇ ਹੈਰਾਨ ਨੇ ਕਾਹਵਾ-ਘਰਾਂ ਵਿਚ ‘ਉਮ-ਕਲਥੂਮ' ਦਾ ਡੂੰਘੀ ਤੇ ਲੰਮੀ ਹੇਕ ਵਾਲਾ ਗੀਤ ਅਚਾਨਕ ਬੰਦ ਹੋ ਗਿਆ ਏ ਤੇ ਸ਼ਾਮ ਹੁੰਦਿਆਂ ਹੀ ਹਰ ਵਿਅਕਤੀ ਆਪਣੇ ਘਰ ਪਰਤਣ ਲਈ ਕਾਹਲਾ ਜਾਪਦਾ ਏ ਆਖ਼ਿਰ ਗੱਲ ਕੀ ਏ? ਇਹ ਕੀ ? ਦਜਲਾ ਦੇ ਕੰਢੇ ਤੇ ਰਾਤ ਵੇਲੇ ਅੱਗ ਬਾਲ ਕੇ ਮੱਛੀ ਭੁੰਨਣ ਵਾਲੇ ‘ਮਤਅਮ' ਬਿਲਕੁਲ ਬੇਰੌਣਕੇ ਪਏ ਨੇ ਉਨ੍ਹਾਂ ਵਿਚ ਇਰਾਕੀ ‘ਅਰਕ' ਪੀਣ ਵਾਲੇ ਜ਼ਿੰਦਾ-ਦਿਲ ਬੰਦਿਆਂ ਦੀ ਕੋਈ ਭੀੜ ਨਹੀਂ ਅੱਗੇ ਤਾਂ ਰਾਤ ਵੇਲੇ ਸੜਕਾਂ ਤੇ ਦਿਨ ਨਾਲੋਂ ਵੀ ਵਧ ਰੌਸ਼ਨੀ ਹੁੰਦੀ ਸੀ ਪਰ ਹੁਣ ਇੰਨਾ ਹਨੇਰਾ ਕਿਉਂ ਏ ? ਰਸਤਾ ਲੱਭਣਾ ਵੀ ਔਖਾ ਹੋ ਗਿਆ ਏ ਕੀ ਵਜਹ ਹੋ ਸਕਦੀ ਹੈ? ਹੈਂ ! ਇਹ ਭਿਆਨਕ ਆਵਾਜ਼ ਕਾਹਦੀ ਏ ! ਸਾਇਰਨ !! ਹਵਾਈ ਹਮਲਾ !!! ਲੋਕਾਂ ਵਿਚ ਭਾਜੜ ਪੈ ਗਈ ਏ ਤੇ ਵੇਖਦਿਆਂ ਵੇਖਦਿਆਂ ਸਾਰੇ ਗਲੀਆਂ ਤੇ ਬਾਜ਼ਾਰ ਸੁਨਸਾਨ ਹੋ ਗਏ ਨੇ ਹਰ ਪਾਸੇ ਘੁੱਪ ਹਨੇਰਾ ਪਸਰ ਗਿਆ ਏ । ਇਹ ਹਵਾਈ ਬੰਬਾਂ ਦੇ ਧਮਾਕੇ ਤੇ ਜ਼ਮੀਨੀ ਤੋਪਾਂ ਦੇ ਗੋਲੇ ਬਗ਼ਦਾਦ ਅਲਗ਼ਰਬੀ ਵਿਚ ਨੇ ਸ਼ਾਇਦ ਜਿੱਥੇ ਅਸਮਾਨ ਦਾ ਰੰਗ ਲਾਲ ਹੋ ਗਿਆ ਏ ਆਦਮ ਦੇ ਬੇਟੇ ਇਕ ਵਾਰ ਫਿਰ ਲੜ ਪਏ ਨੇ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਪਰ ਹੁਣ ਉਹ ਤਲਵਾਰਾਂ ਤੇ ਭਾਲਿਆਂ ਨਾਲ ਨਹੀਂ ਬੰਬਾਂ ਤੇ ਮਿਸਾਈਲਾਂ ਨਾਲ ਲੜਦੇ ਨੇ ਤੇ ਇਕ ਦੂਜੇ ਨੂੰ ਮਾਰਨ ਦੀ ਬਜਾਏ ਆਦਮ ਦਾ ਬੀਜ ਨਾਸ ਕਰਨ ਤੇ ਤੁਲੇ ਹੋਏ ਨੇ ਸ਼ਾਇਦ ਇਹੀ ਕਾਰਣ ਹੈ ਇਸ ਖ਼ਾਮੋਸ਼ੀ ਦਾ ਇਸ ਸਹਿਮ ਤੇ ਮਾਯੂਸੀ ਦਾ ! ਕਾਸ਼ ! ਆਦਮ ਦੇ ਦੋਵੇਂ ਪੁੱਤਰ ਸੋਚ ਸਕਦੇ ਕਿ ਲੜਾਈ ਕਿਸੇ ਮਸਲੇ ਦਾ ਹਲ ਨਹੀਂ ਹੁੰਦੀ ਨਾ ਹੀ ਲੜਾਈ ਵਿਚ ਕਿਸੇ ਦੀ ਜਿੱਤ ਹੁੰਦੀ ਹੈ ਜਿੱਤ ਹੁੰਦੀ ਹੈ ਤਾਂ ਸਿਰਫ਼ ਮੌਤ ਦੀ ਹਾਰ ਹੁੰਦੀ ਹੈ ਤਾਂ ਸਦਾ ਜ਼ਿੰਦਗੀ ਦੀ ਕਾਸ਼ ! ਆਦਮ ਦੇ ਜਾਏ ਇਹ ਸੋਚ ਸਕਦੇ ਤੇ ਬਗ਼ਦਾਦ ਦੀ ਉਹ ਰੌਣਕ ਮੋੜ ਸਕਦੇ !
ਸੁਨੇਹਾ
ਅਜ ਪਤਾ ਨਹੀਂ ਕਿਉਂ ਮੈਂ ਇੰਨੀ ਸਵੇਰੇ ਉਠ ਪਿਆ ਹਾਂ ਅਜੇ 'ਰਾਤ ਦਾ ਇਕ ਪਹਿਰ ਬਾਕੀ ਏ ਸਾਰੀ ਕਾਇਨਾਤ ਵਿਚ ਖ਼ਾਮੋਸ਼ੀ ਹੈ ਤੇ ਜੀਵ ਜੰਤੂ ਨੀਂਦ ਵਿਚ ਡੁੱਬੇ ਹੋਏ ਨੇ ਅਸਮਾਨ ਸ਼ਾਂਤ ਹੈ ਤੇ ਫ਼ਿਜ਼ਾ ਸੁਗੰਧਿਤ ਠੰਡੀ ਹਵਾ ਰੁਮਕ ਰਹੀ ਹੈ ਪਰ ਮੈਂ ਆਪਣੇ ਵਿਹੜੇ ਵਿਚ ਲੇਟਿਆ ਹੋਇਆ ਜਾਗ ਰਿਹਾ ਹਾਂ ਤੇ ਤਾਰੇ ਗਿਣ ਰਿਹਾ ਹਾਂ। ਤਾਰਿਆਂ ਦੀ ਨਿੰਮੀ ਨਿੰਮੀ ਲੋਅ ਵਿਚ ਆਕਾਸ਼ ਇੰਜ ਜਾਪਦਾ ਹੈ ਜਿਵੇਂ ਕੋਈ ਡੂੰਘੀ ਨੀਲੀ ਝੀਲ ਹੋਵੇ ਤਾਰੇ ਮੈਨੂੰ ਸੈਨਤਾਂ ਕਰਦੇ ਪ੍ਰਤੀਤ ਹੁੰਦੇ ਨੇ ਜਿਵੇਂ ਲੁਕਣ-ਮੀਟੀ ਖੇਡਣ ਲਈ ਸਦ ਰਹੇ ਹੋਣ ਦੂਰ, ਬਹੁਤ ਦੂਰ ਪ੍ਰਭਾਤ ਦਾ ਤਾਰਾ ਲਿਸ਼ਕ ਰਿਹਾ ਹੈ ਹੋਰ ਸਭ ਤਾਰਿਆਂ ਤੋਂ ਵਧ ਚਮਕੀਲਾ ਇੰਜ ਲਗਦਾ ਹੈ ਜਿਵੇਂ ਮੇਰੇ ਨਾਲ ਗੱਲਾਂ ਕਰਨਾ ਚਾਹੁੰਦਾ ਹੋਵੇ । ਪ੍ਰਭਾਤ ਦਾ ਤਾਰਾ ਪੁਛਦਾ ਹੈ : ਤੇਰੀ ਨੀਂਦ ਕਿਉਂ ਖੁਲ੍ਹ ਗਈ ? ਕੋਈ ਧਰਤੀ ਦੀ ਗਲ ਕਰ ਸਭ ਸੁਖ ਸਾਂਦ ਤਾਂ ਹੈ ? ਤੇ ਮੈਂ ਉਸ ਨੂੰ ਦਸਦਾ ਹਾਂ ਸ਼ਾਇਦ ਹੀ ਧਰਤੀ ਦਾ ਕੋਈ ਐਸਾ ਕੋਨਾ ਹੋਵੇਗਾ ਜਿੱਥੇ ਪੂਰੀ ਤਰ੍ਹਾਂ ਨਾਲ ਸੁਖ ਸ਼ਾਂਤੀ ਹੋਵੇ ਹਰ ਥਾਂ ਕਿਸੇ ਨਾ ਕਿਸੇ ਢੰਗ ਨਾਲ ਆਦਮੀ ਆਦਮੀ ਦਾ ਵੈਰੀ ਬਣਿਆ ਹੋਇਆ ਹੈ ਤੇ ਕਈ ਥਾਵਾਂ ਤੇ ਤਾਂ ਨਿਰਾਰਥਕ ਜੰਗਾਂ ਲੱਗੀਆਂ ਹੋਈਆਂ ਨੇ ਮੇਰੇ ਆਪਣੇ ਦੇਸ਼ ਵਿਚ ਹੀ ਪੂਰਬ ਬੇਗੁਨਾਹਾਂ ਦੇ ਖ਼ੂਨ ਨਾਲ ਲਾਲ ਹੈ ਪੱਛਮ ਵਿਚ ਕੋਈ ਗੁੱਝਾ ਹਥ ਭਰਾਵਾਂ ਤੋਂ ਭਰਾਵਾਂ ਦੀ ਹਤਿਆ ਕਰਵਾ ਰਿਹੈ ਉੱਤਰ ਵਿਚ ਤੋਪਾਂ ਗੱਡੀਆਂ ਹੋਈਆਂ ਨੇ ਤੇ ਦੱਖਣ 'ਚ ਤਾਂ ਹਿੰਦ ਮਹਾ ਸਾਗਰ 'ਚੋਂ ਵੀ ਅੱਗ ਦੇ ਲਾਂਬੂ ਨਿਕਲ ਰਹੇ ਨੇ। ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਤਾਰਿਆਂ ਤੇ ਜੰਗੀ ਅੱਡੇ ਕਾਇਮ ਕਰਨ ਦੀਆਂ ਭਿਆਨਕ ਗੱਲਾਂ ਕਰ ਰਹੇ ਨੇ ਜਿਵੇਂ ਐਂਟਮ ਤੇ ਹਾਈਡਰੋਜਨ ਬੰਬਾਂ ਦੇ ਅਗਲੇ ਭੰਡਾਰ ਮਨੁੱਖਤਾ ਦੇ ਸਰਵਨਾਸ਼ ਲਈ ਨਾ-ਕਾਫ਼ੀ ਹੋਣ ! ਪ੍ਰਭਾਤ ਦਾ ਤਾਰਾ ਹੈਰਾਨ ਹੈ ਕਿ ਮਨੁੱਖ ਮਨੁੱਖ ਦਾ ਵੈਰੀ ਕਿਉਂ ਹੈ ? ਧਰਤੀ ਦੇ ਵਾਸੀ ਤਬਾਹੀ ਦੀਆਂ ਗੱਲਾਂ ਕਿਉਂ ਕਰਦੇ ਨੇ ? ਇਨਸਾਨ ਇਨਸਾਨੀਅਤ ਦਾ ਰਾਹ ਕਿਉਂ ਨਹੀਂ ਫੜਦਾ ? ਉਹ ਇਹ ਕਹਿੰਦਾ ਜਾਪਦਾ ਹੈ : ਤੁਸੀਂ ਚੰਨ ਤੇ ਤਾਰਿਆਂ ਦੀ ਦੁਨੀਆਂ ਵਿਚ ਜੀ ਸਦਕੇ ਆਓ ਪਰ ਇੱਥੇ ਜੰਗ ਦੇ ਨਹੀਂ ਅਮਨ ਦੇ ਗੀਤ ਛੇੜੋ ਤਬਾਹੀ ਦੀਆਂ ਨਹੀਂ, ਤਰੱਕੀ ਦੀਆਂ ਗੱਲਾਂ ਕਰੋ ਦੁਸ਼ਮਣੀ ਨਹੀਂ, ਦੋਸਤੀ ਦਾ ਹਥ ਵਧਾਓ। ਤੇ ਪ੍ਰਭਾਤ ਦੇ ਤਾਰੇ ਦਾ ਸੁਨੇਹਾ ਮੇਰੇ ਲਈ ਨਹੀਂ ਸਾਰੀ ਦੁਨੀਆਂ ਲਈ ਹੈ।
ਫੁਲ, ਕੰਡੇ, ਤੇ ਬਾਗ਼
ਇਸ ਚਮਨ ਦਾ ਅਜੀਬ ਕਿੱਸਾ ਹੈ ਜਿੱਥੇ ਫੁਲ ਨੇ ਅਨੇਕ ਰੰਗਾਂ ਦੇ ਕਈ ਪੀਲੇ ਤੇ ਕਈ ਉਨਾਬੀ ਨੇ ਕਈ ਨੀਲੇ ਤੇ ਕਈ ਗੁਲਾਬੀ ਨੇ ਕਾਸ਼ਨੀ, ਚਿੱਟੇ, ਕਈ ਸ਼ਰਾਬੀ ਨੇ ਉੱਥੇ ਕੰਡੇ ਅਜੀਬ ਢੰਗਾਂ ਦੇ ਕਈ ਸੂਲਾਂ ਦੇ ਵਾਂਗ ਤਿੱਖੇ ਨੇ ਕਈ ਕੈਕਟਸ ਦੇ ਵਾਂਗ ਉੱਗੇ ਨੇ ਕਈ ਭਖੜੇ ਦੇ ਵਾਂਗ ਫੈਲੇ ਨੇ ਇੰਜ ਲਗਦੇ ਚਮਨ ਦੇ ਹਰ ਕੋਨੇ ਅਪਣਾ ਅਪਣਾ ਇਨ੍ਹਾਂ ਦਾ ਹਿੱਸਾ ਹੈ । ਕੀ ਇਹ ਕੁਦਰਤ ਦਾ ਨੇਮ ਨਹੀਂ ਯਾਰੋ ਕੰਡੇ ਫੁੱਲਾਂ ਦੇ ਨਾਲ ਰਹਿੰਦੇ ਨੇ ਫੁੱਲ ਕੋਮਲ ਤਦੇ ਹੀ ਲਗਦੇ ਨੇ ਤਿੱਖੇ ਕੰਡੇ ਜਦੋਂ ਵੀ ਤਕਦੇ ਹਾਂ ਨਿਰੇ ਫੁੱਲਾਂ ਦਾ ਬਾਗ਼ ਨਹੀਂ ਕੋਈ ਨਿਰੇ ਕੰਡੇ ਚਮਨ 'ਚ ਨਹੀਂ ਹੁੰਦੇ । ਜਿੱਥੇ ਕੰਡੇ ਹੀ ਕੰਡੇ ਉਗ ਆਵਣ ਉੱਥੇ ਫੁੱਲਾਂ ਦਾ ਮਹਿਕਣਾ ਔਖਾ ਫਿਰ ਚਮਨ ਦਾ ਵਜੂਦ ਨਹੀਂ ਰਹਿੰਦਾ ਉਹ ਉਜਾੜਾਂ ਦਾ ਰੂਪ ਬਣਦਾ ਹੈ ਕੋਈ ਬੁਲਬੁਲ ਵੀ ਗੀਤ ਨਹੀਂ ਗਾਉਂਦੀ ਕੋਈ ਕੋਇਲ ਆਵਾਜ਼ ਨਹੀਂ ਦਿੰਦੀ ਉੱਥੇ ਉੱਲੂ ਨੇ ਬੋਲਦੇ ਹਰ ਥਾਂ ਕਾਵਾਂ ਇੱਲਾਂ ਹੀ ਵੇਖ ਸਕਦੇ ਹੋ । ਕਿਉਂ ਇਹ ਹੁੰਦੈ ਭਲਾ ਚਮਨ ਅੰਦਰ ? ਏਸ ਹਾਲਤ ਦੀ ਕੀ ਵਜਹ ਹੁੰਦੀ ?? ਇਹ ਤਾਂ ਮਾਲੀ ਦੀ ਬੇਵਫ਼ਾਈ ਹੈ ਸਿੱਟਾ ਜਿਸਦਾ ਸਦਾ ਤਬਾਹੀ ਹੈ ਜੇ ਉਹ ਫੁੱਲਾਂ ਦਾ ਖ਼ਿਆਲ ਨਹੀਂ ਕਰਦਾ ਸਗੋਂ ਕੰਡਿਆਂ ਨੂੰ ਬੀਜ ਦਿੰਦਾ ਹੈ ਬਾਗ਼ ਸੁਹਣਾ ਉਦੋਂ ਉਜੜਦਾ ਹੈ । ਇਸ ਚਮਨ ਦੀ ਜੇ ਖ਼ੈਰ ਚਾਹੁੰਦੇ ਹੋ ਮਾਲੀ ਬਦਲੋ ਜੋ ਬੇਵਫ਼ਾ ਬਣਿਆ ਕਿਉਂ ਨਹੀਂ ਬਣਦੇ ਹੋ ਖ਼ੁਦ ਤੁਸੀਂ ਮਾਲੀ ਦਾਤੀ ਰੰਬੇ ਤੇ ਕੱਸੀਆਂ ਲੈ ਕੇ ਕੰਡੇ ਹੂੰਝੋ ਜੋ ਵਾਂਗ ਪੋਹਲੀ ਦੇ ਫੁੱਲਾਂ ਫ਼ਸਲਾਂ ਦਾ ਨਾਸ ਕਰਦੇ ਨੇ ਗੱਲ ਉਗਾਓ ਅਨੇਕ ਰੰਗਾਂ ਦੇ ਕੰਡੇ ਰੋਕੋ ਜੋ ਬਾਗ਼ ਭਰਦੇ ਨੇ ਸੁਹਣਾ ਦਿਲਕਸ਼ ਦਿਆਰ ਬਣ ਜਾਏ ਚੱਪਾ ਚੱਪਾ ਬਹਾਰ ਬਣ ਜਾਏ ।
ਪੈਂਤੀ ਵਰ੍ਹੇ ਬਾਅਦ...
ਪੈਂਤੀ ਵਰ੍ਹੇ ਪਿੱਛੋਂ ਜਦੋਂ ਮੈਂ ਆਪਣੇ 'ਵਤਨ' ਪਰਤਿਆ ਜਿੱਥੇ ਮੈਂ ਜੰਮਿਆ ਪਲਿਆ ਸਾਂ ਤੇ ਮੁਢਲੇ ਜੀਵਨ ਦੇ ਬਾਰਾਂ ਵਰ੍ਹੇ ਬਿਤਾਏ ਸਨ ਤਾਂ ਮੈਂ ਮਹਿਸੂਸ ਕੀਤਾ ਕਿ ਮੈਂ ਸਚ ਮੁਚ ਆਪਣੇ ਘਰ ਪਰਤ ਆਇਆ ਸਾਂ ਪੈਂਤੀ ਵਰ੍ਹੇ ਪਿੱਛੋਂ । ਮੈਂ ਹੈਰਾਨ ਸਾਂ ਕਿ ਅੰਮ੍ਰਿਤਸਰ ਤੇ ਲਾਹੌਰ ਵਿਚਕਾਰ ਵਾਘੇ ਦੀ ਲੀਕ ਦੀ ਕੀ ਲੋੜ ਸੀ ? ਜਾਲੰਧਰ ਤੇ ਸਾਹੀਵਾਲ ਵਿਚਕਾਰ ਅਜਿਹੀ ਵਿੱਥ ਕਿਉਂ ? ਲੁਧਿਆਣੇ ਤੋਂ ਮੁਲਤਾਨ ਦਾ ਫ਼ਾਸਲਾ ਇੰਨਾ ਕਿਉਂ ਵਧ ਗਿਆ ਏ ? ਚੰਡੀਗੜ੍ਹ ਤੇ ਰਾਵਲਪਿੰਡੀ ਉੱਤਰੀ ਤੇ ਦਖਣੀ ਧਰੁਵਾਂ ਵਾਂਗ ਕਿਉਂ ਨੇ ? ਦਿੱਲੀ ਤੇ ਇਸਲਾਮਾਬਾਦ ਪੂਰਬ ਤੇ ਪੱਛਮ ਦੇ ਅਜਿਹੇ ਸਿਰੇ ਕਿਉਂ ਲਗਦੇ ਨੇ ? ਜੋ ਕਦੇ ਮਿਲ ਹੀ ਨਹੀਂ ਸਕਦੇ ? ਮੈਂ ਬੜਾ ਹੈਰਾਨ ਸਾਂ ! ਕਾਸ਼ ! ਮੈਂ ਇਕ ਪੰਛੀ ਹੁੰਦਾ ਜੋ ਬਿਨਾਂ ਪਾਸਪੋਰਟ ਦੇ ਜਾਂ ਵੀਜ਼ਾ ਹਾਸਿਲ ਕਰਨ ਲਈ ਲੰਮੀਆਂ ਕਤਾਰਾਂ ਵਿਚ ਧੱਕੇ ਖਾਧੇ ਬਗ਼ੈਰ ਉੱਡ ਕੇ ਜਾ ਸਕਦਾ ਕਦੇ ਲਾਹੌਰ ਤੇ ਕਦੇ ਸਾਹੀਵਾਲ ਕਦੇ ਮੁਲਤਾਨ ਤੇ ਕਦੇ ਇਸਲਾਮਾਬਾਦ ਕਾਸ਼ ! ਮੈਂ ਇਕ ਪੰਛੀ ਹੁੰਦਾ ! ਮੈਂ ਬੜਾ ਉਤੇਜਿਤ ਸਾਂ ਜਦੋਂ ਮੈਂ ਉਸ ਕਸਬੇ ਪਹੁੰਚਿਆ ਜਿੱਥੇ ਦੀਆਂ ਗਲੀਆਂ ਤੇ ਪਾਰਕਾਂ ਵਿਚ ਅਸੀਂ ਕਦੇ ਕਬੱਡੀ ਤੇ ਕਦੇ ਗੁਲੀ ਡੰਡਾ ਖੇਡਦੇ ਸਾਂ ਜਿਸ ਦੇ ਰਜਵਾਹੇ ਵਿਚ ਅਸੀਂ ਘੰਟਿਆਂ ਬੱਧੀ ਨਹਾਉਂਦੇ ਰਹਿੰਦੇ ਸਾਂ ਜਿਸ ਦੇ ਰੇਲਵੇ ਪੁਲ ਤੇ ਹਰ ਸ਼ਾਮ ਅਸੀਂ ਗੱਡੀਆਂ ਦਾ ਨਜ਼ਾਰਾ ਵੇਖਦੇ ਹੁੰਦੇ ਸਾਂ ਤੇ ਜਿਸ ਦੇ ਸਕੂਲ ਦੀਆਂ ਗ੍ਰਾਊਂਡਾਂ ਵਿਚ ਅਸੀਂ ਕਈ ਵਾਰ ਕੁੱਕੜ ਬਣੇ ਸਾਂ ਆਪਣੀਆਂ ਮਾਸੂਮ ਸ਼ਰਾਰਤਾਂ ਲਈ । ਮੈਂ ਇੰਜ ਮਹਿਸੂਸ ਕੀਤਾ ਜਿਵੇਂ ਮੈਂ ਮੁੜ ਕੇ ਸਤਵੀਂ ਪੜ੍ਹਦਾ ਹੋਵਾਂ ਮੈਂ ਸਚ ਮੁੱਚ ਬੜਾ ਉਤੇਜਿਤ ਸਾਂ ! ਮੈਂ ਅਚੰਭਿਤ ਸਾਂ ਕਿ ਪੈਂਤੀ ਵਰ੍ਹੇ ਬਾਅਦ ਬਿਨਾਂ ਕਿਸੇ ਨੂੰ ਸਕੂਲ ਦਾ ਰਾਹ ਪੁੱਛੇ ਮੈਂ ਠੀਕ ਓਥੇ ਪਹੁੰਚ ਗਿਆ ਸਾਂ। ਸਕੂਲ ਦੇ ਗੇਟ ਅੱਗੇ ਮੈਂ ਸਿਜਦਾ ਕੀਤਾ ਤੇ ਉੱਥੋਂ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਲਾਇਆ ਬਹੁਤ ਸਾਰੇ ਬੱਚੇ ਮੇਰੇ ਦੁਆਲੇ ਇਕੱਠੇ ਹੋ ਗਏ। ਮੇਰੇ ਹੰਝੂ ਤਕ ਕੇ ਉਹ ਬਹੁਤ ਹੈਰਾਨ ਸਨ ਮੈਂ ਆਪ ਵੀ ਬੜਾ ਅਚੰਭਿਤ ਸਾਂ ! ਮੈਂ ਉਨ੍ਹਾਂ ਬੱਚਿਆਂ ਨੂੰ ਗੱਲ ਨਾਲ ਲਾਇਆ “ਕੀ ਨਾਂ ਏ ਬੇਟੇ ਤੇਰਾ ? “ਜੀ ਬਰਕਤ ਅਲੀ "ਤੇ ਤੇਰਾ ?" "ਜੀ ਗ਼ੁਲਾਮ ਮੁਹੰਮਦ" "ਤੇ ਤੇਰਾ ?” “ਜੀ ਨਜ਼ੀਰ ਹੁਸੈਨ" ਮੈਂ ਹਰ ਇਕ ਬੱਚੇ ਦਾ ਨਾਂ ਪੁਛਿਆ ਘਰ ਦਾ ਪਤਾ, ਜਮਾਤ, ਤੇ ਸੈਕਸ਼ਨ “ਤੁਹਾਡਾ ਕੀ ਨਾਂ ਹੈ, ਅੰਕਲ ?" ਮੈਂ ਉਨ੍ਹਾਂ ਨੂੰ ਆਪਣਾ ਨਾਂ ਦਸਿਆ ਤੇ ਕਿਹਾ : ਮੈਂ ਵੀ ਕਦੇ ਇਸੇ ਸਕੂਲ ਦਾ ਤਾਲਿਬ-ਇਲਮ ਸਾਂ ! “ਪਰ ਇਹ ਕਿਹੋ ਜਿਹਾ ਨਾਂ ਹੈ, ਅੰਕਲ ?" “ਸਾਡੇ ਕਿਸੇ ਜਮਾਤੀ ਦਾ ਇਹੋ ਜਿਹਾ ਨਾਂ ਨਹੀਂ !" "ਸਾਡੇ ਕਿਸੇ ਉਸਤਾਦ ਦਾ ਵੀ ਨਹੀਂ !!" ਮੈਂ ਪਰੇਸ਼ਾਨ ਸਾਂ ਉਨ੍ਹਾਂ ਨੂੰ ਕਿਵੇਂ ਦੱਸਾਂ ਕਿ ਉਸ ਸਕੂਲ ਵਿਚ ਪੈਂਤੀ ਵਰ੍ਹੇ ਪਹਿਲੋਂ ਅਜਿਹੇ ਨਾਂ ਆਮ ਸੁਣੇ ਜਾ ਸਕਦੇ ਸਨ ਤੇ ਉਨ੍ਹਾਂ ਦੇ ਹੀ ਇਕ ਬਜ਼ੁਰਗ ਦਾ ਨਾਂ ਸੀ : ਰਾਮ ਮੁਹੰਮਦ ਸਿੰਘ ! ਕਿ ਨਾਵਾਂ ਦੀ ਵਲਗਣ ਤੋਂ ਬਹੁਤ ਉੱਪਰ ਅਸੀਂ ਸਾਰੇ ਇਨਸਾਨ ਹਾਂ ! ਤੇ ਮੈਂ ਡੂੰਘੇ ਪਿਆਰ ਨਾਲ ਉਨ੍ਹਾਂ ਬੱਚਿਆਂ ਨੂੰ ਗੱਲ ਨਾਲ ਲਾ ਲਿਆ !
ਸਮਰਪਣ
ਇਹ ਗ਼ਜ਼ਲਾਂ ਤੇ ਕਵਿਤਾਵਾਂ ਤੈਨੂੰ ਸਮਰਪਿਤ ਹਨ ਮਾਂ ਜਿਸ ਨੇ ਆਪਣੇ ਦੁਧ ਦੇ ਨਾਲ ਨਾਲ ਮੈਨੂੰ ਆਪਣੀ ਮਾਂ-ਬੋਲੀ ਦਾ ਅੰਮ੍ਰਿਤ ਵੀ ਪਿਆਇਆ ਤੇ ਮੇਰੀ ਤੋਤਲੀ ਜ਼ਬਾਨ ਨੂੰ ਨਿੱਕੇ ਨਿੱਕੇ ਆਮ ਲਫ਼ਜ਼ਾਂ ਤੋਂ ਲੈ ਕੇ ਮਾਂ-ਬੋਲੀ ਦੇ ਅਮੀਰ ਖ਼ਜ਼ਾਨੇ ਵਿੱਚੋਂ ਅਣਗਿਣਤ ਸ਼ਬਦਾਂ ਦਾ ਪ੍ਰਯੋਗ ਸਿਖਾਇਆ । ਮਾਂ ! ਤੇਰਾ ਖ਼ਿਆਲ ਆਉਂਦਿਆਂ ਹੀ ਮੈਨੂੰ ਨਸੀਮ ਇਜ਼ਕੀਅਲ ਦੀ ਨਜ਼ਮ "ਦ' ਨਾਈਟ ਔਫ਼ ਦ ਸਕੌਰਪੀਅਨ" ਦੀ ਯਾਦ ਆਉਂਦੀ ਹੈ ਜਿਸ ਵਿਚ ਇਕ ਨੂੰਹੇਂ-ਡੰਗੀ ਮਾਂ ਵੀਹ ਘੰਟੇ ਦੀ ਅਸਹਿ ਪੀੜ ਤੋਂ ਬਾਅਦ ਕੇਵਲ ਇੰਨਾ ਹੀ ਆਖਦੀ ਹੈ “ਸ਼ੁਕਰ ਹੈ ਰੱਬਾ ਕਿ ਇਸ ਅਜ਼ਾਬ ਲਈ ਤੂੰ ਮੇਰੇ ਕਿਸੇ ਬੱਚੇ ਦੀ ਥਾਵੇਂ ਮੈਨੂੰ ਚੁਣਿਆ !" ਕਿੰਨੀ ਵਾਰ ਮੇਰੀ ਸਿਹਤ ਤੇ ਸਲਾਮਤੀ ਲਈ ਤੂੰ ਜਾਨ ਤਕ ਵਾਰਨ ਤੋਂ ਗੁਰੇਜ਼ ਨਹੀਂ ਕੀਤਾ। ਕੀ ਮੈਂ ਭੁਲ ਸਕਦਾ ਕਿ ਆਪਣੇ ਬਚਿਆਂ ਨੂੰ ਧਾੜਵੀਆਂ ਤੋਂ ਬਚਾਉਣ ਲਈ ਤੂੰ ਕੋਠੇ ਤੋਂ ਛਾਲ ਮਾਰ ਦਿੱਤੀ ਤੇ ਸਾਨੂੰ ਆਪਣੇ ਖੰਭਾਂ ਹੇਠ ਲੈ ਲਿਆ ਉਨ੍ਹਾਂ ਬਾਜ਼ਾਂ ਦੀ ਨਜ਼ਰ ਤੋਂ ਲੁਕਾਉਣ ਲਈ । ਜਾਂ ਅਜੇ ਕੁਝ ਹੀ ਸਾਲ ਪਹਿਲੇ ਤੂੰ ਇਕੱਲੀ ਮੌਤ ਨਾਲ ਜੂਝਦੀ ਰਹੀ ਤੇ ਮੈਨੂੰ ਖ਼ਬਰ ਤਕ ਨਾ ਕੀਤੀ ਤਾਂ ਜੋ ਮੇਰੀ ਜ਼ਿੰਦਗੀ ਦਾ ਇਕ ਔਖਾ ਕੰਮ ਨਿਰ-ਵਿਘਨ ਸਮਾਪਤ ਹੋ ਜਾਵੇ। ਪਤਾ ਨਹੀਂ ਕਿੰਨੀ ਵਾਰ ਤੂੰ ਮੇਰੇ ਬਚਪਨ ਤੋਂ ਲੈ ਕੇ ਹੁਣ ਤਕ ਮੇਰੀ ਖ਼ਾਤਿਰ ਅਜਿਹੇ ਤਸੀਹੇ ਝੱਲੇ ਨੇ ਜਿਹੜੇ ਬਸ ਮਾਂ ਹੀ ਝਲ ਸਕਦੀ ਹੈ । ਪਤਾ ਨਹੀਂ ਇਨ੍ਹਾਂ ਗ਼ਜ਼ਲਾਂ ਤੇ ਕਵਿਤਾਵਾਂ ਵਿਚ ਮੈਂ ਕਿਸੇ ਥਾਂ ਅਚੇਤ ਜਾਂ ਸੁਚੇਤ ਤੇਰੇ ਨਾਲ ਜੁੜਿਆ ਹਾਂ ਪਰ ਮੈਨੂੰ ਇੰਨਾ ਪਤਾ ਜ਼ਰੂਰ ਹੈ ਕਿ ਇਹ ਸਾਰੇ ਅਹਿਸਾਸ ਤੇਰੇ ਕੋਮਲ ਅਹਿਸਾਸਾਂ ਦਾ ਹੀ ਅੰਗ ਨੇ ਇਕ ਛੋਟਾ ਜਿਹਾ ਅੰਗ ਤੇਰੇ ਸਾਗਰ ਜਿੱਡੋਂ ਵਿਸ਼ਾਲ ਹਿਰਦੇ ਦੀ ਬਸ ਇਕ ਤਰੰਗ । ਅਸਲ ਵਿਚ ਦੁਨੀਆ ਦੀ ਪਹਿਲੀ ਕਵਿਤਾ ਮਾਂ ਨੇ ਹੀ ਲਿਖੀ ਸੀ ਤੇ ਹਰ ਮਾਂ ਬੱਚੇ ਦੀ ਸ਼ਕਲ ਵਿਚ ਇਕ ਲੰਮੀ ਕਵਿਤਾ ਸਿਰਜਦੀ ਹੈ ਇਕ ਸਦੀਵੀ ਗ਼ਜ਼ਲ ਲਿਖਦੀ ਹੈ ਇਕ ਅਮਰ ਗੀਤ ਗਾਉਂਦੀ ਹੈ ਜ਼ਿੰਦਗੀ ਦਾ । ਸਮੇਂ ਨੇ ਤੇਰੇ ਮੋਹ-ਭਰੇ ਮੁਖੜੇ ਤੇ ਅਣਗਿਣਤ ਲੀਕਾਂ ਪਾ ਦਿੱਤੀਆਂ ਨੇ ਤੇ ਤੇਰੇ ਸੁਡੌਲ ਸਰੀਰ ਨੂੰ ਨਿਰਬਲ ਤੇ ਨਿਤਾਣਾ ਬਣਾ ਦਿੱਤਾ ਹੈ ਪਰ ਸਮੇਂ ਨਾਲੋਂ ਵੀ ਕਿਤੇ ਵਧ ਤੇਰੇ ਇਕ ਲਾਲ ਦੇ ਵਿਛੋੜੇ ਨੇ ਤੈਨੂੰ ਮਰੋੜ ਕੇ ਰਖ ਦਿੱਤਾ ਸ਼ਾਇਦ ਮੇਰੇ ਬਾਪ ਦੀ ਜੁਦਾਈ ਨੇ ਜਾਂ ਤੇਰੇ ਸਰੀਰਕ ਰੋਗ ਨੇ ਵੀ ਤੈਨੂੰ ਇੰਨਾ ਸੰਤਾਪ ਨਹੀਂ ਸੀ ਦਿੱਤਾ ਜਿੰਨਾ ਇਸ ਗ਼ਮ ਨੇ ਦਿੱਤਾ ਹੈ ਮੋਹਨ ਸਿੰਘ ਨੇ ਠੀਕ ਹੀ ਤਾਂ ਆਖਿਆ ਸੀ : “ਮਾਂ ਇਕ ਅਜਿਹਾ ਘਣ-ਛਾਵਾਂ ਬੂਟਾ ਹੈ ਜਿਹੜਾ ਜੜਾਂ ਦੀ ਬਜਾਏ ਫੁਲ ਸੁੱਕਣ ਤੇ ਮੁਰਝਾ ਜਾਂਦਾ ਹੈ।" ਕਈ ਵਾਰੀ ਮੈਂ ਸੋਚਦਾ ਹਾਂ ਕਿ ਕੀ ਤੇਰੇ ਅਹਿਸਾਨਾਂ ਦਾ ਬਦਲਾ ਮੈਂ ਕਦੇ ਚੁਕਾ ਵੀ ਸਕਾਂਗਾ ? ਮਨ ਝਟ ਆਖਦਾ ਹੈ ਇਹ ਕਦੇ ਹੋ ਹੀ ਨਹੀਂ ਸਕਦਾ ਫਿਰ ਭਲਾ ਇਹ ਗ਼ਜ਼ਲਾਂ ਤੇ ਕਵਿਤਾਵਾਂ ਤੈਨੂੰ ਸਮਰਪਿਤ ਕਰ ਕੇ ਮੈਂ ਕੋਈ ਅਹਿਸਾਨ ਚੁਕਾ ਰਿਹਾਂ ? ਨਹੀਂ, ਇਹ ਗਲ ਨਹੀਂ ਮੈਂ ਤਾਂ ਤੇਰੇ ਅਹਿਸਾਸਾਂ ਦੇ ਖ਼ਜ਼ਾਨੇ 'ਚ ਇਹ ਥੋੜੇ ਜਿਹੇ ਅਹਿਸਾਸ ਆਪਣੀ ਚੇਤਨਾ ਦੇ ਮਾਧਿਅਮ ਰਾਹੀਂ ਦੁਨੀਆਂ ਨਾਲ ਸਾਂਝੇ ਕਰ ਰਿਹਾਂ ਤੇ ਇਸ ਦੇ ਨਾਲ ਇਕਬਾਲ ਕਰ ਰਿਹਾਂ ਕਿ ਇਨ੍ਹਾਂ ਵਿਚ ਮੇਰਾ ਕੁਝ ਨਹੀਂ ਜੋ ਕੁਝ ਵੀ ਹੈ ਮੂਲ ਰੂਪ ਵਿਚ ਤੇਰਾ ਹੈ ! ਪਰ ਮਾਂ ! ਮੈਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾਂ ਕਿ ਹਰ ਮਾਂ ਤੇਰਾ ਰੂਪ ਹੁੰਦੀ ਹੈ ਕਿ ਹਰ ਮਾਂ ਕਵਿਤਾ ਸਿਰਜਦੀ ਹੈ ਕਿ ਹਰ ਮਾਂ ਗ਼ਜ਼ਲ ਲਿਖਦੀ ਹੈ ਕਿ ਹਰ ਮਾਂ ਗੀਤ ਗਾਉਂਦੀ ਹੈ ਇਸੇ ਲਈ ਇਹ ਗ਼ਜ਼ਲਾਂ ਤੇ ਕਵਿਤਾਵਾਂ ਤੈਨੂੰ ਸਮਰਪਿਤ ਹਨ ! ਹਰ ਮਾਂ ਨੂੰ ਸਮਰਪਿਤ ਹਨ !!
ਕੁਝ ਸੇਵਕ ਦੇ ਗ਼ਜ਼ਲ-ਕਾਵਿ-ਸੰਗ੍ਰਹਿ ਬਾਰੇ : ਪ੍ਰਿੰਸੀਪਲ ਤਖ਼ਤ ਸਿੰਘ
“ਸੇਵਕ ਨੇ ਜਿੰਨੀਆਂ ਵੀ ਗ਼ਜ਼ਲਾਂ ਲਿਖੀਆਂ ਹਨ, ਸਭ ਦੀਆਂ ਸਭ ਜ਼ਿੰਦਗੀ ਦੇ ਗ਼ਮ ਦੇ ਬੋਝ ਥੱਲੇ ਦੱਬੀਆਂ ਪੀੜ ਨਾਲ ਹਾਏ ਹਾਏ ਕਰ ਰਹੀਆਂ ਹਨ । ਸੇਵਕ ਦੀ ਗ਼ਜ਼ਲ ਦਾ ਅਧਿਐਨ ਇਸ ਤੱਥ ਦੀ ਸਾਫ਼ ਸ਼ਾਹਦੀ ਭਰਦਾ ਹੈ ਕਿ ਇਕੱਲ ਦੀ ਪੀੜ, ਸੁਪਨਿਆਂ ਦੀ ਅਕਾਰਬੱਧਤਾ ਦਾ ਆਭਾਸ਼, ਯਾਦਾਂ ਦੀ ਮਰੀਚਕਾ, ਬੋਦੀਆਂ ਕੀਮਤਾਂ ਦਾ ਪਤਨ, ਨਵੀਆਂ ਕਦਰਾਂ ਦੇ ਅਭਾਵ ਦਾ ਤਲਖ਼ ਅਹਿਸਾਸ, ਪਖੰਡੀਆਂ ਦੇ ਦੰਭ, ਝੂਠ ਦੇ ਪੈਂਤੜੇ, ਮਨੁੱਖ ਦੀ ਅੰਤਰੀਣਤਾ ਵਿਚ ਤ੍ਰੇੜਾਂ ਆਦਿਕ ਪ੍ਰਵਿਰਤੀਆਂ ਦੇ ਜ਼ਾਵੀਏ ਸੇਵਕ ਦੀ ਗ਼ਜ਼ਲ ਦੀ ਵਿਵਧਤਾ ਤੇ ਅਨੇਕਰੂਪਤਾ ਦੀ ਪੱਕੀ ਗਵਾਹੀ ਹਨ ।.. ਸੱਚੀ ਗੱਲ ਤਾਂ ਇਹ ਹੈ ਕਿ ਸੇਵਕ ਦੀ ਗ਼ਜ਼ਲ ਨੜਿਨਵੇਂ ਪ੍ਰਤੀਸ਼ਤ ਉਸ ਦੇ ਮਨ ਵਿਚ ਡੂੰਘੇ ਚੁਭੇ ਕੰਡੇ ਨਾਲ ਲਿਖੀ ਹੌਲਨਾਕ ਪਰਿਸਥਿਤੀਆਂ ਦੇ ਸ਼ਿਕਾਰ ਹੋਏ ਮਨੁੱਖ ਦੀ ਵਿਥਿਆ ਹੈ।
“ਸ. ਨ. ਸੇਵਕ ਪ੍ਰਮੁੱਖ ਤੌਰ ਤੇ ਨਜ਼ਮ ਦਾ ਕਵੀ ਹੈ । ਸੇਵਕ ਨੇ ਅਜੋਕੇ ਅਹਿਦ ਦੀਆਂ ਬਦੀਆਂ ਨੂੰ ਪਰਖਿਆ, ਪਛਾਣਿਆ, ਤੇ ਲਲਕਾਰਿਆ ਵੀ ਹੈ ਤਾਂ ਕੁਝ ਇਸ ਤਰ੍ਹਾਂ ਕਿ ਸਿੱਟੇ ਵਜੋਂ ਉਸ ਦੇ ਲਹਿਜੇ ਵਿਚ ਥੋੜੀ ਜਿਹੀ ਖੁਰਦਰੀ ਕੁੜਿੱਤਣ ਪੈਦਾ ਹੋਈ ਜਾਪਦੀ ਹੈ । ਸ਼ਾਇਦ ਇਸੇ ਲਈ ਉਹ ਸੰਗੀਤਮਈ ਗੁੰਜਾਰ ਜਿਹੜੀ ਉਸ ਦੀ ਗ਼ਜ਼ਲ ਦੀ ਵਿਸ਼ੇਸ਼ ਖ਼ੂਬੀ ਹੈ, ਉਸ ਦੀਆਂ ਕਵਿਤਾਵਾਂ ਵਿਚ ਕਾਫ਼ੀ ਹੱਦ ਤੱਕ ਪਿਛੋਕੜ ਵਿਚ ਜਾ ਬਿਰਾਜੀ ਹੈ ।...ਸੇਵਕ ਦੀ ਗ਼ਜ਼ਲ ਦੇ ਹਰ ਸ਼ਿਅਰ ਤੇ ਉਸ ਦੀ ਹਰ ਕਵਿਤਾ ਤੇ ਕਿਸੇ ਭਾਵਾਤਮਕ ਕਰਾਰੀ ਸੱਟ, ਕਿਸੇ ਸਦਮੇਂ ਤੇ ਉਸ ਦੇ ਮੁਕੱਦਰ ਦੇ ਸੰਕਟ ਦੀ ਛਾਪ ਲੱਗੀ ਹੋਈ ਹੈ । ਗ਼ਜ਼ਲ ਤੇ ਕਵਿਤਾ ਵਿਚ ਸੇਵਕ ਨੂੰ ਇੱਕੋ ਜਿੰਨੀ ਨਿਪੁੰਣਤਾ ਪ੍ਰਾਪਤ ਤਾਂ ਹੈ ਪਰ ਗ਼ਜ਼ਲ ਵਿਚ ਬਹਿਰਾਂ ਦੀ ਵੰਨ ਸੁਵੰਨਤਾ ਦੀ ਘਾਟ ਮੈਨੂੰ ਜ਼ਰੂਰ ਰੜਕਦੀ ਹੈ । ਖ਼ੁਸ਼ੀ ਤਾਂ ਇਸ ਗੱਲ ਦੀ ਹੈ ਕਿ ਸਿਰ ਤੇ ਨਿਰੰਤਰ ਰੁਝੇਵਿਆਂ ਦੀ ਭਾਰੀ ਪੰਡ ਹੋਣ ਦੇ ਬਾਵਜੂਦ ਸੇਵਕ ਦੀ ਸਿਰਜਣਾਤਮਕ ਸ਼ਕਤੀ ਜਿਉਂ ਦੀ ਤਿਉਂ ਕਾਇਮ ਹੈ ।...
ਤਖ਼ਤ ਸਿੰਘ