ਸੁਰਜੀਤ ਪਾਤਰ : ਰੁਕਣੀ ਨਹੀਂ ਕਹਾਣੀ - ਸਵਰਾਜਬੀਰ

ਸੁਰਜੀਤ ਪਾਤਰ ਪੰਜਾਬ ਦਾ ਸ਼ਾਇਰ ਸੀ/ਹੈ। ਪੰਜਾਬੀ ਸ਼ਾਇਰੀ ਦੀ ਜ਼ਮੀਨ ’ਤੇ ਤੁਰਦਿਆਂ ਉਸ ਨੇ ਇਹ ਹੱਕ ਲੰਮੇ ਸਫ਼ਰ ਬਾਅਦ ਹਾਸਲ ਕੀਤਾ, ਸ਼ਬਦ-ਸ਼ਬਦ ਸੰਘਰਸ਼, ਸ਼ਬਦ ਸੱਚ ਤੇ ਸੁਹਜ ਦੀ ਸਾਣ ’ਤੇ ਤਰਾਸ਼ੇ ਹੋਏ, ਕਵਿਤਾਵਾਂ ਤੇ ਗ਼ਜ਼ਲਾਂ ਵਿਚ ਨਗੀਨਿਆਂ ਵਾਂਗ ਜੜੇ ਹੋਏ। ਪੰਜਾਬ ਦੇ ਲੋਕਾਂ ਤੇ ਵਿਰਸੇ ਨਾਲ ਜੁੜੇ ਹੋਏ; ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਸੋਹਣ ਸਿੰਘ ਮੀਸ਼ਾ, ਸਾਡੇ ਕੋਲ ਆਧੁਨਿਕ ਸ਼ਾਇਰੀ ਦੀ ਅਮੀਰ ਵਿਰਾਸਤ ਹੈ ਤੇ ਉਸ ਵਿਰਾਸਤ ਦਾ ਵਾਰਿਸ ਸੀ, ਸੁਰਜੀਤ ਪਾਤਰ। ਲਹਿੰਦੇ ਪੰਜਾਬ ਵਿਚ ਨਜਮ ਹੁਸੈਨ ਸਈਅਦ ਤੇ ਚੜ੍ਹਦੇ ਪੰਜਾਬ ਵਿਚ ਸੁਰਜੀਤ ਪਾਤਰ। …ਤੇ ਇਹ ਵਿਰਾਸਤ ਬਾਬਾ ਸ਼ੇਖ ਫਰੀਦ ਤੇ ਗੁਰੂ ਨਾਨਕ ਦੇਵ ਜੀ ਤੋਂ ਤੁਰਦੀ ਬਾਣੀ ਨਾਲ ਵੀ ਜੁੜੀ ਹੈ ਤੇ ਪਾਤਰ ਨੇ ਲਿਖਿਆ ਸੀ,

‘‘ਮੇਰੇ ਅੰਦਰ ਵੀ ਚੱਲਦੀ ਹੈ ਗੁਫ਼ਤਗੂ
ਜਿੱਥੇ ਲਫਜ਼ਾਂ ’ਚ ਢਲਦਾ ਹੈ ਮੇਰਾ ਲਹੂ
ਜਿੱਥੇ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ।’’

ਅਜੀਬ ਇਤਫ਼ਾਕ ਹੈ। ਜਸਵੰਤ ਸਿੰਘ ਕੰਵਲ ਦੀ ਯਾਦ ਵਿਚ ਢੁੱਡੀਕੇ ਵਿਚ ਜੁੜਦੇ ਪੂਰਨਮਾਸ਼ੀ ਮੇਲੇ ਵਿਚ, ਪਿਛਲੇ ਸਾਲਾਂ ਵਿਚ ਆਖ਼ਰੀ ਮਹਿਫ਼ਲ ਵਿਚ ਸੂਤਰਧਾਰ ਹੁੰਦਾ ਸੁਮੇਲ ਸਿੰਘ ਅਤੇ ਸੰਵਾਦ ਕਰਨ ਵਾਲੇ ਸੁਰਜੀਤ ਪਾਤਰ ਤੇ ਮੈਂ। ਮੇਰੇ ਲਈ ਇਹ ਬੜੇ ਯਾਦਗਾਰੀ ਪਲ ਹਨ ਤੇ ਮੈਂ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੰਦਾ ਕਿ ਸੁਰਜੀਤ ਪਾਤਰ ਨੇ ਪਿਛਲੇ ਚਾਲੀ ਵਰ੍ਹਿਆਂ ਤੋਂ ਸਿਰਫ਼ ਪੰਜਾਬੀ ਸ਼ਾਇਰੀ ਦੀ ਆਬ ਨੂੰ ਕਾਇਮ ਰੱਖਣ ਦੇ ਨਾਲ-ਨਾਲ ਪੰਜਾਬੀ ਬੰਦੇ ਦਾ ਸ਼ਾਇਰੀ ਵਿਚ ਵਿਸ਼ਵਾਸ ਬਣਾਈ ਰੱਖਿਆ ਹੈ। ਉਸ ਨੇ ਇਹੋ ਜਿਹੀ ਸ਼ਾਇਰੀ ਕੀਤੀ ਜਿਹੜੀ ਪੰਜਾਬ ਦੀ ਰੂਹ ਦੇ ਜ਼ਖ਼ਮਾਂ ਦੀ ਤਰਜ਼ਮਾਨੀ ਕਰਦੀ ਹੈ।

ਸ਼ਨਿੱਚਰਵਾਰ ਦੀ ਸਵੇਰ ਸਵੇਰਾਂ ਵਰਗੀ ਨਹੀਂ, ਜਿਵੇਂ ਸਵੇਰੇ ਵੀ ਘੁੱਪ ਹਨੇਰਾ ਹੋ ਗਿਆ ਹੋਵੇ; ਸੁਖਦੇਵ ਸਿੰਘ ਸਿਰਸਾ ਦੇ ਫੋਨ ਨਾਲ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੋਵੇ, ਅਜਿਹਾ ਝਟਕਾ ਕਿ ਅਸੀਂ ਰੋਣ ਜੋਗੇ ਵੀ ਨਹੀਂ ਰਹੇ, ਵੀਰਵਾਰ ਉਹ ਚੰਡੀਗੜ੍ਹ ਸੀ ਤੇ ਸ਼ੁੱਕਰਵਾਰ ਬਰਨਾਲੇ ਸੀ ਤੇ ਸ਼ੁੱਕਰਵਾਰ-ਸ਼ਨਿੱਚਰਵਾਰ ਦੀ ਰਾਤ ਅਲਵਿਦਾ। ਗੱਲ ਕਰਨ ਨੂੰ ਜੀਅ ਨਹੀਂ ਕਰਦਾ ਪਰ ਗੱਲਾਂ ਕਰੀ ਜਾ ਰਹੇ ਸੀ, ਮੈਂ ਸੁਖਦੇਵ ਨਾਲ ਗੱਲਾਂ ਕਰਦਾ ਹਾਂ, ਗੁਰਭਜਨ ਗਿੱਲ ਹੋਰੀਂ ਲੰਬੀਆਂ ਬਾਤਾਂ ਸੁਣਾਉਂਦੇ ਹਨ, ਮੈਂ ਨਿਰੂਪਮਾ ਦੱਤ ਨੂੰ ਫੋਨ ਕਰਦਾ ਹਾਂ। ਸੁਮੇਲ ਤੇ ਹਰੀਸ਼ ਪੁਰੀ ਹੋਰਾਂ ਨਾਲ ਗੱਲ ਹੁੰਦੀ ਹੈ ਤੇ ਯਾਦਾਂ ਦਾ ਹੜ੍ਹ ਵਗ ਰਿਹਾ ਹੈ।

ਯਾਦਾਂ : 22-23 ਸਾਲ ਪਹਿਲਾਂ ਦੀ ਗੱਲ; ਸ਼ਾਮ ਦਾ ਵੇਲਾ ਅਮਰੀਕਾ ਤੋਂ ਰਵਿੰਦਰ ਸਹਿਰਾਅ ਆਇਆ ਹੈ; ਦਿੱਲੀ ਦੇ ਸ਼ਾਇਰ, ਅਦੀਬ, ਪੰਜਾਬੀ ਦੇ ਅਧਿਆਪਕ ਸਾਡੇ ਘਰ ਜੁੜੇ ਹਨ; ਕਿਸੇ ਨੂੰ ਸੱਦਾ ਨਹੀਂ ਭੇਜਿਆ ਪਰ 30-35 ਬੰਦੇ ਆ ਗਏ ਹਨ, ਇਕ ਦੂਸਰੇ ਦਾ ਟੈਲੀਫੋਨ ਸੁਣ ਕੇ। ਦਰਵਾਜ਼ੇ ’ਤੇ ਫਿਰ ਦਸਤਕ ਹੁੰਦੀ ਏ, ਤਿੰਨ ਹੋਰ ਅਦੀਬ ਘਰ ’ਚ ਦਾਖਲ ਹੁੰਦੇ ਨੇ, ਸੁਰਜੀਤ ਪਾਤਰ, ਸੁਤਿੰਦਰ ਸਿੰਘ ਨੂਰ ਅਤੇ ਐੱਸ. ਬਲਵੰਤ। ਪੰਜਾਬੀ ਕਵਿਤਾ ਦਾ ਜਲੌਅ ਲੱਗਦਾ ਹੈ, ਰਵਿੰਦਰ ਸਹਿਰਾਅ ਨਜ਼ਮਾਂ ਸੁਣਾਉਂਦਾ ਹੈ, ਮੋਹਨਜੀਤ ਕਵਿਤਾ ਤੇ ਗੀਤ ਸੁਣਾਉਂਦਾ ਹੈ। ਫਿਰ ਪਾਤਰ ਆਪਣੀ ਗ਼ਜ਼ਲ ਸੁਣਾਉਂਦਾ ਹੈ,

‘‘ਹੈ ਮੇਰੇ ਸੀਨੇ ਵਿਚ ਕੰਪਨ ਮੈਂ ਇਮਤਿਹਾਨ ਵਿਚ ਹਾਂ

ਮੈਂ ਖਿੱਚਿਆ ਤੀਰ ਹਾਂ ਐਪਰ ਅਜੇ ਕਮਾਨ ਵਿਚ ਹਾਂ।’’

ਇਨ੍ਹਾਂ ਸਤਰਾਂ ਵਿਚ ਉਹੀ ਛਟਪਟਾਹਟ ਹੈ ਜੋ ਪਾਤਰ ਦੀ ਸਭ ਤੋਂ ਮਸ਼ਹੂਰ ਗ਼ਜ਼ਲ ਵਿਚ ਸੀ:

‘‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ।’’

ਪਾਤਰ ਨੇ ਪੰਜਾਬ ਦੇ ਗੀਤ ਨੂੰ ਮਰਨ ਨਹੀਂ ਦਿੱਤਾ ਤੇ ਏਸੇ ਗ਼ਜ਼ਲ ਵਿਚ ਉਸ ਨੇ ਲਿਖਿਆ-

‘‘ਇਹ ਜੁ ਰੰਗਾਂ ’ਚ ਚਿਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ ’ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਓਹੀ ਹਮੇਸ਼ਾ ਲਿਖੇ ਰਹਿਣਗੇ।’’

ਉਸ ਨੇ ਬਲਦੇ ਹੱਥਾਂ ਤੇ ਛਾਤੀ ਵਿਚ ਪੰਜਾਬ ਲਈ ਧੜਕਦੇ ਬਲਦੇ ਸੁਲਗ਼ਦੇ ਦਿਲ ਨਾਲ ਸ਼ਾਇਰੀ ਕੀਤੀ; ਸ਼ਬਦ ਘੜਿਆ ਹੋਇਆ, ਪੰਜਾਬ ਦੇ ਅਤੀਤ ਤੇ ਵਰਤਮਾਨ ਦੀ ਹਵਾ-ਮਿੱਟੀ ਵਿਚ ਉਕਰਿਆ ਹੋਇਆ, ਹਰ ਸ਼ਬਦ ਆਪਣੀ ਥਾਂ ’ਤੇ ਜਿਵੇਂ ਉਸ ਨੂੰ ਇੰਤਜ਼ਾਰ ਸੀ ਕਿ ਸੁਰਜੀਤ ਪਾਤਰ ਉਸ ਨੂੰ ਉਸ ਦੇ ਸਹੀ ਸਥਾਨ ’ਤੇ ਰੱਖੇਗਾ, ਉਸ ਦੀ ਆਬਰੂ ਨੂੰ ਪਛਾਣੇਗਾ ਤੇ ਉਸ ਨੂੰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਲੜਾਂ ਨਾਲ ਬੰਨ੍ਹ ਦੇਵੇਗਾ, ਇਉਂ ਕਿ ਉਹ ਹਵਾ ਵਿਚ ਬਲਦੇ ਰਹਿਣਗੇ, ਵਰਣਮਾਲਾ ਹਨੇਰੇ ਵਿਚ ਸੁਲਗਦੀ ਰਹੇਗੀ।

ਗੁਰਭਜਨ ਗਿੱਲ ਉਪਰੋਕਤ ਗ਼ਜ਼ਲ ‘ਕੁਛ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ…’ ਦੇ ਲਿਖੇ ਜਾਣ ਦਾ ਇਤਿਹਾਸ ਸੁਣਾਉਂਦਾ ਹੈ; ਕਿਵੇਂ ਉਹਨੇ ਤੇ ਸ਼ਮਸ਼ੇਰ ਸੰਧੂ ਨੇ ਇਹ ਗ਼ਜ਼ਲ ਪਹਿਲੀ ਵਾਰ ਪਾਤਰ ਤੋਂ ਸੁਣੀ ਤੇ ਫਿਰ ਗੁਰਭਜਨ ਗਿੱਲ ਇਹ ਗ਼ਜ਼ਲ ਬੋਝੇ ’ਚ ਪਾ ਕੇ ਬੱਸੇ ਬੈਠਾ ਤੇ ਅਕਾਲੀ ਪੱਤ੍ਰਿਕਾ ਦੇ ਸਾਹਿਤ ਵਾਲੇ ਇੰਚਾਰਜ ਦੇ ਹੱਥਾਂ ਵਿਚ ਦੇ ਆਇਆ, ਇਕ ਸ਼ਾਇਰ ਦੂਸਰੇ ਸ਼ਾਇਰ ਦੀ ਇਕ ਗ਼ਜ਼ਲ ਲੈ ਕੇ ਸਫ਼ਰ ਕਰਦਾ ਤੇ ਉਸ ਨੂੰ ਛਪਣ ਲਈ ਦੇ ਕੇ ਆਉਂਦਾ ਹੈ; ਇਸ ਗਜ਼ਲ ਦਾ ਪੰਜਾਬੀ ਸ਼ਾਇਰੀ ਵਿਚ ਉਹੀ ਮੁਕਾਮ ਹੈ ਜੋ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚ ਬੋਲ’ ਦਾ ਹੈ, ‘ਬਾਵਾ ਬਲਵੰਤ ਦੀ ‘ਮੈਂ ਬਾਗ਼ੀ ਮੈਂ ਬਾਗ਼ੀ ਮੈਂ ਆਕੀ ਮੈਂ ਆਕੀ’ ਦਾ ਹੈ, ਪਾਸ਼ ਦੀ ਕਵਿਤਾ ‘ਉੱਡਦਿਆਂ ਬਾਜ਼ਾਂ ਮਗਰ ਦਾ ਹੈ; ਕਈ ਹੋਰ ਕਵਿਤਾਵਾਂ ਦਾ ਹੈ।

ਪਾਤਰ ਦੀਆਂ ਕਵਿਤਾਵਾਂ ਤੇ ਗ਼ਜ਼ਲਾਂ ਯਾਦਗਾਰੀ ਹਨ ਤੇ ਸੋਨੇ ’ਤੇ ਸੁਹਾਗਾ ਸੀ ਉਸ ਦਾ ਗਾਉਣਾ, ਉਹਦੇ ਬੋਲੇ-ਗਾਏ ਸ਼ਬਦ ਹਵਾ ਵਿਚ ਕੰਬਦੇ ਅਤੇ ਨਵੇਂ ਅਰਥ ਬਣਾਉਂਦੇ। ਪਿਛਲੇ ਵਰ੍ਹੇ ਉਸ ਨੇ ਢੁੱਡੀਕੇ ਵਿਚ ਇਹ ਨਜ਼ਮ ਸੁਣਾਈ, ‘ਖੂਹ ਗਿੜਦਾ ਹੈ ਦਿਨ ਰਾਤ ਮੀਆਂ।’ ਨਜ਼ਮ ਮੈਂ ਪਹਿਲਾਂ ਵੀ ਪੜ੍ਹੀ ਹੋਈ ਸੀ ਪਰ ਇਸ ਨੇ ਉਸ ਤਰ੍ਹਾਂ ਨਹੀਂ ਸੀ ਟੁੰਬਿਆ ਜਦੋਂ ਪਾਤਰ ਨੇ ਗਾਈ; ਇਉਂ ਲੱਗਦਾ ਸੀ ਜਿਵੇਂ ਪਾਤਰ ਕਿਸੇ ਡੂੰਘੇ-ਅੰਨ੍ਹੇ ਖੂਹ ਵਿਚੋਂ ਬੋਲ ਰਿਹਾ ਹੋਵੇ ਤੇ ਉੱਦਣ ਮੈਨੂੰ ਪਤਾ ਲੱਗਾ ਕਿ ਇਹ ਨਜ਼ਮ ਪੰਜਾਬ ਦੇ ਪੂਰੇ ਇਤਿਹਾਸ ਤੇ ਪੰਜਾਬੀਆਂ ਦੀ ਜੀਵਨ ਜਾਚ ਦੀ ਨਜ਼ਮ ਹੈ; ਇਹ ਖੂਹ ਪੰਜਾਬ ਹੈ, ਜੋ ਦਿਨ ਰਾਤ ਗਿੜਦਾ ਹੈ ਜਿਸ ਦੀਆਂ ਟਿੰਡਾਂ ਅੰਧਕਾਰ ’ਚ ਉਭਰਦੀਆਂ ਹਨ, ਟਿੰਡਾਂ ’ਚੋਂ ਪਰਭਾਤ ਕਿਰਦੀ ਹੈ, ‘‘ਖੂਹ ਗਿੜਦਾ ਦਿਨ ਰਾਤ ਮੀਆਂ/ ਟਿੰਡਾਂ ਅੰਧਕਾਰ ’ਚੋਂ ਉਭਰਦੀਆਂ/ ਟਿੰਡਾਂ ’ਚੋਂ ਕਿਰੇ ਪਰਭਾਤ ਮੀਆਂ।’’ ਤੇ ਇਸ ਕਵਿਤਾ ’ਚ ਪੰਜਾਬ ਓਦਾਂ ਹੀ ਉਦੈ ਹੁੰਦਾ ਹੈ ਜਿਵੇਂ ਪੂਰਨ ਸਿੰਘ ਤੇ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿਚ ਹੁੰਦਾ ਸੀ।

ਫ਼ੈਜ਼ ਅਹਿਮਦ ਫ਼ੈਜ਼ ਦੀ ਸ਼ਾਇਰੀ ਬਾਰੇ ਕਿਹਾ ਜਾਂਦਾ ਹੈ ਕਿ ਉਸ ਵਿਚ ਸੰਘਰਸ਼, ਇਸ਼ਕ, ਇਨਕਲਾਬ ਤੇ ਉਦਾਸੀ ਇਕੋ ਵੇਲੇ ਹਾਜ਼ਰ ਸਨ; ਕੁਝ ਅਜਿਹਾ ਹੀ ਸੁਰਜੀਤ ਪਾਤਰ ਦੀ ਸ਼ਾਇਰੀ ਬਾਰੇ ਕਿਹਾ ਜਾ ਸਕਦਾ ਹੈ; ਅਜਿਹੀ ਮਨ-ਅਵਸਥਾ ਨੂੰ ਚਿਤਰਦੀ ਉਸ ਦੀ ਗ਼ਜ਼ਲ ਹੈ;

ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ
ਮੈਂ ਤਾਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ’ਤੇ ਲੀਕ ਹਾਂ।’’

ਇਹ ਸ਼ਬਦ ਬਿਰਖ ਬਲਣਾ, ਪਾਣੀ ਸੁਲਗਣਾ, ਰਬਾਬ ਆਦਿ ਉਹਦੀ ਕਵਿਤਾ ਵਿਚ ਵਾਰ ਵਾਰ ਆਉਂਦੇ ਹਨ ਤੇ ਮੈਨੂੰ ਉਸ ਦਾ ਇਹ ਸ਼ਿਅਰ ਯਾਦ ਆਉਂਦਾ ਹੈ,

‘‘ਸ਼ਰ੍ਹਾ ਦੀ ਚਾਰਦੀਵਾਰੀ ਦੇ ਅੰਦਰ
ਗ਼ਜ਼ਲ ਤਾਂ ਇਸ਼ਕ ਤੇ ਤੜਪਣ ਦਾ ਨਾਂ ਹੈ’’।

ਤੇ ਇਸ ਨਾਲ ਹੀ ਮੈਨੂੰ ਹਰਿੰਦਰ ਸਿੰਘ ਮਹਿਬੂਬ ਦਾ ਇਕ ਸ਼ਿਅਰ ਯਾਦ ਆਉਂਦਾ ਹੈ,

‘‘ਮੈਂ ਸਬਕ ਸ਼ਰ੍ਹਾ ਦਾ ਯਾਦ ਕਰਾਂ
ਪਈ ਵਿਹੜੇ ਪਵੇ ਧਮਾਲ ਮਿਰੇ।’’

ਪੰਜਾਬੀ ਸ਼ਾਇਰੀ ਸਦੀਆਂ ਤੋਂ ਕੱਟੜਤਾ ਨਾਲ ਆਢਾ ਲਾਉਂਦੀ ਰਹੀ ਹੈ ਅਤੇ ਪਾਤਰ ਨੇ ਲਿਖਿਆ ਹੈ,

‘‘ਰੁਕਣੀ ਨਹੀਂ ਕਹਾਣੀ, ਬੱਝੇ ਨਾ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁੱਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢਿਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਦੇ ਨਾਲ ਰਹਿਣਾ।’’

ਪੰਜਾਬ-ਕਹਾਣੀ ਤੇ ਜ਼ਿੰਦਗੀ ਦੀ ਕਹਾਣੀ ਤਾਂ ਸੱਚਮੁੱਚ ਨਹੀਂ ਰੁਕਣੀ, ਪਰ ਹੁਣ ਉਸ ਵਿਚੋਂ ਪਾਤਰ ਨੇ ਗ਼ੈਰਹਾਜ਼ਰ ਹੋਣਾ ਹੈ ਤੇ ਉਸ ਦੀ ਸ਼ਾਇਰੀ ਨੇ ਹਾਜ਼ਰ ਹੋਣਾ ਹੈ। ਪਾਤਰ ਦੀਆਂ ਕਈ ਕਵਿਤਾਵਾਂ ਤੇ ਗ਼ਜ਼ਲਾਂ ਵਿਚ ਏਹੋ ਜਿਹੀ ਸੰਪੂਰਣਤਾ ਹੈ ਕਿ ਉਨ੍ਹਾਂ ਨੂੰ ਪੜ੍ਹ ਕੇ ਬੰਦਾ ਗੁੰਮਸੁੰਮ ਤੇ ਹੈਰਾਨ ਰਹਿ ਜਾਂਦਾ ਹੈ ਕਿ ਇਹ ਕ੍ਰਿਸ਼ਮਾ ਕਿਵੇਂ ਵਾਪਰਿਆ।
ਜਿਵੇਂ ਇਹ ਗ਼ਜ਼ਲ : ਇਹ ਨੇ ਸਾਜ਼…

ਇਹ ਨੇ ਸਾਜ਼, ਸਾਜ਼-ਨਵਾਜ਼ ਤੂੰ,
ਤੇ ਫਿਜ਼ਾ ਨੂੰ ਧੁਨ ਦੀ ਉਡੀਕ ਹੈ।
ਤੇਰੇ ਪੋਟਿਆਂ ਤੇ ਸੁਰਾਂ ’ਚ ਇਹ,
ਕੇਹੇ ਫ਼ਾਸਲੇ, ਕੇਹੀ ਲੀਕ ਹੈ।

ਇਹ ਜੁ ਕਹਿ ਰਹੀ ਏ ਰਬਾਬ ਸੁਣ,
ਜੁ ਸੁਖ਼ਨ ਸੁਣਾਏ ਕਿਤਾਬ ਸੁਣ।
ਤੂੰ ਇਹ ਸੁਣ ਤੇ ਫਿਰ ਮੇਰੇ ਕੁਫ਼ਰ ਨੂੰ,
ਜੁ ਸਜ਼ਾ ਸੁਣਾਵੇਂ ਸੋ ਠੀਕ ਹੈ।

ਮੈਂ ਹਾਂ ਆਪ ਮੁਜਰਿਮ ਤੇ ਆਪ ਹੀ,
ਹਾਂ ਕਿਤਾਬ, ਕਾਜ਼ੀ, ਜਲਾਦ ਵੀ।
ਜਿੱਥੇ ਚਾਰੇ ਪਾਸੇ ਨੇ ਆਈਨੇ,
ਮੇਰੀ ਰੋਜ਼ ਓਥੇ ਤਰੀਕ ਹੈ।

ਕਿਤੇ ਨੂਰ ਨੂੰ ਕਿਤੇ ਨਾਰ ਨੂੰ,
ਕਿਤੇ ਬਾਦਸ਼ਾਹ ਦੀ ਕਟਾਰ ਨੂੰ।
ਜਾਈਂ ਦੂਰ ਨਾ ਮੇਰੇ ਪੂਰਨਾ,
ਤੇਰੀ ਹਰ ਕਿਸੇ ਨੂੰ ਉਡੀਕ ਹੈ।

ਕਿਸੇ ਮਾਂ ਦੇ ਨੈਣਾਂ ’ਚ ਖ਼ਾਬ ਹੈ,
ਉਹਦੀ ਗੋਦ ਖਿੜਿਆ ਗੁਲਾਬ ਹੈ।
ਇਹ ਹੈ ਬੰਦਗੀ, ਇਹ ਹੈ ਸ਼ਾਇਰੀ,
ਇਹ ਤਾਂ ਓਸ ਤੋਂ ਵੀ ਵਧੀਕ ਹੈ।

ਇਹ ਜੁ ਖਿੜ ਰਿਹਾ ਇਹ ਗੁਲਾਬ ਹੈ,
ਇਹ ਜੁ ਵਗ ਰਿਹਾ ਇਹ ਚਨਾਬ ਹੈ।
ਇਹ ਤਾਂ ਕੁਝ ਨਹੀਂ ਐਵੇਂ ਖ਼ਾਬ ਹੈ,
ਮੇਰੀ ਨੀਂਦ ਟੁਟ ਜਾਣ ਤੀਕ ਹੈ।

ਯਾਦਾਂ : ਕਿਸਾਨ ਅੰਦੋਲਨ ਦੌਰਾਨ ਸੁਰਜੀਤ ਪਾਤਰ ਅੰਦੋਲਨ ਨਾਲ ਜੁੜ ਗਿਆ; ਉਸ ਨੇ ਕਾਵਿਮਈ ਵਾਰਤਕ ਲਿਖੀ ਤੇ ਉਹ ਲੇਖ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੇ ਤੇ ਮੈਨੂੰ ਯਾਦ ਹੈ ਉਨ੍ਹਾਂ ਦਿਨਾਂ ਵਿੱਚ ਜਦੋਂ ਕਿਸਾਨ ਅੰਦੋਲਨ ਦੀ ਚੜ੍ਹਤ ਹੁੰਦੀ ਤਾਂ ਪਾਤਰ ਚੜ੍ਹਦੀ ਕਲਾ ਵਿੱਚ ਹੁੰਦਾ ਤੇ ਜੇ ਅੰਦੋਲਨ ਵਿੱਚ ਕੋਈ ਵਿਘਨ ਪੈਂਦਾ ਦਿਸਦਾ ਤਾਂ ਇਉਂ ਲੱਗਦਾ ਜਿਵੇਂ ਪਾਤਰ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਹੋਵੇ, ਉਸ ਅੰਦਰ ਫ਼ਿਕਰ ਜਾਗ ਪੈਂਦੇ। ਫਿਰ ਕਿਸਾਨ ਅੰਦੋਲਨ ਦੀ ਜਿੱਤ ਹੋਈ ਤਾਂ ਪਾਤਰ ਨੇ ਨਿੱਘਾ ਲੇਖ ਲਿਖਿਆ। ਕਿਸਾਨ ਅੰਦੋਲਨ ਬਾਰੇ ਕਿਤਾਬ ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਛਪੀ। ਉਹ ਮੈਨੂੰ ਕਿਤਾਬ ਦੇਣ ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ਆਇਆ, ਸਮਾਂ ਚਾਰ ਵੱਜ ਕੇ 15-20 ਮਿੰਟ। ਮੈਂ ਕਿਤਾਬ ਲੈ ਕੇ ਆਖਿਆ ਕਿ ਚਾਹ ਫਿਰ ਪੀਵਾਂਗੇ ਪਹਿਲਾਂ ਥੱਲੇ ਚੱਲੋ। ਸ਼ਾਮ ਸਾਢੇ ਚਾਰ ਵਜੇ ਅਸੀਂ ‘ਪੰਜਾਬੀ ਟ੍ਰਿਬਿਊਨ’ ਵੱਲੋਂ ‘ਵੇਲੇ ਦੀ ਗੱਲ’ ਪ੍ਰੋਗਰਾਮ ਕਰਦੇ ਹਾਂ। ਉਸ ਦਿਨ ਬਿਨਾਂ ਕਿਸੇ ਤਿਆਰੀ ਤੋਂ ਇਹ ਪ੍ਰੋਗਰਾਮ ਮੈਂ ਪਾਤਰ ਹੋਰਾਂ ਨਾਲ ਕੀਤਾ ਅਤੇ ਉਨ੍ਹਾਂ ਨੇ ਕਿਸਾਨ ਅੰਦੋਲਨ ਬਾਰੇ ਗੱਲਾਂ ਕੀਤੀਆਂ ਤੇ ਕਿਤਾਬ ਵਿਚਲੀਆਂ ਕਵਿਤਾਵਾਂ ਸੁਣਾਈਆਂ, ਖ਼ਾਸ ਕਰਕੇ ‘ਇਹ ਮੇਲਾ ਹੈ’। ਪਿਛਲੇ ਵਰ੍ਹੇ ਢੁੱਡੀਕੇ ਵਿੱਚ ਵੀ ਮੈਂ ਹਿੰਦੀ ਦੇ ਕਹਾਣੀਕਾਰ ਰੇਣੂ ਦੀ ਕਹਾਣੀ ‘ਤੀਸਰੀ ਕਲਮ’ ਵਿਚਲੇ ਮੇਲੇ ਤੇ ਪਾਤਰ ਹੋਰਾਂ ਦੀ ਕਵਿਤਾ ਵਿਚਲੇ ਸੰਘਰਸ਼ਮਈ ਮੇਲੇ ਦੀ ਬਾਤ ਪਾਈ।

ਪਾਤਰ ਨਾਲ ਜੁੜੀਆਂ ਯਾਦਾਂ ਦੀਆਂ ਬਾਤਾਂ ਮੁੱਕਣੀਆਂ ਨਹੀਂ। ਮੈਂ ਆਪਣੇ ਨਾਟਕ ‘ਅਦਾਕਾਰ: ਆਦਿ ਅੰਤ ਕੀ ਸਾਖੀ’ ਵਿਚਲੀ ਇੱਕ ਕਵਿਤਾ ਉਨ੍ਹਾਂ ਨੂੰ ਇਸਲਾਹ ਲਈ ਭੇਜੀ। ਉਨ੍ਹਾਂ ਨੇ ਪਿੰਗਲ-ਅਰੂਜ਼ ਦੇ ਨਿਯਮਾਂ ਅਨੁਸਾਰ ਉਸ ਨੂੰ ਸੋਧਿਆ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕਵਿਤਾ ਕਵਿਤਾ ਹੀ ਨਹੀਂ ਨਾਟਕ ਦਾ ਸੰਵਾਦ ਵੀ ਹੈ; ਕਹਿਣ ਲੱਗੇ ਕਿ ਫਿਰ ਸਾਨੂੰ ’ਕੱਠਿਆਂ ਬੈਠਣਾ ਪੈਣਾ ਏ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਮੁਹਾਲੀ ਚਲਾ ਗਿਆ ਹਾਂ। ਕਹਿਣ ਲੱਗੇ, ਫਿਰ ਤਾਂ ਹੋਰ ਚੰਗਾ ਏ, ਮੈਂ ਚੰਡੀਗੜ੍ਹ ਆਉਂਦਾ ਆਉਂਦਾ ਤੇਰੇ ਕੋਲ ਰੁਕ ਜਾਵਾਂਗਾ ਤੇ ਆਪਾਂ ਦੋ-ਤਿੰਨ ਘੰਟਿਆਂ ਵਿੱਚ ਕੰਮ ਨਿਬੇੜ ਲਵਾਂਗੇ। ਹੁਣ ਪਾਤਰ ਨੇ ਮੇਰੇ ਘਰ ਨਹੀਂ ਆਉਣਾ ਤੇ ਉਹ ਕਾਵਿਮਈ ਸੰਵਾਦ ਉਨ੍ਹਾਂ ਦੀ ਇਸਲਾਹ ਤੋਂ ਬਿਨਾਂ ਹੀ ਛਪਣਾ ਏ।

ਕੁਝ ਦਿਨ ਪਹਿਲਾਂ ਅਸੀਂ ਪਿਆਰੇ ਮਿੱਤਰ ਸ਼ਾਇਰ ਮੋਹਨਜੀਤ ਨੂੰ ਅਲਵਿਦਾ ਕਹੀ ਹੈ ਤੇ ਹੁਣ ਸੁਰਜੀਤ ਪਾਤਰ ਨੂੰ। ਮੋਹਨਜੀਤ ਨੇ ਸੁਰਜੀਤ ਪਾਤਰ ਨੂੰ ਬੰਸਰੀ ਦਾ ਅਲਾਪ ਕਿਹਾ ਤੇ ਲਿਖਿਆ ਸੀ :

‘ਉਹਦੇ ਦਿਲ ’ਚ ਡੂੰਘਾ ਟੋਇਆ ਹੈ
ਜਿਸ ’ਚ ਦਰੀਆਂ ਵਿਛੀਆਂ ਨੇ
ਕੋਈ ਨੱਚਦਾ ਹੈ ਤਾਂ ਥੱਕ ਕੇ ਬਹਿ ਜਾਂਦਾ ਹੈ
ਕੋਈ ਹੱਸਦਾ ਹੈ ਤਾਂ ਗੰਭੀਰ ਹੋ ਜਾਂਦਾ ਹੈ…
ਲੋਕ ਉਸ ਨੂੰ ਨਾਰੀਅਲ ਕਹਿੰਦੇ ਨੇ-
ਬਾਹਰੋਂ ਪੱਕਾ ਤੇ ਅੰਦਰੋਂ ਗਿਰੀ ਵਰਗਾ…
ਬਹੁਤ ਵਾਰ ਮੈਂ ਉਹਦੇ ਬੂਹੇ ’ਤੇ ਆਵਾਜ਼ ਦਿੱਤੀ ਹੈ
ਪਰ ਅੰਦਰ ਕੋਈ ਨਹੀਂ ਹੁੰਦਾ।’’

ਤੇ ਉਸ ਦੀ ਕਵਿਤਾ ‘ਆਇਆ ਨੰਦ ਕਿਸ਼ੋਰ’ ਪੜ੍ਹ ਕੇ ਪੰਜਾਬੀ ਸ਼ਾਇਰ ਅਮਰਜੀਤ ਚੰਦਨ ਨੇ ਲਿਖਿਆ ਹੈ,

‘‘ਆਇਆ ਨੰਦ ਕਿਸ਼ੋਰ ਕਵਿਤਾ ਵਾਚ ਕਰ
ਮਨ ਹੂਆ ਬਹੁਤ ਵਿਭੋਰ
ਐਸੀ ਰਚਨਾ ਪਾਤਰਾ
ਕੋਈ ਕਰ ਸਕਿਆ ਨਾ ਹੋਰ।’’

ਸੱਚਮੁੱਚ ਸੁਰਜੀਤ ਪਾਤਰ ਜਿਹੀਆਂ ਕਵਿਤਾਵਾਂ ਤੇ ਗ਼ਜ਼ਲਾਂ ਕਿਸੇ ਹੋਰ ਨਹੀਂ ਲਿਖਣੀਆਂ। ‘ਆਇਆ ਨੰਦ ਕਿਸ਼ੋਰ’ ਬਾਰੇ ਚੰਦਨ ਨੇ ਲਿਖਿਆ ਹੈ, ‘‘ਇਹ ਕਵਿਤਾ ਲੁਧਿਆਣੇ ਬਹਿ ਕੇ ਹੀ ਲਿਖੀ ਜਾਣੀ ਸੀ। ਕੁੰਡਲੀਏ ਤੇ ਦੋਹੇ ਛੰਦ ਦੀ ਰਲਵੀਂ ਬਹਿਰ ਵਿਚ ਲਿਖੀ ਇਸ ਕਵਿਤਾ ਨਾਲ ਇਕਦਮ ਪੰਜਾਬੀ ਬੋਲੀ ਦੇ ਮੂਲ ਨਾਲ਼ ਤਾਰ ਜੁੜ ਜਾਂਦੀ ਹੈ ਤੇ ਕਈ ਤਰਬਾਂ ਛਿੜ ਜਾਂਦੀਆਂ ਹਨ। ਸਿੱਧੇ-ਸਾਦੇ ਬੋਲਾਂ ਦੀਆਂ ਲਹਿਰਾਂ ਥੱਲੇ ਇਕ ਹੋਰ ਚੁੱਪ ਦਰਿਆ ਵਹਿੰਦਾ ਹੈ। ਉਦਾਸੀ, ਜ਼ਖਮ ਤੇ ਅੱਥਰੂ ਵਰਗਾ ਕੋਈ ਬੜਬੋਲਾ ਲਫ਼ਜ਼ ਨਹੀਂ ਕਿਤੇ ਵੀ। ਕਿਤੇ ਕੋਈ ਉਚੇਚ ਨਹੀਂ।’’

ਇਹ ਸੀ/ਹੈ ਪਾਤਰ, ਬਿਨਾਂ ਉਚੇਚ ਦੇ ਲਿਖਣ ਵਾਲਾ, ਕੋਈ ਬੜਬੋਲਾਪਣ ਨਹੀਂ, ਕਵਿਤਾ ਦੀਆਂ ਤੰਦਾਂ ਪੰਜਾਬੀ ਬੋਲੀ ਦੇ ਮੂਲ ਨਾਲ ਮੇਲਣ ਤੇ ਡੂੰਘੀਆਂ ਤਰਬਾਂ ਛੇੜਣ ਵਾਲਾ ਜਿਸ ਦੇ ਸ਼ਬਦਾਂ ਥੱਲੇ ਕਈ ਚੁੱਪ ਦਰਿਆ ਵਹਿੰਦੇ ਸਨ।

ਅਲਵਿਦਾ, ਵੀਰ ਮੇਰੇ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੁਰਜੀਤ ਪਾਤਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ