Roop Devinder Kaur ਰੂਪ ਦੇਵਿੰਦਰ ਕੌਰ
ਰੂਪ ਦੇਵਿੰਦਰ ਕੌਰ ਇੰਗਲੈਂਡ ਵੱਸਦੀ,ਜ਼ਿੰਦਗੀ ਨੂੰ ਮੁਹੱਬਤ ਕਰਦੀਆਂ ਕਵਿਤਾਵਾਂ ਦੀ ਸਿਰਜਕ ਹੈ। ਦੇਸ਼ ਵੰਡ ਵੇਲੇ ਸਿਆਲਕੋਟੋਂ ਭੋਗਪੁਰ (ਜਲੰਧਰ) ਆ ਕੇ ਵੱਸੇ ਬਾਬਲ ਪ੍ਰਿੰਸੀਪਲ ਚੰਨਣ ਸਿੰਘ ਘੁੰਮਣ ਦੇ ਘਰ ਮਾਤਾ ਜੀ ਸਤਵੰਤ ਕੌਰ ਦੀ ਕੁੱਖੋਂ 31 ਜੁਲਾਈ ਨੂੰ ਪੈਦਾ ਹੋਈ ਰੂਪ ਦੇਵਿੰਦਰ ਕੌਰ ਕੰਨਿਆ ਮਹਾਂ ਵਿਦਿਆਲਯ ਜਲੰਧਰ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ) ਦੀ ਗਰੈਜੂਏਟ ਹੈ। ਫਾਰਮੇਸੀ ਦਾ ਡਿਪਲੋਮਾ ਕਰਕੇ ਉਹ ਜੂਨ 1994 ਚ ਸੰਨੀ ਨਾਹਲ ਨਾਲ ਵਿਆਹ ਕਰਵਾ ਕੇ ਇੰਗਲੈਂਡ ਚਲੀ ਗਈ।
ਇੱਕ ਪੁੱਤਰ ਤੇ ਧੀ ਦੀ ਮਾਂ ਰੂਪ ਸਿਰ ਤੋਂ ਪੈਰਾਂ ਤੀਕ ਅੱਜ ਵੀ ਸੰਪੂਰਨ ਪੰਜਾਬਣ ਹੈ। ਆਪਣੇ ਵੱਡੇ ਪਰਿਵਾਰਕ ਕਾਰੋਬਾਰ ਦੀ ਮਾਲਕ ਪ੍ਰਬੰਧਕ ਹੋਣ ਦੇ ਨਾਲ ਨਾਲ ਸੁਜਿੰਦ ਸ਼ਾਇਰੀ ਕਰਦੀ ਹੈ। 1995 ਚ ਉਸ ਨੇ ਸਨਰਾਈਜ਼ ਰੇਡੀਉ ਵੱਲੋਂ ਕਰਵਾਏ ਗਿੱਧਾ/ਭੰਗੜਾ ਮੁਕਾਬਲੇ ਦੀ ਜੇਤੂ ਹੋਣ ਦਾ ਮਾਣ ਵੀ ਹਾਸਲ ਕੀਤਾ। 1998 ਤੋਂ ਲਗਾਤਾਰ ਸੰਚਾਰ ਮਾਧਿਅਮਾਂ ਨਾਲ ਜੁੜੀ ਰੂਪ ਦੇਵਿੰਦਰ ਕੌਰ ਪਿਛਲੇ ਕਾਫ਼ੀ ਸਮੇਂ ਤੋਂ ਅਕਾਲ ਚੈਨਲ ਤੋਂ ਹਫ਼ਤਾਵਾਰੀ ਸਭਿਆਚਾਰ, ਭਾਸ਼ਾ,ਸਾਹਿੱਤ ਅਤੇ ਕਲਾ ਬਾਰੇ ਪਰੋਗਰਾਮ ਪੇਸ਼ ਕਰਦੀ ਹੈ। ਉਸ ਦਾ ਪਲੇਠਾ ਕਾਵਿ ਸੰਗ੍ਰਹਿ ਯਾਦਾਂ ਦੀ ਮਹਿਕ ਅਕਤੂਬਰ 2004 ਵਿੱਚ ਵਿਸ਼ਵਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। ਉਸ ਦੀ ਕਲਮ ਹੁਣ ਵੀ ਨਿਰੰਤਰ ਕਰਮਸ਼ੀਲ ਹੈ।
ਗੁਰਭਜਨ ਗਿੱਲ ਦੇ ਕਹਿਣ ਮੁਤਾਬਕ ਰੂਪ ਦੇਵਿੰਦਰ ਦੀ ਕਵਿਤਾ ‘ਚ ਰਿਸ਼ਤਿਆਂ ਦੀ ਪਾਕੀਜ਼ਗੀ ਦੇ ਨਾਲ ਨਾਲ ਧਰਤੀ ਨਾਲ ਜੀਵੰਤ ਰਿਸ਼ਤਾ ਹੈ ਜੋ ਪਰਦੇਸ ਵਾਸ ਦੇ ਬਾਵਜੂਦ ਭੋਰਾ ਵੀ ਫਿੱਕਾ ਨਹੀਂ ਪਿਆ। ਉਹ ਜੋ ਕੁਝ ਮਹਿਸੂਸ ਕਰਦੀ ਹੈ, ਉਸ ਨੂੰ ਪੂਰੀ ਸੰਜ਼ੀਦਗੀ ਨਾਲ ਡਾਇਰੀ ਹਵਾਲੇ ਕਰ ਦਿੰਦੀ ਹੈ।