Punjabi Poetry : Roop Devinder Kaur
ਪੰਜਾਬੀ ਕਵਿਤਾਵਾਂ : ਰੂਪ ਦੇਵਿੰਦਰ ਕੌਰ
1. ਜੀਅ ਕਰਦੈ
ਜੀਅ ਕਰਦੈ ਜਾਨ ਵਾਰ ਦਿਆਂ ਮੈਂ। ਖ਼ੁਦ ਡੁੱਬ ਕੇ ਤੈਨੂੰ ਤਾਰ ਦਿਆਂ ਮੈਂ । ਕਲੀਆਂ ਤੇਰੇ ਕਦਮਾਂ ਨੂੰ ਚੁੰਮਣ, ਐਸਾ ਤੈਨੂੰ ਗੁਲਜ਼ਾਰ ਦਿਆਂ ਮੈਂ। ਸੁਪਨਿਆਂ ਤੋਂ ਵੀ ਸੋਹਣਾ ਹੈ ਜੋ, ਪਿਆਰਾ ਜਿਹਾ ਸੰਸਾਰ ਦਿਆਂ ਮੈਂ। ਕਰਦਿਆਂ ਤੈਨੂੰ ਪੂਰਾ ਈ ਝੱਲਾ, ਇਤਨਾ ਗੂੜ੍ਹਾ ਪਿਆਰ ਦਿਆਂ ਮੈਂ। ਤੇਰੀ ਜਿੱਤ ਦੀ ਖ਼ਾਤਰ ਚੰਨ ਵੇ, ਜਿੱਤੀ ਬਾਜ਼ੀ ਹਾਰ ਦਿਆਂ ਮੈਂ। ਬਣ ਜਾਵੇਂ ਤੂੰ ਹਰ ਦਮ ਮੇਰਾ , ਐਸਾ ਕੀ ਉਪਹਾਰ ਦਿਆਂ ਮੈਂ। 'ਰੂਪ' ਨੂੰ ਜੇ ਆਪਣੇ ਗਲ ਲਾਵੇਂ, ਤਪਦਾ ਹਿਰਦਾ ਠਾਰ ਦਿਆਂ ਮੈਂ।
2. ਬਦਲੋਟੀ
ਲੰਘ ਜਾਂਦੀ ਹੈ ਜੋ ਬਿਨਾਂ ਵਰ੍ਹਨ ਤੋਂ ਹੀ ਬਦਲੋਟੀ ਦਬਾਅ ਲੈਂਦੀ ਹੈ ਸੀਨੇ ਵਿੱਚ ਖ਼ਾਰੇ ਪਾਣੀਆਂ ਦੀ ਦਾਸਤਾਂ... ਇਕ ਪਰਬਤ ਦੇ ਗਲ ਲੱਗ ਜਿਸ ਦਿਨ ਇਹ ਰੋਏਗੀ ਇਹ ਪਗਲੀ ਔੜਾਂ ਮਾਰੀ ਧਰਤੀ ਦੀ ਉਸ ਦਿਨ ਕੁੱਖ ਹਰੀ ਹੋਵੇਗੀ...
3. ਇੱਕ ਦੀ ਵਿਆਖਿਆ
ਐ ਗਣਿਤ ਸ਼ਾਸਤਰੀ... ਐ ਗਿਆਨਵਾਨ ਇਨਸਾਨ! ਅਸੀਂ ਇਕ ਦੂਜੇ ਦੇ ਭਾਵਾਂ ਤੇ ਅੰਤਰਮਨ ਦਾ 'ਗਣਿਤ' ਸਮਝ ਨਾ ਸਕੇ। ਤੂੰ ... 'ਇਕ' ਨੂੰ 'ਇਕ' ਨਾਲ ਤਕਸੀਮ ਕਰਦਾ ਰਿਹਾ... ਤੇ ਜਵਾਬ ਆਇਆ: 'ਇਕ'। ਮੈਂ... 'ਇਕ' ਨੂੰ 'ਇਕ' ਨਾਲ ਜ਼ਰਬ ਕਰਦੀ ਰਹੀ... ਤੇ ਮੈਨੂੰ ਵੀ ਜਵਾਬ ਆਇਆ 'ਇਕ'। ਕਾਸ਼! ਜੇ ਕਿਤੇ 'ਇਕ' ਨੂੰ 'ਇਕ' ਨਾਲ ਜੋੜ ਦੇਂਦੇ... ਤਾਂ ਗਿਆਰਾਂ ਹੋ ਜਾਂਦੇ!