Rojre : Shiv Kumar Batalvi
ਰੋਜੜੇ : ਸ਼ਿਵ ਕੁਮਾਰ ਬਟਾਲਵੀ
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਪੀੜਾਂ ਕਰ ਗਈ ਦਾਨ ਵੇ ।
ਸਾਡੇ ਗੀਤਾਂ ਰੱਖੇ ਰੋਜੜੇ
ਨਾ ਪੀਵਣ ਨਾ ਕੁਝ ਖਾਣ ਵੇ ।
ਮੇਰੇ ਲੇਖਾਂ ਦੀ ਬਾਂਹ ਵੇਖਿਓ
ਕੋਈ ਸੱਦਿਓ ਅੱਜ ਲੁਕਮਾਨ ਵੇ ।
ਇਕ ਜੁਗੜਾ ਹੋਇਆ ਅੱਥਰੇ
ਨਿੱਤ ਮਾੜੇ ਹੁੰਦੇ ਜਾਣ ਵੇ ।
ਮੈਂ ਭਰ ਭਰ ਦਿਆਂ ਕਟੋਰੜੇ
ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
ਮੇਰੇ ਦੀਦੇ ਅੱਜ ਬਦੀਦੜੇ
ਪਏ ਨੀਂਦਾਂ ਤੋਂ ਸ਼ਰਮਾਣ ਵੇ ।
ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
ਅੱਜ ਸੱਦੋ ਸਾਕ ਸਕੀਰੀਆਂ
ਕਰੋ ਧਾਮਾਂ ਕੁੱਲ ਜਹਾਨ ਵੇ ।
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੰਝੂ ਕਰ ਗਈ ਦਾਨ ਵੇ ।
ਅੱਜ ਪਿੱਟ ਪਿੱਟ ਹੋਇਆ ਨੀਲੜਾ
ਸਾਡੇ ਨੈਣਾਂ ਦਾ ਅਸਮਾਨ ਵੇ ।
ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ ।
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ ।
ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫੁਰਕਤ ਦੇ ਸੁਲਤਾਨ ਵੇ ।
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਕੀ ਬੈਠ ਖਿਡਾਣ ਵੇ ।
ਅੱਜ ਪੌਣਾਂ ਪਿੱਟਣ ਤਾਜੀਏ
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
ਅੱਜ ਪੀ ਪੀ ਜੇਠ ਤਪੰਦੜਾ
ਹੋਇਆ ਫੁੱਲਾਂ ਨੂੰ ਯਰਕਾਨ ਵੇ ।
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੌਕੇ ਕਰ ਗਈ ਦਾਨ ਵੇ ।
ਅੱਜ ਸੌਂਕਣ ਦੁਨੀਆਂ ਮੈਂਡੜੀ
ਮੈਨੂੰ ਆਈ ਕਲੇਰੇ ਪਾਣ ਵੇ ।
ਅੱਜ ਖਾਵੇ ਖ਼ੌਫ਼ ਕਲੇਜੜਾ
ਮੇਰੀ ਹਿੱਕ 'ਤੇ ਪੈਣ ਵਦਾਨ ਵੇ ।
ਅੱਜ ਖੁੰਢੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ ।
ਅਸਾਂ ਖੇਡੀ ਖੇਡ ਪਿਆਰ ਦੀ
ਆਇਆ ਦੇਖਣ ਕੁੱਲ ਜਹਾਨ ਵੇ ।
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
ਸਭ ਫਾਡੀ ਆਖ ਬੁਲਾਣ ਵੇ ।
ਅੱਜ ਬਣੇ ਪਰਾਲੀ ਹਾਣੀਆਂ
ਮੇਰੇ ਦਿਲ ਦੇ ਪਲਰੇ ਧਾਨ ਵੇ ।
ਮੇਰੇ ਸਾਹ ਦੀ ਕੂਲੀ ਮੁਰਕ 'ਚੋਂ
ਅੱਜ ਖਾਵੇ ਮੈਨੂੰ ਛਾਣ੍ਹ ਵੇ ।
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਸੂਲਾਂ ਕਰ ਗਈ ਦਾਨ ਵੇ ।
ਅੱਜ ਫੁੱਲਾਂ ਦੇ ਘਰ ਮਹਿਕ ਦੀ
ਆਈ ਦੂਰੋਂ ਚੱਲ ਮੁਕਾਣ ਵੇ ।
ਸਾਡੇ ਵਿਹੜੇ ਪੱਤਰ ਅੰਬ ਦੇ
ਗਏ ਟੰਗ ਮਰਾਸੀ ਆਣ ਵੇ ।
ਕਾਗ਼ਜ਼ ਦੇ ਤੋਤੇ ਲਾ ਗਏ
ਮੇਰੀ ਅਰਥੀ ਨੂੰ ਤਰਖਾਣ ਵੇ ।
ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੌਰ ਚੁਰਾਣ ਵੇ ।
ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ ।
ਮੇਰੇ ਦਿਲ ਦੇ ਮਾਨ ਸਰੋਵਰਾਂ
ਵਿਚ ਬੈਠੇ ਹੰਸ ਪਰਾਣ ਵੇ ।
ਤੇਰਾ ਬਿਰਹਾ ਲਾ ਲਾ ਤੌੜੀਆਂ
ਆਏ ਮੁੜ ਮੁੜ ਰੋਜ਼ ਉਡਾਣ ਵੇ ।