Rog Ban Ke Reh Gia : Shiv Kumar Batalvi
ਰੋਗ ਬਣ ਕੇ ਰਹਿ ਗਿਆ : ਸ਼ਿਵ ਕੁਮਾਰ ਬਟਾਲਵੀ
ਰੋਗ ਬਣ ਕੇ ਰਹਿ ਗਿਆ ਹੈ ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ ।
ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ ।
ਸ਼ਹਿਰ ਤੇਰੇ ਕਦਰ ਨਹੀਂ ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲ੍ਹਦਾ ਹੈ ਹਰ ਬਾਜ਼ਾਰ ਤੇਰੇ ਸ਼ਹਿਰ ਦਾ ।
ਫੇਰ ਮੰਜ਼ਿਲ ਵਾਸਤੇ ਇਕ ਪੈਰ ਨਾ ਪੁੱਟਿਆ ਗਿਆ
ਇਸ ਤਰ੍ਹਾਂ ਕੁਝ ਚੁਭਿਆ ਕੋਈ ਖਾਰ ਤੇਰੇ ਸ਼ਹਿਰ ਦਾ ।
ਜਿੱਥੇ ਮੋਇਆਂ ਬਾਅਦ ਵੀ ਕਫ਼ਨ ਨਹੀਂ ਹੋਇਆ ਨਸੀਬ
ਕੌਣ ਪਾਗ਼ਲ ਹੁਣ ਕਰੇ ਇਤਬਾਰ ਤੇਰੇ ਸ਼ਹਿਰ ਦਾ ।
ਏਥੇ ਮੇਰੀ ਲਾਸ਼ ਤੱਕ ਨੀਲਾਮ ਕਰ ਦਿੱਤੀ ਗਈ
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ ।