Risham Rupehli : Shiv Kumar Batalvi

ਰਿਸ਼ਮ ਰੁਪਹਿਲੀ : ਸ਼ਿਵ ਕੁਮਾਰ ਬਟਾਲਵੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ ।

ਅਸੀਂ ਮੁਬਾਰਕ
ਤੇਰੀ ਅੱਗ ਵਿੱਚ
ਪਹਿਲੋਂ ਪਹਿਲ ਨਹਾਤੇ
ਤੇਰੀ ਅੱਗ ਦੇ ਸਾਡੀ ਅੱਗ ਵਿੱਚ
ਅੱਜ ਤੱਕ ਬਲਣ ਮੁਆਤੇ
ਅੱਜ ਵੀ ਸਾਡੀ,
ਅੱਗ 'ਚੋਂ ਆਵੇ
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ ।

ਸੱਜਣਾ
ਫੁੱਲ ਦੀ ਮਹਿਕ ਮਰੇ
ਪਰ ਅੱਗ ਦੀ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ ਉਮਰ ਦਾ ਸੁੱਕਦਾ,
ਦੂਣ ਸਵਾਈ ਵਧਦੀ
ਅੱਗ ਦੀ ਮਹਿਕ ਮਰੇ
ਜੇ ਲੱਜਿਆ
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ ।

ਅਸੀਂ ਤਾਂ ਸੱਜਣ
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸ਼ਿਵ ਕੁਮਾਰ ਬਟਾਲਵੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ