Reshami Dhage : Fatehjit
ਰੇਸ਼ਮੀ ਧਾਗੇ : ਫ਼ਤਿਹਜੀਤ
1. ਏਕਮ
(ਆਪਣੇ ਦੁੱਖਾਂ ਸੁੱਖਾਂ ਦੀ ਸਾਥਣ ਰਣਧੀਰ ਦੇ ਨਾਂ) ਇਸ ਏਕਮ ਦੇ ਦਿਨ ਤੂੰ ਚੰਨ ਦੀ ਪਹਿਲੀ ਲੀਕ ਜਹੀ ਏਂ ਤੇਰੇ ਹੱਥ ਵਿੱਚ ਹਰ ਸੁਪਨੇ ਦੀ ਮਿਠੀ ਰੰਗਤ ਮਹਿਕ ਰਹੀ ਹੈ। ਅੱਜ ਤੋਂ ਪਹਿਲਾਂ ਮਸਿਆ ਦਿਨ ਤੱਕ ਮੈਂ ਤੇਰੀ ਉਡੀਕ 'ਚ ਢਲਿਆ ਦਿਨ ਦਿਨ ਕਰਕੇ ਤੁਰ ਆਇਆ ਹਾਂ ਹਰ ਘਟਨਾ ਇਕ ਮੋੜ ਸਮਝਕੇ ਮੁੜ ਆਇਆ ਹਾਂ। ਮੇਰਾ ਦਿਲ ਜੋ ਕੱਲ੍ਹ ਤੱਕ ਇਕ ਇਕੱਲ ਸੀ ਕੇਵਲ ਹਰ ਸਾਹ ਜਿਸਦਾ ਛਲ ਸੀ ਕੇਵਲ ਇਸ ਮਿਲਨੀ ਤੇ ਸਾਂਝ ਸਜਾ ਕੇ ਬੈਠ ਗਿਆ ਹੈ ਤੇਰਾ ਹੋ ਕੇ ਤੈਨੂੰ ਆਪਣਾ ਰੂਪ ਬਣਾਕੇ ਬੈਠ ਗਿਆ ਹੈ। ਅੱਜ ਦਾ ਦਿਨ 'ਏਕਮ' ਦਾ ਦਿਨ ਹੈ। ਹਰ ਉਹ ਪੀੜ ਜੋ ਦਿਲ ਵਿੱਚ ਉਸਰੀ ਹਰ ਉਹ ਚੀਸ ਜੋ ਸਾਹ ਸਾਹ ਪਸਰੀ ਹਰ ਤਨਹਾਈ ਹਰ ਖ਼ਾਮੋਸ਼ੀ ਅੰਦਰੇ ਅੰਦਰ ਸਹਿਮ ਗਈ ਹੈ ਹਰ ਡਰਿਆ ਪਲ ਆਪਣੀਆਂ ਸੀਮਾਵਾਂ ਬਦਲ ਰਿਹਾ ਹੈ, ਦਿਲ ਦੀ ਬਸਤੀ ਸਾਂਝ ਦਾ ਚਾਨਣ ਮਚਲ ਗਿਆ ਹੈ।
2. ਮੈਂ ਪੰਛੀ ਬਣਨਾ ਲੋਚਦਾ ਹਾਂ
ਘਾਹ ਦੀਆਂ ਪੱਤੀਆਂ ਵਾਂਗ ਮੇਰੇ ਅੰਗਾਂ 'ਚ ਆਵਾਜ਼ਾਂ ਉੱਗਦੀਆਂ ਹਨ । ਮੇਰੀਆਂ ਬਾਹਾਂ 'ਚ ਨਿੱਕੇ ਨਿੱਕੇ ਪਰ ਉੱਗ ਰਹੇ ਹਨ ਮੈਂ ਪੰਛੀ ਬਣਨਾ ਲੋਚਦਾ ਹਾਂ। ਮੇਰੇ ਸਾਹਾਂ 'ਚ ਅੰਗੂਰ ਵੇਲ ਵਾਂਗ ਉਮੀਦਾਂ ਪੁੰਗਰਦੀਆਂ ਸਾਗਰ, ਪਹਾੜ, ਜੰਗਲ, ਝੀਲਾਂ, ਚਸ਼ਮਿਆਂ ਤੇ ਥਲਾਂ ਤੱਕ ਤੱਕਣਾ ਚਾਹੁੰਦਾ ਹਾਂ। ਮੇਰੀ ਨਜ਼ਰ 'ਚ ਆਕਾਸ਼ ਬੇਹੱਦ ਮੋਕਲਾ ਹੈ, ਘਰ ਤੋਂ ਸ੍ਰਿਸ਼ਟੀ ਤੱਕ ਦਾ ਗੋਲ ਘੇਰਾ ਮੇਰੀ ਉਡਾਨ ਦੀ ਸੀਮਾ ਹੈ ਮੈਂ ਪੰਛੀ ਬਣਨਾ ਸੀਮਾਵਾਂ ਜਿੰਨ੍ਹਾਂ ਤੇ ਗੋਲੀਆਂ ਦੇ ਖੜਾਕ ਮੇਰੇ ਕੰਨਾਂ 'ਚ ਗੂੰਜਦੇ ਹਨ, ਰੇਖਾਵਾਂ ਜਿੰਨ੍ਹਾਂ ਦੀ ਕੈਦ 'ਚ ਤੂੰ ਤੇ ਮੈਂ ਸਾਰੇ ਕੈਦ ਹਾਂ ਮਨੱਖ ਦੀ ਹਉਂਮੈ ਹੈ। ਜਦਕਿ- ਹਰ ਦੇਸ਼ ਦਾ ਬੱਚਾ ਬੱਚਾ ਮਾਂ ਦੀ ਮਮਤਾ 'ਚ ਪਲਦਾ ਹੈ ਹਰ ਦੇਸ਼ ਦਾ ਗੱਭਰੂ ਪਿਆਰ ਰੋਸਿਆਂ ਤੇ ਜੀਂਦਾ ਹੈ ਤੇ ਹਰ ਦੇਸ਼ 'ਚ ਦਰਖ਼ਤਾਂ ਨੂੰ ਸ਼ਾਂਤ ਪੱਤੇ ਲੱਗਦੇ ਹਨ । ਮੈਂ ਪੰਛੀ ਬਣਨਾ ਲੋਚਦਾ ਹਾਂ ਮੇਰੀਆਂ ਬਾਹਾਂ 'ਚ ਨਿੱਕੇ ਨਿੱਕੇ ਪਰ ਉੱਗ ਰਹੇ ਹਨ।
3. ਮੁਕਤੀ ਮਾਰਗ
ਲਾਰਿਆਂ ਤੇ ਇਕਰਾਰਾਂ ਵਿਚਕਾਰ ਖੜੇ ਸੀ ਯਾਰ ਕਦੇ ਹਮਦਰਦ ਲੱਗਦੇ ਸੀ ਕਦੇ ਬੇਦਰਦ ਲੱਗਦੇ ਸੀ। ਸਲੀਕਾ ਮੰਗ ਕਰਦਾ ਸੀ ਕਿ ਉਹ ਕਹਿੰਦੇ ਕਹਿ ਦਿੰਦੇ ਜੋ ਕਹਿਣਾ ਸੀ ਦੁਚਿੱਤੀ ਮੁੱਕ ਜਾਂਦੀ, ਛਿੱਜਦਿਆਂ ਸਾਹਾਂ 'ਚ ਕੁੱਝ ਤਾਂ ਨਵਾਂ ਹੁੰਦਾ ਦੋਸਤਾਂ ਵਰਗਾ ਜਾਂ ਦੁਸ਼ਮਣਾ ਵਰਗਾ । ਭਲਾ ਹੁੰਦਾ ਜੇ ਹਾਂ ਹੁੰਦੀ ਜਾਂ ਨਾਂਹ ਹੁੰਦੀ। ਸ਼ਰੀਕਾਂ ਵਾਂਗ ਰੁੱਸਦੀ ਮੰਨਦੀ ਆਸ਼ਾ-ਨਿਰਾਸ਼ਾ ਫ਼ਾਸਲੇ ਤੋਂ ਮੁਕਤ ਹੋ ਜਾਂਦੀ। ਘੋੜਾ ਆਰ ਹੋ ਜਾਂਦਾ ਜਾਂ ਘੋੜਾ ਪਾਰ। ਖੜੇ ਸੀ ਯਾਰ ਲਾਰਿਆਂ ਤੇ ਇਕਰਾਰਾਂ ਵਿਚਕਾਰ। ਕਦੇ ਹਮਦਰਦ ਲੱਗਦੇ ਸੀ ਕਦੇ ਬੇਦਰਦ ਲੱਗਦੇ ਸੀ।
4. ਦੋਸਤੋ ਆਇਆ ਕਰੋ
ਦੋਸਤੋ, ਆਇਆ ਕਰੋ ਦੁੱਖ-ਸੁੱਖ ਕਰਿਆ ਕਰੋ, ਜ਼ਿੰਦਗੀ ਹੈ ਤਲਖ਼ ਰਿਸ਼ਤੇ ਪਰੇਸ਼ਾਨ ਰਿਸ਼ਤਿਆਂ ਦੀ ਪੀੜ ਦਾ ਕੁੱਝ ਤਾਂ ਹਰਿਆ ਕਰੋ ਦੋਸਤੋ ਆਇਆ ਕਰੋ ਮੰਨਿਆ ਕਿ... ਹੋ ਰਿਹਾ ਹੈ ਹਾਦਸੇ ਤੇ ਹਾਦਸਾ ਜ਼ਿੰਦਗੀ ਹੈ ਮਰ ਰਹੀ ਫੇਰ ਵੀ ਐ ਦੋਸਤੋ ਹਾਦਸੇ ਜ਼ਰਿਆ ਕਰੇ ਜ਼ਿੰਦਗੀ ਵਰਿਆ ਕਰੋ। ਦੋਸਤੋ... ਗਿਲਾ ਕਰਨਾ ਸੁਖਾਲਾ ਹੈ ਗਿਲਾ ਜਰਨਾ ਬੜਾ ਮੁਸ਼ਕਲ, ਕਿਸੇ ਦਾ ਹੋਣ ਤੋ ਪਹਿਲਾਂ ਕਿਸੇ ਦਾ ਹੋਣ ਦੀ ਖ਼ਾਤਰ ਸਿਰ ਤਲੀ ਧਰਿਆ ਕਰੋ। ਦੋਸਤੋ... ਮੁਹੱਬਤ ਬਹੁਤ ਮਹਿੰਗੀ ਹੈ ਮਗਰ ਹੈ ਤਾਂ ਸਹੀ ਸਮਰਪਣ ਸ਼ਰਤ ਹੈ ਇਸਦੀ ਮੁਹੱਬਤ ਜਿੱਤਣੇ ਖ਼ਾਤਰ ਜਿੱਤ ਕੇ ਹਰਿਆ ਕਰੋ। ਦੋਸਤੋ, ਆਇਆ ਕਰੋ ਦੁੱਖ-ਸੁੱਖ ਕਰਿਆ ਕਰੋ। *** ਦਿਲਾਂ ਨੂੰ ਹੈ ਪਤਾ ਕਿੱਥੇ ਕੁ ਵਸਦਾ ਏ ਮੁਹੱਬਤ ਦਾ ਖ਼ੁਦਾ, ਦਿਲਾਂ ਹੀ ਜਾਨਣਾ ਹੁੰਦੈ, ਦਿਲਾਂ ਨੂੰ ਜਾਣਦਾ ਬੰਦਾ। ਨਜ਼ਰ ਗੁਸਤਾਖ਼ੀਆਂ ਕਰਦੀ ਭਟਕਦੀ ਲੰਘ ਜਾਂਦੀ ਹੈ, ਬੁਢਾਪੇ ਤੱਕ ਨਹੀਂ ਮਿਲਦਾ, ਦਿਲਾਂ ਦੇ ਹਾਣ ਦਾ ਬੰਦਾ।
5. ਅਜੇ ਵੀ...
ਅਜੇ ਵੀ ਉਸ ਨੂੰ ਮਾਣ ਹੈ ਆਪਣੇ ਤਸੱਵਰ ਤੇ, ਅਜੇ ਵੀ ਡਿੱਗਦਿਆਂ-ਢਹਿੰਦਿਆਂ ਤੁਰਨ ਦੀ ਸੋਚਦਾ ਹੈ। ਬਦਬੂਦਾਰ ਚੌਗਿਰਦੇ 'ਚ ਵੀ ਉਸ ਦੀ ਮਿੱਟੀ ਨੂੰ ਜ਼ਿੱਦ ਕਰਦੇ ਖ਼ਿਆਲਾਂ ਤੇ ਭਰੋਸਾ ਹੈ । ਕਿ ਇੱਕ ਦਿਨ ਜ਼ਰੂਰ ਬਦਲੇਗੀ ਹਵਾ, ਵਫ਼ਾਦਾਰਾਂ ਦੇ ਸਾਹਾਂ 'ਚ ਭਰ ਜਾਏਗੀ ਮਹਿਕ ਜ਼ਮਾਨਾ ਬਦਲ ਜਾਏਗਾ। ਸੁਪਨਿਆਂ ਦੀ ਹੋਂਦ ਅਹਿਸਾਸ ਦੀ ਦੁਨੀਆਂ ਦਾ ਸੱਚ ਹੈ, ਤੇ ਅਹਿਸਾਸ... ਹੋਂਦ ਦੀ ਕਾਇਮੀ ਦਾ ਦੂਸਰਾ ਨਾਂ ਹੈ। ਅਜੇ ਵੀ ਉਸ ਨੂੰ ਮਾਣ ਹੈ ਆਪਣੇ ਤਸੱਵਰ ਤੇ ਅਜੇ ਵੀ ਉਹ ਅਜੇ ਵੀ ਡਿੱਗਦਿਆਂ-ਢਹਿੰਦਿਆਂ ਤੁਰਨ ਦੀ ਸੋਚਦਾ ਹੈ ।
6. ਮਸ਼ਵਰਾ
ਘਰ ਵਿੱਚ ਕਲੇਸ਼ ਕਰਕੇ, ਜਾਵੇਂਗਾ ਕਿਹੜੇ ਦਰ ਤੇ । ਗ਼ੈਰਾਂ ਤਾਂ ਗ਼ੈਰ ਰਹਿਣਾ, ਆਪਣਾ ਕਿਸੇ ਨਹੀਂ ਕਹਿਣਾ। ਤੂੰ ਜਿਸਨੂੰ ਕਰੇਂ ਮੁਹੱਬਤ, ਉਹੀਓ ਕਰੇਗਾ ਨਫ਼ਰਤ । ਅੱਗੇ ਹੈ ਬਹੁਤ ਹੋਈ, ਮਿਲਦੀ ਕਿਤੇ ਨ ਢੋਈ। ਭਾਈਆਂ ਨੇ ਭਾਈ ਵੱਡੇ , ਵਸਦੇ ਉਜਾੜ ਛੱਡੇ । ਆਗੂ ਗ਼ੁਲਾਮ ਸਾਰੇ, ਗ਼ੈਰਾਂ ਦੇ ਢੋਣ ਭਾਰੇ। ਲਾਲਚ ਨੇ ਡੋਬ ਦਿੱਤਾ, ਮੁਹੱਬਤ ਦਾ ਪਾਕ ਰਿਸ਼ਤਾ। ਆਪਣੇ ਬਣੇ ਨੇ ਦੁਸ਼ਮਣ, ਵੀਰਾਂ ਨੂੰ ਗ਼ੈਰ ਸਮਝਣ। ਸਾਜ਼ਿਸ਼ ਦੀ ਖੇਡ ਅੰਦਰ, ਢੱਠਿਆ ਖ਼ੁਦਾ ਦਾ ਮੰਦਰ। ਹਾਕਮ ਦਾ ਕਹਿਰ ਟੁੱਟਿਆ, ਹਉਮੈਂ ਨੇ ਸਾੜ ਸੁੱਟਿਆ। ਰੁੱਖਾਂ ਦੇ ਸੁੱਕੇ ਪੱਤਰ, ਫ਼ਿਕੇ ਜਿਹੇ ਹੋਏ ਮਿੱਤਰ । ਘੁੱਟ ਕਾਲਜੇ ਭਰਕੇ, ਬੈਠੇ ਹਾਂ ਸਬਰ ਕਰਕੇ । ਘਰ ਵਿੱਚ ਗੁਲਾਬ ਸੜਿਆ, ਮਾਂਵਾਂ ਦਾ ਰੂਪ ਝੜਿਆ। ਨਾਨਕ ਤੇ ਰਾਮ ਦੋਏ, ਲਗਦੇ ਨੇ ਰੋਏ ਰੋਏ। ਹਾਲੀਂ ਵੀ ਡਰ ਚੁਫ਼ੇਰੇ, ਮਾਰੇ ਘਰਾਂ 'ਚ ਗੇੜੇ। ਹਾਲੀਂ ਵੀ ਵਕਤ ਕਾਫ਼ੀ, ਮੰਗ ਲੈ ਗੁਨਾਹ ਦੀ ਮਾਫ਼ੀ। ਕਰਕੇ ਸ਼ਊਰ ਜੀ ਲੈ, ਬੀਤੇ ਦੇ ਜ਼ਖ਼ਮ ਸੀ ਲੈ। ਹਉਮੈਂ ਹੈ ਰੋਗ ਭਾਰੀ ਇਸ ਵਿੱਚ ਹੈ ਅਤਿ ਖ਼ੁਆਰੀ। ਮਾਨਵ ਦਾ ਧਰਮ ਸਾਂਝਾ, ਦੂਜਾ ਨ ਕੋਈ ਲਾਂਝਾ। ਮਿਹਨਤ ਦੀ ਪੱਤ ਬਚਾ ਲੈ, ਆਪਣਾ ਤੂੰ ਘਰ ਸਜਾ ਲੈ। ਮਨੁੱਖਤਾ ਨ ਵੰਡ ਹੋਣੀ, ਹਉਂਮੈ ਹੈ ਅੰਤ ਰੋਣੀ। ਫ਼ਿਰਕੂ ਹਵਾ ਜੇ ਵੱਗੇ, ਆਪਣਾ ਵੀ ਗ਼ੈਰ ਲੱਗੇ। ਐਸੀ ਨ ਲੜ ਲੜਾਈ, ਸਾਂਝਾਂ ਨੂੰ ਜੋ ਨ ਭਾਈ। ਸ਼ੱਭ ਕਰਮਾ ਤੇ ਹੈ ਨਬੇੜਾ, ਵਾਧੂ ਨ ਛੇੜ ਝੇੜਾ। ਘਰ ਵਿੱਚ ਕਲੇਸ਼ ਮਾੜਾ, ਭੁੱਖਿਆਂ 'ਚ ਕਾਹਦਾ ਸਾੜਾ। ਘਰ ਵਿੱਚ ਕਲੇਸ਼ ਕਰਕੇ, ਜਾਏਂਗਾ ਕਿਹੜੇ ਦਰ ਤੇ ।
7. ਤਸਵੀਰ ਬੋਲਦੀ ਹੈ
ਜਦ ਕਦੇ ਕਾਲੀਆਂ ਰਾਤਾਂ ਨੂੰ ਮੈਂ ਭਟਕਦਾ ਹਾਂ ਗ਼ਮ ਦਿਆਂ ਖੰਡਰਾਂ ਦੇ ਵਿੱਚ ਲੱਭਦਾ ਫਿਰਦਾਂ ਸਵੇਰਾਂ ਦੀ ਚਿਣਗ, ਸੂਹੇ ਸਰਘੀਆਂ ਦੇ ਬੁਲ੍ਹ , ਨੈਣਾਂ ਦਾ ਖ਼ੁਮਾਰ ਜਿੰਦਗੀ ਦੇ ਪੈਂਡਿਆਂ ਲਈ ਚਾਨਣਾਂ ਤਾਂ ਤੇਰੀ ਤਸਵੀਰ ਮੈਨੂੰ ਆਪ ਹੀ ਆਣ ਦੱਸ ਜਾਂਦੀ ਏ ਤੇਰੇ ਘਰ ਦੀ ਰਾਹ ਉਸ ਮਹਿਲ ਦੀ, ਜਿਸ ਵਿੱਚ ਸਦਾ ਪਿਆਰ ਦਿਲ ਦਾ ਆਸਰਾ ਦਿਲ ਦੀ ਚਮਕ ਪਿਆਰ ਤਾਜ ਮੱਥੇ ਦਾ। ਤਾਂ, ਮੈਂ ਗ਼ਮ ਭੁਲਾ ਕੇ ਹਾਂ ਹੱਸਦਾ ਜ਼ੋਰ ਜ਼ੋਰ ਕਿਸੇ ਮਹਾਂ ਸ਼ਕਤੀ ਸਹਾਰੇ ਨੱਚਦਾ ਹਾਂ ਗਲ 'ਚ ਪਾ ਪੀੜਾਂ ਦੇ ਨਾਗ ਸਰਬ-ਸਾਂਝੇ ਹਿੱਤ ਦੀ ਫ਼ੜ ਡੁਗ ਡੁਗੀ ਸਾਥੀਆਂ ਨੂੰ ਹਾਣੀਆਂ ਨੂੰ ਆਖਦਾਂ: "ਆਓ, ਰਲ ਕੇ ਗਾਵੀਏ ਅਮਨਾਂ ਦੇ ਗੀਤ ਆਓ, ਰਲ ਕੇ ਤੋੜੀਏ ਮੱਛੀਆਂ ਤੋਂ ਜਾਲ ਆਓ, ਰਲ ਕੇ ਮਾਣੀਏ ਘੁੱਗੀਆਂ ਦੇ ਬੋਲ ਆਓ, ਰਲ ਕੇ ਚੁੰਮੀਏਂ ਸਾਂਝੀ ਸਵੇਰ" ਤਾਂ ਤੇਰੀ ਤਸਵੀਰ ਫਿਰ ਹੈ ਬੋਲਦੀ, "ਆ ਤੇਰੇ ਪੈਰਾਂ 'ਚੋਂ ਕੰਡੇ ਚੁੱਗ ਲਵਾਂ ਆ ਤੈਨੂੰ ਬਾਹਾਂ 'ਚ ਆਪਣੇ ਘੁੱਟ ਲਵਾਂ ਦੋ ਕੁ ਪਲ, ਦੋ ਕਦਮ ਹੋਰ ਚੱਲ ਕੇ ਆ ਜ਼ਰਾ ਜ਼ਿੰਦਗੀ ਹਾਂ ਮੈਂ ਤੇਰੀ, ਜ਼ਿੰਦਗੀ ਦੇ ਆਸ਼ਕਾ।" *** ਇਸ਼ਕ ਦੀ ਉਮਰ ਨਹੀਂ ਹੁੰਦੀ, ਹੁਸਨ ਦਾ ਮੁਲ ਨਹੀਂ ਹੁੰਦਾ। ਇਹ ਚਾਹਤ ਦੀ ਕਹਾਣੀ ਹੈ, ਤੇ ਚਾਹਤ ਦੀ ਜ਼ਬਾਨੀ ਹੈ।