Fatehjit ਫ਼ਤਿਹਜੀਤ

ਸਿਰਕੱਢ ਪੰਜਾਬੀ ਕਵੀ ਫ਼ਤਿਹਜੀਤ ਜੀ ਦਾ ਜਨਮ 3 ਦਸੰਬਰ 1938 ਨੂੰ ਚੱਕ ਨੰਬਰ 87, ਲਾਇਲਪੁਰ (ਪਾਕਿਸਤਾਨ) ਵਿੱਚ ਸ. ਗੁਰਚਰਨ ਸਿੰਘ ਬਦੇਸ਼ਾ ਦੇ ਘਰ ਮਾਤਾ ਸਰਦਾਰਨੀ ਸੁਰਜੀਤ ਕੌਰ ਦੀ ਕੁੱਖੋਂ ਨਾਨਕੇ ਘਰ (ਲਲਤੋਂ ਵਾਲੇ ਗਰੇਵਾਲ ਪਰਿਵਾਰ) ਵਿੱਚ ਹੋਇਆ। ਦੇਸ਼ ਵੰਡ ਮਗਰੋਂ ਇਹ ਪਰਿਵਾਰ ਆਪਣਾ ਜੱਦੀ ਪਿੰਡ ਢੰਡੋਵਾਲ ਤੋਂ ਸ਼ਾਹਕੋਟ (ਜਲੰਧਰ) ਆਣ ਵੱਸਿਆ। ਆਪ ਨੇ ਮੈਟਰਿਕ ਸਰਕਾਰੀ ਸਕੂਲ ਨੰਗਲ ਅੰਬੀਆਂ (ਜਲੰਧਰ) ਅਤੇ ਰਣਬੀਰ ਕਾਲਜ ਸੰਗਰੂਰ ਤੋਂ ਐੱਫ.ਏ. ਕਰਕੇ ਗਿਆਨੀ, ਓ.ਟੀ. ਪਾਸ ਕੀਤੀ। ਮਗਰੋਂ ਬੀ.ਏ. ਅਤੇ ਐੱਮ.ਏ. ਪ੍ਰਾਈਵੇਟ ਤੌਰ 'ਤੇ ਪਾਸ ਕੀਤੀ। ਜੀਵਨ ਸਾਥਣ ਰਣਧੀਰ ਕੌਰ ਤੇ ਤਿੰਨ ਧੀਆਂ (ਬਲਜੀਤ ਕੌਰ, ਸੁਖਦੀਪ ਕੌਰ ਤੇ ਰਾਜਵੀਰ ਕੌਰ) ਦੇ ਭਰਵੇਂ ਪਰਿਵਾਰ ਦੇ ਅੰਗ ਸੰਗ ਜਲੰਧਰ ਵਿੱਚ ਰਹਿੰਦਿਆਂ ਬੀਮਾਰੀ ਦੀ ਲੰਮੀ ਮਾਰ ਦੇ ਬਾਵਜੂਦ ਸੂਰਮਿਆਂ ਵਾਂਗ ਲਗਾਤਾਰ ਸਿਰਜਣਸ਼ੀਲ ਰਨ।

ਇਸੇ ਸਦਕਾ ਉਹ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਫ਼ਤਹਿਜੀਤ ਵਿਸ਼ੇਸ਼ ਸਨਮਾਨਯੋਗ ਥਾਂ ਰੱਖਦੇ ਹਨ। ਮਨੁੱਖੀ ਰਿਸ਼ਤਿਆਂ, ਸਮਾਜਿਕ ਤਾਣੇ-ਬਾਣੇ ਤੇ ਮਨੁੱਖੀ ਹੋਂਦ ਸਮੇਤ ਜ਼ਿੰਦਗੀ ਦੇ ਹੋਰ ਪਹਿਲੂਆਂ ਨੂੰ ਸੰਵੇਦਨਸ਼ੀਲਤਾ ਤੇ ਖ਼ੂਬਸੂਰਤ ਕਾਵਿਕ ਭਾਸ਼ਾ ਵਿੱਚ ਸੰਚਾਰਦੇ ਹਨ। ਜੀਵਨ ਨਿਰਬਾਹ ਲਈ ਅਧਿਆਪਨ ਕਿੱਤੇ ਦੀ ਚੋਣ ਸਬੱਬ ਸੀ ਜਿਸ ਨੇ ਫ਼ਤਹਿਜੀਤ ਜੀ ਨੂੰ ਪੱਛਮੀ, ਭਾਰਤੀ ਤੇ ਪੰਜਾਬੀ ਸਾਹਿਤ ਦਾ ਨਿੱਠ ਕੇ ਅਧਿਐਨ ਕਰਨ ਦੇ ਮੌਕੇ ਮੁਹੱਈਆ ਕਰਾਏ। ਉਨ੍ਹਾਂ ਇਨ੍ਹਾਂ ਮੌਕਿਆਂ ਦਾ ਸਦਉਪਯੋਗ ਕੀਤਾ ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਮਿਲਦੀ ਹੈ।

ਸ਼ਾਂਤ ਸੁਭਾਅ ਤੇ ਚੇਤੰਨ ਕਵੀ ਫ਼ਤਹਿਜੀਤ ਜੀ ਨੇ ਚਾਰ ਕਾਵਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਕਵਿਤਾ ਆਉਣ ਵਾਲੀਆਂ ਭਵਿੱਖ ਪੀੜ੍ਹੀਆਂ ਨੂੰ ਸਾਰਥਕ ਸੋਚ ਦੇ ਨਾਲ-ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੀ ਹੈ। ਫ਼ਤਹਿਜੀਤ ਜੀ ਦੀ ਪਲੇਠੀ ਕਿਤਾਬ ‘ਏਕਮ’ 1967 ਵਿੱਚ ਛਪੀ ਜਿਸ ਨਾਲ ਉਹ ਉਸ ਸਮੇਂ ਦੇ ਪੰਜਾਬੀ ਦੇ ਚੋਣਵੇਂ ਕਵੀਆਂ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਦੀ ਕਵਿਤਾ ਨੂੰ ਨੌਜਵਾਨ ਵਰਗ ਦੇ ਨਾਲ-ਨਾਲ ਕਵਿਤਾ ਦੇ ਗੰਭੀਰ ਪਾਠਕਾਂ ਨੇ ਵੀ ਸਰਾਹਿਆ। ਉਨ੍ਹਾਂ ਦੀ ਦੂਸਰੀ ਕਿਤਾਬ ‘ਕੱਚੀ ਮਿੱਟੀ ਦੇ ਬੌਣੇ’ 1973 ਵਿੱਚ ਆਈ ਜਿਸ ਵਿੱਚ ਕਵਿਤਾ ਰਾਹੀਂ ਬਹੁਤ ਸੂਖ਼ਮਤਾ ਨਾਲ ਸਮਾਜਿਕ, ਆਰਥਿਕ ਤੇ ਰਾਜਨੀਤਕ ਤਾਣੇ-ਬਾਣੇ ਦੀਆਂ ਗੰਢਾਂ ਨੂੰ ਬਿਆਨਿਆ ਗਿਆ। ਫ਼ਤਹਿਜੀਤ ਜੀ ਦੀ ਕਵਿਤਾ ਨੇ ਹਮੇਸ਼ਾਂ ਹੀ ਸਮਾਜਿਕ ਨਾਬਰਾਬਰੀ ਵਿਰੁੱਧ ਆਵਾਜ਼ ਉਠਾਈ। 1982 ਵਿੱਚ ਆਈ ਤੀਜੀ ਪੁਸਤਕ 'ਨਿੱਕੀ ਜੇਹੀ ਚਾਨਣੀ' ਵੀ ਇਸੇ ਗੱਲ ਦੀ ਗਵਾਹੀ ਦਿੰਦੀ ਹੈ। 2018 ਵਿੱਚ ਆਈ ਚੌਥੀ ਕਾਵਿ ਕਿਤਾਬ 'ਰੇਸ਼ਮੀ ਧਾਗੇ' ਰਿਸ਼ਤਿਆਂ ਦੀ ਅਹਿਮੀਅਤ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਆਸ ਦੀ ਗੱਲ ਕਰਦੀ ਹੈ। ਇਸ ਪੁਸਤਕ ਨੂੰ ਉਨ੍ਹਾਂ ਦੇ ਸਨੇਹੀਆਂ ਸੁਰਿੰਦਰ ਗਿੱਲ, ਰਘਬੀਰ ਸਿੰਘ ਸਿਰਜਣਾ, ਰਵਿੰਦਰ ਭੱਠਲ, ਗੁਰਭਜਨ ਗਿੱਲ, ਬਲਬੀਰ ਪਰਵਾਨਾ ਤੇ ਕਈ ਹੋਰ ਲੇਖਕਾਂ ਨੇ ਲੋਕ ਅਰਪਣ ਕੀਤਾ।

ਫ਼ਤਹਿਜੀਤ ਜੀ ਨੂੰ ਪੰਜਾਬ ਆਰਟਸ ਕੌਂਸਲ ਵੱਲੋਂ ਇਸ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਰਾਹੀਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੁਖਵਿੰਦਰ ਕੰਬੋਜ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਕੌਮਾਂਤਰੀ ਸੰਸਥਾ ਕਲਮ ਦਾ 2015 ਲਈ 'ਬਾਪੂ ਜਾਗੀਰ ਸਿੰਘ ਕੰਬੋਜ ਪੁਰਸਕਾਰ' ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਫ਼ਤਿਹਜੀਤ ਪੰਜਾਬੀ ਕਵੀ