Punjabi Poetry : Ravinder Bhathal

ਪੰਜਾਬੀ ਕਵਿਤਾਵਾਂ : ਰਵਿੰਦਰ ਭੱਠਲ


ਗਿੱਲੀ ਮਿੱਟੀ

ਲੋਕਾਂ ਦਾ ਕਾਹਦਾ ਭਰੋਸਾ ਉਹ ਤਾਂ ਜਿੱਧਰ ਚਾਹੋ ਜਿਵੇਂ ਚਾਹੋ ਜਦੋਂ ਚਾਹੋ ਉਵੇਂ ਢਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹੁੰਦੇ ਹਨ ਬਸ ਤੁਹਾਡੇ ਹੱਥਾਂ ‘ਚ ਜੁਗਤ ਹੋਵੇ,ਕਲਾ ਹੋਵੇ ਬੋਲਾਂ ‘ਚ ਜਾਦੂ ਹੋਵੇ ਛਲ ਫਰੇਬ ਜਿਹਾ ਫਿਰ ਗਿੱਲੀ ਮਿੱਟੀ ਜਿਵੇਂ ਚਾਹੋ ਉਵੇਂ ਆਕਾਰ ਧਾਰ ਲੈਂਦੀ ਹੈ। ਜੇਕਰ ਸੁੱਕਣ 'ਤੇ ਆਵੇ ਥੋੜ੍ਹਾ ਜਿਹਾ ਪਾਣੀ ਦਾ ਤਰੌਂਕਾ ਦਿਓ ਉਹ ਢਲ ਜਾਏਗੀ ਨਰਮ ਪੈ ਜਾਏਗੀ ਤੁਹਾਡਾ ਮਨ ਚਾਹਿਆ ਰੂਪ ਧਾਰ ਲਵੇਗੀ ਲੋਕਾਂ ਦਾ ਕੀ ਹੈ ਉਹ ਤਾਂ ਗਿੱਲੀ ਮਿੱਟੀ ਹਨ ਹੱਥ ਦੇ ਸਹਾਰੇ ਤੇ ਅੱਖ ਦੇ ਇਸ਼ਾਰੇ ਨਾਲ ਹੀ ਬਦਲ ਜਾਂਦੇ ਹਨ ਲੋਕ ਤਾਂ ਗਿੱਲੀ ਮਿੱਟੀ ਹਨ।

ਜੇ......

ਰੂਹ ਦੀ ਜੇ ਇਬਾਰਤ ਹੁੰਦੀ ਤਾਂ ਹਰ ਭਾਵੁਕ ਮਨੁੱਖ ਸਫਿਆਂ ਤੇ ਫੈਲ ਸਕਦਾ ਸੀ ਤੇ ਅੱਥਰੂ ਜੇ ਅੱਖਰ ਹੁੰਦੇ ਤਾਂ ਮੈਂ ਸਵੈ-ਜੀਵਨੀ ਕਦੋਂ ਦਾ ਲਿਖ ਚੁੱਕਿਆ ਹੁੰਦਾ । ਪਰ ਅੱਥਰੂ ‘ਕੱਲਾ ‘ਕੱਲਾ’ ਅੱਖਰ ਤਾਂ ਹਨ ਤੇ ਇਕਹਰੇ ਅੱਖਰ ਮੁਹਾਰਨੀ ਨਹੀਂ ਬਣਦੇ ਹਾਸੇ ਖਿੜੇ ਫੁੱਲਾਂ ਦੇ ਗੁਲਦਸਤੇ ਨਹੀਂ ਸੱਪਾਂ ਦੀਆਂ ਸਿਰਜੀਆਂ ਵਰਮੀਆਂ ਵੀ ਹਨ ਇਸੇ ਲਈ ਤਾਂ ਮੁਸਕੁਰਾਹਟ ਕਦੇ ਗੀਤ ਨਹੀਂ ਬਣਦੀ । ਖ਼ਾਮੋਸ਼ੀ ਦੇ ਸਾਰੇ ਪਲ ਜੇ ਹਯਾਤੀ 'ਚੋਂ ਮਨਫੀ ਕਰ ਦੇਵਾਂ ਤਾਂ ਸਾਹ ਸਲਾਮ ਤੋਂ ਬਿਨਾਂ ਕੁਝ ਨਹੀਂ ਬਚਦਾ ਭਟਕਣ ਦੀਆਂ ਪੈੜਾਂ ਕੱਢ ਦਿੱਤਿਆਂ ਡੇਢ ਕਦਮ ਦਾ ਹੀ ਸਫਰ ਬਚਦਾ ਹੈ ਮੈਂ ਕੈਲੰਡਰ ਤਾਂ ਨਹੀਂ ਜੋ ਹਰ ਕੰਧ ਤੇ ਹੀ ਚਿਪ ਜਾਂਦਾ ਤੇ ਜਿਸਦੇ ਤਿੰਨ ਸੌ ਪੈਂਹਠ ਦਿਨ ਹਿੰਦਸੇ ਬਣ ਜਾਂਦੇ । ਕਦੇ ਕਦੇ ਜੀਅ ਕਰਦਾ ਹੈ ਪ੍ਰੈਸ਼ਰ ਕੁੱਕਰ ਦੀ ਵਿਸਲ ਵਾਂਗ ਬੋਲ ਪਵਾਂ ਇਸ਼ਤਿਹਾਰ ਬਣ ਜਾਵਾਂ ਪਰ ਹਜ਼ੂਰ ! ਹਰ ਸਲਾਬੀ ਅੱਖ ਹੀ ਚੋਭ ਦਾ ਸ਼ਿਕਾਰ ਨਹੀਂ ਹੁੰਦੀ ਮਾਤਮ ਦਾ ਮਰਸੀਆ ਵੀ ਬਣਦੀ ਹੈ ਤੇ ਮਾਤਮ ਮੋਈ ਰੂਹ ਦਾ ਵੀ ਰੂਹ ਜੋ ਪੰਛੀ ਦੀ ਪੁਸ਼ਾਕ ਬਣਕੇ ਉੱਡੀ ਸੀ ਤੇ ਆਪਣੀ ਹੀ ਨਜ਼ਰ ਦੇ ਤੀਰ ਸੰਗ ਫੁੰਡੀ ਸੀ ਜਨਾਬ ! ਰੂਹ ਦੀ ਜੇ ਇਬਾਰਤ ਹੁੰਦੀ ! ਤਾਂ ਹਰ ਭਾਵੁਕ ਮਨੁੱਖ ਸਫਿਆਂ ਤੇ ਫੈਲ ਸਕਦਾ ਸੀ ਤੇ ਅੱਥਰੂ ਜੇ ਅੱਖਰ ਹੁੰਦੇ ਤਾਂ ਮੈਂ ਸਵੈ ਜੀਵਨੀ ਕਦੋਂ ਦਾ ਲਿਖ ਚੁੱਕਿਆ ਹੁੰਦਾ।

ਸੱਚਾ ਸਿੱਖ ਬਣ

ਨਾਨਕ ਪਾਤਸ਼ਾਹ ! ਜੋ ਲੋਕਾਈ ਦਾ ਰਾਹ-ਦਸੇਰਾ ਬਣਿਆ ਝੂਠ ਪਾਖੰਡ ਦੀ ਹਨੇਰੀ ਰਾਤ 'ਚ ਜਿਸ ਸਾਨੂੰ ਚਾਨਣ ਦੀ ਲੀਕ ਦਿਖਾਈ ਉਹੀ ਜੋ ਉਦਾਸੀਆਂ 'ਤੇ ਤੁਰਿਆ ਸਾਡੇ ਸਭਨਾਂ ਦੀ ਉਦਾਸੀ ਹਰਨ ਲਈ ਜਿਸ ਮਰਦਾਨੇ ਨੂੰ ਕਲਾਵੇ 'ਚ ਲੈ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਕਿ ਹਿੰਦੂ ਮੁਸਲਮਾਨ ਤਾਂ ਐਵੇਂ ਤਖਤੀਆਂ ਨੇ ਜੋ ਸਾਡੀ ਹਉਮੈਂ ਦੀ ਹੋਂਦ ਦੇ ਦਰਾਂ 'ਤੇ ਲਟਕੀਆਂ ਨੇ ਜਿਸ ਪੈਰੀਂ ਵਾਟਾਂ ਝਾਗ ਲੋਕਾਂ ਦੇ ਰਵਾਇਤੀ ਰਾਹ ਬਦਲੇ ਤੇ ਭਟਕਿਆਂ ਨੂੰ ਸੱਚੇ-ਮਾਰਗ ਦੀ ਦਿਸ਼ਾ ਦੱਸੀ ਗਿਆਨ ਗੋਸ਼ਟਿ ਦੀ ਵਿਧੀ ਦਰਸਾਈ ਭੈ ਭਰਮਾਂ ਦੀ ਕੈਦ ਤੋਂ ਮੁਕਤ ਕੀਤਾ ਊਚ-ਨੀਚ ਦੇ ਅੰਤਰ ਨੂੰ ਮੇਟਿਆ ਰਾਜਿਆਂ ਨੂੰ ਹੰਕਾਰੀ ਦੱਸਿਆ ਤੇ ਰੰਕ ਦੀ ਬਾਂਹ ਫੜੀ ਕਿਰਤ ਤੇ ਕਰਮ ਦੀ ਮਹਿਮਾ ਦਰਸਾਈ ਨਾਮ ਸਿਮਰਨ ਸੇਵਾ ਦੀ ਵਿਧੀ ਦੱਸੀ ਜ਼ੁਲਮ ਵਿਰੁੱਧ ਜੋ ਬੋਲ ਬੋਲਣ ਤੋਂ ਨਾ ਝਿਜਕਿਆ ਮੇਰਾ ਨਾਨਕ ਪਾਤਸ਼ਾਹ ! ਜੋ ਇਕ ਓਅੰਕਾਰ ਦਾ ਹੋਕਾ ਦੇ ਗਿਆ ਦਰਸਾ ਗਿਆ ਸ਼ਬਦ ਨੂੰ ਸ਼ਕਤੀਮਾਨ ਤੇ ਪੜ੍ਹਾ ਗਿਆ ਕਿਰਤ ਦਾ ਸਬਕ ਉਸ ਦਾ ਰਾਹ ਤਾਂ ਸੱਚ ਦਾ ਰਾਹ ਸੀ। ਪਰ ਮੈਂ ਤਾਂ ਇਹਨਾਂ ਗੁਣਾਂ ਦੇ ਪਾਸਕ ਵੀ ਨਹੀਂ ਵਗਦੀ ਹਵਾ ਦੇ ਰੁਖ਼ ਹੀ ਵਹਿੰਦਾ ਲੋਕਾਈ ਦੇ ਮਗਰ ਲੱਗ ਤੁਰਦਾ ਰਿਹਾ ਲੋਕ ਜੋ ਉਸ ਦੇ ਸਿੱਖ ਤਾਂ ਜਾਪਦੇ ਗੁਰੂ ਨੂੰ ਵੀ ਮੰਨਦੇ ਪਰ ਗੁਰੂ ਦੀ ਮੰਨਣ ਤੋਂ ਇਨਕਾਰੀ ਸਨ। ਮੈਂ ਇਸ ਭੀੜ ਦਾ ਪਿਛਲੱਗ ਬਣ ਨਾਨਕ ਪਾਤਸ਼ਾਹ ਦੀ ਉਲੀਕੀ ਪੈੜ 'ਚ ਪੈਰ ਨਾ ਰੱਖ ਸਕਿਆ ਆਤਮ ਚੀਨਣ ਦਾ ਵੱਲ ਨਾ ਆਇਆ ਉਹਦੀ ਉੱਚਰੀ ਬਾਣੀ ਤੋਂ ਅਭਿੱਜ ਹੀ ਰਿਹਾ। ਅਸੀਂ ਤਾਂ ਨਾਨਕ ਦੀਆਂ ਸਿੱਖਿਆਵਾਂ ਤੋਂ ਉਸ ਦੀਆਂ ਦੱਸੀਆਂ ਦਿਸ਼ਾਵਾਂ ਤੋਂ ਉਸ ਦੀ ਕਿਰਤ ਦੀਆਂ ਕਿਰਿਆਵਾਂ ਤੋਂ ਸੰਤੋਖ ਜ਼ਬਤ ਤੇ ਸੁੱਚਮ ਦੀਆਂ ਰਾਹਵਾਂ ਤੋਂ ਨਾਨਕ ਪਿਆਰੇ ਦੀਆਂ ਚੋਜੀ ਅਦਾਵਾਂ ਤੋਂ ਬਹੁਤ ਵਿੱਥ ਪਾ ਬੈਠੇ ਹਾਂ ਤੇ ਮੈਂ ਵੀ ਤਾਂ ਇਸ ਭੀੜ 'ਚੋਂ ਵੱਖਰਾ ਨਹੀਂ ਹਾਂ। ਤੁਸੀਂ ਕਹਿ ਰਹੇ ਹੋ : ਹੁਣ ਫੇਰ ਮੈਂ ਹਾਂ ਕੀ ? ਸੁਣਿਉਂ, ਦੱਸਦਾਂ, ਸੱਚ ਜਾਣਿਓ ਮੈਂ ਆਸ-ਪਾਸ ਤੁਰਦੇ ਨਿਮਾਣੇ ਨਿਤਾਣੇ ਲਾਲੋ ਮਰਦਾਨੇ ਜਿਹਾਂ ਨੂੰ ਆਪਣੀ ਬੁੱਕਲ 'ਚ ਲੈ ਕੇ ਗੁਰੂ ਨਾਨਕ ਦਾ ਸੱਚਾ ਸਿੱਖ ਨਿਰਮਾਣ ਜਿਹਾ, ਨਿਸ਼ਠਾਵਾਨ ਨਾਮ-ਲੇਵਾ ਬਣਨ ਦੇ ਯਤਨਾਂ ਵਿਚ ਹਾਂ। ਮੈਨੂੰ ਬਖਸ਼ ਦੇਵੀਂ ਮੇਰੇ ਨਾਨਕ ਪਾਤਸ਼ਾਹ ਮੈਂ ਜੋ ਤੇਰੇ ਜਨਮ ਦੇ ਜਸ਼ਨੀ-ਉਤੱਸਵ 'ਚ ਉਲਝੀਆਂ ਸੋਚਾਂ ਸੰਗ ਬੇਬਾਕ ਬੋਲਾਂ ਸਮੇਤ ਆਣ ਪਹੁੰਚਿਆ ਹਾਂ।

ਰਬਾਬ

ਮੇਰੇ ਤੋਂ ਵੱਧ ਕੌਣ ਜਾਣ ਸਕਦਾ ਹੈ ਉਸ ਰਹਿਮਤਾਂ ਦੇ ਬੋਲ ਬੋਲਦੇ ਰੱਬੀ ਫ਼ਕੀਰ ਨੂੰ। ਮੈਂ ਜੋ ਉਸ ਨੂਰ ਸੰਗ ਦੇਸ-ਪ੍ਰਦੇਸ, ਜਲ-ਥਲ ਨਗਰ-ਜੰਗਲ, ਪਹਾੜ-ਮੈਦਾਨ ਮਰਦਾਨੇ ਦੇ ਮੋਢਿਆਂ ਤੇ ਬੈਠੀ ਉਹਦੇ ਇਲਾਹੀ ਬੋਲ ਸੁਣਦੀ ਰਹੀ। ਉਸ ਦਰਵੇਸ਼ ਦੇ ਮਨ ਵਿਚਲੇ ਲੋਕਾਈ ਦੇ ਦਰਦ ਨੂੰ ਮੈਂ ਹੀ ਜਾਣਦੀ ਪਹਿਚਾਣ ਦੀ ਸਾਂ ਕਿਵੇਂ ਬਿਹਬਲਤਾ 'ਚੋਂ ਨਿਕਲੇ ਬੋਲ ਦਰਦ ਵਿਚ ਪਰੁੰਨੇ ਹੋਏ ਲੋਕਾਈ ਤੋਂ ਵਾਰੇ ਵਾਰੇ ਜਾਂਦੇ। ਜਿਵੇਂ ਰਾਇ ਬੁਲਾਰ ਨੇ ਉਸ ਦੈਵੀ-ਰੂਹ ਦੀ ਅੰਤਰ-ਜੋਤ ਨੂੰ ਪਹਿਚਾਣਿਆ ਜਿਵੇਂ ਭੈਣ ਨਾਨਕੀ ਨੇ ਵੀਰ ਦੀਆਂ ਇਲਾਹੀ ਰਮਜ਼ਾਂ ਦੀ ਪਹਿਲ-ਪਲੇਠੇ ਸਮਝ ਪਾਈ ਮੈਂ ਵੀ ਪੈੜ-ਸੰਗ-ਪੈੜ ਹੋ ਉਸ ਦੀਆਂ ਨਿਰਪੱਖ, ਨਿਧੜਕ ਬਿਰਤੀਆਂ ਤੱਕੀਆਂ ਪੰਘਰਿਆ ਕੋਮਲ ਜਿਹਾ ਹਿਰਦਾ ਤੇ ਤੇਜੱਸਵੀ ਆਪਾ ਤੱਕਿਆ ਕਿਵੇਂ ਲਿਵ 'ਚ ਲੀਨ ਹੋ ਬ੍ਰਹਮ-ਬਾਤਾਂ ਪਾਇਆ ਕਰਦਾ ਸੀ। ਹੁਣ ਮੈਨੂੰ ਨਿਰਮੋਹੀ ਬੰਦਿਆਂ ਨੇ ਬਾਣੀ ਨਾਲ ਤੋੜ ਵਿਛੋੜ ਮੇਰੇ ਸਾਈਂ ਨੂੰ ਭੁੱਲ ਭੁਲਾ ਕਿੱਲੀ ਤੇ ਟੰਗ ਦਿੱਤਾ ਹੈ ਪਰ ਉਹ ਮੈਂ ਹੀ ਸਾਂ ਜੋ ਚੱਤੋ ਪਹਿਰ, ਟੁਣਕਦੀ ਗੁੰਜਾਰ ਪਾਉਂਦੀ ਰਹਿੰਦੀ, ਨਾਨਕ, ਨਾਨਕ...।

ਇਨ੍ਹਾਂ ਨੂੰ ਰੱਬ ਬਣਨ ਦਿਓ

ਬੱਚਿਆਂ ਦੇ ਖੇਡਣ ਦੀ ਰੁੱਤ ਹੈ ਮਾਸੂਮ ਜਿਸਮਾਂ ਦੇ ਕੋਮਲ ਹੱਥ ਹਨ ਨਾਜ਼ੁਕ, ਸੁਰਖ਼ ਬੁੱਲ੍ਹੀਆਂ ਦੇ ਮਖਮਲੀ ਹਾਸੇ ਹਨ ਨਿਰਛਲ ਅੱਖਾਂ ਦੀਆਂ ਸੁੱਚੀਆਂ ਤੱਕਣੀਆਂ ਹਨ ਰੱਬ ਵਰਗੇ ਦਿਲਾਂ ਵਿਚ ਖੇਡਣ ਦਾ ਚਾਅ ਹੈ ਤੇ ਇਹ ਬੱਚਿਆਂ ਦੇ ਖੇਡਣ ਦੀ ਰੁੱਤ ਹੈ। ਆਪਣੀ ਤਜਾਰਤੀ ਸੋਚ ਲੈ ਕੇ ਡੋਲੇ ਹੱਥਾਂ `ਚੋਂ ਰਬੜ ਦੀਆਂ ਗੁਡੀਆਂ ਖੋਹ ਕੇ ਮਾਰੂ ਹਥਿਆਰਾਂ ਜਿਹੇ ਖਿਡੌਣੇ ਨਾ ਫੜਾਓ ਵਣਜ ਦੇ ਹੋਰ ਵੀ ਬਹੁਤ ਖੇਤਰ ਹਨ ਇਹਨਾਂ ਮਾਸੂਮ ਹਿੱਕਾਂ ਨੂੰ ਮੰਡੀ ਨਾ ਬਣਾਓ ਇਹਨਾਂ ਹੱਥਾਂ ਵਿਚ ਤਾਂ ਫੁੱਲ ਹੀ ਸ਼ੋਭਦੇ ਹਨ ਇਹਨਾ ਹੋਠਾਂ 'ਤੇ ਮੁਸਕਾਨਾ ਹੀ ਜਚਦੀਆਂ ਹਨ ਇਹਨਾ ਰੱਬ ਵਰਗੇ ਦਿਲਾਂ ਨੂੰ ਸ਼ੈਤਾਨ ਦੇ ਵਿਨਾਸੀ ਪੰਜਿਆਂ ਤੋਂ ਮੁਕਤ ਹੀ ਰਹਿਣ ਦਿਓ। ਬੱਚਿਆਂ ਦੇ ਖੇਡਣ ਦੀ ਇਸ ਰੁੱਤੇ ਤੁਹਾਡੇ ਗੀਤ ਅਜਿਹੇ ਹੋਣ ਜਿਹਨਾਂ 'ਚ ਮੋਹ ਹੋਏ ਮਿਠਾਸ ਹੋਏ ਤੁਹਾਡੇ ਟੀ.ਵੀ. ਪ੍ਰੋਗਰਾਮਾਂ 'ਚੋਂ ਨਫ਼ਰਤ ਹਿੰਸਾ ਤਸ਼ੱਦਦ ਨਾ ਹੋਵੇ ਧਰਤੀ ਨਾਲੋਂ ਟੁੱਟਣ ਦੀ ਥਾਵੇਂ ਜੁੜਨ ਦੀ ਗੱਲ ਹੋਵੇ ਜ਼ਿੰਦਗੀ ਤੋਂ ਬੇਮੁਖਤਾ ਨਹੀਂ ਜਿਉਣ ਦਾ ਚਾਅ ਜਿਹਾ ਹੋਵੇ। ਬੱਚਿਆਂ ਦੇ ਖੇਡਣ ਦੀ ਰੁੱਤ ਹੈ ਇਹਨਾ ਹੱਥਾਂ 'ਚ ਖਿਡੌਣੇ ਦਿਓ ਹਥਿਆਰ ਖਿਡੌਣੇ ਨਹੀਂ ਹੁੰਦੇ ਹਥਿਆਰ ਤਾਂ ਸੁਪਨਿਆਂ ਨੂੰ ਮਾਰ ਸੁੱਟਦੇ ਹਨ ਤੁਸੀਂ ਫੁਲਝੜੀਆ, ਅਨਾਰਾਂ, ਬਲਦੀਆਂ ਮੋਮਬੱਤੀਆਂ ਦੇ ਅਰਥ ਇਹਨਾਂ ਬੱਚਿਆਂ ਤੋਂ ਕਿਉਂ ਖੋਂਹਦੇ ਹੋ ਇਹਨਾਂ ਬਾਲੜੀਆਂ ਨਿਰਛਲ ਅੱਖਾਂ ਨੂੰ ਹੁਸੀਨ ਸੁਪਨੇ ਦਿਓ, ਰੰਗਲਾ ਭਵਿੱਖ ਦਿਓ ਜੇ ਇਹ ਹਿੰਸਾਤਮਕ ਫਿਲਮਾਂ ਅੰਧ ਵਿਸ਼ਵਾਸੀ ਸੀਰੀਅਲ ਹੀ ਤੱਕਦੇ ਰਹੇ ਤਾਂ ਜਦੋਂ ਵੀ ਉੱਡਣਗੇ, ਖੁਦਕੁਸ਼ੀ ਹੀ ਕਰਨਗੇ। ਬੱਚਿਆਂ ਦੇ ਖੇਡਣ ਦੀ ਰੁੱਤ ਹੈ ਤੇ ਇਸ ਪਿਆਰੀ ਜਿਹੀ ਰੁੱਤੇ ਇਹਨਾਂ ਨੂੰ ਪਿਆਰੋ ਪੁਚਕਾਰੋ ਤੇ ਦੁਲਾਰੋ ਮੋਹ ਦੀ ਇਬਾਰਤ ਵਿਚ ਜ਼ਿੰਦਗੀ ਦੇ ਅਰਥ ਇਹਨਾਂ ਦੀਆਂ ਬਾਲ ਹਥੇਲੀਆਂ 'ਤੇ ਰੱਖੋ ਇਹਨਾਂ ਦੀ ਉਂਗਲ ਫੜੋ ਤੇ ਦੂਰ ਤਕ ਨਾਲ ਤੁਰੋ ਸੋਹਣੀਆਂ ਸੋਹਣੀਆਂ ਬਾਤਾਂ ਪਾਓ ਨਾਲ ਨੱਚੋ, ਹੱਸੋ, ਖੇਡੋ ਤੇ ਗਾਓ ਇਹ ਬੱਚਿਆਂ ਦੇ ਖੇਡਣ ਦੀ ਰੁੱਤ ਹੈ ਇਸ ਰੁੱਤੇ ਇਹਨਾਂ ਨੂੰ ਰੱਬ ਬਣਨ ਦਿਓ।

ਮਾਵਾਂ ਬਿਨ ਤਾਂ

ਕੰਧਾਂ 'ਤੇ ਨਵੇਂ ਵਰ੍ਹੇ ਦੇ ਰੰਗ-ਬਰੰਗੇ ਕੈਲੰਡਰ ਲਟਕ ਗਏ ਛਾਂਗੇ ਰੁੰਡ-ਮੁੰਡ ਹੋਏ ਤੂਤਾਂ ਦੀਆਂ ਮੁੜ ਲਗਰਾਂ ਫੁੱਟ ਪਈਆਂ ਕੋਕਿਆਂ ਜਿਹੇ ਕਿੱਕਰਾਂ ਨੂੰ ਫੁੱਲ ਪੈ ਗਏ ਤੇ ਝੁਮਕਿਆਂ ਜਿਹੇ ਅੰਬਾਂ ਨੂੰ ਬੂਰ ਬੱਚਿਆਂ ਦੀ ਖ਼ਬਰ-ਸਾਰ ਲੈਣ ਗਈਆਂ ਕੂੰਜਾਂ ਕਦੋਂ ਦੀਆਂ ਆਪਣੇ ਦੇਸ਼ ਪਰਤ ਗਈਆਂ ਪਰ ਸਦਾ ਦੀ ਨੀਂਦੇ ਸੁੱਤੀਆਂ ਮਾਵਾਂ ਕਿਉਂ ਨਹੀਂ ਜਾਗਦੀਆਂ? ਕਿਉਂ ਨਹੀਂ ਮੀਟੀਆਂ ਅੱਖਾਂ ਖੋਲ੍ਹ ਕੇ ਵੇਖਦੀਆਂ ਮਾਵਾਂ ! ਕਿ ਉਨ੍ਹਾਂ ਦੇ ਮਾਸੂਮ ਬੱਚੜੇ ਅੱਜ ਕਿੰਨੇ ਉਦਾਸ ਹਨ। ‘ਇਹਨਾਂ ਭੈੜੇ ਵਕਤਾਂ ਦਾ ਬੱਚੜਿਓ ! ਹੁਣ ਕੋਈ ਭਰੋਸਾ ਨਹੀਂ ਸੰਦੇਹਾਂ ਘਰ ਪਰਤ ਆਵੀਂ ਮੇਰੇ ਲਾਲ ਸੁਚੇਤ ਕਰਨ ਵਾਲੀ ਵਿਹੜੇ 'ਚੋਂ ਆਉਂਦੀ ਆਵਾਜ਼ ਕਿੱਥੇ ਗੁੰਮ ਹੈ? ਸਾਡੇ ਤਾਂ ਅਓਸਾਣ ਹੀ ਮਾਰੇ ਗਏ ਚੱਜ ਆਚਾਰ ਕਿਧਰੇ ਵਿਸਰ ਗਏ ਇਤਫ਼ਾਕ ਦੇ ਅਣਦਿਸਦੇ ਧਾਗੇ 'ਚ ਘਰ ਕਿਵੇਂ ਬੰਨ੍ਹੀਦੈ ਸੁਬਹ ਸੂਰਜ ਦੀਆਂ ਕਿਰਨਾਂ ਨੂੰ ਮੱਥਾ ਕਿਵੇਂ ਛੂਹਾਈਦੈ ਤੇ ਕਿਵੇਂ ਡੰਗੀ ਦਾ ਏ ਸੰਧਿਆਂ ਨੂੰ ਦੀਵਾ ਸਾਨੂੰ 'ਤੇ ਜਾਚ ਹੀ ਨਹੀਂ ਪਏ ਲੋਗੜ ਦਾ ਕੀ ਕਰੀਏ ਪੁਰਾਣੇ ਲਾਹੇ ਲੀੜਿਆਂ ਦਾ ਗਰੀਬ-ਗੁਰਬਿਆਂ ਨੂੰ ਦਾਨ ਕਿਵੇਂ ਕਰੀਏ ਕਿਵੇਂ ਪੂਰੀਏ ਭੈਣ ਦੀ ਮੰਗ ਕਿਵੇਂ ਲਾਹੀਏ ਭੂਆ ਦਾ ਉਲਾਂਭਾ ਮਾਂ ! ਇਹ ਸਾਰੀਆਂ ਬਰਕਤਾਂ ਇਹ ਸਾਰੀਆਂ ਜੀਵਨ-ਜਾਚਾਂ ਤੇ ਇਹ ਕਿਸੇ ਦੇ ਕੰਮ ਆਉਣ ਦਾ ਚਾਅ ਸੰਦੂਕ ਦੇ ਕਿਹੜੇ ਕੋਨੇ 'ਚ ਰੱਖ ਗਈ ਏਂ ਮਾਂ ! ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਅਕਸਰ ਭੜਕ ਪੈਂਦੇ ਆਪਸ 'ਚ ਰੁੱਸ ਰੁੱਸ ਬਹਿੰਦੇ ਕੱਲੇ ਕਲੋਤਰੇ ਬੱਚੇ ਦੀਆਂ ਮੰਗਾਂ 'ਤੇ ਐਵੇਂ ਹੀ ਖਿਝ ਖਿਝ ਉੱਠਦੇ ਆਪਣਾ ਪਿੱਤਾ ਸਾੜਦੇ ਆਪਣੇ ਆਪ ਨੂੰ ਹੀ ਕੋਸਦੇ ਤੇ ਇਨ੍ਹਾਂ ਘੜੀਆਂ 'ਚ ਮਾਂ ! ਤੂੰ ਬਹੁਤ ਯਾਦ ਆਉਂਦੀ ਏਂ ਆਪਣੇ ਤਪਦੇ ਮੱਥਿਆਂ ’ਤੇ ਤੇਰੇ ਹੱਥਾਂ ਦੀ ਛੋਹ ਨੂੰ ਸਹਿਕਦੇ ਅੱਧੇ ਜਿਹੇ ਹੋ ਕੇ ਰਹਿ ਜਾਂਦੇ ਹਾਂ। ਮਾਂ ! ਅਸੀਂ ਤੇਰੇ ਵਾਂਗੂੰ ਕਿਉਂ ਨਹੀਂ ਸਮੁੰਦਰ ਹੋ ਸਕਦੇ ਆਪਣੇ ਆਪਣੇ ਖੂਹਾਂ ਦੀਆਂ ਖ਼ੁਦਗਰਜ਼ ਇਬਾਰਤਾਂ ਹੀ ਸਾਡੇ ਸ਼ਿਲਾਲੇਖ ਕਿਉਂ ਬਣਦੀਆਂ ਹਨ। ਤੂੰ ਤਾਂ ਸੁਪਨਾ ਲਿਆ ਸੀ ਕਿ ਅਸੀਂ ਫੈਲਾਂਗੇ ਫੈਲ ਕੇ ਬਿਰਖ ਬਣਾਂਗੇ ਅੰਤਹੀਣ ਆਕਾਸ਼ ਬਣਾਂਗੇ ਪਰ ਤੇਰੀ ਸਦੀਵੀ ਚੁੱਪ ਨੇ ਤਾਂ ਸਾਨੂੰ ਇਉਂ ਘੁੱਟ ਲਿਆ ਹੈ ਜਿਵੇਂ ਮਨ-ਰੀਝਾਂ ਦੀ ਘੁੱਟ ਕੇ ਬੰਨ੍ਹੀ ਪੋਟਲੀ ਤੂੰ ਘਰ ਦੇ ਜਿਹੜੇ ਅਰਥ ਸਾਨੂੰ ਦੱਸਣੇ ਚਾਹੇ ਸਨ ਉਹ ਅਰਥ ਸਾਥੋਂ ਹੁਣ ਗੁਆਚਦੇ ਜਾ ਰਹੇ ਨੇ ਸੋ ਮਾਂ ! ਇਹਨਾਂ ਡੋਲਦੇ ਮਨਾਂ ਥਿੜਕਦੇ ਪੈਰਾਂ ਦਾ ਕੀ ਕਰੀਏ? ਮਾਵਾਂ ਬਿਨਾਂ ਤਾਂ ਘਰ ਵੀ ਛੱਤਾਂ ਵਿਹੂਣੇ ਹੋ ਜਾਂਦੇ ਨੇ ਮਾਵਾਂ ਬਿਨ ਚਾਵਾਂ ਦੇ ਅਸਲੋਂ ਅਰਥ ਨਹੀਂ ਰਹਿੰਦੇ ਮਾਵਾਂ ਬਿਨ ਸੁੱਕ ਜਾਂਦੇ ਨੇ ਮਮਤਾ ਦੇ ਨੱਕੋ-ਨੱਕ ਭਰੇ ਸਰੋਵਰ ਮਾਵਾਂ ਦੀ ਉਡੀਕ ਕਰਦੇ ਹੋ ਜਾਂਦੇ ਨੇ ਬੱਚੇ ਬੁੱਢੇ ਫਿਰ ਵੀ ਉਡੀਕ ਨਹੀਂ ਮੁੱਕਦੀ ਸਾਨੂੰ ਲੋੜ ਹੈ, ਮਾਂ ! ਤੇਰੇ ਖੰਭਾਂ ਜਿਹੇ ਹੱਥਾਂ ਦੀ ਜੋ ਮਨਹੂਸ ਵਕਤਾਂ ’ਚ ਸਿਰਾਂ ਤੇ ਛੱਤਰੀ ਬਣ ਤਣ ਜਾਣ। ਚੂਚਿਆਂ ਵਾਂਗ ਦੁਬਕ ਕੇ ਤੇਰੀ ਰਜ਼ਾਈ 'ਚ ਵੜ ਕੇ ਮਿਲਦੇ ਉਸ ਨਿੱਘ ਦੀ ਲੋੜ ਏ, ਮਾਂ ! ਕਿ ਅਸੀਂ ਆਪਣੇ ਹੀ ਅੰਦਰਲੇ ਪਾਲਿਆਂ 'ਚ ਠਰਦੇ ਪਏ ਹਾਂ। ਸੱਚੀਓ ! ਮਾਵਾਂ ਦੇ ਬੀਤਣ ਨਾਲ ਬੀਤ ਜਾਂਦਾ ਹੈ ਇਕ ਯੁੱਗ ਇਕ ਪੀੜ੍ਹੀ ਦੇ ਤੁਰ ਜਾਣ ਨਾਲ ਨਿਹੱਥੀ ਹੋ ਜਾਂਦੀ ਏ ਦੂਜੀ ਪੀੜ੍ਹੀ।

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ : ਰਵਿੰਦਰ ਭੱਠਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ