ਰਾਵੀ ਪਾਰੋਂ ਸੱਜਰੀ ਖ਼ੁਸ਼ਬੂਃ ਬੁਸ਼ਰਾ ਏਜਾਜ : ਗੁਰਭਜਨ ਸਿੰਘ ਗਿੱਲ (ਪ੍ਰੋਃ)

ਰਾਵੀ ਪਾਰ ਲਿਖੀ ਜਾ ਰਹੀ ਪੰਜਾਬੀ ਕਵਿਤਾ ਦਾ ਪਾਠਕ ਘੇਰਾ ਹੁਣ ਹੌਲੀ ਹੌਲੀ ਵਧ ਰਿਹਾ ਹੈ। ਪਹਿਲਾਂ ਪਹਿਲ ਲਿਪੀ ਦੇ ਫ਼ਰਕ ਕਰਕੇ ਵੱਖਰੀ ਕਿਸਮ ਦੀ ਦੀਵਾਰ ਦੋਹਾਂ ਪੰਜਾਬਾਂ ਵਿਚਕਾਰ ਸੀ। ਸਾਲ 1974 ਵਿੱਚ ਪਹਿਲੀ ਵਾਰ ਡਾ. ਜਗਤਾਰ ਤੇ ਡਾ. ਅਤਰ ਸਿੰਘ ਜੀ ਨੇ “ ਦੁੱਖ ਦਰਿਆਉਂ ਪਾਰ ਦੇ” ਕਾਵਿ ਸੰਗ੍ਰਹਿ ਦਾ ਸੰਪਾਦਨ ਕੀਤਾ। ਇਸ ਵਿੱਚ ਸ਼ਾਮਲ ਕਵੀਆਂ ਨੂੰ ਏਧਰਲੇ ਪੰਜਾਬ ਵਿੱਚ ਵੱਡੀ ਪਛਾਣ ਮਿਲੀ। ਇਸ ਤੋਂ ਪਹਿਲਾਂ ਵੀ ਇੱਕਾ ਦੁੱਕਾ ਕੋਸ਼ਿਸ਼ਾਂ ਹੋਈਆਂ ਪਰ ਉਨ੍ਹਾਂ ਦੀ ਪੈੜ ਬਹੁਤੀ ਗੂੜ੍ਹੀ ਨਾ ਬਣ ਸਕੀ। ਡਾ. ਕਰਨੈਲ ਸਿੰਘ ਥਿੰਦ ਜੀ ਦੀ ਕੋਸ਼ਿਸ਼ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਐੱਮ ਏ ਪੰਜਾਬੀ ਵਿੱਚ ਇੱਕ ਪਰਚਾ ਪਾਕਿਸਤਾਨੀ ਸਾਹਿੱਤ ਦਾ ਨਿਸ਼ਚਤ ਕਰ ਦਿੱਤਾ। ਇਸ ਪਰਚੇ ਕਾਰਨ ਵੀ ਬਹੁਤ ਵਿਸ਼ਾਲ ਪਾਠਕ ਵਰਗ ਪੈਦਾ ਹੋਇਆ।

ਨਜਮ ਹੁਸੈਨ ਸੱਯਦ ਜੀ ਦੀਆਂ ਸਿਰਜਣਾਤਮਕ ਤੇ ਆਲੋਚਨਾਤਮਕ ਲਿਖਤਾਂ ਦਾ ਗੁਰਮੁਖੀ ਅੱਖਰਾਂ। ਵਿੱਚ ਪ੍ਰਕਾਸ਼ਨ ਪੰਜਾਬੀ ਅਦਬੀ ਮਾਹੌਲ ਨੂੰ ਨਵੇਂ ਜ਼ਾਵੀਏ ਤੋਂ ਸਾਹਿੱਤ ਵੇਖਣ ਪਰਖਣ ਦੀ ਵਿਧੀ ਸਿਖਾ ਗਿਆ। ਨਜਮ ਹੁਸੈਨ ਸੱਯਦ ਜੀ ਦੇ ਵੱਡੇ ਵਡੇਰੇ ਬਟਾਲਾ ਤੋਂ ਹੀ 1947 ਵਿੱਚ ਪਾਕਿਸਤਾਨ ਗਏ ਸਨ। ਮੈਨੂੰ ਪੱਕਾ ਪਤਾ ਹੈ ਕਿ ਉਨ੍ਹਾਂ ਬਾਰੇ ਇਹ ਦੱਸਣਾ ਜ਼ਰੂਰੀ ਨਹੀਂ ਸੀ ਕਿ ਉਹ ਕਿੱਥੇ ਜੰਮੇ, ਪਰ ਕੀ ਕਰਾਂ, ਬਟਾਲੇ ਦੀ ਮਿੱਟੀ ਦੇ ਜਾਇਆਂ ਨੂੰ ਸਲਾਮ ਕਰਨਾ ਮੇਰਾ ਸੁਭਾਅ ਬਣ ਗਿਆ ਹੈ। ਪਾਕਿਸਤਾਨ ਵੱਸਦੇ ਕਾਵਿ ਸਿਰਜਕਾਂ ਵਿੱਚੋਂ ਉਸਤਾਦ ਚਿਰਾਗ ਦੀਨ ਦਾਮਨ, ਬਾਬੂ ਫ਼ੀਰੋਜ਼ਦੀਨ ਸ਼ਰਫ਼, ਅਹਿਮਦ ਰਾਹੀ, ਹਬੀਬ ਜਾਲਿਬ, ਪ੍ਰੋ. ਸ਼ਰੀਫ਼ ਕੁੰਜਾਹੀ, ਪ੍ਰੋ. ਸ਼ਾਰਬ ਅਨਸਾਰੀ, ਤਨਵੀਰ ਬੁਖ਼ਾਰੀ, ਜ਼ਫ਼ਰ ਇਕਬਾਲ ਤੇ ਕੁਝ ਹੋਰਨਾਂ ਨੂੰ ਪੜ੍ਹਦਿਆਂ ਸਿਣਦਿਆਂ ਅਸੀਂ ਲੋਕ ਜਵਾਨ ਹੋਏ ਸਾਂ।

ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਨਜ਼ੀਰ ਕੈਸਰ, ਬਾਬਾ ਨਜਮੀ, ਡਾ. ਖਾਲਿਦ ਜਾਵੇਦ ਜਾਨ, ਗੀਤਕਾਰ ਸ ਮ ਸਾਦਿਕ,ਗਾਇਕ ਤੇ ਗੀਤਕਾਰ ਸ਼ੌਕਤ ਅਲੀ ਸਾਹਿਬ,ਸਰਵੱਤ ਮੁਹੀਉਦੀਨ, ਮਜ਼ਹਰ ਤਿਰਮਜ਼ੀ, ਬਾਬਾ ਗੁਲਾਮ ਹੁਸੈਨ ਨਦੀਮ,ਇਕਬਾਲ ਕੈਸਰ, ਕੰਵਲ ਮੁਸ਼ਤਾਕ, ਤਾਰਿਕ ਗੁੱਜਰ, ਤੌਕੀਰ ਚੁਗਤਾਈ, ਸੁਲਤਾਨ ਖਾਰਵੀ, ਅਫ਼ਜ਼ਲ ਸਾਹਿਰ, ਅੰਜੁਮ ਸਲੀਮੀ, ਡਾ. ਸੁਗਰਾ ਸੱਦਫ਼, ਡਾ. ਪੂਨਮ ਨੌਰੀਨ, ਸਫ਼ੀਆ ਹਯਾਤ, ਤਜੱਮਲ ਕਲੀਮ, ਸਾਬਰ ਅਲੀ ਸਾਬਰ, ਇਰ਼ਸ਼ਾਦ ਸੰਧੂ, ਤਾਹਿਰਾ ਸਰਾ, ਬੁਸ਼ਰਾ ਏਜਾਜ, ਬੁਸ਼ਰਾ ਨਾਜ਼ , ਆਇਸ਼ਾ ਗਫ਼ਾਰ, ਮਨਜ਼ੂਰ ਹੁਸੈਨ ਅਖ਼ਤਰ, ਮੁਹੰਮਦ ਆਸਿਫ਼ ਰਜ਼ਾ, ਨਦੀਮ ਅਫ਼ਜ਼ਲ , ਨਜਮਾ ਸ਼ਾਹੀਨ , ਪ੍ਰਵੀਨ ਸਿੱਜਲ, ਸਗੀਰ ਤਬੱਸਮ, ਡਾ. ਸਬਾ ਇਮਰਾਨ, ਸਾਨੀਆ ਸ਼ੇਖ਼, ਮੁਨੀਰ ਹੋਸ਼ਿਆਰਪੁਰੀਆ ਤੇ ਅਨੇਕਾਂ ਹੋਰ ਕਵੀਆਂ ਕਵਿੱਤਰੀਆਂ ਨੂੰ ਪੜ੍ਹਦਿਆਂ ਸੁਣਦਿਆਂ ਤਾਜ਼ਗੀ ਦਾ ਅਹਿਸਾਸ ਜਾਗਦਾ ਹੈ।

“ਮੈਂ ਪੂਣੀ ਕੱਤੀ ਇਸ਼ਕ ਦੀ” ਸਰਗੋਧਾ/ ਲਾਹੌਰ ਵਾਸਣ ਬੁਸ਼ਰਾ ਏਜਾਜ ਦੀ ਸੱਜਰੀ ਕਾਾਵਿ ਕਿਤਾਬ ਹੈ। ਇਹ ਤਿੰਨ ਕੁ ਸਾਲ ਪਹਿਲਾਂ ਵਿਸ਼ਵ ਪੰਜਾਬੀ ਕਾਨਫਰੰਸ ਲਾਹੌਰ(ਪਾਕਿਸਤਾਨ) ਵਿੱਚ ਜਨਾਬ ਫ਼ਖ਼ਰ ਜ਼ਮਾਂ, ਡਾ. ਦੀਪਕ ਮਨਮੋਹਨ, ਸਹਿਜਪ੍ਰੀਤ ਸਿੰਘ ਮਾਂਗਟ ਅਤੇ ਮੇਰੇ ਹੱਥੋਂ ਲੋਕ ਅਰਪਣ ਹੋਈ ਸੀ।

ਬੁਸ਼ਰਾ ਏਜਾਜ ਲਗ ਪਗ 25-26 ਸਾਲ ਪਹਿਲਾਂ ਪਟਿਆਲਾ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਆਈ ਸੀ। ਆਪਣੀ ਸਿਰਜਣਾ, ਸਲੀਕੇ, ਘੱਟ ਬੋਲਣ ਵਾਲੇ ਜੀਵਨ ਵਿਹਾਰ ਸਦਕਾ ਸਭ ਨੂੰ ਬਹੁਤ ਚੰਗੀ ਚੰਗੀ ਲੱਗੀ। ਉਸ ਦੀਆਂ ਲਿਖਤਾਂ ਦੇ ਗੁਰਮੁਖੀ ਰੂਪਾਂਤਰ ਵੀ ਏਧਰ ਛਪੇ। ਫਿਰ ਲੰਮਾ ਅੰਤਰਾਲ। ਉਸ ਦੀ ਇਹ ਕਾਵਿ ਪੁਸਤਕ ਮੈਂ ਏਧਰ ਲੈ ਆਂਦੀ ਜਿਸ ਨੂੰ ਮੇਰੇ ਮਿਹਰਬਾਨ ਵਡੇਰੇ ਸ, ਗੁਰਦੇਵ ਸਿੰਘ ਪੰਧੇਰ ਨੇ ਗੁਰਮੁਖੀ ਅੱਖਰਾਂ ਵਿੱਚ ਢਾਲ਼ਿਆ। ਉਨ੍ਹਾਂ ਨੇ ਹੀ ਮੇਰੀ ਬੇਨਤੀ ਮੰਨਦਿਆਂ ਤਾਹਿਰਾ ਸਰਾ ਦੀ ਸੰਪਾਦਿਤ ਬੋਲੀਆਂ ਭਰਪੂਰ ਪੁਸਕ “ਬੋਲਦੀ ਮਿੱਟੀ” ਦਾ ਵੀ ਗੁਰਮੁਖੀ ਸਰੂਪ ਤਿਆਰ ਕੀਤਾ ਸੀ ਜਿਸ ਨੂੰ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਿਤ ਕੀਤਾ ਹੈ।

ਬੁਸ਼ਰਾ ਏਜਾਜ ਦੀ ਇਸ ਕਿਤਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਉਸ ਬਾਰੇ ਬੁਨਿਆਦੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਮੈਂ ਜ਼ਰੂਰੀ ਸਮਝਦਾ ਹਾਂ।

ਬੁਸ਼ਰਾ ਏਜਾਜ਼ ਦਾ ਜਨਮ 18 ਜੂਨ 1959 ਨੂੰ ਪਿੰਡ ਕੋਟ ਫ਼ਜ਼ਲ(ਸਰਗੋਧਾ) ਪਾਕਿਸਤਾਨ ਵਿੱਚ ਹੋਇਆ। ਬੁਸ਼ਰਾ ਏਜਾਜ ਪਾਕਿਸਤਾਨ ਦੀ ਪ੍ਰਸਿੱਧ ਪੰਜਾਬੀ ਤੇ ਉਰਦੂ ਲੇਖਿਕਾ ਹੈ। ਉਹ ਸ਼ਾਇਰਾ, ਗਲਪਕਾਰ ਅਤੇ ਰੋਜ਼ਨਾਮਾ “ਨਈ ਬਾਤ”ਦੀ ਕਾਲਮ ਲੇਖਕ ਹੈ। ਬੁਸ਼ਰਾ ਏਜ਼ਾਜ ਪਾਕਿਸਤਾਨੀ ਪੰਜਾਬੀ ਸਾਹਿਤ ਦਾ ਅਜਿਹਾ ਉਭਰਵਾਂ ਹਸਤਾਖ਼ਰ ਹੈ ਜਿਸ ਨੇ ਪਿਛਲੇ ਥੋੜੇ ਸਮੇਂ ਵਿੱਚ ਹੀ ਪੂਰਬੀ ਪੰਜਾਬ ਦੇ ਪਾਠਕਾਂ/ਸਮੀਖਿਅਕਾਂ ਦਾ ਧਿਆਨ ਖਿੱਚਿਆ ਹੈ।ਉਹ ਮੂਲ ਰੂਪ ਵਿੱਚ ਉਰਦੂ ਲੇਖਿਕਾ ਸੀ ਪਰ ਪੂਰਬੀ ਅਤੇ ਪੱਛਮੀ ਪੰਜਾਬ ਦੇ ਸਾਹਿਤਕ ਅਦਾਨ-ਪ੍ਰਦਾਨ ਲਈ ਹੁੰਦੀਆਂ ਅੰਤਰ ਰਾਸ਼ਰੀ ਪੰਜਾਬੀ ਕਾਨਫਰੰਸਾਂ ਵਿੱਚ ਸ਼ਾਮਿਲ ਹੋਣ ਦੇ ਮੌਕਿਆਂ ਨੇ ਉਸ ਨੂੰ ਉਰਦੂ ਤੋਂ ਪੰਜਾਬੀ ਵੱਲ ਆਉਣ ਲਈ ਪ੍ਰੇਰਿਤ ਕੀਤਾ। ਸੱਤਵੀਂ ਜਮਾਤ ਵਿੱਚ ਪੜ੍ਹਦਿਆਂ ਹੀ 12 ਸਾਲ ਦੀ ਉਮਰੇ ਉਸ ਦਾ ਵਿਆਹ ਚੌਧਰੀ ਏਜ਼ਾਜ ਅਹਿਮਦ ਨਾਲ ਹੋ ਗਿਆ।ਬੱਚਿਆਂ ਦੀ ਪੜ੍ਹਾਈ ਲਈ ਉਹ ਲਾਹੌਰ ਆ ਗਈ।ਉਸ ਨੇ ਨਾਲ ਨਾਲ ਆਪਣੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ।ਆਪਣੇ ਇੱਕ ਬੱਚੇ ਦੇ ਨਾਲ ਹੀ ਉਸ ਦਸਵੀਂ ਜਮਾਤ ਪਾਸ ਕੀਤੀ। ਮਗਰੋਂ ਉਸ ਬੀ.ਏ. ਤੱਕ ਦੀ ਪੜ੍ਹਾਈ ਕੀਤੀ।

ਬੁਸ਼ਰਾ ਏਜ਼ਾਜ ਨੇ ਆਪਣਾ ਸਾਹਿਤਕ ਸਫ਼ਰ ਪੰਜਾਬੀ ਲੇਖਕ ਮੁਸਤਨਸਰ ਹੁਸੈਨ ਤਾਰੜ ਦੀ ਪ੍ਰੇਰਨਾ ਨਾਲ 1989-90 ਤੋਂ ਸ਼ੁਰੂ ਕੀਤਾ।

ਲਿਖਣ ਦੀ ਸ਼ੁਰੂਆਤ ਉਸਨੇ ਉਰਦੂ ਜ਼ਬਾਨ ਵਿੱਚ ਕੀਤੀ।ਬੁਸ਼ਰਾ ਏਜ਼ਾਜ ਦੀ ਜ਼ਿੰਦਗੀ ਦੀ ਅਹਿਮ ਘਟਨਾ ਛੋਟੀ ਉਮਰ ਵਿੱਚ ਸ਼ਾਦੀ ਦਾ ਹੋ ਜਾਣਾ ਤੇ ਜਣਨਹਾਰੀ ਮਾਂ ਤੋਂ ਦੂਰ ਹੋਣਾ ਸੀ।

ਇਹ ਇਕਲਾਪਾ ਉਸਨੂੰ ਸ਼ਾਇਰੀ ਦੇ ਬੂਹੇ ਤੱਕ ਲੈ ਗਿਆ।ਉਹ ਕਹਿੰਦੀ ਹੈ, “ਮਾਂ ਦੀ ਮੁਹਬੱਤ ਉਸ ਦੀ ਲੇਖਣੀ ਦਾ ਮੁੱਖ ਮੁੱਦਾ ਹੈ।”

ਬੁਸ਼ਰਾ ਏਜਾਜ ਦੀਆਂ ਮੁੱਥ ਰਚਨਾਵਾਂ ਹਨ ਅਰਜ਼ਿ ਹਾਲ ਆਂਖੇ ਦੇਖਤੀ ਰਹਿਤੀ ਹੈਂ ਤੇ ਮੇਰੀ ਹੱਜ ਯਾਤਰਾ ਉਸ ਦੇ ਪੰਜਾਬੀ ਵਿੱਚ ਕਾਵਿ-ਸੰਗ੍ਰਹਿ ਪੱਬਾਂ ਭਾਰ,ਭੁਲੇਖਾ ,ਖੁਆਬ ਤੋਂ ਜਰਾ ਪਹਿਲਾਂ,ਆਖੋਂ ਕਾ ਪਹਿਲਾ ਸੂਰਜ (ਉਰਦੂ)ਤੇ ਹੱਥਲਾ ਕਾਵਿ ਸੰਗ੍ਰਹਿ ਮੈਂ ਪੂਣੀ ਕੱਤੀ ਰਾਤ ਦੀ ਹਨ।

ਬੁਸ਼ਰਾ ਏਜਾਜ ਦੇ ਕਹਾਣੀ-ਸੰਗ੍ਰਹਿ ਹਨ "ਅੱਜ ਦੀ ਸ਼ਹਿਰਜਾਦ” ਲਿਪੀਅੰਤਰ ਡਾ. ਅਨਵਰ ਚਿਰਾਗ "ਕਤਰਨਾਂ ਤੋਂ ਬਣੀ ਔਰਤ” ਲਿਪੀਅੰਤਰ ਮਹੁੰਮਦ ਜਮੀਲ,ਰਾਸ਼ਿਦ ਰਸ਼ੀਦ ਅਤੇ “ਬਾਰਾਂ ਆਨਿਆਂ ਦੀ ਔਰਤ” ਲਿਪੀਅੰਤਰ ਕੁਲਜੀਤ ਕਪੂਰ ਨਾਵਲ “ਕਾਂਗ” ਤੇ ਨਾਵਲਿਟ “ਈਮਾਨ ਦੀ ਕਹਾਣੀ” ਹਨ।
ਰੂਹਾਨੀ ਰਾਹਾਂ ਦਾ ਮੁਸਾਫ਼ਿਰ (ਜੀਵਨੀ) ਤੇ ਤਸੱਵੁਰਾਤ (ਵਾਰਤਕ) ਪੁਸਤਕਾਂ ਪ੍ਰਮੁੱਖ ਹਨ।

ਬੁਸ਼ਰਾ ਏਜਾਜ ਦੀ ਕਾਵਿ ਪੁਸਤਕ “ਮੈਂ ਪੂਣੀ ਕੱਤੀ ਰਾਤ ਦੀ” ਉਸ ਦੇ ਸਵੈ ਦਾ ਅਨੁਵਾਦ ਹੈ। ਅਸਲ ਵਿੱਚ ਸ਼ਾਇਰੀ ਤਾਂ ਹੁੰਦੀ ਹੀ ਲੇਖਕ ਦਾ ਆਪਾ ਪਿਘਲਣ ਦਾ ਨਾਮ ਹੈ। ਬੁਸ਼ਰਾ ਏਜਾਜ ਜਿਵੇਂ ਜ਼ਿੰਦਗੀ ਵਿੱਚ ਅੱਖਰ ਅੱਖਰ, ਸ਼ਬਦ ਸ਼ਬਦ ਉੱਸਰੀ ਹੈ, ਉਹ ਆਪਣੀ ਮਿਸਾਲ ਆਪ ਹੈ। ਉਸ ਕੋਲ ਆਪਣੀ ਮਾਂ ਦਾ ਦਿੱਤਾ ਸਿਦਕ ਤੇ ਸੁਹਜ ਸਲੀਕਾ ਉਸ ਦੀ ਜਮ੍ਹਾਂ ਪੂੰਜੀ ਹੈ। ਇਸੇ ਪੂੰਜੀ ਨੂੰ ਹੀ ਉਹ ਲਿਖਤਾਂ ਵਿੱਚ ਭੋਰ ਭੋਰ ਕੇ ਵਰਤਦੀ ਹੈ, ਖ਼ਰਚਦੀ ਹੈ। ਬੁਸ਼ਰਾ ਏਜਾਜ ਆਪਣੇ ਕਲਾਮ ਵਿੱਚ ਕਈ ਥਾਈਂ ਅਮੋੜ ਕਾਵਿ ਵੇਗ ਸਦਕਾ ਸਿਆਲਾਂ ਦੀ ਜਾਈ ਹੀਰ ਵਾਂਗ ਵਤੀਰਾ ਧਾਰਨ ਕਰ ਲੈਂਦੀ ਹੈ।

ਤੂੰ ਕੁੰਡਿਆਂ ਦਾ ਬੱਧਾ ਹੋਇਆ
ਰਹਿਉਂ ਡਿੰਗੇ ਦਾ ਡਿੰਗਾ।
ਜਾ ਵੇ ਇਸ਼ਕਾ ਲੇਖਾਂ ਪਿੱਟਿਆ
ਤੇਰੀ ਜ਼ਾਤ ਕੁਵੱਲੀ।
ਤੈਨੂੰ ਆਵੇ ਕਿਸੇ ਦੀ ਆਈ
ਮਰੇਂ ਸ਼ਾਲਾ ! ਤੇਰੀ ਰੁੜ੍ਹੇ ਕਮਾਈ
ਭੁਗਤੇ ਤੇਰੀ ਜਾਈ।

ਬੁਸ਼ਰਾ ਏਜਾਜ ਦੀ ਬਹੁਤ ਪਿਆਰੀ ਨਜ਼ਮ ਹੈ, “ਅਸਾਂ ਤੈਨੂੰ ਨਹੀਂ ਵਿਸਾਰਿਆ” ਇਸ ਵਿੱਚ ਉਹ ਮੁਹੱਬਤ ਨੂੰ ਮਹਿਕ ਵਾਂਗ ਸਮਝਦੀ ਤੇ ਸਮਝਾਉਂਦੀ ਹੈ। ਉਸ ਕੋਲ ਨਿਰਛਲ, ਨਿਰਕਪਟ ਤੇ ਨਿਰਵਿਕਾਰ ਮਨ ਹੈ ਜਿਸ ਰਾਹੀਂ ਕਸ਼ੀਦਿਆ ਸੱਚ ਉਸ ਦੀ ਸ਼ਾਇਰੀ ਦਾ ਹਾਸਲ ਬਣ ਜਾਂਦਾ ਹੈ। ਇਹ ਸ਼ਬਦ ਚਿਣਦੀ ਜਾਂ ਘੜਦੀ ਨਹੀਂ ਸਗੋਂ ਸਿਰਜਦੀ ਤੇ ਜਨਮਦੀ ਹੈ। ਉਸ ਦਾ ਆਪਾ ਇਸ ਕਵਿਤਾ ਵਿੱਚ ਵੀ ਥਾਂ ਪਰ ਥਾਂ ਹਾਜ਼ਰ ਹੈ।

ਪੀੜਾਂ ਜਿੰਨੀਆਂ ਵੰਡੋ,
ਜਿੰਨੀਆਂ ਲਿਖੋ
ਘਟਦੀਆਂ ਨੇ।

ਵੇ ਜਾਨੀਆਂ
ਅਸਾਂ ਤੇਰੇ ਨਾਂ ਦੇ ਅੱਗੇ
ਹਰਫ਼ਾਂ ਦਾ ਬੀਅ ਖਿਲਾਰਿਆ।
ਸੁਖ਼ਨਾਂ ਦੇ ਮੋਤੀ ਰੋਲ਼ੇ,
ਤੇ ਡੂੰਘੀ ਚੁੱਪ ਵਿੱਚ ਲਹਿ ਗਏ।
ਮੁੜ ਮੂੰਹੋਂ ਕੁਛ ਨਹੀਂ ਬੋਲੇ,
ਅਸਾਂ ਤੈਨੂੰ ਨਹੀਂ ਵਿਸਾਰਿਆ।

ਬੁਸ਼ਰਾ ਏਜਾਜ ਦੀ ਸ਼ਾਇਰੀ ਕਈ ਥਾਈਂ ਸੁਆਲਨਾਮੇ ਵਰਗੀ ਹੈ। ਆਪੇ ਸੁਆਲ ਕਰਦੀ, ਆਪੇ ਜੁਆਬ ਘੜਦੀ। ਸਵੈ ਅਲਾਪ ਵਾਂਗ। ਉਸ ਦੇ ਇਸ ਅੰਦਾਜ਼ ਵਿੱਚ ਮੌਲਿਕਤਾ ਹੈ। ਉਹ ਮੌਲਿਕਤਾ ਜੋ ਸਰਸਬਜ਼ ਚਸ਼ਮੇ ਦੀ ਕਲਵਲ ਵਿੱਚ ਹੁੰਦੀ ਹੈ। ਅਨਹਦ ਨਾਦ ਵਰਗੀ ਨਿਰੰਤਰਤਾ।

ਵੇ ਸੱਜਣਾਂ!
ਯਾਰੀ ਨਾਲ ਸੌਦਾਗਰਾਂ
ਤੇ ਪ੍ਰੀਤਾਂ ਵਿੱਚ ਤਜ਼ਾਰਤਾਂ
ਦੀਦ ਦਾ ਮੁੱਲ ਨਾ ਤੋਲਿਆ ਹੁੰਦਾ
ਬੁੱਝੀਏ ਕਿਵੇਂ ਬੁਝਾਰਤਾਂ।

ਦਿਲ ਦੀਆਂ ਪਾਟੀਆਂ
ਖਿੱਲਰੀਆਂ ਲੀਰਾਂ
ਕਿਹੜੀ ਥਾਂਵੇਂ ਰੱਖੀਏ?
ਢੋ ਕੇ ਸਾਰੇ ਅੱਖ ਦੇ ਬੂਹੇ
ਕੀਹਨੂੰ ਬਹਿ ਕੇ ਤੱਕੀਏ?
ਦੱਸ ਕਿੱਥੇ ਜਾ ਰੋਈਏ?
ਤੇ ਕਿੱਥੇ ਬਹਿ ਕੇ ਹੱਸੀਏ?

ਉਹ ਆਪਣੀ ਸ਼ਾਇਰੀ ਵਿੱਚ ਆਤਮ ਬਚਨੀ ਤੋਂ ਬੜੀ ਸਮਰਥਾ ਨਾਲ ਕੰਮ ਲੈਂਦੀ ਹੈ। ਉਸ ਨੂੰ ਇਹ ਢੰਗ ਤਰੀਕਾ ਸਿਰਜਣਾ ਲਈ ਬਹੁਤ ਸਾਰਥਕ ਜਾਪਦਾ ਹੈ। ਇਸੇ ਕਰਕੇ ਹੀ ਉਹ ਦੁਨਿਆਵੀ ਝਮੇਲਿਆਂ ਦੀ ਥਾਂ ਮਨ ਦੇ ਮੇਲਿਆਂ ਵਿੱਚ ਵਧੇਰੇ ਘੁੰਮਦੀ ਹੈ। ਇਸੇ ਮੇਲੇ ਨੂੰ ਜਾਣਦੀ, ਮਾਣਦੀ ਦੇ ਪਛਾਣਦੀ ਹਸਤੀ ਉਸਾਰ ਕੇ ਉਹ ਸ਼ਬਦਾਂ ਦੇ ਉੱਚ ਦੋਮਾਲੜੇ ਭਵਨ ਉਸਾਰਦੀ ਹੈ।

ਮੈ ਰੋਈ ਰੱਜ ਕੇ ਰੋਈ
ਮੈਨੂੰ ਕਿਤੇ ਨਾ ਆਵੇ ਕੱਲ੍ਹ।
ਮੈਂ ਉੱਧੜੀ ਜਾਵਾਂ ਅੰਦਰੋਂ
ਮੇਰੀ ਲਹਿੰਦੀ ਜਾਵੇ ਖੱਲ।

ਨੀ ਤੱਤੀਏ ਹਿਜਰ ਦੁਪਹਿਰੇ
ਹੁਣ ਮੇਰੇ ਪਾਸਿਉਂ ਟਲ਼।
ਆ ਵਿਹੜੇ ਸੂਰਜ ਮੇਰਿਆ
ਮੇਰੀ ਜ਼ੁਲਫ਼ਾਂ ਦੇ ਵਿੱਚ ਢਲ਼।

ਬੁਸ਼ਰਾ ਏਜਾਜ ਦੀ ਇਸ ਸੰਗ੍ਰਹਿ ਵਿੱਚ ਬੜੀ ਮੁੱਲਵਾਨ ਕਵਿਤਾ ਹੈ” ਮੈਂ ਮਾਣ ਉੱਜੜੇ ਬਾਗ ਦੀ ”। ਇਸ ਵਿੱਚ ਉਹ ਸਗਲ ਸੰਸਾਰ ਘੁੰਮਦਿਆਂ ਆਪਣੀ ਰੂਹ ਦਾ ਰਾਂਝਣ ਯਾਰ ਲੱਭਦੀ ਫਿਰਦੀ ਪ੍ਰਤੀਤ ਹੁੰਦੀ ਹੈ। ਉਸ ਦੇ ਰਾਂਝਣ ਦੇ ਬੇਲਿਆਂ ਵਿੱਚ ਅੱਜ ਵੀ ਨਾਗ ਫੁੰਕਾਰਦੇ ਹਨ। ਹੀਰ ਬਣੇ ਬਗੈਰ ਇਹ ਫੁੰਕਾਰਦੇ ਨਾਗ ਪਛਾਨਣੇ ਆਸਾਨ ਨਹੀਂ ਹਨ।

ਵੇ ਰਾਂਝਿਆ ਜੋਗੀ ਬੇਲੀਆ
ਤੇਰੇ ਬੇਲੇ ਵਿਛੇ ਨਾਗ।
ਤੇਰੇ ਸੰਗ ਤੇਰੇ ਤੋਂ ਨਿੱਖੜੇ
ਤੇਰੇ ਚੋਰੀ ਹੋ ਗਏ ਭਾਗ।
ਵੇ ਵੰਝਲੀ ਵਾਲਿਆ ਸੁੱਤੜਿਆ
ਹੁਣ ਜਾਗ ਵੇ ਬੀਬਾ ਜਾਗ।
ਸੁਣ ਸੱਚਲ ਸਾਈਆਂ ਸਿੰਧ ਦਿਆ
ਸੁਣ ਲਾਲ ਕਲੰਦਰਾ ਹਿੰਦ ਦਿਆ
ਸੁਣ ਖ਼ਵਾਜਾ ਚੋਲਸਤਾਨੀਆਂ
ਸੁਣ ਪਾਕਿ ਪਟਨ ਦਿਆ ਜਾਨੀਆਂ।
ਮੈਂ ਅਜ਼ਲਾਂ ਦੀ ਵੀਰਾਂਗਣ
ਮੈਂ ਫੂਹੜੀ ਆਪਣੇ ਜ਼ਾਤ ਦੀ।
ਮੈ ਮਿਸਰ ਬਾਜ਼ਾਰਾਂ ਵਿਕਦੀ
ਮੈਂ ਪੂਣੀ ਕੱਤੀ ਰਾਤ ਦੀ।
ਮੈਂ ਬਾਜ਼ੀਗਰਾਂ ਦੀ ਰੱਸੀ
ਮੈਂ ਡਿੱਗੀ, ਡਿੱਗ ਕੇ ਹੱਸੀ
ਮੈਂ ਆਪਣੇ ਗਲ਼ ਦੀ ਫਾਹੀ
ਮੈਂ ਮੁੱਢ ਕਦੀਮੀ ਸ਼ਾਹੀ।
ਮੈਂ ਹਿਜਰ ਵਿਛੋੜੇ ਜੀਵਾਂ,
ਕਦ ਕੂਕਾਂ ਮਾਹੀ ਮਾਹੀ।

ਉਸ ਦੀ ਇਹ ਮੁੱਲਵਾਨ ਕਵਿਤਾ “ ਮੈਂ ਮਾਲਣ ਉੱਜੜੇ ਬਾਗ ਦੀ” ਸੱਚਮੁੱਚ ਬਹੁਤ ਕਮਾਲ ਦੀ ਰਚਨਾ ਹੈ। ਇਸ ਅੰਦਰਲਾ ਮਰਮ ਅਸਲੋਂ ਸੱਜਰਾ ਤੇ ਦਮਦਾਰ ਹੈ। ਕਵਿਤਾ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਬੁਸ਼ਰਾ ਏਜਾਜ ਦੇ ਨਾਲ ਨਾਲ ਦਰਦ ਗੁਫ਼ਤਗੂ ਕਰਦਿਆਂ ਨਾਲ ਨਾਲ ਤੁਰ ਰਿਹਾ ਹੈ।

ਮੈਂ ਮਾਣ ਉੱਜੜੇ ਬਾਗ ਦੀ
ਮੈਂ ਨਿੱਸਰਾਂ ਵਿੱਚ ਖ਼ਿਜ਼ਾਂ।
ਮੇਰੇ ਹੱਥਾਂ ਲੀਕੀ ਮੌਤੜੀ
ਮੈਂ ਕਬਰਾਂ ਵਿੱਚ ਰਹਾਂ।

ਚੰਗੀ ਗਿੱਲ ਇਹ ਹੈ ਕਿ ਇਸ ਪੁਸਤਕ ਦਾ ਪ੍ਰਕਾਸ਼ਨ ਅੰਤਰ ਰਾਸ਼ਟਰੀ ਪ੍ਰਕਾਸ਼ਨ ਘਰ “ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ “ ਦੇ ਸੰਚਾਲਕ ਪ੍ਰਸਿੱਧ ਸ਼ਾਇਰ ਸਤੀਸ਼ ਗੁਲਾਟੀ ਵੱਲੋਂ ਕੀਤਾ ਜਾ ਰਿਹਾ ਹੈ। ਬੁਸ਼ਰਾ ਏਜਾਜ ਦੀ ਇਸ ਕਾਵਿ ਪੁਸਤਕ ਦੇ ਪ੍ਰਕਾਸ਼ਨ ਨਾਲ ਯਕੀਨਨ ਪਾਕਿਸਤਾਨੀ ਪੰਜਾਬ ਵਿੱਚ ਲਿਖੀ ਜਾ ਰਹੀ ਪੰਜਾਬੀ ਕਵਿਤਾ ਦਾ ਨਵਾਂ ਮੁਹਾਂਦਰਾ ਸਾਡੇ ਗੁਰਮੁਖੀ ਜਾਨਣਹਾਰੱ ਪਾਠਕਾਂ ਨੂੰ ਜਾਨਣ ਤੇ ਮਾਨਣ ਦਾ ਮੌਕਾ ਮਿਲੇਗਾ। ਇਸ ਆਸ ਤੇ ਅਰਦਾਸ ਨਾਲ ਮੈਂ ਇਸ ਪੁਸਤਕ ਨੂੰ ਗੁਰਮੁਖੀ ਜਗਤ ਵਿੱਚ ਜੀ ਆਇਆਂ ਨੂੰ ਆਖਦਾ ਹਾਂ।

ਗੁਰਭਜਨ ਸਿੰਘ ਗਿੱਲ (ਪ੍ਰੋ.)
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ,
ਲੁਧਿਆਣਾ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ