Ravi Daria Da Ladla Puttar Shiv Kumar Batalvi : Gurbhajan Gill

ਰਾਵੀ ਦਰਿਆ ਦਾ ਲਾਡਲਾ ਪੁੱਤਰ ਸ਼ਿਵ ਕੁਮਾਰ ਬਟਾਲਵੀ : ਗੁਰਭਜਨ ਗਿੱਲ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ ਸਾਨੂੰ ਪੰਜਾਬੀ ਸ਼ਾਇਰੀ ਵਿਚ ਦੀਆਂ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨ੍ਹਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ। ਉਹ ਰਾਵੀ ਕੰਢੇ ਜੰਮਿਆਂ। ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰ, ਪਾਖਰਪੁਰੇ ਸਕੂਲ ਅਧਿਆਪਨ, ਗਾਜ਼ੀਨੰਗਲ ਭੱਠੇ ਤੇ ਮੁਨਸ਼ੀ ਗੀਰੀ,ਡੇਰਾ ਬਾਬਾ ਨਾਨਕ ਰੋਡ ਬਟਾਲਾ ਅਤੇ ਚੰਡੀਗੜ੍ਹ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਉਸ ਦਾ ਜੀਵਨ ਵਿਹਾਰ ਕਦੇ ਨਾ ਬਣ ਸਕੀ।

ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਸ ਦੇ ਕਾਦੀਆ ਵਿਚਲੇ ਸਹਿਪਾਠੀ ਸਾਬਕਾ ਐੱਮ ਪੀ ਸ: ਭੁਪਿੰਦਰ ਸਿੰਘ ਮਾਨ ਅਤੇ ਡਾ: ਮ ਸ ਬਾਜਵਾ ਦੱਸਦੇ ਨੇ ਕਿ ਸ਼ਿਵ ਕੁਮਾਰ ਦੀ ਜ਼ਿੰਦਗੀ ਦਾ ਹਰ ਵਰਕਾ ਰਵਾਇਤੀ ਬੰਧਨਾਂ ਤੋਂ ਮੁਕਤ ਸੀ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਰਾਵੀ ਦਾ ਪੁੱਤਰ ਸੀ ਨਾ। ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜ੍ਹਤੀ ਸੀ ।

ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਉਹ ਪਟਵਾਰੀ ਤਾਂ ਭਰਤੀ ਹੋ ਗਿਆ ਪਰ ਉਸ ਦੀ ਨਿਯੁਕਤੀ ਵਾਲਾ ਪਹਿਲਾ ਪਿੰਡ ਅਰਲੀ ਭੰਨ (ਨੇੜੇ ਕਲਾਨੌਰ) ਉਸ ਦੇ ਸੁਭਾਅ ਨੂੰ ਹੋਰ ਨਿਖਾਰ ਦੇ ਗਿਆ। ਅਨੁਸ਼ਾਸ਼ਨ ਦੀ ਪੰਜਾਲੀ ਵਿਚ ਉਸ ਨੇ ਧੌਣ ਤਾਂ ਦੇ ਦਿੱਤੀ ਪਰ ਅਰਲੀ ਭੰਨ ਕੇ ਉਹ ਕਾਵਿ ਦੇਸ਼ ਦੀਆਂ ਉੱਚ ਉਡਾਰੀਆਂ ਦਾ ਪਰਿੰਦਾ ਬਣ ਗਿਆ। ਉਸ ਦੀ ਕਵਿਤਾ ਨੂੰ ਦੁਨਿਆਵੀ ਅੰਬਰ ਬਹੁਤ ਛੋਟਾ ਲਗਦਾ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਰਾਏਚੱਕ ਵਾਲੇ ਸ਼ਾਇਰ ਸ. ਗੁਰਬਚਨ ਸਿੰਘ ਰਮਜ਼ੀ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਰਹੇ ਹਨ ਕਿ ਸ਼ਿਵ ਦੀ ਰੂਹ ਵਿਚ ਇਤਿਹਾਸਕ ਸ਼ਿਵ ਜੀ ਦੇਵਤੇ ਦਾ ਵੀ ਨਿਵਾਸ ਸੀ। ਤੀਸਰਾ ਨੇਤਰ ਅਕਸਰ ਖੁੱਲ੍ਹਾ ਰੱਖਦਾ। ਉਹ ਵਿਸ਼ ਪੀਣ ਤੋਂ ਗੁਰੇਜ਼ ਨਾ ਕਰਦਾ। ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿਚ ਨਾ ਭਟਕਣ ਦਿੰਦਾ। ਕੁਝ ਇਹੋ ਜਿਹੀ ਗਵਾਹੀ ਸਿਆਟਲ (ਅਮਰੀਕਾ) ਵੱਸਦੇ ਉਸ ਦੇ ਇਕ ਚੇਲੇ ਪ੍ਰੇਮ ਕੁਮਾਰ ਨੇ ਦਿੱਤੀ। ਉਸੇ ਪ੍ਰੇਮ ਕੁਮਾਰ ਨੇ ਜਿਸ ਨੇ ਜਵਾਨ ਉਮਰੇ ਸ਼ਿਵ ਕੁਮਾਰ ਦੀਆਂ ਆਵਾਰਗੀਆਂ ਨੂੰ ਬਹੁਤ ਨੇੜਿਉਂ ਨਾਲ ਰਹਿ ਕੇ ਵੇਖਿਆ ਤੇ ਮਾਣਿਆ।

ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ । ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ । ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਸ ਦੀ ਚੀਖ ਬਾਬਾ ਬੂਝਾ ਸਿੰਘ ਦੇ ਕਤਲ ਵੇਲੇ ਕਵਿਤਾ ਦੇ ਰੂਪ ਵਿਚ ਉੱਭਰਦੀ ਹੈ ਅਤੇ ਬਿਰਖਾਂ ਦੀ ਹੋਂਦ ਉਸ ਨੂੰ ਧੀਆਂ, ਪੁੱਤਰਾਂ, ਭੈਣਾਂ, ਭਰਾਵਾਂ ਵਾਲਾ ਟੱਬਰਦਾਰ ਬਣਾਉਦੀ ਹੈ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ, ਮੋਹਨ ਕਾਹਲੋਂ, ਡਾ: ਜੋਗਿੰਦਰ ਸਿੰਘ ਰਾਹੀ, ਅਮਰਜੀਤ ਗੁਰਦਾਸਪੁਰੀ ਵਰਗੇ ਅਨੇਕਾਂ ਚਿਹਰੇ ਉਸ ਨੂੰ ਮਰਦੇ ਦਮ ਤੀਕ ਵੀ ਚੇਤਿਆਂ ਵਿਚ ਸਮਾਈ ਬੈਠੇ ਰਹੇ। ਭ੍ਵਸ਼ਨ ਧਿਆਨਪੁਰੀ ਤਾਂ ਅੱਜ ਵੀ ਉਸ ਦੀ ਆਰਤੀ ਉਤਾਰਦਾ ਹੈ। ਫੌਜੀਆਂ ਦੇ ਮਾਰਫਤ 56 ਏ ਪੀ ਓ ਸਿਰਨਾਵੇਂ ਵਾਂਗ ਭੂਸ਼ਨ ਦੀ ਪਛਾਣ ਨਾਲ ਸ਼ਿਵ ਕੁਮਾਰ ਦਾ ਸਿਰਨਾਵਾਂ ਨਾਲ ਨੱਥੀ ਹੈ।

ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ ’ਚ ਦਸਤਖਤ ਮਿਲਦੇ ਹਨ । ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ। ਸ਼ਿਵ ਕੁਮਾਰ ਬਟਾਲਵੀ ਰਾਵੀ ਦੇ ਕੰਢੇ ਵਸਦੇ ਸ਼ੱਕਰਗੜ੍ਹ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਹਟੀਆਂ ਵਿਚ ਜੰਮਿਆ। ਆਜ਼ਾਦੀ ਤੋਂ ਕੁਝ ਵਰ੍ਹੇ ਪਹਿਲਾਂ ਉਹ ਸ਼ੱਕਰਗੜ੍ਹੀਆ ਰਿਹਾ ਅਤੇ 1947 ਤੋਂ ਬਾਅਦ ਪਰਿਵਾਰ ਦੇ ਬਟਾਲੇ ਆ ਜਾਣ ਕਰਕੇ ਬਾਕੀ ਦੀ ਜ਼ਿੰਦਗੀ ਬਟਾਲਵੀ ਬਣ ਗਿਆ ਪਰ ਉਸ ਆਪਣੀ ਕਿਸੇ ਕਿਤਾਬ ਤੇ ਬਟਾਲਵੀ ਨਾ ਲਿਖਿਆ। ਲੋਕ ਹੀ ਕਹਿੰਦੇ ਰਹੇ।

ਗਾਂਧੀ ਚੌਂਕ ਬਟਾਲੇ ਤੋਂ ਡੇਰਾ ਬਾਬਾ ਨਾਨਕ ਵੱਲ ਜਾਦਿਆਂ ਖੱਬੇ ਪਾਸੇ ਪ੍ਰੇਮ ਨਗਰ ਮੁਹੱਲੇ ਵਿਚ ਉਸ ਦਾ ਨਿਵਾਸ ਅੱਜ ਵੀ ਸਾਨੂੰ ਸਭ ਨੂੰ ਉਸ ਦੇ ਉਥੇ ਹੋਣ ਦਾ ਭੁਲੇਖਾ ਪਾਉਂਦਾ ਹੈ।

ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ‘ਪੀੜਾਂ ਦਾ ਪਰਾਗਾ’ ਦੇ ਪ੍ਰਕਾਸ਼ਨ ਨਾਲ ਹੀ ਉਸ ਨੂੰ ਲੋਕ ਪ੍ਰਵਾਨਗੀ ਹਾਸਿਲ ਨਹੀਂ ਸੀ ਹੋਈ ਸਗੋਂ ਮਕਬੂਲੀਅਤ ਤਾਂ ਉਸ ਦੇ ਮੱਥੇ ਨੂੰ ਬਹੁਤ ਪਹਿਲਾਂ ਚੁੰਮ ਚੁੱਕੀ ਸੀ। ਬਾਲ ਉਮਰੇ ਹੀ ਉਹ ਬਰਕਤ ਰਾਮ ਯੁਮਨ, ਗੋਪਾਲ ਦਾਸ ਗੋਪਾਲ, ਮੇਲਾ ਰਾਮ ਤਾਇਰ, ਨੰਦ ਲਾਲ ਨੂਰਪੁਰੀ, ਰਾਮ ਨਰਾਇਣ ਸਿੰਘ ਦਰਦੀ, ਗੁਰਦੇਵ ਸਿੰਘ ਮਾਨ, ਜਸਵੰਤ ਰਾਏ ‘ਰਾਏ’, ਜਸਵੰਤ ਸਿੰਘ ਵੰਤਾ, ਜਸਵੰਤ ਸਿੰਘ ਰਾਹੀ, ਦੀਵਾਨ ਸਿੰਘ ਮਹਿਰਮ, ਕਰਤਾਰ ਸਿੰਘ ਬਲੱਗਣ ਅਤੇ ਸਟੇਜ ਦੇ ਧਨੀ ਹੋਰ ਸ਼ਾਇਰਾਂ ਨਾਲ ਬਰ ਮੇਚਣ ਲੱਗ ਪਿਆ ਸੀ। ਇਪਟਾ ਲਹਿਰ ਦੇ ਸਿਰਕੱਢ ਕਲਾਕਾਰ ਅਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਓਨੀਆਂ ਰਾਤਾਂ ਸ਼ਾਇਦ ਆਪਣੇ ਬਾਪ ਦੇ ਘਰ ਬਟਾਲੇ ਵਿਚ ਨਹੀਂ ਕੱਟੀਆਂ ਹੋਣੀਆਂ ਜਿੰਨੀਆਂ ਉਸ ਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ । ਸ਼ਿਵ ਕੁਮਾਰ ਨੂੰ ਖੇਤ ਪਿਆਰੇ ਸਨ ਪੱਕੀਆਂ ਸੜਕਾਂ ਨਹੀਂ । ਸ਼ਾਇਦ ਇਸੇ ਕਰਕੇ ਉਹ ਜਦੋਂ ਕਦੇ ਉਹ ਦਸੂਹਾ ਇਲਾਕੇ ਵਿਚ ਰਾਵਲ ਸਿੰਘ ਧੂਤ ਦੇ ਪਿੰਡ ਜਾਂਦਾ ਤਾਂ ਲਿਖਦਾ :


ਜਿਥੇ ਇਤਰਾਂ ਦੇ ਵਗਦੇ ਨੇ ਚੋਅ,
ਉਥੇ ਮੇਰਾ ਯਾਰ ਵੱਸਦਾ।
ਜਿਥੇ ਚਾਨਣੀ ’ਚ ਨਾਵ੍ਹੇ ਖੁਸ਼ਬੋ,
ਉਥੇ ਮੇਰਾ ਯਾਰ ਵੱਸਦਾ।
ਭੁੱਖੇ ਭਾਣੇ ਸੌਣ ਜਿਥੇ ਖੇਤਾਂ ਦੇ ਰਾਣੇ,
ਸੱਜਣਾਂ ਦੇ ਰੰਗ ਜਹੇ ਕਣਕਾਂ ਦੇ ਦਾਣੇ।
ਜਿਥੇ ਦੰਮਾਂ ਵਾਲੇ ਲੈਂਦੇ ਨੇ ਲੁਕੋ,
ਉਥੇ ਮੇਰਾ ਯਾਰ ਵੱਸਦਾ।

ਜਦੋਂ ਉਹ ਨਖਾਸੂ ਕੰਢੇ ਉਦੋਵਾਲੀ ’ਚ ਅਮਰਜੀਤ ਗੁਰਦਾਸਪੁਰੀ ਦੇ ਟਿਊਬਵੈੱਲ ਤੇ ਸਿਰ ਵਿਚ ਪਾਣੀ ਪਾ ਕੇ ਵਾਢੀਆਂ ਦੀ ਰੁੱਤੇ ਸਿਰੀ ਬਾਹਰ ਕੱਢਦਾ ਤਾਂ ਵਾਢੀ ਕਰਦੀਆਂ ਮੁਟਿਆਰਾਂ ਨੂੰ ਗੀਤ ਦੇ ਰੂਪ ਵਿਚ ਚਿਤਵਦਾ।

ਕਾਲੀ ਦਾਤਰੀ ਚੰਨਣ ਦਾ ਦਸਤਾ,
ਕਿ ਲੱਛੀ ਕੁੜੀ ਵਾਢੀਆਂ ਕਰੇ।
ਓਹਦੇ ਨੈਣਾਂ ਵਿਚ ਲੱਪਲੱਪ ਸੁਰਮਾ
ਕਿ ਕੰਨਾਂ ਵਿਚ ਕੋਕਲੇ ਹਰੇ।

ਸ਼ਿਵ ਕੁਮਾਰ ਨ੍ਵੰ ਥੁੜੇ ਟੁੱਟੇ ਘਰਾਂ ਵਿਚ ਸਿਰਸਿਰ ਚੜ੍ਹੀ ਗਰੀਬੀ ਦਾ ਅਹਿਸਾਸ ਵੀ ਇਨ੍ਹਾਂ ਪਿੰਡਾਂ ਵਿਚ ਫਿਰਦਿਆਂ ਤੁਰਦਿਆਂ ਹੀ ਹੋਇਆ। ਮੁੱਢਲੇ ਸਫਰ ਦੌਰਾਨ ਉਸ ਦੇ ਸਾਥੀ ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਲੋਕ ਦਸਦੇ ਹੁੰਦੇ ਸਨ ਕਿ ਸ਼ਿਵ ਕੁਮਾਰ ਚਿੱਤੋਂ ਬੜਾ ਨਰਮ ਸੀ। ਉਹ ਪਲਾਂ ਵਿਚ ਪਸੀਜ ਜਾਂਦਾ । ਉਸ ਦੀ ਨਜ਼ਮ ‘ਸ਼ੀਸ਼ੋ’ ਪੜ੍ਹਨ ਵਾਲੇ ਜਾਣਦੇ ਹਨ ਕਿ ਉਹ ਅੰਦਰੋਂ ਕਿੰਨਾ ਨਰਮ ਸੀ। ਇਹੀ ਸੰਵੇਦਨਾ ਉਸ ਦੀ ਕਲਮ ਹੱਥੋਂ ਇਹ ਬੋਲ ਲਿਖਵਾ ਗਈ :

ਸ਼ਾਲਾ ਓਸ ਗਿਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ।
ਜਿਸ ਗਿਰਾਂ ’ਚੋਂ ਜ਼ਿੰਦਗੀ ਨਾਲੋਂ,
ਮੱਢਲ ਮਹਿੰਗੀ ਲੱਭੇ।

ਇਹ ਸਤਰਾਂ ਸ਼ਾਇਦ ਅੱਜ ਦੇ ਪਾਠਕਾਂ ਨੂੰ ਸਮਝ ਹੀ ਨਾ ਲੱਗਣ। ਉਹ ਪੁੱਛਣਗੇ ਇਹ ਬੁਰਦ ਕੀ ਹੁੰਦਾ ਹੈ, ਮੁਰੱਬੇ ਕੀ ਹੁੰਦੇ ਨੇ, ਮੱਢਲ ਕੀ ਹੁੰਦੀ ਹੈ? ਸੁਣੋ ਮੈਂ ਦੱਸਦਾ ਹਾਂ ਕਿਉਂਕਿ ਮੈਂ ਸ਼ਿਵ ਕੁਮਾਰ ਦਾ ਗਿਰਾਈਂ ਹਾਂ। ਸਾਡੇ ਪਿੰਡਾਂ ਵੱਲ ਬਹੁਤ ਸ਼ੀਸ਼ੋ ਰਹਿੰਦੇ ਸਨ । ਥੁੜੇ ਟੁੱਟੇ ਲਿੱਸੇ ਕਮਜ਼ੋਰ ਤੇ ਨਿਤਾਣੇ ਘਰਾਂ ਦੇ ਵਾਸੀ। ਮੱਢਲ ਖਾਣ ਵਾਲੇ । ਸ਼ਿਵ ਉਨ੍ਹਾਂ ਲਈ ਹੀ ਤਾਂ ਲਿਖਦਿਆਂ ਆਖ ਰਿਹਾ ਹੈ ਕਿ ਉਸ ਪਿੰਡ ਦੇ ਰੱਬ ਕਰਕੇ ਸਾਰੇ ਹੀ ਮੁਰੱਬੇ ਭਾਵ ਜ਼ਮੀਨਾਂ ਦਰਿਆ ਵਿਚ ਰੁੜ੍ਹ ਜਾਣ, ਬੁਰਦ ਹੋਣ ਜਾਣ ਜਿਸ ਪਿੰਡ ਵਿਚ ਮੱਢਲ ਵਰਗੇ ਸਸਤੇ ਅਨਾਜ ਨਾਲੋਂ ਵੀ ਜ਼ਿੰਦਗੀ ਸਵੱਲੀ ਹੈ, ਸਸਤੀ ਹੈ। ਇਕ ਹਾਓਕੇ ਦੀ ਜੂਨ ਵਿਚ ਪਏ ਬਗੈਰ ਇਹ ਸਤਰਾਂ ਲਿਖਣੀਆਂ ਮੁਹਾਲ ਹਨ। ਮੈਨੂੰ ਅਜਿਹੇ ਅਨੇਕਾਂ ਸ਼ੀਸ਼ੋਆਂ ਦਾ ਬਚਪਨ ਚੇਤੇ ਆਉਂਦਾ ਹੈ । ਸਿਆਲਾਂ ਵਿਚ ਜਦ ਕਣਕ ਮੁੱਕ ਜਾਣੀ ਤਾਂ ਮੱਕੀ ਦੇ ਆਟੇ ਨੇ ਬਹੁੜਨਾ। ਮੱਕੀ ਮੁੱਕਣੀ ਤਾਂ ਚੌਲਾਂ ਨਾਲ ਮੱਥਾ ਮਾਰਨਾ, ਚੌਲ ਮੁਕਣੇ ਤਾਂ ਮੱਢਲ ਨਾਲ ਗੁਜ਼ਾਰਾ ਕਰਨਾ। ਇਹ ਬਾਰੀਕ ਬੀਨੀ ਵਾਲੀ ਪੇਸ਼ਕਾਰੀ ਸ਼ਿਵ ਕੁਮਾਰ ਤੋਂ ਬਗੈਰ ਹੋਰ ਕਿਸੇ ਸ਼ਾਇਰ ਦੇ ਹਿੱਸੇ ਨਹੀਂ ਆਈ।

ਸ਼ਿਵ ਕੁਮਾਰ ਦੀਆਂ ਦੋਸਤੀਆਂ ਦਾ ਦਾਇਰਾ ਬਹੁਤ ਮੋਕ੍ਹਲਾ ਸੀ। ਸੂਬੇ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਬਟਾਲਾ ਵਿਚਲੇ ਪੁਰਾਣੇ ਬੱਸ ਅੱਡੇ ਵਿੱਚ ਕੰਮ ਕਰਦੇ ਫੁੰਗੇ ਪਾਂਡੀ ਤੀਕ। ਪੰਡਿਤ ਮੋਹਨ ਲਾਲ ਵਿੱਤ ਮੰਤਰੀ ਵਰਗੇ ਤਾਂ ਵਿੱਚ ਵਿਚਾਲੇ ਆਉਂਦੇ ਪੜ੍ਹਾ ਸਨ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਬਾਰੇ ਤਾਂ ਪੱਕੀ ਖ਼ਬਰ ਨਹੀਂ ਪਰ ਪੰਜਾਬੀ ਸਾਹਿੱਤ ਦੀ ਲੰਮਾ ਸਮਾਂ ਪ੍ਰਧਾਨ ਮੰਤਰੀ ਅੰਮ੍ਰਿਤਾ ਪ੍ਰੀਤਮ ਨਾਲ ਉਸ ਦੀ ਸਾਂਝ ਡੂੰਘੇਰੀ ਤੇ ਪਕੇਰੀ ਸੀ। ਸ਼ਿਵ ਕੁਮਾਰ ਦੀ ਪਹਿਲੀ ਕਾਵਿ ਪੁਸਤਕ “ਪੀੜਾਂ ਦਾ ਪਰਾਗਾ” ਦਾ ਮੁੱਖ ਬੰਦ ਵੀ ਅੰਮ੍ਰਿਤਾ ਜੀ ਨੇ ਹੀ ਲਿਖਿਆ ਸੀ। ਨਾਗਮਣੀ ਦੇ ਪਹਿਲੇ ਪੰਨੇ ਤੇ ਸ਼ਿਵ ਕੁਮਾਰ ਦੀਆਂ ਅਨੇਕ ਕਵਿਤਾਵਾਂ ਛਪੀਆਂ।

ਸ਼ਿਵ ਕੁਮਾਰ ਦੀ ਫੁੰਗੇ ਪਾਂਡੀ ਨਾਲ ਦੋਸਤੀ ਦੀ ਕਮਾਲ ਇਹ ਸੀ ਕਿ ਜਦ ਕਦੇ ਸ਼ਿਵ ਫਾਕਾ ਮਸਤੀ ਵਿੱਚ ਹੁੰਦਾ ਤਾਂ ਉਹ ਫੁੰਗੇ ਤੋਂ ਵੀ ਦਾਰੂ ਸਿੱਕੇ ਲਈ ਹੱਥ ਹੁਦਾਰ ਫੜ ਲੈਂਦਾ। ਫੁੰਗਾ ਕਦੇ ਨਾਂਹ ਨਾ ਕਰਦਾ। ਉਹ ਉਸਨੂੰ ਨਾਲੋਂ ਨਾਲ ਮੋੜੀ ਵੀ ਜਾਂਦਾ। ਦੋਹਾਂ ਦੀ ਬੁੱਕਲ ਸਾਂਝੀ ਸੀ।

ਇੱਕ ਵਾਰ ਕਿਤੇ ਸ਼ਿਵ ਕੁਮਾਰ ਉਸ ਦੇ ਪੰਜ ਸੱਤ ਰੁਪਈਏ ਮੋੜਨੇ ਭੁੱਲ ਗਿਆ। ਪਿਆਲੀ ਦੀ ਸਾਂਝ ਕਾਰਨ ਉਹ ਫੁੰਗੇ ਨਾਲ ਅਕਸਰ ਲਾਡੀਆਂ ਵੀ ਕਰ ਲੈਂਦਾ।

ਅਮਰਜੀਤ ਗੁਰਦਾਸਪੁਰੀ ਨੇ ਦੱਸਿਆ ਕਿ ਇੱਕ ਵਾਰੀ ਅਸੀਂ ਤਲਵੰਡੀ ਲਾਲ ਸਿੰਘ ਵਾਲਾ ਰਾਜਿੰਦਰ ਸਿੰਘ ਰੰਧਾਵਾ, ਚੱਠੇ ਸੀੜ੍ਹਿਆਂ ਵਾਲਾ ਗੁਰਚਰਨ ਸਿੰਘ ਬੋਪਾਰਾਏ ਸਮੇਤ ਕੁਝ ਦੋਸਤ ਸ਼ਿਵ ਕੁਮਾਰ ਨਾਲ ਪੈਦਲ ਗਾਂਧੀ ਚੌਂਕ ਤੋਂ ਤਹਿਸੀਲ ਕਚਹਿਰੀਆਂ ਵੱਲ ਨੂੰ ਜਾ ਰਹੇ ਸਾਂ। ਸ਼ਿਵ ਸਭ ਤੋਂ ਪਿੱਛੇ ਤੁਰ ਰਿਹਾ ਸੀ। ਪਿਛਲੇ ਪਾਸਿਉਂ ਕਿਸੇ ਨੇ ਸ਼ਿਵ ਦੇ ਗਲਮੇ ਨੂੰ ਕਾਲਰ ਤੋਂ ਫੜ ਲਿਆ ਤੇ ਮੰਦਾ ਚੰਗਾ ਬੋਲ ਕੇ ਪੈਸੇ ਵਾਪਸ ਮੰਗਣ ਲੱਗਾ। ਸਾਨੂੰ ਬਹੁਤ ਬੁਰਾ ਲੱਗਾ ਕਿ ਸਾਡੇ ਮਿੱਤਰ ਦੇ ਗਲ਼ ਕਿਉਂ ਪਿਆ ਇਹ ਬੰਦਾ। ਗੁਰਚਰਨ ਨੇ ਗੁੱਸੇ ਚ ਆ ਕੇ ਅਜੇ ਹੂਰਾ ਵੱਟਿਆ ਹੀ ਸੀ ਕਿ ਸ਼ਿਵ ਵਿਚਕਾਰ ਆ ਖਲੋਤਾ।

ਅਖੇ! ਭਾ ਜੀ ਨਾ ਮਾਰਿਉ। ਇਹ ਮੇਰਾ ਯਾਰ ਫੁੰਗਾ ਹੈ। ਵੇਲੇ ਕੁਵੇਲੇ ਦਾ ਬੈਂਕ। ਹੂਰੇ ਮਾਰ ਕੇ ਮੇਰਾ ਬੈਂਕ ਨਾ ਫੇਲ੍ਹ ਕਰ ਦਿਉ। ਹਾਸਾ ਪੈ ਗਿਆ। ਪਤਾ ਲੱਗਾ ਕਿ ਰੌਲ਼ਾ ਸੱਤਾਂ ਰੁਪਈਆਂ ਦਾ ਸੀ। ਰਾਜਿੰਦਰ ਨੇ ਸੱਤ ਰੁਪਈਏ ਫੁੰਗੇ ਨੂੰ ਫੜਾ ਕੇ ਕਿਹਾ ਕਿ ਅੱਗੇ ਤੋਂ ਕਦੇ ਸਾਡੇ ਯਾਰ ਦੇ ਗਲ਼ ਨਾ ਪਵੀਂ। ਪੈਸੇ ਸਾਥੋਂ ਫੜ ਲਿਆ ਕਰ।

ਜਦੋਂ ਸ਼ਿਵ ਕੁਮਾਰ ਨੂੰ ਉਸ ਦੇ ਬਾਪ ਨੇ ਆਪਣੇ ਮਹਿਕਮੇ ਵਿੱਚ ਕਹਿ ਕਹਾ ਕੇ ਪਟਵਾਰੀ ਲੁਆ ਲਿਆ ਤਾਂ ਉਸ ਨੂੰ ਕੰਮ ਸਿਖਾਉਣ ਦੀ ਜ਼ਿੰਮੇਵਾਰੀ ਰਾਏਚੱਕ(ਗੁਰਦਾਸਪੁਰ) ਵਾਲੇ ਕਾਨੂੰ ਗੋ ਗੁਰਬਚਨ ਸਿੰਘ ਰਮਜ਼ੀ ਨੂੰ ਸੌਂਪਿਆ। ਅੱਗੋਂ ਯੱਭ ਇਹ ਕਿ ਰਮਜ਼ੀ ਵੀ ਸ਼ਾਇਰ ਸੀ। ਨਿਯੁਕਤੀ ਵੀ ਕਲਾਨੌਰ ਨੇੜਲੇ ਪਿੰਡ ਅਰਲੀਭੰਨ ਵਿੱਚ ਹੋ ਗਈ ਸੀ। ਸ਼ਿਵ ਕੁਮਾਰ ਕਦੇ ਕਦਾਈਂ ਆਪਣੇ ਪਟਵਾਰ ਹਲਕੇ ਵਿੱਚ ਜਾਂਦਾ। ਸਿਰਫ਼ ਮਾਮਲਾ ਉਗਰਾਹੁਣ ਹੀ ਜਾਣਦਾ ਸੀ। ਜਿੰਨੇ ਪੈਸੇ ਇਕੱਠੇ ਹੁੰਦੇ ਨਾਲੋ ਨਾਲ “ਮਿੱਤਰਾਂ ਦੀ ਸ਼ਾਮ “ਦਾ ਖ਼ਰਚਾ ਬਣਦੇ ਰਹੇ। ਸਿਆਪਾ ਉਦੋਂ ਪਿਆ ਜਦੋਂ ਤਹਿਸੀਲਦਾਰ ਹੰਸ ਰਾਜ ਨੇ ਮਾਮਲਾ ਤਹਿਸੀਲੇ ਨਾ ਜਮ੍ਹਾਂ ਕਰਵਾਉਣ ਕਾਰਨ ਸ਼ਿਵ ਦੇ ਵਾਰੰਟ ਕੱਢ ਦਿੱਤੇ।

ਸ਼ਿਵ ਕੁਮਾਰ ਕਹਿਣ ਲੱਗਾ, ਚੰਗਾ ਹੋਇਆ, ਹੁਣ ਮੇਰੀ ਨੌਕਰੀ ਟੁੱਟ ਜੂ, ਪੰਗਾ ਮੁੱਕੂ। ਅਰਲੀਭੰਨ ਜਾਣਾ ਪੈਂਦਾ ਸੀ। ਪਰ ਖਹਿੜਾ ਤਾਂ ਪੈਸੇ ਜਮ੍ਹਾਂ ਕਰਵਾ ਕੇ ਹੀ ਛੁੱਟਣਾ ਸੀ। ਗੁਰਚਰਨ ਬੋਪਾਰਾਏ ਨੂੰ ਨਵੀਂ ਨਵੀਂ ਤਨਖਾਹ ਮਿਲੀ ਸੀ। 350 ਰੁਪਏ ਉਸ ਪਾਏ। ਡੇਢ ਸੌ ਰੁਪਈਏ ਗੁਰਦਾਸਪੁਰੀ ਨੇ ਪਾਏ। ਪਰ ਜਮ੍ਹਾਂ ਤਾਂ 750/- ਰੁਪਏ ਕਰਵਾਉਣੇ ਪੈਣੇ ਸਨ। ਦੋਸਤਾਂ ਫ਼ੈਸਲਾ ਕੀਤਾ ਕਿ ਬਾਕੀ ਥੁੜਦੇ ਪੈਸੇ 250/- ਰੁਪਏ ਸ਼ਿਵ ਦੇ ਕਦਰਦਾਨ ਡੇਰਾ ਬਾਬਾ ਨਾਨਕ ਵਾਲੇ ਬਟਾਲੇ ਰਹਿੰਦੇ ਸ. ਕੁਲਵੰਤ ਸਿੰਘ ਬੇਦੀ ਵਕੀਲ ਕੋਲੋਂ ਫੜ ਲਏ ਜਾਣ। ਸਭ ਦੋਸਤ ਬਾਬਾ ਬੇਦੀ ਕੇਲ ਕਚਹਿਰੀ ਜਾ ਵੜੇ। ਬਾਬਾ ਜੀ ਕਹਿਣ ਲੱਗੇ ਕਿ ਮੇਰੇ ਕੋਲ ਤਾਂ ਏਨੇ ਪੈਸੇ ਨਹੀਂ ਹਨ, ਆਪਣੀ ਭਾਬੀ ਤੋਂ ਘਰੋਂ ਜਾ ਕੇ ਫੜ ਲਉ। ਗੁਰਦਾਸਪੁਰੀ ਨੇ ਦੱਸਿਆ ਕਿ 250/- ਰੁਪਏ ਬਾਬੇ ਬੇਦੀ ਦੀ ਸਿੰਘਣੀ ਡਾ. ਬਲਵੰਤ ਕੌਰ ਕੋਲੋਂ ਜਾ ਮੰਗੇ। ਉਸ ਨੇ ਹੱਸ ਕੇ ਦੇ ਦਿੱਤੇ ਕਿਉਂਕਿ ਉਹ ਸ਼ਿਵ ਦਾ ਉੱਤਰਿਆ ਚਿਹਰਾ ਨਹੀਂ ਸੀ ਵੇਖ ਸਕਦੀ। ਬੇਹੱਦ ਸਤਿਕਾਰ ਸੀ ਸ਼ਿਵ ਦਾ ਸਾਡੇ ਸਭ ਦੇ ਪਰਿਵਾਰਾਂ ਵਿੱਚ। ਧੀਦੋ ਰਾਝੇ ਵਾਂਗ ਸਭ ਭਾਬੀਆਂ ਦਾ ਲਾਡਲਾ।

ਖ਼ੈਰ ਮਾਮਲਾ ਜਮ੍ਹਾਂ ਕਰਵਾਉਣ ਗਏ ਤਾਂ ਹੰਸ ਰਾਜ ਨੇ ਕਹਿ ਦਿੱਤਾ ਕਿ ਮਾਲ ਮਹਿਕਮੇ ਦੀ ਨੌਕਰੀ ਤੇਰੇ ਵੱਸ ਦਾ ਰੋਗ ਨਹੀਂ। ਨੌਕਰੀ ਛੱਡ ਜਾ। ਸ਼ਿਵ ਕੁਮਾਰ ਨੌਕਰੀ ਦੀ ਪੰਜਾਲੀ ਚੋਂ ਅਰਲੀ ਤੁੜਾ ਗਿਆ। ਅਰਲੀਭੰਨ ਦੇ ਅਰਥ ਸਾਰਥਕ ਕਰਕੇ।

ਸ਼ਿਵ ਕੁਮਾਰ ਪੁਰਾਤਨ ਪੰਥੀ ਪੰਡਤਾਂ ਦਾ ਮੁੰਡਾ ਜ਼ਰੂਰ ਸੀ ਪਰ ਉਹ ਭਲਿਆਂ ਵੇਲਿਆਂ ਵਿੱਚ ਵੀ ਜ਼ਾਤ ਪਾਤ ਦੇ ਕੋਹੜ ਤੋਂ ਮੁਕਤ ਸੀ। ਉਦੋਂ ਅਜੇ ਓਦਾਂ ਵੀ ਬੰਦੇ ਨੂੰ ਏਨੇ ਤੁਅਸਬ ਦੇ ਜ਼ਹਿਰੀ ਟੀਕੇ ਨਹੀਂ ਸਨ ਲੱਗੇ। ਬੇੜਾ ਤਾਂ ਹੁਣ ਹੀ ਬੈਠਾ ਹੈ ਬਹੁਤਾ। ਉਦੋਂ ਤਾ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ “ਰਾਮ ਲੀਲ੍ਹਾ” ਵੀ ਪੰਜਾਬੀ ਵਿੱਚ ਹੁੰਦੀ ਸੀ। ਬਚਪਨ ਵੇਲੇ ਧਿਆਨਪੁਰ(ਗੁਰਦਾਸਪੁਰ) ਵਿੱਚ ਹੁੰਦੀ “ਰਾਮ ਲੀਲ੍ਹਾ” ਦੇ ਇਹ ਬੋਲ ਪਿਛਲੇ 60 ਸਾਲ ਤੋਂ ਮੇਰੇ ਨਾਲ ਨਾਲ ਤੁਰੇ ਹਨ। ਭਗਵਾਨ ਰਾਮ ਨਿੱਕੇ ਵੀਰ ਲਛਮਣ ਨੂੰ ਸਮਝਾਉਂਦੇ ਹਨ ਕਿ ਯੁੱਧ ਨਹੀਂ ਕਰਨਾ। ਉਸ ਗੀਤ ਦੇ ਬੋਲ ਸਨ।

ਯੁੱਧ ਕਰਨ ਨਾ ਜਾਈਂ ਲਛਮਣਾ,
ਮੰਨ ਲੈ ਮੇਰਾ ਕਹਿਣਾ।
ਤੂੰ ਵਾਰ ਬਰਛੀ ਦਾ ਨਹੀਂ ਸਹਿਣਾ।

ਬਟਾਲਾ ਸ਼ਹਿਰ ਦੀ ਰਾਮ ਲੀਲ੍ਹਾ ਵਿੱਚ ਸ਼ਿਵ ਕੁਮਾਰ ਵੀ ਚੜ੍ਹਦੀ ਉਮਰੇ ਕਈ ਕਿਰਦਾਰ ਨਿਭਾਉਂਦਾ ਸੀ। ਗਾਉਂਦਾ ਵੀ ਸੀ ਬਹੁਤ ਸੁਰ ਵਿੱਚ। ਇਥੋਂ ਹੀ ਉਸਤਾਦ ਕਵੀ ਜਨਾਬ ਬਰਕਤ ਰਾਮ ਯੁਮਨ ਜੀ ਨੇ ਉਸ ਨੂੰ ਲਿਖਣ ਪੜ੍ਹਨ ਦੇ ਰਾਹ ਤੋਰਿਆ। ਸ਼ਿਵ ਹਮੇਸ਼ਾਂ ਯੁਮਨ ਜੀ ਨੂੰ ਉਸਤਾਦ ਵਜੋਂ ਹੀ ਬੁਲਾਉਂਦਾ ਸੀ।

ਸ਼ਿਵ ਕੁਮਾਰ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ “ਪੀੜਾਂ ਦਾ ਪਰਾਗਾ” ਗੁਰਚਰਨ ਸਿੰਘ ਬੋਪਾਰਾਏ ਦੀ ਪ੍ਰੇਰਨਾ ਨਾਲ ਛਪਿਆ। ਇਸ ਕਿਤਾਬ ਦਾ ਨਾਂ ਵੀ ਉਸੇ ਨੇ ਰੱਖਿਆ ਸੀ। ਗੁਰਚਰਨ ਸਿੰਘ ਬੋਪਾਰਾਏ ਵੀ ਬਹੁਤ ਮਿੱਠਾ ਗੀਤਕਾਰ ਸੀ। ਜਗਮੋਹਨ ਕੌਰ ਤੇ ਹੋਰ ਕਈ ਗਾਇਕ ਗਾਇਕਾਵਾਂ ਨੇ ਉਸ ਦੇ ਕਈ ਗੀਤ ਗਾਏ ਹਨ। ਕੁਝ ਗੀਤ ਇਹ ਹਨ।


ਮੈਨੂੰ ਦੌਣੀ ਨੀ ਘੜਾ ਕੇ ਦਿੱਤੀ ਸਹੁਰਿਆਂ, 
ਨੀ ਸੂਰਜੇ ਦਾ ਨਗ ਜੜਿਆ। 

ਜੀਹਨੂੰ ਵੇਖ ਕੇ ਸੰਧੂਰੀ ਹੌਈਆਂ ਅੰਬੀਆਂ, 
ਕੌਣ ਲੰਘੀ ਮੇਰੇ ਬਾਗ ਚੋਂ। 

ਵੇ ਜਾਹ ਪਹਿਲਾਂ ਜੰਗ ਜਿੱਤ ਆ, 
ਫੇਰ ਆਣ ਕੇ ਲਵਾਂਗੇ ਲਾਵਾਂ। 

ਖ਼ੈਰ ਗੱਲ ਤਾ ਸ਼ਿਵ ਕੁਮਾਰ ਦੀ ਹੋ ਰਹੀ ਸੀ।

ਸ਼ਿਵ ਕੁਮਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਵਿਗਿਆਨ ਦਾ ਵਿਦਿਆਰਥੀ ਸੀ। ਸਿੱਖ ਨੈਸ਼ਨਲ ਕਾਲਿਜ ਕਾਦੀਆਂ ਵਿੱਚ ਉਹ ਐੱਫ ਐੱਸ ਸੀ ਦੀ ਪੜ੍ਹਾਈ ਲਈ ਦਾਖ਼ਲ ਹੋਇਆ ਸੀ ਪਰ ਪੜ੍ਹਾਈ ਵਿੱਚ ਲੋੜੀਂਦੀ ਮਿਹਨਤ ਨਾ ਕਰ ਸਕਣ ਕਾਰਨ ਉਸ ਨੂੰ ਇਹ ਪੜ੍ਹਾਈ ਵਿੱਚੇ ਹੀ ਛੱਡਣੀ ਪਈ। ਉਸ ਦਾ ਸਾਰਾ ਧਿਆਨ ਸਾਹਿੱਤ ਸਿਰਜਣ ਵਾਲੇ ਪਾਸੇ ਲੱਗ ਚੁਕਾ ਸੀ। ਪੜ੍ਹਾਈ ਵਿੱਚੇ ਛੱਡ ਕੇ ਉਹ ਪਬਲਿਕ ਹਾਈ ਸਕੂਲ ਪਾਖਰਪੁਰਾ(ਨੇੜੇ ਜੈਂਤੀਪੁਰ) ਵਿੱਚ ਪੜ੍ਹਾਉਣ ਲੱਗ ਪਿਆ। ਦਸਵੀਂ ਜਮਾਤ ਨੂੰ ਉਹ ਹਿਸਾਬ ਪੜ੍ਹਾਉਂਦਾ ਤੇ ਹੇਠਲੀਆਂ ਜਮਾਤਾਂ ਨੂੰ ਵਿਗਿਆਨ। ਪਹਿਲਾਂ ਪਹਿਲ ਉਹ ਰੇਲ ਗੱਡੀ ਤੇ ਬਟਾਲਿਉਂ ਆਉਂਦਾ ਪਰ ਮਗਰੋਂ ਪਾਖਰਪੁਰੇ ਹੀ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ। ਸਕੂਲ ਦੇ ਬੈਂਡ ਦਾ ਵੀ ਉਹ ਇੰਚਾਰਜ ਸੀ। ਜਦ ਕਦੇ ਪਿੰਡਾਂ ਵਿੱਚ ਸਕੂਲ ਲਈ ਉਗਰਾਹੀ ਕਰਨ ਜਾਂਦੇ ਤਾਂ ਸ਼ਿਵ ਕੁਮਾਰ ਦੀ ਬੈਂਡ ਟੀਮ ਵੀ ਸੰਗ ਸਾਥ ਹੁੰਦੀ। ਡੇਢ ਦੋ ਸਾਲ ਸ਼ਿਵ ਕੁਮਾਰ ਨੇ ਪਾਖਰਪੁਰੇ ਅਨ ਟਰੇਂਡ ਅਧਿਆਪਕ ਵਜੋਂ ਪੜ੍ਹਾਇਆ।

ਸ਼ਿਵ ਕੁਮਾਰ ਸ਼ਾਗਿਰਦ ਭਾਵੇਂ ਉਸਤਾਦ ਬਰਕਤ ਰਾਮ ਯੁਮਨ ਜੀ ਦਾ ਸੀ ਪਰ ਉਸ ਨੂੰ ਉੱਘੇ ਕਵੀ ਜਸਵੰਤ ਸਿੰਘ ਰਾਹੀ ਡੇਰਾ ਬਾਬਾ ਨਾਨਕ ਵਾਲਿਆਂ ਨੇ ਪਛਾਣ ਦਿਵਾਈ। ਕੰਪਨੀ ਬਾਗ ਅੰਮ੍ਰਿਤਸਰ ਦੇ ਸਾਵਣ ਕਵੀ ਦਰਬਾਰ ਵਿੱਚ ਸ਼ਿਵ ਨੂੰ ਪਹਿਲੀ ਵਾਰ ਜਸਵੰਤ ਸਿੰਘ ਰਾਹੀ ਤੇ ਉਨ੍ਹਾਂ ਦੇ ਸ਼ਾਗਿਰਦ ਜੈਪਾਲ ਦਰਸ਼ਨ ਨੇ ਸਮਾਂ ਦਿਵਾਇਆ। ਇਸ ਕਵੀ ਦਰਬਾਰ ਦੇ ਮੁੱਖ ਪ੍ਰਬੰਧਕ ਅੰਮ੍ਰਿਤਸਰ ਵਾਸੀ ਸ. ਨੌ ਰਤਨ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਸਟੇਜੀ ਕਵੀ ਤੇ ਗੀਤਕਾਰ ਚਮਨ ਲਾਲ ਸ਼ੁਗਲ ਹੁੰਦੇ ਸਨ। ਸ਼ਿਵ ਕੁਮਾਰ ਨੇ ਇਸ ਕਵੀ ਦਰਬਾਰ ਵਿੱਚ ਦੋ ਗੀਤ ਸੁਣਾ ਕੇ ਕਾਇਨਾਤ ਝੂਮਣ ਲਾ ਦਿੱਤੀ। “ਪੀੜਾਂ ਦਾ ਪਰਾਗਾ”ਤੇ “ਗ਼ਮਾਂ ਦੀ ਰਾਤ” ਗੀਤਾ ਨੇ ਸ਼ਿਵ ਦੀ ਬਾਤ ਘਰ ਘਰ ਪੁਆਈ। ਕੁਝ ਸਮਾਂ ਬਾਦ ਹੀ ਉਸ ਦਾ ਪਹਿਲਾ ਕਾਵਿ ਸੰਗ੍ਰਹਿ “ਪੀੜਾਂ ਦਾ ਪਰਾਗਾ” ਪ੍ਰਕਾਸ਼ਿਤ ਹੋ ਗਿਆ।

ਜਸਵੰਤ ਸਿੰਘ ਰਾਹੀ ਇਪਟਾ ਲਹਿਰ ਦੇ ਬੁਲੰਦ ਸ਼ਾਇਰ ਤੇ ਨਾਟਕ ਪੇਸ਼ਕਾਰ ਸਨ। ਕਮਿਉਨਿਸਟ ਪਾਰਟੀ ਵੱਲੋਂ ਉਨ੍ਹਾਂ ਫ਼ਤਹਿਗੜ੍ਹ ਚੂੜੀਆਂ ਹਲਕੇ ਤੋਂ ਅਸੈਂਬਲੀ ਚੋਣ ਵੀ ਲੜੀ ਸੀ। ਕਮਿਉਨਿਸਟ ਕਾਰਕੁਨ ਹੋਣ ਕਾਰਨ ਉਹ ਅਕਸਬ ਬਟਾਲੇ ਕਮਿਉਨਿਸਟ ਪਾਰਟੀ ਦੇ ਸਿੰਬਲ ਮੁਹੱਲੇ ਵਿੱਚ ਬਣੇ ਪਾਰਟੀ ਦਫ਼ਤਰ ਚ ਆਉਂਦੇ। ਸ਼ਿਵ ਕੁਮਾਰ ਇਥੇ ਬਹੁਤ ਵਾਰ ਜਸਵੰਤ ਸਿੰਘ ਰਾਹੀ ਤੇ ਅਮਰਜੀਤ ਗੁਰਦਾਸਪੁਰੀ ਨੂੰ ਮਿਲਣ ਆਉਂਦਾ। ਉਸ ਦੀ ਕਵਿਤਾ ਵਿੱਚ ਕਈ ਥਾਈੰ ਅਗਾਂਹਵਧੂ ਦ੍ਰਿਸ਼ਟੀਕੋਨ ਵੀ ਉਸੇ ਸੰਗਤ ਦਾ ਪ੍ਰਤਾਪ ਕਿਹਾ ਜਾ ਸਕਦੈ।

ਸ਼ਿਵ ਕੁਮਾਰ ਬਟਾਲਵੀ ਰਿਸ਼ਤੇ ਪਾਉਣੇ ਤੇ ਨਿਭਾਉਣੇ ਜਾਣਦਾ ਸੀ। ਅਮਰਜੀਤ ਗੁਰਦਾਸਪੁਰੀ ਦੀ ਜੀਵਨ ਸਾਥਣ ਦੇ ਨਿੱਕੇ ਵੀਰ ਡਾ. ਉਪਕਾਰ ਸਿੰਘ ਕਾਹਲੋਂ ਦੀ ਬਾਰਾਤ ਵੀ ਸ਼ਿਵ ਕੁਮਾਰ ਦੇ ਚੰਡੀਗੜ੍ਹ ਵਾਲੇ ਘਰੋਂ ਚੜ੍ਹੀ ਸੀ। ਸ਼ਿਵ ਕੁਮਾਰ ਨੇ ਹੀ ਉਸ ਦਾ ਸਿਹਰਾ ਗਾਇਆ। ਸਾਡੇ ਸਿਰਮੌਰ ਲੇਖਕ ਸ. ਗੁਲਜ਼ਾਰ ਸਿੰਘ ਸੰਧੂ ਦਾ ਸਿਹਰਾ ਵੀ ਨੌਸ਼ਹਿਰਾ ਪੰਨੂਆਂ ਵਿੱਚ ਸ਼ਿਵ ਕੁਮਾਰ ਨੇ ਹੀ ਗਾਇਆ ਸੀ। ਆਵਾਜ਼ ਵਿੱਚ ਦਰਦ ਏਨਾ ਕਿ ਮੁੰਡਾ ਕੁੜੀ ਵਾਲੇ ਦੋਵੇਂ ਅੱਖਾਂ ਪੂੰਝ ਪੂੰਝ ਕੇ ਸੁਣ ਰਹੇ ਸਨ।ਇਹ ਗੱਲ ਕਿਸੇ ਹੋਰ ਨੇ ਨਹੀ ਦੱਸੀ ਸਗੋਂ ਗੁਲਜ਼ਾਰ ਸਿੰਘ ਸੰਧੂ ਨੇ ਲਿਖੀ ਹੈ। ਬਾਰਾਤੀਆਂ ਵਿੱਚ ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਡਾ. ਸਾਧੂ ਸਿੰਘ ਹਮਦਰਦ, ਮੋਹਨ ਕਾਹਲੋਂ ਤੇ ਕਿੰਨੇ ਸਾਰੇ ਅਦਬੀ ਸਿਤਾਰੇ ਹੋਰ ਵੀ ਸ਼ਾਮਲ ਸਨ।

ਸ਼ਿਵ ਕੁਮਾਰ ਬਟਾਲਵੀ ਚਮਤਕਾਰੀ ਸਿਰਜਣਾਤਮਕ ਪ੍ਰਤਿਭਾ ਦਾ ਸੁਆਮੀ ਸ਼ਾਇਰ ਸੀ। ਇਸ ਗੱਲ ਨੂੰ ਸੰਤ ਸਿੰਘ ਸੇਖੋਂ ਨੇ ਵੀ ਮੰਨਿਆ, ਮੋਹਨ ਸਿੰਘ ਨੇ ਅਤੇ ਅੰਮ੍ਰਿਤਾ ਪ੍ਰੀਤਮ ਨੇ ਵੀ ਅਤੇ ਉਸ ਤੋਂ ਮਗਰੋਂ ਸਮੁੱਚੇ ਪੰਜਾਬੀ ਜਗਤ ਨੇ ਵੀ ਪ੍ਰਵਾਨਿਆ । ਉਸ ਨੂੰ ਆਪਣੀ ਪੀੜ ਲੋਕ ਪੀੜ ਬਣਾਉਣ ਦੀ ਜਾਚ ਨਹੀਂ ਸੀ ਆਉਂਦੀ ਪਰ ਲੋਕ ਪੀੜ ਨੂੰ ਆਪਣੀ ਪੀੜ ਵਾਂਗ ਪੇਸ਼ ਕਰਨ ਦਾ ਉਹ ਉਸਤਾਦ ਸੀ। ਉਸ ਨੇ ਇਸ ਕਲਾ ਨੂੰ ‘ਲੂਣਾ’ ਵਿਚ ਬੜੇ ਵਧੀਆ ਢੰਗ ਨਾਲ ਵਰਤਿਆ। ਚੜ੍ਹਦੀ ਜਵਾਨੀ ਵੇਲੇ ‘ਲੂਣਾ’ ਪੜ੍ਹਦਿਆਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਸੀ ਕਿ ਪੂਰਨ ਕੋਈ ਹੋਰ ਨਹੀਂ ਸ਼ਿਵ ਕੁਮਾਰ ਆਪ ਹੀ ਹੈ ਜਿਸ ਨੂੰ ਦੁਨੀਆਂ ਦੇ ਰਸ ਕਸ ਆਪਣੀ ਸੇਜ ਤੇ ਲਗਾਤਾਰ ਬੁਲਾਉਂਦੇ ਹਨ। ਸਲਵਾਨ ਹੋਰ ਕੋਈ ਨਹੀਂ ਸਮੇਂ ਦੀ ਮਰਿਆਦਾ ਹੈ ਜੋ ਉਸ ਤੇ ਕਰ ਪੈਰਾਂ ਨੂੰ ਕੱਟਦੀ ਹੈ। ਇਹ ਜੱਲਾਦੀ ਵਰਤਾਰਾ ਸ਼ਿਵ ਕੁਮਾਰ ਨਾਲ ਵਰਤਦਾ ਮੈਂ ਬਹੁਤ ਵਾਰ ਨਿਹਾਰਿਆ ਹੈ। ਕਾਦਰ ਯਾਰ ਦਾ ਪੂਰਨ ਸ਼ਿਵ ਦੀ ਲੂਣਾ ਵਾਲਾ ਪੂਰਨ ਨਹੀਂ ਨਾ ਹੀ ਕਾਦਰ ਯਾਰ ਵਾਲੀ ਲੂਣਾ ਸ਼ਿਵ ਦੀ ਲੂਣਾ ਹੈ। ਜ਼ਿੰਦਗੀ ਦੇ ਸਫਰ ਦੌਰਾਨ ਮੈਂ ਬਹੁਤ ਸਾਰੀਆਂ ਅਜਿਹੀਆਂ ਔਰਤਾਂ ਨੂੰ ਮਿਲਿਆ ਹਾਂ ਜਿੰਨ੍ਹਾ ਦੇ ਕਿੱਸੇ ਕਹਾਣੀਆਂ ਸ਼ਿਵ ਕੁਮਾਰ ਬਟਾਲਵੀ ਦੀ ਦੋਸਤੀ ਤੋਂ ਸ਼ੁਰੂ ਹੋ ਕੇ ਉਸ ਤੇ ਹੀ ਖਤਮ ਹੋ ਜਾਂਦੇ ਹਨ। ਸ਼ਿਵ ਕੁਮਾਰ ਦੀ ਮੌਤ ਤੋਂ ਤਿੰਨ ਦਹਾਕੇ ਬਾਅਦ ਵੀ ਅੱਜ ਉਹ ਸੁਲਗਦੀਆਂ ਔਰਤਾਂ ਉਸੇ ਅੰਦਾਜ਼ ਵਿਚ ਹੀ ਉਸ ਨੂੰ ਚੇਤੇ ਕਰਦਿਆਂ ਬੁੱਢੇ ਵਾਰੇ ਵੀ ਸੁਰਖ ਗੁਲਾਬੀ ਹੋ ਜਾਂਦੀਆਂ ਹਨ । ਇਹ ਸ਼ਿਵ ਦੀ ਮੁਹੱਬਤ ਨਹੀਂ ਉਸ ਦੇ ਸਾਥ ਦਾ ਸੇਕ ਹੀ ਉਨ੍ਹਾਂ ਨੂੰ ਅੱਜ ਵੀ ਭਖਾ ਦਿੰਦਾ ਹੈ। ਇਨ੍ਹਾਂ ਵਿਚੋਂ ਹੀ ਕਿਸੇ ਮੁਟਿਆਰ ਦੇ ਵੇਦਨਾ ਨੂੰ ਸ਼ਬਦ ਰੂਪ ਵਿਚ ਅੰਕਿਤ ਕਰਦਿਆਂ ਉਹ ਲਿਖਦਾ ਹੈ :

ਸਈਓ ਨੀ ਮੈਂ ਅੱਗ ਤੁਰੀ ਪ੍ਰਦੇਸ।
ਇਕ ਛਾਤੀ ਮੇਰੀ ਹਾੜ੍ਹ ਤਪੰਦਾ,
ਦੂਜੀ ਤਪਦਾ ਜੇਠ।
ਨੀ ਮੈਂ ਅੱਗ ਤੁਰੀ ਪ੍ਰਦੇਸ।

ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਨੂੰ ਲਿੱਸੇ ਕਮਜੋਰ ਘਰ ਦੀ ਧੀ ਪੇਸ਼ ਕਰਨ ਲੱਗਿਆਂ ਇਸ ਗੱਲ ਨੂੰ ਕਦੇ ਨਹੀਂ ਵਿਸਾਰਿਆ ਕਿ ਹੁਸਨ ਦੀ ਪੈਦਾਇਸ਼ ਸਿਰਫ ਮਹਿਲਾਂ ਵਿਚ ਹੀ ਨਹੀਂ ।

ਰਾਜੇ ਦੇ ਮੋਤੀਆਂ ਭਰੇ ਥਾਲ ਉਸ ਦੀ ਜੀਵਨ ਲੋਚਾ ਦੇ ਹਾਣੀ ਨਹੀਂ ਹੋ ਸਕਦੇ ਕਿਉਂਕਿ ਬਾਪ ਦੀ ਉਮਰ ਦੇ ਸਹੇੜ ਨੂੰ ਉਹ ਆਪਣਾ ਜੀਵਨ ਸਾਥੀ ਕਿਵੇਂ ਮੰਨੇ ? ਆਪਣੀ ਸ਼ਾਇਰੀ ਦੇ ਸਿਖਰ ਸਰੂਪ ਵਿਚ ਸ਼ਿਵ ਨੂੰ ਮਿਲੋ ਜਿਥੇ ਉਹ ਲੂਣਾ ਦੀ ਵੇਦਨਾ ਇਨ੍ਹਾਂ ਸ਼ਬਦਾਂ ਰਾਹੀਂ ਬਿਆਨਦਾ ਹੈ:


ਪਿਤਾ ਜੇ ਧੀ ਦਾ ਰੂਪ ਹੰਢਾਵੇ,
ਲੋਕਾ ਵੇ ਤੈਨੂੰ ਲਾਜ ਨਾ ਆਵੇ।
ਜੇ ਲੂਣਾ ਪੂਰਨ ਨੂੰ ਚਾਹਵੇ,
ਚਰਿੱਤਰਹੀਣ ਕਵ੍ਹੇ ਕਿਉਂ 
ਜੀਭ ਜਹਾਨ ਦੀ।

ਲੂਣਾ ਹੋਵੇ ਤਾਂ ਅਪਰਾਧਣ,
ਜੇਕਰ ਅੰਦਰੋਂ ਹੋਵੇ ਸੁਹਾਗਣ।
ਮਹਿਕ ਓਹਦੀ ਜੇ ਹੋਵੇ ਦਾਗਣ
ਮਹਿਕ ਮੇਰੀ ਤਾਂ ਕੰਜਕ
ਮੈਂ ਹੀ ਜਾਣਦੀ।

ਮੈਂ ਉਸ ਤੋਂ ਇਕ ਚੁੰਮਣ ਵੱਡੀ।
ਕੀਂਕਣ ਓਹਦੀ ਮਾਂ ਮੈਂ ਲੱਗੀ।
ਓਹ ਮੇਰੀ ਗਰਭ ਜੂਨ ਨਾ ਆਇਆ,
ਸਈਏ ਨੀ ਮੈਂ ਧੀ ਵਰਗੀ ਸਲਵਾਨ ਦੀ।

ਸ਼ਿਵ ਕੁਮਾਰ ਬਟਾਲਵੀ ਆਪਣੇ ਬਾਪ ਦੀ ਉਮਰ ਦੇ ਵਰ ਸਲਵਾਨ ਨੂੰ ਸਰਬ ਸਮਿਆਂ ਦੀ ਮਰਦ ਸਰਦਾਰੀ ਦੇ ਰੂਪ ਵਿਚ ਵੇਖਦਾ ਹੈ । ਸਦੀਆਂ ਦੀ ਦੱਬੀ ਔਰਤ ਵਾਂਗ ਨਹੀਂ। ਉਹ ਭਾਰ ਹੇਠੋਂ ਨਹੀਂ ਬੋਲ ਰਹੀ ਸਗੋਂ ਨਿਰਛਲ, ਨਿਰਕਪਟ, ਨਿਰਵਿਕਾਰ, ਪਾਰਦਰਸ਼ੀ, ਮਨ ਦੇ ਰੂਬਰੂ ਨਿਰਵਸਤਰ ਖੜ੍ਹੀ ਹੈ। ਇੰਨੀ ਜ਼ੁਅਰਤਮੰਦੀ ਪੰਜਾਬੀ ਕਵਿਤਾ ਦੇ ਇਤਿਹਾਸ ਵਿਚ ਕਿਸੇ ਵੀ ਸ਼ਾਇਰ ਨੇ ਸ਼ਿਵ ਕੁਮਾਰ ਤੋਂ ਪਹਿਲਾਂ ਕਿਸੇ ਵੀ ਔਰਤ ਨਾਇਕਾ ਨੂੰ ਨਹੀਂ ਦਿੱਤੀ।

ਸ਼ਿਵ ਕੁਮਾਰ ਦੀ ਇੱਛਰਾਂ ਵੀ ਸਿਰਫ ਰੋਣ ਧੋਣ ਵਾਲੀ ਬੇਵੱਸ ਮਾਂ ਨਹੀਂ, ਉਹ ਆਪਣੇ ਰੁਦਨ ਵਿਚੋਂ ਵੀ ਸਮਾਜਿਕ ਟਿੱਪਣੀਆਂ ਕਰਦੀ ਹੈ। ਉਹ ਸਲਵਾਨ ਨੂੰ ਪਤੀ ਪ੍ਰਮੇਸ਼ਵਰ ਦੇ ਰੂਪ ਵਿਚ ਪ੍ਰਵਾਨ ਕਰਦੀਕਰਦੀ ਜਦ ਉਸ ਦੀਆਂ ਕਰਤੂਤਾਂ ਤੋਂ ਵਾਕਿਫ ਹੁੰਦੀ ਹੈ ਤਾਂ ਉਹ ਵੀ ਆਪਣੀ ਜੀਭ ਨੂੰ ਬੋਲਣ ਦੀ ਸ਼ਕਤੀ ਦੇ ਕੇ ਸਮਾਜਿਕ ਨਿਯਮਾਂ ਦੇ ਬੇਰਹਿਮ ਪਰਦੇ ਤਾਰੋਤਾਰ ਕਰ ਦਿੰਦੀ ਹੈ। ਉਸ ਦੇ ਬੋਲ ਤੁਹਾਨੂੰ ਇਸ ਹਕੀਕਤ ਤੋਂ ਵਾਕਿਫ ਕਰਵਾਉਣਗੇ :


ਕਿਹੜੇ ਦੇਸ਼ ਦਿੱਤੀ ਧੀ ਬਾਬਲਾ ਵੇ,
ਜਿਥੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ।
ਜਿਹੜੇ ਦੇਸ਼ ’ਚ ਚੰਦਰੇ ਸੂਰਜਾਂ ਦਾ,
ਧੁੱਪ ਆਪਣੀ ਨਾਲ ਪਿਆਰ ਕੋਈ ਨਾ।
ਆਦਮਖੋਰ ਜੰਗਲ ਗੋਰੇ ਪਿੰਡਿਆਂ ਦੇ,
ਡਾਲੀ ਪੱਤ ਨਾ ਫੁੱਲ ਫਲਹਾਰ ਕੋਈ ਨਾ।
ਪਿੰਡੇ ਵੇਚਣੇ ਤੇ ਪਿੰਡੇ ਮੁੱਲ ਲੈਣੇ ,
ਹੱਡ ਮਾਸ ਤੋਂ ਬਿਨਾ ਵਪਾਰ ਕੋਈ ਨਾ।

ਉਹ ਇਥੇ ਹੀ ਬੱਸ ਨਹੀਂ ਕਰਦੀ ਸਗੋਂ ਇਤਿਹਾਸ ਤੋਂ ਅੱਗੇ ਜਾ ਕੇ ਮਿਥਿਹਾਸ ਦੇ ਕਿਰਦਾਰਾਂ ਨੂੰ ਵਰਤ ਕੇ ਵੀ ਸਾਨੂੰ ਸਮਕਾਲ ਦੀਆਂ ਹਕੀਕਤਾਂ ਦੇ ਰੂਬਰੂ ਖੜ੍ਹਾ ਕਰ ਦਿੰਦੀ ਹੈ:


ਸਰਮਾ ਪਰੀ ਸੀ ਇੰਦਰ ਦੇ ਦਰਾਂ ਉੱਤੇ,
ਅਸੀਂ ਮਰਦਾਂ ਦੇ ਦਰਾਂ ਤੇ ਕੁੱਤੀਆਂ ਹਾਂ।
ਟੁੱਕਰ ਡੰਗ ਦਾ ਖਾਹ ਅਸੀਸ ਦੇਈਏ,
ਛਾਵੇਂ ਕੰਧਾਂ ਦੀ ਧੁਰਾਂ ਤੋਂ ਸੁੱਤੀਆਂ ਹਾਂ।
ਕੁਝ ਮੇਚ ਤੇ ਨਾ ਕੁਝ ਮੇਚ ਆਈਆਂ,
ਅਸੀਂ ਮਰਦਾਂ ਦੇ ਪੈਰਾਂ ’ਚ ਜੁੱਤੀਆਂ ਹਾਂ।

ਸ਼ਿਵ ਕੁਮਾਰ ਬਟਾਲਵੀ ਇੰਦਰ ਦੇਵਤੇ ਦੀ ਹਕੀਕਤ ਨੂੰ ਵੀ ਨੰਗਾ ਕਰਦਾ ਹੈ ਅਤੇ ਅੱਜ ਦੇ ਮਰਦ ਪ੍ਰਧਾਨ ਸਮਾਜ ਦੀ ਵੀ ਖੁੰਭ ਠੱਪਦਾ ਹੈ। ਆਪਣੀ ਸ਼ਾਇਰੀ ਵਿਚ ਉਹ ਇੱਛਰਾਂ ਦੀ ਮਨੋਵੇਦਨਾ ਦੱਸਦਿਆਂ ਭਾਵੇਂ ਔਰਤ ਨੂੰ ਮਰਦ ਦੇ ਪੈਰਾਂ ਦੀ ਜੁੱਤੀ ਕਹਿ ਰਿਹਾ ਹੈ ਪਰ ਹਕੀਕਤ ਵਿਚ ਇਹ ਉਹ ਜੁੱਤੀ ਹੈ ਜੋ ਸਮੁੱਚੇ ਮਰਦ ਪ੍ਰਧਾਨ ਸਮਾਜ ਦੇ ਸਿਰ ਵਿਚ ਵੱਜ ਰਹੀ ਹੈ ਜਿਸ ਨੂੰ ਮਰਿਆਦਾ, ਰਿਸ਼ਤਿਆਂ ਦੀ ਪਾਕੀਜ਼ਗੀ, ਨੇਮ ਅਤੇ ਸਮਾਜਿਕ ਵਿਧਾਨ ਨੂੰ ਨਿਭਾਉਣ ਦੀ ਜਾਚ ਭੁੱਲ ਗਈ ਹੈ ਅਤੇ ਜਿਸ ਵਾਸਤੇ ਜਿਸਮ ਕੇਵਲ ਮਾਨਣ ਦੀ ਵਸਤੂ ਹੈ ਪਰ ਮਨ ਤੀਕ ਪਹੁੰਚਣ ਦਾ ਸਫਰ ਉਸ ਨੂੰ ਚੇਤੇ ਹੀ ਨਹੀਂ।

ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰ ਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ। ਉਸ ਨੂੰ ਵਸਲ ਦੀਆਂ ਘੜੀਆਂ ਤੋਂ ਸਕੂਨ ਨਹੀਂ ਮਿਲਦਾ ਸਗੋਂ ਹਿਜ਼ਰ ਹੀ ਉਸ ਦੇ ਸਿਰਜਣਾਤਮਕ ਆਪੇ ਨੂੰ ਕਰਮਸ਼ੀਲ ਕਰਦਾ ਹੈ:

ਲੋਕੀ ਪੂਜਣ ਰੱਬ,
ਮੈਂ ਤੇਰਾ ਬਿਰਹੜਾ।
ਸਾਨੂੰ ਸੌ ਮੱਕਿਆ ਦਾ ਹੱਜ
ਵੇ ਤੇਰਾ ਬਿਰਹੜਾ।

ਸ਼ਿਵ ਕੁਮਾਰ ਬਟਾਲਵੀ ਦੇ ਕਦਰਦਾਨਾਂ ਵਿਚੋਂ ਪ੍ਰਮੁੱਖ ਅਮਰੀਕਾ ਦੇ ਸ਼ਹਿਰ ਸਟਾਕਟਨ ਵੱਸਦੇ ਸਵਰਗੀ ਕੁਲਦੀਪ ਤੱਖਰ ਨੇ ਮੈਨੂੰ 2012 ਵਿੱਚ ਆਪ ਦੱਸਿਆ ਕਿ ਮੈਂ ਸ਼ਿਵ ਕੁਮਾਰ ਜਿੰਨਾ ਮੁਹੱਬਤੀ ਬੰਦਾ ਆਪਣੀ ਜ਼ਿੰਦਗੀ ਵਿਚ ਨਹੀਂ ਵੇਖਿਆ। ਉਸ ਨੂੰ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਸੀ ਕਿ ਉਹ ਸ਼ਿਵ ਕੁਮਾਰ ਨੂੰ ਚਿੱਤੋਂ ਪਿਆਰ ਕਰਦਾ ਹੈ। ਫਿਰ ਤਾਂ ਉਹ ਉਸ ਦੇ ਅੱਗੇ ਵਿਛ ਜਾਂਦਾ ਸੀ। ਆਪਣੇ ਸਟਾਕਟਨ (ਅਮਰੀਕਾ) ਵਾਲੇ ਘਰ ਵਿਚ ਉਸ ਨੇ ਮੈਨੂੰ ਸ਼ਿਵ ਕੁਮਾਰ ਵੱਲੋਂ ਦਿੱਤੇ ਤੋਹਫਿਆਂ ਦੇ ਦਰਸ਼ਨ ਕਰਵਾਉਂਦਿਆਂ ਵਜ਼ਦ ਵਿਚ ਖੀਵੇ ਹੁੰਦਿਆਂ ਦੱਸਿਆ ਕਿ ਆਹ ਸ਼ਿਵ ਕੁਮਾਰ ਦੀ ਲੂਣਾ ਦਾ ਫਾਈਨਲ ਖਰੜਾ ਹੈ ਪਰ ਇਸ ਵਿਚ ਕੁਝ ਉਹ ਹਿੱਸਾ ਵੀ ਸ਼ਾਮਿਲ ਹੈ ਜੋ ਛਪੀ ਹੋਈ ਕਿਤਾਬ ਵਿਚ ਵੀ ਨਹੀਂ। ਹਾਸ਼ੀਏ ਤੇ ਦਿੱਤੇ ਪ੍ਰਕਾਸ਼ਨ ਸੰਕੇਤ ਵੀ ਵੇਖ। ਆਹ ਸ਼ਿਵ ਦੀ ਮੈਂ ਤੇ ਮੈਂ ਦਾ ਮਸੌਦਾ ਹੈ। ਇਸ ਨੂੰ ਵੀ ਧਿਆਨ ਨਾਲ ਵੇਖ। ਇਸ ਵਿਚ ਵੀ ਬਹੁਤ ਕੁਝ ਛਪੀ ਕਿਤਾਬ ਨਾਲੋਂ ਵੱਖਰਾ ਹੈ। ਗੱਲ ਹੀ ਛੱਡਦੇ, ਸ਼ਿਵ ਕੁਮਾਰ ਕਿਤਾਬ ਦੇ ਛਪਣ ਤੀਕ ਆਪਣੇ ਖਰੜੇ ਨੂੰ ਸੋਧਦਾ ਤੇ ਸੰਵਾਰਦਾ ਰਹਿੰਦਾ ਸੀ । ਤੇ ਆਹ ਉਹ ਗਲਾਸੀ ਹੈ, ਚਾਂਦੀ ਦੀ, ਜਿਸ ਵਿਚ ਉਹ ਇੰਗਲੈਂਡ ਫੇਰੀ ਦੌਰਾਨ ਸ਼ਰਾਬ ਪਾਪਾ ਕੇ ਪੀਂਦਾ ਰਿਹਾ। ਇਹ ਉਸ ਨੇ ਫਰਾਂਸ ਤੋਂ ਖਰੀਦੀ ਸੀ। ਜਾਣ ਲੱਗਾ ਨਿਸ਼ਾਨੀ ਦੇ ਤੌਰ ਤੇ ਮੈਨੂੰ ਦੇ ਗਿਆ। ਕੁਲਦੀਪ ਤੱਖਰ, ਬੋਲੀ ਗਿਆ, ਬੋਲੀ ਗਿਆ ਪੂਰੇ ਵੇਗ ਵਿਚ । ਆਖਣ ਲੱਗਾ ਮੈਂ ਇਨ੍ਹਾ ਖਰੜਿਆਂ ਨੂੰ ਲੈਮੀਨੇਟ ਕਰਵਾ ਦਿੱਤਾ ਹੈ ਇਕੱਲੇ ਇਕੱਲੇ ਸਫ਼ੇ ਨੂੰ। ਦੋਹਾਂ ਖਰੜਿਆਂ ਦਾ ਹੁਣ ਪੰਜ ਕਿਲੋ ਤੋਂ ਵੱਧ ਭਾਰ ਬਣ ਗਿਆ ਹੈ । ਜਦੋਂ ਕਦੇ ਮੈਂ ਪੰਜਾਬ ਆਇਆ ਤਾਂ ਤੁਹਾਡੀ ਲੁਧਿਆਣੇ ਵਾਲੀ ਪੰਜਾਬੀ ਸਾਹਿਤ ਅਕਾਡਮੀ ਨੂੰ ਤੋਹਫੇ ਦੇ ਤੌਰ ਤੇ ਦੇ ਦਿਆਂਗਾ। ਆਪਣੀ ਜ਼ਿੰਦਗੀ ਤੀਕ ਤਾਂ ਮੈਂ ਇਸ ਦੀ ਕਦਰਦਾਨੀ ਕਰ ਲਈ, ਅਗਲੇ ਪੋਚ ਦਾ ਕੀ ਪਤਾ? ਸ਼ਿਵ ਦੀ ਮੁਹੱਬਤ ਵਿਚ ਗੜੂੰਦ ਹੋਏ ਕੁਲਦੀਪ ਤੱਖਰ ਦੀਆਂ ਅੱਖਾਂ ਵਿਚ ਅਜੀਬ ਨਮੀ ਸੀ। ਫਿਰ ਉਸ ਨੇ ਮੈਨੂੰ ਸ਼ਿਵ ਦੀ ਆਵਾਜ਼ ਵਿਚ ਕਈ ਗੀਤ ਸੁਣਾਏ। ਨਾਲੇ ਦੱਸਿਆ ਕਿ ਤੁਹਾਡੇ ਪੰਜਾਬ ਵਿਚ ਜਿੰਨੀ ਕੁ ਰਿਕਾਰਡਿੰਗ ਪਹੁੰਚੀ ਹੈ, ਉਹ ਵੀ ਕਿਸੇ ਵੇਲੇ ਬੀ ਬੀ ਸੀ ਵਾਲਿਆਂ ਨੇ ਮੇਰੇ ਤੋਂ ਹੀ ਲਈ ਸੀ।

ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਲੂਣਾ ਲਿਖਣ ਬਦਲੇ ਮਿਲਿਆ । ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਸ਼ਿਵ ਕੁਮਾਰ ਨੇ ਨਕਸਲਵਾੜੀ ਲਹਿਰ ਦੇ ਪ੍ਰਭਾਵ ਹੇਠ ਵੀ ਕੁਝ ਨਜ਼ਮਾਂ ਲਿਖੀਆਂ ਸਨ ਅਤੇ ਉਹ ਨਜ਼ਮਾਂ ਲਿਖਣ ਦਾ ਕਾਰਨ ਉਸ ਨੂੰ ਸਰੋਤਿਆਂ ਵੱਲੋਂ ਪ੍ਰੇਮ ਮੁਖੀ ਕਵਿਤਾਵਾਂ ਸੁਣਾਉਣ ਵੇਲੇ ਹਾਸਿਲ ਹੁੰਦੀ ਨਮੋਸ਼ੀ ਸੀ। ਇਸ ਨਮੋਸ਼ੀ ਨੂੰ ਧੋਣ ਲਈ ਉਸ ਨੇ ਆਤਮ ਚਿੰਤਨ ਕਰਦੀ ਇਕ ਨਜ਼ਮ ਗੱਦਾਰ ਲਿਖੀ। ਬਲਵੰਤ ਗਾਰਗੀ ਦੇ ਨਾਟਕ ਗਗਨ ਮਹਿ ਥਾਲ ਦੇ ਗੀਤ ਵੀ ਉਸ ਨੇ ਗੁਰੂ ਨਾਨਕ ਸ਼ਤਾਬਦੀ ਮੌਕੇ ਲਿਖੇ। ਕੁਝ ਫਿਲਮਾਂ ਵਾਲਿਆਂ ਨੇ ਵੀ ਉਸ ਨੂੰ ਆਪਣੇ ਵੱਲ ਖਿੱਚਿਆ। ਮੌਤ ਉਸ ਦੇ ਆਲ ਦੁਆਲ ਹਰ ਸਮੇਂ ਮੰਡਰਾਉਂਦੀ ਰਹੀ। ਉਸ ਦੇ ਜਾਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੋਹਨ ਕਾਹਲੋਂ ਪਾਸੋਂ ਅਲਵਿਦਾ ਨਾਮ ਹੇਠ ਸ਼ਿਵ ਦੀ ਸ਼ਾਇਰੀ ਇਕੱਠੀ ਕਰਵਾਈ। ਮੁੱਖ ਬੰਦ ਵੀ ਲਿਖਵਾ ਲਿਆ ਪਰ ਅਣਚਾਹੇ ਕਾਰਨਾਂ ਸਦਕਾ ਕਿਤਾਬ ਛਪਣ ਵੇਲੇ ਸੰਪਾਦਕ ਡਾ: ਪਿਆਰ ਸਿੰਘ ਅਤੇ ਨਰਜੀਤ ਖਹਿਰਾ ਸਨ। ਇਸ ਵਿਚ ਪਰਿਵਾਰ ਦੀ ਸਹਿਮਤੀ ਦਾ ਵੀ ਜ਼ਿਕਰ ਆਉਂਦਾ ਹੈ ਅਤੇ ਸ਼ਿਵ ਬਾਰੇ ਲਿਖੇ ਕਾਹਲੋਂ ਦੇ ਨਾਵਲ ਗੋਰੀ ਨਦੀ ਦਾ ਗੀਤ ਵੀ ਕਾਰਨ ਦੱਸੀਦਾ ਹੈ। ਸ਼ਿਵ ਕੁਮਾਰ ਦੇ ਨੇੜਲੇ ਲੋਕ ਦੱਸਦੇ ਨੇ ਕਿ ਲੂਣਾ ਦਾ ਮੁੱਖ ਬੰਦ ਵੀ ਮੋਹਨ ਕਾਹਲੋਂ ਨੇ ਹੀ ਲਿਖਿਆ ਸੀ ਪਰ ਛਪਿਆ ਸ਼ਿਵ ਕੁਮਾਰ ਦੇ ਨਾਂ ਹੇਠ । ਇਸ ਨੂੰ ਕਿਤਾਬੀ ਰੂਪ ਵਿਚ ਤੇਜ ਪਿ੍ਰੰਟਿੰਗ ਪ੍ਰੈਸ ਅੰਮਿ੍ਰਤਸਰ ਵਾਲੇ ਸ: ਤੇਜਾ ਸਿੰਘ ਸੇਠੀ ਨੇ ਬੜੀ ਰੀਝ ਨਾਲ ਛਾਪਿਆ। ਵੱਡਾ ਆਕਾਰ, ਦਲੀਪ ਚਿਤਰਕਾਰ ਦੇ ਲਕੀਰੀ ਚਿੱਤਰ। ਕੱਪੜੇ ਦੀ ਜ਼ਿਲਦ ਉੱਪਰ ਚਾਰ ਰੰਗਾ ਇਕ ਚਿਤਰ ਚਿਪਕਾਇਆ ਗਿਆ ਸੀ। ਉਨ੍ਹਾਂ ਵਕਤਾਂ ਵਿਚ 16 ਰੁਪਏ ਕੀਮਤ ਸੁਣ ਕੇ ਲੋਕ ਠਠੰਬਰ ਗਏ ਸਨ। ਕਹਿੰਦੇ ਨੇ ਤੇਜ ਪ੍ਰੈਸ ਅੰਮ੍ਰਿਤਸਰ ਦਾ ਛਪਾਈ ਬਿੱਲ ਬੜਾ ਵੱਡਾ ਸੀ ਤੇ ਏਨੇ ਰੁਪਏ ਸ਼ਿਵ ਕੁਮਾਰ ਅਤੇ ਉਸ ਦੇ ਮਿੱਤਰਾਂ ਦੀ ਜੇਬ ਵਿਚ ਨਹੀਂ ਸਨ। ਇਕ ਫਿਲਮ ਨਿਰਮਾਤਾ ਕੰਪਨੀ ਸਿੰਘ ਸੰਨਜ਼ ਪ੍ਰੋਡਕਸ਼ਨ ਮੰਡੀ ਰੋਡ ਜਲੰਧਰ ਵਾਲਿਆਂ ਨੇ ਇਸ ਦੀ ਰਕਮ ਅਦਾ ਕਰਕੇ ਲੂਣਾ ਦਾ ਪਹਿਲਾ ਅੰਕ ਰਿਹਾਅ ਕਰਵਾਉਣ ਵਿਚ ਮਦਦ ਕੀਤੀ। ਪੰਜਾਬੀ ਦੀ ਪਹਿਲੀ ਮਹਿੰਗੀ ਕਿਤਾਬ। ਭਲਾ ਹੋਵੇ ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਿਸ ਨੇ ਇਸ ਨੂੰ ਪੇਂਡੂ ਲਾਇਬ੍ਰੇਰੀਆਂ ਲਈ ਖਰੀਦ ਕੇ ਸਾਡੇ ਪਿੰਡ ਬਸੰਤ ਕੋਟ ਦੀ ਲਾਇਬ੍ਰੇਰੀ ਤੀਕ ਵੀ ਪਹੁੰਚਾਇਆ। ਆਮ ਲੋਕਾਂ ਲਈ ਲੂਣਾ ਨੂੰ ਸ: ਕਰਤਾਰ ਸਿੰਘ ਬਲੱਗਣ ਨੇ ਆਪਣੇ ਮਾਸਕ ਪੱਤਰ ਕਵਿਤਾ ਵਿਚ ਇਕੱਠਿਆਂ ਇੱਕੋ ਅੰਕ ਵਿੱਚ ਛਾਪ ਦਿੱਤਾ। ਕੀਮਤ ਕੁੱਲ ਇਕ ਰੁਪਿਆ ਸੀ। ਲੋਕਾਂ ਨੇ ਰਾਤੋ ਰਾਤ ਸਟਾਲਾਂ ਤੋਂ ਇਹ ਅੰਕ ਖ਼ਰੀਦ ਲਿਆ ।

ਮੇਰੇ ਮਿੱਤਰ ਸ਼ਮਸ਼ੇਰ ਸਿੰਘ ਸੰਧੂ ਨੇ ਇਸ ਅੰਕ ਨੂੰ ਪੱਕੀ ਜਿਲਦ ਕਰਵਾ ਕੇ ਸੰਭਾਲਿਆ ਹੋਇਆ ਹੈ।

ਸ਼ਿਵ ਕੁਮਾਰ ਬਟਾਲਵੀ ਨੂੰ ਮੈਂ ਆਪਣੇ ਕੰਨਾਂ ਨਾਲ ਸਿਰਫ ਚਾਰ ਵਾਰ ਹੀ ਸੁਣਿਆ। ਰੇਡੀਓ ਤੋਂ ਤਾਂ ਉਸ ਦੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੇਲੇ ਲਿਖੀ ਨਜ਼ਮ ਮੈਨੂੰ ਅੱਜ ਵੀ ਉਸੇ ਅੰਦਾਜ਼ ਵਿਚ ਚੇਤੇ ਹੈ । ਜਦ ਉਸ ਨੇ ਕਿਹਾ ਸੀ ‘ਅੱਜ ਅਮਨਾਂ ਦਾ ਬਾਬਲ ਮੋਇਆ, ਸਾਰੀ ਧਰਤ ਨੜੋਏ ਆਈ’ । ਸ਼ਿਵ ਕੁਮਾਰ ਨੂੰ ਆਖਰੀ ਵਾਰ ਆਪਣੇ ਜੀ ਜੀ ਐਨ ਖਾਲਸਾ ਕਾਲਜ, ਲੁਧਿਆਣਾ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਸੁਣਿਆ । ਉਸੇ ਦੀਵਾਨ ਵਿਚ ਹੀ ਭਾਈ ਸਮੁੰਦ ਸਿੰਘ ਰਾਗੀ ਨੇ ਕੀਰਤਨ ਕੀਤਾ ਸੀ ਤੰਤੀ ਸਾਜ਼ਾਂ ਨਾਲ । ਗਿਆਨੀ ਰਾਮ ਨਰਾਇਣ ਸਿੰਘ ਦਰਦੀ ਨੇ ਨਜ਼ਮ ਸੁਣਾਈ ਸੀ। ਸ਼ਿਵ ਦੇ ਬੋਲ ਆਰਤੀ ਰੂਪ ਵਿਚ ਸਨ :


ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ
ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ
ਮੈਂ ਤੇਰੇ ਦੁਆਰੇ 'ਤੇ ਆਵਾਂ।

ਮੇਰਾ ਕੋਈ ਗੀਤ ਨਹੀਂ ਐਸਾ
ਜੋ ਤੇਰੇ ਮੇਚ ਆ ਜਾਵੇ
ਭਰੇ ਬਾਜ਼ਾਰ ਵਿਚ ਜਾ ਕੇ
ਜੋ ਆਪਣਾ ਸਿਰ ਕਟਾ ਆਵੇ
ਜੋ ਆਪਣੇ ਸੋਹਲ ਛਿੰਦੇ ਬੋਲ
ਨੀਂਹਾਂ ਵਿਚ ਚਿਣਾ ਆਵੇ
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ
ਜੋ ਲੁੱਟ ਜਾਵੇ ਤੇ ਮੁੜ ਵੀ
ਯਾਰੜੇ ਦੇ ਸੱਥਰੀਂ ਗਾਵੇ

ਚਿੜੀ ਦੇ ਖੰਭ ਦੀ ਲਲਕਾਰ
ਸੌ ਬਾਜਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ
ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ
ਮੈ ਕਿਹੜੇ ਬੋਲ ਦੀ ਭੇਟਾ
ਲੈ ਤੇਰੇ ਦੁਆਰ 'ਤੇ ਆਵਾਂ
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ
ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ 'ਤੇ
ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ
ਆਪਣੇ ਖੂਨ ਵਿਚ ਧੋਵੇ
ਕਿ ਜਿਸਦੀ ਮੌਤ ਪਿੱਛੋਂ
ਓਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀਹ
ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ
ਕਿਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ
ਦੂਰ ਕਿੰਜ ਜਾਵਾਂ ।

ਮੈਂ ਤੇਰੀ ਉਸਤਤੀ ਦਾ ਗੀਤ
ਚਾਹੁੰਦਾ ਹਾਂ ਕਿ ਉਹ ਹੋਵੇ
ਜਿਦ੍ਹੇ ਹੱਥ ਸੱਚ ਦੀ ਤਲਵਾਰ
ਤੇ ਨੈਣਾਂ 'ਚ ਰੋਹ ਹੋਵੇ
ਜਿਦ੍ਹੇ ਵਿਚ ਵਤਨ ਦੀ ਮਿੱਟੀ ਲਈ
ਅੰਤਾਂ ਦਾ ਮੋਹ ਹੋਵੇ
ਜਿਦ੍ਹੇ ਵਿਚ ਲਹੂ ਤੇਰੇ ਦੀ
ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ
ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ ।

ਮੈਂ ਚਾਹੁੰਦਾ ਏਸ ਤੋਂ ਪਹਿਲਾਂ
ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ
ਜੀਭ ਦੀ ਕਿੱਲੀ 'ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤੀਕ
ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ 'ਤੇ
ਹੰਝੂ ਦਾ ਇਕ ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ
ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ
ਭੇਟਾ ਕਰਨ ਯੋਗ ਹੋ ਜਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ
ਕਿਸ ਤਰ੍ਹਾਂ ਤੇਰੇ ਦੁਆਰ 'ਤੇ ਆਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ
ਮੰਗਣ ਗੀਤ ਅੱਜ ਜਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ
ਮੈਂ ਕਿਹੜਾ ਗੀਤ ਅੱਜ ਗਾਵਾਂ

ਆਰਤੀ ਦਸ਼ਮੇਸ਼ ਪਿਤਾ ਦੀ ਜਿਸ ਵਿਚ ਆਪਣੀ ਕਮਜ਼ੋਰੀ ਦਾ ਵਾਸਤਾ ਸੀ, ਕ੍ਰਿਪਾਨ ਤੋਂ ਬਲ ਮੰਗਿਆ ਸੀ ਪੁਰਸੋਜ਼ ਆਵਾਜ਼ ਵਿਚ ਸ਼ਿਵ ਕੁਮਾਰ ਨੇ। ਮੇਰੇ ਗੁਰੂਦੇਵ ਡਾ: ਐਸ ਪੀ ਸਿੰਘ ਦੇ ਬੁਲਾਵੇ ਤੇ ਆਏ ਸ਼ਿਵ ਕੁਮਾਰ ਦੀ ਸ਼ਾਇਦ ਉਹ ਭਾਰਤ ਵਿਚ ਆਖਰੀ ਪੇਸ਼ਕਾਰੀ ਸੀ । ਕੁਝ ਦਿਨਾਂ ਬਾਅਦ ਉਹ ਵਲਾਇਤ ਚਲਾ ਗਿਆ। ਵਲਾਇਤ ਦੀ ਸੇਵਾ ਨੇ ਉਸ ਦੀ ਜਿੰਦ ਪਿੰਜ ਦਿੱਤੀ। ਉਹ ਤੰਦਰੁਸਤ ਨਾ ਰਹਿ ਸਕਿਆ ਤੇ ਅਖੀਰ ਫੁੱਲ ਜਾਂ ਤਾਰਾ ਬਣਨ ਦੀ ਰੀਝ ਲੈ ਕੇ ਜੋਬਨ ਰੁੱਤੇ ਸਾਨੂੰ ਅਲਵਿਦਾ ਕਹਿ ਗਿਆ।

ਉਸ ਦੀ ਯਾਦ ਵਿਚ ਬਟਾਲਾ ਵਿਖੇ ਹੋਏ ਪਹਿਲੇ ਸ਼ਰਧਾਂਜਲੀ ਸਮਾਰੋਹ ਦਾ ਵੀ ਮੈਨੂੰ ਚੇਤਾ ਹੈ। ਬਟਾਲਾ ਵੱਸਦੇ ਉਸ ਦੇ ਸ਼ੁਭਚਿੰਤਕਾਂ ਨੇ ਡਾ: ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ, ਗਿਆਨੀ ਸ਼ਾਦੀ ਸਿੰਘ, ਭਰਪੂਰ ਸਿੰਘ ਬਲਬੀਰ ਵਰਗੇ ਸਿਰਕੱਢ ਪੱਤਰਕਾਰਾਂ ਅਤੇ ਸ: ਸੂਬਾ ਸਿੰਘ ਵਰਗੇ ਸ਼ਾਇਰਾਂ ਅਤੇ ਉਸ ਵੇਲੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਪ੍ਰੈਸ ਸਕੱਤਰ ਨੂੰ ਵੀ ਇਸ ਸੰਗਤ ਵਿਚ ਬੁਲਾਇਆ ਸੀ। ਖਾਲਸਾ ਹਾਈ ਸਕੂਲ ਦੇ ਵਿਹੜੇ ਵਿਚ ਕਈ ਇਕਰਾਰ ਹੋਏ। ਸ਼ਿਵ ਕੁਮਾਰ ਦੀ ਪਤਨੀ ਅਰੁਣਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਨਿਯੁਕਤੀ ਦਾ ਐਲਾਨ ਵੀ ਸ: ਸੂਬਾ ਸਿੰਘ ਨੇ ਇਥੇ ਹੀ ਕੀਤਾ ਸੀ। ਫਿਰ ਦੂਜੀ ਬਰਸੀ ਵੇਲੇ ਸਾਡੇ ਮਿੱਤਰ ਹਰਭਜਨ ਸਿੰਘ ਬਾਜਵਾ ਦੀ ਹਿੰਮਤ ਸਦਕਾ ਗੁਰੂ ਨਾਨਕ ਕਾਲਜ ਬਟਾਲਾ ਵਿਚ ਪੂਰਾ ਪੰਜਾਬ ਪਹੁੰਚਿਆ । ਸ਼ਿਵ ਕੁਮਾਰ ਦੇ ਮਾਤਾ ਜੀ ਨੂੰ ਸਨਮਾਨਿਤ ਕੀਤਾ ਗਿਆ। ਸ: ਜਸਵੰਤ ਸਿੰਘ ਕੰਵਲ, ਕਪੂਰ ਸਿੰਘ ਘੁੰਮਣ, ਪ੍ਰੇਮ ਗੋਰਖੀ, ਮੁਖਤਾਰ ਗਿੱਲ, ਪ੍ਰਮਿੰਦਰਜੀਤ, ਖੁਰਸ਼ੀਦ ਅਤੇ ਮੇਰੇ ਵਰਗੇ ਕਈ ਹੋਰ ਸਾਰੀ ਰਾਤ ਸ਼ਿਵ ਦਾ ਕਲਾਮ ਸੁਣਦੇ ਰਹੇ। ਕਦੇ ਜਗਜੀਤ ਜ਼ੀਰਵੀ ਕੋਲੋਂ ਅਤੇ ਕਦੇ ਹਾਕਮ ਸੂਫੀ ਕੋਲੋਂ। ਹਾਕਮ ਸੂਫੀ ਉਦੋਂ ਅਜੇ ਨਾਭੇ ਹੀ ਪੜ੍ਹਦਾ ਸੀ ਪਰ ਆਵਾਜ਼ ਵਿਚ ਸ਼ਿਵ ਦੇ ਕਲਾਮ ਨੂੰ ਗਾਉਣ ਯੋਗ ਦਰਦ ਤੇ ਸੰਵੇਦਨਾ ਹਾਜ਼ਰ ਸੀ।

ਸ਼ਿਵ ਕੁਮਾਰ ਦੀ ਵਾਰਤਕ ਨੂੰ ਕਿਸੇ ਸੰਗ੍ਰਿਹ ਵਿਚ ਹੁਣ ਤਕ ਕਿਸੇ ਨੇ ਨਹੀਂ ਸੰਭਾਲਿਆ। ਉਸ ਵੱਲੋਂ ਲਿਖੇ ਕੁਝ ਲਿਖਾਰੀਆਂ ਦੇ ਰੇਖਾ ਚਿੱਤਰਾਂ ਨੂੰ ਮਾਸਕ ਪੱਤਰ ਹੇਮ ਜਯੋਤੀ ਵਿਚ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ ਹੈ। ਕੁਝ ਵਿਚ ਉਹ ਬੇਲਾਗ ਹੈ ਅਤੇ ਕੁਝ ਵਿਚ ਬਦਲਾਖੋਰ । ਮਿਸਾਲ ਦੇ ਤੌਰ ਤੇ ਸ ਸ ਮੀਸ਼ਾ ਨੂੰ ਚਿਤਰਦਿਆਂ ਉਸ ਦੇ ਮੁਹਾਂਦਰੇ ਨੂੰ ਮੀਸਣੀ ਮੁਸਕਾਨ ਦਾ ਨਾਂ ਦਿੰਦਾ ਹੈ, ਅਜੀਤ ਕੌਰ ਨੂੰ ਉਦਾਸ ਲਾਲਟੈਣ ਦੱਸਦਾ ਹੈ ਅਤੇ ਮੋਹਨ ਭੰਡਾਰੀ ਨੂੰ ਕਿਸੇ ਗੁੱਸੇ ਗਿਲੇ ਦਾ ਸ਼ਿਕਾਰ ਹੋ ਕੇ ਬਹੁਤਾ ਗਰੀਬੜਾ ਜਿਹਾ ਪੇਸ਼ ਕਰਦਿਆਂ ਉਸ ਨੂੰ ਫੁੱਲਬਹਿਰੀ ਵਾਲੇ ਹੱਥ ਆਖਦਾ ਹੈ। ਸੱਜਣ ਦੱਸਦੇ ਨੇ ਕਿ ਸ਼ਿਵ ਕੁਮਾਰ ਨੂੰ ਭੰਡਾਰੀ ਵਾਲੇ ਰੇਖਾ ਚਿੱਤਰ ਬਾਰੇ ਆਖਰੀ ਵੇਲੇ ਤੀਕ ਪਛਤਾਵਾ ਰਿਹਾ ਕਿ ਮੈਂ ਉਸ ਨਾਲ ਧੱਕਾ ਕੀਤਾ ਹੈ। ਉਸ ਦੇ ਗੀਤ ਸਿਰਜਣ ਪ੍ਰਕ੍ਰਿਆ ਸੰਬੰਧੀ ਕੁਝ ਲੇਖ ਵੀ ਮੈਨੂੰ ਧੁੰਦਲੇ-ਧੁੰਦਲੇ ਚੇਤੇ ਆ ਰਹੇ ਹਨ। ਆਪਣੇ ਨਾਲ-ਨਾਲ ਤੋਰਦਾ ਸੀ ਆਪਣੀ ਵਾਰਤਕ ਵਿਚ ।

ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕਾਇਨਾਤ ਦੇ ਦਰਸ਼ਨ ਕਰ ਸਕਦੇ ਹੋ। ਸ਼ਿਵ ਦੀ ਸਰੀਰਕ ਮੌਤ ਹੋਇਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਸ ਦੀ ਸ਼ਾਇਰੀ ਦੀ ਜਵਾਨੀ ਸਿਖਰਾਂ ਵੱਲ ਜਾ ਰਹੀ ਹੈ। ਸਮਾਂ ਪੈਣ ਨਾਲ ਉਸ ਦੇ ਐਬਾਂ ਦੀਆਂ ਧੂੜਾ ਉਡਾਉਣ ਵਾਲੇ ਮੱਧਮ ਪੈ ਰਹੇ ਹਨ ਅਤੇ ਗੁਣ ਜਾਨਣ ਹਾਰੇ ਵਧ ਰਹੇ ਹਨ। ਸਾਡਾ ਦੁਖਾਂਤ ਹੀ ਇਹ ਹੈ ਕਿ ਅਸੀਂ ਸਿਰਜਣਾ ਦੀ ਥਾਂ ਸਿਰਜਕ ਨੂੰ ਵਧ ਪੜ੍ਹਦੇ ਹਾਂ ਅਤੇ ਪੜ੍ਹਦੇ ਵੀ ਉਸ ਐਨਕ ਨਾਲ ਹਾਂ ਜੋ ਸਾਨੂੰ ਪੁੱਗਦੀ ਹੋਵੇ। ਸ਼ਿਵ ਕੁਮਾਰ ਸਾਡਾ ਅਤੀਤ ਵੀ ਚੇਤੇ ਕਰਾਉਂਦਾ ਹੈ, ਵਰਤਮਾਨ ਨੂੰ ਵੀ ਨਾਲ-ਨਾਲ ਤੋਰਦਾ ਹੈ ਅਤੇ ਭਵਿੱਖ ਲਈ ਸੰਭਾਲਣ ਯੋਗ ਵਿਰਸੇ ਦੀ ਨਿਸ਼ਾਨਦੇਹੀ ਵੀ ਕਰਕੇ ਦਿੰਦਾ ਹੈ। ਉਸ ਦੀ ਸ਼ਾਇਰੀ ਦੇ ਰੂਬਰੁ ਹੋ ਕੇ ਹਰ ਵਾਰ ਮੈਂ ਸੱਜਰੇ ਅਤੇ ਤਰੋਤਾਜ਼ਾ ਸੰਸਾਰ ਵਿਚ ਪਹੁੰਚਦਾ ਹਾਂ। ਜੋਬਨ ਰੁੱਤੇ ਤੁਰ ਗਏ ਇਸ ਸ਼ਾਇਰ ਦੀ ਹੋਣੀ ਭਾਵੇਂ ਫੁੱਲ ਬਣੀ ਜਾਂ ਤਾਰਾ, ਸਾਡੇ ਲਈ ਤਾਂ ਅੱਜ ਵੀ ਉਹ ਮਹਿਕਦਾ ਗੁਲਜ਼ਾਰ ਹੈ ਜਿਸ ਦੀ ਪਰਿਕਰਮਾ ਕਰਦਿਆਂ ਸਾਨੂੰ ਜੋਬਨਵੰਤੇ ਛੈਲ ਛਬੀਲੇ ਥੱਬਾਂ ਕੁ ਜੁਲਫਾਂ ਵਾਲੇ ਸ਼ਾਇਰ ਦੇ ਦਰਸ਼ਨ ਹੁੰਦੇ ਹਨ। ਸ਼ਿਵ ਕੁਮਾਰ ਨੂੰ ਜਦ ਕਦੇ ਮੈ ਅੰਤਰ ਧਿਆਨ ਹੋ ਕੇ ਚਿਤਵਦਾਂ ਤਾਂ ਉਲਯਸ ਦੀ ਇਹ ਨਜ਼ਮ “ਮੈਂ ਕੱਲ੍ਹ ਨਹੀਂ ਰਹਿਣਾ “ਮੇਰਾ ਕਈ ਕਈ ਦਿਨ ਪਿੱਛਾ ਕਰਦੀ ਹੈ।


ਨੀ ਜਿੰਦੇ!ਮੈਂ ਕੱਲ੍ਹ ਨਹੀਂ ਰਹਿਣਾ
ਅੱਜ ਰਾਤੀਂ ਅਸੀਂ ਘੁੱਟ ਬਾਹਾਂ ਵਿਚ
ਗੀਤਾਂ ਦਾ ਇਕ ਚੁੰਮਣ ਲੈਣਾ
ਨੀ ਜਿੰਦੇ!ਮੈਂ ਕੱਲ੍ਹ ਨਹੀਂ ਰਹਿਣਾ ।

ਨਾ ਕੱਲ੍ਹ ਖਿੜਣਾ ਚਾਨਣ ਦਾ ਫੁੱਲ
ਨਾ ਕੱਲ੍ਹ ਖਿੜਣਾ ਚੰਬਾ। 
ਨਾ ਕੱਲ੍ਹ ਬਾਗ਼ੀਂ ਮਹਿਕਾਂ ਫਿਰਨਾ
ਕਰ ਕਰ ਕੇ ਨੀ ਸਿਰ ਨੰਗਾ। 
ਨਾ ਅੱਜ ਵਾਕਣ ਲਿਫ਼ ਲਿਫ਼ ਟਾਹਣਾਂ
ਧਰਤੀ ਪੈਰੀਂ ਪੈਣਾ
ਨੀ ਜਿੰਦੇ!ਮੈਂ ਕੱਲ੍ਹ ਨਹੀਂ ਰਹਿਣਾ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਗੁਰਭਜਨ ਗਿੱਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ