Rani Tatt (Sohile Dhoor Mitti Ke)-Vartak : Harmanjit
ਰਾਣੀ ਤੱਤ (ਵਾਰਤਕ) : ਹਰਮਨ ਜੀਤ
ਅਸਲੀ ਚੀਜ਼ ਤਾਂ ਇਹ ਪਤਾ ਕਰਨਾ ਹੈ
ਕਿ ਭਲਾ ਧਰਤੀ ਅੰਬਰ ਨਾਲ ਕੀ ਗੱਲਾਂ
ਕਰਦੀ ਹੈ ।
1. ਪਹਿਲਾ ਪਾਣੀ ਜੀਉ ਹੈ
ਪਾਣੀ: ਕੁਦਰਤ ਦੀ ਸਰਬ-ਸੁਨੱਖੜੀ ਤੇ ਸ਼ਾਹਕਾਰ-ਕ੍ਰਿਤ ਬਾਬਲ । ਸਾਡਾ ਮੂਲ । ਧਰਤੀ ਦੀ ਨੀਲੀ ਨੇਕ ਤੇ ਸਰੋਦੀ ਕਵਿਤਾ ।
ਮਾਤਾ-ਪਿਤਾ ਦੇ ਮੇਲ ਤੋਂ ਸਿੰਜਿਆ ਜਾਣ ਵਾਲਾ ਅੰਡਾ, ਭਾਵ ਦੁਨੀਆ ਦੇ ਅਖਾੜੇ ਵਿੱਚ ਉੱਤਰਨ ਵਾਲਾ ਸਾਡਾ ਪਹਿਲਾ-ਪਹਿਲਾ ਆਕਾਰ ੯੫ ਪ੍ਰਤਿਸ਼ਤ ਪਾਣੀ ਹੀ ਹੁੰਦਾ ਹੈ । ਬਾਅਦ ਵਿੱਚ ਵੀ ਵਧੇ-ਫੁੱਲੇ ਸਰੀਰ ਦਾ ੭੦-੭੫ ਪ੍ਰਤੀਸ਼ਤ ਹਿੱਸਾ ਪਾਣੀ ਹੀ ਹੁੰਦਾ ਹੈ । ਦੁੱਖ ਦੀ ਗੱਲ ਇਹ ਹੈ ਕਿ ਜਿਸ ਪਾਣੀ ਨੇ ਸਾਨੂੰ ਉਪਜਾਇਆ, ਅਸੀਂ ਓਸਨੂੰ ਆਮ ਜਿਹੀ ਚੀਜ਼ ਸਮਝਣ ਲੱਗੇ ਹਾਂ ।
ਸਾਡੇ ਪੁਰਖੇ ਜਾਂ ਸਾਡੇ ਦੇਸ ਦੇ ਸਾਧ-ਸੰਤ ਤਾਂ ਕਦੇ ਇਸ ਤਰ੍ਹਾਂ ਨਹੀਂ ਸੀ ਕਰਦੇ । ਓਹ ਤਾਂ ਪਾਣੀ ਪੀਂਦੇ ਵੀ ਬੈਠ ਕੇ ਹੁੰਦੇ ਸੀ ਨਾ ਕਿ ਖੜ੍ਹ ਕੇ ਤੇ ਪੀਂਦੇ ਵੀ ਸ਼ਾਂਤੀ ਤੇ ਸਹਿਜ ਨਾਲ ਸੀ । ਫਿਰ ਸਾਨੂੰ ਐਸਾ ਕੀ ਹੋ ਗਿਆ ਜੋ ਅਸੀਂ ਪਾਣੀ ਦੀ ਪਵਿੱਤਰਤਾ ਤੋਂ ਕਿਨਾਰਾ ਕਰਨ ਲੱਗ ਪਏ ? ਪਾਣੀ ਦੀ ਮੁਬਾਰਕ ਤੋਰ ਸਾਨੂੰ ਖਿੱਚਦੀ ਕਿਉਂ ਨਹੀਂ ? ਨਦੀਆਂ ਦੇ ਕੰਢੇ ਵੀਰਾਨ ਕਿਉਂ ਹੋ ਗਏ ? ਪਾਣੀ ਦੀ ਥਾਂ ਦੂਜੀ ਚੀਜ਼ ਨਹੀਂ ਲੈ ਸਕਦੀ ।
ਪਾਣੀ ਸਿਰਫ਼ ਪਾਣੀ ਵਰਗਾ ਹੀ ਹੁੰਦਾ ਹੈ । ਕੀ ਕੋਕ ਪਾਣੀ ਤੋਂ ਵੀ ਵੱਡਾ ਹੋ ਗਿਆ ?
ਖ਼ੈਰ ! ਮੈਂ ਇਥੇ ਪਾਣੀ ਦੇ ਪੁਨੀਤੇ ਸੁਭਾਓ ਤੇ ਇਸ ਦੀ ਰੂਹਾਨੀਅਤ ਦੀ ਗੱਲ ਕਰਨੀ ਹੈ । ਪਿਛਲੇ ਕੁਝ ਸਮੇਂ ਤੋਂ ਪਾਣੀ ਨੂੰ ਲੈ ਕੇ ਜਪਾਨ ਅਤੇ ਵਿਸ਼ਵ ਦੇ ਹੋਰ ਹਿੱਸਿਆਂ 'ਚ ਬੜੀ ਖੋਜ ਹੋ ਰਹੀ ਹੈ । ਪਾਣੀਆਂ ਨੇ ਆਪਣੀ ਸਾਦਗੀ ਤਾਂ ਨਹੀਂ ਫੱਡਣੀ ਨਾ । ਉਹ ਤਾਂ ਚੁੱਪ-ਚਾਪ ਬਹਿ ਕੇ ਇਸ ਸਾਰੇ ਵਰਤਾਰੇ ਨੂੰ ਦੇਖ ਰਹੇ ਨੇ ਤੇ ਹਲਕਾ ਜਿਹਾ ਮੁਸਕੁਰਾ ਛੱਡਦੇ ਨੇ ।
ਗੱਲ ਸਾਹਮਣੇ ਇਹ ਆਈ ਕਿ ਪਾਣੀ ਦਾ ਸੁਭਾਓ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸ ਨਾਲ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾਂਦਾ ਹੈ ਜਾਂ ਓਹ ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਘਿਰਿਆ ਹੋਇਆ ਹੈ ।
ਦੋ ਕੱਚ ਦੇ ਜਾਰਾਂ ਵਿੱਚ ਪਾਣੀ ਪਾਇਆ ਕਿ ਪਾਇਆ ਗਿਆ । ਇੱਕ ਨਾਲ਼
ਪਿਆਰ ਵਾਲਾ ਵਿਵਹਾਰ ਕੀਤਾ ਗਿਆ ਤੇ ਦੂਜੇ ਕੋਲ਼ ਬਹਿ ਕੇ ਨਫ਼ਰਤ
ਵਾਲੇ ਸ਼ਬਦ ਬੋਲੇ ਗਏ ਤੇ ਗਾਲ਼ਾਂ ਕੱਢੀਆਂ ਗਈਆਂ । ਦੋਵਾਂ ਜਾਰਾਂ ਦੇ
ਪਾਣੀਆਂ ਨੂੰ ਜਮਾ ਲਿਆ ਗਿਆ 'ਤੇ ਹੁਣ ਜਮਾਉਣ ਤੋਂ ਬਾਅਦ ਬਣੇ
ਰਵਿਆਂ ਨੂੰ ਮਾਈਕਰੋਸਕੋਪ ਨਾਲ ਦੇਖਿਆ ਗਿਆ । ਪਿਆਰ ਵਾਲੇ ਜਾਰ ਦੇ
ਰਵੇ ਬੜੇ ਸੋਹਣੇ, ਦਿਲਕਸ਼ ਤੇ ਸਮਰੂਪ ਬਣ ਗਏ । ਨਫ਼ਰਤ ਵਾਲੇ ਜਾਰ ਦੇ
ਰਵੇ ਉੱਘੜ-ਦੁੱਘੜ ਤੇ ਕਰੂਪ । ਹੈ ਨਾ ਕਮਾਲ ?
ਅਸਲ ਵਿੱਚ ਬੋਲੇ ਗਏ ਸ਼ਥਦਾਂ ਦੀ ਆਪਣੀ ਇੱਕ ਲਰਜ਼ ਹੁੰਦੀ ਹੈ ।
ਤਰੰਗ ਹੁੰਦੀ ਹੈ । ਇਹ ਤਰੰਗ ਜਿਸ ਤਰਾਂ ਦੀ ਹੋਵੇਗੀ, ਓਸੇ ਤਰ੍ਹਾਂ ਦਾ
ਪਾਣੀ 'ਤੇ ਅਸਰ ਪੈਂਦਾ ਹੈ । ਸੋ ਜਿਸ ਪਾਣੀ ਦੇ ਕੋਲ਼ ਬਹਿ ਕੇ ਨਿੰਦਿਆ-
ਚੁਗਲੀ ਕੀਤੀ ਗਈ ਹੋਵੇ ਜਾਂ ਭੈੜੇ ਬੋਲ ਬੋਲੇ ਗਏ ਹੋਣ, ਓਹ ਪਾਣੀ ਪੀਣ
ਤੋਂ ਗੁਰੇਜ਼ ਹੀ ਕਰੋ । ਮਿੱਠੇ ਵਾਕਾਂ ਵਿੱਚ ਪਲ਼ੇ ਪਾਣੀ ਦੀ ਅਮੀਰੀ ਵਧ
ਜਾਂਦੀ ਹੈ ।
ਗੁਰੂਘਰਾਂ ਵਿੱਚ ਪੜ੍ਹੀ ਜਾਂਦੀ ਬਾਣੀ ਜਦੋਂ ਸਰੋਂਵਰਾਂ ਦੇ ਜਲ ਨੂੰ ਛੂੰਹਦੀ
ਹੋਊ ਤਾਂ ਕਿਉਂ ਨਹੀਂ ਅਲੌਕਿਕ ਕ੍ਰਿਸ਼ਮੇ ਹੁੰਦੇ ਹੋਣਗੇ ? ਗੁਰਬਾਣੀ ਦੀ ਸ਼ਬਦ-
ਜੜਤ ਅਤੇ ਉਚਰੇ ਜਾਣ ਵਾਲ਼ੇ ਬੋਲਾਂ ਨਾਲ਼ ਪਾਣੀ ਦੀ ਗੁਣਵੱਤਾ ਕਿਉਂ
ਨਹੀਂ ਵਧਦੀ ਹੋਣੀ ? ਸ਼ਾਇਦ ਤਾਂ ਹੀ ਇਹਨਾਂ ਪਾਣੀਆਂ ਨੂੰ ਪਵਿੱਤਰ ਕਿਹਾ
ਜਾਂਦਾ । ਪਾਠ ਕਰਨ ਵੇਲੇ ਵੀ ਅਸੀਂ ਆਪਣੇ ਕੋਲ਼ ਪਾਣੀ ਰੱਖਦੇ ਹਾਂ ।
ਅਸਲ ਵਿੱਚ ਚ ਪਾਣੀ ਦੇ ਪਵਿੱਤਰਤਾ ਤੇ ਰੂਹਾਨੀਅਤ ਪਾਣੀ ਦੇ ਅਣੂਆਂ ਦੀ ਸੁਚੱਜੀ ਬਣਤਰ ਦਾ
ਸਿੱਟਾ ਹੈ । ਅਣੂਆਂ ਦੀ ਵਿਗੜੀ ਬਣਤਰ ਸਿਹਤ ਤੇ ਵੀ ਭੈੜੇ ਅਸਰ ਪਾਉਂਦੀ ਦੀ ਹੈ। ਸ਼ਾਂਤੀ ਤੇ
ਠਹਿਰਾਓ ਨਾਲ ਕੀਤੀ ਗਈ ਅਰਦਾਸ ਸਰੀਰ ਅੰਦਰਲੇ ਵਿਗੜੇ ਪਾਣੀ ਦੇ ਅਣੂਆਂ 'ਚ ਇਕਸੁਰਤਾ
ਲੈ ਕੇ ਆਉਂਦੀ ਹੈ। ਇਸੇ ਲਈ ਅਰਦਾਸ ਕਰਕੇ ਅਸੀਂ ਹਲਕਾ ਮਹਿਸੂਸ ਕਰਦੇ ਹਾਂ।
ਪਤੰਜਲੀ ਰਿਸ਼ੀ ਦੁਆਰਾ ਸੁਝਾਇਆ 'ਭ੍ਰਾਮਰੀ ਪ੍ਰਾਣਾਯਾਮ' ਇਸ ਗੱਲੋਂ ਬੜਾ ਕਾਰਗਰ ਹੈ ।
ਇਸ ਨਾਲ਼ ਜਿਵੇਂ ਦਿਮਾਗ ਵਿਚਲਾ ਪਾਣੀ ਰਿੜਕਿਆ
ਜਾਂਦਾ ਹੈ ।ਵਿਗਿਆਨ ਕਹਿੰਦਾ ਹੈ ਕਿ ਬੁੱਢੀ ਉਮਰ 'ਚ ਯਾਦਾਸ਼ਤ ਸ਼ਕਤੀ
ਘਟਣ ਦਾ ਇੱਕ ਕਾਰਨ ਦਿਮਾਗ ਵਿੱਚ ਆ ਜਾਂਦੀ ਪਾਣੀ ਦੀ ਘਾਟ ਵੀ
ਹੈ । ਪਾਣੀ ਸੂਚਨਾ ਤੇ ਸੰਚਾਰ ਦਾ ਮੁਜੱਸਮਾ ਹੈ ।
ਅਗਲੀ ਕਮਾਲ ਦੀ ਗੱਲ ਇਹ ਹੈ ਕਿ ਪਾਣੀ ਕੋਲ਼ ਆਪਣੀ
ਯਾਦਾਸ਼ਤ ਸ਼ਕਤੀ ਹੁੰਦੀ ਹੈ । ਨਦੀਆਂ ਨੂੰ ਯਾਦ ਰਹਿੰਦਾ ਕਿ ਕਿਹੜਿਆਂ
ਹਿਰਨਾਂ ਦੀ ਡਾਰ ਪਾਣੀ ਪੀਣ ਆਈ ਸੀ । ਢਾਬ ਵੀ ਉਸ ਮੋਰਨੀ ਨੂੰ ਨਹੀਂ
ਭੁੱਲਦੀ ਜਿਹੜੀ ਓਹਦੇ ਉੱਪਰੋਂ ਉੱਡ ਕੇ ਵਣਾਂ 'ਚ ਉੱਤਰ ਗਈ । ਪਾਣੀ
ਜਿਸ ਮਾਹੌਂਲ 'ਚ ਰਹਿੰਦਾ ਹੈ । ਉਸ ਆਲ਼ੇ-ਦੁਆਲ਼ੇ ਦਾ ਛਾਪਾ ਓਹਦੀ
ਅੰਦਰੂਨੀ ਬਣਤਰ 'ਚ ਲਹਿ ਜਾਂਦਾ । ਪਾਣੀ ਵਿਚਲੇ ਅਣੂਆਂ ਦੀ ਬਣਤਰ,
ਪਾਣੀ ਦੀ ਵਰਨ-ਮਾਲਾ ਦਾ ਕੰਮ ਕਰਦੀ ਹੈ ।
ਜੇ ਤੁਸੀਂ ਚਾਹ ਤਾਂ ਇਸ ਵਰਨ-ਮਾਲ਼ਾ ਵਿੱਚੋਂ ਕੋਈ ਵਾਕ ਬਣਾ
ਸਕਦੇ ਹੋ ਤੇ ਵਾਕ ਬਦਲ ਵੀ ਸਕਦੇ ਹੋ । ਹੁਣ ਕਿਹੜਾ ਸਮਝੇ ਕਿ ਭਾਈ
ਪਾਣੀਆਂ ਨੂੰ ਗਾਇਆ ਵੀ ਜਾ ਸਕਦਾ ?
ਮੈਂਨੂੰ ਭਿੱਜ-ਭਿੱਜ ਭੁੰਜੇ ਬਹਿਣ ਦੇ
ਵੇ ਮੈਂਨੂੰ ਕਣੀਆਂ ਜੋਗੀ ਰਹਿਣ ਦੇ ।
ਕਹਿੰਦੇ ਨੇ ਇੱਕ ਵਾਰੀ ਕਿਸੇ ਪਹਾੜੀ ਗੱਭਰੂ ਦੀ ਯਾਦਾਸ਼ਤ ਚਲੀ
ਗਈ । ਉਹ ਆਪਣਾ ਘਰ-ਬਾਰ, ਪਿੰਡ-ਮੁਹੱਲਾ, ਸੰਗੀ-ਸਾਥੀ ਸਭ ਕੁਝ
ਭੁੱਲ । ਅਵਾਰਾ ਕਿਸੇ ਹੋਰ ਪਿੰਡ ਦੂਰ ਵਾਦੀਆਂ 'ਚ ਭਟਕਦਾ
ਰਹਿੰਦਾ । ਇੱਕ ਦਿਨ ਕੁਦਰਤੀ ਭੌਂਦਾ ਹੋਇਆ ਉਹ ਆਪਣੇ ਘਰਾਂ ਵੱਲੀਂ
ਆਪਣੇ ਪਿੰਡ ਆ ਗਿਆ । ਉਹਨੂੰ ਪਿਆਸ ਲੱਗੀ ਤੇ ਉਹਨੇ ਉਥੇ ਸੋਹਣੇ
ਹਰੇ ਪੱਤਿਆਂ ਨੇੜੇ ਵਹਿੰਦੇ ਪਾਣੀ ਦੀਆਂ ਕਈ ਚੁਲੀਆਂ ਭਰ ਕੇ ਪੀ
ਲਈਆਂ । ਹੌਂਲ਼ੀ-ਹੌਲ਼ੀ ਉਸ ਮੁੰਡੇ ਨੂੰ ਸਭ ਭੁੱਲਿਆ ਹੋਇਆ ਚੇਤਾ ਆਉਣ
ਲੱਗਾ ਕਿਉਂਕਿ ਪਾਣੀ ਨੂੰ ਤਾਂ ਸਭ ਯਾਦ ਸੀ । ਭਾਵੇਂ ਇਹ ਕੋਈ ਬਾਤ-
ਕਹਾਣੀ ਜਿਹੀ ਲਗਦੀ ਹੈ ਪਰ ਇਸਦਾ ਸੰਬੰਧ ਉੱਪਰਲੀਆਂ ਗੱਲਾਂ ਨਾਲ਼
ਜ਼ਰੂਰ-ਜੁੜਦਾ ।
ਨਦੀਆਂ, ਤਲਾਬਾਂ ਦੇ ਨਾਂ ਅਸੀਂ ਅਲੱਗ-ਅਲੱਗ ਰੱਖ ਲਏ, ਪਰ ਹਰ
ਸੋਮੇ ਵਿੱਚ ਇੱਕੋ ਸਾਂਝਾ ਤੇ ਸੱਚਾ ਪਾਣੀ ਵਹਿੰਦਾ ਹੈ । ਵਹਾਅ ਹੀ ਪਾਣੀ
ਦਾ ਧਰਮ ਹੈ। ਇਸਦਾ ਕਿਰਦਾਰ ਹੈ ।
ਜਦ ਮਨ ਭਰਦੈ ਤਾਂ ਵੀ ਪਾਣੀ ਵਹਿੰਦੈ । ਸਕੂਨ ਦਿੰਦੈ ।
ਪਾਣੀ ਤਾਂ ਹਰ ਜਗ੍ਹਾ ਹੈ ।ਜ਼ਿੰਦਗੀ ਦੀਆਂ ਨਿੱਕੀਆਂ-ਨਿੱਕੀਆਂ
ਗੱਲਾਂ ਤੇ ਆਲ਼ੇ-ਭੋਲ਼ੇ ਵਾਕਿਆਤ ਵੀ ਪਾਣੀ ਤੋਂ ਸੱਖਣੇ ਨਹੀਂ । ਨਵੀਂ-
ਨਵੀਂ ਉਮਰ 'ਚ ਪਿਆਰ ਦੇ ਵਲਵਲੇ ਉਠੇ ਤਾਂ ਇੱਕ ਕੁੜੀ ਗਾਉਂਦੀ ਜਾ
ਰਹੀ ਸੀ:
ਮੇਰੇ ਨੈਣਾਂ ਦੀ ਰੁੱਤ ਨੂੰ ਸੇਕਦਾ ਹੈ
ਪਾਣੀ ਚੜ੍ਹ-ਚੜ੍ਹ ਕੇ ਮੈਨੂੰ ਵੇਖਦਾ ਹੈ ।
ਇਹ ਮਹਾਨ ਪਾਣੀ ਗੁਰੂਤਾਕਰਸ਼ਣ ਦੇ ਵਿਰੋਧ ਦੇ ਬਾਵਜੂਦ ਵੀ
ਅਸਮਾਨ ਛੂੰਹਦੀਆਂ ਰੁੱਖਾਂ ਦੀਆਂ ਟੀਸੀਆਂ ਤੱਕ ਜਾ ਕੇ ਉਹਨਾਂ ਨੂੰ ਹਰਾ ਰੱਖਦੇ
ਹਨ । ਪਾਣੀ ਸਾਨੂੰ ਬਹੁਤ ਪਿਆਰ ਕਰਦਾ । ਸਾਡੇ ਸਗਣ ਰਚਾਉਂਦਾ ਹੈ ।
ਮਾਂਵਾਂ ਵੀ ਪਾਣੀ ਵਾਰ ਕੇ ਪੀਂਦੀਂਆਂ । ਭਾਗ ਲਗਦੇ ਨੇ ।
ਤਾਂ ਫਿਰ ਪਾਣੀ ਦੀ ਮੁਬਾਰਕ ਤੋਰ ਸਾਨੂੰ ਖਿੱਚਦੀ ਕਿਉਂ ਨਹੀਂ ?
ਨਦੀਆਂ ਦੇ ਕੰਢੇ ਵੀਰਾਨ ਕਿਉਂ ਹੋ ਗਏ ? ਪਾਣੀ ਦੀ ਥਾਂ ਦੂਜੀ ਚੀਜ਼ ਨਹੀਂ
ਲੈ ਸਕਦੀ । ਪਾਣੀ ਸਿਰਫ਼ ਪਾਣੀ ਵਰਗਾ ਹੀ ਹੁੰਦਾ ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
2. ਧਰਤੀ ਦਾ ਸਗਣ
ਧਰਤੀਏ ਪਤਵੰਤੀਏ ! ਕੇਹੀ ਸੂਰਜਾਂ ਦੀ ਲੋਅ
ਆਦਿ ਜੁਗਾ ਦੀ ਸੱਚ ਦੀ, ਜਨਮ ਜਨਮ ਜੈ ਹੋ ।
ਕੀ ਤੁਸੀਂ ਕਦੇ ਪਰਾਂਦਿਆਂ ਦੇ ਸੱਪਾਂ, ਛੀਂਟ ਦੀਆਂ ਚਿੜੀਆਂ ਤੇ
ਮੋਰਨੀਆਂ ਕੁੜੀਆਂ ਨੂੰ ਇਕੱਠੇ ਹਰੇ ਘਾਹ 'ਤੇ ਬੈਠਿਆਂ ਦੇਖਿਆ ? ਕੀ ਤੁਸੀਂ
ਕਦੇ ਹਵਾ 'ਚ ਤਰਦੇ ਜਾਂਦੇ ਭੱਤੇ ਜਾਂ ਬਾਣੀ ਪੜ੍ਹਦੇ ਖੂਹ ਦੇਖੇ ਨੇ ? ਸੁਰਮੇ
ਦੀਆਂ ਡੱਬੀਆਂ ਖੁਲ੍ਹਦੀਆਂ ਤੇ ਸਿਓਨੇ ਦੀਆਂ ਬਰੀਕ ਬਾਲੀਆਂ
ਲਿਸ਼ਕਦੀਆਂ ਤੱਕੀਆਂ ? ਚਾਰ-ਚਾਰ ਮੂੰਹਾਂ ਵਾਲੇ ਘੁੰਗਰੂ, ਬਾਂਕਾਂ, ਤੰਦੀਰੇ
ਦੇਖੇ ਨੇ ?
ਔਲ਼ਿਆਂ ਦਾ ਸਾਦਾਪਣ ਤੇ ਕਚਨਾਰਾਂ ਦੀ ਸ਼ੋਖੀ ਤੱਕੀ ਹੈ ? ਸ਼ੀਸ਼ਿਆਂ
ਵਾਲੇ ਸ਼ਾਨਾਂ ਮੱਤੇ ਸੰਦੂਕ ਤੇ ਚੰਨਣ ਦੇ ਚਰਖੇ ਦੇਖੇ ਨੇ ਅਖਖਰੋਟਾਂ ਦੇ ਸੱਕ
ਮਲ਼ਦੀਆਂ ਅੱਲ੍ਹੜਾਂ ਤੇ ਸੱਜਰੇ ਜੁੱਸਿਆਂ ਵਾਲ਼ੇ ਸਰੂ-ਕੱਦੇ ਮੁੰਡੇ ਹੱਸਦੇ ਨਿਹਾਰੇ
ਨੇ ? ਮਿੱਤਰਾਂ ਦੇ ਫੁਲਕੇ ਪਕਦੇ ਤੇ ਫੁੱਲਾਂ ਵਾਲ਼ੀਆਂ ਬੋਤੀਆਂ ਨੱਸਦੀਆਂ
ਤੱਕੀਆਂ ?
ਜੇ ਮੈਂ ਕੱਲੀ-ਕੱਲੀ ਚੀਜ਼ ਦੱਸਣ ਬੈਠਾਂ ਤਾਂ ਸਾਰੀ ਕਿਤਾਬ ਇਹਨਾਂ
ਦੇ ਨਾਮ ਕਰਨੀ ਪਊ ।ਇਹ ਸਾਡੇ ਲੋਕਗੀਤ ਨੇ ਜਿਨ੍ਹਾਂ ਵਿੱਚ ਇਹ ਸਭ
ਦ੍ਰਿਸ਼ ਲਾਚੜ-ਲਾਚੜ ਕੇ ਉੱਠਦੇ ਨੇ ।
ਸ਼ਾਹੀ-ਕੋਸ਼ ।ਅਲਬੇਲੇ-ਗ੍ਰੰਥ ।ਖੰਡ-ਗਲੇਫ਼ਿਆ ਸਾਹਿਤ ।
ਇਹ ਗੀਤ ਜਿਹੜੇ ਬੁੱਲ੍ਹਾਂ ਦੇ ਮਾਧਿਅਮ ਰਾਹੀਂ ਹੀ ਸਦੀਆਂ ਤੋਂ ਸਫ਼ਰ
ਕਰਦੇ ਆ ਰਹੇ ਨੇ । ਦਾਦੀਆਂ-ਨਾਨੀਆਂ ਦੇ ਮੱਥਿਆਂ 'ਚ ਤੈਰਦੇ ਨੇ ।
ਜ਼ਿੰਦਗੀ ਜਿਊਣੀ ਸਿਖਾਉਂਦੇ ਨੇ । ਭਾਣਾ ਮੰਨਣ ਦੀ ਹਿੰਮਤ ਬਖ਼ਸ਼ਦੇ ਨੇ ।
ਧਰਤੀ ਦਾ ਸਗਣ ਰਚਾਉਂਦੇ ਨੇ ।ਪਿੱਪਲਾਂ-ਬੋਹੜਾਂ ਦੀ ਗੱਲ ਸੁਣਦੇ ਨੇ ।
ਇਹਨਾਂ ਗੀਤਾਂ ਦਾ ਤਸੱਵਰ ਹੀ ਜਿਵੇਂ ਠੰਢਕ ਜਿਹੀ ਦੇ ਜਾਂਦਾ ।
ਪੀੜ੍ਹੀਆਂ-ਪਰਾਂਤਾਂ ਆਪਸ ਵਿੱਚ ਸਿਰ ਜੋੜੀ ਬੈਠੀਆਂ ਦਿਸਦੀਆਂ ।
ਕਈ-ਕਈ ਰੰਗਾਂ ਦੇ ਧਾਗੇ ਜਿਹੇ ਉੱਡਣ ਲੱਗ ਜਾਂਦੇ ਨੇ ।
ਕਿਸੇ ਚਾਅ ਦਾ ਮੋਤੀਆ ਵੀ ਖਿੜਦਾ ਤੇ ਕਿਸੇ ਪੀੜ ਦਾ ਭਾਂਡਾ ਵੀ
ਪੱਕਦਾ । ਸਾਡੇ ਪਿੰਡਾਂ ਦੇ ਘਰਾਂ ਵਿੱਚ ਤਾਂ ਜਿਵੇਂ ਕੌਲੀਆਂ, ਗੜਬੀਆਂ ਤੇ
ਛੰਨੇ ਵੀ ਗੀਤ ਗਾਉਂਦੇ ਨੇ । ਅਸੀਂ ਇਹਨਾਂ ਗੀਤਾਂ ਤੋਂ ਨਿੱਖੜੇ ਹੀ ਕਦੋਂ
ਸੀ ?
ਇਉਂ ਨਹੀਂ ਲਗਦਾ ਜਿਵੇਂ ਪਰਾਗ-ਕਣਾਂ ਨਾਲ ਫੁੱਲੀ ਕਿਸੇ ਸ਼ਾਂਤ
ਜਿਹੀ ਧਰਤੀ ਉੱਤੇ ਕੋਈ ਸੱਪ ਲੀਹ ਪਾ ਕੇ ਲੰਘ ਗਿਆ ਹੋਵੇ ਜਾਂ ਕੋਈ
ਪੱਕਿਆ ਫਲ਼ ਕਿਰ ਕੇ ਡਿੱਗਿਆ ਹੋਵੇ ਤੇ ਆਲ਼ੇ-ਦੁਆਲ਼ੇ ਦੀ ਚੁੱਪ ਮਾੜੀ
ਜਿਹੀ ਟੁੱਟੀ ਹੋਵੇ ? ਜਿਵੇਂ ਭੂਰੀ ਧਰਤੀ ਉੱਤੇ ਹਿਰਨਾਂ ਦਾ ਝੁੰਡ ਖੇਡਣ
ਆਇਆ ਹੋਵੇ । ਫ਼ਸਲਾਂ ਦੀ ਮਜਾਜਣ-ਮਹਿਕ ਲੋਕ-ਗੀਤਾਂ ਵਿੱਚੋਂ ਬੋਲਦੀ ਹੈ ।
ਸਾਡੇ ਪੇਂਡੂ ਲੋਕਾਂ ਤੋਂ ਵੱਡਾ ਰੁੱਖ, ਜਾਨਵਰ ਜਾਂ ਪੰਛੀ-ਪ੍ਰੇਮੀ ਹੋਰ ਕਿੱਥੇ ਮਿਲੇਗਾ ?
ਇਹਨਾਂ ਭੈਣਾਂ ਦੇ ਵੀਰ ਕਿੱਕਰਾਂ ਨੂੰ ਮੋਤੀ ਲਾਉਂਦੇ ਕੱਚਿਆਂ ਰਾਹਾਂ ਤੋਂ
ਲੰਘਦੇ ਜਾਂਦੇ ਨੇ ।ਇਹਨਾਂ ਲੋਕਾਂ ਨੇ ਮੱਕੀਆਂ ਦਾ ਭੇਤ ਲੈਂਦੀਆਂ ਤੋਤਿਆਂ
ਦੀਆਂ ਢਾਣੀਆਂ ਵੀ ਗੀਤਾਂ ਵਿੱਚ ਉਤਾਰ ਲਈਆਂ । ਉੱਚੇ ਟਿੱਬੇ ਮੂੰਗੀ ਦਾ
ਬੂਟਾ ਚਰਦੀ ਗਾਂ ਇਹਨਾਂ ਗੀਤਾਂ ਵਿੱਚ ਅਕਸਰ ਹੀ ਦਿਸਦੀ ਹੈ । ਕੁੜੀਆਂ
ਨੀਲੇ ਘੋੜੇ ਦੇ ਅਸਵਾਰ ਬਾਰੇ ਸੋਚਦੀਆਂ-ਸੋਚਦੀਆਂ ਸੌਂ ਜਾਂਦੀਆਂ । ਇਹ
ਲੋਕ ਹਰ ਦੁਖਦ-ਸੁਖਦੇ ਡੰਗਰ-ਪਸ਼ੂ ਦੀ ਟਹਲ-ਟਕੋਰ ਕਰਦੇ ਨੇ ।
'ਸੋਹਣੀ ਰੰਨ ਦੇ ਮੁਕੱਦਮੇ ਜਾਣਾ, ਊਠਣੀ ਸ਼ਿੰਗਾਰ ਮੁੰਡਿਆ'
ਉੱਚਿਆਂ ਪਹਾੜਾਂ ਦੀ ਓਟ ਹੇਠਾਂ ਅਤੇ ਨਦੀਆਂ ਦੇ ਕਿਨਾਰਿਆਂ 'ਤੇ
ਜਦੋਂ ਸੱਭਿਅਤਾ ਦੇ ਚਿੰਨ੍ਹ ਉਜਾਗਰ ਹੋਣ ਲੱਗੇ ਤਾਂ ਇਹਨਾਂ ਗੀਤਾਂ ਨੇ ਹੀ
ਉਹਨਾਂ ਮਨੁੱਖ-ਮੰਡਲੀਆਂ ਦੇ ਨੇਤਰਾਂ 'ਚ ਤਾਜ਼ਾ ਗੁਲਾਬੀ ਰੰਗ ਭਰਿਆ ।
ਇਹ ਗੀਤ ਤਾਂ ਕੁਦਰਤ ਦੀਆਂ ਆਪਣੀਆਂ ਲਾਡਲੀਆਂ ਤਰਜ਼ਾਂ ਨੇ ।ਇਹ
ਪੈਦਾ ਨਹੀਂ ਕੀਤੇ, ਬੱਸ ਲੱਭ ਲਏ ਗਏ ।
ਸੂਰਜ ਨੂੰ ਕਦੇ ਇਹ ਦੱਸਣ ਦੀ ਲੋੜ ਨਹੀਂ ਪਈ ਕਿ ਮੈਂ ਸੂਰਜ ਹਾਂ ।
ਸੂਰਜ ਦਾ ਚਾਨਣ ਤੇ ਚੁੱਪ ਹੀ ਉਸਦੇ ਬੋਲ ਹੁੰਦੇ ਨੇ ਲੋਕ ਗੀਤਾਂ ਦੀ ਗੱਲ
ਕਰਦਿਆਂ ਵੀ ਮੈਂ ਇਸੇ ਤਰ੍ਹਾਂ ਹੀ ਕਹਿ ਸਕਦਾ ਹਾਂ ।
ਘਰਾਂ ਦੇ ਚੁੱਲ੍ਹਿਆਂ 'ਚੋਂ ਉੱਠਦੇ ਧੂੰਏਂ ਨੂੰ ਜੇ ਕੋਈ ਚੀਜ਼ ਰੌਣਕੀ ਤੇ
ਸੁਆਦਲਾ ਬਣਾ ਸਕਦੀ ਹੈ, ਉਹ ਲੋਕ ਗੀਤ ਹੀ ਹਨ ।ਛਟੀਆਂ ਦੇ
ਪਚਾਸਿਆਂ, ਗੁਹਾਰਿਆਂ ਤੇ ਕੁੱਪਾਂ ਦੁਆਲ਼ੇ ਘੁੰਮਦੇ ਇਹ ਗੀਤ ਇੱਕੋ ਸਾਂਝੇ
ਅੰਬਰ ਵੱਲ ਉੱਡ ਜਾਂਦੇ ਨੇ ।
ਛੋਲਿਆਂ ਦੀ ਕੰਡ ਜਿੰਨੇ ਲੂਣੇ ਤੇ ਮਖਿਆਲ਼ ਜਿੰਨੇ ਮਿੱਠੇ ।
ਕਦੇ-ਕਦੇ ਦੇਵਿੰਦਰ ਸਤਿਆਰਥੀ ਵਰਗਾ ਕੋਈ ਬਾਬਾ ਵੀ ਉੱਠਦਾ,
ਵਾਟਾਂ ਮਾਰਦਾ, ਘਰ ਦੇ ਛੱਤਾਂ-ਛੱਜਿਆਂ ਨੂੰ ਭੁੱਲਦਾ ਤੇ ਲੋਕ ਗੀਤ ਇਕੱਠੇ
ਕਰਦਾ । ਬੁਲ੍ਹਾਂ ਤੋਂ ਚੁੱਕ ਕੇ ਵਰਕੇ 'ਤੇ ਬਿਠਾਉਂਦਾ । ਕਿਤਾਬਾਂ ਲਿਖਦਾ ।
ਪਰ ਅਫ਼ਸੋਸ ।ਜਪੁਜੀ ਦੇ ਵਾਰਸ ਗੀਤਾਂ 'ਚ ਬਰੂਦ ਭਰ ਰਹੇ ਨੇ ਤੇ
ਨਸ਼ੇ ਵੇਚ ਰਹੇ ਨੇ । ਕਿਤੇ ਪੰਜਾਬ ਨੂੰ ਇਹਦਾ ਭੋਲ਼ਾਪਣ ਤੇ ਜ਼ਿਆਦਾ ਲਾਡ
ਤਾਂ ਨੀਂ ਮਾਰ ਰਿਹਾ ? ਖ਼ੈਰ ਹੋਵੇ ! ਲੋਕ ਗੀਤ ਗਾਵਣ ਵਾਲੇ ਬੁੱਲ੍ਹਾਂ,
ਗਲ਼ਾਂ, ਕੰਠਾਂ ਤੇ ਧੜੱਲੇਦਾਰ ਹਿੱਕਾਂ ਨੂੰ ਪ੍ਰਣਾਮ ਕਰਦਾ ਹਾਂ ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ
ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾਹ ਆਪਣੇ ।
3. ਦੂਜੀਆਂ ਰੋਹੀਆਂ ਦੂਜੇ ਟਿੱਬੇ
ਕਿਸੇ ਥਾਂ ਦਾ ਲੱਖ ਇਤਿਹਾਸਕ/ਧਾਰਮਿਕ ਮਹੱਤਵ ਹੈ ਤਾਂ ਇਸਦਾ
ਮਤਲਬ ਇਹ ਨਹੀਂ ਹੈ ਕਿ ਦੂਜੀਆਂ ਥਾਂਵਾਂ, ਦੂਜੀਂਆਂ ਰੋਹੀਆਂ, ਦੂਜੇ ਟਿੱਬੇ
ਵਿਸਾਰ ਦਿੱਤੇ । ਹਰ ਜਗ੍ਹਾ ਹਰ ਦਿਸ਼ਾ ਪਾਵਨ ਹੈ । ਅਨੂਠੀ ਹੈ ।
ਇਹਨਾਂ ਵਣਾਂ ਹੇਠਾਂ ਗੁਰਾਂ ਦੀ ਚਹਿਲਕਦਮੀ ਰਹੀ । ਇਹਨਾਂ ਮੈਦਾਨਾਂ
'ਚ ਸਾਡੇ ਸਤਿਕਾਰਤ ਇਤਿਹਾਸਕ ਪਾਤਰ ਜੰਗਾਂ-ਯੁੱਧਾਂ ਨੂੰ ਫ਼ਤਿਹ ਕਰਦੇ
ਰਹੇ । ਪਰ ਬਾਕੀ ਥਾਵਾਂ ? ਗੁਰੂਘਰਾਂ ਤੇ ਮੰਦਰਾਂ ਦੀ ਬਾਹਰਲੀ ਕੰਧ ਨਾਲ਼
ਗੰਦਗੀ ਦੇ ਢੇਰ ? ਮਤਲਬ ਨਾਨਕ ਇੱਕ ਵਲ਼ਗਣ 'ਚ ਕੈਦ ਹੋ ਗਿਆ ?
ਇੱਕ ਨਿਸ਼ਚਿਤ ਜਿਹਾ ਘੇਰਾ ਸਾਡੇ ਲਈ ਪਵਿੱਤਰ ਬਣ ਗਿਆ ।
ਉਹ ਥਾਵਾਂ ਜਿੱਥੋਂ-ਜਿੱਥੋਂ ਦੀ ਚਰਦਾ ਹੋਇਆ ਇੱਜੜ ਲੰਘਦਾ, ਘੱਟ
ਰਮਣੀਕ ਨਹੀਂ ।ਉਹਨਾਂ ਥਾਵਾਂ ਤੇ ਉੱਡਦਾ ਰੇਤਾ ਹੀ ਅਸਲ ਫ਼ਕੀਰੀ ਦਾ
ਵਾਰਿਸ ਹੈ ।
ਕਿਧਰੇ ਚੋਆਂ, ਕਿਧਰੇ ਝੰਗੀਆਂ
ਕਿਧਰੇ ਵਗਣ ਹਵਾਵਾਂ
ਇੱਥੇ ਭਾਂਤ-ਭਾਂਤ ਦੀਆਂ ਥਾਂਵਾਂ ।
ਧਰਤੀ ਦੀ ਕੀ ਗੱਲ ਕਰਦੇ ਹੋ ? ਧਰਤੀ ਤਾਂ ਪਾਣੀ ਦਿੰਦੀ ਹੈ ।
ਲੱਕੜਾਂ ਦਿੰਦੀ ਹੈ । ਲੀੜੇ ਦਿੰਦੀ ਹੈ । ਹਵਾ ? ਹਵਾ ਦੀ ਕੀ ਗੱਲ ਕਰਦੇ ਹੋ ?
ਹਵਾ 'ਚ ਤਾਂ ਫੁੱਲਾਂ ਦੇ ਬੀਜ ਹੁੰਦੇ ਨੇ । ਸਾਡੇ ਸਾਹ ਹੁੰਦੇ ਨੇ । ਗੱਲ ਤਾਂ
ਸਾਡੀ ਹੈ, ਜੋ ਕੁਦਰਤ ਤੋਂ ਪਿਛਾਂਹ ਹਟ ਰਹੇ ਹਾਂ ।
ਧਰਤੀ ਤਾਂ ਮੁੱਕਦੀ ਹੀ ਨਹੀਂ । ਹਵਾ ਤਾਂ ਦਿਸਦੀ ਵੀ ਨਹੀਂ।
ਸਾਡੇ ਪਿਆਰ ਬਿਨਾਂ ਤਾਂ ਚਿੜੀਆਂ ਵੀ ਚੁੱਪ ਹੋ ਜਾਣਗੀਆਂ ।
ਮੁਰਗਾਬੀਆਂ ਵੀ ਉਦਾਸ ਹੋ ਜਾਣਗੀਆਂ ।
ਕੀ ਤੁਸੀਂ ਬੱਸ 'ਚ ਬੈਠੇ-ਬੈਠੇ, ਪਿੱਛੇ ਛੁੱਟਦੇ ਜਾਂਦੇ ਦਰਖ਼ਤਾਂ ਜਾਂ
ਰੁੱਖੀਆਂ ਤੇ ਖੁਸ਼ਕ ਸਮਝੀਆਂ ਜਾਂਦੀਆਂ ਥਾਂਵਾਂ ਨੂੰ ਨਿਹਾਰਦੇ ਹੋ ?ਇੱਕ ਝਾਤ
ਮਾਰਦੇ ਹੋ ? ਕੀ ਤੁਸੀਂ ਇਹਨਾਂ ਥਾਂਵਾਂ ਦੀ ਦੈਵੀ-ਉਦਾਸੀ ਦੇਖੀ ਹੈ ? ਕੀ
ਤੁਹਾਨੂੰ ਕਦੇ ਲੱਗਿਆ ਹੈ ਕਿ ਇਹ ਵਲੇਵੇਂਦਾਰ ਤੇ ਨਿਰਲੇਪ ਜਿਹੇ ਟਾਹਣ
ਪਰਮਾਤਮਾ ਦੀ ਉਸਤਤ 'ਚ ਮਗਨ ਨੇ ?
ਧਰਤੀ ਦਾ ਚੱਪਾ-ਚੱਪਾ ਮੱਕਾ ਹੈ । ਮੋੜ-ਮੋੜ ਮੰਦਰ ਹੈ । ਕਈ ਵਾਰ
ਲਗਦਾ ਹੈ ਕਿ ਇਹਨਾਂ ਪਰਬਤਾਂ ਨਾਲ ਸਾਡੀ ਕੀ ਸਾਂਝ ਹੈ । ਇਹਨਾਂ ਨੂੰ
ਵੇਖ ਕੇ ਅਜੀਬ ਜਿਹਾ ਸਕੂਨ ਕਿਉਂ ਮਿਲਦਾ । ਇਹ ਖਿੱਚ ਹੀ ਹੈ ਜਿਹੜੀ
ਪਹਿਲਾਂ ਅਣ-ਦਿਸਦੇ ਮਾਹੌਲ ਵਿੱਚ ਪਲ਼ਦੀ ਹੈ ਤੇ ਅਚਾਨਕ ਜਲਵਾਨੁਮਾ
ਹੋ ਜਾਂਦੀ ਹੈ ।
ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਥਾਵਾਂ ਖਿੱਚਦੀਆਂ ਨੇ ।
ਕਿਸੇ ਹਿੱਸੇ ਪਹਾੜ, ਕਿਸੇ ਹਿੱਸੇ ਮਾਰੂਥਲ ਆਉਂਦੇ ਨੇ ।ਕਿਸੇ ਪੱਲੇ ਨਿੱਕੇ-
ਨਿੱਕੇ ਕੰਕਰ ।
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
..............................................
4. ਜੰਗਲੀ ਕਬੂਤਰੀਆਂ
ਮੈਂ ਅਕਸਰ ਦੇਖਦਾਂ ਲੇਖਕਾਂ-ਕਵੀਆ ਨੂੰ ਜਾਂ ਬਾਕੀ ਸਭ ਜਿਹੜੇ
ਲਗਾਤਾਰ ਸਰੀਰ ਨੂੰ ਭੰਡਦੇ ਰਹਿਦੇ ਨੇ । ਪਤਾ ਨਹੀਂ ਕਿਹੜੀਆਂ ਰੂਹਾਂ ਦੀ
ਗੱਲ ਕਰਦੇ ਨੇ । ਰੂਹਾਂ ਦਾ ਅਤੋਲਵਾਂਪਣ ਤੇ ਰੂਹਾਂ ਦੀ ਉਚਿਆਈ ਵੀ
ਸਰੀਰ ਦੇ ਮਾਧਿਅਮ 'ਚੋਂ ਗੁਜ਼ਰਦੇ ਨੇ । ਧਿਆਨ ਨਾਲ਼ ਅਸੀਂ ਕਦੇ ਆਪਣੇ
ਪਿੰਡੇ ਨੂੰ ਵੇਖਿਆ ਹੀ ਨਹੀਂ ।
ਆਪਣੀ ਅੱਡੀ ਦੀ ਚਤੁਰਾਈ ਤੇ ਆਪਣੀ ਚਮੜੀ ਦਾ ਜਲੌਂਅ ਹੱਡਾਂ-
ਜੋੜਾਂ ਦੀ ਸਿਆਣਪ । ਕਲਾ-ਸੰਯੁਕਤ ਉਂਗਲਾਂ ਲਾਟੂਆਂ ਵਾਂਗੂੰ ਘੁੰਮਦੇ
ਮੁਰਚੇ ਤੇ ਅੰਦਰਲੇ ਸਭ ਅੰਗਾਂ ਦੀ ਅਣਥਕ ਮਿਹਨਤ ।
ਹਾਂ, ਪੇਟ ਤਾਂ ਅਸੀਂ ਬਿਨਾਂ ਵਿਉਂਤਿਆ ਖਾ-ਖਾ ਕੇ ਵਧਾ ਰੱਖੇ ਨੇ ।
ਬਿਮਾਰੀਆਂ ਲਾ ਰੱਖੀਆਂ ਨੇ । ਸਰੀਰ ਦਾ ਕੀ ਏ ਜੀ ? ਹੋਈ ਜਾਣ ਦਿਓ
ਖਰਾਬ । ਇਹ ਤਾਂ ਮਿੱਟੀ ਏ । ਪਰ ਯਾਦ ਰੱਖਣਾ ਜੇ ਇਹ ਮਿੱਟੀ ਹੈ ਤਾਂ ਇਹ
ਮਿੱਟੀ ਦੀ ਛੁਹ ਨੂੰ ਤਾਂਘਦਾ ਵੀ ਹੈ । ਨੰਗਾ ਤੇ ਬੇਬਾਕ ਹੋਣਾ ਵੀ ਲੋਚਦਾ ।
ਪੈਰ ਕਸੇ ਹੋਏ ਬੁਟਾਂ 'ਚੋਂ ਨਿਕਲਣਾ ਵੀ ਚਾਹੁੰਦੇ ਨੇ ।
ਪਿੰਡਾ ਧੁੱਪ ਵੀ ਮੰਗਦਾ । ਸਾਡਾ ਸਰੀਰ ਹੀ ਸਾਡਾ ਬਾਗ ਹੈ । ਸਰੀਰ
ਹੀ ਆਧਾਰ ਹੈ ।ਸਰੀਰ ਕਦੇ ਝੂਠ ਨੀਂ ਬੋਲਦਾ । ਇਹਦੀ ਗੱਲ ਤਾਂ ਸੁਣੋ ।
ਅਸੀਂ ਚਾਹੀਏ ਤਾਂ ਕਿਸੇ ਵੀ ਚੀਜ਼ ਨੂੰ ਛੂਹ ਸਕਦੇ ਹਾਂ । ਰੇਤਿਆਂ,
ਪੱਥਰਾਂ, ਪੱਤਿਆਂ ਨੂੰ । ਬੇਅੰਤ ਰੰਗਾਂ ਨੂੰ ਵੇਖ ਸਕਦੇ ਹਾਂ । ਅੰਬਰ ਦੇ ਪਰਮ-
ਨੀਲੇਪਣ ਨੂੰ, ਦੂਰ ਵਿਸਤ੍ਰਿਤ ਹਰੇ ਮੈਦਾਨਾਂ ਨੂੰ, ਪਾਣੀ ਦੀ ਰੰਗ-ਹੀਣਤਾ
ਨੂੰ । ਭੱਜਣਾ ਚਾਹੀਏ ਭੱਜ ਲਈਏ, ਤੁਰਨਾ ਚਾਹੀਏ ਤੁਰ ਲਈਏ । ਧਰਤੀ
ਹਰ ਜਗ੍ਹਾ ਆਧਾਰ ਬਖ਼ਸ਼ੇਗੀ ।
ਕਹਿੰਦੇ ਨੇ ਅਫ਼ਰੀਕਾ ਦੇ ਸੰਤ ਸੱਪ ਨੂੰ ਇਸ ਕਰਕੇ ਪੂਜਦੇ ਸੀ
ਕਿਉਂਕਿ ਉਸਦਾ ਸਾਰਾ ਸਰੇਰ ਹੀ ਧਰਤੀ ਨੂੰ ਛੂਹ ਕੇ ਲਘਦਾ ਹੈ । ਸੋ, ਇਸ
ਕਰਕੇ ਸੱਪ ਦਾ ਪਿੰਡਾ ਧਰਤੀ ਦੀਆਂ ਗੁਪਤ ਤੇ ਰਹੱਸਮਈ ਗੱਲਾਂ ਦਾ ਭੇਤੀ
ਹੋਵੇਗਾ । ਜਿਨ੍ਹਾਂ ਨੂੰ ਇਹ ਆਪਣੇ ਸਿਰ ਪੇਟ ਤੇ ਪੂਛ ਨਾਲ਼ ਮਹਿਸੂਸ ਕਰਦਾ ।
ਹਮੇਸ਼ਾ ਧਰਤੀ ਨਾਲ ਜੁੜਿਆ ਰਹਿੰਦਾ । ਧਰਤੀ ਤੋਂ ਟੁੱਟਿਆਂ ਨੂੰ ਕੌਣ
ਸਾਂਭੇਗਾ ?
ਜੋ ਉੱਡੀਆਂ ਨੇ ਧੂੜਾਂ ਆਵਾਰਾ ਆਵਾਰਾ
ਉਹਨਾਂ ਦਾ ਜ਼ਿਕਰ ਕਿਉਂ ਕਿਤੇ ਵੀ ਨਾ ਹੋਇਆ ?
ਕਿ ਧਰਤੀ ਦੀ ਖ਼ਾਤਰ ਭਲਾਂ ਕੌਣ ਰੋਇਆ ?
.........................................
5. ਠੀਕਰੀਆਂ ਦਾ ਸ਼ਹਿਨਸ਼ਾਹ
ਅੱਜ ਉਹ ਪਰਬਤ ਸਾਜੇਗਾ । ਕੱਲ੍ਹ ਨੂੰ ਝਰਨੇ ਬਣਾਵੇਗਾ । ਪਰਸੋਂ
ਮਨੁੱਖਾਂ ਨੂੰ ਘੜੇਗਾ । ਇੱਥੇ ਜਾਨਵਰ ਚਰਨਗੇ । ਉੱਥੇ ਵੰਗਾਂ ਛਣਕਣਗੀਆਂ ।
ਬਸਤੀ ਸਜੇਗੀ । ਦੇਵਤੇ ਉੱਤਰਣਗੇ ।
ਬਿਲਕੁਲ ! ਇਹ ਤਾਂ ਕੋਈ ਰੱਬ ਹੀ ਹੋ ਸਕਦਾ ਹ, ਜਿਹੜਾ ਦੁਨੀਆ
ਦੀ ਸਿਰਜਣਾ ਕਰ ਰਿਹਾ ਹੋਵੇਗਾ । ਬਣਤਾਂ ਬਣਾ ਰਿਹਾ ਹੋਵੇਗਾ । ਪਰ
ਨਹੀਂ, ਇਹ ਤਾਂ ਸਾਧਾਰਨ ਜਿਹਾ ਦਿਖਾਈ ਦਿੰਦਾ ਕੋਈ ਮੁੰਡਾ ਹੈ ਜੋ ਡੂੰਘੇ
ਜੰਗਲ 'ਚ ਉੱਤਰ ਕੇ ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ਚੁਗ ਰਿਹਾ । ਇਹ
ਬੇ-ਆਬਾਦ ਥਾਵਾਂ ਤੇ ਖੱਤਾਨਾਂ 'ਚ ਕਿਉਂ ਭੌਂਦਾ ਫਿਰਦਾ ਹੈ ?
ਕੱਚ ਦਿਆਂ ਇਹਨਾਂ ਟੋਟਿਆਂ, ਪੱਥਰਾਂ, ਚਿੱਪਰਾਂ, ਟੁੱਟੇ ਪਲੇਟਾਂ-
ਪਿਆਲਿਆਂ ਨੂੰ ਹੀਰੇ-ਮੋਤੀਆਂ ਵਾਂਗ ਕਿਉਂ ਸਾਂਭ ਰਿਹਾ ? ਬੇਕਾਰ ਟੁੱਟ-ਭੱਜ
'ਕੱਠੀ ਕਰਕੇ ਇੰਨੀ ਸ਼ਾਹੀ ਤੋਰ ਕਿਉਂ ਤੁਰ ਰਿਹਾ ? ਜ਼ਰੂਰ ਕੋਈ ਪਾਗਲ
ਹੋਣਾ ।
ਆਸੇ-ਪਾਸੇ ਦਾ ਸਾਰਾ ਮਾਹੌਲ ਹੋਲ਼ੀ-ਹੌਲ਼ੀ ਗਾਉਣ ਲੱਗਾ:
ਅਨੋਖਾ , ਨਵਾਬੀ , ਇਕੱਲਾ ਤੇ 'ਕਹਿਰਾ
ਨਿਰਭਉ ਜ਼ਮੀਂ ਨੂੰ ਦਰੱਖ਼ਤਾਂ ਦਾ ਪਹਿਰਾ
ਉਹ ਧੁੱਪਾਂ ਤੇ ਧੂੜਾਂ ਤੇ ਡਲ਼ੀਆਂ ਦਾ ਚੇਲਾ
ਉਹ ਫੁੱਲਾਂ , ਫ਼ਕੀਰਾਂ , ਹਵਾਵਾਂ ਦਾ ਮੇਲਾ ।
ਰੋੜਾਂ ਠੀਕਰੀਆਂ ਦੇ ਸ਼ਹਿਨਸ਼ਾਹ ਬਾਬਾ ਨੇਕ ਚੰਦ ਲਈ ਹਮੇਸ਼ਾ ਆਪ-
ਮੁਹਾਰੇ ਪਿਆਰ ਤੇ ਸਤਿਕਾਰ ਉਪਜਿਆ ਹੈ । ਖ਼ਿਆਲਾਂ ਦਾ ਸੁਹਜ ਪੋਟਿਆਂ
'ਚ ਉਤਾਰ ਕੇ ਸਾਲਾਂ-ਬੱਧੀ ਅਣਥੱਕ ਮਿਹਨਤ ਕਰਦਾ ਰਿਹਾ ਬਾਬਾ ।
ਫਾਲਤੂ ਸਮਝਕੇ ਸੁੱਟੀਆਂ ਚੀਜ਼ਾਂ ਨੂੰ ਦੁਬਾਰਾ ਸਾਹ ਲੈਣ ਲਾ ਦਿੱਤਾ ।
ਭਾਂਤ-ਭਾਂਤ ਦੇ ਐਸੇ ਰੰਗੀਨ ਨਕਸ਼ੇ ਖਿੱਚ ਕੇ ਧਰਤੀ 'ਤੇ ਸੁਰਗ ਬਣਾ
ਦਿੱਤਾ । ਰਾਕ ਗਾਰਡਨ ਹੋਂਦ ਵਿੱਚ ਆ ਗਿਆ । ਉਸ ਨਾਲ ਜੁੜੀਆਂ
ਨਿੱਕੀਆਂ ਘਟਨਾਵਾਂ ਵੀ ਇਤਿਹਾਸ ਬਣ ਗਈਆਂ ।
ਬਾਬਾ ਦੱਸਦਾ ਹੁੰਦਾ ਸੀ ਕਿ ਰਾਕ ਗਾਰਡਨ ਵਾਲੀ ਜਗ੍ਹਾ ਬਿਲਕੁਲ
ਉਜਾੜ ਹੁੰਦੀ ਸੀ । ਹਰ ਵੇਲ਼ੇ ਸੱਪ-ਸਲੂਟੀ ਲੜਨ ਦਾ ਪੂਰਾ ਖ਼ਤਰਾ ਬਣਿਆ
ਰਹਿੰਦਾ ਸੀ । ਫਿਰ ਵੀ ਜਿਵੇਂ-ਕਿਵੇਂ ਕੁਦਰਤ ਨੇ ਇਹ ਕੰਮ ਕਰਵਾ ਹੀ
ਲਿਆ । ਉਸ ਨੇ ਰਾਤਾਂ ਦੀ ਨੀਂਦ ਝਰਨਿਆਂ 'ਚ ਵਹਾ ਦਿੱਤੀ । ਟੁੱਟੀਆਂ
ਹੋਈਆਂ ਵੰਗਾਂ ਉੱਤੇ ਉਸਦੇ ਖ਼ਾਬ ਨੱਚਦੇ ਰਹਿੰਦੇ । ਪ੍ਰੋ. ਮਹਿੰਦਰ ਸਿੰਘ
ਰੰਧਾਵਾ ਨੇ ਪੱਥਰਾਂ ਦੀ ਇਸ ਅਲੌਕਿਕ ਨਗਰੀ ਨੂੰ 'ਰਾਕ ਗਾਰਡਨ' ਦਾ ਨਾਂ
ਦਿੱਤਾ ਸੀ ।
ਪੱਥਰਾਂ ਦੀ ਗੱਲ ਛਿੜੀ ਹੈ ਤਾਂ ਕਿੰਨੀਆਂ ਗੱਲਾਂ ਪੱਥਰਾਂ ਦੀ ਉਂਗਲ
ਪਕੜ ਕੇ ਪਿੱਛੇ-ਪਿੱਛੇ ਆ ਗਈਆਂ । ਕਿੰਨੇ ਬੇਬਾਕ, ਆਜ਼ਾਦ ਤੇ ਸ਼ਾਹਾਨਾ
ਹੁੰਦੇ ਨੇ ਇਹ ਪੱਥਰ । ਯੁੱਗਾਂ ਦਾ ਪੈਂਡਾ ਤੈਅ ਕਰਦੇ ਹੋਏ ਪਤਾ ਨਹੀਂ ਕਿੱਥੋਂ
ਕਿੱਥੇ ਪੁੱਜ ਜਾਂਦੇ ਨੇ । ਜਦੋਂ ਮਨੁੱਖ ਨੇ ਹਾਲੇ ਲਿਖਣਾ ਨਹੀਂ ਸੀ ਸਿੱਖਿਆ,
ਉਹ ਉਹਨਾਂ ਪੱਥਰਾਂ ਨੂੰ ਢੂੰਡਦਾ ਫਿਰਦਾ ਰਹਿੰਦਾ ਸੀ, ਜਿਹੜੇ ਉਸਦੀਆਂ
ਭਾਵਨਵਾਂ ਨਾਲ਼ ਮੇਲ ਖਾਂਦੇ ਹੁੰਦੇ ਸੀ । ਮਤਲਬ ਜਿਸ ਤਰ੍ਹਾਂ ਦੀ ਉਸ ਵੇਲ਼ੇ
ਉਹਨਾਂ ਦੇ ਮਨ ਦੀ ਹਾਲਤ ਹੁੰਦੀ, ਉਸ ਤਰ੍ਹਾਂ ਦੇ ਰੰਗ-ਰੂਪ ਵਾਲਾ ਉਹ
ਪੱਥਰ ਲੱਭ ਲੈਂਦੇ ।
......................................................
6. ਰੱਬ ਦੀਆਂ ਲੜੀਆਂ
(ਦਾਦਾ ਜੀ ਸਰਦਾਰ ਬਚਨ ਸਿੰਘ ਨੂੰ ਸਮਰਪਿਤ)
ਕੁਝ ਧਾਗੇ ਨਜ਼ਰ ਨਹੀਂ ਆਉਂਦੇ । ਕੁਝ ਡੋਰਾਂ ਅਲੋਪ ਹੁੰਦੀਆਂ ਨੇ ।
ਹਰੇਕ ਤੰਦ ਅੱਖਾਂ ਨੂੰ ਨਹੀਂ ਦਿਸਦੀ ਤੇ ਹੱਥ ਵਿੱਚ ਵੀ ਨਹੀਂ ਫੜੀ ਜਾ
ਸਕਦੀ । ਇਹ ਡੋਰਾਂ, ਇਹ ਤੰਦਾਂ ਝਿਲਮਿਲਾਉਂਦੇ ਪਾਣੀਆਂ ਵਿੱਰ
ਭਿੱਜੀਆਂ-ਭਿੱਜੀਆਂ ਰਹਿੰਦੀਆਂ ਨੇ । ਦਲਦਲ ਵਿੱਚ ਰੀਂਗ ਰਹੇ ਕੀੜੇ ਤੋਂ ਲੈ
ਕੇ, ਪੀਂਘ ਝੂਟਦੀਆਂ ਕੁੜੀਆਂ ਤੱਕ ਹਰ ਕਿਸੇ ਨਾਲ਼ ਜੁੜੀਆਂ ਹੁੰਦੀਆਂ ਨੇ ।
ਜਗਤ ਦੇ ਅਨੂਠੇ ਆਲਮ ਨੂੰ ਗਹਿਰਾ ਤੇ ਫੁਰਤੀਲਾ ਬਣਾਉਂਦੀਆਂ ਨੇ ।
ਮੰਨ ਲਓ ਅੱਜ ਤੋਂ ਸੌ ਸਾਲ ਬਾਅਦ ਇੱਕ ਸੰਗੀਤਕਾਰ ਨੇ ਇਸ
ਧਰਤੀ 'ਤੇ ਆਉਣਾ । ਬੜੀਆਂ ਅਨੋਖੀਆਂ 'ਤੇ ਦਿਲਕਸ਼ ਤਰਜ਼ਾਂ
ਬਨਾਉਣੀਆਂ ਨੇ । ਇੱਕ ਐਥਲੀਟ ਨੇ ਵੀ ਜੰਮਣਾ ਤੇ ਦੌੜਾਂ ਵਿੱਚ ਕੋਈ
ਨਵਾਂ ਇਤਿਹਾਸ ਸਿਰਜਣਾ ਹੈ । ਕਿਸੇ ਚਿੱਤਰਕਾਰ ਨੇ ਆ ਕੇ ਚਿੱਤਰਕਾਰੀ
ਦੇ ਮਾਯਨੇ ਹੀ ਬਦਲ ਦੇਣੇ ਨੇ । ਇੱਕ ਲੜਕੀ ਨੇ ਨਾਚ-ਨ੍ਰਿਤ ਦੇ ਖੇਤਰ ਨੂੰ
ਨਵੀਂ ਸੇਧ ਦੇਣੀ ਹੈ ।
ਇਹਨਾਂ ਸਭਨਾਂ ਦੇ ਜਨਮ ਲਈ ਜ਼ੁੰਮੇਵਾਰ ਧੁੱਪਾਂ ਹੁਣੇ ਹੀ ਉੱਡਣ ਲੱਗ
ਗਈਆਂ ਨੇ । ਇਹਨਾਂ ਧੁੱਪਾਂ 'ਚ ਇੱਕ ਤੱਤ ਜਗਦਾ ਹੈ । ਉਹਨਾਂ ਦੀ ਬੋਲੀ,
ਉਹਨਾਂ ਦੇ ਅੰਗਾਂ ਦੀ ਬਣਤਰ, ਉਹਨਾਂ ਦੇ ਅਨੂਠੇ ਕੰਮ, ਇਸੇ ਤੱਤ ਦਾ
ਵਿਸਥਾਰ ਜਾਂ ਇੱਥੇ ਵਧਿਆ ਹੋਇਆ ਰੂਪ ਹੋਣਗੇ ।
ਉਹਨਾਂ ਦੇ ਹਿੱਸੇ ਦੀ ਹਵਾ, ਰਾਹ, ਬਗੀਚੇ, ਚਾਨਣ, ਛਾਂਵਾਂ ਤੇ
ਮਿੱਟੀਆਂ ਹੁਣੇ ਹੀ ਜੁੜਨ ਲੱਗ ਪਈਆਂ ਹੋਣਗੀਆਂ ਤੇ ਇੱਕ ਖ਼ਾਸ ਵਕਤ
'ਤੇ, ਕਿਸੇ ਖ਼ਾਸ ਮੌਸਮ 'ਚ, ਇੱਕ ਖ਼ਾਸ ਆਕਾਰ ਲੈ ਲੈਣਗੀਆਂ ।
ਨਵੀਆਂ ਤਰਜ਼ਾਂ ਬਣਨਗੀਆਂ । ਨਵੇਂ ਨਾਚ ਨੱਚੇ ਜਾਣਗੇ । ਸੰਸਾਰ
ਦੀ ਸੋਭ ਤੇ ਮਨੁੱਖਤਾ ਦੀ ਅਮੀਰੀ 'ਚ ਵਾਧਾ ਹੋਵੇਗਾ ।
ਕਈ ਵਾਰ ਜਦ ਤੁਸੀਂ ਲੇਖਕ ਹੁੰਦੇ ਹੋ ਤਾਂ ਅਕਸਰ ਇਹ ਸਵਾਲ ਵੀ
ਲੋਕੀਂ ਪੁੱਛਦੇ ਨੇ ਕਿ ਕੀ ਤੁਹਾਨੂੰ ਪਿਆਰ ਵਿੱਚ ਧੋਖਾ ਮਿਲਿਆ ਸੀ ਜੋ
ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ? ਪਤਾ ਨਹੀਂ ਇਹ ਧੋਖਾ ਕੀ ਹੁੰਦਾ ਹੈ ।
ਮੁਹੱਬਤ ਲੇਖਣ ਦੇ ਇਸ ਹੁਨਰ ਦਾ ਪਾਲਣ-ਪੋਸਣ ਜ਼ਰੂਰ ਕਰਦੀ ਹੈ ਪਰ
ਭਾਸ਼ਾ ਦੇ ਸੱਤਰੰਗੇ ਕਬੂਤਰ ਜੱਗ ਦਿਆਂ ਮੰਦਰਾਂ ਤੋਂ ਪਹਿਲਾਂ ਹੀ ਉੱਡਦੇ
ਹੁੰਦੇ ਨੇ । ਸੁਖ਼ਨ ਦੀਆਂ ਮੁਰਗਾਈਆਂ ਪਹਿਲਾਂ ਹੀ ਖ਼ਾਬਾਂ ਦੀ ਦਰਿਆਈ 'ਚ
ਤਰਦੀਆਂ ਹੁੰਦੀਆਂ ।
ਕਵਿਤਾ ਦੀ ਸ਼ੈਲੀ ਅਤੇ ਬਣਤਰ ਕਵੀ ਦੇ ਨਾਲ਼-ਨਾਲ਼ ਹੀ ਪਲ਼ਦੀਆਂ
ਹਨ । ਕਿੰਨਾ ਅਣ-ਲਿਖਿਆ ਸਾਹਿਤ ਆਪੋ-ਆਪਣੇ ਰਚਨਹਾਰੇ ਨੂੰ ਖੁੱਲ੍ਹੀਆਂ
ਜ਼ਮੀਨਾਂ 'ਤੇ ਪਿਆ ਉਡੀਕ ਰਿਹਾ ਹੁੰਦਾ ।
ਮੌਤ ਬਾਰੇ ਵੀ ਸਾਡੇ ਮਨਾਂ ਵਿੱਚ ਬੜੀਆਂ ਅਜੀਬ ਧਾਰਨਾਵਾਂ
ਬਿਠਾਈਆਂ ਹੋਈਆਂ ਹਨ । ਮੌਤ ਨੂੰ ਕੋਈ ਮੁਕਾਅ ਜਾਂ ਅੰਤ ਨਾ ਸਮਝੀਏ ।
ਜੋ-ਜੋ ਸਰੀਰ ਦਾ ਹਿੱਸਾ ਜਿੱਥੋਂ-ਜਿੱਥੋਂ ਆਇਆ ਸੀ, ਉੱਥੇ-ਉੱਥੇ ਚਲਾ
ਗਿਆ । ਨਵੇਂ ਨਕਸ਼ਾਂ ਦੇ ਸਨਮੁਖ ਹੋਣ । ਮੌਤ: ਇੱਕ ਮੁਬਾਰਕ ਵਕਤ ।
ਮੌਤ: ਇੱਕ ਹਸੀਨ ਵਰਤਾਰਾ ।
ਕਹਿੰਦੇ ਨਾ ਤਾਂ ਕੋਈ ਮਾਂ ਦੇ ਪੇਟ 'ਚ ਜੰਮਦਾ ਤੇ ਨਾ ਹੀ ਕਬਰਾਂ 'ਚ
ਮਰਦਾ ਹੁੰਦਾ । ਮਾਂ-ਬਾਪ ਦਾ ਮੇਲ ਧੁੱਪਾਂ ਤੇ ਓਸ ਤੱਤ, ਜਿਸਦਾ ਜ਼ਿਕਰ
ਪਿਛਲੇ ਪੰਨੇ 'ਤੇ ਆਇਆ, ਨੂੰ ਇੱਕ ਹੁਲਾਰਾ ਦਿੰਦਾ । ਇੱਕ ਪਾਕ ਸਾਧਨ
ਬਣਦਾ । ਦੂਰ-ਦੂਰ ਦੇ ਪਰਬਤਾਂ ਵਿਚਾਲ਼ੇ ਇੱਕ ਪੁਲ ਬਣਦਾ । ਸੋ,
ਸਿਰਜਣਾ ਦਾ ਇਹ ਸਮਾਂ ਬੜਾ ਸ਼ਾਂਤ ਤੇ ਸੁਰੀਲਾ ਹੋਣਾ ਚਾਹੀਦਾ ।
ਇਸ ਮੇਲ ਨੇ ਯੁੱਗਾਂ-ਯੁੱਗਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ।
ਇਸੇ ਮੇਲ 'ਚੋਂ ਭੀੜਾਂ ਵੀ ਜੰਮਦੀਆਂ । ਇਸੇ ਮੇਲ 'ਚੋਂ ਕਰਤਾਰੀ ਮਨੁੱਖ
ਵੀ ਜੰਮਦੇ ਨੇ । ਕਾਮ ਕਦੇ ਵੀ ਗੰਦੀ-ਖੇਡ ਕਹਾਉਣ ਦਾ ਹੱਕਦਾਰ ਨਹੀਂ ।
ਇਹ ਸਾਡੀ ਕੱਲੀ-ਕੱਲੀ ਕੋਸ਼ਿਕਾ ਦਾ ਆਧਾਰ ਹੈ ।
ਸੇਕ ਤੋਂ ਊਣਾ, ਸਾਕ ਤੋਂ ਊਣਾ
ਕਾਮ ਹੱਡਾਂ ਨੂੰ ਖਾਵੇ
ਲੱਜਿਆ ਤੇ ਇਖਲਾਕ 'ਚ ਬੱਝਾ
ਕੌਤਕ ਨਵੇਂ ਰਚਾਵੇ
ਜੰਗਲੀ ਧੁੱਪ ਦੇ ਬੂਟੇ ਉੱਤੋਂ
ਛਣ-ਛਣ ਕਿਰਦਾ ਜਾਵੇ
ਫਿੱਕੀਆਂ ਨੀਲੀਆਂ ਲਹਿਰਾਂ ਉੱਤੇ
ਝੂਟੇ ਖਾਂਦਾ ਆਵੇ ।
ਬੰਦਾ ਆਪਣੀ ਸ਼ਕਲ, ਆਪਣਾ ਰੰਗ-ਰੂਪ, ਆਪਣੀ ਤੋਰ, ਆਪਣੀ
ਆਵਾਜ਼, ਆਪਣੀਆਂ ਆਦਤਾਂ ਆਪਣੀ ਔਲਾਦ ਨੂੰ ਸਹਿਜ ਸੁਭਾਅ ਹੀ
ਦੇ ਦਿੰਦਾ ਹੈ । ਔਲਾਦ ਅੱਗੇ ਆਪਣੀ ਔਲਾਦ ਨੂੰ ।
ਇਹ ਸਭ ਚੀਜ਼ਾਂ 'ਚ ਵਹਾਓ ਹੈ । ਉਛਾਲ ਹੈ । ਲੜੀਦਾਰ ਜਾਦੂ ਹੈ ।
ਜਗਤ 'ਚੋਂ ਯਕਦਮ ਕੌਣ ਗਾਇਬ ਹੁੰਦਾ ਹੈ ? ਕੋਈ ਨਹੀਂ । ਕੁਝ ਵੀ
ਕਿਤੇ ਨਹੀਂ ਜਾਂਦਾ ।
ਡਲ਼ੀਆਂ, ਰੋੜੇ, ਬੂਟੇ, ਮਾਸ, ਹਵਾ ਸਭ ਰੂਪ ਬਦਲਦੇ ਨੇ ।
ਇੰਞ ਥੋੜ੍ਹਾ ਕੋਈ ਮਰਦਾ ਹੁੰਦਾ । ਉਹਦਾ ਉਹ ਪਹਿਲਾਂ ਵਾਲਾ
ਆਕਾਰ ਨਹੀਂ ਦਿਖਾਈ ਦਿੰਦਾ ਉਂਞ ਤਾਂ ਉਹ ਤੁਰਦਾ, ਭੱਜਦਾ-ਨੱਠਦਾ,
ਗੱਲਾਂ ਕਰਦਾ ਹੁੰਦਾ ਹੀ ਹੈ । ਸਾਡੇ ਸਭ ਪੁਰਖੇ ਤੇ ਆਉਣ ਵਾਲੀਂਆਂ ਸਭ
ਨਸਲਾਂ ਸਾਡੇ ਸਰੋਰ ਵਿੱਚ ਬਿਰਾਜਮਾਨ ਨੇ ।
ਬਾਬਾ ! ਤੇਰੇ ਚਿਹਰੇ ਦਾ ਲੰਬਾਪਣ, ਤੇਰੀਆਂ ਅੱਖਾਂ, ਤੇਰੀ ਤੋਰ,
ਤੇਰੀਆਂ ਨਿੱਕੀਆਂ-ਨਿੱਕੀਆਂ ਹਰਕਤਾਂ ਮੈਂ ਸੰਭਾਲ ਰੱਖੀਆਂ ਨੇ । ਕਹਿਣ ਨੂੰ
ਤੂੰ ਮੇਰੇ ਜਨਮ ਤੋਂ ਪਹਿਲਾਂ ਹੀ ਚੱਲ ਵਸਿਆ ਸੀ ਪਰ ਭੱਜਿਆ ਤੇਰਾ ਖ਼ੂਨ ਹੀ
ਫਿਰਦਾ ਮੇਰੇ ਸਿਰ ਤੋਂ ਮੇਰੇ ਪੈਰਾਂ ਤੱਕ ।
ਆਪਾਂ ਕਦੇ ਵੱਖ ਨਹੀਂ ਹੋ ਸਕਦੇ ਬਾਬਾ ।
ਆਪਾਂ 'ਕੱਠੇ ਮੇਰੀ ਧੀ ਦੇ ਨਿੱਕੇ-ਨਿੱਕੇ ਪੈਰਾਂ 'ਚ ਨੱਚਿਆ ਕਰਾਂਗੇ ।
7. ਮਾਂ ਦਾ ਬਾਗ
ਧਰਤੀ ਦੀ ਬੋਲੀ, ਧਰਤੀ ਦੀ ਲਿੱਪੀ, ਧਰਤੀ ਦਾ ਪਹਿਰਾਵਾ, ਧਰਤੀ
ਦੇ ਨਾਚ ਜਾਂ ਫਿਰ ਇਉਂ ਕਹਿ ਲਓ ਕਿ ਧਰਤੀ ਦਾ ਪੂਰਾ ਸੱਭਿਆਚਾਰ
ਬਾਗਾਂ 'ਚੋਂ ਦੇਖਿਆ ਜਾ ਸਕਦਾ । ਜੰਗਲਾਂ 'ਚੋਂ ਦੇਖਿਆ ਜਾ ਸਕਦਾ ।
ਤਪਦੇ ਪੱਥਰਾ 'ਤੇ ਕੋਈ ਤਿੱਤਲੀ ਨਹੀਂ ਆ ਕੇ ਬਹਿੰਦੀ । ਕੰਕਰੀਟ ਦੇ ਢੇਰਾਂ
ਤੇ ਕੋਈ ਚਿੜੀ ਵੀ ਖੰਭ ਝਾੜ ਕੇ ਰਾਜ਼ੀ ਨਹੀਂ ਹੁੰਦੀ । ਸਰਸਰੀ ਜਿਹੀ ਨਜ਼ਰ
ਤੁਹਾਨੂੰ ਬਾਗਾਂ ਦੇ ਹਾਣ ਦਾ ਨਹੀਂ ਕਰਦੀ । ਬਾਗਾਂ ਦੇ ਕਰਤੱਬ ਦੇਖਣ ਲਈ
ਤੁਹਾਨੂੰ ਟਾਹਣੀਆਂ ਬਣਕੇ ਲਿਫਣਾ ਪੈਂਦਾ ਹੈ ।
ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ
ਉਹ ਹੀ ਸਾਡੀ ਅਕਲ ਦਾ ਆਧਾਰ ਹੈ
ਜੋ ਜੰਗਲਾਂ ਤੇ ਪਰਬਤਾਂ ਦਾ ਪਿਆਰ ਹੈ
ਓਸੇ ਦੀ ਤੀਖਣਤਾ 'ਚ ਹੁੰਦਾ ਭਾਰ ਹੈ
ਹਰੇ ਰੰਗ ਦੀ ਅਸੀਮ ਸੱਤਾ ਮੈਨੂੰ ਨਿੱਕੇ ਹੁੰਦੇ ਤੋਂ ਹੀ ਆਪਣੇ ਘਰ ਵਿੱਚ
ਦੇਖਣ ਨੂੰ ਮਿਲੀ । ਮੈਨੂੰ ਮੇਰੀ ਮਾਂ ਨੇ ਹੀ ਸਿਖਾ ਦਿੱਤਾ ਕਿ ਪਰਿੰਦੇ ਰੱਬ ਦੇ
ਡਾਕੀਏ ਹੁੰਦੇ ਨੇ । ਜਦ ਵੀ ਘਰੇ ਉੱਗੇ ਵੇਲਾਂ-ਬੂਟਿਆਂ ਵੱਲ ਨਜ਼ਰ ਜਾਂਦੀ
ਤਾਂ ਮਾਂ ਕਦੇ ਝੁਮਕਾ ਵੇਲ ਨੂੰ ਹੱਥਾਂ ਦਾ ਸਹਾਰਾ ਦੇ ਕੇ ਕੰਧਾਂ 'ਤੇ ਨੱਚਣਾ
ਸਿਖਾ ਰਹੀ ਹੁੰਦੀ । ਕਦੇ ਪਪੀਤਿਆਂ ਦੀ ਛਤਰੀ ਹੇਠਾਂ ਬੈਠੀ ਘਾਹ ਦੀਆਂ
ਤਿੜਾਂ ਨੂੰ ਗੀਤ ਸੁਣਾ ਰਹੀ ਹੁੰਦੀ । ਕਦੇ ਮੁਸੰਮੀਆਂ ਨੂੰ ਫਲਾਂ ਦੇ ਆਉਣ
ਦੀ ਤਾਰੀਖ਼ ਪੁੱਛਦੀ ਤੇ ਕਦੇ ਤਾਜ਼ੇ ਤੋੜੇ ਪੇਠਿਆਂ ਨੂੰ ਹੱਥਾਂ ਵਿੱਚ ਇਉਂ
ਚੁੱਕੀ ਫਿਰਦੀ ਜਿਵੇਂ ਜਿਉਂਦਾ-ਜਾਗਦਾ ਨਵ-ਜੰਮਿਆਂ ਜੁਆਕ ਹੋਵੇ ।
ਉਹ ਪੰਜ-ਪਤੀਏ ਦੇ ਨਿੱਕੇ ਬੂਟਿਆਂ ਨੂੰ ਮੱਤਾਂ ਦਿੰਦੀ ਨਾ ਥੱਕਦੀ
ਤੇ ਬੁੱਢੇ ਰੁੱਖਾਂ ਕੋਲ਼ੋਂ ਲੰਘਦੀ ਸਿਰ ਢਕ ਲੈਂਦੀ ।
ਹੁਣ ਵੀ ਜਦੋਂ ਅਸ਼ੋਕਾ-ਟ੍ਰੀ 'ਤੇ ਰਹਿੰਦੀਆਂ ਚਾਮ-ਚੜਿਕਾਂ ਸ਼ਾਮ ਦੇ
ਘੁਸਮੁਸੇ 'ਚ ਬਾਹਰ ਨੂੰ ਉੱਡਦੀਆਂ ਤਾਂ ਮਾਂ ਕੱਦੂਆਂ, ਤੋਰੀਆਂ ਤੇ ਖੀਰਿਆਂ
ਦੀਆਂ ਵੇਲਾਂ ਨੂੰ ਧੂੰਆਂ ਕਰ ਰਹੀ ਹੁੰਦੀ ਹੈ । ਪਹਿਲੇ ਤਾਰੇ ਦੀ ਓਟ ਵਿੱਚ
ਕਾਹਲ਼ੀ-ਕਾਹਲ਼ੀ ਤੁਰਦੀ ਜਾਂਦੀ ਹੈ ।
ਜਾਮਣ ਕੋਲ਼ੇ ਖੜ੍ਹੀ ਮਾਂ ਜਾਮਣ ਵਰਗੀ ਹੀ ਲਗਦੀ ਹੈ ।
ਮਾਂ ਦੇ ਬਾਗ ਦੀਆਂ ਅੰਗੂਰੀਆਂ ਸਿਲ਼ਵਰ ਓਕ ਦੇ ਟਾਹਣਾਂ ਨੂੰ ਲਿਪਟ
ਕੇ ਗੁਲਾਚੀਨ ਦੇ ਬੂਟੇ ਤੋਂ ਉੱਚੀਆਂ ਉੱਠ ਜਾਂਦੀਆਂ ਤੇ ਕੋਠੇ ਨੂੰ ਹੱਥ ਪਾ ਕੇ
ਸਾਰੇ ਪਿੰਡ ਨੂੰ ਦੇਖਦੀਆਂ ਨੇ । ਮੋਟੇ ਤੇ ਖੁਰਦਰੇ ਮੁੱਢ ਵਾਲ਼ੇ ਰੁੱਖਾਂ 'ਤੇ ਜਦੋਂ
ਨਿੱਕੇ-ਨਿੱਕੇ ਬਲੂੰਗੜੇ ਚੜ੍ਹਨਾ ਸਿੱਖਣ ਖੇਡਦੇ ਨੇ ਤਾਂ ਮਾਂ ਦੀ ਖੁਸ਼ੀ ਦੇਖਣ
ਵਾਲ਼ੀ ਹੁੰਦੀ ਹੈ । ਔਲਿਆਂ ਤੇ ਨਿੰਬੂਆਂ ਦੀ ਰਲ਼ਵੀਂ ਛਾਂ 'ਚ ਚਿੜੀਆਂ,
ਤਲੋਰ ਤੇ ਤੋਤੇ ਵੀ ਨੇਮ ਨਾਲ਼ ਉੱਤਰਦੇ ਨੇ ।
ਮਿਰਚਾਂ ਦੇ ਅਧਖਿੜੇ ਫੁੱਲ ਬਾਣੀ ਦੇ ਸਲੋਕਾਂ ਵਰਗੇ ਲੱਗਦੇ ਨੇ ।
ਕਦੇ ਹਵਾ 'ਚੋਂ ਪਤੰਗੇ ਖਾਂਦੀ ਕਿਸੇ ਚਿੜੀ ਨੂੰ ਕੋਈ ਬਾਜ਼ ਪੰਜੇ 'ਚ
ਭਰ ਕੇ ਲੈ ਜਾਂਦਾ । ਕਦੇ ਚਿੜੀਆਂ 'ਕੱਠੀਆਂ ਹੋ ਕੇ ਉਹ ਨੂੰ ਭਜਾ ਵੀ
ਦਿੰਦੀਆਂ । ਅਨੋਖੇ ਦ੍ਰਿਸ਼ਾਂ ਦੀ ਲੜੀ ਕਿਸੇ ਵਕਤ ਨਹੀਂ ਟੁੱਟਦੀ । ਮਾਂ 'ਕੱਲਾ
ਸਾਡਾ ਖਿਆਲ ਹੀ ਨਹੀਂ ਰੱਖਦੀ ਸਗੋਂ ਭਾਂਤ-ਭਾਂਤ ਦੀਆਂ ਮੱਕੜੀਆਂ ਤੇ
ਤਿੱਤਲੀਂਆਂ ਨੂੰ ਵੀ ਪਾਲ਼ਦੀ ਹੈ ।
ਲਾਹਾ-ਟੋਟਾ ਪਰਖਦੀਆਂ ਉਂਗਲਾਂ ਪੰਛੀਆਂ ਨੂੰ ਦਾਣੇ ਨਹੀਂ
ਪਾਉਂਦੀਆਂ ਤੇ ਨਾ ਹੀ ਪੱਤਿਆਂ ਨੂੰ ਛੂਹ ਕੇ ਹਰੀਆਂ ਹੁੰਦੀਆਂ ।
ਦਰਿਆਦਿਲੀ ਤੇ ਮੁਹੱਬਤ ਦੇ ਕਿੱਸੇ ਅਸਮਾਨਾਂ 'ਚ ਕਿੱਕਲੀ ਪਾਉਂਦੇ ਨੇ ।
ਤਾਰਿਆਂ ਨਾਲ਼ ਦਾਈਂਆਂ-ਦੁੱਕੜੇ ਖੇਡਦੇ ਨੇ ।
ਸਾਨੂੰ ਸਾਰਿਆਂ ਨੂੰ ਕੁਆਰ ਗੰਦਲ ਦੇ ਫਾਇਦੇ ਦਸਦੀ, ਫੇੜਿਆਂ-
ਫਿੰਸੀਆਂ 'ਤੇ ਪੱਥਰ-ਚੱਟ ਦੇ ਪੱਤੇ ਬੰਨ੍ਹਦੀ ਤੇ ਤੁਲਸੀ ਦਾ ਕਾੜ੍ਹਾ ਬਣਾ ਕੇ
ਪਿਆਉਂਦੀ ਹੈ ਕਿਸੇ ਚੰਗੇ ਵੈਦ ਜਿਹੀ ਮਾਂ ।ਕਿਆਰੀਆਂ 'ਚ ਡਿੱਗੇ
ਗੁੜਹਲ ਦੇ ਫੁੱਲ ਚੁਗਦੀ ਦੇ ਬੁੱਲ੍ਹਾਂ 'ਤੇ ਖੱਖੜੀਆਂ ਦੇ ਰੰਗ ਵਰਗੀ ਮੁਸਕਾਨ
ਹੁੰਦੀ ਹੈ, ਜਿਵੇਂ ਮਿੱਟੀ ਦੇ ਕਿਸੇ ਡੂੰਘੇ ਰਾਜ਼ ਦੀ ਭੇਤਣ ਹੋਵੇ ।
ਮੈਂ ਤਾਂ ਇਸ ਬਾਗ 'ਚ ਰਾਜਕੁਮਾਰਾਂ ਵਾਂਗੂੰ ਬਹਿ ਕੇ ਬੱਸ ਕਵਿਤਾ
ਲਿਖਣੀ ਹੀ ਜਾਣਦਾ ਹਾਂ ਪਰ ਮਾਂ ਨੂੰ ਸਭ ਪਤਾ ਹੈ ਕਿ ਕਿਹੜੀ ਜੜ ਕਦੋਂ
ਹਰੀ ਹੋਣੀ ਹੈ ਤੇ ਕਿਹੜੇ ਫੁੱਲ ਨੇ ਕਦੋਂ ਕਿਰਨਾ ਹੈ ।
ਜੀ ਕਰਦੈ ਸਾਰੀ ਉਮਰ ਇਸੇ ਆਵਾਜ਼ ਦਾ ਚੋਲ਼ਾ ਪਾਈ ਰੱਖਾਂ
ਜਿਹੜੀ ਇਸ ਬਾਗ 'ਚੋਂ ਲਗਾਤਾਰ ਆਉਂਦੀ ਰਹਿੰਦੀ ਹੈ ।
ਜੋ ਜੁੜਿਆ ਸੋ ਭੁਰਨਾ ਵੀ ਹੈ ।
8. ਸਾਡੀ ਖੁੱਲ੍ਹ ਗਈ ਮੱਥੇ ਦੀ ਨਾੜ
(ਕਿਸੇ ਅੰਗਰੇਜੀ ਫ਼ਿਲਮ ਦੇ ਡਾਇਲਾਗ ਤੋਂ ਪ੍ਰੇਰਿਤ ਹੋ ਕੇ)
ਕਬੀਰ ਮਾਨਸ ਜਨਮੁ ਦੁਲੰਭ ਹੈ ਹੋਇ ਨ ਬਾਰੈ ਬਾਰ
ਜਿਉਂ ਬਨ ਫਲ ਪਾਕੇ ਭੁਇ ਗਿਰਿਹਿ ਬਹੁਰਿ ਨ ਲਾਗਹਿ ਡਾਰ ॥
ਮੈਨੂੰ ਉਹ ਵਕਤ ਯਾਦ ਆ ਰਿਹਾ ਜਦੋਂ ਮੈਂ ਮਿਰਗ ਬਣਿਆ ਜੰਗਲਾਂ
ਵਿੱਚ ੋਘੁੰਮਦਾ ਹੁੰਦਾ ਸੀ । ਸਾਡੇ ਝੁੰਡ ਵਿੱਚ ਕਿੰਨੇ ਸਾਰੇ ਮਿਰਗ ਸੀ ਜੋ ਝੀਲਾਂ
ਦੀ ਪਰਿਕਕਰਮਾ ਕਰਦੇ ਹੋਏ ਦਖਣ ਵਾਲ਼ੇ ਪਾਸੇ ਨੂੰ ਦੌੜ ਜਾਂਦੇ ਸੀ ।
ਇੱਕ ਵਾਰੀ ਮੈਂ ਨਿੱਕਾ ਜਿਹਾ ਕੀਟ ਸੀ ਜੋ ਕਿਸੇ ਪਿੰਡ ਵਿੱਚ ਉੱਗੇ
ਹਲਕੇ ਗੁਲਾਬੀ ਤਣਿਆਂ ਵਾਲ਼ੇ ਰੁੱਖ 'ਤੇ ਰਹਿੰਦਾ ਸੀ । ਕਿੰਨਾ ਵਕਤ ਮੈਂ
ਹਿਮਾਲਿਆ ਦੇ ਪੈਰਾਂ ਵਿੱਚ ਪੱਥਰ ਬਣ ਕੇ ਪਿਆ ਰਿਹਾ ।
ਮੈਨੂੰ ਪਤਾ ਨਹੀਂ ਕੀ ਕੁਝ ਯਾਦ ਆ ਰਿਹਾ ਹੈ । ਦਿਮਾਗ਼ ਦੀਆਂ
ਅਜੀਬ ਤੇ ਡੂੰਘੀਆਂ ਪਰਤਾਂ ਅੰਗੜਾਈ ਲੈ ਰਹੀਆਂ ਨੇ । ਘੁੰਮਦੀ ਹੋਈ
ਧਰਤੀ ਮਹਿਸੂਸ ਹੋ ਰਹੀ ਹੈ । ਮੈਂਨੂੰ ਅੱਜ ਪਹਿਲੀ ਵਾਰ ਗੁਰੂਤਾ-ਬਲ ਦਾ
ਅਨੋਖਾ ਅਹਿਸਾਸ ਹੋ ਰਿਹਾ ਹੈ । ਮੈਂ ਆਪਣੀਆਂ ਰਗਾਂ ਵਿੱਚ ਵਗਦੇ ਲਹੂ ਦੇ
ਵਹਾਅ ਨੂੰ ਸੁਣ ਸਕਦਾ ਹਾਂ । ਸਰੀਰ 'ਚੋਂ ਨਿਕਲਦੀਆਂ ਤਰੰਗਾਂ ਨੂੰ ਜਿਵੇਂ ਮੈਂ
ਦੇਖ ਸਕਦਾ ਹਾਂ ।
ਮੈਨੂੰ ਆਪਣੀ ਮਾਂ ਦੇ ਦੁੱਧ ਦਾ ਸਵਾਦ ਯਾਦ ਆ ਰਿਹਾ ਹੈ,
ਜਿਵੇਂ ਹੁਣੇ-ਹੁਣੇ ਹੀ ਮੇਰੇ ਮੂੰਹ ਵਿੱਚ ਘੁਲ਼ਿਆ ਹੋਵੇ ।
ਮੈਂ ਪੂਰੇ ਬ੍ਰਹਿਮੰਡ ਵਿੱਚ ਫੈਲ ਰਿਹਾ ਹਾਂ । ਪੁਲਾੜ ਨੂੰ ਮਹਿਸੂਸ ਕਰ
ਰਿਹਾ ਹਾਂ । ਇਹ ਚੱਟਾਨਾਂ, ਖਣਿਜ, ਧਾਤਾਂ, ਪਾਣੀ, ਤਾਰੇ, ਫ਼ਸਲਾਂ, ਨਿੱਕੇ-
ਨਿੱਕੇ ਖੰਭਾਂ ਵਾਲੇ ਕੀੜੇ, ਚੀਤੇ, ਸ਼ਿਕਰੇ; ਮੈਂ ਇਹਨਾਂ ਸਭ ਵਿੱਚ ਉੱਤਰ
ਆਇਆ ਹਾਂ । ਇਹ ਕੈਸਾ ਜੋੜ ਹੈ ਜੋ ਮੈਂ ਇਸ ਘੜੀ ਮਹਿਸੂਸ ਕਰ ਰਿਹਾ
ਹਾਂ । ਮੈਂ ਬੱਦਲ ਬਣ ਕੇ ਧਰਤੀ ਉੱਪਰ ਉੱਡਿਆ ਫਿਰਦਾ ਹਾਂ ਤੇ ਉਸੇ ਹੀ
ਵਕਤ ਧਰਤੀ 'ਤੇ ਤੁਰ ਵੀ ਰਿਹਾ ਹਾਂ ।
ਲਿਚਕਦੇ ਹੋਏ ਹੱਡ ਲਿਸ਼ਕਣ ਲੱਗ ਪਏ ਨੇ ।
ਸਦੀਆਂ ਤੋਂ ਬੱਝੀਆਂ ਗੰਢਾਂ ਟੁੱਟ ਗਈਆਂ ਨੇ ।
..........................................
9. ਛਾਵਾਂ ਹੱਥ ਸਾਰੰਗੀਆਂ
ਕਵਿਤਾ ਕੀ ਹੈ ? ਇਸ ਗੱਲ ਨੂੰ ਲੈ ਕੇ ਅਕਸਰ ਸਾਹਿਤਕ ਹਲਕਿਆਂ
ਵਿੱਚ ਬਹਿਸ ਛਿੜੀ ਰਹਿੰਦੀ ਹੈ ਤੇ ਬੜੇ ਸੁਆਲ ਵੀ ਉੱਠਦੇ ਨੇ:
. ਕੀ ਕਵਿਤਾ ਨਿਰੋਲ ਲੋਕ-ਪੀੜਾ ਦਾ ਚਿਤਰਣ ਹੈ ?
. ਕੀ ਕਵਿਤਾ ਸਾਡੇ ਤਜਰਬਿਆਂ ਦੀ ਸਾਖੀ ਮਾਤਰ ਹੈ ?
. ਕੀ ਕਵਿਤਾ ਵਿਸ਼ੇ ਦੀ ਗੰਭੀਰਤਾ ਨੂੰ ਹੀ ਮੰਨਿਆਂ ਜਾ ਸਕਦਾ ਹੈ ?
. ਕੀ ਕੇਵਲ ਲੈਅ-ਤਾਲ ਨਾਮ ਦੀ ਕੋਈ ਸੁਹਜਾਤਮਿਕ ਚੀਜ਼ ਹੀ ਕਵਿਤਾ ਹੈ ?
. ਕੀ ਕਵਿਤਾ ਮਹਿਬੂਬ ਦੇ ਪਿੰਡੋਂ 'ਉੱਡੀਆਂ ਚਿੜੀਆਂ ਦਾ ਹੀ ਕੋਈ ਰੂਪ ਹੈ ?
. ਕੀ ਕਵਿਤਾ ਬ੍ਰਹਿਮੰਡ ਦੀ ਧੁੰਨੀ 'ਚੋਂ ਉੱਠੀ ਕੋਈ ਰਹੱਸਮਈ ਹੂਕ ਹੈ ?
ਇਸ ਤਰ੍ਹਾਂ ਦੇ ਸੁਆਲਾਂ 'ਚ ਆਮ ਮਾਨਸਿਕਤਾ ਦਾ ਉਲਝਣਾ ਤੇ
ਹੈਰਾਨ-ਪਰੇਸ਼ਾਨ ਹੋਣਾ ਸੁਭਾਵਿਕ ਹੀ ਹੈ । ਸਿਹਤਮੰਦ ਸਾਹਿਤਕ ਹਿਰਦਿਆਂ
ਨੂੰ ਪਤਾ ਹੈ ਕਿ ਕਵਿਤਾ ਦਾ ਝੰਡਾ ਫੇਰ ਵੀ ਪਰਿਲਾਂ ਵਾਲ਼ੀ ਅਦਾ ਨਾਲ਼ ਹੀ
ਝੂਲੇਗਾ ਚਾਹੇ ਇਹਨਾਂ ਗੋਸ਼ਟੀਆਂ 'ਚੋਂ ਲੱਖ ਨਵੇਂ ਸਿੱਟੇ ਕੱਢ ਲਏ ਜਾਣ ।
ਮੈਂ ਸੋਚਦਾਂ ਕਿ ਸਾਡੇ 'ਗੂੜ੍ਹ-ਗਿਆਨੀ' ਮੱਥਿਆਂ ਨੇ ਕਦੇ ਇਹ ਕਿਉਂ
ਨਹੀਂ ਮਹਿਸੂਸ ਕੀਤਾ ਕਿ ਕਵਿਤਾ ਹਵਾ ਦੀਆਂ ਤਹਿਆਂ 'ਚ ਬੈਠੀ ਉਹ
ਚੀਜ਼ ਹੈ ਜੋ ਅੱਖਰਾਂ ਤੇ ਸ਼ਬਦਾਂ ਦੀਆਂ ਪੁਸ਼ਾਕਾਂ ਤੋਂ ਬਿਨਾਂ ਵੀ ਵਿਚਰ
ਸਕਦੀ ਹੈ, ਬਲਕਿ ਵਿਚਰਦੀ ਹੈ । ਸਾਡੇ ਕਵੀ ਕਵਿਤਾ ਦੇ ਉਸ ਆਜ਼ਾਦ
ਜਿਹੇ ਆਕਾਰ ਨੂੰ ਆਪੋ-ਆਪਣੀ ਸੂਝ ਦੇ ਝੱਗੇ ਪੁਆ ਦਿੰਦੇ ਨੇ, ਜੋ ਅਕਸਰ
ਕਵਿਤਾ ਦੇ ਮੇਚ ਨਹੀਂ ਆਉਂਦੇ ।
ਕਵਿਤਾ ਤਾਂ ਇਥੇ ਹੈ ਹੀ ਤੇ ਹਮੇਸ਼ਾ ਰਹਿਣੀ ਵੀ ਹੈ, ਭਾਵੇਂ ਅਸੀਂ
ਲਿਖੀਏ ਜਾਂ ਨਾ ਲਿਖੀਏ ।ਉੱਪਰ ਜਿਨ੍ਹਾਂ ਛੇ ਸ਼੍ਰੇਣੀਆਂ ਦਾ ਜ਼ਿਕਰ ਕੀਤਾ
ਗਿਆ ਹੈ, ਕਵਿਤਾ ਵਿੱਚ ਬੇਸ਼ੱਕ ਇਹਨਾਂ 'ਚੋਂ ਕੋਈ ਵੀ ਅੰਸ਼ ਹੋਵੇ; ਪਰ
ਸੁਆਲ ਇਹ ਹੈ ਕਿ ਕੀ ਇਹ ਅੰਸ਼ ਬ੍ਰਹਿਮੰਡੀ-ਅਖਾੜੇ ਵਿੱਚ ਆਪਣੀ ਦਿੱਬ-
ਦ੍ਰਿਸ਼ਟੀ ਦੀ ਕੋਈ ਪੈੜ ਛੱਡ ਰਿਹਾ ਹੈ ਤੇ ਮਨੁੱਖੀ ਚੇਤਨਾ ਨੂੰ ਆਪਣੇ ਨਾਲ਼
ਤੋਰਦਾ ਹੋਇਿਆ ਕਿਸੇ ਖੁੱਲ੍ਹੇ ਮੈਦਾਨ ਵਿੱਚ ਲੈ ਕੇ ਆਉਂਦਾ ਹੈ ਜਿੱਥੇ ਬਿਨਾਂ
ਭੇਦ-ਭਾਵ ਦੇ ਸਾਰੇ ਇੱਕੋ ਸਮਤਲ ਜ਼ਮੀਨ 'ਤੇ ਨੱਚ ਸਕਦੇ ਹਨ ?
.................................................................
10. ਕਿਹੜਾ ਪੰਛੀ ਕੀ ਚੁਗਦੈ
ਤਾਰੇ ਅਸਮਾਨਾਂ ਦਾ ਸਾਹਿਤ ਹੁੰਦੇ ਨੇ । ਸਾਡੇ ਸਾਹਿਤ ਦੇ ਨਕਸ਼ੇ ਵੀ ਤਾਰਿਆਂ ਦੀ ਫ਼ਕੀਰੀ ਨੂੰ ਸੰਬੋਧਿਤ ਹੋਣ । ਉੱਚਿਆਂ ਪਹਾੜਾਂ ਤੇ ਦਿਲਦਾਰ ਤਲਾਬਾਂ ਨੂੰ । ਕਾਮੇ ਬੰਦਿਆਂ ਦੇ ਮੁਬਾਰਕ ਹੱਥਾਂ ਨੂੰ । ਕੰਨਾਂ ਦਿਆਂ ਕਾਂਟਿਆਂ ਤੇ ਮਰੂਏ ਦਿਆਂ ਫੁੱਲਾਂ ਨੂੰ । ਹਰੀਆਂ ਗੰਦਲਾਂ ਅਤੇ ਸਰਕੜਿਆਂ ਦੀ ਨਿਰਲੇਪਤਾ ਨੂੰ ।
ਸਾਹਿਤ ਮਿੱਟੀ ਵਾਂਗ ਭੁਰਭੁਰਾ ਤੇ ਚੱਟਾਨਾਂ ਵਾਂਗ ਦਲੇਰ ਹੋਵੇ ।
ਗੂੜ੍ਹੇ-ਹਰੇ ਤੇ ਸਿੱਲ੍ਹੇ ਹਨ੍ਹੇਰੇ ਜਿੰਨਾ ਖ਼ੁਸ਼ਬੂਦਾਰ ।
ਚੰਗਾ ਸਾਹਿਤ ਆਪਣੇ ਆਪ ਵਿੱਚ ਤਾਕਤ ਤੇ ਖੁਸ਼ੀ ਦਾ ਸਮੁੰਦਰ ਹੁੰਦਾ ਹੈ । ਉਹ ਭੀੜਾਂ ਵਿੱਚ ਵੀ ਜਗਦਾ ਹੈ । ਸੰਕਟ ਵਿੱਚ ਵੀ ਹੱਸਦੈ । ਕੱਚੀ ਕੁੱਟੀਆ ਵਿੱਚ ਵੀ ਚਾਨਣ ਦੇ ਫੁੱਲ ਖਿੜ ਜਾਂਦੇ ਨੇ । ਜੁਲਾਹਿਆਂ ਦੀਆਂ ਖੱਡੀਆਂ ਵੀ ਮੱਕਾ ਬਣ ਜਾਂਦੀਆਂ ।
ਚੰਗਾ ਸਾਹਿਤ ਕੀੜੀਆਂ ਦਾ ਧਰਮ ਹੈ ।
ਜਨੌਰਾਂ ਦੀ ਆਰਾਧਨਾ ਹੈ ।
ਐਸੇ ਕਾਵਿ 'ਚੋਂ ਨਿਵੇਕਲੇ ਤਣਿਆਂ ਦੀ ਵਾਸ਼ਨਾ ਉੱਠਦੀ ਹੈ । ਇਹ ਸਾਰੀ ਦੁਨੀਆ ਨੂੰ ਉਸ ਤਰਾਂ ਦੇਖਦਾ ਹੈ ਜਿਵੇਂ ਖੰਭ ਫੈਲਾ ਕੇ ਉੱਡਦੇ ਜਾਂਦੇ ਪੰਛੀ ਉੱਪਰੋਂ ਦੇਖਦੇ ਹੋਣਗੇ । ਅਸਮਾਨ ਦਾ ਨੀਲਾਪਣ ਆਪਣੇ ਸਹੀ ਅਰਥਾਂ 'ਚ ਉੱਭਰ ਕੇ ਆਉਂਦਾ ।
ਦਿਲ-ਢਾਹੂ ਗੱਲਾਂ ਦੀ ਸਾਹਿਤ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ । ਸਾਹਿਤ ਨੂੰ ਜਾਪੁ ਸਾਹਿਬ ਚੰਗਾ ਲਗਦਾ । ਧਰਤੀ ਦੀ ਬਾਤ ਹੀ ਚੰਗੀ ਲਗਦੀ ਹੈ । ਬਾਜ਼ਾਂ ਦਾ ਹੁਸਨਾਕ ਪਿੰਡਾ ਚੰਗਾ ਲਗਦੈ ।
ਸਹਿਜਤਾ ਨਾਲ ਕੀਤੀ ਹਰ ਗੱਲ ਸਾਹਿਤਕ ਹੈ । ਘਰਾਂ ਦੇ ਵਿਹੜਿਆਂ ਦੀਆਂ ਮਿੱਠੀਆਂ ਤੇ ਨਿੱਕੀਆਂ-ਨਿੱਕੀਆਂ ਗੱਲਾਂ 'ਚੋਂ ਗੀਤ ਨਿੱਕਲ ਆਉਂਦੇ ਨੇ:
ਦੋ ਮੰਜੀਆਂ ਤੇ ਇੱਕ ਜੰਗਲਾ ਵੇ ਬਾਬਲਾ
ਸੁਰਗਾਂ ਤੋਂ ਸੋਹਣਾ ਤੇਰਾ ਬੰਗਲਾ ਵੇ ਬਾਬਲਾ ।
ਸ਼ਬਦ ਉਹੀ ਜੋ ਵਕਤ ਆਉਣ 'ਤੇ ਤੀਰਾਂ ਦੀਆਂ ਤੰਦਾਂ ਬਣ ਜਾਣ । ਜ਼ੁਲਮ 'ਤੇ ਭਾਰੇ ਪੈਂਦੇ ਰਹਿਣ । ਨਹੀਂ ਤਾਂ ਪਾਣੀਆਂ ਸੰਗ ਵਹਿੰਦੇ ਰਹਿਣ ।
ਜੇ ਸਾਹਿਤ ਦਾ ਮਣਕਾ ਕਿਤੇ ਫ਼ਿਰਤੂ ਪੈਰਾਂ ਨਾਲ ਖਹਿ ਜਾਵੇ ਤਾਂ ਸਾਹਿਤ ਚੋਟੀ 'ਤੇ ਬੈਠ ਕੇ ਤਾਰਿਆਂ ਦੇ ਗੀਟੇ ਖਿਲਾਰਦਾ । ਐਸੇ ਸਾਹਿਤ ਦੇ ਰਚੇਤਾ ਨੂੰ ਦੁਨੀਆ ਭਰ ਦੇ ਮਹਾਨ ਰੁੱਖ ਆਪਣੇ ਕੋਲ ਸੱਦਣ ਲਈ ਉਤਾਵਲੇ ਹੋ ਜਾਂਦੇ ਨੇ ।
ਹੇ ਮਾਲਕ ! ਮੇਰੇ ਤਨ 'ਤੋਂ ਜੰਗਲੀ ਮਿੱਟੀ ਝੜਦੀ ਕਰ ਦੇ ।
ਕਈ ਕਵਿਤਾਵਾਂ ਬਿਨ ਕਾਗਜ਼ਾਂ-ਕਲਮਾਂ ਤੋਂ ਲਿਖੀਆਂ ਜਾਂਦੀਆਂ ।
ਕਿਰਸਾਨ ਜੋ ਤੜਕੇ ਸੂਰਜ ਨੂੰ ਜਗਾਉਂਦਾ ਤੇ ਧੁੱਪਾਂ 'ਚ ਜ਼ੋਰ ਮਾਰਦਾ!
ਹਵਾ ਬਣ ਕੇ ਉਹਨਾਂ ਲੋਟੂਆਂ ਦੇ ਘਰਾਂ 'ਚ ਵੀ ਸਾਹ ਵੰਡਦਾ ਜਿਹੜੇ
ਉਹਦੇ ਖ਼ੂਨ ਵਿੱਚ ਆਪਣੀਆਂ ਦਾਲਾਂ ਰਿੰਨ੍ਹਦੇ ਨੇ ।
ਕਿਰਸਾਨ ਕੇਵਲ ਫ਼ਸਲਾਂ-ਬੂਟਿਆਂ ਦੀ ਹੀ ਖੇਤੀ ਨਹੀਂ ਕਰਦਾ,
ਕਿਰਸਾਨ ਵਿਚਾਰਾਂ ਦੀ ਖੇਤੀ ਵੀ ਕਰਦਾ ।
ਅੰਤਾਂ ਦਾ ਉਸਾਰੂ । ਵੱਟਾਂ ਪਾਉਂਦਾ । ਸਰਬੋਤਮ ਸ਼ਾਇਰ ।
ਉਹਦੀ ਢੂਹੀ ਉੱਤੇ ਚੋਂਦਾ ਮੁੜ੍ਹਕਾ ਵਿਸ਼ਵ ਦੀਆਂ ਮਹਾਨ ਕਵਿਤਾਵਾਂ
'ਚੋਂ ਇੱਕ ਹੈ । ਸਮਿਆਂ ਨੇ ਉਹਨੂੰ ਉਜੱਡ, ਗੰਵਾਰ, ਬੂਝੜ ਜਾਂ ਖਾੜਕੂ
ਕਿਹਾ ਪਰ ਉਹ ਤਾਂ ਸਿੱਟਿਆਂ ਉੱਤੋਂ ਉੱਡੀਆਂ ਚਿੜੀਆਂ ਨਾਲ਼ ਆਪ ਵੀ
ਉੱਡਦਾ ।
ਸਿਆੜ ਕੱਢਦੇ ਕਿਰਸਾਨ ਨੂੰ ਤੁਸੀਂ ਕਵਿਤਾ ਲਿਖਣੀ ਸਿਖਾਓਗੇ ?
ਉਹ ਤੁਹਾਡੇ ਕਾਫ਼ੀਏ-ਰਦੀਫ਼ਾਂ ਨੂੰ ਘੁੱਗੀਆਂ-ਗਟਾਰਾਂ ਬਣਾ ਕੇ ਉਡਾ
ਦੇਵੇਗਾ ।
ਚਾਦਰਾਂ ਕੱਢਦੀਆਂ, ਦਰੀਆਂ ਖੇਸ ਬੁਣਦੀਆਂ, ਦੇਹਲ਼ੀਆਂ
ਲਿੱਪਦੀਆਂ, ਸਾਗ ਰਿੰਨ੍ਹਦੀਆਂ ਮਾਈਆਂ ਨੇ ਸਾਡੀ ਇਸ ਕਿਤਾਬੀ ਕਵਿਤਾ
ਦਾ ਆਚਾਰ ਪਾਉਣਾ ?
ਮੇਰੀਆਂ ਅੱਖਾਂ ਦੇ ਵਿੱਚ ਤੂੰ ਪਾ ਅੱਖਾਂ
ਮੈਂ ਬੀਬਾ ਪੁੱਤ ਕਿਰਸਾਨ ਦਾ ਹਾਂ
ਮੇਰੇ ਬਾਪ ਦੀ ਕਲਗ਼ੀ ਟੁੱਕਣ ਜੋ
ਸਭ ਟਿੱਡੀਆਂ ਨੂੰ ਮੈਂ ਜਾਣਦਾ ਹਾਂ ।
ਕੀ ਕੁਦਰਤ ਤੋਂ ਵੱਡਾ ਧਾਰਮਿਕ ਗ੍ਰੰਥ ਕਿਤੇ ਹੋਰ ਹੈ ? ਗੁੰਬਦਾਂ ਦੀਆਂ
ਗੋਲ਼ਾਈਆਂ ਨੂੰ ਹੀ ਧਾਰਮਿਕਤਾ ਦਾ ਆਧਾਰ ਮੰਨਣ ਵਾਲ਼ਿਆਂ ਨੂੰ ਪਤਾ
ਹੋਣਾ ਚਾਹੀਦਾ ਕਿ ਧੁੱਪਾਂ ਵੀ ਧਾਰਮਿਕ ਹੁੰਦੀਆਂ ਨੇ । ਚਹੁੰ ਕੰਨੀਉਂ ਸੰਪੂਰਨ ।
ਆਖਦੇ ਨੇ ਕਿ ਹਰ ਚੀਜ਼ ਆਪਣਾ ਇਤਿਹਾਸ ਲਿਖਣ ਵਿੱਚ ਰੁੱਝੀ
ਹੋਈ ਹੈ । ਮਹਾਨ ਪਰਬਤਾਂ ਤੋਂ ਖਿਸਕਦੀਆਂ ਚਟਾਨਾਂ, ਪਰਬਤਾਂ 'ਤੇ ਝਰੀਟਾਂ
ਛੱਡ ਜਾਂਦੀਆਂ ਨੇ ।
ਕਣੀਆਂ ਪੱਥਰਾਂ 'ਤੇ ਡੱਬ ਜਿਹੇ ਪਾ ਜਾਂਦੀਆਂ ਨੇ ਜਾਂ
ਕੰਧਾਂ ਤੇ ਕੁਝ ਲਿਖ ਜਾਂਦੀਆਂ ਨੇ ।
ਧਰਤੀ ਅਣਗਿਣਤ ਤਰ੍ਹਾਂ ਦੇ ਹਸਤਾਖ਼ਰਾਂ ਨਾਲ ਭਰੀ ਪਈ ਹੈ ।
ਕੀ ਤੁਹਾਨੂੰ ਨਹੀਂ ਲਗਦਾ ਕਿ ਸਾਹਿਤ ਵਿੱਚ ਇਹਨਾਂ ਡੱਬਾਂ ਤੇ
ਝਰੀਟਾਂ ਦੇ ਅਨੁਵਾਦ ਲਈ ਵੀ ਕੋਈ ਰਾਖਵਾਂ ਥਾਂ ਹੋਣਾ ਚਾਹੀਦਾ ਹੈ ? ਕੀ
ਲੰਘੀ ਵਿਸਾਖੀ ਤੋਂ ਬਾਅਦ ਖਿੜੇ ਜਾਮਣ ਦੇ ਫੁੱਲ, ਸਾਹਿਤ ਵਿੱਚ ਨਹੀਂ
ਖਿੜ ਸਕਦੇ ?
ਕੀ ਸਰ੍ਹੋਆਂ ਦੇ ਸਿਰ ਗੁੰਦਣ ਵੇਲੇ ਧੁੱਪ ਬੁੱਲ੍ਹਾਂ ਵਿੱਚ ਜੋ ਕੁਝ ਬੋਲਦੀ
ਹੈ, ਉਸ ਨੂੰ ਕਾਗਜ਼ 'ਤੇ ਉਤਾਰਨ ਦਾ ਹੀਆ ਕੋਈ ਨਹੀਂ ਕਰ ਸਕਦਾ ? ਕੀ
ਚਾਨਣ ਦੇ ਘੁੱਗੂ-ਘੋੜੇ ਕਿਤਾਬਾਂ 'ਚ ਨਹੀਂ ਨੱਚ ਸਕਦੇ ? ਕੀ ਸਾਕੀਆਂ-
ਸ਼ਰਾਬਾਂ 'ਤੇ ਬੇਵਫ਼ਾਈਆਂ ਦਾ ਨਾਮ ਹੀ ਸਾਹਿਤ ਹੈ ?
ਜਦੋਂ ਵੀ ਕਿਸੇ ਨੇ ਚੋਂਦੀਆਂ ਧੁੱਪਾਂ ਨੂੰ ਵਰਕਿਆਂ 'ਤੇ ਦਰਜ ਕੀਤਾ
ਤਾਂ ਇਹ ਪ੍ਰਾਚੀਨ ਸੰਸਕ੍ਰਿਤੀ, ਇਹ ਨੱਗਰ-ਖੇੜੇ, ਇਹ ਬਾਗ, ਇਹ ਤਲਾਅ
ਤੇ ਇਹ ਜੰਗਲ ਇੱਕੋ ਸੁਰ ਵਿੱਚ ਇਕੱਠੇ ਬੋਲੇ:
ਅਸੀਂ ਤੇਰਾ ਸਵਾਗਤ ਕਰਦੇ ਹਾਂ ਜਿਓਣ ਜੋਗਿਆ ।
ਰਾਤ ਨਾਲ ਬਾਤ, ਬਾਤ ਨਾਲ ਝਾਤ, ਝਾਤ ਨਾਲ ਮਾਤ ਜੋੜ ਕੇ ਜਾਂ
ਮਹਿਜ਼ ਕਾਫ਼ੀਏ ਮਿਲਾ ਕੇ ਕੁਝ ਨਹੀਂ ਹੋਣ ਲੱਗਾ ।
ਅਸਲੀ ਗੀਤ ਤਾਂ ਮਿੱਟੀ 'ਚ ਦੱਬੇ ਪਏ ਨੇ ।
ਦਰੱਖ਼ਤਾਂ 'ਤੇ ਛਾਂਲਾਂ ਮਾਰ ਰਹੇ ਨੇ ।
ਜੇ ਕੁਝ ਗਾਉਣ ਹੀ ਲੱਗੇ ਹੋ ਤਾਂ ਸੱਪ ਦੀ ਕੰਜ ਨੂੰ ਗਾਓ । ਅੱਕਾਂ ਅਤੇ ਕਪਾਹਾਂ
ਦੇ ਫੁੱਲਾਂ ਨੂੰ ਗਾਓ । ਪਿੱਪਲਾਂ ਦੇ ਪੱਤਿਆਂ ਨੂੰ ਗਾਓ ਜਿੰਨ੍ਹਾਂ ਨੂੰ
ਹਜ਼ਾਰਾਂ ਬੋਲੀਆਂ ਕੰਠ ਨੇ । ਸਾਹਿਤ ਸਭਾਵਾਂ ਦੀਆਂ ਮੀਟਿੰਗਾਂ 'ਚ
ਦੋ ਸਮੋਸੇ ਖਾ ਕੇ ਚਾਰ ਗ਼ਮ ਦੀਆਂ ਗ਼ਜ਼ਲਾਂ ਸੁਨਾਉਣਾ ਹੀ
ਸਾਹਿਤਕਾਰ ਹੋਣਾ ਨਹੀਂ ਹੁੰਦਾ ।
ਅਸਲੀ ਸਾਹਿਤਕਾਰ ਧੁੱਪ ਦੇ ਰੰਗਾਂ ਦਾ ਵਿੱਥਿਆਕਾਰ ਹੁੰਦਾ ਹੈ ।
ਉਸ ਨੂੰ ਪਤਾ ਹੁੰਦਾ ਕਿ ਕਿਹੜਾ ਪੰਛੀ ਕੀ ਚੁਗਦੈ ਤੇ ਕਿੱਥੇ ਬਹਿੰਦੈ । ਫੁੱਲਾਂ-ਫ਼ਸਲਾਂ ਦੇ ਨਾਲ
ਸਾਹਿਤ ਵੀ ਉਸੇ ਹੀ ਸੂਰਜ ਥੱਲੇ ਪੱਕਦੈ । ਉੱਡਿਆ ਧਰਤੀ 'ਤੇ ਵੀ
ਜਾ ਸਕਦਾ । ਤੁਰਿਆ ਅਸਮਾਨਾਂ 'ਤੇ ਵੀ ਜਾ ਸਕਦਾ ।
ਚੰਗਾ ਸਾਹਿਤ ਪੜ੍ਹਨ ਵਾਲ਼ੇ ਨੂੰ ਨਿਵੇਕਲੀ ਧਰਤ 'ਤੇ ਲੈ ਜਾਂਦਾ ।
ਬਾਬਾ ਨਾਨਕ, ਜਿਸਨੇ ਹਵਾਵਾਂ 'ਚ ਸੁੱਤਾ ਰੇਸ਼ਮ ਜਗਾਇਆ ।
ਉਨੀਂਦੇ ਥਲਾਂ ਨੂੰ ਹਿੱਕ ਨਾਲ਼ ਲਾ ਕੇ ਥਾਪੜਿਆ । ਜੀਹਦੇ ਪੈਰਾਂ ਨੇ ਧਰਤੀ
ਦੀ ਗੋਲ਼ਾਈ ਤੱਕੀ । ਜਿਹੜਾ ਪਰਬਤਾਂ ਨੂੰ ਸਰ ਕਰਦਾ ਰਿਹਾ ਤੇ ਫਿਰ ਪਾਣੀ
'ਚ ਘੁਲ਼ ਕੇ ਮੈਦਾਨਾਂ ਵਿੱਚ ਆਉਂਦਾ ਰਿਹਾ । ਅਚਾਨਕ ਮੇਰਾ ਧਿਆਨ ਉਸ
ਦੀ ਦਰਵੇਸ਼-ਦਿਲਰੁਬਾ ਰਚਨਾ ਦੀਆਂ ਇਹਨਾਂ ਪਰਮ-ਪੰਕਤੀਆਂ ਵੱਲ ਚਲਾ
ਗਿਆ ਹੈ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਨਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥
ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥1॥ਰਹਾਉ॥
ਸ਼ਾਇਦ ਇਸੇ ਨੂੰ ਕਹਿੰਦੇ ਨੇ ਸਮੇਂ ਤੋਂ ਪਾਰ ਦਾ ਲਿਖਣਾ । ਸਮਾਂ ? ਵੈਸ
ਸਮਾਂ ਕੀ ਹੁੰਦਾ ? ਸਮਾਂ ਮੈਨੂੰ ਕਦੇ ਬੀਤਦਾ ਮਹਿਸੂਸ ਨਹੀਂ ਹੁੰਦਾ । ਹਮੇਸ਼ਾ
ਇੱਕ ਖਲੋਤੀ ਚੀਜ਼ ਵਰਗਾ ਲੱਗਿਆ । ਧੁੰਦ ਵਾਂਗ ਵਿਆਪਕ ਪਸਾਰੇ ਵਿੱਚ
ਇਕੋ ਬਲਵਾਨ ਹੋਂਦ ਨਾਲ ਪਸਰਿਆ ਹੋਇਆ ।
ਕਦੇ ਵੀ ਸਮੇਂ ਨੂੰ ਵਰਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ, ਪਰ
ਅਸੀਂ ਵੰਡ ਲੈਂਦੇ ਹਾਂ । ਜੋ ਹੈ ਅੱਜ ਹੈ । ਪਹਿਲਾਂ ਵੀ ਅੱਜ । ਅੱਜ ਵੀ ਅੱਜ ।
ਕੱਲ੍ਹ ਵੀ ਅੱਜ । ਸਭ ਕੁਝ ਅਸਲੋਂ ਤਾਜ਼ਾ ਹੈ ।
ਅਲੱਗ-ਅਲੱਗ ਆਕਾਰ ਲੈਂਦਾ ਧੂੰਆਂ ਹੈ ।
ਇਹ ਜੱਗ ਧੂੰਏ ਦਾ ਪਹਾੜ ।
11. ਮਿੱਟੀ ਦੀਆਂ ਡਲ਼ੀਆਂ
ਹੱਡਾਂ ਵਿਚ’ਲੀ ਧਰਤੀ ਫੇਰ ਆਕਾਰ ਲਵੇਗੀ । ਸਾਹ ਜੋ ਹਵਾ ਵਿੱਚ ਗੁੰਮ ਗਏ, ਫੇਰ ਜੁੜ ਜਾਣਗੇ । ਖੱਲਾਂ ਨੱਚਣਗੀਆਂ, ਚਮੜੀ ਲਿਸ਼ਕੇਗੀ ਤੇ ਰੇਤੇ ਇੱਕ ਵਾਰੀ ਫੇਰ ਉੱਡਣਗੇ ।
ਐਤਕੀਂ ਵੀ ਤੋਤਿਆਂ ਨੇ ਪੀਲਾਂ ਨਹੀਂ ਪੱਕਣ ਦੇਣੀਆਂ ।ਮਨੁੱਖਤਾ ਫੇਰ ਹੱਸੇਗੀ । ਲੋਕਾਈ ਤੌੜਿਆਂ-ਤਪਲ਼ਿਆਂ ਵੱਲ ਪਰਤੇਗੀ । ਕੋਈ ਵਣਾਂ ਵਿੱਚ ਘੁੰਮੇਗਾ ਅਤੇ ਫੇਰ ਆਲ਼ੇ-ਦੁਆਲ਼ੇ ਨੂੰ ਨਿਹਾਰੇਗਾ ।
ਪੌਣਾਂ ਆਪਣੀਆਂ ਝਬੂਲੀਆਂ ਲਾਹ ਕੇ ਪੱਤਿਆਂ ਉੱਤੇ ਟੰਗਣਗੀਆਂ ।
ਕੋਈ ਫੇਰ ਉਹਨਾਂ ਨੂੰ ਚੁਰਾ ਕੇ ਨੱਸੇਗਾ ।
ਫੇਰ ਅਦਭੁਤ ਚੋਰੀਆਂ ਹੋਣਗੀਆਂ ।
ਅਸਲੀ ਜਨਮ ਦਿਨ ਤਾਂ ਓਸ ਦਿਨ ਹੀ ਆਵੇਗਾ ਜਦੋਂ ਇਹ ਲੱਗਣ ਲੱਗਾ ਕਿ ਤਾਰੇ ਕਿਸੇ ਅਣਜਾਣ ਦੇਸ ਦੇ ਬਾਸ਼ਿੰਦੇ ਨਹੀਂ ਹੁੰਦੇ ਤੇ ਹਿਰਨਾਂ ਦੇ ਸਿੰਗਾਂ ‘ਤੇ ਬੈਠੀ ਆਵਾਰਗੀ ਕਦੇ ਸਾਡੇ ਹਿੱਸੇ ਵੀ ਆਈ ਸੀ । ਜਦੋਂ ਪੈਰਾਂ ਨੂੰ ਕਿਸੇ ਪਿਛਲੇ ਸਫ਼ਰ ਦਾ ਕਿੱਸਾ ਸੁਨਾਉਣ ਲਈ ਆਖਿਆ ਜਾਵੇਗਾ ਤੇ ਮਨੁੱਖ ਹੋਣ ਦਾ ਜਸ਼ਨ ਮਨਾਇਆ ਜਾਵੇਗਾ । ਲਹੂ ਜਾਗੇਗਾ ਤਾਂ ਖੋਪੜ ਗੂੰਜਣਗੇ । ਫੇਰ ਡੱਗੇ ਵੱਜਣਗੇ ।
ਦੂਰ ਕਿਸੇ ਬੰਨੇ ਬਲ਼ਦੀਆਂ ਅੱਖਾਂ ਵਿੱਚ ਫੁਸਫੁਸਾਹਟ ਹੋਵੇਗੀ :
ਧਰਤ ਨੂੰ ਸ਼ਰਮ ਕਾਹਦੀ, ਗਗਨ ਨੂੰ ਸੋਗ ਕਾਹਦਾ
ਹਵਾ ਨੂੰ ਫ਼ਿਕਰ ਕੈਸਾ, ਵਣਾਂ ਨੂੰ ਰੋਗ ਕਾਹਦਾ ?
ਇਹ ਦੁਨੀਆਂ ਵੱਡੀਆਂ ਵੱਡੀਆਂ ਤਬਾਹੀਆਂ ਦੇ ਕਿੱਸਿਆਂ 'ਚੋਂ ਵੀ
ਉੱਭਰ ਆਉਂਦੀ ਹੈ । ਬਰੂਦ ਨਾਲ਼ ਢਕ ਗਈ ਧਰਤੀ 'ਤੇ ਫੇਰ ਘਾਹ ਉੱਗ
ਆਉਂਦਾ । ਮਦਰੱਸਿਆਂ ਦੀ ਖ਼ਾਕ ਹੀ 'ਮਲਾਲਾ' ਬਣ ਕੇ ਦਹਾੜਦੀ ਹੈ ।
ਇਹਨਾਂ ਜੰਗਾਂ-ਯੁੱਧਾਂ ਤੇ ਬੰਬਾਂ ਦੇ ਆਖੇ ਕੋਈ ਕਾਟੋ ਟਾਹਣੀਆਂ 'ਤੇ
ਠੱਚਣਾ ਤਾਂ ਨਹੀਂ ਛੱਡ ਸਕਦੀ ?
ਬਿਜੜੇ ਆਲ੍ਹਣੇ ਬੁਣਨ ਦੀ ਕਲਾ ਤਾਂ ਨਹੀਂ ਭੁੱਲ ਸਕਦੇ ?
ਨੀਂਦਾਂ ਪਲਕਾਂ ਦੀ ਚਾਦਰ ਉੱਤੇ ਨਗੰਦੇ ਪਾਉਣਾ ਤਾਂ ਨਹੀਂ ਭੁੱਲ ਸਕਦੀਆਂ ?
ਮਾਵਾਂ ਦੀਆਂ ਕੁੱਖਾਂ ਦੀ ਉਹ ਪਤਲੀ ਜਿਹੀ ਪਰਤ ਤਾਂ ਨਹੀਂ ਤਿੜਕ
ਸਕਦੀ, ਜਿਸ ਵਿੱਚ ਨਿੱਕਾ ਜਿਹਾ ਰੱਬ ਲਿਪਟਿਆ ਹੁੰਦਾ ?
ਇਸ਼ਕ ਕਿਸੇ ਵੀ ਯੁੱਗ ਵਿੱਚ ਮੌਤ ਦੀ ਪਰਵਾਹ ਨਹੀਂ ਕਰਦਾ । ਇਸ
ਵਾਰ ਵੀ ਸੂਲ਼ੀਆਂ ਉੱਸਰਣਗੀਆਂ ਅਤੇ ਜ਼ਹਿਰ ਦੇ ਪਿਆਲੇ ਛਲਕਣਗੇ ।
ਮੁਹੱਬਤ ਧੁੱਪਾਂ 'ਤੇ ਮੀਨਾਕਾਰੀ ਕਰਦੀ ਹੋਈ ਸਾਰੇ ਆਲਮ ਨੂੰ ਕਲਾਵੇ 'ਚ
ਵਲ਼ ਲਵੇਗੀ । ਪਿਆਰ ਧਰਤੀ 'ਚੋਂ ਪੁੰਗਰਦਾ ਹੀ ਰਹੇਗਾ । ਉਮਰਾਂ ਦੇ
ਪਾਣੀਆਂ ਨੇ ਓਹਨਾਂ ਅਨੋਖੇ ਪੁਲਾਂ ਥੱਲੋਂ ਦੀ ਵੀ ਲੰਘਣਾ ਹੁੰਦਾ ਜਿੱਥੇ ਸਾਡੀ
ਸੋਚ ਕਦੇ ਆਈ-ਗਈ ਵੀ ਨਹੀਂ ਹੁੰਦੀ ।
ਹੁਣ ਵੀ ਮਸਜਿਦਾਂ 'ਚੋਂ ਕੁਰਾਨ ਦੀਆਂ ਆਇਤਾਂ ਉੱਡਕੇ ਗਿਰਜੇ ਦੇ
ਟੱਲ 'ਤੇ ਬੈਠਣਗੀਆਂ । ਫ਼ਕੀਰ ਓਸੇ ਹੀ ਵੇਗ 'ਚ ਆ ਕੇ ਫੇਰ ਗਾਵਣਗੇ:
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉਂ ॥
ਭਾਂਵੇਂ ਉਹ ਪਹਾੜਾਂ ਦਾ ਪਥਰੀਲਾ ਲੱਕ ਹੈ ਜਾਂ ਨਦੀਆਂ ਦੀ ਲੰਮੀ ਤੇ
ਕੂਲ਼ੀ ਧੌਣ; ਕੁਦਰਤ ਸਭਨਾਂ ਵਿੱਚ ਲੋੜੀਂਦੇ ਕਾਰਜ ਕਰਨ ਲਈ ਗਰਮੀ ਤੇ
ਜੋਸ਼ ਪੈਦਾ ਕਰਦੀ ਰਹੇਗੀ । ਜੇ ਤੁਸੀਂ ਸ਼ੇਰ ਨੂੰ ਸ਼ਿਕਾਰ ਕਰਨ ਦਾ ਗੁਰ ਸਿਖਾ
ਰਹੇ ਹੋ ਤਾਂ ਇਹ ਤੁਹਾਡੀ ਹੀ ਮੂਰਖਤਾ ਹੈ ।
ਕਦੇ ਵੀ ਕਿਸੇ ਵੀ ਹੁਨਰ ਦੀ ਘਾਟ ਨਹੀਂ ਰਹਿਣੀ ਦੇਖਣ ਨੂੰ ਭਾਵੇਂ
ਇੱਕੋ ਜਿਹਾ ਲੱਗੇ ਪਰ ਕੋਈ ਮਨੁੱਖਾ-ਹੱਥ ਤੇਸੀਆਂ-ਛੈਣੀਆਂ ਵੱਲ ਭੱਜੇਗਾ;
ਕੋਈ ਕਲਮਾਂ ਚੁਕੇਗਾ; ਤੇ ਕਿਸੇ ਨੂੰ ਕਿਰਪਾਨ ਦਾ ਮੁੱਠਾ ਚੰਗਾ ਲੱਗੇਗਾ ।
ਪ੍ਰਬੀਨਤਾ ਦੇ ਹਲਕੇ ਪਿਆਜ਼ੀ ਪਾਣੀ ਵਿੱਚ ਭਿੱਜੇ ਹੱਥਾਂ ਵਾਲੀਆਂ
ਕੁੜੀਆਂ ਆਪਣੀਆਂ ਲੰਮੀਆਂ ਗੁੱਤਾਂ ਨਾਲ਼ ਤਾਰਿਆਂ ਦੀ ਵੇਲ ਦੇ ਮੇਚੇ
ਹੁਣ ਵੀ ਲੈਣਗੀਆਂ । ਸੌਂਕਣ ਪਹਾੜੀਆਂ ਦਾ ਰੰਗ ਤੇ ਬੇ-ਕਿਨਾਰ
ਮਹਾਂਸਾਗਰਾਂ ਦੀਆਂ ਆਲਮਗੀਰੀ ਲਹਿਰਾਂ ਦਾ ਜਲੌਅ ਜਦੋਂ ਕਿਸੇ ਦੇਹੀ 'ਚ
ਉੱਤਰੇਗਾ ਤਾਂ ਫੇਰ ਧਰਤੀ ਨੂੰ ਹਥੇਲੀ 'ਤੇ ਰੱਖ ਕੇ ਤੁਰਿਆ ਜਾਵੇਗਾ । ਜਦ
ਵੀ ਫੌਜਾਂ ਦੇ ਪੈਰ ਹਰਿਮੰਦਿਰ ਵੱਲ ਵਧੇ ਤਾਂ ਟਿੱਬਿਆਂ 'ਤੇ ਲੇਹਾਂ-ਭੱਖੜੇ ਫੇਰ
ਲਿਸ਼ਕ ਉੱਠਣਗੇ ।
ਕਈ ਸ਼ਬਦ ਚੰਨ ਦੀ ਕੋਰੀ ਠੂਠੀ ਵਰਗੇ ਹੁੰਦੇ ਨੇ ।
ਕਈ ਅਜਗਰਾਂ ਦੇ ਪਿੰਡੇ 'ਬਣੇ ਛਿੰਭਾਂ ਵਰਗੇ ।
ਕਈ ਸਮੁੰਦਰਾਂ 'ਚ ਲੁਪਤ ਖ਼ਜ਼ਾਨੇ ਵਾਂਗ ਰਹੱਸਮਈ ।
ਇਹਨਾਂ ਸ਼ਬਦਾਂ ਤਂ ਵੀ ਸੋਹਣੇ ਹੋਰ ਸ਼ਥਦ ਘੜੇ ਜਾਣਗੇ, ਜੋ ਜ਼ਬਾਨ
ਦੀਆਂ ਡੰਡੀਆਂ 'ਤੇ ਪਹਾੜੀ ਬੱਕਰੀਆਂ ਵਾਂਗੂੰ ਕੁੱਦਣਗੇ ।
ਵਿਸ਼ਵ ਦੇ ਪ੍ਰਾਚੀਨ ਬਗੀਚਿਆਂ, ਵਿਸ਼ਾਲ ਚਰਾਗਾਹਾਂ, ਹਟਵੀਆਂ
ਰੋਹੀਆਂ-ਰੱਖਾਂ ਉੱਤੋਂ ਜਿਹੜੇ-ਜਿਹੜੇ ਪੰਛੀ ਉੱਡੇ, ਉਹ ਹੁਣ ਕਵਿਤਾ 'ਚ
ਉੱਤਰਣਗੇ । ਦੁਨੀਆਂ ਭਰ ਦੇ ਦਿਲਦਾਰ ਤਲਾਂਬਾਂ ਨੂੰ ਫੇਰ ਵਡਿਆਇਆ
ਜਾਵੇਗਾ । ਖ਼ਾਕੀ ਪਰਬਤਾਂ ਦੀ ਧੁੱਪ 'ਤੇ ਨਗ਼ਮੇ ਲਿਖੇ ਜਾਣਗੇ । ਜੰਗਲੀ
ਢਲਾਨਾਂ 'ਤੇ ਉੱਗੇ ਕੱਖਾਂ ਨੂੰ ਸਾਹਿਤ ਦੇ ਪਿੰਡੇ 'ਤੇ ਉੱਗਣ ਦਿੱਤਾ ਜਾਵੇਗਾ
ਤੇ ਉੱਚੀ- ਉੱਚੀ ਆਵਾਜ਼ ਵਿੱਚ ਬੋਲਿਆ ਜਾਵੇਗਾ:
ਮਿੱਟੀ ਦੀਆਂ ਡਲ਼ੀਆਂ ਕਦੇ ਸੋਗ ਨਹੀਂ ਮਨਾਉਂਦੀਆਂ।
12. ਜੋ ਗੋਬਿੰਦ ਕੀਆ, ਭਲਾ ਕੀਆ
ਹੋ ਕੇ ਧਰਤੀ ਤੋਂ ਕੁਰਬਾਨ , ਤਾਰਾ ਤਪ ਗਿਆ ਵਿੱਚ ਅਸਮਾਨ
ਬਣੇ ਜਬ ਆਬ ਕੀ ਅਉਧ ਨਿਦਾਨ , ਜਿਹੜਾ ਫੁੱਲ ਸੋਈ ਕਿਰਪਾਨ ।
ਨਿੱਕਾ ਜਿਹਾ ਬਾਲ ਤੀਰਾਂ-ਤਲਵਾਰਾਂ ਨੂੰ ਕੱਸ-ਕੱਸ ਕੇ ਪਕੜਦਾ ਤਾਂ ਸਰਸਾ ਦੇ ਪਾਣੀ ਉੱਚੇ ਹੋ ਕੇ ਉਸਦੀਆਂ ਸਰਬ-ਸਮਰੱਥ ਬਾਹਾਂ ਨੂੰ ਨਿਹਾਰਦੇ । ਕਦੇ ਓਹ ਘੋੜਿਆਂ ਨਾਲ਼ ਦੌੜਾਂ ਲਗਾਉਂਦਾ । ਕਦੇ ਘੋੜਿਆਂ 'ਤੇ ਸਵਾਰ ਹੋ ਕੇ ਤੁੰਦ ਹਵਾਵਾਂ ਨੂੰ ਮਸ਼ਕਰੀ ਕਰਦਾ । ਓਹਦੀ ਮਾਂ ਓਹਤੋਂ ਵਾਰੇ-ਵਾਰੇ ਜਾਂਦੀ ਤੇ ਓਹ ਮਾਂ ਦੀ ਬੁੱਕਲ 'ਚ ਵੜ ਓਹਨੂੰ ਮਿੱਠੀਆਂ ਕਰਦਾ । ਉੱਚੇ-ਉੱਚੇ ਹਾਸੇ ਹੱਸਦਾ ।
ਉਸ ਦੇ ਮੌਲਿਕ ਤੇ ਮੁੱਢੋਂ ਨਿਵੇਕਲੇ ਕਰਤੱਬ ਦੇਖਣ ਵਾਲ਼ੇ ਨੂੰ ਹੈਰਾਨ ਕਰ ਦਿੰਦੇ । ਉਸਦਾ ਫੁਰਤੀਲਾਪਣ ਪਤਾ ਨੀਂ ਕਿਹੜੀਆਂ ਡੂੰਘੀਆਂ ਖੱਡਾਂ ਪੁੱਟ ਕੇ ਨਿੱਕਲਿਆ ਸੀ । ਓਹ ਅਨੰਦਪੁਰ ਦੀਆਂ ਧੂੜਾਂ ਨੂੰ ਆਪਣੇ ਅੰਗਾਂ-ਪੈਰਾਂ ਤੋਂ ਵੱਧ ਪਿਆਰ ਕਰਦਾ । ਬਦਲੇ 'ਚ ਇਹ ਮਿੱਟੀ ਵੀ ਓਹਨੂੰ ਮੱਖਣੀ ਬਣ-ਬਣ ਕੇ ਲੱਗੀ ਤੇ ਆਨੰਦਪੁਰ ਦੀਆਂ ਸਰਹੰਗ ਧੁੱਪਾਂ 'ਚ ਉਸਦਾ ਜੁੱਸਾ ਮਉਲਣ ਲੱਗਾ ।
ਕਦੇ ਕਦੇ ਓਹ ਆਪਣੀ ਮੌਜ ਵਿੱਚ ਮਹਿਲਾਂ ਤੋਂ ਦੂਰ ਨਿੱਕਲ ਜਾਂਦਾ । ਓਹਨੂੰ ਦੂਰ-ਦੂਰ ਤੱਕ ਫੈਲੀਆਂ, ਲਚਕੀਲੀਆਂ ਤੇ ਦਸਤ-ਪੰਜਾ ਲੜਾਉਂਦੀਆਂ ਹਰੀਆਂ ਦਲੇਰ ਵੇਲਾਂ ਆਪਣੀ ਮਾਂ ਵਰਗੀਆਂ ਲਗਦੀਆਂ । ਕੋਈ ਰੁੱਖ ਉਸ ਨੂੰ ਰਾਜਾ, ਕੋਈ ਵਜ਼ੀਰ, ਕੋਈ ਜਰਨੈਲ ਤੇ ਕੋਈ ਮਹਾਨ ਬੁਲਾਰੇ ਜਿਹਾ ਵੀ ਲਗਦਾ ।
ਪੱਤਾਂ, ਝਾੜਾਂ, ਤਣਿਆਂ ਦੇ ਇਹਨਾਂ ਅਲੌਕਿਕ ਕਿਲਿਆਂ ਨੂੰ ਦੇਖ-ਦੇਖ ਓਹ ਹੈਰਾਨ ਹੁੰਦਾ ਰਹਿੰਦਾ । ਜਪੁਜੀ ਸਾਹਿਬ ਦੇ ਪਾਠ ਓਹਦੀਆਂ ਅੱਖਾਂ ਮੂਹਰੇ ਖੁੱਲ੍ਹੀਆਂ-ਧੁੱਪਾਂ 'ਚ ਘੁੰਮਣ ਲਗਦੇ । ਓਹ ਵਣਾਂ ਦੇ ਸਬਜ਼ ਤੇ ਬੇਬਾਕੀ ਨਾਲ ਮਹਿਕਦੇ ਮਾਹੌਲ ਨੂੰ ਦੇਖ ਕੇ ਬੋਲ ਉੱਠਦਾ:
' ਅਮੁਲੁ ਧਰਮ ਅਮੁਲੁ ਦੀਬਾਣੁ '
ਬਿਰਖਾਂ 'ਤੇ ਝੂਟਦਾ ਨਦੀ ਵੱਲੀਂ ਹੋ ਤੁਰਦਾ । ਕਿੰਨਾ-ਕਿੰਨਾ ਚਿਰ ਨਦੀ ਕਿਨਾਰੇ ਨੰਗੀ ਜ਼ਮੀਨ 'ਤੇ ਪਿਆ ਓਹ ਅਸਮਾਨਾਂ ਦੇ ਨੀਲੇ ਗੁੰਬਦਾਂ ਨੂੰ ਵੇਖਦਾ ਰਹਿੰਦਾ ।
ਉੱਡਦੇ ਬਾਜ਼ਾਂ ਨਾਲ ਆਪ ਵੀ ਉੱਡਦਾ ਰਹਿੰਦਾ ।
ਡੂੰਘੀਆਂ ਸੋਚਾਂ 'ਚ ਗੁਆਚਾ ਓਹ ਪਾਣੀਆਂ ਦੀ ਓਸ ਪ੍ਰਥਮ-ਕਾਂਗ ਬਾਰੇ ਚਿਤਵਦਾ ਜਿਹੜੀ ਪਹਿਲੀ ਦਫ਼ਾ ਧਰਤੀ 'ਤੇ ਚੜ੍ਹੀ ਹੋਵੇਗੀ । ਅਗਲੇ ਹੀ ਪਲ ਓਹ ਉਸ ਜੀਵ ਬਾਰੇ ਸੋਚਦਾ, ਜਿਸ ਨੂੰ ਧਰਤੀ ਨੇ ਪਹਿਲੀ-ਪਹਿਲੀ ਵਾਰੀ ਆਪਣੀ ਹਿੱਕ 'ਤੇ ਤੋਰਿਆ ਹੋਵੇਗਾ।
ਹਮੇਸੁਲ ਸਲਾਮ ਹੈਂ । ਸਮਸਤੁਲ ਕਲਾਮ ਹੈਂ
ਕਿ ਸਾਹਿਬ ਦਿਮਾਗ ਹੈਂ । ਕਿ ਹੁਸਨੁਲ ਚਿਰਾਗ ਹੈਂ ।
(ਜਾਪੁ ਸਾਹਿਬ)
ਜਵਾਨੀ ਵਿੱਚ ਵੀ ਤੀਰਾਂ, ਤਲਵਾਰਾਂ, ਵਾਗਾਂ 'ਤੇ ਉਸਦਾ ਕਸਾਅ ਮੱਠਾ ਨਹੀਂ ਪਿਆ। ਇਸ ਪਕੜ ਵਿੱਚ ਸਗੋਂ ਇੱਕ ਸਿਆਣਪ ਰਵਾਂ ਹੁੰਦੀ ਗਈ, ਦੂਰ-ਦ੍ਰਿਸ਼ਟੀ ਰਵਾਂ ਹੁੰਦੀ ਗਈ, ਇੱਕ ਗਹਿਰੀ ਚੁੱਪ ਰਵਾਂ ਹੁੰਦੀ ਗਈ । ਹੁਣ ਓਹ ਕਦੇ-ਕਦੇ ਇਕੱਲਾ ਬੈਠਾ ਘੋੜਿਆਂ ਦੀਆਂ ਹਿਣਕਾਰਾਂ, ਢਾਲਾਂ-ਤਲਵਾਰਾਂ ਦੀਆਂ ਗੜਗੱਜ ਆਵਾਜ਼ਾਂ, ਤੀਰਾਂ ਦੀ ਨੰਗੀ-ਬੇਬਾਕ ਚੁਸਤੀ ਨੂੰ ਅੱਖਰਾਂ 'ਚ ਅਨੁਵਾਦ ਕਰਦਾ ਤੇ ਸਤਿਗੁਰ ਕੇ ਦੀਵਾਨਾਂ 'ਚ ਰੱਖ ਆਉਂਦਾ ।
ਸਰਬਲੋਹ ਦਾ ਪਰਤਾਪ ਓਹਦੇ ਰਗ-ਰੇਸ਼ਿਆਂ 'ਚੋਂ ਗੁਜ਼ਰਦਾ ਹੋਇਆ ਪੂਰੇ ਅਸਮਾਨ 'ਤੇ ਛਾ ਜਾਂਦਾ ਤੇ ਫਿਰ ਸ਼ਬਦਾਂ 'ਚ ਬਲਣ ਲਗਦਾ । ਬਾਬੇ ਬੁੱਢੇ ਦੀ ਬੀੜ ਵਿੱਚ ਜਵਾਨ ਹੋਈ ਓਹਦੇ ਦਾਦੇ ਦੀ ਕਿਰਪਾਨ ਓਹਦੇ ਲੱਕ ਨੂੰ ਪੂਰੀ ਮੇਚ ਆ ਗਈ । ਪਿਓ-ਦਾਦੇ ਦਾ ਖਜ਼ਾਨਾ ਫ਼ਕੀਰ ਹੱਥਾਂ 'ਚ ਆ ਕੇ ਸੰਪੂਰਨ ਹੋ ਗਿਆ ।
ਬਚਪਨ 'ਚ ਜਿਨ੍ਹਾਂ ਬਿਰਖਾਂ ਨੂੰ ਦੇਖ ਕੇ ਓਹ ਬਾਵਰਾ ਹੋ ਜਾਂਦਾ ਸੀ, ਉਹਨਾਂ ਬਿਰਖਾਂ ਦੀਆਂ ਟੀਸੀਆਂ ਤੋਂ ਹੁਣ ਵੀ ਛਾਂਵਾਂ ਬੇਰਾਂ ਵਾਂਗੂੰ ਕਿਰ ਕੇ ਉਹਦੀ ਝੋਲ਼ੀ ਵਿੱਚ ਡਿੱਗ ਪੈਂਦੀਆਂ, ਜਿਵੇਂ ਰੱਬ ਦਾ ਪ੍ਰਸਾਦ ਹੋਣ । ਇਸੇ ਠੰਢਕ ਦੀ ਓਟ 'ਚ ਓਹਦੇ ਤੀਰਾਂ ਨੂੰ ਖੰਭ ਫੁੱਟ ਆਏ ਤੇ ਚੁੰਝ 'ਤੇ ਲੱਗੀ ਸਿਆਹੀ 'ਚੋਂ ਅਦੁੱਤੀ-ਫ਼ਲਸਫ਼ੇ ਬਾਹਰ ਝਾਕਣ ਲੱਗੇ ।
ਓਹ ਵੀ ਭਲੀ-ਭਾਂਤ ਜਾਣ ਗਿਆ ਕਿ ਉਸ ਦਾ ਮਨ-ਮੱਥਾ ਅਤੇ ਉਸ ਦੇ ਹੱਡ ਕੁਦਰਤ ਨੇ ਕਿਸੇ ਵੱਡੇ ਬਦਲਾਅ ਵਾਸਤੇ ਚੁਣੇ ਹਨ।
ਕਦੋਂ ਉਹਦਿਆਂ ਨੈਣਾਂ 'ਚ ਤਾਰਿਆਂ ਦੇ ਮਦੀਨੇ ਉੱਸਰ ਗਏ; ਕਦੋਂ ਕੁੱਲ ਧਰਤ ਦੇ ਕੀਰਤਨੀਏ ਪਹਾੜ ਉਹਦੇ ਲਹੂ 'ਚ ਘੁਲ ਗਏ; ਕਿਸੇ ਨੂੰ ਪਤਾ ਹੀ ਨਾ ਲੱਗਾ। ਉਸ ਨੂੰ ਆਉਣ ਵਾਲਾ ਵਕਤ ਸਾਫ਼-ਸਾਫ਼ ਦਿਸ ਰਿਹਾ ਸੀ ।
ਜਦ ਅਸ਼ਵ ਹੁਨਰ ਦਾ ਲਾਚੜਦਾ, ਪਾ ਇਲਮੋ ਬਰਗਸਤਾਣ ਸੱਜਣ
ਜਿਸ ਵੇਲ਼ੇ ਖਿੱਤੀਆਂ ਸਰਕਦੀਆਂ, ਤੇਰਾ ਧਰੀਏ ਰੋਜ਼ ਧਿਆਨ ਸੱਜਣ ।
ਪਹਾੜੀ ਜੂਹਾਂ 'ਚ ਰੱਤੇ-ਸੁਨੱਖੜੇ ਦੀਵਾਨ ਸੱਜਣ ਲੱਗੇ । ਹਵਾ 'ਰਣਜੀਤ ਨਗਾਰੇ' ਦੀਆਂ ਤਾਹਿਰ-ਤੜਾਕ ਆਵਾਜ਼ਾਂ ਨਾਲ ਭਰੀ ਰਹਿੰਦੀ । ਜਦੋਂ ਓਹ ਤਬੇਲਿਆਂ ਕੋਲੋਂ ਲੰਘਦਾ ਤਾਂ ਉੱਚਿਆਂ ਪਹਾੜਾਂ ਜਿਹੇ ਸੁਲਤਾਨ ਘੋੜੇ ਉਸ ਅਲਬੇਲੇ ਮਨੁੱਖ ਦੀ ਸਵਾਰੀ ਨੂੰ ਤਰਸਦੇ ਤੇ ਉਹਨਾਂ ਦੀਆਂ ਹਸੀਨ ਪਿੰਜਣੀਆਂ 'ਚ ਝਰਨਾਹਟ ਜਿਹੀ ਛਿੜ ਜਾਂਦੀ ।
ਸਾਹਿਤ ਫ਼ਿਰ ਤੋਂ ਸਬਜ਼-ਮੰਦਰਾਂ ਹੇਠ ਵੱਸਣ ਲੱਗਾ । ਮਹਾਂਬਲੀ ਰੇਤਿਆਂ 'ਤੇ ਪਈਆਂ ਜਨੌਰਾਂ ਦੀਆਂ ਪੈੜਾਂ ਅੱਖਰਾਂ 'ਚ ਦਮਕਣ ਲੱਗੀਆਂ । ਪ੍ਰਾਚੀਨ ਪਹਾੜਾਂ ਤੇ ਜੰਗਲਾਂ ਦੀ ਟਕਸਾਲੀ ਮਹਿਕ ਸ਼ਬਦਾਂ ਵਿੱਚੋਂ ਜਾਗ ਉੱਠੀ । ਤਾਜ਼ਗੀ ਪਸਰ ਗਈ । ਵੱਡਿਆਂ ਗ੍ਰੰਥਾਂ ਦੇ ਡੂੰਘੇ ਤੇ ਸੌਖੇ ਉਲੱਥੇ ਹੋਣ ਲੱਗੇ ।
ਦਿਲਾਵਰ ਸੁਖ਼ਨ ਕੁਦਰਤੇ ਕੁਦਰਤੇ ।
ਨਜ਼ਰ ਦਾ ਜਨਮ ਕੁਦਰਤੇ ਕੁਦਰਤੇ ।
ਤੇ ਫ਼ਿਰ ਇੱਕ ਦਿਨ ਉਸ ਦੀ ਕਿਰਪਾਨ ਦਾ ਚਾਨਣ ਬਰਸਿਆ । ਤਹਿਜ਼ੀਬ ਨਿੱਖਰ ਆਈ । ਜੈਕਾਰਿਆਂ ਨੂੰ ਸੇਧ ਮਿਲ ਗਈ । ਪੰਜ ਦਮਦਾਰ-ਤਖ਼ਤ ਛਾਤੀਆਂ 'ਚ ਓਹ ਆਪ ਵੀ ਉੱਤਰ ਗਿਆ ਤੇ ਫੈਲਦਾ ਗਿਆ । ਪਿਛਲੇ ਅਨੇਕਾਂ ਸਾਲਾਂ ਦੀ ਗ਼ਰਦ-ਮਿੱਟੀ ਅਤੇ ਹਵਾ ਉੱਤੇ ਜੋ-ਜੋ ਰਾਜਸੀ, ਸਮਾਜਿਕ ਤੇ ਧਾਰਮਿਕ ਘਟਨਾਵਾਂ ਦਰਜ਼ ਹੋਈਆਂ ਸਨ, ਇਹ ਉਸੇ ਦਾ ਹੀ ਨਤੀਜਾ ਸੀ । ਓਹਨਾਂ ਹੀ ਭਾਂਤ-ਭਾਂਤ ਦੇ ਕਣਾਂ ਨੇ ਹੁਣ ਇੱਕ ਨਵਾਂ ਤੇ ਠੋਸ ਆਕਾਰ ਲੈ ਲਿਆ ਸੀ । ਇਸ ਅਕਾਰ ਨੂੰ ਓਹਨੇ ਆਪ ਆਪਣੇ ਤਬੀਬ-ਹੱਥਾਂ ਨਾਲ ਗੁੰਨ੍ਹਿਆ ।
ਤੇੜਾਂ ਲਿੱਪੀਆਂ ਗਈਆਂ ਤੇ ਖ਼ਾਲਸਾ ਪੰਥ ਨੇ ਸਿਰੀ ਚੁੱਕੀ ।
ਪੱਗ 'ਕੱਲੀ ਵੀ ਹੈ, ਪੱਗ ਫੌਜ ਵੀ ਹੈ , ਪੱਗ ਨਿੱਤਰੇ ਮਨ ਦੀ ਮੌਜ ਵੀ ਹੈ
ਪੱਗ ਸਫ਼ਰ ਹੈ, ਜ਼ਫ਼ਰ ਹੈ, ਗੀਤ ਵੀ ਹੈ , ਪੱਗ ਨਜ਼ਰ ਵੀ ਹੈ, ਪੱਗ ਨੀਤ ਵੀ ਹੈ
ਪੱਗ ਤਿੜਕਦੇ-ਥਿੜਕਦੇ ਨੇਤਰਾਂ 'ਚੋਂ , ਉੱਠੀ ਇੱਕ ਰੂਹਾਨੀ ਤਾਨ ਵੀ ਹੈ
ਪੱਗ ਦੇਗ ਵੀ ਹੈ, ਪੱਗ ਤੇਗ ਵੀ ਹੈ , ਪੱਗ ਧਰਤ ਵੀ ਹੈ, ਅਸਮਾਨ ਵੀ ਹੈ ।
ਸ਼ੀਸ਼ੀਆਂ 'ਚ ਵੀ ਕਦੇ ਧੁੱਪ ਭਰੀ ਗਈ ਹੈ ? ਹਵਾ ਦੀਆਂ ਬੈਠਕਾਂ 'ਚ ਚਾਨਣ ਦੇ ਸ਼ਮਲੇ ਲਹਿਰਾਏ । ਉਹਦੀ ਨਿੱਸਰੀ ਤਬੀਅਤ ਨੇ ਉਹਨੂੰ ਸਾਰੀ ਮਨੁੱਖਤਾ ਦਾ ਹਮਦਰਦ ਬਣਾ ਦਿੱਤਾ ਤੇ ਗੀਤਾਂ ਵਾਲ਼ੀ ਇਸ ਧਰਤੀ ਦਾ ਸਰਬ-ਸਾਂਝਾ ਗੁਰੂ । ਜਦੋਂ ਇਸ਼ਕ ਜਨਮ ਲੈਂਦਾ ਹੈ ਤਾਂ ਕਿਵੇਂ ਅੰਗਾਂ ਦੇ ਨਕਸ਼ੇ ਬਦਲਦੇ ਨੇ ਤੇ ਕਿਵੇਂ ਕੰਗਰੋੜਾਂ ਬਾਗੀ ਹੋ ਕੇ ਮਿੱਥੇ ਕਾਰਜ ਨੇਪਰੇ ਚਾੜ੍ਹਦੀਆਂ ਨੇ; ਇਹ ਸਭ ਉਸ ਦੌਰ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ਼ ਦੇਖਿਆ ।
ਓਹ ਆਪਣੇ ਸਾਧਾਂ ਜਿਹੇ ਤੀਰਾਂ ਨਾਲ ਕਾਗਤਾਂ 'ਤੇ 'ਨਮਸਤੰ ਨਮਸਤੰ' ਵਾਹੁੰਦਾ ਰਿਹਾ । ਇਹੀ ਸ਼ਬਦ ਕਾਗਤਾਂ ਤੋਂ ਉੱਠ ਕੇ, ਟਿੱਬੀਆਂ 'ਤੇ ਚੜ੍ਹ ਕੇ ਕੌਮ ਦੀ ਰਹਿਨੁਮਾਈ ਵੀ ਕਰਦੇ ਰਹੇ । ਤਾੜੀਆਂ ਮਾਰਦੇ ਨਿਰਭਉ ਹੋ ਕੇ ਗੜ੍ਹੀਆਂ 'ਚੋਂ ਵੀ ਨਿੱਕਲਦੇ ਰਹੇ । ਮਰਦ-ਏ-ਮੈਦਾਨ ਬਣ ਕੇ ਫ਼ਤਹਿ ਹਾਸਿਲ ਕਰਦੇ ਰਹੇ । ਜੂਹਾਂ, ਕਿਲੇ, ਨੱਗਰ-ਖੇੜੇ, ਟੱਬਰ, ਗੱਦੀਆਂ, ਬੁੰਗਿਆਂ ਨੂੰ ਪਿੱਛੇ ਛੱਡਦੇ ਰਹੇ ।
ਕੰਜ ਲਾਹੁੰਦੇ ਗਏ । ਭਾਣਾ ਮੰਨਦੇ ਰਹੇ ।
ਇਹ ਸ਼ਬਦ ਮਾਛੀਵਾੜੇ ਦੀਆਂ ਵਲ਼ਗਣਾਂ 'ਚ ਵੀ ਨੱਚਦੇ ਰਹੇ ਤੇ ਫੇਰ-ਫੇਰ ਆ ਕੇ ਪੰਕਤੀਆਂ ਵਿੱਚ ਸੱਜ ਗਏ । ਪੁਰਖਿਆਂ ਦਾ ਲਹੂ ਓਹਨੂੰ ਤੱਕਦਾ ਰਿਹਾ, ਹੈਰਾਨ ਵੀ ਹੁੰਦਾ ਰਿਹਾ । 'ਬਾਤਨ ਫ਼ਕੀਰੀ ਜਾਹਿਰ ਅਮੀਰੀ' ਦੇ ਬੋਲ ਹਵਾ ਦੀਆਂ ਤਹਿਆਂ 'ਚ ਗੂੰਜਦੇ ਰਹੇ ।
ਚਾਰੇ ਪੁੱਤਰਾਂ ਨੂੰ ਚਾਰੇ ਦਿਸ਼ਾਵਾਂ ਦੇ ਹਵਾਲੇ ਕਰ ਕੇ ਉਹ ਜ਼ਫ਼ਰਨਾਮੇ ਉਸਾਰਦਾ ਰਿਹਾ । ਧਮਕ ਅੇਸੀ ਪਈ ਕਿ ਸ਼ਾਹੀ-ਪਿਆਲੇ ਟੁੱਟ ਗਏ । ਮੁਗ਼ਲਾਂ ਦੇ ਤੰਬੂ-ਕਨਾਤਾਂ ਹਵਾ ਵਿੱਚ ਉੱਡਣ ਲੱਗੇ । ਸਰਘੀਆਂ ਦੇ ਨਿੱਖਰੇ ਸੂਰਜ ਨੇ ਪੈਲ਼ ਪਾਈ ।
ਅੰਬਰਾਂ ਦੀ ਚਾਦਰ 'ਤੇ ਸ਼ਾਹ-ਫ਼ਕੀਰੀਆਂ ਦੇ ਤੋਪੇ ਭਰਦਾ ਪਰਮ-ਪੁਰਖ ਕਾ ਦਾਸ, ਸਰਵਰ-ਏ-ਕਾਇਨਾਤ ਧੁੱਪਾਂ 'ਚ ਘੁਲ਼ ਗਿਆ । ਸਰਸਾ ਦੇ ਪਾਣੀ ਹੁਣ ਵੀ ਉੱਠ-ਉੱਠ ਕੇ ਓਹਨੂੰ ਦੇਖਦੇ ਨੇ । ਓਹ ਹੁਣ ਵੀ ਉੱਚੇ-ਉੱਚੇ ਹਾਸੇ ਹੱਸਦਾ । ਆਪਣੀ ਮਾਂ ਨੂੰ ਮਿੱਠੀਆਂ ਕਰਦਾ । ਡੂੰਘੀਆਂ ਨੀਲੱਤਣਾਂ ਵੱਲੀਂ ਵੇਖਦਾ । ਤੀਰਾਂ-ਤਲਵਾਰਾਂ ਨੂੰ ਕੱਸ-ਕੱਸ ਕੇ ਪਕੜਦਾ । ਘੋੜਿਆਂ ਨਾਲ ਦੌੜਾਂ ਲਗਾਉਂਦਾ ।
ਨਾ ਤਾਂ ਪਾਣੀਆਂ ਦੀ ਲਿਸ਼ਕ ਘਟੀ । ਨਾ ਪਹਾੜੀਆਂ ਦਾ ਰੰਗ ਉੱਤਰਿਆ । ਨਾ ਹੀ ਧਰਤੀ ਦੇ ਪਿੰਡੇ ਤੋਂ ਓਹਦੀਆਂ ਵੇਪਰਵਾਹੁ-ਪੈੜਾਂ ਮਿਟ ਸਕੀਆਂ । ਓਹਦੇ ਤੀਰਾਂ ਦੀਆਂ ਚੁੰਝਾਂ ਅੱਜ ਵੀ ਖ਼ਾਕ ਬਣ ਕੇ ਹਵਾ 'ਚ ਉੱਡਦੀਆਂ ਨੇ ।
ਕਲਗੀਆਂ ਲਹਿਰਾਉਂਦੀਆਂ ਨੇ । ਬਾਜ਼ ਧਰਤੀਆਂ 'ਤੇ ਉੱਤਰਦੇ ਨੇ । ਹੁਣ ਵੀ ਡੂੰਘੇ ਜੰਗਲਾਂ 'ਚੋਂ ਅਕਾਲ ਉਸਤਤਿ ਦੇ ਆਵਾਜ਼ੇ ਉੱਠਦੇ ਨੇ :
ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ ।
ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ । ਤੁਹੀ ਤੁਹੀ ।