Rani Tatt (Sohile Dhoor Mitti Ke)-Kavita : Harmanjit
ਰਾਣੀ ਤੱਤ (ਸੋਹਿਲੇ ਧੂੜ ਮਿੱਟੀ ਕੇ)-ਕਵਿਤਾ : ਹਰਮਨ ਜੀਤ
ਇਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ
ਇਕੋ ਅਕੀਦਾ ਇਸ਼ਕ ਦਾ, ਨੈਣਾਂ ਨੂੰ ਬਾਗੀ ਕਰ ਗਿਆ
ਮੈਂ ਰੇਤ ਹਾਂ, ਸੰਕੇਤ ਹਾਂ, ਇੱਕ ਰਾਜ਼ ਹਾਂ, ਆਜ਼ਾਦ ਹਾਂ
ਸੋਨਾ, ਸੁਹੱਪਣ, ਜ਼ੇਵਰੀ ਥੇਹਾਂ ਦੇ ਅੰਦਰ ਸੌਂ ਗਏ
ਥੇਹਾਂ ਦੇ ਉੱਤੋਂ ਉੱਡ ਗਿਆ ਸ਼ਾਹਬਾਜ਼ ਹਾਂ, ਦਿਲਸ਼ਾਦ ਹਾਂ ।
1. ਨਾਨਕ
(ਪ੍ਰਥਮ ਉਦਾਸੀ ਦੇ ਆਰੰਭ ਵੇਲ਼ੇ, ਭਾਈ ਮਰਦਾਨੇ ਦੀ ਨਜ਼ਰੋਂ)
ਅੱਜ ਵਣਖੰਡਾਂ ਨੇ ਟਹਿਕੀਆਂ
ਕੁੱਲ ਧਰਤ ਨੂੰ ਚੜ੍ਹਿਆ ਚਾਅ
ਅੱਜ ਮੇਘ ਧੂਸਰੇ ਛਟ ਗਏ
ਤੇ ਛਤਰ ਗਿਆ ਨਿੰਬਲਾ
ਅੱਜ ਸੁੱਤੀ ਮਿੱਟੀ ਜਾਗ ਪਈ
ਤੇ ਜਾਗ ਪਏ ਦਰਿਆ
ਅੱਜ ਰੱਕੜਾਂ ਦੀ ਕੋਈ ਹਿੱਕ 'ਤੇ
ਗਿਆ ਮਹਿਕ ਦਾ ਅੱਖਰ ਵਾਹ ।
ਅੱਜ ਸੱਭੋ ਚਸ਼ਮੇ ਬਹੁਲੀਆਂ
ਸਭ ਝਰਨੇ ਰਹੇ ਮਸਤਾ
ਗਏ ਪਰਬਤ ਗਿਰੀਆਂ ਚੋਟੀਆਂ
ਹੋ ਗਿੱਠ ਗਿੱਠ ਹੋਰ ਉਤਾਂਹ
ਅੱਜ ਵਣ ਵਿੱਚ ਹਿਰਨੀ ਸੂ ਪਈ
ਤੇ ਲਿਸ਼ਕਣ ਲੱਗ ਪਏ ਘਾਹ
ਅੱਜ ਨਿੱਖਰ ਆਉਣਾ ਖਿੱਤੀਆਂ
ਤੇ ਚੜ੍ਹਨਾ ਚੰਦ ਨਵਾਂ ।
ਅੱਜ ਅੱਡੀਆਂ ਨੱਚਣ ਲੱਗੀਆਂ
ਤੇ ਨੈਣ ਗਏ ਸੁਲਫ਼ਾ
ਅੱਜ ਜਟਾਂ ਜਟੂਰੇ ਬੋਦੜੇ
ਗਏ ਬਿਨ ਤੇਲੋਂ ਥਿੰਦਿਆ
ਅੱਜ ਪਵਨੀਂ ਖੁਰੀਆਂ ਮਿਸ਼ਰੀਆਂ
ਤੇ ਮਿੱਠਤ ਵਧਦੀ ਜਾ
ਅੱਜ ਰੋਹੀਆਂ ਹੋ ਕੇ ਬੌਰੀਆਂ
ਲਿਆ ਚੋਗ ਸਰਾਇਰਾ ਪਾ ।
ਅੱਜ ਧੁੱਪਾਂ ਧਿਆਨ ਧਰੇਂਦੀਆਂ
ਪੜ੍ਹ ਵਰਤਮਾਨ ਗੁਟਕਾ
ਅੱਜ ਮੌਸਮ ਨੇ ਮਿਜ਼ਰਾਬੜੇ
ਲਏ ਉਂਗਲਾਂ ਦੇ ਵਿੱਚ ਪਾ
ਅੱਜ ਪੌਣ ਸ਼ਰੀਹ ਦੀ ਡਾਲੀਏ
ਰਹੀ ਫਲੀਆਂ ਨੂੰ ਛਣਕਾ
ਪਏ ਅੱਡੀਆਂ ਚੁੱਕ ਚੁੱਕ ਵੇਖਦੇ
ਅੱਜ ਕਿੱਕਰਾਂ ਤੇ ਫਰਮਾਂਹ ।
ਕਹਿੰਦੇ ਵਾਟ ਲੰਮੇਰੀ ਮਾਰਦਾ
ਇੱਕ ਸਾਧੂ ਲੰਘ ਰਿਹਾ
ਜੀਹਦੇ ਮਣੀਆਂ ਮੱਥੜੇ ਸਾਹਮਣੇ
ਗਏ ਸੂਰਜ ਵੀ ਕਚਿਆ
ਜੀਹਦੀ ਪਾਣੀ ਬਣ ਗਏ ਆਰਸੀ
ਕੀ ਆਰਸੀਆਂ ਦੀ ਥਾਹ
ਜੋ ਬ੍ਰਹਮ-ਜਨੇਊ ਪਹਿਨਦਾ
ਸੂਤਰ ਨੂੰ ਦੂਰ ਵਗਾਹ ।
ਜੋ ਲੱਲੀ ਉਮਰੇ ਚੱਲਿਆ
ਪਾਂਧੇ ਨੂੰ ਪੜ੍ਹਨੇ ਪਾ
ਜੋ ਅੱਥਰਾ ਹੀ ਅਲਬੇਲੜਾ
ਜੀਹਦੇ ਸੀਸ ਭੁਜੰਗੀ ਛਾਂ
ਓਹ ਬੇਦੜੀਆਂ ਦਾ ਛੋਕਰਾ
ਜੋ ਡਾਢਾ ਬੇਪਰਵਾਹ
ਜੋ ਚੁਗਦਾ ਰੱਬ ਕੀਆਂ ਰੋੜੀਆਂ
ਜੀਹਦਾ ਨਾਨਕ ਨਾਮ ਪਿਆ ।
ਅੱਜ ਤੁਰਿਆ ਸਿਦਕੀ ਜੋਗੜਾ
ਚਾਨਣ ਦਾ ਦੀਪ ਜਗਾ
ਓਹਦੇ ਉੱਡਣੇ ਪੈਰ ਛਬੀਲੜੇ
ਤੇ ਪਿੰਜਣੀਆਂ ਨੂੰ ਚਾਅ
ਕੀ ਆਖਾਂ ਓਹਦੇ ਬਾਬਤਾਂ
ਮੇਰਾ ਤਨ ਜਾਵੇ ਕੰਡਿਆ
ਤੇ ਮਨ ਦੀ ਡੂੰਘੀ ਧਰਤ 'ਤੇ
ਇੱਕ ਮੋਰ ਜਿਹਾ ਨੱਚਦਾ ।
ਅੱਜ ਪਰਮ-ਦੁਲਾਰੀ ਨਾਨਕੀ
ਖ਼ੁਦ ਮੋਢਾ ਥਾਪੜਿਆ
ਅੱਜ ਰੱਬੀ ਸਾਜ਼ ਰਬਾਬੜੀ ਚੋਂ
ਸ਼ਬਦਾਂ ਲੈਣੇ ਸਾਹ
ਹੁਣ ਸਭ ਤਰੇੜਾਂ ਲਿੱਪ ਕੇ
ਸਭ ਟਿੱਬੇ ਦੇਣੇ ਵਾਹ
ਅੱਜ ਭਰੇ ਪੰਜਾਬ ਦੀ ਵਲ਼ਗਣੋਂ
ਜਿਉਂ ਉੱਠਿਆ ਆਪ ਖ਼ੁਦਾ ।
ਮੈਂ ਤੇਰੇ ਪੈਰੀਂ ਨਾਨਕਾ
ਕੁੱਲ ਜੀਵਨ ਰੱਖ ਲਿਆ
ਤੇ ਤੇਰੇ ਪੈਰੋਂ ਉੱਡੀਆਂ
ਧੂੜਾਂ ਨੂੰ ਚੱਖ ਲਿਆ
ਮੈਨੂੰ ਚਹੁੰ ਕੂਟੀਂ ਹੀ ਜਾਪਦਾ
ਬੱਸ ਤੇਰਾ ਅਕਸ ਜਿਹਾ
ਇੱਕ ਰੀਝ ਕਰੇ ਦਿਲ ਨਿੱਤਰੀ
ਤੇ ਲੈਂਦਾ ਇੱਕ ਸੁਪਨਾ ।
ਜਿੱਥੇ ਯਸ਼ਬ ਮਿਲੇਂਦੇ ਸੁੱਚੜੇ
ਤੇ ਕੁਰਮ ਵਗੇ ਦਰਿਆ
ਤੇਰੀ ਬੁੱਕਲ ਦੇ ਵਿੱਚ ਪਾਤਿਸ਼ਾਹ
ਮੇਰੇ ਨਿੱਕਲ ਜਾਵਣ ਸਾਹ
ਮੇਰੇ ਤਨ ਦਾ ਚੋਲਾ ਉੱਡ ਕੇ
ਜਦ ਰਲ ਜਾਏ ਵਿੱਚ ਹਵਾ
ਤਾਂ ਹਵਾ 'ਚੋਂ ਉੱਠੇ ਗੂੰਜ ਵੇ
ਨਾਨਕਵਾ ! ਨਾਨਕਵਾ !
ਨਾਨਕਵਾ ! ਨਾਨਕਵਾ !
2. ਕੇਸ ਜੂਹੇ
ਕੇਸ ਜੂਹੇ ਨੀਂ ਚੁਗਣ ਮਿਰਗੜੇ
ਕੇਸ ਜੂਹੇ ਨੀਂ ਆਉਂਦੇ ਮੋਰ
ਕੇਸ ਜੂਹੇ ਨੀਂ ਵਗਦੀ 'ਵਾ ਦਾ
ਸੁੱਤਿਆਂ ਸਾਹਾਂ ਵਰਗਾ ਸ਼ੋਰ ।
ਕੇਸ ਜੂਹੇ ਨੀਂ ਟੁੱਕ-ਟੁੱਕ ਪੰਖੂ
ਭੁੰਜੇ ਸੁੱਟ ਗਏ ਅੱਖਰੋਟ
ਕੇਸ ਜੂਹੇ ਨੀਂ ਆਪ ਵਿਧਾਤਾ
ਪੰਖੜੀਆਂ ਦੀ ਕਰਦਾ ਸੋਟ ।
ਸਿਰ ਤੇ ਚੌਂਕਾਂ, ਨੱਕ ਵਿੱਚ ਨੱਥਾਂ
ਘੱਗਰ ਪਾ ਕੇ ਸਾਵੇ ਲਾਲ
ਕੇਸ ਜੂਹੇ ਨੀਂ ਗੱਦਣ ਕੁੜੀਆਂ
ਟੁਰਦੀਆਂ ਬੇਪਰਵਾਹੀ ਨਾਲ ।
ਕੇਸ ਜੂਹੇ ਨੀਂ ਬਾਂਸਾਂ ਵਿੱਚੋਂ
ਲੰਘ-ਲੰਘ ਜਾਵਣ ਭੀੜੇ ਰਾਹ
ਕੇਸ ਜੂਹੇ ਨੀਂ ਡੁੱਲ੍ਹਦੀ ਰਹਿੰਦੀ
ਸੁੱਚੜੀ ਹਰੜ-ਬਹੇੜੀ ਛਾਂ ।
ਕੇਸ ਜੂਹੇ ਇੱਕ ਲੱਜਿਆਵੰਤੀ
ਫਿਰੇ ਉਡਾਉਂਦੀ ਢੀਂਗ-ਤਲੋਰ
ਕੇਸ ਜੂਹੇ ਓਹ ਪਦਮਾਂ ਛਾਂਵੇਂ
ਸੱਪਣੀਆਂ ਦੀ ਤੁਰਦੀ ਤੋਰ ।
ਕੇਸ ਜੂਹੇ ਫੁੱਲ ਖੁਰਮਾਣੀ ਦੇ
ਖਿੱਚਣ ਓਹਨੂੰ ਆਪਣੀ ਓਰ
ਕੇਸ ਜੂਹੇ ਓਹ ਜਾਦੂਗਰਨੀ
ਗੁੰਮ ਜਾਵੇ ਫਿਰ ਅੱਖ ਦੇ ਫੋਰ ।
ਬਾਣ ਵਾਂਗਰਾਂ ਸਿੱਧ-ਸਪਾਟੇ
ਸਿੰਮਲਾਂ ਦੀ ਇਕ ਸੁੰਞੀ ਪਾਲ
ਕੇਸ ਜੂਹੇ ਨੀਂ ਜੰਗਲੀ ਨਾਖਾਂ
ਖੇਡਣ ਚਿੱਟਿਆਂ ਫੁੱਲਾਂ ਨਾਲ਼ ।
ਕੇਸ ਜੂਹੇ ਨੀਂ ਪਾਣੀਆਂ ਉੱਤੇ
ਮੁਰਗਾਈਆਂ ਲੱਥ ਆਵਣ
ਦੁੱਧ-ਚਾਨਣੀਆਂ ਰਾਤਾਂ ਅੰਦਰ
ਗੰਧਾਂ ਵੀ ਅਲਸਾਵਣ ।
ਕੇਸ ਜੂਹੇ ਮੇਰੇ ਤਿੱਤਰ ਉੱਡਣੇ
ਕਿੱਥੇ ਇੱਜੜ ਚਰਨਾ
ਕੇਸ ਜੂਹੇ ਵੇ ਕੇਸਰੀਆ ਮੈਂ
ਸੀਸ ਤੇਰੇ ਪੱਗ ਧਰਨਾ ।
ਕੇਸ ਜੂਹੇ ਨੀਂ ਚੁਗਣ ਮਿਰਗੜੇ
ਕੇਸ ਜੂਹੇ ਨੀਂ ਆਉਂਦੇ ਮੋਰ
ਕੇਸ ਜੂਹੇ ਨੀਂ ਵਗਦੀ 'ਵਾ ਦਾ
ਸੁੱਤਿਆਂ ਸਾਹਾਂ ਵਰਗਾ ਸ਼ੋਰ ।
3. ਉੱਡਦੀਆਂ ਧੁੱਪਾਂ ਦਾ ਗੀਤ
ਪਿਆਰ ਤਾਂ ਹੈ ਸਬਜ਼-ਰਾਤਾਂ ਦੀ ਮਹਿਕ
ਪਿਆਰ ਤਾਂ ਹੈ ਰੁੱਖੀਆਂ ਥਲੀਆਂ ਦਾ ਯਾਰ
ਪਿਆਰ ਤਾਂ ਹੈ ਪਰਬਤਾਂ ਦੀ ਸਾਧਨਾ
ਪਿਆਰ ਤਾਂ ਹੈ ਡੂੰਘਿਆਂ ਖੂਹਾਂ ਦਾ ਸਾਰ ।
ਪਿਆਰ ਤਾਂ ਹੈ ਬਾਜ਼ ਦੀ ਨੰਗੀ ਨਜ਼ਰ
ਪਿਆਰ ਛਿੰਦੇ ਬਗਲਿਆਂ ਦੀ ਹੈ ਕਤਾਰ
ਪਿਆਰ ਦਾ ਕੋਈ ਰੰਗ ਨਾ, ਆਕਾਰ ਨਾ
ਪਿਆਰ ਤਾਂ ਪਾਣੀ 'ਚ ਘੁਲ਼ਿਆ ਇੱਕ ਵਿਚਾਰ ।
ਪਿਆਰ ਤਾਂ ਹੈ ਠੱਠਿਆਂ ਦਾ ਅਰਕ ਜਿਉਂ
ਪਿਆਰ ਤਾਂ ਹੈ ਹੌਕਿਆਂ ਦਾ ਤੱਤ-ਸਾਰ
ਪਿਆਰ ਤਾਂ ਹੈ ਜਿਉਂ ਹੜੱਪਾ ਦੀ ਗਲ਼ੀ
ਸਦੀਆਂ ਪੁਰਾਣੀ ਰੀਤ ਦਾ ਕੋਈ ਆਧਾਰ ।
ਪਿਆਰ ਤਾਂ ਹੈ ਖਿੱਤੀਆਂ ਦਾ ਸਿਰ 'ਤੇ ਨੱਚਣਾ
ਪਿਆਰ ਤਾਂ ਖ਼ਾਬਾਂ ਦੀ ਡੋਲੀ ਦਾ ਕਹਾਰ
ਪਿਆਰ ਤਾਂ ਹੈ ਉੱਡਦੀਆਂ ਧੁੱਪਾਂ ਦਾ ਗੀਤ
ਪਿਆਰ ਤਾਂ ਹੈ ਪਸਰੀਆਂ ਛਾਂਵਾਂ ਦਾ ਭਾਰ ।
ਪਿਆਰ ਤਾਂ ਦਿਲ ਦੀ ਮੰਮਟੀ ਨੂੰ ਭੰਨ ਕੇ
ਹਰ ਰੋਜ਼ ਹੀ ਲੈਂਦਾ ਕੋਈ ਤਾਜ਼ੀ ਉਸਾਰ
ਪਿਆਰ ਤਾਂ ਜਿਸਮਾਂ ਦਾ ਸੁੱਚਾ ਹੋਵਣਾ
ਪਿਆਰ ਤਾਂ ਰੂਹਾਂ ਦਾ ਹੁੰਦਾ ਹੈ ਸ਼ਿੰਗਾਰ |
4. ਪਗਬੋਸੀਆਂ
(ਤੇਰੇ ਪੈਰਾਂ ਦੇ ਨਾਮ)
ਓਹ ਜੋ ਸਾਡੀ ਮਸ਼ਕਰੀ ਦੇ ਮੇਚ ਦਾ
ਓਹ ਜੋ ਸਾਡੀ ਧੁਖਧੁਖੀ ਨੂੰ ਜਾਣਦਾ
ਓਹ ਕਿ ਜਿਸ ਨੂੰ ਸੁਬਕਤਾ ਦੇ ਫੁੱਲ 'ਤੇ
ਸ਼ੌਂਕ ਹੈ ਅੱਠ ਪਹਿਰ ਹੀ ਮੰਡਲਾਣ ਦਾ
ਮਿਲ ਗਿਆ ਸਾਨੂੰ ਵੀ ਕੋਈ ਹਾਣ ਦਾ
ਫੁੱਲ ਆਇਆ ਮੱਥੜੇ ਦੀ ਵੇਲ 'ਤੇ
ਪੱਤ ਹਰਿਆ ਇਸ਼ਕੜੇ ਦੀ ਪਾਨ ਦਾ ।
ਝਾੜ ਚੂਨਾ ਚੇਤਰਾਂ ਦੇ ਚੰਨ ਤੋਂ
ਕੱਥੜਾ ਲਾ ਖੈਰ ਤੇ ਖੁਰਮਾਣ ਦਾ
ਜੀ ਬੜਾ ਹੈ ਪਾਨ ਦੇ ਇਸ ਪੱਤ ਨੂੰ
ਓੜਕਾਂ ਦਰ ਓੜਕਾਂ ਚੱਬਾਣ ਦਾ
ਵਕਤ ਦੇ ਸਿਰਿਆਂ ਦੇ ਤੱਕ ਲੈ ਜਾਣ ਦਾ
ਫੇਰ ਸਿਰਿਓਂ ਆਦਿ ਨੂੰ ਰਿਸਕਾਣ ਦਾ
ਟਿਮਕ ਆਏ ਚਰਖ਼ ਥੀਂ ਗੁੰਮ ਜਾਣ ਦਾ
ਤਾਰਿਆਂ ਦੀ ਬਾਤ ਕੋਈ ਪਾਣ ਦਾ
ਹੌਲ਼ੀ-ਹੌਲ਼ੀ ਮੰਦ-ਮੰਦ ਮੁਸਕਾਣ ਦਾ
ਥੋੜ੍ਹਾ-ਥੋੜ੍ਹਾ ਬੁੱਲ੍ਹੀਆਂ ਫੁਰਕਾਣ ਦਾ ।
ਓਹ ਕਿ ਜਦ-ਜਦ ਹੱਸਦਾ ਫੁੱਲ ਬਰਸਦੇ
ਓਹ ਜੋ ਡਾਢਾ ਮਿੱਠੜਾ ਜ਼ੁਬਾਨ ਦਾ
ਰਾਤ ਦੇ ਪਹਿਲੇ ਪਹਿਰ ਕੋਈ ਪਿੱਪਲੀ
ਛੇੜਦੀ ਹੈ ਰਾਗ ਜਿਉਂ ਕਲਿਆਣ ਦਾ ।
ਓਹ ਕਿ ਉਹ ਕਿ ਜਿਹੜਾ ਉਸ ਵੇਲੇ ਬਹੁੜਿਆ
ਜਦ ਸੀ ਬੇੜਾ ਡੁੱਬਿਆ ਈਮਾਨ ਦਾ
ਜਦ ਸੀ ਹਰ ਪਾਸੇ ਹੀ ਖਿੱਲੀ ਮੱਚਦੀ
ਜਦ ਕਿ ਕੋਈ ਵੀ ਨਹੀਂ ਸੀ ਸਿਆਣਦਾ
ਜਦ ਸੀ ਮਰਜ਼ਾਂ ਡਾਢੀਆਂ ਕੁਪੱਤੀਆਂ
ਨੁਸਖ਼ਾ ਵੀ ਝੂਠਾ ਪੈ ਗਿਆ ਲੁਕਮਾਨ ਦਾ
ਮੈਂ ਕੰਡਿਆਂ ਦੀ ਸੇਜ ਤੋਂ ਸੀ ਉੱਠਿਆ
ਜਦ ਲੈ ਕੇ ਸੁਪਨਾ ਅਤਲਸਾਂ ਦੇ ਥਾਨ ਦਾ ।
ਚੁੱਕਿਆ ਸੀ ਘੁੰਡ ਜਦੋਂ ਜਜਮਾਨ ਦਾ
ਮਹਿਕਿਆ ਸੀ ਰੋੜ ਵੀ ਚਉਗਾਨ ਦਾ
ਮੈਂ ਓਸ ਦਿਨ ਦੀ ਧੁੱਪ ਨੂੰ ਨਾ ਭੁੱਲਿਆ
ਮੈਂ ਓਸ ਦਿਨ ਦੀ 'ਵਾ ਨੂੰ ਹਾਂ ਪਚਿਚਾਣਦਾ
ਕਿ ਨਿੱਸਰੇ ਗ਼ਮ-ਗੋਪੀਆਂ ਦੇ ਵਲਵਲੇ
ਮਿਲ ਗਿਆ ਖ਼ੁਤਬਾ ਜਿਨ੍ਹਾਂ ਨੂੰ ਕਾਨ੍ਹ ਦਾ
ਵੇ ਅੱਜ ਕਾਠੇ ਦਿਲ ਦੀਆਂ ਮਾਛੇਰਨਾਂ ਨੂੰ
ਚਾਅ ਹੈ ਚੜ੍ਹਿਆ ਗੀਤ ਕੋਈ ਗਾਣਦਾ ।
ਇੱਕ ਸੀ ਕਥਨ ਜੋ ਬਾਈਬਲਾਂ ਨੇ ਆਖਿਆ
ਭਰਦਾ ਹੈ ਸਾਖੀ ਨਫ਼ਸ ਵੀ ਕੁਰਆਨ ਦਾ
ਛੇ ਦਿਨ ਸੀ ਲੱਗੇ ਜੱਗ ਦੀ ਰਚਨਾ ਲਈ
ਬੰਨ੍ਹਿਆ ਸੀ ਕਾਦਰ ਮੁੱਢ ਜਦੋਂ ਜਹਾਨ ਦਾ
ਪਹਿਲੇ ਤਾਂ ਰੋਜ਼ੇ ਦਿਨ ਤੇ ਰਾਤਾਂ ਜੰਮੀਆਂ
ਦਿਨ ਦੂਸਰੇ ਰਚਿਆ ਸੀ ਦਿਲ ਅਰਮਾਨ ਦਾ
ਦਿਨ ਤੀਸਰੇ ਘਾਹ, ਬੂਟੀਆਂ ਵਣ-ਪੱਤੀਆਂ
ਦਿਨ ਚੌਥੜਾ ਚੰਨ ਸੂਰਜਾਂ ਦੇ ਹਾਣ ਦਾ
ਪੰਚਮ ਦਿਵਸ ਨੂੰ ਜੰਤੜੇ, ਜਲ, ਪੰਖੀਆਂ
ਛੇਵਾਂ ਮਿਥੁਨ ਜੋੜੇ ਦੇ ਸੀ ਬਣ ਜਾਣ ਦਾ
ਕੁੱਲ ਜਗਤ-ਰਚਨਾ ਜੋ ਕਰਨੇ ਵਾਲੜਾ
ਸੱਤਵੇਂ ਤਾਂ ਦਿਨ ਕਾਦਰ ਹੈ ਲੰਮੀਆਂ ਤਾਣਦਾ ।
ਬਿਲਕੁਲ ਹੈ ਓਨਾ ਹੀ ਮਜ਼ਾ ਤੇ ਆਸਥਾ
ਵੇ ਉਂਗਲਾਂ ਵਿੱਚ ਉਂਗਲਾਂ ਨੂੰ ਪਾਣ ਦਾ
ਵੇ ਤੇਰੀਆਂ ਪਗਬੋਸੀਆਂ ਕਰ ਲੈਣ ਦਾ
ਤੇਰੀ ਬੁੱਕਲੇ ਮਿਰੇ ਹਾਣੀਆਂ ਸੁਸਤਾਣ ਦਾ
ਕਾਇਨਾਤ ਨੂੰ ਜਦ ਸਿਰਜ ਕੇ ਤੇ ਸਾਜ ਕੇ
ਕਾਦਰ ਨੇ ਜ਼ੁੰਮਾ ਚੁੱਕਿਆ ਨਿੰਦਰਾਣ ਦਾ
ਮੈਂ ਹੁੰਦਾ ਜਾਵਾਂ ਰੱਬ ਦੇ ਹੀ ਹਾਣ ਦਾ
ਮੈਂ ਹੋ ਗਿਆ ਹਾਂ ਰੱਬ ਦੇ ਹੀ ਹਾਣ ਦਾ ।
5. ਸੁਪਨ ਸਲਾਈ
ਨੀਂਦ ਵੇ ਅਸਾਡੜੀ ਦੇ
ਨੈਣਾਂ ਵਿੱਚ ਤਾਰਿਆ ਤੂੰ
ਪਾਜਾ ਇੱਕ ਸੁਪਨ ਸਲਾਈ ਵੇ
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ ਚੋਂ ਉੱਡਦੀ ਏ
ਹਾੜ੍ਹਾ ਓਹਦੇ ਪਿੰਡ ਲੈ ਕੇ ਜਾਈਂ ਵੇ|
ਓਹਦੇ ਪਿੰਡ ਜਾਣ ਨੂੰ
ਸੰਵਾਈ ਜੋੜੀ ਜੁੱਤੀਆਂ ਦੀ
ਪੈਰਾਂ ਵਿੱਚ ਲਵਾਂ ਕਿੰਝ ਪਾ ਵੇ
ਓਹਦੇ ਪਿੰਡ ਜਾਣਾ ਅਸੀਂ
ਨੰਗੇ ਨੰਗੇ ਪੈਰੀਂ, ਸਾਨੂੰ
ਫੁੱਲਾਂ ਜਿਹੇ ਰੋੜਿਆਂ ਦਾ ਚਾਅ ਵੇ।
ਓਹਦੇ ਪਿੰਡ ਤਾਰਿਆ ਵੇ
ਦੂਧੀਆ ਪਹਾੜੀਆ ਦੀ
ਕੋਠਿਆਂ ਤੋਂ ਪੈਂਦੀ ਝਲਕਾਰ ਵੇ,
ਓਹਦੇ ਪਿੰਡ ਤਾਰਿਆ
ਫ਼ਕੀਰ ਜਿਹੜੇ ਭੌਂਦੇ ਰਹਿੰਦੇ
ਮੋਰਾਂ ਵਾਲੀ ਬਗਲੀ ਦੇ ਯਾਰ ਵੇ।
ਮੌਸਮਾਂ ਦੇ ਪਿੰਡੇ ਉੱਤੇ
ਮਲਿਆ ਏ ਲੇਪ ਕੀਹਨੇ
ਜੰਗਲੀ ਅਨਾਰਾਂ ਨੂੰ ਨਿਚੋੜ ਕੇ
ਓਹਦੇ ਪਿੰਡ ਆਉਂਦੀਆਂ
ਨਾਰੰਗੀ ਬਦਲੋਟੀਆਂ ਵੇ
ਤੁਰਦੀਆਂ ਪੱਬ ਨੂੰ ਮਰੋੜ ਕੇ।
ਓਹਦੇ ਪਿੰਡ ਵਾਸ਼ਨਾ ਨੂੰ
ਚੁੰਨੀਆਂ ਨਾ' ਬੰਨ੍ਹ ਬੰਨ੍ਹ
ਨੱਚਦੀਆਂ ਧੀਆਂ ਵੇ ਧਿਆਣੀਆਂ
ਓਹਦੇ ਪਿੰਡ ਤਾਰਿਆ ਵੇ
ਅੱਕ ਵੀ ਗੁਲਾਬ ਲੱਗੇ
ਬੂਈਆਂ ਜਿਵੇਂ ਰਾਤ ਦੀਆਂ ਰਾਣੀਆਂ।
ਤਾਰਿਆ ਵੇ ਗੰਨਿਆਂ ਦੇ
ਪੱਤਰਾਂ ਦੇ ਨਾਲ ਜਦੋਂ
ਖਹਿੰਦੀਆਂ ਹਵਾਵਾਂ ਸ਼ਾਮ-ਰੰਗੀਆਂ
ਓਦੋਂ ਸਾਡਾ ਚਿੱਤ ਕਰੇ
ਓਹਦੇ ਪਿੰਡ ਮੁੱਕਣੇ ਨੂੰ
ਐਸੀਆਂ ਵੇ ਮੌਤਾਂ ਲੱਖ ਚੰਗੀਆਂ।
ਨੀਂਦ ਵੇ ਅਸਾਡੜੀ ਦੇ
ਨੈਣਾਂ ਵਿੱਚ ਤਾਰਿਆ ਤੂੰ
ਪਾਜਾ ਇੱਕ ਸੁਪਨ ਸਲਾਈ ਵੇ
ਲਾਚੀਆਂ ਦੀ ਮਹਿਕ
ਜੀਹਦੇ ਨੇਤਰਾਂ ਚੋਂ ਉੱਡਦੀ ਏ
ਹਾੜ੍ਹਾ ਓਹਦੇ ਪਿੰਡ ਲੈ ਕੇ ਜਾਈਂ ਵੇ|
6. ਫ਼ਕੀਰਾਂ ਦੇ ਜ਼ੇਵਰ
ਬਿਰਖਾਂ ਦੇ ਵਰਗੇ ਜਿਨ੍ਹਾਂ ਦੇ ਰੱਵਈਏ
ਅਵਾਰਾ ਜ਼ਮੀਨਾਂ ਦੇ ਮੌਜੀ ਗਵੱਈਏ
ਘੁਮੱਕੜ, ਕਲੰਦਰ, ਕਵੀ, ਕਾਸ਼ਨੀ ਦਿਲ
ਇਸ਼ਾਰੇ ਨਾ' ਸੱਦੀਏ, ਅਦਾ ਨਾ' ਬੁਲਾਈਏ
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
ਇਹ ਰੋਹੀਆਂ ਤੇ ਬੇਲੇ ਤਾਰੀਖ਼ਾਂ ਪੜ੍ਹਨਗੇ
ਜੇ ਲਸ਼ਕਰ ਤੁਰੇਗਾ ਤਾਂ ਤਾਰੇ ਚੜ੍ਹਨਗੇ
ਹਰਕਤ 'ਚੋਂ ਲੱਥੇਗੀ ਬਰਕਤ ਵੇ ਬੀਬਾ
ਤੀਰਾਂ ਨੂੰ ਘੜੀਏ, ਨਿਸ਼ਾਨੇ ਲਗਾਈਏ
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
ਖੇਤਾਂ ਦੇ ਮੰਦਰ ਉਹ ਸਾਵੇ-ਸਵਰਨੇ
ਕਿਲਿਆਂ 'ਚੋਂ ਵਹਿੰਦੇ ਸੀ ਕੇਸਾਂ ਦੇ ਝਰਨੇ
ਕਣਕਾਂ ਵੀ ਚੁੱਪ ਨੇ ਤੇ ਅਣਖਾਂ ਵੀ ਚੁੱਪ ਨੇ
ਚੜ੍ਹ ਗਈਆਂ ਧੁੱਪਾਂ ਤੋਂ ਕੀ-ਕੀ ਛੁਪਾਈਏ ?
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
ਅੱਗਾਂ ਕਿਉਂ ਲਾਵੇਂ, ਕਿਉਂ ਪਾਣੀ ਨੂੰ ਵੰਡੇਂ ?
ਮਿੱਠਤ ਜ਼ਬਾਨਾਂ ਦੀ, ਟੁੱਟੀ ਨੂੰ ਗੰਢੇ
ਗੌਤਮ ਦੇ ਨੈਣਾਂ ਨੂੰ, ਬੁੱਧਾਂ ਦੇ ਵਹਿਣਾਂ ਨੂੰ
ਚੇਤੇ 'ਚ ਰੱਖੀਏ ਤੇ ਗੀਤਾਂ 'ਚ ਗਾਈਏ
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
ਨਵੇਲੀ ਹੈ ਅੱਖ ਵੀ, ਨਵੇਲਾ ਹੈ ਸੁਰਮਾ
ਆਥਣ ਨੂੰ ਸੂਰਜ ਨੇ ਪੱਤਣਾਂ ਤੇ ਖੁਰਨਾ
ਸਲਾਮਤ ਰਹੂ ਪਾਤਸ਼ਾਹੀ ਜ਼ਮੀਂ ਦੀ
ਆਜਾ ਇਸ ਭੁਲੇਖੇ ਦਾ ਧੂਣਾ ਤਪਾਈਏ
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
ਇਹ ਧੂੜਾਂ ਦੇ ਬੱਦਲ ਜੋ ਟੱਕਰੇ ਨਿਗ੍ਹਾ ਨੂੰ
ਇਹ ਕਿਸਦੇ ਨੇ ਘੋੜੇ ਜੋ ਪਿੰਜਣ ਹਵਾ ਨੂੰ ?
ਹੈ ਲਾਜ਼ਿਮ ਕਿ ਗੁਜਰੀ ਦਾ ਬੇਟਾ ਹੀ ਹੋਣੈ
ਉਹਦੀ ਆਸ਼ਿਕੀ ਦਾ ਅੰਦਾਜ਼ਾ ਕੀ ਲਾਈਏ ?
ਜ਼ੁਲਫ਼ਾਂ ਦੇ ਛੱਲੇ, ਫਕੀਰਾਂ ਦੇ ਜ਼ੇਵਰ
ਦੱਬੀਏ ਤਾਂ ਕਿੱਥੇ ਤੇ ਕਿੱਥੇ ਲੁਕਾਈਏ ?
7. ਫੁੱਲਾਂ ਵਾਲਾ ਪਾਣੀ
ਤੇਰਾ ਸਾਥ
ਜਿਵੇਂ ਕੱਚੀ ਕੰਧ ਤੋਂ ਕੋਈ
ਚਿੱਟਾ ਕੁੱਕੜ ਉੱਡਿਆ ਹੋਵੇ
ਜਿਵੇਂ ਕਰੀਰ ਦੀਆਂ ਝਿੰਗਾਂ 'ਤੇ
ਸੇਵੀਆਂ ਸੁੱਕਣੀਆਂ ਪਾਈਆਂ ਹੋਣ।
ਜਿਵੇਂ ਫੁੱਲਾਂ ਵਾਲੇ ਪਾਣੀ 'ਚ
ਸੁਪਨਿਆਂ ਵਰਗੀਆਂ ਬੱਤਖਾਂ
ਤਰਦੀਆਂ ਹੋਣ
ਜਿਵੇਂ ਛਟੀਆਂ ਦੀ ਅੱਗ 'ਤੇ
ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ
ਜਿਵੇਂ ਕਿਸੇ ਬੁੱਢੀ ਮਸੀਤ 'ਚ
ਤੋਤੇ ਅਤੇ ਕਬੂਤਰ ਖੇਡ ਰਹੇ ਹੋਣ।
ਜਿਵੇਂ ਸਿਆੜਾਂ 'ਚ ਪੰਛੀ ਉੱਤਰੇ ਹੋਣ ।
ਜਿਵੇਂ ਪੱਕਦੀਆਂ ਰੋਟੀਆਂ ਦੀ
ਮਹਿਕ ਉੱਡ ਰਹੀ ਹੋਵੇ
ਜਾਂ ਜਿਵੇਂ ਕਿਸੇ ਰਕਾਨ ਜਿਹੀ ਜੱਟੀ ਨੇ
ਥੋੜ੍ਹਾ ਜਿਹਾ ਸਿਰ ਹਿਲਾਇਆ ਹੋਵੇ ਤੇ
ਬਾਲੀਆਂ ਦੇ ਕੁੰਡਿਆਂ ਵਿੱਚ ਪਾਈਆਂ
ਪਿੱਪਲ-ਪੱਤੀਆਂ ਆਪਸ 'ਚ
ਹਲਕਾ-ਹਲਕਾ ਵੱਜ ਰਹੀਆਂ ਹੋਣ ।
ਤੇਰਾ ਸਾਥ ਬਿਆਨਣ ਲਈ ਜਿਵੇਂ
ਹਾਲੇ ਵੀ ਮਾੜੀ ਜਿਹੀ ਕੱਚ ਬਾਕੀ ਹੈ ।
ਸ਼ਾਹੀ ਸ਼ਬਦ, ਨਿਰਾਲੇ ਅੱਖਰ
ਸੰਦਲੀ ਸਤਰ, ਕਥਾਵਾਂ ਕਿੱਸੇ
ਅੱਜ ਫਿਰ ਮਾਰ ਖਾ ਗਏ ।
ਭਲਾਂ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ
ਕੋਈ ਭਾਸ਼ਾ 'ਚ ਕਿਵੇਂ ਬੰਨ੍ਹੇਂ ?
8. ਕੁੜੀਆਂ ਕੇਸ ਵਾਹੁੰਦੀਆਂ
ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ ।
ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ
ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਹੈ
ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਹੈ ।
ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਵਿੱਸਰੇ ਖੇਲਾਂ ਵਰਗੀਆਂ ਨੇ
ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਹੈ
ਸੰਧੂਰੀ ਟਿੱਬਿਆਂ ਦਾ ਝਾਕਾ, ਹਵਾ ਵਿੱਚ ਤਰਦਾ ਰਹਿਣਾ ਹੈ ।
ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਬਾਪੂ ਚੁੱਪ-ਚੁੱਪ ਰਹਿੰਦਾ ਹੈ
ਦੁਨੀ ਦੇ ਬਾਗ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?
ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ ।
ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
ਇਹਨਾਂ ਦੇ ਵੀਰਾ ਨੀਂ ਹੋਇਆ, ਸਿਰਾਂ 'ਤੇ ਚੀਰਾ ਨੀਂ ਹੋਇਆ
ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਲਗਦੇ ਨੇ ।
ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ ?
ਇਹਨਾਂ ਨੂੰ ਖਾਧਾ ਪਚਦਾ ਹੈ, ਇਹ ਸੋਹਿਲੇ ਰੱਬ ਦੇ ਗਾਉਂਦੀਆਂ ਨੇ
ਇਹ ਰਾਹ ਦੇ ਕੱਖਾਂ-ਕੰਡਿਆਂ ਨੂੰ, ਸਿਰ ਦਾ ਤਾਜ ਬਣਾਉਂਦੀਆਂ ਨੇ ।
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨੀਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨੀਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਹੈ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ ।
9. ਜੋ ਰੇਤੇ 'ਚ ਰਚ ਗਏ
ਜੋ ਰੇਤੇ 'ਚ ਰਚ ਗਏ ਨੇ
ਹੱਡਾਂ ਦੇ ਟੁਕੜੇ
ਜੋ ਬਣ ਗਏ ਵਰੋਲੇ
ਗੁਲਾਬੀ ਜਏ ਮੁਖੜੇ
ਉਹ ਨਵਿਆਂ ਆਕਾਰਾਂ 'ਚ
ਢਲਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਮੈਂ ਗੱਦੀਆਂ ਤੇ ਬਿਸਤਰ,
ਪੁਸ਼ਾਕਾਂ ਤੋਂ ਪੁੱਛਿਆ
ਮੈਂ ਹੀਰਾਂ ਤੋਂ ਪੁੱਛਿਆ
ਮੈਂ ਚਾਕਾਂ ਤੋਂ ਪੁੱਛਿਆ
ਉਹ ਕਹਿੰਦੇ ਕਿ ਬੂਟੇ ਤਾਂ
ਫਲਦੇ ਹੀ ਰਹਿਣੇ।
ਇਹ ਚੱਕਰ ਅਨੋਖੇ ਨੇ,
ਚਲਦੇ ਹੀ ਰਹਿਣੇ।
ਇਹ ਗੁੰਦੀਆਂ ਜੋ ਗੁੱਤਾਂ
ਇਹ ਲਮਕਣ ਪਰਾਂਦੇ
ਇਹ ਕਿੱਥੋਂ ਸੀ ਆਏ
ਇਹ ਕਿੱਧਰ ਨੂੰ ਜਾਂਦੇ ?
ਇਹ ਮੌਸਮ ਨੇ ਮੌਸਮ ਤਾਂ
ਟਲ਼ਦੇ ਹੀ ਰਹਿਣੇ ।
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਸੀ ਲਾਈ ਜਵਾਨੀ
ਜਿਨ੍ਹਾਂ ਦੇ ਮੈਂ ਲੇਖੇ
ਉਹ ਚਾਦਰ ਦੇ ਤੋਤੇ
ਉਡਾ ਕੇ ਨੀਂ ਵੇਖੇ
ਸੰਦੂਕਾਂ 'ਚ ਪਏ ਐਵੇਂ
ਗਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਜਿਨ੍ਹਾਂ ਸਿਰ 'ਤੇ ਛੱਤ ਨੀਂ
ਨਾ ਪੈਰਾਂ ਚ ਜੋੜੇ
ਜੋ ਫਿਰ ਵੀ ਭਜਾਉਂਦੇ ਨੇ
ਉਮਰਾਂ ਦੇ ਘੋੜੇ
ਉਹ ਭੁੱਖਾਂ 'ਤੇ ਤੇਹਾਂ 'ਚ
ਪਲਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
ਮੈਨੂੰ ਆਕੇ ਪੁੱਛਦੀ ਸੀ
ਮਜ਼ਹਬ ਦੀ ਟੋਲੀ
ਤੂੰ ਲਿਖਣਾ ਕਿਉਂ ਚਾਹੁੰਨੈਂ
ਦਰੱਖਤਾਂ ਦੀ ਬੋਲੀ
ਇਹ ਕਾਸ਼ੀ ਬਨਾਰਸ ਤਾਂ
ਬਲ਼ਦੇ ਹੀ ਰਹਿਣੇ
ਇਹ ਚੱਕਰ ਅਨੋਖੇ ਨੇ
ਚਲਦੇ ਹੀ ਰਹਿਣੇ ।
10. ਪੰਜਾਬੀ
ਤੂੰ ਸ਼ੱਕਰ ਵਾਂਗੂੰ ਲਗਦੀ ਏਂ
ਜਦ ਬੁੱਲ੍ਹਾਂ ਵਿੱਚੋਂ ਕਿਰਦੀ ਏਂ
ਤੂੰ ਛਿੰਝਾਂ, ਘੋਲ, ਅਖਾੜਿਆਂ ਵਿੱਚ
ਬਈ ਪੱਬਾਂ ਉੱਤੇ ਫਿਰਦੀ ਏਂ
ਤੂੰ ਹਰ ਮੌਸਮ ਦੀ ਆਦੀ ਏਂ
ਤੂੰ ਅੱਜ ਨਹੀਂ ਤੂੰ ਚਿਰ ਦੀ ਏਂ
ਤੂੰ ਦੁੱਗਣੇ ਬਲ ਸੰਗ ਉੱਠਦੀ ਏਂ
ਜਦ-ਜਦ ਵੀ ਭੁੰਜੇ ਗਿਰਦੀ ਏਂ ।
ਤੂੰ ਪਿੱਪਲੀਆਂ ਦੀ ਰੌਣਕ ਏਂ
ਤੂੰ ਗਿੱਧਿਆਂ ਅੰਦਰ ਛਿੜਦੀ ਏਂ
ਤੇ ਥੇਹਾਂ ਦਾ ਇੱਕ ਟੋਟਾ ਵੀ
ਛਾਤੀ ਵਿੱਚ ਚੁੱਕੀ ਫਿਰਦੀ ਏਂ ।
ਤੂੰ ਅੱਕ-ਜੰਡੀਆਂ ‘ਚੋਂ ਨਿੱਕਲੀ ਏਂ
ਤੂੰ ਜੰਗਲੀ-ਮਹਿਕਾਂ ਲੱਦੀ ਏਂ
ਤੂੰ ਛਮਕਾਂ ਖਾ-ਖਾ ਨਿੱਸਰੀ ਏਂ
ਤੂੰ 'ਵਾਵਾਂ ਬਣ-ਬਣ ਵੱਗੀ ਏਂ
ਤੂੰ ਆਪਣਿਆਂ ਨੇ ਲੁੱਟੀ ਏਂ
ਤੂੰ ਸਕਿਆਂ ਨੇ ਹੀ ਠੱਗੀ ਏਂ
ਨੀਂ ਰਜਬ ਅਲੀ ਦੀਏ ਲਾਡਲੀਏ
ਤੂੰ ਸਭ ਨੂੰ ਚੰਗੀ ਲੱਗੀ ਏਂ ।
ਤੂੰ ਸਾਂਝਾਂ ਪੈ-ਪੈ ਫੁੱਲੀ ਏਂ
ਤੂੰ ਚੋਟਾਂ ਖਾ-ਖਾ ਭੁੱਲੀ ਏਂ
ਤੂੰ ਫਿਰ ਵੀ ਸਭ ਦੇ ਜ਼ਖ਼ਮਾਂ ‘ਤੇ
ਕਿ ਮਰਹਮ ਬਣ-ਬਣ ਡੁੱਲ੍ਹੀ ਏਂ ।
ਤੂੰ ਤਰਵਰ ਤਰਵਰ ਬੈਠੀ ਏਂ
ਤੂੰ ਸਰਵਰ ਸਰਵਰ ਤਰਦੀ ਏਂ
ਤੂੰ ਕੋਇਲ ਕੂ ਕੂ ਕਰਦੀ ਏਂ
ਤੂੰ ਹਰਨੀ ਚੁੰਗੀਆਂ ਭਰਦੀ ਏਂ
ਤੂੰ ਧੁੱਪਾਂ ਅੰਦਰ ਘੁਲੀ ਹੋਈ
ਤੂੰ ਚਾਨਣ ਦੇ ਸੰਗ ਧੁਲੀ ਹੋਈ
ਤੂੰ ਤੋੜ ਹਸ਼ਰ ਤੱਕ ਰਹਿਣੀ ਏਂ
ਤੇਰੀ ਲੋੜ ਜਗਤ ਨੂੰ ਪੈਣੀ ਏਂ ।
ਮਿੱਠ-ਬੋਲੜੀ ਤੇ ਅਲਬੇਲੀ ਏਂ
ਤੂੰ ਲੱਖਾਂ ਵਿੱਚ ਅਕੇਲੀ ਏਂ
ਤੂੰ ਕਾਨੀ ਬਾਬੇ ਗੋਰਖ ਦੀ
ਤੇ ਗੁਰ ਨਾਨਕ ਦੀ ਚੇਲੀ ਏਂ ।
ਤੂੰ ਚਾਦਰਿਆਂ ਦੀ ਆਕੜ ਏਂ
ਤੂੰ ਚੁੰਨੀ ਕੁੜੀ ਗੁਲਾਬੀ ਦੀ
ਤੂੰ ਲਾਲੀ ਫੁੱਲ ਕਰੀਰਾਂ ਦੀ
ਤੂੰ ਚਿੱਟਤ ਹੈ ਮੁਰਗ਼ਾਬੀ ਦੀ
ਕਿ ਦਿਲ ਦੇ ਦੁਖੜੇ ਦਿਓਰਾਂ ਦੇ
ਬਈ ਸੁਣਦੀ ਹੈ ਗੁੱਤ ਭਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ
ਗੱਲ ਹੂਰ ਪਰੀ ਪੰਜਾਬੀ ਦੀ ।
11. ਰੁਮਕਿਆਂ ਦੀ ਲਿੱਪੀ
ਲੇਖਾਂ ਦੇ ਨਕਸ਼ਿਆਂ 'ਤੇ
ਪੌਣਾਂ ਦਾ ਹੈ ਚੰਦੋਆ
ਬੜਾ ਲਾਮਿਸਾਲ ਹੁੰਦੈ
ਫੁੱਲਾਂ ਦਾ ਵੀ ਨੜੋਆ
ਸਾਹਾਂ 'ਚ ਮੌਤ ਰਹਿੰਦੀ
ਰੂਹ ਦਾ ਸ਼ਿੰਗਾਰ ਬਣਕੇ
ਉਸਦੀ ਗਲ਼ੀ ਦਾ ਚਾਨਣ
ਮੇਰੇ ਹੌਂਸਲੇ 'ਚ ਛਣਕੇ
ਅੰਬਰ ਨੂੰ ਉੱਡ ਗਿਆ ਹੈ
ਕੋਈ ਜੀਵ ਦਲਦਲਾਂ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।
ਤੇਗਾਂ 'ਚ ਢਲ ਗਈ ਹੈ
ਤੇਰੇ ਕੌਤਕਾਂ ਦੀ ਚਾਂਦੀ
ਖ਼ਾਬਾਂ ਤੋਂ ਉੱਚੀ ਹੋ ਗਈ
ਹੁਣ ਇਸ਼ਕ ਦੀ ਪਰਾਂਦੀ
ਇੱਕੋ ਡਲ਼ੀ ਦੀ ਖ਼ਾਤਰ
ਧਰਤੀ ਲੁਟਾ ਸਕਦੇ ਹਾਂ
ਸਿਰ ਵੀ ਕਟਾ ਸਕਦੇ ਹਾਂ
ਖੱਲ ਵੀ ਲੁਹਾ ਸਕਦੇ ਹਾਂ
ਨਦੀਆਂ ਨੂੰ ਵੀ ਆ ਸਕਦੈ
ਸੁਪਨਾ ਕਿਸੇ ਤਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।
ਜਦੋਂ ਰੁਮਕਿਆਂ ਦੀ ਲਿੱਪੀ
ਕਰਦੀ ਹਲਾਕ ਅੱਖਾਂ
ਉਦੋਂ ਚਾਨਣਾਂ ਦੇ ਚਿਮਟੇ
ਇੱਕਸਾਰ ਵੱਜਦੇ ਲੱਖਾਂ
ਸਮਿਆਂ ਦੀ ਪੌੜੀ ਚੜ੍ਹਕੇ
ਭਟਕਣ ਹਸੀਨ ਹੋ ਗਈ
ਗਿੱਧੇ 'ਚ ਵੜ ਗਈ ਤੇ
ਤਾਜ਼ੀ ਤਰੀਨ ਹੋ ਗਈ
ਬਣੀ ਧੂੜ ਬੇਲਿਆਂ ਦੀ
ਆਧਾਰ ਤਕਸ਼ਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।
ਮੇਰੇ ਪੋਟਿਆਂ 'ਚ ਤਪਿਆ
ਇਹ ਕਿਸ ਤਰ੍ਹਾਂ ਦਾ ਤਾਂਬਾ
ਮੈਂਨੂੰ ਵਾਰ-ਵਾਰ ਸੁਣਦੈ
ਡੂੰਘੇ ਵਣਾਂ ਦਾ ਕਾਂਬਾ
ਰੋਹੀ ਦਾ ਰੰਗ ਮੈਂਨੂੰ
ਮੇਰੇ ਹਾਲ ਵਰਗਾ ਲਗਦੈ
ਅੰਬਰ ਪੈਗੰਬਰਾਂ ਨੂੰ
ਇੱਕ ਥਾਲ ਵਰਗਾ ਲਗਦੈ
ਗੀਤਾਂ 'ਚ ਮੜ੍ਹਿਆ ਜਾਂਦੈ
ਜਦ ਸੁੰਨ ਕੋਈ ਖਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।
ਧੁੱਪਾਂ ਦਾ ਟੂਮ-ਛੱਲਾ
ਕਵਿਤਾ 'ਚ ਬੋਲਦਾ ਹੈ
ਆਠਰ ਗਈ ਜ਼ੁਬਾਂ 'ਤੇ
ਪਾਣੀ ਵੀ ਡੋਲ੍ਹਦਾ ਹੈ
ਮੁੱਖੜਾ ਪਪੀਸੀਆਂ ਦਾ
ਨਾਗਾਂ ਦੇ ਫ਼ਨ ਖਿਲਾਰੇ
ਜਿਸਦਾ ਆਕਾਰ ਹੈ ਨਈਂ
ਸਭ ਓਸ ਦੇ ਆਕਾਰੇ
ਲੋਕਾਂ ਨੇ ਕਦ ਸਮਝਣਾ
ਰੱਬ ਨਾਮ ਕਿਸ ਬਲਾ ਦਾ
ਜੋ ਹੁਸਨ ਹੈ ਹਵਾ ਦਾ
ਇਹ ਅੰਤ ਹੈ ਕਲਾ ਦਾ ।
12. ਸੋਨ-ਫੁੱਲੀਆਂ ਕਾਤਰਾਂ
ਇਸ਼ਕ ਨੂੰ ਸਦੀਆਂ ਤੋਂ ਇੱਕ ਵਰਦਾਨ ਹੈ
ਤੂੰ ਸਭ ਕੁਝ ਲੁੱਟਾ ਕੇ ਵੀ ਸੁਲਤਾਨ ਹੈਂ
ਇਹ ਪਰਬਤਾਂ 'ਤੇ ਧੁੱਪ ਦੀ ਜੋ ਪਾਣ ਹੈ
ਇਹ ਆਸ਼ਕਾਂ ਨੂੰ ਰੱਬ ਨੇ ਕੀਤੀ ਦਾਨ ਹੈ ।
ਇਸ ਲਿਸ਼ਕ ਤੋਂ ਵਾਂਝੇ ਰਹਿਣ ਦਾ ਹੈ ਸਿਲਾ
ਕਿ ਸਾਡੀਆਂ ਅੱਖਾਂ 'ਚ ਜਿਹੜਾ ਕਾਣ ਹੈ ।
ਇਹ ਧੁੱਪ ਜਿਹੜੀ ਚਿੱਟਿਆਂ ਬਾਜ਼ਾਂ ਜਿਹੀ,
ਦੈਵੀ ਜਿਹਾ ਕੋਈ ਜਾਪਦੀ ਫ਼ਰਮਾਨ ਹੈ ।
ਇਹ ਸਾਡੀਆਂ ਦੇਹਾਂ ਦੇ ਰੰਗਲੇ ਚਰਖੜੇ
ਇਹਨਾਂ ਦੀ ਘੂਕਰ ਇਸ਼ਕ ਦਾ ਹੀ ਗਾਣ ਹੈ
ਇਹ ਧੁੱਪ ਵਿੱਚ ਪੱਕਦੇ ਰਹੇ ਤੇ ਘੜ ਲਏ
ਇਹ ਲਰਜ਼ਦੇ ਰੁੱਖਾਂ ਦੀ ਹੀ ਸੰਤਾਨ ਹੈ ।
ਇਹ ਰੁੱਖ ਜਿਨ੍ਹਾਂ ਹੇਠ ਬਹਿ ਕੇ ਜਾਪਦੈ
ਕਿ ਪਿਆਰ ਹੀ ਧਰਮਾਂ ਦਾ ਬੂਹਾ ਖੋਲ੍ਹਦੈ
ਕਿ ਖ਼ਾਬ ਤਾਂ ਬੱਸ ਦੂਧੀਆ ਜਿਹੀ ਝੱਗ ਨੇ
ਮੱਥਿਆਂ ਨੂੰ ਕੇਵਲ ਸੱਚ ਹੀ ਪੜਚੋਲਦੈ ।
ਬੇ-ਰੌਣਕਾ ਬੂਟਾ ਸਰੂ ਦਾ ਜਿਉਂ ਕਿਤੇ
'ਕੱਲਾ ਖੜ੍ਹੈ ਪਰ ਫੇਰ ਵੀ ਕੁਝ ਬੋਲਦੈ
ਇਹ ਬੋਲੀਆਂ ਨੂੰ ਸਮਝਦਾ ਓਹੀ ਜਿਹੜਾ
ਬੇਖ਼ੌਫ਼ ਹੋ ਕੇ ਚਾਨਣਾਂ ਨੂੰ ਟੋਲਦੈ ।
ਸੋਨ-ਫੁੱਲੀਆਂ ਕਾਤਰਾਂ ਸਮਿਆਂ ਦੀਆਂ
ਜਿਨ੍ਹਾਂ ਦਾ ਹਰ ਥਾਂ ਸਜ ਰਿਹਾ ਦਰਬਾਰ ਹੈ
ਜਿਂਨ੍ਹਾਂ ਦਾ ਹੋਣਾ ਧਰਤੀਆਂ ਦੀ ਸ਼ਾਨ ਹੈ
ਜਿਨ੍ਹਾਂ ਬਿਨਾਂ ਨਾ ਸੁਹਜ ਹੈ, ਨਾ ਪਿਆਰ ਹੈ ।
ਮੈਂਨੂੰ ਤਾਂ ਇਉਂ ਵੀ ਜਾਪਦੈ ਕਿ ਧੁੱਪ ਜਿਉਂ
ਮਾਂਵਾਂ ਦੇ ਕੋਸੇ ਦੁੱਧ ਦਾ ਆਧਾਰ ਹੈ
ਵੈਸਾਖ ਵਿੱਚ ਕਣਕਾਂ ਨੂੰ ਜਾ ਕੇ ਪੁੱਛਣਾ
ਇਸ ਬਾਬਤਾਂ ਉਹਨਾਂ ਦਾ ਕੀ ਵਿਚਾਰ ਹੈ ?
ਸ਼ਾਇਦ ਉਹ ਜਿਹੜੇ ਕੋਹਲੂਆਂ ਵਿੱਚ ਪੀੜ'ਤੇ
ਉਹਨਾਂ ਦੇ ਪਿੱਛੇ ਧੁੱਪ ਦੀ ਹੀ ਧਾਰ ਹੈ
ਇਹਨਾਂ ਦੀ ਮੈਨੂੰ ਇੱਕ ਸਦੀ ਤੋਂ ਢੂੰਡ ਸੀ
ਇਹ ਜਾਂਗਲੀ ਧੁੱਪਾਂ ਮੇਰਾ ਘਰ-ਬਾਰ ਹੈ ।
13. ਕੱਕਾ ਚਾਨਣ
ਲਗਰੇ ਕੱਚੀਏ, ਲਾਲ ਕਰੂੰਬਲ
ਗੰਦਲੇ ਸੌਂਫ਼ ਦੀਏ
ਤੇਰਾ ਸੁਹਜ ਕਰੇਂਦਾ
ਖ਼ਲਕਤ 'ਤੇ ਸਰਦਾਰੀ
ਤੇਰੀ ਚੁੰਨੀ 'ਤੇ ਇਉਂ
ਲਾਲ ਲਕੀਰਾਂ ਵੱਜੀਆਂ ਨੇ
ਬਈ ਜੀਕਣ ਮੂੰਗਫਲ਼ੀ ਦੇ
ਫੁੱਲਾਂ ਉੱਤੇ ਧਾਰੀ।
ਤੇਰੀ ਸੇਲ੍ਹੀ ਤਾਂ ਜਿਉਂ
'ਡਾਰ ਹੋਵੇ ਕੋਈ ਚਿੜੀਆਂ ਦੀ
ਜਿਹੜੀ ਪੱਛੋਂ ਦੇ ਵੱਲ
ਉੱਡ ਜਾਏ ਮਾਰ ਉਡਾਰੀ
ਤੈਨੂੰ ਹਵਾ ਦੇ ਬੁੱਲੇ
ਨਾਗ-ਵਲੇਵਾਂ ਪਾ ਲੈਂਦੇ
ਚੰਨ ਦਾ ਕੱਕਾ ਚਾਨਣ
ਹਿੱਕ ਤੇ ਕਰੇ ਸਵਾਰੀ।
ਤੋਪੇ, ਧਾਗੇ, ਫੁੱਲ, ਸਰ੍ਹਾਣੇ,
ਚੁੱਲ੍ਹੇ, ਚਰਖਿਆਂ 'ਤੇ
ਤੇਰੇ ਹੰਸਣੀਆਂ ਜਏ
ਹੱਥਾਂ ਦੀ ਮੁਖਤਿਆਰੀ
ਤੇਰੇ ਸਾਹਾਂ ਦੇ ਵਿੱਚ
ਰੋਹੀ ਗਿੱਧਾ ਪਾਉਂਦੀ ਏ
ਨੀਂ ਕੋਈ ਨਾਗ ਲਾਹ ਗਿਆ
ਅੜੀਏ ਕੰਜ ਕੁਆਰੀ।
ਤੇਰੀ ਧੂਣੀ ਜੇਡ ਫ਼ਕੀਰੀ
ਮੌਤੋਂ ਪਿਆਰੀਏ ਨੀਂ
ਪਾ ਕੇ ਦਰਸ਼ਨ ਹੋ ਗਈ
ਧੁੱਪ ਵੀ ਤਿੜਕਣ-ਹਾਰੀ
ਧਣੀਆ, ਸੁੰਢ ਰਲਾ ਕੇ
ਰੁੱਤਾਂ ਖਾਣ ਪੰਜੀਰੀਆਂ
ਮੌਸਮ ਕੰਨ ਪੜਵਾਉਣ ਦੀ
ਕਰਦੇ ਫਿਰਨ ਤਿਆਰੀ।
ਰੇਤਾ ਟਿੱਬਿਆਂ ਦਾ ਤੂੰ
ਮਰੂਏ ਦੇ ਵਿੱਚ ਗੁੰਨ੍ਹਦੀ ਏਂ
ਜੱਦ ਵੀ ਜੰਗਲੇ ਓਹਲੇ
ਬੈਠੇਂ ਕੱਲੀ-ਕਾਰੀ
ਜੀਹਦੀ ਯਾਦ ਦਾ ਪਾਣੀ
ਬੰਨ੍ਹ ਤੋੜ ਕੇ ਚੜ੍ਹ ਗਿਆ ਨੀਂ
ਮੁੰਡਾ ਕੱਚਿਆਂ ਸੇਬਾਂ ਵਰਗਾ
ਛੈਲ ਖਿਡਾਰੀ।
ਪਹਿਲਾਂ ਪੱਤਣਾਂ ਉੱਤੇ
ਛਮਕਾਂ ਦੇ ਨਾਲ ਕੁੱਟਿਆ ਤੂੰ
ਮਗਰੋਂ ਸਾਧ ਬਣੇ ਨੂੰ
ਡਾਹੁੰਦੀ ਪਲੰਘ ਨਵਾਰੀ
ਕੱਚ ਦੀਆਂ ਵੰਗਾਂ ਲਾਹ ਕੇ
ਅੜੀਏ ਨਰਮ ਕਲਾਈਆਂ 'ਚੋਂ
ਨੀਂ ਤੂੰ ਚੁੱਕ ਲੈਂਦੀ ਏਂ
ਕੀਕਣ ਕੁੜੇ ਕਟਾਰੀ ?
14. ਸ਼ੀਸ਼ਮਹਿਲ ਮੁਸਕਾਨ
ਇਉਂ ਫੁਦਕਣ ਲਗਦੀ ਜਿੰਦ ਸਾਡੀ
ਤੇਰੀ ਸ਼ੀਸ਼ਮਹਿਲ ਮੁਸਕਾਨ ਉੱਤੇ
ਉੱਡੇ ਕਾਗ ਜਿਉਂ ਤੂਤਾਂ ਘੋਨਿਆਂ ਤੋਂ
ਚਿੜੀ ਜ਼ਾਤ ਖੇਡੇ ਸਾਗਵਾਨ ਉੱਤੇ।
ਮੋਰਪੰਖ ਦਾ ਬੂਟੜਾ ਚੌਰ ਕਰੇ
ਹਵਾ ਅੱਥਰੀ ਦੇ ਫ਼ਰਮਾਨ ਉੱਤੇ
ਜਾਂ ਕਿਸੇ ਸ਼ਿਕਾਰੀ ਦਸਤੇ ਨੇ
ਬੋਸਾ ਰੱਖਿਆ ਤੀਰ ਕਮਾਨ ਉੱਤੇ ।
ਹੈ ਮਹਿਕ ਜਿਉਂ ਪੈਂਦਾ ਰੇਤੜ ਵੇ
ਚਹੁੰ ਕਣੀਆਂ ਦੇ ਫੁਸਲਾਣ ਉੱਤੇ
ਜਾਂ ਨੀਂਹਾਂ ਉੱਖੜ ਜਾਂਦੀਆਂ ਨੇ
ਜਿਉਂ ਘੂੰਗਟ ਦੇ ਸਰਕਾਣ ਉੱਤੇ ।
ਜਿਉਂ ਸਹੇ ਨੇ ਛਾਲ਼ ਲਗਾ ਦਿੱਤੀ
ਜੰਗਲ ਦੀ ਕਿਸੇ ਢਲਾਨ ਉੱਤੇ
ਜਾਂ ਬੂਟੀਆਂ ਪਾਉਂਦਾ ਖੂਨ ਜਿਵੇਂ
ਇੱਕ ਯੋਧੇ ਦੀ ਕਿਰਪਾਨ ਉੱਤੇ ।
15. ਧਾਗਾ ਮੇਰੇ ਦਾਜ ਦਾ
ਕਿੱਕਰ ਦਾ ਸੱਕ ਉੱਬਲੇ
ਤੇ ਜੜ੍ਹਾਂ ਮਜੀਠ ਦੀਆਂ
ਇੱਕ ਚੁਟਕੀ ਸੂਹੇ ਖ਼ਾਬ ਦੀ
ਨਿੱਤ ਸੁਪਨੇ ਪੀਠਦੀਆਂ
ਵਿੱਚ ਰੰਗਣ ਖੱਦਰ ਨੱਢੀਆਂ
ਤੇ ਡੁੱਲ੍ਹ ਡੁੱਲ੍ਹ ਪੈਂਦਾ ਚਾਅ
ਵੇ ਅੱਕ ਦੇ ਕੂਲੇ ਫੰਭਿਆ
ਕਿਤੋਂ ਉਡਦਾ-ਉਡਦਾ ਆ ।
ਅੱਜ ਕੋਟਿ ਕਲੀ ਦਾ ਰੰਗ ਵੇ
ਤੇਰੀ ਦੇਹ ਨੂੰ ਦਿਆਂ ਚੜ੍ਹਾ
ਤੇ ਪਿੰਜ ਤੁੰਬ ਸੰਗ ਸਲੀਕਿਆਂ
ਮੈਂ ਧਾਗਾ ਲਵਾਂ ਬਣਾਂ
ਇਹ ਧਾਗਾ ਮੇਰੇ ਦਾਜ ਦਾ
ਮੈਨੂੰ ਲੱਗਦਾ ਸਕਾ ਭਰਾ
ਜਾਂ ਰੋਹੀ ਵਾਲੇ ਖੇਤ ਨੂੰ
ਇੱਕ ਜਾਂਦੀ ਪਹੀ ਜਿਹਾ ।
ਬਿਰਖ਼ ਨਿਵਾਈਆਂ ਟਾਹਣੀਆਂ
ਤੇ ਤੁਸਾਂ ਨਿਵਾਈ ਧੌਣ
ਕਿ ਹੱਥ ਭਰੇਂਦੇ ਤੋਪਿਆਂ ਨੂੰ
ਬੁੱਲ੍ਹ ਤਾਂ ਛੋਂਹਦੇ ਗੌਣ
ਇੱਕ ਉੱਡਣ ਤਿੱਤਰ ਖੰਭੀਆਂ
ਜੋ ਅੱਗ ਕਲੇਜੇ ਲੌਣ
ਤੇ ਦੂਜਾ ਪੱਤਰੋ-ਪੱਤਰੀਂ
ਅੱਜ ਮੱਛਰੀ ਫਿਰਦੀ ਪੌਣ ।
ਸੁੱਭਰ ਤੇ ਤਿਲ ਪੱਤਰਾ
ਹਾਏ ਨੀਲਕ, ਘੁੰਗਟ ਬਾਗ
ਇੱਕ ਚੋਪ ਤਾਂ ਬੜੀ ਰੰਗੀਲੜੀ
ਧਾਗੇ ਦੇ ਖੁਲ੍ਹ ਗਏ ਭਾਗ
ਇਹ ਧੁੱਪਾਂ ਜ਼ਹਿਰ-ਕਸੀਦੀਆਂ
ਇਹ ਧਰਤਾਂ ਮੋਰਨੀਆਂ
ਨੀਂ ਬਾਬਲ ਆਖੇ ਪੈਂਦੀਆਂ
ਨੇ ਧੀਆਂ ਤੋਰਨੀਆਂ ।
ਇੱਕ ਸੂਈ ਮੇਰੀ ਨਿੱਕੜੀ
ਇੱਕ ਦਰਦ ਸਲੰਮੜੇ ਨੇ
ਲਿਖਿਆਂ ਸਾਹਾਂ ਨੂੰ ਚੁਗਣਾ ਹੈ
ਪਰ ਮਾਣਸ-ਚੰਮੜੇ ਨੇ
ਅੱਜ ਲਾਲ ਝਰੰਗ ਤਾਂ ਹੋ ਗਏ
ਇਹ ਖੱਦਰ ਦੇ ਦਰਿਆ
ਮੈਨੂੰ ਅਗਲੇ ਘਰ ਵਿੱਚ ਤੋਰ ਕੇ
ਪਰ 'ਕੱਲੀ ਰਹਿ ਜਾਊ ਮਾਂ ।
ਜਿਉਂ ਹਵਾ 'ਚ ਕੰਬਣ ਮੂੰਗਰੇ
ਮੇਰਾ ਮੱਥਾ ਜਿਹਾ ਡਰੇ
ਤੇ ਨਾਲ਼ੇ ਵੰਗਾਂ-ਮਹਿੰਦੀਆਂ ਦਾ
ਸੁਪਨਾ ਇੱਕ ਤਰੇ
ਮੈਂ ਬਣ'ਜਾਂ ਫੁੱਲ ਫੁਲਕਾਰੀਆਂ
ਕੋਈ ਤੋਪੇ ਆਣ ਭਰੇ
ਮੈਂਨੂੰ ਚੁੰਮ ਕੇ ਹਿੱਕ ਨਾ' ਲਾ ਲਵੇ
ਮੇਰੇ ਸੱਭੇ ਦੁੱਖ ਹਰੇ ।
16. ਪਿੱਪਲੀ
(ਭੈਣ ਦੇ ਵਿਆਹ 'ਤੇ)
ਲੈ ਲੱਗੀ ਹੋਣ ਵਿਦਾਈ ਨੀਂ
ਪੀਂਘਾਂ ਦੀ ਅੱਖ ਭਰ ਆਈ ਨੀਂ
ਛਾਂਵਾਂ ਨੇ ਕੀਤਾ ਦਾਨ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਸ਼ਗਨਾਂ ਦੇ ਰੰਗਲੇ ਵੇਸਾਂ ਨੂੰ
ਇਹਨਾਂ ਝੋਲੇ, ਪੱਖੀਆਂ, ਖੇਸਾਂ ਨੂੰ
ਲੈ ਜਾਵੀਂ ਆਪਣੇ ਦੇਸਾਂ ਨੂੰ
ਅੱਡਿਆਂ ਤੇ ਗਾਏ ਗਾਣ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਤਲ਼ੀਆਂ ਨੂੰ ਚੜ੍ਹ ਗਈ ਮਹਿੰਦੀ ਨੀਂ
ਜਿਹੜੀ ਸਵਾ ਸਾਲ ਨਾ ਲਹਿੰਦੀ ਨੀਂ
ਹੈ ਮਹਿਕ ਉਮਰ ਤੱਕ ਰਹਿੰਦੀ ਨੀਂ
ਸੱਤ ਜਨਮ ਦਾ ਮਿਲਿਆ ਹਾਣ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਸੋਨੇ ਦੀਆਂ ਡਲੀਆਂ ਚੱਬਦਾ ਏ
ਜਿਹੜਾ ਕਿਸਮਤ ਕਰਕੇ ਲੱਭਦਾ ਏ
ਨੀਂ ਓਹ ਰਾਜਿਆਂ ਵਾਂਗੂੰ ਫੱਬਦਾ ਏ
ਕੱਲ੍ਹ ਤੱਕ ਸੀ ਜੋ ਅਣਜਾਣ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਬਾਬੁਲ ਦੀ ਪੱਗ ਦਾ ਟੋਟਾ ਨੀਂ
ਮੂੰਹ ਕਦੇ ਕਰੀਂ ਨਾ ਮੋਟਾ ਨੀਂ
ਤੂੰ ਕਲੀ ਨਹੀਂ, ਤੂੰ ਜੋਟਾ ਨੀਂ
ਤੂੰ ਦੋ ਕੁੱਲਾਂ ਦੀ ਸ਼ਾਨ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਤੇਰੇ ਜਾਣੇ ਅਤੇ ਪਛਾਣੇ ਨੀਂ
ਤੇਰੇ ਪਿੰਡ ਦੇ ਬਾਲ-ਨਿਆਣੇ ਨੀਂ
ਕੱਲ੍ਹ ਬਣ ਜਾਵਣਗੇ ਰਾਣੇ ਨੀਂ
ਅੱਜ ਚੁਗਦੇ ਫਿਰਦੇ ਭਾਨ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
ਲੈ ਲੱਗੀ ਹੋਣ ਵਿਦਾਈ ਨੀਂ
ਪੀਂਘਾਂ ਦੀ ਅੱਖ ਭਰ ਆਈ ਨੀਂ
ਛਾਂਵਾਂ ਨੇ ਕੀਤਾ ਦਾਨ ਕੁੜੇ
ਪਿੱਪਲੀ ਦਾ ਰੱਖ ਲਈਂ ਮਾਣ ਕੁੜੇ ।
17. ਨਵ-ਰੁੱਤ ਦੀ ਟਕਸਾਲ
ਉੱਡਦੀਆਂ ਪੰਜ ਕੱਕਿਆਂ ਦੀ
ਓਟ ਹੇਠਾਂ ਸ਼ਿੱਦਤਾਂ
ਉੱਠੇ ਗੁਰੂ ਗੋਬਿੰਦ ਸਿੰਘ
ਜਿੱਥੋਂ ਦੀ ਤਾੜੀ ਮਾਰ ਕੇ
ਮਿੱਟੀ ਨੇ ਨਕਸ਼ਾ ਤੱਕਿਆ
ਲੋਹੇ ਦੀ ਨੰਗੀ ਧਾਰ ਦਾ
ਬਦੀਆਂ ਦੇ ਖੇਮੇ ਪੁੱਟ ਕੇ
ਅਣਖਾਂ ਦੇ ਚਿੱਲੇ ਚਾੜ੍ਹ ਕੇ ।
ਬਾਜ਼ਾਂ ਦੇ ਭੂਸਲ ਖੰਭ ਤੋਂ
ਝੜਦੇ ਨੇ ਓਥੇ ਫ਼ਲਸਫ਼ੇ
ਤੇ ਬਹਿੰਦੀਆਂ ਨੇ ਕੋਰੀਆਂ
ਰੁੱਤਾਂ ਪਲਾਥੀ ਮਾਰ ਕੇ
ਤਰਦੀਆਂ ਨੇ ਜਾਮਣੀ ਚੁੱਪਾਂ
ਹਵਾ ਦੀ ਕਾਂਗ 'ਤੇ
ਰੋਹੀ ਦੇ ਰਾਗੀ ਬਾਵਰੇ
ਝੂੰਮਣ ਸੁਰਾਂ ਦੀ ਤਾਰ 'ਤੇ ।
ਜਦ ਵੀ ਹੈ ਆਉਣਾ ਬੱਕੀਆਂ ਨੇ
ਸੀਸ ਲੈ ਕੇ ਬਾਪ ਦਾ
ਕਾਲ਼ੇ ਸਿਆਹ ਪੈਂਡਿਆਂ ਨੂੰ
ਚਾਨਣਾਂ ਵਿੱਚ ਰੰਗਣਾ
ਰੇਤਾ ਵੀ ਭਰ ਕੇ ਚੁੰਗੀਆਂ
ਪੌਣਾਂ ਦੇ ਉੱਤੇ ਬਹਿ ਗਿਆ
ਤੇ ਆਖਦੈ ਕਿ ਸਤਿਗੁਰਾਂ ਨੇ
ਅੱਜ ਵਣਾਂ 'ਚੋਂ ਲੰਘਣਾ ।
ਜਦ ਪੀਂਦੀਆਂ ਤਾਂ ਅੱਕ ਦੇ
ਡੋਡੇ ਦਾ ਰਸ ਹੀ ਪੀਂਦੀਆਂ
ਜਦ ਲਾਉਂਦੀਆਂ ਸਿਰਹਾਣਾ
ਏਹੇ ਟਿੰਡ ਦਾ ਹੀ ਲਾਉਂਦੀਆਂ
ਰਾਤਾਂ ਨੇ ਹੱਦੋਂ ਠੰਢੀਆਂ
ਪੈਰਾਂ 'ਚ ਸੂਲਾਂ ਪੁੜਦੀਆਂ
ਮਾਛੀਵਾੜੇ ਦਿਆਂ ਜੰਗਲਾਂ ਵਿਚ
ਖ਼ਾਲਸਾਈ ਮਸਤੀਆਂ ।
ਨਿਰਵੈਰ ਹੈ, ਸ਼ਾਹਕਾਰ ਹੈ
ਤੀਰਾਂ ਦਾ ਉਹ ਆਕਾਰ ਜੋ
ਕੇਵਲ ਵਿਨਾਸ਼ਕ ਹੀ ਨਹੀਂ
ਨਵ-ਰੁੱਤ ਦੀ ਟਕਸਾਲ ਹੈ
ਕਲਮ-ਏ-ਦਸਮ ਦੀ ਨੋਕ 'ਚੋਂ
ਸੁਰਖ਼ੀ ਜੋ ਖਿੰਡ ਗਈ ਬੇਲੀਓ
ਇਹ ਵਗ ਰਹੇ ਪਾਣੀ ਉਹਨਾਂ ਹੀ
ਕਿਣਕਿਆਂ ਦੀ ਝਾਲ਼ ਹੈ ।
ਡੂੰਘੀ ਧਰਤ ਦੀ 'ਵਾਜ਼ ਨੂੰ
ਸੁਣਨਾ ਹੀ ਸਿੱਖੀ ਧਰਮ ਹੈ
ਚਾਰੇ ਦਿਸ਼ਾਵਾਂ ਜੁੜਦੀਆਂ
ਉਹੀ ਗੁਰੂ ਦਾ ਦੁਆਰ ਹੈ
ਪਾਣੀ ਦੇ ਕੱਚ 'ਤੇ ਉੱਸਰੇ
ਧੁੱਪਾਂ ਦੇ ਬੁੱਤ ਹੀ ਤਖ਼ਤ ਨੇ
ਸੂਰਜ ਦਾ ਚਾਨਣ ਹੱਦ ਹੈ
ਕੁੱਲ ਜਗਤ ਹੀ ਪਰਿਵਾਰ ਹੈ ।
ਇਹ ਕਿਸ ਦਾ ਜੁੱਸਾ ਲਿਸ਼ਕਦੈ
ਸਾਡੇ ਵਿਹੜਿਆਂ ਦੀ ਧੁੱਪ 'ਚੋਂ
ਇਹ ਕਿਸ ਦਾ ਚੋਲ਼ਾ ਬਣ ਗਿਆ
ਸਾਡੇ ਸਿਰ ਉੱਤੇ ਅਸਮਾਨ ਬਈ
ਉਹ ਕੌਣ ਸੀ ਜਿਸ ਦੇ ਮਗਰ
ਤੁਰ ਪਏ ਸੀ ਪੈੜਾਂ ਪੂਜਦੇ
ਕਲਗੀ, ਨਗਾਰਾ, ਚਾਨਣੀ
ਝੰਡੇ, ਤਖ਼ਤ, ਕਿਰਪਾਨ ਬਈ ?
ਗੋਬਿੰਦ ਹੀ ਹੈ ਸਾਡਿਆਂ
ਆਜ਼ਾਦ ਸਾਹਾਂ ਦੀ ਲੜੀ
ਗੋਬਿੰਦ ਹੀ ਸਾਡੀ ਜ਼ੁਬਾਂ ਦਾ
ਸਭ ਤੋਂ ਉੱਚਾ ਵਾਕ ਹੈ
ਗੋਬਿੰਦ ਹੀ ਸੁੱਕਾ, ਸਖ਼ਤ
ਗੋਬਿੰਦ ਹੀ ਤਰ, ਮਖ਼ਮਲੀ
ਗੋਬਿੰਦ ਅੱਕ, ਸੰਦਲ, ਹਵਾ
ਠੂਠਾ, ਸਿੰਘਾਸਣ, ਖ਼ਾਕ ਹੈ ।
18. ਅੰਮ੍ਰਿਤ ਛਿੱਟੇ
(ਤੇਰੀ ਸੰਗਤ 'ਚ)
ਨਾ ਲੱਧੀ ਨੇ ਦੁੱਲਾ ਜਾਇਆ
ਪੌਣਾਂ ਦਾ ਹਮਸਾਇਆ
ਨਾ ਹੀ ਕੋਰੀ ਚਾਟੀ ਵਿੱਚੋਂ
ਮੱਖਣ ਕਿਸੇ ਚੁਰਾਇਆ ।
ਨਾ ਪੁਸ਼ਕਰ ਦੇ ਕੰਢੇ ਕੋਈ
ਗੋਂਬਿੰਦ ਬਾਬਾ ਆਇਆ
ਨਾ ਵਾਰਿਸ ਨੇ ਬੈਠ ਮਸੀਤੇ
ਸੱਜਰਾ ਫੁੱਲ ਖਿੜਾਇਆ ।
ਨਾ ਹੀ ਛੋਲੇ ਪੱਕਣ ਲੱਗੇ
ਨਾ ਹੀ ਚੇਤ ਸੁਹਾਇਆ
ਨਾ ਹੀ ਪੁੱਠੀ ਅਰਘ ਚੜ੍ਹਾ ਕੇ
ਨਾਨਕ ਨੇ ਸਮਝਾਇਆ ।
ਤਾਂ ਸੁੱਖ ਦਾ ਸਾਹ ਕਿੱਦਾਂ ਆਇਆ ?
ਨਾ ਮਰੀਅਮ ਨੇ ਇੱਕ ਲੱਪ ਸ਼ੱਕਰ
ਚਾਦਰ ਹੇਠ ਲੁਕੋਈ
ਨਾ ਲਾਲੋ ਦੇ ਟੁੱਕਰ ਵਿੱਚੋਂ
ਧਾਰ ਸਮੁੰਦਰ ਚੋਈ ।
ਨਾ ਕੱਚ-ਭੁੰਨੀ ਸਤੀ ਦੇ ਨੇਤਰ
ਡਿੱਗੇ ਆਣ ਪਹਾੜੀਂ
ਨਾ ਹੀ ਕਾਮਦੇਵ ਨੇ ਧੁੱਪ ਨੂੰ
ਵੇਖ ਕੇ ਮਾਰੀ ਤਾੜੀ ।
ਨਾ ਅਰਫ਼ਾਹਾਂ ਨੇ ਅੱਜ ਆਦਮ-
ਹਵਾ ਦਾ ਮੇਲ ਕਰਾਇਆ
ਨਾ ਹੀ ਕੋਈ ਗੌਤਮ ਸਖੀਓ
ਬੁੱਧ-ਬੁੱਧ ਅਖਵਾਇਆ ।
ਤਾਂ ਸੁੱਖ ਦਾ ਸਾਹ ਕਿੰਝ ਆਇਆ ?
ਨਾ ਅੱਜ ਰੂਪ ਰੰਗੀਲਾ ਤੋਤਾ
ਦਾਖਾਂ ਟੁੱਕਣ ਆਇਆ
ਨਾ ਕੋਈ ਹਰਿਆ-ਹਰਿਆ ਬੂਟਾ
ਕਿਰਨਾਂ ਤੋਂ ਸ਼ਰਮਾਇਆ ।
ਨਾ ਅੱਜ ਮਾਂ ਨੇ ਸੁੱਕੇ ਝਾਟੇ
ਜੂਹੀ ਗੰਧ ਖਿੰਡਾਈ
ਨਾ ਅੱਜ ਨਿੱਕੀ ਭੈਣ ਨੇ ਕੀਤੀ
ਗੁੱਡੀਆਂ ਦੀ ਕੁੜਮਾਈ ।
ਨਾ ਰਾਵੀ ਦੇ ਕੰਢੇ ਰਿਖੀਆਂ
ਵੇਦਾਂ ਕਲਮ ਛੁਹਾਇਆ
ਨਾ ਅੱਜ ਮੇਰੇ ਸਿਰ ਤੋਂ ਉੱ'ਡਿਆ
ਪੰਜ ਫੂਲਨ ਦਾ ਸਾਇਆ ।
ਤਾਂ ਸੁੱਖ ਦਾ ਸਾਹ ਕਿੰਝ ਆਇਆ ?
19. ਤਾਰਿਆਂ ਦੀ ਰੁੱਤ
ਹਰਿਆਂ ਮੈਦਾਨਾਂ ਤੋਂ ਲੰਘਦਾ
ਸਰਸਬਜ਼ ਕੰਢਿਆਂ 'ਚੋਂ ਬਹਿੰਦਾ
ਮੈਂ ਕੁਝ ਵੀ ਤਾਂਘਣਾ ਭੁੱਲ ਗਿਆ ।
ਬਸ ਇੰਨਾ ਕੁ ਯਾਦ ਰਿਹਾ ਕਿ
ਗੱਲਾਂ ਕਰਨ ਨੂੰ ਤਾਂ ਅਸਮਾਨ ਹੀ ਨਹੀਂ ਮੁੱਕਦਾ
ਲਿਖਣ ਨੂੰ ਤਾਂ ਸਗਲ ਧਰਤ ਪਈ ਹੈ।
ਸੁਣੀ ਤਾਂ ਅਜੇ ਹਵਾ ਵੀ ਨਹੀਂ
ਤੇ ਮੈਂ ਤੈਨੂੰ ਹਰ ਰੁੱਤ ਵਿੱਚ ਪਿਆਰ ਕੀਤਾ ਹੈ
ਜਿਵੇਂ ਕਿ ਤਾਰੇ ਰੋਜ਼ ਚੜ੍ਹਦੇ ਨੇ
ਤਾਰਿਆਂ ਦੀ ਕੋਈ ਰੁੱਤ ਨਹੀਂ ਹੁੰਦੀ ।
20. ਸੋਹਣਾ ਜਿਹਾ ਮੁਹਾਂਦਰਾ
ਅੜੀਏ ਫੁਲਝੜੀਏ
ਇੱਕ ਸੋਹਣਾ ਜਹਾ ਮੁਹਾਂਦਰਾ ਨੀਂ
ਰੋਜ਼ ਮੇਰੇ ਸੁਪਨੇ 'ਚ ਆਂਵਦਾ
ਆਪ ਵੀ ਨਾ ਸੌਂਦਾ ਨਾਲ਼ੇ
ਮੈਨੂੰ ਵੀ ਨਾ ਸੌਣ ਦਿੰਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
ਮੀਢੀਆਂ ਗੁੰਦਾਵਾਂ ਕਦੇ
ਗੁੱਤ ਨੀਂ ਕਰਾਵਾਂ
ਓਹੋ ਜਾਣਦਾ ਰਕਾਨਾਂ ਵਾਲੇ ਚੱਜ ਨੀਂ
ਜਾਪਦਾ ਏ ਮੈਨੂੰ ਮਾਈ
ਹੀਰ ਦਾ ਓਹ ਬੱਚੜਾ ਨੀਂ
ਵੇਖ-ਵੇਖ ਆਂਵਦਾ ਨਾ ਰੱਜ ਨੀਂ
ਕਿਹੜਿਆਂ ਨੀਂ ਬਾਗਾਂ ਦਾ ਓਹ
ਮੋਰ ਹੈ ਛਬੀਲੜਾ
ਜੋ ਫਿਰਦਾ ਮੱਥੇ 'ਚ ਪੈਲਾਂ ਪਾਂਵਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
ਓਹਦੇ ਲਈ ਤਾਂ ਅੜੀਏ ਨੀਂ
ਕੱਢ ਕੇ ਲੈ ਆਵਾਂ ਹਾਏ
ਤਾਰਿਆਂ 'ਚੋਂ ਤਾਰਿਆਂ ਦਾ ਭਾਰ ਮੈਂ
ਮਿਲ ਜਾਵੇ ਮੈਨੂੰ ਕਿਤੇ
ਸਾਂਵਲਾ ਜੇ ਸੱਚੀਂ-ਮੁੱਚੀਂ
ਚੁੰਨੀ ਦੀ ਹੀ ਗੰਢ ਲਵਾਂ ਮਾਰ ਮੈਂ
ਮੈਲ਼ੇ-ਮੈਲ਼ੇ ਪੈਰ ਜਿਵੇਂ
ਯੁੱਗਾਂ ਦਾ ਓਹ ਯਾਤਰੂ ਨੀਂ
ਧੋ-ਧੋ ਕੇ ਦਿਲ 'ਚ ਟਿਕਾਂਵਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
ਖੌਰੇ ਮੈਨੂੰ ਹੋਈ ਜਾਂਦਾ
ਦਿਨੋ-ਦਿਨ ਕੀ
ਲੱਗੇ ਨਿੱਕੇ-ਨਿੱਕੇ ਕੰਮਾਂ ਵਿੱਚ ਜੀ ਨੀਂ
ਤਿੰਨੇ ਡੰਗ ਪਾਉਨੀਂ ਆਂ ਮੈਂ
ਚੂਰੀਆਂ ਕਾਂਵਾਂ ਨੂੰ ਨਾਲ਼ੇ
ਰਿਸ਼ਮਾਂ ਦੇ ਚੁਗਦੀਆਂ ਬੀ ਨੀਂ
ਆਸਾਂ ਦਿਆਂ ਕੌਲ਼ਿਆਂ ਨੂੰ
ਕਲ਼ੀਆਂ ਕਰਾਕੇ ਨੀਂ ਉਹ
ਕੌਲ਼ਿਆਂ ਤੋਂ ਘੁੱਗੀਆਂ ਉਡਾਂਵਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
ਬੈਠ ਕੇ ਝਲਾਨੀ ਦੀਆਂ
ਮੋਰੀਆਂ ਦੇ ਨੇੜੇ ਜਦੋਂ
ਕਰਦੀਆਂ ਪੇੜੇ ਮੈਂ ਸੁਲੱਖਣੇ
ਵੱਖੀ ਵਿੱਚ ਸੁੱਤੇ ਪਏ
ਮੋਰ ਜਾਗ ਪੈਂਦੇ
ਮੈਂਨੂੰ ਆਉਂਦੇ ਨਹੀਂ ਸਖੀਏ ਨੀਂ ਡੱਕਣੇ
ਪਿੱਪਲਾਂ ਦੇ ਜੜੀਂ
ਫਿਰਾਂ ਭੁੱਕਦੀ ਸੰਧੂਰ
ਖੌਰੇ ਉਹ ਵੀ ਹੋਵੇ ਸੁਪਨੇ ਰੰਗਾਂਵਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
ਝੜਦਾ ਵਸਾਖ ਵਿੱਚ
ਅੰਬੀਆਂ ਦਾ ਬੂਰ ਜਿਵੇਂ
ਇੰਝ ਓਹਦੇ ਪੋਟਿਆਂ 'ਚੋਂ ਸੇਕ ਨੀਂ
ਚਿੱਤ ਵਿੱਚ ਮੇਰੇ
ਚੰਗਿਆੜੀਆਂ ਜੋ ਉੱਠਦੀਆਂ
ਪਾ ਨਾ ਸਕੀ ਓਹਨਾਂ ਦਾ ਮੈਂ ਭੇਤ ਨੀਂ
ਫੇਰ ਮੇਰੇ ਚਾਵਾਂ ਨੂੰ
ਝਕਾਨੀ ਦੇਕੇ ਰਾਣੀਏ ਨੀਂ
ਛਿਣੋਂ ਛਿਣੀਂ ਹਵਾ ਹੋ ਜਾਂਵਦਾ
ਹਾਏ ਸੁੱਤੀ ਪਈ ਨੂੰ ਜਗਾਂਵਦਾ ।
21. ਥੇਹਾਂ ਦੀ ਬੋਲੀ
ਨਾ ਹੁਣ ਦਸਤੀਂ ਵੈਦਗੀਆਂ ਨੇ
ਨਾ ਹੀ ਜੰਗਲੀ ਪੱਤਰ
ਸਾਡੇ ਖਰਲੀਂ ਪਿਸ ਜਾਂਦੇ ਹੁਣ
ਮੋਤੀਆਂ ਦੇ ਸੰਗ ਪੱਥਰ ।
ਅੱਗ ਲੱਗੀਆਂ ਲਹਿਰਾਂ ਦੇ ਉੱਤੇ
ਕਦ ਤੱਕ ਝੂਟੇ ਖਾਂਦੀ
ਕਦ ਤੱਕ ਨੀਲੇ ਪਾਣੀ ਉੱਤੇ
ਮੁਰਗਾਬੀ ਨਸ਼ਿਆਂਦੀ ?
ਕਿਉਂ ਤੁੰਮਿਆਂ ਦੀ ਵੇਲ ਦੇ ਵਿੱਚੋਂ
ਕੌੜ-ਕੁੜੱਤਣ ਮੱਕ ਜਾਏ ?
ਕਿਉਂ ਕੋਈ ਅਜਵਾਇਣਾਂ ਦਾ ਪੱਤ
ਬੇ-ਮੁਸ਼ਕਾ ਹੀ ਸੁੱਕ ਜਾਏ ?
ਨਾ ਕੋਈ ਸਾਡੇ ਵਿਹੜੇ ਆਇਆ
ਨਾ ਮੈਂ ਥਿੰਦੇ ਕਰੇ ਦੁਆਰੇ
ਹੋ ਸਕਦਾ ਏ ਰੋਜ਼ ਰਾਤ ਨੂੰ
ਢੂੰਡ ਮੇਰੀ ਵਿੱਚ ਨਿੱਕਲਣ ਤਾਰੇ ।
ਇੱਕ ਬਣਤਰ ਤੋਂ ਦੂਜੀ ਦੇ ਵਿੱਚ
ਇੰਞ ਢਲ਼ ਗਏ ਨੇ ਹਾਣੀ
ਬੋਹਟੀ ਦੇ ਵਿੱਚ ਵਟ ਜਾਂਦੀ ਹੈ
ਜਿਉਂ ਪਿਲਛੀ ਦੀ ਟਾਹਣੀ ।
ਹੋ ਸਕਦੈ ਮੈਂ ਆਪਣੀ ਵਲਗਣ
ਲੇਹਾਂ ਦੇ ਸੰਗ ਸੀਤੀ ਹੋਵੇ
ਜਾਂ ਥੇਹਾਂ ਦੀ ਗੂੰਗੀ ਬੋਲੀ
ਘੁੱਟ-ਦੋ-ਘੁੱਟਾਂ ਪੀਤੀ ਹੋਵੇ ।
ਰੱਕੜ, ਮੈਰੇ, ਉੱਜੜੇ-ਬੰਨੇ
ਹੀ ਕਿਉਂ ਮੈਨੂੰ ਮੇਰੇ ਲੱਗਦੇ ?
ਫੁੱਲ, ਪਰਿੰਦੇ, ਸਾਵੇ-ਖਿੱਤੇ
ਹੀ ਕਿਉਂ ਮੈਂਨੂੰ ਤੇਰੇ ਲੱਗਦੇ ?
22. ਇਸ਼ਕ ਅਸਮਾਨ ਵਰਗਾ ਹੈ
ਕਿਸੇ ਦਾ ਪਿਆਰ ਪਾਵਣ ਨੂੰ
ਭਲਾਂ ਕੋਈ ਕੀ ਨਹੀਂ ਕਰਦਾ
ਓਹ ਪਰਬਤ ਭੋਰ ਦੇਂਦਾ ਹੈ
ਓਹ ਰੀਝਾਂ ਹੀ ਨਹੀਂ ਕਰਦਾ ।
ਲਪੇਟਾਂ ਰੇਸ਼ਮਾਂ ਅੰਦਰ
ਵੇ ਤੇਰੇ ਐਬ ਵੀ ਸੋਹਣੇ
ਜਿਓਂ ਚੰਨ ਦੇ ਦਾਗ ਧੋਵਣ ਨੂੰ
ਕਿਸੇ ਦਾ ਜੀ ਨਹੀਂ ਕਰਦਾ ।
ਜੋ ਲਿੱਖਦੈ ਕਾਸ਼ਨੀ ਚਿੱਠੀਆਂ
ਹਵਾ ਦੇ ਵਰਕਿਆਂ ਉੱਤੇ
ਮੇਰੇ ਨਾਲ ਬੋਲਦਾ ਵੀ ਨਈਂ
ਤੇ ਨਫ਼ਰਤ ਵੀ ਨਹੀਂ ਕਰਦਾ ।
ਇਸ਼ਕ ਆਸਮਾਨ ਵਰਗਾ ਹੈ
ਜੋ ਨੀਲਾ-ਕੇਸਰੀ ਹੁੰਦੈ
ਤਵੀ 'ਤੇ ਬੈਠ ਜਾਂਦਾ ਹੈ
ਤੇ ਉੱਪਰੋਂ ਸੀ ਨਹੀਂ ਕਰਦਾ ।
ਹੈ ਰੇਤਾ ਵੀ ਤਾਂ ਕੱਕਾ ਹੀ
ਮਗ਼ਰ ਕੋਈ ਪੈੜ ਨਈਂ ਦਿਸਦੀ
ਅਨੋਖਾ ਸੱਪ ਹੈ, ਤੁਰਦਾ ਤਾਂ ਹੈ
ਪਰ ਲੀਹ ਨਹੀਂ ਕਰਦਾ ।
ਕਿ ਬੰਬਲ ਚਾਨਣੀ ਦੇ ਹੁਣ
ਕੋਈ ਵੱਟਦਾ ਨਹੀਂ ਤੱਕਿਆ
ਤੇ ਨਿੱਤਰੇ ਨੂੰ ਚੌਰ
ਕੋਈ ਮਸਕੀਂ ਨਹੀਂ ਕਰਦਾ।
ਕਿਸੇ ਦਾ ਪਿਆਰ ਪਾਵਣ ਨੂੰ
ਭਲਾਂ ਕੋਈ ਕੀ ਨਹੀਂ ਕਰਦਾ
ਓਹ ਪਰਬਤ ਭੋਰ ਦੇਂਦਾ ਹੈ
ਓਹ ਰੀਝਾਂ ਹੀ ਨਹੀਂ ਕਰਦਾ ।
23. ਤਖ਼ਤ ਬਲੌਰੀ
ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ
ਜਿਉਂ ਅਲਸੜੇ ਦੀਆਂ ਖੇਤੀਆਂ ਨੂੰ ਚੁੰਮ ਕੇ
ਉੱਡਦੀ ਹੀ ਜਾ ਰਹੀ ਹੋਵੇ ਹਵਾ
ਜਿਉਂ ਨੀਂਦ ਵਿੱਚ ਕੋਈ ਦਿਲ ਜਵਾਂ ਤੇ ਬਾਂਕੜਾ
ਹੈ ਸੁਪਨਿਆਂ ਦੀ ਹੱਦ ਤੀਕਰ ਪਹੁੰਚਿਆ ।
ਜਾਂ ਜਿਉਂ ਗੁਆਰੀ ਵਿੱਚ ਉੱਗਿਆ ਤਾਂਦਲਾ
ਹਰ ਲੰਘਦੇ ਟੱਪਦੇ ਨੂੰ ਹੋਵੇ ਚਾਹ ਰਿਹਾ
ਅੱਸੂ ਦੇ ਮੱਕੜ-ਤੰਦੜੇ ਦੀਆਂ ਬਣਤਰਾਂ ਨੂੰ
ਆਪਣੇ ਪੱਤਿਆਂ 'ਤੇ ਹੋਵੇ ਪਾ ਰਿਹਾ ।
ਜਿਉਂ ਸਾਵਿਆਂ ਘਾਹਾਂ ਦੀ ਕੂਲ਼ੀ ਸੇਜ 'ਤੇ
ਕੋਈ ਸਾਗਵਾਨੀ ਬੂਰ ਚਿੱਟਾ ਵਿਛ ਗਿਆ
ਜਾਂ ਅੱਕ ਦੇ ਪੱਤਿਆਂ ਦੀ ਅਜ਼ਲੀ ਚੁਪਚੁਪੀ ਨੂੰ
ਭੰਨ ਕੇ ਦੁੱਧਾਂ ਦਾ ਟੇਪਾ ਰਿਸ ਗਿਆ ।
ਜਾਂ ਪਾਰ ਦੇਸੋਂ ਰੁੱਖੀਆਂ ਪਹਾੜੀਆਂ 'ਤੇ
ਨਿੱਕੀ-ਨਿੱਕੀ ਧੁੱਪੜੀ ਦਾ ਉੱਡਣਾ
ਰੁੱਖਾਂ ਦੀਆਂ ਖੋੜਾਂ ਦੇ ਅੰਦਰ ਆਥਣੇ
ਜਾਂ ਚੁੰਝੀਆਂ ਦਾ ਚੁੰਝੀਆਂ ਨਾ' ਖੇਡਣਾ ।
ਜਾਂ ਨੀਲੀਆਂ ਚੁੱਪਾਂ ਦੀ ਭਰ ਕੇ ਅੰਜਲੀ
ਹੋਵੇ ਕਿਸੇ ਨੇ ਮੇਧ ਨੂੰ ਤਰਥੱਲਿਆ
ਜਾਂ ਅੱਖਰਾਂ ਨੂੰ ਹਲ਼ਦੀਆਂ ਵਿੱਚ ਗੁੰਨ੍ਹ ਕੇ
ਜਾਂਦਾ ਹੈ ਸਾਹੇ-ਚਿੱਠੀਆਂ ਨੂੰ ਘੱਲਿਆ ।
ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ
ਨੁੱਕਰੇ ਹੁਸਨ ਦੇ ਜਿਉਂ ਬਲੌਰੀ ਤਖ਼ਤ 'ਤੇ
ਨਾਗਣ ਹਵਾ ਦਾ ਇੱਕ ਸਵੱਈਆ ਬਹਿ ਗਿਆ
ਜਾਂ ਰੰਗਲੀ ਖੂਹੀ ਦੇ ਪਾਣੀ ਮਿੱਠੜੇ
ਕੋਈ ਨੱਢੀਆਂ ਦਾ ਝੁੰਡ ਭਰ ਕੇ ਲੈ ਗਿਆ ।
ਜਾਂ ਕੁੱਜਿਆਂ ਵਿੱਚ ਕੌਡੀਆਂ ਦੇ ਨਾਚ ਦੀ
ਟਿੱਬਿਆਂ ਦੇ ਉੱਤੋਂ ਆ ਰਹੀ ਹੋਵੇ ਸਦਾ
ਜਾਂ ਗੂੰਗਿਆਂ ਖੇਤਾਂ ਦਾ ਬੰਜਰ ਟੁੱਕੜਾ
ਜਣ ਰਿਹਾ ਹੋਵੇ ਗੁਲਾਬੀ ਵਾਸ਼ਨਾ ।
ਤੇਰੀ ਹਰ ਇੱਕ ਬਾਤ ਵਿੱਚ ਐਸਾ ਨਸ਼ਾ
ਕੋਈ ਵੈਦ ਝਗਲੇ-ਉੱਗਲੇ ਜਿਹੇ ਵੇਸ ਦਾ
ਆਰੋਗਤਾ ਦਾ ਏਲਚੀ ਅਖਵਾ ਰਿਹਾ
ਜਿਉਂ ਹਰੜੀਆਂ ਦੀ ਛਿੱਲ ਤਾਂਈਂ ਕਾੜ੍ਹ ਕੇ
ਮਖਿਆਲ਼ ਦੇ ਛੰਨੇ ਦੇ ਵਿੱਚ ਉਲਟਾ ਰਿਹਾ
ਜਾਂ ਕਾਲ਼ਿਆਂ ਤੂਤਾਂ ਦਾ ਸ਼ਰਬਤ ਢੂੰਡ ਕੇ
ਹੈ ਰੱਬ ਦੇ ਮਾਨੁੱਖ ਨੂੰ ਪਿਲਾ ਰਿਹਾ ।
ਰੋਹੀ ਦੀ 'ਵਾ ਨੂੰ ਫੱਕਦਾ ਮਸਤਾਨੜਾ
ਅੱਖਾਂ ਤੋਂ ਡਾਢੀ ਦੂਰ ਕਿਧਰੇ ਜਾ ਰਿਹਾ ।
24. ਔਹ ਤੇਰਾ ਸੱਜਿਆ ਦੀਵਾਨ ਵੇ
(ਜੰਗਲਾਂ ਪਹਾੜਾਂ ਦੇ ਫਿਰਤੂ ਯੋਧੇ ਨੂੰ)
ਔਹ ਤੇਰਾ ਸੱਜਿਆ ਦੀਵਾਨ ਵੇ
ਵਿੱਚ ਵਣ ਦੇ ਸੁਹੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਕਰਦੀ ਫਿਰਾਂ ਤਿਲ-ਚੌਲੀਆਂ
ਔਹ ਤੇਰਾ ਸੱਜਿਆ ਦੀਵਾਨ ਵੇ
ਵੇ ਰੁੱਤਾਂ ਬੌਲੀਆਂ
ਨਾ ਸਾਡਾ ਪੀਰ ਮਨੇਂਦਾ
ਤੋੜਾਂ ਪੱਤਰੇ
ਤਾੜ ਦੇ
ਵੇ ਦਿਨ ਹਾੜ੍ਹ ਦੇ
ਤੈਨੂੰ ਤਾਪ ਚੜ੍ਹੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਕੱਜਣ ਤੇਰੇ ਰਾਂਗਲੇ
ਵੇ ਅਸਾਂ ਤਾਂਘਲੇ
ਤੇਰਾ ਇਸ਼ਕ ਲਗੇਂਦਾ
ਟੱਪ ਟੱਪ ਆਵਾਂ ਲਾਚੀਆਂ
ਵੇ ਮਾਰਾਂ ਝਾਤੀਆਂ
ਤੂੰ ਬਾਤ ਨਾ ਕਰੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਤੀਰਾਂ ਤਰਕਸ਼ਾਂ ਵਾਲਿਆ
ਵੇ ਹੱਦੋਂ ਕਾਹਲਿਆ
ਦਿੱਸੇਂ ਰਣ 'ਚ ਲੜੇਂਦਾ
ਬੈਠ ਪਹਾੜੀ ਚੋਟੀਆਂ
ਵੇ ਗੱਲਾਂ ਖੋਟੀਆਂ
ਸਾਡੀ ਅਕਲ ਚੁਰੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਵੇ ਮਾਂ ਦੇ ਯੋਧੇ ਸੂਰਿਆ
ਸਾਨੂੰ ਪੂਰਿਆ
ਕਿਆ ਤੱਕਣ ਤਕੇਂਦਾ
ਲਹਿ-ਲਹਿ ਕਰਦਾ ਟਹਿਕਦਾ
ਵੇ ਨਾਲ਼ੇ ਮਹਿਕਦਾ
ਸਾਡੇ ਚਾਅ ਦਾ ਗੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਜੀਵਣ ਤੇਰੀਆਂ ਕਾਨੀਆਂ
ਵੇ ਦਿਲ-ਜਾਨੀਆਂ
ਘੜ ਸੁਖ਼ਨ ਰਚੇਂਦਾ
ਰੱਸੇ ਤੇਰੀ ਹਰਿਔਲ ਵੇ
ਦੇ'ਜਾ ਕੌਲ਼ ਵੇ
ਕੱਲਰੀਂ ਵਰਸੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
ਸਬਜ਼ ਕਚੂਰੀ ਖੇਤੀਆਂ
ਵੇ ਸਰ੍ਹੋਂ ਮੇਥੀਆਂ
ਨਾਲੇ ਬੇਰ ਪਕੇਂਦਾ
ਫੁੱਲ ਫੁੱਲ ਜਾਂਦਾ ਕੇਵੜਾ
ਵੇ ਕਿਰੇ ਮੇਵੜਾ
ਆਜਾ ਹੱਸਦਾ ਖਿਡੇਂਦਾ
ਔਹ ਤੇਰਾ ਉੱਡਦਾ ਬਾਜ਼ ਵੇ
ਤੇਰਾ ਊਠ ਚਰੇਂਦਾ ।
25. ਬੱਦਲੀ ਦਾ ਟੋਟਾ
ਅੜੀਏ ਜੇ ਇਹਨਾਂ ਉੱਡਦੀਆਂ
ਮਹਿਕਾਂ ਦੀ ਕੰਨੀ ਫੜ ਲਵਾਂ
ਅੜੀਏ ਜੇ ਵਿਹੜੇ ਬੀਜ'ਦਾਂ
ਮੈਂ ਇੱਕ ਬੂਟਾ ਚੰਨ ਦਾ ?
ਅੜੀਏ ਜੇ ਤਲ਼ੀਏ ਤੇਰੀਏ
ਮਲ਼ਦਾ ਰਹਾਂ ਗੁਲਚਾਂਦਨੀ
ਅੜੀਏ ਜੇ ਤੇਰੇ ਗੁੱਟ 'ਤੇ
ਬੱਦਲੀ ਦਾ ਟੋਟਾ ਬੰਨ੍ਹ 'ਦਾਂ ?
ਇਹ ਕੌੜੀਆਂ ਰੁੱਤਾਂ ਨੂੰ ਜੇ
ਮਖਿਆਲ਼ ਵਿੱਚ ਮੈਂ ਡੋਬ'ਦਾਂ
ਜਾਂ ਜੇ ਇਹਨਾਂ ਦੀ ਜੀਭ 'ਤੇ
ਕੋਈ ਪਤਾਸਾ ਧਰ ਦਿਆਂ ?
ਅੜੀਏ ਜੇ ਸੁੰਨੇ ਰਸਤਿਆਂ ਨੂੰ
ਸਾਕ ਦੇ'ਦਾਂ ਪੈੜ ਦਾ
ਅੜੀਏ ਜੇ ਢੱਠੇ ਕੌਲ਼ਿਆਂ ਨੂੰ
ਦੀਵਿਆਂ ਦਾ ਵਰ ਦਿਆਂ ?
ਤੇਰੇ ਸੁਰੀਲੇ ਬੁੱਤ ਨੂੰ
ਫੁੱਲਾਂ ਦੇ ਘਰ ਵਿੱਚ ਖੇਡਦਾ
ਅੜੀਏ ਸਰੈਰੀ ਬੀੜ ਦਾ
ਰੁਮਕਾ ਕੋਈ ਸਿਲਵਾ ਦਿਆਂ ?
ਅੜੀਏ ਤੇਰੀ ਕੁੜਤੀ ਦਿਆਂ
ਮੋਰਾਂ ਤੋਂ ਲੈ ਕੇ ਆਗਿਆ
ਜੇ ਅੱਜ ਤੇਰੇ ਸ਼ੌਕ ਦੀਆਂ
ਬੁਲਬੁਲਾਂ ਪਰਚਾ ਦਿਆਂ ?
26. ਸਰਬੱਤ ਦਾ ਭਲਾ
ਕੱਕੇ ਰੇਤਿਆਂ ਦੀ ਬੋਲੀ, ਮਾਰੂਥੱਲ ਲਿਖਦਾ
ਨੀਂ ਓਹ ਸਾਗਰਾਂ ਸਮੁੰਦਰਾਂ ਦੀ ਛੱਲ ਲਿਖਦਾ
ਕਦੇ ਚੰਨ, ਕਦੇ ਤਾਰਿਆਂ ਦੇ ਵੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਨੀਂ ਓਹ ਖੇਤਾਂ ਵਿੱਚ ਹਰੇ-ਹਰੇ ਗੀਤ ਲਿਖਦਾ
ਨੀਂ ਓਹ ਵਗਦਿਆਂ ਖਾਲਾਂ ਦਾ ਸੰਗੀਤ ਲਿਖਦਾ
ਖੜ੍ਹੇ ਪਾਣੀਆਂ ਦੇ ਵਿੱਚ ਹੱਲ-ਚੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਨੀਂ ਓਹ ਸੱਚੀਆਂ ਕਮਾਈਆਂ ਦਾ ਆਨੰਦ ਲਿਖਦਾ
ਇਤਿਹਾਸ ਨੇ ਕਟਾਇਆ ਬੰਦ-ਬੰਦ ਲਿਖਦਾ
ਨੀਂ ਓਹ ਮਸਲੇ-ਮੁਸੀਬਤਾਂ ਦੇ ਹੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਸੱਤ-ਰੰਗੀਆਂ ਜਵਾਨੀਆਂ ਦੇ ਚਾਅ ਲਿਖਦਾ
ਨੀਂ ਓਹ ਬੁੱਢੇ ਹੋਏ ਨੈਣਾਂ 'ਚ ਦੁਆ ਲਿਖਦਾ
ਪਰ ਬੱਚਿਆਂ ਦੇ ਬੁੱਲ੍ਹਾਂ ਉੱਤੇ ਝੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਕਦੇ ਜਿੱਤ ਦੀਆਂ ਗੂੰਜਾਂ ਕਦੇ ਹਾਰ ਲਿਖਦਾ
ਕਦੇ ਫੁੱਲਾਂ ਵਾਲੀ ਰੁੱਤ ਕਦੇ ਖ਼ਾਰ ਲਿਖਦਾ
ਕਦੇ ਖੱਦਰ ਤੇ ਕਦੇ ਮੱਲਮੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਨੀਂ ਓਹ ਬੁੱਲ੍ਹੇ ਜਿਹੇ ਮਸਤਾਂ ਦੀ ਲਿਵ ਲਿਖਦਾ
ਕਿਸੇ ਲੂਣਾ ਦੇ ਨੀਂ ਦਰਦੀ ਨੂੰ ਸ਼ਿਵ ਲਿਖਦਾ
ਨੀਂ ਓਹ ਗੁੱਸੇ ਵਿੱਚ ਆ ਕੇ ਤੜਥੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
ਨੀਂ ਓਹ ਰਾਂਝਿਆਂ ਦੇ ਮੱਥਿਆਂ 'ਚ ਹੀਰ ਲਿਖਦਾ
ਨੀਂ ਓਹ ਯੋਧਿਆਂ ਦੇ ਖਾਤੇ ਸ਼ਮਸ਼ੀਰ ਲਿਖਦਾ
ਸਾਡੇ ਵਰਗੇ ਨੂੰ ਸੱਪਣੀ ਦੀ ਖੱਲ ਲਿਖਦਾ
ਨੀਂ ਓਹ ਥੋੜ੍ਹੀ-ਥੋੜ੍ਹੀ ਸਾਰਿਆਂ ਦੀ ਗੱਲ ਲਿਖਦਾ ।
27. ਸੁਬਕੀਲੀਆਂ ਕੂੰਜਾਂ
ਤੇਰੇ ਰਾਹਾਂ ਚ ਨੱਚਾਂਗੀ ਭਰੇ ਅਸਮਾਨ ਦੇ ਥੱਲੇ
ਛਣਕਦੀ ਵੰਗ ਤੋਂ ਚੋਰੀ, ਮੈਂ ਆਪਣੀ ਸੰਗ ਤੋਂ ਚੋਰੀ ।
ਵੇ ਮੈਂ ਆਵਾਜ਼ ਵਰਗੀ ਹਾਂ, ਤੇਰੇ ਬੁੱਲ੍ਹਾਂ 'ਚੋਂ ਕਿਰਦੀ ਹਾਂ
ਜੋ ਆਪਣੀ ਬਾਤ ਪਾਉਂਦੇ, ਆਪਣੇ ਪ੍ਰਸੰਗ ਤੋਂ ਚੋਰੀ ।
ਜਹਾਂ ਵਿੱਚ ਸ਼ੋਰ ਕਿੰਨਾ ਹੈ, ਪਤਾ ਨਈਂ ਹੋਰ ਕਿੰਨਾ ਹੈ
ਸਮੇਂ ਦੀ ਅੱਖ ਤੋਂ ਛੁਪ ਕੇ, ਹਵਾ ਦੇ ਰੰਗ ਤੋਂ ਚੋਰੀ ।
ਵੇ ਤੈਨੂੰ ਵੇਖ ਕੇ ਜਲ਼ ਪੈਂਦੀਆਂ, ਮੱਥੇ 'ਚ ਫੁੱਲਝੜੀਆਂ
ਗੁਲਾਬੀ ਪੋਸ਼ ਵੀ ਹੱਸਦੈ, ਮਰਮਰੀ ਅੰਗ ਤੋਂ ਚੋਰੀ ।
ਸੁਲਗਦੇ ਚੇਤਿਓਂ ਕੱਢ ਕੇ, ਤੁਰਾਂਗੀ ਤਪਦੀਆਂ ਕਿਰਨਾਂ
ਵੇ ਮੈਂ ਕਕਰੀਲੀਆਂ ਪੌਣਾਂ ਦੇ ਪੋਹੀ ਡੰਗ ਤੋਂ ਚੋਰੀ ।
ਦਮਾਂ ਦੀ ਢੱਡ ਪਈ ਵੱਜੇ ਤੇ ਮੁੱਠੀ ਜਾਨ ਆ ਜਾਵੇ
ਛਣਕਦੇ ਘੁੰਗਰੂ, ਖੜਤਾਲ ਤੇ ਮਿਰਦੰਗ ਤੋਂ ਚੋਰੀ ।
ਪਹਾੜੀ ਖੁੱਡ ਦੇ ਵਿੱਚੋਂ ਕਦੋਂ ਸੁਬਕੀਲੀਆਂ ਕੂੰਜਾਂ
ਨੇ ਬਚ ਕੇ ਆਉਂਦੀਆਂ ਯਾਰਾ ਚਰਗ ਦੇ ਫੰਗ ਤੋਂ ਚੋਰੀ ।
ਮਿਲਾਂਗੇ ਆਬਸ਼ਾਰੀ ਮੱਸਿਆ ਦੀ ਗੋਦ ਵਿੱਚ ਆਪਾਂ
ਤੂੰ ਆਪਣੇ ਤਖ਼ਤ ਤੋਂ ਚੋਰੀ, ਮੈਂ ਆਪਣੇ ਝੰਗ ਤੋਂ ਚੋਰੀ ।
28. ਕਿਓਂ ਘਰ ਨਹੀਂ ਮੁੜਦਾ ਸ਼ੇਰਾ
(ਤਲਵੰਡੀ ਪਿੰਡ ਦੀ ਇੱਕ ਮਾਈ ਦੀ ਵੇਦਨਾ)
ਕਿਸ ਚੋਟੀ 'ਤੇ ਪਰਚਣ ਲੱਗਾ
ਨਿੱਕਾ ਜਿਹਾ ਦਿਲ ਤੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕਿਸ ਵਾਦੀ ਵਿੱਚ ਫੜਦਾ ਰਹਿਨੈਂ
ਕੂੰਜਾਂ ਦੇ ਪਰਛਾਂਵੇਂ ?
ਐਸਾ ਕੀ ਪਰਬੋਧੀ ਹੋਇਆ
ਉੱਚਿਆਂ ਪਿੱਪਲਾਂ ਛਾਂਵੇਂ ?
ਕਿਸ ਟਿੱਲੇ 'ਤੇ ਅੱਗ ਧੁਖਾ ਲਈ
ਭੁੱਲ ਕੇ ਸਬਜ਼ ਬਨੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਨਿਮਖ ਲਈ ਵੀ ਮਾਂ ਦਾ ਪੱਲੂ
ਛੱਡਿਆ ਨਾ ਸੀ ਕਰਦਾ
ਹੁਣ ਤੂੰ ਕੀਹਦੀਆਂ ਪੈੜਾਂ ਦੇ ਵਿੱਚ
ਪੈੜਾਂ ਬੀਬਾ ਧਰਦਾ ?
ਰਾਤ ਦਿਨੇ ਤੂੰ ਤੱਕਦਾ ਰਹਿਨੈਂ
ਕਿਸ ਮਲਕਾ ਦਾ ਚੇਹਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਸੁਣਿਆ ਤੂੰ 'ਵਾਵਾਂ ਦੀ ਸਾਂ-ਸਾਂ
ਅੱਖਰਾਂ ਦੇ ਵਿੱਚ ਲਿੱਖਦੈਂ
ਸੁਣਿਆ ਤੂੰ ਮੋਰਾਂ ਦੇ ਕੋਲੋਂ
ਪੈਲਾਂ ਪਾਉਣਾ ਸਿੱਖਦੈਂ
ਇਹ ਵੀ ਸੁਣਿਆ ਭੀੜਾਂ ਵਿੱਚ
ਹੁਣ ਜੀ ਨੀਂ ਲਗਦਾ ਤੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕਹਿੰਦੇ ਨੇ ਕਿ ਦੋ ਡਿੰਘਾਂ ਵਿੱਚ
ਥਲ-ਗਿਰੀਆਂ ਲੰਘ ਜਾਨੈਂ
ਕਾਮਰੂਪ ਦੀਆਂ ਸੱਪਣੀਆਂ ਨੂੰ
ਸਹਿਜ ਕਥੇ ਡੰਗ ਜਾਨੈਂ
ਸਾਥ ਸੁਣੀਂਦੇ ਫੱਕਰ ਤੇਰੇ
ਗਲੀਏ ਗਲੀਏ ਫੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਜਦ ਤੇਰੇ ਵਾਕਾਂ ਦੀ ਮਿੱਠਤ
ਸਮਿਆਂ ਨੂੰ ਚੜ੍ਹ ਜਾਂਦੀ
ਰੁਲ਼ਦੀ ਫਿਰਦੀ ਮਾਨਵਤਾ ਦੇ
ਮਸਤਕ ਨੂੰ ਲੜ ਜਾਂਦੀ
ਕਿੰਨਾ ਵੱਡਾ ਹੋ ਗਿਆ ਤੇਰੀ
ਤਲਵੰਡੀ ਦਾ ਘੇਰਾ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਮੈਂ ਤੇ ਤੇਰੀ ਮਾਂ ਨੇ ਤੇਰੇ
ਪੋਤੜਿਆਂ ਨੂੰ ਧੋਇਆ
ਛੋਹਰ ਜਿਹਾ ਹੁੰਦਾ ਸੀ ਬੀਬਾ
ਪੀਰ ਬਰੋਬਰ ਹੋਇਆ
ਰੋਹੀ ਵੱਲੇ ਭੱਜ ਗਿਆ ਸੀ
ਰੁੱਸ ਕੇ ਮੈਥੋਂ 'ਕੇਰਾਂ
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
ਕੀ ਹੁੰਦੇ ਇਹ ਚੰਨ-ਸਿਤਾਰੇ
ਕੀਕਣ ਜੜੇ ਆਕਾਸ਼ੀਂ ?
ਕਿਉਂਕਰ ਬੰਦਾ ਦਿਨ ਤੇ ਰਾਤੀਂ
ਪਿਆ ਸੰਵਾਰੇ ਰਾਸ਼ੀ ?
ਕਾਹਤੋਂ ਵਗਦੀ 'ਵਾ ਨਾ ਦਿਸਦੀ
ਕੀ ਹੁੰਦਾ ਹੈ ਨ੍ਹੇਰਾ ?
ਕਿਉ ਘਰ ਨੀ ਮੁੜਦਾ ਸ਼ੇਰਾ ?
ਕਿਸ ਚੋਟੀ 'ਤੇ ਪਰਚਣ ਲੱਗਾ
ਨਿੱਕਾ ਜਿਹਾ ਦਿਲ ਤੇਰਾ ?
ਕਿਓਂ ਘਰ ਨਹੀਂ ਮੁੜਦਾ ਸ਼ੇਰਾ ?
29. ਆਜ਼ਾਦ ਕਿਤਾਬਾਂ
ਲਾਲ ਭੂਸਲੇ ਵਣਾਂ 'ਤੇ
ਉੱਡਦੇ ਪੰਛੀ
ਕਿਸੇ ਭਰਮ ਦਾ ਸ਼ਿਕਾਰ ਨਹੀਂ ਹੁੰਦੇ।
ਸਾਇਆਦਾਰ ਦਰਖ਼ਤਾਂ ਥੱਲੇ
ਚੁੰਗੀਆਂ ਭਰਦੀ ਹਰਨੀ
ਸੌ ਫ਼ਲਸਫ਼ਿਆਂ ਦਾ ਸਾਰ ਹੁੰਦੀ ਹੈ।
ਸਕੂਲ ਕਿੱਕਰਾਂ ਦੇ ਵੀ ਹੁੰਦੇ ਨੇ।
ਪੜ੍ਹਾਈ ਕਿਰਦੇ ਤੁੱਕਿਆਂ ਦੀ ਵੀ ਹੁੰਦੀ ਹੈ।
ਜੰਗਲੀ ਖੇਤਾਂ 'ਚ ਬੈਠੀ
ਨਵੀਂ ਬਹੂ ਵਰਗੀ ਧੁੱਪ ਨੂੰ ਦੇਖਣਾ ਵੀ
'ਉੱਚ-ਵਿੱਦਿਆ' ਹੀ ਹੁੰਦਾ ਹੈ।
ਨੀਲੀਆਂ ਪਾਕ ਉਚਾਈਆਂ ਹਰ ਸਵਾਲ ਦਾ
ਜਵਾਬ ਦਿੰਦੀਆਂ ਨੇ।
ਹਵਾ ਕਦੇ ਪੁਰਾਣੀ ਨਹੀਂ ਹੁੰਦੀ।
ਚੰਨ ਕਦੇ ਮੈਲਾ ਨਹੀਂ ਹੁੰਦਾ।
ਮਲ੍ਹਿਆਂ ਨੂੰ ਰੇਤਾ ਹੀ ਚਾਹੀਦਾ ਹੁੰਦਾ।
ਪੱਥਰਾਂ ਦੀ ਗਤੀ ਢਲਾਨਾਂ 'ਤੇ ਹੀ ਬਣਦੀ ਹੈ।
ਕੱਚੀਆਂ ਪਗਡੰਡੀਆਂ ਨੂੰ ਬੜੇ
ਰਹੱਸ ਪਤਾ ਹੁੰਦੇ ਨੇ।
ਧਰਤੀ ਕੱਖਾਂ ਦਾ ਬੜਾ ਮੋਹ ਕਰਦੀ ਹੈ।
ਮੱਖੀਆਂ-ਭੌਰਿਆਂ ਦੀ ਅਵਾਜ਼ ਨਾਲ ਗੂੰਜਦੀਆਂ
ਅੰਗੂਰਾਂ ਦੀਆਂ ਸ਼ਾਹ-ਸਬਜ਼ ਵੇਲਾਂ
ਬਿਨ-ਵਰਕਿਆਂ ਦੀਆਂ
ਆਜ਼ਾਦ ਕਿਤਾਬਾਂ ਹੁੰਦੀਆਂ ਹਨ।
30. ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ
ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ
ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ
ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ।
ਫੁੱਲਾਂ ਦੀ ਉਸਤਤ, ਫ਼ਕੀਰਾਂ ਦੀ ਉਸਤਤ
ਲਹੂਆਂ ਦੀ ਰੌਣਕ, ਸਰੀਰਾਂ ਦੀ ਉਸਤਤ
ਜੋ ਰੇਤੇ ਦੇ ਆਸ਼ਕ, ਨਿਗਾਹਾਂ ਦੇ ਸੁੱਚੇ
ਓਹ ਨਲੂਏ ਜਿਹੇ ਸ਼ਾਹ-ਸਵਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
ਰੁੱਖਾਂ, ਮਨੁੱਖਾਂ ਤੇ ਕੁੱਖਾਂ ਦੀ ਉਸਤਤ
ਖੇੜੇ ਦੀ ਬੈਠਕ 'ਚ, ਦੁੱਖਾਂ ਦੀ ਉਸਤਤ
ਹਵਾਵਾਂ ਦੇ ਢੋਲਕ, ਜ਼ਮੀਂਦੇ ਵਿਛੌਣੇ
ਕਿ ਰੁੱਤਾਂ ਦੇ ਲਹਿੰਗੇ, ਤਿਹਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
ਉਜਾੜਾਂ ਦੀ ਉਸਤਤ, ਪਹਾੜਾਂ ਦੀ ਉਸਤਤ
ਹੈ ਕਣਕਾਂ ਦੀ ਕਲਗੀ ਸਿਆੜਾਂ ਦੀ ਉਸਤਤ
ਉਹ ਸੱਗੀਆਂ ਤੇ ਕੈਂਠੇ, ਉਹ ਜੁੱਤੀਆਂ ਤੇ ਜਰਕਾਂ
ਉਹ ਚੜ੍ਹਦੀ ਜਵਾਨੀ ਦੇ ਯਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
ਢਾਬਾਂ ਦੀ ਉਸਤਤ, ਰਬਾਬਾਂ ਦੀ ਉਸਤਤ
ਜੋ ਵੰਡੇ ਗਏ ਸੀ, ਪੰਜਾਬਾਂ ਦੀ ਉਸਤਤ
ਓਹ ਰੋਹੀ ਦੇ ਨਗ਼ਮੇ, ਓਹ ਕੁੜੀਆਂ ਤੇ ਕੂੰਜਾਂ
ਓਹ ਖੂਹਾਂ, ਖੱਤਾਨਾਂ, ਝਲਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ ।
ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ
ਸ਼ਹਾਦਤ-ਆਰਾਧਨ ਤੇ ਆਰੇ ਦੀ ਉਸਤਤ
ਓਹ ਨਾਨਕ ਦੀ ਵਾਦੀ ਓਹ ਗੀਤਾਂ ਦਾ ਪਾਣੀ
ਤੇ ਗੀਤਾਂ 'ਚ ਪੰਜਾਂ ਕੱਕਾਰਾਂ ਦੀ ਉਸਤਤ
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ।
ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ
ਖਿਆਲਾਂ 'ਚ ਉੱਸਰੇ ਮੀਨਾਰਾਂ ਦੀ ਉਸਤਤ
ਕੀ ਸੋਭਾ, ਕੀ ਸਜਦੇ, ਕੀ ਸੋਹਿਲੇ, ਕਸੀਦੇ
ਇਹ ਜੰਮਣ ਤੇ ਮਰਨਾ, ਬਹਾਰਾਂ ਦੀ ਉਸਤਤ।
31. ਮਿਸ਼ਰੀ ਦੇ ਕੁੱਜੇ
ਵਣ ਦੀਆਂ ਛਾਵਾਂ, ਫੁੱਲ ਕਬੂਦੀ
ਵਕਤ ਨੂੰ ਰੰਗਤ ਚੜ੍ਹ ਗਈ ਦੂਧੀ
ਟਾਹਣਾਂ ਦੇ ਨਾਲ਼ ਜਦ ਵੀ
ਪੋਟੇ ਘਿਸਰੀਦੇ
ਰੋਹੀ ਦੇ ਵਿੱਚ ਨੱਚਣ
ਕੁੱਜੇ ਮਿਸ਼ਰੀ ਦੇ।
ਰਾਮਾ ਰਾਮਾ ਤੇਰੀ ਸ਼ਬਰੀ
ਭੱਜੀ ਫਿਰਦੀ ਹਾਂ ਬੇਖ਼ਬਰੀ
ਮਿੱਧ-ਮਿੱਧ ਕੰਡੇ
ਤੋੜ ਲਿਆਈ ਬੇਰਾਂ ਨੂੰ
ਸੁੱਚਾ ਕਰ ਜਾਓ
ਮਾਸ-ਮਿੱਟੀ ਦਿਆਂ ਢੇਰਾਂ ਨੂੰ ।
ਨੈਣੀਂ ਉੱਡਣ ਘੁੱਗੀਆਂ-ਕੋਲਾਂ
ਇਹ ਗੱਲਾਂ ਮੈਂ ਕਿਸ ਨਾ' ਖੋਲ੍ਹਾਂ ?
ਵੰਗ ਮਾਰਦੀ ਸੈਨਤ
ਚੜ੍ਹੇ ਤੂਫ਼ਾਨਾਂ ਨੂੰ
ਹੁਣ ਤਾਂ ਚੁੰਨੀ ਢਕ ਲੈਂਦੀ
ਅਸਮਾਨਾਂ ਨੂੰ।
'ਤੂ ਦਰਿਆਉ ਦਾਨਾ ਬੀਨਾ'
ਭੱਖੜੇ ਉੱਤੇ ਨੱਚ ਮਸਕੀਨਾ
ਧਰਤ ਬਣਾ ਕੇ ਹੁਜਰਾ
ਸੂਰਜ ਬਾਲ਼ਦਿਆਂ
ਰੱਬ ਵਰਗੇ ਹੀ ਹੋ ਗਏ
ਰੱਬ ਨੂੰ ਭਾਲ਼ਦਿਆਂ ।
ਰੁੱਖਾਂ ਦੇ ਵਿੱਚ ਵੜ ਕੇ ਰੋਈਆਂ
ਅਕਲਾਂ ਤੋਤਲੀਆਂ ਨੇ ਹੋਈਆਂ
ਕਾਗ ਪਏ ਨੇ ਸੁੱਤੇ
ਨੰਗਿਆਂ ਟਾਹਣਾਂ 'ਤੇ
ਇਸ਼ਕ ਮਿਲਾਵੇ ਤਾਲਾਂ
ਰੱਬ ਦਿਆਂ ਗਾਣਾਂ 'ਤੇ ।
ਜਦ ਉੱਚਿਆਂ ਬਾਜ਼ਾਂ ਦੇ ਹਾਣੀ
ਲੰਘਣ ਦੇਸ ਮਾਲਵੇ ਥਾਣੀਂ
ਟਿੱਬੇ ਭਰਦੇ ਸਾਖੀ
ਹਰੀਆਂ ਵੇਲਾਂ ਦੀ
ਸਮਝ ਕਿਸੇ ਨਾ ਆਈ
ਤੇਰੀਆਂ ਖੇਲਾਂ ਦੀ ।
32. ਲੈਦੇ ਵੇ ਲੈਦੇ ਵੀਰਾ
ਲੈਦੇ ਵੇ ਲੈਦੇ ਵੀਰਾ ਪੁੰਨਿਆ ਦਾ ਚੰਨ ਸਾਨੂੰ
ਅਸਾਂ ਉੱਡ ਜਾਣਾ ਪਰਦੇਸ ਵੇ
ਕੁੜੀਆਂ ਕੁਆਰੀਆਂ ਦੇ ਨਿੱਕੇ-ਨਿੱਕੇ ਚਾਵਾਂ ਨੂੰ
ਲਾਈਦੀ ਨੀਂ ਹੁੰਦੀ ਵੀਰਾ ਠੇਸ ਵੇ ।
ਲੈਦੇ ਵੇ ਲੈਦੇ ਵੀਰਾ ਆਥਣਾਂ ਦਾ ਰੰਗ ਸਾਨੂੰ
ਇੱਕ ਲੈਦੇ ਚਿੜੀਆਂ ਦੀ ਡਾਰ ਵੇ
ਇੱਕ ਵੀਰਾ ਲੈਦੇ ਸਾਨੂੰ ਚਿੱਟੀ-ਚਿੱਟੀ ਬੱਦਲੀ ਵੇ
ਫੁੱਲਾਂ ਜਿੰਨਾ ਹੋਵੇ ਜੀਹਦਾ ਭਾਰ ਵੇ ।
ਲੈਦੇ ਵੇ ਲੈਦੇ ਵੀਰਾ ਇੱਕ ਲੱਪ ਤਾਰਿਆਂ ਦੀ
ਆਪੇ ਲਊਂ ਮੈਂ ਘੁੰਗਰੂ ਬਣਾ ਵੇ
ਤੋਲਾ ਕੁ ਤਾਂ ਵੀਰਾ ਸਾਨੂੰ ਢੂੰਡ ਵੇ ਸੁਗੰਧੀਆਂ ਦੀ
ਪੋਟਿਆਂ ਨਾ' ਛੂਵਣੇ ਦਾ ਚਾਅ ਵੇ ।
ਭਾਬੀ ਨੂੰ ਲਿਆ ਕੇ ਦੇਵੇਂ ਲਹਿਰੀਏ ਰੰਗੀਨ ਵੀਰਾ
ਤੋਤਿਆਂ ਦੀ ਚੁੰਝ ਜਿਹੀਆਂ ਚੂੜੀਆਂ
ਸਾਨੂੰ ਵੀ ਲਿਆ ਕੇ ਦੇਹ ਮਸੂਰ ਦੇ ਦੁਪੱਟੇ
ਰੀਝਾਂ ਦਿਲੇ ਦੀ ਸੰਦੂਕੜੀ 'ਚ ਨੂੜੀਆਂ ।
ਉਂਝ ਤਾਂ ਵੇ ਵੀਰਾ ਸਾਡੇ ਸ਼ੌਂਕ ਰਤਾ ਅੱਡਰੇ ਨੇ
ਸੋਚ ਭੈਣਾਂ ਰਖਦੀਆਂ ਵੱਖ ਵੇ
ਕਦੇ ਕਦੇ ਚਾਂਦੀ ਦੀਆਂ ਝਾਂਜਰਾਂ ਦੇ ਉੱਤੇ ਵੀਰਾ
ਮੱਲੋ ਮੱਲੀ ਟਿਕ ਜਾਂਦੀ ਅੱਖ ਵੇ ।
ਹੱਸਦਾ ਈ ਰਹੇਂ ਵੀਰਾ ਉਮਰਾਂ ਦੇ ਤੀਕ
ਤੇਰਾ ਹੋਵੇ ਨਾ ਵੇ ਕਦੇ ਵਿੰਗਾ ਵਾਲ ਵੇ
ਨਿੱਕੀ ਜਿਹੀ ਚਿੜੀ ਤੇਰੀ ਉੱਡ'ਜੂ ਬਨੇਰਿਓਂ
ਤੂੰ ਪੁੱਛਦਾ ਰਹੀਂ ਖਾਂ ਸਾਡਾ ਹਾਲ ਵੇ ।
ਲੈਦੇ ਵੇ ਲੈਦੇ ਵੀਰਾ ਪੁੰਨਿਆ ਦਾ ਚੰਨ ਸਾਨੂੰ
ਅਸਾਂ ਉੱਡ ਜਾਣਾ ਪਰਦੇਸ ਵੇ
ਕੁੜੀਆਂ ਕੁਆਰੀਆਂ ਦੇ ਨਿੱਕੇ-ਨਿੱਕੇ ਚਾਵਾਂ ਨੂੰ
ਲਾਈਦੀ ਨੀਂ ਹੁੰਦੀ ਵੀਰਾ ਠੇਸ ਵੇ ।
33. ਜੋੜ-ਮੇਲਾ-1
ਜਿਹੜੇ ਨੀਲੇ ਅੰਬਰ ਹੇਠਾਂ
ਤੂੰ ਤੁਰਦੀ ਏਂ,
ਓਹਨਾਂ ਹੀ ਨੀਲੱਤਣਾਂ ਥੱਲੇ
ਮੈਂ ਘੁੰਮਦਾ ਹਾਂ ।
ਓਹੀ ਭੂਰੀ ਧਰਤੀ
ਤੇਰੇ ਪੈਰੀਂ ਵਿਛਦੀ ਹੈ,
ਓਹੀ ਰੰਗ ਮੇਰੇ ਪੈਰਾਂ ਵਿੱਚ
ਉੱਡਦਾ ਹੈ ।
ਜਿਹੜੀਆਂ ਹਵਾਵਾਂ 'ਤੇ
ਤੂੰ ਕੰਨ ਧਰਦੀ ਏਂ,
ਓਸੇ ਹਵਾ ਨਾਲ ਹੀ
ਮੈਂ ਗੱਲਾਂ ਕਰਦਾ ਹਾਂ ।
ਜਿਹੜੇ ਤਾਰੇ 'ਥੋਡੀ
ਜਾਮਣ ਉੱਤੋਂ ਦੀ ਝਾਕਦੇ ਨੇ,
ਓਹੀ ਮੇਰੇ ਪਿੰਡ
ਢਾਬ 'ਚ ਉੱਤਰਦੇ ਨੇ ।
34. ਜੋੜ-ਮੇਲਾ-2
ਜਿਹੜੇ ਚੰਨ ਨੂੰ ਮੈਂ ਰੋਜ਼
ਆਪਣੇ ਕਮਰੇ ਦੀ ਛੱਤ 'ਤੇ
ਬੈਠ ਕੇ ਦੇਖਦਾ ਹਾਂ,
ਉਸੇ ਚੰਨ ਦਾ ਚਾਨਣ ਹੀ
ਪਹਾੜੀ ਓਹਲਿਆਂ 'ਚ
ਡਿੱਗਦੇ ਝਰਨਿਆਂ 'ਚ ਨ੍ਹਾਹੁੰਦਾ ਏ ।
ਬਾਗਾਂ ਦੇ ਨਿੱਕੇ ਨਿੱਕੇ ਫੁੱਲਾਂ ਤੇ
ਡੱਕੇ-ਡੌਲਿਆਂ 'ਤੇ ਵੀ ਉਸੇ
ਚੰਨ ਦਾ ਚਾਨਣ ਪੈਂਦਾ ਹੈ,
ਜਿਸ ਦਾ ਕੱਲਰਾਂ ਦੀਆਂ
ਰੋੜੀਆਂ 'ਤੇ ਪੈਂਦਾ ਹੈ ।
ਉਹੀ ਚਾਨਣ ਦੁੱਧ-ਚਿੱਟੀਆਂ
ਖੁੰਭਾਂ ਤੋਂ ਤਿਲਕਦਾ ਹੈ ਤੇ
ਉਹੀ ਪਿੱਪਲਾਂ ਹੇਠਾਂ
ਠੁਮਕ-ਠੁਮਕ ਕੇ ਤੁਰਦਾ ਹੈ ।
ਉਸੇ ਚੰਨ ਥੱਲੇ
ਸਾਡੇ ਪਿੰਡ ਦੇ ਜਨੌਰ ਖੇਡਦੇ ਨੇ,
ਜਿਹੜੇ ਚੰਨ ਨੂੰ ਬਾਬਾ ਨਾਨਕ
ਤਲਵੰਡੀ ਦੇ ਦਰੱਖ਼ਤਾਂ ਵਿੱਚੋਂ ਦੀ
ਦੇਖਦਾ ਹੁੰਦਾ ਸੀ ।
35. ਸੂਰਜ
ਮੰਨਿਆ ਕਿ ਕੋਈ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ
ਉਹ ਚਾਨਣ ਦੇ ਫੰਭਿਆਂ ਤਾਂਈਂ ਸੋਖ਼ ਵੀ ਲੈਂਦੀ ਏ
ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਝਦੇ ਨਈਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ ।
ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਈਂ ਹੁੰਦੀ
ਉਸ ਪਾਣੀ 'ਤੇ ਆਉਂਦੀ ਕਦੇ ਜਵਾਨੀ ਨਈਂ ਹੁੰਦੀ
ਸੌੜੀਆਂ ਸੋਚਾਂ ਕੋਲੋਂ ਬੀਬਾ ਸਿੱਜਦੇ ਨਈਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ ।
ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ
ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ
ਮੋਮਬੱਤੀ 'ਤੇ ਕਦੇ ਕੜਾਹੇ ਰਿੱਝਦੇ ਨਈਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ ।
ਜੋ ਕੁਝ ਵੀ ਹੈ ਹੁੰਦਾ, ਹੁੰਦੈ ਪੂਰੇ ਵਕਤਾਂ 'ਤੇ
ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚਿਆਂ ਤਖ਼ਤਾਂ 'ਤੇ
ਬਿਨ ਕੱਤੇ ਦੇ ਬੀ ਸਿਓਨੇ ਦੇ ਬਿੱਜਦੇ ਨੀਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ ।
ਕਿਉਂ ਆਪਣੇ ਮੱਥੇ 'ਤੇ ਸਾਨੂੰ ਨਾਜ਼ ਨਈਂ ਹੁੰਦਾ
ਕਿਉਂ ਨਫ਼ਰਤ ਦਾ ਕੋਈ ਦਵਾ-ਇਲਾਜ ਨਈਂ ਹੁੰਦਾ
ਸ਼ਾਨ ਕਿਸੇ ਦੀ ਵੇਖ ਵੇਖ ਕੇ ਖਿੱਝਦੇ ਨਈਂ ਹੁੰਦੇ
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਈਂ ਹੁੰਦੇ ।
36. ਇਸ਼ਕ ਦਾ ਬੁੰਗਾ
ਭਾਂਵੇਂ ਸੱਚ ਬੋਲੇਂ, ਭਾਂਵੇਂ ਝੂਠ ਆਖੇਂ
ਲੱਖ ਰਚਦਾ ਵੱਡੇ ਢੌਂਗ ਹੋਵੇਂ
ਤੇਰੀ ਹਾਜਰੀ ਸੋਹਣਿਆ ਨੱਢਿਆ ਵੇ
ਕੱਚੇ ਦੁੱਧ 'ਚ ਪਿਸਿਆ ਲੌਂਗ ਹੋਵੇ ।
ਤੇਰੇ ਨਕਸ਼ ਜਿਉਂ ਫੁੱਲ ਕੋਈ ਦੌਦੀਆਂ ਦਾ
ਲੰਮਾ ਲੰਝਾ ਹਸੀਨ ਉਤੋਂ ਢਾਂਗਿਆ ਵੇ
ਸਾਡੇ ਦਿਲ ਦੀਆਂ ਸੋਹਲ ਪਪੀਸੀਆਂ ਨੂੰ
ਡੂੰਘੇ ਨੈਣਾਂ ਦੇ ਦਾਤ ਨੇ ਛਾਂਗਿਆ ਵੇ ।
ਤਾਂਘਾਂ ਫੁੱਲ ਫੁੱਲ ਪਿੱਪਲ ਹੋ ਗਈਆਂ
ਹਾਲੇ ਕੱਲ੍ਹ ਕਰੂੰਬਲਾਂ ਕੱਚੀਆਂ ਸੀ
ਵਿੱਚ ਇਸ਼ਕ ਦੇ ਕੁੜੀਆਂ ਮੁੱਕੀਆਂ ਜੋ
ਮੈਨੂੰ ਲੱਗਦਾ ਸਾਰੀਆਂ ਈ ਸੱਚੀਆਂ ਸੀ ।
ਗਿਰੀ ਸਾਬਤੀ ਨਾ ਕਦੇ ਹੱਥ ਆਵੇ
ਹੁੰਦਾ ਇਸ਼ਕ ਹੈ ਬਾਟੇ ਅਖਰੋਟ ਵਰਗਾ
ਜਦੋਂ ਖੰਭ ਫੁੱਟਣ, ਹੋਵੇ ਅੱਖ ਤਾਜ਼ੀ
ਇਹ ਤਾਂ ਅੱਚਵੀ-ਖੋਰੇ ਬੋਟ ਵਰਗਾ ।
ਬੁਝੀਆਂ ਸ਼ਾਮਾਂ ਦੇ ਤੰਦਣੇ ਬੜੇ ਲੰਮੇ
ਨੱਕੇ ਸੂਈ ਦੇ ਖੁੱਲ੍ਹੇ ਮੈਦਾਨ ਹੁੰਦੇ
ਚੜ੍ਹਦੀ ਉਮਰ ਤੇ ਦੂਰੀਆਂ ਹਾਣ ਕੋਲੋਂ
ਐਵੇਂ ਹੌਕਿਆਂ ਦੀ ਹੀ ਖਾਣ ਹੁੰਦੇ ।
ਧੁੱਪਾਂ ਵਿੱਚ ਫ਼ਕੀਰੀਆਂ ਘੁਲ਼ ਜਾਵਣ
ਟਾਂਕੇ ਹੋਸ਼-ਹਮੇਲਾਂ ਦੇ ਟੁੱਟ ਜਾਂਦੇ
ਜਦੋਂ ਇਸ਼ਕ ਦਾ ਬੁੰਗਾ ਤਾਮੀਰ ਹੋ'ਜੇ
ਕੋਠੇ ਅਕਲ ਵਾਲੇ ਪਿੱਛੇ ਛੁੱਟ ਜਾਂਦੇ ।
ਅਸੀਂ ਮਹਿਰਮਾ ਤਪਦਿਆਂ ਸੂਰਜਾਂ ਨੂੰ
ਨੱਤੀ ਤੇਰੀ ਦੇ ਮੇਚ ਦਾ ਕਰ ਲਿਆ ਏ
ਤੈਨੂੰ ਬਾਹਾਂ ਦੇ ਵਿੱਚ ਤਾਂ ਭਰਿਆ ਨਾ
ਤੇਰੇ ਪਿੰਡ ਦਾ ਰੇਤਾ ਈ ਭਰ ਲਿਆ ਏ ।
ਲੋਆਂ ਲੱਗ ਕੇ ਛੈਲ ਅੰਗੂਰੀਆਂ ਨੂੰ
ਬਾਗੋਂ ਇਸ਼ਕ ਦੇ ਟਪਕਦਾ ਰਸ ਹੁੰਦਾ
ਮੇਵੇ-ਮਿਸ਼ਰੀਆਂ ਰਹਿ ਜਾਣ ਇੱਕ ਪਾਸੇ
ਫਿਰ ਤਾਂ ਰੋੜਾਂ ਦਾ ਮਜ਼ਾ ਵੀ ਨੀਂ ਦੱਸ ਹੁੰਦਾ ।
37. ਔਰਤ - ਕਾਸ਼ਨੀ ਜਾਦੂ
ਉਹ ਜੰਗਲ ਨਾਲ ਲਗਦੇ
ਤਲਾਬਾਂ ਦੀ ਜਾਈ
ਜੋ ਸਾਵੀ ਸਲਤਨਤ 'ਚ
ਭਟਕਣ ਸੀ ਆਈ
ਜੋ ਮਹਿਕ ਸੀ, ਕਿਰਿਆ ਸੀ,
ਚਾਨਣ, ਤਰਾਵਤ
ਤੇ ਪਿੰਡੇ 'ਚ ਢਲ ਗਈ
ਉਹ ਕੋਸੀ ਬਣਾਵਟ।
ਜੋ ਪਿੰਡਾ ਸੀ ਕੁਦਰਤ ਦੀ
ਸ਼ਾਦਾਬੀ ਰੰਗਤ
ਤੇ ਅੰਗਾਂ 'ਚੋਂ ਉੱਭਰੀ ਸੀ
ਟਿੱਬਿਆਂ ਦੀ ਸੰਗਤ
ਜੀਹਦੀ ਲਚਕ ਤਣਿਆਂ
ਬਰੋਬਰ ਜਾ ਢੁੱਕਦੀ
ਉਹ ਗੁਰੂਆਂ ਦੀ ਰੋਹੀ
ਕਦੇ ਵੀ ਨੀਂ ਸੁੱਕਦੀ।
ਜੋ ਭਿਉਂਤੇ ਗੁਲਾਬਾਂ ਦੀ
ਸੁਬਹਾਨੀ ਸੱਗੀ
ਜੋ ਟਕਸਾਲੀ ਪੌਣਾਂ ਦਾ
ਸਾਦਕ ਪਰਾਂਦਾ
ਜੋ ਸੁਹਜਾਂ ਦੇ ਪੀੜ੍ਹੇ ਤੋਂ
ਉੱਠੀ ਜਦੋਂ ਵੀ
ਉਹਦਾ ਰਸਤਾ ਚੰਨਣ ਦੇ
ਬਾਗਾਂ ਨੂੰ ਜਾਂਦਾ।
ਸੀ ਬਿਰਖਾਂ ਨੇ ਬਖ਼ਸ਼ੀ
ਜੀਰਾਂਦਾਂ ਦੀ ਸ਼ੱਕਰ
ਤੇ ਰੇਤੜ 'ਚੋਂ ਚੁਗ ਲਏ
ਨੀਵਾਣਾਂ ਦੇ ਅੱਖਰ
ਤੁਲਸੀ ਦੀ ਮਹਿਕਰ ਨੂੰ
ਅੱਗ 'ਚੋਂ ਲੰਘਾਅ ਕੇ
ਜੀਹਨੇ ਸਾਂਭ ਰੱਖਿਆ ਹੈ
ਨੈਣੀਂ ਸਜਾਅ ਕੇ।
ਜੀਹਦੇ ਰਕਤ ਵਿੱਚ
ਇੱਕ ਤਲਿੱਸਮ ਰਵਾਂ ਹੈ
ਜੀਹਦੇ ਕੋਲ ਸਿਰਜਣ ਦੀ
ਸ਼ਕਤੀ ਅਥਾਹ ਹੈ
ਜੀਹਦੀ ਹਿੱਕ 'ਚ ਕੌਸਰ
ਨਦੀ ਦਾ ਵਹਾਅ ਹੈ
ਤੇ ਮਾਂ ਵੀ ਤਾਂ ਇਸੇ
ਵਹਾਅ ਦਾ ਹੀ ਨਾਂ ਹੈ।
ਜੋ ਕਾਦਰ ਦੇ ਪੋਟੇ ਦੀ
ਨੰਗੀ ਲਿਖਾਈ
ਉਹ ਕਾਸ਼ਨੀ ਜਾਦੂ ਹੀ
ਔਰਤ ਕਹਾਈ ।
ਉਹ ਜੰਗਲ ਨਾ' ਲਗਦੇ
ਤਲਾਬਾਂ ਦੀ ਜਾਈ
ਜੋ ਸਾਵੀ ਸਲਤਨਤ 'ਚ
ਭਟਕਣ ਸੀ ਆਈ।
38. ਕਿਰਪਾਨ ਕੇ
ਸੰਗਤ ਨੂੰ ਪੰਗਤ ਟੱਕਰੀ, ਠੇਡੇ ਨੂੰ ਢੋਹੀ ਮਿਲ ਗਈ
ਤਵੀਆਂ ਨੇ ਰੂਹਾਂ ਫੂਕੀਆਂ, ਦਰਸਨ ਹੋਏ ਕਿਰਪਾਨ ਕੇ
ਸਤਿਗੁਰ ਨੇ ਘੋੜਾ ਬੀੜਿਆ, ਚੰਨ ਵੀ ਸੰਧੂਰੀ ਹੋ ਗਿਆ
ਤੁਰਦੇ ਧਰਮ ਤੇ ਕਰਮ ਵੀ, ਲੋਏ-ਲੋਏ ਕਿਰਪਾਨ ਕੇ
ਜੂਹਾਂ-ਪਹੇ ਕਿਰਪਾਨ ਕੇ ਸ਼ੀਹਣੀ-ਸਹੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।
ਰੰਗ, ਰਾਗ, ਪੂਰਨਮਾਸ਼ੀਆਂ, ਕਣੀਆਂ, ਤੂਫ਼ਾਂ ਕਿਰਪਾਨ ਕੇ
ਚਿੜੀਆਂ, ਪੰਘੂੜੇ, ਦੀਵੜੇ, ਮੇਲੇ, ਮਕਾਂ ਕਿਰਪਾਨ ਕੇ
ਲਿਸ਼ਕਣ ਜੋ ਤਾਰੇ ਅੰਬਰੀਂ, ਸੰਗੀ-ਸਖਾ ਕਿਰਪਾਨ ਕੇ
ਧਰਤੀ, ਹਵਾ ਦੇ ਹਾਸ਼ੀਏ, ਚਾਰੇ ਦਿਸ਼ਾ ਕਿਰਪਾਨ ਕੇ
ਬੋਲੀ ਵਸੇ, ਲਿੱਪੀ ਵਸੇ, ਭਾਸ਼ਾ ਵਸੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।
ਧੂੜਾਂ ਨੂੰ ਹਾਜ਼ਰ ਜਾਣ ਕੇ, ਦਾੜ੍ਹੇ ਅਨੋਖੇ ਲਿਸ਼ਕ ਪਏ
ਝਾਂਗੜ-ਝਿੜੀ ਦੇ ਮੋਰਚੇ ਤੇ ਟਾਕਰੇ ਕਿਰਪਾਨ ਕੇ
ਇਸ਼ਕੇ ਦਾ ਮਿਸਰਾ ਬੋਲ ਕੇ, ਯੋਧੇ ਜ਼ਮੀਂ ਵਿੱਚ ਸੌਂ ਗਏ
ਜ਼ੀਨਾਂ, ਰਕਾਬਾਂ, ਕਾਠੀਆਂ ਤੇ ਪਾਖਰੇ ਕਿਰਪਾਨ ਕੇ
ਮਸਤਕ-ਮਣੀ, ਜੁੱਸਾ-ਜਿਸਮ, ਖ਼ਾਲਸ-ਕਲਾ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।
ਸੁਖ਼ਨੋ-ਸਬਕ, ਚੌਦਹ-ਤਬਕ, ਸ਼ੰਖੋ-ਕਲਸ਼, ਤੋਇਆ-ਤਪਸ਼
ਤਖ਼ਤੋ-ਮਿਲਖ਼, ਪੀਰੋ-ਬਿਰਖ਼, ਜੀ ਧੰਨ-ਧੰਨ ਕਿਰਪਾਨ ਕੇ
ਹੈ ਧੂਲ ਵੀ ਸਰਦੂਲ ਵੀ, ਜੋ ਰਹਿਬਰੀ ਕਰਤਾਰ ਦੀ
ਟੁਕੜੇ ਵੀ ਤੇਗਾਂ ਬਣ ਗਏ ਜੀ ਖੰਨ-ਖੰਨ ਕਿਰਪਾਨ ਕੇ
ਹਿੰਮਤ-ਯਤਨ, ਰੋੜੇ-ਰਤਨ, ਲੋਹਾ-ਤਪਨ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ ਕਿਰਪਾਨ ਕੇ, ਕਿਰਪਾਨ ਕੇ ।
ਸੋਚ ਹੈ, ਇੱਕ ਟੇਕ ਹੈ, ਇੱਕ ਫਲਸਫੇ ਦਾ ਨਾਮ ਹੈ
ਕਿਰਪਾਨ ਇੱਕ ਹਥਿਆਰ ਨਈਂ, ਕਿਰਪਾਨ ਇੱਕ ਪੈਗਾਮ ਹੈ
ਪੈਗਾਮ ਉਸ ਮੱਥੇ ਨੂੰ, ਜਿੱਥੇ ਪੱਤ ਹੈ ਨਾ ਰੱਤ ਹੈ
ਸਰਬੱਤ ਹੈ ਕਿਰਪਾਨ ਹੀ, ਕਿਰਪਾਨ ਹੀ ਸਰਬੱਤ ਹੈ
ਸਾਵਣ-ਕਤੇ , ਰੰਗੋਰਤੇ, ਗੱਜ-ਗੁਰਮਤੇ ਕਿਰਪਾਨ ਕੇ
ਕਿਰਪਾਨ ਕੇ, ਕਿਰਪਾਨ ਕੇ, ਕਿਰਪਾਨ ਕੇ, ਕਿਰਪਾਨ ਕੇ ।
39. ਚਮ ਚਮ ਕਰਦੀ ਰੇਤ
ਇਕ ਟੱਕ ਤੇ ਅਨਿਮੇਖ
ਲਗਾ ਕੇ ਟੇਕ, ਰਿਹਾ ਮੈਂ ਦੇਖ
ਕੋਈ ਕਦ ਆਵੇ ਪਾਰੋਂ ਦੇਸ਼
ਵੇ ਸੱਜਣਾਂ ਚਮ ਚਮ ਕਰਦੀ ਰੇਤ ।
ਸੀ ਅੱਜ ਤਾਂ ਤਾਰਾ-ਗਣ ਆਚੇਤ ਤੇ
ਚਿੱਟਾ ਚੰਦ ਵੀ ਆਇਆ ਮੇਚ
ਵੇ ਜਾਂਦੀ ਉਡਦੀ ਵਿਰਥੀ ਪੌਣ
ਫਰਾਟੇ ਭਰਦੀ ਲਾਉਂਦੀ ਹੇਕ ।
ਵੇ ਫਰ ਫਰ ਉੱਡਣ ਚੇਤਰ ਘੜੀਆਂ
ਨਾ ਜਾਵਣ ਫੜੀਆਂ ਤੇ ਕਰ-ਕਰ ਅੜੀਆਂ
ਨੀਲ ਸਰਾਂ ਨੂੰ ਮਹਿਕਾਂ ਚੜ੍ਹੀਆਂ ।
ਵੇ ਲੱਗੀਆਂ ਸੋਹਣੇ ਸਾਂਦਲ ਬਾਰ
ਸੱਜਣ ਗੁਲਝੜੀਆਂ
ਕਦੋਂ ਸੀ ਸੁੱਤੀਆਂ ?
ਕਦੋਂ ਉਠ ਖੜ੍ਹੀਆਂ ?
ਸੁਪੱਤਲ ਵੇਲਾਂ ਸੋਹਣੀਆਂ ਬੜੀਆਂ ।
ਤੇ ਫਿਰ ਤੂੰ ਆਇਓਂ ਮੇਰੇ ਪੀਰ
ਕਿ ਬਦਲੀ ਚਾਨਣ ਦੀ ਤਾਸੀਰ
ਤੇ ਕੰਨੀ ਘੁਲ ਗਏ ਖੰਡ ਤੇ ਖੀਰ
ਜਿਓਂ ਵਗਦੈ ਵਿੱਚ ਨਸਾਰੀਂ ਨੀਰ
ਵੇ ਗਾਉਂਦਾ ਬੌਰੇਪਣ ਵਿੱਚ ਹੀਰ ।
ਕਿ ਹੁਣ ਤਾਂ ਮਿਟ ਗਏ ਸਭ ਕਲੇਸ਼
ਕਿ ਨਾਚੇ ਮਾਥੇ ਮੇਂ ਉਰਗੇਸ਼
ਵੇ ਅੱਜ ਤਾਂ ਮੌਲਸਰੇ ਦਾ ਤੇਲ
ਕਰਾਂ ਮੈਂ ਪੇਸ਼ ਤੇ ਚੁੰਮ'ਲਾਂ ਕਾਲੇ ਕਾਲੇ ਕੇਸ਼ ।
ਵੇ ਸਜਣਾ ਠੰਢੀ ਠੰਢੀ ਪੌਣ
ਫਰਾਟੇ ਭਰਦੀ ਲਾਉਂਦੀ ਹੇਕ
ਤੇ ਨਾਲੇ ਚਮ-ਚਮ ਕਰਦੀ ਰੇਤ ।
40. ਪੰਜਾਬ
ਏਸ ਪੰਜਾਬੇ ਪਾਣੀ ਆਇਆ
ਧਰਤ ਪਈ ਸ਼ਰਮਾਏ
ਰਸ-ਤਰਿਔਤ ਫਿਰੀ ਸਭ ਥਾਂਈਂ
ਸਭ ਨੱਗਰ ਹਰਿਆਏ ।
ਏਸ ਪੰਜਾਬੇ ਅੱਖਰ ਫਲ਼ਿਆ
ਧੰਨ-ਧੰਨ ਪਾਠ ਕਰਾਏ
ਏਸ ਪੰਜਾਬ ਨੇ ਥੋਹਰਾਂ ਦੇ ਫੁੱਲ
ਗੀਤਾਂ ਦੇ ਵਿੱਚ ਗਾਏ ।
ਏਸ ਪੰਜਾਬੋਂ ਹੀਰਾਂ ਉੱਠੀਆਂ
ਵਾਰਿਸ ਬਣਤ ਬਣਾਏ
ਜੰਡੀਆਂ ਥੱਲੇ ਬੈਠਾ ਬਾਬਾ
ਖ਼ਾਕੁ ਪਿਆ ਵਡਿਆਏ ।
ਬੰਨਿਆਂ ਉੱਤੇ ਨੱਚਦੇ ਫਿਰਦੇ
ਮੋਰਾਂ ਦੇ ਹਮਸਾਏ
ਸੋਨ-ਸੁਨਹਿਰੀ ਕਣਕਾਂ ਉੱਤੇ
ਮੀਂਹ ਕਾਹਤੋਂ ਵਰ੍ਹ ਜਾਏ ?
ਸਾਉਣ ਮਹੀਨੇ ਤੀਆਂ ਲੱਗੀਆਂ
ਅੱਸੂ ਕਾਜ ਰਚਾਏ
ਲਹਿੰਗਿਆਂ ਦੇ ਵਿੱਚ ਹਾਣ ਦੀਆਂ ਨੇ
ਥੱਬਾ-ਥੱਬਾ ਵਲ਼ ਪਾਏ ।
ਚੜ੍ਹਦੇ ਪਾਸੇ ਰੋਹੀ ਦੇ ਕੋਈ
ਨਾਗ ਲਪੇਟਾ ਖਾਏ
ਅੰਡੇ ਧਰ ਕੇ ਉੱਡ ਗਏ ਤਿਲੀਅਰ
ਕਿਹੜਾ ਮਗਰੇ ਜਾਏ ?
ਏਸ ਪੰਜਾਬੋਂ ਨਾਨਕ ਤੁਰਿਆ
ਤੁਰਿਆ ਚਹੁੰ ਦਿਸਾਏ
ਏਸ ਪੰਜਾਬੇ ਗੋਬਿੰਦ ਕੇ ਸਿੱਖ
ਗੱਤਕਾ ਖੇਡਣ ਆਏ ।
ਏਸ ਪੰਜਾਬ ਨੂੰ ਰੱਜ ਕੇ ਲੁੱਟਿਆ
ਹਾਥੀਆਂ-ਘੋੜੇ ਧਾਏ
ਜਿਹੜੇ ਇਸ ਦੇ ਟੁਕੜੇ ਹੋ ਗਏ
ਮੁੜ ਕੇ ਨਾ ਫ਼ਿਰ ਥ੍ਹਿਆਏ ।
41. ਖ਼ਿਆਲਾਂ ਦਾ ਲਹਿੰਗਾ
(ਢਾਬ ਕੰਢੇ ਇੱਕ ਟਟ੍ਹੀਰੀ ਨੂੰ ਦੇਖ ਕੇ)
ਤੂੰ ਹੀ ਦੱਸ ਖਾਂ ਤੇਰੀਆਂ ਹਰਕਤਾਂ ਨੂੰ
ਕੀ ਮੈਂ ਖ਼ਿਆਲਾਂ ਦਾ ਲਹਿੰਗਾ ਪਵਾ ਸਕਦਾਂ ?
ਤੇਰੀ ਅਤਿ-ਸੋਹਲ ਜਿਹੀ ਟੰਗ ਖ਼ਾਤਰ
ਇੱਕ ਨਿੱਕੀ ਜਿਹੀ ਝਾਂਜਰ ਘੜਵਾ ਸਕਦਾਂ ?
ਕੀ ਮੈਂ ਇੱਥੇ ਬੈਠ ਕੇ ਰੋ ਸਕਦਾਂ ?
ਕੀ ਮੈਂ ਤੇਰੇ ਸਾਹਮਣੇ ਗਾ ਸਕਦਾਂ ?
ਤੇਰੀ ਢਾਬ ਦੇ ਕੰਢੇ ਵੱਸਣੇ ਨੂੰ
ਕੀ ਮੈਂ ਆਪਣੇ ਚੁਬਾਰੇ ਢਾਹ ਸਕਦਾਂ ?
ਕੀ ਮੈਂ ਇੰਨਾ ਕੁ ਹੱਕ ਜਤਾ ਸਕਦਾਂ ?
ਤੈਨੂੰ 'ਰਾਣੀਏ' ਆਖ ਬੁਲਾ ਸਕਦਾਂ ?
ਅੱਜ ਤੀਕ ਲਿਖੇ ਜੋ ਗੀਤ ਸਾਰੇ
ਏਸ ਪਾਣੀ ਦੇ ਨਾਮ ਕਰਵਾ ਸਕਦਾਂ ?
ਕੀ ਮੈਂ ਖਰੀਆਂ ਧੁੱਪਾਂ ਨੂੰ ਪਹਿਨ ਸਕਦਾਂ ?
ਕੀ ਮੈਂ ਭਾਰ ਪੁਸ਼ਾਕਾਂ ਦਾ ਲਾਹ ਸਕਦਾਂ ?
ਕੀ ਮੈਂ ਅੱਜ ਮਸਕੀਨ ਹਵਾਵਾਂ ਨੂੰ
ਦੱਬੀ-ਘੁੱਟੀ ਕੋਈ ਗੱਲ ਸੁਣਾ ਸਕਦਾਂ ?
ਇਸ ਪਾਵਨ ਵਕਤ ਦੀ ਓਟ ਲੈ ਕੇ
ਕੀ ਮੈਂ ਸ਼ਬਦਾਂ ਦੇ ਸਿੱਕੇ ਟੁਣਕਾ ਸਕਦਾਂ ?
ਤੇ ਇਹਨਾਂ ਰੋੜਾਂ ਦੇ ਉੱਤੇ ਪੱਬ ਧਰ ਕੇ
ਕੀ ਮੈਂ ਥੋੜ੍ਹਾ ਜਿਹਾ ਲੱਕ ਹਿਲਾ ਸਕਦਾਂ ?
ਤੇਰੀ ਪੈੜਾਂ ਦੀ ਲਿੱਪੀ ਨੂੰ ਸਮਝ ਸਕਦਾਂ ?
ਸਾਰੀ ਦੁਨੀਆ ਨੂੰ ਸਮਝਾ ਸਕਦਾਂ ?
ਜਿਹੜੇ ਅੰਬਰਾਂ ਵਿਚ ਤੂੰ ਉੱਡਦੀ ਏਂ
ਓਹਨਾਂ ਅੰਬਰਾਂ ਨੂੰ ਵਡਿਆ ਸਕਦਾਂ ?
ਇਹ ਜੋ ਧਰਮਾਂ ਦੇ ਟੱਲ ਤੇ ਭਜਨ ਸਾਰੇ
ਤੇਰੇ ਖੰਭਾਂ ਦੇ ਹੇਠ ਛੁਪਾ ਸਕਦਾਂ ?
ਕੀ ਮੈਂ ਧਰਮ ਨੂੰ ਪੂਰਨਤਾ ਆਖ ਸਕਦਾਂ ?
ਮੀਰੀ-ਪੀਰੀ ਦਾ ਕਿੱਸਾ ਸੁਣਾ ਸਕਦਾਂ ?
ਤੇਰੀ ਉੱਡਣੀ ਵੀ ਤਾਂ ਧਾਰਮਿਕ ਹੈ
ਤੇਰੀ 'ਵਾਜ਼ ਨੂੰ ਫੁੱਲ ਚੜ੍ਹਾ ਸਕਦਾਂ ?
ਕੀ ਮੈਂ ਏਨਾ ਕੁ ਫਰਜ਼ ਨਿਭਾ ਸਕਦਾਂ ?
ਤੈਨੂੰ ਤਖ਼ਤ ਦੇ ਉੱਤੇ ਬਿਠਾ ਸਕਦਾਂ ?
ਕੀ ਮੈਂ ਬਚਪਨੇ ਵੱਲ ਨੂੰ ਦੌੜ ਸਕਦਾਂ ?
ਕੀ ਮੈਂ ਫੇਰ ਤੋਂ ਮਿੱਟੀ ਖਾ ਸਕਦਾਂ ?
ਕੀ ਮੈਂ ਜੰਗਲਾਂ-ਰੋਹੀਆਂ ਵਿੱਚ ਘੁੰਮ ਸਕਦਾਂ ?
ਕੀ ਮੈ ਫੇਰ ਤੋਂ ਮਾਣਸ ਕਹਾ ਸਕਦਾਂ ?
ਕੀ ਮੈਂ ਨਦੀਆਂ ਤਲਾਬਾਂ ਨੂੰ ਪੂਜ ਸਕਦਾਂ ?
ਤੇ ਪੱਥਰ ਨਾ' ਪੱਥਰ ਟਕਰਾ ਸਕਦਾਂ ?
ਕੀ ਮੈਂ ਤਾਰਿਆਂ ਹੇਠਾਂ ਸੌਂ ਸਕਦਾਂ ?
ਕੁੱਲ ਧਰਤ ਨੂੰ ਮਾਤਾ ਬਣਾ ਸਕਦਾਂ ?
ਆਪਣੇ ਥੁੱਕ ਨੂੰ ਸ਼ਰਬਤ ਮੰਨ ਸਕਦਾਂ ?
ਆਪਣੇ ਪਿੰਡੇ ਨੂੰ ਮੰਦਰ ਅਖਵਾ ਸਕਦਾਂ ?
ਕੀ ਮੈਂ 'ਹੱਡੀਆਂ ਦੇ ਇੱਕ ਢੇਰ' ਸਦਕਾ
ਕਿਸੇ ਚਾਨਣ ਦੀ ਨਗਰੀ 'ਚ ਜਾ ਸਕਦਾਂ ?
ਕੀ ਮੈਂ ਦਸਾਂ ਗੁਰਾਂ ਦੇ ਫ਼ਲਸਫ਼ੇ ਨੂੰ
ਸੱਚੀਂ-ਮੁੱਚੀ ਦੇ ਵਿਚ ਅਪਣਾ ਸਕਦਾਂ ?
ਗੁਰੂਘਰਾਂ 'ਚ ਸੋਨਾ ਚੜ੍ਹਾਉਣ ਨਾਲੋਂ
ਇੱਕੋ ਸ਼ਬਦ ਨੂੰ ਸੀਨੇ ਸਜਾ ਸਕਦਾਂ ?
ਕੀ ਮੈਂ ਤਰਕ-ਦਲੀਲਾਂ ਨੂੰ ਭੁੱਲ ਸਕਦਾਂ ?
ਹਉਮੈਂ-ਈਰਖਾ ਪਾਸੇ ਹਟਾ ਸਕਦਾਂ ?
ਕੀ ਮੈਂ ਯੋਗ-ਸਾਧਨਾ ਸਿੱਖ ਸਕਦਾਂ ?
ਤੇਰੇ ਵਾਂਗਰਾਂ ਆਸਣ ਸਜਾ ਸਕਦਾਂ ?
ਤੇਰੀ ਪਰਮ-ਦੇਹੀ ਦੇ ਆਕਾਰ ਉੱਤੇ
ਸਾਰੇ ਜੱਗ ਦਾ ਧਿਆਨ ਧਰਵਾ ਸਕਦਾਂ ?
ਤੇਰੀ ਤਸਵੀਰ ਨੂੰ ਖਿੱਚ ਕੇ ਕੁਦਰਤੇ ਨੀਂ
ਕੀ ਮੈਂ ਆਪਣੇ ਨਾਲ ਲਿਜਾ ਸਕਦਾਂ ?
ਤੂੰ ਹੀ ਦੱਸ ਖਾਂ ਤੇਰੀਆਂ ਹਰਕਤਾਂ ਨੂੰ
ਕੀ ਮੈਂ ਖ਼ਿਆਲਾਂ ਦਾ ਲਹਿੰਗਾ ਪਵਾ ਸਕਦਾਂ ?
ਤੇਰੀ ਅਤਿ-ਸੋਹਲ ਜਿਹੀ ਟੰਗ ਖ਼ਾਤਰ ਇੱਕ
ਨਿੱਕੀ ਜਿਹੀ ਝਾਂਜਰ ਘੜਵਾ ਸਕਦਾਂ ?
ਕੀ ਮੈਂ ਇੱਥੇ ਬੈਠ ਕੇ ਰੋ ਸਕਦਾਂ ?
ਕੀ ਮੈਂ ਤੇਰੇ ਸਾਹਮਣੇ ਗਾ ਸਕਦਾਂ ?
ਤੇਰੀ ਢਾਬ ਦੇ ਕੰਢੇ ਵੱਸਣੇ ਨੂੰ
ਕੀ ਮੈਂ ਆਪਣੇ ਚੁਬਾਰੇ ਢਾਹ ਸਕਦਾਂ ?
42. ਮਰੂਏ ਵਰਗਾ ਕੁਝ
(ਔਰਤ ਨਾਲ ਜੁੜੀਆਂ ਜੰਗਲੀ ਤੰਦਾਂ ਨੂੰ)
ਸਦਾ ਕੰਮ 'ਚ ਲੱਗੀਆਂ ਰਹਿੰਦੀਆਂ
ਤੇਰੀਆਂ ਲਚਕਦਾਰ ਬਾਂਹਾਂ 'ਤੇ
ਬੜੀ ਦੂਰ ਦੇ ਪਵਿੱਤਰ ਵਣਾਂ ਦੇ
ਨਕਸ਼ੇ ਬਣੇ ਹੋਏ ਨੇ ।
ਮੁਢਲੀ ਮਿੱਟੀ ਦਾ ਰੰਗ ਤੇ
ਪਹਿਲੀਆਂ ਗੰਦਲਾਂ ਦਾ ਰਸ
ਤੇਰੇ ਪਿੰਡੇ 'ਚੋਂ ਮਹਿਕਦਾ ।
ਤੇਰਾ ਦੁੱਧ ਫੁੱਲਾਂ, ਥੋਹਰਾਂ ਤੇ
ਬਾਘਣੀਆਂ 'ਚ ਘਿਰੇ
ਕਿਸੇ ਅਣ-ਦਿਸਦੇ ਪੀੜ੍ਹੇ 'ਤੇ ਬੈਠੇ
ਇੱਕ ਰੱਬੀ ਜਲੌਅ ਦੇ ਵਾਕਾਂ 'ਚੋਂ ਸਿੰਮਦਾ ।
ਧਰਤੀ ਦੀ ਅੱਥਰੀ ਗੋਲ਼ਾਈ
ਤੇਰੀ ਛਾਤੀ ਦਾ ਵਿਸਥਾਰ ਹੈ ਤੇ
ਪੱਥਰਾਂ-ਪਹਾੜਾਂ ਦੀ ਚਿਤਕਬਰੀ-ਜ਼ੀਨਤ
ਤੇਰੀ ਚਮੜੀ ਦਾ ਹੀ ਕੋਈ ਰੂਪ ਹੈ ।
ਹਾਲੇ ਵੀ ਅਸਮਾਨ
ਤਾਰਿਆਂ ਦੀਆਂ ਖਿੱਤੀਆਂ ਚੁੱਕੀ
ਤੇਰਿਆਂ ਰਾਹਾਂ 'ਚ ਖੜ੍ਹਦਾ।
ਤੇਰੀ ਅੱਡੀ ਅੱਜ ਵੀ ਫੁਰਤੀਲੀ ਹੈ ।
ਤੂੰ ਹਾਲੇ ਵੀ 'ਜੰਗਲੀ' ਹੈਂ
ਤੇ ਹਾਲੇ ਵੀ ਤੇਰੇ ਸਰੀਰ ਦਿਆਂ ਮੋੜਾਂ 'ਚ
ਮਰੂਏ ਵਰਗਾ ਕੁਝ ਉੱਗਦਾ ।
43. ਤਾਰਿਆਂ ਹੇਠ ਉਤਾਰਾ
ਘਾਹ ਫੂਸ ਦੇ ਰੋਟ ਸੀ ਥੱਪਣੇ
ਸਮਿਆਂ ਦੇ ਅਵਤਾਰਾਂ
ਕਾਨਿਆਂ ਨੇ ਸੀ ਮਹਿਲ ਕਹਾਉਣਾ
ਸ੍ਰੀ ਸਾਹਿਬ ਤਲਵਾਰਾਂ ।
ਸਤਿ ਸੁਹਾਣਾ ਤੇ ਮਸਕੀਨਾ
ਅੱਖਰ ਦਾ ਚਉਬਾਰਾ
ਚਉਬਾਰੇ 'ਚੋਂ ਹੇਠਾਂ ਉੱਤਰ
ਪਰਖਣੀਆਂ ਸੀ ਧਾਰਾਂ ।
ਕੱਚੀ ਗੜ੍ਹੀ 'ਚੋਂ ਕੀ ਲੱਭਦਾ ਹੈ ?
ਰੇਤਾ, ਮਿੱਟੀ, ਗਾਰਾ
ਪਰ ਉਸ ਗੜ੍ਹੀ 'ਚੋਂ ਕੀ ਨਾ ਲੱਭਾ
ਕੜਕ, ਦਮਕ, ਲਿਸ਼ਕਾਰਾ ।
ਇੱਕ ਦਿਨ ਉੱਡਦੇ ਬਾਜ਼ ਨੂੰ ਕਹਿੰਦਾ
ਨਾਨਕ ਦਾ ਵਣਜਾਰਾ
ਚੀਰ ਨਾ ਸਕਦਾ ਚਾਨਣ ਮਿੱਤਰਾ
ਇਸ ਦੁਨੀਆ ਦਾ ਆਰਾ ।
ਬੈਠਣ ਨੂੰ ਸੀ ਤਖ਼ਤ ਬਥੇਰੇ
ਚੰਦਨ ਕਾ ਅਸਵਾਰਾ
ਖਾਲਸਿਆਂ ਨੇ ਕਰਨਾ ਸੀ ਪਰ
ਤਾਰਿਆਂ ਹੇਠ ਉਤਾਰਾ ।
44. ਆਤਣ ਦੀ ਸਰਦਾਰ
(ਹੀਰ ਦੇ ਨਾਮ)
ਆਤਣ ਦੀ ਸਰਦਾਰ, ਚੂਚਕ ਦੀ ਜਾਈ
ਪੱਤਣ 'ਤੇ ਪੀਂਘਾਂ, ਝਨਾਂ ਵਿੱਚ ਡੁਬਕੀ
ਦਹਾੜਨ ਬਾਘ, ਲਿਸ਼ਕਦੇ ਡੇਲੇ
ਸ਼ੂਕਦਾ ਬੇਲਾ, ਘੁਮੰਡੀ ਛਾਤੀ
ਅਜਗਰੀ-ਮਾਣ, ਫ਼ਿਕਰ ਨਾ ਫਾਕੇ ।
ਚੰਦਨ ਦੀ ਮੁਸ਼ਕ, ਹਵਾ ਵਿੱਚ ਕਣੀਆਂ
ਮੇਘ ਦੀਆਂ ਗਰਜਾਂ, ਲਾਚੜੇ ਮੋਰ
ਸੁਰੰਗਾ ਬਾਣਾ, ਪੈਰ ਦੀ ਫੁਰਤੀ
ਕਚ ਦਾ ਪਿੰਡਾ, ਵਣਾਂ ਨੂੰ ਫੂਕੇ
ਵਿਗੜਦੇ ਮੋਮਨ, ਹੁਸਨ ਜਵਾਨੀ ।
ਮੱਥੇ ਵਿੱਚ ਵੈਲ, ਜ਼ੁਬਾਂ 'ਤੇ ਗਾਲਾਂ
ਹੁਸਨ ਦਾ ਅੰਤ, ਬਾਰ ਦੀ ਹਰਨੀ
ਗੂੜ੍ਹੀਆਂ ਚਸ਼ਮਾਂ, ਤਿਲਕਦੀ ਸੇਲ੍ਹੀ
ਅੰਗ ਅੰਗਿਆਰੇ, ਧੂਸਰੀ ਮੀਢੀ
ਉਮਰ ਦਾ ਸੇਕ ਤੇ ਕਿਰ ਗਏ ਦਾਣੇ ।
ਕੌਣ ਪਰਦੇਸੀ, ਪੈਣ ਤੜਥੱਲਾਂ
ਉੱਬਲਦਾ ਖੂਨ, ਸਹਿਮਦੀਆਂ ਵੇਲਾਂ
ਬੰਸਰੀ ਵੱਜਦੀ, ਡੋਲਦਾ ਮੱਥ
ਕੁਆਰੀ ਕੰਜ, ਛੋਹਰ ਦੇ ਲੇਖੇ
ਸਿਰਾਂ 'ਤੇ ਛੰਨਾ, ਮੋਰ ਵੱਤ ਪੈਲਾਂ ।
45. ਡੰਗ ਕਥਾ
ਇਹ ਰੋਜ਼ੇ-ਅੱਵਲ ਤੋਂ ਅੱਗ ਜਿਹਾ
ਇਹ ਰੋਜ਼ੇ-ਅੱਵਲ ਤੋਂ ਪਾਣੀ ਹੈ
ਜਿਸ ਨਾਨਕ-ਮੁੰਡੀ ਡੰਗੀ ਸੀ
ਈਸਾ ਦੀ ਰਚੀ ਕਹਾਣੀ ਹੈ
ਇਹ ਅੱਖਰ ਵੇਦ-ਕੁਰਾਨਾਂ ਦਾ
ਇਹ ਏਕ-ਓਂਕਾਰਾਂ ਬਾਣੀ ਹੈ
ਜਿਨ ਮੱਥੇ ਨੀਲੇ ਕਰ-ਕਰ ਕੇ
ਇਸ ਡੰਗ ਦੀ ਪੀੜ ਪਛਾਣੀ ਹੈ
ਓਹ ਮੂਲ 'ਚ ਡੁਬਕੀ ਲਾ ਆਏ
ਉਨ ਓੜਕ ਤਿੱਥੀ ਜਾਣੀ ਹੈ ।
ਜੋ ਡੰਗ ਦੀ ਪੀੜ ਹੰਢਾਉਂਦੇ ਨੇ
ਜੋ ਡੰਗ ਦਾ ਨਾਮ ਧਿਆਉਂਦੇ ਨੇ
ਜੋ ਕੰਚਨ-ਕੂਲੇ ਪੋਟਿਆਂ 'ਤੇ
ਚਾਨਣ ਦਾ ਸੱਪ ਲੜਾਉਂਦੇ ਨੇ
ਜੋ ਪੀਠ-ਪੀਠ ਕੇ ਕੁੰਜਾਂ ਨੂੰ
ਸੁਰਮੇ ਦੀ ਥਾਂਵੇ ਪਾਉਂਦੇ ਨੇ
ਜੋ ਮਣੀਆਂ ਦੇ ਲਿਸ਼ਕਾਰੇ 'ਚੋਂ
ਯੁੱਗਾਂ ਦੀ ਭੁੱਖ ਮਿਟਾਉਂਦੇ ਨੇ
ਜ਼ਹਿਰਾਂ ਦੇ ਸੁੱਚੇ ਬਾਵੇ ਨੂੰ
ਜੋ ਅੜਿਆ ਕੁੱਛੜ ਚਾਉਂਦੇ ਨੇ
ਓਹ ਰਹਿ-ਰਹਿ ਕੇ ਵੀ ਸੱਜਣਾ ਵੇ
ਸਰਪਾਂ ਦੇ ਸੋਹਿਲੇ ਗਾਉਂਦੇ ਨੇ
ਰੁਖ਼ਸਾਰਾਂ ਚੁੰਮਦੀ ਅਲਕਾ ਨੂੰ
ਸੱਪਣੀ ਦਾ ਲਾਡ ਲਡਾਉਂਦੇ ਨੇ
ਇਸ਼ਕੇ ਦਾ ਦੁੱਧ ਪਿਲਾਉਂਦੇ ਨੇ ।
ਸਾਡੇ ਅੰਦਰ ਦੀ ਇੱਕ ਧਰਤੀ ਨੂੰ
ਜਿਉਂ ਨਾਗ-ਵਲ੍ਹੇਟਾ ਵੱਜਿਆ ਹੈ
ਸਾਡਾ ਸਾਰਾ ਹੀ ਸੰਸਾਰ ਜਿਹਾ
ਇੱਕ ਡੰਗ ਦੇ ਸਿਰ 'ਤੇ ਸੱਜਿਆ ਹੈ
ਇੱਕ ਡੰਗ ਦੇ ਪਤਲੇ ਪਰਦੇ ਨੇ
ਸਾਡਾ ਆਸਾ-ਪਾਸਾ ਕੱਜਿਆ ਹੈ ।
ਇਹ ਸਭ ਥਾਈਂ ਹੀ ਰਮਿਆ ਹੈ
ਜਾ ਗਰਭ-ਗੋਦ ਜਦ ਮੱਲਦਾ ਹੈ
ਫਿਰ ਨੌਂ ਮਾਹਾਂ ਦੇ ਸਫ਼ਰ ਉੱਤੇ
ਇਹ ਨੰਗੇ ਪੈਰੀਂ ਚੱਲਦਾ ਹੈ
ਚਹੁੰ-ਕੂਟ ਉਦਾਸੀ ਕਰਦਾ ਹੈ
ਇਹ ਪਰਬਤ ਨਦੀਆਂ ਵਲਦਾ ਹੈ
ਇਹ ਜੱਗ ਦੀਆਂ ਸੁੰਨੀਆਂ ਤਲ਼ੀਆਂ 'ਤੇ
ਫੁੱਲਾਂ ਦਾ ਧੂੜਾ ਮਲ਼ਦਾ ਹੈ
ਇਸ ਡੰਗ ਦੇ ਅੰਦਰ ਚਾਨਣ ਦਾ
ਕੋਈ ਗਹਿਰਾ ਮਿਸਰਾ ਬਲਦਾ ਹੈ ।
ਇਹ ਸਭ ਕੁਝ ਡੰਗ ਦੀ ਬਰਕਤ ਹੈ
ਇਹ ਸਭ ਕੁਝ ਡੰਗ ਦੀ ਹਰਕਤ ਹੈ ।
ਇਹ ਜੰਤ-ਜਨੌਰੀ-ਆਦਮਤਾ
ਸਭ ਡੰਗ ਦਾ ਹੀ ਪਰਿਣਾਮ ਜਿਹਾ
ਇਹ ਸਾਵੀਆਂ-ਰੱਖਾਂ-ਥਲ-ਗਿਰੀਆਂ
ਵਿੱਚ ਡੰਗ ਦਾ ਕੋਸਾ ਨਾਮ ਜਿਹਾ
ਇਹ ਫੁੱਲ-ਪੱਤੇ-ਇਹ ਵੇਲੜੀਆਂ
ਮਹਿਕਾਂ ਦੇ ਵਿੱਚ ਪੈਗਾਮ ਜਿਹਾ ।
ਇਹ ਰੁੱਤਾਂ-ਮੌਸਮ-ਪੌਣ-ਪਾਣੀ
ਫਸਲਾਂ ਦੀ ਥਿਰਕਣ ਦੱਸ ਕੀ ਹੈ ?
ਜਾਂ ਹਰੇ-ਸਰੈਰੇ ਪੱਤਰਾਂ 'ਤੇ
ਬੂੰਦਾਂ ਦੀ ਚਿਲਕਣ ਦੱਸ ਕੀ ਹੈ ?
ਇਹ ਨੀਮ-ਪਿਆਜ਼ੀ ਫੁੱਲਾਂ 'ਤੇ
ਤਿੱਤਲੀ ਦਾ ਖੇਲਣ, ਡੰਗ ਹੀ ਹੈ
ਇਹ ਕੋਰੇ-ਕੱਕੇ ਰੇਤਿਆਂ 'ਤੇ
ਸੱਪਣੀ ਦਾ ਮੇਲ੍ਹਣ, ਡੰਗ ਹੀ ਹੈ ।
ਜੋ ਧਰਤ ਦਾ ਘੁੰਮ-ਘੁਮਾਣਾ ਹੈ
ਜੋ ਚੰਨ ਦਾ ਆਣਾ-ਜਾਣਾ ਹੈ
ਸੂਰਜ ਦਾ ਤਪਸ਼-ਤਪਾਣਾ ਹੈ
ਜੋ 'ਵਾ ਦਾ ਵਗਣ-ਵਗਾਣਾ ਹੈ
ਜੋ ਦਾਮਨੀ-ਬਰਕ-ਬੁਲਾਰਾ ਹੈ
ਕਣੀਆਂ ਦਾ ਸਾਉਣ-ਉਤਾਰਾ ਹੈ
ਜੋ ਬੀਜ ਦਾ ਫੁੱਟ-ਫ਼ੁਟਾਰਾ ਹੈ
ਜੋ ਰੰਗ ਦਾ ਪੋਸ਼-ਪਸਾਰਾ ਹੈ ।
ਇਹ ਡੰਗ ਦੀ ਵੱਗਦੀ ਧਾਰਾ ਹੈ
ਇਹ ਡੰਗ ਦਾ ਕਰਤੱਬ ਸਾਰਾ ਹੈ ।
46. ਅਰਦਾਸ
ਕਿਰਨਾਂ ਵਾਂਗਰ ਨੰਗੇ ਹੋ ਹੋ
ਇੱਕ ਅੰਗੇ, ਇੱਕ ਰੰਗੇ ਹੋ ਹੋ
ਪਾਵਨ ਜਮਨਾ, ਗੰਗੇ ਹੋ ਹੋ
ਰਾਵੀ, ਝਨਾਂ ਤਰੰਗੇ ਹੋ ਹੋ
ਨਿੰਮ, ਨਸੂੜੇ, ਜੰਡੇ ਹੋ ਹੋ
ਗੁੰਦੇ ਫੁੱਲ, ਕਦੰਬੇ ਹੋ ਹੋ
ਗਿਰੀ-ਗੋਵਰਧਨ ਕੰਗੇ ਹੋ ਹੋ
ਬੇਰੀ ਸਾਹਿਬ ਕੰਡੇ ਹੋ ਹੋ
ਸਰਪਾਂ, ਮਣੀਆਂ ਚੰਦੇ ਹੋ ਹੋ
ਵਣ ਤਿੱਤਰ ਦੇ ਖੰਭੇ ਹੋ ਹੋ
ਮੂਲ ਸਵਾਸ, ਮੁਕੰਦੇ ਹੋ ਹੋ
ਜੋਤੀ ਰੂਪ ਜਲੰਦੇ ਹੋ ਹੋ
ਸੂਲੀ 'ਤੇ ਲਟਕੰਦੇ ਹੋ ਹੋ
ਪੀੜਾਂ ਵੱਜਦੇ ਘੰਡੇ ਹੋ ਹੋ
ਅਗਨਕੁੰਟ ਪਰਚੰਡੇ ਹੋ ਹੋ
ਅਰਕ, ਬਰਕ, ਸਰਹੰਗੇ ਹੋ ਹੋ
ਹਰਿਚੰਦਨ ਪ੍ਰਸੰਗੇ ਹੋ ਹੋ
ਖ਼ਾਕੀ ਪੋਸ਼, ਖਤੰਗੇ ਹੋ ਹੋ
ਬਲ ਬਲ ਮਰੇ ਪਤੰਗੇ ਹੋ ਹੋ
ਤੂੰ ਤੇ ਮੈਂ ਜਗਦੰਬੇ ਹੋ ਹੋ
ਚੰਗੇ ਹੋ ਹੋ, ਮੰਦੇ ਹੋ ਹੋ
ਆਪਾਂ ਮਿਲੀਏ ਬੰਦੇ ਹੋ ਹੋ