ਰੰਗਲੇ ਪੰਜਾਬ ਦਾ ਸ਼ਾਇਰ : ਗੁਰਭਜਨ ਗਿੱਲ-ਨਰਿੰਜਨ ਤਸਨੀਮ (ਪ੍ਰੋ.)
ਮਹਿਬੂਬ ਦੀਆਂ ਜ਼ੁਲਫ਼ਾਂ ਨੂੰ ਸੰਵਾਰਨਾ ਤਾਂ ਹੁਣ ਮੁਸ਼ਕਿਲ ਗੱਲ ਨਹੀਂ ਰਹੀ ਪਰ 'ਕਾਕੁਲੇ ਗੀਤੀ' ਯਾਨੀ ਜ਼ਮਾਨੇ ਦੀਆਂ ਜ਼ੁਲਫ਼ਾਂ ਦੇ ਪੇਚ-ਓ-ਖ਼ਮ ਦੂਰ ਕਰਨੇ ਅਸੰਭਵ ਪ੍ਰਤੀਤ ਹੁੰਦਾ ਹੈ । ਇਕ ਸੰਵੇਦਨਾਸ਼ੀਲ ਮਨ ਜਦੋਂ ਆਪਣੇ ਇਰਦ ਗਿਰਦ ਝਾਤੀ ਮਾਰਦਾ ਹੈ ਤਾਂ ਮਨੁੱਖਾਂ ਦੇ ਆਪਸੀ ਵਤੀਰੇ ਨੂੰ ਦੇਖ ਕੇ ਕੁਰਲਾ ਉੱਠਦਾ ਹੈ । ਇਹ ਦੌਰ ਐਸਾ ਦੌਰ ਹੈ ਜਿਸਨੂੰ ਨਾ ਤਾਂ ਸਮਝਿਆ ਜਾ ਸਕਦਾ ਹੈ ਨਾ ਸਮਝਾਇਆ ਜਾ ਸਕਦਾ ਹੈ— ‘ਇਕ ਮੁਇੰਮਾ ਹੈ, ਸਮਝਨੇ ਕਾ ਨਾ ਸਮਝਾਨੇ ਕਾ' । ਖ਼ੈਰ, ਇਹ ਗੱਲ ਤਾਂ ਫ਼ਾਨੀ-ਬਦਾਯੂੰਨੀ ਨੇ ਜ਼ਿੰਦਗੀ ਬਾਰੇ ਕਹੀ ਹੈ ਜਿਸ ਦੀ ਤੁਲਨਾ ਉਹ ਦੀਵਾਨੇ ਦੇ ਸੁਪਨੇ ਨਾਲ ਕਰਦਾ ਹੈ। ਜੀਵਨ ਪਤਾ ਨਹੀਂ ਦੀਵਾਨੇ ਦਾ ਸੁਪਨਾ ਹੈ ਕਿ ਨਹੀਂ ਪਰ ਸਾਡੇ ਦੌਰ ਦੇ ਮਸਲੇ ਜ਼ਰੂਰ ਦੀਵਾਨਗੀ ਦੀ ਹੱਦ ਤੀਕ ਖ਼ਲਤ ਮਲਤ ਹੋ ਗਏ ਹਨ ।
ਗੁਰਭਜਨ ਗਿੱਲ ਆਪਣੀਆਂ ਰਚਨਾਵਾਂ ਵਿਚ ਇਸ ਦੌਰ ਦੀ ਬੇਤਰਤੀਬੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ । ਕਵੀ ਹੋਣ ਕਰਕੇ ਉਸ ਦਾ ਮਨ ਸੰਵੇਦਨਸ਼ੀਲ ਤਾਂ ਹੈ ਹੀ, ਪਰ ਉਹ ਆਪਣੀ ਗੱਲ ਕਹਿਣ ਲੱਗਿਆਂ ਤਰਕ ਦਾ ਦਾਮਨ ਵੀ ਹੱਥੋਂ ਨਹੀਂ ਛੱਡਦਾ । ਨਤੀਜਾ ਇਹ ਹੁੰਦਾ ਹੈ ਕਿ ਉਸ ਦੇ ਗੀਤਾਂ ਅਤੇ ਕਵਿਤਾਵਾਂ ਵਿਚਲੀ ਹੂਕ ਅਜੋਕੇ ਹਾਲਾਤ ਦਾ ਜਜ਼ਬਾਤੀ ਰੱਦੇ-ਅਮਲ ਨਹੀਂ, ਬਲਕਿ ਇਸ ਦੇ ਪਿੱਛੇ ਉਸ ਦੀ ਗਹਿਰੀ ਸੋਚ ਵੀ ਕਾਰ-ਫ਼ਰਮਾ ਹੈ—
ਜੰਗਲ ਦੇ ਵਿਚ ਰਾਤ ਪਈ ਹੈ
ਚਾਰ ਚੁਫੇਰੇ ਅੱਗ ਦੀਆਂ ਲਾਟਾਂ
ਚੀਕਾਂ ਕੂਕਾਂ ਤੇ ਕੁਰਲਾਟਾਂ
ਅੱਗ ਦੀ ਲੰਮੀ ਲੀਕ ਨੇ ਵਾਟਾਂ
ਜੰਗਲ ਦੇ ਵਿਚ ਰਾਤ ਪਈ ਹੈ।
ਹਉਕੇ ਭਰਨ ਰੁੱਖਾਂ ਦੀਆਂ ਛਾਵਾਂ
ਛਾਤੀ ਬਾਲ ਲੁਕਾਵਣ ਮਾਵਾਂ
ਸੋਚ ਰਿਹਾਂ ਮੈਂ ਕਿੱਧਰ ਜਾਵਾਂ
ਜੰਗਲ ਦੇ ਵਿਚ ਰਾਤ ਪਈ ਹੈ ।
ਜ਼ਖ਼ਮਾਂ ਦੀ ਇਹ ਦਰਦ ਕਹਾਣੀ
ਹੋਈ ਜਾਵੇ ਰੋਜ਼ ਪੁਰਾਣੀ
ਖ਼ੂਨ ਦਾ ਰੰਗ ਦਰਿਆ ਦਾ ਪਾਣੀ
ਜੰਗਲ ਦੇ ਵਿਚ ਰਾਤ ਪਈ ਹੈ।
ਕਵੀ ਨੂੰ ਇਸ ਦੌਰ ਦੇ ਨਾ-ਖੁਸ਼ਗਵਾਰ ਹਾਲਾਤ ਬਾਰੇ ਚਿੰਤਾ ਹੈ। ਉਸ ਨੇ ਆਪਣੇ ਬਚਪਣ ਅਤੇ ਸ਼ੁਰੂ ਜਵਾਨੀ ਵਿਚ ਜਿਹੜਾ ਪੰਜਾਬ ਦੇਖਿਆ ਸੀ ਉਹ ਹੁਣ ਅਲੋਪ ਹੁੰਦਾ ਜਾ ਰਿਹਾ ਹੈ । ਉਹ ਵਿਰਸਾ ਜੋ ਉਸ ਨੂੰ ਆਪਣੇ ਪੂਰਵਜਾਂ ਤੋਂ ਪ੍ਰਾਪਤ ਹੋਇਆ ਸੀ, ਹੌਲੀ ਹੌਲੀ ਖੁੱਸਦਾ ਜਾ ਰਿਹਾ ਹੈ । ਉਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਉਹ ਅਤੇ ਉਸ ਦੀ ਪੀੜ੍ਹੀ ਦੇ ਲੋਕ ਇਸ ਵਿਰਸੇ ਨੂੰ ਸੰਭਾਲ ਕੇ ਨਹੀਂ ਰੱਖ ਸਕੇ । ਉਹ ਬੋਲੀਆਂ, ਉਹ ਗੀਤ, ਉਹ ਭੰਗੜੇ, ਉਹ ਗਿੱਧੇ, ਉਹ ਚਾਅ, ਉਹ ਮਲ੍ਹਾਰ, ਉਹ ਗੱਲਾਂ ਬਾਤਾਂ, ਉਹ ਠੱਠੇ ਮਜ਼ਾਕ, ਉਹ ਹਾਸੇ ਕਿੱਧਰ ਚਲੇ ਗਏ ਹਨ ? ਇਸ ਸਭ ਕੁਝ ਦੀ ਅਣਹੋਂਦ ਲਈ ਕਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਹੈ । ਸਮਾਜ ਵਿਚ ਜਦੋਂ ਕੋਈ ਬੁਰਾਈ ਪਨਪਦੀ ਹੈ ਜਾਂ ਹਮਸਾਏ ਇਕ ਦੂਸਰੇ ਨੂੰ ਕੈਰੀ ਅੱਖ ਨਾਲ ਦੇਖਣ ਲੱਗਦੇ ਹਨ ਤਾਂ ਇਸ ਵਿਚ ਕੁਝ ਵਿਅਕਤੀਆਂ ਦਾ ਨਹੀਂ, ਸਗੋਂ ਪੂਰੇ ਸਮਾਜ ਦਾ ਕਸੂਰ ਹੁੰਦਾ ਹੈ । ਕਿਸੇ ਦਰਖ਼ਤ ਦਾ ਇਕ ਪੱਤਾ ਵੀ ਜਦੋਂ ਪੀਲਾ ਪੈਣ ਲਗਦਾ ਹੈ ਤਾਂ ਇਸ ਗੱਲ ਦੀ ਖ਼ਬਰ ਸੁਚੇਤ ਜਾਂ ਅਚੇਤ ਰੂਪ ਰੂਪ ਵਿਚ ਸਭ ਪੱਤਿਆਂ ਨੂੰ ਹੁੰਦੀ ਹੈ । ਪੰਜਾਬ ਦੇ ਲੋਕ ਇਸ ਘੜੀ ਜਿਹੜਾ ਸੰਤਾਪ ਭੋਗ ਰਹੇ ਹਨ, ਉਸ ਦੇ ਲਈ ਉਹ ਵਿਅਕਤੀਗਤ ਰੂਪ ਵਿਚ ਵੀ ਅਤੇ ਸਮੂਹਕ ਤੌਰ ' ਤੇ ਵੀ ਜ਼ਿੰਮੇਵਾਰ ਹਨ। ਸਿਰਫ਼ ਏਨੀ ਹੀ ਗੱਲ ਗੱਲ ਨਹੀਂ, ਉਹ ਆਪਣੇ ਬੱਚਿਆਂ ਨੂੰ ਵੀ ਇਸ ਸੰਤਾਪ ਦੇ ਭਾਗੀ ਬਣਾ ਰਹੇ ਹਨ—
ਤਲਖ਼ ਮੌਸਮਾਂ ਦੇ ਜੰਮੇ ਜਾਏ ਇਹ ਬਾਲ
ਵੱਡੇ ਹੋ ਕੇ ਕਰਨਗੇ ਲੱਖਾਂ ਸੁਆਲ
ਜਦੋਂ ਸਾਡੇ ਖਿਡੌਣਿਆਂ ਨੂੰ
ਕੋਈ ਮਸਲ ਰਿਹਾ ਸੀ, ਤੋੜ ਰਿਹਾ ਸੀ
ਤੁਸੀਂ ਉਦੋਂ ਕਿੱਥੇ ਸੀ ?
ਸਾਡੇ ਖਿਡੌਣਿਆਂ ਨੂੰ ਤੋੜ-ਤਾੜ ਕੇ
ਜਦੋਂ ਸਾਡੇ ਹੱਥਾਂ ਵਿਚ ਭਖ਼ਦੇ ਅੰਗਿਆਰ ਫੜਾਏ ਗਏ
ਤੁਸੀਂ ਉਦੋਂ ਕਿੱਥੇ ਸੀ ?
ਜਦੋਂ ਸਾਡੀ ਜੀਭ ਤੇ ਉਹ ‘ਮਹੁਰਾ’ ਧਰ ਗਏ
ਤੁਸੀਂ ਉਦੋਂ ਕਿੱਥੇ ਸੀ ?
ਗੁਰਭਜਨ ਗਿੱਲ ਨੂੰ ਪੰਜਾਬ ਦੀ ਧਰਤੀ ਨਾਲ ਪਿਆਰ ਹੀ ਨਹੀਂ ਬਲਕਿ ਇਸ਼ਕ ਹੈ। ਉਹ ਇਸ ਨੂੰ ਹਮੇਸ਼ਾ ਵੱਸਦਾ ਦੇਖਣਾ ਚਾਹੁੰਦਾ ਹੈ। ਉਹ ਪ੍ਰੋ: ਮੋਹਨ ਸਿੰਘ ਵਾਂਗ ‘ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ' ਦਾ ਕਾਇਲ ਰਿਹਾ ਹੈ । ਇਸ ਜਜ਼ਬੇ ਪ੍ਰਤੀ ਉਹ ਅੱਜ ਵੀ ਸੁਹਿਰਦ ਹੈ ਪਰ ਉਸ ਨੇ ਜਿਹੜਾ ਮਿੱਟੀ ਦਾ ਬਾਵਾ ਆਪਣੀ ਕਲਪਣਾ ਅਨੁਸਾਰ ਸਿਰਜਿਆ ਸੀ, ਉਹ ਤਿੜਕ ਗਿਆ ਹੈ । ਕਾਰਨ ਉਹੀ ਹੈ ਜਿਸ ਨੂੰ ਮਿਰਜ਼ਾ ਗ਼ਾਲਿਬ ਨੇ ‘ਸਿਆਸਤ-ਏ-ਦਰਬਾਂ' ਦਾ ਨਾਂ ਦਿੱਤਾ ਹੈ, ਯਾਨੀ ਹਰ ਨਵੇਂ ਦਰਬਾਨ ਦੀ ਸਿਆਸਤ ਨੇ ਉਸ ਦੀ ਆਪਣੇ ਮਹਿਬੂਬ ਤਕ ਹੋਣ ਵਾਲੀ ਰਸਾਈ ਵਿਚ ਵਿਘਨ ਪਾਇਆ ਹੈ । ਨਤੀਜਾ ਇਹ ਹੋਇਆ ਹੈ ਕਿ ਉਹ ਧਰਤੀ ਜਿਸ ਦੀ ਮਹਿਕ ਉਸ ਦੇ ਸਾਹਾਂ ਵਿਚ ਰਚੀ ਹੋਈ ਹੈ, ਉਹ ਸਭਿਆਚਾਰ ਜੋ ਉਸ ਦੇ ਦਿਲ ਦੀ ਧੜਕਣ ਬਣ ਚੁੱਕਾ ਹੈ, ਉਹ ਲੋਕ-ਵਿਰਸਾ ਜੋ ਉਸ ਦੀ ਚੇਤਨਾ ਦਾ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ— ਉਹਦੇ ਲਈ ਬੇਗਾਨਾ ਹੁੰਦਾ ਜਾ ਰਿਹਾ ਹੈ । ਜਾਂ ਫਿਰ ਇਸ ਸਭ ਕੁਝ ਤੋਂ ਉਹ ਆਪ ਹੀ ਉਪਰਾਮ ਹੁੰਦਾ ਜਾ ਰਿਹਾ ਹੈ । ਅਜੋਕੇ ਹਾਲਤ ਵਿਚ ਕਿਸੇ ਖ਼ੁਸ਼ਗਵਾਰ ਤਬਦੀਲੀ ਦੀ ਆਸ ਰੱਖਣਾ ਖ਼ਾਮ-ਖ਼ਿਆਲੀ ਦੇ ਤੁਲ ਹੈ । ਇਸ ਖ਼ਿੱਤੇ ਵਿਚ ਰਹਿਣ ਵਾਲੇ ਬਹੁਤੇ ਲੋਕ ਡਾ: ਇਕਬਾਲ ਵਾਂਗ, 'ਦੌੜ ਪੀਛੇ ਕੀ ਤਰਫ਼ ! ਐ ਗਰਦਿਸ਼-ਏ-ਅੱਯਾਮ ਤੂ' ਦੇ ਚਾਹਵਾਨ ਹਨ । ਉਹਨਾਂ ਦੀ ਤੀਬਰ ਇੱਛਾ ਹੈ ਕਿ ਇਕ ਵਾਰ ਫੇਰ ਉਹ ਆਪਣੀ ਧਰਤੀ ਨੂੰ ਵਧਦਾ ਫੁੱਲਦਾ ਦੇਖ ਸਕਣ-
ਸਾਨੂੰ ਮੋੜ ਦਿਓ ਰੰਗਲਾ ਪੰਜਾਬ
ਅਸੀਂ ਨਹੀਂ ਕੁਝ ਹੋਰ ਮੰਗਦੇ
ਸਾਨੂੰ ਮੋੜ ਦਿਓ ਖਿੜਿਆ ਗੁਲਾਬ
ਅਸੀਂ ਨਹੀਂ ਕੁਝ ਹੋਰ ਮੰਗਦੇ ।
ਮੋੜ ਦਿਓ ਸਾਡੀਆਂ ਵਿਸਾਖੀਆਂ ਤੇ ਲੋਹੜੀਆਂ
ਭੈਣਾਂ ਦੇ ਸੁਹਾਗ ਸੁਹਣੇ ਵੀਰਾਂ ਦੀਆਂ ਘੋੜੀਆਂ
ਮਿੱਠੇ ਗੀਤਾਂ ਵਾਲੀ ਸੁੱਚੜੀ ਕਿਤਾਬ
ਅਸੀਂ ਨਹੀਂ ਕੁਝ ਹੋਰ ਮੰਗਦੇ ।
ਗੁਰਭਜਨ ਗਿੱਲ ਨੇ ਗੀਤ ਲਿਖੇ ਹਨ ਅਤੇ ਕਵਿਤਾਵਾਂ ਤੇ ਗ਼ਜ਼ਲਾਂ ਵੀ। ਇਹਨਾਂ ਤਿੰਨਾਂ ਸਿਨਫ਼ਾਂ ਵਿਚ ਉਸ ਦਾ ਲਹਿਜ਼ਾ ਸੰਗੀਤਮਈ ਹੈ । ਕੋਮਲ-ਭਾਵੀ ਹੋਣ ਸਦਕਾ ਉਹ ਉਹ ਆਪਣੀ ਗੱਲ ਧੀਮੇ ਸੁਰ ਵਿਚ ਕਰਦਾ ਹੈ ਅਤੇ ਆਪਣੇ ਭਾਵਾਂ ਦੇ ਪ੍ਰਗਟਾਵੇ ਲਈ ਸੂਖਮ-ਸ਼ਬਦਾਵਲੀ ਵਰਤਦਾ ਹੈ । ਲੋਕ-ਧਾਰਾ ਵਿਚ ਉਸ ਦੀ ਗਹਿਰੀ ਦਿਲਚਸਪੀ ਹੈ ਅਤੇ ਲੋਕ ਗੀਤ ਉਸ ਦੀ ਸੰਵੇਦਨਾ ਵਿਚ ਸਮਾ ਚੁੱਕੇ ਹਨ । ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਵਿਚਲੇ ਬਿੰਬਾਂ ਅਤੇ ਅਲੰਕਾਰਾਂ ਦਾ ਸੋਮਾ ਇਸ ਧਰਤੀ ਦੇ ਵਸਨੀਕਾਂ ਦੀ ਸੋਚ ਪ੍ਰਣਾਲੀ ਅਤੇ ਮਹਿਸੂਸਣ-ਸ਼ਕਤੀ ਵਿਚੋਂ ਉਪਜਦਾ ਹੈ। ਕਵੀ ਦੇ ਮਨ ਵਿਚ ਜਦੋਂ ਕੋਈ ਖ਼ਿਆਲ ਉਗਦਾ ਹੈ ਜਾਂ ਜਜ਼ਬਾ ਪਨਪਦਾ ਹੈ ਤਾਂ ਬੋਲ ਉਸ ਦੇ ਲਬਾਂ ਉੱਤੇ ਥਿਰਕਦੇ ਹਨ—ਇਕ ਗੀਤ ਦੇ ਰੂਪ ਵਿਚ, ਇਕ ਕਵਿਤਾ ਦੀ ਕੁਠਾਲੀ ਵਿਚ ਜਾਂ ਫਿਰ ਇਕ ਗ਼ਜ਼ਲ ਦੇ ਆਕਾਰ ਵਿਚ-
ਏਥੋਂ ਉੱਡ ਜੋ ਘਰਾਂ ਨੂੰ ਜਾਓ ਨੀ ਚਿੜੀਓ ਮਰ ਜਾਣੀਓਂ
ਅੱਗ ਬਲਦੀ ਏ ਖੰਭਾਂ ਨੂੰ ਬਚਾਓ ਨੀ ਚਿੜੀਓ ਮਰ ਜਾਣੀਓਂ
ਜਾਂ
ਮੇਰਾ ਪੁੱਤਰ ਸ਼ਾਮ ਨੂੰ ਜਦ ਪੰਜ ਵਜੇ ਵੀ
‘ਰੋਜ਼ ਗਾਰਡਨ’ ਜਾਣ ਦੀ ਜ਼ਿਦ ਕਰਦਾ ਹੈ
ਤਾਂ ਆਖਣਾ ਪੈਂਦਾ ਹੈ—
'ਰੋਜ਼ ਗਾਰਡਨ ਬੰਦ ਹੈ।
ਉਥੇ ਪੁਲਿਸ ਗਸ਼ਤ ਕਰਦੀ ਹੈ
ਲੋਕਾਂ ਦੀ ਜਾਨ ਬਚਾਉਣ ਲਈ
ਉੱਥੇ ‘ਪੱਕੀ ਛਾਉਣੀ’ ਪਾ ਕੇ ਬੈਠੀ ਹੈ ।'
ਜਾਂ
ਰੋਜ਼ ਸਵੇਰੇ ਘਰ ਵਿਚ ਔਂਦੀਆਂ ਰੱਤ ਭਿੱਜੀਆਂ ਅਖ਼ਬਾਰਾਂ
ਅੰਨ੍ਹੇ ਖੂਹ ਵਿਚ ਗ਼ਰਕ ਗਿਆਂ ਨੂੰ ਕਿਸਰਾਂ ਵਾਜਾਂ ਵਾਰਾਂ
ਚੰਗੇ ਭਲੇ ਪਰਿੰਦੇ ਬਹਿ ਗਏ ਆਲ੍ਹਣਿਆਂ ਵਿਚ ਜਾ ਕੇ
ਧਰਤੀ ਅੰਬਰ ਸਾਰਾ ਮੱਲਿਆ ਹੁਣ ਖੰਭਾਂ ਦੀਆਂ ਡਾਰਾਂ
ਹੜ੍ਹ ਦਾ ਪਾਣੀ ਵਗਦਾ ਭਾਵੇਂ ਸਿਰ ਉਤੋਂ ਦੀ ਯਾਰੋ
ਇਕ ਦੂਜੇ ਨੂੰ ਪਾਓ ਕਰੰਘੜੀ ਬਣ ਜਾਓ ਦੀਵਾਰਾਂ
ਬੋਲ ਮਿੱਟੀ ਦਿਆ ਬਾਵਿਆ ਦੇ ਅਧਿਐਨ ਉਪਰੰਤ ਦੋ ਗੱਲਾਂ ਬੜੇ ਸਪਸ਼ਟ ਰੂਪ ਵਿਚ ਪਾਠਕ ਦੇ ਜ਼ਿਹਨ ਵਿਚ ਉਭਰਦੀਆਂ ਹਨ। ਪਹਿਲੀ ਗੱਲ ਤਾਂ ਇਹ ਕਿ ਕਵੀ ਸਹਿਮ ਦੇ ਮਾਹੌਲ ਵਿਚ ਵਿਚਰ ਰਿਹਾ ਹੈ । ਉਸ ਨੂੰ ਆਪਣੇ ਚਾਰੇ ਪਾਸੇ ਖ਼ੌਫ਼ ਦੇ ਪਰਛਾਵੇਂ ਪਸਰਦੇ ਪ੍ਰਤੀਤ ਹੁੰਦੇ ਹਨ। ਉਸ ਨੂੰ ਇਸ ਗੱਲ ਦਾ ਡਰ ਹੈ ਕਿ ‘ਫੁੱਲਾਂ ਵਿਚੋਂ ਫੁੱਲ ਗੁਲਾਬ ਦਾ' ਕਿਤੇ ਕੁਮਲਾ ਨਾ ਜਾਏ, ਖੇਰੂੰ ਖੇਰੂੰ ਨਾ ਹੋ ਜਾਏ । ਉਸ ਦੇ ਇਰਦ ਗਿਰਦ ਹਾਲਤ ਏਨੀ ਤੇਜ਼ੀ ਨਾਲ ਬਦਲ ਰਹੇ ਹਨ ਕਿ ਮੈਥੀਊ ਆਰਨਲਡ ਵਾਂਗ ਉਸ ਨੂੰ ਪਤਾ ਨਹੀਂ ਲੱਗ ਰਿਹਾ ਕਿ ਦੋਸਤ ਕਿਹੜਾ ਹੈ ਅਤੇ ਦੁਸ਼ਮਣ ਕੌਣ-'Where ignorant armies clash by night."
ਇਹ ਜੋ ਮਾਰ ਧਾੜ ਹੈ, ਲੁਟ ਖਸੁੱਟ ਹੈ, ਹਫ਼ੜਾ ਦਫ਼ੜੀ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ ? ਅੱਜ ਕਲ੍ਹ ਆਦਮੀ ਜਦੋਂ ਮਰਦਾ ਹੈ ਤਾਂ ਉਸ ਉੱਤੇ ਕੀ ਬੀਤਦੀ ਹੈ ? ਕੌਣ ਰੋਂਦਾ ਹੈ, ਉਹਦੇ ਲਈ ? ਕੀ ਹੁੰਦਾ ਹੈ ਉਸ ਦੀ ਲਾਸ਼ ਨਾਲ ? ਇਹ ਕੁਝ ਸਵਾਲ ਹਨ ਜਿਨ੍ਹਾਂ ਦਾ ਜਵਾਬ ਕੇਵਲ ਪ੍ਰਸ਼ਨਾਂ ਵਿਚ ਦਿੱਤਾ ਜਾ ਸਕਦਾ ਹੈ, ਸੰਕੇਤਾਂ ਵਿਚ ਦਿੱਤਾ ਜਾ ਸਕਦਾ ਹੈ, ਜਾਂ ਫਿਰ ਰੂਪਕਾਂ ਅਤੇ ਪ੍ਰਤੀਕਾਂ ਵਿਚ ਦਿੱਤਾ ਜਾ ਸਕਦਾ ਹੈ—
ਅੱਜ ਕੱਲ੍ਹ ਆਦਮੀ ਜਦੋਂ ਮਰਦਾ ਹੈ
ਉਸ ਦੇ ਆਲੇ ਦਵਾਲੇ ਕੋਈ ਨਹੀਂ ਹੁੰਦਾ
ਸਿਰਫ਼ ‘ਸਹਿਮ' ਹੁੰਦਾ ਹੈ ਜੋ ਉਹਦੀ ‘ਰੱਤ' ਨੂੰ
ਮਰਨ ਤੋਂ ਪਹਿਲਾਂ ਹੀ ਚੂਸ ਲੈਂਦਾ ਹੈ ।
ਅੱਜ ਕਲ੍ਹ ਜਦੋਂ ਆਦਮੀ ਮਰਦਾ ਹੈ
ਉਹ ਕਿਸੇ ਲਈ ‘ਗਰਾਂਟ' ਬਣ ਜਾਂਦਾ ਹੈ
ਕਿਸੇ ਲਈ ਇਨਾਮ ਜਾਂ ‘ਤਰੱਕੀ ਦੀਆਂ ਫ਼ੀਤੀਆਂ'
ਅੱਜ ਕਲ੍ਹ ‘ਆਦਮੀ' ਨਹੀਂ
‘ਸ਼ਿਕਾਰ’ ਮਰਦਾ ਹੈ।
ਦੂਸਰੀ ਗੱਲ ਜੋ ਇਸ ਸੰਗ੍ਰਹਿ ਵਿਚਲੀਆਂ ਰਚਨਾਵਾਂ ਵਿਚੋਂ ਉਭਰ ਕੇ ਸਾਮ੍ਹਣੇ ਆਉਂਦੀ ਹੈ, ਉਹ ਹੈ ਕਵੀ ਦੀ ਸ਼ਬਦ-ਚੋਣ ਅਤੇ ਬਿੰਬ ਦੀ ਵਰਤੋਂ । ਕਵੀ ਪਿੰਡਾਂ ਦੇ ਵਾਤਾਵਰਣ ਨੂੰ ਭਲੀ-ਭਾਂਤ ਜਾਣਦਾ ਹੈ, ਲੋਕਾਂ ਦੀ ਬੋਲ-ਚਾਲ ਦੇ ਲਹਿਜੇ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਏਥੋਂ ਦੇ ਪਸ਼ੂ ਪੰਛੀਆਂ ਨਾਲ ਉਸ ਨੂੰ ਮੋਹ ਹੈ । ਚਿੜੀ ਜਾਂ ਘੁੱਗੀ ਸ਼ਬਦ ਨੂੰ ਉਹ ਕਦੀ ਇਸ ਦੇ ਲਫ਼ਜ਼ੀ ਅਰਥਾਂ ਵਿਚ ਵਰਤਦਾ ਹੈ, ਕਦੀ ਇਕ ਚਿੰਨ੍ਹ ਦੇ ਰੂਪ ਵਿਚ ਅਤੇ ਕਦੀ ਇਕ ਰੂਪਕ ਵਜੋਂ—
ਕਦੇ ਜੀਅ ਚਿੜੀਏ, ਕਦੇ ਮਰ ਚਿੜੀਏ
ਤੈਨੂੰ ਕਿਹੋ ਜਿਹਾ ਮਿਲਿਆ ਏ ਘਰ ਚਿੜੀਏ
XXX
ਸੱਜਰੇ ਖ਼ੂਨ ਦੀ ਭਾਲ 'ਚ ਫਿਰਦੇ ਹੁਣ ਹਥਿਆਰੇ ਪਿਆਸੇ
ਮਾਰ ਉਡਾਰੀ ਉੱਡ ਜੋ ਕਿਧਰੇ, ਬੈਠੀਆਂ ਕਿਸ ਭਰਵਾਸੇ
ਸੋਚਾਂ ਵਿਚ ਐਵੇਂ ਵੇਲਾ ਨਾ ਲੰਘਾਓ, ਨੀ ਚਿੜੀਓ ਮਰ ਜਾਣੀਓਂ
XXX
ਆਲ੍ਹਣਿਆਂ ਵਿਚ ਬੋਟ ਉਡੀਕਣ
ਕਿਹੜੇ ਵੇਲੇ ਘਰ ਜਾਓਗੇ ?
XXX
ਮੋਈਆਂ ਘੁੱਗੀਆਂ ਚੇਤੇ ਆਈਆਂ ਬਿਸਤਰ ਉੱਤੇ ਬਹਿੰਦਿਆਂ
ਰਾਤ ਲੰਘਾਈ ਕੰਡਿਆਂ ਉੱਤੇ, ਉਸੱਲਵੱਟੇ ਸਹਿੰਦਿਆਂ
XXX
ਸੁਪਨ-ਪਰਿੰਦੇ ਸੰਘੀਓਂ ਫੜ ਕੇ ਕਿਉਂ ਕਰਦੈਂ ਕਤਲਾਮ ਜਿਹਾ
ਰੋਜ਼ ਰਾਤ ਨੂੰ ਸੁਣਦਾ ਨਹੀਂ ਤੂੰ ਘੁੱਗੀਆਂ ਦਾ ਕੁਹਰਾਮ ਜਿਹਾ
ਅਖ਼ੀਰ ਵਿਚ ਫੇਰ ਉਹੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਕਿ ਲੋਕ-ਗੀਤ, ਲੋਕ- ਸੰਗੀਤ ਅਤੇ ਲੋਕ-ਬੋਲੀਆਂ ਨੂੰ ਰੱਜ ਕੇ ਮਾਣਨ ਵਾਲਾ ਇਹ ਕਵੀ ਇਸ ਦੌਰ ਦੀ ਤ੍ਰਾਸਦੀ ਉੱਤੇ ਜਦੋਂ ਹੰਝੂ ਕੇਰਦਾ ਹੈ ਤਾਂ ਵੀ ਉਸ ਦੇ ਲਹਿਜੇ ਦੀ ਕੋਮਲਤਾ ਅਤੇ ਸ਼ਬਦਾਂ ਦੀ ਸੂਖਮਤਾ ਕਾਇਮ ਰਹਿੰਦੀ ਹੈ । ਇੰਜ ਉਹ ਆਪਣੀ ਗੱਲ ਪੂਰੇ ਹੀਏ ਨਾਲ ਕਰਦਾ ਹੈ ਅਤੇ ਪਾਠਕ ਦੇ ਮਨ ਵਿਚ ਖਲਬਲੀ ਮਚਾ ਦਿੰਦਾ ਹੈ, ਜਿਵੇਂ ਕਿ—
ਸੋਚ ਰਿਹਾ ਵਾਂ---
ਲਾਸ਼ਾਂ ਦੀ ਥਾਂ ਆਸਾਂ ਕਦ ਮੁਸਕਰਾਉਣਗੀਆਂ
ਦਰਿਆ ਕੰਢੇ ਕਦ ਮੁਰਗਾਈਆਂ ਨ੍ਹਾਉਣਗੀਆਂ
ਕਦ ਮੁਟਿਆਰਾਂ ਚੁੰਨੀ ਰੰਗ ਚੜ੍ਹਾਉਣਗੀਆਂ
ਪਿੱਪਲਾਂ ਤੇ ਕਦ ਨੱਢੀਆਂ ਪੀਂਘਾਂ ਪਾਉਣਗੀਆਂ
ਗਿੱਧਾ ਪਾ ਕੇ ਧਰਤੀ ਕਦੋਂ ਹਿਲਾਉਣਗੀਆਂ
ਦਰਿਆ ਵਿਚ ਕਦ ਪਾਣੀ—ਛੱਲਾਂ ਆਉਣਗੀਆਂ
ਨਰਿੰਜਨ ਤਸਨੀਮ (ਪ੍ਰੋ.)
5 ਅਗਸਤ 1992
77, ਵਿਸ਼ਾਲ ਨਗਰ
ਪੱਖੋਵਾਲ ਰੋਡ
ਲੁਧਿਆਣਾ