ਰੰਗ ਰੱਤੜਾ ਸ਼ਾਇਰ ਵੱਡਾ ਵੀਰ ਪ੍ਰੋ. ਅਨੂਪ ਵਿਰਕ ਚੇਤਿਆਂ ‘ਚ ਅੱਜ ਚਮਕਿਆ : ਗੁਰਭਜਨ ਗਿੱਲ
ਅਨੂਪ ਵਿਰਕ ਪੰਜਾਬ ਦੀ ਸਰਬ ਸਾਂਝੀ ਵਿਰਾਸਤ ਦਾ ਸੁਰੀਲਾ ਪੇਸ਼ਕਾਰ ਸੀ। ਉਸ ਨੂੰ ਸੀ ਲਿਖਣਾ ਮੁਹਾਲ ਹੈ। ਉਸ ਨੇ ਆਪਣੀ ਕਾਵਿ ਯਾਤਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜ੍ਹਦਿਆਂ ਸ਼ੁਰੂ ਕੀਤੀ ਜਿੱਥੇ ਉਸ ਨੂੰ ਕੁਲਵੰਤ ਗਰੇਵਾਲ, ਸੁਤਿੰਦਰ ਸਿੰਘ ਨੂਰ, ਤ੍ਰੈਲੋਚਨ,ਰਵਿੰਦਰ ਭੱਠਲ ਤੇ ਸੁਰਜੀਤ ਪਾਤਰ ਦੀ ਸੰਗਤ ਮਿਲੀ।
ਅਨੂਪ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਡਾ (ਜ਼ਿਲ੍ਹਾ ਗੁਜਰਾਂਵਾਲਾ ) ਵਿੱਚ ਹੋਇਆ। ਦੋਧੇ ਦੰਦਾਂ ਦੀ ਉਮਰੇ ਉਹ ਪਿੰਡ ਪਾਕਿਸਤਾਨ ਵਿੱਚ ਰਹਿ ਗਿਆ।
ਸਾਨੂੰ 15 ਅਕਤੂਬਰ 2023 ਨੂੰ ਅਮਰੀਕਾ ਦੇ ਮੋਡੈਸਟੋ(ਕੈਲੇਫੋਰਨੀਆ) ਸੂਬੇ ਵਿੱਚ ਸਦੀਵੀ ਵਿਛੋੜਾ ਦੇਣ ਵਾਲੇ ਵਿਰਕ ਨੇ ਕਿਰਤੀ ਕਾਲਿਜ ਨਿਆਲ ਪਾਤੜਾਂ (ਪਟਿਆਲਾ) ਸਰਕਾਰੀ ਰਣਬੀਰ ਕਾਲਜ, ਸੰਗਰੂਰ, ਰਿਪੁਦਮਨ ਕਾਲਜ, ਨਾਭਾ ਅਤੇ ਮਹਿੰਦਰਾ ਕਾਲਜ ਪਟਿਆਲਾ ਵਿੱਚ ਵੀ ਪੜ੍ਹਾਇਆ।
ਪਹਿਲੀ ਕਾਵਿ ਪੁਸਤਕ 'ਅਨੁਭਵ ਦੇ ਅੱਥਰੂ' 1971 ਵਿੱਚ, 'ਪੌਣਾਂ ਦਾ ਸਿਰਨਾਵਾਂ' 1981 ਵਿੱਚ, 'ਪਿੱਪਲ ਦਿਆ ਪੱਤਿਆ ਵੇ' 1991, 'ਦਿਲ ਅੰਦਰ ਦਰਿਆਉ' 1993, ਮਾਟੀ ਰੁਦਨ ਕਰੇਂਦੀ ਯਾਰ 1993, ਦੁੱਖ ਦੱਸਣ ਦਰਿਆ 1998 ਤੇ ਜੂਨ 2014 ਵਿੱਚ ਚੋਣਵੀਂ ਕਾਵਿ ਪੁਸਤਕ 'ਹਾਜ਼ਰ ਹਰਫ਼ ਹਮੇਸ਼' ਛਪੀ। ਆਪਣੇ ਆਖਰੀ ਕਾਵਿ ਸੰਗ੍ਰਹਿ ਦੀਆਂ ਦਸ ਕਿਤਾਬਾਂ ਮੈਨੂੰ ਸੌਂਪਦਿਆਂ ਕਿਹਾ ਸੀ,” ਚੰਗੇ ਮਿੱਤਰਾਂ ਨੂੰ ਦੇ ਦੇਵੀਂ, ਮੈਂ ਅਮਰੀਕਾ ਚੱਲਿਆਂ। ਕਦੇ ਯਾਦ ਕਰ ਲਿਆ ਕਰੀਂ”
ਉਸ ਦਾ ਸ਼ੁਗਲ ਚ ਕਿਹਾ ਬੋਲ ਅਸਾਂ ਨਾ ਬੁੱਝਿਆ। ਉਹ ਸੱਚਮੁੱਚ ਚਲਾ ਗਿਆ। ਕਿਤਾਬ ਰੱਖਦਾ ਹਾਂ ਤਾਂ ਉਦਾਸ ਹੁੰਦਾ ਹਾਂ।
ਅਨੂਪ ਤੁਰਦੀ ਫਿਰਦੀ ਰੌਣਕ ਸੀ। ਮੇਰੇ ਨਾਲ ਪੰਜਾਹ ਵਾਰ ਲੜਿਆ, ਹਜ਼ਾਰ ਵਾਰ ਮੰਨਿਆ। ਹਮੇਸ਼ਾਂ ਕਹਿੰਦਾ, ਮੈਂ ਵੀ ਗਿੱਲਾਂ ਦਾ ਦੋਹਤਰਵਾਨ ਹਾਂ, ਤੁਹਾਨੂੰ ਜਾਣਦਾਂ ਪਿਉ ਦਾਦਿਓਂ। ਛਾਲਾਂ ਵੀ ਚੁੱਕਾਂ ਦੇਂਦੇ ਓ, ਪਿਘਲ ਕੇ ਬੁੱਕਲ ਵਿੱਚ ਲੈ ਲੈਂਦੇ ਓ ਅਗਲੇ ਪਲ। ਮੇਰੇ ਨਾਨਕੇ ਵੱਡੀ ਬੁੱਕਲ ਵਾਲੇ ਨੇ।
ਅਨੂਪ ਵਿਰਕ ਦੀ ਵਾਰਤਕ ਪੁਸਤਕ “ਰੂਹਾਂ ਦੇ ਰੂਬਰੂ “ ਕਮਾਲ ਦੀ ਰਚਨਾ ਹੈ। ਮੈਨੂੰ ਯਾਦ ਹੈ ਕਿ ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ ਉਸਨੂੰ 2001 ਵਿੱਚ ਮਿਲਿਆ ਸੀ। ਮੈਂ ਮੀਟਿੰਗ ਵਿੱਚੋਂ ਨਿਕਲਦਿਆਂ ਉਸ ਦੇ ਵਿਦਿਆਰਥੀ ਸੁਰਜੀਤ ਜੱਜ ਨੂੰ ਫੋਨ ਕੀਤਾ ਕਿ ਬਾਪੂ ਨੂੰ ਵਧਾਈ ਦੇ ਦਿਉ। ਉਸ ਦੇ ਸੰਗੀ ਦਰਸ਼ਨ ਬੁੱਟਰ, ਬਲਵਿੰਦਰ ਸੰਧੂ,ਕਵਿੰਦਰ ਚਾਂਦ ਬਹੁਤ ਖੁਸ਼ ਹੋਏ। ਨਾਭਾ ਕਵਿਤਾ ਉਤਸਵ ਦਾ ਉਹ ਕਈ ਸਾਲ ਸਰਪ੍ਰਸਤ ਸਾਥੀ ਰਿਹਾ।
ਪ੍ਰੋਃ ਅਨੂਪ ਵਿਰਕ ਦੋ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਿਹਾ। ਅੱਜ ਅਚਾਨਕ ਚੇਤੇ ਆਇਆ ਤਾਂ ਦਿਲ ਕੀਤਾ ਕਿ ਉਸ ਦੇ ਕਾਵਿ ਬੋਲ ਤੁਹਾਡੇ ਨਾਲ ਸਾਂਝੇ ਕਰਾਂ।
ਅਨੂਪ ਵਿਰਕ ਦੀਆਂ ਤਿੰਨ ਕਵਿਤਾਵਾਂ
1. ਦਿਵਸ ਰਾਤ ਨਿਰੰਤਰ ਤੁਰਦੇ ਦਿਵਸ ਰਾਤ ਨਿਰੰਤਰ ਤੁਰਦੇ ਵਹਿਣ ਪਏ ਦਰਿਆ ਧਰਤੀ ਸੂਰਜ ਇਸ਼ਕ ਕਰੇਂਦੇ ਤਾਰੇ ਚੰਨ ਗਵਾਹ ਕੁਦਰਤ ਦੀ ਸਭ ਕਰਨ ਇਬਾਦਤ ਸ਼ਬਦਾਂ ਦੀ ਦਰਗਾਹ ਸ਼ਬਦ ਆਪ ਹੀ ਨੂਰ ਇਲਾਹੀ ਆਪੇ ਸ਼ਬਦ ਖੁਦਾ ਓਟ ਇਲਮ ਦੀ ਮਿਹਰ ਮਾਹੀ ਦੀ ਲੀਤੀ ਜੋਤ ਜਗਾ ਸੁੱਚਾ ਸ਼ਬਦ ਜੇ ਲੱਗਿਆ ਜੂਠਾ ਦੇਣਾ ਬਖਸ਼ ਗੁਨਾਹ 2. ਸ਼ਾਇਰ ਏਸ ਜਹਾਨ ਵਿੱਚ ਬਹੁਤ ਹੋਏ ਸ਼ਾਇਰ ਏਸ ਜਹਾਨ ਵਿੱਚ ਬਹੁਤ ਹੋਏ, ਓਟ ਕੁੱਲ ਕਲਾਮ ਦੀ ਤੱਕਦਾ ਹਾਂ ਆਸ਼ਕ ਪੀਰ ਫਕੀਰ ਦੀ ਮਿਹਰ ਬਾਝੋਂ, ਅੱਖਰ ਇਕ ਵੀ ਲਿਖ ਨਾ ਸਕਦਾ ਹਾਂ ਅੱਗ ਅੱਖਰਾਂ ਦੀ ਧੂਣੀ ਫੱਕਰਾਂ ਦੀ, ਮੈਂ ਤਾਂ ਪਾਣੀ ਦੇ ਨੈਣਾਂ ਵਿੱਚ ਮੱਚਦਾ ਹਾਂ ਕਲਾ ਕਹੋ ਜਾਂ ਕਲਾ ਦਾ ਕਤਲ ਆਖੋ, ਫੁੱਲਾਂ ਨਾਲ ਮੈਂ ਸ਼ੀਸ਼ੇ ਨੂੰ ਕੱਟਦਾ ਹਾਂ ਜਿੱਥੇ ਸਦਾ ਲਈ ਸੱਥਰਾਂ ਵਿਛ ਗਈਆਂ, ਖੁੰਢ ਉਸ ਦਰਵਾਜ਼ੇ ਦੀ ਸੱਥ ਦਾ ਹਾਂ ਜਿਹੜੀ ਮਿੱਟੀ ਨਾ ਕਦੇ ਆਰਾਮ ਕੀਤਾ, ਉਹਦੇ ਨੈਣ ਉਨੀਂਦਰੇ ਵੱਸਦਾ ਹਾਂ ਕਵਿਤਾ ਕਸਮ ਕਰਾਰ ਕਬੂਲ ਦੀ ਏ, ਅਕਲ ਇਲਮ ਦੇ ਅੰਬਰੀਂ ਝੂਲਦੀ ਏ ਕਵਿਤਾ ਹੁਸਨ ਹੈ ਸ਼ਬਦ ਸੁਹੰਦੜੇ ਦਾ, ਸਦਾ ਝੂਠ ਫਰੇਬ ਤੇ ਝੂਰਦੀ ਏ ਕਵਿਤਾ ਬਖਸ਼ਦੀ ਦਰਦ ਫਿਰਾਕ ਹੰਝੂ, ਤੇ ਵਿਜੋਗ ਵੈਰਾਗ ਵਸੂਲਦੀ ਏ ਕਵਿਤਾ ਸੂਝ ਸਿਆਣਪ ਦੀ ਸ਼ਰ੍ਹਾ ਹੁੰਦੀ, ਇਹ ਰਹਿਤ ਮਰਿਆਦਾ ਅਸੂਲ ਦੀ ਏ ਕਵਿਤਾ ਸੱਚ ਤੇ ਸੁੱਚ ਦਾ ਸੁਖਨ ਹੁੰਦੀ, ਮਹਿਕ ਮਿੱਟੀ ਦੇ ਮੁੱਢ ਦੇ ਮੂਲ ਦੀ ਏ ਕਵਿਤਾ ਕਬਰ ਦੇ ਵਾਂਗ ਨਾ ਕਦੇ ਸੌਂਦੀ, ਪੌਣ ਪਾਣੀ ਦਾ ਸੰਗ ਕਬੂਲਦੀ ਏ ਨਾ ਮੈਂ ਸ਼ਾਇਰ ਨਾ ਸ਼ਾਇਰ ਦੀ ਅੰਸ਼ ਵਿੱਚੋਂ, ਨਾ ਹੀ ਸ਼ਾਇਰੀ ਦੇ ਰੰਗ ਵਿੱਚ ਰੱਤੜਾ ਹਾਂ ਰੀਤ ਜੱਗ ਦੀ ਕਦੇ ਨਾ ਰਾਸ ਆਈ, ਰਹਿੰਦਾ ਜੱਗ ਵਿੱਚ ਜੱਗ ਤੋਂ ਵੱਖਰਾਂ ਹਾਂ ਜਿਨੂੰ ਆਪਣੀ ਛਾਂ ਨੇ ਆਪ ਖਾਧਾ, ਰੁੱਖ ਐਸਾ ਨਿਕਰਮਾ ਨਿਪੱਤਰਾ ਹਾਂ ਜਿੱਥੇ ਰੂਹਾਂ ਦੀ ਰੁੱਤ ਦੀ ਰੱਤ ਡੁੱਲ੍ਹੀ, ਖੂੰਨੀ ਵਕਤ ਇਤਿਹਾਸ ਦਾ ਪੱਤਰਾ ਹਾਂ ਜਿਨੂੰ ਮਿਲੀ ਨਾ ਬਾਂਹ ਸੁਹਾਗਣਾਂ ਦੀ, ਟੁੱਟੀ ਵੰਗ ਨਿਕਰਮੀ ਦਾ ਨਖ਼ਰਾ ਹਾਂ ਜਿਹੜੀ ਬੂੰਦ ਬੰਬੀਹੇ ਤੋਂ ਵਿੱਛੜੀ ਏ, ਓਸ ਦੁਖੀ ਅਭਾਗਣ ਦਾ ਕਤਰਾ ਹਾਂ ਰੱਖੇ ਰੋਜ਼ਿਆਂ ਵਿੱਚ ਜੋ ਜਿਬਾਹ ਹੋਇਆ, ਮੈਂ ਤਾਂ ਐਸਾ ਕੁਰਬਾਨੀ ਦਾ ਬੱਕਰਾ ਹਾਂ ਲੱਕੋਂ ਵੱਢਿਆ ਵੰਡਿਆ ਫੇਰ ਅੱਗੋਂ, ਟੋਟੇ-ਟੋਟੇ ਪੰਜਾਬ ਦਾ ਡੱਕਰਾ ਹਾਂ ਸ਼ਾਇਰ ਹੋਣ ਦੀ ਮਿਲੀ ਏ ਸਜ਼ਾ ਭਾਰੀ, ਹੋਰ ਕਿਹੜਾ ਹੈ ਅਸੀਂ ਗੁਨਾਹ ਕੀਤਾ ਅਸੀਂ ਉਸ ਦਰਿਆ ਦਾ ਦਰਦ ਲਿਖਿਆ, ਜਿਹਦੇ ਕੰਢਿਆਂ ਉਹਨੂੰ ਫਨਾਹ ਕੀਤਾ ਅਸੀਂ ਕੁੱਖ ਦੀ ਲੇਰ ਦਾ ਜ਼ਿਕਰ ਕੀਤਾ, ਕੀਤਾ ਨਜ਼ਰ ਜਿਸ ਜਬਰ ਜਨਾਹ ਕੀਤਾ ਉਹੀਓ ਵਤਨ ਵਿਰਾਸਤ ਵੀਰਾਨ ਕਰਦੇ, ਜਿਨ੍ਹਾਂ ਲਈ ਇਤਿਹਾਸ ਵਿੱਚ ਥਾਂ ਕੀਤਾ ਖੁਰਾ ਖੋਜ ਮਿਟਾਣ ਦੀ ਉਸ ਠਾਣੀ, ਜੀਹਦਾ ਜੱਗ ਤੇ ਅਸੀਂ ਹੈ ਨਾਂ ਕੀਤਾ ਕੱਚੇ ਘੱੜੇ ਨੂੰ ਅਸੀਂ ਕੀ ਦੋਸ਼ ਦੇਈਏ, ਸਾਡੇ ਨਾਲ ਨਹੀਂ ਭਲਾ ਝਨਾਅ ਕੀਤਾ 3. ਅਰਾਧਨਾ ਰਿਸ਼ੀਆਂ ਨੇ ਜੋ ਸੀ ਰਚਿਆ ਗੁਰੂਆਂ ਨੇ ਜੋ ਸੀ ਦਸਿਆ ਅੱਜ ਅਚਾਨਕ ਇਲਮ ਦਾ ਅੰਦਰ ਕੋਈ ਮੀਂਹ ਹੈ ਵਸਿਆ ਵੇਦ ਵੀ ਸਭ ਵਹਿਮ ਨੇ ਉਲਝੇ ਵੀ ਪਏ ਭਗਵਾਨ ਨੇ ਕਿਤੋਂ ਤੋੜਦੇ ਕਿਤੇ ਜੋੜਦੇ ਕਿੰਝ ਦੇ ਇਹ ਸਭ ਪੁਰਾਨ ਨੇ ਕਰਨਾ ਨਾ ਕੋਈ ਉਪਦੇਸ਼ ਮੈਂ ਹੋਣਾ ਕਿਸੇ ਦਾ ਰਾਮ ਨਾ ਕੋਈ ਨਾ ਦਾਅਵਾ ਸੱਚ ਦਾ ਮੈਂ ਕਿਸੇ ਦਾ ਸ਼ਾਮ ਨਾ ਧੋਖਾ ਨਾ ਪੂਜਾ ਪਾਠ ਦਾ ਨਾ ਕੋਈ ਲਾਰਾ ਧਰਮ ਦਾ ਮੈਂ ਮਿਲਾਵਾਂ ਰੱਬ ਨੂੰ ਦਾਅਵਾ ਨਾ ਐਸੇ ਭਰਮ ਦਾ ਮਿੱਟੀ ਨੇ ਸਭ ਕੁੱਝ ਸਿਰਜਿਆ ਮਿੱਟੀ ਨੇ ਸਭ ਸਮੇਟਣਾ ਮਿੱਟੀ ਨੇ ਮਹਿਰਮ ਬਖਸ਼ਣਾ ਮਿੱਟੀ ਨੇ ਦੁੱਖ ਸੁੱਖ ਵੇਖਣਾ ਇਹ ਹੁਸਨ ਜੋ ਇਹ ਨਕਸ਼ ਨੇ ਨੈਣਾਂ ਦਾ ਜੇਹੜਾ ਨੂਰ ਹੈ ਕੋਈ ਕਿਸੇ ਦੇ ਪਾਸ ਹੈ ਕੋਈ ਕਿਸੇ ਤੋਂ ਦੂਰ ਹੈ ਕਿਧਰੇ ਤਿਆਰੀ ਜਾਣ ਦੀ ਕਿਧਰੇ ਮਿਲਣ ਦੀ ਆਸ ਹੈ ਕੋਈ ਕੋਲ ਰਹਿ ਕੇ ਦੂਰ ਹੈ ਕੋਈ ਦੂਰ ਰਹਿ ਕੇ ਪਾਸ ਹੈ ਕਿਧਰੇ ਹੈ ਮਾਣ ਅਕਲ ਦਾ ਕਿਧਰੇ ਹੁਸਨ ਦਾ ਭਰਮ ਹੈ ਕਿਧਰੇ ਇਹ ਮਹਜਬ ਮਸਲਦਾ ਕਿਧਰੇ ਇਹ ਕਾਤਲ ਧਰਮ ਹੈ ਕਿਧਰੇ ਹੈ ਪਹਿਰਾ ਪਾਪ ਦਾ ਧੋਖਾ ਕਿਤੇ ਵਿਸ਼ਵਾਸ਼ ਦਾ ਮਾਵਾਂ ਦਾ ਕਿਧਰੇ ਮੋਹ ਹੈ ਕਿਧਰੇ ਡਰਾਵਾ ਬਾਪ ਦਾ ਕਿਤੇ ਰਸਮ ਹੈ ਕਿਤੇ ਰੋਕ ਹੈ ਬੰਧਨ ਨੇ ਕਿਤੇ ਸਮਾਜ ਦੇ ਕਈ ਜਾਗਦੇ ਵੀ ਸੌਂ ਰਹੇ ਕਈ ਸੁੱਤੇ ਹੋਏ ਵੀ ਜਾਗਦੇ ਇਹ ਸਾਰਾ ਅਡੰਬਰ ਜੀਣ ਦਾ ਹੈ ਮੌਤ ਤੀਕਰ ਜਾਣਦਾ ਚਲਦਾ ਰਹੇਗਾ ਸਿਲਸਿਲਾ ਕਿਤੋਂ ਆਉਣ ਦਾ ਕਿਤੇ ਜਾਣ ਦਾ ਦੇਹੀ ਨੂੰ ਦੇਹੀ ਭੋਗਦੀ ਦੇਹੀ ਨੂੰ ਦੇਹੀ ਭਾਲਦੀ ਦੇਹੀ ਤੇ ਦਸਤਕ ਦੇਣ ਲਈ ਹੈ ਉਮਰ ਸਾਰੀ ਗਾਲਦੀ ਦੇਹੀ ਹੀ ਦੁੱਖ ਨੂੰ ਜੰਮਦੀ ਦੇਹੀ ਹੀ ਸੁੱਖ ਨੂੰ ਪਾਲਦੀ ਦੇਹੀ ਹੀ ਅੰਮ੍ਰਿਤ ਬਖਸ਼ਦੀ ਦੇਹੀ ਹੀ ਬਿਖ ਨਿਕਾਲਦੀ ਦੇਹੀ 'ਚ ਚੜਦਾ ਚੰਨ ਹੈ ਦੇਹੀ 'ਚ ਅੰਬਰ ਵਿਗਸਦੇ ਦੇਹੀ 'ਚ ਸੂਰਜ ਦਹਿਕਦਾ ਦੇਹੀ 'ਚ ਤਾਰੇ ਲਿਸ਼ਕਦੇ ਦੇਹੀ 'ਚ ਲੱਖ ਪਤਾਲ ਨੇ ਦੇਹੀ 'ਚ ਲੱਖ ਅਕਾਸ਼ ਨੇ ਦੇਹੀ ’ਚ ਪੈਦਾ ਹੋਏ ਸੀ ਦੇਹੀ 'ਚ ਹੋਣੇ ਨਾਸ ਨੇ ਦੇਹੀ 'ਚ ਸਿਮਰਨ ਸੁਰਤ ਦੀ ਦੇਹੀ 'ਚ ਸੁਰਤੀ ਸ਼ਾਇਰ ਦੀ ਦੇਹੀ ’ਚ ਦਾਰੂ ਦਰਦ ਦਾ ਮੰਨਤ ਹੈ ਸਭ ਦੇ ਖੈਰ ਦੀ ਦੇਹੀ ਦੇ ਦਰਬਾਰ 'ਚ ਹਾਜ਼ਰ ਹਮੇਸ਼ਾਂ ਹਰਫ ਨੇ ਸ਼ਬਦਾਂ ਦੇ ਸਰਵਰ ਨਹਾ ਕੇ ਹੁੰਦੇ ਪਵਿੱਤਰ ਅਰਥ ਨੇ ਦੇਹੀ ਮੇਰਾ ਕਰਮ ਹੈ ਦੇਹੀ ਹੀ ਮੇਰਾ ਧਰਮ ਹੈ ਦੇਹੀ ਦੇ ਅੰਦਰ ਧਰਮ ਹੈ ਬਾਹਰ ਸਭ ਕੁਛ ਭਰਮ ਹੈ ਦੇਹੀ ਨੇ ਜਦ ਤਕ ਵਿਚਰਨਾ ਰਹਿਣੀ ਮੇਰੀ ਆਵਾਜ਼ ਹੈ ਦੇਹੀ ਹੀ ਮੇਰੀ ਸੁਰ ਤੇ ਦੇਹੀ ਹੀ ਮੇਰਾ ਸਾਜ਼ ਹੈ ਮੇਰੀ ਨਾ ਕੋਈ ਮੇਨਕਾ ਮੈਂ ਵਿਸ਼ਵਾ ਮਿੱਤਰ ਹਾਂ ਨਹੀਂ ਅੰਦਰ ਹੀ ਮੇਰੇ ਧੁੱਪ ਹੈ ਬਾਹਰ ਕਿਧਰੇ ਛਾਂ ਨਹੀਂ ਨੌਂ ਦਰਵਾਜ਼ੇ ਜਿੰਦ ਦੇ ਰੱਖੇ ਉਮਰ ਭਰ ਖੋਹਲਕੇ ਥੋੜਾ ਗੁਆਇਆ ਸੁਣਕੇ ਬਹੁਤਾ ਗੁਆਇਆ ਬੋਲਕੇ ਮੜੀਆਂ ਮਸੀਤਾਂ ਪੂਜੀਆਂ ਭਗਤੀ ਦਾ ਬੜਾ ਗਰੂਰ ਸੀ ਪੱਥਰਾਂ 'ਚੋਂ ਪਾਣੀ ਭਾਲਿਆ ਦਸਵਾਂ ਦੁਆਰ ਦੂਰ ਸੀ ਹੋਇਆ ਅਚਾਨਕ ਮੇਲ ਮੁੜ ਮਿਲਿਆ ਮੈਂ ਆਪਣੇ ਆਪ ਨੂੰ ਦੇਹੀ ਨੇ ਸਭ ਤਿਆਗਿਆ ਹਰ ਪੁੰਨ ਨੂੰ ਹਰ ਪਾਪ ਨੂੰ ਨੂਰ ਦੀ ਇਕ ਕਣੀ ਨੇ ਕਣ ਕਣ 'ਚ ਚਾਨਣ ਬੀਜਿਆ ਦੁਨੀਆਂ ਦੇ ਛੱਡ ਤਮਾਮ ਰੰਗ ਮੈਂ ਰੂਹ ਦੇ ਰੰਗ ਤੇ ਰੀਝਿਆ ਕੀਤਾ ਕਰਿਸ਼ਮਾ ਕਣ ਨੇ ਤਿਣਕੇ ਤੋਂ ਤਾਰਾ ਹੋ ਗਿਆ ਬਲਿਆ ਉਹ ਬਣ ਚਰਾਗ ਕੀ ਸੂਰਜ ਮੈਂ ਸਾਰਾ ਹੋ ਗਿਆ ਆਇਓ ਵੇ ਮੇਰੇ ਮਹਿਰਮੋਂ ਖੁਲ੍ਹਿਆ ਇਹ ਦਸਵਾ ਦੁਆਰ ਹੈ ਫੁੱਲ ਦੇਹੀ ਦਾ ਮਹਿਕਦਾ ਆਸਾਂ ਦੀ ਆਬਸ਼ਾਰ ਹੈ ਵਸਿਓ ਆਨੰਦ ਮਾਣਿਉਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਜੋ ਚਾਹੋਗੇ ਜੋ ਪਾਉਗੇ ਧਰਤ ਧਵਲ ਆਕਾਸ਼ ਹੈ ਸ਼ਬਦ ਸਮੁੰਦਰ ਸਹਿਜ ਹੈ ਅਰਥਾਂ ਦੀ ਕਰਿਉ ਭਾਲ ਵੇ ਸ਼ਾਇਰੀ ਦੇ ਮੋਤੀ ਲੱਭਿਓ ਸਾਗਰ ਨੂੰ ਦਿਉ ਹੰਗਾਲ ਵੇ ਸੁਰਤੀ ਹੈ ਮੇਰੀ ਬਿਖਰਦੀ ਮੈਨੂੰ ਵੀ ਰੱਖਿਉ ਨਾਲ ਵੇ ਬਿਰਤੀ ਹੈ ਮੇਰੀ ਬਿਖਰਦੀ ਮੈਂ ਅੰਝਾਣਾ ਬਾਲ ਵੇ ਛੱਡਕੇ ਨਾ ਕੱਲੇ ਜਾਵਣਾ ਜੰਗਲ ਸਰਾਪੀ ਸੋਚ ਦਾ ਸੱਚ ਖੰਡ ਨਾ ਮੈਨੂੰ ਚਾਹੀਦਾ ਜੀਵ ਹਾਂ ਮਾਤ ਲੋਕ ਦਾ ਮੈਨੂੰ ਵੀ ਜਰਾ ਕੁ ਦੱਸਣਾ ਜਿਥੇ ਕੁ ਰੂਹ ਦਾ ਰਾਜ ਹੈ ਜਿਥੇ ਕਥੂਰੀ ਜਿੰਦ ਦੀ ਜਿਥੇ ਕੁ ਅਨਹਦ ਨਾਦ ਹੈ ਮੈਨੂੰ ਨਾ ਮੁਕਤੀ ਚਾਹੀਦੀ ਮੈਨੂੰ ਨਾ ਭਗਤੀ ਚਾਹੀਦੀ ਮੈਨੂੰ ਨਾ ਸੋਭਾ ਚਾਹੀਦੀ ਮੈਨੂੰ ਨਾ ਸ਼ਕਤੀ ਚਾਹੀਦੀ ਮੇਰੀ ਤਾਂ ਇਹੋ ਅਰਾਧਨਾ ਮੇਰੀ ਤਾਂ ਇਹੋ ਰੀਝ ਹੈ ਜਿਥੇ ਕੁ ਸ਼ਾਇਰੀ ਵੱਸਦੀ ਰਹਿਣਾ ਮੈਂ ਉਹਦੇ ਕਰੀਬ ਹੈ ਮੇਰੇ ਲਈ ਸਗਲ ਸ੍ਰਿਸ਼ਟੀ ਸ਼ਾਇਰੀ ਦਾ ਸੁੰਦਰ ਸਰੂਪ ਹੈ ਉਥੇ ਵਿਲੀਨ ਹੋਵਣਾ ਜੋ ਸਿਰਜਣਾ ਦਾ ਰੂਪ ਹੈ ਦੇਹੀ 'ਚ ਸ਼ਬਦ ਸੁਲਘਦੇ ਅਰਥ ਦਾ ਕਲਬੂਤ ਹੈ ਅੰਦਰੋਂ ਵੀ ਉਹ ਅਨੂਪ ਹੈ ਬਾਹਰੋਂ ਵੀ ਉਹ ਅਨੂਪ ਹੈ।