Ramneet Mridul Ghazlan : Yashu Jaan

ਰਮਨੀਤ ਮਰਿਦੁਲ ਗ਼ਜ਼ਲਾਂ : ਯਸ਼ੂ ਜਾਨ

ਅਸੀਂ ਤੇਰੀ ਰਹਿਮਤ ਦੇ ਭੁੱਖੇ

ਅਸੀਂ ਤੇਰੀ ਰਹਿਮਤ ਦੇ ਭੁੱਖੇ,
ਇੱਕ ਨਜ਼ਰ ਤਾਂ ਮਾਰ

ਕੁਝ ਨਾ ਮੰਗੀਏ ਤੇਰੇ ਕੋਲੋਂ,
ਐਸਾ ਸਾਡਾ ਪਿਆਰ

ਅੱਖਾਂ ਵਾਲੇ ਲੱਭਣ ਤੈਨੂੰ,
ਲਾਕੇ ਹਾਰ-ਸ਼ਿੰਗਾਰ

ਸੁਣਿਆ ਤੈਨੂੰ ਦੇਖਣ ਵਾਲੇ,
ਬਿਨ ਅੱਖਾਂ ਤੋਂ ਯਾਰ

ਸੂਰਤ ਤੇਰੀ ਦੇਖਣ ਵਾਲਾ,
ਮੈਂ ਵੀ ਹਾਂ ਹੱਕਦਾਰ

ਗੁੱਸਾ ਕਾਹਦਾ ਯਸ਼ੂ ਜਾਨ ਤੋਂ,
ਦੱਸ ਤਾਂ ਦੇ ਇੱਕ ਵਾਰ

ਬਾਵਾ ਸਾਹਿਬ ਸੰਘਰਸ਼

ਬਾਵਾ ਸਾਹਿਬ ਸੰਘਰਸ਼ ਕੀਤਾ ਹੱਕ ਦੇ ਲਈ,
ਪਰ ਅੱਜ ਦੇ ਨੇਤਾ ਲੜ ਰਹੇ ਬਹੁਮਤ ਦੇ ਲਈ

ਉਹ ਗ਼ਰੀਬਾਂ, ਦਲਿਤਾਂ, ਮਜ਼ਲੂਮਾਂ ਦੇ ਹੱਕ 'ਚ ਬੋਲੇ,
ਪਰ ਬਣੀ ਸਰਕਾਰ ਬੋਲੇ ਆਪਣੇ ਪੱਖ ਦੇ ਲਈ

ਹਰ ਇੱਕ ਵਰਗ਼ ਪ੍ਰਾਪਤ ਕਰੇ ਉਚੇਰੀ ਸਿੱਖਿਆ,
ਸੀ ਅੜੇ ਰਹੇ ਉਹਨਾਂ ਦੀ ਰੋਂਦੀ ਅੱਖ ਦੇ ਲਈ

ਹੱਕ ਅਤੇ ਕਰਤੱਵ ਦਾ ਪੱਲੜਾ ਰਹੇ ਬਰਾਬਰ,
ਜਾਨ ਵੀ ਜਾਵੇ ਬੇਸ਼ੱਕ ਲੜਨਾ ਸੱਚ ਦੇ ਲਈ

ਘੱਟ ਨਾ ਹੋਵੇ ਦੇਸ਼ ਦੇ ਵਿੱਚ ਸ਼ੇਰਾਂ ਦੀ ਗਿਣਤੀ,
ਯਸ਼ੂ ਜਾਨ ਹਰ ਸ਼ੇਰ ਲੜੂਗਾ ਲੱਖ ਦੇ ਲਈ

ਇਸ਼ਕ ਅੱਜ ਦਾ

ਇਸ਼ਕ ਅੱਜ ਦਾ ਹੈ ਲੋਕਾਂ ਨੂੰ ਭਰਮਾਉਣ ਦੇ ਲਈ,
ਸਮਾਂ ਲੰਘਾਉਣ ਦੇ ਲਈ ਤੇ ਮਰਵਾਉਣ ਦੇ ਲਈ

ਆਸ਼ਿਕ ਜਿਸਮ ਦੇ ਭੁੱਖੇ ਨੇ ਸ਼ਕਲਾਂ ਦੇਖ ਕੇ ਮਰਦੇ,
ਤੇ ਕਰਦੇ ਕਤਲ ਵੀ ਨੇ ਸੂਰਤਾਂ ਨੂੰ ਪਾਉਣ ਦੇ ਲਈ

ਮੁਹੱਬਤ ਇੱਕ ਜਗ੍ਹਾ ਟਿਕਦੀ ਨਹੀਂ ਹੈ ਭੌਰਿਆਂ ਵਾਂਗੂੰ,
ਲੱਭਣ ਫੁੱਲ ਇਹ ਰੋਜ਼ ਅਨੋਖਾ ਜਾ ਮੰਡਰਾਉਣ ਦੇ ਲਈ,

ਇਸ਼ਕ ਇਹ ਅੱਜ ਦਾ ਸੁੱਤਾ ਲੱਗਦਾ ਮੈਨੂੰ ਗੂੜ੍ਹੀ ਨੀਂਦਰੇ,
ਰਾਂਝੇ ਕੋਲ ਸਮਾਂ ਨਹੀਂ ਰੁੱਸੀ ਹੀਰ ਮਨਾਉਣ ਦੇ ਲਈ

ਜਾਨ ਯਸ਼ੂ ਦੀ ਵੀ ਨਾ ਨਿੱਕਲੇ ਇਸ਼ਕ ਦੀ ਹਾਲਤ ਦੇਖ ਕੇ,
ਸ਼ਾਇਦ ਜ਼ਿੰਦਾ ਹਾਂ ਇਹ ਸੁੱਤਾ ਇਸ਼ਕ ਜਗਾਉਣ ਦੇ ਲਈ

ਇਸ਼ਕ ਕਰਨ ਦੀ ਸਜ਼ਾ

ਤੈਨੂੰ ਸੂਲ਼ੀ ਦਿਆਂ ਚੜ੍ਹਾ ਰੱਬਾ,
ਜੇ ਇਸ਼ਕ ਲੱਗੇ ਤੈਨੂੰ ਆ ਰੱਬਾ

ਇਸ਼ਕ ਕਰਨ ਦੀ ਸਜ਼ਾ ਹੈ ਭੈੜੀ,
ਜਿਸਦਾ ਮੁੱਲ ਨਾ ਭਾਅ ਰੱਬਾ

ਕਿਸੇਦਾ ਦਾ ਚੋਖਾ ਹੁਸਨ ਦੇਖ ਕੇ,
ਚੜ੍ਹ ਜਾਏ ਤੈਨੂੰ ਚਾਅ ਰੱਬਾ

ਮੈਂ ਤੈਨੂੰ ਮਿਰਜ਼ੇ ਵਾਂਗੂੰ ਜੰਡ ਦੇ,
ਥੱਲੇ ਦਿਆਂ ਵਢਾ ਰੱਬਾ

ਯਸ਼ੂ ਜਾਨ ਜਿਵੇਂ ਆਸ਼ਿਕ ਮਾਰੇ,
ਉਂਝ ਤੈਨੂੰ ਦਿਆਂ ਸਜ਼ਾ ਰੱਬਾ

ਇੱਕ ਸਮਾਂ ਸੀ

ਇੱਕ ਸਮਾਂ ਸੀ ਮੇਰੇ ਕੋਲ ਕੁਝ ਵੀ ਨਹੀਂ ਸੀ,
ਕੁਝ ਕਰ ਲਵਾਂ ਐਨੀ ਸੁੱਧ-ਬੁੱਧ ਵੀ ਨਹੀਂ ਸੀ

ਸੋਚਿਆ ਮਦਦ ਲਵਾਂ ਯਾਰਾਂ ਦੋਸਤਾਂ ਦੇ ਕੋਲੋਂ,
ਪਰ ਐਨੇ ਸਮਝਦਾਰ ਉਹ ਖ਼ੁਦ ਵੀ ਨਹੀਂ ਸੀ

ਕੱਟੀ ਹੈ ਗ਼ਰੀਬੀ ਭਾਵੇਂ ਮਾਂ-ਪਿਓ ਦੇ ਸਿਰ ਉੱਤੇ,
ਮੇਰੇ ਲੇਖਾਂ 'ਚ ਅਮੀਰ ਹੋਣਾ ਉਂਝ ਵੀ ਨਹੀਂ ਸੀ

ਬੜਾ ਟੁੱਟ ਗਿਆ ਸੀ ਮੈਂ ਬਾਪੂ ਨਾਲੋਂ ਵੱਖ ਹੋਕੇ,
ਇਸ ਨਾਲੋਂ ਜ਼ਿਆਦਾ ਵੱਡਾ ਦੁੱਖ ਵੀ ਨਹੀਂ ਸੀ

ਯਸ਼ੂ ਜਾਨ ਬੰਨ੍ਹੀ ਫਿਰੇ ਅੱਜ ਘਰੇ ਗਾਵਾਂ ਮੱਝਾਂ,
ਤੇ ਉਸ ਵੇਲੇ ਚਾਹ ਦੇ ਲਈ ਦੁੱਧ ਵੀ ਨਹੀਂ ਸੀ

ਇੰਨਾ ਝੂਠ ਨਹੀਂ ਬੋਲਿਆ ਜਾਂਦਾ

ਇੰਨਾ ਝੂਠ ਨਹੀਂ ਬੋਲਿਆ ਜਾਂਦਾ,
ਹੱਥੀਂ ਜ਼ਹਿਰ ਨਹੀਂ ਤੋਲਿਆ ਜਾਂਦਾ

ਸਦੀਆਂ ਤੋਂ ਜੋ ਦਿਲ ਵਿੱਚ ਦੱਬਿਆ,
ਭੇਦ ਕਦੇ ਨਹੀਂ ਖੋਲ੍ਹਿਆ ਜਾਂਦਾ

ਸੁੱਤਿਆਂ ਦੀ ਹਸਤੀ ਵਿੱਚ ਵੱਸਿਆ,
ਬੰਦਾ ਨਹੀਂ ਕਦੇ ਟੋਹਲਿਆ ਜਾਂਦਾ

ਚਾਹੇ ਸੱਜਣ ਬੁਰਾ ਹੀ ਨਿੱਕਲੇ,
ਪੈਰਾਂ ਵਿੱਚ ਨਹੀਂ ਰੋਲਿਆ ਜਾਂਦਾ

ਯਸ਼ੂ ਜਾਨ ਹਕੀਕ ਦੇ ਪਿਆਲੇ,
ਜ਼ਹਿਰ ਕਦੇ ਨਹੀਂ ਘੋਲਿਆ ਜਾਂਦਾ

ਸੱਤਾ

ਮੁਸ਼ਕਿਲ ਦੇ ਵਿੱਚ ਆ ਗਈ ਹੈ ਸੱਤਾ ਤੇਰੀ,
ਸਾਭ ਲੈ ਵੇਲਾ ਲਾ ਨਾ ਦੇਵੀਂ ਕਿਧਰੇ ਦੇਰੀ

ਹਾਲੇ ਤੇਰਾ ਹਰ ਇੱਕ ਮੰਤਰੀ ਹੱਕ ' ਚ ਤੇਰੇ,
ਹਾਰ ਗਿਆ ਤਾਂ ਬਾਅਦ 'ਚ ਫਿਰੂਗੇ ਤੈਨੂੰ ਘੇਰੀ

ਦੇਖੀਂ ਤੇਰੇ ਵਿਰੋਧੀ ਕਿੱਦਾਂ ਛੋਰ ਮਚਾਉਂਦੇ,
ਫਿਰ ਤੇਰੇ ਪਿੱਛੇ ਛੱਡ ਦੇਣਗੇ ਕਾਲ ਹਨ੍ਹੇਰੀ

ਕੀਹਦੇ-ਕੀਹਦੇ ਨਾਲ਼ ਯਾਰਾ ਗੱਠਜੋੜ ਕਰੇਂਗਾ,
ਕਰ-ਕਰ ਵਾਅਦੇ ਲੋਕਾਂ ਅੱਗੇ ਲਾ ਨਾ ਢੇਰੀ

ਯਸ਼ੂ ਜਾਨ ਦੀ ਦੱਸੀ ਗੱਲ ਨੂੰ ਪੱਲੇ ਬੰਨ੍ਹ ਲੈ,
ਗੁੱਸਾ ਕਰੇਂਗਾ ਜਦ ਜਨਤਾ ਨੇ ਮਾਂਜੀ ਫੇਰੀ

ਸਤਿ ਸ਼੍ਰੀ ਅਕਾਲ

ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਹੈ,
ਮੇਰੀ ਹਰ ਦਿਨ ਦੀ ਸ਼ੁਰੂਆਤ ਇਸ ਨਾਲ਼ ਹੈ

ਉੱਠ ਕਰਾਂ ਨਿੱਤਨੇਮ ਕਰ ਇਸ਼ਨਾਨ ਮੈਂ,
ਮੈਨੂੰ ਹੁਣ ਹੋਰ ਕਿਸੀ ਚੀਜ਼ ਦੀ ਨਾ ਭਾਲ਼ ਹੈ

ਸਦਾ ਮੇਰਾ ਸਤਿਗੁਰੂ ਨਜ਼ਰ ਸਵੱਲੀ ਰੱਖੇ,
ਉਸ ਕਰਕੇ ਹੀ ਸਰਬੱਤ ਹਰਪਾਲ ਹੈ

ਪਰ੍ਹੇ ਹੈ ਉਹ ਸਭ ਨਾਲੋਂ ਕੋਈ ਨਾ ਆਕਾਰ,
ਸਮੇਂ ਨਾਲੋਂ ਵੱਧ ਤੇਜ਼ ਚਲਦਾ ਉਹ ਚਾਲ ਹੈ

ਯਸ਼ੂ ਜਾਨ ਮਾਣ ਕਰੇ ਆਪਣੀ ਲਿਖਤ ਤੇ,
ਮਾਣ ਤੇ ਕਰਾਉਣ ਵਾਲ਼ਾ ਪੁਰਖ-ਅਕਾਲ ਹੈ

ਸਮਾਂ ਕਦੇ ਵੀ ਬਦਲ ਸਕਦਾ ਹੈ ਤੇਰੀ ਤਕਦੀਰ ਵਾਲਾ

ਸਮਾਂ ਕਦੇ ਵੀ ਬਦਲ ਸਕਦਾ ਹੈ ਤੇਰੀ ਤਕਦੀਰ ਵਾਲਾ,
ਪਹੀਆ ਘੁੰਮਦਾ ਰਹੇ ਤੇਰੀ ਮਿਹਨਤ ਤੇ ਸ਼ਰੀਰ ਵਾਲਾ

ਕਦੇ ਵੀ ਡੋਲੀਂ ਨਾ ਰਸਤੇ ਵਿੱਚ ਕੰਢੇ ਦੇਖਕੇ ਖਿੱਲਰੇ,
ਤੇ ਤਰਕਸ਼ ਭਰਕੇ ਰੱਖੀਂ ਸਬਰ ਦੇ ਤਿੱਖੇ ਤੀਰ ਵਾਲਾ

ਤੇ ਚਾਹੇ ਜੋ ਵੀ ਹੋ ਜਾਵੇ ਤੈਨੂੰ ਕੋਈ ਰੋਕ ਨਹੀਂ ਸਕਦਾ,
ਸਾਂਭਕੇ ਰੱਖਿਆ ਹੋਊ ਜੇ ਬ੍ਰਹਮ ਅਸਤਰ ਅਖੀਰ ਵਾਲਾ

ਹੀਰਾ ਚਮਕ ਉੱਠਦਾ ਹੈ ਕੋਲਿਆਂ ਦੀਆਂ ਖਾਨਾਂ ਵਿੱਚੋਂ,
ਤੂੰ ਯੋਧਾ ਬਣਕੇ ਗੱਜੀਂ ਵਿੱਚ ਮੈਦਾਨ ਸ਼ਮਸ਼ੀਰ ਵਾਲਾ

ਸਫਲ ਹੋਣ ਤੇ ਵੀ ਆਕੜ ਨਾ ਰੱਖੀਂ ਯਸ਼ੂ ਜਾਨ ਤੱਕ ਲੈ,
ਕਿਧਰੇ ਹਾਲ ਨਾ ਲਵੀਂ ਬਣਾ ਲੁੱਟੇ ਹੋਏ ਵਜੀਰ ਵਾਲਾ

ਸਰਹੱਦ

ਸੀਮਾ ਰੇਖਾ ਦੇ ਬੈਠੇ ਜੋ ਉਸ ਪਾਰ ਨੇ,
ਮੇਰੇ ਹਮਦਰਦ ਨੇ ਮੇਰੇ ਜਿਗਰੀ ਯਾਰ ਨੇ

ਦਿਲਾਂ ਦੇ ਵਿੱਚ ਤਾਂ ਮਨ ਮੁਟਾਵ ਚਲਦਾ ਆ ਰਿਹਾ,
ਇਸਦਾ ਮਤਲਬ ਇਹ ਨਹੀਂ ਉਹ ਸਾਥੋਂ ਬਾਹਰ ਨੇ

ਕੁਝ ਚੰਗੇ ਨੇ ਕੁਝ ਮਾੜੇ ਨੇ ਇਹ ਲਗਦਾ ਹੈ ਸਭ ਨੂੰ,
ਪਰ ਸਾਡੇ ਲਈ ਤਾਂ ਸਾਰੇ ਬੈਠੇ ਵਿੱਚ ਇੱਕ ਕਤਾਰ ਨੇ

ਮੈਂ ਇਹੀ ਚਾਹਾਂ ਸਰਹੱਦ ਤੇ ਗੋਲੀ ਬਾਰੀ ਚੱਲੇ ਨਾ,
ਸਾਰਿਆਂ ਦੇ ਸਾਡੇ ਵਾਂਗਰ ਹੀ ਹੱਸਦੇ ਪਰਿਵਾਰ ਨੇ

ਵੰਡ ਲੈ ਪਿਆਰ, ਮੁਹੱਬਤ ਵਾਲੀਆਂ ਖੁਸ਼ਬੂਆਂ ਤੂੰ ਜਾਨ,
ਯਸ਼ੂ ਕੱਲ੍ਹ ਸੁਣਿਆ ਇਸ ਜ਼ਿੰਦਗੀ ਦੇ ਤਾਂ ਵੇਲ਼ੇ ਹੀ ਚਾਰ ਨੇ

ਹੋਰ ਕਿੰਨਾ ਚਿਰ

ਹੋਰ ਕਿੰਨਾ ਚਿਰ ਜਰਨਾ ਪੈਣਾ,
ਗੰਧਲਾ ਪਾਣੀ ਧਰਨਾ ਪੈਣਾ

ਪਾਪੀ ਤੇ ਬੇ-ਗ਼ੈਰਤ ਬੰਦਿਆ,
ਤੇਰਾ ਕੁਝ ਤਾਂ ਕਰਨਾ ਪੈਣਾ

ਤੂੰ ਧੀਆਂ ਦੀ ਇੱਜ਼ਤ ਲੁੱਟੀ,
ਹੁਣ ਤਾਂ ਤੈਨੂੰ ਮਰਨਾ ਪੈਣਾ

ਮਾਵਾਂ ਦੇ ਤੂੰ ਪੁੱਤਰ ਮਾਰੇ,
ਇੱਕ ਦਿਨ ਤੈਨੂੰ ਠਰਨਾ ਪੈਣਾ

ਜਿਸਦੀ ਮਰਜ਼ੀ ਗਲ਼ਤੀ ਜਾਨ,
ਖਾਮਿਆਜ਼ਾ ਭਰਨਾ ਪੈਣਾ

ਕਾਸ਼ ਕਿਤੇ

ਕਾਸ਼ ਕਿਤੇ ਕਬਰਾਂ ਫਟ ਜਾਵਣ,
ਮੇਰੇ ਸੱਜਣ ਮੁੜ ਉੱਠ ਆਵਣ

ਦਿਲ ਦੀ ਉੱਜੜੀ ਧਰਤੀ ਉੱਤੇ,
ਬਣਕੇ ਵਰਸਣ ਮਿੱਠਾ ਸਾਵਣ

ਸੀਤਲ ਹੋਵਾਂ ਪਾ ਗਲਵੱਕੜੀ,
ਉਹ ਵੀ ਘੁੱਟਕੇ ਸੀਨੇ ਲਾਵਣ

ਤੇ ਆਪਣੇ ਸੂਹੇ ਬੁੱਲ੍ਹਾਂ ਵਿੱਚੋਂ,
ਮੇਰਾ ਹੀ ਇੱਕ ਨਾਮ ਧਿਆਵਣ

ਯਸ਼ੂ ਜਾਨ ਦੇ ਬਣਕੇ ਸਾਥੀ,
ਜ਼ਿੰਦਗੀ ਭਰ ਸਾਥ ਨਿਭਾਵਣ

ਕਿੰਨੇ ਰੱਬ

ਤੂੰ ਕਿੰਨੇ ਰੱਬ ਬਣਾਏ ਨੇ,
ਕਿੰਨੇ ਖੁਦਾ ਧਿਆਏ ਨੇ

ਪਰ ਤੇਰੇ ਕੰਮ ਹਰ ਵੇਲੇ,
ਇਹ ਬੰਦੇ ਹੀ ਤਾਂ ਆਏ ਨੇ

ਬੋਲੇ ਝੂਠ ਨਮਾਜ਼ਾਂ ਪੜ੍ਹਕੇ,
ਵੇਲੇ ਹੀ ਲੰਘਾਏ ਨੇ

ਨੀਲੇ, ਪੀਲੇ, ਕਾਲੇ ਪੱਥਰ,
ਤਾਹੀਓਂ ਗਲ਼ ਵਿੱਚ ਪਾਏ ਨੇ

ਯਸ਼ੂ ਜਾਨ ਇਨਸਾਨਾਂ ਨੇ ਹੀ,
ਇਹ ਪਾਖੰਡ ਰਚਾਏ ਨੇ

ਖੁਸ਼ੀ ਹੁੰਦੀ ਹੈ

ਮੈਨੂੰ ਖੁਸ਼ੀ ਹੁੰਦੀ ਹੈ ਚਿੜੀਆਂ ਨੂੰ ਚਹਿਕਦਾ ਦੇਖਕੇ,
ਮੈਂ ਹੱਸ ਉੱਠਦਾ ਹਾਂ ਬਾਗੀਂ ਫੁੱਲ ਮਹਿਕਦਾ ਦੇਖਕੇ

ਮੇਰੇ ਅੰਦਰ ਦਾ ਇਨਸਾਨ ਉਦੋਂ ਜ਼ਿੰਦਾ ਹੋ ਜਾਂਦਾ ਹੈ,
ਵਿੱਚ ਰਾਤ ਹਨ੍ਹੇਰੇ ਜੁਗਨੂੰਆਂ ਨੂੰ ਚਮਕਦਾ ਦੇਖਕੇ

ਇਹ ਕੁਦਰਤ ਹੈ ਜਿਸਨੂੰ ਜਿੱਤਣਾ ਹੈ ਮੁਸ਼ਕਿਲ,
ਜੋ ਹੱਸਦੀ ਮੈਨੂੰ ਅੱਧ ਵਿਚਕਾਰ ਲਮਕਦਾ ਦੇਖਕੇ

ਕਿ ਪਾਣੀ ਹੀ ਜੀਵਨ ਹੈ ਜੋ ਮੌਤ ਵੀ ਬਣ ਜਾਂਦਾ,
ਆ ਵਿੱਚ ਲਪੇਟੇ ਧਾਰ ਪ੍ਰਾਣੀ ਸਿਸਕਦਾ ਦੇਖਕੇ

ਮੰਨਿਆ ਕਿ ਸੱਚ ਹੈ ਮੌਤ ਪਰ ਯਸ਼ੂ ਜਾਨ ਸੱਚ ਹੈ,
ਦੁੱਖ ਲੱਗਦਾ ਹੈ ਇਹਨਾਂ ਰੂਹਾਂ ਨੂੰ ਭਟਕਦਾ ਦੇਖਕੇ

ਗੱਲ ਸੋਚ ਸਮਝਕੇ ਕਰੀਂ

ਗੱਲ ਸੋਚ ਸਮਝਕੇ ਕਰੀਂ ਸਮਾਂ ਬਲਵਾਨ ਬੜਾ ਹੈ,
ਰੱਬ ਮੰਦਰ ਵਿੱਚ ਲੱਭੇਂ ਅੰਦਰ ਸ਼ੈਤਾਨ ਖੜ੍ਹਾ ਹੈ

ਦੁੱਖ ਵੇਲ਼ੇ ਤੂੰ ਰੱਬ-ਰੱਬ ਕਰਦੈਂ ਸ਼ਾਤਿਰ ਬੰਦਿਆ,
ਸੁੱਖ ਦੇਖਦਿਆਂ ਹੀ ਭਰਦਾ ਜੋ ਹੰਕਾਰ ਘੜਾ ਹੈ

ਇਸ ਮਿੱਟੀ ਭਰੇ ਸ਼ਰੀਰ ਦਾ ਪੁਤਲਾ ਫੂਕਿਆ ਜਾਊ,
ਤੇਰਾ ਆਖ਼ਰੀ ਘਰ ਤੇ ਮੰਜ਼ਿਲ ਸ਼ਮਸ਼ਾਨ ਥੜ੍ਹਾ ਹੈ

ਤੇਰੀ ਥੋੜ੍ਹੇ ਦਿਨ ਦੀ ਜ਼ਿੰਦਗੀ ਕੰਮ ਨਬੇੜ ਲੈ ਸਾਰੇ,
ਸਭ ਦੇ ਹੱਥਾਂ ਵਿੱਚ ਪਾਇਆ ਮੌਤ ਨੇ ਆਪ ਕੜਾ ਹੈ

ਫਿਰ ਯਸ਼ੂ ਜਾਨ ਨੂੰ ਵੀ ਪਾ ਲੈਣਾ ਹੈ ਮੌਤ ਨੇ ਘੇਰਾ,
ਭਾਵੇਂ ਵਿਆਹ ਕਰਵਾਕੇ ਵੀ ਉਹ ਹਾਲੇ ਤੱਕ ਛੜਾ ਹੈ

ਗੁਰੂਆਂ ਦੀ ਬਾਣੀ

ਗੁਰੂਆਂ ਦੀ ਬਾਣੀ ਦੱਸ ਰਹੀ ਹੈ ਜੀਣ ਦਾ ਮਕਸਦ,
ਸੱਚੇ ਰਾਹ ਤੇ ਚੱਲਕੇ ਅੰਮ੍ਰਿਤ ਪੀਣ ਦਾ ਮਕਸਦ

ਉੱਡਣ ਲੱਗੇ ਹੰਕਾਰ ' ਚ ਜੋ ਅਸਮਾਨੋਂ ਉੱਚੇ,
ਖੋਲ੍ਹੇ ਭੇਦ ਹੈ ਕੀ ਨੀਵੀਂ ਜ਼ਮੀਨ ਦਾ ਮਕਸਦ

ਦੱਸ ਰਹੀ ਹੈ ਸਭ ਨੇ ਜਾਣਾ ਧੁਰ ਦਰਗਾਹੇ,
ਭਗਤੀ ਦੇ ਵਿੱਚ ਕਾਹਤੋਂ ਹੋਣਾ ਲੀਨ ਦਾ ਮਕਸਦ

ਇੱਕ ਦਿਨ ਦੇਹ ਦੇ ਪੁਰਜ਼ੇ ਢਿੱਲੇ ਪੈ ਜਾਣੇ ਨੇ,
ਵਿੱਚ ਸ਼ਰੀਰ ਦੇ ਚਲਦੀ ਹੋਈ ਮਸ਼ੀਨ ਦਾ ਮਕਸਦ

ਯਸ਼ੂ ਜਾਨ ਤੇਰਾ ਇੱਕ ਦਿਨ ਘੋਗਾ ਚਿੱਤ ਹੋ ਜਾਣਾ,
ਲੱਗ ਜਾਊ ਪਤਾ ਜ਼ਿੰਦਗੀ ਇਸ ਹਸੀਨ ਦਾ ਮਕਸਦ

ਗੂੜ੍ਹੀ ਨੀਂਦ

ਮੈਨੂੰ ਮਾਰਨੇ ਤੋਂ ਪਹਿਲਾਂ ਰੱਬਾ ਗੂੜ੍ਹੀ ਨੀਂਦ ਦੇਵੀਂ,
ਭੁੱਖਾ ਮਰਨ ਨਾ ਦੇਵੀਂ ਤੂੰ ਕੁਝ ਖਾਣ-ਪੀਣ ਦੇਵੀਂ

ਮਰਨੋ ਬਾਅਦ ਕੀ ਹੋਊ ਆਪਾਂ ਬਾਅਦ 'ਚ ਦੇਖਾਂਗੇ,
ਜਿਊਂਦੇ ਹੋਇਆਂ ਮੈਨੂੰ ਤੂੰ ਪਰ ਸੌਖਾ ਜੀਣ ਦੇਵੀਂ

ਤੇ ਸੁੱਖ,ਸ਼ਾਂਤੀ,ਦੌਲਤ ਵੀ ਮੇਰੇ ਕੋਲ ਇੰਨੀ ਹੋਵੇ,
ਮੇਰੀ ਮਿੱਠੀ ਜ਼ਿੰਦਗੀ ਨੂੰ ਨਾ ਹੋਣ ਨਮਕੀਨ ਦੇਵੀਂ

ਸੁਣਿਆ ਮੈਂ ਸਵਰਗ ਨਰਕ ਮਰਨੋ ਬਾਅਦ ਮਿਲਣ,
ਦੋਹਾਂ ਦੀ ਚੱਕੀ ਦਾ ਆਟਾ ਇੱਥੇ ਹੀ ਪੀਹਣ ਦੇਵੀਂ

ਕੋਠੀਆਂ,ਕਾਰਾਂ,ਮਹਿਲ ਸਵਰਗ ਤੂੰ ਇੱਥੇ ਦੇਵੀਂ ਦਿਖਾ,
ਮਰਨੋ ਬਾਅਦ ਚਾਹੇ ਯਸ਼ੂ ਜਾਨ ਨੂੰ ਦੋ ਗ਼ਜ਼ ਜ਼ਮੀਨ ਦੇਵੀਂ

ਜੱਜ

ਜੱਜ ਜਾਣੇ ਸਭ ਸੱਚ ਤੇ ਝੂਠ,
ਪਰ ਬੋਲੇ ਨਾ ਕੁਝ ਬਿਨਾਂ ਸਬੂਤ

ਤਾਹੀਓਂ ਲੰਬੀ ਦੇਵੇ ਤਰੀਕ,
ਖੌਰੇ ਆਖੇ ਸੱਚ ਇਹ ਊਤ

ਦਵੇ ਦਲੀਲਾਂ ਖੜ੍ਹਾ ਵਕੀਲ,
ਉਹ ਦੇਖੀ ਜਾਵੇ ਕਰਤੂਤ

ਗੀਤਾ ਸੱਚੀ ਗਵਾਹ ਨੇ ਝੂਠੇ,
ਵਿਕ ਜਾਵਣ ਪੈਸੇ ਦੇ ਦੂਤ

ਜਾਨ ਯਸ਼ੂ ਜਿੱਦਣ ਜੱਜ ਗੱਜੇ,
ਫੈਂਸਲਾ ਦੇ ਕੰਮ ਕਰਦਾ ਸੂਤ

ਦਰਿੰਦਗੀ

ਮੈਂ ਕਿਸੇ ਦੀ ਦਰਿੰਦਗੀ ਦੇਖ ਘਬਰਾ ਗਿਆ,
ਸ਼ੈਤਾਨੀਅਤ ਵਿੱਚ ਬਦਲਦੀ ਜ਼ਿੰਦਗੀ ਦੇਖ ਘਬਰਾ ਗਿਆ

ਹੈ ਕੀਤੀ ਦੋਸਤੀ ਇਨਸਾਨ ਨੇ ਸ਼ੈਤਾਨ ਦੇ ਨਾਲ,
ਉਸਦੀ ਹਿੰਮਤ ਦੇਖ ਸ਼ਰਮਿੰਦਗੀ ਦੇਖ ਘਬਰਾ ਗਿਆ

ਕਿ ਜ਼ਿੰਦਗੀ ਖੁਸ਼ ਸੀ ਘੁੰਮਕੇ ਨਾਲ ਚੰਦਰੀ ਮੌਤ ਦੇ,
ਨੱਕਾਂ ਚੋਂ ਖੂਨ ਕੱਢ ਦੇਣ ਵਾਲੀ ਗੰਦਗ਼ੀ ਦੇਖ ਘਬਰਾ ਗਿਆ

ਪਾਰਾ ਜਿਸਮਾਂ ਦੇ ਵਿੱਚ ਜਾ ਕੇ ਕਹਿਰ ਮਚਾ ਰਿਹਾ,
ਜੁਗਲਬੰਦੀ ਦੋਨਾਂ ਦੀ ਛੇੜੀ ਚਿੰਜੜੀ ਦੇਖ ਘਬਰਾ ਗਿਆ

ਯਸ਼ੂ ਜਾਨ ਇਨਸਾਨਾਂ ਦੇ ਹਾਲਾਤ ਬਚਾਓ ਵਾਲ਼ੇ ਨਹੀਂ,
ਬੇਕਾਬੂ ਜੋ ਹੈ ਸਥਿਤੀ ਉਹ ਵਿਗੜੀ ਦੇਖ ਘਬਰਾ ਗਿਆ

ਪਿਆਰ

ਸੱਜਣਾ ਤੇਰੇ ਨਾਲ ਸਾਨੂੰ ਇੰਨਾ ਕੁ ਪਿਆਰ ਹੈ,
ਤੇਰੇ ਵੱਲੋਂ ਦਿੱਤੀ ਹੋਈ ਮੌਤ ਵੀ ਸਵਿਕਾਰ ਹੈ

ਬੇਸ਼ੱਕ ਤੂੰ ਸਾਡੇ ਤੋਂ ਰੁੱਸਕੇ ਜ਼ਿੰਦਾ ਰਹਿ ਲਏਂਗਾ,
ਫਿਰ ਸਮਝੀਂ ਸਾਡੀ ਜ਼ਿੰਦਗੀ ਦੇ ਦਿਨ ਚਾਰ ਹੈ

ਹੋਵੇ ਗ਼ਲਤੀ ਜੇਕਰ ਸਾਥੋਂ ਕਰ ਦੇਵੀਂ ਤੂੰ ਮਾਫ਼,
ਦੱਸ ਗੁੱਸਾ ਹੋਕੇ ਮੈਂ ਵੀ ਕਿਧਰੇ ਜਾਣਾ ਯਾਰ ਹੈ

ਤੇਰੇ ਹਿੱਸੇ ਵਾਲੀ ਮੌਤ ਦਾ ਮੈਂ ਹੱਕਦਾਰ ਬਣਾਂ,
ਸਾਡੇ ਪਿਆਰ ਨੇ ਕੀਤੀਆਂ ਯਾਰ ਹੱਦਾਂ ਪਾਰ ਹੈ

ਮੈਨੂੰ ਮਾਰਨਾ ਹਥਿਆਰਾਂ ਦੇ ਵੱਸ ਦੀ ਗੱਲ ਨਹੀਂ,
ਯਸ਼ੂ ਨੂੰ ਮਾਰਨ ਲਈ ਕਾਫ਼ੀ ਤੇਰੀ ਅੱਖ ਦਾ ਵਾਰ ਹੈ

ਬਚਪਨ

ਬਚਪਨ ਤੋਂ ਹੀ ਸਿੱਧੀ ਰੱਖੋ ਆਦਤ ਬੱਚਿਆਂ ਦੀ,
ਤਾਂਕਿ ਬੁੱਧੀ ਭ੍ਰਿਸ਼ਟ ਨਾ ਹੋਵੇ ਦਿਲ ਦੇ ਸੱਚਿਆਂ ਦੀ

ਬਚਪਨ ਕੱਚੀ ਮਿੱਟੀ ਵਾਂਗਰ ਜਿੱਦਾਂ ਮਰਜ਼ੀ ਢਾਲੋ,
ਤਾਹੀਓਂ ਕੀਮਤ ਪੈਂਦੀ ਅੱਗ 'ਚ ਹੋਕੇ ਪੱਕੀਆਂ ਦੀ

ਪਹਿਲਾਂ ਦੇਵੋ ਚੰਗੀ ਸਿੱਖਿਆ ਉੱਠਣ ਬੈਠਣ ਦੀ,
ਦੇਖੀ ਹੋਣੀ ਅੱਗ ਤੁਸੀਂ ਵੀ ਕੋਲਿਆਂ ਕੱਚਿਆਂ ਦੀ

ਹੌਲੀ-ਹੌਲੀ ਕਰ ਜਦ ਇਹਨਾਂ ਨੇ ਸਾਖਰ ਹੋ ਜਾਣਾ,
ਫਿਰ ਹੀ ਫੋਟੋ ਆਵੇਗੀ ਕੁਰਸੀ ਤੇ ਜੱਚਿਆਂ ਦੀ

ਤੁਸੀਂ ਸ਼ੇਰਾਂ ਤੋਂ ਵੀ ਵੱਡਾ ਹੌਂਸਲਾ ਇਹਨਾਂ ਵਿੱਚ ਭਰੋ
ਯਸ਼ੂ ਜਾਨ ਨਾ ਹਿੰਮਤ ਡੋਲੇ ਸੂਲ ਤੇ ਨੱਚਿਆਂ ਦੀ

ਬੰਦਿਆ ਕੀ ਦੱਸ ਤੇਰੇ ਪੱਲੇ

ਬੰਦਿਆ ਕੀ ਦੱਸ ਤੇਰੇ ਪੱਲੇ,
ਇੱਕ ਦਿਨ ਹੋਣਾ ਮਿੱਟੀ ਥੱਲੇ

ਤੇਰੇ ਰਿਸ਼ਤੇਦਾਰਾਂ ਤੈਨੂੰ,
ਤੁਰ ਜਾਣਾ ਹੈ ਛੱਡ ਇਕੱਲੇ

ਤੈਨੂੰ ਡੋਬੂ ਗੈਰਾਂ ਵੱਲੋਂ,
ਕੀਤੀ ਹੋਈ ਬੱਲੇ-ਬੱਲੇ

ਭੁੱਲ ਜਾਣਗੇ ਤੈਨੂੰ ਸਾਰੇ,
ਘਰਵਾਲੀ ਤੇ ਜਵਾਕ-ਜੱਲੇ

ਯਸ਼ੂ ਜਾਨ ਜਦ ਸ਼ਾਮਤ ਆਊ,
ਪੈ ਜਾਣੇ ਨੇ ਤੈਨੂੰ ਲੱਲ੍ਹੇ

ਬਾਬੇ ਨਾਨਕ ਨੇ

ਸੁੱਤੇ ਲੋਕ ਜਗਾਏ ਬਾਬੇ ਨਾਨਕ ਨੇ,
ਕਰਨੇ ਤਰਕ ਸਿਖਾਏ ਬਾਬੇ ਨਾਨਕ ਨੇ

ਹੱਥੀਂ ਕਿਰਤ ਕਰੋ ਤੇ ਖਾਓ ਖੁਸ਼ੀ-ਖੁਸ਼ੀ,
ਮਿਹਨਤ ਕਰਨੇ ਲਾਏ ਬਾਬੇ ਨਾਨਕ ਨੇ

ਸੱਚਾ ਨਾਮ ਹੈ ਉਸਦਾ ਰੱਬ ਇੱਕੋ ਹੀ ਹੈ,
ਬਾਣੀ ਪੜ੍ਹਨ ਲਗਾਏ ਬਾਬੇ ਨਾਨਕ ਨੇ

ਚਮਤਕਾਰਾਂ ਤੋਂ ਉੱਪਰ ਉਠਕੇ ਗੱਲ ਕਰੋ,
ਐਸੇ ਤੱਥ ਸਮਝਾਏ ਬਾਬੇ ਨਾਨਕ ਨੇ

ਯਸ਼ੂ ਜਾਨ ਦਾ ਸੋਚ ਹਨੇਰਾ ਦੂਰ ਹੋਇਆ,
ਜਦ ਵਿਹੜੇ ਰੁਸ਼ਨਾਏ ਬਾਬੇ ਨਾਨਕ ਨੇ

ਬੇਕਦਰਾ

ਤੂੰ ਸਾਡੇ ਨਾਲ ਚੰਗੀ ਕੀਤੀ ਬੇਕਦਰਾ,
ਗਿਰਿਆ ਦੱਸਣ ਸਾਨੂੰ ਸਾਡੀਆਂ ਹੀ ਨਜ਼ਰਾਂ

ਬੋਲੇ ਝੂਠ ਤੇ ਧੋਖੇ ਦਿੱਤੇ ਸਾਨੂੰ ਤੂੰ,
ਤੂੰ ਕੀ ਕੀਤਾ ਸਾਡੀ ਪਿੱਠ ਪਿਛੇ ਨੇ ਖ਼ਬਰਾਂ

ਮਰਨੋਂ ਬਾਅਦ ਵੀ ਸਾਥ ਨਿਭਾਊਂ ਕਹਿੰਦਾ ਸੀ,
ਸਾਡੀਆਂ ਮਿੱਥ ਗਿਆਂ ਤੂੰ ਜਿਊਂਦੇ ਜੀ ਕਬਰਾਂ

ਲੋਕੀ ਸਾਨੂੰ ਪਿਆਰ ਦਾ ਤਾਹਨਾ ਦਿੰਦੇ ਨੇ,
ਤੇ ਹੁਣ ਦਿੱਤਾ ਬੰਨ੍ਹ ਹੈ ਤੋੜ ਮੇਰੇ ਵੀ ਸਬਰਾਂ

ਸੁਣ ਯਸ਼ੂ ਜਾਨ ਤੂੰ ਧੋਖਾ ਖ਼ੂਬ ਕਮਾਇਆ ਹੈ,
ਤੇ ਤੇਰੇ ਧੋਖਿਆਂ ਖ਼ੂਬ ਮਚਾਈਆਂ ਨੇ ਗ਼ਦਰਾਂ

ਮੱਤ ਅਤੇ ਮੌਤ

ਮੱਤ ਅਤੇ ਮੌਤ ਵਿੱਚ ਫ਼ਰਕ ਨਾ ਗਿੱਠ ਦਾ,
ਸਾਰੀ ਉਮਰ ਨਾ ਬੰਦਾ ਇਹ ਗੱਲ ਸਿੱਖਦਾ

ਮੱਤ ਹੋਵੇ ਠੀਕ ਕਿਸਮਤ ਹਰ ਜਾਂਦੀ ਹੈ,
ਕੌਡੀਆਂ ਦਾ ਬੰਦਾ ਵੀ ਕਰੋੜ੍ਹਾਂ ਵਿੱਚ ਵਿਕਦਾ

ਭਾਵੇਂ ਲੱਖ ਬੁੱਢਾ ਹੋਵੇ ਸ਼ੇਰ ਵੀ ਸ਼ਰੀਰ ਤੋਂ,
ਆਕੜਾਂ ਦੀ ਮੱਤ ਵਾਲਾ ਜਿਗਰਾ ਨਹੀਂ ਡਿਗਦਾ

ਸ਼ੱਕ ਵਾਲੀ ਮੱਤ ਜਿਸ ਔਰਤ ਦੀ ਹੋ ਜਵੇ,
ਉਸ ਨਾਲ ਰੱਖਿਆ ਕੋਈ ਰਿਸ਼ਤਾ ਨਹੀਂ ਨਿਭਦਾ

ਆਪਣੀ ਵੀ ਮੱਤ ਯਸ਼ੂ ਜਾਨ ਰੱਖ ਸਾਂਭ ਕੇ,
ਹਾਂ ਸੁਣਿਆਂ ਮੈਂ ਤੂੰ ਵੀ ਬੜਾ ਕੁਝ ਸੱਚ ਲਿਖਦਾ

ਮਲੰਗ

ਇੱਕ ਤੇਰੀ ਦੀਦ ਵਾਜੋਂ ਬੜੇ ਹਾਂ ਤੰਗ ਸੱਜਣਾਂ,
ਅਸੀਂ ਵਿਆਹ ਕਰਵਾਕੇ ਵੀ ਛੜੇ ਮਲੰਗ ਸੱਜਣਾਂ

ਬਾਹਾਂ ਵਿੱਚ ਪਾਇਆ ਏ ਤੇਰੇ ਨਾਮ ਦਾ ਚੂੜਾ,
ਦੁਨੀਆਂ ਅੱਗੇ ਨੱਚੇ ਹਾਂ ਲਾਹ ਕੇ ਸੰਗ ਸੱਜਣਾਂ

ਤੇਰੇ ਨਾਮ ਦੀ ਮਹਿੰਦੀ ਦਾ ਰੰਗ ਚੜ੍ਹਿਆ ਗੂੜ੍ਹਾ,
ਤੇਰਾ ਨਾਮ ਜੱਪੇ ਮੇਰਾ ਹਰ ਇੱਕ ਅੰਗ ਸੱਜਣਾਂ

ਤੇਰੀ ਹਸਤੀ ਮਨ ਮੇਰੇ ਵਿਚੋਂ ਕੱਢਿਆ ਕੂੜਾ,
ਅਸੀਂ ਸਭ ਕੁਝ ਪਾ ਲਿਆ ਏ ਹੋਕੇ ਨੰਗ ਸੱਜਣਾਂ

ਯਸ਼ੂ ਜਾਨ ਦੀ ਜਾਨ ਜਾਵੇ ਤੈਨੂੰ ਕੁਝ ਨਾ ਹੋਵੇ,
ਤੂੰ ਜੀਵਣ ਦਾ ਦੱਸਿਆ ਏ ਮੈਨੂੰ ਢੰਗ ਸੱਜਣਾਂ

ਯਾਦ ਕਰਕੇ

ਅਸੀਂ ਰੋਏ ਹਾਂ ਕਿਸੇ ਨੂੰ ਯਾਦ ਕਰਕੇ,
ਤੈਨੂੰ ਦੱਸੀਏ ਕਿਉਂ ਫਰਿਆਦ ਕਰਕੇ

ਕਦੇ ਛੱਡਿਆ ਨਾ ਉਸਨੂੰ ਅਸੀਂ ਉਹਨੇ ਆਪ ਕਦੇ ਨਾ ਯਾਦ ਕੀਤਾ,
ਉਹ ਖੁਸ਼ ਨੇ ਸਾਨੂੰ ਬਰਬਾਦ ਕਰਕੇ

ਉਹ ਰੋਜ਼ ਤਿਆਰੀ ਖਿੱਚ ਲੈਂਦੇ ਸਾਨੂੰ ਮਾਰਨ ਤੇ ਦਫਨਾਉਣ ਦੀ,
ਪਰ ਛੱਡ ਦੇਵਣ ਆਦਾਬ ਕਰਕੇ

ਲੱਖ ਢੂੰਡਿਆ ਪਰ ਨਾ ਮਿਲ ਸਕੇ ਰੱਬ ਹੀ ਜਾਣੇ ਕਦ ਹੋਣ ਵਸਲ,
ਭਾਵੇਂ ਮਾਰ ਦੇਣ ਆਬਾਦ ਕਰਕੇ

ਯਸ਼ੂ ਤੇਰਾ ਦੀਵਾ ਬੁੱਝ ਜਾਣਾ ਹਵਾ ਵਿੱਚ ਤੂਫ਼ਾਨ ਸਮਾ ਚੱਲਿਆ,
ਤੇਰੀ ਜ਼ਿੰਦਗੀ ਨੂੰ ਆਜ਼ਾਦ ਕਰਕੇ

ਯੁੱਧ ਇਹ ਸਦੀਆਂ ਤੋਂ

ਯੁੱਧ ਇਹ ਸਦੀਆਂ ਤੋਂ ਚੱਲ ਰਿਹਾ ਹੈ,
ਮੌਤ ਦਾ ਦੀਵਾ ਘਰ-ਘਰ ਬਲ ਰਿਹਾ ਹੈ

ਦੁਸ਼ਮਣਾਂ ਨੇ ਤਾਂ ਕਹਿਰ ਹੈ ਅੱਤ ਦਾ ਕੀਤਾ,
ਭਾਈ ਭਾਈ ਵੀ ਉਤਾਰ ਇੱਕ ਦੂਜੇ ਦੀ ਖੱਲ ਰਿਹਾ ਹੈ

ਮਰਿਆ ਕਿਸੇ ਦਾ ਪੁੱਤ, ਭਰਾ ਤੇ ਪਤੀ ਕਿਸੇ ਦਾ,
ਬੂਟਾ ਮੌਤ ਦਾ ਦੇਖੋ ਕਿਸ ਕਦਰ ਫੁੱਲ- ਫਲ ਰਿਹਾ ਹੈ

ਦੁਸ਼ਮਣੀ ਦੋ ਧਿਰਾਂ ਦੀ ਯਸ਼ੂ ਕਈ ਪੀੜ੍ਹੀਆਂ ਖਾ ਗਈ,
ਦੇਖ ਕੇ ਖੂਨ-ਖਰਾਬਾ ਬੱਚਾ ਕੋਈ ਅੱਖਾਂ ਮਲ ਰਿਹਾ ਹੈ

ਚੜ੍ਹਕੇ ਕੋਠਿਆਂ ਤੇ ਆਪਣੇ ਹੀ ਤਮਾਸ਼ਾ ਦੇਖ ਰਹੇ,
ਸੁਲਾਹ ਕਰਾਉਣ ਦਾ ਕੱਢ ਨਾ ਕੋਈ ਹੱਲ ਰਿਹਾ ਹੈ

ਵਿਗਿਆਨ ਦੀ ਗੱਲ

ਮੈਨੂੰ ਲੱਗਦੈ ਚੀਨ ਨੇ ਦੁਨੀਆਂ ਤੋਂ ਚੁੱਕ ਬੋਝ ਦੇਣਾ ਹੈ,
ਜਪਾਨ ਨੇ ਮੰਗਲ ਗ੍ਰਹਿ ਤੇ ਵੀ ਜੀਵਨ ਖੋਜ ਦੇਣਾ ਹੈ

ਵਿਗਿਆਨ ਇੰਨਾ ਜ਼ਿਆਦਾ ਅੱਗੇ ਹੈ ਹੁਣ ਵੱਧ ਗਿਆ,
ਕਿ ਇਸਨੇ ਜਾਂ ਤਾਂ ਤਾਰ ਦੇਣਾ ਹੈ ਜਾਂ ਤਾਂ ਡੋਬ ਦੇਣਾ ਹੈ

ਪਹਿਲਾਂ ਫੇਸਬੁੱਕ ,ਵੱਟਸ ਅੱਪ ਸੀ ਹੁਣ ਕਈ ਹੋਰ ਵੀ ਨੇ,
ਸਵੇਰੇ ਉੱਠਦੇ ਸਾਰ ਜਿਹਨਾਂ ਨੇ ਸਿਗਨਲ ਰੋਜ਼ ਦੇਣਾ ਹੈ

ਭਾਰਤ ਵਾਸੀਆਂ ਨੇ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹਿਣਾ,
ਪਹੁੰਚਕੇ ਚੰਨ ਉੱਤੇ ਉਹਨਾਂ ਵੀ ਸੈਲਫੀ ਦਾ ਪੋਜ਼ ਦੇਣਾ ਹੈ

ਲੱਗਦਾ ਇੰਝ ਹੈ ਯਸ਼ੂ ਜਾਨ ਤਕਨੀਕ ਦਾ ਬੋਲ-ਬਾਲਾ ਹੈ,
ਕਵਿਤਾ ਲਿਖਣ ਲਈ ਵੀ ਇਹਨਾਂ ਨੇ ਕੱਢ ਰੋਬੋਟ ਦੇਣਾ ਹੈ

ਕਿਉਂ ਲੋਕੀ ਆਪਣੀ ਜਾਣ ਸੁਰੱਖਿਆ ਭੁੱਲ ਯਾਰਾ

ਕਿਉਂ ਲੋਕੀ ਆਪਣੀ ਜਾਣ ਸੁਰੱਖਿਆ ਭੁੱਲ ਯਾਰਾ,
ਤੇਰੇ ਹੈਲਮੇਟ ਪਾਉਣ ਤੇ ਕਿਹੜਾ ਲੱਗਦਾ ਮੁੱਲ ਯਾਰਾ

ਤੂੰ ਕਾਗਜ਼ ਪੱਤਰ ਵਾਹਨ ਵਿੱਚ ਜੇ ਰੱਖ ਲਵੇਂਗਾ,
ਫਿਰ ਕਿਹੜੀ ਦੱਸ ਹਨੇਰੀ ਜਾਊਗੀ ਝੁੱਲ ਯਾਰਾ

ਬਿਨ ਹੈਲਮੇਟ ਤੋਂ ਤੇਰਾ ਸਿਰਫ ਚਲਾਣ ਨਹੀਂ ਹੋਣਾ,
ਦੁਰਘਟਨਾ ਵਿੱਚ ਤੇਰਾ ਖੋਪਰ ਸਕਦੈ ਖੁੱਲ੍ਹ ਯਾਰਾ

ਤੇ ਇੱਕ ਤੇਰੀ ਗ਼ਲਤੀ ਕਰਕੇ ਸਾਰਾ ਟੱਬਰ ਰੋਊ,
ਜਾਂ ਹਸਪਤਾਲਾਂ ਵਿੱਚ ਹੀ ਜਾਏਂਗਾ ਰੁਲ ਯਾਰਾ

ਹੁਣ ਯਸ਼ੂ ਜਾਨ ਕੋਈ ਤੂੰ ਵੀ ਕਰਲੈ ਚੱਜਦਾ ਕੰਮ,
ਤੂੰ ਵੀ ਕਰੀਂ ਸੰਭਲ ਕੇ ਪਾਰ ਸੜਕ ਤੇ ਪੁਲ ਯਾਰਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਯਸ਼ੂ ਜਾਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ