ਅਮਰੀਕਾ ਦੇ ਕੈਲੇਫੋਰਨੀਆ ਸੂਬੇ ਦੇ ਸ਼ਹਿਰ ਫਾਊਲਰ(ਨੇੜੇ ਫਰਿਜ਼ਨੋ) ਵੱਸਦੀ ਪੰਜਾਬੀ ਕਵਿੱਤਰੀ ਰਮਨ ਵਿਰਕ ਦਾ ਮਾਪਿਆਂ ਨੇ ਤਾਂ ਨਾਮ ਰਮਨਜੀਤ ਕੌਰ ਰੱਖਿਆ ਸੀ
ਪਰ ਸਿਰਜਣਾ ਦੇ ਰਾਹ ਤੁਰਦਿਆਂ ਉਹ ਰਮਨ ਵਿਰਕ ਹੋ ਗਈ। ਇਕਲੌਤੀ ਕਾਵਿ ਪੁਸਤਕ ਮੇਰਾ ਘਰ ਕਿਹੜਾ? ਦੀ ਲਿਖਣਹਾਰੀ ਰਮਨ ਵਿਰਕ ਦਾ ਜਨਮ ਪਿੰਡ ਗਰਚਾ
ਜ਼ਿਲ੍ਹਾ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਸ: ਗੁਰਦਿਆਲ ਸਿੰਘ ਗਰਚਾ ਦੇ ਘਰ ਮਾਤਾ ਜੀ ਸਰਦਾਰਨੀ ਮਹਿੰਦਰ ਕੌਰ ਦੀ ਕੁੱਖੋਂ 31 ਮਾਰਚ 1966 ਨੂੰ ਹੋਇਆ।
ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕਰਕੇ ਉਹ ਬੀ ਐੱਮ ਗਰਲਜ਼ ਕਾਲਿਜ ਨਵਾਂ ਸ਼ਹਿਰ ਵਿਖੇ ਦਾਖਲ ਹੋ ਗਈ, ਜਿੱਥੋਂ ਉਸ ਨੇ ਗਰੈਜੂਏਸ਼ਨ ਪਾਸ ਕੀਤੀ।
1986 ਚ ਪੰਡ ਬੀੜ ਬੰਸੀਆਂ (ਨੇੜੇ ਰੁੜਕਾ ਕਲਾਂ) ਜ਼ਿਲ੍ਹਾ ਜਲੰਧਰ ਦੇ ਜੰਮ ਪਲ ਤੇ ਅਮਰੀਕਾ ਰਹਿੰਦੇ ਸ: ਮਨਜੀਤ ਸਿੰਘ ਵਿਰਕ ਨਾਲ ਵਿਆਹ ਹੋ ਗਿਆ ਤੇ 1989 ਉਹ
ਅਮਰੀਕਾ ਆਣ ਵੱਸੀ। ਜੀਵਨ ਸਾਥੀ ਮਨਜੀਤ ਸਿੰਘ ਵਿਰਕ, ਦੋ ਬੱਚਿਆਂ ਪੁੱਤਰ ਪੁਨੀਤ ਵਿਰਕ ਤੇ ਬੇਟੀ ਹਰਨੀਤ ਵਿਰਕ ਨਾਲ ਉਹ ਜੀਵਨ ਯਾਤਰਾ ਕਰ ਰਹੀ ਹੈ।
ਕਾਵਿ ਸਿਰਜਣਾ ਤੋਂ ਬਿਨਾ ਥੀਏਟਰ ਤੇ ਸਭਿਆਚਾਰਕ ਸਰਗਰਮੀਆਂ ਉਸ ਦੇ ਸ਼ੌਕ ਦਾ ਹਿੱਸਾ ਹਨ। ਸਥਾਨਕ ਸਾਹਿੱਤ ਸਭਾਵਾਂ ਚ ਉਹ ਪੂਰਾ ਹਿੱਸਾ ਲੈਂਦੀ ਹੈ।
ਪੰਜਾਬੀ ਅਖ਼ਬਾਰਾਂ, ਮੈਗਜ਼ੀਨਜ਼ ਤੇ ਰੇਡੀਉ ਵਰਗੇ ਮਾਧਿਅਮਾਂ ਰਾਹੀਂ ਉਹ ਆਪਣੀ ਰਚਨਾ ਦਾ ਪ੍ਰਕਾਸ਼ ਕਰਦੀ ਹੈ।