Punjabi Poetry : Raman Virk
ਪੰਜਾਬੀ ਕਵਿਤਾਵਾਂ : ਰਮਨ ਵਿਰਕ
1. ਰੁੱਤਾਂ ਲੰਘੀਆਂ, ਲੰਘੀਆਂ ਉਮਰਾਂ
ਰੁੱਤਾਂ ਲੰਘੀਆਂ, ਲੰਘੀਆਂ ਉਮਰਾਂ ਤੈਨੂੰ ਰੋਜ਼ ਉਡੀਕਾਂ ਵੇ । ਸਰਦਲ ਤੇ ਮੈਂ ਨੈਣ ਵਿਛਾਏ ਲੰਮੀਆਂ ਬਹੁਤ ਤਰੀਕਾਂ ਵੇ । ਆ ਵੇ ਦਿਲਬਰਾ ਮੁੜ ਆ ਛੇਤੀ ਝੋਰੇ ਖਾਧਾ ਹੁਸਨਾਂ ਨੂੰ , ਅੰਦਰ ਦੀ ਇਸ ਬੀਹੜ ਦੇ ਅੰਦਰ , ਸੁਣ ਹਿਰਨੀ ਦੀਆਂ ਚੀਕਾਂ ਵੇ । ਜਦ ਵੀ ਲੋਚੀ ਮੈਂ ਗਲਵੱਕੜੀ , ਤੂੰ ਨਾ ਭਰਦਾ ਹਾਮੀ ਵੇ , ਸਾਡੇ ਸੋਹਲ ਮਿਜਾਜ਼ ਉਜਾੜੇ, ਤੇਰੇ ਇਸ਼ਕ ਹਕੀਕਾਂ ਵੇ । ਕੱਚੀਆਂ ਕੰਧਾਂ ਵਾਂਗੂੰ ਜਿੰਦਾਂ, ਕੱਲਰ ਬਣ ਬਣ ਡਿੱਗੀਆਂ ਨੇ ਆ ਜਾ ਜਾਨ ਬਚਾ ਲੈ ਮਾਹੀ ਔਸੀਆਂ ਨਿੱਤ ਉਲੀਕਾਂ ਵੇ ! ਮੈਂ ਨਾ ਮੁਨਕਰ ਤੈਥੋਂ ਪ੍ਰੀਤਮ, ਆਵੀਂ ਜੰਮ ਜੰਮ ਆਵੀਂ ਵੇ , ਭਰ ਭਰ ਨੈਣੋ ਪੀਵੀਂ ਪਿਆਲੇ , ਭਾਵੇ ਲਾ ਲਈ ਡੀਕਾਂ ਵੇ ।
2. ਅੰਦਰ ਬਲ਼ਦੇ ਵੇਖੇ ਨੇ
ਅੰਦਰ ਬਲ਼ਦੇ ਵੇਖੇ ਨੇ ਹਉਕੇ ਪਲ਼ਦੇ ਵੇਖੇ ਨੇ ਉਮਰਾਂ ਤੋਂ ਹੰਕਾਰੀ ਜੋ ਸੂਰਜ ਢਲ਼ਦੇ ਵੇਖੇ ਨੇ ਚੋਰੀ ਚੋਰੀ ਚੋਰਾਂ ਨਾਲ ਸਾਧੂ ਰਲ਼ਦੇ ਵੇਖੇ ਨੇ ਭਾਵੇਂ ਖੋਹਕੇ ਖਾਂਦੇ ਨੇ ਫਿਰ ਵੀ ਫਲ਼ਦੇ ਵੇਖੇ ਨੇ ਭੁੱਖੇ ਬੱਚੇ ਰੋਟੀ ਲਈ ਤਲੀਆਂ ਮਲ਼ਦੇ ਵੇਖੇ ਨੇ ਵਾਅਦਾ ਕਰ ਕੇ ਸੱਜਣ ਵੀ ਦੂਰੋਂ ਟਲ਼ਦੇ ਵੇਖੇ ਨੇ ਜਿਹੜੇ ਜਾਂਦੇ ਕਬਰਾਂ ਨੂੰ ਰਸਤੇ ਥਲ ਦੇ ਵੇਖੇ ਨੇ
3. ਅਗਨ ਬਾਰ ਬਾਰ ਜਗਾਉਂਦੀ ਹੈ
ਅਗਨ ਬਾਰ ਬਾਰ ਜਗਾਉਂਦੀ ਹੈ ਉਦੋਂ ਹੀ ਨੀਂਦ ਟੁੱਟਦੀ ਜਾਗ ਆਉਂਦੀ ਕਿੰਨਾਂ ਕੁਝ ਸੇਕ ਮਾਰਦਾ ਮਨ ਵੀ ਤਨ ਵੀ ਸਭ ਕੁਝ ਹੁੰਦੀਆਂ ਮੇਰੀ ਜਾਨ ਕਿੰਨਾਂ ਰੁਆਉਂਦੀ ਹੈ ਧੁਰ ਅੰਦਰ ਕਿਤੇ ਪੁਰਾਣਾ ਖੂਹ ਜਾਪਦਾ ਪੋੜੀਆਂ ਤਾਂ ਸੀ ਪਰ ਫਿਰ ਬੈਠ ਜਾਂਦੀ ਹੈ ਮਿੱਟੀ ਹੋਰ ਮਿੱਟੀ ਮੰਗਦਾ ਵਤਨਾਂ ਦੀ ਮਿੱਟੀ ਮਾਸੂਮ ਜਿਹੇ ਪੈਰਾਂ ਨਾਲ ਘਰ ਆ ਜਾਂਦੀ ਸੀ ਰੂਹ ਅੰਦਰ ਅੱਜ ਵੀ ਬੈਠੀ ਧੁਰ ਅੰਦਰ ਸਾਹ ਸਵਾਸ ਲੈਂਦੀ ਜਾਗਦੀ ਬਾਹਰ ਨਹੀਂ ਦਿਸਦੀ ਨਾ ਆਉਂਦੀ ਚੱਲ ਛਡ ਇਸ 'ਤੇ ਮਿੱਟੀ ਪਾ ਆਪ ਵੀ ਜਾਗ ਮੈਨੂੰ ਵੀ ਜਗਾ ਰਹਿੰਦੀ ਸਾਰੀ ਉਮਰ
4. ਵਕਤ ਦੇ ਸਾਹਾਂ 'ਤੇ ਮੈਨੂੰ ਪਰਖਦੈ
ਵਕਤ ਦੇ ਸਾਹਾਂ 'ਤੇ ਮੈਨੂੰ ਪਰਖਦੈ ਪਰਖਦੈ ਆਹਾਂ 'ਤੇ ਮੈਨੂੰ ਪਰਖਦੈ ਮੈਂ ਕਿਵੇਂ ਟੁਰਦੀ ਹਾਂ ਰਾਹੇ ਇਸ਼ਕ ਦੇ ਦਹਿਕਦੇ ਰਾਹਾਂ 'ਤੇ ਮੈਨੂੰ ਪਰਖਦੈ ਸਹਿ ਸਕਾਂ ਕਿੰਨੇ ਕੁ ਹਉਕੇ ਹਿਜਰ ਦੇ ਦਿਲ ਦੀਆਂ ਧਾਹਾਂ 'ਤੇ ਮੈਨੂੰ ਪਰਖਦੈ ਕੀ ਕਦੇ ਸਾਂਭਾਂਗੀ ਉਸਨੀ ਟੁਰਦਿਆਂ ਮਰਦੀਆਂ ਬਾਹਾਂ 'ਤੇ ਮੈਨੂੰ ਪਰਖਦੈ ਵਿੱਚ ਮੰਡੀ ਦੇ ਲਿਆਕੇ ਵੇਚਦੈ ਭੁੱਖਿਆਂ ਸ਼ਾਹਾਂ 'ਤੇ ਮੈਨੂੰ ਪਰਖਦੈ