Ram Geet : Brij Lal Shastri

ਰਾਮ ਗੀਤ : ਬ੍ਰਿਜ ਲਾਲ ਸ਼ਾਸਤਰੀ



ਬਾਲ ਕਾਂਡ

ਅੰਬੜੀਏ ਜੁਗਾਂ ਦੀਏ ਦੇਵੀ ਬਾਣੀਏ ਧੁਰੋਂ ਤਿੰਨਾਂ ਲੋਕਾਂ ਦੀਏ ਮਹਾ ਰਾਣੀਏ ਸਿਫ਼ਰਿਆਂ ਦੇ ਵਿੱਚ ਜੇ ਤੂੰ ਝਾਤ ਪਾਣੀਏ ਅੰਬਰਾਂ ਦੇ ਵਿੱਚ ਦੀਪਮਾਲਾ ਲਾਨੀ ਏ ਰਤਾ ਸਾਰੀ ਰੋਸ਼ਨੀ ਮੈਨੂੰ ਵੀ ਦਾਨ ਦੇ ਬੀਤੇ ਜੁੱਗਾਂ ਵਿੱਚ ਇਕ ਝਾਤ ਪਾਨ ਦੇ ਰਾਮ ਦੀ ਕਹਾਣੀ ਜਾਗਦੀ ਜਗਾਣ ਦੇ ਵਾਲਮੀਕ ਜੀ ਤੋਂ ਵਾਰੇ ਵਾਰੇ ਜਾਣ ਦੇ *** *** *** ਬੀਤੇ ਜੁੱਗੀਂ—ਹੋਰ ਜਗ ਤੇ ਹਨੇਰਾ ਸੀ ਸਾਡੇ ਦੇਸ਼ ਵਿਚ ਚਾਨਣਾਂ ਦਾ ਡੇਰਾ ਸੀ ਦੇਸ਼ ਵਿਚਕਾਰ ਸਰਜੂ ਜੀ ਦੀ ਧਾਰ ਸੀ ਕੋਸ਼ਲਾ ਪ੍ਰਦੇਸ਼ ਜਿਹਦੇ ਆਰਪਾਰ ਸੀ ਉਥੋਂ ਦੀ ਅਜੁੱਧਿਆ ਜੀ ਰਾਜਧਾਨੀ ਸੀ ਦੇਸ਼ ਦਾ ਨਗੀਨਾ- ਪ੍ਰਿਥਵੀ ਦੀ ਰਾਣੀ ਸੀ ਸੁੱਖਾਂ ਖੁਸ਼ੀਆਂ ਦੀ ਉੱਥੇ ਲਹਿਰ ਬਹਿਰ ਸੀ ਧਰਮ ਦਾ ਪਹਿਰਾ ਓਥੇ ਅੱਠੇ ਪਹਿਰ ਸੀ ਵਿਦਿਆ ਅਕਾਸ਼ੀਂ ਸੀ ਉਡਾਰੀ ਮਾਰਦੀ, ਕਲਾ ਸਾਗਰਾਂ ਦੇ ਵਿੱਚ ਤਾਰੀ ਮਾਰਦੀ ਐਸੀ ਸੀ ਅਜੁੱਧਿਆ ਪਿਆਰੀ ਨਗਰੀ ਤਿੰਨਾਂ ਲੋਕਾਂ ਵਿੱਚ ਸੀ ਨਿਆਰੀ ਨਗਰੀ ਉਥੇ ਰਾਜਾ ਦਸਰਥ ਜੀ ਦਾ ਰਾਜ ਸੀ ਬੰਸ ਦੀ ਜੋ ਸੋਭਾ—ਧਰਤੀ ਦੀ ਲਾਜ ਸੀ ਤਪੋਂ ਜੰਮੀ ਸ਼ਾਨਤੀ ਦਾ ਜੋ ਭੰਡਾਰ ਸੀ ਰਘੂਬੰਸੀਆਂ ਦੇ ਤੇਜ ਦਾ ਜੋ ਸਾਰ ਸੀ ਰਾਜ ਕਾਜ ਅੱਠ ਮੰਤਰੀ ਚਲਾਂਵਦੇ ਗੁਣ ਜਸ ਜਿਨ੍ਹਾਂ ਉਤੋਂ ਵਾਰੀ ਜਾਂਵਦੇ ਜੇਹੜੇ ਰਾਜਨੀਤੀ ਵਿਦਿਆ ਦੇ ਪਾਰ ਸੀ ਧਰਮ ਨਿਆਓਂ ਦੇ ਜੋ ਪਹਿਰੇਦਾਰ ਸੀ ਗੁਪਤਚਰਾਂ ਦਾ ਸਾਰੇ ਜਾਲ ਵਿਛਿਆ ਵੈਰੀ ਅਧਰਾਧੀਆਂ ਦਾ ਕਾਲ ਵਿਛਿਆ ਡੰਨੋਂ ਡਰ ਲੋਕੀਂ ਪ੍ਰਭੂ ਨੂੰ ਪਛਾਣਦੇ ਸਿੱਧੇ ਰਾਹ ਪਏ ਸੀਗੇ ਸੁਖ ਮਾਣਦੇ ਇਹੋ ਜਿਹੇ ਮੰਤਰੀਆਂ ਦੂਤਾਂ ਸਜਿਆ ਗੁਣੀ ਗਣੀ ਕੱਜਿਆ ਤੇ ਸੁਖੀ ਰੱਜਿਆ ਪਰਜਾ ਨੂੰ ਸੁਖੀ ਦੇਖ ਦੇਖ ਠਰਦਾ ਦਸਰਥ ਧਰਮੀ ਸੀ ਰਾਜ ਕਰਦਾ *** *** *** ਮਹਾਰਾਜ ਦੀਆਂ ਸਨ ਤਿੰਨ ਰਾਣੀਆਂ ਸੁੱਚੀਆਂ ਸੁਲੱਖਣੀਆਂ ਮਨ ਭਾਣੀਆਂ ਪਹਿਲੀ ਸੀ ਕੁਸ਼ੱਲਿਆ ਜੋ ਪਟਰਾਣੀ ਸੀ ਅੰਬੜੀ ਜੋ ਸਾਰੀ ਪਰਜਾ ਨੇ ਜਾਣੀ ਸੀ ਦੂਸਰੀ ਸੁਮਿੱਤਰਾਂ ਨਿਰਾ ਪਿਆਰ ਸੀ ਭੋਲੀ ਭਾਲੀ ਧਰਮਣ ਧੀਰੀ ਨਾਰ ਸੀ ਤੀਜੀ ਸੀ ਕਕਈ ਜਿਹਦਾ ਬਹੁਤਾ ਕੰਤ ਸੀ ਮਹਿਲਾਂ ਵਿੱਚ ਖਿੜੀ ਜਿਕਰਾਂ ਬਸੰਤ ਸੀ ਸਾਰੇ ਸੁਖ ਸੀਗੇ ਪਰ ਇੱਕ ਊਨ ਸੀ ਜਿਹਦੇ ਕਰ ਸਖਣੀ ਮਨੁੱਖ ਜੂਨ ਸੀ ਰਾਜੇ ਦਾ ਚਿਤ੍ਰਣੀਆਂ 'ਚ ਦਿਨ ਢੱਲਿਆ ਬੂਟਾ ਚਾਵਾਂ ਦਾ ਨ ਅਜੇ ਤੀਕ ਫੱਲਿਆ ਢਲਦੀ ਜਵਾਨੀ ਤੱਕ, ਕੇਸ ਪੱਕ ਗਏ ਪੁੱਤਰ ਨੂੰ ਸਿੱਕ ਸਿੱਕ ਨੈਨ ਥੱਕ ਗਏ ਜਗ ਹੋਮ ਜਪ ਤਪ ਸੌਜੇ ਕੋਈ ਨਾ ਹੱਥ ਪੈਰ ਮਾਰ ਹੁਟੇ ਢੁੱਕੀ ਢੋਈ ਨਾ ਰਘੂਬੰਸ ਵੇਖ ਰਾਜੇ ਨਾਲ ਜਾ ਰਿਹਾ ਪਰਜਾ ਨੂੰ ਸਹਿਮ ਵਿਚੋ ਵਿੱਚ ਖਾ ਰਿਹਾ ਪਿੱਤਰ ਨਿਮਾਣੇ ਪਿੰਡ ਛੁੱਟੇ ਜਾਣਕੇ ਗੁਠਾਂ ਵਿੱਚ ਬੈਠੇ ਹੰਝੂ ਪੀਂਦੇ ਛਾਣਕੇ ਓੜਕ ਉਛਾਲਾ ਕਰਮਾਂ ਨੇ ਮਾਰਿਆ ਲੱਛਮੀ ਨੇ ਆ ਕੇ ਰਘੁਵੰਸ਼ ਤਾਰਿਆ ਰਕੜਾਂ ਦੇ ਵਿੱਚ ਵੇਖੋ ਹੜ੍ਹ ਵਗ ਪਏ ਟੁੰਡਾਂ ਨੂੰ ਕਰੂੰਬਲਾਂ ਤੇ ਬੂਰ ਲੱਗ ਪਏ ਉੱਡੀਆਂ ਹਨੇਰੇ ਦੀਆਂ ਤਹਿਆਂ ਕਾਲੀਆਂ ਪੂਰਬ ਦੀ ਲਾਂਭ ਵਿੱਚ ਹੋਈਆਂ ਲਾਲੀਆਂ ਸੂਰਜ ਨੇ ਕਿਰਨਾਂ ਚੁਪਾਸੇ ਤਾਣੀਆਂ ਮਹਿਲਾਂ ਵਿੱਚ ਡਲ੍ਹਕੀਆਂ ਤਿੰਨੇ ਰਾਣੀਆਂ ਗੱਲ ਕੀ ਹਨੇਰੇ ਵਿਚ ਜੋਤਾਂ ਜਾਗੀਆਂ ਖੁਸ਼ੀਆਂ ਦਾ ਮੁੱਖ ਡਿੱਠਾ ਵੱਡਭਾਗੀਆਂ ਦੇਵਤਿਆਂ ਨੇ ਉਛਲ ਕੇ ਤੋਪਾਂ ਦਾਗੀਆਂ ਸਾਜ ਖੜਕਾਏ ਅਸਮਾਨੀ ਰਾਗੀਆਂ ਕੰਮ ਠੰਮ ਖੀਵੀਆਂ ਹਵਾਵਾਂ ਝੁੱਲੀਆਂ ਝੁੰਮ ਝੁੰਮ ਸੁਰਗੀ ਸੁਗੰਧਾਂ ਹੁਲੀਆਂ ਬਨ ਬਾਗ ਬੇਲੇ ਤੇ ਪਹਾੜ ਖਿੜ ਪਏ ਝਰਨਿਆਂ ਤੇ ਨਦੀਆਂ ਦੇ ਰਾਗ ਛਿੜ ਪਏ ਦੇਵਤੇ ਮਨੁਖ ਪਰਭਾਤ ਮਾਣਦੇ ਰਾਖਸ਼ਸ ਪਈ ਕਾਲੀ ਰਾਤ ਜਾਣਦੇ ਰੂਪ ਧਾਰ ਵੇਦ ਤੇ ਪੁਰਾਣ ਨੱਚ ਪਏ ਧਰਤੀ ਪਤਾਲ ਅਸਮਾਨ ਨੱਚ ਪਏ ਕੁੱਖ ਥੋਂ ਕੁਸ਼ੱਲਿਆ ਦੀ ਆਏ ਰਾਮ ਜੀ ਵਾਰ ਘੱਤੇ ਜਿਨ੍ਹਾਂ ਉਤੋਂ ਲੱਖ ਕਾਮ ਜੀ ਲਕਸ਼ਮਣ ਜੰਮੇ ਮਿੱਠੀ ਧੀਰੀ ਨਾਰ ਨੇ ਸ਼ੇਸ਼ਨਾਗ ਜਿਨ੍ਹਾਂ ਉਤੋਂ ਗਿਆ ਵਾਰਨੇ ਰਿਪੁਹਨ ਨਾਲੇ ਜੋਟੀਦਾਰ ਜੰਮ ਪਏ ਲੋਕਾਂ ਜਾਤਾ ਅਸ਼ਨੀ ਕੁਮਾਰ ਜੰਮ ਪਏ ਭਰਤ ਮਲੂਕਣੀ ਕਕਈ ਜੰਮਿਆ ਜਿਹਨੇ ਰਘੁਬੰਸ ਦਾ ਨਮੂਜ ਥੰਮ੍ਹਿਆ ਬਾਲ ਪਹਿਲਾਂ ਰੋਏ ਜਗਤਾਂ ਦੇ ਰੋਣ ਤੇ ਫੇਰ ਮੁਸਕਾਏ ਛੁਟਕਾਰਾ ਹੋਣ ਤੇ ਘਰ ਘਰ ਖੁਸ਼ੀ ਦੀਆਂ ਠਾਠਾਂ ਵੱਜੀਆਂ ਵੰਨੋ ਵੰਨ ਸ਼ਹਿਰ ਦੀਆਂ ਖੂੰਜਾਂ ਸੱਜੀਆਂ ਚਹਿਲ ਪਹਿਲ ਮਹਿਲੀਂ ਜ਼ੋਰ ਜ਼ੋਰ ਹੋ ਪਈ ਨਗਰੀ ਦੇ ਵਿੱਚ ਘਨਘੋਰ ਹੋ ਪਈ ਖੁਸ਼ੀ ਦਿਆਂ ਬੱਦਲਾਂ ਦੇ ਸ਼ੋਰ ਮਚਦੇ ਬ੍ਰਿਜ ਲਾਲ ਰੱਕਸ਼ਾ ਦੇ ਮੋਰ ਨੱਚਦੇ ਪਰ੍ਹੇ ਬੰਨ੍ਹ ਲੋਕੀ ਆ ਵਧਾਈਆਂ ਦੇਂਵਦੇ ਮਾਪੇ ਨਾ ਸੁਭਾਗੇ ਆਪੇ ਵਿੱਚ ਮੇਂਵਦੇ ਭਰੀਆਂ ਵਜਾ ਕੇ ਢੋਲ ਰਾਜੇ ਝੋਲੀਆਂ ਕੀਤੀਆਂ ਖਜ਼ਾਨੇ ਦੀਆਂ ਨੀਂਹਾਂ ਪੋਲੀਆਂ ਬਿਜਲੀ ਖੁਸ਼ੀ ਦੀ ਇੰਞ ਨਾਚ ਕਰਦੀ ਹੌਲੇ ਹੌਲੇ ਚਾਨਣੀ ਦਾ ਰੂਪ ਧਰਦੀ *** *** *** ਵੇਲੇ ਬੀਤੇ ਪੋਤੜਿਆਂ ਵਿਚ ਸੌਣ ਦੇ ਐਂਵੇ ਮੁਸਕੌਣ ਬੁਲ੍ਹੀਂ ਟੇਰ ਰੋਣ ਦੇ ਲੋਰੀਆਂ ਦੇ—ਗੋਦੀ ਵਿੱਚ ਭੌਣ ਝੌਣ ਦੇ ਹੱਥ ਕੱਢ ਨੱਕ ਕੰਨ ਵਾਲ ਛੁਹਣ ਦੇ ਝੂਟੇ ਮਾਈਆਂ ਕਰ ਦਿੰਦੀਆਂ ਦਿਖਾਉਣ ਦੇ ਮਾਰ ਕੇ ਘਸੂਤੜੀਆਂ ਝਾਤਾਂ ਪਾਉਣ ਦੇ ਦੋਵੇਂ ਹੱਥ ਫੜ ਤਾਲੀਆਂ ਵਜੌਣ ਦੇ ਅੱਖਰਾਂ ਦੇ ਮੋਤੀ ਵਿਰਲੇ ਵਰ੍ਹਾਉਣ ਦੇ ਦਹੀਂ ਨਾਲ ਮੂੰਹ ਮੱਥੇ ਨੂੰ ਸਜੌਣ ਦੇ ਕਾਵਾਂ ਨੂੰ ਗਰਾਹੀਆਂ ਟੁਕ ਟੁਕ ਪਾਉਣ ਦੇ ਮਾਰਕੇ ਦੁੜੰਗਾ ਹੱਥੋਂ ਟਿਭ ਜਾਣ ਦੇ ਖੇਡਾਂ ਵਿਚ ਰੁਝਣ ਧਮਾਲ ਪਾਣ ਦੇ ਮੀਰੀ ਬਣ ਫਾਡੀਆਂ ਨੂੰ ਤੌੜੀ ਲਾਣ ਦੇ ਖਿੱਲੀ ਮਾਰ ਮਾਰ ਮਿੱਟੀਆਂ ਉਡਾਣ ਦੇ ਗੱਲਾਂ ਭੋਲੀਆਂ ਥੀਂ ਮਾਪਿਆਂ ਨੂੰ ਮੋਹਣ ਦੇ ਚੋਜਾਂ ਕਰ ਚਿੱਤ ਦੁਨੀਆਂ ਦਾ ਖੋਹਣ ਦੇ ਬਾਲਕਪੁਣੇ ਦਾ ਹੁਣ ਦੂਜਾ ਦੌਰ ਸੀ ਹੋ ਗਏ ਪੜ੍ਹਣ ਪੈਣ ਜੋਗੇ ਕੌਰ ਸੀ ਰੀਤੀ ਹੁਣ ਜੰਞ ਦੀ ਮਨਾਈ ਮਾਪਿਆਂ ਲੀਤੀ ਸਾਰੇ ਜਗ ਦੀ ਵਧਾਈ ਮਾਪਿਆਂ ਹੀਰੇ ਵੀ ਓਹ ਹੀਰੇ ਸਨ ਸੁਚੀ ਖਾਨ ਦੇ ਰਗੜੇ ਜੋ ਲੱਗੇ ਦੋ ਗੁਰੂ ਦੀ ਸਾਨ ਦੇ ਚਮਕੇ ਤੇ ਸੂਰਜ ਵੀ ਅੱਗੇ ਮਾਤ ਸੀ ਚਮਕ ਉਨ੍ਹਾਂ ਦੀ ਇਹ ਧੁਰਾਂ ਦੀ ਦਾਤ ਸੀ ਦਿਨਾਂ ਵਿੱਚ ਵਿਦਿਆ ਦੇ ਪਾਰ ਹੋ ਗਏ ਗੁਣੀਆਂ ਦੀ ਸਭਾ ਦੇ ਸ਼ਿੰਗਾਰ ਹੋ ਗਏ ਹੱਥ ਲੈ ਕਮਾਣ ਤੀਰ ਚਾਰੇ ਸੋਭਦੇ ਜਿਵੇਂ ਵੀਰ ਰਸ ਦੇ ਮੁਨਾਰੇ ਸੋਭ ਦੇ ਧੰਨ ਜੁਗ ਜਿਸ ਦੇ ਇਹ ਚਾਰ ਚੰਦ ਸੀ ਧੰਨ ਤਾਣੀ ਜਿਸ ਦੇ ਇਹ ਚਾਰ ਤੰਦ ਸੀ *** *** *** ਏਧਰ ਧਨੁੱਖ ਵਿੱਦਿਆ ਦੀ ਤਿਆਰੀ ਸੀ ਬਨਾਂ ਵਿਚ ਲਗੀ ਹੋਈ ਚਾਂਦਮਾਰੀ ਸੀ ਰਿਸ਼ੀ ਮੁਨੀ ਉਥੇ ਜਪ ਤਪ ਕਰਦੇ ਕੁਸਕਦੇ ਨਾ ਮਾਰੇ ਰਾਖਸ਼ਾਂ ਦੇ ਡਰ ਦੇ ਜਿੱਥੇ ਵੀ ਸੁਗੰਧ ਹਵਨਾਂ ਦੀ ਆਂਵਦੀ ਉਥੇ ਰਾਖਸ਼ਾਂ ਦੀ ਧਾੜ ਲੁੱਡੀ ਪਾਂਵਦੀ ਕੁੰਡ ਫੜ ਕੁੰਡ ਉੱਤੇ ਠੈਹ ਮਾਰਦੇ ਮੁਨੀ ਫੜ ਮੁਨੀ ਉੱਤੇ ਫੈਹ ਮਾਰਦੇ ਪਰਲੋ ਦੀ ਮੱਚਦੀ ਹਨੇਰ ਗਰਦੀ ਧਰਤ ਓਹ ਸਾਰੀ ਥਰ ਥਰ ਕਰਦੀ ਹੈਸੀ ਬਨ ਵਾਸੀਆਂ ਦਾ ਕੋਈ ਹਾਲ ਨਾ ਝੱਲੀ ਜਾਵੇ ਚੱਤੋ ਪਹਿਰ ਦੀ ਇਹ ਝਾਲ ਨਾ ਵਿਸ਼ਵਾ ਮਿੱਤਰ ਓਥੇ ਤਪਾ ਉੱਘਾ ਸੀ ਦੇਖਿਆ ਇਹ ਉਸਨੇ ਕਿ ਚੌੜ ਝੁੱਗਾ ਸੀ ਸੋਚਿਆ ਕਿ ਰਘੂਬੰਸੀ ਅੰਗ ਪਾਲਦੇ ਹੀਨਿਆਂ ਦੀ ਰੱਖ ਲਾਜ ਦੁਖ ਟਾਲਦੇ ਬਣ ਕੇ ਮੁਦੱਈ ਦਰਬਾਰ ਵੇਖੀਏ ਝੁੰਗੇ ਵਿੱਚ ਰਾਜੇ ਦੇ ਕੁਮਾਰ ਵੇਖੀਏ ਕਰ ਇਸ਼ਨਾਨ ਪੂਜਾ ਮੁਨੀ ਟੁਰ ਪਏ ਰਤਨਾਂ ਨੂੰ ਰਤਨਾਂ ਦੇ ਗੁਣੀ ਟੁਰ ਪਏ ਮੁਨੀ ਆਇਆ ਸੁਣ ਰਾਜਾ ਡਾਢਾ ਫੁੱਲਿਆ ਝੱਖੜ ਉਮਾਹਾਂ ਸੱਧਰਾਂ ਦਾ ਝੁੱਲਿਆ ਉੱਠ ਕੇ ਲਿਆਇਆ ਮੁਨੀ ਮਹਾਰਾਜ ਨੂੰ ਨੈਨਾਂ ਤੇ ਬਿਠਾਇਆ ਮੁਨੀ ਮਹਾਰਾਜ ਨੂੰ ਧੰਨ ਭਾਗ ! ਨੈਨੀਂ ਨੀਰ ਭਰ ਬੋਲਿਆ ਆਏ ਨੇ ਨਰੈਣ ਕੀੜੀ ਘਰ ਬੋਲਿਆ ਪੂਜਾ ਕਰ ਆਰਤੀ ਉਤਾਰੀ ਰਿਸ਼ੀ ਦੀ ਭੁੜਕ ਭੁੜਕ ਕੀਤੀ ਦਾਰੀ ਰਿਸ਼ੀ ਦੀ ਸੱਦੇ ਘੱਲੇ ਕੰਵਰ ਮਿਲਾਏ ਰਿਸ਼ੀ ਨੂੰ ਸੀਸ ਉਨ੍ਹਾਂ ਝੁਕ ਕੇ ਨਿਵਾਏ ਰਿਸ਼ੀ ਨੂੰ ਮੁਨੀ ਚਵ੍ਹਾਂ ਚੰਨਾਂ ਦਾ ਚਕੋਰ ਹੋ ਗਿਆ ਲੱਟੂ ਜਿਵੇਂ ਬਦਲਾਂ ਤੇ ਮੋਰ ਹੋ ਗਿਆ ਹੱਥ ਜੋੜ ਰਾਜਾ ਹੁਣ ਇਵੇਂ ਬੋਲਿਆ ਕਿਵੇਂ ਅੱਜ ਦਯਾ ਦਾ ਭੰਡਾਰ ਖੋਲ੍ਹਿਆ ਕਿਵੇਂ ਅੱਜ ਚਰਣ ਥਕਾਏ ਮੁਨੀ ਨੇ ਮੇਰੇ ਸਿਰ ਭਾਰ ਆ ਚੜ੍ਹਾਏ ਮੁਨੀ ਨੇ ਕੱਟਦੀ ਜੋ ਫਾਹੀ ਦੁਨੀਆਂ ਦੇ ਪਾਪ ਦੀ ਨਿਭਦੀ ਤਪੱਸਿਆ ਹੈ ਕਿਵੇਂ ਆਪ ਦੀ ਰਾਖਸ਼ਸ਼ਾਂ ਤੇ ਨਾ ਕਦੀ ਸਿਰ ਚੁੱਕਿਆ ਚੁੱਕਿਆ ਤਾਂ ਜਗੋਂ ਦਾਣਾ ਪਾਣੀ ਮੁੱਕਿਆ ਹੋਵੇ ਮੇਰੇ ਗੋਚਰਾ ਜੋ ਕੰਮ ਮੁਨੀ ਜੀ ਕਰਾਂ ਭਾਵੇਂ ਲਗੇ ਮੇਰਾ ਚੰਮ ਮੁਨੀ ਜੀ ਸੁਣ ਇਹ ਮੁਨੀ ਦਾ ਇਕ ਨੈਨ ਖਿੜਿਆ ਦੂਜੇ ਵਿਚ ਜਿੱਕੁਰਾਂ ਨਥੂਰ ਛਿੜਿਆ ਭਗਤੀ ਨੂੰ ਪੀ ਕੇ ਸੁਖੀ ਸਾਹ ਭਰਦਾ ਰਾਖਸ਼ਾਂ ਨੂੰ ਚੇਤੇ ਕਰ ਆਹ ਭਰਦਾ ਆਖੇ ਤਪ ਦੀ ਕੀ ਰਾਜਾ ਗੱਲ ਕਰੀਏ ਦੈਂਤਾਂ ਦੇ ਸਤਾਏ ਵਿੱਚ ਵਿੱਚ ਮਰੀਏ ਵੇਦੀਆਂ ਤੇ ਲਹੂ ਛਿੱਛੜੇ ਵਗਾਹੁੰਦੇ ਫੂਕਾਂ ਮਾਰ ਕੇ ਸਮੱਗਰੀ ਉਡਾਂਵਦੇ ਲੁਕਣੇ ਦੀ ਥਾਉਂ ਲੱਭੇ ਵੀ ਤਾਂ ਲੱਭੀਏ ਦਿਲ ਦੀ ਇਹ ਅੱਗ ਦਿਲ ਵਿਚ ਦੱਬੀਏ ਤਪ ਨਾਲ ਦੈਂਤ ਪਲ ਵਿਚ ਮਾਰੀਏ ਪਰ ਏਸੇ ਖੂਹੇ ਤਪ ਵੀ ਨਿਘਾਰੀਏ ਤਪ ਰੁੱਖ ਸ਼ਾਂਤੀ ਦੇ ਨਾਲ ਪਾਲਿਆ ਕਰ ਕੇ ਕਰੋਧ ਲੋੜੀਏ ਨ ਗਾਲਿਆ ਕੰਮ ਰਾਜੇ ਦਾ ਹੀ ਦੁਸ਼ਟਾਂ ਨੂੰ ਮਾਰਨਾ ਮੁਨੀਆਂ ਦੀ ਕਾਰ ਬਸ ਜਗ ਤਾਰਨਾ ਰਾਜਾ ਇਵੇਂ ਰਾਖਸ਼ਸਾਂ ਦਾ ਸਤਾਇਆ ਮੈਂ ਮੰਗਣ ਦੁਆਰੇ ਤੇਰੇ ਅੱਜ ਆਇਆ ਮੈਂ ਰਾਮ ਲਛਮਣ ਮੇਰੇ ਨਾਲ ਕਰ ਕੇ ਲੈ ਅਸੀਸਾਂ ਮੁਨੀਆਂ ਦਾ ਦੁਖ ਹਰ ਕੇ ਹਾਮੀ ਭਰ ਹੁਣ ਇਹ ਕੀ ਨਿੰਮੋਝੂਣੀਆਂ ਕੱਲਾ ਰਾਮ ਮਾਰੇ ਦੈਤਾਂ ਦੀਆਂ ਖੂਹਣੀਆਂ ਦਿਲ ਕੱਢ ਰਾਜਨ ਤੂੰ ਜੱਸ ਖੱਟ ਲੈ ਮਮਤਾ ਨੂੰ ਵੇਚ ਮੁਕਤੀ ਤੂੰ ਵੱਟ ਲੈ ਭਗਤੀ ਦੇ ਵਿਚ ਵੇਖ ਵਿੱਸ ਘੋਲਿਆ ਹੌਕਾ ਲੈ ਕੇ ਪੁੱਤਰਾਂ ਦਾ ਪਿਤਾ ਬੋਲਿਆ ਬੁੱਢੇ ਵਾਰੇ ਲੱਭੇ ਮੈਨੂੰ ਲਾਲ ਮੁਨੀ ਜੀ ਜਗ ਡਿੱਠਾ ਕਰਮਾਂ ਦੇ ਨਾਲ ਮੁਨੀ ਜੀ ਬਲਦੀ ਦੇ ਬੁੱਥੇ ਝੋਕ ਕਿਵੇਂ ਜੀਵਾਂ ਮੈਂ ਦੱਸੋ ਜ਼ਹਿਰ ਦਾ ਇਹ ਘੁੱਟ ਕਿਵੇਂ ਪੀਵਾਂ ਮੈਂ ਕਿਥੇ ਓਹ ਮਾਰੀਚ ਤੇ ਸੁਬਾਹੂ ਬਨ ਦੇ ਕਿਥੇ ਬਾਲੜੇ ਇਹ ਮੂਲੋਂ ਕੂਲੇ ਤਨ ਦੇ ਖੇਡਾਂ ਵਿਚ ਰੁੱਝੇ ਅਜੇ ਦੰਦ ਦੁੱਧ ਦੇ ਪੇਚ ਜਾਣਦੇ ਨਾ ਰਾਖਸ਼ਾਂ ਦੇ ਯੁੱਧ ਦੇ ਤੀਰ ਮਾਰ ਪੱਤਰਾਂ ਨੂੰ ਫੁੰਡ ਜਾਣਦੇ ਦੇਖੇ ਨਾ ਘਮੰਡ ਇਨ੍ਹਾਂ ਨੇ ਮਦਾਨ ਦੇ ਧਨ ਧਰਤੀ ਤੋਂ ਰਿਸ਼ੀ ਜੀ ਨਾ ਹਾਰਾਂ ਮੈਂ ਹੋਰ ਕੀ ਜੇ ਜਿੰਦੜੀ ਵੀ ਮੰਗ ਵਾਰਾਂ ਮੈਂ ਪਰ ਹਾਏ ਕੌਰ ਜਿੰਦ ਤੋਂ ਪਿਆਰੇ ਨੇ ਨੈਨ ਤਾਰੇ ਦੋਹਾਂ ਲੋਕਾਂ ਦੇ ਸਹਾਰੇ ਨੇ ਤਕ ਕੇ ਇਹ ਯੱਕੋ ਤੱਕੇ ਤੇ ਚਿਤੂਨੀਆਂ ਲੱਗੀਆਂ ਮੁਨੀ ਨੂੰ ਮਰਚਾਂ ਤੇ ਧੂਨੀਆਂ ਤਣੇ ਭਰਵੱਟੇ ਹੋਈਆਂ ਅੱਖਾਂ ਤੱਤੀਆਂ ਕੰਬਦੀਆਂ ਮੁੱਛਾਂ ਬੁਲ੍ਹਾਂ ਵਿਚ ਘੱਤੀਆਂ ਮਾੜੀ ਹੋਈ ਇਹ ਵਸਿਸ਼ਟ ਜੀ ਨੇ ਸੋਚਿਆ ਹੱਥ ਜੋੜ ਮੁਨੀ ਦਾ ਕਰੋਧ ਬੋਚਿਆ ਬੋਲੇ ਰਘੂਬੰਸੀ—ਆਪ ਦੇ ਹੀ ਤਾਰੇ ਨੇ ਰੋਹ ਨ ਸੋਹੇ ਜਿਥੇ ਆਪ ਦੇ ਸਹਾਰੇ ਨੇ ਰਘੁਬੰਸੀ ਪ੍ਰਾਣ ਤਜ ਪ੍ਰਣ ਪਾਲਦੇ ਧਰਮ ਨੂੰ ਪਹਿਰਾ ਦੇ ਸਰੀਰ ਗਾਲਦੇ ਰਾਜਾ ਵੀ ਵਡੇਰਿਆਂ ਤੋਂ ਕਿਤੇ ਘੱਟ ਨਾ ਘੱਟ ਨਾ ਇਹ ਜਾਣਦਾ ਏ ਜੱਸ ਖੱਟ ਨਾ ਪਲ ਦਾ ਸੁਭਾਵਕ ਏ ਇਹ ਮੋਹ ਏਸ ਤੇ ਮਹਾਰਾਜ ਕਰਨਾ ਨਾ ਰੋਹ ਏਸ ਤੇ ਹੱਥ ਜੋੜ ਹੁਣ ਦਸਰਥ ਬੋਲਿਆ ਮੇਰਾ ਸਭੋ ਕੁਝ ਆਪ ਤੋਂ ਮੈਂ ਘੋਲਿਆ ਇਕ ਇਹ ਬੇਨਤੀ ਮੈਂ ਕਰਾਂ ਮੁਨੀ ਜੀ ਕਿਵੇਂ ਇਸ ਤੌਖਲੇ ਤੋਂ ਤਰਾਂ ਮੁਨੀ ਜੀ ਭਗਤੀ ਦੇ ਰਸ ਵਿੱਚ ਡੁੱਬੇ ਹੋਏ ਦੇ ਔਕੜ ਦੇ ਖੋਭੇ ਵਿੱਚ ਖੁੱਭੇ ਹੋਏ ਦੇ ਵਚਨ ਇਹ ਸੁਣ ਮੁਨੀ ਡਾਢਾ ਖਿੜਿਆ ਨੈਨਾਂ ਵਿੱਚ ਓਸ ਦੇ ਝੁਲਾਰ ਗਿੜਿਆ ਕੰਮ ਜੋਆ ਹੋਇਆ ਜਾਣ ਕੇ ਵਸ਼ਿਸ਼ਠ ਜੀ ਬੋਲੇ ਪ੍ਰੇਮ ਨੀਤੀ ਛਾਣ ਕੇ ਵਸ਼ਿਸ਼ਠ ਜੀ ਲੱਗੇ ਸਮਝਾਉਣ ਮਿਠੇ ਬੋਲ ਬੋਲ ਕੇ ਪੰਨੇ ਰਘੂਬੰਸ ਵਾਲੇ ਫੋਲ ਫੋਲ ਕੇ ਬੋਲੇ ਮੁਨੀ ਦੇ ਬਹਾਨੇ ਭਾਗ ਖਿੜੇ ਨੇ ਸੁਣ ਤਿੰਨੀਂ ਲੋਕੀ ਤੇਰੇ ਰਾਗ ਛਿੜੇ ਨੇ ਜਿੱਥੇ ਰਾਮ ਲਛਮਣ ਪੈਰ ਧਰਿਆ ਉਥੇ ਜਾਣ ਰਾਖਸ਼ਾਂ ਦਾ ਦੀਵਾ ਠਰਿਆ ਠੁੰਮਨਾ ਇਨ੍ਹਾਂ ਨੂੰ ਮੁਨੀਆਂ ਦੇ ਮੁਨੀ ਦਾ ਜਸ ਜਿਹਦਾ ਸਾਰੇ ਜਗ ਵਿੱਚ ਸੁਣੀਦਾ ਦੋਵੇਂ ਹੁਣ ਪੁੱਤਰ ਬੁਲਾਏ ਰਾਜੇ ਨੇ ਇਕੋ ਵਾਰ ਹਿੱਕ ਨਾਲ ਲਾਏ ਰਾਜੇ ਨੇ ਦਿਲ ਉੱਤੇ ਸਿਲ ਰੱਖ ਹੱਥ ਜੋੜ ਕੇ ਆਖੇ ਕਿੱਥੇ ਜਾਵਾਂ ਗੱਲੋਂ ਮੁਖ ਮੋੜ ਕੇ ਪਰ ਇਹ ਕੁਮਾਰ ਮੇਰੇ ਮੂਲੋਂ ਛੋਟੇ ਨੇ ਮੇਰੀ ਸਿੱਕਾਂ ਭਰੀ ਜਿੰਦੜੀ ਦੇ ਟੋਟੇ ਨੇ ਮੁਨੀ ਸਾਰੇ ਜਗ ਦੇ ਸਹਾਰੇ ਆਪ ਹੋ ਰੀਤ ਨੀਤ ਦੇ ਵੀ ਧ੍ਰੁਵ ਤਾਰੇ ਆਪ ਹੋ ਮਮਤਾ ਦੇ ਯੱਕੋ ਤੱਕੇ ਨ ਵਿਚਾਰਨੇ ਆਪ ਦੇ ਹਵਾਲੇ ਆਪ ਦੇ ਕੁਮਾਰ ਨੇ ਵਿਸ਼ਵਾ ਮਿੱਤਰ ਬਲਿਹਾਰ ਹੋ ਗਏ ਖੁਸ਼ੀ ਦੀ ਵਸ਼ਿਸ਼ਠ ਜੀ ਫੁਹਾਰ ਹੋ ਗਏ *** *** *** ਮੁਨੀ ਨਾਲ ਲਛਮਣ ਰਾਮ ਟੁਰ ਪਏ ਮਾਪਿਆਂ ਨੂੰ ਕਰ ਪਰਨਾਮ ਟੁਰ ਪਏ ਵੱਗ ਪਈ ਪੌਣ ਜਿਵੇਂ ਪੈਲਾਂ ਪਾਂਵਦੀ ਕੁਦਰਤ ਖਿੜੀ ਸ਼ਗਨ ਮਨਾਂਵਦੀ ਨਗਰੀ ਦੇ ਵਿੱਚ ਸਧਰਾਂ ਦੀ ਆਹ ਸੀ ਤਪੋ ਬਨ ਵਿੱਚ ਚੜਿਆ ਉਮਾਹ ਸੀ ਚਲੋ ਚਲ ਬਨਾਂ ਦੀ ਬਰੂੰਹੀਂ ਅੱਪੜੇ ਰਾਖਸ਼ਾਂ ਉਜਾੜ ਮਾਰੀ ਭੂੰਈਂ ਅੱਪੜੇ ਦੇਖ ਸੁਨਸਾਨ ਰਾਮ ਆਹ ਭਰਦਾ ਕੰਬਦਾ ਕਮਾਨ ਵਲ ਹੱਥ ਕਰਦਾ ਤੰਦੀ ਤੁਣਕੀ ਤੇ ਟਣਕਾਰਾਂ ਕੰਬੀਆਂ ਬਨ ਦਿਆਂ ਜੀਵਾਂ ਦੀਆਂ ਡਾਰਾਂ ਕੰਬੀਆਂ ਤਾੜਕਾ ਠਠੰਬਰੀ ਤੇ ਰੋਹ ਕਰ ਕੇ ਨੱਠੀ ਆਈ ਟਣਕ ਦੀ ਟੋਹ ਕਰਕੇ ਧਾੜ ਧਾੜ ਕਰ ਮੱਥੇ ਲੱਗੀ ਤਾੜਕਾ ਹਾੜ ਦੀ ਹਨੇਰੀ ਵਾਂਗ ਵੱਗੀ ਤਾੜਕਾ ਫਿੱਟੀ ਹੋਈ ਝੋਟੜੀ ਦੇ ਵਾਂਗ ਦੜਕੀ ਸਾਵਨ ਦੀ ਬਿਜਲੀ ਦੇ ਵਾਂਗ ਕੜਕੀ ਤੀਵੀਂ ਜਾਣ ਤਾੜਕਾ ਨੂੰ ਰਾਮ ਝੱਕਿਆ ਧਨੁਖ ਨਿਵਾ ਕੇ ਮੁਨੀ ਵਲ ਤੱਕਿਆ ਮੁਨੀ ਨੇ ਕੁਮਾਰ ਦਾ ਵਿਚਾਰ ਤੱਕਿਆ ਸੂਰਜ ਦੇ ਬੰਸ ਦਾ ਵਿਹਾਰ ਤੱਕਿਆ ਬੋਲੇ ਰਾਜਨੀਤ ਦੁਸ਼ਟਾਂ ਨੂੰ ਮਾਰਨਾ ਮਰਦ ਤੇ ਤੀਵੀਂ ਦਾ ਕਿਤੇ ਵਿਚਾਰ ਨਾ ਮੰਥਰਾ ਜਾ ਪ੍ਰਿਥਵੀ ਨੂੰ ਖਾਣ ਪਈ ਸੀ ਇੰਦਰ ਦੇ ਹੱਥੋਂ ਉਹਦੀ ਜਾਨ ਗਈ ਸੀ ਸ਼ਕਰ ਦੀ ਮਾਂ ਨੇ ਜਦੋਂ ਸਿਰ ਚੁੱਕਿਆ ਵਿਸ਼ਨੂੰ ਦਾ ਚੱਕਰ ਨਾ ਰਿਹਾ ਰੁੱਕਿਆ ਸੈਨਤ ਮੁਨੀ ਦੀ ਹੋਈ ਰਾਮ ਗੱਜਿਆ ਮੌਤਾਂ ਵਾਲਾ ਬਾਣ ਚਿੱਲੇ ਉੱਤੇ ਸੱਜਿਆ ਰਾਹੂ ਕੇਤੂ ਵੰਨੀਆਂ ਬਾਹਵਾਂ ਖਿਲਾਰਦੀ ਸੂਰਜ ਤੇ ਚੰਦ ਦੋਹਾਂ ਨੂੰ ਵੰਗਾਰਦੀ ਕੇਸਾਂ ਦੀ ਅਮੱਸਿਆ ਦੀ ਸ਼ਾਨ ਉੱਡ ਪਈ ਇਕੋ ਵਾਰ ਪੁੰਨਿਆ ਨੂੰ ਖਾਣ ਉੱਡ ਪਈ ਬੜ੍ਹਕਾਂ ਦੇ ਨਾਲ ਅਸਮਾਨ ਗੂੰਜਿਆ ਕੜਕਾਂ ਨੇ ਨਾਲ ਹੇਠਾਂ ਬਾਣ ਗੂੰਜਿਆ ਚੜ੍ਹੀ ਅਸਮਾਨੀਂ ਉਹ ਛੜੱਪ ਕਰਦੀ ਝੜੀ ਥੱਲੇ ਤਾੜਕਾ ਧੜੱਪ ਕਰਦੀ *** *** *** ਮੁੱਢ ਪਿਆ ਜਾਣ ਰਾਖਸ਼ਾਂ ਦੇ ਨਾਸ ਦਾ ਠੱਠ ਬੱਝਾ ਹੁਣ ਮੁਨੀਆਂ ਦੀ ਆਸ ਦਾ ਵਿਸ਼ਵਾਮਿੱਤਰ ਆਪਾ ਭੁੱਲ ਭੁੱਲ ਕੇ ਥਾਪੀ ਦਿੱਤੀ ਬਾਲਕਾਂ ਨੂੰ ਫੁੱਲ ਫੁੱਲ ਕੇ ਖੇਚਲ ਥਕੇਵੇਂ ਨਾਲ ਚੂਰ ਹੋਇਆਂ ਨੂੰ ਪਹਿਲੀ ਵਾਰੀ ਮਾਪਿਆਂ ਤੋਂ ਦੂਰ ਹੋਇਆਂ ਨੂੰ ਆਦਰ ਪਿਆਰ ਨਾਲ ਲੈ ਕੇ ਚੱਲਿਆ ਕੁਟੀਆ ਦੇ ਵਿਚ ਜਾ ਕੇ ਦਿਨ ਢੱਲਿਆ *** *** *** ਸੁਖਾਂ ਭਰੀ ਦੁਨੀਆਂ ਦੀ ਰਾਤ ਬੀਤ ਗਈ ਸਹਿਜ ਸੋਹਜ ਭਰੀ ਪਰਭਾਤ ਬੀਤ ਗਈ ਮੋਹੇ ਮੁਨੀ ਰਾਮ ਮਿੱਠੇ ਬੋਲ ਬੋਲ ਕੇ ਲਛਮਣ ਬੋਲੇ ਵੀਰ ਰਸ ਘੋਲ ਕੇ ਸਾਡੇ ਇਥੇ ਹੁੰਦੇ ਕਿਸੇ ਦੀ ਮਜਾਲ ਕੀ ਕੁਸਕ ਵੀ ਸੱਕੇ ਕਰੇ ਵਿੰਗਾ ਵਾਲ ਕੀ ਡਰ ਲਾਹ ਕੇ ਮੁਨੀ ਮੰਤਰ ਉਚਾਰਦੇ ਉਠੇ ਧੂੰ ਅਕਾਸ਼ੀਂ ਲਪਟਾਂ ਖਿਲਾਰਦੇ ਚੰਡੀ ਚੜ੍ਹੇ ਚੰਡ ਹੋਈ ਵੇਖ ਕੱਲ ਦੀ ਪੌੜ ਮਾਰ ਗੱਜੇ ਦੈਂਤ ਜ਼ਿਮੀਂ ਹਲਦੀ ਆ ਗਏ ਸੁਬਾਹੂ ਤੇ ਮਰੀਚ ਬੂਹਕਦੇ ਲਾਲ ਕਾਲੇ ਬੱਦਲਾਂ ਦਾ ਜਾਦੂ ਫੂਕਦੇ ਠਹਿਕ ਵੱਟਿਆਂ ਦੇ ਨਾਲ ਵੱਟੇ ਘੂਕਦੇ ਝੂੰਮ ਝੂੰਮ ਰੁਖ ਸੱਪ ਬਣ ਸ਼ੂਕਦੇ ਮੰਤਰ ਮੂੰਹਾਂ ਦੇ ਮੂੰਹਾਂ ਵਿਚ ਰਹਿ ਗਏ ਦੇਵਤੇ ਵੀ ਲਾਟਾਂ ਵਿਚ ਲੁੱਕ ਬਹਿ ਗਏ ਕੁੰਡ ਛਡ ਆਸਨਾਂ ਦੀ ਝੁੰਬ ਮਾਰ ਕੇ ਮੁਨੀ ਉਠ ਨੱਠੇ ਹਵਨ ਵਿਸਾਰ ਕੇ ਰਾਮ ਲਛਮਣ ਦੈਂਤਾਂ ਨੂੰ ਵੰਗਾਰਦੇ ਮੁਨੀਆਂ ਦੇ ਢੈਂਦੇ ਦਿਲਾਂ ਨੂੰ ਖਲ੍ਹਾਰਦੇ ਤਮਕ ਕੇ ਤੀਰ ਉਤੋਂ ਤੀਰ ਮਾਰਦੇ ਕਢਦੇ ਕੜਾਕੇ ਰਾਖਸ਼ਾਂ ਦੀ ਡਾਰ ਦੇ ਗੱਲ ਕੀ ਛੁੜਾਇਆ ਪਿਛਾ ਕਈਆਂ ਮਰ ਕੇ ਰਹਿੰਦੇ ਨੱਸੇ ਸਿਰਾਂ ਉਤੇ ਪੈਰ ਧਰ ਕੇ ਬਨਾਂ ਵਿਚੋਂ ਰਾਖਸ਼ਾਂ ਦਾ ਨਾਵਾਂ ਛੇਕਦੇ ਵੀਰ ਦੋਵੇਂ ਮੁਨੀਆਂ ਨੂੰ ਮੱਥਾ ਟੇਕਦੇ ਮੂਲ ਨਾਸ ਵੈਰੀਆਂ ਦਾ ਹੋਇਆ ਜਾਣਕੇ ਤਪੋਬਣੀ ਸੁੱਤੇ ਹੁਣ ਲੰਮੀ ਤਾਣਕੇ *** *** *** ਸੁਖ ਦੀਆਂ ਨੀਂਦਾਂ ਵਾਲੀ ਰਾਤ ਬੀਤ ਗਈ ਨਿਤ ਨੇਮ ਵਾਲੀ ਪਰਭਾਤ ਬੀਤ ਗਈ ਕਰ ਪਰਨਾਮ ਕਰ ਜੋੜ ਰਾਮ ਨੇ ਸੇਵਾ ਪੁੱਛੀ ਮੁਨੀਆਂ ਨੂੰ ਹੋਰ ਰਾਮ ਨੇ ਕਿਸ ਦੀ ਇਹ ਸੇਵਾ ਮੁਨੀ ਖਿੜ ਬੋਲਿਆ ਦੈਂਤ ਮੋਏ ਖੁਸ਼ੀ ਨਾਲ ਬਨ ਡੋਲਿਆ ਮੁਨੀ ਵੇਖੋ ਚੰਨਾਂ ਦੇ ਚਕੋਰ ਹੋ ਗਏ ਕਾਲੇ ਗੋਰੇ ਬੱਦਲਾਂ ਦੇ ਮੋਰ ਹੋ ਗਏ ਅੱਖਾਂ ਨਾਲ ਪੀਂਦੇ ਮੁਨੀ ਜੀ ਕੁਮਾਰਾਂ ਨੂੰ ਮਿਥਿਲਾ ਦੇ ਵਲ ਮੋੜਦੇ ਮੁਹਾਰਾਂ ਨੂੰ ਬੋਲੇ ਚਲੋ ਜਨਕ ਦਾ ਜਗ ਦੇਖੀਏ ਮਿਥਲਾ ਨੂੰ ਢੁੱਕਾ ਸਾਰਾ ਜਗ ਦੇਖੀਏ ਧਨਖ ਸ਼ਿਵਾਂ ਦਾ ਉਥੇ ਰੱਜ ਵੇਖੀਏ ਸੀਤਾ ਦੇ ਸੁਅੰਬਰ ਦਾ ਪੱਜ ਦੇਖੀਏ ਸੁਣੀਦਾ ਜੋ ਧਨਖ ਝੁਕਾਵੇ ਛੱਤਰੀ ਜਨਕ-ਦੁਲਾਰੀ ਨੂੰ ਵਿਆਹਵੇ ਛਤਰੀ ਰਾਜਿਆਂ ਕੁਮਾਰਾਂ ਟਿਲਾਂ ਲਾਈਆਂ ਸੁਣੀਏ ਘਾਲੀਆਂ ਤੇ ਗਾਲੀਆਂ ਕਮਾਈਆਂ ਸੁਣੀਏ ਰਾਮ ਲਛਮਣ ਮੁਨੀ ਨਾਲ ਟੁਰ ਪਏ ਜੌਹਰੀਆਂ ਦੇ ਵਲ ਵੇਖੋ ਲਾਲ ਟੁਰ ਪਏ ਚਰਚਾ ਚਲਾਂਦੇ ਜਾਂਦੇ ਰਘੁਬੰਸ ਦਾ ਗੁਣ ਗਾਂਦੇ ਮਿਥਿਲਾ ਦੇ ਰਾਜਹੰਸ ਦਾ ਭਾਂਤੋ ਭਾਂਤ ਪੰਛੀਆਂ ਦੇ ਰਾਗ ਸੁਣਦੇ ਬਨ ਦੀਆਂ ਘੋੜੀਆਂ ਸੁਹਾਗ ਸੁਣਦੇ ਮੰਤਰ ਉਚਾਰਦੇ ਸੁਗੰਧਾਂ ਮਾਣਦੇ ਬਨਾਂ ਵਿਚ ਭਵਨਾਂ ਦਾ ਸੁਖ ਜਾਣਦੇ ਚਲਾ ਚਲ ਪੁੱਜੇ ਤਿੰਨੋਂ ਗੰਗਾ ਮਾਈ ਤੇ ਧਰਤੀ ਦਾ ਭਾਰ ਲਾਹਣ ਥਲੇ ਆਈ ਤੇ ਛੱਲਾਂ ਵਿਚ ਜਿਹਦੇ ਤਿੰਨੇ ਕਾਲ ਵਸਦੇ ਕੱਪਰੀਂ ਅਕਾਸ ਤੇ ਪਤਾਲ ਵਸਦੇ ਤਿੰਨਾਂ ਜਗ ਤਾਰਨੀ ਨੂੰ ਮੱਥਾ ਟੇਕਿਆ ਭੁਲਾਂ ਅਣਜਾਣੀਆਂ ਦਾ ਨਾਵਾਂ ਛੇਕਿਆ ਗੁਰੂ ਚੇਲੇ ਕਰ ਇਸ਼ਨਾਨ ਟੁਰ ਪਏ ਮਿਥਿਲਾ ਦਾ ਧਰ ਕੇ ਧਿਆਨ ਤੁਰ ਪਏ *** *** *** ਫੁੱਲਾਂ ਨਾਲ ਖਿੜੀਆਂ ਸੁਗੰਧੀ ਰੱਜੀਆਂ ਬਨ ਜੂਹਾਂ ਸਾਵੀ ਪਸਵਾਜ ਸੱਜੀਆਂ ਪਾਂਧੀ ਸੀਆਂ ਲੰਘਦੇ ਲੰਘਾਂਦੇ ਸੋਹਣੀਆਂ ਗੱਲਾਂ ਬਾਤਾਂ ਸੁਣਦੇ ਸੁਣਾਂਦੇ ਸੋਹਣੀਆਂ ਠਿਟਕ ਖਲੋਤੇ ਇਕ ਬੰਨੇ ਰਾਹ ਤੇ ਬੂਹੇ ਬੰਦ ਕਰ ਚਾਉ ਤੇ ਉਮਾਹ ਦੇ ਬੂਹੇ ਖੁਲ੍ਹੇ ਦੇਖੇ ਇਕ ਸੋਹਣੇ ਬਾਗ ਦੇ ਰੰਗ ਨਾ ਸੀ ਉਥੇ ਪੰਛੀਆਂ ਦੇ ਰਾਗ ਦੇ ਬਾਗ ਸੁੰਨਸਾਨ ਬਸਤੀ ਉਜਾੜ ਸੀ ਚੀਜ਼ ਨਾ ਸੀ ਵਿਚ ਉਤਲਾ ਉਛਾੜ ਸੀ ਬੁੱਝ ਕੇ ਹਰਾਨੀ ਲਛਮਣ ਰਾਮ ਦੀ ਰਿਸ਼ੀ ਬੋਲੇ ਸੁਣੋ ਕਰਨੀ ਇਹ ਕਾਮ ਦੀ ਗੌਤਮ ਮੁਨੀ ਨੂੰ ਸਾਰਾ ਜਗ ਜਾਣਦਾ ਓਹ ਸੀ ਇਸ ਮੋਹਨੀ ਕੁਟੀਆ ਨੂੰ ਮਾਣਦਾ ਮੁਨੀ ਦੀ ਅਹੱਲਿਆ ਮਲੂਕ ਨਾਰ ਸੀ ਸਤ ਦਾ ਸ਼ਿੰਗਾਰ ਮਿੱਠਤਾ ਦਾ ਸਾਰ ਸੀ ਮੁਨੀ ਇਕ ਦਿਨ ਨ੍ਹਾਂਵਦਾ ਸੀ ਨਦੀ ਤੇ ਇੰਦਰ ਦਾ ਦਿਲ ਕੁਦ ਆਇਆ ਬਦੀ ਤੇ ਗੌਤਮ ਮੁਨੀ ਦਾ ਰੂਪ ਕਰ ਆ ਗਿਆ ਨਾਰ ਭਾਣੇ ਘਰ ਵਾਲਾ ਘਰ ਆ ਗਿਆ ਅਚਾਚੇਤੀ ਮੁਨੀ ਜੀ ਵੀ ਘਰ ਪੁੱਜ ਗਏ ਚੋਰ ਨੱਸਦੇ ਨੂੰ ਵੇਖ ਸੜ ਭੁਜ ਗਏ ਮਗਰੇ ਸਰਾਪ ਨੱਠਾ ਨਾਮੀ ਚੋਰ ਦੇ ਕਊਆ ਚਿਚਲਾਇਆ ਟੁਟੇ ਪੰਖ ਮੋਰ ਦੇ ਖੁਸਰਾ ਓਹ ਬਣਿਆ ਮੁਨੀ ਨਾ ਬਣਿਆ ਸੁਰਗ ਦਾ ਰਾਜਾ ਹਾਸੋ ਹੀਨਾ ਬਣਿਆ ਕੰਬਦੀ ਅਹੱਲਿਆ ਨੂੰ ਕਿਹਾ ਪਾਪਣੇ ਮਿੱਟੀ ਨਾਲ ਮਿਲ ਫਲ ਭੋਗ ਆਪਣੇ ਮੁਨੀ ਫਿਰ ਸੋਚ ਦਯਾ ਕਰ ਬੋਲਿਆ ਕਾਰਾ ਤੇ ਤੂੰ ਨਰਕਣੇ ਇਹ ਖਰਾ ਘੋਲਿਆ ਪਰ ਜਦੋਂ ਰਾਮ ਏਥੇ ਫੇਰਾ ਪਾਵੇਗਾ ਤਦੋਂ ਤੈਨੂੰ ਪਾਪ ਜੂਨ ਤੋਂ ਬਚਾਵੇਗਾ ਤਪਦਾ ਹਿਮਾਲਾ ਵੱਲ ਤਪਾ ਚਲਿਆ ਖੜੀ ਰਹੀ ਪੱਥਰ ਬਣੀ ਅਹੱਲਿਆ ਹੋਣੀ ਨੇ ਜੋ ਸਮਾਂ ਥਾਪਿਆ ਸੀ ਆ ਗਿਆ ਅੱਜ ਏਸ ਕੁਟੀਆ ਦਾ ਭਾਗ ਜਾਗਿਆ ਚੱਲ ਰਾਮ ਚਰਣ ਛੁਹਾ ਤੂੰ ਮੋਈ ਨੂੰ ਸੁੱਤੀ ਪਾਪ ਨੀਂਦਰੇ ਜਗ਼ਾ ਤੂੰ ਮੋਈ ਨੂੰ ਪੈਰ ਲਗਾ ਗੌਤਮ ਦੀ ਨਾਰ ਜਾਗ ਪਈ ਕੁਟੀਆ ਦਾ ਸੁਹਜ ਤੇ ਸ਼ਿੰਗਾਰ ਜਾਗ ਪਈ ਕੁਟੀਆ ਦੇ ਫੁੱਲ ਖਿੜੇ-ਵਾਸਾਂ ਹੁੱਲੀਆਂ ਪੰਛੀਆਂ ਦੇ ਰਾਗ ਛਿੜੇ-ਵਾਵਾਂ ਝੁਲੀਆਂ ਸਵਾਧਾਨ ਗੌਤਮ ਦੀ ਨਾਰ ਹੋ ਗਈ ਧੰਨਵਾਦ ਪੂਜਾ ਸਤਕਾਰ ਹੋ ਗਈ *** *** *** ਮੁਨੀ ਨਾਲ ਸੁੰਦਰ ਕੁਮਾਰ ਟੁਰ ਪਏ ਤਪ ਨਾਲ ਪਿਆਰ ਤੇ ਵਿਚਾਰ ਟੁਰ ਪਏ ਫੁੱਲਾਂ ਵਾਂਗ ਖਿੜੇ ਖਿੜੇ ਜਾਂਵਦੇ ਜਾਤਰੀ ਜਾਦੂ ਪਾਂਦੇ ਭੌਰ ਭਰਮਾਂਦੇ ਜਾਤਰੀ ਰਾਹ ਦੀਆਂ ਫੁਲਾਂ ਨੂੰ ਖਿੜਾਂਦੇ ਜਾਂਵਦੇ ਭੌਰਿਆਂ ਨੂੰ ਗੂੰਜਣਾ ਸਿਖਾਂਦੇ ਜਾਂਵਦੇ ਕੋਇਲਾਂ ਨੂੰ ਕੂਕਣਾ ਭੁਲਾਂਦੇ ਜਾਂਵਦੇ ਤੋਤਿਆਂ ਨੂੰ ਮੰਤਰ ਰਟਾਂਦੇ ਜਾਂਵਦੇ ਨਦੀ ਨਾਲਿਆਂ ਦੇ ਪਾਰ ਹੋਂਦੇ ਜਾਂਵਦੇ ਬ੍ਰਿਜ ਲਾਲ ਰਕਸ਼ਾ ਨੂੰ ਮੋਂਹਦੇ ਜਾਂਵਦੇ ਪੁੱਜੇ ਨਗਰੀ ਦੀ ਪੁੰਨੀ ਆਸ ਵਾਂਗਰਾ ਜਗ ਘਾਬਰੇ ਦੀ ਧਰਵਾਸ ਵਾਂਗਰਾਂ *** *** *** ਨਗਰੀ ਦੇ ਬਾਹਰ ਮੁਨੀ ਆਇਆ ਸੁਣਿਆ ਜਨਕ ਨੇ ਭਾਗਾਂ ਫੇਰਾ ਪਾਇਆ ਸੁਣਿਆ ਚਾਹ ਤੇ ਉਮਾਹ ਨਾਲ ਭਰ ਟੁਰਿਆ ਆਸਾਂ ਕਈ ਮਨ ਵਿਚ ਕਰ ਟੁਰਿਆ ਚਰਨਾਂ ਤੇ ਮੱਥਾ ਰਾਜੇ ਆਨ ਧਰਿਆ ਹੱਥਾਂ ਨਾਲ ਭਗਤੀ ਦਾ ਰੁੱਗ ਭਰਿਆ ਪਿਆਰ ਦਾ ਕਮੰਡਲ ਮੁਨੀ ਦਾ ਡੁਲ੍ਹਿਆ ਖਿੜਕ ਅਸੀਸਾਂ ਦਾ ਖੜਾਕ ਖੁਲ੍ਹਿਆ ਸੁਖ ਸਾਂਦ ਪੁੱਛ ਪੁੱਛ ਵਾਰੀ ਜਾਂਵਦੇ ਮਿੱਠੇ ਮਿੱਠੇ ਵਚਨਾਂ ਦੀ ਝੜੀ ਲਾਂਵਦੇ ਏਸੇ ਵੇਲੇ ਰਾਮ ਲਛਮਣ ਆ ਗਏ ਪੁੰਨਿਆਂ ਤੇ ਚੌਧਵੀਂ ਚੰਨ ਆ ਗਏ ਜਨਕ ਨੇ ਵੇਂਹਦੇ ਸਾਰ ਆਪਾ ਵਾਰਿਆ ਸਾਗਰ ਨੇ ਜਿੱਕਰ ਉਛਾਲਾ ਮਾਰਿਆ ਦਿਲ ਰੋਕ ਬੋਲਿਆ ਓਹ ਹੋਕੇ ਵਾਰਨੇ ਮੁਨੀ ਜੀ ਇਹ ਕੇਹੜੀ ਕੁਲ ਦੇ ਸਿੰਗਾਰ ਨੇ ਕੇਹੜੇ ਅੰਬਰਾਂ ਦੇ ਅੱਸ਼ਨੀ ਕੁਮਾਰ ਨੇ ਖਿੱਚ ਆਂਦਾ ਏਥੇ ਕੇਹੜੀ ਹੋਣਹਾਰ ਨੇ ਜਗ ਦੇ ਸੁਹੱਪਣ ਦਾ ਸਾਰ ਜਾਪਦੇ ਧਰਤੀ ਨੂੰ ਬਹੁੜੇ ਅਵਤਾਰ ਜਾਪਦੇ ਰੰਗੋਂ ਢੰਗੋਂ ਛੱਤਰੀ ਕੁਮਾਰ ਜਾਪਦੇ ਮੁਨੀ ਬਾਲਕੇ ਵੀ ਸਭਿਆਰ ਜਾਪਦੇ ਦੱਸੋ ਮੁਨੀ ਜੀ ਇਹ ਸੋਹਣੇ ਕੌਣ ਬਾਲ ਨੇ ਕੇਹੜੀ ਭਾਗਾਂ ਭਰੀ ਖਾਨ ਦੇ ਇਹ ਲਾਲ ਨੇ ਸੁਣ ਇਹ ਸਵਾਲ ਮੁਨੀ ਖਿੜ ਬੋਲਿਆ ਜਨਕ ਦੇ ਕੰਨੀਂ ਅੰਮ੍ਰਿਤ ਡੋਲ੍ਹਿਆ ਰਘੂਬੰਸੀ ਦਸਰਥ ਦੇ ਇਹ ਬਾਲ ਨੇ ਬਾਲ ਕੀ ਇਹ ਜੰਮੇ ਰਾਖਸ਼ਾਂ ਦੇ ਕਾਲ ਨੇ ਰਾਮ ਲਛਮਣ ਬਾਲ ਜਗੋਂ ਬਾਹਰੇ ਨੇ ਮੁਨੀਆਂ ਲਈ ਇਹ ਚਾਨਣ ਮੁਨਾਰੇ ਨੇ ਪ੍ਰਾਣ ਇਕ ਦੇਹ ਭਾਵੇਂ ਜਾਪਦੇ ਨੇ ਦੋ ਬ੍ਰਹਮ ਜੀਵ ਇਕ ਭਾਵੇਂ ਥਾਪਦੇ ਨੇ ਦੋ ਜੌਹਰ ਇਨ੍ਹਾਂ ਦੱਸਿਆ ਧਨੁਖ ਬਾਣ ਦਾ ਦੈਂਤ ਮਾਰੇ ਜੱਗ ਰੱਖੇ ਜੱਗ ਜਾਣਦਾ ਦਾਨਵਾਂ ਸੀ ਬਨ ਵਿੱਚ ਪੁੱਠ ਚੁੱਕਿਆ ਮੁਨੀਆਂ ਦਾ ਸਹਿਮ ਨਾਲ ਸਾਹ ਸੀ ਸੁੱਕਿਆ ਤਾੜਕਾ ਅਕਾਸ਼ੀਂ ਦੜਕੀ ਵੰਗਾਰਦੀ ਤੀਰੀਂ ਝਟਕਾਈ ਇਨ੍ਹਾਂ ਚੀਕਾਂ ਮਾਰਦੀ ਬਿਬਲੀ ਵਜਾਂਦੇ ਖੌਰੂ ਪਾਂਦੇ ਬੂਹਕਦੇ ਝਾੜ ਘੱਤੇ ਦੈਂਤ ਇਨ੍ਹਾਂ ਸੱਪ ਸ਼ੂਕਦੇ ਮੁਨੀਆਂ ਦੇ ਸੁਖ ਵਿੱਚ ਸੁਖ ਮਾਣ ਕੇਂ ਗੌਤਮ ਦੀ ਨਾਰੀ ਇਨ੍ਹਾਂ ਤਾਰੀ ਆਣ ਕੇ ਰਾਜੇ ਅੱਖਾਂ ਜੋੜੀਆਂ ਮੁਨੀ ਦੇ ਚਰਨੀ, ਰੱਜ ਕੇ ਸਰਾਹੀ ਮੁਨੀ ਜੀ ਦੀ ਕਰਨੀਂ ਨੈਣ ਉਸ ਜੋੜੀ ਤੋਂ ਘੁਮਾਏ ਆਪਣੇ ਮੁੜ ਮੁੜ ਭਾਗ ਵਡਿਆਏ ਆਪਣੇ ਖਿੜੇ ਲੂੰ ਕੀ ਲੂੰਆਂ ਦਾ ਓਹ ਬੁੱਤ ਹੋ ਗਿਆ ਖਿੜ ਕੇ ਬਸੰਤ ਸੀ ਖੜੁੱਤ ਹੋ ਗਿਆ ਓੜਕ ਪਿਆਰ ਦੀ ਮੁਹਾਰ ਮੋੜ ਕੇ ਬੇਨਤੀਆਂ ਕਰ ਕਰ, ਕਰ ਜੋੜ ਕੇ ਮੁਨਿ ਤੇ ਕੁਮਾਰਾਂ ਨੂੰ ਓਹ ਨਾਲ ਕਰ ਕੇ ਨਗਰੀ ਨੂੰ ਲੈ ਗਿਆ ਨੈਨਾਂ ਤੇ ਧਰ ਕੇ ਸੋਹਣੇ ਕਿਸੇ ਥਾਓਂ ਡੇਰੇ ਲਾਏ ਉਨ੍ਹਾਂ ਦੇ ਆਦਰਾਂ ਤੇ ਆਦਰ ਕਰਾਏ ਉਨ੍ਹਾਂ ਦੇ *** *** *** ਢਾਲੇ ਪਿਆ ਸੂਰਜ ਕਮਾਈਆਂ ਕਰਕੇ ਵੱਗੀ ਪੌਣ ਮੱਧਮ ਘੁਮਾਈਆਂ ਕਰਕੇ ਸੈਨਤਾਂ ਸੁਨਹਿਰੀ ਭਵਨਾਂ ਨੇ ਕੀਤੀਆਂ ਰੱਜ ਕੇ ਸੁਗੰਧਾਂ ਹਵਨਾਂ ਨੇ ਕੀਤੀਆਂ ਚੌਣੇ ਛਿੜੇ ਧੂੜਾਂ ਅਸਮਾਨੀ ਉੱਡੀਆਂ ਪੰਛੀ ਡਾਰਾਂ ਆਲ੍ਹਣਿਆਂ ਥਾਨੀਂ ਉੱਡੀਆਂ ਜਨਕ ਜੀ ਬੋਲੇ ਹੁਣ ਹੱਥ ਜੋੜ ਕੇ ਭਗਤੀ ਪਿਆਰ ਦੀਆਂ ਹੱਦਾਂ ਤੋੜ ਕੇ ਦਰਸ਼ਨ ਗੰਗਾ ਵਿਚ ਟੁਭੀ ਮਾਰ ਕੇ ਵਚਨਾਂ ਦੀ ਧਾਰ ਵਿਚ ਆਪਾ ਤਾਰ ਕੇ ਕੌਣ ਭਾਗਾਂ ਭਰਿਆ ਕਰੇਗਾ ਜਾਣ ਦੀ ਕੁਦਰਤ ਪਰ ਮਮਤਾ ਨਾ ਜਾਣਦੀ ਵੇਲਾ ਹੋਇਆ ਪ੍ਰਭ ਨਾਲ ਲਿਵ ਲਾਣ ਦਾ ਮਨ ਨਗਰੀ ਦੇ ਵਿਚ ਝਾਤ ਪਾਣ ਦਾ ਬ੍ਰਹਮ ਦਾ ਅਨੰਦ ਹੁਣ ਲੈਣ ਆਪ ਜੀ ਛਿੱਲ ਵੇਖਾਂ ਮੈਂ ਵੀ ਆਪਣੇ ਜੋ ਪਾਪ ਜੀ ਕਰਨਾ ਨਿਹਾਲ ਫੇਰ ਕੱਲ ਮੁਨੀ ਨੇ ਹਾਮੀ ਭਰੀ ਬੋਚ ਕੇ ਇਹ ਗੱਲ ਮੁਨੀ ਨੇ ਇੱਕ ਗਿਆ ਮੋਰ ਵਾਂਗ ਪੈਲਾਂ ਪਾਂਵਦਾ ਇੱਕ ਰਿਹਾ ਗੁਣਾਂ ਦਾ ਮਲ੍ਹਾਰ ਗਾਂਵਦਾ *** *** *** ਸੰਧਿਆ ਨੇ ਦਸ ਪ੍ਰੇਮ ਦੀਆਂ ਲਾਲੀਆਂ ਚਾੜ੍ਹ ਲਈਆਂ ਰੰਗਤਾਂ ਪਿਆਰਾਂ ਵਾਲੀਆਂ ਤਾਰਿਆਂ ਨੇ ਰਾਸ ਰਚੀ ਨੀਲੇ ਅੰਬਰੀਂ ਰਾਤ ਜਾਦੂਗਰਨੀ ਦੇ ਕੀਲੇ ਅੰਬਰੀਂ ਲੋਰੀਆਂ ਦੇ ਝੂਲੇ ਜੱਗ ਨੂੰ ਝੁਲਾਉਂਦੀ ਨੀਂਦ ਰਾਣੀ ਚੁੰਨੀ ਚੁੱਪ ਵਾਲੀ ਪਾਉਂਦੀ ਬੀਤੀ ਰਾਤ-ਸੁਫਨਿਆਂ ਦੀ ਇਹ ਰਾਤ ਸੀ ਰਾਤ ਕੀ ਇਹ ਸਤਜੁਗਾਂ ਦੀ ਬਰਾਤ ਸੀ ਸੁੱਤਾ ਜੱਗ ਤਾਰਿਆਂ ਹਿਲਾਇਆ ਜਾਂਦਿਆਂ ਨਾਚ ਕਰ ਕਰ ਭਰਮਾਇਆ ਜਾਂਦਿਆਂ ਲਹਿੰਦੇ ਪਾਸੇ ਖਿੱਤੀਆਂ ਦੀ ਢੇਰੀ ਹੋ ਗਈ ਪੁੱਠੀ ਸੱਤਾਂ ਰਿਸ਼ੀਆਂ ਦੀ ਰੇੜ੍ਹੀ ਹੋ ਗਈ ਫੰਡ ਖਾ ਕੇ ਪੂਰਬ ਦੇ ਲਾਲ ਝਾੜੂ ਦੀ ਫੁੱਲ-ਝਾੜ ਹੋਈ ਅੰਬਰ ਦੇ ਆੜੂ ਦੀ ਹੁੰਦੇ ਹੁੰਦੇ ਸੁਰਾਂ ਥਰਥਾਨ ਘੱਤਿਆ ਛੁਟੀਆਂ ਸੁਗੰਧਾਂ ਘਮਸਾਨ ਘੱਤਿਆ ਪਹੁ ਦੀ ਮਿੱਠੀ ਮਾਰੂ ਮੁਸਕਾਨ ਖਿਲਰੀ ਸੁਭਰਾਂ ਤੇ ਸਾਲੂਆਂ ਦੀ ਸ਼ਾਨ ਖਿਲਰੀ ਲੁਕ ਲੁਕ ਤਾਰੀਆਂ ਤਰੇਲ ਬਣੀਆਂ ਖਿਲਰ ਕੇ ਜਾਦੂਆਂ ਦੇ ਮੋਤੀ ਮਣੀਆਂ ਵੱਗ ਪਈ ਪੌਣ ਮਾਰਦੀ ਉਬਾਸੀਆਂ ਪੂਰਬ ਦੀ ਲਾਂਭ ਨੇ ਵਿਖਾਈਆਂ ਹਾਸੀਆਂ ਹਵਨਾਂ ਦੀ ਵਾਸ ਤੇ ਬਿਠਾਏ ਮੰਤਰਾਂ ਧਰਤੀ ਤੇ ਸੁਰਗ ਮਿਲਾਏ ਮੰਤਰਾਂ ਭਾਗਾਂ ਭਰੇ ਸੂਰਜ ਨੇ ਝਾਤਾਂ ਮਾਰੀਆਂ ਖਿੜ ਪਈਆਂ ਸ਼ਹਿਰ ਦੀਆਂ ਖੂੰਜਾਂ ਸਾਰੀਆਂ ਰਾਮ ਲੱਛਮਣ ਨਿਤ ਨੇਮ ਕਰਕੇ ਸੱਭੇ ਗੁਰਚਰਨਾਂ ਤੇ ਮੱਥਾ ਧਰ ਕੇ ਏਨੇ ਵਿਚ ਜਨਕ ਬੁਲਾਵਾ ਘੱਲਿਆ ਪ੍ਰਣ ਆਪਣੇ ਦਾ ਪਰਤਾਵਾ ਘੱਲਿਆ ਤਿੰਨੇ ਰਾਜ ਭਵਨਾਂ ਦੇ ਰਾਹ ਟੁਰ ਪਏ ਪਿਆਰ ਨਾਲ ਚਾਓ ਤੇ ਉਮਾਹ ਟੁਰ ਪਏ ਮਿਥਿਲਾ ਪੁਰੀ ਸੁਹੱਪਣ ਦਾ ਸਾਰ ਸੀ ਨਗਾਂ ਜੜੀ ਦੇਵੀ ਧਰਤੀ ਦੀ ਆਰਸੀ ਚਿਣਿਆ ਪਹਾੜ ਬਾਹਰੀ ਦੀਵਾਰ ਸੀ ਕੁਦਰਤ ਦਾ ਕੇਹਾ ਫਬਦਾ ਸ਼ਿੰਗਾਰ ਸੀ ਦਰਿਆ ਦੇ ਵਾਂਗ ਦਰਵੱਜੇ ਸੋਭਦੇ ਰੰਗਾਂ ਰੰਗ ਚਿੱਤਰੇ ਤੇ ਸੱਜੇ ਸੋਭਦੇ ਹੱਟੀਆਂ ਸੀ ਵੱਖਰਾਂ ਦੇ ਨਾਲ ਭਰੀਆਂ ਸੱਜ ਧੱਜ ਨਾਲ ਜਿਵੇਂ ਹੋਣ ਪਰੀਆਂ ਲੱਗੇ ਕਿਤੇ ਸੋਨੇ ਚਾਂਦੀਆਂ ਦੇ ਢੇਰ ਸੀ ਲੁੱਟ ਪੁੱਟ ਆਂਦਾ ਜਿਕੁਰਾਂ ਕੁਬੇਰ ਸੀ ਭਾਂਤੋ ਭਾਂਤ ਰਤਨਾਂ ਦੀ ਕਿਤੇ ਸ਼ਾਨ ਸੀ ਛੱਡੀ ਜਿਵੇਂ ਜੱਗ ਦੀ ਨਾ ਕੋਈ ਖਾਨ ਸੀ ਚਿਣੇ ਕਿਤੇ ਸੁੱਚੇ ਮੋਤੀਆਂ ਦੇ ਡੱਬੇ ਸੀ ਸਾਗਰ ਦਾ ਥੱਲਾ ਜੋ ਉੱਥਲ ਲਭੇ ਸੀ ਆਈਆਂ ਕਸਤੂਰੀਆਂ ਹਿਮਾਲਾ ਹੂੰਝ ਕੇ ਗੁਣ ਗਾਂਵਦੇ ਜਿਨ੍ਹਾਂ ਦਾ ਭੌਰੇ ਗੂੰਜ ਕੇ ਆਈਆਂ ਕਸ਼ਮੀਰੋਂ ਕੇਸਰ ਕਿਆਰੀਆਂ ਹੱਟਾਂ ਕਰ ਮਿਥਿਲਾ ਦੀਆਂ ਪਿਆਰੀਆਂ ਇੰਜ ਭਾਂਤੋ ਭਾਂਤ ਦੇ ਨਜ਼ਾਰੇ ਦੇਖਦੇ ਗਲੀਆਂ ਬਜ਼ਾਰਾਂ ਨੂੰ ਸ਼ਿੰਗਾਰੇ ਦੇਖਦੇ ਜਾਤਰੂ ਤਰੈਈਏ ਫਿਰੇ ਨੈਣ ਫੇਰਦੇ ਜਾਦੂ ਛੜੀ ਫੇਰ ਫੇਰ ਨੈਣ ਘੇਰਦੇ ਸ਼ਹਿਰ ਦਾ ਸੁਹੱਪਣ ਸਫਾਈ ਵੇਖਦੇ ਇੰਦਰ ਪੁਰੀ ਨੂੰ ਉਥੇ ਆਈ ਵੇਖਦੇ ਉੱਚੀਆਂ ਅਟਾਰੀਆਂ ਦੀ ਸ਼ਾਨ ਦੇਖਦੇ ਜ਼ਿਮੀ ਨਾਲ ਸੀਤਾ ਅਸਮਾਨ ਦੇਖਦੇ ਧੌਲਰਾਂ ਨੇ ਧਾਈਆਂ ਕੀਤੀਆਂ ਅਕਾਸ਼ ਨੂੰ ਮਾਤ ਕਰ ਦਿਤਾ ਸ਼ਿਵਾਂ ਦੇ ਕਲਾਸ਼ ਨੂੰ ਧੁੱਪ ਵਿਚ ਲਿਸ਼ਕਾਂ ਬਲੌਰੀ ਮਾਰਦੇ ਸੂਰਜ ਤੋਂ ਖੱਸ ਕਿਰਨਾਂ ਖਿਲਾਰਦੇ ਇੰਜ ਗੁਰੂ ਚੇਲੇ ਮਿਥਿਲਾ ਨੂੰ ਗਾਹੁੰਦੇ ਅਲਕਾ ਪੁਰੀ ਇਹ ਉਤਰੀ ਸਰਾਹੁੰਦੇ ਤਿੰਨੇ ਰਾਜ ਭੌਣ ਵਾਲੇ ਰਾਹ ਅੱਪੜੇ ਜਾਣੀਦਾ ਅਸਾਮੀਆਂ ਦੇ ਸ਼ਾਹ ਅੱਪੜੇ *** *** *** ਅਗੋਂ ਹੁਣ ਭਗਤੀ ਦੇ ਨੈਣ ਅੱਪੜੇ ਜਨਕ ਪਰਾਹੁਣਿਆਂ ਨੂੰ ਲੈਣ ਅੱਪੜੇ ਮਿਥਿਲਾ ਦੇ ਵਾਸੀਆਂ ਭੰਡਾਰ ਲੁੱਟਿਆ ਸੁਚੱਮ ਸੁਹੱਪਣ ਦਾ ਸਾਰ ਲੁੱਟਿਆ ਨੈਣਾਂ ਨਾਲ ਚੰਨਾਂ ਨੂੰ ਚਕੋਰ ਲੁਟਦੇ ਕੰਨਾਂ ਨਾਲ ਬਦਲਾਂ ਨੂੰ ਮੋਰ ਲੁਟਦੇ ਤੱਕਦੇ ਕੁਮਾਰਾਂ ਵੱਲ ਚਾਉ ਭਰਦੇ ਵਿਧਨਾ ਦੇ ਕੰਨੀਂ ਉਮਾਹ ਭਰਦੇ ਜਨਕ ਦੇ ਪ੍ਰਣ ਉਤੇ ਫੂਕਾਂ ਮਾਰਦੇ ਨਾਓਂ ਲੈ ਕੇ ਜਾਨਕੀ ਦਾ ਸ਼ੂਕਾਂ ਮਾਰਦੇ ਪ੍ਰੇਮ ਬੱਝੇ ਤਿੰਨੇ ਰਾਜ ਭੌਣ ਆ ਗਏ ਸਭਨਾਂ ਨੇ ਜਾਤਾ ਏਥੇ ਕੌਣ ਆ ਗਏ ਪੂਜਾ ਸੇਵਾ ਕਰ ਕਿਹਾ ਘਰ ਵਾਲੇ ਨੇ ਵਿਰਦ ਮੁਨੀ ਨੇ ਮੁਨੀਆਂ ਦੇ ਪਾਲੇ ਨੇ ਭੋਗੇ ਅਜ ਪੁੰਨਾਂ ਦੇ ਮੈਂ ਭੋਗ ਮੁਨੀ ਜੀ ਦਸੋ ਕੋਈ ਸੇਵਾ ਮੇਰੇ ਯੋਗ ਮੁਨੀ ਜੀ ਧਨੁਖ ਸ਼ਿਵਾਂ ਦਾ ਮੁਨੀ ਜੀ ਸਰਾਹੁੰਦੇ ਬੋਲੇ ਦਰਸ਼ਨ ਉਸਦਾ ਇਹ ਚਾਹੁੰਦੇ ਨੈਣ ਇੰਜ ਆਪਣੇ ਸਫ਼ਲ ਜਾਣ ਕੇ ਜਾਣਗੇ ਅਜੁੱਧਿਆ ਨੂੰ ਸੁਖ ਮਾਣਕੇ ਦੇਖਣ ਇਹ ਹੋਵਣ ਨਿਹਾਲ ਮੁਨੀ ਜੀ ਪਹਿਲੋਂ ਸੁਣੋ ਧਨੁਖ ਦਾ ਹਾਲ ਮੁਨੀ ਜੀ ਜਨਕ ਜੀ ਧਨੁਖ ਦੀ ਮਹਿਮਾ ਗਾਂਵਦੇ ਕਰਦੇ ਕਹਾਣੀ ਬਲਿਹਾਰ ਜਾਂਵਦੇ ਸਮੇਂ ਬੀਤੇ ਦਖਸ਼ ਜੀ ਨੇ ਜਗ ਰੱਚਿਆ ਖੁਸ਼ੀ ਦੇ ਹਲੂਣੇ ਸਾਰਾ ਜਗ ਹੱਸਿਆ ਦੇਵਤੇ ਬੁਲਾਏ ਹੋਰ ਖੂੰਜਾਂ ਟੋਲ ਕੇ ਸ਼ਿਵ ਜੀ ਭੁਲਾਏ ਇਕ ਮੂੰਹੋਂ ਬੋਲ ਕੇ ਨੱਕ ਚਾੜ੍ਹ ਨਾਗ ਲਮਕਾਣ ਵਾਲੇ ਤੇ ਮੜ੍ਹੀਆਂ ਦੀ ਭਸਮ ਰਮਾਣ ਵਾਲੇ ਤੇ ਭੰਗ ਤੇ ਧਤੂਰਾ ਘੋਟ ਪੀਣ ਵਾਲੇ ਤੇ ਭੂਤਨਿਆਂ ਨਾਲ ਹੋਣ ਜੀਣ ਵਾਲੇ ਤੇ ਜਟਾਂ ਵਿਚ ਗੰਗਾ ਭਰਮਾਣ ਵਾਲੇ ਤੇ ਚੰਨ ਭੰਨ ਮੱਥਾ ਚਮਕਾਣ ਵਾਲੇ ਤੇ ਖੱਲ ਤਾਜ਼ੀ ਹਾਥੀ ਦੀ ਹੰਢਾਣ ਵਾਲੇ ਤੇ ਬੰ ਬੰ ਤਾਂਡਵ ਰਚਾਣ ਵਾਲੇ ਤੇ ਤੀਜੀ ਤੇਜ਼ ਅੱਖ ਟਮਕਾਣ ਵਾਲੇ ਤੇ ਮੁੰਡੀਆਂ ਦੀ ਮਾਲਾ ਗਲ ਪਾਣ ਵਾਲੇ ਤੇ ਪਤੀ ਦੀ ਬੇਪਤੀ ਹੋਈ ਅਤੀ ਹੋ ਗਈ ਪਿਓ ਦੇ ਸਿਰ ਚੜ੍ਹ ਸਤ ਸਤੀ ਹੋ ਗਈ ਸਹੁਰੇ ਦਾ ਇਹ ਜਦੋਂ ਬਾਹਰਾ ਕਾਰਾ ਦੇਖਕੇ ਪਤਨੀ ਦੀ ਚਿਤਾ ਦਾ ਨਜ਼ਾਰਾ ਦੇਖਕੇ ਮਹਾਂਦੇਵ ਰੋਹ ਤੇ ਸਵਾਰ ਹੋ ਗਏ ਯੱਗ ਦੇ ਹੀ ਨਾਸ ਤੇ ਤਿਆਰ ਹੋ ਗਏ ਯੁੱਗ ਬਣ ਹਰਣ ਚਾਲਾਕ ਨੱਸਿਆ ਮਗਰੋਂ ਹੀ ਸ਼ਿਵਾ ਦਾ ਪਿਨਾਕ ਦੱਸਿਆ ਗਿਆ ਜਜਮਾਣ ਜੱਗ ਨਾਲ ਦੇਖਦੇ ਆਪਣਾ ਵੀ ਦੇਵਤੇ ਨਾ ਹਾਲ ਦੇਖਦੇ ਰਲ ਮਿਲ ਮਹਾਂ ਦੇਵ ਕੋਲ ਜਾਂਵਦੇ ਹੱਥ ਜੋੜ ਜੋੜ ਤਰਲੇ ਨੇ ਪਾਂਵਦੇ ਓੜਕ ਮਨਾ ਹੀ ਲਿਆ ਭੋਲੇ ਨਾਥ ਨੂੰ ਰੁੜ੍ਹਦਾ ਬਚਾ ਹੀ ਲਿਆ ਸਾਰੇ ਸਾਥ ਨੂੰ ਭੋਲਾ ਸਾਂਈਂ ਇਤਨਾ ਖਿਮਾਂ ਦੇ ਰੌਂ ਪਿਆ ਧਨੁਖ ਵੀ ਦੇਵਤਿਆਂ ਨੂੰ ਉਹ ਸੌਂਪਿਆ ਉਥੋਂ ਟੁਰ ਆਇਆ ਇਹ ਅਸਾਡੇ ਬੰਸ ਨੂੰ ਮਾਨਸਰ ਆਣਕੇ ਨ੍ਹਵਾਇਆ ਹੰਸ ਨੂੰ ਇਕ ਵਾਰੀ ਯੱਗ ਮੈਂ ਰਚਾਣ ਲੱਗਿਆ ਯੱਗ ਭੂਈਂ ਸੁਥਰੀ ਕਰਾਣ ਲੱਗਿਆ ਫਾਲੇ ਆਖੋਂ ਸੀਤਾ ਅਗੋਂ ਆਈ ਕੰਨਿਆਂ ਪਿਆਰ ਨਾਲ ਸੀਤਾ ਅਖਵਾਈ ਕੰਨਿਆਂ ਪਾਲ ਪੋਸ ਕੰਨਿਆਂ ਮੈਂ ਸੁਖ ਮਾਣਿਆ ਰਚਨਾ ਸੁਅੰਬਰ ਮੈਂ ਕੰਮ ਜਾਣਿਆ ਯੱਗ ਭੂਈਂ ਜੰਮੀ ਦੀ ਮੈਂ ਸ਼ਾਨ ਦੇਖਕੇ ਯੱਗ ਸ਼ਾਲਾ ਪਿਆ ਇਹ ਕਮਾਨ ਦੇਖ ਕੇ ਥਾਪਿਆ ਜੋ ਵੀਰ ਧਨੁਖ ਚੜ੍ਹਾਏਗਾ ਸੋਈਓ ਮੇਰੀ ਸੀਤਾ ਪੁਤਰੀ ਵਿਆਹੇਗਾ ਵੱਡੇ ਵੱਡੇ ਯੋਧੇ ਆਏ ਤਾਣਾ ਤਣ ਕੇ ਦੇਵਤੇ ਤੇ ਦੈਂਤ ਵੀ ਮਨੁੱਖ ਬਣ ਕੇ ਆਏ ਜੱਸ ਆਪਣੇ ਦਾ ਚੰਨ ਚਾੜ੍ਹ ਗਏ ਦਾਣਾ ਫੱਕਾ ਛੱਤਰੀ ਪੁਣੇ ਦਾ ਝਾੜ ਗਏ ਆਏ ਲੱਕ ਬੰਨ੍ਹ ਕੇ ਕਚੀਚੀ ਵੱਟ ਕੇ ਟਿੱਲਾਂ ਤੇ ਤਨੀਨਾਂ ਲਾਈਆਂ ਡਟ ਡਟ ਕੇ ਚਾੜ੍ਹਨਾ ਕਮਾਨ ਕੀ ਸੀ ਚਾਵੇ ਕੋਈ ਨਾ ਚਾਣਾ ਕਿਸੇ ਕਿੱਥੇ ਸੀ ਹਿਲਾਵੇ ਕੋਈ ਨਾ ਖੁਸ਼ੀ ਨਾਲ ਦੇਖਣ ਕੁਮਾਰ ਮੁਨੀ ਜੀ ਹੁਣੇ ਮੰਗਵਾਨਾਂ ਇਹਨੂੰ ਬਾਹਰ ਮੁਨੀ ਜੀ ਰੇੜ੍ਹੀ ਵਿਚ ਸ਼ਿਵਾ ਦਾ ਕਮਾਨ ਆ ਗਿਆ ਅਜਗਰ ਜਿਵੇਂ ਕੱਢ ਸ਼ਾਨ ਆ ਗਿਆ ਗਰੜ ਦੇ ਵਾਂਗ ਰਾਮ ਜੀ ਨੇ ਤੱਕਿਆ ਛੋਹਿਆ ਟੋਹਿਆ ਘੁੱਟਿਆ ਹਿਲਾਇਆ ਚੁੱਕਿਆ ਰਸੀ ਚਾੜ੍ਹੀ ਖਿਚਿਆ ਤਨੀਨ ਬਣਿਆ ਪਿੰਜਨੀ ਦੇ ਵਾਂਙਨਾਂ ਕਮਾਨ ਬਣਿਆ ਸਾਰਿਆਂ ਦੇ ਵੇਖਦੇ ਦੜਾਕ ਟੁੱਟਿਆ ਵਿਚ ਅਸਮਾਨਾਂ ਜਿਵੇਂ ਗੋਲਾ ਫੁੱਟਿਆ ਯੱਗ ਭੂਮੀ ਕੋਠੀਆਂ ਪਸਾਰ ਗੂੰਜ ਪਏ ਖੁੰਜ ਖੁੰਜ ਗਲੀਆਂ ਬਜ਼ਾਰ ਗੂੰਜ ਪਏ ਗੂੰਜ ਪਈਆਂ ਸੜਕਾਂ ਮਦਾਨ ਗੂੰਜ ਪਏ ਧਮਾਧਮ ਜਿਮੀਂ ਅਸਮਾਨ ਗੂੰਜ ਪਏ ਮੁਨੀ ਦਾ ਸਰੀਰ ਸਾਰਾ ਅੱਖ ਬਣਿਆ ਖਿੜ ਖਿੜ ਖੇੜਾ ਪਰਤੱਖ ਬਣਿਆ ਫੁੱਲ ਫੁੱਲ ਜਨਕ ਜੀ ਬੋਲੇ ਮੁਨੀ ਜੀ ਅਜ ਹੋਏ ਭਾਗ ਮੇਰੇ ਗੋਲੇ ਮੁਨੀ ਜੀ ਅਜ ਮੇਰੇ ਪੁੰਨਾਂ ਦੀ ਪਨੀਰੀ ਉੱਗ ਪਈ ਅਜ ਮੇਰੇ ਵਡਿਆਂ ਦੀ ਆਸ ਪੁੱਗ ਪਈ ਜਿਸ ਅੱਗੇ ਜੋਧਿਆਂ ਨੇ ਜੱਸ ਰੋੜ੍ਹਿਆ ਧਨੁਖ ਉਹ ਖੇਡ ਵਿਚ ਰਾਮ ਤੋੜਿਆ ਧੁਰੋਂ ਸੀਤਾ ਰਾਮ ਜੋੜੀ ਆਈ ਜਾਪਦੀ ਮਿਥਿਲਾ ਅਜੁੱਧਿਆ ਨੂੰ ਭਾਈ ਜਾਪਦੀ ਆਗਿਆ ਮੁਨੀ ਦੀ ਲੈ ਬੁਲਾਇਆ ਦੂਤਾਂ ਨੂੰ ਰਾਜੇ ਮੁੜ ਮੁੜ ਸਮਝਾਇਆ ਦੂਤਾਂ ਨੂੰ ਅੱਪੜੋ ਅਜੁਧਿਆ ਪੁਚਾਵੋ ਬੇਨਤੀ ਦਸਰਥ ਜੀ ਨੂੰ ਜਾ ਸੁਣਾਵੋ ਬੇਨਤੀ ਰਾਮ ਲਛਮਣ ਮਿਥਿਲਾ ਪਧਾਰੇ ਨੇ ਜਨਕ ਪੁਰੀ ਦੇ ਬਣੇ ਨੈਣ ਤਾਰੇ ਨੇ ਸ਼ਰਤ ਸੁਅੰਬਰ ਦੀ ਜਿੱਤੀ ਰਾਮ ਨੇ ਵਡੇ ਜੋਧਿਆਂ ਨੂੰ ਹਾਰ ਦਿਤੀ ਰਾਮ ਨੇ ਜਨਕ ਦੁਲਾਰੀ ਸੀਤਾ ਹੋਈ ਆਪ ਦੀ ਦਾਸ ਨੂੰ ਵੀ ਅਜ ਤੋਂ ਹੈ ਢੋਈ ਆਪ ਦੀ ਬੇਨਤੀ ਏ ਮੇਰੀ ਵਡਿਆਓ ਮਿਥਿਲਾ ਸੋਹਣੀ ਜੰਜ ਮੇਲ ਕੇ ਲਿਆਓ ਮਿਥਿਲਾ ਚਾਵਾਂ ਵਾਲੇ ਖੰਭ ਲਾ ਕੇ ਦੂਤ ਉਡ ਪਏ ਵੇਲੇ ਸਿਰ ਜਿਥੇ ਪੁਜਣਾ ਸੀ ਪੁਜ ਗਏ ਅੱਪੜੇ ਅਜੁੱਧਿਆ ਪੁਜਾਈ ਬੇਨਤੀ ਦਸਰਥ ਜੀ ਨੂੰ ਜਾ ਸੁਣਾਈ ਬੇਨਤੀ ਦਸਰਥ ਸੁਣ ਸੁਣ ਪਏ ਫੁਲਦੇ ਸੁਣ ਮੁੜ ਸੁਣ ਆਪਾ ਗਏ ਭੁੱਲਦੇ ਭੁੱਲ ਭੁੱਲ ਆਪਾ ਮੱਥੇ ਹੱਥ ਲਾਉਂਦੇ ਫੁੱਲ ਫੁੱਲ ਮੁਨੀ ਕਰਨੀ ਸਰਾਹੁੰਦੇ ਜਨਕ ਦੇ ਗੁਣਾਂ ਦਾ ਸੁਹਾਗ ਗਾਉਂਦੇ ਰਘੁਬੰਸ ਦੀਆਂ ਘੋੜੀਆਂ ਅਲਾਉਂਦੇ ਬਨ ਦੀ ਕਹਾਣੀ ਖੁੱਲ੍ਹਾ ਭੇਤ ਹੋ ਗਈ ਨਗਰੀ ਅਜੁੱਧਿਆ ਜਨੇਤ ਹੋ ਗਈ *** *** *** ਜਿਥੇ ਦੇਖੋ ਖੁਸ਼ੀ ਤੇ ਵਧਾਈ ਹੋ ਰਹੀ ਜੰਜ ਦੀ ਤਿਆਰੀ ਵਾਹੋ ਦਾਹੀ ਹੋ ਰਹੀ ਰਾਜ ਭੰਨਾਂ ਵਿਚ ਖਾੜ ਖਾੜ ਹੋ ਰਹੀ ਗਲੀਆਂ ਬਜ਼ਾਰੀਂ ਧਾੜ ਧਾੜ ਹੋ ਰਹੀ ਘਰੋ ਘਰੀ ਕੋਠੀਆਂ ਪਸਾਰ ਖੁਲ੍ਹ ਗਏ ਪੱਛੀਆਂ ਭੜੋਲੀਆਂ ਪਟਾਰ ਖੁਲ੍ਹ ਗਏ ਹਿਣਕਦੇ ਘੋੜੇ ਕਾਠੀਆਂ ਕਮਾਂਵਦੇ ਖੱਚਰ ਹਵੈਂਕ ਪੈਖੜਾਂ ਤੋੜਾਂਵਦੇ ਊਠ ਗੋਡੇ ਟੇਕ ਕੋਝੀ ਹੇਕ ਲਾਂਵਦੇ ਹੌਦਿਆਂ ਦੇ ਹੇਠ ਹਾਥੀ ਜੜੀ ਪਾਂਵਦੇ ਭੜਕ ਭੁੜਕ ਲੋਕੀ ਆਂਦੇ ਜਾਂਵਦੇ ਚਾਈਂ ਚਾਈਂ ਇਕ ਦੂਜੇ ਨੂੰ ਮਨਾਂਵਦੇ ਰੰਗਾ ਰੰਗ ਲੀੜਿਆਂ ਦੀ ਸ਼ਾਨ ਦੱਸਦੇ ਅਤਰਾਂ ਫੁਲੇਲਾਂ ਦਾ ਉਠਾਨ ਦੱਸਦੇ ਜਿਤ ਵਲ ਵੇਖੁ ਜੰਜ ਦੀ ਤਿਆਰੀ ਸੀ ਖਿੜਦੀ ਖਿੜਾਂਵਦੀ ਲੁਕਾਈ ਸਾਰੀ ਸੀ *** *** *** ਸੋਹਣੀ ਜੰਜ ਨਗਰੀ ਬਣਾਕੇ ਟੁਰ ਪਈ ਸ਼ਗਨ ਮਹੂਰਤ ਮਨਾ ਕੇ ਟੁਰ ਪਈ ਅਗੇ ਅਗੇ ਮੁਨੀ ਮੰਤਰ ਉਚਾਰਦੇ ਟੁਰੇ ਰਘੂਬੰਸੀਆਂ ਦਾ ਸੁਖ ਸਾਰਦੇ ਪਿਛੇ ਪਿਛੇ ਸੈਂਕੜੇ ਹਜ਼ਾਰਾਂ ਟੁਰ ਪਏ ਮਾਰਦੇ ਅਨੰਦ ਦੀਆਂ ਟਾਹਰਾਂ ਟੁਰ ਪਏ ਟੱਪਿਆਂ ਕਬਿੱਤਾਂ ਵਾਲੇ ਮੈਚ ਹੋਂਦੇ ਗਏ ਖਿੱਦੂਆਂ ਤੇ ਟੋਪੀਆਂ ਦੇ ਕੈਚ ਹੋਂਦੇ ਗਏ ਰਥਾਂ ਨਾਲ ਰਥ ਸਨ ਦੌੜ ਲਾਂਵਦੇ ਹਾਥੀ ਹਾਥੀ ਸੁੰਡਾਂ ਦੇ ਪਲੇਚੇ ਪਾਂਵਦੇ ਘੋੜਿਆਂ ਨੇ ਔਘੀਆਂ ਦਾ ਰੰਗ ਬੰਨ੍ਹਿਆਂ ਛੇੜ ਦਿੱਤਾ ਪੋਈਆ ਸਰਪੱਟ ਭੰਨਿਆ ਕਦਮ ਰਵਾਲ ਦੁੜਕੀ ਚਲਾਂਵਦੇ ਕਾਕੋ ਰੌਲਾ ਪਾਂਵਦੇ ਆਕਾਸ਼ ਜਾਂਵਦੇ ਇੰਜ ਨਦੀ ਜੰਜ ਦੀ ਉਛਾਲੇ ਮਾਰਦੀ ਚੌਥੇ ਦਿਨ ਮਿਥਿਲਾ ਨੂੰ ਜਾ ਸ਼ਿੰਗਾਰਦੀ ਸਾਗਰ ਜਨਕ ਅਗੋਂ ਲਹਿਰਾਂ ਮਾਰਦਾ ਲੈਣ ਆਇਆ ਖਿਚਿਆ ਨਦੀ ਦੇ ਪਿਆਰ ਦਾ ਕੁੜਮਾਂ ਦੇ ਓੜਕ ਪਿਆਰ ਪੁੱਗ ਗਏ ਜਾਂਜੀਆਂ ਦੇ ਸੇਵਾ ਸਤਕਾਰ ਪੁੱਗ ਗਏ ਮਿਥਿਲਾ ਅਜੁੱਧਿਆ ਦੇ ਭਾਗ ਰਲ ਗਏ ਸਤਜੁਗੀ ਘੋੜੀਆਂ ਸੁਹਾਗ ਰਲ ਗਏ *** *** *** ਤੜਕੇ ਹੀ ਠੱਪ ਯੋਗ ਦੇ ਅਨੰਦ ਨੂੰ ਜਨਕ ਬੁਲਾ ਕੇ ਬੋਲੇ ਸ਼ਤਾ ਨੰਦ ਨੂੰ ਭਾਈ ਕੁਸ਼ਧੱਜ ਵਲ ਦੂਤ ਘੱਲੀਏ ਭਾਰ ਰੀਤ ਦਾ ਇਕੱਠੇ ਬੈਠਕੇ ਝੱਲੀਏ ਘੋੜ ਚੜ੍ਹੇ ਦੂਤ ਨੱਠੇ ਪਾਈ ਆਗਿਆ ਘੜੀਆਂ 'ਚ ਰਾਜਾ ਜੀ ਦਾ ਭਾਈ ਆ ਗਿਆ ਬਹਿ ਕੇ ਭਾਈ ਨਾਲ ਜਨਕ ਜੀ ਡੋਲਦੇ ਸਦ ਕੇ ਸੁਦਾਮੇ ਮੰਤਰੀ ਨੂੰ ਬੋਲਦੇ ਮੇਰੇ ਵੱਲੋਂ ਬੇਨਤੀ ਸੁਨਾਵੋ ਰਾਜਾ ਜੀ ਪੁੱਤਰਾਂ ਸਮੇਤ ਮੇਰੇ ਆਵੋ ਰਾਜਾ ਜੀ ਪੁਤਾਂ ਨਾਲ ਦਸਰਥ ਤਿਵੇਂ ਸੋਭਦੇ ਵੇਦਾਂ ਨਾਲ ਬ੍ਰਹਮਾ ਜੀ ਨੇ ਜਿਵੇਂ ਸੋਭਦੇ ਦਸ਼ਰਥ ਵਸ਼ਿਸ਼ਟ ਜਤੀ ਤਿਵੇਂ ਸੋਭਦੇ ਇੰਦਰ ਬਿ੍ਰਹਸਪਤੀ ਜਿਵੇਂ ਸੋਭਦੇ ਮੰਤਰੀਆਂ ਤਾਰਿਆਂ 'ਚ ਚੰਦ ਸੋਭਦਾ ਰਤਨਾਂ ਪਰੁੱਚਿਆਂ 'ਚ ਤੰਦ ਸੋਭਦਾ ਰਘੂਆਂ ਪਰਾਹੁਣਿਆਂ ਦੀ ਸ਼ਾਨ ਆਖੀਏ ਲਮਕਿਆ ਥਲੇ ਅਸਮਾਨ ਆਖੀਏ ਵਾਰੀ ਗਏ ਜਨਕ ਜੀ ਘਰ ਆਇਆਂ ਤੋਂ ਭੁੜਕ ਭੁੜਕ ਭਾਗਾਂ ਫੇਰਾ ਪਾਇਆਂ ਤੋਂ ਕੋਈ ਹੈ ਸੀ ਚੰਨਾਂ ਤੇ ਚਕੋਰ ਹੋ ਗਿਆ ਕੋਈ ਹੈ ਸੀ ਬੱਦਲਾ ਤੇ ਮੋਰ ਹੋ ਗਿਆ ਵਾਜਿਆਂ ਦੀ ਘਨੀ ਘਨਘੋਰ ਵਿਚ ਦੋਂ ਮੰਤਰਾਂ ਦੇ ਮਦਭਰੇ ਸ਼ੋਰ ਵਿਚ ਦੋਂ ਤੀਵੀਆਂ ਦੇ ਤਿੱਖੇ ਤਿੱਖੇ ਗੀਤਾਂ ਵਿਚ ਦੋਂ ਪੁਰੀ ਦੀਆਂ ਕਾਹਲੀਆਂ ਪਰੀਤਾਂ ਵਿਚ ਦੋਂ ਬੇਦੀ ਵਿਚ ਬ੍ਰਹਮਾ ਵੇਦਾਂ ਨਾਲ ਆ ਗਏ ਜਨਕ ਦੀ ਚਾਹ ਦੇ ਉਬਾਲ ਆ ਗਏ ਪੁੱਤਰੇਤਿਆਂ ਦੇ ਵਲ ਧਿਆਨ ਮਾਰ ਕੇ ਧੋਤਿਆਂ ਦਾ ਕੁਲ ਨਾਮਨਾ ਵਿਚਾਰ ਕੇ ਮੰਤਰੀਆਂ ਮੁਨੀਆਂ ਦਾ ਮਨ ਬੋਚ ਕੇ ਉਚਰੇ ਵਸ਼ਿਸ਼ਠ ਸੋਹਣਾ ਢੰਗ ਸੋਚ ਕੇ ਪੰਨੇ ਰਘੂਬੰਸ ਵਾਲੇ ਫੋਲੇ ਮੁਨੀ ਨੇ ਦਫ਼ਤਰ ਸਿਫਤਾਂ ਦੇ ਖੋਲ੍ਹੇ, ਮੁਨੀ ਨੇ ਸਚ ਹਰੀ ਚੰਦ ਦਾ ਨਚਾਇਆ ਜੀਭ ਤੇ ਦਾਬੜਾ ਦਲੀਪ ਦਾ ਦਿਖਾਇਆ ਜੀਭ ਤੇ ਜਸ ਗਾਇਆ ਇੰਦੁਮਤੀ ਵਾਲੇ ਅਜ ਦਾ ਗੁਣ ਗਿਣ ਰਘੂ ਦੇ ਮੁਨੀ ਨਾ ਰਜਦਾ ਸੂਰਜ ਤੋਂ ਟੁਕ ਕੇ ਜੋ ਆਈ ਜੋਤ ਸੀ ਦਸਰਥ ਵਿਚ ਆ ਸਮਾਈ ਜੋਤ ਸੀ ਜੋਤ ਇਹ ਸਮੁਚੀ ਪੁੱਤਾਂ ਵਿਚ ਆ ਗਈ ਮੁਨੀਆਂ ਦੇ ਸੁੱਤੇ ਹਵਨ ਜਗਾ ਗਈ ਇੰਜ ਰਘੂਬੰਸੀਆਂ ਦੇ ਗੁਣ ਗਾਂਵਦੇ ਚੁਪ ਹੋਏ ਮੁਨੀ ਬਲਿਹਾਰ ਜਾਂਵਦੇ ਕੁੜਮਾਂ ਦਾ ਗੁਣ ਸੁਣ ਹੁਣ ਡੋਲ੍ਹਦੇ ਜਨਕ ਜੀ ਆਪਣਿਆਂ ਵਲੋਂ ਬੋਲਦੇ ਅੰਮ੍ਰਿਤ ਪੀ ਵਿਦੇਹਾਂ ਦੀ ਕਹਾਣੀ ਦਾ ਜਾਗੀ ਸੁੱਤੀ ਸੁੱਤੀ ਜਾਗੀ ਸਭਾ ਜਾਣੀ ਦਾ ਫੁੱਲਾਂ ਨੂੰ ਖਿੜਾ ਕੇ ਮਟਕਾ ਕੇ ਭੌਰਾਂ ਨੂੰ ਬਦਲ ਗੱਜਾ ਕੇ ਤੇ ਨਚਾ ਕੇ ਮੋਰਾਂ ਨੂੰ ਜਨਕ ਵਸ਼ਿਸ਼ਠ ਜੀ ਨੂੰ ਹੱਥ ਜੋੜ ਕੇ ਬੋਲੇ ਨਰਮਾਈ ਦੀਆਂ ਹੱਦਾਂ ਤੋੜ ਕੇ ਮੈਂ ਹਾਂ ਆਪਦਾ ਤੇ ਮਿਥਿਲਾ ਹੈ ਆਪਦੀ ਪੁੱਗੀ ਅਜ ਅੌਧ ਮੇਰੇ ਪਾਪ ਤਾਪ ਦੀ ਜਾਨਾਂ ਮੈਂ ਵਿਦੇਹ ਕੁਲ ਅੱਜ ਤਾਰਿਆ ਅਜ ਮੇਰੇ ਪਿਤਰਾਂ ਦਾ ਰਿਦਾ ਠਾਰਿਆ ਧਨੁਖ ਸ਼ਿਵਾਂ ਦਾ ਰਾਮ ਜੀ ਨੇ ਤੋੜਿਆ ਮਿਥਿਲਾ ਅਜੁੱਧਿਆ ਦਾ ਜੋੜ ਜੋੜਿਆ ਸ਼ਰਤ ਬਹਾਨੇ ਸੀਤਾ ਹੋਈ ਆਪ ਦੀ ਮਿਲੀ ਸਾਡੇ ਕੋੜਮੇਂ ਨੂੰ ਢੋਈ ਆਪ ਦੀ ਸੀਤਾ ਵਾਂਗ ਉਰਮਿਲਾ ਵੀ ਮੇਰੀ ਬਾਲੀ ਏ ਬਿਧਨਾ ਨੇ ਜਿਕੂੰ ਓਸੇ ਢਾਂਚੇ ਢਾਲੀ ਏ ਲਛਮਣ ਆਪ ਦਾ ਹੈ ਰਾਮ ਦੂਸਰਾ ਝਲਕਾਂ ਨੇ ਓਹੀਓ ਪਰ ਨਾਮ ਦੂਸਰਾ ਕੁੜਮਾਂ ਦੇ ਨੈਣ ਕੌਲਾਂ ਵਾਂਗ ਖਿੜ ਗਏ ਚੁਪ ਤੇ ਅਨੰਦ ਆਪ ਵਿਚ ਭਿੜ ਗਏ ਗੁੰਗਿਆਂ ਨੇ ਗੁੜ ਖਾਧਾ ਕਿਵੇਂ ਬੋਲਦੇ ਸੈਨਤਾਂ ਦੇ ਪੱਲੜੇ ਪਰੇਮ ਤੋਲਦੇ ਜਨਕ ਜੀ ਬੈਠੇ ਸਨ ਹੱਥ ਜੋੜ ਕੇ ਵਿਸ਼ਵਾ ਮਿਤਰ ਬੋਲੇ ਚੁਪ ਤੋੜ ਕੇ ਸੂਰਜ ਦਾ ਕੁਲ ਕੁਲ ਜੱਗ ਜਾਣਦਾ ਬੰਸ ਨਾ ਵਿਦੇਹ ਬੰਸ ਦੇ ਹੈ ਹਾਣ ਦਾ ਜਨਕ ਜੀ ਬ੍ਰਹਮ ਨਗਰੀ ਦੇ ਭੇਤੀ ਨੇ ਦਸ਼ਰਥ ਇੰਦਰਪੁਰੀ ਦੇ ਹੇਤੀ ਨੇ ਸਾਂਵੇਂ ਕੁਲ ਪ੍ਰੇਮ ਦੀ ਲੜੀ ਪਰੁੱਚ ਗਏ ਸਾਂਵੇਂ ਸਰਬੰਧੀ ਆਪੋ ਵਿਚ ਰੁੱਚ ਗਏ ਮੰਨੀ ਗੱਲ ਆਪ ਦੀ ਨਿਹਾਲ ਹੋ ਗਏ ਜਿਵੇਂ ਆਖੋ ਆਪ ਦੇ ਇਹ ਲਾਲ ਹੋ ਗਏ ਅਸਾਂ ਦੀ ਵੀ ਆਸ ਇਕ ਪੂਰੀ ਕਰਨੀ ਅਜੇ ਤੀਕਾਂ ਜਾਪਦੀ ਅਧੂਰੀ ਕਰਨੀ ਕੁਸ਼ਧਜ ਆਪ ਦੇ ਇਹ ਭਾਈ ਪੂਰੇ ਨੇ ਆਪ ਵਾਂਗ ਧਰਮ ਕਰਮ ਦੇ ਇਹ ਸੂਰੇ ਨੇ ਇਨ੍ਹਾਂ ਦੀਆਂ ਸੁਣੀਦੀਆਂ ਦੋ ਕੁਮਾਰੀਆਂ ਦੋਵੇਂ ਗੁਣ ਰੂਪ ਚੱਜ ਥੀਂ ਸ਼ਿੰਗਾਰੀਆਂ ਦਸਰਥ ਜੀ ਦੇ ਵੀ ਦੋ ਲਾਲ ਹੋਰ ਨੇ ਗੁਣਾਂ ਥੀਂ ਜੋ ਜਗ ਦੇ ਦਿਲਾਂ ਦੇ ਚੋਰ ਨੇ ਕੰਨਿਆਂ ਦੋਹਾਂ ਦੀ ਮੇਰੀ ਮੰਗ ਮੰਨ ਲੌ ਦੋਵੇਂ ਕੁਲ ਆਪਣੇ ਸਮੁੱਚੇ ਬੰਨ੍ਹ ਲੌ ਚੰਨ ਚਾਨਣੀ ਦਾ ਪੂਰਾ ਖੇਲ ਕਰ ਲੌ ਰਤਨਾਂ ਤੇ ਰਤਨਾਂ ਦਾ ਮੇਲ ਕਰ ਲੌ ਸੌ ਸੌ ਹਾਂ ਜਨਕ ਦੀ ਚੁੱਪ ਵਿਚ ਸੀ ਹਰਖ ਹਜ਼ਾਰ ਲੁਕ ਛੁਪ ਵਿਚ ਸੀ ਗਲ ਕੀ ਕਿ ਮੇਲ ਪੂਰੋ ਪੂਰ ਹੋ ਗਿਆ ਮਿਥਿਲਾ ਦੇ ਵਿਚ ਨੂਰੋ ਨੂਰ ਹੋ ਗਿਆ ਦਸਰਥ ਕੌਲ ਫੁਲ ਵਾਂਗ ਖਿੜਿਆ ਆਖ ਰਾਜ ਰਿਸ਼ੀ ਨਾਲ ਮੱਥਾ ਭਿੜਿਆ ਜਨਕ ਨੇ ਅਜ ਰਘੂਕੁਲ ਤਾਰਿਆ ਜਗ ਵਿਚ ਨਵਾਂ ਹੀ ਸੁਰਗ ਉਸਾਰਿਆ ਭਗਤੀ ਪਿਆਰ ਨੂੰ ਵੰਗਾਰ ਦੱਸਿਆ ਸੇਵਾ ਸਤਕਾਰ ਨੂੰ ਸ਼ਿੰਗਾਰ ਦੱਸਿਆ ਆਗਿਆ ਜੋ ਰਿਸ਼ੀ ਰਾਜੇ ਦੀ ਵਜਾਵਾਂਗੇ ਇਕ ਦਿਨ ਚਾਰੇ ਕਾਰਜ ਰਚਾਵਾਂਗੇ ਪਾ ਕੇ ਸਤਕਾਰ ਪੂਜਾ ਲੈ ਕੇ ਆ ਗਿਆ ਟੋਲਾ ਇਹ ਅਜੁੱਧਿਆ ਦਾ ਡੇਰੇ ਆ ਗਿਆ ਦੂਜੇ ਦਿਨ ਵਿਸ਼ਨੂੰ ਦਾ ਧਿਆਨ ਧਰ ਕੇ ਨਾਂਦੀ ਮੁਖ ਯੱਗ ਵਿਧ ਨਾਲ ਕਰ ਕੇ ਚੌਹਾਂ ਹੀ ਕੁਮਾਰਾਂ ਗਊਆਂ ਦਾਨ ਕੀਤੀਆਂ ਸੁਖਾਂ ਕਲਿਆਨਾਂ ਦੀਆਂ ਧਾਰਾਂ ਪੀਤੀਆਂ ਸੱਜ ਸੂਈਆਂ ਵੱਛਿਆਂ ਦੇ ਨਾਲ ਸੱਜੀਆਂ ਸੁਥਰੀਆਂ ਸੋਹਣੀਆਂ ਜਵਾਨ ਰੱਜੀਆਂ ਗਊਆਂ ਲੈ ਗਏ ਬਾਹਮਣ ਸ਼ਲੋਕ ਬੋਲਦੇ ਦਾਨੀਆਂ ਦੇ ਕੰਨੀਂ ਅੰਮ੍ਰਿਤ ਘੋਲਦੇ *** *** *** ਚੜ੍ਹਿਆ ਨਛੱਤਰ ਸੁਹਾਗ ਵਾਲੜਾ ਮਿਥਿਲਾ ਅਜੁੱਧਿਆ ਦੇ ਭਾਗ ਵਾਲੜਾ ਸ਼ਤਾਨੰਦ ਵੇਦੀ ਨੂੰ ਸਜਾ ਰਹੇ ਸਨ ਮੰਡੂਆ ਵਸ਼ਿਸ਼ਠ ਜੀ ਫਬਾ ਰਹੇ ਸਨ ਵਿਸ਼ਵਾ ਮਿਤਰ ਫੇਰੇ ਪਾ ਰਹੇ ਸਨ ਰਿਸ਼ੀ ਮੁਨੀ ਠਾਠਾਂ ਬੰਨ੍ਹ ਆ ਰਹੇ ਸਨ ਫੁੱਲ ਹਾਰ ਵੇਦੀ ਵਿਚ ਤਿਵੇਂ ਸੋਭਦੇ ਤਾਰੇ ਨੇ ਅਕਾਸ਼ ਵਿਚ ਜਿਵੇਂ ਸੋਭਦੇ ਧੂਪ ਬੱਤੀਆਂ ਦਾ ਧੂੰ ਘੁਮੇਟੀ ਮਾਰਦਾ ਫੁੱਲ ਤਾਰਿਆਂ ਤੋਂ ਜਿਵੇਂ ਆਪਾ ਵਾਰਦਾ ਕਿਤੇ ਰੱਖੇ ਘੜੇ ਸਾਖਾਂ ਨਾਲ ਭਰੇ ਸੀ ਕਿਤੇ ਸਜੇ ਸੰਖਾਂ ਵਾਲੇ ਥਾਲ ਧਰੇ ਸੀ ਕਿਤੇ ਦੁੱਧ ਦਹੀਂ ਸ਼ਹਿਦ ਦੀਆਂ ਕੌਲੀਆਂ ਕੇਸਰ ਸੀ ਕਿਤੇ ਚਾਵਲ ਤੇ ਮੌਲੀਆਂ ਮੰਤਰ ਵਸ਼ਿਸ਼ਠ ਜੀ ਨੇ ਬੋਲ ਬੋਲ ਕੇ ਕੁਸ਼ਾ ਦੀਆਂ ਦੱਥਰੀਆਂ ਖੋਲ੍ਹ ਖੋਲ੍ਹ ਕੇ ਚਾਰੇ ਪਾਸੇ ਵੇਦੀ ਦੇ ਵਿਛਾਈ ਛੋਪਲੇ ਵਿਧ ਨਾਲ ਅਗਨ ਜਲਾਈ ਛੋਪਲੇ ਦੋਵੇਂ ਧਿਰਾਂ ਆਸਨਾਂ ਤੇ ਆ ਕੇ ਸੱਜੀਆਂ ਚਾਵਾਂ ਨਾਲ ਚਾਹਵਾਂ ਪੇਚੇ ਪਾ ਕੇ ਸੱਜੀਆਂ ਵੇਦੀ ਵੇਹੜਾ ਮੁੰਡੂਆਂ ਪਸਾਰ ਭਰ ਗਏ ਲੋਕਾਂ ਨਾਲ ਗਲੀਆਂ ਬਜ਼ਾਰ ਭਰ ਗਏ ਸੈਨਤਾਂ ਵਧਾਈਆਂ ਠੱਠੇ ਹਾਸੇ ਬੋਲੀਆ ਗੱਲਾਂ ਛਿੜ ਪਈਆਂ ਤਿੱਖੀਆਂ ਤੇ ਭੋਲੀਆਂ ਹੁਣ ਲੌ ਕੁਮਾਰੀਆਂ ਕੁਮਾਰ ਆ ਗਏ ਦੋਹਾਂ ਰਾਜਬੰਸਾਂ ਦੇ ਸ਼ਿੰਗਾਰ ਆ ਗਏ ਪਾਸੇ ਆਪੋ ਆਪਣੇ ਇਹ ਚੰਨ ਰੋਹਣੀਆਂ ਬੈਠ ਗਏ ਪਾਂਦੇ ਸਾਰਿਆਂ ਤੇ ਮੋਹਣੀਆਂ ਕੁੰਡ ਦੀਆਂ ਲਾਟਾਂ ਮੰਤਰੀ ਲਪੇਟੀਆਂ ਉੱਠ ਪਈਆਂ ਝਟ ਖਾਂਦੀਆਂ ਘੁਮੇਟੀਆਂ ਸੀਤਾ ਜੀ ਦੇ ਸਿਰ ਉਤੇ ਹੱਥ ਧਰ ਕੇ ਰਿਸ਼ੀਆਂ ਨੇ ਅਗਨ ਨੂੰ ਅੱਗੇ ਕਰ ਕੇ ਜਨਕ ਜੀ ਬੋਲੇ ਕਲਿਆਨ ਰਾਮ ਜੀ ਕੀਤਾ ਸੀਤਾ ਪੁੱਤਰੀ ਦਾ ਦਾਨ ਰਾਮ ਜੀ ਹੁਣ ਤੋਂ ਇਹ ਸਾਰੀ ਪੁਰੀ ਹੋਈ ਆਪ ਦੀ ਧੁਰਾਂ ਤੋਂ ਇਹ ਜੋੜੀ ਚਲੀ ਆਈ ਜਾਪਦੀ ਧਨੁਖ ਸ਼ਿਵਾਂ ਦਾ ਇਹ ਬਹਾਨਾ ਬਣਿਆ ਵਿਧ ਮਾਤਾ ਸੋਚ ਕੇ ਇਹ ਤਾਨਾ ਤਣਿਆ ਵੱਡੇ ਵੱਡੇ ਜੋਧੇ ਟਿੱਲਾਂ ਲਾ ਲਾ ਹਾਰ ਗਏ ਰਾਹੂ ਅਗੇ ਚੰਨ ਜੱਸ ਦਾ ਨਿਘਾਰ ਗਏ ਸ਼ਿਵਾ ਦੇ ਪਿਨਾਕ ਮਿਥਿਲਾ ਨੂੰ ਤਾਰਿਆ ਰਾਮ ਨੇ ਵਿਦੇਹ ਬੰਸ ਨੂੰ ਸਿੰਗਾਰਿਆ ਹੱਥ ਫੜ ਸੀਤਾ ਤੇਰੀ ਬਾਂਦੀ ਹੋ ਗਈ ਰਘੂਆਂ ਦੀ ਧੁਰੋਂ ਰਘੂਆਂ ਦੀ ਹੋ ਗਈ ਆਲੀ ਭੋਲੀ ਜਗ ਦਾ ਨਾ ਕੁਝ ਜਾਣਦੀ ਵੰਨਗੀ ਹੈ ਪਰ ਮਿੱਠਤਾਂ ਦੀ ਖਾਣ ਦੀ ਜਾਨਕੀ ਮੈਂ ਜਾਨਾਂ ਸੱਚ ਦਾ ਸ਼ਿੰਗਾਰ ਹੈ ਧਰਮ ਦੀ ਧਾਰ ਸੁੱਚਮ ਦੀ ਸਾਰ ਹੈ ਜਿੰਦ ਦਾ ਮੈਂ ਟੋਟਾ ਦਾਨ ਕਰਾਂ ਰਾਮ ਜੀ ਹੱਥ ਫੜੋ ਏਸ ਦਾ ਮੈਂ ਤਰ੍ਹਾਂ ਰਾਮ ਜੀ ਛੱਡੀ ਚੁਲੀ ਮੰਤਰੀ ਹੋਈ ਇਹ ਬੋਲ ਕੇ ਵੇਖਿਆ ਇਹ ਝਾਕਾ ਤਿੰਨਾਂ ਲੋਕਾਂ ਡੋਲ ਕੇ ਫਰ ਫਰ ਕੁੰਡ ਵਿਚੋਂ ਲਾਟਾਂ ਚੜ੍ਹੀਆਂ ਲਛੇਦਾਰ ਧੂੰ ਨੇ ਉਤੇ ਪਾਈਆਂ ਜੜੀਆਂ ਖੁਸ਼ੀਆਂ ਚੁਪਾਸੇ ਫੁੱਲਾਂ ਵਾਂਗ ਮਹਿਕੀਆਂ ਪੰਛੀਆਂ ਦੇ ਵਾਂਗਰਾਂ ਵਧਾਈਆਂ ਚਹਿਕੀਆ ਜਨਕ ਜੀ ਹੁਣ ਸੁਖ ਸਾਹ ਭਰਦੇ ਹੋਰਨਾਂ ਕੁਮਾਰੀਆਂ ਦੀ ਡੌਲ ਕਰਦੇ ਉਰਮਲਾ ਨੂੰ ਲੱਛਮਣ ਕੋਲ ਖੜਿਆ ਮਾਂਡਵੀ ਨੂੰ ਭਰਤ ਦੇ ਨਾਲ ਜੜਿਆ ਸ਼ਤ੍ਰਘਨ ਸ਼ਤਕੀਰਤੀ ਨੂੰ ਮੇਲਿਆ ਇੰਜ ਚਾਰ-ਮੁਖੀਆ ਜਹਾਜ਼ ਠੇਲਿਆ ਗਰਜ ਸਮੁੰਦਰ ਹੁਲਾਰੇ ਮਾਰਦਾ ਖੁਸ਼ੀ ਦਾ ਜਹਾਜ਼ ਲਿਸ਼ਕਾਰੇ ਮਾਰਦਾ ਆ ਗਿਆ ਕੁਮਾਰ ਸਿਰ ਮੱਥੇ ਧਰਕੇ ਹੱਥਾਂ ਵਿਚ ਹੱਥ ਕੂਲੇ ਕੂਲੇ ਫੜ ਕੇ ਨਾਲ ਲੈ ਵਿਦੇਹ ਬੰਸ ਦੀਆਂ ਬੇਟੀਆਂ ਅਗਨ ਦਵਾਲੇ ਘੱਤਦੇ ਘੁਮੇਟੀਆਂ ਪੂਜਾ ਪਰਦੱਖਣਾ ਸਭਾ ਦੀ ਕਰ ਕੇ ਪੂਰੀ ਰੀਤ ਵੇਦਕ ਵਿਆਹ ਦੀ ਕਰ ਕੇ ਲੈ ਕੇ ਪਰਕਰਮਾ ਅਗਨ ਦੇਵਾਂ ਦੀ ਵੇਦਾਂ ਦੀ ਮਹਾਤਮਾ ਦੀ ਦੋਵਾਂ ਪੇਵਾਂ ਦੀ ਚਾਰੇ ਚਹਵਾਂ ਨਾਰੀਆਂ ਨੂੰ ਨਾਲ ਕਰ ਕੇ ਜੁਟੀਆਂ ਵਹੀਰਾਂ ਨੂੰ ਨਿਹਾਲ ਕਰ ਕੇ ਡੇਰੇ ਵੱਲ ਨੂੰ ਮੁਹਾਰਾਂ ਮੋੜ ਟੁਰ ਪਏ ਵੇਦਾਂ ਉਪਨਿਸ਼ਦਾਂ ਦੇ ਜੋੜ ਟੁਰ ਪਏ ਪਿੱਛੇ ਪਿੱਛੇ ਰਿਸ਼ੀ ਮੁਨੀ ਰਾਜੇ ਟੁਰ ਪਏ ਚਾਵਾਂ ਤੇ ਉਮਾਹਵਾਂ ਭਰੇ ਵਾਜੇ ਟੁਰ ਪਏ *** *** *** ਹੀਰਾ ਕਣੀਆਂ ਸਜਾਈ ਰਾਤ ਧਾ ਗਈ ਸੁਭਰਾਂ ਸੁਹਾਈ ਪਰਭਾਤ ਆ ਗਈ ਵਿਸ਼ਵਾ ਮਿਤਰ ਮੁੱਢ ਸਾਰੀ ਗੱਲ ਦੇ ਕੁੜਮਾਂ ਨੂੰ ਪੁੱਛ ਜਾ ਗੁਫਾਵਾਂ ਮੱਲਦੇ ਆਇਆਂ ਦੇ ਜਾਂ ਸੇਵਾ ਸਤਕਾਰ ਹੋ ਗਏ ਦਸਰਥ ਜਾਣ ਨੂੰ ਤਿਆਰ ਹੋ ਗਏ ਜਨਕ ਨੇ ਵੇਲਾ ਜਾਣ ਜੰਜ ਜਾਣ ਦਾ ਮਾਤ ਇਤਿਹਾਸ ਕੀਤਾ ਦਾਜ ਦਾਨ ਦਾ ਗਊਆਂ ਘੋੜੇ ਹਾਥੀ ਰਥ ਜੋਧੇ ਸੈਂਕੜੇ ਸੋਨਾ ਚਾਂਦੀ ਰਤਨਾਂ ਦੇ ਤੋਦੇ ਸੈਂਕੜੇ ਦਾਸ ਦਾਸੀਆਂ ਸਹੇਲੀਆਂ ਹਜ਼ਾਰ ਸੀ ਊਨੀ ਸੂਤੀ ਰੇਸ਼ਮੀ ਨਾ ਆਰ ਪਾਰ ਸੀ ਜਾਪਿਆ ਕੁਬੇਰ ਦਾ ਭੰਡਾਰ ਖੁਲ੍ਹਿਆ ਵੱਡੇ ਜਾਦੂਗਰ ਦਾ ਪਟਾਰ ਖੁਲ੍ਹਿਆ ਜਾਂਜੀ ਕਰ ਘਰ ਦਾ ਧਿਆਨ ਟੁਰ ਪਏ ਜਨਕ ਜੀ ਜੰਜ ਨੂੰ ਪੁਚਾਨ ਟੁਰ ਪਏ ਢੋਲਕਾਂ ਦੀ ਡੂੰਘੀ ਡਿਮ ਡਿਮ ਵਿਚ ਦੋਂ ਗੀਤਾਂ ਮਿੱਠਿਆਂ ਦੀ ਰਿਮ ਝਿਮ ਵਿਚ ਦੋਂ ਟੁਰੀ ਜਾਂਦੇ ਰੋਂਦੀ ਮੁਸਕਾਨ ਵਿਚ ਦੋਂ ਖਿੜੀ ਖਿੜੀ ਹੰਝੂਆਂ ਦੀ ਸ਼ਾਨ ਵਿਚ ਦੋਂ ਧੇਤੇ ਪੁੱਤਰੇਤੇ ਜੂਹਾਂ ਥਾਨੀ ਪੁਜ ਗਏ ਅੰਤਲੇ ਨਮਸਤਿਆਂ ਦੇ ਵਿਚ ਰੁਝ ਗਏ ਜਨਕ ਜੀ ਹਿੱਕ ਨਾਲ ਲਾ ਕੇ ਸੀਤਾ ਨੂੰ ਬੋਲੇ ਹੰਝੂ ਪੂੰਝ ਕੇ ਪੁੰਝਾ ਕੇ ਸੀਤਾ ਨੂੰ ਏਸ ਵੇਲੇ ਦਿਲ ਮਾਪਿਆਂ ਦਾ ਪਾਟਦਾ ਵੱਸ ਚਲਦਾ ਨਾ ਧੀਏ ਗਿਆਨ ਪਾਠ ਦਾ ਪੱਥਰ ਮੈਂ ਛਾਤੀ ਉਤੇ ਰਖ ਬੋਲਾਂਗਾ ਸਿਖਿਆ ਦੇ ਗਿੱਲੇ ਗਿੱਲੇ ਪੰਨੇ ਖੋਲ੍ਹਾਂਗ਼ਾ ਕਲ ਸੈਂ ਤੂੰ ਸਾਡੀ ਅਜ ਹੋਈ ਏਂ ਹੋਰ ਦੀ ਚਾਲ ਸਮੇਂ ਦੀ ਨਾ ਚਲਦੀ ਹੈ ਜ਼ੋਰ ਦੀ ਧਨ ਧੀ ਪਰਾਇਆ ਸਾਰਾ ਜਗ ਜਾਣਦਾ ਭੁੱਲ ਮੁੱਲ ਅਜ ਮਾਪਿਆਂ ਦੇ ਮਾਨ ਦਾ ਪੇਕਿਆਂ ਦੀ ਸਿਫਤ ਜਾਂ ਮਾਨ ਕਰਨਾ ਸੌਹਰਿਆਂ ਨੂੰ ਹੋਂਦਾ ਕਦੀ ਔਖਾ ਜਰਨਾ ਦੱਸੇ ਕਰਤੂਤ ਕਿਸੇ ਦੀ ਉਹ ਕੌਣ ਸੀ ਮੰਗਤੀ ਜਾਂ ਰਾਣੀ ਝੌਂਪੜੀ ਜਾਂ ਭੌਣ ਸੀ ਨਵੇਂ ਮਾਪਿਆਂ ਦੀ ਪੂਜਾ ਪੁੱਜ ਕਰਨੀ ਸੇਵਾ ਥੀਂ ਰਿਝਾਵਣ ਦੀ ਸੁੱਝ ਕਰਨੀ ਪਤਿ ਦੇਵਤਾ ਨੂੰ ਸਭ ਕੁਝ ਜਾਨਣਾ ਉਸੇ ਦੇ ਧਿਆਨ ਵਿਚ ਰੁਝ ਜਾਵਣਾ ਖਿੜੇ ਮੱਥੇ ਸਦਾ ਪਤੀ ਨਾਲ ਬੋਲਣਾ ਫੁੱਲ ਕੇਰਨਾ ਤੇ ਅੰਮ੍ਰਿਤ ਘੋਲਨਾ ਕੰਮ ਕਰੀਂ ਮਾਵਾਂ ਨਵੀਂਆਂ ਨੂੰ ਚਾਨਨਾ ਇਕ ਕੋਲੋਂ ਦੂਜੀ ਨੂੰ ਸਵਾਈ ਜਾਨਨਾ ਭਾਈਆਂ ਨਾਲੋਂ ਦੇਵਰਾਂ ਨੂੰ ਜਾਨੀਂ ਵਧ ਕੇ ਧੀਏ ਗੰਢ ਬੰਨ੍ਹ ਲੈ ਮੈਂ ਜਾਵਾਂ ਸਦਕੇ ਦਾਸ ਦਾਸੀਆਂ ਨੂੰ ਸਦਾ ਮਿੱਠਾ ਬੋਲਨਾ ਘਰ ਦੀਆਂ ਗੱਲਾਂ ਵਿੱਚ ਸਾਵਾਂ ਤੋਲਣਾ ਫੁੱਟ ਪਈ ਏ ਧੀਏ ਹੰਝੂਆਂ ਦੀ ਇਹ ਲੜੀ ਟੁੱਟ ਪਈ ਏ ਅੱਜ ਮੇਰੇ ਗਿਆਨ ਦੀ ਕੜੀ ਕੀ ਬੋਲਾਂ ਮੈਂ ਕੀ ਨਾ ਬੋਲਾਂ ਜਾਹ ਜੇ ਜਾਨੀ ਏ ਇਕ ਝੁੱਗਾ ਛੱਡ ਦੂਸਰਾ ਵਸਾਨੀ ਏਂ ਸੁਖੀ ਵੱਸ ਸਹੁਰੇਂ ਅਸੀਂ ਵੀ ਜੀ ਲਵਾਂਗੇ ਘੁੱਟ ਜੀ ਨੂੰ ਘੁੱਟ ਗ਼ਮ ਦੇ ਪੀ ਲਵਾਂਗੇ ਜਨਕ ਦੀ ਜੀਭ ਸਹਿਮ ਖਾ ਕੇ ਖਿਸਕੀ ਜਾਨਕੀ ਦੀ ਸੀ ਉਦਾਸੀ ਹੰਝੂ ਸਿਸਕੀ ਮਾਤਾ ਆਖੇ ਦੁਨੀਆਂ ਹਨੇਰ ਹੋ ਗਈ ਬਿਧ ਮਾਤਾ ਮੇਰੇ ਉਤੇ ਸ਼ੇਰ ਹੋ ਗਈ ਧੀ ਨੂੰ ਹਾਏ ਚੋਰ ਬਣ ਰਾਮ ਲੈ ਗਿਆ ਧਨੁਖ ਚਲਾਣ ਦਾ ਇਨਾਮ ਲੈ ਗਿਆ ਜਗ ਦੀ ਹੈ ਰੀਤ ਇਹ ਤਾਂ ਮੈਂ ਵੀ ਜਾਣਦੀ ਮੋਹ ਅਗੇ ਪਰ ਚਲਦੀ ਨਾ ਗਿਆਨ ਦੀ ਬਸ ਸੁਖੀ ਵੱਸ ਧੀਏ ਸਹੁਰੇ ਜਾਨੀਏ ਧੀ ਪਰਾਇਆ ਧਨ ਅਸੀਂ ਅਜ ਜਾਨੀਏ ਜ਼ੋਰ ਨ ਅਸਾਡਾ ਚਲੇ ਜ਼ੋਰਾਵਰਾਂ ਤੇ ਪੰਛੀਆਂ ਦੇ ਜ਼ੋਰ ਦੀ ਹੈ ਹੱਦ ਪਰਾਂ ਤੇ ਮਿਚਦੇ ਨੇ ਦੁਨੀਆਂ ਦੇ ਮੇਚ ਵਰਾਂ ਤੇ ਹੰਸ ਜਾਣੋਂ ਰਹਿੰਦੇ ਨਹੀਂ ਮਾਨ ਸਰਾਂ ਤੇ ਚੁਗਦੀ ਜਾ ਸਿਖਿਆ ਦੇ ਮੋਤੀ ਪਿਆਰੀਏ ਸੀਤਾ ਗੁਣ ਰੂਪ ਸੁਚੱਮ ਸ਼ਿੰਗਾਰੀਏ ਪਤੀ ਦੇਵਤਾ ਦੀ ਸਦਾ ਸੇਵਾ ਕਰਨੀ ਪਤਨੀ ਦੀ ਸਾਰੀ ਪੂਰੀ ਇਹੋ ਕਰਨੀ ਸਤੀਆਂ ਦੇ ਪੈਰੇ ਦਿਨ ਰਾਤ ਚਲਨਾ ਉੱਚਾ ਥਾਂ ਅਰੁੰਧਤੀ ਦਾ ਤਾਂਹੀਂ ਮਲਨਾ ਫੁੱਲ ਨਿਤ ਖੇੜੀਂ ਮੋਤੀ ਕੇਰੀਂ ਜਾਨਕੀ ਗੁਣ ਜਾਦੂ ਪਤੀ ਉੱਤੇ ਫੇਰੀਂ ਜਾਨਕੀ ਨਵੇਂ ਮਾਪਿਆਂ ਨੂੰ ਮੋਹੀਂ ਕੰਮੀਂ ਜਾਨਕੀ ਆਪਣੀ ਹੀ ਜਾਪੇ ਜਿਵੇਂ ਜੰਮੀ ਜਾਨਕੀ ਪ੍ਰੇਮ ਰਾਹੀਂ ਸੋਹੇ ਅਸਮਾਨ ਰੋਹਿਣੀ ਪ੍ਰੇਮ ਦਾ ਵਿਹਾਰ ਜਾਦੂ ਟੂਨਾ ਮੋਹਿਨੀ ਮਾਪਿਆਂ ਨੇ ਅੱਖਾਂ ਨਾਲ ਪੀ ਕੇ ਸੀਤਾ ਨੂੰ ਪਿਆਰ ਕਰ ਮਰ ਮਰ ਜੀ ਕੇ ਸੀਤਾ ਨੂੰ ਧੀਆਂ ਦੂਜੀਆਂ ਦੇ ਵਲ ਧਿਆਨ ਫੇਰਿਆ ਸੋਗ ਭਰੇ ਪਿਆਰਾਂ ਆਹਾਂ ਨਾਲ ਘੇਰਿਆ ਬਿਜਲੀਆਂ ਬੱਦਲਾਂ ਨੇ ਪਾਈਆਂ ਫੇਰੀਆਂ ਚਲੇ ਪਰਨਾਲੇ ਛੁੱਟੀਆਂ ਹਨੇਰੀਆਂ ਮਾਪਿਆਂ ਦੇ ਜੇਠ ਹਾੜ ਸੌਣ ਬੀਤ ਗਏ ਬੱਚਿਆਂ ਦੇ ਰੋਣ ਕੁਰਲੌਣ ਬੀਤ ਗਏ ਚਹਵਾਂ ਹੀ ਕੁਮਾਰਾਂ ਨੂੰ ਪਿਆਰ ਕਰਦੇ ਸਿੱਖਾਂ ਸੋਪਨਾਵਾਂ ਸਭਿਆਰ ਕਰਦੇ ਕੁੜਮਾਂ ਤੋਂ ਮੁੜ ਮੁੜ ਆਪਾ ਵਾਰਦੇ ਮੰਤਰੀਆਂ ਮੁਨੀਆਂ ਦਾ ਮਨ ਠਾਰਦੇ ਧੇਤੇ ਦਿਲੀਂ ਦੱਬੇ ਅਰਮਾਨ ਕੱਢ ਗਏ ਪਿਆਰ ਨਾਲ ਜਾਂਜੀਆਂ ਦੀ ਜਾਨ ਕੱਢ ਗਏ *** *** *** ਪ੍ਰੇਮ ਗੰਗਾ ਵਿਚ ਇਸ਼ਨਾਨ ਕਰ ਕੇ ਜਾਂਜੀ ਟੁਰੇ ਮਨ ਚਿਤ ਦਾਨ ਕਰ ਕੇ ਟੁਰਦੇ ਹੀ ਰਾਜਾ ਜੀ ਦੀ ਵੱਖੀ ਧੜਕੀ ਸੱਜੀ ਨਾਲ ਖੱਬੀ ਦੇਖੋ ਅੱਖ ਫੜਕੀ ਸ਼ਗਨ ਅਨੇਕਾਂ ਚੰਗੇ ਮਾੜੇ ਦਿਸ ਪਏ ਦਿਸ ਪਈਆਂ ਖੁਸ਼ੀਆਂ ਪੁਆੜੇ ਦਿਸ ਪਏ ਦੇਖ ਦਸ਼ਰਥ ਜੀ ਨੂੰ ਇੰਜ ਡੋਲਦੇ ਮੂੰਹ ਵਿਚ ਹੱਸ ਕੇ ਵਸ਼ਿਸ਼ਠ ਬੋਲਦੇ ਬੱਦਲ ਅਸਾਡੇ ਉਤੇ ਕੋਈ ਆਵੇਗਾ ਕਰਮਾਂ ਦੀ ਫੂਕ ਨਾਲ ਉੱਡ ਜਾਵੇਗਾ ਗੱਲ ਕਰਦੇ ਹਨੇਰੀ ਚੱਲੀ ਜ਼ੋਰ ਦੀ ਧਰਤੀ ਭੁਚਾਲ ਨਾਲ ਹੱਲੀ ਜ਼ੋਰ ਦੀ ਚਹਵੀਂ ਪਾਸੀਂ ਰੁਖ ਝੁਲ ਢੈਣ ਲੱਗ ਪਏ ਵੱਟਿਆਂ ਦੇ ਨਾਲ ਵੱਟੇ ਖੈਹਣ ਲੱਗ ਪਏ ਸੂਰਜ ਹਨੇਰੇ ਵਿਚ ਸਹਿਮ ਬਹਿ ਗਿਆ ਤਰਫ਼ਾਂ ਨੂੰ ਆਪਣਾ ਨਾ ਗਿਆਨ ਰਹਿ ਗਿਆ ਜੰਜ ਨਿੰਮੋਝੂਨੀ ਸੋਚੇ ਕਿਵੇਂ ਕਰੀਏ ਕਿਵੇਂ ਅਨਸੁਣੇ ਇਸ ਭੈ ਤੋਂ ਤਰੀਏ ਇਕ ਦਸ਼ਰਥ ਨੂੰ ਸੀ ਰਿਹਾ ਚਾਨਨਾ ਮੁਨੀ ਤੇ ਕੁਮਾਰਾਂ ਦਾ ਜਾ ਗਿਆ ਗਿਆਨ ਨਾ ਰਾਜਾ ਜੀ ਨੇ ਡਿੱਠਾ ਇਕ ਮੁਨੀ ਆਂਵਦੇ ਮੋਢੇ ਤੇ ਕੁਹਾੜਾ ਵੱਡਾ ਸਾਰਾ ਚਾਂਵਦੇ ਹੱਥਾਂ ਵਿਚ ਧਨਖ ਸੀ ਮਾਰੂ ਕੱਸਿਆ ਅੱਖਾਂ ਵਿਚ ਯਮ ਦਾ ਸੀ ਲੋਹੜ ਵੱਸਿਆ ਸਹਿਜੇ ਤੱਕਦਾ ਸੀ ਜਿਵੇਂ ਕਾਲ ਤੱਕਦਾ ਤੱਕ ਓਹਨੂੰ ਜਿਵੇਂ ਵੀਰ ਰਸ ਝੱਕਦਾ ਚੇਹਰੇ ਉਤੇ ਚੰਨ ਚੜ੍ਹਦੇ ਦੀ ਭੱਖ ਸੀ ਲਟਕਦਾ ਲਿਟਾਵਾਂ ਦਾ ਹਨੇਰਾ ਪੱਖ ਸੀ ਇਹੋ ਸੀ ਪਰਸਰਾਮ ਭ੍ਰਿਗ ਵੰਸ ਦਾ ਸੌਂਹ ਖਾਧੀ ਵੈਰੀ ਛੱਤਰੀਆਂ ਦੀ ਅੰਸ ਦਾ ਪੂਜਿਆ ਵਸ਼ਿਸ਼ਠ ਜੀ ਨੇ ਆਂਦੇ ਮੁਨੀ ਨੂੰ ਪਰਲੈ ਦਾ ਰੰਗ ਬਰਸਾਂਦੇ ਮੁਨੀ ਨੂੰ ਝੁਕ ਝੁਕ ਮਿੱਠਾ ਮਿੱਠਾ ਬੋਲੇ ਮੁਨੀ ਜੀ ਕਿਵੇਂ ਕਿਰਪਾ ਦੇ ਦਰ ਖੋਲ੍ਹੇ ਮੁਨੀ ਜੀ ਅੱਗੇ ਮੁਨੀ ਰਾਜ ਦਾ ਕੁਹਾੜਾ ਕੰਬਿਆ ਜਿਸ ਇੱਕੀ ਵਾਰ ਰਾਜਿਆਂ ਨੂੰ ਟੰਬਿਆ ਬੁੱਲ੍ਹ ਫਰਕਾ ਕੇ ਬੋਲੇ ਰਾਮ ਕੌਣ ਹੈ ਜਿਹਨੂੰ ਲੱਗੀ ਸੁਣੀ ਦੀ ਫ਼ੌਲਾਦੀ ਧੌਣ ਹੈ ਧਨੁਖ ਸ਼ਿਵਾਂ ਦਾ ਜਿਸ ਕਸ ਤੋੜਿਆ ਭਗਤਾਂ ਦਾ ਹਿਰਦਾ ਹੀ ਬਸ ਤੋੜਿਆ ਆਈ ਮੌਤ ਪੁੱਠੀ ਮਤ ਹੋਈ ਉਸਦੀ ਜਗ ਵਿਚ ਦਿਸਦੀ ਨਾ ਢੋਈ ਉਸਦੀ ਸੁਣ ਕੇ ਇਹ ਦਸਰਥ ਸੁੰਨ ਹੋ ਗਏ ਸਹਿਮ ਕੇ ਵਸ਼ਿਸ਼ਠ ਜਿਵੇਂ ਢੁੰਨ ਹੋ ਗਏ ਚੁਕ ਕੇ ਕੁਹਾੜਾ ਮੁਨੀ ਫੇਰ ਬੋਲਿਆ ਬੋਲੇ ਕਿਸ ਪਾਪੀ ਨੇ ਇਹ ਘੋਲ ਘੋਲਿਆ ਲਛਮਣ ਸੁਣ ਲਾਲੋ ਲਾਲ ਹੋ ਗਿਆ ਰੋਹ ਨਾਲ ਭਰਤ ਬੇਹਾਲ ਹੋ ਗਿਆ ਤੱਕ ਸ਼ਤਰੂਘਨ ਵੀ ਬੁੱਲ੍ਹ ਚੱਬਦਾ ਦਬਦਾ ਕਰੋਧ ਖੜਾ ਰਾਮ ਫਬਦਾ ਦਸਰਥ ਬੋਲੇ ਹੁਣ ਹੱਥ ਜੋੜ ਕੇ ਲੈਣਾ ਕੀ ਸੀ ਬਾਲ ਨੇ ਧਨਖ ਤੋੜ ਕੇ ਹੱਥ ਲਾਇਆ ਆਪੇ ਹੀ ਤੜਾਕ ਹੋ ਗਿਆ ਸੀਤਾ ਦਾ ਸੁਅੰਬਰ ਪਿਨਾਕ ਹੋ ਗਿਆ ਮੁਨੀ ਗੁੱਸਾ ਗਿਲਾ ਜਾਣ ਦਿਓ ਬਾਲ ਤੇ ਬ੍ਰਹਮ ਗਿਆਨੀ ਦਯਾ ਕਰੋ ਮੇਰੇ ਹਾਲ ਤੇ ਖੁੰਝਣੀਆਂ ਬਾਲ ਨਿਤ ਨਿਤ ਕਰਦੇ ਭਲੇ ਲੋਕ ਭੁਲਾਂ ਨਹੀਂ ਚਿੱਤ ਧਰਦੇ ਗੁੱਸੇ ਨਾਲ ਜੁੜੇ ਨਾ ਕਮਾਨ ਟੁੱਟਿਆ ਮੁੜ ਕੇ ਨਾ ਆਵੇ ਜਿਵੇਂ ਬਾਨ ਛੁੱਟਿਆ ਗਲ ਅਨਸੁਣੀ ਕਰ ਘੁੱਟ ਭਰਦਾ ਗਰਜਿਆ ਮੁਨੀ ਵੀ ਹਰ ਹਰ ਕਰਦਾ ਤੋੜਿਆ ਧਨੁਖ ਜਿਸ ਮੇਰੇ ਗੁਰ ਦਾ ਮਰੇ ਮੇਰੇ ਹਥੋਂ ਮੇਰਾ ਵੈਰੀ ਧੁਰ ਦਾ ਬਾਲ ਭਾਵੇਂ ਬੁੱਢਾ ਡੱਸੇ ਸੱਪ ਜਾਣਨਾ ਮਾਰ ਕੇ ਕੁਹਾੜਾ ਇੰਜ ਕਪ ਜਾਣਨਾ ਲਛਮਣ ਤਮਕ ਕੇ ਅੱਗੋਂ ਬੋਲਿਆ ਬੋਲਿਆ ਕਿ ਜਾਂਜੀਆਂ ਦਾ ਬੇੜਾ ਡੋਲਿਆ ਤੋੜੀ ਅੱਗੇ ਅਸਾਂ ਨੇ ਹਜ਼ਾਰ ਧਣਖੀ ਬਹੁੜੇ ਨਾ ਸੀ ਆਪ ਵਰਿਆਮ ਅਣਖੀ ਮਾਪਿਆਂ ਦਾ ਭਾਰ ਲਾਹ ਕੇ ਆਏ ਮੁਨੀ ਜੀ ਗੁਰੂ ਜੀ ਦੇ ਭਾਰ ਨੇ ਸਤਾਏ ਮੁਨੀ ਜੀ ਪਰਸਾ ਮੁਨੀ ਦੇ ਮੋਢੇ ਉੱਤੇ ਡੋਲਿਆ ਚੇਹਰੇ ਉਤੇ ਰੰਗਤ ਨੇ ਰਾਮ ਬੋਲਿਆ ਬੋਲਿਆ ਭਰਤ ਮੁਸਕਾਨ ਕਰ ਕੇ ਸੁਖੀ ਅਸੀਂ ਬ੍ਰਾਹਮਣਾਂ ਦਾ ਮਾਨ ਕਰ ਕੇ ਕਾਲ ਵੀ ਵੰਗਾਰੇ ਅਸੀਂ ਭੂੜ ਹੋਵੀਏ ਬ੍ਰਾਹਮਣਾਂ ਦੇ ਚਰਨਾਂ ਦੀ ਧੂੜ ਹੋਵੀਏ ਸ਼ਤ੍ਰਹਨ ਕੂਇਆ ਮੁਨੀ ਇੰਜ ਘੂਰ ਨਾ ਛੱਤਰੀ ਬਚੇ ਹਾਂ ਅਸੀਂ ਮੋਤੀ ਚੂਰ ਨਾ ਐਵੇਂ ਕਿਵੇਂ ਦੁੱਧ ਨੂੰ ਉਬਾਲ ਆ ਗਿਆ ਹਾਲ ਹਾਲ ਪਾਈ ਜਿਵੇਂ ਕਾਲ ਆ ਗਿਆ ਫੂਕ ਨਾਲ ਉੱਡੇ ਨਾ ਪਹਾੜ ਮੁਨੀ ਜੀ ਜਾਣੀਏ ਕੁਹਾੜੇ ਦਾ ਪੁਲਾੜ ਮੁਨੀ ਜੀ ਚੁਕਦਾ ਕੁਹਾੜਾ ਮੁਨੀ ਦਾੜ੍ਹ ਚੱਟਦਾ ਉਛਲਿਆ ਕਹਿਰ ਦੀ ਕਚੀਚੀ ਵੱਟਦਾ ਢੁੱਕ ਕੇ ਵਸ਼ਿਸ਼ਠ ਦਸਰਥ ਡੋਲਦੇ ਹੱਥ ਉੱਚੇ ਕਰ ਹਰ ਹਰ ਬੋਲਦੇ ਮਹਾਰਾਜ ਬਾਲਕ ਨੇ ਨਹੀਂ ਜਾਣਦੇ ਭੁਲੇ ਨਿਰੇ ਆਪ ਦੇ ਧਨਖ ਬਾਣ ਦੇ ਛੱਤਰੀ ਦੇ ਵੇਸ ਨੂੰ ਵੰਗਾਰ ਜਾਣਿਆ ਭੁਲਿਆਂ ਨੇ ਵਿਚਲਾ ਨਾ ਸਾਰ ਜਾਣਿਆ ਸਹਸ ਬਾਹੂ ਨੂੰ ਬਿਲੇ ਲਾਇਆ ਆਪ ਨੇ ਕਾਮ ਧੇਨੂ ਨੂੰ ਵੀ ਛੁੜਵਾਇਆ ਆਪ ਨੇ ਹੈ ਹੈ ਬੰਸ ਵਾਲੇ ਸਾਰੇ ਮਾਰੇ ਆਪ ਨੇ ਇੱਕੀ ਵਾਰੀ ਛੱਤਰੀ ਪਛਾੜੇ ਆਪ ਨੇ ਜਮਦਗਨੀ ਮੁਨੀ ਪਿਤਾ ਦੇ ਕਾਰ ਨੇ ਆਪ ਦੇ ਇਹ ਕਮ ਜੰਗ ਦਾ ਸ਼ਿੰਗਾਰ ਨੇ ਪਿਤਾ ਆਖੇ ਰੇਣਕਾ ਮਾਤਾ ਨੂੰ ਮਾਰਿਆ ਪਿਤਾ ਭਗਤੀ ਨੂੰ ਅਸਮਾਨੀ ਚਾੜ੍ਹਿਆ ਸੁਣ ਵਡਿਆਈਆਂ ਸਗੋਂ ਮੁਨੀ ਭੜਕੇ ਕਹਿਰ ਦੀਆਂ ਬਿਜਲੀਆਂ ਬਣ ਕੜਕੇ ਭਸਮ ਕਰਾਂ ਮੈਂ ਧਰਤੀ ਆਕਾਸ਼ ਨੂੰ ਸਾਰੇ ਏਥੇ ਮੰਗਦੇ ਪਏ ਨੇ ਨਾਸ ਨੂੰ ਇਹ ਨੇ ਨੀਂਵਾਂ ਖਚਰਾ ਧਿਆਨ ਕਰਦੇ ਮੂੰਹਾਂ ਵਿੱਚ ਉਹ ਨੇ ਮੁਸਕਾਨ ਕਰਦੇ ਸਭਨਾਂ ਦੇ ਸਿਰੀਂ ਇਕ ਇਕ ਮੁੰਡੀ ਏ ਮੇਰੇ ਹਥਿਆਰਾਂ ਦੀ ਨਾ ਧਾਰ ਖੁੰਡੀ ਏ ਛੰਡਦਾ ਹੁੰਕਾਰੇ ਮੁਨੀ ਪੈਰ ਮਾਰਦਾ ਖਿੱਝ ਖਿੱਝ ਕੰਬ ਰਾਮ ਨੂੰ ਵੰਗਾਰਦਾ ਧਨਖ ਸ਼ਿਵਾ ਦਾ ਸੁਣਿਆ ਤੂੰ ਤੋੜਿਆ ਮੰਨੋ ਯਮਪੁਰੀ ਨਾਲ ਨਾਤਾ ਜੋੜਿਆ ਮਨ ਪਰ ਮੰਨਣ 'ਚ ਨਹੀਂ ਆਉਂਦਾ ਸੁਣਿਆ ਨਾ ਪਿਦੜਾ ਪਹਾੜ ਢਾਉਂਦਾ ਅੱਛਾ ਤੇਰੇ ਵਿਚ ਇਤਨਾ ਜੇ ਜ਼ੋਰ ਹੈ ਮੇਰੇ ਕੋਲ ਧਨਖ ਉਜੇਹਾ ਹੋਰ ਹੈ ਓਹ ਸੀ ਸ਼ਿਵਾ ਦਾ ਇਹ ਵਿਸ਼ਨੂੰ ਦਾ ਪਿਆਰਾ ਏ ਵੈਰੀਆਂ ਦੇ ਭਾਵੇਂ ਬੋਦੀ ਵਾਲਾ ਤਾਰਾ ਏ ਚਾਇਆ ਤੋੜਿਆ ਓਹ ਅਚਰਜ ਭਾਰਾ ਏ ਦਸ ਇਹ ਝੁਕਾ ਕੇ ਕਰਨਾ ਨਿਤਾਰਾ ਏ ਨਹੀਂ ਤੇ ਰਘੂਬੰਸ ਦਾ ਪੁਆੜਾ ਰਾਮ ਹੈ ਸਿਰ ਆਪਣੇ ਦਾ ਵੀ ਕੁਹਾੜਾ ਰਾਮ ਹੈ ਰਾਮ ਅੱਗੇ ਵਧ ਹੱਥ ਜੋੜ ਬੋਲਿਆ ਦੇਵਤਾ ਜੀ ਆਪ ਤੋਂ ਮੈਂ ਆਪਾ ਘੋਲਿਆ ਦੇਵਤਾ ਨਾ ਕੋਈ ਮਿੱਠਤਾਂ ਨਾ ਘੋਲ ਤੂੰ ਤਮਕ ਕੇ ਮੁਨੀ ਬੋਲੇ ਸਿੱਧਾ ਬੋਲ ਤੂੰ ਰਾਮ ਆਖੇ ਆਖੀਏ ਕੀ ਸਿੱਧੀ ਬਾਤ ਦਾ ਧਨੁਖ ਸ਼ਿਵਾ ਦਾ ਹੈਸੀ ਕੱਚੀ ਧਾਤ ਦਾ ਹੱਥ ਲਾਂਦਿਆਂ ਹੀ ਭੁਰ ਗਿਆ ਮੁਨੀ ਜੀ ਮੇਰਾ ਅਪਰਾਧ ਬਸ ਇਹਾ ਮੁਨੀ ਜੀ ਚਿਟੀ ਦਾੜ੍ਹੀ ਮੁਨੀ ਜੀ ਨੇ ਬੁੱਲ੍ਹ ਫਰਕੇ ਅੱਖਾਂ ਲਾਲ ਰਾਮ ਵੱਲ ਕਰ ਘੁਰਕੇ ਵਿਸ਼ਨੂੰ ਦਾ ਧਨਖ ਮੁਨੀ ਥੋਂ ਫੜ ਕੇ ਫੇਰ ਵਿਚ ਰੱਸੀ ਚਾੜ੍ਹ ਰਾਮ ਕੜ੍ਹਕੇ ਮੁਨੀ ਨੂੰ ਨਾ ਮਿੱਠਤ ਪਿਆਰੀ ਲਗਦੀ ਬ੍ਰਾਹਮਣ ਕਹਾਣਾ ਅਵਾਜ਼ਾਰੀ ਲਗਦੀ ਚੱਕ ਕੇ ਕੁਹਾੜੀ ਮੁਨੀ ਬਣੇ ਛੱਤਰੀ ਸੁਣੀਦਾ ਏ ਇੱਕੀ ਵਾਰ ਤਣੇ ਛੰਤਰੀ ਰਘੂਬੰਸੀ ਬਾਣ ਬਿਰਥਾ ਨਾ ਜਾਂਵਦਾ ਬ੍ਰਾਹਮਣ ਦਾ ਲਹੂ ਇਸ ਨੂੰ ਨਾਂ ਭਾਂਵਦਾ ਜਿਸ ਤਪ ਪਰਨੇ ਮੁਨੀ ਜੀ ਟੱਪਦੇ ਖੰਭ ਤੋੜੇਗਾ ਇਹ ਬਾਣ ਉਸ ਤੱਪ ਦੇ ਮਨ ਆਤਮਾ ਦੇ ਵਿਚੋਂ ਮਾਰ ਕਰਦਾ ਬਾਣ ਗਿਆ ਲੰਘਦਾ ਲੰਗਾਰ ਕਰਦਾ ਉੱਡੇ ਖੰਭ ਤਪ ਦੇ ਮੁਨੀ ਜੀ ਡੋਲਦੇ ਕੰਬ ਕੰਬ ਰਾਮ ਰਾਮ ਬੋਲਦੇ ਬੋਲੇ ਸ਼ਿਰੀ ਵਿਸ਼ਨੂੰ ਹੋ ਆਪ ਰਾਮ ਜੀ ਗਿਆ ਮੇਰਾ ਪਾਪ ਤੇ ਵਿਆਪ ਰਾਮ ਜੀ ਸਫ਼ਲੀ ਮਨੁੱਖ ਜੂਨ ਅੱਜ ਹੋ ਗਈ ਹਾਰ ਵਿਚ ਜਿੱਤਣ ਦੀ ਹੱਜ ਹੋ ਗਈ ਗੱਲ ਕੀ ‘ਕੁਹਾੜਾ ਮੁਨੀ' ਸੰਤ ਹੋ ਗਿਆ ਛਾਇਆ ਜੋ ਹਨੇਰਾ ਸੀ ਉਡੰਤ ਹੋ ਗਿਆ ਖਿੜਿਆ ਪਿਤਾ ਤੇ ਸਾਰੀ ਜੰਜ ਖਿੜ ਪਈ ਖਿੜਦੀ ਅਜੁੱਧਿਆ ਦੇ ਰਾਹ ਛਿੜ ਪਈ *** *** *** ਉਧਰ ਅਜੁੱਧਿਆ ਜੀ ਬੰਨੋ ਬਣ ਕੇ ਝੰਡਿਆਂ ਦਾ ਝੁਲਾ ਘਰ ਮੰਨੋ ਬਣ ਕੇ ਸੋਹਣੀਆਂ ਉਡੀਕਾਂ ਵਿੱਚ ਟਹਿਕ ਰਹੀ ਸੀ ਫੁੱਲਾਂ ਤੇ ਫੁਲੇਲਾਂ ਨਾਲ ਮਹਿਕ ਰਹੀ ਸੀ ਬ੍ਰਾਹਮਣ ਤੇ ਵਾਜੇ ਅੱਗੇ ਲੈਣ ਟੁਰ ਪਏ ਪਿੱਛੇ ਪਿੱਛੇ ਨਗਰ ਦੇ ਨੈਣ ਟੁਰ ਪਏ ਨੂੰਹਾਂ ਲੈ ਕੇ ਭਾਗਾਂ ਭਰੇ ਜਾਂਜੀ ਆ ਗਏ ਜਗ ਦੀਆਂ ਖੁਸ਼ੀਆਂ ਦੇ ਸਾਂਝੀ ਆ ਗਏ ਪੁੱਤਾਂ ਨਾਲ ਦਸਰਥ ਮਹਲੀਂ ਜਾਂਵਦਾ ਵੇਦਾਂ ਨਾਲ ਬ੍ਰਹਮਾ ਜਿਵੇਂ ਸੋਭਾ ਪਾਂਵਦਾ ਪਾਲਕੀਆਂ ਵਿੱਚੋਂ ਨੂੰਹਾਂ ਨੂੰ ਉਤਾਰ ਕੇ ਸੱਸਾਂ ਘਰ ਲੈ ਕੇ ਗਈਆਂ ਆਪਾ ਵਾਰ ਕੇ ਵਾਜਿਆਂ ਦੀ ਸਾਰੇ ਘਨਘੋਰ ਹੋ ਪਈ ਖੁਸ਼ੀਆਂ ਦੀ ਖੇਡ ਜ਼ੋਰ ਜ਼ੋਰ ਹੋ ਪਈ ਸੱਸਾਂ ਚਾਵਾਂ ਨਾਲ ਮੰਦਰੀਂ ਲੈ ਜਾਂਦੀਆਂ ਨੂੰਹਾਂ ਕੋਲੋਂ ਦੇਵੀ ਦੇਵਤੇ ਪੁਜਾਂਦੀਆ ਹੱਥ ਜੋੜ ਠਾਕੁਰਾਂ ਦੇ ਫੇਰੇ ਲੈਂਦੀਆਂ ਲਾੜੀਆਂ ਵਡੇਰੀਆਂ ਦੇ ਪੈਰੀਂ ਪੈਂਦੀਆਂ ਕਲ੍ਹ ਸਨ ਪਿਆਰੀਆਂ ਵਿਦੇਹ ਕੁਮਾਰੀਆਂ ਅੱਜ ਰਘੂਬੰਸ ਦੀਆਂ ਹੋਈਆਂ ਨਾਰੀਆਂ ਆਪਣੇ ਪਰਾਏ ਤੇ ਪਰਾਏ ਆਪਣੇ ਵਿਧਨਾ ਅਜਿਹੇ ਥਾਪਦੀ ਦੇ ਥਾਪਣੇ ਤਾਰਿਆਂ ਨਚਾਂਦੀ ਜੋ ਸੀ ਰਾਤ ਸੁਣੀਂਦੀ ਡੋਡੀਆਂ ਖਿਡਾਂਦੀ ਪਰਭਾਤ ਸੁਣੀਂਦੀ ਨੱਚ-ਟੱਪ ਹਾਸਾ ਤਿੰਨ ਕਾਣੇ ਹੋ ਗਏ ਖੇਡਾਂ ਰੁੱਝੇ ਰਾਣੀਆਂ ਤੇ ਰਾਣੇ ਹੋ ਗਏ ਬ੍ਰਿਜ ਤੋਂ ਹੀ ਜਾ ਕੇ ਬ੍ਰਿਜ ਲਾਲ ਬਣਿਆ ਬਣਿਆ ਉਹ ਬੁੱਢਾ ਜੋ ਸੀ ਬਾਲ ਬਣਿਆ

ਅਜੁੱਧਿਆ ਕਾਂਡ

ਦਸਰਥ ਜੀ ਨੂੰ ਹੁਣ ਸਾਰੇ ਸੁਖ ਸਨ ਬ੍ਰਹਮਾ ਜੀ ਦੇ ਖਿੜੇ ਜਿਵੇਂ ਚਾਰੇ ਮੁਖ ਸਨ ਤਿੰਨਾਂ ਰਾਣੀਆਂ ਦਾ ਪਿਆਰ ਦੈਵੀ ਖੇਲ ਸੀ ਗੰਗਾ ਜਮਨਾ ਸੁਰੱਸਤੀ ਦਾ ਮੇਲ ਸੀ ਪੁੱਤ ਚਾਰੇ ਵਿਦਿਆ ਕਲਾ ਦੇ ਪਾਰ ਸਨ ਕੁੱਝ ਸੋਝ ਵੀਰਤਾ ਗੁਣਾਂ ਦੇ ਸਾਰ ਸਨ ਨੂੰਹਾਂ ਉਤੋਂ ਗਏ ਪਹੋ ਚੰਦ ਵਾਰਨੇ ਕਮਲ ਗੁਲਾਬ ਹਾਥੀ ਦੰਦ ਵਾਰਨੇ ਹੰਸੀਆਂ ਦੀ ਚਾਲ ਕੋਇਲਾਂ ਦੀ ਬੋਲੀ ਸੀ ਸੁੱਚਮ ਧੁਰਾਂ ਦੀ ਹੱਥ ਬੱਧੀ ਗੋਲੀ ਸੀ ਘਰ ਸਭਾ ਰਾਜ ਆਖੋ ਸਾਰੇ ਸੁਖ ਸੀ ਨਿੱਤ ਨੇਮ ਵਲ ਪਰਜਾ ਦਾ ਰੁਖ ਸੀ ਇੱਕ ਵਾਰੀ ਭਰਤ ਸੀ ਗਿਆ ਨਾਨਕੇ ਸੁਰਗਾਂ ਦਾ ਸੁਖ ਲੁਟ ਰਿਹਾ ਨਾਨਕੇ ਸ਼ਤਰੂਹਨ ਨਾਲ ਹੀ ਸੀ ਭਾਈ ਉਸ ਦਾ ਜੱਗ ਜਾਣੇ ਨਿੱਤ ਦਾ ਸਹਾਈ ਉਸ ਦਾ ਜਿਵੇਂ ਲਛਮਣ ਜਾਣੀਦਾ ਸੀ ਰਾਮ ਦਾ ਜਿਵੇਂ ਜੋੜ ਜਾਣੀਦਾ ਏ ਰਿਗ ਸ਼ਾਮ ਦਾ ਨਾਨੇ ਘਰ ਮੌਜਾਂ ਮਾਣਦੇ ਸੀ ਦੋਹਤਰੇ ਚਿੰਤਾ ਨਾ ਉਦਾਸੀ ਜਾਣਦੇ ਸੀ ਦੋਹਤਰੇ ਮਾਮਾ ਜੀ ਬਣੇ ਸੀ ਜਰਨੈਲ ਫੌਜਾਂ ਦੇ ਬਣੇ ਸੀ ਭਣੇਵੇਂ ਕਰਨੈਲ ਮੌਜਾਂ ਦੇ ਰੱਜਦੇ ਨਾ ਦੋਹਤੇ ਮੌਜਾਂ ਮਾਣ ਮਾਣ ਕੇ ਨਾਨੇ ਦਾ ਸੀ ਘਰ ਕਸ਼ਮੀਰ ਨਾਨਕੇ ਪਰਬਤ ਹਰੇ ਜਿੱਥੇ ਸ਼ਾਨਾਂ ਕੱਢਦੇ ਸੋਤੇ ਜਿਥੇ ਮਿਠੜੀਆਂ ਤਾਨਾਂ ਕੱਢਦੇ ਵਗਦੀਆਂ ਨਦੀਆਂ ਮਲ੍ਹਾਰ ਗਾਂਦੀਆਂ ਜਿਥੇ ਜਾਦੂ ਪਾਂਦੀਆਂ ਪੰਘਾਰ ਚਾਂਦੀਆਂ ਗੀਟੀਆਂ ਰੰਗੀਲੀਆਂ ਦੇ ਰੇੜੇ ਲਾਂਦੀਆਂ ਰੇਤਾਂ ਲੁਕੀਆਂ ਨੂੰ ਝਲਕਾਂ ਵਿਖਾਂਦੀਆਂ ਜਿਥੇ ਡਲ ਡਲ੍ਹਕ ਡਲ੍ਹਕ ਕਰਦੇ ਸੋਭ ਰਹੇ ਛਲਕ ਛਲਕ ਕਰਦੇ ਬੁੱਕਲ ਬਲੌਰੀ ਵਿਚ ਵੇਲਾਂ ਬੂਟਿਆਂ ਰੰਗ ਬੱਧਾ ਪੀਂਘ ਸਤਰੰਗੀ ਝੂਟਿਆਂ ਚਲਦੀਆਂ ਖੇਤੀਆਂ ਹਰਾਨੀ ਪਾਂਦੀਆਂ ਮਲਕੜੇ ਹਜ਼ਾਰਾਂ ਫੁੱਲਾਂ ਵਿਚੋਂ ਜਾਂਦੀਆਂ ਜਿਥੇ ਦੀਹਦੇ ਬਰਫਾਂ ਦੇ ਢੇਰ ਦੂਰ ਥੋਂ ਨਾਂਗੇ ਤੇ ਕਿਲਾਸ਼ ਤੇ ਸੁਮੇਰ ਦੂਰ ਥੋਂ ਲੱਗੀ ਜਿਥੇ ਸਦਾ ਫੁੱਲਾਂ ਦੀ ਬਹਾਰ ਸੀ ਜਿਥੇ ਫਲ ਮੇਵੇ ਦਾ ਨਾ ਆਰ ਪਾਰ ਸੀ ਭਰਤ ਗਿਆ ਸੀ ਉਹੋ ਜਿਹੇ ਨਾਨਕੇ ਰੱਜਦਾ ਨਾ ਰੱਜ ਰੱਜ ਮੌਜਾਂ ਮਾਣਕੇ *** *** *** ਏਸ ਧਿਰ ਰਾਮ ਲਛਮਣ ਸੋਭਦੇ ਪੁੰਨਿਆਂ ਤੇ ਚੌਧਵੀਂ ਦੇ ਚੰਨ ਸੋਭਦੇ ਰਾਜੇ ਦਾ ਬੁੜ੍ਹਾਪਾ ਕੇਸਾਂ ਵਿਚੋਂ ਕੂਕਦਾ ਚੁੱਪ ਕੀਤੇ ਮੰਤਰ ਪਿਆ ਸੀ ਫੂਕਦਾ ਰਾਜਨ ਤੂੰ ਹੁਣ ਨਾ ਜਵਾਨ ਭਾਰ ਲਾਹ ਵੱਡਿਆਂ ਦਾ ਸਿਰ ਚੜ੍ਹਿਆ ਉਧਾਰ ਲਾਹ ਉੱਚਰੇ ਵਿਸ਼ਸ਼ਠ ਜਾਣ ਕੰਮ ਆਪਣਾ ਵੇਖ ਕੇ ਬੁੜ੍ਹਾਪਾ ਯੁਵਰਾਜ ਥਾਪਣਾ ਰਾਜਾ ਸੋਚੇ ਰਾਜ ਅਧਿਕਾਰ ਰਾਮ ਦਾ ਜੱਸ ਹੋ ਰਿਹਾ ਏ ਸਭਿਆਰ ਰਾਮ ਦਾ ਉਮਰੋਂ ਵੀ ਜੇਠਾ ਗੁਣਾਂ ਥੋਂ ਵੀ ਆਕਰਾ ਹੋਰ ਕਿਸੇ ਦਾ ਨਾ ਇਸ ਨਾਲ ਟਾਕਰਾ ਮੰਤਰੀਆਂ ਮੁਨੀਆਂ ਦੇ ਨਾਲ ਬੈਠਕੇ ਰਾਜਾ ਜੀ ਨੇ ਰਖਿਆ ਸਵਾਲ ਬੈਠਕੇ ਸਾਰੇ ਇਕੋ ਸੁਰ ਰਾਮ ਨੂੰ ਸਰਾਹੁੰਦੇ ਗਿਣ ਮਿਣ ਖੁਣਾ ਉਸ ਤੇ ਹੀ ਪਾਉਂਦੇ ਗੱਲ ਕੀ ਕਿ ਰਾਮ ਯੁਵਰਾਜ ਬਣੇਗਾ ਸਾਰੀ ਪਰਜਾ ਦਾ ਸੁਖ ਸਾਜ਼ ਬਣੇਗਾ ਚੇਤ ਦਾ ਮਹੀਨਾ ਸੀ ਨਿਰਾਲੇ ਵੰਨ ਦਾ ਪੁਰਨਵਸੂ ਤੇ ਰਾਜ ਹੈ ਸੀ ਚੰਨ ਦਾ ਪੁਖ ਨਕਸ਼ੱਤਰ ਦਾ ਦਿਨ ਭਲਕੇ ਤਿਲਕ ਮਨਾਏਗੀ ਲੁਕਾਈ ਰਲ ਕੇ ਝੰਡੀਆਂ ਦੇ ਨਾਲ ਦੇਵ ਲੋਕ ਸੱਜਿਆ ਦਾਨਵਾਂ ਦੀ ਪੁਰੀ ਵਿਚ ਮਾਰੂ ਵੱਜਿਆ ਮਾਤਾ ਧਰਤੀ ਦੇ ਖੱਬੇ ਅੰਗ ਫੁਰਕੇ ਧਰਮ ਵਧਾਈਆਂ ਦੇਣ ਆਇਆ ਟੁਰ ਕੇ *** *** *** ਮੰਦਰ ਦੇ ਵਿਚ ਬੈਠੀ ਮਾਤਾ ਰਾਮ ਦੀ ਭੌਰੀ ਬਣੀ ਹੋਈ ਵਿਸ਼ਨੂੰ ਦੇ ਨਾਮ ਦੀ ਪੁੱਤ ਦੀਆਂ ਸੁਖਣਾਂ ਮਨਾ ਰਹੀ ਸੀ ਨੂੰਹ ਦੇ ਸੁਹਾਗ ਭਾਗ ਗਾ ਰਹੀ ਸੀ ਬੂਹੇ ਅੱਗੇ ਬਾਹਮਣ ਖਲੋ ਕੇ ਬੋਲਿਆ ਮਾਤਾ ਜੀ ਦੇ ਕੰਨੀਂ ਅੰਮ੍ਰਿਤ ਘੋਲਿਆ ਮਹਾਰਾਣੀ ਰਾਮ ਯੁਵਰਾਜ ਬਣੇਗਾ ਪਰਜਾ ਦੇ ਹਰਖਾਂ ਦਾ ਸਾਜ ਬਣੇਗਾ ਲੱਖਾਂ ਨੇ ਵਧਾਈਆਂ ਜਗ ਦੀਏ ਰਾਣੀਏ ਅੱਜ ਅਸੀਂ ਜੰਮਣਾ ਸਫਲ ਜਾਣੀਏ ਪੂਜਾ ਪੁੱਗੀ ਦੇਖ ਕੇ ਤੇ ਤਪ ਫਲਿਆ ਦਿਲ ਤੋਂ ਕੁਸ਼ਲਿਆ ਦੇ ਭਾਰ ਢਲਿਆ ਉੱਡਿਆ ਹਨੇਰਾ ਡੋਡੀ ਖਿੜੀ ਦਿਲ ਦੀ ਖਿੜੀ ਜਾਵੇ ਅੰਬੜੀ ਨਾ ਮੂਲੋਂ ਹਿਲਦੀ ਹਿੱਲੀ ਅੰਤ ਵਾਸ ਤੇ ਫਰਾਟੇ ਵਾਂਗਰਾਂ ਪੁੰਨਿਆਂ ਨੂੰ ਸਾਗਰ ਦੇ ਭਾਟੇ ਵਾਂਗਰਾਂ ਸ਼ਹਿਦ ਨਾਲ ਮੱਤੀ ਜਿਵੇਂ ਭੌਰੀ ਸੋਭਦੀ ਪੁੱਤਰ ਦੀ ਮਾਤਾ ਤਿਵੇਂ ਬੋਰੀ ਸੋਭਦੀ ਮਹਿਲੋਂ ਬਾਹਰ ਟੱਪਣ ਤੇ ਸ਼ੋਰ ਸੁਣਦੀ ਅੰਦਰ ਵਧਾਇਆਂ ਜ਼ੋਰ ਜ਼ੋਰ ਸੁਣਦੀ ਪਲਾਂ ਵਿਚ ਰਾਮ ਸੀਤਾ ਨਾਲ ਆ ਗਏ ਭਗਤੀ ਅਨੰਦ ਦੇ ਉਬਾਲ ਆ ਗਏ ਨਾਲੇ ਮਾਤਾ ਨਾਲ ਲਛਮਣ ਆ ਗਏ ਸਾਰੀ ਪਰਜਾ ਦੇ ਨੈਣ ਧਨ ਆ ਗਏ ਏਨੇ ਨੂੰ ਵਿਸ਼ੇਸ਼ਠ ਖੁਸ਼ੀ ਨਾਲ ਡੋਲਦੇ ਝੜੀ ਸੁੱਚੇ ਮੋਤਿਆਂ ਦੀ ਲਾ ਕੇ ਬੋਲਦੇ ਮਾਤਾ ਨੂੰ ਵਧਾਈਆਂ ਕਲ ਜਗ ਤਰੇਗਾ ਰਾਮ ਯੁਵਰਾਜ ਬਣ ਰਾਜ ਕਰੇਗਾ ਰੱਖੋ ਅੱਜ ਵਰਤ ਤੇ ਕਲ ਰਾਣੀ ਜੀ ਅੱਖੀ ਦੇਖੋ ਸੁੱਖ਼ਣਾਂ ਦਾ ਫਲ ਰਾਣੀ ਜੀ ਆਖ ਕੇ ਇਹ ਮਾਰ ਕੇ ਪਲਾਂਗ ਟੁਰ ਗਏ ਕਮਲਾਂ ਦੀ ਵਾਸ਼ਨਾ ਦੇ ਵਾਂਗ ਟੁਰ ਗਏ ਸ਼ਹਿਰ ਵਿਚ ਖੁਸ਼ੀ ਦੀਆਂ ਤਾਰਾਂ ਵੱਜੀਆਂ ਖੂੰਜ ਖੂੰਜ ਵਿੱਚ ਝੁਣਕਾਰਾਂ ਵੱਜੀਆਂ ਢੋਲ ਕੜ ਅੰਬਰਾਂ ਦੇ ਪਾੜ ਖੜਕੇ ਡਫਲੇ ਨਗਾਰੇ ਕਾੜ ਕਾੜ ਖੜਕੇ ਸੰਖ ਨਰਸਿੰਘੇ ਘਨਘੋਰ ਘੱਤਦੇ ਛੈਣੇ ਖੜਤਾਲਾਂ ਵਡਾ ਸ਼ੋਰ ਘੱਤਦੇ ਸੁਰਾਂ ਦਾ ਸਮੁੰਦਰ ਹੁਲਾਰੇ ਮਾਰਦਾ ਦੀਵਿਆਂ ਦਾ ਜੱਥਾ ਝਲਕਾਰੇ ਮਾਰਦਾ ਕਿਲਕਿਲੀ ਤਾਰਿਆਂ ਦੇ ਨਾਲ ਪਾਂਵਦੀ ਫੂਕਾਂ ਨਾਲ ਹੀਰਾ ਕਣੀਆਂ ਉਡਾਂਵਦੀ ਰਾਤ ਸੀਤਾ ਰਾਮ, ਸੀਤਾ ਰਾਮ ਕਰਦੀ ਵਡੇ ਵੇਲੇ ਜਾਕੇ ਵਿਸ਼ਰਾਮ ਕਰਦੀ ਤਾਰਿਆਂ ਦੇ ਵੇਂਹਦਿਆਂ ਸਵੇਰ ਹੋ ਗਈ ਰਾਤ ਸੁੱਤੀ ਰੋਸ਼ਨੀ ਚੁਫੇਰ ਹੋ ਗਈ ਗਲੀਆਂ ਬਾਜ਼ਾਰ ਸੜਕਾਂ ਤੇ ਡੰਡੀਆਂ ਧਿਆਨ ਮਾਰੋ ਜਿੱਥੇ ਝੰਡੀਆਂ ਹੀ ਝੰਡੀਆਂ ਥਾਂਓਂ ਥਾਈਂ ਦਿੱਸਣ ਸਫਾਈਆਂ ਹੋਂਦੀਆਂ ਹਾਸੇ ਮਾਘੇ ਚੋਹਲ ਵਧਾਈਆਂ ਹੋਂਦੀਆਂ ਫੁਲਾਂ ਤੇ ਫੁਲੇਲਾਂ ਨਾਲ ਸ਼ਹਿਰ ਮਹਿਕਿਆ ਦੇਸ ਸਾਰਾ ਰੌਣਕਾਂ ਦੇ ਨਾਲ ਚਹਿਕਿਆ *** *** *** ਸੁਖ ਕਿਤੇ ਦੁਖ ਕਿਤੇ ਦੁਖ ਸੁੱਖ ਹੈ ਇੱਕ ਦਾ ਜੋ ਰੱਜ ਦੂਸਰੇ ਦੀ ਭੁੱਖ ਹੈ ਨਗਰੀ ਦੇ ਵਿੱਚ ਜੋ ਅਨੰਦ ਬਣਿਆ ਦੇਵਤਿਆਂ ਕਮਲਾਂ ਨੂੰ ਚੰਦ ਬਣਿਆ ਆਖੋ ਯਾਂ ਕਿ ਭੀਲ ਸੀ ਮਖੀਰ ਵੇਖਦੇ ਬ੍ਰਾਹਮਣ ਪਰੋਸੀ ਜਾਂ ਕਿ ਖੀਰ ਵੇਖਦੇ ਦੇਖੋ ਗੁਰਮਤਾ ਮਿਲ ਕੇ ਪਕਾਂਦੇ ਕੀ ਤੰਦ ਲਈ ਤਾਣੀ ਦੂਜਿਆਂ ਜੀ ਚਾਂਦੇ ਕੀ ਦੋਹੀਂ ਰਾਜ ਭੌਣੀਂ ਪਰਭਾਤ ਖਿੜੀ ਸੀ ਇੱਕ ਵਿੱਚ ਅਜ ਚੁਹਕੀ ਵੀ ਨਾ ਚਿੜੀ ਸੀ ਭਰਤ ਕਕੱਈ ਦਾ ਸੀ ਗਿਆ ਨਾਨਕੇ ਮਾਤਾ ਬੈਠੀ ਓਸ ਦੀ ਸੀ ਤਾਣੇ ਤਾਣ ਕੇ ਡਿੱਠੇ ਨਾਨੀ ਦੋਹਤਾ ਉਸ ਚੋਹਲ ਕਰਦੇ ਮਾਮਾ ਤੇ ਭਨੇਵਾਂ ਡਿੱਠੇ ਘੋਲ ਕਰਦੇ ਨਾਨਾ ਖਿੱਚ ਦੋਹਤਰੇ ਦੀ ਗੱਲ ਹੱਸਦਾ ਦੋਹਤਰਾ ਛੁਡਾਕੇ ਤਾਲੀ ਮਾਰ ਨੱਸਦਾ ਭਾਈ ਨਾਲ ਹੋ ਕੇ ਇੱਕ ਮਿੱਕ ਆਉਂਦਾ ਹਾਨੀਆਂ ਦੇ ਨਾਲ ਡਿਕ ਡਿਕ ਆਉਂਦਾ ਮਾਤਾ ਆਖੇ ਕਦੋਂ ਪੁੱਤ ਰਾਜਾ ਆਏਗਾ ਓਦਰੀ ਨੂੰ ਆਕੇ ਤਾਰ ਬੰਨੇ ਲਾਏਗਾ ਦਿਲ ਦਾ ਉਹ ਆਸਨ ਸਜਾ ਰਹੀ ਸੀ ਉੱਤੇ ਪੁੱਤ ਗਏ ਨੂੰ ਬਿਠਾ ਰਹੀ ਸੀ ਅਚਾਚੇਤੀ ਸਾਰੇ ਸੱਜੇ ਅੰਗ ਫੜਕੇ ਆਸਨ ਸਮੇਤ ਪਿਆ ਦਿਲ ਧੜਕੇ ਚਾਹਵਾਂ ਦਾ ਉਹ ਆਸਨ ਸਜਾ ਰਹੀ ਸੀ ਉੱਤੇ ਪੁੱਤ ਰਾਜੇ ਨੂੰ ਬਿਠਾ ਰਹੀ ਸੀ ਦਾਜਲ ਕੱਕਈ ਦੀ ਸੀ ਦਾਸੀ ਮੰਥਰਾ ਤੀਵੀਂ ਕੀ ਬਲਾਵਾਂ ਦੀ ਬਲਾ ਸੀ ਮੰਥਰਾ ਸਿਰ ਸੜੀ ਨੱਕ ਚੜ੍ਹੀ ਕੁਬੀ ਕੋਝੀ ਸੀ ਸਾੜਿਆਂ ਸ਼ਰਾਰਤਾਂ ਦੀ ਪੱਕੀ ਬੋਝੀ ਸੀ ਬੂਥੀ ਨੂੰ ਮਰੋੜਦੀ ਤੇ ਸਿਰ ਫੇਰਦੀ ਅੱਖਾਂ ਚੂਚੀਆਂ ਚੋਂ ਜ਼ਹਿਰੀ ਟੇਪੇ ਕੇਰਦੀ ਬੋਲੀ ਸਪ ਸੀਹਨੀ ਸਦਕੇ ਕੱਕਈ ਦੇ ਕੂਲੀ ਕਲੀ ਕੰਡਿਆਂ ਦੇ ਨਾਲ ਖਹੀ ਦੇ ਪਿਆਰ ਦਾ ਭੁਲੇਖਾ ਦੇ ਕੇ ਰਾਜੇ ਮਾਰਿਆ ਵੱਡਰੀ ਦਾ ਕੰਮ ਸੱਢਿਆ ਸਵਾਰਿਆ ਅੱਜ ਤੋਂ ਕਿਸੇ ਦੀ ਰਾਣੀ ਗੋਲੀ ਬਣੀ ਏਂ ਲੋਕ ਡਾਢੇ ਭੋਲੀ ਦੀ ਤੂੰ ਭੋਲੀ ਬਣੀ ਏਂ ਮੂੰਹ ਕੀ ਅੱਡੋਂ ਰੌਲਾ ਪਿਆ ਬਾਹਰ ਸੁਣ ਲੈ ਮੌਤ ਆਪਨੀ ਦੀ ਝਨਕਾਰ ਸੁਣ ਲੈ ਰਾਮ ਦੇ ਜੈਕਾਰੇ ਕਿਹੇ ਰਾਣੀ ਪੁੱਛਦੀ ਪੁਛ ਭਾਗਾਂ ਕੋਲੋਂ ਗੋਲੀ ਬੋਲੀ ਲੁੱਛਦੀ ਸੁੱਤੀਂ ਏਂ ਨੀ ਰਾਮ ਯੁਵਰਾਜ ਬਣੇਗਾ ਭਰਤ ਦੇ ਸੰਕਟਾਂ ਦਾ ਸਾਜ਼ ਬਣੇਗਾ ਬੋਲਨੀਂ ਏਂ ਕੀ ਨੀਂ ਅੱਗੋਂ ਰਾਣੀ ਬੋਲਦੀ ਖੁਸ਼ੀਆਂ ਦੇ ਵੇਲੇ ਕਿਹਾ ਵਿੱਸ ਘੋਲਦੀ ਜਾਪਦਾ ਏ ਨਿੱਤ ਵਾਂਗ ਕੀਤਾ ਮਾੜ ਤੂੰ ਰਾਮ ਲਛਮਨ ਕੋਲੋਂ ਖਾਧੀ ਝਾੜ ਤੂੰ ਤਾਹੀਏਂ ਸੱਪਣੀ ਦੇ ਵਾਂਗ ਸਾਹ ਭਰਦੀ ਆਈ ਏਂ ਮੇਰੇ ਰਾਮ ਤੇ ਨਹੋਰੇ ਕਰਦੀ ਭਰਤ ਤੋਂ ਰਾਮ ਮੈਨੂੰ ਪਿਆਰਾ ਲਗਦਾ ਧਰਮ ਤੇ ਨੀਤੀ ਦਾ ਸਹਾਰਾ ਲਗਦਾ ਰਾਤੀਂ ਮੇਰੇ ਰਾਮ ਦੀ ਨਾ ਕੋਈ ਜੰਮਿਆ ਪ੍ਰੇਮ ਭਗਤੀ ਦਾ ਜਿਸ ਨਾਕਾ ਥੰਮਿਆ ਭੋਲੀਏ ਨੀ ਗਲ ਕੁਝ ਕਰ ਸੋਚ ਕੇ ਗੋਲੀ ਬੋਲੀ, ਬੋਲ ਰਾਣੀ ਗੱਲ ਬੋਚ ਕੇ ਤੱਤੜੀਏ ਜੀਭ ਸਾਂਭ ਕੀ ਏਂ ਬੋਲਦੀ ਅੰਮ੍ਰਿਤ ਕੁੰਡ ਵਿੱਚ ਜ਼ਹਿਰ ਡੋਹਲਦੀ ਆਨੇ ਟੱਡ ਇੰਜ ਨਾ ਨੀ ਆਨੇ ਸੜੀਏ ਜੀਭ ਅੱਜ ਕਿਹੜੀ ਸ਼ਾਨ ਉਤੇ ਚੜ੍ਹੀਏ ਨਾਸ ਆਇਆਂ ਅੰਮ੍ਰਿਤ ਜ਼ਹਿਰ ਲਗਦਾ ਦਾਸੀ ਆਖੇ ਹਿਤ ਪੂਰਾ ਵੈਰ ਲਗਦਾ ਕਰਮ ਨਿਖੁੱਟ ਗਏ ਦਾਸੀ ਬਣੀ ਮੈਂ ਅੜੀਅਲ ਸਿੰਘਣੀ ਦੀ ਮਾਸੀ ਬਣੀ ਮੈਂ ਰਾਣੀ ਬੋਲੀ ਰਾਮ ਯੁਵਰਾਜ ਬਣੇਗਾ ਖੁਸ਼ੀਆਂ ਅਸਾਡੀਆਂ ਦਾ ਸਾਜ਼ ਬਣੇਗਾ ਜਾਣਦਾ ਕੁਸ਼ੱਲਿਆਂ ਤੋਂ ਮੈਨੂੰ ਵਧ ਕੇ ਰਾਮ ਯੁਵਰਾਜ ਤੋਂ ਕੱਕਈ ਸਦਕੇ ਹੋਸ਼ ਕਰ ਰਾਣੀ - ਅੱਗੋਂ ਦਾਸੀ ਬੋਲਦੀ ਰਾਜ ਮੱਤਿਆ ਦੇ ਇਤਿਹਾਸ ਖੋਲ੍ਹਦੀ ਗੱਲ ਕੀ ਕਕਈ ਖਿੱਝੀ ਭਖੀ ਭੜਕੀ ਮੰਥਰਾ ਭੀ ਆਹਾਂ ਭਰ ਰੋਈ ਗੜ੍ਹ ਕੀ ਹਿੱਤ ਦੀ ਸਿਲਾ ਤੇ ਜੀਭ ਛੁਰੀ ਫੇਰਦੀ ਫੇਰਦੀ ਤੇ ਦਰਦ ਦੇ – ਹੰਜੂ ਕੇਰਦੀ ਮੰਥਰਾ ਕਕਈ ਤੇ ਸਵਾਰ ਹੋ ਗਈ ਮਾਤਾ ਰਾਣੀ ਲੋਭ ਦਾ ਸ਼ਿਕਾਰ ਹੋ ਗਈ ਧਰਮ ਤੋਂ ਧੜਾ ਹੁਣ ਪਿਆਰਾ ਲੱਗਿਆ ਰਾਮ ਸੀ ਪਿਆਰਾ ਹਤਿਆਰਾ ਲੱਗਿਆ ਦੇਵੀ ਸੀ ਕਕਈ ਤੇ ਚੁੜੇਲ ਬਣ ਗਈ ਸੋਮ ਲਤਾ ਦੇਖੋ ਜ਼ਹਿਰੀ ਵੇਲ ਬਣ ਗਈ ਸੋਚੇ ਮੰਥਰਾ ਸੱਚਾ ਸੱਚ ਸੋਚਦੀ ਸੱਚੀ ਮੁਚੀ ਭਰਤ ਦਾ ਹਿਤ ਲੋਚਦੀ ਬਣੇ ਯੁਵਰਾਜ ਕੋਈ ਦਾਸੀ ਭਾਣੇ ਜੀ ਰੁੱਖੀਆਂ ਦੋ ਰੋਟੀਆਂ ਦਾ ਭਾਈਵਾਲ ਕੀ ਸਾਡੇ ਕੀਤੇ ਮੁਕਦੀ ਇਹ ਜਾਂਦੀ ਮੰਥਰਾ ਜਾਣੇ ਸਾਡਾ ਹਾਨ ਲਾਭ ਬਾਂਦੀ ਮੰਥਰਾ ਸੱਚ ਆਖੇ ਡਾਢਾ ਨਸ਼ਾ ਹੋਵੇ ਰਾਜ ਦਾ ਨਾਮ ਮੇਟੇ ਧਰਮ ਪਿਆਰ ਲਾਜ ਦਾ ਅੱਜ ਰਾਮ ਭਰਤ ਨੂੰ ਭਾਈ ਜਾਣਦਾ ਕੁਲ ਭਾਵੇਂ ਬਣ ਦੱਸੋ ਵੈਰੀ ਜਾਨ ਦਾ ਰਾਜਨੀਤੀ ਧਰਮ ਨਾ ਪਿਆਰ ਜਾਣਦੀ ਕੰਮ ਕੱਢਣਾ ਹੀ ਸਭਿਆਰ ਜਾਣਦੀ ਦੂਜੇ ਦੋਹਾਂ ਦਾ ਨਾ ਰਾਮ ਨਾਲ ਟਾਕਰਾ ਭਰਤ ਹੈ ਪਰ ਗੁਣਾਂ ਵਿੱਚ ਆਕਰਾ ਲੋਕੀ ਮੈਨੂੰ ਮਨ ਭਾਣੀ ਰਾਣੀ ਆਖਦੇ ਭਰਦੀ ਜਠਾਣੀ ਮੇਰਾ ਪਾਣੀ ਆਖਦੇ ਜਾਣੇ ਰਾਮ ਵੀ ਤੇ ਮਦ ਪੀ ਕੇ ਰਾਜ ਦਾ ਤੋੜੇਗਾ ਬਣਾ ਕੇ ਬੰਦ ਬੰਦ ਲਾਜ ਦਾ ਕੰਡਾ ਕੱਢ ਭਰਤ ਨਿਮਾਣੇ ਵਾਲੜਾ ਰਾਮ ਰਾਜਾ ਰਾਜ ਕਰੇਗਾ ਸੁਖਾਲੜਾ ਰੰਗ ਜਾਂਦਾ ਰੰਗ ਆਂਦਾ ਸੀ ਮਤਈ ਤੇ ਮਾਂ ਦੇ ਥਾਂਵੇ ਥੱਲੇ ਲੱਥਦੀ ਕਕਈ ਤੇ ਖੇਤਰ ਸਵਾਰ ਕੇ ਕਕਈ ਦੇ ਚਿੱਤ ਦਾ ਮੰਥਰਾ ਨੇ ਬੀਜ ਸੁੱਟ ਦਿੱਤਾ ਹਿੱਤ ਦਾ ਪਾਣੀ ਉਪਦੇਸ਼ ਦਾ ਪਿਆਰ ਨਾਲ ਦੇ ਜਮਾ ਜਮੀਂ ਰੁਖੜੇ ਜਮਾਏ ਕਾਲ ਦੇ *** *** *** ਮੰਥਰਾ ਦੀ ਚੇਲੀ ਨੇ ਹਨੇਰਾ ਮੱਲਿਆ ਦਸਰਥ ਮਾਨ ਮੱਤੀ ਵੱਲ ਚੱਲਿਆ ਸੋਚੇ ਦੂਜੀ ਮਾਂਵਾਂ ਨੂੰ ਤੇ ਚੰਨ ਚੜ੍ਹਿਆ ਸ਼ਹਿਰੀਆਂ ਤੇ ਰੰਗ ਵੰਨੋ ਵੰਨ ਚੜ੍ਹਿਆ ਬਾਹਰ ਗਏ ਪੁੱਤਰ ਦੀ ਮਾਤਾ ਰਹਿ ਗਈ ਲੁਕੀ ਬੈਠੀ ਓਦਰੀ ਮੈਂ ਜਾਤਾ ਰਹਿ ਗਈ ਚੱਲ ਆਪੇ ਮਿਠਾ ਸਮਾਚਾਰ ਦੱਸੀਏ ਰਲ ਮਿਲ ਦੋਵੇਂ ਕਹਿਕੇ ਮਾਰ ਹੱਸੀਏ ਪੈਰ ਚੁੱਕਿਆ ਤੇ ਖੱਬੀ ਅੱਖ ਫੜਕੀ ਖਿੱਚ ਖਿੱਚ ਸਾਹ ਆਵੇ ਛਾਤੀ ਧੜਕੀ ਤਰ ਤਰ ਕਰ ਜਿਵੇਂ ਧਾਰ ਜਾਂਵਦੀ ਮੱਛਰਿਆਂ ਬੱਚਿਆਂ ਦੇ ਵੱਟੇ ਖਾਂਵਦੀ ਖੁਸ਼ੀ ਤੇ ਸਵਾਰ ਖੱਬੀ ਅੱਖ ਫੜਦਾ ਮਲਕੜੇ ਮਲੂਕਨੀ ਦੇ ਮਹਿਲੀਂ ਵੜਦਾ ਦੇਖੀ ਚੁਪ ਚਾਂ ਤੇ ਦੇਖੀ ਮਨ ਭਾਣੀ ਨਾ ਦੇਖੀ ਕੋਈ ਸੁਖਾਂ ਦੀ ਨਰੀ ਨਿਸ਼ਾਨੀ ਨਾ ਕੋਠੀ ਵਲ ਬਾਂਦੀ ਬੂਥੀ ਫੇਰ ਦੱਸਦੀ ਪੁਛਣ ਤੇ ਬਸ ਹੰਝੂ ਕੇਰ ਦੱਸਦੀ ਰਾਜਾ ਕੀ ਹਰਾਨੀਆਂ ਦਾ ਬੁੱਤ ਹੋ ਗਿਆ ਵਹਿਣ ਸੀ ਵਿਚਾਰਾਂ ਦਾ ਖੜੁੱਤ ਹੋ ਗਿਆ ਇੰਦਰ ਦੀ ਆਸ ਜਿਹਦੀਆਂ ਸੀ ਬਾਹਵਾਂ ਵਿੱਚ ਮੌਤ ਦਾਨਵਾਂ ਦੀ ਜਿਹਦਿਆ ਸੀ ਸਾਹਵਾਂ ਵਿੱਚ ਭਿੱਜੀ ਬਿੱਲੀ ਵਾਂਗ ਹੌਲੀ ਹੌਲੀ ਹਿੱਲਿਆ ਭਿਤ ਖੋਲ੍ਹ ਕੋਠੜੀ ਦੇ ਵਿੱਚ ਠਿਲ੍ਹਿਆ ਅੱਗੇ ਝਿੱਕੀ ਖੋਹੜੀ ਮੰਜੀ ਉਤੇ ਡੱਟ ਕੇ ਨਾਜੋ ਰਾਣੀ ਪੱਸਰੀ ਸੀ ਚੁਪ ਵੱਟ ਕੇ ਖਿੱਲਰੇ ਸੀ ਕੇਸ ਚੂੜੀਆਂ ਸੀ ਭੱਜੀਆਂ ਸੁੱਜੀਆਂ ਸੀ ਅੱਖਾਂ ਕਪੜੇ ਸੀ ਧੱਜੀਆਂ ਮੰਤਰ ਸੀ ਮੰਥਰਾ ਗੁਰੂ ਦਾ ਰਟਦੀ ਸੌਕਣ ਦੇ ਭਾਗਾਂ ਤੇ ਕਚੀਚੀ ਵੱਟਦੀ ਮਹਾਰਾਣੀ ਰਾਜਾ ਜੀ ਦਾ ਬੁੱਤ ਬੋਲਿਆ ਜੰਦਰਾ ਹਰਾਨੀ ਦੁਖੜੇ ਦਾ ਖੋਲ੍ਹਿਆ ਕੇਸਾਂ ਦੀ ਅਮੱਸਿਆ ਦੇ ਕੇਹੇ ਕਾਰੇ ਨੇ ਹਾਰਾਂ ਨੇ ਇਹ ਤਾਰੇ ਕਿੱਕਰਾਂ ਖਿਲਾਰੇ ਨੇ ਚੂੜੀਆਂ ਨੇ ਚੰਨ ਤੋੜੇ ਨੇ ਅਕਾਸ਼ ਦੇ ਨੈਨ ਸੁੱਜ ਪੁੱਜ ਰਾਹੂ ਕੇਤੂ ਭਾਸਦੇ ਦਿਨ ਅੱਜ ਢੁੱਕਾਂ ਏ ਵਧਾਈਆਂ ਲੈਣ ਦਾ ਰਾਮ ਯੁਵਰਾਜ ਤੇ ਬਲਾਈਆਂ ਲੈਣ ਦਾ ਹਾਏ ਹਾਏ ਸੁਣ ਕੇ ਵੀ ਸਮਾਚਾਰ ਤੂੰ ਬੈਠੀ ਬੁੱਤ ਵਾਂਗਰਾਂ ਏਂ ਚੁੱਪ ਧਾਰ ਤੂੰ ਦਿਲ ਨੂੰ ਜਾਂ ਡਾਢੀ ਸੱਟ ਲੱਗੀ ਜਾਪਦੀ ਸੰਤ ਕਿਸੇ ਦੀ ਜਾਂ ਮਾਰ ਵੱਗੀ ਜਾਪਦੀ ਚੰਬੜਿਆ ਭੂਤ ਪ੍ਰੇਤ ਜਾਂ ਇਹ ਜਾਪਦਾ ਕਾਰਾ ਜਾਂ ਇਹ ਜਾਪਦਾ ਏ ਕਿਸੇ ਸਰਾਪ ਦਾ ਬੋਲ ਰਾਣੀ ਬੋਲ ਇੱਕ ਵਾਰ ਬੋਲ ਤੂੰ ਕੰਨਾਂ ਵਿੱਚ ਮੇਰੇ ਅੰਮ੍ਰਿਤ ਘੋਲ ਤੂੰ ਕੀਤੀ ਕਿਸ ਹੱਤਕ ਨਾ ਆਖਾ ਮੰਨਿਆਂ ਕਿਸੇ ਤੇਰੇ ਖੇਤਰ ਦਾ ਟਾਂਡਾਂ ਭੰਨਿਆਂ ਕਿਸ ਨੂੰ ਸਿੰਘਾਸਨੋਂ ਉਤਾਰਾਂ ਰਾਣੀਏ ਕਿਸ ਦਾ ਸਿੰਘਾਸਨ ਉਸਾਰਾਂ ਰਾਣੀਏ ਦਸ ਕਿਹੜੀ ਚਾਹ ਤੇਰੀ ਪੂਰੀ ਕਰਾਂ ਮੈਂ ਚੜ੍ਹਾਂ ਮੈਂ ਪਹਾੜੀ ਸਾਗਰਾਂ ਤੇ ਤਰਾਂ ਮੈਂ ਗੱਲ ਕੱਢ ਮੂੰਹੋਂ ਪੂਰੀ ਹੋਈ ਜਾਣ ਲੈ ਸੇਵਕ ਹਾਂ ਧੁਰਾਂ ਦਾ ਮੈਂ ਸੋਈ ਜਾਣ ਲੈ ਸੇਵਕ ਤੇ ਮੋਤੀਆਂ ਖਿੜਾਈਂ ਰਾਣੀਏ ਮਿੱਠਾ ਮਿੱਠਾ ਭੌਰੇ ਨੂੰ ਗੁੰਜਾਈਂ ਰਾਣੀਏ ਆਖ ਕੇ ਇਹ ਹੱਥ ਮੋਢੇ ਵੱਲ ਕਰਦਾ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦਾ ਪੁੱਠਾ ਹਥ ਮਾਰ ਹੱਥ ਪਰੇ ਕਰਦੀ ਮੱਖੀ ਜਿਵੇਂ ਝਾੜ ਮਰੇ ਕਰਦੀ ਪੀੜ ਨੂੰ ਛਿਪਾਂਦਾ ਮੁਸਕਾਨ ਕਰਦਾ ਵਚਨ ਵਿਲਾਸ ਸੀ ਮਸਾਨ ਕਰਦਾ ਚੋਰ ਦੀ ਜਨਾਨੀ ਜਿਵੇਂ ਵਿਚੋਂ ਡੋਲਦੀ ਉਤੋਂ ਉਤੋਂ ਹੋਰ ਪੱਕੀ ਹੋ ਕੇ ਬੋਲਦੀ ਰੁੱਸ ਕੇ ਸੀ ਪੱਸਰੀ ਕਕਈ ਜਾਗ ਪਈ ਪਾਣੀ ਢਾਈ ਜਿੱਕਰਾਂ ਮਕਈ ਜਾਗ ਪਈ ਧੌਣ ਨੂੰ ਉਭਾਰ ਸੱਪ ਸੀਹਨੀ ਤੱਕਦੀ ਤੱਕਦੀ ਕੁਬੋਲ ਬੋਲਦੀ ਨ ਝੱਕਦੀ ਮਕਰੀ ਨਾ ਰਾਜਾ ਤੇਰੇ ਜਿਹਾ ਦੇਖਿਆ ਜਿਹਾ ਸੁਣਿਆ ਸੀ ਅਸਾਂ ਤਿਹਾ ਦੇਖਿਆ ਪਿਆਰੀ ਪਿਆਰੀ ਆਖ ਮੈਨੂੰ ਠਗ ਜਾਣਿਆ ਪਿਆਰੀ ਕੀਤੀ ਹੋਰ ਅੱਜ ਜਗ ਜਾਣਿਆ ਭਰਤ ਨੂੰ ਘੱਲ ਅੱਖੋਂ ਦੂਰ ਨਾਨਕੇ ਤਿਲਕ ਰਚਾਇਆ ਮੈਨੂੰ ਪਿਆਰੀ ਜਾਣਕੇ ਰਾਜਾ ਖੜਾ ਪੱਥਰ ਦਾ ਬੁੱਤ ਬਣਿਆ ਸੋਚੇ ਕੀ ਇਹ ਵਿਧਨਾ ਨੇ ਤਾਣਾ ਤਣਿਆ ਰਾਮ ਨੂੰ ਸੀ ਭਰਤ ਤੋਂ ਪਿਆਰਾ ਜਾਣਦੀ ਤਿੰਨਾਂ ਲੋਕਾਂ ਵਿੱਚ ਓਹਨੂੰ ਨਿਆਰਾ ਜਾਣਦੀ ਕਾਲੀਆਂ ਘਟਾਂਵਾਂ ਟਕ ਬੰਨ੍ਹ ਦੇਖਦਾ ਵਿੱਚ ਵਿੱਚ ਚੌਧਵੀਂ ਦਾ ਚੰਨ ਦੇਖਦਾ ਵਿੱਚ ਵਿੱਚ ਬਿਜਲੀ ਦੇ ਤੀਰ ਦੇਖਦਾ ਤਾਰਿਆਂ ਦੀ ਖਿਲਰੀ ਵਹੀਰ ਦੇਖਦਾ ਬੋਲਿਆ ਕੀ ਬੋਲੀਏ ਕਕਈ ਰਾਣੀਏ ਖੁਸ਼ੀ ਵੇਲੇ ਨਿੰਮੋਝੂਨੀ ਕਹੀ ਰਾਣੀਏ ਬਣੇ ਯੁਵਰਾਜ ਕੋਈ ਹੋਰ ਖੁਸ਼ੀ ਕੀ ਪੁੱਤ ਬਣੇ ਘਰ ਦਾ ਹੀ ਚੋਰ ਖੁਸ਼ੀ ਕੀ ਸੁਣ ਕੇ ਕਕਈ ਦਾ ਕੁਬੋਲ ਰਾਜੇ ਨੇ ਪਿੱਪਲ ਦੇ ਪਾਪੇ ਵਾਂਗ ਡੋਲ ਰਾਜੇ ਨੇ ਆਹ ਭਰੀ ਦੁਖ ਚੱਬ ਚੱਬ ਖਾਂਵਦਾ ਡਾਹ ਭਰੀ ਹੋਣੀ ਸਿਰ ਭਸ ਪਾਂਵਦਾ ਬੋਲੀ ਮੁੱਲ ਵਚਨਾਂ ਦਾ ਅੱਜ ਜਾਣੀ ਦਾ ਸੇਵਾਦਾਰ ਬਣ ਮਨ ਭਾਣੀ ਰਾਣੀ ਦਾ ਗੋਹੜਾ ਕੱਤ ਦੇਖਿਆ ਨਾ ਕੱਤੀ ਪੂਨੀ ਏ ਏਵੇਂ ਹੀ ਸਹੇੜ ਲਈ ਨਿੰਮੋਝੂਨੀ ਏ ਰਾਜਾ ਮੇਰੀ ਭਗਤੀ ਦੀ ਸਾਖੀ ਆਪੇ ਭਰ ਨਿਮਿਧਜ ਇੰਦਰ ਦਾ ਯੁੱਧ ਚੇਤੇ ਕਰ ਦੂਜੀ ਜੂਨੇ ਆ ਕੇ ਸੀ ਦੋ ਦਿੱਤੇ ਮੈਨੂੰ ਵਰ ਮੇਰੇ ਪਾਸ ਪਏ ਨੇ ਅਮਾਨਤੀ ਸੋ ਧਰ ਕਦੋਂ ਨਾਂਹ ਮੈਂ ਕੀਤੀ ਵਰ ਦੇਣੋਂ ਰਾਣੀਏਂ ਰੁੱਸੀਏ ਕਕਈਏ ਮਿੱਠੀਏ ਅਞਾਣੀਏ ਅੱਖੀਆਂ ਤੋਂ ਕੋਲ ਡੋਡੀਏ ਮਮੋਲੀਏ ਚਾਲੋਂ ਹੰਸਰਾਣੀਏ ਕਕੱਈਏ ਭੋਲੀਏ ਸੁੱਚੀਏ ਸੁਲੱਖਣੀਏ ਮਨਭਾਣੀਏ ਲਛਮੀਏ ਸਰਸੁਤੀਏ ਭਵਾਨੀਏ ਜਾਪਦਾ ਏ ਮੈਨੂੰ ਝੂਠੀ ਮੂਠੀ ਰੁੱਸੀਏ ਇੰਜ ਨਾ ਤਾਂ ਫੇਰ ਵੀ ਤੂੰ ਕਾਹਨੂੰ ਹੁੱਸੀਏ ਅੱਜੋ ਪਰ ਕੀ ਸੀ ਵੇਲਾ ਕਾਹਲੇ ਪੈਣ ਦਾ ਕਾਲੀ ਕੋਠੀ ਮੱਲ ਝਿੱਕੀ ਮੰਜੀ ਲੈਣ ਦਾ ਰਘੁਬੰਸੀ ਵਚਨਾਂ ਤੋਂ ਜਾਨ ਵਾਰਦੇ ਜੀਂਦੇ ਜੀਣਾ ਜਸ ਦਾ ਨਾਂ ਆਨ ਹਾਰਦੇ ਸਿਰ ਚੁੱਕ ਨਾਜੋ ਨੇ ਬੁਲਾਏ ਦੇਵਤੇ ਔਖਾਂ ਦੇ ਭੰਘੂੜੇ ਪਾ ਘੁਮਾਏ ਦੇਵਤੇ ਬੋਲੀ ਚੰਨਾਂ ਸੂਰਜਾਂ ਨੂੰ ਵਰ ਸੁਣ ਲੌ ਰਾਜਾ ਜੀ ਦਾ ਪ੍ਰਣ ਕੰਨ ਧਰ ਸੁਣ ਲੌ ਰਾਜਾ ਮੁੜ ਬੋਲ ਵਚਨੋਂ ਨਾ ਹਾਰਾਂਗਾ ਰਾਜਾ ਕੂਇਆ ਵਚਨਾਂ ਤੋਂ ਜਿੰਦ ਵਾਰਾਂਗਾ ਬੋਲੀ ਬਸ ਫੇਰ ਕੰਨ ਧਰ ਸੁਣ ਲੋ ਹੱਥ ਜੋੜ ਮੰਗਨੀਆਂ ਵਰ ਸੁਣ ਲੋ ਇੱਕ ਇਹ ਕੀ ਭਰਤ ਬੁਲਾਵੋ ਜਲਦੀ ਵਿਧ ਨਾਲ ਤਿਲਕ ਦਿਵਾਵੋ ਜਲਦੀ ਭਰਤ ਹੀ ਮੇਰਾ ਯੁਵਰਾਜ ਬਣੇਗਾ ੲਿਹੋ ਮੇਰੇ ਜੀਵਨ ਦਾ ਸਾਜ ਬਣੇਗਾ ਦੂਜੇ ਨਾਲ ਰਾਜ ਦਾ ਮੈਂ ਕੰਡਾ ਕੱਢਨਾ ਸੌਕਨ ਦਾ ਵਿੰਗਾ ਤੱਕਲਾ ਵੀ ਸੱਢਨਾ ਚੌਦਾਂ ਵਰ੍ਹੇ ਰਾਮ ਬਣਵਾਸ ਕਰੇਗਾ ਫੇਰ ਪੁੱਤ ਰਾਜਾ ਕਿਸੇ ਤੋਂ ਨਾ ਡਰੇਗਾ ਵਰ ਸੁਣ ਇਹ ਕਿ ਹੁਣ ਸੋਚਾਂ ਭਾਰੀਆ ਰਘੂਆਂ ਨੇ ਵਚਨਾਂ ਤੋਂ ਜਿੰਦਾਂ ਵਾਰੀਆਂ ਸੱਚ ਜਿਹਾ ਧਰਮ –ਨਾ ਜਾਤਾ ਰਘੂਆਂ ਧੁਰਾਂ ਤੋਂ ਹੀ ਧਰਮ ਪਛਾਤਾ ਰਘੂਆਂ ਰਾਜੇ ਦੀਆਂ ਅੱਖਾਂ ਵਿੱਚ ਅੱਖਾਂ ਖੋਭਦੀ ਲਹੂ ਦੀ ਪਿਆਸੀ ਸੱਪ ਸੀਹਨੀ ਸੋਭਦੀ ਰਾਜਾ ਤੱਕਦਾ ਸੀ ਰਾਣੀ ਹੈਂਸਿਆਰੀ ਨੂੰ ਤੱਕਦਾ ਸ਼ਿਕਾਰ ਜਿੱਕਰਾਂ ਸ਼ਿਕਾਰੀ ਨੂੰ ਬੱਲੀ ਸੀ ਬੁਝੱਕ ਇੱਕ ਟੱਕ ਤੱਕਦਾ ਰੰਗ ਫੱਕ ਹਿੱਕ ਸੀ ਕੜੱਕ ਤੱਕਦਾ ਹੋਸ਼ ਉੱਡੀ ਕਾਲੀਆਂ ਘਟਾਵਾਂ ਤੱਕਦਾ ਰਘੁਬੰਸ ਘੇਰਿਆ ਬਲਾਵਾਂ ਤੱਕਦਾ ਉੱਭੇ ਸਾਹੀਂ ਚੀਕ ਪਿਆ ਹੈਂਸਿਆਰੀਏ ਧੁਰਾਂ ਦੀਏ ਪਾਪਣੇ ਕੁਲਹਿਨੀ ਨਾਰੀਏ ਰਾਮ ਸਦਾ ਤੈਨੂੰ ਸੱਕੀ ਮਾਂ ਸੀ ਜਾਣਦਾ ਮੈਂ ਵੀ ਤੈਨੂੰ ਬਦਲਾਂ ਦੀ ਛਾਂ ਸੀ ਜਾਣਦਾ ਇੱਕ ਤੀਰ ਮਾਰ ਕੀਤੀਆਂ ਨੀ ਮਾਰਾਂ ਦੋ ਜੀਭ ਤਲਵਾਰ ਤੇਰੀ ਇੱਕ ਧਾਰਾਂ ਦੋ ਨਾਗਨ ਕਕੱਈ ਸੀ ਮੈਂ ਅੱਜ ਜਾਣਿਆ ਰਘੂਆਂ ਦੇ ਨਾਮ ਦਾ ਸੀ ਪੱਜ ਜਾਣਿਆ ਲਿਆ ਕੀ ਮੈਂ ਤੇਰਾ ਰਾਮ ਨੇ ਗਵਾਇਆ ਕੀ ਮਹੱਲਾਂ ਵਿੱਚ ਸੋਗ ਪਾਇਆ ਹੱਥ ਆਇਆ ਕੀ ਰਾਮ ਗਿਆ ਬਣੀਂ ਮੈਨੂੰ ਮੋਇਆ ਜਾਣ ਲੈ ਤੂੰ ਵੀ ਪੁੱਤ ਖਾਣੀਏ ਸੁਹਾਗ ਮਾਨ ਲੈ ਸੂਰਜ ਦੇ ਬਾਝ ਭਾਵੇਂ ਜਗ ਮੁੱਕੇ ਨਾ ਪਾਣੀ ਬਾਝੋਂ ਖੇਤੀ ਸੁੱਕੇ ਭਾਵੇਂ ਸੁੱਕੇ ਨਾ ਰਾਮ ਨਗਰੀ ਥੋਂ ਬਾਹਰ ਪੈਰ ਧਰਿਆ ਦੀਵਾ ਉਸੇ ਵੇਲੇ ਬਸ ਮੇਰਾ ਠਰਿਆ ਹਾਏ ਮਾਤਾ ਰਾਮ ਦੀ ਕੀ ਜੀਣ ਜੀਏਗੀ ਜਿੰਦੜੀ ਨੂੰ ਘੁੱਟ ਜ਼ਹਿਰ ਘੁੱਟ ਪੀਏਗੀ ਹਾਏ ਸੀਤਾ ਬੱਚੀ ਦਾ ਕੀ ਹਾਲ ਹੋਵਣਾ ਸੁਖ ਸਾਜ਼ ਛੱਡ ਰੋਵਣਾ ਤੇ ਰੋਵਣਾ ਹੱਥ ਜੋੜ ਬੇਨਤੀ ਕਈਏ ਕਰਾਂ ਮੈਂ ਮਹਾਰਾਣੀ ਪੈਰੀਂ ਤੇਰੇ ਸੀਸ ਧਰਾਂ ਮੈਂ ਭਰਤ ਦਾ ਭਲਾ ਲੱਖ ਵਾਰੀ ਮੰਗ ਤੂੰ ਬਣ ਕੇ ਮਤੇਈ ਰਾਮ ਨੂੰ ਨਾ ਡੰਗ ਤੂੰ ਰਾਮ ਨਾ ਇਹ ਧਰਮ ਪਿਆਰ ਜੰਮਿਆ ਰਘੂਕੁਲ ਵਿਚ ਅਵਤਾਰ ਜੰਮਿਆ ਭਰਤ ਨੂੰ ਜਾਨ ਤੋਂ ਪਿਆਰਾ ਜਾਣਦਾ ਭਗਤ ਉਹ ਤੇਰਾ ਜਗ ਸਾਰਾ ਜਾਣਦਾ ਰਾਮ ਭਾਣੇ ਰਾਜ ਬਣਵਾਸ ਇੱਕ ਨੇ ਧੁੱਪ ਛਾਓਂ ਧਰਤੀ ਆਕਾਸ਼ ਇੱਕ ਨੇ ਭਾਈ ਨੂੰ ਬਣਾ ਕੇ ਰਾਜਾ ਸੁਖ ਮਾਣੇਗਾ ਭਰਤ ਦੇ ਭਾਗਾਂ ਵਿੱਚ ਭਾਗ ਜਾਣੇਗਾ ਭਰਤ ਲੈ ਅੱਜ ਯੁਵਰਾਜ ਥਾਪਿਆ ਰਾਮ ਥੋਂ ਨਾ ਘੱਟ ਮੈਨੂੰ ਕਦੀ ਜਾਪਿਆ ਇੱਕ ਅੱਖ ਦੂਜਾ ਪੁਤਲੀ ਹੈ ਅੱਖ ਦੀ ਗੱਲ ਨਾ ਮੈਂ ਜਾਣੀ ਵੇਰਵੇ ਜਾਂ ਪੱਖ ਦੀ ਵੱਡਾ ਰਾਮ ਸੀ ਤਾਂ ਮੈਂ ਇਹ ਗੱਲ ਥਾਪੀ ਸੀ ਤਾਨ ਮੈਂ ਨਾ ਪਖਪਾਤ ਦੀ ਅਲਾਪੀ ਸੀ ਦੂਜਾ ਵਰ ਹੋਰ ਕੋਈ ਮੰਗ ਰਾਣੀਏਂ ਰਘੂਕੁਲ ਪੁੱਟਣ ਤੋਂ ਸੰਗ ਰਾਣੀਏਂ ਦਸਰਥ ਰੋਂਦਾ ਵਿਰਲਾਪ ਕਰਦਾ ਲੁਛ ਲੁਛ ਰਾਮ ਰਾਮ ਜਾਪ ਕਰਦਾ ਹਥਨੀ ਹਿਲਾਇਆ ਰੁਖੜਾ ਸਰੀਂਹ ਦਾ ਬਰਛੀ ਨੇ ਢਿੱਡ ਪਾੜ ਦਿੱਤਾ ਸੀਂਹ ਦਾ ਰਾਜਾ ਸੀ ਕਿ ਬੁੱਤ ਕੰਬਦਾ ਸੀ ਸੋਗ ਦਾ ਦਾਰੂ ਦਿਸਦਾ ਨਾ ਕਰਮਾਂ ਦੇ ਰੋਗ ਦਾ ਪੱਥਰ ਦੇ ਫੁੱਲ ਉੱਤੇ ਘੁੰਮ ਰਿਹਾ ਸੀ ਭੌਰਾ ਬਣ ਖੰਭੜੀਆਂ ਚੁੰਮ ਰਿਹਾ ਸੀ ਕੜਕ ਕੇ ਬੋਲੀ ਵਰ ਦੇਣਾ ਈ ਤਾਂ ਦੇਹ ਵਚਨੀ ਨਹਾਕੇ ਰਾਜਿਆ ਉਡਾ ਨਾ ਖੇਹ ਸੁਣਿਆ ਸੀ ਰਘੂਬੰਸੀ ਸੱਚ ਬੋਲਦੇ ਡਿੱਠਾ ਅੱਜ ਮੋਤੀ ਦੱਸ ਕੱਚ ਰੋਲਦੇ ਸ਼ਿਵੀ ਰਾਜੇ ਜਾਨ ਕੋਹ ਸੱਚ ਪਾਲਿਆ ਹਰੀ ਚੰਦ ਮਾਰ ਮੋਹ ਸੱਚ ਪਾਲਿਆ ਬਲੀ ਵੱਲ ਦੇਖ ਤੇ ਦਧੀਚ ਵੱਲ ਦੇਖ ਗੱਲ ਆਪਣੀ ਦੀ ਊਚ ਨੀਚ ਵੱਲ ਦੇਖ ਹੜੀ ਨਦੀ ਵਾਂਗ ਉੱਛਲੀ ਓਹ ਰੋਹ ਵਿੱਚ ਡੋਬਦੀ ਪਤੀ ਨੂੰ ਪੁੱਤ ਦੇ ਵਿਛੋਹ ਵਿੱਚ ਸੱਚ ਪਾਲਨੈਂ ਤਾਂ ਵਰ ਇਹੋ ਮੇਰਾ ਏ ਨਹੀਂ ਤੇ ਪਲਾਂ 'ਚ ਮੇਰਾ ਪਾਰ ਡੇਰਾ ਏ ਭਰਤ ਦੀ ਮਾਤਾ ਰਾਜ ਮਾਤਾ ਬਣੇਗੀ ਜਾਂ ਉਹ ਢੇਰੀ ਜਾਣਦਾ ਵਿਧਾਤਾ ਬਣੇਗੀ ਰਾਜਾ ਰੋਵੇ ਲੁੱਛੇ ਹਾਵਾਂ ਭਰੇ ਵਿਲਕੇ ਕਿੱਥੇ ਪਰ ਪੱਥਰ ਕਕਈ ਢਿਲਕੇ ਚੌੜ ਹੋਈ ਖੇਡ ਰਾਜੇ ਨੂੰ ਇਹ ਜਾਪਿਆ ਸੱਥਰ ਦੇ ਵਾਂਗਰਾਂ ਧੜਾਮ ਜਾ ਪਿਆ ਉੱਠਿਆ ਤੇ ਪੱਥਰ ਨੂੰ ਤੱਕ ਬੋਲਿਆ ਮੂੰਹ ਫੱਕ ਲੱਕ ਸੀ ਕੜੱਕ ਬੋਲਿਆ ਭਲਾ ਮੰਗ ਛੱਡ ਇਹ ਦੇਹ ਹੱਠ ਧਰਮੀ ਭਰਤ ਨਾ ਰਾਮ ਕੋਲੋਂ ਘੱਟ ਧਰਮੀ ਤਕਨਾ ਨਾ ਉਸ ਇਸ ਤੇਰੇ ਰਾਜ ਨੂੰ ਲਹੂ ਨਾਲ ਭਾਈ ਦੇ ਲਬੇੜੇ ਰਾਜ ਨੂੰ ਪੁਛਣਗੇ ਗੁਣੀ ਰਾਮ ਕਿਥੇ ਘੱਲਿਆ ਕਿਹੜੇ ਮੂੰਹੋਂ ਦਸਾਂਗਾ ਮੈਂ ਜਿੱਥੇ ਘਲਿਆ ਰਾਣੀ ਤੇਰੇ ਸਿਰ ਸਾਰੇ ਭਸ ਪਾਣਗੇ ਮੇਰੀ ਮੱਤ ਦਾ ਵੀ ਡਾਢਾ ਜੱਸ ਗਾਣਗੇ ਵਰ ਪੂਰਾ ਕਰਾਂ ਨਾ ਤਾਂ ਸੱਚ ਮਾਰਨਾ ਰਾਜ ਦੇ ਕੇ ਹਰਾਂ ਵੀ ਤਾਂ ਖੱਚ ਮਾਰਨਾ ਹਾਏ ਵੱਡੀ ਰਾਣੀ ਨੇ ਸੀ ਕੀ ਵਿਗਾੜਿਆ ਜਿਹਦਾ ਝੁਗਾ ਇੰਜ ਵਸਦਾ ਉਜਾੜਿਆ ਮਿੱਠੜੀ ਸੁਮਿੱਤਰਾਂ ਤਾਂ ਸਹਿਮ ਮਰੇਗੀ ਕਿਹਨੂੰ ਪੁੱਤ ਰਾਮ ਆਖ ਆਖ ਠਰੇਗੀ ਆਲੀ ਭੋਲੀ ਸੀਤਾ ਬਾਲੜੀ ਕੀ ਕਰੇਗੀ ਦੋਹਰੀ ਸੱਟ ਹਾਏ ਕਿਹੜੇ ਹਾਲ ਜਰੇਗੀ ਪਤੀ ਗਿਆ ਬਨੀਂ ਨਗਰੀ ਉਜਾੜ ਕੇ ਸੌਹਰਾ ਪਰਲੋਕ ਗਿਆ ਹੱਥ ਝਾੜ ਕੇ ਰਾਮ ਟੋਰ ਜੰਗਲਾਂ ਨੂੰ ਕਿਵੇਂ ਜੀਵਾਂਗਾ ਤੱਕ ਤੱਕ ਸੀਤਾ ਨੂੰ ਹੰਝੂ ਪੀਵਾਂਗਾ ਮੋਇਆ ਮੈਂ ਤਾਂ ਪਰਜਾ ਤੇ ਫੁਹੜੀ ਪਾਏਗੀ ਵਿਧਵਾ ਕਕਈ ਖੁਸ਼ੀਆਂ ਮਨਾਏਗੀ ਜਾਪੇ ਅਜੇ ਵੀ ਤੂੰ ਐਵੇਂ ਹੀ ਚਿੰਘਾਨੀਏ ਹੱਥ ਜੋੜਾਂ ਹਾਸਾ ਛੱਡ ਦੇ ਤੂੰ ਰਾਣੀਏ ਅੱਖਾਂ ਮੀਟ ਆਖਦਾ ਵਿਧਾਤਾ ਮੰਨ ਤੂੰ ਉੱਘੜੀ ਲਕੀਰ ਦੁਖਾਂ ਵਾਲੀ ਭੰਨ ਤੂੰ ਲਿਖਣਾ ਸੀ ਭੋਗ ਲਿਖ ਗਿਓਂ ਸੋਗ ਤੂੰ ਪੁੱਠੀ ਕਾਨੀ ਫੇਰ ਕਰ ਦੇ ਸੰਜੋਗ ਤੂੰ ਪੁੱਤ ਮੇਰਾ ਭਗਤ ਭੁਲਾਏ ਭਗਤੀ ਆਗਿਆ ਤੋਂ ਕੰਨੀ ਖਿਸਕਾਏ ਭਗਤੀ ਬੋਲੀ ਅਗੋਂ ਰਘੂਬੰਸੀ ਸੱਚ ਬੋਲਦੇ ਹਾਂ ਕਰ ਸੁਣੇ ਨਹੀਂ ਇੰਞ ਡੋਲਦੇ ਧਰਮਨ ਮੂੰਹੋਂ ਉਪਦੇਸ਼ ਆਂਵਦੇ ਜਿਵੇਂ ਘਾਵਾਂ ਅੱਲਿਆਂ ਤੇ ਲੂਣ ਪਾਂਵਦੇ ਸਿਠਨੀਆਂ ਸੋਗੀਆਂ ਨੂੰ ਮੋਹਨ ਕਿੱਕਰਾਂ ਗਹਿਣੇ ਨਵੀਂ ਵਿਧਵਾ ਨੂੰ ਸੋਹਣ ਕਿੱਕਰਾਂ ਚੈਂਚਲੋਂ ਹਿਲਾਂਵਦੀ ਗੜੂੰਧ ਗਏ ਨੂੰ ਲਾੜਾ ਬਣ ਸਹੁਰਿਆਂ ਦੇ ਪੰਧ ਪਏ ਨੂੰ ਮਿੱਠੀਆਂ ਨਾ ਮਾਰ ਇੰਜ ਉਂਜ ਕਰਨਾ ਇਹੋ ਵਰ ਮੰਗਾਂਗੀ ਮੈਂ ਹੋਰ ਵਰ ਨਾ ਗੱਲ ਕੀ ਕਿ ਰਾਜਾ ਤਰਲੇ ਸੀ ਪਾਉਂਦਾ ਧਰਮ ਤੇ ਸ਼ਰਮ ਦਾ ਗੀਤ ਗਾਉਂਦਾ ਮਿੱਠਾ ਮਿੱਠਾ ਪਿਆਰ ਦਸ ਹਾਵੇ ਭਰਦਾ ਝਈਆਂ ਲੈਂਦਾ ਪਿੱਟਦਾ ਤੇ ਹਾੜੇ ਕਰਦਾ ਰੋਂਦਾ ਕੁਰਲਾਂਵਦਾ ਤੇ ਗਸ਼ਾਂ ਖਾਂਵਦਾ ਸਿਲ ਦੇ ਦਵਾਲੇ ਅੱਖੀਆਂ ਘੁਮਾਂਵਦਾ ਆਕੜੀ ਦੀ ਆਕੜੀ ਕਕਈ ਖੜੀ ਸੀ ਮੰਥਰਾ ਗੁਰੂ ਦੀ ਸਿਖਿਆ ਤੇ ਅੜੀ ਸੀ ਧਰਮ ਦੇ ਗੀਤ ਮੁੜ ਗਾਣ ਲੱਗ ਪਈ ਪੰਨੇ ਸਚਿਆਂ ਦੇ ਪੁਰਾਤਣ ਲੱਗ ਪਈ ਪ੍ਰਾਣ ਕੋਲੋਂ ਪ੍ਰਣ ਨੂੰ ਉਚੇਰਾ ਦਸਦੀ ਨਗਰੀ ਤੋਂ ਬਣ ਨੂੰ ਉਚੇਰਾ ਦਸਦੀ ਦੇਨਾਂ ਏ ਤਾਂ ਇਹੋ ਵਰ ਮੇਰਾ ਦਸਦੀ ਨਹੀਂ ਤਾਂ ਮੇਰਾ ਯਮਲੋਕ ਡੇਰਾ ਦਸਦੀ ਮਾਰ ਕੇ ਕਕੱਈ ਘਰ ਰਾਮ ਰੱਖ ਲੈ ਇੰਜੇ ਰਘੂਬੰਸੀਆਂ ਦਾ ਨਾਮ ਰੱਖ ਲੈ ਬਿਛੂਏ ਦੇ ਵਾਂਗ ਡਿੰਗੀ ਸਿੱਖ ਸੁਣ ਕੇ ਜਾਗ ਪਿਆ ਰਾਜਾ ਜਿਵੇਂ ਖਾ ਕੇ ਤੁਣਕੇ ਦੁਖ ਤੇ ਕਰੋਧ ਇਕ ਧਿਰ ਧਰ ਕੇ ਆਪੇ ਕਿਤੇ ਵਰ ਦਾ ਵਿਚਾਰ ਕਰ ਕੇ ਬੋਲਿਆ ਕਕਈਏ ਮੈਂ ਨਾ ਸੱਚ ਹਾਰਾਂਗਾ ਪ੍ਰਣ ਉਤੇ ਜਿੰਦ ਰਾਮ ਰਾਜ ਵਾਰਾਂਗਾ ਪੂਰਾ ਤੇਰਾ ਰਾਮ ਬਨਵਾਸ ਹੋ ਗਿਆ ਲੋਕ ਪਰਲੋਕ ਮੇਰਾ ਨਾਸ ਹੋ ਗਿਆ ਹੋਸ਼ ਤੇ ਬੇਹੋਸ਼ੀ ਵਿਚ ਬੋਲੀ ਗਿਆ ਓਹ ਨਰਕਾਂ ਦੇ ਵਰਕੇ ਫਰੋਲੀ ਗਿਆ ਓਹ ਰਾਣੀ ਨੂੰ ਬਲਾ ਦੀ ਲਈ ਕੋਈ ਬੋਲਿਆ ਆਪੇ ਜਿਸ ਦੁੱਧ ਵਿਚ ਜ਼ਹਿਰ ਘੋਲਿਆ *** *** *** ਓਧਰੋਂ ਵਸ਼ਿਸ਼ਠ ਜੀ ਸੁਨੇਹਾ ਘੱਲਿਆ ਸਾਰਥੀ ਪਰੇਮੀ ਛਪਾ ਛੱਪ ਚਲਿਆ ਆਖੇ ਮਹਾਰਾਜ ਪੱਖ ਯੋਗ ਭਲਕੇ ਰਾਮ ਜੀ ਦਾ ਤਿਲਕ ਸਜਾਈਏ ਰਲ ਕੇ ਮਹਿਲਾਂ 'ਚ ਸੁਮੰਤਰ ਨੇ ਪੈਰ ਧਰਿਆ ਚੁਪ ਜਾਂ ਚੁਫੇਰ ਡਿਠੀ ਡਾਢਾ ਡਰਿਆ ਸਹਿਮ ਸਹਿਮ ਝਾਤਾਂ ਮਾਰ ਪੈਰ ਧਰਦਾ ਝਾਕੀ ਕੁਝ ਅਗੇ ਹੋਰ ਦੇਖ ਡਰਦਾ ਦੁੱਖ ਤੇ ਹੈਰਾਨੀ ਵਿਚ ਡੁੱਬੇ ਹੋਏ ਨੂੰ ਸ਼ੰਸਿਆਂ ਦੇ ਖੋਭੇ ਵਿਚ ਖੁਭੇ ਹੋਏ ਨੂੰ ਹੋਣੀ ਝਟ ਅੱਖਾਂ ਟਮਕਾ ਕੇ ਬੋਲਦੀ ਬੁੱਲ੍ਹ ਕੱਸ ਹੇਕ ਲਮਕਾ ਕੇ ਬੋਲਦੀ ਰਾਮ ਨੂੰ ਜਾ ਆਖ ਪਿਤਾ ਜੀ ਬੋਲਾਂਵਦੇ ਰਾਜਾ ਜੀ ਹੰਗੂਰਾ ਭਰ ਹਾਂ ਮਿਲਾਂਵਦੇ ਸਾਰਥੀ ਖਲੋਤਾ ਕੰਧ ਨਾਲ ਜੁੜਿਆ ਵਾਂਗ ਪਰਛਾਵੇਂ ਪਿਛ੍ਹਾਂ ਵਲ ਮੁੜਿਆ ਪਲਾਂ ਵਿਚ ਰਾਮ ਮਹਿਲਾਂ ਵਿਚ ਆ ਗਿਆ ਦੇਖ ਕੇ ਇਹ ਝਾਕਾ ਉਹ ਕੜਾਕਾ ਖਾ ਗਿਆ ਬੁੱਲ੍ਹਾਂ ਵਿਚ ਚੁਪ ਪਰਨਾਮ ਹੋ ਗਿਆ ਬੁੱਤ ਪਸ਼ੇਮਾਨੀਆਂ ਦਾ ਰਾਮ ਹੋ ਗਿਆ ਪਿਤਾ ਕੀ ਸੀ ਧੌਂਕਣੀ ਸੀ ਸਾਹ ਭਰਦੀ ਹੰਝੂਆਂ ਦੀ ਬੋਕੀ ਤ੍ਰਿਮ ਤ੍ਰਿਮ ਕਰਦੀ ਦੇਖ ਕੇ ਕਕਈ ਗੁੰਮ ਜਾਂਦੇ ਰਾਮ ਨੂੰ ਡੁਬ ਡਬ ਅੱਖੀਆਂ ਘੁਮਾਂਦੇ ਰਾਮ ਨੂੰ ਫੁੱਟੀ ਰਾਮ ਪਿਤਾ ਜੀ ਨੂੰ ਕੋਈ ਰੋਗ ਨਾ ਫਲ ਇਕ ਵਚਨਾਂ ਦਾ ਪਿਆ ਭੋਗਨਾ ਦਿੱਤੇ ਸੀ ਦੋ ਵਰ ਮੈਨੂੰ ਅੱਜ ਮੰਗੇ ਨੇ ਰਾਜਾ ਹੋਰੀਂ ਦੇਣੋਂ ਝਿਜਕੇ ਤੇ ਸੰਗੇ ਨੇ ਦਸਰਥ ਅੱਖਾਂ ਲਾਲ ਕਰ ਦੇਖਦਾ ਰਾਮ ਬੁੱਲ੍ਹ ਚੱਬ ਨੈਣ ਭਰ ਦੇਖਦਾ ਟੇਢੀ ਬੋਲੀ ਪ੍ਰਣ ਤੇ ਖਲ੍ਹਾਰ ਪਿਤਾ ਨੂੰ ਸਾਖ ਰੱਖ ਕੁਲ ਦੀ ਤੂੰ ਤਾਰ ਪਿਤਾ ਨੂੰ ਰਾਮ ਸੀ ਹੈਰਾਨ ਇਹ ਨਜ਼ਾਰਾ ਦੇਖਦਾ ਪਿਓ ਦੀ ਚੁੱਪ ਮਾਂ ਦਾ ਭਬਕਾਰਾ ਦੇਖਦਾ ਦੇਖ ਕੇ ਹੈਰਾਨੀ ਮਤਰੇਈ ਬੋਲਦੀ ਪੁੱਤਰ ਦੇ ਕੰਨਾਂ ਵਿਚ ਜ਼ਹਿਰ ਘੋਲਦੀ ਕਥਾ ਨਿਮਧਿਜ ਦੀ ਸੁਣਾਈ ਉਸ ਨੇ ਵਰਾਂ ਵਾਲੀ ਵਿੱਥਿਆ ਦੁਰ੍ਹਾਈ ਉਸ ਨੇ ਰਾਮ ਨੂੰ ਤੇ ਧੁਰੋਂ ਸੁਖ ਦੁੱਖ ਇਕ ਸੀ ਰਾਜ ਬਣਵਾਸ ਰੱਜ ਭੁੱਖ ਇਕ ਸੀ ਬੋਲੇ ਮਾਂ ਦੀ ਆਗਿਆ ਤੋਂ ਪ੍ਰਾਣ ਵਾਰਾਂ ਮੈਂ ਪ੍ਰਣ ਪਿਓ ਦਾ ਪਾਲ ਜਨਮ ਸਵਾਰਾਂ ਮੈਂ ਪਿਤਾ ਮੇਰੇ ਗੁਰ ਮੇਰੇ ਸਭ ਕੁਝ ਨੇ ਧਰਮਾਂ ਦੀ ਟੇਕ ਨੀਤੀਆਂ ਦੀ ਸੁਝ ਨੇ ਮਾਵਾਂ ਉਤੇ ਮੈਨੂੰ ਇਕੋ ਜਿਹਾ ਮਾਣ ਹੈ ਜਾਨ ਹੈ ਕੁਸ਼ੱਲਿਆ ਕਕਈ ਪ੍ਰਾਣ ਹੈ ਮਾਤਾ ਤੇਰਾ ਰਾਮ ਹੁਣ ਬਣੀ ਜਾਵੇਗਾ ਹੁਣ ਭਾਰ ਆਗਿਆ ਦਾ ਸਿਰੋਂ ਲਾਹਵੇਗਾ ਇਕੋ ਗੱਲ ਪਰ ਫਿੱਕੀ ਹੋਈ ਅੰਮੀਏ ਆਪੇ ਕਹਿੰਦੇ ਪਿਤਾ ਗੱਲ ਸੋਈ ਅੰਮੀਏ ਸੋਗੀ ਬਣ ਚੁੱਪ ਦੀ ਨੇ ਮਾਲਾ ਫੇਰਦੇ ਟਿਪ ਟਿਪ ਟਿਪ ਟਿਪ ਹੰਝੂ ਕੇਰਦੇ ਧੀਰਜ ਦੇ ਇਨ੍ਹਾਂ ਨੂੰ ਅਡੋਲ ਦਸ ਦੇ ਰਾਮ ਬਨੀਂ ਚਲਿਆ ਏ ਮੱਥੇ ਹੱਸਦੇ ਧੰਨ ਰਾਮ ਖਿੜਕੇ ਕਕਈ ਬੋਲਦੀ ਜਿੱਕਰਾਂ ਸਪੁੱਤਰ ਤੋਂ ਆਪਾ ਘੋਲਦੀ ਬੋਲੀ ਰੂਪ ਵਿਚ ਜਾਣ ਪ੍ਰਣ ਬੋਲਦਾ ਹੰਝੂਆਂ ਦੇ ਵਿਚ ਦੁਖੀ ਮਨ ਬੋਲਦਾ ਜਾਣਾ ਏ ਤੇ ਰਾਮ ਛੇਤੀ ਕਰ ਜਾਣ ਦੀ ਰਾਜੇ ਦਾ ਮੈਂ ਸੁਖ ਏਸੇ ਵਿਚ ਜਾਣਦੀ ਰਾਜਾ ਉਤੇ ਅੱਖਾਂ ਚੁਕਦਾ ਉਗਾਲਦਾ ਇਕੋ ਤੱਕੇ ਲੱਖ ਲਾਹਨਤਾਂ ਉਛਾਲਦਾ ਪਲੰਘ ਤੇ ਪਿਤਾ ਨੂੰ ਬਿਠਾਇਆ ਰਾਮ ਨੇ ਮਾਪਿਆਂ ਨੂੰ ਮੱਥਾ ਚਾ ਨਿਵਾਇਆ ਰਾਮ ਨੇ ਬੋਲੇ ਰਾਮ ਮੇਰੇ ਥੋਂ ਤੂੰ ਢੇਰ ਜਾਣਦੀ ਆਪ ਦਿਤੀ ਗੁੜ੍ਹਤੀ ਨਾ ਫੇਰ ਜਾਣਦੀ ਰਾਮ ਨੂੰ ਤੇ ਤਿੰਨੇ ਮਾਵਾਂ ਜਾਣੀ ਇਕ ਨੇ ਲੱਛਮੀ ਸੁਰੱਸਤੀ ਭਵਾਨੀ ਇਕ ਨੇ ਪਿਤਾ ਮੈਨੂੰ ਵਿਸ਼ਨੂੰ ਬਰਹਮਾਂ ਇਕ ਨੇ ਇਹੋ ਮੇਰਾ ਭਗਤੀ ਪ੍ਰੇਮ ਲਿਵ ਨੇ ਪਿਤਾ ਜੀ ਦਾ ਪ੍ਰਣ ਮੈਨੂੰ ਪ੍ਰਾਣ ਲਗਦਾ ਮਾਤਾ ਜੀ ਦਾ ਵਰ ਮੈਨੂੰ ਮਾਣ ਲਗਦਾ ਰਾਮ ਚੌਦਾਂ ਸਾਲ ਬਣਵਾਸ ਕੱਟੇਗਾ ਪੁੱਤ ਬਣ ਜਨਮ ਦਾ ਲਾਹ ਖੱਟੇਗਾ ਮਾਤਾ ਨੂੰ ਮੈਂ ਪੁੱਛ ਲਵਾਂ ਮਾਤਾ ਜਾਣਦੇ ਧਰਮ ਦੀ ਰੀਤ ਸੀਤਾ ਨੂੰ ਸੁਝਾਣ ਦੇ ਦਸਰਥ ਭਾਵੇਂ ਵੱਟੇ ਟੁੱਟ ਰਹੇ ਸੀ ਦੋਵੇਂ ਸੋਮੇਂ ਧਾਰਾਂ ਬੰਨ੍ਹ ਫੁੱਟ ਰਹੇ ਸੀ ਸ਼ਾਨਤੀ ਦਾ ਰੂਪ ਧੀਰੇ ਰਾਮ ਟੁਰ ਪਏ ਮਾਪਿਆਂ ਨੂੰ ਕਰ ਪਰਨਾਮ ਟੁਰ ਪਏ ਰਾਹ ਵਿਚ ਹਾਵਾਂ ਦੀ ਹਨੇਰੀ ਵਗਦੀ ਪਰਜਾ ਦੇ ਹੰਝੂਆਂ ਦੀ ਝੜੀ ਲਗਦੀ ਚਮ ਚਮ ਮੱਥਾ ਚਮਕਾਂਦੇ ਰਾਮ ਜੀ ਮਿੱਠਤਾਂ ਦੇ ਤੀਰ ਬਰਸਾਂਦੇ ਰਾਮ ਜੀ ਅੰਬੜੀ ਦੇ ਭਵਨੀਂ ਅਡੋਲ ਜਾਂਵਦੇ ਗੁਫ਼ਾ ਵਿਚ ਸਿੰਘ ਜਿਵੇਂ ਫੇਰੀ ਪਾਂਵਦੇ ਲਛਮਣ ਬਣ ਪਰਛਾਵਾਂ ਜਾਂਵਦੇ ਫੇਰੀਆਂ ਦੇ ਵਿਚ ਸਨ ਫੇਰੀ ਪਾਂਵਦੇ *** *** *** ਭੌਰੀ ਬਣੀ ਹੋਈ ਵਿਸ਼ਨੂੰ ਦੇ ਨਾਮ ਦੀ ਮੰਦਰ ਦੇ ਵਿਚ ਬੈਠੀ ਮਾਤਾ ਰਾਮ ਦੀ ਨੈਣ ਦੀਵੇ ਆਰਤੀ ਉਤਾਰ ਰਹੇ ਸਨ ਹੰਝੂ ਪੈਰ ਪ੍ਰਭੂ ਦੇ ਸ਼ਿੰਗਾਰ ਰਹੇ ਸਨ ਧੂਫ ਧੁਖ ਰਹੇ ਫੁੱਲ ਮਹਿਕ ਰਹੇ ਸਨ ਭਜਨ ਪੰਖੇਰੂ ਰਲ ਚਹਿਕ ਰਹੇ ਸਨ ਅਚਾਚੇਤੀ ਮਾਂ ਦੀ ਸੱਜੀ ਅੱਖ ਫੜਕੀ ਛਾਤੀ ਗੜ੍ਹਕੀ ਤੇ ਸੱਜੀ ਵੱਖੀ ਧੜਕੀ ਆਰਤੀ ਦੋ ਨੈਣ ਦੀਵਿਆਂ ਦੀ ਘੁੱਟ ਗਈ ਹੰਝੂਆਂ ਦੀ ਧਾਰ ਸਹਿਮ ਖਾ ਕੇ ਟੁੱਟ ਗਈ ਭਜਨਾਂ ਦੀ ਮਿਠੜੀ ਗੁੰਜਾਰ ਰੁਕ ਗਈ ਧੂਫ ਦੀ ਤੇ ਫਲਾਂ ਦੀ ਮਹਕਾਰ ਲੁਕ ਗਈ ਪੈਰਾਂ ਦੀ ਖੜਾਕ ਹੋਈ ਕੰਨ ਖੋਲ੍ਹਦੀ ਮਾਂ ਜੀ ਕਿਸੇ ਆਖਿਆ ਤੇ ਰਾਮ ਬੋਲਦੀ ਉਛਲ ਕੇ ਛਾਤੀ ਨਾਲ ਪੁੱਤ ਘੁੱਟਿਆ ਭਗਤੀ ਦੇ ਨਾਲ ਜਿਵੇਂ ਪਿਆਰ ਜੁੱਟਿਆ ਵਾਛੜ ਨੂੰ ਬੋਚੇ ਜਿਵੇਂ ਬਾਗ ਔੜਿਆ ਕੰਗਲੇ ਨੂੰ ਜਿਕੁਰਾਂ ਕੁਬੇਰ ਬਹੁੜਿਆ ਲੂਆਂ ਤਾਰ ਬੰਨ੍ਹ ਕੇ ਬਹਾਰ ਛੇੜਿਆ ਹੰਝੂਆਂ ਪਿਆਰ ਕਾ ਮਝਾਰ ਛੇੜਿਆ ਬੋਲੀ ਅਜ ਰਾਮ ਯੁਵਰਾਜ ਬਣੇਗਾ ਪਰਜਾ ਦੇ ਖਿੜਨ ਦਾ ਸਾਜ਼ ਬਣੇਗਾ ਆਸਨ ਜੜਾਊ ਅਗੇ ਮਾਤਾ ਕਰਦੀ ਸਿਰ ਸੁੰਘਦੀ ਬਲਾਈਆਂ ਲੈਂਦੀ ਠਰਦੀ ਆਸਨ ਨੂੰ ਹੱਥ ਲਾਕੇ ਝੁਕ ਰਾਮ ਜੀ ਹਾਵਾਂ ਹੰਝੂਆਂ ਦੇ ਓਹਲੇ ਲੁਕ ਰਾਮ ਜੀ ਬੋਲੇ ਮਾਂ ਜੀ ਆਸਨਾਂ ਤੋਂ ਚਿੱਤ ਚੁਕਿਆ ਰਾਜ ਸੁਖ ਰਾਜ ਨਾਲ ਨਾਤਾ ਮੁਕਿਆ ਪਿਤਾ ਜੀ ਦਾ ਹੁਕਮ ਦੁਹਰਾਇਆ ਰਾਮ ਨੇ ਵਰ ਮਤਰੇਈ ਦਾ ਸੁਣਾਇਆ ਰਾਮ ਨੇ ਸੁਣ ਇਹ ਸੁਣੌਨੀ ਸੁੰਨ ਹੋਈ ਅੰਬੜੀ ਸੱਟ ਖਾ ਕੇ ਜੀਉਂਦੀ ਮੌਤ ਮੋਈ ਅੰਬੜੀ ਟੰਬੇ ਟਾਂਡੇ ਵਾਂਗਰਾਂ ਸਥਾਰ ਜਾ ਪਈ ਟੁੱਟ ਭੱਜ ਬੇੜੀ ਮੰਝਦਾਰ ਜਾ ਪਈ ਪੰਨੇ ਇਤਿਹਾਸਾਂ ਵਾਲੇ ਫੋਲੇ ਰਾਮ ਨੇ ਮਿਠੇ ਹਿਤ ਵਾਲੇ ਬੋਲ ਬੋਲੇ ਰਾਮ ਨੇ ਟੁੰਬ ਮੋਹ ਦੀ ਨੀਂਦਰੋਂ ਜਗਾਈ ਅੰਬੜੀ ਸੁਧ ਕਰ ਸੋਗ ਘਰ ਆਈ ਅੰਬੜੀ ਬੋਲੀ ਹਾਏ ਹਾਏ ਬੱਚਾ ਨਿਤ ਜੰਮਦੋਂ ਨਿਜ ਰਘੁਬੰਸ ਦਾ ਨਮੂਜ ਥੰਮਦੋਂ ਬਾਂਝ ਸਦਵਾ ਕੇ ਬਸ ਠੌਰ ਕਰਦੀ ਸੌਂਤਰੀ ਦੇ ਦੁਖ ਅੱਜ ਨਾ ਮੈਂ ਮਰਦੀ ਕਿਥੇ ਜਾਵਾਂ ਕੀਕੂੰ ਜੀਵਾਂ ਹਾਏ ਲਾਲ ਵੇ ਪੁੱਤ ਬਣ ਅੰਬੜੀ ਦੇ ਦੇਖ ਹਾਲ ਵੇ ਚੰਨ ਜਿਹਾ ਮੈਂ ਦੇਖ ਜੀਨੀਆਂ ਓਹਲੇ ਹੋਇਆਂ ਤੇਰੇ ਹੀਨੀਆਂ ਦੀ ਹੀਨੀ ਆਂ ਹਾਏ ਹਾਏ ਮੌਤ ਮੇਰੀ ਕੀ ਏ ਥਾਪਦੀ ਜਮ ਦੇ ਨਾਂ ਘਰ ਮੇਰੀ ਲੋੜ ਜਾਪਦੀ ਮੇਰਾ ਦਿਲ ਲੋਹੇ ਦਾ ਨਾ ਟੁੱਟ ਜਾਣਦਾ ਹਾਏ ਹਾਏ ਪੱਥਰ ਨਾ ਫੁੱਟ ਜਾਣਦਾ ਇੰਝ ਵਰਲਾਪ ਕਰ ਗਸ਼ਾਂ ਖਾਂਵਦੀ ਉਠ ਬੈਠ ਹੰਝੂਆਂ ਦੀ ਝੜੀ ਲਾਂਵਦੀ ਤੜਫ਼ ਮਰੋੜ ਹੱਥ ਅੱਖਾਂ ਤਾਣਦੀ ਖਾਖਾਂ ਟਡਿਆਂਦੀ ਤੇ ਵਿਛੋੜਾ ਛਾਣਦੀ ਜਗਤਾਂ ਦੀ ਮਾਂ ਨੂੰ ਇੰਜ ਉਂਜ ਕਰਦੇ ਲਛਮਣ ਦੇਖ ਉੱਭੇ ਸਾਹ ਭਰਦੇ ਭੜਕ ਕੇ ਬੋਲੇ ਰਾਜ ਰਾਮ ਕਰੇਗਾ ਆਵੇ ਸਹੀ ਹੋਰ ਮੇਰੇ ਹੱਥੋਂ ਮਰੇਗਾ ਸੋਹਣੀ ਏ ਕਕਈ ਘਰ ਬੈਠੇ ਆਪਣੇ ਬਾਪ ਕੀ ਜੋ ਥਾਪੇ ਏਹੋ ਜੇਹੇ ਥਾਪਣੇ ਜਗਤ ਦਾ ਚਾਨਣ ਮੁਨਾਰਾ ਰਾਮ ਹੈ ਪਰਜਾ ਦਾ ਪਿਆਰਾ ਧ੍ਰੁਵ ਤਾਰਾ ਰਾਮ ਹੈ ਬਾਪ ਇਹ ਨਾ ਬੋਲਿਆ ਇਹ ਪਾਪ ਬੋਲਿਆ ਬੁਢੜੇ ਦੇ ਪਿਆਰ ਦਾ ਸਰਾਪ ਬੋਲਿਆ ਮਾਤਾ ਏ ਤਾਂ ਮਾਪਿਆਂ ਨੂੰ ਜਾ ਕੇ ਚੰਬੜੇ ਮੇਰੀ ਤਲਵਾਰ ਨੂੰ ਜਾਂ ਆ ਕੇ ਚੰਬੜੇ ਧਨੁਖ ਇਹ ਦੇਖੋ ਮੇਰਾ ਝਈਆਂ ਲੈ ਰਿਹਾ ਇਕ ਨਾ ਹਜ਼ਾਰ ਇਹ ਕੱਕਈਆਂ ਲੈ ਰਿਹਾ ਰਾਮ ਲਈ ਖੂਹਨੀਆਂ ਦੇ ਨਾਲ ਲੜਾਂਗਾ ਇੰਦਰ ਦੇ ਨਾਲ ਯਮ ਨਾਲ ਅੜਾਂਗਾ ਰਾਮ ਦਾ ਹੈ ਰਾਜ, ਰਾਜ ਰਾਮ ਕਰੇਗਾ ਧਨੁਖ ਇਹ ਤੱਦੇ ਬਿਸਰਾਮ ਕਰੇਗਾ ਬਣੀ ਏ ਕੱਕਈ ਅਜ ਮਾਤਾ ਪਾਪ ਦੀ ਧਰਮ ਨਿਆਓਂ ਉੱਕਾ ਭੁੱਲੀ ਜਾਪਦੀ ਰਾਜਾ ਨਾ ਕਕਈ ਦਾ ਉਹ ਤੋਤਾ ਪਾਲਿਆ ਜਿਕਰ ਪੜ੍ਹਾਇਆ ਉਕਰਾਂ ਕਹਾ ਲਿਆ ਪਿਤਾ ਦੇਵੇ ਆਗਿਆ ਬਨਾਂ ਦੇ ਦੁਖ ਸੈਹ ਮਾਤਾ ਪਾਵੇ ਵਾਸਤੇ ਵੇ ਲਾਲ ਘਰ ਰੈਹ ਸੋਗ ਦੇ ਸਮੁੰਦਰੀ ਨਾ ਮੈਨੂੰ ਸੁੱਟ ਵੇ ਧਰਮ ਉਗਾਂਦਾ ਨਾ ਪਿਆਰ ਪੁੱਟ ਵੇ ਮੱਛੀ ਕੱਢ ਪਾਣੀਓਂ ਨਾ ਮੈਨੂੰ ਮਾਰ ਵੇ ਆਖੇ ਲਗ ਮੇਰੇ ਪਰਜਾ ਨੂੰ ਤਾਰ ਵੇ ਲਛਮਣ ਰੋਹ ਦੇ ਸੀ ਰੱਸੇ ਤੋੜਦਾ ਵਿਚ ਵਿਚ ਪਿਆਰ ਦੀ ਮੁਹਾਰ ਮੋੜਦਾ ਮਾਤਾ ਹੈ ਸੀ ਹੰਝੂਆਂ ਦਾ ਖੂਹਾ ਗੇੜਦੀ ਮੁੜ ਮੁੜ ਮਮਤਾ ਦਾ ਗੀਤ ਛੇੜਦੀ ਭਗਤ ਪਿਤਾ ਦਾ ਰਾਮ ਵੀ ਅਟੱਲ ਸੀ ਚਿੱਤ ਵਿਚ ਓਹਦੇ ਬਸ ਇਕੋ ਗੱਲ ਸੀ ਰਘੂਬੰਸੀ ਵਚਨੋਂ ਨਾ ਕਦੀ ਹਾਰਦੇ ਸਦਾ ਆਏ ਪ੍ਰਣ ਉਤੋਂ ਪ੍ਰਾਣ ਵਾਰਦੇ ਆਗਿਆ ਨੂੰ ਮਮਤਾ ਤੋਂ ਉੱਚਾ ਜਾਣਕੇ ਬੋਲਿਆ ਕਠੋਰ ਕਰਨੀ ਪਛਾਣ ਕੇ ਬਚਨ ਪਿਤਾ ਦਾ ਮੇਰਾ ਪ੍ਰਣ ਹੋ ਗਿਆ ਪ੍ਰਣ ਉਤੋਂ ਵਾਰੀ ਤਨ ਮਨ ਹੋ ਗਿਆ ਧਰਤੀ ਧੁਰੇ ਤੇ ਫਿਰੇ ਭਾਵੇਂ ਫਿਰੇ ਨਾ ਸੂਰਜ ਗ੍ਰਿਹਾਂ ਥੋਂ ਘਿਰੇ ਭਾਵੇਂ ਘਿਰੇ ਨਾ ਲੂਣ ਪਾਣੀ ਵਿਚ ਗਲੇ ਭਾਵੇਂ ਗਲੇ ਨਾ ਪਿਤਾ ਜੀ ਦੀ ਆਗਿਆਂ ਤੋਂ ਰਾਮ ਟਲੇ ਨਾ ਮਾਤਾ ਤੂੰ ਤਾਂ ਭਲਿਆਂ ਦੀ ਰੀਤ ਜਾਣਦੀ ਭੰਬਟਾਂ ਦੀ ਲਾਟਾਂ ਨਾਲ ਪ੍ਰੀਤ ਜਾਣਦੀ ਚਾਨਣ ਮੁਨਾਰਾ ਤੈਨੂੰ ਕਹਿਣ ਜਗ ਦਾ ਮੋਹ ਤੈਨੂੰ ਕਿਵੇਂ ਹੁਣ ਪਿਆਰਾ ਲਗਦਾ ਲਛਮਣ ਸੱਚਾ ਤੇਰਾ ਪਿਆਰ ਜਾਨਣਾ ਸੂਰਬੀਰਤਾ ਵੀ ਸਭਿਆਰ ਜਾਨਣਾ ਮਾਂ ਦਾ ਦਿਲ ਦੂਸਰਾ ਹੈ ਨਾਉਂ ਪਿਆਰ ਦਾ ਮਮਤਾ ਦਾ ਸਾਗਰ ਹਿਲੋਰੇ ਮਾਰਦਾ ਝਗੜਾ ਏ ਏਥੇ ਪਰ ਪ੍ਰਣ ਪ੍ਰਾਣ ਦਾ ਮਾਤਾ ਜਾਣਦੀ ਏ ਤੇ ਲਛਮਣ ਜਾਣਦਾ ਹੱਥ ਜੋੜ ਬੇਨਤੀ ਮੈਂ ਕਰਾਂ ਵੀਰ ਜੀ ਦਸ ਕਿਥੇ ਧਰਮ ਮੈਂ ਧਰਾਂ ਵੀਰ ਜੀ ਵੱਡਾ ਜੇਰਾ ਕਰ ਜਾਣ ਦਿਓ ਬਣ ਨੂੰ ਡੱਕਾ ਮਾਰੋ ਦੁਖ ਮੋਹ ਭਰੇ ਮਨ ਨੂੰ ਮਾਤਾ ਜੀ ਬਨਾਂ ਨੂੰ ਮੇਰਾ ਜਾਣਾ ਬਣਦਾ ਤੁਸਾਂ ਨੂੰ ਵੀ ਧਰਮ ਨਿਭਾਣਾ ਬਣਦਾ ਧਰਮ ਅਨਾਦ ਤੇ ਅਨੰਤ ਕਾਲ ਦਾ ਰਾਮ ਬਨਵਾਸ ਨਿਰੇ ਚੌਦਾਂ ਸਾਲ ਦਾ ਜਗ ਮਾਤਾ ਆਗਿਆ ਦੇ ਬਨੀਂ ਜਾਣ ਦੇ ਪਿਤਾ ਜੀ ਦੇ ਪਿਆਰ ਦਾ ਉਧਾਰ ਲਾਹਣ ਦੇ ਪੁਤ ਨੂੰ ਅਟੱਲ ਜਾਣ ਕੰਬੀ ਅੰਬੜੀ ਹੋਣਹਾਰ ਤੱਤੜੀ ਦੀ ਟੰਬੀ ਅੰਬੜੀ ਦੋਹਾਂ ਵਲ ਵਾਰੀ ਵਾਰੀ ਨੈਨ ਭਰਦੀ ਅੱਖਾਂ ਮੀਟ ਅੰਬਰੀਂ ਸਵਾਰ ਕਰਦੀ ਬੋਲੀ ਅੰਤ ਉਹ ਜੇ ਪਿਤਾ ਮੈਂ ਵੀ ਮਾਤਾ ਹਾਂ ਘੱਲਦਾ ਉਹ ਬਨੀਂ ਮੈਂ ਵੀ ਜਾਨ ਦੇਣਾ ਨਾ ਪਿਤਾ ਤੇਰਾ ਨਾਜੋ ਦਾ ਸਿਖਾਇਆ ਬੋਲਦਾ ਅੰਮ੍ਰਿਤ ਵਿਚ ਹਾਏ ਜ਼ਹਿਰ ਘੋਲਦਾ ਪਰਸਾ ਵਿਛੋੜੇ ਦਾ ਨਾ ਚਾਵੀਂ ਲਾਲ ਵੇ ਰੇਣੁਕਾ ਨਾ ਮਾਤਾ ਨੂੰ ਬਣਾਵੀਂ ਲਾਲ ਵੇ ਗਿਆ ਬਨੀਂ ਤੂੰ ਤੇ ਮੈਨੂੰ ਮੋਈ ਜਾਣ ਲੈ ਨਗਰੀ ਉਜਾੜ ਸਾਰੀ ਹੋਈ ਜਾਣ ਲੈ ਬਿਲੀ-ਬਾਬ ਮਾਂ ਦੇ ਸੁਣ ਰਾਮ ਕੂਕਿਆ ਮੰਤਰ ਮਿਠਾਸ ਵਾਲਾ ਕੰਨੀ ਫੂਕਿਆ ਲਛਮਣ ਦੇਖ ਮਾਤਾ ਹਿੱਸ ਰਹੀ ਏ ਪੁੱਤ ਦਾ ਵਿਯੋਗ ਮੰਨ ਵਿੱਸ ਰਹੀ ਏ ਲਾਲ ਕਮਲਾਂ 'ਚੋਂ ਚੋਂਦਾ ਪਾਣੀ ਦੇਖ ਲੈ ਹਾਵਾਂ ਵਿਚ ਉਡਦੀ ਕਹਾਣੀ ਦੇਖ ਲੈ ਤੇਰੇ ਅੰਦਰ ਵੀ ਤੂਫਾਨ ਵੇਖਨਾਂ ਪਿਆਰ ਦੁਖ ਰੋਹ ਦਾ ਘਮਸਾਨ ਦੇਖਨਾ ਪਿਤਾ ਜੀ ਵੀ ਮੇਰੇ ਤੇਰੇ ਮਾਤਾ ਰਾਣੀ ਦੇ ਬ੍ਰਹਮਾ ਵਿਸ਼ਨੂੰ ਤੇ ਮਹਾਂਦੇਵ ਜਾਣੀ ਦੇ ਆਗਿਆ ਪਿਤਾ ਦੀ ਸਦਾ ਜਗ ਤਾਰਨੀ, ਕੇਹੀ ਕਿਵੇਂ ਕਦੇ ਬਣੇ ਨਾ ਵਿਚਾਰਨੀ ਸਿਰ ਤੇ ਸੁਹਾਗ ਮੇਰੀ ਮਾਂ ਕੀ ਸੋਚਦੀ ਜਾਨਣਾ ਮੈਂ ਜੰਗਲਾਂ ਦੀ ਝਾਕੀ ਸੋਚਦੀ ਦੇਖ ਮਾਤਾ ਧਰਮ ਇਸ਼ਾਰੇ ਕਰਦਾ ਬਿਜਲੀ ਦੇ ਮਿਠੇ ਲਿਸ਼ਕਾਰ ਕਰਦਾ ਪ੍ਰੇਮ ਕਰਤੱਵ ਦਾ ਸੀ ਝੇਰਾ ਹੋ ਰਿਹਾ ਹੰਝੂਆਂ ਦਾ ਵੱਟਿਆ ਤੇ ਗੇੜਾ ਹੋ ਰਿਹਾ ਧਰਮ ਅਟੱਲ ਨਾ ਸੀ ਪ੍ਰੇਮ ਦੇਖਦਾ ਪ੍ਰੇਮ ਨਾ ਸੀ ਧਰਮ ਕਾ ਨੇਮ ਦੇਖਦਾ *** *** *** ਮਾਤਾ ਚੁੱਪ ਸੀ ਤੇ ਲਛਮਣ ਚੁੱਪ ਸੀ ਰਘੂਆਂ ਦੀ ਤਨ ਮਨ ਧਨ ਚੁੱਪ ਸੀ ਦਿਲਾਂ ਵਿੱਚ ਸਾਵਨ ਦੀ ਘਟਾ ਕੜਕੇ ਘਟਾਂ ਵਿੱਚ ਬਿਜਲੀ ਦੀ ਡੋਰ ਧੜਕੇ ਡੋਰ ਪਿੰਜ ਹੰਝੂਆਂ ਨੂੰ ਹੋਰ ਮਚਦੀ ਹੰਝੂਆਂ ਦੇ ਨਾਲ ਚੁੱਪ ਨਾਚ ਨਚਦੀ ਰਾਮ ਚੁੱਪ ਛੱਕਦੇ ਤੇ ਹੰਝੂ ਫੱਕਦੇ ਮਾਈ ਵਲ ਤੱਕ ਭਾਈ ਵਲ ਤੱਕਦੇ ਪ੍ਰਣ ਦੀ ਚਟਾਨ ਤੇ ਖਲੋਤੇ ਰਾਮ ਨੇ ਦੇਵਤਿਆ ਪਿੱਤਰਾਂ ਨੂੰ ਕਰ ਸਾਹਮਣੇ ਲਛਮਣ ਮਾਤਾ ਹੱਥ ਜੋੜ ਆਖਿਆ ਜਾਵਾਂਗਾ ਮੈਂ ਬਨੀਂ ਤੀਲਾ ਤੋੜ ਆਖਿਆ ਮਾਤਾ ਤੇ ਭਰਾਤਾ ਜਾਤਾ ਰਾਮ ਜਾਵੇਗਾ ਵਚਨਾਂ ਦਾ ਪੱਕਾ ਵਚਨ ਨਿਭਾਵੇਗਾ ਮੂਰਤਾਂ ਵਿਛੋੜੇ ਦੀਆਂ ਬਣ ਤੱਕਦੇ ਅੱਖਾਂ ਮੀਟ ਸੁੰਨਸਾਨ ਬਨ ਤੱਕਦੇ ਬੋਲੇ ਰਾਮ ਸੁਣ ਲਛਮਣ ਪਿਆਰਿਆ ਬਿਧਨਾ ਬਹਾਨੇ ਨਾਲ ਬੰਸ ਤਾਰਿਆ ਪ੍ਰਭੂ ਕਰਦਾ ਸੋ ਕਲਿਆਣ ਕਰਦਾ ਦੁਖ ਆਤਮਾ ਨੂੰ ਸਵਾਧਾਨ ਕਰਦਾ ਮਿੱਠਾ ਭਾਣਾ ਕਰ ਮਾਤਾ ਟੋਰ ਰਾਮ ਨੂੰ ਮਿੱਠਾ ਲਗਦਾ ਨਾ ਕੁਝ ਹੋਰ ਰਾਮ ਨੂੰ ਮਾਂ ਨੂੰ ਹੁਣ ਮੌਤ ਵਾਲਾ ਜੀਣਾ ਦਿਸਿਆ ਭਾਈ ਨੂੰ ਵੀ ਜੱਗ ਭਾਈ ਹੀਣਾ ਦਿੱਸਿਆ ਰਾਮ ਦੇ ਵਿਯੋਗ ਵਾਲਾ ਸੱਲ ਦੇਖਕੇ ਹੋਣੀ ਵਾਂਗ ਪੁੱਤ ਨੂੰ ਅੱਟਲ ਦੇਖਕੇ ਮਾਤਾ ਭਰੜਾਈ ਸੁਰ ਨਾਲ ਬੋਲਦੀ ਨੈਣ ਪੱਲੂਆਂ 'ਚ ਹੰਝੂ ਰੱਖ ਤੋਲਦੀ ਜਾਣ ਤੇ ਜੇ ਆਇਐਂ ਜਾਏਂਗਾ ਜ਼ਰੂਰ ਹੀ ਜਾਣੀ ਪੁੱਤ ਮੈਨੂੰ ਵੀ ਏ ਮੌਤ ਕੂ ਰਹੀ ਹੱਛਾ ਫੇਰ ਜਾਣਾ ਏ ਜ਼ਰੂਰ ਲਾਲ ਜੀ ਨਿੱਜ ਹੋਈ ਮਾਂ ਨੂੰ ਵੀ ਲੈ ਚਲੋ ਨਾਲ ਜੀ ਗੱਲ ਨ ਗਵਾਈਂ ਸਰਵਨ ਪਿਆਰਿਆ ਤੇਰੇ ਉੱਤੋਂ ਲੋਕ ਪਰਲੋਕ ਵਾਰਿਆ ਪਤਨੀ ਦਾ ਧਰਮ ਸੁਣਾਇਆ ਰਾਮ ਨੇ ਪਤੀ ਦਾ ਬੁਢਾਪਾ ਸਮਝਾਇਆ ਰਾਮ ਨੇ ਪੁਰੂ ਜਿਹਾ ਪੁੱਤਰਾਂ ਦੇ ਗੁਣ ਗਾਂਵਦਾ ਸਤੀ ਜਿਹੀਆਂ ਸਤੀਆਂ ਦੀ ਰਟ ਲਾਂਵਦਾ ਦਸਰਥ ਜੀ ਦੀ ਵਡਿਆਈ ਕਰਦਾ ਭਰਤ ਦੇ ਗੁਣਾ ਦੀ ਗਵਾਹੀ ਭਰਦਾ ਨੈਣਾ ਵਿੱਚੋਂ ਦੱਬਾ ਦਬ ਮੋਤੀ ਕੇਰਦਾ ਬੁਲ੍ਹਾਂ ਵਿੱਚੋਂ ਵਚਨਾਂ ਦੇ ਫੁੱਲ ਖੇੜਦਾ ਵੇਦਾਂ ਪੋਥੀਆਂ ਦਾ ਪੰਨਾ ਪੰਨਾ ਫੋਲਦਾ ਸੁੱਝ ਭਰੇ ਸੋਝ ਭਰੇ ਬੋਲ ਬੋਲਦਾ ਚੰਬੜਿਆ ਰਾਮ ਅੰਬੜੀ ਦੀ ਚਰਨੀਂ ਪਿਆਰ ਦੇ ਮਲ੍ਹਾਰ ਛਿੜੇ ਚਹਵੀਂ ਝਰਨੀ ਭੱਜਾ ਜਿਵੇਂ ਮੋਹ ਧਰਮ ਦੇ ਸਾਹਮਣੇ ਅੰਬੜੀ ਦੀ ਦੁਬਿਧਾ ਮਿਟਾਈ ਰਾਮ ਨੇ ਹਾਂ ਨੂੰ ਜੋ ਸੀ ਮੌਤ ਦਾ ਸੁਨੇਹਾ ਜਾਣਦੀ ਨਾਂ ਸੀ ਰਘੂਬੰਸ ਰਿਹਾ ਖਿਹਾ ਜਾਣਦੀ ਮਾਤਾ ਬੋਲੀ ਜੰਗਲਾਂ ਨੂੰ ਜਾ ਪੁੱਤਰਾ ਸੁੱਖਾਂ ਭਰੇ ਹੋਣ ਤੇਰੇ ਰਾਹ ਪੁੱਤਰਾ ਦੇਵਤੇ ਕਰਨ ਤੈਨੂੰ ਛਾਂ ਪੁੱਤਰਾ ਧਰਮ ਸ਼ਿੰਗਾਰੇ ਤੇਰੀ ਬਾਂਹ ਪੁੱਤਰਾ ਅਸੀਸਾਂ ਸ਼ਗਨ ਮਨਾਏ ਮਾਤਾ ਨੇ ਪੁੱਤ ਉੱਤੋਂ ਇੰਦਰੇ ਘੁਮਾਏ ਮਾਤਾ ਨੇ ਰਾਮ ਪਰਨਾਮ ਕਰ ਮਾਂ ਨੂੰ ਟੁਰ ਪਏ ਸੀਤਾ ਦੇਵੀ ਜੀ ਦੇ ਭਵਨਾਂ ਨੂੰ ਟੁਰ ਪਏ *** *** *** ਭੌਨ ਵਿੱਚ ਸੁਫਨਿਆਂ ਵਿੱਚ ਫਿਰਦੀ ਵਾਟ ਤੱਕ ਰਹੀ ਸੀਤਾ ਜੀ ਸੀ ਚਿਰ ਦੀ ਰਾਮ ਜੀ ਏਨੇ ਨੂੰ ਨੀਵੇਂ ਧਿਆਨ ਆ ਗਏ ਸੰਧਿਆ ਦੇ ਕਮਲਾ ਦੀ ਸ਼ਾਨ ਆ ਗਏ ਨਿਮ੍ਹੀ ਨਿਮ੍ਹੀ ਦਬੀ ਮੁਸਕਾਨ ਆ ਗਏ ਮਿੱਠੇ ਮਿੱਠੇ ਵਚਨਾਂ ਦੀ ਖਾਨ ਆ ਗਏ ਹੌਲੇ ਹੌਲੇ ਵਚਨ ਸਮੇਟ ਰਾਮ ਨੇ ਸ਼ਹਿਤ ਵਿੱਚ ਤ੍ਰਿਕੁਟਾ ਲਪੇਟ ਰਾਮ ਨੇ ਸਹਿੰਦੀ ਸਹਿੰਦੀ ਕੀਤੀ ਸੁ ਕਹਾਣੀ ਆਪਣੀ ਢੈਂਦੀ ਢੈਂਦੀ ਕੀਤੀ ਸੁੰਨ ਰਾਣੀ ਆਪਣੀ ਸਿੱਧੇ ਸਿੱਧੇ ਬੋਲ ਹੁਣ ਬੋਲੇ ਰਾਮ ਨੇ ਹੋਣੀ ਦੇ ਫੁਲਾਦੀ ਜੰਦੇ ਖੋਲ੍ਹੇ ਰਾਮ ਨੇ ਆਗਿਆ ਪਿਤਾ ਦੀ ਸਦਾ ਸਿਰ ਧਰਨੀ ਸੁਣੀ ਸੀ ਸਪੁੱਤਰਾਂ ਦੀ ਸੋਹਣੀ ਕਰਨੀ ਸੀਤਾ ਰਾਣੀ ਮੈਂ ਉਹ ਕਰਨੀ ਕਮਾਵਾਂਗਾ ਪੂਰੇ ਚੌਦਾਂ ਵਰ੍ਹੇ ਬਨਾਂ ਵਿੱਚ ਲਾਵਾਂਗਾ ਸਾਹ ਲੁਕ ਗਏ ਜਾਨਕੀ ਦੇ ਚੁੱਪ ਵਿੱਚ ਬਿਜਲੀ ਸੀ ਚੌਂਕਦੀ ਹਨੇਰੇ ਘੁੱਪ ਵਿੱਚ ਚਿੱਤਰੀ ਸੀ ਮੂਰਤ ਰਤੀ ਕਿ ਸਤੀ ਦੀ ਸੁੰਨ ਜਾਂ ਸਮਾਧੀ ਬਾਲਮੀਕ ਜਤੀ ਦੀ ਰਾਮ ਨੇ ਜਗਾਂਦੇ ਸੀਤਾ ਸੀਤਾ ਆਖਿਆ ਜੀਵ ਭੁਗਤਾਂ ਦੇ ਜੋ ਹੈ ਕੀਤਾ ਆਖਿਆ ਪਿਤਾ ਜੀ ਦਾ ਵਚਨ ਬਹਾਨਾ ਬਣਿਆ ਹੋਣਾ ਸੀ ਜੋ ਹੋਇਆ ਬਨੀਂ ਜਾਣਾ ਬਣਿਆ ਸਿਰ ਧਰ ਓਹ ਮੈਂ ਵਚਨ ਨਿਭਾਵਾਂਗਾ ਔਧ ਭੁਗਤਾ ਕੇ ਮੁੜ ਔਧ ਆਵਾਂਗਾ ਸੀਤਾ ਨਾਲ ਸੀਤਾ ਮੇਰਾ ਮਨ ਰਾਣੀਏ ਅੱਜ ਭੁਗਤਾ ਕੇ ਆਇਆ ਬਨ ਰਾਣੀਏਂ ਭਰਤ ਪਿਤਾ ਦੇ ਨਾਲ ਰਾਜ ਕਰੇਗਾ ਧਰਮ ਦਾ ਧੌਲ ਧਰਤੀ ਨੂੰ ਧਰੇਗਾ ਚਿੱਤ ਪੱਕਾ ਕਰ ਨਿੱਤਨੇਮ ਪਾਲ ਤੂੰ ਘਰ ਵਿੱਚ ਸਭ ਨਾਲ ਪ੍ਰੇਮ ਪਾਲ ਤੂੰ ਦੇਵਤੇ ਸਮਾਨ ਪਿਤਾ ਜੀ ਨੂੰ ਜਾਣ ਤੂੰ ਮਾਵਾਂ ਦਾ ਵੀ ਕਰ ਇੱਕੋ ਜਿਹਾ ਮਾਨ ਤੂੰ ਦੇਵਰ ਭਰਾ ਛੋਟੇ ਨਿਤ ਜਾਨਣਾ ਉਨ੍ਹਾਂ ਨੂੰ ਪਿਆਰ ਨਾਲ ਜਿੱਤ ਜਾਨਣਾ ਨਿਆਓਂ ਸੱਚ ਸੁੱਚਮ ਦਾ ਓਹ ਹੈ ਝਰਨਾ ਧਰਮ ਤੇ ਚਲ ਓਹਨੂੰ ਸੁਖੀ ਕਰਨਾ ਰਾਜਾ ਅਵਤਾਰ ਬਣ ਜਗ ਪਾਲਦਾ ਜੱਗ ਵਿੱਚ ਦੂਸਰਾ ਨਾ ਰਾਜੇ ਨਾਲ ਦਾ ਸੀਤਾ ਰਾਣੀ ਸਭ ਨਾਲ ਸੀਰੀ ਬਣਕੇ ਟਿਕ ਇੱਥੋਂ ਤੀਵੀਆਂ ਦੀ ਮੀਰੀ ਬਣਕੇ ਪਾਣੀ ਵਿੱਚ ਸੇਕ ਸੀਤਾ ਡਿੱਠਾ ਅੱਗ ਦਾ ਕੌੜਾ ਮੁਖ ਰੋਗੀ ਦਾ ਕੀ ਮਿੱਠਾ ਲੱਗਦਾ ਚਕਵੀ ਨਾ ਚਾਨਣੀ ਨੂੰ ਚੰਗਾ ਜਾਣਦੀ ਚਾਤਕੀ ਤਿਹਾਈ ਨਾ ਹੈ ਗੰਗਾ ਜਾਣਦੀ ਖਾ ਕੇ ਮਿੱਠੇ ਵਚਨਾਂ ਦੀ ਸਾਂਗ ਤੜਫੀ ਕੁੰਡੀ ਖਾਧੀ ਮਛਲੀ ਦੇ ਵਾਂਗ ਤੜਫੀ ਬੋਲੀ ਮਿੱਠਬੋਲੀ ਮੈਨੂੰ ਤੁਛ ਜਾਣਿਆ ਤਾਹੀਂ ਭਾਵੇਂ ਕੱਲੇ ਬਨੀਂ ਜਾਣਾ ਠਾਣਿਆ ਮਾਤਾ ਪਿਤਾ ਭਾਈ ਭੈਣ ਆਪੋ ਆਪਣੇ ਭੋਗਦੇ ਨੇ ਭੋਗ ਥਾਪਦੇ ਨੇ ਥਾਪਣੇ ਪਤਨੀ ਦੀ ਸਾਂਝ ਪਤੀ ਨਾਲ ਹੋਂਵਦੀ ਚਾਂਦਨੀ ਦੀ ਚੰਦ ਨਾਲ ਚਾਲ ਹੋਂਵਦੀ ਜਾਨਕੀ ਦੇ ਲੋਕ ਪਰਲੋਕ ਰਾਮ ਨੇ ਸੁਖ ਦੇ ਸਰੋਤ ਮੁਕਤੀ ਦੇ ਧਾਮ ਨੇ ਮਾਣ ਨੇ ਮਹੱਤ ਤੇ ਮਹੱਤ ਮਾਣ ਦੇ ਜਾਨ ਨੇ ਸਰੀਰ ਤੇ ਸਰੀਰ ਜਾਨ ਦੇ ਰਾਮ ਸੰਗ ਬਨ ਫੁਲਵਾੜ ਸੀਤਾ ਨੂੰ ਰਾਮ ਬਾਝ ਨਗਰੀ ਉਜਾੜ ਸੀਤਾ ਨੂੰ ਬਨ ਨੂੰ ਜੇ ਜਾਂਦੇ ਓ ਤਾਂ ਮੈਂ ਵੀ ਚਲਾਂਗੀ ਬਨ ਦੇ ਮੈਂ ਦੁੱਖ ਸੁਖ ਮੰਨ ਝਲਾਂਗੀ ਰਾਜ ਸੁਖ ਸਾਜ ਮੈਨੂੰ ਨਹੀਂ ਭਾਂਵਦੇ ਪਾਸਕੂ ਨਾ ਪਤੀ ਚਰਨਾਂ ਦੀ ਛਾਉਂ ਦੇ ਪਤੀ ਸੰਗ ਬਨੀਂ ਸੁਰਗਾਂ ਦੇ ਸੁਖ ਨੇ ਪਤੀ ਬਿਨਾਂ ਭੌਣੀਂ ਨਰਕਾਂ ਦੇ ਦੁਖ ਪਤਨੀ ਸੁਣੀ ਨਾ ਬਿਨਾਂ ਕੰਤ ਸੋਭਦੀ ਫੁੱਲਾਂ ਬਿਨਾ ਸੁਣੀ ਨਾ ਬਸੰਤ ਸੋਭਦੀ ਪਾਣੀ ਬਿਨਾ ਨਦੀ ਨੂੰ ਨਾ ਨਦੀ ਆਖੀਏ ਮਰਿਆ ਜੋ ਜੀਂਵਦਾ ਨਾ ਕਦੀ ਆਖੀਏ ਪਤੀ ਨਾਲ ਜੰਗਲਾਂ ਨੂੰ ਸ਼ਹਿਰ ਜਾਣਸਾਂ ਪਤੀ ਬਾਝ ਸ਼ਹਿਰ ਨੂੰ ਮੈਂ ਕਹਿਰ ਜਾਣਸਾਂ ਬਨੀਂ ਮੇਰੇ ਜਾਂ ਤੇ ਤਨ ਪ੍ਰਾਣ ਜਾਣਗੇ ਨਗਰੀ 'ਚ ਛੱਡੀ ਦੇ ਜਾਂ ਪ੍ਰਾਣ ਜਾਣਗੇ ਤਿੰਨਾਂ ਲੋਕਾਂ ਦੇ ਨੇ ਰਛਪਾਲ ਰਾਮ ਜੀ ਕਿਵੇਂ ਮੈਨੂੰ ਰਖਦੇ ਨਾ ਨਾਲ ਰਾਮ ਜੀ ਬਨ ਬਾਘਾਂ ਨਾਗਾਂ ਦਾ ਹੈ ਘਰ ਜਾਨਕੀ ਬਨ ਦਾ ਹੈ ਨਾਓਂ ਦੁੱਖ ਡਰ ਜਾਨਕੀ ਰਾਖਸ਼ਸ ਉਥੇ ਨੇ ਮਨੁੱਖ ਖਾਵਣੇ ਨਿੱਤ ਨਵੇਂ ਰੂਪ ਭਰਦੇ ਡਰਾਵਣੇ ਪਸ਼ੂ ਪੰਛੀ ਪਰਲੈ ਮਚਾਈ ਰਖਦੇ ਕੰਡੇ ਰੋੜ ਰਾਹਵਾਂ ਨੂੰ ਸਜਾਈ ਰਖਦੇ ਟਿੱਬੇ ਟੋਏ ਝਾੜੀਆਂ ਸਰੂਟ ਝੰਗੀਆਂ ਦੂਰ ਥੱਲੇ ਖੱਡਾਂ ਉੱਤੇ ਧਾਰਾਂ ਨੰਗੀਆਂ ਰੌਲਾ ਮੌਤ ਬਣੀਂ ਪੜ ਮੌਤ ਚੁੱਪ ਹੈ ਚਾਨਣ ਹੀ ਦੂਸਰਾ ਹਨੇਰਾ ਘੁੱਪ ਹੈ ਬਾਂਦਰ ਦੀ ਮੂਰਤ ਤੋਂ ਡਰੇ ਜਾਨਕੀ ਜੰਗਲਾਂ ਨੂੰ ਜਾਣ ਦੀ ਕੀ ਕਰੇ ਜਾਨਕੀ ਮਾਨਸਰ ਦੀ ਤੂੰ ਮਾਨ ਸਰ ਜਾਨਕੀ ਸਾਂਭਰ ਦਾ ਧਾਈਆ ਨਾ ਤੂੰ ਕਰ ਜਾਨਕੀ ਕਮਲਾਂ ਦੇ ਵਿੱਚ ਭੌਰਾ ਸੋਭੇ ਘੁਮਦਾ ਸੋਭੇ ਨਾ ਓਹ ਡੇਲਿਆਂ ਦੇ ਫੁੱਲ ਚੁੰਮਦਾ ਲੋਕ ਪਾਲਦੇ ਜੋ ਸੀਤਾ ਨੂੰ ਨਾ ਪਾਲਦੇ ਕਰਕੇ ਬਹਾਨੇ ਇੰਜ ਉਂਜ ਟਾਲਦੇ ਸ਼ੀਹਨੀ ਸਿੰਘ ਕੋਲ-ਤੱਕੇ ਜੋ ਮਜਾਲ ਕੀ ਸੀਤਾ ਰਾਮ ਕੋਲ ਕਰ ਸਕੇ ਕਾਲ ਕੀ ਰਾਮ ਤਪ ਕਰੇ ਸੀਤਾ ਬੈਠੇ ਭੌਣ ਵਿੱਚ ਸੌ ਸੌ ਮੌਤ ਮਰਦੀ ਵਿਯੋਗੀ ਮੌਣ ਵਿੱਚ ਸੀਤਾ ਜੀ ਦੇ ਮੋਤੀਆਂ ਦੀ ਲੜੀ ਟੁੱਟ ਪਈ ਪ੍ਰੇਮਣ ਦੇ ਧੀਰਜ ਦੀ ਕੜੀ ਟੁੱਟ ਪਈ ਰਾਮ ਜੀ ਦਾ ਪ੍ਰੇਮ ਸੀ ਵਿਯੋਗ ਮੰਗਦਾ ਜਾਨਕੀ ਦਾ ਪ੍ਰੇਮ ਸੀ ਸੰਯੋਗ ਮੰਗਦਾ ਪ੍ਰੇਮ ਨਾਲ ਪ੍ਰੇਮ ਦਾ ਸੀ ਘੋਲ ਮੱਚਿਆ ਸੰਗ ਤੇ ਜੁਦਾਈ ਦਾ ਸੀ ਰੋਲ ਮੱਚਿਆ ਸੀਤਾ ਰੋਂਦੀ ਹੰਝੂਆਂ ਦੀ ਨਹਿਰ ਬਣ ਗਈ ਗ਼ਮ ਦੇ ਸਮੁੰਦਰ ਦੀ ਲਹਿਰ ਬਣ ਗਈ ਰਾਮ ਉਚਰੇ ਜੋ ਆਖੇਂ ਸੀਤਾ ਕਰਾਂ ਮੈਂ ਕਰਾਂ ਤੈਨੂੰ ਨਾਲ ਯਮ ਥੋਂ ਨਾ ਡਰਾਂ ਮੈਂ ਧੁਰਾਂ ਦੀਏ ਸਾਥਨੇ ਨਾ ਸਾਥ ਛੋੜਾਂ ਮੈਂ ਤਦੋਂ ਕੀਤੇ ਵਚਨਾਂ ਥੋਂ ਮੂੰਹ ਨ ਮੋੜਾਂ ਮੈਂ ਚਲ ਸੀਤਾ ਦੇਵੀ ਦੇਵਤੇ ਮਨਾਵੀਏ ਪਿੱਤਰਾਂ ਦੇ ਨਾਂ ਨੂੰ ਚਾਰ ਚੰਦ ਲਾਵੀਏ ਚਲ ਮੇਰੀ ਜਾਨ ਜਾਣ ਦਾ ਇਹ ਵੇਲਾ ਏ ਬਲੀ ਜਾਵਾਂ ਬਲੀਦਾਨ ਦਾ ਇਹ ਵੇਲਾ ਏ ਰਾਜ ਪਾਟ ਮੈਲ ਹੱਥਾਂ ਦੀ ਏਹ ਲਾਹਵੀਏ ਪਿਤਾ ਜੀ ਦੇ ਕੀਤੇ ਵਚਨ ਨਿਭਾਵੀਏ ਸੀਤਾ ਜੀ ਨੂੰ ਅੱਜ ਜਿਵੇਂ ਰਾਜ ਮਿਲਿਆ ਚਾਵਾਂ ਚਾਹਵਾਂ ਸੱਧਰਾਂ ਦਾ ਬਾਗ਼ ਖਿਲਿਆ ਖਿੜਦੀ ਸੁਗੰਧਾਂ ਦਾ ਫ਼ਰਾਟਾ ਹੋ ਗਈ ਰਾਮ ਚੰਦ ਦਾ ਜੁਆਰ ਭਾਟਾ ਹੋ ਗਈ *** *** *** ਲਛਮਣ ਕੰਨ ਬਣ ਸੁਣ ਰਿਹਾ ਸੀ ਹੰਝੂਆਂ ਦੇ ਜਾਲ ਬੈਠਾ ਬੁਣ ਰਿਹਾ ਸੀ ਅਚਾਚੇਤੀ ਰਾਮ ਜੀ ਦੇ ਪੈਰੀਂ ਢੈ ਪਿਆ ਭਗਤੀ ਦਾ ਬੁਤ ਪਿਆਰ ਨਾਲ ਠੈਹ ਪਿਆ ਬੋਲ ਬੋਲ ਰੋਂਵਦਾ ਤੇ ਰੋ ਰੋ ਬੋਲਦਾ ਅੱਖਾਂ ਬੰਦ ਬੰਦ ਕਰ ਦਿਲ ਖੋਲ੍ਹਦਾ ਰਾਮ ਬਾਝ ਸੁਖ ਮੈਨੂੰ ਦੁਖ ਭਾਸਦਾ ਰਾਜ ਪਾਟ ਕਿਹਾ ਸੁਰਗ ਵੀ ਕਾਸ ਦਾ ਪਾਣੀ ਬਿਨ ਮੱਛੀ ਨਾ ਬਨਾਵੋ ਭਾਈ ਨੂੰ ਮਣੀ ਖੋਹ ਕੇ ਨਾਗ ਦੀ ਨਾ ਤਾਵੋ ਭਾਈ ਨੂੰ ਰਾਮ ਭਾਈ ਭਾਈਪੁਣਾ ਮੈਂ ਕਮਾਵਾਂਗਾਂ ਤੇਰੇ ਜੰਗਲਾਂ 'ਚ ਮੰਗਲ ਬਣਾਵਾਂਗਾ ਰਾਮ ਬੋਲੇ ਪਿਆਰ ਭਾਈ ਦਾ ਮੈਂ ਜਾਣਨਾ ਲਛਮਣ ਵਿਚ ਰਾਮ ਨੂੰ ਪਛਾਣਨਾ ਧਰਮੀ ਤੂੰ ਧੀਰਾ ਪ੍ਰੇਮ ਦੀ ਤੂੰ ਖਾਨ ਹੈਂ ਰਘੂਆਂ ਦੀ ਜਿੰਦ ਰਾਮ ਦੀ ਤੂੰ ਜਾਨ ਹੈਂ ਭਾਈ ਵੱਡੀ ਨਿੱਕੀ ਅੰਬੜੀ ਦਾ ਪਿਆਰਾ ਤੂੰ ਬਣ ਸਾਡੇ ਪਿਛੇ ਇਨ੍ਹਾਂ ਦਾ ਸਹਾਰਾ ਤੂੰ ਉਰਮਲਾ ਇਕੱਲੜੀ ਨਾ ਸੋਹੇ ਰੁਲਦੀ ਅੱਧ ਖਿੜੀ ਡੋਡੀ ਸੁੱਚਮ ਦੇ ਫੁੱਲ ਦੀ ਪੁੱਤ ਬਣ ਮਾਵਾਂ ਦਾ ਤੇ ਪਿਓ ਦਾ ਪੁੱਤ ਬਣ ਉਰਮਲਾ ਦੇ ਬਾਗ ਦੀ ਬਸੰਤ ਰੁੱਤ ਬਣ ਲਛਮਣ ਬੋਲੇ ਭਰਤ ਹੈ ਧਰਮੀ ਧਰਮ ਕਰੇਗਾ ਸ਼ਰਮ ਕੁਸ਼ਰਮੀ ਨਿੱਕੀ ਰਾਣੀ ਦਾ ਉਹ ਥਾਂ ਜੋ ਵਡੀ ਰਾਣੀ ਦਾ ਜੁੱਟ ਜਾਣੀਦਾ ਦਿਰਾਣੀ ਤੇ ਜਿਠਾਣੀ ਦਾ ਉਰਮਲਾ ਹੈ ਅੱਖੀਆਂ ਦੀ ਤਾਰੀ ਸੱਸ ਨੂੰ ਖਿਣ ਭਰ ਪਰੇ ਨਹੀਂ ਰਹਿੰਦੀ ਵੱਸ ਨੂੰ ਆਲੀ ਭੋਲੀ ਖੇਡਾਂ ਵਿਚ ਰੁੱਝ ਜਾਣ ਦੀ ਮਿੱਠੀ ਬੋਲੀ ਸੇਵਾ ਦੀ ਜਾਂ ਕੁੱਝ ਜਾਣ ਦੀ ਤੀਰਥਾਂ ਦਾ ਦਰਸ਼ਨ ਪਾਣਾ ਇਕ ਨੇ ਪੱਕਾ ਅੰਮ੍ਰਿਤ ਫਲ ਖਾਣਾ ਇਕ ਨੇ ਭੁਜਾਂ ਫੜ ਬੁਲ੍ਹ ਫੜਕਾਏ ਵੀਰ ਨੇ ਹੰਝੂ ਭਰੇ ਨੇਤਰ ਘੁਮਾਏ ਵੀਰ ਨੇ ਆਹਾਂ ਭਰ ਸੋਰਠੇ ਸੁਣਾਏ ਵੀਰ ਨੇ ਮਿਨਤਾਂ ਦੇ ਹਾਰ ਗੱਲ ਪਾਏ ਵੀਰ ਨੇ ਹਿਲ ਪਏ ਰਾਮ ਜਿੰਦ ਜਾਨ ਘੋਲਦੇ ਤੋਲ ਤੋਲ ਮਿੱਠੇ ਮਿੱਠੇ ਬੋਲ ਬੋਲਦੇ ਧੁਰਾਂ ਦੀਆਂ ਲੱਗੀਆਂ ਨਿਭਾਓ ਵੀਰ ਜੀ ਬਨ ਨੂੰ ਅਜੁੱਧਿਆ ਬਣਾਓ ਵੀਰ ਜੀ ਪੂਰਨੇ ਭਰਾ ਪੁਣੇ ਦੇ ਪਾਓ ਵੀਰ ਜੀ ਨਿਤ ਸਾਡੇ ਨੈਨੀ ਠੰਡ ਪਾਵੋ ਵੀਰ ਜੀ ਭਾਗ ਜਾਗੇ ਅੰਨ੍ਹਿਆਂ ਨੂੰ ਅੱਖਾਂ ਮਿਲੀਆਂ ਜਗੋਂ ਬਾਹਰੇ ਭਾਈ ਦੀਆਂ ਵਾਛਾਂ ਖਿਲੀਆਂ ਲਛਮਣ ਜੀ ਦਾ ਰੂਆਂ ਰੂਆਂ ਖਿੜਿਆ ਖੁਸ਼ੀ ਦੇ ਗਲੇਡੂਆਂ ਦਾ ਖੂਹਾ ਗਿੜਿਆ ਜਾਲ ਵਿਚੋਂ ਜਿਵੇਂ ਛੁਟਕਾਰਾ ਪਾਂਵਦਾ ਹਿਰਨ ਕੁਦਾੜੇ ਮਾਰ ਦੌੜਾਂ ਲਾਂਵਦਾ *** *** *** ਰਾਮ ਸੀਤਾ ਲਛਮਣ ਤਿਆਰ ਹੋ ਗਏ ਤਿੰਨੇ ਲੋਕ ਜਿੰਕੂ ਬਲਿਹਾਰ ਹੋ ਗਏ ਤਿੰਨ ਵੇਦ ਜਿਕਰਾਂ ਬੁਝੱਕ ਹੋ ਗਏ ਤਿੰਨੇ ਕਾਲ ਤੱਕ ਤੱਕ ਫੱਕ ਹੋ ਗਏ ਬੀਤੀ ਤਦ ਨਗਰੀ ਤੇ ਕੀ ਕੀ ਆਖੀਏ ਓੜਕ ਜੋ ਹੋਈ ਭਗਵਾਨ ਸਾਖੀ ਏ ਤਿੰਨੇ ਮੂਰਤੀਆਂ ਓਥੇ ਹਿਲ ਰਹੀਆਂ ਸਨ ਬਨ ਦੇ ਉਮਾਹਾਂ ਨਾਲ ਖਿਲ ਰਹੀਆਂ ਸਨ ਲਛਮਣ ਜੀ ਦੇ ਅਜ ਪੌਂ ਬਾਰਾਂ ਸਨ ਸੀਤਾ ਰਾਣੀ ਲਈ ਖੁਲ੍ਹੀਆਂ ਬਹਾਰਾਂ ਸਨ ਬਨ ਨੂੰ ਤਿਆਰ ਰਾਮ ਚਲੇ ਭੌਣ ਨੂੰ ਦਰਸ਼ਨ ਅੰਤਲੇ ਪਿਤਾ ਦੇ ਪੌਣ ਨੂੰ ਚਾਕਰ ਭੁਚੱਕ ਇਕ ਟੱਕ ਤਕਦੇ ਕੰਬਦੇ ਦਿਲਾਂ ਦਾ ਧੱਕ ਧੱਕ ਤਕਦੇ ਰਾਹਵਾਂ 'ਚ ਨਾ ਤਿਲ ਰੱਖਣ ਦੀ ਥਾਓਂ ਸੀ ਲੱਦੇ ਹੋਏ ਕੋਠਿਆਂ ਤੇ ਚੁੱਪ ਚਾਓਂ ਸੀ ਸਾਗਰ ਸਿਰਾਂ ਦਾ ਸਹਿਮ ਸਹਿਮ ਤੱਕਦਾ ਤਿੰਨਾਂ ਜਾਂਦਿਆਂ ਦੀ ਗਹਿਮਾ ਗਹਿਮ ਤੱਕਦਾ ਫੁੱਲ ਵਿਛੇ ਜਿਨ੍ਹਾਂ ਦੇ ਸੀ ਪੈਰ ਚੁੰਮਦੇ ਹੁਣ ਉਹ ਮਲੂਕ ਰੋੜਾਂ ਤੇ ਨੇ ਘੁੰਮਦੇ *** *** *** ਪੰਛੀਆਂ ਨਾ ਕਦੀ ਅੱਗੇ ਡਿਠਾ ਰਾਣੀ ਨੂੰ ਭੀੜ ਦਾ ਭੜੱਕਾ ਕਿਵੇਂ ਮਿੱਠਾ ਰਾਣੀ ਨੂੰ ਗੁਣਾਂ ਦੇ ਭੰਡਾਰ ਜੰਗਲਾਂ ਨੂੰ ਜਾਂਵਦੇ ਕੋਹਣ ਸਾਨੂੰ ਮੋਹਨ ਮੰਤਰ ਚਲਾਂਵਦੇ ਸੀਤਾ ਲਛਮਣ ਅਪਨਾਏ ਰਾਮ ਨੇ ਅਸੀਂ ਭਾਗਾਂ ਸੜੇ ਹਾਂ ਭੁਲਾਏ ਰਾਮ ਨੇ ਰਾਮ ਬਨ ਨੂੰ ਜੇ ਨਗਰੀ ਬਣਾਂਦੇ ਨੇ ਨਗਰੀ ਦੇ ਖੋਲੇ ਸਾਨੂੰ ਵੀ ਨਾ ਭਾਂਦੇ ਨੇ ਸੁਣਦੇ ਵਿਰਾਗ ਭਰੀਆਂ ਇਹ ਬੋਲੀਆਂ ਨੀਵੇਂ ਧਿਆਨ ਬੁਝਦੇ ਵਹੀਰਾਂ ਡੋਲੀਆਂ ਰਾਮ ਸਹਿਜੇ ਜਾਂਵਦੇ ਪਿਤਾ ਦੇ ਭੌਣ ਨੂੰ ਦਰਸ਼ਨ ਅੰਤਲੇ ਪਿਤਾ ਦੇ ਪੌਣ ਨੂੰ ਧਰਮ ਕਰਮ ਭਗਤੀ ਨੂੰ ਦੂਰੋਂ ਤੱਕ ਕੇ ਦਸ਼ਰਥ ਉੱਠੇ ਜੁ ਦੇਹੀ ਨੂੰ ਧੱਕ ਕੇ ਖਾਧੜੀ ਘੁਮੇਟੜੀ ਧੜਾਮ ਪੈਣ ਨੂੰ ਤਿੰਨੇ ਅੱਗੋਂ ਨੱਠੇ ਬਾਂਹਵਾਂ ਵਿਚ ਲੈਣ ਨੂੰ ਚਿਰਾਂ ਪਿਛੋਂ ਮਹਾਰਾਜ ਅੱਖਾਂ ਖੋਲ੍ਹੀਆਂ ਕੀਤੇ ਹੋਏ ਪਾਪਾਂ ਦੀਆਂ ਪੰਡਾਂ ਫੋਲੀਆਂ ਨਿੰਦ ਨਿੰਦ ਹੋਨੀ ਕੋਸਿਆ ਕਕਈ ਨੂੰ ਹੂਕਰੀਂ ਸੁਣਾਇਆ ਸਿਰ ਸੱਟ ਪਈ ਨੂੰ ਰਾਮ ਬੋਲੇ ਧਰਮਾਵਤਾਰ ਪਿਤਾ ਜੀ ਬਲੀ ਜਾਵਾਂ ਬਲੀ ਹੋਣਹਾਰ ਪਿਤਾ ਜੀ ਧੀਰਿਆਂ ਨੇ ਧੁਰੋਂ ਧਰਮ ਸੰਭਾਲਿਆ ਘਾਲਾਂ ਘਾਲ ਪ੍ਰਾਣ ਗਾਲ ਪ੍ਰਣ ਪਾਲਿਆ ਜਿੱਤ ਪਰਲੋਕ ਤੁਸਾਂ ਲੋਕ ਹਾਰਿਆ ਸੱਤਵਾਦੀਆਂ ਦਾ ਨਾਮਨਾ ਵੰਗਾਰਿਆ ਮੈਂ ਵੀ ਵਚਨਾਂ ਤੋਂ ਰਾਜ ਪਾਟ ਵਾਰਿਆ ਕੀਤਾ ਵਡਿਆਂ ਥੋਂ ਸਿਖਿਆ ਵਿਚਾਰਿਆ ਸੀਤਾ ਮੇਰੇ ਨਾਲ ਹੀ ਹੈ ਜਾਣਾ ਚਾਹੁੰਦੀ ਆਪ ਜੀ ਦੀ ਆਗਿਆ ਹੈ ਪਾਣਾ ਚਾਹੁੰਦੀ ਸੀਤਾ ਕਿਥੇ ਲਿਖੀ ਬਰੜਾਂਦੇ ਰਾਜਾ ਜੀ ਸੁੰਨ ਵਿਚ ਅੱਖੀਆਂ ਘੁਮਾਂਦੇ ਰਾਜਾ ਜੀ ਲਛਮਣ ਜੀ ਵੀ ਭਾਈਪੁਣਾ ਗਾਂਵਦੇ ਬਣ ਸਾਡੇ ਰਾਖੇ ਬਨ ਨੂੰ ਨੇ ਜਾਂਵਦੇ ਚੋਭ ਖਾ ਕੇ ਪਿਤਾ ਅੱਖਾਂ ਖੋਲ੍ਹ ਮੂੰਦ ਗਏ ਲਛਮਣ ਪੁੱਤ ਆਖ ਕੇ ਗੜੂੰਦ ਗਏ ਧਰਮ ਅਵਤਾਰ ਸੱਚ ਦੇ ਭੰਡਾਰ ਹੋ ਸੱਚ ਦੇ ਸ਼ਿੰਗਾਰ ਪਿਆਰ ਦੇ ਵੀ ਪਿਆਰ ਹੋ ਆਗਿਆ ਕਰੋ ਕਿ ਅਸੀਂ ਬਨੀਂ ਚਲੀਏ ਵਡਿਆਂ ਵਡੇਰਿਆਂ ਦੀ ਆਨ ਠਲ੍ਹੀਏ ਰਾਜਾ ਜੀ ਸੀ ਚੁੱਪ ਵਾਲੀ ਝੁੰਬ ਮਾਰ ਕੇ ਬੈਠੇ ਛਾਤੀ ਵਿਚ ਝੱਖੜ ਖਲ੍ਹਾਰ ਕੇ ਸੀਤਾ ਜੀ ਨੂੰ ਅੱਖਾਂ ਵਿਚ ਪੀ ਕੇ ਬੋਲਦੇ ਪੁਤਰਾਂ ਨੂੰ ਤੱਕ ਮਰ ਜੀ ਕੇ ਬੋਲਦੇ ਜਾਣਦਾ ਵਿਧਾਤਾ ਜੀਯਾਂਗਾ ਯਾਂ ਮਰਾਂਗਾਂ ਪਿਆ ਮੰਝਧਾਰ ਡੁਬਾਂਗਾ ਜਾਂ ਤਰਾਂਗਾ ਜਾਨਨਾ ਮੈਂ ਰਾਮ ਧਰਮੋਂ ਨਾ ਟਲੇਗਾ ਰਾਮ ਦਾ ਪਿਤਾ ਵਚਨੋਂ ਨਾ ਚਲੇਗਾ ਜਾਓ ਰਾਮ ਲਛਮਣ ਸੀਤਾ ਪੁੱਤਰੋ ਭੋਗਾਂ ਮੈਂ ਵੀ ਕੀਤਾ ਅਨਕੀਤਾ ਪੁੱਤਰੋ ਜਗ ਦੀ ਤੇ ਅਜ ਰਾਤ ਕਾਲੀ ਹੋ ਗਈ ਚੰਦਰੀ ਕਕਈ ਦੀ ਦੀਵਾਲੀ ਹੋ ਗਈ ਲੰਮੀ ਆਹ ਕੱਢ ਕੇ ਹੰਗੂਰਾ ਘੱਤਿਆ ਬੋਲ ਕੋਈ ਅੱਧਾ ਕੋਈ ਪੂਰਾ ਘੱਤਿਆ ਬੋਲ ਸਨ ਬੁਲਬੁਲੇ ਪਟਾਕੇ ਆਹਾਂ ਦੇ ਧੀਰਜ ਦੇ ਡਾਕੇ ਤੇ ਕੜਾਕੇ ਚਾਹਾਂ ਦੇ ਰਾਮ ਨੂੰ ਅਸੀਸਾਂ ਫਿਟਕਾਂ ਕਕਈ ਨੂੰ ਪਿਆਰ ਦੀਆਂ ਝੋਲੀਆਂ ਸੀ ਸੀਤਾ ਦੇਈ ਨੂੰ ਬੱਲੇ ਬੱਲੇ ਲਛਮਣ ਜੀ ਦੀ ਮਾਓਂ ਨੂੰ ਧ੍ਰਿਗ ਧ੍ਰਿਗ ਧ੍ਰਿਗ ਦਸਰਥ ਨਾਓਂ ਨੂੰ ਉਛਲ ਕੇ ਤਿੰਨਾਂ ਨੂੰ ਕਲਾਵਾ ਮਾਰਿਆ ਆਹਾਂ ਛੱਡ ਸਾਹ ਘੁੱਟ ਆਪਾ ਵਾਰਿਆ ਸੁਧ ਬੁੱਧ ਗਈ ਲਟਰਾ ਕੇ ਡਿਗਿਆ ਗਜ ਭੌਣ ਜਿਵੇਂ ਕੜਕਾ ਕੇ ਡਿਗਿਆ ਭੌਣ ਕੀ ਸੀ ਝੱਖੜ ਸੀ ਅੱਗ ਪਾਣੀ ਦਾ ਚੁਪ ਬੈਠਾ ਬੁੱਤ ਯਾਂ ਕਕਈ ਰਾਣੀ ਦਾ *** *** *** ਉਠਿਆ ਸੁਮੰਤ ਸੁੱਤੀ ਪੀੜ ਵਾਂਗਰਾਂ ਛਡ ਛਡ ਹਾਵਾਂ ਛਾਵਾਂ ਹਾਵੇ ਚਾਂਘਰਾਂ ਗੱਜਿਆ ਕਕਈ ਕੀ ਨਾ ਕਹੀਏ ਹੋਣੀ ਏ ਉਤੋਂ ਸੋਹਣੀ ਏ ਤੇ ਵਿਚੋਂ ਬੱਚਾ ਕੋਹਣੀ ਏ ਦਿਨੇ ਦੀਵਾ ਬਾਲਣੇ ਜਨੇਂਦੇ ਗਾਲਣੇ ਨਾਗਨੇ ਜਾ ਵੜੀਂ ਏਂ ਚਿੜੀ ਦੇ ਆਲ੍ਹਣੇ ਕੱਚ ਨਾਲ ਭੰਨਣੀ ਏਂ ਲੂਣ ਆਪਣਾ ਜੱਗ ਵਿਚ ਭੰਡਣੀ ਏਂ ਖੂਨ ਆਪਣਾ ਰੜੇ ਵਿਚ ਘੁਟਣੀ ਏਂ ਪੁੜ ਆਪਣਾ ਵਿਸ ਵਿੱਚ ਘੋਲਣੀ ਏਂ ਗੁੜ ਆਪਣਾ ਖਾਵੇ ਜੋ ਸੁਹਾਗ ਉਹ ਨਾ ਸਤੀ ਰਾਣੀਏਂ ਤੀਂਵੀ ਦੀ ਨਾ ਪਤੀ ਬਾਝ ਗਤੀ ਰਾਣੀਏਂ ਪੁੱਤ ਨੂੰ ਸੌ ਵਾਰ ਰਾਜ ਤੇ ਬਿਠਾਲ ਤੂੰ ਰਾਮ ਕੱਢ ਪਤੀ ਦਾ ਨਾ ਝੁੱਗਾ ਗਾਲ ਤੂੰ ਰਾਮ ਗਿਆ ਗਿਆ ਰਾਜ ਵੀ ਤੂੰ ਜਾਣ ਲੈ ਪਾਨਪੱਤ ਗਈ ਬਸ ਘੱਟਾ ਛਾਣ ਲੈ ਪੈਰਾਂ ਨੂੰ ਭਵਾਂਦੀ ਮੁੰਡੀ ਨੂੰ ਉਛਾਲਦੀ ਸਿਰ ਖੋਲ੍ਹ ਫਿਰੀਂ ਗੱਦੀ ਨੂੰ ਸੰਭਾਲਦੀ ਅੱਖਾਂ ਲਾਲ ਕਰ ਹੰਝੂ ਭਰ ਬੋਲਿਆ ਹੱਥਾਂ ਨੂੰ ਮਰੋੜ ਵੱਟ ਦੜ ਬੋਲਿਆ ਤੌਰ ਪਰ ਹੋਰ ਹੋਇਆ ਨਾ ਕਕਈ ਦਾ ਆਕੜਿਆ ਟਾਂਡਾ ਜਿਕੁਰਾਂ ਮਕਈ ਦਾ ਦੇਖਕੇ ਇਹ ਹਾਲ ਦਸਰਥ ਬੋਲਿਆ ਆਹ ਭਰ ਕਰ ਉੱਚਾ ਹੱਥ ਬੋਲਿਆ ਇਨ੍ਹਾਂ ਤਿਲਾਂ ਵਿੱਚ ਤੇਲ ਨਾ ਸੁਮੰਤ ਜੀ ਫੁਲ ਕੇਰਦੀ ਇਹ ਵੇਲ ਨਾ ਸੁਮੰਤ ਜੀ ਹਥ ਜੋੜ ਆਨੋ ਰਾਮ ਜਾਵੇ ਬਨ ਨੂੰ ਨਗਰੀ ਉਜਾੜ ਕੇ ਵਸਾਵੇ ਬਨ ਨੂੰ ਸੈਨਾ ਨਾਲ ਕਰੋ ਕਰੇ ਰਾਖੀ ਬਨ ਦੀ ਯੱਗ ਹੋਮ ਕਰੇ ਦਿਓ ਪੂੰਜੀ ਧਨ ਦੀ ਸੁਣ ਇਹ ਕਕਈ ਕੂਕੀ ਗਿੱਚੀ ਚੁੱਕ ਕੇ ਇੰਜੇ ਰਾਹ ਪਾਈਦਾ ਕੁਰਾਹੋਂ ਚੁੱਕ ਕੇ ਸੈਨਾ ਪੂੰਜੀ ਘੱਲੋ ਬਨ ਦੇ ਵਸਾਣ ਨੂੰ ਭੁੱਖ ਨੰਗ ਰੱਖੋ ਗੱਦੀ ਤੇ ਨਚਾਣ ਨੂੰ ਤੀਜਾ ਵਰ ਇਹ ਨਾ ਮੰਗਿਆ ਸੀ ਆਪ ਥੋਂ ਪੀੜ ਸੀ ਪਿਆਰੀ ਮੈਨੂੰ ਕਦੋਂ ਤਾਪ ਤੋਂ ਮਹਾਰਾਜ ਬੜੇ ਤਰਲੇ ਸੀ ਲੈ ਰਹੇ ਮੰਤਰੀ ਜੀ ਕਥਾ ਕਹਿਣੀਆਂ ਸੀ ਕਹਿ ਰਹੇ ਬੋਲੀ ਮਹਾਰਾਣੀ ਸੁਣਦੀ ਤਾਂ ਬੋਲਦੀ ਜਾਗਦੀ ਜਗਾਂਦੀ ਨਾ ਘੁਕਾਰ ਢੋਲ ਦੀ ਮਮਤਾ ਕਠੋਰਤਾ ਦਾ ਘੋਲ ਦੇਖਦੇ ਪਾਪ ਨਾਲ ਧਰਮ ਨੂੰ ਤੋਲ ਦੇਖਦੇ ਰਾਮ ਚੁੱਪ ਖੜੇ ਸਨ ਹੱਥ ਜੋੜ ਕੇ ਹੌਲੀ ਬੋਲੇ ਗੱਲ ਦੀ ਮੁਹਾਰ ਮੋੜ ਕੇ ਮਹਾਰਾਜ ਵੇਲਾ ਧਰਮ ਕਮਾਣ ਦਾ ਬੀਤਦਾ ਪਿਆ ਏ ਵਚਨ ਨਿਭਾਨ ਦਾ ਦੇਵਤੇ ਨੇ ਨਗਰੀ ਦੇ ਵੱਲ ਤੱਕਦੇ ਪਿੱਤਰ ਵੀ ਹੱਥਾਂ ਨਾਲ ਨੈਨ ਢੱਕਦੇ ਸੈਨਾ ਸਾਡੀ ਜੀਆਂ ਭਰੇ ਬਨ ਹੋਣਗੇ ਧਨ ਸਾਡਾ ਮੁਨੀਆਂ ਦੇ ਮਨ ਹੋਣਗੇ ਤਨ ਢਕਣ ਨੂੰ ਰੁਖ ਛਾਲ ਹੋਵੇਗੀ ਇੰਜੇ ਗੁਜ਼ਰਾਨ ਚੌਦਾਂ ਸਾਲ ਹੋਵੇਗੀ ਗੱਲ ਨਾ ਮੁਕਾਈ ਸੀਗੀ ਅੱਜੇ ਰਾਮ ਨੇ ਝਬਦੇ ਕਕਈ ਆ ਖਲੋਤੀ ਸਾਮ੍ਹਣੇ ਅੰਦਰ ਨੂੰ ਗਈ ਮੁੜ ਬਾਹਰ ਆ ਗਈ ਲੈ ਕੇ ਰੁੱਖ ਛਾਲ ਦਾ ਦਥਾਰ ਆ ਗਈ ਖੂੰਜ ਖੂੰਜ ਸਹਿਮ ਗਈ ਰਾਜ ਭੌਣ ਦੀ ਗਿੱਚੀ ਕਿਸੇ ਘੁੱਟ ਦਿੱਤੀ ਜਿਵੇਂ ਪੌਣ ਦੀ ਰਾਮ ਨੇ ਅਡੋਲ ਭੇਟਾ ਮਾਂ ਦੀ ਲੈ ਲਈ ਦੇਉਤਿਆਂ ਦੀ ਜਿੱਤ ਦਾਨਵਾਂ ਦੀ ਖੈ ਲਈ ਖੂੰਜ ਖੂੰਜ ਜਾਗੀ ਜਿਵੇਂ ਰਾਜ ਭੌਣ ਦੀ ਕੰਨੀਂ ਜਿਵੇਂ ਕਿਸੇ ਖਸਕਾਈ ਪੌਣ ਦੀ ਫੁੱਲਾਂ ਵਾਂਗ ਵਲਕਨ ਪਾਏ ਰਾਮ ਨੇ ਤਿੰਨੇ ਲੋਕ ਜਿੱਕੁਰਾਂ ਸਜਾਏ ਰਾਮ ਨੇ ਲਛਮਣ ਜੀ ਨੂੰ ਹੁਣ ਛਾਲ ਮਿਲਿਆ ਜਗਤਾਂ ਦਾ ਕੱਠਾ ਕੀਤਾ ਮਾਲ ਮਿਲਿਆ ਟੋਰੀਆਂ ਪਰੇਮ ਦੀਆਂ ਲੀਹਾਂ ਭਾਈ ਨੇ ਤੋੜੀਆਂ ਭੁੱਪੇ ਦੀਆਂ ਸੀਆਂ ਭਾਈ ਨੇ ਲੀਤਾ ਪਰਸ਼ਾਦ ਸੀਤਾ ਨੇ ਮਤਈ ਦਾ ਕੁਲ ਮਰਯਾਦਾ ਮਮਤਾ ਤੋਂ ਗਈ ਦਾ ਪੁੱਠੇ ਸਿੱਧੇ ਪਾਣ ਲੱਗੀ ਛਾਲ ਜਾਨਕੀ ਕੰਧਾਂ ਬੋਲ ਪਈਆਂ ਹਾਲ ਹਾਲ ਜਾਨਕੀ ਜਾਨਕੀ ਨੂੰ ਦੇਖ ਏਸ ਹਾਲ ਰਾਮ ਨੇ ਸਾੜ੍ਹੀ ਤੇ ਸਜਾਏ ਆਪੇ ਛਾਲ ਰਾਮ ਨੇ ਰਾਜਧਾਰੀਆਂ ਨੂੰ ਬਨਵਾਸ ਮਿੱਲਿਆ ਸੁਣਕੇ ਇਹ ਪਿੱਤਰਾਂ ਦਾ ਲੋਕ ਹਿੱਲਿਆ ਠਿਠਕ ਠਠੰਬਰ ਭਵਾਟੀ ਖਾਂਵਦੇ ਦੜ ਵੱਟ ਲੈਣ ਡੂੰਘੇ ਵੈਣ ਪਾਂਵਦੇ ਸੰਜਮ ਦੇ ਸਾਗਰ ਵਸ਼ਿਸ਼ਠ ਮੁਨੀ ਜੀ ਗਿਆਨ ਭੰਡਾਰ ਗੁਣੀਆਂ ਦੇ ਗੁਣੀ ਜੀ ਪਈ ਸੱਟ ਸੰਜਮ ਤੇ ਕੰਬ ਬੋਲਦੇ ਆਕੜੀ ਕਕਈ ਨੂੰ ਝੜੰਬ ਬੋਲਦੇ ਚੰਗੇ ਘਰੋਂ ਆਈ ਏਂ ਚੰਗੇ ਘਰ ਆਈ ਏ ਫੱਸਿਆ ਕੜਕੀ ਵਿਚ ਤੇਰਾ ਸਾਈਂ ਏ ਸੱਚਿਆਂ ਦੇ ਰਾਜੇ ਨੇ ਸੀ ਸੱਚ ਪਾਲਣਾ ਤੇਰਾ ਨਾ ਸੀ ਠੀਕ ਸੌਹਰਾ ਪੇਕਾ ਗਾਲਣਾ ਰੀਤ ਰਘੂਬੰਸੀਆਂ ਦੀ ਸੱਚ ਰੱਖਣਾ ਜਿੰਦ ਰਖਦੇ ਇਹ ਸੱਚ ਨਾਲੋਂ ਵੱਖ ਨਾ ਰਾਣੀ ਧੀਏ ਵਚਨਾਂ ਦੇ ਘੋੜੇ ਚੜਹਕੇ ਨਾਸ ਨਾ ਤੂੰ ਮੰਗ, ਮੰਗ ਉਤੇ ਅੜਕੇ ਰਾਮ ਤੈਨੂੰ ਭਰਤ ਦੇ ਵਾਂਗ ਪਿਆਰਾ ਏ ਤੇਰਾ ਮੇਰਾ ਸਾਰਿਆਂ ਦਾ ਨੈਨ ਤਾਰਾ ਏ ਭਰਤ ਦੀ ਜਿੰਦ ਦਾ ਸਹਾਰਾ ਰਾਮ ਹੈ ਚਾਨਨ ਮੁਨਾਰਾ ਧ੍ਰੁਵ ਤਾਰਾ ਰਾਮ ਹੈ ਧੀਏ ਰਾਣੀ ਨਗਰੀ ਨੂੰ ਦੇਖ ਸੱਖਣਾ ਭਰਤ ਨਾ ਗੱਦੀ ਉਤੇ ਪੈਰ ਰੱਖਣਾ ਲੀਤਾ ਅਨਲੀਤਾ ਵਰ ਇੱਕ ਰਾਣੀਏਂ ਮੰਗਿਆ ਤੂੰ ਮੋੜ ਪਾ ਨਾ ਫਿੱਕ ਰਾਣੀਏਂ ਗੌਂ ਵੇਚ ਵੱਟ ਜਸ ਖੱਟ ਰਾਣੀਏਂ ਆਪੇ ਦਿੱਤੀ ਗੰਢ ਆਪੇ ਕੱਟ ਰਾਣੀਏਂ ਛਾਲ ਪਰੇ ਸੱਟ ਵਰਾਂ ਨਾਲ ਰਾਣੀਏਂ ਨੂੰਹ ਪੁੱਤ ਨੈਨਾਂ ਤੇ ਬਿਠਾਲ ਰਾਣੀਏਂ ਉੱਭੇ ਸਾਹ ਭਰ ਦਸਰਥ ਬੋਲਿਆ ਗੁਰੂ ਨੇ ਕਕਈਏ ਅੰਮ੍ਰਿਤ ਤੋਲਿਆ ਯੁਵਰਾਜ ਭਰਤ ਬਣਾ ਲੈ ਰਾਣੀਏਂ ਰਾਮ ਨੂੰ ਤੇ ਬਨਾਂ ਤੋਂ ਰਖਾ ਲੈ ਰਾਣੀਏਂ ਰਾਮ ਗਿਆ ਲਛਮਣ ਗਿਆ ਰਾਣੀਏਂ ਸੀਤਾ ਗਈ ਫੇਰ ਵੀ ਲਿਆ ਰਾਣੀਏਂ ਰਾਜ ਭੌਣ ਰਾਮ ਜੀ ਤੋਂ ਦੇਖ ਸੱਖਣਾ ਭਰਤ ਨਾ ਪੈਰ ਗੱਦੀ ਉਤੇ ਰੱਖਣਾ ਦੇਖਦੇ ਸੀ ਰਾਮ ਜੀ ਕਕਈ ਸੱਖਣੀ ਗੁਰੂ ਜੀ ਬੇਨਤੀ ਨੂੰ ਗਈ ਸੱਖਣੀ ਬੋਲੇ ਹੱਥ ਜੋੜ ਨੀਵੀਂ ਅੱਖ ਰਾਮ ਜੀ ਅਣਖ ਦਾ ਰੂਪ ਪਰਤੱਖ ਰਾਮ ਜੀ ਧਰਮ ਰੂਪ ਪਿਤਾ ਅਸੀਂ ਜਾਵੀਏ ਆਗਿਆ ਕਰੋ ਜੋ ਧਰਮ ਨਿਭਾਵੀਏ ਧਰਮ ਜਾਣ ਆਪਣਾ ਸਰੀਰ ਰੱਖਣਾ ਰਾਜਾ ਪਰਜਾ ਦੀ ਦੇਹੀ ਵੱਖ ਵੱਖ ਨਾ ਸੋਚ ਮੈਨੂੰ ਇਥੋਂ ਮੇਰੇ ਪਿਤਾ ਧਰਮੀ ਮਾਤਾ ਮੇਰੀ ਕਿਵੇਂ ਜੀਵੇਗੀ ਨਿਕਰਮੀ ਹੱਛਾ ਅਸੀਂ ਬੱਧੇ ਧਰਮ ਦੇ ਜਾਨੇ ਆਂ ਰਘੂਬੰਸੀਆਂ ਦੇ ਪਿੱਤਰ ਰਿਝਾਨੇ ਆਂ ਅੱਖ ਖੋਲ੍ਹੀ ਰਾਜਾ ਜੀ ਨੇ ਛਾਲ ਵੇਖ ਲਏ ਮੌਤ ਦਾ ਮੁਆਤਾ ਚੌਦਾਂ ਸਾਲ ਵੇਖ ਲਏ ਕੰਬੇ ਖਾਧਾ ਚੱਕਰ ਧਾੜ ਜਾ ਪਏ ਲੋਕ ਪਰਲੋਕ ਜਿਵੇਂ ਝਾੜ ਜਾ ਪਏ ਪਲਾਂ ਪਿਛੋਂ ਉਠੇ ਰਾਮ ਰਾਮ ਬੋਲਦੇ ਖੋਟੇ ਕੰਮਾਂ ਕੀਤੀਆਂ ਦੀ ਗੁਥੀ ਖੋਲ੍ਹਦੇ ਬਨ ਜਾਣ ਵਾਲਿਆਂ ਨੂੰ ਤੱਕ ਕੰਬਦੇ ਸਿਰ ਮਾਰ ਮਾਰ ਵੱਖੀਆਂ ਨੂੰ ਝੰਬਦੇ ਬਿਟ ਬਿਟ ਤੱਕ ਤੱਕ ਆਹਾਂ ਭਰਦੇ ਲੁਛ ਲੁਛ ਵਿਲ੍ਹਦੇ ਵਿਲਾਪ ਕਰਦੇ ਵੱਟਦੇ ਕਚੀਚੀ ਨਹਰੀ ਬੁਲ੍ਹ ਚੱਬਦੇ ਝਈਆਂ ਲੈਂਦੇ ਚੁੱਪ ਕਰ ਜਾਂਦੇ ਝੱਬਦੇ ਕੂਕਦੇ ਕਕੱਈਏ ਪਾਪਾਂ ਦੀਏ ਸੈਂਚੀ ਏ ਛੁੱਰੀਏ ਕੁਹਾੜੀਏ ਕਸੈਨੇ ਕੈਂਚੀ ਏ ਡੋਬ ਦਿੱਤੇ ਦੋਵੇਂ ਕੋੜਮੇ ਵਿਤਰਨੀਏਂ ਕੋੜ੍ਹੀਏ ਕਲੰਕਨੇ ਥਾਈਂ ਮਰਨੀਏਂ ਰਾਜਾ ਸੀ ਕੇ ਘੋਲ ਪਾਣੀ ਦਾ ਤੇ ਪੌਣ ਦਾ ਜੇਠ ਦਾ ਤੰਦੂਰ ਪਰਨਾਲਾ ਸਾਉਣ ਦਾ ਹੋਣੀ ਦੀ ਸ਼ਰੀਕਨੀ ਕਕੱਈ ਚੁੱਪ ਸੀ ਬਾਹਰੋਂ ਚਿਟੀ ਅੰਦਰੋਂ ਹਨੇਰਾ ਘੁੱਪ ਸੀ ਦੇਖ ਕੇ ਸੁਮੰਤਰ ਨੂੰ ਰਾਜਾ ਬੋਲਿਆ ਤੱਤੜੀ ਨੇ ਦੁੱਧ ਵਿਚ ਜ਼ਹਿਰ ਘੋਲਿਆ ਛੇਤੀ ਰੱਬ ਲੈ ਆ ਜੀਂਦੇ ਮਰ ਵੇਖੀਏ ਬਚਨਾਂ ਦੀ ਅੱਗ ਵਿਚ ਸੜ ਵੇਖੀਏ ਹੋਣੀ ਅਨਮੋੜ ਦੇਖ ਕੇ ਕੁਸ਼ੱਲਿਆ ਚੀਕੀ ਦੁਖ ਜਾਏ ਠੱਲ੍ਹਿਆ ਨਾ ਠੱਲ੍ਹਿਆ ਕਾਂਬੇ ਵਾਂਗ ਕੰਬੀ ਗਸ਼ ਵਾਂਗ ਵਿੱਚ ਗੁੰਮਦੀ ਤੇ ਪੌਣ ਵਾਂਗ ਝੁੱਲੀ ਪ੍ਰੇਤ ਵਾਂਗ ਝੂੰਮਦੀ ਉੱਠ ਅੰਤ ਸੀਤਾ ਜੀ ਨੂੰ ਗਲ ਲਾਂਵਦੀ ਮੱਥਾ ਸੁੰਘ ਵਾਰ ਵਾਰ ਵਾਰੀ ਜਾਂਵਦੀ ਰੱਜਦੀ ਨਾ ਦੇਖ ਰੱਜ ਕੇ ਸਰਾਂਹਵਦੀ ਅੱਖਾਂ ਮੀਟ ਹੰਝੂਆਂ ਦੀ ਝੜੀ ਲਾਂਵਦੀ ਲਛਮਣ ਜੀ ਨੂੰ ਘੁੱਟ ਜਫੀ ਪਾਂਵਦੀ ਸਾਵਣ ਦੀ ਨਦੀ ਵਿਚ ਗੋਤੇ ਖਾਂਵਦੀ ਰਾਮ ਜੀ ਦੇ ਨੈਣਾ ਵਿਚ ਨੈਨ ਪਾਂਵਦੀ ਬਾਂਹਵਾਂ ਫੜ ਕੀਕਲੀ ਦਾ ਰੰਗ ਲਾਂਵਦੀ ਨੱਠੀ ਚਿਕਲਾਂਵਦੀ ਸੁਦੇਨ ਵਾਂਗਰਾਂ ਢੱਠੀ ਖਾ ਭਵਾਟੜੀ ਲਟੈਨ ਵਾਂਗਰਾਂ ਬੋਲੀ ਅੰਤ ਉੱਠ ਕੇ ਉੱਠਾਈ ਤਿੰਨਾਂ ਦੀ ਜਾਵੋ ਨਾ ਵੇ ਪੁੱਤਰੋ ਦੁਹਾਈ ਤਿੰਨਾਂ ਦੀ ਇਕ ਮਾਤਾ ਬਨਾਂ ਨੂੰ ਜੇ ਘੱਲੇ ਰਾਮ ਵੇ ਦੂਜੀ ਦੇਖ ਰੋ ਰੋ ਰਾਹ ਮੱਲੇ ਰਾਮ ਵੇ ਜਾਣਦੀ ਮੈਂ ਕੁਝ ਵਚਨਾਂ ਦੇ ਪੇਚ ਨਾ ਪੁੱਤ ਦਾ ਕੀ ਲੋਕ ਬਣਦਾ ਸੀ ਵੇਚਨਾ ਜਿਵੇਂ ਜਾਣੇ ਬਨ ਨੂੰ ਨਾ ਜਾਵੀਂ ਪੁੱਤਰਾ ਜਣਦੀ ਦੀ ਗੱਲ ਨਾ ਗਵਾਈਂ ਪੁੱਤਰਾ ਸ਼ਹਿਤੋਂ ਮਿੱਠੀ ਕਮਲਾਂ ਤੋਂ ਕੂਲੀ ਨਾਰ ਦਾ ਦੁਖੜਾ ਸਤਾਵੇ ਸੁੱਚਮਾਂ ਦੇ ਸਾਰ ਦਾ ਭਾਈ ਰਾਮ ਚੰਦ ਦਾ ਚਕੋਰ ਲਛਮਣ ਸੀਤਾ ਜੀ ਦੇ ਬੱਦਲ ਦਾ ਮੋਰ ਲਛਮਣ ਹਾਏ ਅੱਜ ਤੱਜ ਸਭੇ ਸਾਜ ਜਾਏਗਾ ਦੁਖੀਆਂ ਅਸਾਨੂੰ ਹੋਰ ਦੁਖ ਪਾਵੇਗਾ ਰਾਮ ਦੂਜਾ ਸ਼ਾਂਤੀ ਦਾ ਨਾਮ ਬੋਲਿਆ ਮਾਤਾ ਮੇਰੀ ਠੀਕ ਤੇਰਾ ਦਿਲ ਡੋਲਿਆ ਮਾਂ ਦੀ ਮਮਤਾ ਨੂੰ ਸਾਰਾ ਜਗ ਜਾਣਦਾ ਮਮਤਾ ਨਾ ਚਲੇ ਜਿਥੇ ਝੇੜਾ ਆਨ ਦਾ ਵੱਡੇ ਸਾਡੇ ਹਰੀ ਚੰਦ ਸੱਚ ਪਾਲਿਆ ਭਾਵੇਂ ਰਾਜ ਪਾਟ ਘਰ ਬਾਹਰ ਗਾਲਿਆ ਚੀਜ਼ਾਂ ਨਾਲ ਹੋਣੀਆਂ ਦੀ ਪੰਡ ਛੱਡ ਕੇ ਸੱਚ ਦੀ ਅਟਲ ਲਾਠ ਗਿਆ ਗੱਡ ਕੇ ਗੁੜ੍ਹਤੀ ਸਰੀਰ ਚੱਖ ਆਇਆ ਨਾਸ ਦੀ ਨੀਂਹ ਸੁਣੀ ਜਗ ਦੇ ਨਾ ਸੁਖ ਆਸ ਦੀ ਮੋਹ ਛੱਡ ਮਾਤਾ ਸਭ ਕੁਝ ਜਾਣਦੀ ਧਰਮ ਦੀ ਪੱਕੀ ਗੁਥਲੀ ਗਿਆਨ ਦੀ ਅੰਮੀਏ ਤੂੰ ਪੁੱਤ ਆਪਣਾ ਪਛਾਣਦੀ ਸੁੱਝ ਮੈਨੂੰ ਇਕੋ ਵਚਨ ਨਿਭਾਣ ਦੀ ਉੱਚਾ ਨੀਵਾਂ ਜਗਤ ਹੈ ਨਿਤ ਹੋਂਵਦਾ ਇਕ ਅੱਖ ਹੱਸਦਾ ਤੇ ਦੂਜੀ ਰੋਂਵਦਾ ਕਾਇਆ ਦਾ ਵਸਾਹ ਨਾ ਮਾਇਆ ਘੜੀ ਪਲ ਦੀ ਬਦਲਾਂ ਦੀ ਛਾਇਆਂ ਹੋਂਵਦੀ ਤੇ ਚਲਦੀ ਉੱਡ ਰਿਹਾ ਜਗ ਲਾ ਕੇ ਖੰਭ ਆਸ ਦੇ ਟੋਲਦਾ ਟਿਕਾਣਾ ਪੱਕਾ ਵਿਚ ਨਾਸ ਦੇ ਧਰਮ ਦੀ ਧਜ ਸਜ ਧਜ ਝੁਲਦੀ ਲੱਖ ਭਾਵੇਂ ਹੋਰ ਥੇ ਹਨੇਰੀ ਘੁਲਦੀ ਮਾਤਾ ਸਭ ਕੁਝ ਜਾਣੇ ਮੋਹ ਜਾਣ ਦੇ ਪੁੱਤ ਆਪਣੇ ਨੂੰ ਵਚਨ ਨਿਭਾਣ ਦੇ ਬੋਲਦੀ ਸੀ ਮਮਤਾ ਦੀ ਮੋਈ ਅੰਬੜੀ ਚਲਿਆ ਨਾ ਵਸ ਚੁੱਪ ਹੋਈ ਅੰਬੜੀ ਧਰਮਨ ਧੀਰੀ ਮਿੱਠੀ ਭੋਲੀ ਭਾਲੜੀ ਖੁੰਜ ਪਈ ਸੁਮਿੱਤਰਾ ਪਿਆਰਾਂ ਵਾਲੜੀ ਰਾਮ ਜੀ ਨੂੰ ਛਾਤੀ ਨਾਲ ਲਾਇਆ ਭੋਲੀ ਨੇ ਨੈਣਾਂ ਵਿਚੋਂ ਪ੍ਰੇਮ ਵਰਸਾਇਆ ਭੋਲੀ ਨੇ ਸੀਤਾ ਜੀ ਨੂੰ ਮਿੱਠੇ ਮਿੱਠੇ ਹਾਰ ਪਾਂਵਦੀ ਮੱਥਾ ਸੁੰਘ ਸੁੰਘ ਬਲਿਹਾਰ ਜਾਂਵਦੀ ਲਛਮਣ ਜੀ ਨੂੰ ਘੁੱਟ ਜੱਫੀ ਪਾਂਵਦੀ ਛਿਹਾਂ ਰੁੱਤਾਂ ਵਾਲਾ ਕੱਠਾ ਰੰਗ ਲਾਂਵਦੀ ਪੰਘਰ ਕੇ ਰੁਤਾਂ ਬਰਸਾਤ ਬਣੀਆਂ ਰਾਤ ਬਣੀਆਂ ਤੇ ਪਰਭਾਤ ਬਣੀਆਂ ਨਿੱਚੁੜ ਕੇ ਸਿੱਚੜ ਕੇ ਖਿੜੀ ਅੰਬੜੀ ਮੋਹ ਮਮਤਾ ਦੇ ਨਾਲ ਭਿੜੀ ਅੰਬੜੀ ਖਿੜ ਖਿੜ ਬੋਲ ਧੰਨ ਭਾਗ ਪੁੱਤਰਾ ਕੀਤੇ ਸੀ ਜੋ ਪੁੰਨ ਪਏ ਜਾਗ ਪੁੱਤਰਾ ਰਾਮ ਤੇਰੇ ਭਾਈ ਸੰਸਾਰੀ ਜੀਵ ਨਾ ਹੋਰ ਕੁਝ ਨਾ ਜੇ ਅਵਤਾਰੀ ਜੀਵ ਨਾ ਰਾਮ ਜੇਹਾ ਹੋਇਆ ਨਾ, ਨਾ ਹੈ, ਨਾ ਹੋਵੇਗਾ ਧਰੁਵ ਨੂੰ ਵੀ ਰਾਮ ਅੱਗੇ ਢਹਿਣਾ ਹੋਵੇਗਾ ਰਾਮ ਜੀ ਦਾ ਸੇਵਕ ਸਮੁੱਚਾ ਬਣ ਜਾ ਬਣ ਜਾ ਤੇ ਪੁੱਤਰਾ ਤੂੰ ਉੱਚਾ ਬਣ ਜਾ ਵਿਸ਼ਨੂੰ ਤੇ ਲਛਮੀ ਦਾ ਸ਼ੇਸ਼ ਬਣ ਜਾ ਸੇਵਾ ਦੇ ਕੈਲਾਸ਼ ਦਾ ਮਹੇਸ਼ ਬਣ ਜਾ ਅੱਖਾਂ ਨਾਲ ਚੁਣ ਰੋੜ ਕੰਡੇ ਰਾਹਵਾਂ ਦੇ ਦੁੱਖ ਬੜੇ ਰੋਂਦੇ ਅਣਹੰਢੇ ਰਾਹਵਾਂ ਦੇ ਭਾਈ ਤੇਰਾ ਬਾਪ ਭਰਜਾਈ ਅੰਬੜੀ ਚਰਨਾਂ 'ਚ ਰਹੇ ਤੇਰੀ ਲਿਵ ਚੰਬੜੀ ਯੋਗਾ ਵਿਚ ਸੇਵਾ ਵੱਡਾ ਯੋਗ ਪੁੱਤਰਾ ਏਹੋ ਤੇਰਾ ਤਿਆਗ ਏਹੋ ਭੋਗ ਪੁੱਤਰਾ ਸੇਵਾ ਕਰ ਸੰਤ ਸੰਸਾਰ ਤਰ ਗਏ ਆਪਣਾ ਤੇ ਜੱਗ ਦਾ ਸੁਧਾਰ ਕਰ ਗਏ ਸੀਤਾ ਰਾਮ ਪਰਲੋਕ ਜਾਣ ਕੇ ਚੇਤੇ ਰਖ ਹੋਰ ਸਭ ਫੋਕ ਜਾਣ ਕੇ ਚੰਦਰਮਾ ਰੋਹਿਣੀ ਦੀ ਰਾਤ ਬਣ ਤੂੰ ਅਰੁਣ ਉਸ਼ਾ ਦੀ ਪਰਭਾਤ ਬਣ ਤੂੰ ਬਨ ਤੂੰ ਅਜੁੱਧਿਆ ਬਣਾਈਂ ਪੁੱਤਰਾ ਦੂਰ ਹੋਣ ਤੇਰੀਆਂ ਬਲਾਈਂ ਪੁੱਤਰਾ *** *** *** ਏਨੇ ਨੂੰ ਸੁਮੰਤਰ ਜੀ ਰੱਥ ਜੋੜ ਕੇ ਸਾਮ੍ਹਣੇ ਖਲੋਤੇ ਆਣ ਹੱਥ ਜੋੜ ਕੇ ਰਾਮ ਜੀ ਕੁਸ਼ੱਲਿਆ ਦੇ ਕੋਲ ਢੁੱਕ ਕੇ ਧੀਰੇ ਧੀਰੇ ਬੋਲੇ ਧੀਰੇ ਰੁਕ ਰੁਕ ਕੇ ਵਚਨਾਂ ਦਾ ਬੱਧਾ ਬਨਾਂ ਨੂੰ ਹਾਂ ਜਾ ਰਿਹਾ ਹੁਣੇ ਚੌਦਾਂ ਸਾਲ ਮੁੱਕੇ ਹੁਣੇ ਆ ਰਿਹਾ ਹੱਥ ਜੋੜ ਚਵ੍ਹੀਂ ਪਾਸੀਂ ਅੱਖ ਫੇਰਦਾ ਮੋਤੀਆਂ ਦੀ ਝੜੀ ਵਿਚ ਫੁੱਲ ਕੇਰਦਾ ਕੀਤੀਆਂ ਨਾ ਕੀਤੀਆਂ ਦੀ ਖਿਮਾਂ ਮੰਗਦਾ ਸਭਨਾਂ ਨੂੰ ਸਾਵਣ ਦੇ ਰੰਗ ਰੰਗਦਾ ਸ਼ਾਮ ਚੁੱਪ ਹੋਇਆ ਕੰਧਾਂ ਕੋਨੇ ਕੂਕਦੇ ਫ਼ਨੀਹਰ ਬਿਰਹੋਂ ਦੇ ਨੱਚ ਸ਼ੂਕਦੇ ਭੁੱਬਾਂ ਚੀਕਾਂ ਹਾਵਿਆਂ ਦਾ ਸ਼ੋਰ ਮੱਚਿਆ ਅੱਥਰੂਆਂ ਵਾਲਾ ਘਨਘੋਰ ਮੱਚਿਆ ਕਰ ਪਰਦਖਨਾ ਪਿਤਾ ਦੀ ਰਾਮ ਨੇ ਸੁੰਨ ਮੁੰਨ ਮੂਰਤੀ ਅਰਾਧੀ ਰਾਮ ਨੇ ਲਛਮਣ ਸੀਤਾ ਪਿਛੇ ਪਿਛੇ ਜਾਂਵਦੇ ਮੱਥਾ ਮੂਰਤੀ ਦੇ ਚਰਨੀਂ ਛੁਹਾਂਵਦੇ ਤਿੰਨਾਂ ਨੂੰ ਹੀ ਤਦੇ ਨਮਸਕਾਰ ਤਿੰਨੇ ਉਹ ਖਿੜੇ ਮੱਥੇ ਝਾੜ ਸੰਸਾਰ ਤਿੰਨੇ ਉਹ ਆਸਨ ਜਮਾਏ ਆਏ ਰਾਜ ਰੱਥ ਤੇ ਦੇਵੀ ਦੇਉਤਿਆਂ ਸਜਾਏ ਰਾਜ ਰੱਥ ਤੇ ਨਗਰੀ 'ਚ ਰਾਤ ਪਾ ਕੇ ਰੱਥ ਟੁਰਿਆ ਬਨੀਂ ਪ੍ਰਭਾਤ ਦਾ ਅਨੰਦ ਫੁਰਿਆ ਘੋੜੇ ਸੀ ਉਦਾਸ ਤੇ ਉਦਾਸ ਸਾਰਥੀ ਨਗਰ ਦੇ ਵਾਸੀ ਬਣੇ ਸ਼ਰਨਾਰਥੀ ਹੌਲੇ ਹੌਲੇ ਸ਼ਾਂਤੀ ਸੁਨਹਿਰੀ ਟੁਰ ਪਈ ਪਿਛੇ ਸ਼ਹਿਰਿਆਂ ਦੀ ਘੱਟਾ ਗਹਿਰੀ ਟੁਰ ਪਈ ਜਿਸ ਪਾਸੇ ਦੇਖੋ ਹੰਝੂ ਆਹਾਂ ਢਾਹਾਂ ਸਨ ਟੱਕ ਬੰਨ੍ਹੇ ਨੈਣ ਉਲਰੀਆਂ ਬਾਹਵਾਂ ਸਨ ਕੂਕਾਂ ਹੂਕਾਂ ਚੀਕਾਂ ਤਰਲੇ ਦੁਹਾਈਆਂ ਸਨ ਚੁੱਪਾਂ ਕਚਿਆਈਆਂ ਖਿਝਾਂ ਗਸ਼ਾਂ ਆਈਆਂ ਸਨ ਦੁੱਖ ਦਾ ਸਮੁੰਦਰ ਹੁਲਾਰੇ ਮਾਰਦਾ ਰਾਮ ਸੀਤਾ ਲਛਮਣ ਨਾਹਰੇ ਮਾਰਦਾ ਚੜ੍ਹ ਕੇ ਅਟਾਰੀ ਰਾਜਾ ਜੀ ਤੇ ਰਾਣੀਆਂ ਅੱਖਾਂ ਨਿੰਦ ਨਿੰਦ ਕਰਦੇ ਕਹਾਣੀਆਂ ਇਕ ਹੋਈਆਂ ਸੜਕਾ ਬਜ਼ਾਰ ਗਲੀਆਂ ਬਣ ਕੇ ਚਕੋਰ ਚੰਨਾਂ ਨਾਲ ਚਲੀਆਂ ਸੋਗੀਆਂ ਦੀ ਭੀੜ ਹੌਲੇ ਹੌਲੇ ਜਾਂਵਦੀ ਰਾਜ ਭਵਨਾਂ ਤੋਂ ਜਦੋਂ ਓਹਲੇ ਜਾਂਵਦੀ ਰਾਜ ਭੌਨ ਜਿਵੇਂ ਸ਼ਮਸ਼ਾਨ ਹੋ ਪਿਆ ਤਾਰਿਆਂ ਤੋਂ ਸੁੰਞਾ ਅਸਮਾਨ ਹੋ ਗਿਆ ਚੁੱਪ ਵਿਚ ਲੋਹੜ ਦਾ ਸੀ ਸ਼ੋਰ ਲੁਕਿਆ ਮੱਸਿਆ ਦੇ ਵਿਚ ਲੱਖ ਚੋਰ ਲੁੱਕਿਆ ਪਲਾਂ ਪਿਛੋਂ ਉਠਿਆ ਤੂਫ਼ਾਨ ਬੂਕਦਾ ਬਿਰਹੋਂ ਦਾ ਕਾਲੀ ਨਾਗ ਨੱਚ ਸ਼ੂਕਦਾ ਹੋਈ ਹੋਈ ਕਿਤੇ ਕਿਤੇ ਹਾਏ ਹਾਏ ਸੀ ਮੋਈ ਮੋਈ ਕਿਤੇ ਕਿਤੇ ਮਾਏ ਮਾਏ ਸੀ ਕੰਧਾਂ ਮਾਰ ਟੱਕਰਾਂ ਕੰਬਾਈਆਂ ਨੇ ਕਿੰਨ੍ਹਾਂ ਨੇ ਪਿੱਟ ਪਿੱਟ ਕੋਠੀਆਂ ਗੁੰਜਾਈਆਂ ਕਿੰਨ੍ਹਾਂ ਨੇ ਹੰਝੂਆਂ ਥੀਂ ਨਦੀਆਂ ਵਗਾਈਆਂ ਕਿੰਨ੍ਹਾਂ ਨੇ ਹਾਂਹਾਂ ਥੀਂ ਹਨੇਰੀਆਂ ਚਲਾਈਆਂ ਕਿੰਨ੍ਹਾਂ ਨੇ ਪੁੱਟ ਸੁੱਟੇ ਕੇਸਾਂ ਦੇ ਦਥਾਰ ਦਿਸਦੇ ਚਵ੍ਹੀਂ ਪਾਸੀਂ ਲੀਰਾਂ ਤੇ ਲੰਗਾਰ ਦਿਸਦੇ ਗਸ਼ਾਂ ਖਾਣ ਹੋਸ਼ ਵਿਚ ਆਉਣ ਰਾਜਾ ਜੀ ਗੀਤ ਕਸ਼ਮੀਰਣ ਦੇ ਗਾਉਣ ਰਾਜਾ ਜੀ ਸੀਤਾ ਰਾਮ ਲਛਮਣ ਮੂੰਹੋਂ ਬੋਲਦੇ ਹੀਰਿਆਂ ਨੂੰ ਹੀਰਿਆਂ ਦੇ ਨਾਲ ਤੋਲਦੇ ਗਸ਼ਾਂ ਖਾਂਦੇ ਮੁੜ ਹੋਸ਼ ਵਿਚ ਆਉਂਦੇ ਜਮਪੁਰੀ ਦੀਆਂ ਥੰਮੀਆਂ ਹਿਲਾਉਂਦੇ ਕੂਕਦੇ ਕਕਈਏ ਕੇਹਾ ਕੰਮ ਕੀਤਾ ਈ ਵਰ ਦੇ ਬਹਾਨੇ ਸਰਬੰਸ ਲੀਤਾ ਈ ਰਾਮ ਗਿਆ ਬਨ ਮੇਰਾ ਆਇਆ ਕਾਲ ਲੈ ਰੰਡੀ ਬਣ ਗੱਦੀ ਲਹੂ ਦੀ ਸਮ੍ਹਾਲ ਲੈ ਬੋਲਦੇ ਉਬਾਲ ਲੈਂਦੇ ਵਿਸ ਘੋਲਦੇ ਮਹਾਰਾਜ ਕਰਮਾਂ ਦੇ ਕਾਰੇ ਫੋਲਦੇ ਪਿੱਟਦੇ ਕਕਈ ਨੂੰ ਤੇ ਦਿੱਤੇ ਵਰ ਨੂੰ ਖਿੱਚੇ ਗਏ ਮਹਾਰਾਣੀ ਜੀ ਦੇ ਘਰ ਨੂੰ *** *** *** ਚਾਲ ਨੂੰ ਵਧਾਂਦਾ ਨਾ ਮੁਹਾਰ ਮੋੜਦਾ ਰਥ ਗਿਆ ਦੂਰ ਪਿਛੇ ਭੀੜਾਂ, ਛੋੜਦਾ ਨਗਰੀ ਸੀ ਆਹਾਂ ਰੋਣਿਆ ਦੀ ਨਗਰੀ ਬਿਰਹੋਂ ਦੇ ਭਰੇ ਕੋਨਿਆਂ ਦੀ ਨਗਰੀ ਪੂਰੇ ਸੂਰੇ ਗ੍ਰਹਿਣ ਗ੍ਰਸ ਲਈ ਨਗਰੀ ਚੁੱਪ ਦੀ ਚੁੜੇਲ ਧਸ ਲਈ ਨਗਰੀ ਕਿਤੇ ਕਿਤੇ ਹਾਏ ਗਿਆਂ ਨੂੰ ਸੀ ਟੋਲਦੀ ਸਿਖਰ ਦੁਪਹਿਰੇ ਜਿਵੇਂ ਇੱਲ ਬੋਲਦੀ ਚੁਲ੍ਹੀਂ ਪਿਆ ਪਾਣੀ ਪਏ ਰਾਮ ਜਪਦੇ ਸੱਖਣੇ ਪਏ ਸੀਘੜੇ ਤਪ, ਤਪਦੇ ਬੋਲੀਆਂ ਦਾ ਪੰਛੀਆਂ ਨੇ ਮੋਹ ਛੱਡਿਆ ਡੰਗਰਾਂ ਨੇ ਸਹੁੰ ਕਰ ਭੋ ਛੱਡਿਆ ਲਾਲ ਪੀਲਾ ਸੂਰਜ ਵੀ ਦੁੱਖ ਦੱਸਦਾ ਪੱਛਮੀ ਸਮੁੰਦਰ ਨੂੰ ਗਿਆ ਨੱਸਦਾ ਕੁਦਰਤ ਚਾਦਰ ਕਲੂਟੀ ਤਾਣ ਕੇ ਲੇਟ ਗਈ ਬਿਰਹੋਂ ਦੀ ਭੰਗ ਛਾਣ ਕੇ ਅੰਬਰ ਨੇ ਕਿਰਨਾਂ ਦੇ ਬਾਣ ਛੱਡ ਕੇ ਤਾਰੇ ਦੱਸੇ ਧਰਤੀ ਨੂੰ ਅੱਖਾਂ ਕੱਢ ਕੇ *** *** *** ਜਾਪੇ ਰਾਜ ਭੌਣ ਸ਼ਮਸ਼ਾਨ ਬਣਿਆ ਆਹਾਂ ਡੁਸਕਾਰਿਆਂ ਦਾ ਥਾਨ ਬਣਿਆ ਰਾਤ ਬੀਤਦੀ ਨਾ ਬੀਤੇ ਕਿਵੇਂ ਬੀਤਦੀ ਕੋਹਾਂ ਲੰਮੀ ਤਾਨ ਦੁਖੀਆਂ ਦੇ ਗੀਤ ਦੀ ਅੰਤ ਭਿੱਤ ਸੋਗ ਦੇ ਰਤਾ ਕੁ ਭਿੜ ਗਏ ਚੂਰ ਹੋਏ ਰਾਜਾ ਨੀਂਦਰ ਦੇ ਪਿੜ ਗਏ ਵਿਰਹਾ ਦੀ ਮਾਰੀ ਵਡਮਾਤਾ ਬੋਲਦੀ ਲੱਗਾ ਦੁੱਖ ਵਾਲਾ ਸੀ ਜੋ ਤਾਲਾ ਖੋਲਦੀ ਦਿਲ ਮੇਰਾ ਪੱਥਰ ਪਹਾੜ ਬਣਿਆ ਖਿੜਿਆ ਬਗ਼ੀਚੜਾ ਉਜਾੜ ਬਣਿਆ ਵਗਦੀ ਦੁਧਾਰੀ ਹਾਏ ਨਦੀ ਪੀੜ ਦੀ ਜੀਵਨ ਦਾ ਤਲ ਜਾਂਵਦੀ ਏ ਚੀਰਦੀ ਰਾਮ ਬਾਝ ਹਾਏ ਰਹਾਵਾਂਗੀ ਮੈਂ ਕੀਕਰਾਂ ਸੀਤੜੀ ਦਾ ਸੱਲ ਸਹਵਾਂਗੀ ਮੈਂ ਕੀਕਰਾਂ ਲਛਮਣ ਬਣ ਕੇ ਲੁਟੇਰਾ ਨੱਸਿਆ ਲੁੱਟੜੀ ਸੁਮਿਤਰਾ ਤੇ ਗੜਾ ਵੱਸਿਆ ਦੇਖ ਕੇ ਜਿਠਾਨੀ ਦਾ ਤੂਫਾਨ ਚੱਲਿਆ ਮਿੱਠੜੀ ਦਰਾਨੀ ਮਿਠੇ ਬੋਲੀਂ ਠੱਲਿਆ ਪ੍ਰਾਣਾਂ ਤੋਂ ਪਿਆਰੀ ਮਹਾਰਾਣੀ ਭੈਣ ਜੀ ਦਿਲ ਨੂੰ ਠਰੱਮਾ ਦਿਓ ਸਿਆਣੀ ਭੈਣ ਜੀ ਡਰਨਾ ਕਿਸੇ ਤੋਂ ਰਘੂਆਂ ਦੀ ਟੇਕ ਨਾ ਪਾਣੀ ਨੂੰ ਨਾ ਠੰਢ ਅਗਨੀ ਨੂੰ ਸੇਕ ਨਾ ਜਿਨ੍ਹਾਂ ਨੇ ਸੁਬਾਹੂ ਤੇ ਮਰੀਚ ਭੰਨਿਆ ਤਾੜਕਾ ਅੜਿੰਗਦੀ ਨੂੰ ਜਿਨ੍ਹਾਂ ਡੰਨਿਆ ਪੱਥਰ ਅਹੱਲਿਆ ਨੂੰ ਛੋਹਿਆ ਜਿਨ੍ਹਾਂ ਨੇ ਧਨਖ ਸੁਅੰਬਰ ਦਾ ਟੋਹਿਆ ਜਿਨ੍ਹਾਂ ਨੇ ਕੀ ਉਹ ਜਾਣਦੇ ਨੇ ਜੰਗਲੀ ਬਲਾਵਾਂ ਨੂੰ ਔਝੜ ਪਹਾੜਾਂ ਬੇਲਿਆਂ ਗੁਫ਼ਾਵਾਂ ਨੂੰ ਜਿਥੇ ਜਾਣਗੇ ਉਹ ਸੁਰਗ ਹੀ ਬਣਾਣਗੇ ਚੌਦਾਂ ਵਰ੍ਹੇ ਕੱਢ ਉਹ ਭਲਕੇ ਆਣਗੇ ਹੌਣੀ ਹੋਨੀ ਸੀ ਹੀ ਮਿੱਠਾ ਭਾਣਾ ਕਰਕੇ ਭੈਣ ਕਲ ਜੀਵਾਂਗੇ ਹੀ ਅੱਜ ਮਰਕੇ ਧਰਮਨ ਧੀਰੀ ਮਿਠੇ ਬੋਲ ਬੋਲ ਕੇ ਚੁਪ ਹੋਈ ਕੰਨੀਂ ਅੰਮ੍ਰਿਤ ਘੋਲ ਕੇ ਹਿਰਦਾ ਕੋਸ਼ਲਿਆ ਦਾ ਸ਼ਾਂਤ ਹੋ ਗਿਆ ਵਚਨ ਦਿਰਾਣੀ ਦਾ ਵੇਦਾਂਤ ਹੋ ਗਿਆ *** *** *** ਵਾਓ ਦਾ ਵਿਰੋਲਾ ਕੱਖ ਧੂੜ ਚਾਂਵਦਾ ਕੁਝ ਕੁਝ ਨਾਲੋ ਨਾਲ ਸੁੱਟੀ ਜਾਂਵਦਾ ਚਲ ਜੋ ਨਾ ਸਕੇ ਅਗੇ ਪਿਛੇ ਰਹਿੰਦੇ ਗਏ ਹੋਰ ਜੋ ਹਜ਼ਾਰਾਂ ਚਲਾ ਚਲ ਖਹਿੰਦੇ ਗਏ ਰਾਮ ਹੱਥ ਜੋੜ ਨੀਵੇਂ ਧਿਆਨ ਬੋਲਦੇ ਸੁਰ ਭਰੜਾਈ ਪਿਆਰ ਨਾਲ ਡੋਲਦੇ ਪਿਤਾ ਦੇਵਤਾ ਦਾ ਵਚਨ ਨਿਭਾਣਾ ਏ ਚੌਦਾਂ ਵਰ੍ਹੇ ਘਰ ਬਨ ਨੂੰ ਬਣਾਣਾ ਏ ਧਰੁਵ ਟਲੇ ਨਾ ਨਾ ਹਿਮਾਲ ਟਲਦਾ ਨੇਮ ਨਾ ਟਲੇ ਨਾ ਨੇਮ ਵਾਲਾ ਟਲਦਾ ਸੱਚਾ ਪ੍ਰੇਮ ਜਗ ਵਿਚ ਨੇਮ ਪਾਲਦਾ ਮੋਹ ਝੂਠਾ ਪ੍ਰੇਮ ਜਗ ਨੂੰ ਹੈ ਗਾਲਦਾ ਓੜਕ ਇਹ ਦਿਨ ਘਮਸਾਨੀਂ ਮੁੱਕਿਆ ਤਮਸਾ ਦੇ ਕੰਢੇ ਤੇ ਜਲੂਸ ਰੁਕਿਆ ਤਮਸਾ ਦੇ ਨਾਲ ਨਾਲ ਪਈ ਛਾਉਣੀ ਨੱਚਦਿਆਂ ਤਾਰਿਆਂ ਦੀ ਮਨ ਭਾਉਣੀ ਨਦੀ ਦਾ ਚੁਰਾ ਕੇ ਜਲ ਵਾਵਾਂ ਚਲੀਆਂ ਜੰਗਲਾਂ ਨੇ ਖਿੜ ਕੇ ਸੁਗੰਧਾਂ ਘਲੀਆਂ ਨਗਰੀ ਦੇ ਵਾਸੀ ਚੂਰ ਹੋਏ ਪੰਧ ਦੇ ਭਗਤੀ ਦੇ ਬੱਧੇ ਪ੍ਰੇਮ ਦੀ ਸੁਗੰਧ ਦੇ ਨਦੀ ਦੀਆਂ ਲੋਰੀਆਂ ਬਹਾਨੇ ਸੌਂ ਗਏ ਟੋਇਆਂ ਟਿੱਬਿਆਂ ਤੇ ਭੁਖੇ ਭਾਣੇ ਸੌਂ ਗਏ ਬੇਲਾ ਕੀ ਹਜ਼ਾਰਾਂ ਸੁੱਤਿਆਂ ਦਾ ਮੇਲਾ ਸੀ ਮਾਰਦਾ ਘੁਰਾੜੇ ਝਗੜਾ ਝਮੇਲਾ ਸੀ ਤਮਸਾ ਨੂੰ ਖੀਰ ਸਾਗਰ ਪਛਾਣਦੇ ਲਛਮੀ ਰਮੇਸ਼ ਡੂੰਘੀ ਨੀਂਦ ਮਾਣਦੇ ਜਾਗਦਾ ਸੀ ਲਛਮਣ ਸ਼ੇਸ਼ ਵਾਂਗਰਾਂ ਮਾਤਾ ਮਿਤਰਾਂ ਦੇ ਉਪਦੇਸ਼ ਵਾਂਗਰਾਂ ਜਾਗਦਾ ਸੁਮੰਤ ਦਾ ਪੁਰਾਣਾ ਸਾਰਥੀ ਰਘੂਆਂ ਦੇ ਪੂਰਾਂ ਦਾ ਮੁਹਾਣਾ ਸਾਰਥੀ ਸੋਚਦੇ ਗੁਜ਼ਾਰੀ ਸਾਰੀ ਰਾਤ ਸੇਵਕਾਂ ਚੜ੍ਹੀ ਅਨਚਾੜ੍ਹੀ ਪਰਭਾਤ ਸੇਵਕਾਂ ਤੜਕੇ ਹੀ ਰੱਬ ਨੂੰ ਸਜਾਇਆ ਚਹਵਾਂ ਨੇ ਭੋਲੇ ਪ੍ਰੇਮੀਆਂ ਨੂੰ ਟਰਕਾਇਆ ਚਹਵਾਂ ਨੇ ਰਥ ਫੇਰ ਫੇਰ ਕੇ ਬਣਾਈਆਂ ਲੀਕਰਾਂ ਕੱਟੀਆਂ ਵਧਾਈਆਂ ਤੇ ਮਿਟਾਈਆਂ ਲੀਕਰਾਂ ਵਧ ਹਟ ਵਧ ਹਟ ਟੁਰੀ ਚਲਦੇ ਦੂਰ ਗਏ ਭੋਲੇ ਪ੍ਰੇਮੀਆਂ ਨੂੰ ਛਲਦੇ ਤਮਸਾ ਦੇ ਪਾਰ ਪਰਭਾਤ ਆ ਗਈ ਰਾਤ ਗਈ ਪ੍ਰੇਮੀਆਂ ਦੀ ਰਾਤ ਆ ਗਈ ਲੀਹਾਂ ਵਿਚ ਵਸ ਲੀਰਾਂ ਲੀਹਾਂ ਹੋ ਗਏ ਅੱਡੜੇ ਦਹਾਕੇ ਵੀਹਾਂ ਤੀਹਾਂ ਹੋ ਗਏ ਘਰਾਂ ਨੂੰ ਬਸੰਤੇ ਮੁੜ ਆਏ ਖੱਟ ਕੇ ਭਗਤੀ ਨੂੰ ਵੇਚ ਕੇ ਨਿਰਾਸਾ ਵੱਟ ਕੇ ਪੈਰੀਂ ਛਾਲੇ ਬੁੱਲ੍ਹ ਸੁੱਕੇ ਅੱਖਾਂ ਸੁੱਜੀਆਂ ਸਾਹ ਚੜ੍ਹੇ ਰੰਗ ਉਡੇ ਆਸਾਂ ਬੱਝੀਆਂ ਕੇਸਾਂ ਨੂੰ ਖਿਲਾਰ ਬੈਠੀ ਅਗੇ ਨਗਰੀ ਚੰਨ ਤਾਰਿਆਂ ਤੋਂ ਹੀਨੀ ਲਗੇ ਨਗਰੀ ਉੱਠ ਪਈਆਂ ਅੰਬਰਾਂ ਨੂੰ ਚੀਕਾਂ ਚਾਗਰਾਂ ਰਾਤ ਬਣੀ ਪਰਲੋ ਦੀ ਰਾਤ ਵਗਰਾਂ ਨਗਰੀ ਦਾ ਲੁਟਿਆ ਸੁਹਾਗ ਭਾਗ ਸੀ ਆਹਾਂ ਦਾ ਅਲਾਪ ਸੀ ਤੇ ਰੋਣਾ ਰਾਗ ਸੀ ਸੋਗ ਦਾ ਸੀ ਰੌਲਾ ਸੋਗ ਦੀ ਹੀ ਚੁੱਪ ਸੀ ਸੋਗ ਦੇ ਭੜਾਂਬੇ ਤੇ ਹਨੇਰਾ ਘੁੱਪ ਸੀ ਰਾਤ ਬੀਤਣੀ ਸੀ ਗਈ ਰਾਤ ਬੀਤਦੀ ਦੁਖੀਆਂ ਦੀ ਖੇਡ ਹੋ ਕੇ ਮਾਤ ਬੀਤਦੀ *** *** *** ਰਥ ਕਈ ਨਾਲਿਆਂ ਤੋਂ ਪਾਰ ਹੋ ਗਿਆ ਕੌਸਲ ਦੀ ਸੀਮਾਂ ਦੇ ਵੀ ਬਾਹਰ ਹੋ ਗਿਆ ਆਸਾ ਪਾਸਾ ਸਾਰਾ ਗੁਲਾਨਾਰ ਹੋ ਗਿਆ ਪੂਰਬ ਦੀ ਲਾਭ ਦਾ ਸ਼ਿੰਗਾਰ ਹੋ ਗਿਆ ਅੰਬਰਾਂ 'ਚ ਤਾਰਿਆਂ ਨੇ ਨਾਚ ਥੰਮਿਆ ਧਰਤੀ ਤੇ ਡੋਡੀਆਂ ਦਾ ਰੰਗ ਜੰਮਿਆ ਰਮਕੀ ਸੁਗੰਧਾਂ ਭਰ ਪੌਣ ਜੰਗਲੀ ਪੰਛੀਆਂ ਨੇ ਛੇੜ ਦਿਤੇ ਗਾਉਣ ਜੰਗਲੀ ਚਲਾ ਚਲ ਆਏ ਕੰਢੇ ਗੰਗਾ ਮਾਈ ਦੇ ਪਾਪ ਤਾਪ ਜਗ ਦਾ ਮਿਟਾਣ ਆਈ ਦੇ ਨਾਲ ਹੀ ਸਿੰਗੇਰੀ ਦਾ ਸੀ ਸ਼ਹਿਰ ਵੱਸਦਾ ਬਨਾਂ ਵਿਚ ਜਿਵੇਂ ਕੱਲਾ ਫੁੱਲ ਹੱਸਦਾ ਓਥੇ ਰਾਜਾ ਗੋਹ ਹੈ ਸੀ ਰਾਜ ਕਰਦਾ ਮਿੱਤਰ ਜੋ ਪੱਕਾ ਰਘੂਆਂ ਦੇ ਘਰ ਦਾ ਜ਼ਾਤ ਦਾ ਨਿਖਾਧ ਕਰਨੀ ਦਾ ਉੱਚਾ ਸੀ ਧਰਮੀ ਨਿਆਈਂ ਨੀਤ ਵਾਲਾ ਸੁੱਚਾ ਸੀ ਆਂਵਦੇ ਕੁਮਾਰ ਸੁਣ ਲੈਣ ਨੱਸਿਆ ਅੱਜ ਜਿਵੇਂ ਉਜੜਿਆ ਝੁਗਾ ਵੱਸਿਆ ਭਗਤੀ ਦਾ ਪਿਆਰ ਨਾਲ ਮੇਲ ਹੋ ਗਿਆ ਬੂੰਦਾਂ ਨਾਲ ਚਾਤ੍ਰਿਕ ਦਾ ਖੇਲ ਹੋ ਗਿਆ ਪੈਰ ਹੁਣ ਤਿੰਨਾਂ ਦੇ ਧੁਵਾਏ ਗੋਹ ਨੇ ਨੈਣਾਂ ਨਾਲ ਰੱਜ ਕੇ ਛੁਹਾਏ ਗੋਹ ਨੇ ਫੁਲ ਫਲ ਚੋਣਵੇਂ ਮੰਗਾਏ ਗੋਹ ਨੇ ਆਰਤੀ ਉਤਾਰੀ ਫਲ ਪਾਏ ਗੋਹ ਨੇ ਖਿੜ ਖਿੜ ਰਾਮ ਜੀ ਤੋਂ ਆਪਾ ਘੋਲਿਆ ਹੱਥ ਜੋੜ ਨੈਣ ਭਰ ਨੀਉਂ ਕੇ ਬੋਲਿਆ ਰਾਜ ਪਾਟ ਆਪ ਦਾ ਤੇ ਦਾਸ ਆਪ ਦਾ ਦੇਹ ਹੈ ਨਿਮਾਨੀ ਮੇਰਾ ਸਾਸ ਆਪ ਦਾ ਦੂਸਰੀ ਅਜੁੱਧਿਆ ਸਿੰਗੇਰੀ ਆਪ ਦੀ ਸਾਰੀ ਸੁਖ ਸੰਪਦਾ ਜੋ ਮੇਰੀ ਆਪ ਦੀ ਰਾਮ ਨੇ ਸੁਣਾਇਆ ਗੋਹ ਨੂੰ ਪ੍ਰਣ ਬਨ ਦਾ ਬਣ ਦਾ ਨਾ ਮੋਹ ਤਨ ਮਨ ਧਨ ਦਾ ਵੱਟ ਕੇ ਹੰਗੂੰਰਾ ਗੋਹ ਨੇ ਮੂੰਹ ਬਣਾਇਆ ਜੋ ਸੰਗਦੇ ਕਕਈ ਵਾਲਾ ਭੋਰਾ ਪਾਇਆ ਜੋ ਰਾਮ ਬੋਲੇ ਕਰਮ ਬਲੀ ਨੇ ਸੱਜਨਾ ਜਾਤਾ ਬਾਲਮੀਕ ਤੇ ਬਲੀ ਨੇ ਸੱਜਨਾ ਸੁਫ਼ਨੇ ਦੇ ਵਿਚ ਰਾਓ ਰੰਕ ਬਣ ਗਏ ਸੁਫ਼ਨੇ 'ਚ ਚੰਨ ਤੇ ਕਲੰਕ ਬਣ ਗਏ ਸੁਫ਼ਨੇ 'ਚ ਕਰਮ ਚਖਾਂਦੇ ਫੱਲ ਨੇ ਕਰਮਾਂ ਦੇ ਗੇੜ ਗਿੜਦੇ ਅਟੱਲ ਨੇ ਗੱਲ ਵਿਚ ਹਾਰ ਪੈਰੀਂ ਬੇੜੀ ਪਾਂਵਦਾ ਕਰਮ ਹੀ ਜਗ ਨੂੰ ਖਿਡਾਂਦਾ ਤਾਂਵਦਾ ਜਾਣਦਾ ਸੀ ਗੋਹ ਰਘੂਆਂ ਦੇ ਚਾਲੇ ਨੂੰ ਜਾਣਦਾ ਸੀ ਪ੍ਰਣ ਨੂੰ ਤੇ ਪ੍ਰਣ ਵਾਲੇ ਨੂੰ ਚੁਪ ਹੋਇਆ ਅੱਖਾਂ ਮੀਟ ਹੱਥ ਜੋੜਦਾ ਲੋਕ ਪਰਲੋਕ ਦੀਆਂ ਸੀਆਂ ਤੋੜਦਾ ਆਸਨ ਜਮਾ ਕੇ ਭਗਤਾਂ ਦੇ ਦਿਲ ਤੇ ਰਾਮ ਜੀ ਵਿਰਾਜੇ ਸ਼ਹਿਰੋਂ ਬਾਹਰ ਸਿਲ ਤੇ ਜਲ ਛੱਕ ਗੰਗਾ ਜੀ ਨੂੰ ਰੱਖ ਦਿਲ ਤੇ ਸੀਤਾ ਰਾਮ ਸੁੱਤੇ ਭਾਗਾਂ ਭਰੀ ਸਿਲ ਤੇ ਲਛਮਣ ਗੋਹ ਨੇ ਕੀਤੀ ਰਾਖੀ ਰਾਤ ਦੀ ਤਾਰਿਆਂ ਦੀ ਸਾਖੀ ਸੀ ਵਿਸਾਖੀ ਰਾਤ ਦੀ ਤੜਕੇ ਹੀ ਨਿਤਨੇਮ ਕੀਤਾ ਸਾਰਿਆਂ ਅੱਖਾਂ ਨਾਲ ਗੰਗਾ ਜੀ ਨੂੰ ਪੀਤਾ ਸਾਰਿਆਂ ਗੋਹ ਨੇ ਝੁਕ ਸੇਵਾ ਪੁਛੀ ਆ ਕੇ ਸਾਹਮਣੇ ਗੰਗਾ ਜੀ ਤੋਂ ਪਾਰ ਕਰੋ ਕਿਹਾ ਰਾਮ ਨੇ ਗੋਹ ਗਏ ਕਿਸ਼ਤੀ ਸਜਾਣ ਡੋਲਦੇ ਸਾਰਥੀ ਸੁਮੰਦਰ ਨੂੰ ਰਾਮ ਬੋਲਦੇ ਏਥੋਂ ਤਾਈਂ ਸਾਥ ਥਾਪਿਆ ਅਸਾਂ ਦਾ ਸੀ ਹੋਨੀ ਨੇ ਉਹ ਕੀਤਾ ਹੋਨੀ ਨੂੰ ਜੋ ਭਾਂਦਾ ਸੀ ਜਾਵੋ ਧੀਰ ਧਰੋ ਮਨ ਨੂੰ ਨਾ ਤਾਵਣਾ ਪਾਰ ਹੋ ਕੇ ਪੈਰਾਂ ਤੇ ਅਸਾਂ ਨੇ ਜਾਵਣਾ ਧੀਰੇ ਓ ਸੁਮੱਤ ਵੇਲਾ ਇਹ ਨਾ ਰੋਣ ਦਾ ਵੇਲਾ ਮੋਹ ਮਮਤਾ ਤੋਂ ਉਚੇ ਹੋਣ ਦਾ ਪਿਤਾ ਜੀ ਨੂੰ ਧੀਰ ਦੇਵੋ ਜਾਵੋ ਸਾਰਥੀ ਗਿਆਨ ਤਿੰਨਾਂ ਮਾਵਾਂ ਨੂੰ ਸੁਣਾਵੋ ਸਾਰਥੀ ਸਭਨਾਂ ਨੂੰ ਹੱਥ ਜੋੜ ਕਹਿਣਾ ਮਿਲਾਂਗੇ ਕੰਡੇ ਦੀ ਹੈ ਪੀੜ ਰਤਾ ਸਹਿਣਾ ਮਿਲਾਂਗੇ ਚੌਦਾਂ ਵਰ੍ਹੇ ਬਨ ਨਗਰੀ ਬਣਾਵਾਂਗੇ ਵਚਨ ਨਿਭਾ ਕੇ ਚਰਨਾਂ 'ਚ ਆਵਾਂਗੇ ਸਾਡੇ ਵਲੋਂ ਹੱਥ ਜੋੜ ਕਹਿਣਾ ਪਿਤਾ ਜੀ ਰੱਖਣਾ ਸਰੀਰ ਦੁਖ ਸਹਿਣਾ ਪਿਤਾ ਜੀ ਰਾਮ ਦਾ ਹੀ ਰੂਪ ਭਰਤ ਨੂੰ ਜਾਣਕੇ ਗੱਦੀ ਤੇ ਬਿਠਾਵੋ ਕਾਹਨੂੰ ਬੈਠਾ ਨਾਨਕੇ ਸਤਜੁਗੀ ਰਾਜ ਭਰਤ ਕਮਾਵੇਗਾ ਰਾਜਿਆਂ ਦੇ ਨਾਂ ਨੂੰ ਚਾਰ ਚੰਨ ਲਾਵੇਗਾ ਭਰਤ ਨੂੰ ਕਹਿਣਾ ਮੇਰੇ ਵੀਰ ਸੋਹਣਿਆਂ ਵੱਡਿਆਂ ਦੀ ਰਖਣਾ ਲਕੀਰ ਸੋਹਣਿਆਂ ਦਿਲ ਨੂੰ ਵਿਛੋੜਾ ਸਾਡਾ ਲਾਈਂ ਮੂਲ ਨਾ ਪਰਜਾ ਨੂੰ ਪਾਲਣਾ ਭੁਲਾਈਂ ਮੂਲ ਨਾ ਪਿਤਾ ਜੀ ਦਾ ਰੱਜ ਰੱਜ ਮਾਣ ਰਖਨਾ ਮਾਵਾਂ ਤਿੰਨ ਰੂਪ ਇਕ ਜਾਨ ਰਖਣਾ ਮੋਤੀ ਉਰਮਲਾ ਦੁਰਾਡੀਆਂ ਡੂੰਘਾਨਾਂ ਦਾ ਫੁੱਲ ਅਧ ਖੁਲ੍ਹਾ ਲੁਕਵੀਆਂ ਸ਼ਾਨਾਂ ਦਾ ਮੁਕਟ ਤੇ ਮੋਤੀ ਚਮਕਾਣਾ ਵੀਰ ਜੀ ਵੱਸ ਲਗੇ ਫੁੱਲ ਨੂੰ ਖਿੜਾਣਾ ਵੀਰ ਜੀ ਹੰਝੂਆਂ ਸੁਨੇਹਾ ਪੂਰਾ ਕੀਤਾ ਰਾਮ ਦਾ ਮੋਹ ਕਰ ਲਛਮਣ ਸੀਤਾ ਰਾਮ ਦਾ ਸਾਰਥੀ ਵੀ ਹੰਝੂਆਂ ਦੀ ਢੇਰੀ ਹੋ ਗਿਆ ਰੁਕਵਿਆਂ ਸਾਹਾਂ ਦੀ ਹਨੇਰੀ ਹੋ ਗਿਆ ਮੈਂ ਵੀ ਜਾਣਾ ਲੈ ਕੇ ਹਟਕੋਰੇ ਬੋਲਿਆ ਚੱਕੀ ਵਿਚ ਫਸੀ ਬੇੜੀ ਵਾਂਗ ਡੋਲਿਆ ਰਾਮ ਸਮਝਾਇਆ ਰਾਜਨੀਤ ਛਾਣਕੇ ਪਿਆਰ ਝਲਕਾ ਕੇ ਧਰਮ ਬਖਾਣ ਕੇ ਮੁੜਿਆ ਸੁਮੰਤ ਨਗਰੀ ਨੂੰ ਜਾਣ ਨੂੰ ਤਪਦਾ ਤਪਾਣ ਰੋਂਵਦਾ ਰੁਆਣ ਨੂੰ ਜਾਂਵਦਾ ਅਗਾਂਹ ਪਿਛੇ ਤੱਕੀ ਜਾਂਵਦਾ ਜਿੰਦੜੀ ਨੂੰ ਪਾਠ ਮੌਤ ਦੇ ਪੜ੍ਹਾਂਵਦਾ *** *** *** ਘਾਟ ਵਲ ਸੋਗ ਭਰੇ ਗੋਹ ਟੁਰ ਪਏ ਪਿਛੇ ਪਿਛੇ ਤਿੰਨੇ ਨਿਰਮੋਹ ਟੁਰ ਪਏ ਰਾਮ ਡਿੱਠੇ ਰੰਗ ਬਰਸਾਤੀ ਮੋਹ ਦੇ ਫੂਕਾਂ ਨਾਲ ਬੱਦਲ ਉਡਾਏ ਗੋਹ ਦੇ ਗੋਹ ਨੇ ਵਿਦਾ ਕੀਤਾ ਹੱਥ ਜੋੜ ਆਇਆ ਨੂੰ ਬੇੜੀ ਟੁਰ ਪਈ ਲੈ ਕੇ ਪੈਰ-ਪਾਇਆਂ ਨੂੰ ਸ਼ਾਹੀ ਸੰਸਾਰ ਦੇ ਜਹਾਜ਼ ਬਣਦੇ ਨਿੱਕੀ ਜੇਹੀ ਬੇੜੀ ਦੇ ਮੁਥਾਜ ਬਣਦੇ *** *** *** ਅੱਗੇ ਅੱਗੇ ਲਛਮਣ ਵੀਰ ਜਾਂਵਦੇ ਵਿਚ ਸੀਤਾ ਪਿਛੇ ਰਘੂਬੀਰ ਜਾਂਵਦੇ ਪੌਣ ਸਹਿਮੀ ਸਾਹ ਘੱਟ ਘੱਟ ਵਗਦੀ ਪੰਛੀਆਂ ਨੂੰ ਬੋਲੀ ਨਾ ਪਿਆਰੀ ਲਗਦੀ ਪਾਂਧੀ ਸਾਡੇ ਜਾ ਰਹੇ ਜਾ ਰਹੇ ਸਨ ਜੱਗ ਅਨਡਿੱਠਾ ਅਪਨਾ ਰਹੇ ਸਨ ਪਿਛਲੀ ਅਜੁੱਧਿਆ ਭੁਲਾ ਰਹੇ ਸਨ ਨਵੀਂਆਂ ਅਯੁੱਧਿਆ ਬਨਾ ਰਹੇ ਸਨ ਵਾਂਵਾਂ ਨੂੰ ਸਰਾਂਹਦੇ ਰਾਹਵਾਂ ਨੂੰ ਸ਼ਿੰਗਾਰਦੇ ਟੁਰੀ ਗਏ ਨਵੀਂ ਦੁਨੀਆਂ ਉਸਾਰਦੇ ਸ਼ਾਮਾਂ ਪਈਆਂ ਆਣ ਟੁੱਟੀ ਚੁੱਪ ਜਾਂਗਲੀ ਚੌਹਵਾਂ ਕੂੰਟਾਂ ਕਰ ਲਈ ਸਾੜ੍ਹੀ ਰਾਂਗਲੀ ਪੰਛੀਆਂ ਦੇ ਟੋਲੇ ਜਾਣ ਘਰੀਂ ਚਹਿਕਦੇ ਨੱਸੀ ਜਾਣ ਘੁਰਿਆਂ ਨੂੰ ਪਸ਼ੂ ਟਹਿਕਦੇ ਲਛਮਣ ਸੀਤਾ ਰਾਮ ਭੌਣ ਛੱਡ ਕੇ ਬਨੀਂ ਭੌਣ ਮਨ ਵਿਚੋਂ ਮੋਹ ਕੱਢਕੇ ਦੂਰੋਂ ਇਕ ਦੀਵੇ ਦਾ ਨਿਸ਼ਾਨਾ ਕਰਕੇ ਟੁਰੇ ਪਾਂਧੀ ਆਸ ਦਾ ਟਿਕਾਣਾ ਕਰਕੇ ਕੁਟੀਆ ਸੀ ਇਹ ਭਰਦਵਾਜ ਮੁਨੀ ਦੀ ਯੋਗੀਆਂ ਦੇ ਯੋਗੀ ਗੁਣੀਆਂ ਦੇ ਗੁਣੀ ਦੀ ਤਿੰਨਾਂ ਜਾ ਕੇ ਮੁਨੀ ਜੀ ਨੂੰ ਮੱਥਾ ਟੇਕਿਆ ਪਾਪਾਂ ਅਨਜਾਣਿਆਂ ਦਾ ਨਾਵਾਂ ਛੇਕਿਆ ਮੁਨੀ ਨੇ ਅਸੀਸ ਦਿਤੀ ਬੋਲੇ ਜਾਨਣਾ ਚਾਰੇ ਜੋ ਕਕਈ ਰਾਣੀ ਘੋਲੇ ਜਾਨਣਾ ਹੋਣੀ ਹੋ ਕੇ ਰਹਿੰਦੀ ਜਤਨਾਂ ਕੀ ਕਰਨਾ ਲੱਖ ਭਾਵੇਂ ਮਾਰੋ ਕਰਮਾ ਨਾ ਮਰਨਾ ਹਾਰੀ ਸਾਰੀ ਸੁਖ ਦੁੱਖ ਨਾ ਪਛਾਣਦਾ ਸੁਖ ਦੁਖ ਜਾਣੇ ਦੁਖ ਸੁਖ ਜਾਣਦਾ ਕੌਣ ਜਾਣੇ ਕੇਹੜੀ ਸੋਹਣੀ ਹੋਣਹਾਰ ਨੇ ਬਣ ਕੇ ਕਕਈ ਕਿੰਨੇ ਜੱਗ ਤਾਰਨੇ ਮਿੱਠਾ ਭਾਣਾ ਕਰਕੇ ਨਿਭਾਵੋ ਪ੍ਰਣ ਨੂੰ ਬਣ ਦੀਆਂ ਲੀਹਾਂ ਵਿਚ ਲਾਓ ਮਨ ਨੂੰ ਰਾਮ ਪੁੱਤ ਦੇਖ ਟਿਕਵਾਂ ਟਿਕਾਣਾ ਇਹ ਗੰ ਗਾ ਜਮਨਾ ਦਾ ਸੰਗਮ ਸੁਹਾਨਾ ਇਹ ਦਿਨ ਰਾਤ ਦੇਖਾਂ ਨਾਲੋ ਨਾਲ ਚਲਦੇ ਹੋਂਵਦਾ ਤੇ ਹੋਣ ਵਾਲਾ ਕਾਲ ਚਲਦੇ ਜਮਨਾ ਹਨੇਰਾ ਕਰਮਾਂ ਦਾ ਛਲਕੇ ਗੰਗਾ ਜਿਵੇਂ ਚਾਨਣਾਂ ਫ਼ਲਾਂ ਦਾ ਝਲਕੇ ਕਿਉਂ ਨਾ ਇਥੇ ਕੁਟੀਆ ਬਣਾਓ ਰਾਮ ਜੀ ਸਜਿਆ ਇਹ ਸੰਗਮ ਸਜਾਓ ਰਾਮ ਜੀ ਹੱਥ ਜੋੜ ਬੋਲੇ ਝੁਕ ਰਾਮ ਮੁਨੀ ਜੀ ਸੁਚੀ ਥਾਂ ਇਹ ਸੁੱਚਮ ਦਾ ਧਾਮ ਮੁਨੀ ਜੀ ਪਰ ਨਗਰੀ ਥੋਂ ਇਤਨਾ ਇਹ ਨੇੜਾ ਏ ਸਾਡੇ ਏਥੇ ਰਹਿੰਦੈ ਨਿਤ ਦਾ ਬਖੇੜਾ ਏ ਗੱਲ ਬਹੁਚ ਬੋਲੇ ਮੁਨੀ ਠੀਕ ਰਾਮ ਜੀ ਦੱਸਾਂ ਫਿਰ ਥਾਓਂ ਰਮਣੀਕ ਰਾਮ ਜੀ ਦਸ ਕੋਹ ਏਥੋਂ ਦਿਸਦਾ ਪਹਾੜ ਹੈ ਚਿਤ੍ਰਕੂਟ ਨਾਓਂ ਵਸਦੀ ਉਜਾੜ ਹੈ ਥਾਓਂ ਥਾਈਂ ਕੁਟੀਆਂ ਬਣਾਈਆਂ ਮੁਨੀਆਂ ਸੁਰਗਾਂ ਸੁਹੱਪਣ ਸਜਾਈਆਂ ਮੁਨੀਆਂ ਏਥੇ ਡੰਡੀ ਪੁਛਦੇ ਪੁਛਾਂਦੇ ਪੁਜੋਗੇ ਨਿਰੀ ਫੁੱਲਵਾੜ ਥੱਕਣਾਨਾ ਬੁਝੋਗੇ ਹੋ ਗ਼ਏ ਤਿਆਰ ਜਾਣ ਨੂੰ ਪਰਾਹੁਣੇ ਦੇਸ ਨਵੇਂ ਆਪਣੇ ਬਣਾਣ ਪਰਾਹੁਣੇ ਵਗਦਿਆਂ ਜਲਾਂ ਤਕ ਮੁਨੀ ਛੱਡ ਕੇ ਮੁੜੇ ਘਰ ਮਨ ਦੀ ਹਵਾੜ ਕੱਢ ਕੇ ਮੁਨੀ ਦਿਆਂ ਦਰਸ਼ਨੀ ਨਿਹਾਲ ਜਾਤਰੀ ਜੱਗ ਦਿਆਂ ਬੰਧਨਾਂ ਨੂੰ ਗਾਲ ਜਾਤਰੀ ਬੁਰਿਆਂ ਦਾ ਮੇਲ ਕੌੜਾ ਜ਼ਹਿਰ ਜਾਣਦੇ ਭਲਿਆਂ ਦਾ ਵਿਛੜਣ ਕਹਿਰ ਜਾਣਦੇ ਚਲਾਚਲ ਪਹੁੰਚੇ ਜਮਨਾ ਦੇ ਤੀਰ ਤੇ ਰਾਮ ਰੰਗ ਚੜ੍ਹਿਆ ਸੀ ਜਿਹਦੇ ਨੀਰ ਤੇ ਸੂਰਜ ਦੀ ਧੀ ਨੂੰ ਨਸਕਾਰ ਤਿੰਨਾਂ ਨੇ ਡੰਡਾ ਬੇੜੀ ਸਾਜ ਕੀਤਾ ਪਾਰ ਤਿੰਨਾ ਨੇ ਬਣੂਆਂ ਸੁਹੱਪਣਾਂ ਦਾ ਪੰਧ ਕੱਟਦੇ ਟੁਰੀ ਗਏ ਮਾਇਆ ਵਾਲੇ ਤੰਦ ਕੱਟਦੇ ਦੂਜੇ ਦਿਨ ਪੁੱਜੇ ਮਨਚਾਹੇ ਦੇਸ ਨੂੰ ਰਿਸ਼ੀਆ ਦੇ ਸੱਜਰੇ ਸੁਹਾਏ ਦੇਸ ਨੂੰ ਪੰਛੀ ਲੰਘਦੇ ਸੀ ਕੰਨਾਂ ਕੋਲੋਂ ਚਹਿਕਦੇ ਪਸ਼ੂ ਲੰਘਦੇ ਸੀ ਡਰ ਲਾਹਕੇ ਠਹਿਕਦੇ ਫੁੱਲ ਸੋਭਦੇ ਸੀ ਥਾਓਂ ਥਾਈਂ ਟਹਿਕਦੇ ਪੌਨ ਦੇ ਫਰਾਟੇ ਹਵਨਾਂ ਥੀਂ ਮਹਿਕਦੇ ਆਸ਼ਰਮ ਬਾਲਮੀਕ ਜੀ ਦਾ ਆ ਗਿਆ ਤੀਰਥਾਂ ਦਾ ਤੀਰਬ ਸੁਣੀਂਦਾ ਆ ਗਿਆ ਆਇਆ ਖੀਰ ਸਾਗਰ ਕੈਲਾਸ਼ ਆ ਗਿਆ ਬ੍ਰਹਮਾ ਜੀ ਦਾ ਕੌਲਫੁਲ ਵਾਸ ਆ ਗਿਆ ਤਿੰਨੇ ਝੁਕੇ ਜਾ ਕੇ ਮੁਨੀ ਜੀ ਦੀ ਚਰਨੀਂ ਜਾਣ ਦਿਆਂ ਜਾਣੀ ਜਗ ਦੀ ਵਿਤਰਨੀਂ ਮੁਨੀ ਦੀ ਅਸੀਸ ਲੈ ਕੇ ਤੁਠੇ ਯਾਤਰੂ ਜਗ ਨੂੰ ਉਠਾਣ ਲਈ ਉੱਠੇ ਯਾਤਰੂ *** *** *** ਬਨਵਾਸੀਆਂ ਨੂੰ ਗੰਗਾ ਜੀ ਤੇ ਛੋੜ ਕੇ ਗੋਹ ਦੀ ਸਿੰਗੇਰੀ ਥੋਂ ਮੁਹਾਰਾਂ ਮੋੜ ਕੇ ਮੁੜਿਆ ਸੁਮੰਤ ਢਾਹਾਂ ਚੀਕਾਂ ਮਾਰਦਾ ਰਾਮ ਲਛਮਣ ਜਾਨਕੀ ਪੁਕਾਰਦਾ ਪੁੱਜਾ ਉਹ ਅਯੁੱਧਿਆ ਨਿਮਾਣਾ ਬਣਿਆ ਨਗਰੀ ਸੀ ਸੋਗ ਦਾ ਟਿਕਾਣਾ ਬਣਿਆ ਉਹਨੂੰ ਵੇਂਹਦੇ ਸਾਰ ਇਕੋ ਵਾਰ ਹੂਕ ਪਈ ਸੜਕ ਬਜ਼ਾਰ ਕੋਠਾ ਕੰਧ ਕੂਕ ਪਈ ਪੁਛਦੇ ਸੀ ਕਿਥੇ ਕਹੇ ਕਾਹਨੂੰ ਕਿੱਕਰਾਂ ਰੁਕ ਰੁਕ ਦਸਦਾ ਉਨ੍ਹਾਂ ਨੂੰ ਜਿੁਰਾਂ ਸਾਰਥੀ ਨਿਤਾਣਾ ਰਾਜ ਭੌਣ ਪੁੱਜਿਆ ਦਰਦ ਰੰਝਾਣਾ ਸੁੱਜਿਆ ਤੇ ਬੁੱਝਿਆ ਬੁੱਤ ਬਣੇ ਰਾਜੇ ਕੋਲ ਢੁਕੇ ਸਾਰਥੀ ਦੁਖ ਲੱਜ ਨਾਲ ਮਰ ਮੁਕੇ ਸਾਰਥੀ ਗੋਡੇ ਫੜ ਫੜ ਮਿੱਠਾ ਬੋਲ ਬੋਲਕੇ ਸਾਹ ਖਿੱਚ ਖਿੱਚ ਮੋਤੀ ਰੋਲ ਰੋਲ ਕੇ ਹੌਲੀ ਹੌਲੀ ਕਰਦਾ ਕਹਾਣੀ ਰਾਮ ਦੀ ਆਪਣੀ ਜ਼ਬਾਨੀ ਤੇ ਜ਼ਬਾਨੀ ਰਾਮ ਦੀ ਪੀੜਾਂ ਭਰੇ ਰਾਮ ਦੇ ਸੁਨੇਹੇ ਸੁਣਕੇ ਹੋਂਦੇ ਗਏ ਰਾਜਾ ਜੀ ਬਦੇਹੇ ਸੁਣਕੇ ਆਪਣਾ ਵੀ ਸਾਰਥੀ ਸੀ ਹਾਲ ਦਸਦਾ ਜਿੰਦ ਮਸਾਂ ਕਿਵੇਂ ਲੈ ਕੇ ਆਇਆ ਨੱਸਦਾ ਅੱਖਾਂ ਮੀਟ ਸੁੰਨ ਮੁੰਨ ਹੋ ਕੇ ਬਹਿ ਗਿਆ ਖਾਂਵਦਾ ਭਵਾਟੀ ਵਾਲ ਖੋਹ ਕੇ ਬਹਿ ਗਿਆ ਸੁਣ ਰਹੀਆਂ ਸੁੰਨ ਹੋਈਆਂ ਦੋਵੇਂ ਰਾਣੀਆਂ ਅੱਖ ਟੱਡੀਆਂ ਨਿਮਾਣੀਆਂ ਨਿਤਾਣੀਆਂ ਲੁੱਛ ਲੁੱਛ ਰਾਜਾ ਜੀ ਨੂੰ ਗਸ਼ ਆ ਗਈ ਗਸ਼ ਜਿਵੇਂ ਸੋਗਨਾਂ ਦਾ ਸੋਗ ਖਾ ਗਈ ਦੌੜੀਆਂ ਤੇ ਪਤੀ ਸਾਂਭ ਲੀਤਾ ਦੋਹਾਂ ਨੇ ਚੰਦਨ ਦਾ ਆਹਰ ਪਾਹਰ ਕੀਤਾ ਦੋਹਾਂ ਨੇ ਅੱਖਾਂ ਅੱਗੇ ਦੇਖੋ ਰਾਜਾ ਬਾਲ ਫਿਰਦੇ ਲਾਹ ਕੇ ਪਸਵਾਜਾਂ ਪਾ ਕੇ ਛਾਲ ਫਿਰਦੇ ਪਰਜਾ ਦਾ ਹੁੰਦਾ ਬੁਰਾ ਹਾਲ ਦੇਖਿਆ ਪਾਗਲਾਂ ਹਜ਼ਾਰਾਂ ਦਾ ਭੁਚਾਲ ਦੇਖਿਆ ਸਰਜੂ ਦੇ ਕੰਢੇ ਉਤੇ ਮੇਲਾ ਦੇਖਿਆ ਦੁਖ ਸੁਖ ਸੁੰਝ ਵਾਲਾ ਬੇਲਾ ਦੇਖਿਆ ਰੱਬ ਦੀ ਚਲਾਕੀ ਦੀਆਂ ਰੇਖਾਂ ਦੇਖੀਆਂ ਛਲਿਆਂ ਹਜ਼ਾਰਾਂ ਦੀਆਂ ਹੇਕਾਂ ਦੇਖੀਆਂ ਗੰਗਾ ਜੀ ਦੇ ਕੰਢੇ ਤੇ ਸਿੰਗੇਰੀ ਦੇਖਦੇ ਗੋਹ ਨੂੰ ਬਣੀ ਭਗਤੀ ਦੀ ਢੇਰੀ ਦੇਖਦੇ ਪਿਆਰ ਵਿੰਨ੍ਹੀਆਂ ਓਹ ਛੇਏ ਅੱਖਾਂ ਦੇਖਦੇ ਸੋਗ ਨਾਲ ਗੂੰਜਦੀਆਂ ਰੱਖਾਂ ਦੇਖਦੇ ਬੇਨਤੀਆਂ ਵਿੱਚ ਹੱਥ ਜੁੜੇ ਦੇਖਦੇ ਅਥਰੂ ਦਬਾਂਦੇ ਨੈਣ ਮੁੜੇ ਦੇਖਦੇ ਘੱਲੀਆਂ ਜੋ ਗੱਲਾਂ ਨਵੇਂ ਸਵੇਂ ਮੁਨੀਆਂ ਮਾਪਿਆਂ ਨੇ ਦਿਲਾਂ ਨੂੰ ਮਰੋੜ ਸੁਣੀਆਂ ਸ਼ਾਂਤੀ ਦੇ ਧੀਰ ਦੇ ਸੁਨੇਹੇ ਸੁਣ ਕੇ ਭਰਤ ਨੂੰ ਵੀਰ ਦੇ ਸੁਨੇਹੇ ਸੁਣ ਕੇ ਦਿਲਾਂ ਵਿੱਚ ਗੱਚ ਅੱਖਾਂ ਵਿੱਚ ਪਾਣੀ ਸੀ ਰਾਜ ਭੌਣ ਕੀ ਸੀ ਬੱਦਲਾਂ ਦੀ ਢਾਣੀ ਸੀ ਬੁੱਤ ਸਨ ਬੈਠੇ ਚਲਦੀਆਂ ਆਹਵਾਂ ਸਨ ਰੁੱਖਾਂ ਨਾਲ ਜਿਵੇਂ ਖਹਿੰਦੀਆਂ ਹਵਾਂਵਾਂ ਸਨ ਪਾਪੇ ਬਣ ਕੰਬੇ ਬ੍ਰਿਜਲਾਲ ਰਖਸ਼ਾ ਹੋਣੀ ਮੁੜੇ ਕਰੇ ਜੋ ਅਕਾਲ ਰਕਸ਼ਾ *** *** *** ਬਨ ਦਿਆਂ ਵਹਿਣਾ ਵਿੱਚ ਪਏ ਰਾਜਾ ਨੇ ਸੁਣੇ ਯਮਰਾਜ ਦੇ ਸੁਨੇਹੇ ਰਾਜਾ ਨੇ ਬੋਲਿਆ ਕੁਸ਼ੱਲਿਆ ਸੁਹਾਗ ਸੜੀਏ ਮੈਨੂੰ ਕਸ਼ਮੀਰਨ ਦੁਮੂੰਹੀ ਲੜੀਏ ਆਖਾਂ ਪਰ ਕਿਸ ਨੂੰ ਮੈਂ ਭਾਗ ਸੜਿਆ ਮੈਨੂੰ ਤਾਂ ਹਾਂ ਕਰਮਾਂ ਦਾ ਨਾਗ ਲੜਿਆ ਘੜੀ ਘੜੀ ਸਰਵਨ ਯਾਦ ਆਉਂਦਾ ਮਾਪਿਆਂ ਦਾ ਸ਼ੇਰ ਪੁੱਤ ਬਹਿੰਗੀ ਚਾਉਂਦਾ ਬੁੱਢੇ ਤਰਿਹਾਏ ਇੱਕ ਧਿਰ ਧਰ ਕੇ ਟੁਰਿਆ ਤਲਾਓ ਨੂੰ ਘੜੋਲੀ ਫੜ ਕੇ ਡੁਬਦੀ ਘੜੋਲੀ ਬੁੜ ਬੁੜ ਮਾਰਦੀ ਛੇੜ ਕਰੇ ਪਾਣੀ ਪੀਂਦੜੇ ਸ਼ਿਕਾਰ ਦੀ ਕਰਮ ਨਿਖੁੱਟਾ ਕਰਦਾ ਸ਼ਿਕਾਰ ਮੈਂ ਲੁਕਿਆ ਸਾਂ ਹਾਏ ਘਾਤ ਵਿਚ ਪਾਰ ਮੈਂ ਓਹਲਾ ਸੀ ਮੈਂ ਤੀਰ ਛਡਿਆ ਅਵਾਜ਼ ਤੇ ਲੀਕ ਮਾਰੀ ਰਘੁਬੰਸੀਆਂ ਦੇ ਰਾਜ ਤੇ ਨਾਓਂ ਪੁੱਛੋ ਮੌਤ ਮੰਗੇ ਪਾਪੀ ਡੋਲਦਾ ਸਰਵਨ ਮਾਪਿਆਂ ਦਾ ਪੁਤ ਬੋਲਦਾ ਆਪਣੀ ਨਾ ਪੀੜ ਜੀਭ ਤੇ ਲਿਆਉਂਦਾ ਮਾਪਿਆਂ ਦਾ ਸੱਲ ਸੀ ਸੁਣਾਈ ਜਾਂਵਦਾ ਸਰਵਨ ਨੂੰ ਮੈਂ ਪਾਪੀ ਲੈ ਕੇ ਟੁਰਦਾ ਦੁਖੀਆਂ ਨੂੰ ਵਿਥਿਆ ਸੁਣਾਂਦਾ ਝੁਰਦਾ ਦੀਵਾ ਬੁੱਝਾ ਪਰਲੂ ਦੀ ਧੁੰਧ ਛਾ ਗਈ ਬੁੱਢਿਆਂ ਦੀ ਆਈ ਬੱਚਿਆਂ ਤੇ ਆ ਗਈ ਮਾਪੇ ਕੁਰਲਾਏ ਕੀਤਾ ਭਰੇਂ ਵੈਰੀਆ ਪੁੱਤਰ ਦਾ ਦੁੱਖ ਦੇਖ ਮਰੇਂ ਵੈਰੀਆ ਹਾਏ ਰਾਮ ਲਛਮਣ ਸੀਤਾ ਬੋਲਦੇ ਪਾਇਆ ਅੱਜ ਆਪਣਾ ਮੈਂ ਕੀਤਾ ਬੋਲਦੇ ਅੱਖਾਂ ਮੀਟ ਰਾਜਾ ਜੀ ਗੜੂੰਦ ਹੋ ਗਏ ਪ੍ਰਾਣ ਜੋ ਸੀ ਸਾਗਰ ਦੀ ਬੂੰਦ ਹੋ ਗਏ ਤੱਤਾਂ ਵਿਚ ਤੱਤ ਅੰਤ ਨੂੰ ਸਮਾ ਗਏ ਗੱਜ ਗਏ ਰਾਜੇ ਬਾਜੜੇ ਵਜਾ ਗਏ ਛਾਈ ਰਾਸ ਭੌਣ ਉੱਤੇ ਚੁੱਪ ਲੋਹੜ ਦੀ ਜੀਵਨ ਤੇ ਮੌਤ ਦੀਆਂ ਸੀਆਂ ਤੋੜਦੀ ਚੁੱਪ ਵਿੱਚੋਂ ਇੱਕੋ ਵਾਰੀ ਰੌਲਾ ਉੱਠਿਆ ਘੁੰਮ ਵਿੱਚੋਂ ਇੱਕੋ ਵਾਰੀ ਰੋਲਾ ਉੱਠਿਆ ਚੀਕਾਂ ਕੁਰਲਾਟਾਂ ਹਾਈਆ ਹਾਈਆ ਉੱਠਿਆ ਟਕਰਾਂ ਦੁਹੱਥੜਾ ਤੇ ਕਾਹੀਆ ਉੱਠਿਆ ਨਗਰੀ 'ਚ ਜਿਕੁਰਾਂ ਭੁਚਾਲ ਆ ਗਿਆ ਹਾਲ ਹਾਲ ਹੋਈ ਕਾਲਾ ਕਾਲ ਆ ਗਿਆ *** *** *** ਸੋਗਾਂ ਵਾਲੀ ਰਾਤ ਬੀਤੀ ਦਿਨ ਚੜ੍ਹਿਆ ਸੂਰਜ ਨੂੰ ਗ੍ਰਹਿਣ ਨੇ ਛੜੱਪ ਫੜਿਆ ਸਭਾ ਦੇ ਹਨੇਰੇ ਵਿਚ ਬੈਠ ਮੰਤਰੀ ਵਾਚਦੇ ਪਏ ਸੀ ਸੋਗ ਵਾਲੀ ਜੰਤਰੀ ਪੁੱਛਣ ਪਛਾਣ ਆਏ ਮੁਨੀ ਰਾਜ ਦੇ ਜੋਤਸ਼ੀ ਮਹੰਤ ਸੰਤ ਗੁਣੀ ਰਾਜ ਦੇ ਰਾਜੇ ਦਾ ਚਲਾਣਾ ਮਿੱਠਾ ਭਾਣਾ ਮੰਨਕੇ ਬੋਲੇ ਸਾਰੇ ਅੱਗੇ ਦੀ ਵਿਚਾਰੋ ਤਣ ਕੇ ਰਾਜਾ ਜੀ ਤਾਂ ਗਏ ਹੋਣਹਾਰ ਵਰਤੀ ਰਾਜੇ ਬਾਝ ਪਰ ਵਸਦੀ ਨਾ ਧਰਤੀ ਰਾਮ ਬਨੀਂ ਗਏ ਲਛਮਣ ਨਾਲ ਗਏ ਦੂਸਰੇ ਕੁਮਾਰ ਵੀ ਨੇ ਨਾਨਿਹਾਲ ਗਏ ਪਰਜਾ ਨੂੰ ਰਾਜਾ ਪ੍ਰਭੁ ਘੱਲੀ ਦਾਤ ਹੈ ਰਾਜ ਰਾਜੇ ਬਾਝ ਚੰਨ ਬਾਝ ਰਾਤ ਹੈ ਭਰਤ ਨੂੰ ਸੱਦੋ ਦੂਤ ਘਲੋ ਨਾਨਕੇ ਧਰਤ ਸੰਭਾਲੇ ਵੱਡਿਆਂ ਦੀ ਆਣ ਕੇ ਘੋੜਿਆਂ ਨੂੰ ਖੰਭ ਲਾਕੇ ਦੂਤ ਟੁਰ ਪਏ ਪੁਜਣਾ ਸੀ ਜਿਥੇ ਛੇਤੀ ਛੇਤੀ ਪੁੱਜ ਪਏ *** *** *** ਹਾਲ ਨਾ ਸੀ ਨਾਨਕੇ ਗਿਆਂ ਭਰਾਵਾਂ ਦਾ ਢਿੱਲਾ ਡਮਰੂ ਸੀ ਵੱਜ ਰਿਹਾ ਚਾਵਾਂ ਦਾ ਮਾਮਾ ਨਾਨਾ ਤਾਰੇ ਤੋੜਦੇ ਸੀ ਪਿਆਰ ਦੇ ਮਿੱਤਰ ਲੰਗੋਟੀਏ ਸੀ ਜਿੰਦ ਵਾਰਦੇ ਪੁੱਜ ਕੇ ਉਦਾਸ ਪਰ ਦੋਵੇਂ ਵੀਰ ਸੀ ਠੰਢੇ ਸਾਹ ਸੀ ਬੁਲ੍ਹੀ ਅੱਖਾਂ ਵਿਚ ਨੀਰ ਸੀ ਫੜਕਣ ਖੱਬੇ ਅੰਗਾਂ ਦੀ ਸੀ ਕੋਹ ਰਹੀ ਧੜਕਣ ਛਾਤੀ ਦੀ ਸੀ ਚੱਕੀ ਝੋ ਰਹੀ ਭੈੜੇ ਭੈੜੇ ਸੁਫਨੇ ਸੀ ਰੋਜ਼ ਆਉਂਦੇ ਸੁੱਸ ਸੁਸ, ਸੱਜਣਾ ਨੂੰ ਜੋ ਸੁਣਾਉਂਦੇ ਦੇਖਦੇ ਕਕਈ ਸਿਰ ਭੱਸ ਪਾਉਂਦੇ ਦੇਖਦੇ ਸੁਮਿੱਤਰਾਂ ਨੂੰ ਗਸ਼ ਖਾਉਂਦੇ ਦੇਖਦੇ ਕੌਸ਼ੱਲਿਆ ਦਾ ਝੁੱਗਾ ਲੁੱਟਿਆ ਦੇਖਦੇ ਪਿਤਾ ਦਾ ਉੱਕਾ ਬਾਗ ਪੁੱਟਿਆ ਰਾਮ ਜੀ ਨੇ ਫੌੜੀ ਖੱਪਰ ਸੰਭਾਲਿਆ ਸੀਤਾ ਜੀ ਨੇ ਤਾਜ ਪੱਤਰਾਂ ਦਾ ਪਾ ਲਿਆ ਜਿੱਥੇ ਜਿੱਥੇ ਸੀਤਾ ਰਾਮ ਪੈਰ ਪਾਉਂਦੇ ਨੈਣ ਲਛਮਣ ਜੀ ਦੇ ਵਿੱਛੀ ਜਾਂਵਦੇ ਭੈੜੇ ਭੈੜੇ ਸੁਫ਼ਨੇ ਸੀ ਨਿੱਤ ਆਉਂਦੇ ਨਾਨਕੇ ਦੇ ਦੋਹਤਰੇ ਸੀ ਡਾਬੂ ਖਾਉਂਦੇ *** *** *** ਨਗਰੀ 'ਚ ਰੌਲਾ ਪਿਆ ਦੂਤ ਆਏ ਨੇ ਹਰਮਨ ਪਿਆਰੇ ਮਾਪਿਆਂ ਬੁਲਾਏ ਨੇ ਜੀ ਆਇਆਂ ਨੂੰ ਹੋਈ ਸੁਖ ਸਾਂਦਾਂ ਪੁੱਛੀਆਂ ਵਾਰ ਘੜੀ ਪੁੱਛੇ ਸੰਗਰਾਂਦਾਂ ਪੁੱਛੀਆਂ ਝਬਦੇ ਅਜੁੱਧਿਆ ਦੇ ਲਾਲ ਟੁਰ ਪਏ ਰੱਥ ਹਾਥੀ ਘੋੜੇ ਸੈਨਾ ਨਾਲ ਟੁਰ ਪਏ ਭੈੜੀ ਫੜਕਣ ਸੁਫਨੇ ਸਤਾਂਦੇ ਕੀ ਦੂਤ ਫੇਰ ਕਾਹਲੀਆਂ ਤੇ ਕਾਹਲੀ ਪਾਂਦੇ ਕੀ ਸਾਫ਼ ਸਾਫ਼ ਕਰਕੇ ਨਾ ਗੱਲ ਕਹਿਣਾ ਕੀ ਬੋਲੀਏ ਜੋ ਅਸੀਂ ਫੇਰ ਚੁੱਪ ਰਹਿਣਾ ਕੀ ਪੇਕਿਆਂ ਦਾ ਪੰਧ ਸੰਸ਼ਿਆਂ ਦਾ ਪੰਧ ਸੀ ਖੁੱਲੀਆਂ ਹਵਾਵਾਂ ਵਿਚ ਸੈਰ ਬੰਦ ਸੀ ਚਲਾਚਲ ਕੋਸ਼ਲ ਦੀ ਜੂਹੀਂ ਅੱਪੜੇ ਨਗਰੀ ਦੀ ਉਜੜੀ ਬਰੂੰਹੀਂ ਅੱਪੜੇ ਰਾਹਵਾਂ ਵਿਚ ਟਾਵੇਂ ਟਾਵੇਂ ਸਿਰ ਡੋਲਦੇ ਬਾਗਾਂ ਵਿਚ ਸਹਮ ਸਹਮ ਪੰਛੀ ਬੋਲਦੇ ਕਿਤੇ ਇੱਲ ਬੋਲੇ ਕਿਤੇ ਕਾਂ ਸੀ ਬੋਲਦਾ ਦੇਖ ਦੇਖ ਕੰਵਰਾਂ ਦਾ ਹਾਂ ਸੀ ਡੋਲਦਾ ਦੇਖਦੇ ਸੀ ਜਿੱਥੇ ਚੁਪਚਾਣ ਦੇਖਦੇ ਨਗਰੀ ਸੀ ਜਾਂ ਸੀ ਸ਼ਮਸ਼ਾਨ ਦੇਖਦੇ ਸੰਸਿਆਂ ਵਿਚਾਰਾਂ ਗੁਬਾਰਾਂ ਤੇ ਚੜ੍ਹਿਆ ਚੁੱਪਾਂ ਦਾ ਇਹ ਟੋਲਾ ਰਾਜ ਭੌਣੀ ਵੜਿਆ *** *** *** ਪਿਤਾ ਜੀ ਦੇ ਭੌਣ ਗਏ ਭੌਣ ਬੰਦ ਸੀ ਫੁੱਲ ਨਾ ਸੀ ਨਾ ਹੀ ਫੁੱਲ ਦੀ ਸੁਗੰਧ ਸੀ ਵਗੇ ਤਗੇ ਗਏ ਸੁੰਘਦੇ ਓਹ ਪੌਣ ਨੂੰ ਕੰਤ ਭਾਣੀ ਅੰਬੜੀ ਕਕਈ ਦੇ ਭੌਣ ਨੂੰ ਭਰਤ ਨੇ ਮੱਥਾ ਟੇਕ ਹਾਲ ਪੁੱਛਿਆ ਨਗਰੀ ਤੇ ਭੌਣ ਦੀ ਕੀ ਚਾਲ ਪੁੱਛਿਆ ਮੱਥਾ ਸੁੰਘ ਛਾਤੀ ਨਾਲ ਲਾਇਆ ਮਾਤਾ ਨੇ ਸੁਖ ਪੁੱਛ ਛਾਤੀ ਨਾਲ ਲਾਇਆ ਮਾਤਾ ਨੇ ਪੁੱਤਰ ਨੇ ਪੁੱਛਿਆ ਟਿਕਾਣਾ ਪਿਤਾ ਦਾ ਅੰਬੜੀ ਦੀ ਚੁੱਪ ਸੀ ਬਹਾਨਾ ਪਿਤਾ ਦਾ ਬੋਲੇਂ ਕਿਓਂ ਨਾ ਮਾਤਾ ਘਬਰਾਕੇ ਬੋਲਿਆ ਦਿਲ ਦੀ ਹਨੇਰੀ ਨੂੰ ਦਬਾ ਕੇ ਬੋਲਿਆ ਵਰਾਂ ਦੀ ਕਹਾਣੀ ਰਾਣੀ ਮਾਂ ਤੋਂ ਸੁਣ ਕੇ ਕੋਸ ਮਾਂ ਨੂੰ ਮਾਂ ਦੇ ਪੇਕਿਆਂ ਨੂੰ ਪੁਣ ਕੇ ਰਾਮ ਜੀ ਦੇ ਬਾਰ ਬਾਰ ਗੁਣ ਗਾਉਂਦਾ ਨਾਲ ਜਾਂਦਿਆਂ ਦੇ ਭਾਗਾਂ ਨੂੰ ਸਰਾਹੁੰਦਾ ਤੜਫ਼ ਕੇ ਭਰਤ ਬੇ-ਸੁੱਧ ਹੋ ਗਿਆ ਦੇਵਤਿਆਂ ਦਾਨਵਾਂ ਦਾ ਯੁੱਧ ਹੋ ਗਿਆ ਪੱਤੀਆਂ ਸਮੇਤ ਸੁਤੇ ਹੋਏ ਫੁੱਲ ਨੂੰ ਆਪਣੀ ਸੁਗੰਧ ਦੇ ਹੀ ਮੋਹੇ ਫੁੱਲ ਨੂੰ ਭਿਣ ਭਿਣ ਕਰਕੇ ਜਗਾਂਦੀ ਭੰਵਰੀ ਛੋਹ ਛੋਹ ਟੋਹ ਟੋਹ ਹਿਲਾਂਦੀ ਭੰਵਰੀ ਭਰਤ ਦਵਾਲੇ ਫਿਰਦੀ ਸੀ ਅੰਬੜੀ ਸਾਹ ਭਰ ਭਰ ਘਿਰਦੀ ਸੀ ਅੰਬੜੀ ਹੱਥ ਲਾ ਝਲੂਣ ਵਾਰੀ ਵਾਰੀ ਜਾਂਵਦੀ ਜਾਗ ਵੀਰ ਪੁੱਤ ਸੋਹਣਿਆਂ ਅਲਾਂਵਦੀ ਪੁੱਤ ਅੱਖਾਂ ਖੋਲ੍ਹੀਆਂ ਤੇ ਧੀਰ ਬੰਨ੍ਹਦੀ ਰਾਜ ਦੀਆਂ ਡੋਰਾਂ 'ਚ ਫ਼ਕੀਰ ਬੰਨ੍ਹਦੀ ਭਰਤ ਦਾ ਪਰ ਇਕੋ ਹੀਰਾ ਰਾਮ ਸੀ ਸੀਤਾ ਲਛਮਣ ਵਾਲਾ ਹੀਰਾ ਰਾਮ ਸੀ ਬੋਲਿਆ ਮੈਂ ਰਾਮ ਜੀ ਜਾ ਰਾਹ ਮੱਲਣਾ ਆਵੇ ਨਾ ਜੇ ਰਾਮ, ਰਾਮ ਨਾਲ ਚੱਲਣਾ ਇਹ ਵੀ ਜੇ ਨਾ ਜਿਥੇ ਗਏ ਪਿਤਾ ਟੁਰ ਕੇ ਜਾਵਣਾ ਮੈਂ ਓਥੇ ਆਵਣਾ ਨਾ ਮੁੜਕੇ ਪਾਪ ਦਾ ਪਲੇਥਣ ਸਮੇਟਣਾ ਨਾ ਮੈਂ ਖੂਨ ਵਾਲਾ ਫਰਦ ਲਪੇਟਣਾ ਨਾ ਮੈਂ ਦੂਰ ਹਟ ਮਾਤਾ ਤੂੰ ਨਾ ਮੇਰੀ ਪਾਪਣੇ ਰਘੂਬੰਸ ਕੀਤਾ ਜਿਸ ਢੇਰੀ ਪਾਪਣੇ ਰਾਜਾ ਗਿਆ ਰੰਡੀ ਹੋ ਕੇ ਬੈਠ ਪਾਪਣੇ ਸਖਣੇ ਸਿੰਘਾਸਨ ਤੇ ਐਂਠ ਪਾਪਣੇ ਰਾਮ ਤੈਨੂੰ ਵੱਡੀ ਮਾਂ ਤੋਂ ਵੱਧ ਜਾਣਦਾ ਪੂਜਾ ਤੇਰੀ ਕਰ ਕਰ ਸੁਖ ਮਾਣਦਾ ਲਛਮਣ ਸੀਤਾ ਤੇਰਾ ਬੁਰਾ ਕੀਤਾ ਕੀ ਭਰਤ ਕਲੰਕੀ ਲਈ ਦਸ ਲੀਤਾ ਕੀ ਮਾਰਿਆ ਈ ਪਤੀ ਸਰਬੰਸ ਮਾਰਿਆ ਪੁੱਤ ਨੂੰ ਵੀ ਮਾਰਿਆ ਕੀ ਦਸ ਸਾਰਿਆ ਹਾਏ ਪਿਤਾ ਆਖ ਭਰਤ ਜੀ ਥੰਮ ਗਏ ਸੋਗ ਲਜਿਆ ਡਭੱਕ ਨਾਲ ਜੰਮ ਗਏ ਚੋਭ ਖਾ ਕੇ ਫੇਰ ਬਲਦੇ ਤੇ ਬੋਲਦੇ ਫੂ ਫੂ ਕਰ ਬਿਸ ਘੋਲਦੇ ਤੇ ਘੋਲਦੇ ਅੱਖਾਂ ਲਾਲ ਕਰ ਤਕਦੇ ਕਕਈ ਨੂੰ ਸਿਰ ਮਾਰ ਮਾਰ ਝੁਰ ਸਿਰ ਪਈ ਨੂੰ ਪਿਤਾ ਦੇ ਗੁਣਾਂ ਦੀ ਸਰਗਮ ਗਾਉਂਦੇ ਰਾਮ ਨੂੰ ਸੁਹਾਣਾ ਅੰਤਰਾ ਬਣਾਉਂਦੇ ਲੈ ਲਛਮਣ ਦੀ ਉਤਾਰ ਚਾਉਂਦੇ ਝੂਮ ਝੂਮ ਤਾਲ ਸੀਤਾ ਦਾ ਨਚਾਉਂਦੇ ਜਾ ਪਿਆ ਧੜਾਮ ਚੁੱਪ ਸੀ ਹਨੇਰਾ ਸੀ ਤੱਕ ਲੈ ਕਕਈਏ ਕੇਹਾ ਪੁੱਤ ਤੇਰਾ ਸੀ *** *** *** ਉਧਰ ਸ਼ੱਲਿਆ ਦਾ ਸੁੰਨ ਭੌਣ ਸੀ ਕੰਧਾਂ ਕੁਮਲਾਈਆ ਸਹਮੀ ਸਹਮੀ ਪੌਣ ਸੀ ਬੈਠਾ ਇਕ ਖੂੰਜੇ ਸੁੰਞੀ ਮਾਂ ਦਾ ਬੁੱਤ ਸੀ ਮਨ ਵਿਚ ਬਨ ਬਨ ਵਿਚ ਪੁੱਤ ਸੀ ਦੂਜੀ ਗੁੱਠੇ ਸੰਸਿਆਂ ਦਾ ਮਾਲਾ ਫੇਰਦੀ ਦੂਸਰੀ ਸੀ ਹੰਝੂ ਡਬ ਡਬ ਕੇਰਦੀ ਖੁਲਿਆ ਕਿਵਾੜ ਅਚਾਚੇਤੀ ਭੌਣ ਦਾ ਝੂਟਾ ਸੀ ਭੁਚਾਲ ਦਾ ਕਿ ਧੱਫਾ ਪੌਣ ਦਾ ਪੈਰਾਂ ਵਿਚ ਲੱਗਾ ਅੱਖੀਆਂ ਦਾ ਮੇਲਾ ਸੀ ਬੱਦਲਾਂ ਦੇ ਕੜ ਪਾਟਣ ਦਾ ਵੇਲਾ ਸੀ ਪ੍ਰੇਮ ਦੀ ਹਨੇਰੀ ਝੁੱਲੀ ਕੂਟਾਂ ਬੋਲੀਆਂ ਬੋਲੀਆਂ ਸਮੇਤ ਕਮਲਾਂ ਦੇ ਡੋਲੀਆਂ ਹੌਲੇ ਹੌਲੇ ਹੌਲੀ ਹੋਈ ਮੋਹਰੀ ਹੜ੍ਹ ਦੀ ਮੱਠੀ ਹੋਈ ਝੜੀ ਬਦਲਾਂ ਦੇ ਕੜ ਵੀ ਹੱਥ ਜੋੜ ਠੰਢੇ ਠੰਢੇ ਸਾਹ ਭਰਦੇ ਭਰਤ ਜੀ ਬੋਲੇ ਮਿਣ ਮਿਣ ਕਰਦੇ ਮਾਤਾ ਮੇਰਾ ਜਗ ਤੇ ਜਹਾਨ ਰਾਮ ਹੈ ਜਗ ਜਾਣੇ ਭਰਤ ਦੀ ਜਾਨ ਰਾਮ ਹੈ ਰਾਮ ਮੇਰਾ ਰਾਜਾ ਰਾਮ ਮੇਰਾ ਰਾਜ ਹੈ ਸਾਖੀ ਮੇਰੇ ਵਚਨਾਂ ਦਾ ਮਹਾਰਾਜ ਹੈ ਮਾਤਾ ਸੌਂਹ ਹੈ ਤੇਰੇ ਚਰਨਾਂ ਦੀ ਧੂੜ ਦੀ ਸੁਧ ਮੈਨੂੰ ਮੂਲ ਨ ਕਕਈ ਦੇ ਕੂੜ ਦੀ ਜਾਣਿਆ ਮੈਂ ਹੁਣੇ ਕਾਰਾ ਕੁਲੋਂ ਗਈ ਦਾ ਲਗਦਾ ਨਾ ਕੁਝ ਭਰਤ ਕਕਈ ਦਾ ਰਾਜ ਥੋਂ ਵਿਛੁੰਨੀ ਪਰਜਾ ਹਾਂ ਰਾਮ ਦੀ ਝਾਤ ਝਾਤ ਖੇਡਦੇ ਦੀ ਛਾਂ ਹਾਂ ਰਾਮ ਦੀ ਜਿਥੇ ਤਿੰਨੇ ਲੋਕ ਮੇਰੇ ਉਥੇ ਜਾਵਾਂਗਾ ਅੱਖਾਂ ਤੇ ਬਿਠਾਲ ਉੱਡਦਾ ਮੈਂ ਆਵਾਂਗਾ ਭਰਤ ਦਾ ਸੋਗ ਸੀ ਉਡਾਰੀ ਮਾਰਦਾ ਮਾਵਾਂ ਦੇ ਵਿਯੋਗ ਵਿਚ ਤਾਰੀ ਮਾਰਦਾ ਉੱਚਰੇ ਵਸ਼ਿਸ਼ਠ ਬੇਟਾ ਧੀਰ ਧਰ ਲੈ ਹੋਣਹਾਰ ਹੋਈ ਮਿੱਠਾ ਭਾਣਾ ਕਰ ਲੈ ਸੋਗ ਤੇ ਕਰੋਧ ਇਕ ਦਾਰ ਕਰ ਲੈ ਰਾਜਾ ਜੀ ਦੀ ਦੇਹ ਦਾ ਸੰਸਕਾਰ ਕਰ ਲੈ ਘੜੀਆਂ ਦੇ ਵਿਚ ਸੀ ਬਵਾਨ ਸੱਜਿਆ ਸੰਖ ਗੱਜਿਆ ਤੇ ਘੜਿਆਲ ਵੱਜਿਆ ਸਰ ਸੰਸਾਰ ਨੂੰ ਜਗਾਂਦੀ ਟੁਰ ਪਈ ਅੱਖੀਆਂ ਦਾ ਸਾਗਰ ਹਿਲਾਂਦੀ ਟੁਰ ਪਈ ਪੁੱਜੇ ਸ਼ਮਸ਼ਾਨ ਮੰਤਰਾਇਆ ਦੇਹ ਨੂੰ ਚੰਦਨ ਦੀ ਚਿਤਾ ਤੇ ਲਿਟਾਇਆ ਦੇਹ ਨੂੰ ਵਿਧੀਆਂ ਦੇ ਨਾਲ ਅੱਗ ਲਾਈ ਚਿਤਾ ਨੂੰ ਪਰ ਲਾਕੇ ਸੁਰਗਾਂ ਤੋਂ ਆਈ ਚਿਤਾ ਨੂੰ ਪਲਾਂ ਵਿਚ ਹੈ ਸੀ ਜੋ ਉਡੰਤ ਹੋ ਗਿਆ ਬਣਿਆ ਜੋ ਏਥੇ ਉਹਦਾ ਅੰਤ ਹੋ ਗਿਆ ਘਰੀਂ ਮੁੜੇ ਲੋਕ ਲੈ ਕੇ ਹੱਥ ਸੱਖਣੇ ਅਜ ਮੁੜ ਜਾਤਾ ਲੱਖ ਓਹਲੇ ਕੱਖ ਨੇ *** *** *** ਕਿਰਿਆ ਤੋਂ ਭਰਤ ਜੀ ਵੇਹਲੇ ਹੋ ਗਏ ਲਾਂਭੇ ਲੋਕਾਚਾਰ ਤੇ ਝਮੇਲੇ ਹੋ ਗਏ ਮੰਤਰੀਆਂ ਰੰਗ ਲਾਇਆ ਰਾਜ ਕਾਜ ਦਾ ਪਰਜਾ ਦੇ ਸੁਖ ਰੀਤ ਨੀਤ ਲਾਜ ਦਾ ਭਰਤ ਨੇ ਰਟ ਲਾਈ ਰਾਮ ਨਾਮ ਦੀ ਨੀਤੀਆਂ ਦੇ ਨੱਕੇ ਧਰਮਾਂ ਦੇ ਧਾਮ ਦੀ ਸ਼ਤ੍ਰਘਨ ਖਿੱਝ ਦੇਂਦਾ ਦੋਸ਼ ਰਾਮ ਨੂੰ ਪਿਤਾ ਤੇ ਕਚੀਚੀ ਵੱਟ ਕੋਸ ਰਾਮ ਨੂੰ ਲਛਮਨ ਜੀ ਦਾ ਭਾਈ ਗੱਜ ਰਿਹਾ ਸੀ ਮੰਥਰਾ ਦਾ ਡੌਰੂ ਪਰੇ ਵੱਜ ਰਿਹਾ ਸੀ ਦੁਮੜਾ ਧਰੀਕ ਸੱਪ ਸੀਹਨੀ ਨਾਰ ਦਾ ਤਾਲ ਦੇ ਦੇ ਗਾਲ੍ਹਾਂ ਦਾ ਚਪੇੜਾ ਮਾਰਦਾ ਆਇਆ ਦੁਆਰ ਪਾਲ ਕਹਿੰਦਾ ਤੂੰਹੇਂ ਰੰਡੀਏ ਸਾਰੇ ਘੱਲੂਘਾਰੇ ਦੀ ਵਿਓਂਤ ਗੰਢੀ ਏ ਪੁੱਤਰ ਤੋਂ ਮਾਤਾ ਨੂੰ ਤੂੰ ਪਾੜ ਸੁੱਟਿਆ ਝੁੱਗਾ ਰਘੂਬੰਸੀਆਂ ਦਾ ਸਾੜ ਸੁੱਟਿਆ ਹ ਰਾ ਭਰਾ ਖਿੜਿਆ ਤੂੰ ਬਾਗ਼ ਪੁੱਟਿਆ ਵਸਦੀਆਂ ਤਿੰਨਾਂ ਦਾ ਸੁਹਾਗ ਲੁੱਟਿਆ ਸੱਖਣੀਆਂ ਦੋਵੇਂ ਮਾਵਾਂ ਕਰ ਪਾਪਣੇ ਕੁੱਤਿਆਂ ਦੀ ਮੌਤੇ ਅਜ ਮਰ ਪਾਪਣੇ ਸ਼ਤ੍ਰਘਨ ਕਢੀ ਕਿਲਕਾਰੀ ਜ਼ੋਰ ਦੀ ਕੁੱਬ ਉੱਤੇ ਤੱਕ ਲੱਤ ਮਾਰੀ ਜ਼ੋਰ ਦੀ ਹੁਲਕ ਕੇ ਜਾ ਪਈ ਮੁਧਾੜ ਮੰਥਰਾ ਸਹਮੀ ਚੁੱਪ ਹੋਈ ਸੰਘਾ ਪਾੜ ਮੰਥਰਾ ਤ੍ਰੱਠ ਕੇ ਤੇ ਨੱਠ ਕੇ ਕਕਈ ਅੰਬੜੀ ਕੰਬ ਕੰਬ ਭਰਤ ਦੇ ਨਾਲ ਚੰਬੜੀ ਭਰਤ ਜੀ ਬੋਲੇ ਮੇਰੇ ਵੀਰ ਪਿਆਰਿਆ ਮੁਰਦੀ ਨੂੰ ਮਾਰ ਦਸ ਕੀ ਤੂੰ ਸਾਰਿਆ ਜਾਤ ਨੀਵੀਂ ਏਂ ਤੇ ਇਹਦੀ ਝਾਤ ਨੀਵੀਂ ਏ ਪਾਪਾਂ ਦੀ ਏ ਜੜ੍ਹ ਭਾਵੇਂ ਤਾਂ ਵੀ ਤੀਵੀਂ ਏ ਤੇਰੀ ਕਰਤੂਤ ਨੂੰ ਜੋ ਵੀਰ ਜਾਣ ਲਏ ਨਹਰੀ ਵੱਟ ਮੱਲਾ ਤੇਰੇ ਖਿੱਚ ਪ੍ਰਾਣ ਲਏ ਮੈਂ ਵੀ ਏਸ ਚਮੜੀ ਨੂੰ ਲਾਲ ਕਰਦਾ ਤੀਵੀਂ ਜੇ ਨਾ ਹੋਂਦੀ ਬੁਰਾ ਹਾਲ ਕਰਦਾ ਦੋਵੇਂ ਵੀਰ ਤੀਵੀਆਂ ਨੂੰ ਤੱਕ ਰਹੇ ਸਨ ਭਰ ਭਰ ਫੱਕੇ ਰੋਹ ਦੇ ਛੱਕ ਰਹੇ ਸਨ ਭਰਤ ਜੀ ਬਨਾਂ ਵੱਲ ਤੱਕ ਰਹੇ ਸਨ ਅਗੇ ਅਗੇ ਜਾਂਦਿਆਂ ਨੂੰ ਡੱਕ ਰਹੇ ਸਨ ਸਭਾਸਦ ਬੇਨਤੀਆਂ ਕਰ ਰਹੇ ਸਨ ਰਾਜ ਕਾਜ ਵਾਲੇ ਡੋਬੇ ਭਰ ਰਹੇ ਸਨ ਮਹਾਰਾਜ ਗਏ ਮੁੜ ਨਹੀਂ ਆਉਣਾ ਰਾਮ ਜੀ ਨੇ ਕੀਤਾ ਵਚਨ ਨਿਭਾਉਣਾ ਰਾਜੇ ਬਾਝ ਪਰਜਾ ਦਾ ਕੋਈ ਹਾਲ ਨਾ ਕੁਝ ਹੋਵੇ ਬਣਦਾ ਹੈ ਰਾਜ ਪਾਲਣਾ ਪਰਜਾ ਨੂੰ ਪਾਲੋ ਮਿੱਠਾ ਭਾਣਾ ਮੰਨ ਕੇ ਵਿਰਦ ਸੰਭਾਲੋ ਭਾਵੇਂ ਜੀ ਭੰਨ ਕੇ ਭਰਤ ਜੀ ਬੇਨਤੀਆਂ ਸੁਣ ਰਹੇ ਸਨ ਬਨ ਦੀਆਂ ਬੁਣਤਰਾਂ ਬੁਣ ਰਹੇ ਸਨ ਝੱਟ ਲਾਈ ਰੱਖੀ ਭਰਜਾਈ ਭਾਈਆਂ ਦੀ ਤਕਦੇ ਹਵਾ ਨਾ ਵਸਤਾਂ ਪਰਾਈਆਂ ਦੀ ਓੜਕ ਤਿਆਰੀ ਹੋਈ ਬਨ ਜਾਣ ਦੀ ਰਾਜਿਆਂ ਨੂੰ ਰਾਜ ਗੱਦੀ ਤੇ ਬਿਠਾਣ ਦੀ ਭਰਤ ਜੀ ਵਡੇ ਤੀਰਥਾਂ ਨੂੰ ਜਾਣਗੇ ਨਾਲ ਆਪਣੇ ਹਜ਼ਾਰਾਂ ਨੂੰ ਨੁਹਾਣਗੇ ਦਿਨਾਂ ਵਿਚ ਯਾਤਰਾ ਤਿਆਰ ਹੋ ਗਈ ਨਗਰੀ ਖਿੜੀ ਕਿ ਫੁਲਵਾਰ ਹੋ ਗਈ *** *** *** ਤਾਰਿਆਂ ਦੇ ਨਾਲ ਗੁਰਮਤੇ ਕਰਦੀ ਊਂਘ ਸਿਰ ਮਾਰਦੀ ਹੁੰਗਾਰੇ ਭਰਦੀ ਰਾਤ ਘੁੰਡ ਖੋਲ੍ਹ ਪਰਭਾਤ ਬਣ ਗਈ ਭਰਤ ਦੀ ਕਰਨੀ ਭੀ ਝਾਤ ਬਣ ਗਈ ਪੂਰਬ ਦੀ ਲਾਂਭ ਤੋਂ ਇਸ਼ਾਰੇ ਹੋ ਗਏ ਬਨ ਨੂੰ ਅਜੁੱਧਿਆ ਦੇ ਤਿਆਰੋ ਹੋ ਗਏ ਟੁਰ ਪਏ ਸੈਂਕੜੇ ਹਜ਼ਾਰਾਂ ਯਾਤਰੂ ਗਾਂਵਦੇ ਕੁਮਾਰਾਂ ਦੀਆਂ ਵਾਰਾਂ ਯਾਤਰੂ ਰੱਥ ਹਾਥੀ ਘੋੜੇ ਤੇ ਪਿਆਦੇ ਟੁਰ ਪਏ ਟੁਰ ਪਏ ਝੱਖੜ ਉਮਾਹ ਦੇ ਟੁਰ ਪਏ ਚਲਾਚਲ ਪੁੱਜੇ ਆਣ ਗੰਗਾਂ ਮਾਈ ਤੇ ਜੁਗ ਜੁਗ ਵੇਦ ਮੰਤਰਾਂ ਦੀ ਗਾਈ ਤੇ ਰਾਜੇ ਗੋਹ ਤੱਕਿਆ ਬਰੂਹਾਂ ਵਲ ਨੂੰ ਉਤਰੇ ਸੰਗੇਰੀ ਟਿੱਡੀਆਂ ਦੇ ਦਲ ਨੂੰ ਦਿਲੋਂ ਜਾਤਾ ਆਇਆ ਪੁੱਤਰ ਕਕਈ ਦਾ ਲੋਕ ਡੁੱਬਨੀ ਦਾ ਪਰਲੋਕੋਂ ਗਈ ਦਾ ਰਾਮ ਜੀ ਦਾ ਰਾਜ ਸਾਂਭ ਰਾਜਾ ਬਣਿਆ ਮੱਛ ਕੋਈ ਫੜਨ ਨੂੰ ਜਾਲ ਤਣਿਆ ਕੱਢਣ ਨੂੰ ਕੰਡਾ ਮਹਾਰਾਜ ਆ ਗਿਆ ਛੱਡ ਰਘੁਬੰਸੀਆਂ ਦੀ ਲਾਜ ਆ ਗਿਆ ਉਠੋ ਵਰਿਆਮੋਂ ਵਿਰਦ ਸਮ੍ਹਾਲੀਏ ਮਿਤਰਾਂ ਦੇ ਨਾਲ ਮਿਤਰਾਈ ਪਾਲੀਏ ਤੀਰਾਂ ਤਲਵਾਰਾਂ ਨਾਲ ਸੱਜ ਧੱਜ ਕੇ ਬੇੜੀਆਂ ਨੂੰ ਮੱਲ ਲਵੋ ਗੱਜ ਵੱਜ ਕੇ ਪਹਿਲੋਂ ਜ਼ਰਾ ਭੇਟ ਲੈ ਕੇ ਆਪੇ ਜਾਵਾਂਗੇ ਵੈਰ ਮਿਤਰਾਈ ਦਾ ਨਿਖੇੜਾ ਪਾਵਾਂਗੇ ਭਰਤ ਜੀ ਲਾਕੇ ਇਕ ਛੰਨ ਬੈਠੇ ਨੇ ਤਾਰਿਆਂ ਦੇ ਵਿਚ ਜਿਵੇਂ ਚੰਨ ਬੈਠੇ ਨੇ ਗੋਹ ਰਾਜਾ ਲੈ ਉਪਹਾਰ ਆ ਗਿਆ ਸਿਰ ਧਰ ਦੁਬਧਾ ਦਾ ਭਾਰ ਆ ਗਿਆ ਸਾਰਥੀ ਅਗੇਰੇ ਲੈਣ ਆਇਆ ਗੋਹ ਨੂੰ ਭਰਤ ਦੇ ਚਰਨੀਂ ਝੁਕਾਇਆ-ਗੋਹ ਨੂੰ ਹੱਥ ਜੋੜ ਸੇਵਾ ਟਹਲ ਪੁੱਛੀ ਗੋਹ ਨੇ ਭਰਤ ਜੀ ਬੋਲੇ ਮੇਰੇ ਵੀਰ ਸੋਹਣੇ ਰਾਮ ਜੀ ਦਾ ਲੱਗੇਂ ਜੋ ਤੂੰ ਮੇਰਾ ਲੱਗਦਾ ਰਾਮ ਭਾਈ ਮੈਨੂੰ ਸਰਬਤ ਜਗ ਦਾ ਹਾਏ ਮੇਰੀ ਮਾਤਾ ਜੇ ਕਮਾਂਦੀ ਕਹਿਰ ਨਾ ਅੰਮ੍ਰਿਤ ਜਾਣ ਮੈਨੂੰ ਦੇਂਦੀ ਜਹਿਰ ਨ ਵੀਰ ਮੇਰਾ ਰੁਸ ਜੰਗਲਾਂ ਨੂੰ ਆ ਗਿਆ ਟੋਕਰੇ ਸਵਾਹ ਦੇ ਮੇਰੇ ਸਿਰ ਪਾ ਗਿਆ ਜਿਥੇ ਰਾਮ ਲਛਮਣ ਸੀਤਾ ਮਿੱਤਰਾ ਉਨ੍ਹਾਂ ਬਨਾਂ ਦਾ ਮੈਂ ਧਾਈਆ ਕੀਤਾ ਮਿੱਤਰਾ ਸੇਵਾ ਤੇਰੀ ਇਹੋ ਸਾਨੂੰ ਜਾਈਂ ਦੱਸਦੇ ਜਿਥੇ ਸਾਡੇ ਹਿਰਦੇ ਦੇ ਸਾਈਂ ਵੱਸਦੇ ਭਰਤ ਦੇ ਨੈਨਾਂ ਵਿਚ ਹੰਝੂ ਛਲਕੇ ਭਗਤੀ ਪਿਆਰ ਤੇ ਵਿਛੋੜਾ ਝਲਕੇ ਖਿੜਿਆ ਨਿਖਾਦ ਸ਼ਕ ਦੂਰ ਹੋ ਗਏ ਕੱਸੇ ਬਾਣ ਕੱਚਦੇ ਸੀ ਚੂਰ ਹੋ ਗਏ ਭਰਤ ਦੇ ਪੈਰਾਂ ਵਿਚ ਡਿੱਗ ਬੋਲਿਆ ਰਘੂਆਂ ਦੀ ਅੰਸ ਤੋਂ ਮੈਂ ਆਪਾ ਘੋਲਿਆ ਰਾਜਗੱਦੀ ਜਰਾ ਭਰਮਾਣ ਵਾਲੀ ਨੂੰ ਖੂਨ ਦੀਆਂ ਨਦੀਆਂ, ਬਹਾਣ ਵਾਲੀ ਨੂੰ ਤੱਜ ਰਾਮ ਜੀ ਨੇ ਤੇ ਸੀ ਲੀਹਾਂ ਤੋੜੀਆਂ ਧੱਕਾ ਦੇ ਭਰਤ ਜੀ ਨੇ ਸੀਆਂ ਤੋੜੀਆਂ *** *** *** ਰਾਤ ਬੀਤੀ ਗੋਹ ਦੀ ਰਾਮਬੀਤੀ ਕਰਦੇ ਭਰਤ ਦੀ ਹੰਝੂਆਂ ਦੀ ਨਦੀ ਤਰਦੇ ਚੜ੍ਹਦੇ ਦੀ ਲਾਂਭ ਗੁਲਨਾਰ ਹੋ ਗਈ ਬੇੜੀ ਪੰਜ ਸੈਂਕੜੇ ਤਿਆਰ ਹੋ ਗਈ ਸੋਗੀਆਂ ਦੀ ਜੰਜ ਅਸਵਾਰ ਹੋ ਗਈ ਰਾਮ ਰਾਮ ਰਟ ਰਟ ਪਾਰ ਹੋ ਗਈ ਪੂਰਾਂ ਦੇ ਇਹ ਪੂਰ ਟੁਰਦੇ ਅਗਾਹਾਂ ਨੂੰ ਸੁੰਘਦੇ ਤਹਿੱਗੜ ਦੇ ਚਲੋ ਰਾਹਾਂ ਨੂੰ ਚਲਾਚਲ ਪੁਜੇ ਪਰਯਾਗ ਰਾਜ ਤੇ ਤਿੰਨਾਂ ਤਾਰਨੀਆਂ ਨਦੀਆਂ ਦੇ ਤਾਜ ਤੇ ਤੀਰਥ ਦੇ ਨੇੜੇ ਨਵੀਂ ਵੱਸੀ ਨਗਰੀ ਸੁੰਨ ਹੋਈ ਬਿਰਹੋਂ ਦੀ ਡੱਸੀ ਨਗਰੀ ਥੋੜੀ ਜੇਹੀ ਦੂਰ ਭਰਦਵਾਜ ਮੁਨੀ ਦੀ ਦੂਜਾ ਪਰਯਾਗ ਕੁਟੀਆ ਸੀ ਸੁਣੀ ਦੀ ਭਰਤ ਜੀ ਮੰਤਰੀਆਂ ਨਾਲ ਟੁਰ ਪਏ ਮੁਨੀ ਹੱਥੋਂ ਹੋਣ ਨੂੰ ਨਿਹਾਲ ਟੁਰ ਪਏ ਹੱਥ ਜੁੜੇ ਨੰਗੇ ਪੈਰੀਂ ਨੈਣ ਝਰਨੇ ਪੈਰੀਂ ਢੱਠੇ ਭਰਤ ਜੀ ਮੱਥੇ ਪਰਨੇ ਮੁਨੀ ਜੀ ਨੇ ਥਾਪੀ ਦੇ ਅਸੀਸਾਂ ਦਿਤੀਆਂ ਭਰਤ ਨੇ ਜਾਤਾ ਚਾਰੇ ਕੂਟਾਂ ਜਿੱਤੀਆਂ ਸੁਖ ਸਾਂਦ ਪਿੱਛੋਂ ਗੱਲ ਹੋਈ ਆਉਣ ਦੀ ਸੋਗ ਯਾਤਰਾ ਦੀ ਰੁੱਠੜੇ ਮਨਾਉਣ ਦੀ ਸ਼ਾਂਤੀ ਦੇ ਰੂਪ ਯੋਗੀਆਂ ਦੀ ਲਾਜ ਨੇ ਅੱਖਾਂ ਮੀਟ ਕਿਹਾ ਮੁਨੀ ਮਹਾਰਾਜ ਨੇ ਭਰਤ ਜੋ ਵੀ ਬੀਤਿਆ ਸੋ ਮੈਂ ਵੀ ਜਾਨਣਾ ਸੱਚਾ ਤੇਰਾ ਪ੍ਰੇਮ ਧੁਰਾਂ ਦਾ ਪਛਾਨਣਾ ਹਰੀਚੰਦ ਅੱਜ ਰਘੂ ਦੀ ਤੂੰ ਅੰਸ ਹੈਂ ਜਗ ਦੇ ਸਰੋਵਰ ਦਾ ਰਾਜ ਹੰਸ ਹੈਂ ਰਾਮ ਬਣ ਸ਼ੇਸ਼ ਨਾਗ ਚਾਈ ਧਰਤੀ ਭਰਤ ਦੇ ਸੂਰਜ ਜਿਵਾਈ ਧਰਤੀ ਭਰਤ ਨੇ ਲੋਭ ਰਾਖਸ਼ਸ ਮਾਰਿਆ ਤਾਰਿਆ ਜੁਗਾਦ ਤੇ ਜੁਗੰਤ ਤਾਰਿਆ ਖੱਟਾ ਜੋ ਫਿਟਾਂਦਾ ਦੁੱਧ ਦੇ ਕੜਾਹ ਨੂੰ ਆਖਦਾ ਕੀ ਖੀਰ ਸਾਗਰ ਅਥਾਹ ਨੂੰ ਪਾਣੀ ਹੋ ਭਰਤ ਮੱਥੇ ਹੱਥ ਲਾਉਂਦੇ ਲਛਮਣ ਜੀ ਦੇ ਕਰਮ ਸਰਾਹੁੰਦੇ ਵਾਰੇ ਵਾਰੇ ਜਾ ਕੇ ਸੀਤਾ ਜੀ ਦੇ ਨਾਉਂ ਦੇ ਨੈਨਾਂ ਨਾਲ ਰਾਮ ਜੀ ਦੀ ਔਂਸੀ ਪਾਉਂਦੇ ਫੁੱਲ ਫ਼ੁੱਲ ਆਖਦੇ ਮੁਨੀ ਕੁਮਾਰ ਨੂੰ ਵਾਰੀ ਤੇਰੇ ਜਗੋਂ ਬਾਹਰੇ ਵਿਚਾਰ ਨੂੰ ਚਿਤ੍ਰਕੂਟ ਉਹ ਜੋ ਦਿਸਦਾ ਪਹਾੜ ਹੈ ਮੁਨੀਆਂ ਦੀ ਸੋਹਣੀ ਵਸਦੀ ਉਜਾੜ ਹੈ ਓਥੇ ਬਾਲਮੀਕ ਦੀ ਹੈ ਨਿਆਰੀ ਕੁਟੀਆ ਓਤੇ ਤੇਰੇ ਪਿਆਰਿਆਂ ਦੀ ਪਿਆਰੀ ਕੁਟੀਆ ਰਾਤ ਏਥੇ ਰਹੋ ਕੱਲ ਓਥੇ ਚਲਣਾ ਅਚਣ ਅਚੇਤ ਛਲੀਆਂ ਨੂੰ ਛਲਣਾ *** *** *** ਜਿਵੇਂ ਕਿਵੇਂ ਕੋਹਾਂ ਲੰਮੀ ਰਾਤ ਮੁੱਕ ਗਈ ਤਾਰਿਆਂ ਨੂੰ ਲੱਗੀ ਪ੍ਰਭਾਤ ਮੁੱਕ ਗਈ ਸੂਰਜ ਨੇ ਕਿਰਨ ਅਸੀਸਾਂ ਘਲੀਆਂ ਖੂਹਣੀਆਂ ਉਮਾਹਵਾਂ ਨਾਲ ਚਾਵਾਂ ਚੱਲੀਆਂ ਉਂਗਲਾਂ ਤੇ ਜਿਕੁਰਾਂ ਨਚਾਂਦੇ ਪੰਧ ਨੂੰ ਚਹਿਕ ਚਹਿਕ ਲੋਟਣੀਆਂ ਖਾਂਦੇ ਪੰਧ ਨੂੰ ਚਿਤ੍ਰਕੂਟ ਪੁਜੇ ਭਾਗ ਭਰੇ ਯਾਤਰੂ ਸੋਚਾਂ ਵਿਚ ਡੁਬ ਡੁਬ ਤਰੇ ਯਾਤਰੂ ਹਰਨ ਨਿਡਰ ਹੋ ਕੇ ਘੁੰਮ ਰਹੇ ਸਨ ਬਾਘ ਹਰਨੋਟਿਆਂ ਨੂੰ ਚੁੰਮ ਰਹੇ ਸਨ ਪਵਨ ਸੁਗੰਧ ਹਵਨਾਂ ਦੀ ਚੁੱਕ ਕੇ ਰਮਕ ਰਹੀ ਸੀ ਜਿਵੇਂ ਝੁਕ ਝੁਕ ਕੇ ਕਿਤੇ ਕਿਤੇ ਸਮਿਧਾ ਦੇ ਟੋਟੇ ਮਿਲਦੇ ਦਰਭ ਦੇ ਮੁੱਠੇ ਛੋਟੇ ਮੋਟੇ ਮਿਲਦੇ ਡੰਡੀਆਂ ਤੋਂ ਹੁਣੇ ਫੁੱਲ ਖੁੰਡੇ ਜਾਪਦੇ ਕਿਤੇ ਕਿਤੇ ਫਲ ਵੀ ਮਰੁੰਡੇ ਜਾਪਦੇ ਤਪੋਬਣ ਦੀਆਂ ਜਾਣੀਆਂ ਨਿਸ਼ਾਨੀਆਂ ਜੂਹਾਂ ਕੋਲ ਢੁੱਕ ਠਹਿਰ ਗਈਆਂ ਢਾਣੀਆਂ *** *** *** ਬਰਖਾ ਪੈ ਹਟੀ ਸੀ ਲੌਢਾ ਪਹਿਰ ਸੀ ਨ੍ਹਾਤੇ ਧੋਤੇ ਜੰਗਲਾਂ ਦੀ ਲਹਿਰ ਬਹਿਰ ਸੀ ਫੁੱਲਾਂ ਨਾਲ ਖੇਡਦੀ ਸੁਗੰਧਾਂ ਖੱਸਦੀ ਘੁੰਮਦੀ ਸੀ ਵਾਉ ਖਿੜ ਖਿੜ ਹੱਸਦੀ ਲਛਮਣ ਰੁਝੇ ਕੁਟੀਆ ਸਜਾਣ ਵਿਚ ਗਾਉਂਦੇ ਸੀ ਕੁਝ ਮੱਠੀ ਮੱਠੀ ਤਾਨ ਵਿਚ ਸੀਤਾ ਜੀ ਸਵੇਰ ਤੋਂ ਹੀ ਸਹੁਰੇ ਘਰ ਦੇ ਗੁਣ ਜਪ ਜਪ ਜਾਪਦੇ ਸੀ ਠਰਦੇ ਵਿਛਿਆ ਸੁਹੱਪਣ ਦੇਖ ਬੋਲੇ ਰਾਮ ਜੀ ਸੀਤਾ ਦੇਖ ਮਿਠਾ ਮਿਠਾ ਸ਼ੋਰ ਸਾਮ੍ਹਣੇ ਖੜਜ ਅਲਾਪ ਰਹੇ ਮੋਰ ਸਾਮ੍ਹਣੇ ਮੋਤੀਆਂ ਦੇ ਗੁਛੇ ਪਹਿਨ ਮਾਨ ਮੱਤੀਆਂ ਕੱਢ ਰਹੀਆਂ ਹਰੀ ਹਰੀ ਸ਼ਾਨ ਪੱਤੀਆਂ ਗਿੱਲੇ ਗਿੱਲੇ ਖੰਭ ਝਾੜ ਪੰਛੀ ਬੋਲਦੇ ਸਾਥੀ ਮਿਲ ਬਰਖਾ ਦਾ ਹਾਲ ਫੋਲਦੇ ਨਾਲੀਆਂ ਸਪੋਲੀਆਂ ਦੇ ਵਾਂਗ ਜਾਂਦੀਆਂ ਤਰ ਤਰ ਧਾਂਦੀਆਂ ਮਲ੍ਹਾਰ ਗਾਂਦੀਆਂ ਲਗਰਾਂ ਤੇ ਝੂਮ ਮੁਸਕਾਣ ਕਲੀਆਂ ਛੰਡ ਕੇ ਸੁਗੰਧਾਂ ਮਾਘੇ ਪਾਣ ਕਲੀਆਂ ਬਨੂ ਜੀਅ ਜੰਤਾਂ ਜਿਵੇਂ ਮੀਰਾਂ ਮਾਰੀਆਂ ਖੁਸੀਆਂ ਦੇ ਸਰ ਵਿੱਚ ਲਾਂਦੇ ਤਾਰੀਆਂ ਅੱਜ ਸੀਤਾ ਜੀ ਵੀ ਮੁਸਕਾਂਦੇ ਜਾਪਦੇ ਅੱਜ ਲਛਮਣ ਜੀ ਵੀ ਗਾਂਦੇ ਜਾਪਦੇ *** *** *** ਏਨੇ ਵਿਚ ਹੋਰ ਸੀ ਤੇ ਹੋਰ ਹੋ ਗਿਆ ਉਡਦਿਆਂ ਪੰਛੀਆਂ ਦਾ ਸ਼ੋਰ ਹੋ ਗਿਆ ਨੱਸਦਿਆਂ ਪਸ਼ੂਆਂ ਦਾ ਜ਼ੋਰ ਹੋ ਗਿਆ ਗਰਦੇ ਦਾ ਦੂਰ ਘਨਘੋਰ ਹੋ ਗਿਆ ਰਾਮ ਜੀ ਦਾ ਵਰਨਣ ਸੀ ਜੋ ਥੰਮਿਆ ਸੀਤਾ ਜੀ ਦਾ ਸੁਫ਼ਨਾ ਓਥੇ ਹੀ ਜੰਮਿਆ ਗੀਤ ਲਛਮਣ ਜੀ ਦਾ ਬੰਦ ਹੋ ਗਿਆ ਬਦਲਾਂ ਦੇ ਓਹਲੇ ਜਿਵੇਂ ਚੰਦ ਹੋ ਗਿਆ ਗਰਦੇ ਦਾ ਦੂਰੋਂ ਘਨਘੋਰ ਦੇਖਿਆ ਤਿੰਨਾਂ ਰੰਗ ਢੰਗ ਹੋਰ ਹੋਰ ਦੇਖਿਆ ਸੀਤਾ ਡਿੱਠਾ ਰਾਖਸ਼ਾਂ ਦੇ ਹੜ੍ਹ ਆ ਗਏ ਬਣ ਦਿਆਂ ਮੁਨੀਆਂ ਤੇ ਚੜ੍ਹ ਆ ਗਏ ਰਾਮ ਡਿੱਠਾ ਭਰਤ ਮਨਾਣ ਆ ਗਏ ਨਵਾਂ ਇੱਕ ਸੂਰਜ ਚੜ੍ਹਾਣ ਆ ਗਏ ਲਛਮਣ ਜਾਤਾ ਕੰਡੇ ਕੰਢੇ ਮਾਓਂ ਦੇ ਤੋੜਨ ਨੂੰ ਭਾਵੇਂ ਪੁੱਤ ਹੋਰੀਂ ਆਉਂਦੇ ਲਛਮਣ ਜੀ ਇਹ ਬੋਲ ਲਾਲ ਹੋ ਗਏ ਭਵਾਂ ਚਾੜ੍ਹ ਵੈਰੀਆਂ ਦਾ ਕਾਲ ਹੋ ਗਏ ਬੁੱਲ ਫਰਕਾਂ ਦੇ ਝਈਆਂ ਲੈ ਲੈ ਤਕਦੇ ਵਾਰ ਵਾਰ ਧਨਖ ਤੇ ਬਾਣ ਰਖਦੇ ਵਾਸਕੀ ਦੇ ਵਾਂਗਰਾਂ ਸੀ ਵਿਸ ਘੋਲਦੇ ਦੁਰਗਾ ਦੇ ਸਿੰਘ ਵਾਂਗਰਾਂ ਸੀ ਡੋਲਦੇ ਭਰਤ ਦਾ ਨਾਓਂ ਲੈ ਲੈ ਦਾੜ੍ਹ ਚੱਟਦੇ ਅੱਖਾਂ ਦੀਆਂ ਲਾਟਾਂ ਕੱਢ ਘੂਰੀ ਵੱਟਦੇ ਦਾਨਵਾਂ ਦੇ ਡਰ ਨੇ ਕੰਬਾਈ ਸੀਤਾ ਜੀ ਦੇਵਰ ਦੇ ਰੋਹ ਨੇ ਦਬਕਾਈ ਸੀਤਾ ਜੀ ਆਖਦੀ ਹੇ ਰਾਮ ਜੀ ਹੇ ਮੇਰੀ ਅੰਬੜੀ ਡਰਿਆਂ ਦੇ ਰਾਖੇ ਪਤੀ ਨਾਲ ਚੰਬੜੀ ਰਾਮ ਜੀ ਨੇ ਧੀਰਜ ਦਾ ਤੀਰ ਮਾਰਿਆ ਸੀਤਾ ਜੀ ਦਾ ਦਾਨਵਾਂ ਦਾ ਡਰ ਟਾਰਿਆ ਲਛਮਣ ਜੀ ਨੂੰ ਹੁਣ ਬੋਲੇ ਰਾਮ ਜੀ ਭਰਤ ਦੇ ਪਿਆਰ ਨਾਲ ਡੋਲੇ ਰਾਮ ਜੀ ਵੀਰਾ ਦੇਖ ਭਰਤ ਨੂੰ ਰੋਹ ਛੱਡ ਕੇ ਦਿਲੋਂ ਸਾਡੀ ਮਮਤਾ ਤੇ ਮੋਹ ਕੱਢ ਕੇ ਭਰਤ ਨੂੰ ਜਿਵੇਂ ਜਾਣਨਾ ਏਂ ਜਾਣ ਲੈ ਧਰਮ ਦਾ ਧਰੂਵ ਉਸ ਨੂੰ ਪਛਾਣ ਲੈ ਪ੍ਰੇਮ ਦਾ ਓਹ ਸਾਗਰ ਹੁਲਾਰੇ ਮਾਰਦਾ ਬੁੱਧ ਦਾ ਸੁਮੇਰ ਝਲਕਾਰੇ ਮਾਰਦਾ ਚਿੱਤ ਵਿਚ ਲੈ ਕੇ ਪਛਤਾਵੇ ਆ ਰਿਹਾ ਠਾਰਨ ਉਹ ਅੰਦਰ ਦੇ ਆਵੇ ਆ ਰਿਹਾ ਲਾਜ ਦੇ ਪਹਾੜ ਸਿਰੋਂ ਲਾਹਣ ਆ ਰਿਹਾ ਪ੍ਰਾਣਾਂ ਤੋਂ ਪਿਆਰੇ ਓਹ ਲੈ ਜਾਣ ਆ ਰਿਹਾ ਵਚਨ ਅਸਾਂ ਤੇ ਪਿਤਾ ਜੀ ਦਾ ਪਾਲਣਾ ਲਾਗਾ ਦੇਗਾ ਸਾਨੂੰ ਨਗਰੀ ਦੇ ਨਾਲ ਨਾ ਭਰਤ ਦਾ ਪਰ ਸਤਜੁਗੀ ਤਿਆਗ ਹੈ ਮਮਤਾ ਪਿਆਰ ਭਗਤੀ ਵਿਰਾਗ ਹੈ ਲਛਮਣ ਬੋਲੇ ਭਰਤ ਜੀ ਧੰਨ ਹੋ ਸੀਤਾ ਜੀ ਵੀ ਬੋਲੇ ਭਰਤ ਜੀ ਧੰਨ ਹੋ ਭਰਤ ਦੇ ਖੋਜੀ ਬਣ ਨੈਣ ਭੱਜਦੇ ਕੁਟੀਆ ਦੀ ਉੱਘ ਸੁੱਘ ਲੈਣ ਭੱਜਦੇ ਤੱਕੀ ਇਕ ਕੁਟੀਆ ਇਸ਼ਾਰੇ ਕਰਦੀ ਤੱਕੀ ਉਨ੍ਹਾਂ ਬਾਹਰ ਜੈ ਜੈ ਕਾਰੇ ਕਰਦੀ *** *** *** ਵਿਛੜੇ ਜੋ ਮਿਲੇ ਚੁੱਪ ਚਾਣ ਹੋ ਗਈ ਕੁੱਟੀ ਬਦਲਾਂ ਦੀ ਘਮਸਾਨ ਹੋ ਗਈ ਸਾਵਾਂ ਦੀਆਂ ਵਾਵਾਂ ਦਬਾ ਦਬ ਚੱਲੀਆ ਅੱਥਰੂ ਫੁਹਾਰਾਂ ਜਾਂਦੀਆਂ ਨਾ ਠੱਲ੍ਹੀਆਂ ਮੱਚਦੀ ਸੀ ਢਾਂਡ ਤੇ ਝਲਾਰ ਗਿੜਿਆ ਦੀਪਕ ਦੇ ਨਾਲ ਹੀ ਮਲ੍ਹਾਰ ਛਿੜਿਆ ਮੇਲਾ ਸਤਜੁਗੀ ਤੀਰਥ ਪਰਾਗ ਸੀ ਮਮਤਾ ਪਿਆਰ ਭਗਤੀ ਵਿਰਾਗ ਸੀ ਚਿਤ੍ਰਕੁਟੀ ਮੁਨੀ ਨੇ ਉਠਾਇਆ ਵੀਰਾਂ ਨੂੰ ਸੁੰਘ ਸੰਘ ਛਾਤੀ ਨਾਲ ਲਾਇਆ ਵੀਰਾਂ ਨੂੰ ਵੀਰ ਕੀ ਪਿਲੱਤਣ ਦਾ ਬੁੱਤ ਜਾਪਦੇ ਵੇਲਾ ਭੁੱਲੀ ਪੱਤਝੜ ਰੁੱਤ ਜਾਪਦੇ ਹਾਲ ਹੁਣ ਇੱਕ ਦੂਸਰੇ ਦਾ ਦੇਖਦੇ ਵਾਰੀ ਵਾਰੀ ਜਾਂਦੇ ਕਰਮਾਂ ਦੀ ਰੇਖ ਦੇ ਹੌਲੇ ਹੌਲੇ ਠੰਡੇ ਸਾਹ ਭਰ ਬੋਲਦੇ ਹੌਲੇ ਹੌਲੇ ਡੱਕਾ ਝਾਕਿਆਂ ਦਾ ਖੋਲ੍ਹਦੇ ਰਾਮ ਜੀ ਨੇ ਪਿਤਾ ਜੀ ਦਾ ਹਾਲ ਪੁੱਛਿਆ ਹਾਲ ਦੇ ਭੁਲੇਖੇ ਭਾਵੇਂ ਕਾਲ ਪੁੱਛਿਆ ਭਰਤ ਨੇ ਰੋ ਰੋ ਦੱਸੀ ਹੋ ਵਰਤੀ ਕੁੱਟ ਕੁੱਟ ਅੱਡੀਆਂ ਦੇ ਨਾਲ ਧਰਤੀ ਬਣੇ ਬਨਵਾਸੀ ਘਰ ਵਾਸੀ ਹੋਰ ਵੀ ਛੁੱਟ ਗਈ ਗੱਡੀ ਟੁੱਟ ਗਈ ਡੋਰ ਵੀ ਪੌਣ ਚੱਕੀ ਚਵੀ ਝਰਨਾ ਵੀ ਝਰਿਆ ਓੜਕ ਨੂੰ ਸਾਰਿਆਂ ਨੇ ਧੀਰ ਧਰਿਆ ਝੁਰੇ ਰਾਮ ਲਛਮਣ ਸੀਤਾ ਪਿਤਾ ਨੂੰ ਵਿਧ ਨਾਲ ਜਲ ਪਿੰਡ ਕੀਤਾ ਪਿਤਾ ਨੂੰ *** *** *** ਕੁਟੀਆ ਨੂੰ ਖੋਜ ਦੂਜੇ ਦਾ ਵਸਿਸ਼ਠ ਜੀ ਰਾਣੀਆਂ ਸਮੇਤ ਪੁੱਜੇ ਆ ਵਸਿਸਠ ਜੀ ਭਾਵਾਂ ਦੀਆਂ ਫੇਰ ਝੁੱਲੀਆਂ ਹਨੇਰੀਆਂ ਬਦਲਾਂ ਵਰ੍ਹਾਊਆਂ ਫੇਰ ਪਾਈਆਂ ਫੇਰੀਆਂ ਮੁਨੀਆਂ ਨੂੰ ਦੇਖ ਮਾਵਾਂ ਹੋਈਆਂ ਬੌਰੀਆਂ ਖੱਖਰਾਂ ਭਨਾ ਕੇ ਜਿਵੇਂ ਹੋਣ ਭੌਰੀਆਂ ਤਿੰਨੇ ਵਾਰੀ ਵਾਰੀ ਵਾਰੀ ਵਾਰੀ ਤਿੰਨਾਂ ਦੇ ਮੱਥੇ ਚਰਨਾਂ ਥੋਂ ਵਾਰੀ ਵਾਰੀ ਤਿੰਨਾਂ ਦੇ ਗੱਲਾਂ ਬਾਤਾਂ ਹੋਈਆਂ ਅਰਮਾਨਾਂ ਵਾਲੀਆਂ ਛਿੜੀਆਂ ਸਿਤਾਰਾਂ ਸੋਗੀ ਤਾਨਾਂ ਵਾਲੀਆਂ ਭਰਤ ਨੇ ਪੈਰੀਂ ਡਿੱਗ ਵੱਡੇ ਭਾਈ ਦੇ ਭਾਵ ਦੱਸੇ ਨਗਰੀ ਬਨਾਂ ਨੂੰ ਆਈ ਦੇ ਬੋਲੇ ਮੇਰੇ ਪ੍ਰਾਣਾਂ ਥੋਂ ਪਿਆਰੇ ਵੀਰ ਜੀ ਪਰਜਾ ਕਮਾਈ ਦੇ ਸਹਾਰੇ ਵੀਰ ਜੀ ਰਾਜ ਪਾਟ ਜ਼ਹਿਰ ਮੈਨੂੰ ਗੱਦੀ ਪਾਪ ਦੀ ਆਪ ਦਾ ਹੀ ਮੈਂ ਤੇ ਰਾਜ ਗੱਦੀ ਆਪ ਦੀ ਭੁੱਲਦਾ ਮਨੁੱਖ ਮੇਰੀ ਮਾਤਾ ਭੁੱਲ ਗਈ ਅਬਲਾ ਤੇ ਲੋਭ ਦੀ ਹਨੇਰੀ ਝੁੱਲ ਗਈ ਮਾਰੀ ਪਛਤਾਵੇ ਦੀ ਇਹ ਜੀਂਦੀ ਮਰਦੀ ਬੁੱਕਲ ਦੇ ਵਿੱਚ ਨਿੱਤ ਹਾਵੇ ਕਰਦੀ ਮੁੱਕਿਆ ਸੁਹਾਗ ਸਾਰਾ ਰਾਗ ਮੁੱਕਿਆ ਵਿਧਵਾ ਅਯੁੱਧਿਆ ਦਾ ਭਾਗ ਮੁੱਕਿਆ ਵਚਨ ਪਿਤਾ ਦਾ ਪੂਰਾ ਕੀਤਾ ਆਪ ਨੇ ਬਨੀਂ ਆ ਕੇ ਲਛਮਨ ਸੀਤਾ ਆਪ ਨੇ ਪਿਤਾ ਅੱਗੇ ਵਚਨ ਜੋ ਕੀਤਾ ਆਪ ਨੇ ਭਾਵ ਪੱਕਾ ਦੱਸ ਕਰ ਲੀਤਾ ਆਪ ਨੇ ਪਿਤਾ ਗਏ ਮਾਵਾਂ ਆਈਆਂ ਨੇ ਸੁਨਾਣ ਨੂੰ ਮੁਨੀ ਬੈਠੇ ਤਤ ਪ੍ਰਾਣ ਦਾ ਵਿਖਾਣ ਨੂੰ ਭਰਤ ਹੈ ਰਾਮ ਦਾ ਤੇ ਗੱਦੀ ਰਾਮ ਦੀ ਰਾਮ ਦੀ ਖਦੇੜੀ ਭਾਵੇਂ ਸੱਦੀ ਰਾਮ ਦੀ ਪ੍ਰਣ ਦੇ ਪੰਘੂੜੇ ਚੜ੍ਹ ਪਿਤਾ ਲੱਦ ਗਏ ਹੱਦ ਕਰ ਪ੍ਰਣ ਦੀ ਵਿਖਾ ਕੇ ਹੱਦ ਗਏ ਜਿਸ ਨੇ ਗਣੇਸ਼ਾਏ ਨਮਾ ਸੀ ਬੋਲਿਆ ਇਤੀ ਸਿਰੀ ਨਾਲ ਉਹਦਾ ਮਨ ਡੋਲਿਆ ਬਣ ਪਛਤਾਵਿਆਂ ਦਾ ਭਾਰ ਆ ਗਈ ਬਣ ਧੂੰ ਧੂੰ ਕਾਰ ਤੇ ਫੁਹਾਰ ਆ ਗਈ ਸੀਤਾ ਜੀ ਸੀ ਸਹਿਮੀ ਦੇਖਕੇ ਭਰਾਵਾਂ ਨੂੰ ਜੇਠ ਪੋਹ ਦੀਆਂ ਛੁਟੀਆਂ ਹਵਾਵਾਂ ਨੂੰ ਲੁੱਛ ਪਈ ਦੇਖ ਲੁੱਛਦੀਆਂ ਮਾਵਾਂ ਨੂੰ ਆਸਰਿਓਂ ਬਾਝ ਘੁੰਮਦੀਆਂ ਛਾਵਾਂ ਨੂੰ ਰਾਮ ਜੀ ਅਡੋਲ ਮਿੱਠੇ ਬੋਲ ਬੋਲਦੇ ਵਚਨਾਂ ਦੇ ਪੇਚੇ ਪਿਆਰ ਨਾਲ ਖੋਲ੍ਹਦੇ ਮਿੱਠਤ ਦਾ ਜਾਦੂ ਮਾਰ ਮੋਂਹਦੇ ਮਾਵਾਂ ਨੂੰ ਚਾਨਣ ਖਿਲਾਰ ਗੁਰੂ ਤੇ ਭਰਾਵਾਂ ਨੂੰ ਪੁੱਟ ਧੁੱਪ ਜੀਵਨ ਦਾ ਪੋਲ ਦੱਸਦੇ ਹੋਂਦਾ ਆਇਆ ਕਰਮਾਂ ਦਾ ਘੋਲ ਦੱਸਦੇ ਖੋਲ੍ਹ ਖੋਲ੍ਹ ਹੋਣੀ ਅਨਮੋੜ ਦੱਸਦੇ ਹੱਦਾਂ ਉਚਿਆਈਆਂ ਦੀਆਂ ਤੋੜ ਦੱਸਦੇ ਗੁਰੂ ਦਿਆਂ ਚਰਨਾਂ 'ਚ ਨੇਮ ਬੋਲਦੇ ਚਰਨੀਂ ਕੁਸ਼ੱਲਿਆ ਦੇ ਪ੍ਰੇਮ ਬੋਲਦੇ ਨਿਓਂ ਕੇ ਸੁਮਿਤਰਾਂ ਨੂੰ ਤਿਆਗ ਬੋਲਦੇ ਝੁੱਕ ਕੇ ਕਕਈ ਨੂੰ ਬਲੀ ਭਾਗ ਬੋਲਦੇ ਪ੍ਰੇਮ ਚੁਪ ਚਾਪ ਸੀ ਫੁਹਾਰ ਬਣਿਆ ਤਿਆਗ ਕੌਲ ਫੁੱਲ ਧੂੜ ਝਾੜ ਬਣਿਆ ਭਾਗ ਦੀ ਬਲੀ ਨੇ ਲੰਬਾ ਸਾਹ ਛੱਡਿਆ ਬੋਲੀ ਮੈਂ ਸੀ ਮਾਵਾਂ ਵਾਲਾ ਰਾਹ ਛੱਡਿਆ ਰਾਮ ਦੀ ਕਹਾਣੀ ਸੰਸਾਰ ਕਰੇਗਾ ਤੱਤੜੀ ਨੂੰ ਲੱਖ ਫਿਟਕਾਰ ਕਰੇਗਾ ਰਾਮ ਜੀ ਸੀ ਕੋਹਰੇ ਵਿੱਚੋਂ ਚੰਨ ਦੇਖਦੇ ਸਾਧਨੀ ਦੀ ਟੁੱਟੀ ਭੱਜੀ ਛੰਨ ਦੇਖਦੇ ਬੋਲੇ ਮਾਤਾ ਕੁੰਦਨ ਦਾ ਰੰਗ ਦੇਖਦਾ ਪਤਝੜ ਦੀ ਰੁੱਤ ਦੀ ਸੁਗੰਧ ਦੇਖਦਾ ਭਰਤ ਦੀ ਮਾਤਾ ਹੈਂ ਜੋਤ ਜਾਗਦੀ ਗੰਗਾ ਮਾਈ ਤੋਂ ਹੀ ਮਹਿਮਾ ਹੈ ਪਰਾਗ ਦੀ ਭਰਤ ਜੋ ਬੋਲਿਆ ਏ ਰਾਜਨੀਤ ਹੈ ਧਰਮ ਦੇ ਘਰ ਪਰ ਹੋਰ ਰੀਤ ਹੈ ਵਚਨਾਂ ਤੇ ਵਚਨਾਂ ਦੇ ਰੰਗ ਹੋਰ ਨੇ ਧਰਮ ਨਿਭਾਵਣ ਦੇ ਢੰਗ ਹੋਰ ਨੇ ਮਮਤਾ ਹੈ ਤੇਰੇ ਵਚਨਾਂ 'ਚ ਬੋਲਦੀ ਧਰਮ ਨੂੰ ਨੀਤੀਆਂ ਦੇ ਪੱਲੇ ਤੋਲਦੀ ਬੱਝਾ ਨੇਮ ਵਿਚ ਸੰਸਾਰ ਜਾ ਰਿਹਾ ਜੀਵਨ ਹੈ ਨੇਮ ਦੇ ਹੀ ਗੀਤ ਗਾ ਰਿਹਾ ਪਾਲਣਾ ਜੋ ਕੀਤਾ ਧਰਮ ਮੈਂ ਪਾਲਣਾ ਵਚਨਾਂ ਤੋਂ ਟਾਲ ਸੱਕੇ ਮੈਨੂੰ ਕਾਲ ਨਾ ਭਰਤ ਪਿਤਾ ਦਾ ਆਖਾ ਸਿਰ ਧਰ ਕੇ ਧਰਮ ਨੂੰ ਪਾਲ ਹੁਣ ਰਾਜ ਕਰਕੇ ਪਿਤਾ ਤੈਨੂੰ ਸੁਰਗਾਂ ਤੋਂ ਰਾਹ ਪਾਣਗੇ ਫੁੱਲ ਤੇਰੇ ਉਤੇ ਦੇਵਤੇ ਵਸਾਣਗੇ ਉੱਚੀ ਹੋਵੇ ਟੇਕ ਸੰਸਾਰ ਪਾਜ ਹੈ ਰਾਜ ਬਣਵਾਸ ਬਣਵਾਸ ਰਾਜ ਹੈ ਮੇਰੀਆਂ ਅਸੀਸਾਂ ਨਾਲ ਜਾਵੋ ਵੀਰ ਜੀ ਰਾਜ ਦਾ ਕੜਾਹੀ ਫੁੱਲ ਪਾਵੋ ਵੀਰ ਜੀ ਪਰਜਾ ਦੀ ਰਾਖੀ ਕਰੋ ਧੀਰ ਧਰ ਕੇ ਪਿਤਰ ਰਿਝਾਵੋ ਕਰਤੱਵ ਕਰਕੇ ਜਗ ਵਿਚ ਫੇਰ ਸਤਜੁਗ ਵਰਤੇ ਸੁਖ ਦੀਆਂ ਛਾਵਾਂ ਹੋਣ ਘਰ ਘਰ ਤੇ ਰਾਹ ਸੁਖਦਾਈ ਹੋਣ ਜਾਓ ਵੀਰ ਜੀ ਸਾਹ ਠੰਢੇ ਠੰਢੇ ਨਾ ਵਗਾਓ ਵੀਰ ਜੀ ਰਾਮ ਹੱਥ ਜੋੜ ਅੱਖਾਂ ਮੀਟ ਚੁਪ ਸੀ ਸਭਾ ਤੇ ਉਦਾਸੀ ਸੀ ਹਨੇਰਾ ਘੁਪ ਸੀ ਧਰਮ ਦੀ ਟੀਸੀ ਤੇ ਅਟੱਲ ਵੀਰੇ ਨੂੰ ਦੇਖਿਆ ਭਰਤ ਧੀਰਿਆਂ ਦੇ ਧੀਰੇ ਨੂੰ ਬੋਲੇ ਵੀਰ ਮਾਤਾ ਮੇਰੀ ਲਾਜ ਮਰਦੀ ਪੱਛੋਤਾਵਿਆਂ ਦੇ ਆਵੇ ਵਿਚ ਸੜਦੀ ਮਾਵਾਂ ਦੂਜੀਆਂ ਦਾ ਹਾਲ ਜੇਹਾ ਹਾਲ ਨਾ ਕਾਲ ਨੂੰ ਬੁਲਾਣ ਪਰ ਆਵੇ ਕਾਲ ਨਾ ਬਨਾਂ ਵਿਚ ਹਾਏ ਤੁਸਾਂ ਰਹਿਣਾ ਥਾਪਿਆ ਮੈਂ ਵੀ ਰਾਜ ਗੱਦੀ ਤੇ ਨਾ ਬਹਿਣਾ ਥਾਪਿਆ ਬਣ ਮੇਰਾ ਰਾਜ ਸੱਖਣੀ ਅਜੁੱਧਿਆ ਪੰਡ ਪਾਪਾਂ ਦੀ ਕੁਲੱਖਣੀ ਅਜੁੱਧਿਆ ਗੱਦੀ ਤੋਂ ਹੈ ਮੇਰਾ ਮਨ ਬੌਰਾ ਨੱਸਦਾ ਚੰਬੇ ਖਿੜਦੇ ਤੋਂ ਜਿਵੇਂ ਭੌਰਾ ਨੱਸਦਾ ਦਾਨੀਆਂ ਦੇ ਦਾਨੀ ਓ ਮੈਂ ਦਾਨ ਮੰਗਨਾ ਜਾਂਦੇ ਓ ਨਾ ਸੰਗ ਰਖਦੇ ਓ ਸੰਗ ਨਾ ਦਾਨ ਕਰੋ ਜੋੜੀ ਆਪਣੀ ਖੜਾਵਾਂ ਦੀ ਮੱਥੇ ਦਾ ਸ਼ਿੰਗਾਰ ਮੇਰਾ ਸਾਥੀ ਰਾਹਵਾਂ ਦੀ ਗੱਦੀ ਤੇ ਬਿਰਾਜ ਏਸੇ ਰਾਜ ਕਰਨਾ ਭਰਤ ਨੇ ਹੱਥ ਬੰਨ੍ਹ ਕਾਜ ਕਰਨਾ ਸੁਰਗਾਂ ਦੇ ਘੂਕਦੇ ਵਿਮਾਨ ਥੰਮ ਗਏ ਪਿਤਰ ਹਰਾਨ ਆਸਨਾਂ ਤੇ ਜੰਮ ਗਏ ਸਭਾ ਬਿਸਮਾਦ ਵਿਚ ਬੌਰੀ ਹੋ ਗਈ ਬੰਦ ਕੌਲ ਫੁਲ ਵਿਚ ਭੌਰੀ ਹੋ ਗਈ *** *** *** ਮੱਥੇ ਤੇ ਖੜਾਵਾਂ ਨਿਵਾ ਰਾਜਾ ਬੋਲਿਆ ਰਾਜ ਤਿੰਨਾਂ ਲੋਕਾਂ ਦਾ ਇਨ੍ਹਾਂ ਤੋਂ ਘੋਲਿਆ ਠਾਕਰੀ ਇਨ੍ਹਾਂ ਦੀ ਤੇ ਅਸਾਂ ਦੀ ਚਾਕਰੀ ਕਾਰ ਇਹ ਨਿਭਾਣੀ ਪੂਰੇ ਚੌਦਾਂ ਤਾਕਰੀ ਠਾਕਰ ਦੁਆਰਾ ਨੰਦੀ ਰਾਮ ਬਣੇਗਾ ਦੇਵਤਾ ਅਸਾਡਾ ਸਿਰੀ ਰਾਮ ਬਣੇਗਾ ਚੰਬੇ ਉਤੇ ਬੈਠ ਹੁਣ ਭੌਰਾ ਖਿੜੇਗਾ ਰਾਮ ਰਾਮ ਰਾਮ ਦਾ ਸੰਗੀਤ ਛਿੜੇਗਾ ਰਾਮ ਜੀ ਨੇ ਪ੍ਰਾਣਾਂ ਨਾਲ ਪੀ ਪੀ ਵੀਰਾਂ ਨੂੰ ਘੁਟ ਘੁਟ ਛਾਤੀ ਨਾਲ ਸੀ ਸੀ ਵੀਰਾਂ ਨੂੰ ਅੱਖਾਂ ਮੀਟ ਹੱਥ ਜੋੜ ਜੋੜ ਮਾਵਾਂ ਨੂੰ ਮੱਥਾ ਟੇਕ ਹੋਰ ਪੂਜਾ ਦੀਆਂ ਥਾਵਾਂ ਨੂੰ ਪਰਜਾ ਪਿਆਰੀ ਤੋਂ ਵਿਦਾਈਆਂ ਮੰਗੀਆਂ ਥਲੀਆਂ ਉਹ ਸਾਵਨ ਦੇ ਰੰਗ ਰੰਗੀਆਂ ਮੂੰਹ ਲੈ ਕੇ ਆਪਣਾ ਪਿਆਰੈ ਟੁਰ ਪਏ ਬੁਚਕੇ ਖੁਹਾ ਕੇ ਵਨਜਾਰੇ ਟੁਰ ਪਏ *** *** *** ਆਪਣੇ ਹੀ ਬਣ ਪਰਛਾਵੇਂ ਟੁਰ ਪਏ ਮੂੰਹ ਨੂੰ ਮਾਰ ਜੰਦਰੇ ਨਥਾਵੇਂ ਟੁਰ ਪਏ ਮੁੜ ਆਏ ਪਾਂਧੀ ਜੀਭਾਂ ਦਾਨ ਕਰ ਕੇ ਬੈਠੀ ਸੀ ਅਜੁੱਧਿਆ ਧਿਆਨ ਕਰਕੇ ਚੁਪ ਦਾ ਸੀ ਪਹਿਰਾ ਚਾਰੇ ਪਾਸੇ ਫਿਰਿਆ ਪੋਚਾ ਕਾਰ ਕਿਰਤ ਨੂੰ ਭਾਸੇ ਫਿਰਿਆ ਛਡਿਆ ਜਨੌਰਾਂ ਗਹਿਕਣਾ ਤੇ ਚਹਿਕਣਾ ਫੁੱਲਾਂ ਸੌਂਹ ਕੀਤਾ ਟਹਿਕਣਾ ਤੇ ਮਹਿਕਣਾ ਕਿਤੇ ਕਿਤੇ ਇੱਲ ਉੱਤੇ ਚੀਂ ਕਰਦੀ ਬਿਲੀ ਲੁਕ ਲੁਕ ਕਿਤੇ ਮੀਂ ਕਰਦੀ ਬਿਰਹੋਂ ਦੇ ਮਾਰੇ ਪਾਂਧੀ ਘਰੀਂ ਵੜ ਗਏ ਸਾਸ ਪ੍ਰਭ ਜਾਣੇ ਕੇਹੜੀ ਆਸ ਅੜ ਗਏ ਭਰਤ ਅਜੁੱਧਿਆ ਨੂੰ ਆਣ ਦੇਖਿਆ ਸੁੱਤੜਾ ਤੂਫ਼ਾਨ ਸ਼ਮਸ਼ਾਨ ਦੇਖਿਆ ਨਰਕ ਦੇ ਰੰਗ ਦਿਸੇ ਰਾਜ ਮਹਲ ਦੇ ਭੂਤਾਂ ਪਰਛਾਵਿਆਂ ਦੀ ਚਹਿਲ ਪਹਿਲ ਦੇ ਪਿਤਾ ਜੀ ਦਾ ਰੋਹ ਕਿਤੇ ਮੋਹ ਨੱਚਦਾ ਮਾਤਾ ਜੀ ਦਾ ਰੋਹਬ ਕਿਤੇ ਲੋਭ ਮੱਚਦਾ ਰਾਮ ਵੀਰ ਕਿਤੇ ਮੁਸਕਾਂਦੇ ਦਿਸਦੇ ਲਛਮਣ ਬਾਣ ਲਿਸ਼ਕਾਂਦੇ ਦਿਸਦੇ ਚੁਪ ਚਾਪ ਕਿਤੇ ਭੋਲੀ ਸੀਤਾ ਦਿਸਦੀ ਵੱਡੀ ਮਾਤ ਜ਼ਹਿਰ ਘੁਟ ਪੀਤਾ ਦਿਸਦੀ ਛੋਟੀ ਮਾਂ ਦਾ ਤਰਦਾ ਪਿਆਰ ਦਿਸਦਾ ਡੁੱਬ ਡੁੱਬ ਜਾਂਦਾ ਸੰਸਾਰ ਦਿਸਦਾ ਲੀਲਾ ਕਿਤੇ ਦੇਖੀ ਉਰਮਿੱਲਾ ਨਾਰ ਦੀ ਕੋਨੇ ਵਿਚ ਜੀਵਨ ਦਾ ਖਿੱਧੋ ਮਾਰਦੀ ਆਪਣੇ ਹਨੇਰੇ ਦਿਬ ਜੋਤੀ ਉਰਮਿੱਲਾ ਡੂੰਘਿਆਂ ਸਮੁੰਦਰਾਂ ਦਾ ਮੋਤੀ ਉਰਮਿੱਲਾ ਮਨ ਦੀਆਂ ਮੂਰਤਾਂ ਕੁਮਾਰ ਤੱਕਦਾ ਡੀਕਾਂ ਲਾ ਲਾ ਹੰਝੂਆਂ ਦੇ ਗੁੱਛੇ ਛੱਕਦਾ ਮੰਤਰੀ ਵੀ ਹੋਣੀ ਸਿਰ ਭਸ ਪਾਉਂਦੇ ਬੋਲੇ ਦਸਰਥ ਦਾ ਜਸ ਗਾਉਂਦੇ ਹੋਣੀ ਹੋਣੀ ਸੀ ਹੀ ਮਿੱਠਾ ਭਾਣਾ ਕਰਕੇ ਵਡਿਆਂ ਦਾ ਕਹਿਣਾ ਸਿਰ ਮੱਥੇ ਧਰਕੇ ਰਾਜ ਕਾਜ ਕਰੋ ਪਰਜਾ ਨਿਮਾਣੀ ਦਾ ਰਾਜੇ ਬਾਜ ਝੱਟ ਲੰਘਦਾ ਨਾ ਜਾਣੀ ਦਾ ਬੋਲਿਆ ਖੜਾਵਾਂ ਇਨ੍ਹਾਂ ਰਾਜ ਕਰਨਾ ਭਰਤ ਨੇ ਦਾਸ ਬਣ ਕਾਜ ਕਰਨਾ ਰਾਜਧਾਨੀ ਨੰਦੀ ਗਾਮ ਨੂੰ ਬਣਾਵਣਾ ਪੈਰ ਏਸ ਥਾਂ ਨਾ ਚੌਦਾਂ ਸਾਲ ਪਾਵਣਾ ਭਰਤ ਨੇ ਦਾੜ੍ਹੀ ਜਟਾ ਜੂਟ ਧਾਰਿਆ ਜੱਗੋਂ ਬਾਹਰਾ ਰਾਮ ਮੰਦਰ ਉਸਾਰਿਆ ਭਰਤ ਦੀ ਦੇਹੀ ਪਤਝੜ ਬਣ ਗਈ ਗੁਣਾਂ ਦਿਆਂ ਕਮਲਾਂ ਦਾ ਗੜ੍ਹ ਬਣ ਗਈ ਪਾਣੀ ਥੱਲੇ ਲਹਿ ਕੇ ਨਦੀ ਬਾਉਲੀ ਸਰ ਦੀ ਮੋਤੀਆਂ ਦੇ ਵਾਂਗ ਝਲਕਾਰੇ ਕਰਦੀ ਧੰਨ ਰਾਣੀ ਮਾਂਡਵੀ ਜੁਗਾਂ ਦੀ ਸੰਤਨੀ ਸਤੀਆਂ ਨੂੰ ਨਵੀਂ ਡੰਡੀ ਪਾਂਦੀ ਸੰਤਨੀ ਅੱਜ ਤੋਂ ਖੜਾਵਾਂ ਇਨ੍ਹਾਂ ਰਾਜ ਕਰਨਾ ਭਰਤ ਨੇ ਦਾਸ ਬਣ ਕਾਜ ਕਰਨਾ *** *** *** ਰਾਜ ਮੁਨੀ ਹੁਣ ਮੁਨੀ ਪੱਕੇ ਹੋ ਗਏ ਚਿਰਕੇ ਗਵਾਂਢੀਆਂ ਦੇ ਸਕੇ ਹੋ ਗਏ ਭਲਿਆਂ ਦੇ ਸੰਗ ਦਾ ਅਨੰਦ ਮਾਣਦੇ ਭਲਿਆਂ ਨੂੰ ਆਪਣੇ ਹੀ ਅੰਗ ਜਾਣਦੇ ਤਾਰੇ ਭਾਵੇਂ ਰਾਤ ਦੇ ਸੀ ਫੁੱਲ ਦਿਨ ਦੇ ਦਿਨ ਸਨ ਕਟ ਰਹੇ ਦਿਨ ਗਿਣਦੇ ਨਿਰਾ ਪੁਰਾ ਸੁਖ ਲਮਕ ਅਕਾਂਵਦਾ ਹੋਰ ਫੇਰ ਵਿਚ ਸੁਖ ਦੁਖ ਭਾਂਵਦਾ ਸਾਡੇ ਬਨਵਾਸੀਆਂ ਉਦਾਸੀ ਫੜ ਲਈ ਛਡ ਪਰਯਾਗ ਜਿਵੇਂ ਕਾਸ਼ੀ ਫੜ ਲਈ ਅੱਤਰੀ ਮੁਨੀ ਦਾ ਨਿੱਤ ਨਾਉਂ ਸੁਣਦੇ ਜੌਹਰੀ ਗੁਣਾਂ ਦੇ ਸੀ ਬਣੇ ਭੌਰੇ ਗੁਣ ਦੇ ਅੱਤਰੀ ਨੇ ਜਾਤਾ ਤਿੰਨੇ ਵੇਦ ਆ ਗਏ ਕਰੜੀ ਤਪੱਸਿਆ ਦੇ ਭੇਦ ਆ ਗਏ ਹੀਰੇ ਲਾਲ ਨੀਲਮ ਨੇ ਜਾਲ ਤਣਿਆ ਜੋਗ ਸੀ ਕਮਾਂਦਾ ਜੋ ਵਿਪਾਰੀ ਬਣਿਆ ਖਿੜ ਖਿੜ ਮੁਨੀ ਸਤਕਾਰ ਕਰਦੇ ਰੰਗ ਰੰਗੀ ਵਚਨ ਵਿਹਾਰ ਕਰਦੇ ਕਮਲ ਨੂੰ ਮੋਤੀਆਂ ਸਿਖਾਂਦਾ ਮਹਿਕਣਾ ਮੋਤੀਏ ਨੂੰ ਕਮਲ ਸਿਖਾਂਦਾ ਟਹਿਕਣਾ ਪਤਨੀ ਮੁਨੀ ਦੀ ਅਨਸੂਯਾ ਰਾਣੀ ਸੀ ਸਤੀਆਂ ਦੀ ਸਤੀ ਜਗ ਨੇ ਜੋ ਜਾਣੀ ਸੀ ਸੀਤਾ ਜੀ ਨੂੰ ਬਾਹਰ ਲੈਣ ਆਂਦੀ ਸੋਭਦੀ ਉਸ਼ਾ ਜਿਵੇਂ ਕਲੀ ਨੂੰ ਖਿੜਾਂਦੀ ਸੋਭਦੀ ਬੋਲੀ ਸੀਤਾ ਧੀਏ ਕਿਹੜੀ ਲੋਕੀਂ ਆਈ ਤੂੰ ਪਤਨੀ ਪੁਣੇ ਦੀ ਮਰਯਾਦਾ ਪਾਈ ਤੂੰ ਟੀਸੀ ਜਗ ਜਿਵੇਂ ਕੰਚਨਜੰਘਾ ਜਾਣਦਾ ਨਦੀਆਂ ਦੀ ਨਦੀ ਮਾਈ ਗੰਗਾ ਜਾਣਦਾ ਜਗ ਵਿਚ ਸੀਤਾ ਜੇਹੀ ਸੀਤਾ ਜਾਣੀਏ ਅੱਜ ਅਸਾਂ ਸੋਮ ਰਸ ਪੀਤਾ ਜਾਣੀਏਂ ਜਗਤਾਂ ਦੀ ਮਾਤਾ ਲਜਿਆ ਥੀਂ ਡੋਲਦੀ ਬੋਲੀ ਕੰਨਾ ਵਿਚ ਅੰਮ੍ਰਿਤ ਘੋਲਦੀ ਮਾਤਾ ਜੀ ਮੈਂ ਪੁੱਜ ਕੇ ਨਿਮਾਣੀ ਨਾਰ ਹਾਂ ਸਾਗਰ ਹੋ ਤੁਸੀਂ ਮੈਂ ਨਿਤਾਣੀ ਧਾਰ ਹਾਂ ਮਾਪਿਆਂ ਸਿਖਾਇਆ ਜੋ ਸੀ ਉਹੋ ਕੀਤਾ ਮੈਂ ਮੰਤਰਾਂ ਪਿਲਾਇਆ ਜੋ ਸੀ ਉਹੋ ਪੀਤਾ ਮੈਂ ਇਕੋ ਗੱਲ ਜਾਣਾਂ ਪਤੀ ਪਤਨੀ ਨਾ ਦੋ ਸੂਰਜ ਤੋਂ ਵਖਰੀ ਨਾ ਹੋਂਦੀ ਉਹਦੀ ਲੋ ਰਾਮ ਸੰਗ ਮੇਰਾ ਬਨ ਹੈ ਅਜੁੱਧਿਆ ਰਾਮ ਬਾਝ ਮੇਰਾ ਬਨ ਹੈ ਅਜੁੱਧਿਆ ਧਰਮ ਮੈਂ ਕੀਤਾ ਵੱਡਾ ਕੰਮ ਕੀਤਾ ਕੀ ਪਤੀ ਜਿਸ ਸੇਵਿਆ ਨਾ ਜਸ ਕੀਤਾ ਕੀ ਬੋਲੀ ਅਨੁਸੂਯਾ ਮਾਤਾ ਧੀਏ ਰਾਣੀਏ ਬੋਲਣਾ ਹੈ ਸੌਖਾ ਕਰੀਏ ਤਾਂ ਜਾਣੀਏ ਕਰ ਕੇ ਵਿਖਾਇਆ ਤੂੰ ਜੋ ਜੱਗ ਬੋਲਦਾ ਲੱਭ ਲਿਆ ਤੂੰ ਜੋ ਜਪ ਤਪ ਟੋਲਦਾ ਪਰ ਤੂੰ ਹੈਂ ਬਾਲ ਬੁੱਢੜੀ ਮੈਂ ਸਾਧਨੀ ਘਰ ਆਈ ਹੋਈ ਲੋੜੀਏ ਅਰਾਧਨੀ ਮੇਰਾ ਵਿਸ਼ਵਾਸ ਕਰੇ ਰਾਖੀ ਸੀਤਾ ਦੀ ਮੇਰਾ ਜਪ ਤਪ ਹੋਵੇ ਸਾਖੀ ਸੀਤਾ ਦੀ ਸਤੀਆਂ ਦੀ ਰਾਣੀ ਬਣੀ ਰਹੇ ਜਾਨਕੀ ਆਸਨ ਅਰੁੰਧਤੀ ਦੇ ਬਹੇ ਜਾਨਕੀ ਉਮਾ ਤੈਥੋਂ ਆਪਾ ਸਦਾ ਵਾਰਦੀ ਰਹੇ ਰਮਾਂ ਮੁਸਕਾਂਦੀ ਚਿੱਤ ਠਾਰਦੀ ਰਹੇ ਇਕ ਪਾਸੇ ਮੋਤੀਆਂ ਦੀ ਝੜੀ ਸੋਭਦੀ ਦੂਜੇ ਪਾਸੇ ਮੋਤੀਆਂ ਦੀ ਲੜੀ ਸ਼ੋਭਦੀ ਸੁਰਗਾਂ ਦਾ ਸੁਖ ਸਾਂਭ ਸਾਰੇ ਸੌਂ ਗਏ ਮੇਲੇ ਸਤਜੁਗੀ ਤੱਕ ਤਾਰੇ ਸੌਂ ਗਏ ਵਾ ਵਗਾਂਦੀ ਡੋਡੀਆਂ ਖਿੜਾਂਦੀ ਆ ਗਈ ਉਸ਼ਾ ਰਾਣੀ ਸੋਨਾ ਬਿਖਰਾਂਦੀ ਆ ਗਈ ਸੂਰਜ ਨੇ ਕਿਰਨਾਂ ਦਾ ਜਾਲ ਤਣਿਆ ਜਗ ਮੁੜ ਕੰਮਾਂ ਦਾ ਆਖਾੜਾ ਬਣਿਆ ਨਿੱਤ ਨੇਮੋਂ ਵੇਹਲੇ ਅੱਤਰੀ ਜੀ ਹੋ ਗਏ ਅਗੇ ਰਾਮ ਹੱਥ ਜੋੜ ਕੇ ਖਲੋ ਗਏ ਮੰਗੀ ਆਗਿਆ ਮੁਨੀ ਥੋਂ ਅਗੇ ਜਾਣ ਦੀ ਨਵੇਂ ਰੜੇ ਨਵੇਂ ਜੰਗਲ ਵਸਾਣ ਦੀ ਮੁਨੀ ਬਨ ਦੇ ਪਕਾ ਕੇ ਮਤਾ ਆ ਗਏ ਬੋਲੇ ਸਾਨੂੰ ਜੰਗਲਾਂ ਦੇ ਡਰ ਖਾ ਗਏ ਪਾੜ ਖਾਣੇ ਪਸ਼ੂ ਪਰਲੂ ਮਚਾਂਦੇ ਨੇ ਰਾਕਸ਼ਸ ਰੋਕ ਰਸਤੇ ਸਤਾਂਦੇ ਨੇ ਦੱਭ ਸਮਿਧਾ ਲਿਆਵਣ ਦਾ ਹਾਲ ਨਾ ਫਲ ਮੂਲ ਔਖਾ ਹੋ ਗਿਆ ਸੰਭਾਲਣਾ ਗੱਲ ਕੀ ਕਿ ਸੁਣ ਮੁਨੀਆਂ ਦੇ ਕੀਰਨੇ ਹਾਮੀ ਮੁਸਕਾ ਕੇ ਭਰੀ ਰਘੁਵੀਰ ਨੇ ਝੰਗਾ ਵਿਚ ਸਾਡੇ ਬਨਵਾਸੀ ਵੜ ਗਏ ਬਨੂ ਡਰ ਜਿੱਕੁਰਾਂ ਉਦਾਸੀ ਫੜ ਗਏ ਬਨ ਵਿਚ ਲੀਲ੍ਹਾ ਲਛਮਣ ਜਤੀ ਦੀ ਖਿਲਰੀ ਸੁਗੰਧ ਸਾਰੇ ਸੀਤਾ ਸਤੀ ਦੀ ਉਜੜੀ ਸੀ ਪਈ ਵੱਸਦੀ ਅਜੁੱਧਿਆ ਜੰਗਲੀਂ ਆ ਪਈ ਹੱਸਦੀ ਅਜੁੱਧਿਆ ਬ੍ਰਿਜ ਲਾਲ ਰਕਸ਼ਾ ਦਾ ਮਨ ਜਾਣਦਾ ਰਾਮ ਫੇਰ ਧੀਰਿਆਂ ਦਾ ਧਨ ਜਾਣਦਾ *** *** ***

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਬ੍ਰਿਜ ਲਾਲ ਸ਼ਾਸਤਰੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ