Brij Lal Shastri ਬ੍ਰਿਜ ਲਾਲ ਸ਼ਾਸਤਰੀ

ਪ੍ਰੋ. ਬ੍ਰਿਜ ਲਾਲ ਸ਼ਾਸਤਰੀ ੨੦ਵੀਂ ਸਦੀ ਵਿੱਚ ਪੰਜਾਬ ਦੇ ਪਹਿਲੇ ਦਹਾਕਿਆਂ ਦੇ ਉਨ੍ਹਾਂ ਨਾਮਵਰ ਵਿਦਵਾਨਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਮਾਂ- ਬੋਲੀ ਪੰਜਾਬੀ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਬੜਾ ਪਿੰਡ ਲੋਹਟੀਆਂ ਵਿਖੇ ਪਿਤਾ ਲਾਲਾ ਅਮਰ ਚੰਦ ਮਹਾਜਨ ਅਤੇ ਮਾਤਾ ਸ੍ਰੀਮਤੀ ਜੈ ਦੇਵੀ ਦੇ ਘਰ ੧੪ ਨਵੰਬਰ ੧੮੯੪ ਨੂੰ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਦਾ ਪਿੰਡ ਪਾਕਿਸਤਾਨ ਵਿੱਚ ਚਲਾ ਗਿਆ ਸੀ। ਆਪ ਦਾ ਦਿਹਾਂਤ ੧੨ ਫਰਵਰੀ ੧੯੯੦ ਨੂੰ ਦਿੱਲੀ ਵਿਖੇ ਹੋਇਆ। ਆਪ ਨੇ ਐੱਮ.ਏ. ਤਕ ਪੜ੍ਹਾਈ ਹਮੇਸ਼ਾਂ ਅੱਵਲ ਰਹਿ ਕੇ ਕੀਤੀ ਅਤੇ ਆਪ ਨੂੰ ਹਰ ਜਮਾਤ ਵਿੱਚ ਵਜ਼ੀਫ਼ਾ ਮਿਲਦਾ ਰਿਹਾ। ਐੱਮ.ਏ. ਹਿੰਦੀ ਅਤੇ ਸੰਸਕ੍ਰਿਤ ਵਿੱਚ ਉਨ੍ਹਾਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਹਿੰਦੀ ਅਤੇ ਸੰਸਕ੍ਰਿਤ ਦੇ ਵਿਦਵਾਨ ਦੀ ਹੈਸੀਅਤ ਵਜੋਂ ਪ੍ਰੋ. ਸ਼ਾਸਤਰੀ ਸਾਹਮਣੇ ਉੱਨਤੀ ਦੇ ਕਈ ਮੌਕੇ ਸਨ ਪਰ ਉਨ੍ਹਾਂ ਸਾਰੇ ਦੁਨਿਆਵੀ ਲਾਭਾਂ ਨੂੰ ਪੰਜਾਬੀ ਮਾਂ-ਬੋਲੀ ਦੇ ਮੋਹ ਤੋਂ ਕੁਰਬਾਨ ਕਰ ਦਿੱਤਾ।

ਪ੍ਰੋ. ਸ਼ਾਸਤਰੀ ਨੇ ਸੰਨ ੧੯੧੮ ਵਿੱਚ ਐੱਮ.ਏ. ਪਾਸ ਕਰਨ ਤੋਂ ਬਾਅਦ ੧੯੧੯ ਵਿੱਚ ਸ਼ਾਸਤਰੀ ਦੀ ਡਿਗਰੀ ਪ੍ਰਾਪਤ ਕੀਤੀ। ਆਪ ਨੂੰ ਸਾਹਿਤ ਨਾਲ ਬਚਪਨ ਤੋਂ ਹੀ ਬਹੁਤ ਲਗਾਅ ਸੀ। ਇਸੇ ਦੇ ਚੱਲਦਿਆਂ ਉਨ੍ਹਾਂ ਕਾਲਜ ਮੈਗਜ਼ੀਨ ਵਿੱਚ ਅੰਗਰੇਜ਼ੀ ਵਿੱਚ ਮਜ਼ਮੂਨ ਅਤੇ ਕਵਿਤਾਵਾਂ ਲਿਖੀਆਂ। ਇੱਕ ਇਕੱਠ ਸਮੇਂ ਤਾਮਿਲ ਦੇ ਚੰਗੇ ਲਿਖਾਰੀ ਪ੍ਰੋ. ਰਾਮਾਨੁਜਾਚਾਰਜ ਨੇ ਪ੍ਰੋ. ਸ਼ਾਸਤਰੀ ਜੀ ਨੂੰ ਆਪਣੀ ਬੋਲੀ ਵਿੱਚ ਲਿਖਣ ਲਈ ਪ੍ਰੇਰਿਤ ਕੀਤਾ। ਪ੍ਰੋ. ਬ੍ਰਿਜ ਲਾਲ ਸ਼ਾਸਤਰੀ ਨੇ ਸੰਨ ੧੯੨੪ ਵਿੱਚ 'ਵੀਰਾਂਗਣਾ' ਪੁਸਤਕ ਛਪਵਾਈ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਆਪ ਨੇ ਸੰਨ ੧੯੨੫ ਵਿੱਚ ਮਹਾਂਭਾਰਤ ਦੀਆਂ ਪ੍ਰਸਿੱਧ ਦੇਵੀਆਂ 'ਸਾਵਿਤ੍ਰੀ' ਅਤੇ 'ਸੁਕੰਨਿਆ' ਦੀਆਂ ਕਹਾਣੀਆਂ ਨੂੰ ਨਾਟਕ ਰੂਪ ਵਿੱਚ ਪੇਸ਼ ਕੀਤਾ। ਸੰਨ ੧੯੨੯ ਵਿੱਚ ਨਾਵਲ ‘ਪ੍ਰੇਮ ਪੀਂਘਾਂ' ਅਤੇ ੧੯੩੩ ਵਿੱਚ 'ਬਾਲਕਾਂ ਦੇ ਗੀਤ' ਨਾਮੀਂ ਪੁਸਤਕ ਲਿਖੀ। ਪ੍ਰੋ. ਸ਼ਾਸਤਰੀ ਜੀ ਉਰਦੂ, ਫ਼ਾਰਸੀ, ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਦੇ ਨਾਲ-ਨਾਲ ਹੋਰ ਵੀ ਕਈ ਭਾਸ਼ਾਵਾਂ ਵਿੱਚ ਲਿਖਦੇ ਰਹੇ ਪਰ ਆਪ ਪੰਜਾਬੀ ਦੇ ਉਨ੍ਹਾਂ ਗਿਣਵੇਂ-ਚੁਣਵੇਂ ਲੇਖਕਾਂ ਵਿੱਚੋਂ ਸਨ, ਜਿਨ੍ਹਾਂ ਡਟਵੇਂ ਵਿਰੋਧ ਦੇ ਬਾਵਜੂਦ ਮਾਤ-ਭਾਸ਼ਾ ਦਾ ਹਮੇਸ਼ਾਂ ਪੱਖ ਪੂਰਿਆ। ਪ੍ਰੋ. ਸ਼ਾਸਤਰੀ ਨੇ ਨਾਟਕ, ਕਵਿਤਾਵਾਂ ਅਤੇ ਵਾਰਤਕ ਦੀਆਂ ਲਗਪਗ ੨੨ ਪੁਸਤਕਾਂ ਲਿਖੀਆਂ ਹਨ। ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਦੇ ਨਾਮਵਰ ਵਿਦਵਾਨ ਹੋਣ ਕਰਕੇ ਭਾਸ਼ਾ ਵਿਭਾਗ ਵੱਲੋਂ ਆਪ ਦੀਆਂ ਸਾਹਿਤਕ ਸੇਵਾਵਾਂ ਬਦਲੇ ਉਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਨੇ ਆਪਣੇ ਮੈਗਜ਼ੀਨ 'ਆਲੋਚਨਾ' ਦਾ ਇੱਕ ਪੂਰਾ ਅੰਕ ਪ੍ਰੋ. ਸ਼ਾਸਤਰੀ ਜੀ ਨੂੰ ਸਮਰਪਿਤ ਕੀਤਾ ਸੀ। ਸੰਨ ੧੯੨੦ ਵਿੱਚ ਡੀ.ਏ.ਵੀ. ਕਾਲਜ ਦੀ ਟੈਕਸਟ ਬੁੱਕ ਕਮੇਟੀ ਵੱਲੋਂ ਆਪ ਨੂੰ ਸੰਸਕ੍ਰਿਤ, ਹਿੰਦੀ ਅਤੇ ਪੰਜਾਬੀ ਕਿਤਾਬਾਂ ਦੀ ਐਡੀਟਰੀ ਦਾ ਕੰਮ ਮਿਲ ਗਿਆ ਸੀ ਪਰ ੧੯੨੬ ਵਿੱਚ ਉਨ੍ਹਾਂ ਇਸ ਨੂੰ ਛੱਡ ਦਿੱਤਾ ਤੇ ਡੀ.ਏ.ਵੀ. ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ। ਆਪ ਨੇ ਲਗਪਗ ੨੯ ਸਾਲ ਤਕ ਇਹ ਸੇਵਾ ਨਿਭਾਈ। ਸੰਨ ੧੯੨੩ ਵਿੱਚ ਆਪ ਦਾ ਵਿਆਹ ਸ੍ਰੀਮਤੀ ਰਕਸ਼ਾ ਦੇਵੀ ਨਾਲ ਹੋਇਆ। ਪ੍ਰੋ. ਸ਼ਾਸਤਰੀ ਜੀ ਸੰਨ ੧੯੩੬ ਤੋਂ ਸਰਕਾਰੀ ਨੌਕਰੀ ਵਿੱਚ ਆ ਗਏ ਸਨ। ਸੰਨ ੧੯੪੨ ਤਕ ਝੰਗ, ੧੯੪੭ ਤਕ ਮਿੰਟਗੁਮਰੀ ਅਤੇ ਦੇਸ਼ ਦੀ ਵੰਡ ਤੋਂ ਬਾਅਦ ੧੯੪੭ ਤੋਂ ੧੯੪੯ ਤਕ ਸਰਕਾਰੀ ਕਾਲਜ, ਰੂਪਨਗਰ ਵਿੱਚ ਰਹੇ ਤੇ ਇੱਥੋਂ ਹੀ ਸੇਵਾਮੁਕਤ ਹੋਏ। ਫਿਰ ਆਪ ਪੱਕੇ ਤੌਰ 'ਤੇ ਇੱਥੇ ਹੀ ਰਹਿਣ ਲੱਗੇ। ਜੀ.ਐੱਮ.ਐੱਨ. ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਨਾਂ 'ਤੇ ਆਧੁਨਿਕ ਲਾਇਬਰੇਰੀ ਬਣਾਈ ਗਈ ਹੈ ਅਤੇ ਹਰ ਸਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ। - ਪੰਜਾਬੀ ਟ੍ਰਿਬਿਊਨ

Ram Geet : Brij Lal Shastri

ਰਾਮ ਗੀਤ : ਬ੍ਰਿਜ ਲਾਲ ਸ਼ਾਸਤਰੀ