ਲੰਮਾ ਸਮਾਂ ਪਹਿਲਾਂ ਪੰਜਾਬੀ ਕਵਿਤਾ ਤੇ ਸਾਹਿੱਤ ਖੇਤਰ ਵਿੱਚ ਸਰਗਰਮ ਰਹੇ ਸ. ਰਾਜਿੰਦਰ ਸਿੰਘ ਚੀਮਾ ਸੀਨੀਅਰ ਐਡਵੋਕੇਟ , ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਕਲਮੀ ਨਾਮ
“ਰਾਜ ਕਸ਼ਮੀਰੀ” ਹੁੰਦਾ ਸੀ। ਸਾਹਿੱਤ ਸਿਰਜਣਾ ਦੇ ਮੁੱਢਲੇ ਦੌਰ ਵਿੱਚ ਕਲਮੀ ਨਾਮ ਦਾ ਰਿਵਾਜ਼ ਹੁੰਦਾ ਸੀ। ਉਸ ਵਕਤ ਆਪ ਸ਼੍ਰੀਨਗਰ ਪੜ੍ਹਦੇ ਸਨ।
ਆਪ ਦਾ ਜਨਮ ਦੇਸ਼ ਵੰਡ ਤੋਂ ਪਹਿਲਾਂ 1946 ਵਿੱਚ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਬੱਦੋ ਕੇ ਗੋਸਾਈਆਂ ਵਿਖੇ ਸ. ਜੋਗਿੰਦਰ ਸਿੰਘ ਚੀਮਾ ਦੇ ਗ੍ਰਹਿ ਵਿਖੇ ਸਰਦਾਰਨੀ ਹਰਬੰਸ ਕੌਰ ਦੀ ਕੁਖੋਂ ਹੋਇਆ।
ਦੇਸ਼ ਵੰਡ ਉਪਰੰਤ ਇਹ ਪਰਿਵਾਰ ਰਾਂਵਰ(ਕਰਨਾਲ) ਵਿਖੇ ਆ ਵੱਸਿਆ। ਉਚੇਰੀ ਪੜ੍ਹਾਈ ਲਈ ਆਪ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਪੜ੍ਹਨ ਆ ਗਏ।ਇਥੋਂ ਦੇ ਸਾਹਿੱਤਕ ਚੌਗਿਰਦੇ ਦਾ
ਅਸਰ ਕਬੂਲਦੇ ਹੋਏ ਆਪ ਨੇ ਤੰਗੀ ਕਾਵਿ ਸਿਰਜਣਾ ਆਰੰਭੀ। ਜਲੰਧਰ ਦੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਿਸ਼ਨ ਵਜੋਂ ਅਧਿਆਪਨ ਕੀਤਾ। ਕਾਲਿਜ ਪੜ੍ਹਦਿਆਂ ਆਪ ਦੀ
ਦੋਸਤੀ ਸ. ਬਰਜਿੰਦਰ ਸਿੰਘ ਹਮਦਰਦ ਤੇ ਅਮਰਜੀਤ ਚੰਦਨ ਨਾਲ ਰਹੀ। ਯੁਵਕ ਕੇਂਦਰ ਜਲੰਧਰ ਵੱਲੋਂ ਇਨਕਲਾਬੀਆਂ ਬਾਰੇ ਸਾਹਿੱਤ ਪ੍ਰਕਾਸ਼ਨ ਵਿੱਚ ਵੀ ਆਪ ਦੀ ਸਰਗਰਮੀ ਰਹੀ।
ਗੁਰੂ ਨਾਨਕ ਖਾਲਸਾ ਕਾਲਿਜ ਕਰਨਾਲ ਵਿੱਚ ਆਪ ਨੇ ਕੁਝ ਸਾਲ ਇਕਨਾਮਿਕਸ ਦੇ ਲੈਕਚਰਰ ਵਜੋਂ ਸੇਵਾਵਾਂ ਦਿੱਤੀਆਂ। ਇਸ ਦੇ ਕਾਰਜਕਾਰੀ ਪ੍ਰਿੰਸੀਪਲ ਬਣਨ ਦਾ ਮੌਕਾ ਵੀ ਮਿਲਿਆ।
ਇਸੇ ਦੌਰਾਨ ਲਾਅ ਕਰਕੇ ਆਪ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਕਾਲਤ ਕਰਨ ਲੱਗ ਪਏ। ਮਿਹਨਤ ਤੇ ਲਗਨ ਕਾਰਨ ਅੱਜ ਉਨ੍ਹਾਂ ਦਾ ਸ਼ੁਮਾਰ ਦੇਸ਼ ਦੇ ਸਿਰਕੱਢ ਵਕੀਲਾਂ ਵਿੱਚ ਹੁੰਦਾ ਹੈ।
ਸੁਪਰੀਮ ਕੋਰਟ ਵਿੱਚ ਵੀ ਆਪ ਨੇ ਮਹੱਤਵਪੂਰਨ ਕੇਸ ਜਿੱਤੇ ਹਨ।
ਉਨ੍ਹਾਂ ਦਾ ਕਾਵਿ ਫ਼ਲਸਫ਼ਾ ਜਾਨਣ ਲਈ ਇਹ ਸ਼ਿਅਰ ਮਦਦਗਾਰ ਸਾਬਤ ਹੋਵੇਗਾ।
“ਉਹਦਾ ਅੰਦਾਜ਼ ਹੋ ਜਾਂਦਾ ਏ ਖ਼ਚਰੀ ਵੇਸਵਾ ਵਰਗਾ,
ਕਲਾ ਜਦ ਰਾਜ ਦਰਬਾਰੇ ਸਲਾਮਾਂ ਕਰਨ ਲੱਗਦੀ ਏ।“
ਉਨ੍ਹਾਂ ਦੀਆਂ ਕਵਿਤਾਵਾਂ, ਗੀਤ, ਗ਼ਜ਼ਲਾਂ ਤੇ ਰੁਬਾਈਆਂ ਦੀ ਪੁਸਤਕ ਲਗਪਗ ਤਿਆਰ ਹੈ ਪਰ ਬੇਅੰਤ ਰੁਝੇਵਿਆਂ ਕਾਰਨ ਇਹ ਅਜੇ ਪ੍ਰਕਾਸ਼ਿਤ ਨਹੀਂ ਹੋ ਸਕੀ।
- ਗੁਰਭਜਨ ਗਿੱਲ