Punjabi Poetry : Raj Kashmiri
ਪੰਜਾਬੀ ਰਚਨਾਵਾਂ : ਰਾਜ ਕਸ਼ਮੀਰੀ
ਗੀਤ
ਅਸੀਂ ਨਾ ਰੂਪ ਦੇ ਨਾ ਰੰਗ ਮਜ਼ਹਬ ਦੇ ਪੁਜਾਰੀ ਹਾਂ, ਵਤਨ ਨੂੰ ਪੂਜਦੇ ਹਾਂ ਤੇ ਵਤਨ ਨੂੰ ਪਿਆਰ ਕਰਦੇ ਹਾਂ। ਜਿਨ੍ਹਾਂ ਨੇ ਫਾਂਸੀਆਂ ਤੇ ਗੋਲੀਆਂ ਦਾ ਸਿਰ ਝੁਕਾ ਦਿੱਤਾ। ਜਿਨ੍ਹਾਂ ਨੇ ਦੇਸ਼ ਖਾਤਰ ਆਪਣਾ ਸਰਬੰਸ ਲਾ ਦਿੱਤਾ। ਜਿਨ੍ਹਾਂ ਨੇ ਜਾਨ ਦੇ ਕੇ ਕੌਮ ਨੂੰ ਜੀਣਾ ਸਿਖਾ ਦਿੱਤਾ। ਜਿਨ੍ਹਾਂ ਨੇ ਕੌਮ ਮੱਥੇ ਤਾਜ ਕੁਰਬਾਨੀ ਦਾ ਪਾ ਦਿੱਤਾ। ਅਸੀਂ ਉਨ੍ਹਾਂ ਦੇ ਉੱਚ ਬਲੀਦਾਨ ਦਾ ਸਤਿਕਾਰ ਕਰਦੇ ਹਾਂ। ਵਤਨ ਨੂੰ ਪੂਜਦੇ ਹਾਂ ਤੇ .................. ਅਸਾਨੂੰ ਜਾਨ ਤੋਂ ਵੱਧ ਕੇ ਵਤਨ ਆਪਣਾ ਪਿਆਰਾ ਹੈ। ਇਹੋ ਮੰਦਰ, ਇਹੋ ਮਸਜਿਦ ਤੇ ਇਹੋ ਗੁਰਦੁਆਰਾ ਹੈ। ਜੋ ਜੀਂਦੈ ਦੂਜਿਆਂ ਖ਼ਾਤਰ, ਉਹ ਹਰ ਇਨਸਾਨ ਸਾਡਾ ਏ। ਜੁਲਾਹਾ, ਆਜੜੀ, ਮਜ਼ਦੂਰ ਤੇ ਕਿਰਸਾਨ ਸਾਡਾ ਏ। ਅਸੀਂ ਮਿਹਨਤ, ਲਗਨ ਤੇ ਕਿਰਤ ਦੀ ਜੈਕਾਰ ਕਰਦੇ ਹਾਂ। ਵਤਨ ਨੂੰ ਪੂਜਦੇ ਹਾਂ ਤੇ .................. ਅਸੀਂ ਨਾ ਸੁਰਗ ਦਾ, ਨਾਂ ਮੁਕਤੀਆਂ ਦਾ ਦਾਨ ਮੰਗਦੇ ਹਾਂ। ਅਸੀਂ ਆਪਣੇ ਵਤਨ ਕੋਲੋਂ ਇਹੋ ਵਰਦਾਨ ਮੰਗਦੇ ਹਾਂ। ਕਿ ਜਦ ਤਕ ਦੇਸ਼ 'ਚੋਂ ਭੁੱਖ ਤੇ ਜਹਾਲਤ ਮੁੱਕ ਨਾ ਜਾਵੇ। ਵਤਨ ਦੇ ਨੌਜਵਾਨਾਂ ਨੂੰ ਵੀ ਤਦ ਤੱਕ ਨੀਂਦ ਨਾ ਆਵੇ। ਅਸੀਂ ਲੋਕਾਂ ਦੀ ਖਾਤਰ ਜੀਣ ਦਾ ਇਕਰਾਰ ਕਰਦੇ ਹਾਂ। ਵਤਨ ਨੂੰ ਪੂਜਦੇ ਹਾਂ ਤੇ ਵਤਨ ਨੂੰ ਪਿਆਰ ਕਰਦੇ ਹਾਂ।
ਰੁਬਾਈ
ਵਤਨਾਂ ਦੇ ਲੇਖੇ ਲੱਗਦਾ ਏ, ਇੱਕ ਇੱਕ ਅਰਮਾਨ ਸ਼ਹੀਦਾਂ ਦਾ। ਤੇ ਦੇਸ਼ ਦੀ ਖ਼ਾਤਰ ਮਰਨਾ ਹੀ, ਹੁੰਦਾ ਈਮਾਨ ਸ਼ਹੀਦਾਂ ਦਾ। ਦੇ ਦੇ ਕੁਰਬਾਨੀ ਵੀਰਾਂ ਦੀ, ਹਰ ਕੌਮ ਜਵਾਨੀ ਚੜ੍ਹਦੀ ਏ, ਵਤਨਾਂ ਦੇ ਸਿਰ ਤੇ ਰਹਿੰਦਾ ਏ, ਹਰ ਦਮ ਅਹਿਸਾਨ ਸ਼ਹੀਦਾਂ ਦਾ।
ਰੁਬਾਈ
ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ। ਨਜ਼ਰ ਸੱਖਣੀ ਏ, ਗਲਮਾ ਲੀਰੋ ਵੀਰ ਹਾਲੇ ਵੀ। ਤੇ ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜ਼ੀਰ ਹਾਲੇ ਵੀ।