Qasab-Nama Bafindgan : Fard Faqir

ਕਸਬ-ਨਾਮਾ ਬਫ਼ਿੰਦਗਾਂ : ਫ਼ਰਦ ਫ਼ਕੀਰ

ਰੋਜ਼ ਅਜ਼ਲ ਦੇ ਕਾਰੀਗਰ ਨੇ ਜਿਹੜੀ ਨਲ਼ੀ ਵਗਾਈ
ਭੌਂ ਭੌਂ ਨਾਲ਼ੀ ਦੇ ਵਿਚ ਵੜਦੀ ਬਾਹਰ ਕਦਮ ਨਾ ਪਾਈ
ਅੱਵਲ ਚੌਂਸੀ ਅਰਬਾ ਅਨਾਸਰ ਆਦਮ ਦੇ ਗਲ ਪਾਈ
ਫੇਰ ਹਵਾਸਾਂ ਖ਼ਮਸਾ ਪੈਂਸੀ ਕੇਹੀ ਹਿਰਸ ਲਗਾਈ
ਸੱਤ ਜਹਾਨੀ ਦੀ ਕਿਆ ਛਸੀ ਖ਼ਾਲਿਕ ਛਿੱਕ ਤਣਾਈ
ਸੱਤ ਸਿਤਾਰਿਆਂ ਦੀ ਲੈ ਸੱਤਸੀ ਗਰਦਿਸ਼ ਫ਼ਲਕ ਭੰਵਾਈ
ਅੱਠ ਪਹਿਰ ਦੀ ਅਠਸੀ ਅੰਦਰ ਚੌਂਸਠ ਘੜੀਆਂ ਆਵਣ
ਨੌਂ ਸਿਤਾਰੇ ਨੌਸੀ ਵੁਣਦੇ ਲਹਿੰਦੇ ਚੜ੍ਹਦੇ ਜਾਵਣ
ਦਾਹ ਦੁਨੀਆ ਤੇ ਸਤਰ ਆਖ਼ਰ ਵੁਣੇ ਹਜ਼ਾਰੀ ਕੋਈ
ਬਾਰਾਂ ਬੁਰਜਾਂ ਦੀ ਹੈ ਝਿਲਮਿਲ ਫ਼ਰਦਾ ਪਹਿਨੇ ਸੋਈ
ਤੇਰਾ ਨਾਂਵ ਪੜ੍ਹਾਂ ਦਿਨ ਰਾਤੀਂ ਤੁਧੁ ਬਿਨ ਹੋਰ ਨਾ ਕੋਈ
ਬਦੀਆਂ ਦੇ ਵੱਲ ਪਾ ਨਾ ਸਾਨੂੰ ਦੱਸੀਂ ਰਾਹ ਨਾ ਕੋਈ
ਜਿਹਾ ਕੱਦ ਬਣਾਇਆ ਸਾਨਹ ਤੇਹਾ ਜਾਮਾ ਸੀਤਾ
ਫ਼ਰਦਾ ਅਪਣੇ ਬਾਝ ਫ਼ਰਦੇ ਜੋੜਾ ਜੋੜਾ ਕੀਤਾ ।

ਇਹ ਪੈਰਾਹਨ ਪੂਰਾ ਹੋਇਆ ਆਦਮ ਦੀ ਕੁਲ ਬਣਿਆ
ਨਾਲ਼ ਇਰਾਦੇ ਗਜ਼ ਦੇ ਸਾਹਿਬ ਸਾਢੇ ਤਰੈ ਹੱਥ ਮੰਨਿਆ
ਆਦਮ ਥੀਂ ਫਿਰ ਹੱਵਾ ਨਿਕਾਲੀ ਜੋੜਾ ਰੱਬ ਬਣਾਇਆ
ਖ਼ਲਕਤ ਦਾ ਕੁੱਝ ਸੂਤਰ ਹੋਵੇ ਸਾਹਿਬ ਤੁਖ਼ਮ ਨਿਜਾਇਆ
ਮਸਯ-ਏ-ਥੀਂ ਹੁਣ ਕਣਕ ਨਾ ਹੁੰਦੀ ਚੌਂਸੀ ਥੀਂ ਨਾ ਪੈਂਸੀ
ਜਿਹਨਾਂ ਭੂਰੇ ਲੋਈਆਂ ਲਿਖੇ ਕਿਥੋਂ ਪਹਿਨਣ ਉਠਸੀ

ਕਾਸਬੀਆਂ ਦਾ ਕਸਬ ਨਾਮਾ ਲਿਖਿਆ ਨਜ਼ਰੀਂ ਆਇਆ
ਨਸਰ ਫ਼ਾਰਸੀ ਨੂੰ ਛੱਡ ਅਸਾਂ ਨੇ ਹਿੰਦੀ ਨਜ਼ਮ ਬਣਾਇਆ
ਕਰਨਾ ਕਸਬ ਹਲਾਲ ਵਜ੍ਹਾ ਦਾ ਫ਼ਰਜ਼ ਖ਼ੁਦਾ ਫ਼ਰਮਾਇਆ
ਰਾਹ ਕਸਬ ਦਾ ਆਦਮ ਤਾਈਂ ਜਿਬਰਾਈਲ ਸਿਖਾਇਆ
ਸ਼ਾਗਿਰਦਾਂ ਥੀਂ ਮਜਲਿਸ ਅੰਦਰ ਦੋ ਦਸੌਂਧੀ ਬਹਿੰਦੇ
ਕਸਬ ਨਾਮੇ ਦਿਆਂ ਤਸਨੀਫ਼ਾਂ ਨੂੰ ਕਦੀ ਕਦਾਈਂ ਕਹਿੰਦੇ
ਇੱਕ ਮੁੱਲਾਂ ਦਸੌਂਧੀ ਨੂਰੀ ਉਲਮਾਵਾਂ ਦਾ ਖ਼ਾਦਮ
ਫੁਕਰਾਵਾਂ ਦੀ ਖ਼ਿਦਮਤ ਕਰਦਾ ਨੇਕ ਖ਼ੁਦਾ ਦਾ ਆਦਮ
ਇਕ ਦਸੌਂਧੀ ਹਜਾਮ ਅਸਾਡਾ ਖ਼ਿਦਮਤਗਾਰ ਕਦੀਮੀ
ਕਿਤਨੀ ਮੁੱਦਤ ਖ਼ਿਦਮਤ ਅੰਦਰ ਕੀਤੀ ਓਸ ਨਦੀਮੀ
ਆਏ ਗਏ ਮੁਸਾਫ਼ਰ ਦੀ ਉਹ ਖ਼ਿਦਮਤ ਬਹੁਤੀ ਕਰਦਾ
ਉਲਮਾਵਾਂ ਦੇ ਨਾਲ਼ ਮੁਹੱਬਤ ਫੁਕਰਾਵਾਂ ਦਾ ਬਰਦਾ
ਦੋਵੇਂ ਤਾਲਿਬ-ਏ-ਇਲਮ ਹਮੇਸ਼ਾ ਇੱਕ ਬਾਕੀ ਇੱਕ ਸਾਫ਼ੀ
ਜਿਹੜਾ ਫੇਰ ਮਰੱਬੀ ਮੰਨੇ ਇਕ ਯਾ ਦੋਵੇਂ ਕਾਫ਼ੀ
ਬਹੁਤੇ ਖ਼ਾਦਮ ਕੰਮ ਨਾ ਆਉਣ ਹੁੰਦੇ ਸਟੀਏ ਖ਼ਾਲੀ
ਇੱਕ ਧਤੂਰਾ ਫਲ਼ ਕਰੀਹ ਨ ਪਾਲੇ ਬੂਟਾ ਮਾਲੀ
ਕਾਸਬੀਆਂ ਦਾ ਕਸਬ ਨਾਮਾ ਮੈਂ ਉਸ ਦੇ ਕਹੇ ਬਣਾਇਆ
ਪੰਜ ਦਿਹਾੜੇ ਬੇਕਾਰੀ ਵਿਚ ਬਹਿ ਕੇ ਮਗ਼ਜ਼ ਖਪਾਇਆ
ਫਿਰ ਹਜਾਮਾਂ ਦਾ ਕਸਬ ਨਾਮਾ ਮੈਂ ਦੂਜੇ ਖ਼ਾਤਿਰ ਕਿਹਾ
ਚਾਰ ਦਿਹਾੜੇ ਦਰਦ ਸਿਰੇ ਦਾ ਗੋਸ਼ੇ ਬਹਿ ਕੇ ਸਹਿਆ
ਸ਼ਾਗਿਰਦਾਂ ਦੀ ਖ਼ਾਤਿਰ ਦੋਵੇਂ ਕਿੱਸੇ ਅਸਾਂ ਉਠਾਏ
ਮੱਤ ਕੋਈ ਪੁੱਛੇ ਫ਼ਾਤਿਹਾ ਆਖੇ ਅੱਛੀ ਵਜ੍ਹਾ ਬਣਾਏ
ਫ਼ਾਅਲਨ ਮਫ਼ਾਵਲਨ ਫ਼ਾਲਾਤ ਮਫ਼ਾਵਲਨ
ਮਜਹੂਲਣ ਮਜਹੂਲਣ ਕਿਹਾ ਮਫ਼ਾਵਲਨ ਮਫ਼ਾਵਲਨ
ਮੁਲਾਣਾ ਧੁੰਧੀ ਨੂੰ ਮੌਲਾ ਦੇਵੇ ਸ਼ੌਕ ਜ਼ਿਆਦਾ
ਇਲਮ ਅਮਲ ਤੇ ਖ਼ਲਕ ਜ਼ਿਆਦਾ ਦਾਇਮ ਦਸਤ ਕੁਸ਼ਾਦਾ

ਘਰ ਦੇ ਅੰਦਰ ਦਰਸ ਪੜ੍ਹਾਏ ਕਰੇ ਨਮਾਜ਼ ਮਸੀਤੀ
ਗ਼ੌਰ ਮਸੀਤੇ ਵਾਫ਼ਰ ਕਰਦਾ ਕਤਲੇ ਸੀਪ ਨਾ ਕੀਤੀ
ਬਹਿਰ ਖ਼ੁਦਾ ਦੇ ਜਾ ਕਿਰਾਏ ਬਾਂਗ ਸਲਾਤ ਇਮਾਮਤ
ਨਾਲ਼ ਜਮਾਤ ਸ਼ੌਕ ਹਮੇਸ਼ਾ ਦੀਨ ਈਮਾਨ ਸਲਾਮਤ
ਅਹੁਦਾ ਕਿਸੇ ਮੁਹੱਲੇ ਦਾ ਇਸ ਦਾਵਾ ਮੂਲ ਨੀ ਕੀਤਾ
ਸਬਰੋਂ ਸ਼ੁਕਰ ਕਨਾਤ ਦਾ ਜਾਂ ਭਰ ਪਿਆਲਾ ਪੀਤਾ
ਸਾਬਤ ਕਦਮ ਸ਼ਰੀਅਤ ਅੰਦਰ ਰਾਹ ਤਰੀਕਤ ਚਲੇ
ਰਮਜ਼ ਹਕੀਕਤ ਦੀ ਇਸ ਪਾਈ ਛੱਡੇ ਪੰਧ ਅਵੱਲੇ
ਆਰਿਫ਼ ਹੋ ਪਛਾਤਾ ਰੱਬ ਨੂੰ ਸਾਬਰ ਸ਼ਾਕਿਰ ਰਹਿੰਦਾ
ਭਲਿਆਈ ਦੀ ਕੋਸ਼ਿਸ਼ ਕਰਦਾ ਬੁਰਾ ਨਾ ਮੂੰਹ ਥੀਂ ਕਹਿੰਦਾ
ਮਿਹਨਤ ਕਰੇ ਹਲਾਲ ਵਜ੍ਹਾ ਦੀ ਨਜ਼ਰ ਖ਼ੁਦਾ ਵੱਲ ਰੱਖੇ
ਕਰੇ ਖ਼ਿਆਨਤ ਨਾ ਕਿਸੇ ਦੀ ਜੋ ਰੱਬ ਦੇਵੇ ਚੱਖੇ
ਇਹ ਰਿਸਾਲਾ ਕਾਸਬੀਆਂ ਦਾ ਉਸ ਦੇ ਕਹੇ ਬਣਾਇਆ
ਮਿਲਕੇ ਅੰਦਰ ਜ਼ਾਹਰ ਹੋਇਆ ਜਾਂ ਇਸ ਥੀਂ ਲਿਖਵਾਇਆ
ਤਾਂ ਕਿਆ ਮਤਲਬ ਫ਼ਿਕਰਾ ਏਡਾ ਭਾਰਾ ਉਠਾਵਣ
ਹੋਵਣ ਫ਼ਰਦ ਵਬਾਈ ਕਾਰਨ ਬਹਿ ਕੇ ਮਗ਼ਜ਼ ਖਪਾਵਣ

ਸ਼ਾਗਿਰਦਾਂ ਫ਼ਰਜ਼ੰਦਾਂ ਦੀ ਇਹ ਖ਼ਾਤਿਰ ਬਹੁਤ ਪਿਆਰੀ
ਉਸਤਾਦਾਂ ਸਿਰ ਬਹੁਤ ਦਿਖਾਉਣ ਮੱਤ ਕੁ ਹੱਕ ਗੁਜ਼ਾਰੀ
ਹਰ ਬੋਲੀ ਹਰ ਇਲਮ ਅਜਾਇਬ ਹੁਨਰ ਫ਼ਨ ਜੋ ਸਾਰੇ
ਜਿਤਨੇ ਕਸਬ ਹਲਾਲ ਵਜ੍ਹਾ ਦੇ ਆਦਮ ਦੀ ਸਰਕਾਰੇ
ਜਾਂ ਲਵਾ ਕਲਮ ਲਿਖ ਅਬਜਦ ਹੌਜ਼ ਕਾਇਦਾ ਖ਼ੂਬ ਬਣਾਇਆ
ਜਿਬਰਾਈਲ ਇਹ ਸਹੀਫ਼ਾ ਆਦਮ ਨੂੰ ਪਹੁੰਚਾਇਆ
ਹਜ਼ਰਤ ਆਦਮ ਜਿਤਨੇ ਹੁਨਰ ਬੇਟਿਆਂ ਨੂੰ ਸਿਖਲਾਏ
ਇਸੇ ਖ਼ਾਤਿਰ ਜੱਗ ਦੇ ਅੰਦਰ ਹੋਏ ਕਸਬ ਸਿਵਾਏ
ਹਰ ਕਸਬੇ ਅਤੇ ਰਿਜ਼ਕ ਨਾ ਹੁੰਦਾ ਇਹ ਹੀਲਾ ਰੱਬ ਬਣਾਇਆ
ਬਾਝ ਨਸੀਬੇ ਨਾ ਕੁੱਝ ਮਿਲਦਾ ਜੋ ਲਿਖਿਆ ਸੋ ਪਾਇਆ
ਸਾਬਰ ਰਹੀਂ ਨਸੀਬੇ ਅਤੇ ਦਾਇਮ ਫ਼ਰਦ ਫ਼ਕੀਰਾ
ਜੋ ਕੁੱਝ ਬਾਬ ਕਿਸੇ ਦੇ ਲਿਖਿਆ ਮਿਲਦਾ ਧੀਰਾ ਧੀਰਾ
ਕਸਬਾਂ ਦਾ ਕੁੱਝ ਓੜਕ ਨਾਹੀਂ ਚਾਰ ਹਜ਼ਾਰ ਚੁਤਾਲੀ
ਬਾਅਜ਼ੇ ਆਖਣ ਹੁਨਰ ਕਿਤਨੇ ਇੱਕ ਹਜ਼ਾਰ ਤੇ ਚਾਲੀ
ਬਰਸਰ ਕਸਬਾਂ ਦੇ ਕਸਬ ਚੰਗੇਰਾ ਫੜਨ ਜ਼ਰਾਇਤ ਬੁਣਨਾ
ਉਹ ਰੋਜ਼ੀ ਇਹ ਪਰਦਾ ਇਸ ਦਾ ਇਹ ਮਸਲਾ ਬਹਿ ਸੁਣਨਾ
ਪਰ ਜੇ ਕੋਈ ਨਾ ਕਰੇ ਖ਼ਿਆਨਤ ਬੁਣਨਾ ਕਸਬ ਚੰਗੇਰਾ
ਵਾਅਦਾ ਖ਼ਿਲਾਫ਼ੀ ਹਰ ਕਿਸੇ ਵਿਚ ਬਾਲਣ ਝੂਠ ਬਹੁਤੇਰਾ
ਫ਼ਰਦ ਫ਼ਕੀਰਾ ਮੁਨਸਫ਼ ਹੋ ਕੇ ਇਹ ਰਿਸਾਲਾ ਜੋੜੀਂ
ਤਾਣਾ, ਪੇਟਾ ਖੋਲ ਦਿਖਾਈਂ ਕੋਈ ਤੰਦ ਨਾ ਤੋੜੀਂ

ਚੰਗੇ ਸੂਤਰ ਬੈਤ ਬਣਾਈਂ ਵੱਧ ਘੱਟ ਮੂਲ ਨਾ ਤੋਲੀਂ
ਕਰੀਂ ਖ਼ਿਆਨਤ ਨਾ ਕਿਸੇ ਦੀ ਬਹੁਤਾ ਝੂਠ ਨਾ ਬੋਲੀਂ
ਐਡੀ ਮੂਲ ਨਾ ਪਾਈਂ ਸਥਨੀਂ ਥੋੜਾ ਤਾਣਾ ਲਾਏ
ਕਰੀਂ ਪਿਆਵਨੀਂ ਕਾਮਲ ਹੋ ਕੇ ਨਾ ਤੂੰ ਤੋੜ ਵੰਜਾਈਂ
ਜਾ ਇਹ ਸ਼ਿਅਰ ਬੁਣਨ ਮੈਂ ਬੈਠਾ ਖੱਡੀ ਜਾ ਬਣਾਈ
ਦੋਵੇਂ ਫੇਰ ਫ਼ਿਕਰ ਵਿਚ ਫਾਥੇ ਦਿਲ ਨੇ ਊਂਧੀ ਪਾਈ
ਗੰਢ ਗੰਢ ਧਾਗੇ ਅਕਲ ਫ਼ਿਕਰ ਦੇ ਖ਼ਾਸਾ ਸ਼ਿਅਰ ਬਣਾਇਆ
ਲਾਈ ਪਾਣ ਬਰਾਬਰ ਓਸਨੂੰ ਤੇਲ ਨਾ ਬਹੁਤਾ ਪਾਇਆ
ਅੱਗ ਸ਼ੌਕ ਦੀ ਆਬ ਸ਼ਰਮ ਦੀ ਆਮਲਾ ਖ਼ੂਬ ਪਿਹਾਇਆ
ਨਾਲ਼ ਮੁਹੱਬਤ ਹਾਂਡੀ ਚਾੜ੍ਹੀ ਤਾਂ ਇਹ ਇਸ਼ਕ ਪਕਾਇਆ
ਸੂਤਰ ਉਠਸੀ ਸਸਤੀ ਦੇ ਵਿਚ ਚੋਂਸੀ ਨਾ ਵਗਾਈ
ਬਹੁਤ ਕਾਰੀਗਰ ਵੇਖਣ ਆਏ ਜਾਂ ਮੈਂ ਤਾਣੀ ਲਾਈ
ਜਾਂ ਗਰਦ ਅੰਗ ਫਿਰ ਅਕਲ ਦੀ ਬੀਚ ਤੁਰੇ ਤੇ ਪਾਇਆ
ਨਾਲ਼ ਹੋਸ਼ ਦੇ ਨਲ਼ੀ ਵਗਾਈ ਹਥਾਈ ਹੱਥ ਆਇਆ
ਜਿਹਾ ਬਹਿਰ ਉਨ੍ਹਾਂ ਦਾ ਡਿੱਠਾ ਸੋਈ ਰਬਤ ਚਲਾਇਆ
ਹਸਬੀ ਅੱਲ੍ਹਾ ਮੂੰਹ ਥੀਂ ਪੜ੍ਹ ਕੇ ਪੈਰ ਖੱਡੀ ਵਿਚ ਪਾਇਆ
ਨਾਲ਼ ਵਿਚਾਰੀ ਕੁਸ਼ਤੀ ਵਾਂਗੂੰ ਭੌਂ ਭੌਂ ਗ਼ੋਤੇ ਖਾਏ
ਘੁੰਮਣ ਘੇਰਾਂ ਦੇ ਮੂੰਹ ਆਈ ਮੌਲਾ ਬੰਨੇ ਲਾਏ
ਅਸਪਾਏ ਦਾ ਅੰਤ ਨਾ ਮੂਲੇ ਤੂੰ ਕਿਉਂ ਪਿਉਂ ਇਕੱਲਾ
ਨਾਲ਼ ਸ਼ਫ਼ਾਅਤ ਹਜ਼ਰਤ ਵਾਲੀ ਪਾਰ ਲੰਘਾਸੀ ਅੱਲ੍ਹਾ
ਕੰਘੀ ਨਵੇਂ ਵਹਿਮ ਦੀ ਬੱਧੀ ਧਾਗੇ ਉਹ ਅਟਕਾਵੇ
ਆਨ ਜੋਤਰੇ ਢਿੱਲੇ ਹੋਏ ਬੁਣਨਾ ਭੁੱਲ ਨਾ ਜਾਏ
ਦੱਸੀ ਹੋਈ ਗੱਲ ਨਾ ਜਾਨਣ ਜਿਨ੍ਹਾਂ ਪਿਆਲੇ ਪੀਤੇ
ਉਲਝ ਪਏ ਦਿਲ ਅੰਦਰ ਧਾਗੇ ਸਿੱਧੇ ਕਿਸੇ ਨਾ ਕੀਤੇ
ਜਿਹੜੀ ਤੰਦ ਧੁਰਾਹੁੰ ਟੁੱਟੀ ਸੋ ਹੁਣ ਜੁੜੇ ਨਾ ਮੂਲੇ
ਗੰਢਣੀਆਂ ਸਭ ਕਰ ਕਰ ਥੱਕੇ ਪਨੀਅ ਚੁਣਕੇ ਸੋਲੇ
ਨਹੀਂ ਤੇ ਅੱਗੇ ਵੰਦੇ ਆਹੇ ਪਰ ਕਾਲੇ ਪਰ ਕਾਲੇ
ਪਾਲੇ ਹੱਥੋਂ ਨਲ਼ੀ ਨਾ ਵਗੇ ਰਹਿੰਦੇ ਨਾਲੇ ਨਾਲੇ
ਪਰ ਆਖ਼ਿਰ ਕਿੱਲਾ ਹਿੰਮਤ ਵਾਲਾ ਦਿਲ ਤੇ ਠੋਕ ਲਗਾਇਆ
ਯਾਰ ਬਹੁਤੇਰੇ ਨੰਗੇ ਡਿਠੇ ਤਾਂ ਹੁਣ ਬੁਣਨਾ ਆਇਆ
ਜਿਉਂਦਿਆਂ ਦੀ ਜ਼ੀਨਤ ਖ਼ੂਬੀ ਮੋਇਆਂ ਦਾ ਹੈ ਪਰਦਾ
ਦੁਨੀਆ ਤਹਿਤ ਲਿਬਾਸ ਚੰਗੇਰਾ ਭਰਮ ਇਸੇ ਵਿਚ ਪਰਦਾ
ਨੰਗਾ ਭੁੱਖਾ ਰਹੇ ਨਾ ਕੋਈ ਜੇ ਕੋਈ ਮੋਮਿਨ ਭਾਈ
ਫ਼ਰਦਾ ਉਹ ਮਜ਼ਦੂਰੀ ਲੈਸਨ ਕੀਤੀ ਜਿਹਨਾਂ ਕਮਾਈ
ਚਾਰ ਫੇਰ ਕਸਬ ਦੇ ਜਾਨੀ ਚਾਰੇ ਨੀ ਤਕਬੀਰਾਂ
ਏਸ ਰਾਹੇ ਨੂੰ ਮੂਲ ਨਾ ਛੋੜੀਂ ਜੋ ਕੁਝ ਕੀਤਾ ਫੇਰਾਂ
ਅੱਵਲ ਜਿਬਰਾਈਲ ਪਛਾਣੇਂ ਦੂਜਾ ਆਦਮ ਖ਼ਾਕੀ
ਤ੍ਰੀਜਾ ਸ਼ੀਸ ਪੈਗ਼ੰਬਰ ਜਾਣੇਂ ਖੋਲ ਦਿਲੇ ਦੀ ਤਾਕੀ
ਚੌਥਾ ਫੇਰ ਪਛਾਣੇਂ ਓਸਨੂੰ ਜੋ ਉਸਤਾਦ ਸਿਖਾਲੇ
ਓਸਨੂੰ ਕਮੀ ਨਾ ਹੋਸੀ ਮੂਲੇ ਜਿਹੜਾ ਹੱਕ ਸਮ੍ਹਾਲੇ
ਕਰ ਤਕਬੀਰ ਪੜ੍ਹਨ ਬਿਸਮਿੱਲ੍ਹਾ ਜਾਂ ਤੂੰ ਤਾਣੀ ਲਾਈਂ
ਫਿਰ ਤਕਬੀਰ ਕਹੀਂ ਏ ਕਾਸਿਬ ਜਦੋਂ ਸਥਨੀਂ ਪਾਈਂ
ਜਾਂ ਪਿਆਉਣੇਂ ਕਰੀਂ ਅਜ਼ੀਜ਼ਾ ਅੱਲ੍ਹਾ ਅਕਬਰ ਆਖੀਂ
ਕਰ ਤਕਬੀਰ ਬਹੇਂ ਖੱਡੀ ਤੇ ਦਿਲ ਵਿਚ ਕੁੱਝ ਨਾ ਰਾਖੀਂ
ਚਾਰ ਫੇਰ ਮੈਂ ਆਖ ਸੁਣਾਏ ਚਾਰੇ ਨੀ ਤਕਬੀਰਾਂ
ਨਾਲ਼ ਉਲਮਾਵਾਂ ਕਰੀਂ ਮੁਹੱਬਤ ਖ਼ਲਕੀ ਨਾਲ਼ ਫ਼ਕੀਰਾਂ
ਅੱਵਲ ਹਜ਼ਰਤ ਆਦਮ ਨੂੰ ਇਹ ਜਿਬਰਾਈਲ ਲਿਆਇਆ
ਇਸ ਥੀਂ ਹਿੱਸਾ ਇਸ ਕਿਸੇ ਦਾ ਸ਼ੀਸ ਪੈਗ਼ੰਬਰ ਪਾਇਆ
ਪ੍ਰਾਈਸ ਕਸਬੇ ਵਿਚ ਕਮੀ ਨਾ ਕਾਈ ਦਾਇਮ ਰਹਿੰਦਾ ਜਾਰੀ
ਬਰਕਤ ਸੱਚ ਹਲਾਲ ਇਲਮ ਦੀ ਹੋਵੇ ਬਰਕਤ ਸਾਰੀ
ਪੜ੍ਹਨ ਨਮਾਜ਼ਾਂ ਰੱਖਣ ਰੋਜ਼ੇ ਕੌਣ ਉਨ੍ਹਾਂ ਨੂੰ ਹੱਸੇ
ਨਾਲ਼ ਤਹਾਰਤ ਬਹਿਣ ਤਖ਼ਤ ਤੇ ਦੂਣੀ ਬਰਕਤ ਵਸੇ
ਅੱਵਲ ਕਸਬ ਨਬੀਆਂ ਕੀਤਾ ਫਿਰ ਕੁਤਬਾਂ ਔਲੀਆਵਾਂ
ਫਿਰ ਇਹ ਕਸਬ ਹਲਾਲ ਵਜ੍ਹਾ ਦਾ ਕੀਤਾ ਨਿਊ ਕਾਰਾਂ
ਪਰ ਉਸ ਕਸਬੇ ਦੇ ਵਿਚ ਬਹੁਤੇ ਆਲਮ ਫ਼ਾਜ਼ਲ ਹੋਏ
ਪਰ ਸ਼ਾਹ ਕਬੀਰ ਜੂ ਆਹੇ ਦਰਗਾਹ ਜਾ ਖਲੋਏ
ਪਰ ਨੇਕ ਉਨ੍ਹਾਂ ਦੀ ਨਿਯਤ ਆਹੀ ਰੱਬ ਮਰਾਤਿਬ ਚਾੜ੍ਹੇ
ਬਰਕਤ ਸੱਚ ਹਲਾਲ ਇਲਮ ਦੀ ਹੋਏ ਵੱਡੇ ਪਸਰੇ
ਮੋਮਿਨ ਮੁਸਲਮਾਨਾਂ ਤਾਈਂ ਕਰਨ ਮਜ਼ਾਖ਼ ਭਲੀਰੇ
ਡੂਮਾਂ ਭੰਡਾਂ ਦਾ ਇਹ ਸੀਗ਼ਾ ਅਤੋਲ ਕਰੀਂ ਨਾ ਫੇਰੇ
ਜਿਸ ਲਾਐਸਖ਼ਰ ਵਾਕੂਮਨ ਪੜ੍ਹਿਆ ਕਦੀਂ ਮਜ਼ਾਖ਼ ਨਾ ਕਰਦਾ
ਆਪ ਗੁਣਾ ਹੂੰ ਪਾਕ ਨਾ ਹੁੰਦਾ ਜ਼ਨ ਬੁਰਾ ਕਿਉਂ ਧਰਦਾ
ਕੁ ਕਰੇ ਮਜ਼ਾਖ਼ ਗੁਨਾਹ ਨਾ ਜਾਣੇ ਤੌਬਾ ਕਰੇ ਨਾ ਹੱਸੇ
ਉਹ ਕਹੇ ਦਰੁਸਤ ਹਰਾਮ ਸੱਜਣ ਨੂੰ ਐਮਾਂ ਇਸ ਥੀਂ ਨੱਸੇ
ਭੰਡ ਭਗਤੀਏ ਨੱਚਣ ਖੇਡਣ ਇਹ ਸ਼ੈਤਾਨ ਕਦੀਮੀ
ਕਰਨ ਮਜ਼ਾਖਾਂ ਕਸਬ ਉਨ੍ਹਾਂ ਦਾ ਮੋਮਿਨ ਫੜੇ ਹਲੀਮੀ
ਮੋਮਿਨ ਦਾ ਦਿਲ ਰੰਜ ਨਾ ਕੀਜੇ ਅਰਸ਼ ਰਬਾਨਾਂ ਕੁਨਬੇ
ਮਸਕੀਨਾਂ ਤੇ ਜ਼ੋਰ ਨਾ ਲਈਏ ਲਗਣ ਭੜਕ ਅਲੰਬੇ
ਹਾਕਮ ਹੋ ਕੇ ਬਹਿਣ ਗਲੀਚੇ ਬਹੁਤਾ ਜ਼ੁਲਮ ਕਮਾਂਦੇ
ਮਿਹਨਤੀਆਂ ਨੂੰ ਕੰਮੀਂ ਆਖਣ ਖ਼ੂਨ ਉਨ੍ਹਾਂ ਦਾ ਖਾਂਦੇ
ਫੜ ਵਗਾਰੀ ਲੈ ਲੈ ਜਾਵਣ ਖ਼ੌਫ਼ ਖ਼ੁਦਾ ਦਾ ਨਾਹੀਂ
ਫ਼ਰਦ ਫ਼ਕੀਰਾ ਦਰਦਮੰਦਾਂ ਦੀਆਂ ਇੱਕ ਦਿਨ ਪੌਸਣ ਆਹੀਂ

ਕਾਸਬੀਆਂ ਨੂੰ ਮਹਰ ਮੁਕਦਮ ਜਬਰਨ ਚੱਟੀ ਪਾਂਦੇ
ਭਾਰ ਗ਼ਰੀਬਾਂ ਦਾ ਸਿਰ ਲੈਕੇ ਆਪੇ ਦੋਜ਼ਖ਼ ਜਾਂਦੇ
ਸ਼ੀਸ ਪੈਗ਼ੰਬਰ ਦਾ ਇਹ ਸੀਗ਼ਾ ਦਸਤ ਬਦ ਸੁੱਤੀ ਆਇਆ
ਉਨ੍ਹਾਂ ਅੱਗੋਂ ਸ਼ਾਗਿਰਦਾਂ ਨੂੰ ਬਹਿ ਕੇ ਕੋਲ਼ ਲਿਖਾਇਆ
ਉਮਰ ਤਾਲੂਤ ਸ਼ਾਗਿਰਦ ਉਨ੍ਹਾਂ ਦਾ ਉਸ ਦਾ ਭੀ ਅਬਦੁੱਲਾ
ਯੂਸੁਫ਼ ਹੁਮਦਾਨੀ ਫਿਰ ਕੀਤਾ ਕਸਬ ਇਹੋ ਹਬੀਬ ਅੱਲ੍ਹਾ
ਫਿਰ ਜਾਲੂਸ ਤਾਮਾਤ ਚੰਗੇਰਾ ਫਿਰ ਯਾਹੀਆ ਹੁਮਦਾਨੀ
ਫਿਰ ਕਾਬਲ ਇਮਰਾਨ ਤੁਸੀ ਖ਼ੂਬ ਸ਼ਾਗਿਰਦ ਪਛਾਣੀ
ਫਿਰ ਹੁਸਾਮ ਉੱਦ ਦੀਨ ਇਸ ਥੀਂ ਹੋਇਆ ਜ਼ੀਨ ਅੱਲਾ ਬਦ
ਹਰ ਹਿੱਕ ਇੱਕ ਇੱਕ ਹੁਨਰ ਵਧਾਇਆ ਹੋਏ ਜ਼ਾਹਿਦ ਆਬਿਦ
ਕੁਰਸ ਬਿੱਕਰ ਸੀ ਉਸ ਦਮ ਤੋੜੀ ਬਹੁਤੇ ਕਰਦੇ ਆਏ
ਫੇਰ ਪੈਗ਼ੰਬਰ ਵਲੀ ਮਸ਼ਾਇਖ਼ ਇਸ ਕਸਬੇ ਰੱਬ ਲਾਏ
ਪਰ ਉਸ ਦਾ ਅਦਬ ਕਵਾਇਦ ਵਿਖਾ ਜੈਕੋ ਸ਼ਰਤਾਂ ਜਾਣੇ
ਵਾਜਬ ਫ਼ਰਜ਼ ਕਸਬ ਦੇ ਸਾਰੇ ਸੁਨੰਤ ਨਫ਼ਲ ਪਛਾਣੇ
ਫ਼ਰਜ਼ ਕਸਬ ਦੇ ਸੋਈ ਜਾਣੇ ਜਿਹੜਾ ਰੱਬ ਫ਼ਰਮਾਇਆ
ਹਰ ਕਸਬੇ ਵਿਚ ਵਾਜਬ ਇਹੀ ਜਿਬਰਾਈਲ ਲਿਆਇਆ
ਸੁੰਨਤ ਕਸਬ ਤੁਸਾਂ ਤੇ ਹੋਇਆ ਜਿਹੜਾ ਨਬੀਆਂ ਕੀਤਾ
ਨਕਲ ਬਜ਼ੁਰਗਾਂ ਨੇ ਫ਼ਰਮਾਈ ਸੁਣ ਤੂੰ ਮੇਰੇ ਮੀਤਾ
ਅੱਵਲ ਕਾਸਿਬ ਵਿਚ ਸ਼ਰ੍ਹਾ ਦੇ ਖੱਡੀ ਕਦਮ ਟਿਕਾਏ
ਰਾਹ ਤਰੀਕ ਕਸਬ ਦਾ ਜਾਣੇ ਤਾਂ ਹੱਥੇ ਹੱਥ ਪਾਏ
ਚਸ਼ਮ ਹਕੀਕਤ ਦੇ ਵੱਲ ਰੱਖੇ ਟੁਰੇ ਨਾ ਉਲਟੀ ਚਾਲੇ
ਨਾਲ਼ ਮਾਅਰਫ਼ਤ ਦਲ ਨੂੰ ਧੋ ਕੇ ਹੋਵੇ ਜਾਣ ਸੁਖਾਲੇ
ਜਾ ਤਵੱਕਲ ਰੱਬ ਦੇ ਉਤੇ ਜਿਸਦਾ ਸੂਤਰ ਆਣੇ
ਪੜ੍ਹ ਬਿਸਮਿਲਾ ਪੂਰਾ ਤੋਲੇ ਦਿਲ ਵਿਚ ਸ਼ੱਕ ਨਾ ਆਣੇ
ਇਹ ਸਰਿਸ਼ਤਾ ਔਲੀਆਵਾਂ ਦਾ ਚੰਗੇ ਸੂਤਰ ਰਹੀਏ
ਬੁਰਾ ਨਾ ਸੁਣੀਏ ਬੁਰਾ ਨਾ ਕਹੀਏ ਊਂਧੀ ਪਾਕੇ ਬਹੀਏ
ਨਲ਼ੀ ਵੱਟ ਕੇ ਨਾਲ਼ ਮੁਹੱਬਤ ਆਹੀਂ ਤਾਣਾ ਲਾਏ
ਜੋ ਦਮ ਤੇਰਾ ਆਵੇ ਜਾਵੇ ਦਮ ਦਮ ਰੱਬ ਧਿਆਏ
ਨਲ਼ੀ ਵੱਟਦਿਆਂ ਤਾਣਾ ਤਣਦਿਆਂ ਸੂਰਤ ਫ਼ਾਤਿਹਾ ਪੜ੍ਹੀਏ
ਫੇਰ ਲਾਹੌਲ ਕਹੇਂ ਸੌ ਵਾਰੀ ਸ਼ੈਤਾਂ ਕੋਲੋਂ ਡਰੀਏ
ਕਾਨੇ ਹੱਥ ਕੰਨਾਂ ਤੇ ਧਰਦੇ ਨਲ਼ੇ ਭੀ ਰੋਵਣ ਸਾਰੇ
ਡਰਦਾ ਖ਼ੌਫ਼ ਖ਼ੁਦਾ ਦੇ ਚਰਖ਼ਾ ਤੌਬਾ ਤੋਬ ਪੁਕਾਰੇ
ਤਾਣੀ ਤਣ ਕੇ ਫੇਰ ਕਾਰੀਗਰ ਜਦੋਂ ਸਥਨੀਂ ਹੱਥ ਪਾਏ
ਵਾਲਲਾ ਅਅਲਮ ਬਾਲਸਵਾਬ ਉਸ ਨੂੰ ਆਇਤ ਪੜ੍ਹਨੀ ਆਏ
ਨਾਲ਼ ਤਹਾਰਤ ਮੈਦਾ ਪਾਣੀ ਲਿਆ ਕਰ ਪਾਨ ਚੜ੍ਹਾਏ
ਵਾਲਲਾ ਯਰਜ਼ਕ ਮਨੀਸ਼ਾ-ਏ-ਆਇਤ ਪੜ੍ਹਨੀ ਆਏ
ਤਾਣੀ ਮਿਲਕੇ ਭਿਓਂ ਪਾਣੀ ਵਿਚ ਕਲਮਾ ਆਖ ਜ਼ਬਾਨੋਂ
ਇਹ ਚੰਗਾ ਕਸਬ ਹਲਾਲ ਵਜਾ ਦਾ ਸਿੱਖੋ ਮੁਸਲਮਾਨੋਂ
ਹਾਂਡੀ ਨੰਗੀ ਸਹਿਨਕ ਜੂਠੀ ਬਾਹਰ ਕੋਈ ਨਾ ਸੁੱਟੇ
ਨਲੀਆਂ ਵਾਲਾ ਛੱਡ ਨਾ ਭਾਂਡਾ ਮੱਤ ਕੋਈ ਕੁੱਤਾ ਚੱਟੇ
ਲਿਆ ਪਿਆਉਣੀਂ ਖਿੱਚ ਸਵੇਲੇ ਰੱਸੀ ਬੰਨ੍ਹ ਕਨਾਇਤ
ਦਿਲ ਦੀਆ ਗੰਢਾਂ ਸਾਫ਼ ਨਾ ਹੋਵਣ ਪਕੜੀਂ ਕੁੱਝ ਹਿਦਾਇਤ
ਯਾ ਹੂ ਯਾ ਹੂ ਯਾ ਅੱਲ੍ਹਾ ਕੂਚ ਸਦਾ ਨਿੱਤ ਕਹਿੰਦੀ
ਦੁਨੀਆ ਹੈ ਬਰਬਾਦ ਹਮੇਸ਼ਾ ਆਖੇ ਉਠਦੀ ਬਹਿੰਦੀ
ਕਰ ਗੰਢਣੀ ਦਿਹ ਮਰੋੜੀ ਗੰਢ ਸਬਰ ਦੀ ਪੱਕੀ
ਫ਼ਰਦਾ ਰੋਜ਼ ਨਸੀਹਤਾਂ ਦਿੰਦਿਆਂ ਜਾਨ ਮੇਰੀ ਹੈ ਥੱਕੀ

ਗੰਢਣੀ ਕਰਦਿਆਂ ਪੜ੍ਹੀਂ ਹਮੇਸ਼ਾ ਯਾ ਸਤਾਰ ਗ਼ਫ਼ਾਰਾ
ਬੰਦਾ ਬਹੁਤ ਗੁਨਾਹੀਂ ਭਰਿਆ ਸਾਹਿਬ ਬਖ਼ਸ਼ਣ ਹਾਰਾ
ਹੁਣ ਸੱਜਿਓਂ ਖੱਬਿਓਂ ਬੁਝਣ ਦਿਲੇ ਨੂੰ ਲਾ ਉਸ ਮੰਗਲੀ ਭਾਰੀ
ਹੋਰ ਕਿਤੇ ਵੱਲ ਧਿਆਨ ਨਾ ਹੋਵੇ ਜਾਂ ਇਹ ਤਾਣੀ ਚਾੜ੍ਹੀ
ਪੜ੍ਹ ਬਿਸਮਿਲਾ ਬੈਠ ਤਖ਼ਤ ਤੇ ਫੇਰ ਆਉਜ਼ ਸਮ੍ਹਾਲੀਂ
ਫੇਰ ਲਾਹੌਲ ਵਿਲਾ ਸਭ ਪੜ੍ਹ ਕੇ ਫੇਰ ਖੱਡੀ ਵਿਚ ਡਾਲੀਂ
ਫਿਰ ਦਰੂਦ ਕਹੀਂ ਦਾਹ ਵਾਰੀ ਹਜ਼ਰਤ ਵੱਲ ਪੁਹੰਚਾਈਂ
ਹਜ਼ਰਤ ਆਦਮ ਸ਼ੀਸ ਪੈਗ਼ੰਬਰ ਸਭਨਾਂ ਬਣੀਆਂ ਤਾਈਂ
ਫ਼ਾਤਿਹਾ ਫੇਰ ਉਨ੍ਹਾਂ ਨੂੰ ਆਖੀਂ ਜਿਹਨਾਂ ਇਹ ਕਸਬ ਵਧਾਇਆ
ਫੇਰ ਰਹਿਮਤ ਰੱਬ ਉਸਤਾਦਾਂ ਨੂੰ ਜਿਸ ਤੈਨੂੰ ਸਿਖਲਾਇਆ
ਫਿਰ ਦੁਆ ਕਰ ਬਾਦਸ਼ਾਹੈ ਨੂੰ ਜਿਸਦੀ ਨਗਰੀ ਰਹੀਏ
ਫੇਰ ਮੰਗੀਏ ਭਲਾ ਉਸ ਘਰ ਦਾ ਜਿਸ ਘਰ ਕਾਮਾ ਬਹੀਏ
ਹੁਣ ਆ ਬੈਠ ਤੂੰ ਖੱਡੀ ਉਤੇ ਕਰ ਕੇ ਨਿਯਤ ਚੰਗੇਰੀ
ਜੇ ਇਹ ਬਰਕਤ ਵਿਚ ਚਾਹੇਂ ਕਰ ਮਸਜਿਦ ਵੱਲ ਫੇਰੀ
ਤਾਂ ਇਹ ਕਸਬ ਹਲਾਲ ਤੇਰੇ ਤੇ ਜਾਂ ਤੂੰ ਫ਼ਰਜ਼ ਗਿਜ਼ਾਰੀਂ
ਨਹੀਂ ਐਂਵੇਂ ਕਿਉਂ ਗ਼ਾਫ਼ਲ ਬੰਦੇ ਸਿਰ ਖੱਡੀ ਵਿਚ ਪਾਈਂ
ਜੋ ਫ਼ਰਜ਼ ਖ਼ੁਦਾ ਅਦਾ ਨਾ ਕਰਦੇ ਸੋਈ ਜਾਣ ਜੁਲਾਹੇ
ਜੋ ਉਲਮਾਵਾਂ ਦੀ ਤਾਬਿ ਚਲੇ ਉਸੇ ਨੂੰ ਰੱਬ ਚਾਹੇ
ਹੁਣ ਇਹ ਹਕੀਕਤ ਛੱਡ ਫ਼ਕੀਰਾ ਏਸ ਦਾ ਮਤਲਬ ਅੱਗੇ
ਮੁਨਸਫ਼ ਹੋ ਕੇ ਨਲ਼ੀ ਚਲਾਵੀਂ ਮੰਦਾ ਕਿਸੇ ਨਾ ਲੱਗੇ
ਹਸਬੀ ਅੱਲ੍ਹਾ ਹਸਬੀ ਅੱਲ੍ਹਾ ਹੱਥਾ ਰੋਜ਼ ਪੁਕਾਰੇ
ਇਸਤਗ਼ਫ਼ਾਰ ਪੜ੍ਹੇ ਨਿੱਤ ਨਾਲ਼ੀ ਜਾਂ ਇਹ ਤਾਣੀ ਚਾੜ੍ਹੇ
ਗਰਦ ਅੰਗ ਨੂੰ ਫੇਰ ਕਰੀਗਰ ਤੁਰਨੋਂ ਜਦੋਂ ਫਿਰਾਏ
ਤਾਂ ਕਰ ਪਾਸ ਸ਼ਹਾਦਤ ਕਲਮਾ ਪੜ੍ਹਦਾ ਪੜ੍ਹਦਾ ਜਾਏ

ਉਠਦੇ ਬਹਿੰਦੇ ਫੇਰ ਦੋਵੇਂ ਰਫ਼ਤਨ ਰਫ਼ਤਨ ਕਹਿੰਦੇ
ਜਿਹਨਾਂ ਹੱਕ ਬੇਗਾਨਾ ਖਾਧਾ ਸੋਈ ਸਜ਼ਾਈਂ ਲੈਂਦੇ
ਚੱਲ ਅਗੇਰੇ ਚੱਲ ਅਗੇਰੇ ਕਾਨੇ ਕੂਕ ਸੁਣਾਵਣ
ਫਿਰਦੀ ਘਰ ਦੀ ਨਲ਼ੀ ਪੁਕਾਰੇ ਦੁਨੀਆ ਆਵਣ ਜਾਵਣ
ਹੁਣ ਆਓ ਬਾਜ਼ ਗਰਦ ਅੰਗ ਵਾਂਗਰ ਤਰਜਿਓਂ ਤਾਅਬ ਹੋਵੀਂ
ਵਾਂਗੂੰ ਕਲੀਆਂ ਕਾਇਮ ਹੋ ਕੇ ਵਿਚ ਨਮਾਜ਼ ਖਲੋਵੀਂ
ਕਾਸਿਬ ਵਿਚ ਰੁਕੁ ਹਮੇਸ਼ਾ ਜਾਣੇ ਨਾਹੀਂ ਮੂਲੇ
ਮਸਜਿਦ ਦੇ ਵੱਲ ਧਿਆਨ ਨਾ ਕਰਦੇ ਥੱਕੇ ਚੰਗੇ ਭੋਲੇ
ਹੈ ਹੈ ਗ਼ਾਫ਼ਲ ਸਮਝ ਨਾ ਤੈਨੂੰ ਤੁਧੁ ਕਿਆ ਕਬਰ ਵਿਸਾਰੀ
ਅੱਧਾ ਕਬਰੇ ਦੇ ਵਿਚ ਦਾਇਮ ਨਾ ਤੂੰ ਚਸ਼ਮ ਉਘਾੜੀ
ਐਸੀ ਫਾਹੀ ਦੇ ਵਿਚ ਫਾਥੋਂ ਫੇਰ ਨਾ ਦੱਸਣ ਤੈਨੂੰ
ਸਰਦੀ ਲੱਗੇ ਕਿਉਂਕਰ ਜਾਣੇ ਦਸ ਹਕੀਕਤ ਮੈਨੂੰ
ਲਾਸ ਗੁਨਾਹਾਂ ਦੀ ਹੁਣ ਲੰਮੀ ਆ ਲਪੇਟ ਸਵੇਲੇ
ਮੱਤ ਵਗਾਰੀ ਵਾਲੇ ਤੈਨੂੰ ਆ ਪਕੜਨ ਕਿਤੇ ਵੇਲੇ
ਝਬ ਝਬ ਨਲ਼ੀ ਵਗਾ ਫ਼ਕੀਰਾ ਇਤਨਾ ਕਿਉਂ ਅਟਕਾਏ
ਤਾਣੀ ਵਾਲੇ ਫਿਰ ਫਿਰ ਮੱਤ ਕੁ ਆ ਸਤਾਏ

ਤਾਣਾ ਇਲਮ ਅਮਲ ਦਾ ਪੇਟਾ ਦੋਂਵੇਂ ਬਰਾਬਰ ਚੱਲਣ
ਤਾਂ ਇਹ ਜਾਮਾ ਮੁਹਕਮ ਹੋਵੇ ਧਾਗੇ ਕਦੀਂ ਨਾ ਹਿੱਲਣ
ਆਖ਼ਿਰ ਰਾਤ ਪਈ ਦਿਨ ਲੱਥਾ ਨਾ ਗਜ਼ ਕੋਈ ਵਣੀਆਂ
ਤੈਨੂੰ ਆਖ ਰਹੇ ਬਹੁਤੇਰਾ ਨਾ ਤੁਧੁ ਕਦਈਂ ਸੁਣੀਆਂ
ਫ਼ਰਦ ਅਲਈਂ ਮਜ਼ਦੂਰੀ ਕਿਥੋਂ ਸੂਤਰ ਬਹੁਤ ਚੁਰਾਇਆ
ਖਾ ਖਾ ਗਏ ਜਵਾਈ ਭਾਈ ਤੈਨੂੰ ਭਰਨਾ ਆਇਆ
ਕੋਈ ਪਹਿਰ ਘੜੀ ਦਿਨ ਰਹਿੰਦਾ ਝਬ ਝਬ ਫੇਰ ਚਲਾਈਂ
ਇਹ ਦੁਕਾਨ ਕੋਈ ਦਿਨ ਤੇਰਾ ਇੱਕੀ ਕਾਨ ਚਲਾਈਂ
ਚਾਰ ਪਹਿਰ ਕਿਆ ਹਿਰਸ ਲਗਾਈ ਵਿਚ ਖੱਡੀ ਬਾਜ਼ੂ ਮਾਰੇ
ਇੱਕ ਦੋ ਘੜੀਆਂ ਨਾਲ਼ ਮੁਹੱਬਤ ਨਾ ਤੂੰ ਰੱਬ ਚਿਤਾਰੇ
ਰੱਛ ਰਛੀੜਾ ਸੂਤਰ ਪੁੱਤਰ ਸਭ ਕੁੱਝ ਇਥੇ ਰਹਿਸੀ
ਤਾਣੀ ਤੰਦ ਪਰਾਈ ਆਪਣੀ ਫ਼ਰਦਾ ਨਾਲ਼ ਨਾ ਵੈਸੀ

ਅੱਵਲ ਪਗੜੀ ਲਾਹ ਉਨ੍ਹਾਂ ਦੇ ਜਿਹੜੇ ਛੋੜਨ ਸ਼ਾਖ਼ਾਂ
ਵਿਚ ਕਿਤਾਬਾਂ ਲਿਖਿਆ ਡਿੱਠਾ ਨਾ ਕਰਨ ਮਜ਼ਾਖ਼ ਭਲੇਰੀ
ਮੋਮਿਨ ਤਾਈਂ ਬੁਰਾ ਨਾ ਕਹੀਏ ਇਹ ਨਸੀਹਤ ਮੇਰੀ
ਜ਼ਨ ਅਲਮੋਮੀਨੀਨ ਖ਼ੈਰਾ ਪੜ੍ਹ ਕੇ ਮੰਦਾ ਕਿਸੇ ਨਾ ਕਹੀਏ
ਜੇ ਕੁੱਝ ਅਮਰ ਖ਼ੁਦਾ ਨੇ ਕੀਤਾ ਵਿਚ ਸ਼ਰੀਅਤ ਰਹੀਏ
ਜੇ ਕੁੱਝ ਮਨ੍ਹਾ ਖ਼ੁਦਾ ਨੇ ਕੀਤਾ ਅਤੋਲ ਮੂਲ ਨਾ ਜਾਈਏ
ਉਲਮਾਵਾਂ ਦੀ ਤਾਬਿ ਰਹੀਏ ਖ਼ਾਕ ਸ਼ੈਤਾਂ ਸਿਰ ਪਾਈਏ
ਅਲਹਾਇਕਲਾ ਯਅਕਲ ਲੋਕਾਂ ਆਮ ਹਦੀਸ ਬਣਾਈ
ਲਿਖੀ ਅਸਾਂ ਨਾ ਡਿੱਠੀ ਮੂਲੇ ਨਾ ਪੜ੍ਹਨੇ ਵਿਚ ਆਈ
ਪੜ੍ਹ ਨਮਾਜ਼ਾਂ ਰੱਖੋ ਰੋਜ਼ੇ ਹੁਕਮ ਖ਼ੁਦਾ ਦਾ ਮੰਨੋ
ਹੱਜ ਜ਼ਕਾਤ ਸ਼ਹਾਦਤ ਕਲਮਾ ਹੱਕ ਨਾ ਮੂਲੇ ਭੰਨੋ
ਪੜ੍ਹ ਕੁਰਆਨ ਮਿਸਾਈਲ ਦੇਣੀ ਖ਼ਾਸੇ ਮੁਸਲਿਮ ਹੋਵੋ
ਕਾਲ਼ਾ ਦਫ਼ਤਰ ਬਦੀਆਂ ਵਾਲਾ ਤੌਬਾ ਪੜ੍ਹ ਪੜ੍ਹ ਧੋਵੋ
ਕੁਫ਼ਰ ਰੱਦਦੇ ਕਲਮਾ ਪੜ੍ਹ ਕੇ ਤੇ ਵਲ਼ਾ ਕੋ ਜ਼ੋਰ ਲਗਾਉ
ਪੜ੍ਹ ਕੇ ਪਾਣੀ ਤੌਬਾ ਸੁਣਦਾ ਜਾਮਾ ਸਾਫ਼ ਕਰਾਉ
ਜਿਹੜਾ ਨੇਕ ਨਮਾਜ਼ੀ ਹੋਵੇ ਉਸਨੂੰ ਨਾ ਕੋਈ ਹੱਸਦਾ
ਉਲਮਾਵਾਂ ਫ਼ਜ਼ਲਾਵਾਂ ਕੋਲੋਂ ਸ਼ੈਤਾਂ ਜਾਹਲ ਨੱਸਦਾ
ਉਲਮਾਵਾਂ ਦੇ ਹੱਕ ਜੇ ਕੋਈ ਮੰਦਾ ਸੱਜਣ ਅਲਾਏ
ਦਿਨ ਵੰਜਾ ਕੇ ਕਾਫ਼ਰ ਹੋਵੇ ਫ਼ਰਦਾ ਦੋਜ਼ਖ਼ ਜਾਏ

ਅਲਮੀਂ ਬਾਝੋਂ ਸ਼ੇਖ਼ ਮਸ਼ਾਇਖ਼ ਜੇ ਕੁ ਫੇਰ ਸਦਾਏ
ਪਰ ਉਤੋਂ ਨਾ ਇਤਕਾਦ ਅਸਾਨੂੰ ਜੇ ਸੌ ਉੱਡਦਾ ਜਾਏ
ਫ਼ਰਦ ਫ਼ਕੀਰਾ ਇਲਮੇ ਬਾਝੋਂ ਕੋਈ ਜ਼ਾਤ ਨਾ ਚੰਗੀ
ਜੇ ਔਰਤ ਖ਼ੂਬਸੂਰਤ ਹੋਵੇ ਬਾਝ ਭਰਾ ਦੇ ਨੰਗੀ

ਹਾਸੇ ਹੋਰ ਮਜ਼ਾਖ਼ ਮਸਨਹਰੇ ਆਮਾਂ ਦੇ ਵਿਚ ਹੁੰਦੇ
ਫ਼ਰਦਾ ਇਨ੍ਹਾਂ ਗੁਨਾਹਾਂ ਕਾਰਨ ਬਹੁਤੇ ਹਾਸੇ ਰੋਂਦੇ
ਬਹੁਤ ਮਜ਼ਾਖ਼ ਖ਼ੁਸ਼ਾਮਦ ਗ਼ੀਬਤ ਇਸ ਹਾਸੇ ਨੂੰ ਰੋਂਦੇ
ਆਪਣੇ ਇਲਮ ਗਵਾਇਨ ਆਪੂੰ ਪਾਪ ਬੇਗਾਨੇ ਧੋਂਦੇ
ਥੋੜੇ ਲੋਗ ਨਮਾਜ਼ਾਂ ਪੜ੍ਹਦੇ ਬਹੁਤੇ ਮੂਲ ਨਾ ਪੜ੍ਹਦੇ
ਆਲਮ ਫ਼ਾਜ਼ਲ ਕਹਿ ਕਹਿ ਥੱਕੇ ਜ਼ਰਾ ਖ਼ੌਫ਼ ਨਾ ਕਰਦੇ
ਕਿਆ ਇਨਾਮ ਖ਼ੁਦਾਈ ਗ਼ਾਫ਼ਲ ਕਰਦੇ ਕੰਮ ਸ਼ਤਾਨੀ
ਸਿਫ਼ਤ ਈਮਾਨ ਨਾ ਜਾਨਣ ਮੂਲੇ ਕੇਹੀ ਮੁਸਲਮਾਨੀ
ਮੁਸਲਮਾਨੀ ਪੰਜ ਬਣਾ ਅਤੋਲ ਮੂਲ ਨਾ ਆਵਣ
ਜਿਹੜੀ ਜਾਈਂ ਬਿਦਅਤ ਹੋਵੇ ਦੌੜੇ ਦੌੜੇ ਜਾਵਣ
ਬੇ ਨਮਾਜ਼ਾਂ ਯਾਦ ਨਾ ਮਰਨਾ ਖ਼ਾਲਿਕ ਥੀਂ ਨਾ ਡਰਦੇ
ਭੁੱਲ ਭੁਲਾਵੇ ਸ਼ਰਮ ਕੁਸ਼ਰਮੀ ਕਦੀ ਮਸੀਤੀਂ ਵੜਦੇ
ਚਾਰ ਦਿਹਾੜੇ ਦੇਹਲ ਖਾ ਕੇ ਫਿਰ ਉਹ ਕਦੀ ਨਾ ਡਿਠੇ
ਮਸਜਿਦ ਦੇ ਵੱਲ ਕਦਮ ਨਾ ਪਾਂਦੇ ਕਿਆ ਜਾਣੇ ਉਹ ਕਿੱਥੇ
ਜੁਮੇਰਾਤ ਉਲਮਾਵਾਂ ਤਾਈਂ ਡਰਦੇ ਟਿਕੀ ਦਿੰਦੇ
ਯਾ ਕਦੀ ਰਮਜ਼ਾਨ ਵਫ਼ਾਤੀਂ ਰੋਟੀ ਸੱਦ ਖਵੀਂਦੇ
ਇਹ ਭੀ ਭਲਾ ਜੇ ਉਲਮਾਵਾਂ ਦੀ ਇਤਨੀ ਖ਼ਿਦਮਤ ਕਰਦੇ
ਪਰ ਦਿੱਲ ਦੀਆਂ ਬਾਤਾਂ ਮੌਲਾ ਜਾਨੇ ਜ਼ਾਹਰ ਚਾਕਰ ਬਰਦੇ
ਵੁਜ਼ੂ ਕਰਦਿਆਂ ਚਿੱਟੀ ਪੁਣ ਦੀ ਵੜਨ ਮਸੀਤੇ ਧਾੜਾ
ਰੋਜ਼ਾ ਰੱਖਣ ਐਸਾ ਇਨ੍ਹਾਂ ਜਿਹਾ ਪਵੇ ਕੁਹਾੜਾ
ਬਾਝ ਨਮਾਜ਼ਾਂ ਰੋਜ਼ੇ ਯਾਰੋ ਕਿਤੇ ਜਹਾਨ ਨਾ ਢੋਈ
ਚੰਗੀਆਂ ਅਮਲਾਂ ਬਾਝੋਂ ਫ਼ਰਦਾ ਵਾਤ ਨਾ ਪੁਛਸੀ ਕੋਈ

ਬੇ ਨਮਾਜ਼ਾਂ ਦੀ ਸਭ ਸ਼ਾਮਤ ਵਸਦੇ ਮੁਲਕ ਉਜਾੜੇ
ਕੰਮ ਰਜ਼ਿਕੀ ਤੇ ਜ਼ੁਲਮ ਵਧੇਰਾ ਪੌਂਦੇ ਪੈਰੇ ਧਾੜੇ
ਨਹੀਂ ਤੇ ਇਹ ਗ਼ਰੀਬ ਵਿਚਾਰੇ ਖ਼ਿਦਮਤ ਦੇ ਵਿਚ ਚੰਗੇ
ਪਰ ਥੋੜਾ ਬਹੁਤਾ ਦੇਵਨ ਉਸਨੂੰ ਜੈਕੋ ਆ ਕੇ ਮੰਗੇ
ਨਾ ਲਿਨ ਜਮਾਤ ਇੰਦ੍ਰ ਕਿਹੈ ਯਾਰ ਅਸਾਡੇ
ਫ਼ਰਦ ਫ਼ਕੀਰਾ ਇਸ ਮਜਲਿਸ ਜਾਹਲ ਭਲੇ ਦੂਰਾਡੇ
ਜਿਹੜਾ ਰਾਹ ਸ਼ਰ੍ਹਾ ਦੇ ਚਲੇ ਸੋਈਓ ਮੋਮਿਨ ਭਾਈ
ਜਿਹੜਾ ਨੇਕ ਦਿਆਨਤ ਹੋਵੇ ਉਸਨੂੰ ਕਮੀ ਨਾ ਕਾਈ
ਸਾਰਿਆਂ ਬੇ ਨਮਾਜ਼ਾਂ ਨੂੰ ਮੈਂ ਇਹ ਉਲਾਹਮਾ ਦਿੱਤਾ
ਮੱਤ ਬਾਫ਼ਿੰਦਾ ਸੁਣ ਕੇ ਕੋਈ ਬਹੁਤ ਉਛਾਲੇ ਪਤਾ
ਨੂਰ ਬਾਫ਼ ਬਾਫ਼ਿੰਦਾ ਨੂਰੀ ਬਹੁਤੇ ਬਜ਼ੁਰਗ ਆਹੇ
ਪੜ੍ਹਨ ਨਮਾਜ਼ਾਂ ਰੱਖਣ ਰੋਜ਼ੇ ਆਖਣ ਕੌਣ ਜੁਲਾਹੇ
ਇਹ ਖ਼ਾਰ ਨਮਾਜ਼ ਭਲੀਰੇ ਜਿਹੜਾ ਗਾਹੇ ਗਾਹੇ ਪੜ੍ਹਸੀ
ਪੋਸਤੀਆਂ ਦੇ ਅਮਲੇ ਵਾਂਗੂੰ ਕਜ਼ਾ ਨਾ ਮੂਲੇ ਕਰਸੀ
ਇਸੀ ਹਕਬੇ ਦੋਜ਼ਖ਼ ਅੰਦਰ ਅਕਸ ਨਿਮਾਜ਼ੇ ਬਦਲੇ
ਬਖ਼ਸ਼ੇਂ ਯਾ ਗ਼ੱਫ਼ਾਰ ਸਿਤਾਰਾ ਸਾੜੇਂ ਬਾਹੀਂ ਬਦਲੇ
ਯਾ ਰੱਬ ਕਰੀਂ ਸੁਕਾਲ ਹਮੇਸ਼ਾ ਮੱਠੇ ਰੋਜ਼ ਨਾ ਆਵਣ
ਇਹ ਫਿਰ ਯਾਰ ਗ਼ਰੀਬ ਬੇਚਾਰੇ ਰੱਜ ਰੱਜ ਬਹੁਤਾ ਖਾਵਣ
ਯਾ ਰੱਬ ਕਰੀਂ ਹਿਦਾਇਤ ਕੱਲ ਨੂੰ ਡਿੱਗੇ ਰਾਹ ਨਾ ਮਾਈਂ
ਨਾਲ਼ ਸ਼ਫ਼ਾਅਤ ਹਜ਼ਰਤ ਵਾਲੀ ਫ਼ਰਦਾ ਪਾਰ ਲੰਘਾਈਂ

ਪਰ ਜਿਸ ਨੂੰ ਰੱਬ ਹਿਦਾਇਤ ਕੀਤੀ ਉਹ ਗੁੰਮਰਾਹ ਨਾ ਹੁੰਦਾ
ਜੋ ਗੁੰਮਰਾਹ ਖ਼ੁਦਾ ਨੇ ਕੀਤਾ ਸੋ ਹੁਣ ਰਾਹ ਨਾ ਪਾਉਂਦਾ
ਜਿਹੜਾ ਆਪ ਨਾ ਸਿੱਧਾ ਹੋਵੇ ਔਰਾਂ ਨੂੰ ਕੀਹ ਕਹੇ
ਅਤਾ ਮਰੂਨ ਅਲਨਾਸ ਬਾਲਬੱਰ ਵਿਚ ਕੁਰਾਨੇ ਹੈ
ਪੱਟ ਪਾੜ ਕੇ ਉਮਰ ਵੰਝਾਈ ਨਾ ਪਿਓਂਦ ਕੁ ਸੀਤਾ
ਘਾਟੀ ਹਜ਼ਾਰੀ ਬੁਣੀ ਬਹੁਤੇਰੀ ਨਾ ਪਰ ਸਾਬਤ ਕੀਤਾ
ਇੱਕ ਸੁਰ ਹੋਰ ਸਤਾਠ ਗਜ਼ ਦੀ ਤਾਣੀ ਮੰਨ ਕੇ ਲਈਏ
ਠੋਕ ਠੋਕ ਕੇ ਬੁਣੇ ਚੰਗੇਰੀ ਨਾ ਕੁ ਨਲ਼ੀ ਚਿਰੀਏ
ਬਾਫ਼ੰਦਗੀ ਦੇ ਅਦਦ ਜਿਤਨੇ ਫ਼ਰਦ ਬਣਾਏ
ਗੰਜ ਮਰੋੜੀ ਨਾ ਵਿਚ ਰੱਖੀ ਗਿਣ ਗਿਣ ਧਾਗੇ ਪਾਏ
ਜੈਕੋ ਧਾਗਾ ਤਰੁਟਾ ਦੇਖੋ ਦੇਕੇ ਗੰਢ ਸੰਵਾਰੋ
ਦਿਉ ਦੁਆ ਮੁਸੱਨਫ਼ ਨੂੰ ਈਮਾਨ ਸਲਾਮਤ ਯਾਰੋ
ਯਾਰਾਂ ਸੈ ਤਰੇਸਠ ਬਰਸਾਂ ਸੁਣਾ ਨਬੀ (ਸਲ.) ਦਾ ਆਇਆ
ਇਹ ਰਿਸਾਲਾ ਕਾਮਲ ਹੋਇਆ ਹੁਕਮ ਧੁਰਾਹੂੰ ਆਇਆ

  • ਮੁੱਖ ਪੰਨਾ : ਕਾਵਿ ਰਚਨਾਵਾਂ, ਫ਼ਰਦ ਫ਼ਕੀਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ