Purey Deeye Paune : Shiv Kumar Batalvi
ਪੁਰੇ ਦੀਏ ਪੌਣੇ : ਸ਼ਿਵ ਕੁਮਾਰ ਬਟਾਲਵੀ
ਪੁਰੇ ਦੀਏ ਪੌਣੇ
ਇਕ ਚੁੰਮਣ ਦੇ ਜਾ
ਛਿੱਟ ਸਾਰੀ ਦੇ ਜਾ ਖ਼ੁਸ਼ਬੋਈ
ਅੱਜ ਸਾਨੂੰ ਪੁੰਨਿਆਂ ਦੀ
ਓਦਰੀ ਜਹੀ ਚਾਨਣੀ ਦੇ
ਹੋਰ ਨਹੀਉਂ ਵੇਖਦਾ ਨੀ ਕੋਈ ।
ਅੱਜ ਮੇਰਾ ਬਿਰਹਾ ਨੀ
ਹੋਇਆ ਮੇਰਾ ਮਹਿਰਮ
ਪੀੜ ਸਹੇਲੜੀ ਸੂ ਹੋਈ
ਕੰਬਿਆ ਸੂ ਅੱਜ ਕੁੜੇ
ਪਰਬਤ ਪਰਬਤ
ਵਣ ਵਣ ਰੱਤੜੀ ਸੂ ਰੋਈ ।
ਸੁੱਕ ਬਣੇ ਸਾਗਰ
ਥਲ ਨੀ ਤਪੌਂਦੇ ਅੱਜ
ਫੁੱਲਾਂ ਚੋਂ ਸੁਗੰਧ ਅੱਜ ਮੋਈ
ਗਗਨਾਂ ਦੇ ਰੁੱਖੋਂ ਅੱਜ
ਟੁੱਟੇ ਪੱਤ ਬੱਦਲਾਂ ਦੇ
ਟੇਪਾ ਟੇਪਾ ਚਾਨਣੀ ਸੂ ਚੋਈ ।
ਅੱਜ ਤਾਂ ਨੀ ਕੁੜੇ
ਸਾਡੇ ਦਿਲ ਦਾ ਹੀ ਰਾਂਝਣਾ
ਖੋਹ ਸਾਥੋਂ ਲੈ ਗਿਆ ਈ ਕੋਈ
ਅੱਜ ਮੇਰੇ ਪਿੰਡ ਦੀਆਂ
ਰਾਹਾਂ ਤੇ ਤਿਜ਼ਾਬ ਤਿੱਖਾ
ਲੰਘ ਗਿਆ ਡੋਲ੍ਹਦਾ ਈ ਕੋਈ ।
ਸੋਈਓ ਹਾਲ ਹੋਇਆ ਅੱਜ
ਪ੍ਰੀਤ ਨੀ ਅਸਾਡੜੀ ਦਾ
ਠੱਕੇ ਮਾਰੇ ਕੰਮੀ ਜਿਵੇਂ ਕੋਈ
ਨਾ ਤਾਂ ਨਿਕਰਮਣ
ਰਹੀ ਊ ਨੀ ਡੋਡੜੀ
ਨਾ ਤਾਂ ਮੁਟਿਆਰ ਖਿੜ ਹੋਈ ।
ਫੁੱਲਾਂ ਦੇ ਖਰਾਸੇ
ਕਿਹੜੇ ਮਾਲੀ ਅੱਜ ਚੰਦਰੇ ਨੀ
ਤਿਤਲੀ ਮਲੂਕ ਜਹੀ ਜੋਈ
ਹੰਘਦੇ ਨੇ ਕਾਹਨੂੰ ਭੌਰੇ
ਜੂਹੀ ਦਿਆਂ ਫੁੱਲਾਂ ਉੱਤੇ
ਕਾਲੀ ਜਿਹੀ ਓਢ ਕੇ ਨੀ ਲੋਈ ।
ਕਿਰਨਾਂ ਦਾ ਧਾਗਾ
ਸਾਨੂੰ ਲਹਿਰਾਂ ਦੀ ਸੂਈ ਵਿਚ
ਨੈਣਾਂ ਵਾਲਾ ਪਾ ਦੇ ਅੱਜ ਕੋਈ
ਲੱਭੇ ਨਾ ਨੀ ਨੱਕਾ
ਸਾਡੀ ਨੀਝ ਨਿਮਾਨੜੀ ਨੂੰ
ਰੋ-ਰੋ ਅੱਜ ਧੁੰਦਲੀ ਸੂ ਹੋਈ ।
ਸੱਦੀਂ ਨੀਂ ਛੀਂਬਾ ਕੋਈ
ਜਿਹੜਾ ਅਸਾਡੜੀ
ਮੰਨ ਲਵੇ ਅੱਜ ਅਰਜੋਈ
ਠੇਕ ਦੇਵੇ ਲੇਖਾਂ ਦੀ
ਜੋ ਕੋਰੀ ਚਾਦਰ
ਪਾ ਕੇ ਫੁੱਲ ਖ਼ੁਸ਼ੀ ਦਾ ਕੋਈ ।
ਪੁਰੇ ਦੀਏ ਪੌਣੇ
ਇਕ ਚੁੰਮਣ ਦੇ ਜਾ
ਛਿੱਟ ਸਾਰੀ ਦੇ ਜਾ ਖ਼ੁਸ਼ਬੋਈ
ਅੱਜ ਸਾਨੂੰ ਪੁੰਨਿਆਂ ਦੀ
ਓਦਰੀ ਜਹੀ ਚਾਨਣੀ ਦੇ
ਹੋਰ ਨਹੀਉਂ ਵੇਖਦਾ ਨੀ ਕੋਈ ।