ਪੂਰਨ ਭਗਤ ਲੋਕ ਕਾਵਿ ਵਿੱਚ

1
ਭਗਤੀ ਤੇਰੀ ਪੂਰਨਾ
ਕੱਚੇ ਧਾਗੇ ਦਾ ਸੰਗਲ ਬਣ ਜਾਵੇ

2
ਵੇ ਮੈਂ ਬਾਗ਼ ਲਵਾਵਾਂ ਪੂਰਨਾ
ਤੇ ਕਲੀਆਂ ਦੇ ਪੱਜ ਆ

ਕਲੀਆਂ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ
ਨੀ ਅਕਲੋਂ ਸਮਝ ਸਿਆਣੀਏਂ

ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਮੈਂ ਖੂਹਾ ਲਵਾਵਾਂ ਪੂਰਨਾ
ਵੇ ਤੂੰ ਨ੍ਹਾਵਣ ਦੇ ਪੱਜ ਆ
ਵੇ ਸੋਹਣਿਆਂ ਪੂਰਨਾ ਵੇ

ਨ੍ਹਾਵਣ ਦੇ ਪੱਜ ਨਾ ਆਵਾਂ
ਨੀ ਤੂੰ ਲਗਦੀ ਧਰਮ ਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਵੇ ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ ਤੇਰੀ
ਵੇ ਸੋਹਣਿਆਂ ਪੂਰਨਾ ਵੇ

3
ਅੱਡੀ ਮੇਰੀ ਕੌਲ ਕੰਚ ਦੀ
ਗੂਠੇ ਤੇ ਬਰਨਾਮਾਂ
ਚਿੱਠੀਆਂ ਮੈਂ ਲਿਖਦੀ
ਪੜ੍ਹ ਮੁੰਡਿਆ ਅਣਜਾਣਾ
ਪੂਰਨ ਭਗਤ ਦੀਆਂ-
ਜੋੜ ਬੋਲੀਆਂ ਪਾਵਾਂ

4
ਮਾਈ ਮਾਈ ਪਿਆ ਭੌਂਕਦੈਂ
ਕਿੱਥੋਂ ਲਗਦੀ ਮਾਈ
ਤੇਰੀ ਖ਼ਾਤਰ ਨਾਲ ਸ਼ੌਂਕ ਦੇ
ਸੁੰਦਰ ਸੇਜ ਬਛਾਈ
ਹਾਣ ਪਰਮਾਣ ਦੋਹਾਂ ਦਾ ਇੱਕੋ
ਝੜੀ ਰੁਪ ਨੇ ਲਾਈ
ਗਲ਼ ਦੇ ਨਾਲ਼ ਲਗਾ ਲੈ ਮੈਨੂੰ
ਕਰ ਸੀਨੇ ਸਰਦਾਈ
ਮੇਵੇ ਰੁੱਤ ਰੁੱਤ ਦੇ-
ਮਸਾਂ ਜੁਆਨੀ ਆਈ

5
ਮਾਈ ਮਾਈ ਪਿਆ ਭੌਂਕਦੈਂ
ਕਿੱਥੋਂ ਸਾਕ ਬਣਾਇਆ
ਕਿਥੋਂ ਲਗਦੀ ਮਾਤਾ ਤੇਰੀ
ਕਦ ਮੈਂ ਸੀਰ ਚੁੰਗਾਇਆ
ਓਹੀ ਲਗਦੀ ਮਾਤਾ ਪੂਰਨਾ
ਜੀਹਨੇ ਪੇਟੋਂ ਜਾਇਆ
ਚਲ ਸ਼ਤਾਬੀ ਬੈਠ ਪਲੰਘ ਤੇ
ਕਿਉਂ ਨਖ਼ਰੇ ਵਿੱਚ ਆਇਆ
ਲੂਣਾਂ ਰਾਣੀ ਨੇ-
ਹੱਥ ਬੀਣੀ ਨੂੰ ਪਾਇਆ

6
ਲੂਣਾਂ ਦੇ ਮੰਦਰੀਂ ਪੂਰਨ ਜਾਂਦਾ
ਡਿਗ ਪੈਂਦੀ ਗਸ਼ ਖਾ ਕੇ
ਆ ਵੇ ਪੂਰਨਾ ਕਿਧਰੋਂ ਆਇਆ
ਬਹਿ ਗਿਆ ਨੀਵੀਂ ਪਾ ਕੇ
ਕਿਹੜੀ ਗੱਲ ਤੋਂ ਸੰਗਦਾ ਪੂਰਨਾ
ਜਿੰਦ ਨਿਕਲੂ ਗਰਨਾ ਕੇ ਤੇਰੇ ਮੂਹਰੇ ਹੱਥ ਬੰਨ੍ਹਦੀ-
ਚੜ੍ਹ ਜਾ ਸੇਜ ਤੇ ਆ ਕੇ

7
ਮਨ ਨੂੰ ਮੋੜ ਕੇ ਬੈਠ ਪਾਪਣੇ
ਤੈਂ ਕਿਉਂ ਨੀਤ ਡੁਲਾਈ
ਉਹ ਤਾਂ ਮੇਰਾ ਪਿਤਾ ਹੈ ਲਗਦਾ
ਜੀਹਨੇ ਤੂੰ ਪਰਨਾਈ
ਮਾਂ ਪੁੱਤ ਦੀ ਗੱਲ ਕਦੇ ਨਾ ਬਣਦੀ
ਉਲਟੀ ਨਦੀ ਚਲਾਈ
ਪੂਰਨ ਹੱਥ ਬੰਨ੍ਹਦਾ-
ਤੂੰ ਹੈਂ ਧਰਮ ਦੀ ਮਾਈ

(ਪੰਜਾਬ ਦੇ ਲੋਕ ਨਾਇਕ: ਸੁਖਦੇਵ ਮਾਦਪੁਰੀ ਵਿੱਚੋਂ)