Thal

ਥਾਲ

ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਥਾਲ ਖੇਡ ਲੀਰਾਂ ਤੇ ਧਾਗਿਆਂ ਨਾਲ ਬਣੀ ਖਿਦੋ ਜਾ ਖੇਹਨੂੰ ਨਾਲ ਖੇਡੀ ਜਾਂਦੀ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ। ਇਸ ਖੇਡ ਵਿੱਚ ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿੱਚ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲੀ ਤੇ ਬੋਚ ਕੇ ਉਸਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਤੇ ਵਾਰ-ਵਾਰ ਬੜ੍ਹਕਾਉਂਦੀ ਹੋਈ ਨਾਲੋਂ ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਜਦੋਂ ਇਕ ਥਾਲ ਮੁੱਕ ਜਾਂਦਾ ਹੈ ਤਾਂ ਦੂਜਾ ਥਾਲ ਸ਼ੁਰੂ ਹੋ ਜਾਂਦਾ ਹੈ। ਜਿਥੇ ਵੀ ਖਿੱਦੋਂ ਡਿਗ ਪਵੇ ਉਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਅਤੇ ਅਗਲੀਆਂ ਕੁੜੀਆਂ ਥਾਲ ਪਾਉਣੇ ਆਰੰਭ ਕਰ ਦਿੰਦੀਆ ਹਨ। ਜਿਸ ਕੁੜੀ ਨੇ ਸਭ ਤੋਂ ਵੱਧ ਥਾਲ ਪਾਏ ਹੋਣ ਉਸਨੂੰ ਜੇਤੂ ਮੰਨਿਆ ਜਾਂਦਾ ਹੈ।

1. ਮਾਂ ਮਾਂ ਗੁੱਤ ਕਰ

ਮਾਂ ਮਾਂ ਗੁੱਤ ਕਰ, ਧੀਏ ਭੈਣੇ ਚੁੱਪ ਕਰ
ਮਾਂ ਮਾਂ ਵਿਆਹ ਕਰ, ਧੀਏ ਭੈਣੇ ਰਾਹ ਕਰ
ਮਾਂ ਮਾਂ ਜੰਞ ਆਈ, ਧੀਏ ਭੈਣੇ ਕਿੱਥੇ ਆਈ
ਆਈ ਪਿੱਪਲ ਦੇ ਹੇਠ, ਨਾਲੇ ਸਹੁਰਾ ਨਾਲੇ ਜੇਠ
ਨਾਲੇ ਮਾਂ ਦਾ ਜਵਾਈ, ਖਾਂਦਾ ਲੁੱਚੀ ਤੇ ਕੜ੍ਹਾਈ
ਸਉਂਦਾ ਲੇਫ਼ ਤੇ ਤਲਾਈ, ਪੀਂਦਾ ਦੁੱਧ ਤੇ ਮਲਾਈ
ਭੈੜਾ ਰੁੱਸ ਰੁੱਸ ਜਾਂਦਾ, ਸਾਨੂੰ ਸ਼ਰਮ ਪਿਆ ਦਵਾਂਦਾ
ਆਲ ਮਾਲ ਹੋਇਆ ਥਾਲ
(ਆਲ ਮਾਲ ਹੋਇਆ ਬੀਬੀ ਪੂਰਾ ਥਾਲ)

2. ਛੀ ਛਾਂ, ਜੀਵੇ ਮਾਂ

ਛੀ ਛਾਂ, ਜੀਵੇ ਮਾਂ, ਖੱਖੜੀਆਂ ਖਰਬੂਜੇ ਖਾਂ
ਖਾਂਦੀ ਖਾਂਦੀ ਕਾਬਲ ਜਾਂ, ਕਾਬਲੋਂ ਆਂਦੀ ਗੋਰੀ ਗਾਂ
ਗੋਰੀ ਗਾਂ, ਗੁਲਾਬੀ ਵੱਛਾ, ਮਾਰੇ ਸਿੰਗ ਤੁੜਾਵੇ ਰੱਸਾ
ਮੁੰਡੇ ਖੇਡਣ ਗੁਲੀ-ਡੰਡਾ, ਕੁੜੀਆਂ ਚਿੜੀਆਂ ਨ੍ਹਾਉਂਦੀਆਂ
ਮਰਦ ਕਰਨ ਲੇਖਾ ਪੱਤਾ, ਰੰਨਾਂ ਘਰ ਵਸਾਉਂਦੀਆਂ
ਆਲ ਮਾਲ ਹੋਇਆ ਥਾਲ

3. ਅੱਠ ਅਠੈਂਗਣ, ਬਾਰਾਂ ਬੈਂਗਣ

ਅੱਠ ਅਠੈਂਗਣ, ਬਾਰਾਂ ਬੈਂਗਣ
ਕੱਦੂ ਪੱਕੇ ਤੋਰੀਆਂ, ਖੱਟ ਲਿਆਉਣ ਬੋਰੀਆਂ
ਬੋਰੀ ਬੋਰੀ ਘਿਓ, ਜੀਵੇ ਰਾਜਾ ਪਿਓ
ਪਿਓ ਪੈਰੀਂ ਜੁੱਤੀ, ਜੀਵੇ ਕਾਲੀ ਕੁੱਤੀ
ਕਾਲੀ ਕੁੱਤੀ ਦੇ ਕਤੂਰੇ, ਮੇਰੇ ਸੱਭੇ ਥਾਲ ਪੂਰੇ
ਮੇਰਾ ਇੱਕ ਵੀ ਨਾ ਘੱਟ, ਮੇਰੇ ਹੋ ਗਏ ਪੂਰੇ ਸੱਠ
ਆਲ ਮਾਲ ਹੋਇਆ ਥਾਲ

4. ਖੂਹ ਵਿੱਚ ਪੌੜੀ

ਖੂਹ ਵਿੱਚ ਪੌੜੀ, ਸੱਸ ਮੇਰੀ ਕੌੜੀ
ਸਹੁਰਾ ਮੇਰਾ ਮਿੱਠਾ, ਲੈਲਪੁਰ ਡਿੱਠਾ
ਲੈਲਪੁਰ ਦੀਆਂ ਕੁੜੀਆਂ ਆਈਆਂ
ਨੰਦ ਕੌਰ ਨਾ ਆਈ
ਨੰਦ ਕੌਰ ਦਾ ਗਿੱਟਾ ਭੱਜਾ, ਹਿੰਗ ਜਮੈਣ ਲਾਈ
ਤੂੰ ਨਾ ਲਾਈ ਮੈਂ ਨਾ ਲਾਈ, ਲਾ ਗਿਆ ਕਸਾਈ
ਤੇਰੇ ਪੇਕਿਆਂ ਦਾ ਨਾਈ, ਤੇਰੇ ਸਹੁਰਿਆਂ ਦਾ ਨਾਈ
ਮੈਨੂੰ ਅੱਜ ਖ਼ਬਰ ਆਈ
ਆਲ ਮਾਲ ਹੋਇਆ ਥਾਲ

5. ਕੋਠੇ ਉੱਤੇ ਰੇਠੜਾ

ਕੋਠੇ ਉੱਤੇ ਰੇਠੜਾ
ਭੈਣ ਮੇਰੀ ਖੇਡਦੀ, ਭਨੋਈਆ ਮੈਨੂੰ ਵੇਖਦਾ
ਵੇਖ ਲੈ ਵੇ ਵੇਖ ਲੈ
ਬਾਰੀ ਵਿਚ ਬਹਿਨੀਆਂ, ਛੰਮ ਛੰਮ ਰੋਨੀਆਂ
ਲਾਲਾ ਜੀ ਦੇ ਕੱਪੜੇ, ਸਬੂਣ ਨਾਲ ਧੋਨੀਆਂ
ਸਬੂਣ ਗਿਆ ਉੱਡ ਪੁੱਡ, ਲੈ ਨੀ ਭਾਬੋ ਮੋਤੀ ਚੁਗ
ਮੋਤੀਆਂ ਦਾ ਹਾਰ ਪਰੋਇਆ, ਭਾਬੋ ਦੇ ਗਲ 'ਚ ਪਾਇਆ
ਭਾਬੋ ਮੇਰੀ ਸੋਹਣੀ ਮੋਹਣੀ, ਜਿਦ੍ਹੇ ਮੱਥੇ ਦੌਣੀ
ਦੌਣੀ ਵਿਚ ਸਤਾਰਾ, ਮੈਨੂੰ ਅਰਜਨ ਵੀਰ ਪਿਆਰਾ
ਅਰਜਨ ਦੀ ਵਹੁਟੀ ਡਿੱਠੀ ਏ
ਚੌਲਾਂ ਨਾਲੋਂ ਚਿੱਟੀ ਏ
ਕਲੀਆਂ ਨਾਲੋਂ ਸੁਹਣੀ ਏ, ਪਤਾਸਿਆਂ ਨਾਲੋਂ ਮਿੱਠੀ ਏ
ਕੁੜੀਏ ਥਾਲ ਈ

6. ਪੀਂਘਾਂ ਪਈਆਂ ਉੱਚੀਆਂ

ਪੀਂਘਾਂ ਪਈਆਂ ਉੱਚੀਆਂ, ਨਨਾਣਾਂ ਮੇਰੀਆਂ ਚੁਚੀਆਂ
ਨਣਾਨਵੀਰਾ ਕਾਣਾ, ਓਸੇ ਹੱਟੀ ਜਾਣਾ
ਕੋਰੇ ਕੁੱਜੇ ਦਹੀਂ ਜਮਾਇਆ, ਜਿੱਥੇ ਰੁੱਗ ਮਲਾਈ ਦਾ
ਜੇ ਤੂੰ ਮੇਰਾ ਸਕਾ ਦਿਉਰ, ਘੁੰਡ ਚੁੱਕੇਂ ਭਰਜਾਈ ਦਾ
ਛੱਲਾ ਲੈ ਲੈ, ਛਾਪ ਲੈ ਲੈ, ਇਹੋ ਘੁੰਡ ਲੁਹਾਈ ਦਾ
ਆਲ ਮਾਲ ਹੋਇਆ ਥਾਲ

7. ਥਾਲ ਥਾਲ ਥਾਲ

ਥਾਲ ਥਾਲ ਥਾਲ
ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ ਲਵਾਇਆ
ਅੰਦਰੋਂ ਪਾਣੀ ਰੁੜ੍ਹਦਾ ਆਇਆ
ਰੁੜ੍ਹ ਰੁੜ੍ਹ ਪਾਣੀਆਂ
ਸੁਰਮੇਦਾਨੀਆਂ
ਸੁਰਮਾ ਪਾਵਾਂ ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੋ ਮੇਰੀ ਜ਼ੁਲਫ਼ਾਂ ਵਾਲੀ
ਵੀਰ ਮੇਰਾ ਸਰਦਾਰ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ

8. ਕੋਠੇ ਉੱਤੇ ਗੰਨਾ

ਕੋਠੇ ਉੱਤੇ ਗੰਨਾ
ਵੀਰ ਮੇਰਾ ਲੰਮਾ
ਭਾਬੋ ਮੇਰੀ ਪਤਲੀ
ਜੀਹਦੇ ਨੱਕ ਮਛਲੀ
ਮਛਲੀ ਤੇ ਮੈਂ ਨ੍ਹਾਵਣ ਗਈਆਂ
ਲੰਡੇ ਪਿੱਪਲ ਹੇਠ
ਲੰਡਾ ਪਿੱਪਲ ਢਹਿ ਪਿਆ
ਮਛਲੀ ਆ ਗਈ ਹੇਠ
ਮਛਲੀ ਦੇ ਦੋ ਮਾਮੇ ਆਏ
ਮੇਰਾ ਆਇਆ ਜੇਠ
ਜੇਠ ਦੀ ਮੈਂ ਰੋਟੀ ਪਕਾਤੀ
ਨਾਲ ਪਕਾਈਆਂ ਤੋਰੀਆਂ
ਅੱਲ੍ਹਾ ਮੀਆਂ ਭਾਗ ਲਾਏ
ਵੀਰਾਂ ਦੀਆਂ ਜੋੜੀਆਂ
ਆਲ ਮਾਲ ਹੋਇਆ ਬੀਬੀ ਪੂਰਾ ਥਾਲ

9. ਬਾਤ ਪਾਵਾਂ ਬਤੋਲੀ ਪਾਵਾਂ

ਬਾਤ ਪਾਵਾਂ ਬਤੋਲੀ ਪਾਵਾਂ
ਬਾਤ ਨੂੰ ਲਾਵਾਂ ਕੁੰਡੇ
ਸਦਾਂ ਕੁੜੀ ਨੂੰ ਵਿਆਹੁਣ ਚੱਲੇ
ਚਹੁੰ ਕੂੰਟਾਂ ਦੇ ਮੁੰਡੇ
ਮੁੰਡਿਆਂ ਦੇ ਸਿਰ ਟੋਪੀਆਂ
ਜਿਊਣ ਸਾਡੀਆਂ ਝੋਟੀਆਂ
ਝੋਟੀਆਂ ਦੇ ਸਿਰ ਬੱਗੇ
ਜਿਊਣ ਸਾਡੇ ਢੱਗੇ
ਢੱਗਿਆਂ ਗਲ ਪੰਜਾਲੀ
ਜਿਊੂਣ ਸਾਡੇ ਹਾਲੀ
ਹਾਲੀ ਦੇ ਪੈਰ ਜੁੱਤੀ
ਜੀਵੇ ਸਾਡੀ ਕੁੱਤੀ
ਕੁੱਤੀ ਦੇ ਨਿਕਲਿਆ ਫੋੜਾ
ਜੀਵੇ ਸਾਡਾ ਘੋੜਾ
ਘੋੜੇ ਦੇ ਲਾਲ ਕਾਠੀ
ਜੀਵੇ ਸਾਡਾ ਹਾਥੀ
ਹਾਥੀ ਦੇ ਸਿਰ ਝਾਫੇ
ਜਿਊਣ ਸਾਡੇ ਮਾਪੇ
ਮਾਪਿਆਂ ਨੇ ਦਿੱਤਾ ਖੇਸ
ਜੀਵੇ ਸਾਡਾ ਦੇਸ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ

10. ਕੋਠੇ ਉੱਤੇ ਤਾਣੀ

ਕੋਠੇ ਉੱਤੇ ਤਾਣੀ
ਖੂਹ ਦਾ ਮਿੱਠਾ ਪਾਣੀ
ਬਾਬਲ ਮੇਰਾ ਰਾਜਾ
ਅੰਮੜੀ ਰਾਣੀ
ਦੁੱਧ ਦੇਵਾਂ
ਦਹੀਂ ਜਮਾਵਾਂ
ਵੀਰਾਂ ਦੀਆਂ ਦੂਰ ਬਲਾਵਾਂ
ਵੇਲ ਕੱਢਾਂ ਫੁੱਲ ਕੱਢਾਂ
ਕੱਢਾਂ ਮੈਂ ਕਸੀਦੜਾ
ਲਹਿਰਾਂ ਦੀ ਮੈਂ ਵੇਲ ਪਾਵਾਂ
ਰੰਗਾਂ ਦਾ ਬਗੀਚੜਾ
ਸਭ ਭਰਾਈਆਂ ਕੁੜੀਆਂ
ਆਰੇ ਪਾਰੇ ਜੁੜੀਆਂ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ

11. ਪੈਲਾਂ ਪੂਲਾਂ ਪਾ ਕੇ

ਪੈਲਾਂ ਪੂਲਾਂ ਪਾ ਕੇ
ਮੈਂ ਬੈਠੀ ਮੂਹੜਾ ਡਾਹ ਕੇ
ਵੀਰ ਆਇਆ ਨਹਾ ਕੇ
ਮੈਂ ਰੋਟੀ ਦਿੱਤੀ ਪਾ ਕੇ
ਵੀਰਾ ਖਾਣੀ ਏ ਤਾਂ ਖਾ
ਨਹੀਂ ਨੌਕਰੀ 'ਤੇ ਜਾ
ਆਲ ਮਾਲ
ਹੋਇਆ ਬੀਬੀ ਪੂਰਾ ਥਾਲ

12. ਰਾਵੀ ਹਿੱਲੇ ਜੁੱਲੇ

ਰਾਵੀ ਹਿੱਲੇ ਜੁੱਲੇ।
ਝਨਾਂ ਹਿੱਲੇ ਜੁੱਲੇ।
ਨਿਆਣੀਏਂ ਜਿੰਦੇ ਨੀ ਲੈ ਬੁੱਲੇ।
ਆਹੋ ਨੀ ਸਤਲੁਜ, ਆਪ ਪਿਆ ਨੱਚੇ,
ਆਹੋ ਨੀ ਮਾਂ ਦੇ ਬੋਲ ਡਾਢੇ ਸੱਚੇ।
ਬਿਆਸ ਪਾਵੇ ਗਿੱਧਾ,
ਨੀ ਸਾਡਾ ਰਾਹ ਸਿੱਧਾ।
ਨ੍ਹੇਰੀਆਂ ਰਾਤਾਂ ਲਿਸ਼ਕਣ ਤਾਰੇ,
ਉੱਠੋ ਨੀ ਭਾਬੀਓ, ਕੰਤ ਜਗਾਓ।
ਵੇਖੋ ਨੀ ਕਿੱਡਾ ਦਿਨ ਚੜ੍ਹਿਆ,
ਨੀ ਸਾਡੇ ਵੀਰ ਜਗਾਓ।
ਤਖ਼ਤ ਹਜ਼ਾਰਾ ਜਾਗਦਾ,
ਲਾਹੌਰ ਸ਼ਹਿਰ ਸੁੱਤਾ।
ਜਾਗ ਪਈ ਜਾਗ ਪਈ,
ਗਲੀ ਲਾਹੌਰ ਦੀ,
ਅੰਬਰਸਰ ਵੀ ਜਾਗ ਰਿਹਾ
ਸਵੀਂ ਨਾ ਵੇ ਸਵੀਂ ਨਾ,
ਵੇ ਕੰਮ ਹਾਕਾਂ ਮਾਰਦਾ।
ਬਿੰਨ੍ਹੋ ਕੁੜੀ ਦੇ ਕੰਨ, ਭਾਬੋ!
ਵਿਹੜੇ ਚੜ੍ਹਿਆ ਚੰਨ, ਭਾਬੋ!
ਆਲ ਮਾਲ, ਹੋਇਆ ਥਾਲ।

  • ਮੁੱਖ ਪੰਨਾ : ਪੰਜਾਬੀ ਲੋਕ ਕਾਵਿ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ