Punjabi Poetry : Tajammul Kaleem

ਪੰਜਾਬੀ ਕਲਾਮ/ਗ਼ਜ਼ਲਾਂ : ਤਜੱਮੁਲ ਕਲੀਮ


1. ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ

ਹੱਥੀਂ ਯਾਦਾਂ ਦੇ ਸ਼ਹਿਰ ਉਜਾੜ ਦਿੱਤੇ ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ ਸਾਡੇ ਨਾਲ਼ ਦੇ ਵਿਕ ਗਏ ਮਹਿਲ ਲੈ ਕੇ ਅਸੀਂ ਕੁੱਲੀ ਦੇ ਕੱਖ ਵੀ ਸਾੜ ਦਿੱਤੇ ਜਿੰਨੇ ਦੁੱਖ ਸੀ ਦਿਲ ਦੀ ਜੇਲ ਅੰਦਰ ਤਾਲਾ ਸਬਰ ਦਾ ਲਾਇਆ ਤੇ ਤਾੜ ਦਿੱਤੇ ਕਿਤੇ ਇੱਟਾਂ ਦਾ ਮੀਂਹ ਤੇ ਇਸ਼ਕ ਝੱਲਾ ਕਿਤੇ ਇਸ਼ਕ ਨੇ ਕੱਟ ਪਹਾੜ ਦਿੱਤੇ ਏਸ ਨਸ਼ੇ ਦੀ ਧੁੱਪ ਨੂੰ ਕਹਿਰ ਆਖੋ, ਜਿਨ੍ਹੇਂ ਫੁੱਲਾਂ ਦੇ ਰੰਗ ਵਗਾੜ ਦਿੱਤੇ ਜੁੱਤੀ ਬਾਲਾਂ ਦੀ ਲੈਣ ਲਈ ਮਾਲ ਵੀ ਦੇਹ, ਰੱਬਾ ! ਜਿਵੇਂ ਇਹ ਜੇਠ ਤੇ ਹਾੜ ਦਿੱਤੇ

2. ਰੁੱਖਾਂ ਵਾਂਗ ਉਚੇਰੀ ਉੱਗੇ

ਰੁੱਖਾਂ ਵਾਂਗ ਉਚੇਰੀ ਉੱਗੇ ਗਾਟਾ ਬੀਜ ਦਲੇਰੀ ਉੱਗੇ ਮੇਰੀ ਵਾਰ ਦਾ ਪਾਣੀ ਲਾ ਲੈ ਮੇਰੀ ਨਈਂ ਤੇ ਤੇਰੀ ਉੱਗੇ ਮੈਨੂੰ ਪੱਥਰ ਮਾਰਨ ਵਾਲੇ ਤੇਰੇ ਘਰ ਵਿੱਚ ਬੇਰੀ ਉੱਗੇ ਡਾਢਾ ਡੰਗਰ ਛੱਡ ਦਿੰਦਾ ਏ ਨਈਂ ਤੇ ਕਣਕ ਬਥੇਰੀ ਉੱਗੇ ਇੱਕੋ ਸ਼ਰਤ ਤੇ ਮੌਤ ਕਬੂਲੀ ਧਰਤੀ ਤੇ ਇੱਕ ਢੇਰੀ ਉੱਗੇ

3. ਸੋਚਾਂ ਦੀ ਵੱਲ ਕਿੱਧਰ ਗਈ

ਸੋਚਾਂ ਦੀ ਵੱਲ ਕਿੱਧਰ ਗਈ ਸ਼ਿਅਰਾਂ ਦੀ ਡੱਲ ਕਿੱਧਰ ਗਈ ਡੁੱਬੀ ਬੇੜੀ ਲਭਦਾ ਨਈਂ ਵੇਖ ਰਿਹਾਂ ਛੱਲ ਕਿੱਧਰ ਗਈ ਦਾਰੂ ਪੀ ਕੇ ਪੁੱਛਦੇ ਉਹ ਕਿੱਕਰਾਂ ਦੀ ਖੱਲ ਕਿੱਧਰ ਗਈ ਰੈਫ਼ਲ ਤੇ ਮਕਤੂਲ ਦੀ ਏ ਪਾਗਲ ਜਿਹੀ ਚੱਲ ਕਿੱਧਰ ਗਈ ਸੱਪ ਲੋਕਾਂ ਨੂੰ ਆਖੇ ਸੱਪ ਕਿਉਂ ਭਈ ਇਹ ਗੱਲ ਕਿੱਧਰ ਗਈ

4. ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ

ਅੱਖ ਖੋਲ੍ਹੀ ਤੇ ਦੁੱਖਾਂ ਦੇ ਜਾਲ ਵੇਖੇ। ਉੱਤੋਂ ਹੰਢਦੇ ਜਿੰਦੜੀ ਨਾਲ ਵੇਖੇ। ਤੂੰ ਕੀੜੇ ਦੇ ਰਿਜ਼ਕ ਦੀ ਸੋਚ ਰਿਹੈਂ, ਅਸੀਂ ਭੁੱਖਾਂ ਤੋਂ ਵਿਕਦੇ ਬਾਲ ਵੇਖੇ। ਮੈਂ ਨੱਚਿਆ ਜਗ ਦੇ ਸੁੱਖ ਪਾਰੋਂ, ਸੱਦ ਬੁੱਲ੍ਹੇ ਨੂੰ ਮੇਰੀ ਧਮਾਲ ਵੇਖੇ। ਇਕ ਇਕ ਦਿਨ ਸੀ ਹਿਜਰ ਦਾ ਸਾਲ ਵਰਗਾ, ਅਸੀਂ ਦਿਨ ਨਈਂ ਸਾਲਾਂ ਦੇ ਸਾਲ ਵੇਖੇ। ਖੜੇ ਰੇਸ਼ਮੀ 'ਬੈਨਰਾਂ' ਹੇਠ ਮੁੜਕੇ, ਗਲੋਂ ਨੰਗੇ ਸੀ ਜਿੰਨੇ ਵੀ ਬਾਲ ਵੇਖੇ। ਓਥੇ ਖ਼ੂਨ ਦਾ ਵੇਖਿਐ ਰੰਗ ਚਿੱਟਾ, ਜਿੱਥੇ ਫੁੱਲ ਕਪਾਹਾਂ ਦੇ ਲਾਲ ਵੇਖੇ। ਇਹਨੂੰ ਝੱਲੇ 'ਕਲੀਮ' ਨੂੰ ਰੋਕ ਕੇ ਤੇ, ਇਹਨੂੰ ਆਖ ਕਿ ਵੇਲੇ ਦੀ ਚਾਲ ਵੇਖੇ।

5. ਅੱਗ ਯਾਦਾਂ ਦੀ ਠਾਰ ਕੇ ਰੋਇਆ

ਅੱਗ ਯਾਦਾਂ ਦੀ ਠਾਰ ਕੇ ਰੋਇਆ। ਦਿਲ ਅਜ ਸੁਫ਼ਨੇ ਹਾਰ ਕੇ ਰੋਇਆ। ਸੜਦਾ ਬਲਦਾ ਵੇਖਕੇ ਮੈਨੂੰ, ਬੱਦਲ ਢਾਹੀਂ ਮਾਰ ਕੇ ਰੋਇਆ। ਮੈਂ ਤੇ ਹਸਕੇ ਘਾਟੇ ਸਹਿ ਲਏ, ਚਾਰਨ ਵਾਲਾ ਚਾਰ ਕੇ ਰੋਇਆ। ਮਹਿੰਦੀ ਵਾਲਾ ਹੱਥ ਸੀ ਉਸਦਾ, ਜਿਹੜਾ ਪੱਥਰ ਮਾਰਕੇ ਰੋਇਆ। ਡੁੱਬਿਆਂ ਅਣਖ ਤਾਂ ਜੀਉਂਦੀ ਰਹਿੰਦੀ, ਦਿਲ ਅਜ ਯਾਰ ਵੰਗਾਰ ਕੇ ਰੋਇਆ।

6. ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ

ਪੱਥਰ ਪਾੜ ਨਿਗ੍ਹਾਵਾਂ ਲਭਦਾ ਫਿਰਦਾ ਵਾਂ। ਅਜ ਕਲ ਆਪ ਬਲਾਵਾਂ ਲਭਦਾ ਫਿਰਦਾ ਵਾਂ। ਝੱਲਾ ਨਈਂ ਤਾਂ ਕੀ ਆਂ ਕਾਲੀਆਂ ਰਾਤਾਂ ਵਿਚ, ਮੈਂ ਅਪਣਾ ਪਰਛਾਵਾਂ ਲਭਦਾ ਫਿਰਦਾ ਵਾਂ। ਮੈਂ ਤੇ ਅੱਗ ਆਂ ਮੈਂ ਵੇਲੇ ਤੋਂ ਕੀ ਡਰਨਾਂ, ਜਗ ਲਈ ਠੰਢੀਆਂ ਛਾਵਾਂ ਲਭਦਾ ਫਿਰਦਾ ਵਾਂ। ਜ਼ਖਮਾਂ ਨੂੰ ਮੰਜ਼ੂਮ ਤੇ ਕੀਤੀ ਬੈਠਾ ਆਂ, ਹੁਣ ਤੇ ਬਸ ਸਰਨਾਮਾਂ ਲਭਦਾ ਫਿਰਦਾ ਵਾਂ।

7. ਸੱਜਣੋ ਟੱਕਰੇ ਵੈਰ ਤੇ ਬੱਸ

ਸੱਜਣੋ ਟੱਕਰੇ ਵੈਰ ਤੇ ਬੱਸ ਸਾਨੂੰ ਦੁੱਖ ਏ ਗ਼ੈਰ ਤੇ ਬੱਸ ਸ਼ੀਸ਼ੇ ਸਾਹਵੇਂ ਹੋ ਕੇ ਅੱਜ ਸਿੱਧਾ ਹੋਣਾ ਫ਼ਿਰ ਤੇ ਬੱਸ ਜਿਥੇ ਸਾਕੀ ਡੋਲ ਗਿਆ ਸਾਡੀ ਉਸੇ ਪੈਰ ਤੇ ਬੱਸ ਜੀਵਨ ਕੀ ਏ ਲੈ ਦੇ ਕੇ ਚਾਰ ਦਿਨਾਂ ਸੈਰ ਤੇ ਬੱਸ ਵਕਤ 'ਕਲੀਮਾ' ਭੈੜਾ ਏ ਆਖ਼ਿਰ ਹੋਵੇ ਖ਼ੈਰ ਤੇ ਬੱਸ

8. ਟਿੱਬਾ ਟੋਇਆ ਇਕ ਬਰਾਬਰ

ਟਿੱਬਾ ਟੋਇਆ ਇਕ ਬਰਾਬਰ ਕਰਿਆਂ ਹੋਇਆ ਇਕ ਬਰਾਬਰ ਕਸਮ ਏ ਸੁਣ ਕੇ ਨੀਂਦਰ ਉੱਡੀ ਸੁੱਤਾ ਮੋਇਆ ਇਕ ਬਰਾਬਰ ਮਾੜੇ ਘਰ ਨੂੰ ਬੂਹਾ ਕਾਹਦਾ ਖੁੱਲਾ ਢੋਇਆ ਇਕ ਬਰਾਬਰ ਰਾਤੀਂ ਅੱਖ ਤੇ ਬਦਲ ਵਸੇ ਚੋਇਆ ਚੋਇਆ ਇਕ ਬਰਾਬਰ ਯਾਰ ਕਲੀਮਾ ਜੋਗੀ ਅੱਗੇ ਸੱਪ ਗੰਡੋਇਆ ਇਕ ਬਰਾਬਰ

9. ਜਿਹਨੂੰ ਮੇਰੀ ਥੋੜ ਏ ਭਾ ਜੀ

ਜਿਹਨੂੰ ਮੇਰੀ ਥੋੜ ਏ ਭਾ ਜੀ। ਉਹਨੂੰ ਮੇਰੀ ਲੋੜ ਏ ਭਾ ਜੀ। ਬੁਲ੍ਹ ਸੂ ਜਿਸਰਾਂ ਫੁੱਲ ਗੁਲਾਬੀ ਅੱਖ ਦਾਰੂ ਦਾ ਤੋੜ ਏ ਭਾ ਜੀ। ਮਿਸਰੇ ਵਿਚ ਉਸ ਵਾਲ਼ ਨੱਚੋੜੇ ਮਿਸਰਾ ਆਪ ਨਚੋੜ ਏ ਭਾ ਜੀ। ਸੱਜੀ ਰੋਂਦੀ ਵੇਖ ਕੇ ਰੋ ਪਈ ਖੱਬੀ ਅੱਖ ਵਿਚ ਰੋੜ ਏ ਭਾ ਜੀ। ਹੰਝੂਆਂ ਕਿਸ ਲਈ ਅੱਗਾਂ ਲਾਈਆਂ ਪਾਣੀ ਅੱਗ ਦਾ ਤੋੜ ਏ ਭਾ ਜੀ।

10. ਕਿਹੜਾ ਹੱਥ ਨਹੀਂ ਜਰਦਾ ਮੈਂ

ਕਿਹੜਾ ਹੱਥ ਨਹੀਂ ਜਰਦਾ ਮੈਂ। ਕਿਹੜੀ ਸਾਹ ਨਹੀਂ ਮਰਦਾ ਮੈਂ। ਹੱਸਣ ਵਾਲੀ ਗੱਲ ਤੇ ਵੀ ਹੱਸ ਨਹੀਂ ਸਕਿਆ ਡਰਦਾ ਮੈਂ। ਕਿਸਮਤ ਲੁੱਟਣ ਆਈ ਸੀ ਕਰਦਾ ਤੇ ਕੀ ਕਰਦਾ ਮੈਂ। ਸਾਰੇ ਭਾਂਡੇ ਖ਼ਾਲੀ ਨੇਂ ਹੌਕਾ ਵੀ ਨਹੀਂ ਭਰਦਾ ਮੈਂ। ਖ਼ੁਦ ਮਰਿਆ ਵਾਂ ਤੇਰੇ 'ਤੇ ਤੈਥੋਂ ਨਹੀ ਸਾਂ ਮਰਦਾ ਮੈਂ।

11. ਦੋ ਧਾਰੀ ਤਲਵਾਰ ਏ ਭਾ ਜੀ

ਦੋ ਧਾਰੀ ਤਲਵਾਰ ਏ ਭਾ ਜੀ। ਵੇਲਾ ਇੰਜ ਦਾ ਯਾਰ ਏ ਭਾ ਜੀ। ਸ਼ਰਮਾਂ ਦੀ ਹੁਣ ਕਿਹੜੀ ਦੱਸਾਂ ਰੋਟੀ ਪਰਦਾ ਦਾਰ ਏ ਭਾ ਜੀ। ਧੂੜ 'ਤੇ ਤੁਰ ਕੇ ਖਬਰਾਂ ਹੋਈਆਂ ਸਾਡਾ ਵੀ ਕੋਈ ਬਾਰ ਏ ਬਾ ਜੀ। ਚੁੱਪ ਨੂੰ ਚੁੱਪ ਈ ਕੋਹ ਸਕਦੀ ਏ ਇਹ ਐਸਾ ਹਥਿਆਰ ਏ ਭਾ ਜੀ। ਨਫਰਤ ਦੀ ਸੂਲ਼ੀ ਨਾ ਚਾੜ੍ਹੋ ਮੇਰਾ ਜੁਰਮ ਪਿਆਰ ਏ ਭਾ ਜੀ।

12. ਬੱਦਲਾਂ ਵਾਂਗ ਨੇ ਗੱਜਦੇ ਬੰਦੇ

ਬੱਦਲਾਂ ਵਾਂਗ ਨੇ ਗੱਜਦੇ ਬੰਦੇ। ਵੱਸਣ ਕਿੱਸਰਾਂ ਅੱਜ ਦੇ ਬੰਦੇ। ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿਚ ਨਾ ਵੱਜਦੇ ਬੰਦੇ। ਰੱਬਾ ਤੈਨੂੰ ਥੋੜ੍ਹ ਏ ਕਿਹੜੀ ਤੈਥੋਂ ਵੀ ਨਹੀਂ ਰੱਜਦੇ ਬੰਦੇ। ਕਸਮੇ ਮੰਜ਼ਿਲ ਮਿਲ ਜਾਣੀ ਸੀ ਇਕ ਪਾਸੇ ਜੇ ਭੱਜਦੇ ਬੰਦੇ। ਦੋਹਾਂ ਸਦੀਆਂ ਤੀਕਰ ਜੀਣਾ ਚੱਜਦੇ ਸ਼ਿਅਰ ਤੇ ਚੱਜ ਦੇ ਬੰਦੇ।

13. ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ

ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ ਕੁੱਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਈਂ ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ ਅੱਜ ਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਈਂ ਅੱਥਰੂ ਨਹੀਂ ਪਟ੍ਰੌਲ ਜਿਹੇਆ ਏ ਪਲਕਾਂ ਤੇ ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਈਂ ਜੀਭ ਵਰਗੀ ਕੋਈ ਰੈਫ਼ਲ ਹੈ ਨਾ ਹੋਵੇਗੀ ਇਹਦੀ ਇਕ ਵੀ ਗੋਲੀ ਖ਼ਾਲੀ ਜਾਂਦੀ ਨਈਂ ਨੀਂਦਰ ਘੇਰ ਲਿਆ ਤੇ ਡਿੱਗਣਾ ਪੈਣਾ ਏ ਆਈ ਮੌਤ 'ਕਲੀਮਾ' ਟਾਲੀ ਜਾਂਦੀ ਨਈਂ

14. ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ

ਜੀਵਨ ਰੁੱਖ ਨੂੰ ਹੱਥੀਂ ਟੱਕੇ ਨਾ ਮਾਰੋ ਸਾਹ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਬਾਲ ਖਿਡੌਣੇ ਵੇਂਹਦਾ ਏ ਤੇ ਕੀ ਹੋਇਆ ਆਪੇ ਟੁਰ ਜਾਵੇਗਾ ਧੱਕੇ ਨਾ ਮਾਰੋ ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ ਰੈਫ਼ਲ ਅੱਗੇ ਵੀਰ ਜੇ ਸੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹਣਾ ਇਕ ਬਰਾਬਰ ਨਈਂ ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ ਸਾਰੇ ਯਾਰ 'ਕਲੀਮ' ਜੀ ਲੋਭੀ ਨਈਂ ਹੁੰਦੇ ਦਿਲ ਨੂੰ ਜੰਦਰੇ ਪੱਕੇ ਪੱਕੇ ਨਾ ਮਾਰੋ

15. ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ

ਐਨਾ ਰੱਜ ਕੇ ਤੱਕਿਆ ਭੁੱਖਾਂ ਮਰ ਗਈਆਂ ਅੱਜ ਇੱਕ ਸੂਰਤ ਵੇਖ ਕੇ ਅੱਖਾਂ ਠਰ ਗਈਆਂ ਜਦ ਇੱਕ ਸੁਫ਼ਨਾ ਕੱਚੀ ਨੀਂਦਰ ਤੋੜ ਗਿਆ ਕੀ ਦੱਸਾਂ ਫਿਰ ਯਾਦਾਂ ਕਿਹੜੀ ਕਰ ਗਈਆਂ ਐਨਾ ਖੌਫ਼ ਲੁਟੀਚਣ ਦਾ ਸੀ ਜ਼ਿਹਨਾ ਵਿੱਚ ਪਿੱਛੇ ਆਉਂਦੇ ਵੀਰ ਤੋਂ ਭੈਣਾਂ ਡਰ ਗਈਆਂ ਸੁੱਚੇ ਰਿਸ਼ਤੇ ਵੀ ਹੁਣ ਕੂੜੇ ਲੱਗਦੇ ਨੇ ਮਾਵਾਂ ਜੁ ਰੂੜੀ ਤੇ ਬੱਚੇ ਧਰ ਗਈਆਂ ਯਾਰ 'ਕਲੀਮਾ' ਮੁੜ ਆਇਆ ਤਾਂ ਇੰਝ ਲੱਗਾ ਜਿੱਸਰਾਂ ਡੁੱਬੀਆਂ ਹੋਈਆਂ ਰਕਮਾਂ ਤਰ ਗਈਆਂ

16. ਦਿਨ ਤੇ ਗਿਣ ਮੈਂ ਮਰ ਜਾਣਾ ਈ

ਦਿਨ ਤੇ ਗਿਣ ਮੈਂ ਮਰ ਜਾਣਾ ਈ ਤੇਰੇ ਬਿਨ ਮੈਂ ਮਰ ਜਾਣਾ ਈ ਮੈਂ ਗੁੱਡੀ ਦੇ ਕਾਗਜ਼ ਵਰਗਾ ਤੂੰ ਕਿਣ ਮਿਣ ਮੈਂ ਮਰ ਜਾਣਾ ਈ ਜਿਹੜੇ ਦਿਨ ਤੂੰ ਕੰਡ ਕਰਨੀ ਏ ਓਸੇ ਦਿਨ ਮੈਂ ਮਰ ਜਾਣਾ ਈ ਮੇਰੇ ਕੱਦ ਨੂੰ ਤੋਲ ਰਿਹਾ ਏਂ ਤੋਲ ਨਾ, ਮਿਣ ਮੈਂ ਮਰ ਜਾਣਾ ਈ ਜਾਨ ਦੀ ਬੋਲੀ ਲਾ ਦਿੱਤੀ ਊ ਇੱਕ ਦੋ ਤਿੰਨ ਮੈਂ ਮਰ ਜਾਣਾ ਈ

17. ਚੁੱਪ ਸਮੁੰਦਰ ਏ,ਉੱਠੀਆਂ ਛੱਲਾਂ ਹਾਜ਼ਿਰ ਨੇ

ਚੁੱਪ ਸਮੁੰਦਰ ਏ,ਉੱਠੀਆਂ ਛੱਲਾਂ ਹਾਜ਼ਿਰ ਨੇ ਕੰਨ ਜੇ ਵਹਿਲੇ ਹੋਣ ਤੇ ਗੱਲਾਂ ਹਾਜ਼ਿਰ ਨੇ ਹਾਕਮ ਦੇ ਦਰਬਾਰ ਦਾ ਮੰਜ਼ਰ ਤੱਕਿਆ ਏ ਬੰਦੇ ਗ਼ੈਰਹਾਜ਼ਿਰ ਤੇ ਖੱਲਾਂ ਹਾਜ਼ਿਰ ਨੇ ਮੇਰੇ ਕੋਲ ਸਿਵਾਏ ਯਾਦਾਂ ਦੇ ਹੈ ਈ ਕੀ ਦਿਲ ਕਮਲੇ ਦੀਆਂ ਮਾਰੀਆਂ ਮੱਲਾਂ ਹਾਜ਼ਿਰ ਨੇ

18. ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ

ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ ਹੁਣ ਇਹ ਬੋਲੀ ਉੱਕੀ ਮੁੱਕੀ ਹੋਵੇਗੀ ਜੇ ਇਹ ਸੁਰਖ਼ੀ ਚੁੰਮੇ ਕੱਥੇ ਵਾਲੀ ਨਈਂ ਫੇਰ ਇਹ ਥੁੱਕ ਮਜ਼ਦੂਰ ਨੇ ਥੁੱਕੀ ਹੋਵੇਗੀ ਬਾਹਵਾਂ ਥੱਕ ਗਈਆਂ ਤੇ ਸਮਿਆਂ ਵੇਖ ਲਵੀਂ ਮੇਰੀ ਕਲਮ ਨੇ ਰੈਫ਼ਲ ਚੁੱਕੀ ਹੋਵੇਗੀ ਐਨੀ ਛੇਤੀ ਮੌਤ ਨੇ ਕਿੱਸਰਾਂ ਲੱਭਿਆ ਏ ਮੇਰੇ ਵਿੱਚ ਈ ਕਿਧਰੇ ਲੁੱਕੀ ਹੋਵੇਗੀ

19. ਅੱਖਾਂ ਵਿਚ ਮਗ਼ਰੂਰੀ ਪਾ ਕੇ ਵਿੰਹਦਾ ਏ

ਅੱਖਾਂ ਵਿਚ ਮਗ਼ਰੂਰੀ ਪਾ ਕੇ ਵਿੰਹਦਾ ਏ ਵਿੰਹਦਾ ਏ ਪਰ ਘੂਰੀ ਪਾ ਕੇ ਵਿੰਹਦਾ ਏ ਮੇਰੇ ਵਰਗੇ ਖੀਸੇ ਪਾਈ ਫਿਰਦੇ ਨੇਂ ਜੀਵਣ ਜਿਨੂੰ ਪੂਰੀ ਪਾ ਕੇ ਵਿੰਹਦਾ ਏ ਜਿਹਨੂੰ ਰੱਬ ਨੇ ਨੇੜਿਓਂ ਤੱਕਣਾ ਹੁੰਦਾ ਏ ਕਿਸਮਤ ਵਿਚ ਮਜ਼ਦੂਰੀ ਪਾ ਕੇ ਵਿੰਹਦਾ ਏ ਜਿਸਦੇ ਤੋਤੇ ਭੁੱਖ ਤੋਂ ਪਿੰਜਰਾ ਤੋੜ ਗਏ ਅੱਜ ਕਾਵਾਂ ਨੂੰ ਚੂਰੀ ਪਾ ਕੇ ਵਿੰਹਦਾ ਏ ਇਹ ਨਈਂ ਕਹਿੰਦਾ ਮੇਰੇ ਵੱਲ ਉਹ ਵਿੰਹਦਾ ਨਈਂ ਪਰ ਅੱਖਾਂ ਵਿਚ ਦੂਰੀ ਪਾ ਕੇ ਵਿੰਹਦਾ ਏ

20. ਹੁਣ ਵੀ ਆਸ ਉਮੀਦਾਂ ਰੱਖ

ਹੁਣ ਵੀ ਆਸ ਉਮੀਦਾਂ ਰੱਖ ਪਾਲਣਹਾਰ ਤੇ ਦੀਦਾਂ ਰੱਖ ਲੇਖਾ ਜੱਗ ਦੀਆਂ ਖ਼ੁਸ਼ੀਆਂ ਮੋੜ ਇਹ ਲੈ ਮੇਰੀਆਂ ਈਦਾਂ ਰੱਖ ਰੂਪ ਜ਼ਬਾਨ ਦਾ ਕੱਚਾ ਈ ਨਾਲੋ ਨਾਲ਼ ਰਸੀਦਾਂ ਰੱਖ ਤੋਂ ਉਲਿਆਈ ਨਾ ਦੇਵੀਂ ਸੁਰ ਤੇ ਨਾਲ਼ ਮੁਰੀਦਾਂ ਰੱਖ ਇਸ਼ਕ ਤਵੀਤ ਨੂੰ ਮੰਨੇ ਸਹੀ ਸਾਹਵਾਂ ਵੇਚ ਖ਼ਰੀਦਾਂ, ਰੱਖ

21. ਗੱਲ ਦੇ ਮੂੰਹ ਤੋਂ ਗੱਲ ਲਾਹ ਦਿੱਤੀ

ਗੱਲ ਦੇ ਮੂੰਹ ਤੋਂ ਗੱਲ ਲਾਹ ਦਿੱਤੀ ਮੈਂ ਹਰਫ਼ਾਂ ਦੀ ਖੱਲ ਲਾਹ ਦਿੱਤੀ ਆਪਣਾ ਆਪ ਤੇ ਕੋਹ ਹੀ ਦਿੱਤਾ ਵੇਲੇ ਦੀ ਵੀ ਵੱਲ ਲਾਹ ਦਿੱਤੀ ਦੁੱਖ ਦੀ ਜਿਣਸ ਨਾ ਵੰਡੀ ਵੀਰਾਂ ਸਾਰੀ ਮੇਰੇ ਵੱਲ ਲਾਹ ਦਿੱਤੀ ਮੋਢੇ ਸੌੜੇ ਪੈ ਜਾਣੇ ਜੇ ਜੇ ਹਾਲੀ ਨੇ ਹੱਲ ਲਾਹ ਦਿੱਤੀ

22. ਕੁਝ ਅੰਝਾਣੇ ਕੁਝ ਸਿਆਣੇ ਹਰਫ਼ ਨੇ

ਕੁਝ ਅੰਝਾਣੇ ਕੁਝ ਸਿਆਣੇ ਹਰਫ਼ ਨੇ ਕੁਝ ਨਵੇਂ ਤੇ ਕੁਝ ਪੁਰਾਣੇ ਹਰਫ਼ ਨੇ ਅੱਜ ਹੋ ਸਕਦਾ ਏ ਕੋਈ ਨਾ ਬਚੇ ਦੋ ਫ਼ਰੀਕਾਂ ਨੇ ਚਲਾਣੇ ਹਰਫ਼ ਨੇ ਓਹ ਸੀ ਜਿਹੜੀ ਤੇਜ਼ ਜਿਹੀ ਓਹ ਸੋਚ ਸੀ ਇਹ ਨੇ ਜਿਹੜੇ ਮੂੰਹ ਧਿਆਨੇ ਹਰਫ਼ ਨੇ ਤੂੰ ਕਿਉਂ ਇਹ ਕਹਿਨਾਂ ਏਂ ਤੂੰ ਵਿਕਿਆ ਨਈਂ ਤੇਰੀਆਂ ਲਿਖਤਾਂ 'ਚ ਕਾਣੇ ਹਰਫ਼ ਨੇ ਸ਼ੇਅਰ ਕੀ, ਮਿਸਰਾ ਵੀ ਜੇਕਰ ਡੋਲਿਆ ਸੋਹਣਿਓਂ! ਹਰਫ਼ਾ ਤੇ ਆਣੇ ਹਰਫ਼ ਨੇ

23. ਸਾਹਵਾਂ ਦੀ ਇਕ ਗੋਟ ਦੇ ਪਿੱਛੇ

ਸਾਹਵਾਂ ਦੀ ਇਕ ਗੋਟ ਦੇ ਪਿੱਛੇ ਸੌ ਚੀਲਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਨਾਂ ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ ਤੱਕ ਲੈ ਦੋਜ਼ਖ ਭੋਗ ਰਿਹਾ ਏ ਸੋਨਾ ਰੱਤੀ ਖੋਟ ਦੇ ਪਿੱਛੇ ਖੁਸ਼ੀਆਂ ਮੈਥੋਂ ਆਸੇ-ਪਾਸੇ ਨੋਟ ਦੇ ਅੱਗੇ ਨੋਟ ਦੇ ਪਿੱਛੇ

24. ਵਾਅਦੇ ਪੂਰੇ ਕਰ ਨਈਂ ਜਾਂਦਾ

ਵਾਅਦੇ ਪੂਰੇ ਕਰ ਨਈਂ ਜਾਂਦਾ ਸੋਚ ਰਿਹਾਂ ਕਿਉਂ ਮਰ ਨਈਂ ਜਾਂਦਾ ਜਿਸ ਦਿਨ ਨਾ ਮਜ਼ਦੂਰੀ ਲੱਭੇ ਬੂਹੇ ਵੱਲੋਂ ਘਰ ਨਈਂ ਜਾਂਦਾ ਕਾਵਾਂ ਤੱਕ ਨੂੰ ਜ਼ਾਤ ਪਿਆਰੀ ਬੰਦਾ ਸੁਣਕੇ ਮਰ ਨਈਂ ਜਾਂਦਾ ਮੇਰਾ ਸੀਨਾ ਦਮ ਕਰਵਾਓ ਮੇਰੇ ਅੰਦਰੋਂ ਡਰ ਨਈਂ ਜਾਂਦਾ ਸਿਰ ਸਾਹਵਾਂ ਦੀ ਪੰਡ ਨੀ ਹੁੰਦੀ ਮੁਰਦਾ ਐਵੇਂ ਤਰ ਨਈਂ ਜਾਂਦਾ

25. ਰੂਪ ਕੋਈ ਜਗੀਰ ਨਈਂ ਹੁੰਦੀ

ਰੂਪ ਕੋਈ ਜਗੀਰ ਨਈਂ ਹੁੰਦੀ ਹੀਰ ਵੀ ਇਕ ਦਿਨ ਹੀਰ ਨਈਂ ਹੁੰਦੀ ਸ਼ੀਸ਼ੇ ਸਾਹਵੇਂ ਮੈਂ ਹੀ ਹੁੰਨਾਂ ਵਿਚ ਮੇਰੀ ਤਸਵੀਰ ਨਈਂ ਹੁੰਦੀ ਬੰਦੇ ਨੂੰ ਕੁਝ ਕਰ ਦਿੰਦੀ ਏ ਦੌਲਤ ਆਪ ਅਮੀਰ ਨਈਂ ਹੁੰਦੀ ਸ਼ੁਕਰ ਏ! ਪਾਟੇ ਝੱਗੇ ਵੇਚਾਂ ਏਥੇ ਤਨ ਤੇ ਲੀਰ ਨਈਂ ਹੁੰਦੀ

26. ਹਰ ਇਕ ਹੱਥ ਹੀ ਚੀਕ ਰਿਹਾ ਏ

ਹਰ ਇਕ ਹੱਥ ਹੀ ਚੀਕ ਰਿਹਾ ਏ ਲੀਕਾਂ ਕੌਣ ਉਲੀਕ ਰਿਹਾ ਏ ਖਾਵਣ ਵਾਲੇ ਸੀ ਨੀ ਕੀਤੀ ਉਲਟਾ ਪੱਥਰ ਚੀਕ ਰਿਹਾ ਏ ਮੈਂ ਕਤਰੇ ਤੋਂ ਥੁੜਿਆ ਫਿਰਨਾਂ ਸਾਹ ਸਾਹ ਮੈਨੂੰ ਡੀਕ ਰਿਹਾ ਏ ਅੱਜ ਇਮਦਾਦ ਬਣੀ ਫਿਰਦੀ ਏ ਇਹਦਾ ਨਾਂ ਤੇ ਭੀਖ ਰਿਹਾ ਏ ਵੇਲਾ ਅੱਜ 'ਕਲੀਮ' ਦਾ ਵੈਰੀ ਇਹਦਾ ਮਤਲਬ ਠੀਕ ਰਿਹਾ ਏ

27. ਜਿੱਥੇ ਤਾਲਾ ਲੱਗਦਾ ਏ

ਜਿੱਥੇ ਤਾਲਾ ਲੱਗਦਾ ਏ ਓਥੇ ਜਾਲਾ ਲੱਗਦਾ ਏ ਨੀਵੀਂ ਸੁੱਟੀ ਫਿਰਦਾ ਏ ਇੱਜ਼ਤ ਵਾਲਾ ਲੱਗਦਾ ਏ ਐਵੇਂ ਪੱਜ ਏ ਮੌਸਮ ਦਾ ਡਰਿਆਂ ਪਾਲਾ ਲੱਗਦਾ ਏ ਉਂਝ ਭਾਵੇਂ ਦਰਿਆ ਹੋਵੇ ਉੱਤੋਂ ਖਾਲ਼ਾ ਲੱਗਦਾ ਏ ਸ਼ੀਸ਼ੇ ਸਾਹਵੇਂ ਹੋਵਾਂ ਤੇ ਜਾਨਣ ਵਾਲਾ ਲੱਗਦਾ ਏ

28. ਬਚਣਗੇ ਓਹੋ ਖ਼ਰੇ ਨੇ ਜਿਹੜੇ

ਬਚਣਗੇ ਓਹੋ ਖ਼ਰੇ ਨੇ ਜਿਹੜੇ ਉਹ ਮੋਏ ਸਮਝੋ ਡਰੇ ਨੇ ਜਿਹੜੇ ਕਦੀ ਨਾ ਅੱਖਾਂ 'ਚ ਰੇਤ ਉੱਡਦੀ ਉਹ ਸੱਤ ਸਮੁੰਦਰ ਭਰੇ ਨੇ ਜਿਹੜੇ ਤੂੰ ਸਿਰਫ਼ ਲਾਸ਼ਾਂ ਵਿਖਾ ਰਿਹਾ ਏਂ ਤੇ ਸਾਡੇ ਚੁੱਲ੍ਹੇ ਠਰੇ ਨੇ ਜਿਹੜੇ

29. ਫੁੱਲ ਨੂੰ ਸੂਲ਼ ਚੁਭੋ ਸਕਦਾ ਏ

ਫੁੱਲ ਨੂੰ ਸੂਲ਼ ਚੁਭੋ ਸਕਦਾ ਏ ਹੱਸਣ ਵਾਲਾ ਰੋ ਸਕਦਾ ਏ ਉਹਨੂੰ ਹਾਰ ਦਾ ਡਰ ਈ ਕੀ ਏ ਜਿਹੜਾ ਹਾਰ ਪਰੋ ਸਕਦਾ ਏ ਜੋ ਤੂੰ ਮੇਰੇ ਨਾਲ਼ ਏ ਕੀਤਾ ਤੇਰੇ ਨਾਲ਼ ਵੀ ਹੋ ਸਕਦਾ ਏ ਨੇੜੇ ਬਹਿਣ ਦਾ ਹੱਕ ਏ ਉਹਨੂੰ ਜਿਹੜਾ ਨਾਲ਼ ਖਲੋ ਸਕਦਾ ਏ ਉਹ ਮਿੱਟੀ ਤੇ ਮਿੱਟੀ ਪਾ ਕੇ ਮਿੱਟੀ ਫ਼ਿਰ ਵੀ ਗੋ ਸਕਦਾ ਏ ਯਾਰ ਕਲੀਮ ਦੇ ਐਬ ਉਛਾਲਣ ਹੋ ਸਕਦਾ ਏ, ਹੋ ਸਕਦਾ ਏ

30. ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ

ਮੈਨੂੰ ਪਹਿਚਾਨ, ਮੈਂ ਮੁਹੱਬਤ ਹਾਂ ਤੂੰ ਤੇ ਸੁਫ਼ਨਾ ਏਂ, ਮੈਂ ਹਕੀਕਤ ਹਾਂ ਮੈਂ ਤੇ ਇਕ ਸਾਹ ਵੀ ਨਾ ਲਵਾਂ ਏਥੇ ਮੈਂ ਤੇ ਤਾਂ ਹਾਂ, ਕਿ ਮੈਂ ਜ਼ਰੂਰਤ ਹਾਂ ਮੈਨੂੰ ਕਮਜ਼ੋਰ ਕਰ ਰਿਹਾ ਏਂ ਤੂੰ ਜਾਗ ਸਮਿਆਂ ! ਮੈਂ ਤੇਰੀ ਤਾਕਤ ਹਾਂ ਤੈਨੂੰ ਡਿੱਗਿਆ ਪਿਆ ਜੁ ਲੱਭਿਆ ਵਾਂ ਤੂੰ ਸਮਝ ਲੈ ਮੈਂ ਤੇਰੀ ਕਿਸਮਤ ਹਾਂ ਭਾਵੇਂ ਜਿੰਨਾ ਵੀ ਸ਼ਹਿਨਸ਼ਾਹ ਏਂ ਤੂੰ ਤੂੰ ਈ ਮੰਗੇਂਗਾ, ਮੈਂ ਇਜਾਜ਼ਤ ਹਾਂ

31. ਖੱੜਕ, ਪਰ ਅੱਗੇ ਖੱੜਕ ਨਾ ਜਾਵੇ

ਖੱੜਕ, ਪਰ ਅੱਗੇ ਖੱੜਕ ਨਾ ਜਾਵੇ ਇਹ ਸ਼ੋਰ, ਚੁੱਪ ਨੂੰ ਰੱੜਕ ਨਾ ਜਾਵੇ ਸ਼ੁਕਰ ਕਰੋ ਉਹ ਨਕਾਬ ਵਿੱਚ ਏ ਨਈਂ ਤੇ ਮਹਿਫਲ ਫੱੜਕ ਨਾ ਜਾਵੇ ਬਰੂਦ ਸਮਿਆਂ, ਮੈਂ ਇੱਕ ਤੀਲੀ ਇਹ ਤੀਲੀ ਕਿਧਰੇ ਭੱੜਕ ਨਾ ਜਾਵੇ

32. ਹਾਰ ਤੇ ਬਸ ਕਮਜ਼ੋਰੀ ਦੀ ਏ

ਹਾਰ ਤੇ ਬਸ ਕਮਜ਼ੋਰੀ ਦੀ ਏ, ਦੁਨੀਆ ਜ਼ੋਰਾ ਜ਼ੋਰੀ ਦੀ ਏ ਦਿਲ ਨੂੰ ਜੰਦਰੇ ਵਿੱਚ ਹੀ ਰੱਖੀਂ, ਉਹਨੂੰ ਆਦਤ ਚੋਰੀ ਦੀ ਏ ਵੇਖੋ ਅੱਖ ਨਾ ਗੂੰਗੀ ਕਰਨਾ, ਗਲ ਟੁਰੇ ਤਾਂ ਟੋਰੀ ਦੀ ਏ ਤੇਰੇ ਮੁਸ਼ਕੀ ਰੰਗ ਦੀ ਕਸਮੇ, ਕਿਸ ਕਾਫਰ ਨੂੰ ਗੋਰੀ ਦੀ ਏ ਜਿਹੜੀ ਵਾਜ ਨੂੰ ਕੰਨ ਨੇ ਤਰਸੇ, ਬਾਂਗ ਦੀ ਨਈਂ ਉਹ ਲੋਰੀ ਦੀ ਏ ਮੁਲਕ ਜਹਾਜ਼ ਏ ਡੱਕੋ ਡੋਲੇ, ਤੈਨੂੰ ਆਪਣੀ ਬੋਰੀ ਦੀ ਏ

33. ਕੋਈ ਜਿਉਂਦਾ ਈ ਨੀ ਬਚਿਆ ਕਿਹੜਾ ਮੈਨੂੰ ਵੇਖੇ

ਕੋਈ ਜਿਉਂਦਾ ਈ ਨੀ ਬਚਿਆ ਕਿਹੜਾ ਮੈਨੂੰ ਵੇਖੇ ਮੈਂ ਵਿਹੜੇ ਨੂੰ ਵੇਖੀ ਜਾਵਾਂ ਵਿਹੜਾ ਮੈਨੂੰ ਵੇਖੇ ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ ਰਾਹ ਦੇ ਰੋੜੇ ਵਾਂਗਰ ਖ਼ੌਰੇ ਅੰਨ੍ਹਾ ਹੋ ਜਾਂਦਾ ਏ ਜਿਹੜਾ ਮੈਨੂੰ ਵੇਖੇ ਅੱਜ ਉਹ ਵੇਲਾ ਸੱਜਣ ਮੈਥੋਂ ਪਾਸਾ ਵੱਟ ਕੇ ਲੰਘਿਆ ਮਰ ਜਾਵਾਂ ਤੇ ਖਵਰੇ ਕਿਹੜਾ ਕਿਹੜਾ ਮੇਨੂੰ ਵੇਖੇ

34. ਜੀਵਨ ਦੀ ਇਕ ਗੋਟ ਦੇ ਪਿੱਛੇ

ਜੀਵਨ ਦੀ ਇਕ ਗੋਟ ਦੇ ਪਿੱਛੇ ਸੌ ਚੀਲ੍ਹਾਂ ਨੇ ਬੋਟ ਦੇ ਪਿੱਛੇ ਐਬਾਂ ਵਾਂਗ ਲੁਕਾਈ ਫਿਰਨਾਂ ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ ਤੱਕ ਲੈ ਦੋਜ਼ਖ਼ ਭੋਗ ਰਹਾ ਏ ਸੋਨਾ ਰੱਤੀ ਖੋਟ ਦੇ ਪਿੱਛੇ ਖੁਸ਼ੀਆਂ ਮੈਥੋਂ ਆਸੇ ਪਾਸੇ ਨੋਟ ਦੇ ਅੱਗੇ ਨੋਟ ਦੇ ਪਿੱਛੇ ਤੇਰੀ ਅੱਖ ਨਈਂ ਚੁਟਿਆ ਮੈਨੂੰ ਮੇਰਾ ਹੱਥ ਸੀ ਚੋਟ ਦੇ ਪਿੱਛੇ ਵੱਡਾ ਇੱਕ ਦਿਮਾਗ਼ ਏ ਕੋਈ ਨਿੱਕੇ ਜਹੇ ਅਖਰੋਟ ਦੇ ਪਿੱਛੇ

35. ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ

ਮਿਲਣੇ-ਗਿਲਣੇ ਓਦੂੰ ਬਾਅਦ ਵਿਛੋੜੇ ਵੀ ਅਰਸ਼ਾਂ ਤੇ ਜੋ ਬਣ ਜਾਂਦੇ ਨੇ ਜੋੜੇ ਵੀ ਭੋਰਾ ਵੀ ਅਹਿਸਾਨ ਲਿਆ ਮੈਂ ਜੀਵਨ ਦਾ ਜਿੰਨੇ ਸਾਹ ਉਸ ਦਿੱਤੇ, ਓਨੇ ਮੋੜੇ ਵੀ ਪਹਿਲਾਂ ਜੁੱਸਾ ਫੱਟੋ-ਫੱਟ ਚਾ ਕਰਦੇ ਨੇ ਮੁੜਕੇ ਪੈਰੀਂ ਆ ਪੈਂਦੇ ਨੇ ਰੋੜੇ ਵੀ ਮੈਨੂੰ ਐਵੇਂ ਆਸ ਦੀ ਸੂਲੀ ਟੰਗਿਆ ਸੂ ਵਾਅਦਾ ਕੱਚਾ ਧਾਗਾ ਏ, ਤੇ ਤੋੜੇ ਵੀ ਯਾਰ 'ਕਲੀਮਾ' ਪਿਆਰ ਨਸ਼ਾ ਜੇ ਕੀਤਾ ਈ ਤਕੜਾ ਹੋ ਕੇ ਸਹਿ ਦੂਰੀ ਦੇ ਕੋੜੇ ਵੀ

36. ਮਹਿੰਗੀ ਹੋ ਗਈ ਜ਼ਹਿਰ ਦੇ ਰੋਣੇ ਰੋਨਾ ਵਾਂ

ਮਹਿੰਗੀ ਹੋ ਗਈ ਜ਼ਹਿਰ ਦੇ ਰੋਣੇ ਰੋਨਾ ਵਾਂ ਪਿੰਡ ਚ ਬੈਠਾ ਸ਼ਹਿਰ ਦੇ ਰੋਣੇ ਰੋਨਾ ਵਾਂ ਇਕ ਵੀ ਅੱਥਰੂ ਸੁੱਕਾ ਨਈਂ ਵਰਤਾਂਦਾ ਮੈਂ ਸੁੱਕੀ ਨਹਿਰ ਤੇ ਨਹਿਰ ਦੇ ਰੋਣੇ ਰੋਨਾ ਵਾਂ ਰਾਤਾਂ ਤੇ ਰੋਵਾਂ ਤਾਂ ਹੜ੍ਹ ਨਾ ਆ ਜਾਵੇ ਹਾਲੇ ਸਿਰਫ਼ ਦੁਪਹਿਰ ਦੇ ਰੋਣੇ ਰੋਨਾ ਵਾਂ ਦਿਲ ਦਾ ਸ਼ੀਸ਼ਾ ਸੁੱਟਿਆ ਵੀ, ਤੇ ਪੱਥਰ ਤੇ ਇਸ਼ਕਾ ! ਤੇਰੀ ਲਹਿਰ ਦੇ ਰੋਣੇ ਰੋਨਾ ਵਾਂ ਰਾਤ ਤੇ ਹਿਜਰਾ ! ਸੂਲੀ ਵਰਗੀ ਹੁੰਦੀ ਏ ਜਿਸ ਦਿਨ ਤੇਰੇ ਕਹਿਰ ਦੇ ਰੋਣੇ ਰੋਨਾ ਵਾਂ

37. ਨੈਣ ਘੜੇ ਖੁਦ ਭਰਨਾ ਵਾਂ ਤੇ ਪੀਨਾ ਵਾਂ

ਨੈਣ ਘੜੇ ਖੁਦ ਭਰਨਾ ਵਾਂ ਤੇ ਪੀਨਾ ਵਾਂ ਅੱਖ ਨੂੰ ਬੱਦਲ ਕਰਨਾ ਵਾਂ ਤੇ ਪੀਨਾ ਵਾਂ ਕਹਿੰਦੇ ਓ ਕਿ ਪੀਣਾ ਮਾਰ ਮੁਕਾਵੇਗਾ ਖੈਰੀਂ ਵੱਸੋ, ਮਰਨਾ ਵਾਂ ਤੇ ਪੀਨਾ ਵਾਂ ਡੁੱਬ ਜਾਵਾਂ ਤੇ ਪਾਣੀ ਮੈਨੂੰ ਪੀ ਜਾਵੇ ਅੱਥਰੂ ਬਣ ਕੇ ਤਰਨਾ ਵਾਂ ਤੇ ਪੀਨਾ ਵਾਂ ਮੈਨੂੰ ਡਰ ਏ ਡਰ ਨਾ ਅੱਗਾਂ ਲਾ ਦੇਵੇ ਇਹ ਨਾ ਸਮਝੀਂ ਡਰਨਾ ਵਾਂ ਤੇ ਪੀਨਾ ਵਾਂ ਤੈਨੂੰ ਭੁੱਲਣ ਲਈ ਵੀ ਪੀਣੀ ਪੈਂਦੀ ਸੀ ਭੁੱਲ ਨੂੰ ਚੇਤੇ ਕਰਨਾ ਵਾਂ ਤੇ ਪੀਨਾ ਵਾਂ ਪੀਵਣ ਦੀ ਤੌਫ਼ੀਕ ਏ ਦਰਦਾਂ ਵਾਲੇ ਨੂੰ ਭਾਅ ਜੀ ਅੱਖਾਂ ਭਰਨਾ ਵਾਂ ਤੇ ਪੀਨਾ ਵਾਂ

38. ਗਲੇ ਤੇ ਰੱਸੀ ਵਲੀਚ ਜਾਵੇ

ਗਲੇ ਤੇ ਰੱਸੀ ਵਲੀਚ ਜਾਵੇ ਜੇ ਵਾਜ ਵਿਚਲੀ ਸੁਣੀਚ ਜਾਵੇ ਉਹੋ ਡਾਂਗ ਮਾਰੇ ਤੇ ਸਿਰ ਵੀ ਡਾਹਵਾਂ ਜ਼ਬਾਨ ਕਿਸਰਾਂ ਫੜੀਚ ਜਾਵੇ ਤੇ ਫੇਰ ਰਾਤਾਂ ਤੇ ਕੀ ਉਲ੍ਹਾਮਾ ਜੇ ਰੋਜ਼ ਸੂਰਜ ਖੜੀਚ ਜਾਵੇ ਤੂੰ ਮੇਰੇ ਨਾਂ ਨੂੰ ਹਟਾ ਕੇ ਵੇਖੀਂ ਜੇ ਤੇਰਾ ਧੇਲਾ ਵਟੀਚ ਜਾਵੇ ਕਲੀਮ ਭੁੱਖਾ ਨ ਸੌਂਵੇਂ ਕੋਈ ਕਦੀ ਜੇ ਪੱਥਰ ਚਬੀਚ ਜਾਵੇ

39. ਦਰਦ ਨੂੰ ਅੱਖਾਂ ਦਿਆਂ ਕਿ ਦਿਲ ਦਿਆਂ

ਦਰਦ ਨੂੰ ਅੱਖਾਂ ਦਿਆਂ ਕਿ ਦਿਲ ਦਿਆਂ ਜੀ ਤੇ ਕਰਦਾ ਏ ਮੈਂ ਦੋਵੇਂ ਛਿਲ ਦਿਆਂ ਤੇਰੇ ਬੂਹੇ ਤਕ ਤੇ ਜੁੱਸਾ ਲੈ ਗਿਆਂ ਜ਼ਿੰਦਗੀ ਨੂੰ ਹੋਰ ਕਿੰਨੀ ਢਿਲ ਦਿਆਂ ਇਹ ਕਹਾਣੀ ਦੂਰ ਤਕ ਹੁਣ ਜਾਏਗੀ ਚੰਨ ਨੇ ਤੱਕਿਆ ਏ ਸਾਨੂੰ ਮਿਲਦਿਆਂ ਦੂਰੀਆਂ ਇਕਦਮ ਤੇ ਨਈਂ ਨਾ ਮੁਕਦੀਆਂ ਟਾਈਮ ਤੇ ਲਗਦਾ ਏ ਫੱਟ ਨੂੰ ਸਿਲਦਿਆਂ ਪੰਧ ਉਮਰ ਦਾ ਕੀਤੀ ਜਾ ਘਬਰਾ ਨਹੀਂ ਕਰ ਕਲੀਮਾ ਹੌਲੀ ਹੌਲੀ ਹਿਲਦਿਆਂ

40. ਜਵਾਬ ਦੇਵਣ ਦੀ ਥਾਂ ਤੇ ਅੱਗੋਂ ਸਵਾਲ ਕਰ ਕੇ

ਜਵਾਬ ਦੇਵਣ ਦੀ ਥਾਂ ਤੇ ਅੱਗੋਂ ਸਵਾਲ ਕਰ ਕੇ ਉਹ ਆਪਣੇ ਵੱਲੋਂ ਵਿਖਾ ਰਿਹਾ ਸੀ ਕਮਾਲ ਕਰ ਕੇ ਉਹ ਹਾਲ ਨੇ ਕਿ ਗਲੀ ਚ ਕੁੱਤਾ ਨਾ ਨਜ਼ਰ ਆਉਂਦਾ ਹਰਾਮ ਸ਼ੈਅ ਜੇ ਹਲਾਲ ਹੁੰਦੀ ਹਲਾਲ ਕਰ ਕੇ ਇਹ ਜ਼ਿੰਦਗੀ ਨੂੰ ਪਤਾ ਏ ਸਾਰਾ, ਤੂੰ ਜ਼ਿੰਦਗੀ ਏਂ ਮੈਂ ਜੀ ਰਿਹਾ ਵਾਂ, ਤੇ ਸਿਰਫ਼ ਤੇਰਾ ਖ਼ਿਆਲ ਕਰ ਕੇ ਭਰਾ ਵੀ ਹੁੰਦਾ ਸੀ, ਅੱਜ ਬਣ ਕੇ ਸ਼ਰੀਕ ਆਇਐ ਤੇ ਇਹਨੇ ਜਾਣਾ ਏ ਸਾਡੇ ਕੁੱਕੜ ਨੂੰ ਦਾਲ ਕਰ ਕੇ ਕਲੀਮ ਤਲੀਆਂ ਚ ਸੇਕ ਐਵੇਂ ਤੇ ਨਈਂ ਜਾਂਦਾ ਕੋਈ ਤੇ ਵੇਂਹਦਾ ਏ ਤੈਨੂੰ ਅੱਖਾਂ ਨੂੰ ਲਾਲ ਕਰ ਕੇ ।

41. ਸੁੱਤੇ ਫੱਟ ਜਗਾਏ, ਤੇ

ਸੁੱਤੇ ਫੱਟ ਜਗਾਏ, ਤੇ ਸੱਜਣ ਚੇਤੇ ਆਏ, ਤੇ ਬੱਸ ਪਰਛਾਵਾਂ ਭੈੜਾ ਏ ਚੰਗੇ ਨੇ ਹਮਸਾਏ ਤੇ ਅੱਕਿਆਂ ਮੈਂ ਵੀ ਦੇ ਦਿੱਤਾ ਭੁੱਖ ਨੂੰ ਢਿੱਡ ਕਰਾਏ ਤੇ ਸੱਪ ਆਖਾਂ ਤੇ ਲੜਦੇ ਨੇ ਬੇਠੇ ਨੇ ਸਰਮਾਏ ਤੇ ਰੁੱਤਾਂ ਖਿਚ ਲਿਆਵਾਂਗਾ ਮੈਂ ਜੇ ਬੂਟੇ ਲਾਏ ਤੇ

42. ਕੁੱਖ ਦੀ ਕੈਦੋਂ ਛੁੱਟ ਕੇ ਰੋਇਆ

ਕੁੱਖ ਦੀ ਕੈਦੋਂ ਛੁੱਟ ਕੇ ਰੋਇਆ ਅੱਜ ਇਕ ਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਿਹ ਲਏ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਘਣ ਲੱਗਿਆਂ ਰਾਤੀਂ ਬਦੱਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ ਘੁੱਟ ਘੁੱਟ ਕਰ ਕੇ ਅੱਥਰੂ ਪੀਤੇ ਵਾਜ ਗਲੇ ਵਿਚ ਘੁੱਟ ਕੇ ਰੋਇਆ

43. ਰੂਪ ਕੈਦੀ ਏ ਜਾਲ ਏ ਸ਼ੀਸ਼ੇ ਦਾ

ਰੂਪ ਕੈਦੀ ਏ ਜਾਲ ਏ ਸ਼ੀਸ਼ੇ ਦਾ ਕੈਦ ਰੱਖਣਾ ਕਮਾਲ ਏ ਸ਼ੀਸ਼ੇ ਦਾ ਰੌਸ਼ਨੀ ਨੂੰ ਵੀ ਥਾਂ ਦੇ ਦਿਲ ਅੰਦਰ ਰੌਸ਼ਨੀ ਵੀ ਖ਼ਿਆਲ ਏ ਸ਼ੀਸ਼ੇ ਦਾ ਆਸੇ ਪਾਸੇ ਨਾ ਵੇਖ ਸ਼ੀਸ਼ੇ ਦੇ ਸ਼ੀਸ਼ੇ ਵਿਚ ਈ ਸਵਾਲ ਏ ਸ਼ੀਸ਼ੇ ਦਾ ਮੇਰੇ ਮੱਥੇ ਦੇ ਵੱਲ ਇਸ਼ਾਰਾ ਕਿਉਂ ਮੂੰਹ ਤੇ ਅਪਣਾ ਵੀ ਲਾਲ ਏ ਸ਼ੀਸ਼ੇ ਦਾ ਜ਼ਿੰਦਗੀ ਤਾਂ ਕਲੀਮ ਨੰਗੀ ਏ ਘਰ ਜੋ ਸ਼ੀਸ਼ੇ ਦੇ ਨਾਲ ਏ ਸ਼ੀਸ਼ੇ ਦਾ

44. ਅੱਖ ਦਾ ਖਾਧਾ ਤੀਰ ਏ ਭਾ ਜੀ

ਅੱਖ ਦਾ ਖਾਧਾ ਤੀਰ ਏ ਭਾ ਜੀ ਦਿਲ ਤਾਂ ਲੀਰੋ ਓ ਲੀਰ ਏ ਭਾ ਜੀ ਸਹਿਬਾਂ ਨਾਲ ਏ ਯਾਰੀ ਲੱਗੀ ਅੱਗੇ ਜੋ ਤਕਦੀਰ ਏ ਭਾ ਜੀ ਬੰਦਾ ਵੇਖ ਕੇ ਥਾਂ ਮਰ ਜਾਵੇ ਹਾਲਾਂ ਇਹ ਤਸਵੀਰ ਏ ਭਾ ਜੀ ਦਿਲ ਤੇ ਐਂਵੇਂ ਡੁੱਬੀ ਜਾਂਦੈ ਹੜ੍ਹ ਨਹੀਂ ਅੱਖ ਇੱਚ ਨੀਰ ਏ ਭਾ ਜੀ ਲੱਕ ਸਿਧਾ ਨਹੀਂ ਕੀਤਾ ਜਾਂਦਾ ਢਿਡ ਦੀ ਮਾਰ ਅਖੀਰ ਏ ਭਾ ਜੀ

45. ਕਸਮੇ ਸਿਖਰ ਦੁਪਹਿਰ ਨੂੰ ਆਹਰੇ ਲਾ ਦਿੱਤਾ

ਕਸਮੇ ਸਿਖਰ ਦੁਪਹਿਰ ਨੂੰ ਆਹਰੇ ਲਾ ਦਿੱਤਾ । ਹੱਸ ਕੇ ਉਹਨੇ ਕਹਿਰ ਨੂੰ ਆਹਰੇ ਲਾ ਦਿੱਤਾ । ਪਹਿਲਾਂ ਸਾਰੇ ਵਿਹਲੇ ਬੈਠੇ ਹੁੰਦੇ ਸੀ ਉਹਦੇ ਰੂਪ ਨੇ ਸ਼ਹਿਰ ਨੂੰ ਆਹਰੇ ਲਾ ਦਿੱਤਾ । ਚੁੱਪ ਕਰਕੇ ਇਸ ਜ਼ਹਿਰ ਨੇ ਚੁੱਪਾਂ ਵੰਡੀਆਂ ਸੀ ਤਾਂ ਸੁਕਰਾਤ ਨੇ ਜ਼ਹਿਰ ਨੂੰ ਆਹਰੇ ਲਾ ਦਿੱਤਾ । ਦਿਲ ਕਰਦਾ ਏ ਸਦਕੇ ਜਾਵਾਂ ਪੋਤੇ ਦੇ ਮੇਰੇ ਪਿਛਲੇ ਪਹਿਰ ਨੂੰ ਆਹਰੇ ਲਾ ਦਿੱਤਾ । ਯਾਰ 'ਕਲੀਮਾ' ਪਾਣੀ ਰੁਕਿਆ ਹੋਇਆ ਸੀ ਉਹਦੇ ਪੈਰਾਂ ਨਹਿਰ ਨੂੰ ਆਹਰੇ ਲਾ ਦਿੱਤਾ ।

46. ਲੈ ਦੱਸ !!

ਯਾਦਾਂ ਦਾ ਘੜਮੱਸ, ਲੈ ਦੱਸ !! ਉੱਤੋਂ ਕਹਿੰਦੈ ਹੱਸ, ਲੈ ਦੱਸ !! ਜੀਹਨੇ ਹੁਣ ਤਕ ਹਾਲ ਨਾ ਪੁੱਛਿਆ ਹੁਣ ਕਹਿੰਦਾ ਏ ਦੱਸ, ਲੈ ਦੱਸ !! ਅੱਖਾਂ ਨਾਲ ਪਿਆਉਂਦਾ ਹੋਇਆ ਪੁੱਛਣ ਲੱਗਾ : " ਬੱਸ ?" ਲੈ ਦੱਸ !! ਅੱਖ ਚੋਂ ਤੀਰ ਚਲਾ ਕੇ, ਮੈਨੂੰ ਆਖਣ ਲੱਗਾ : "ਨੱਸ", ਲੈ ਦੱਸ !! ਵੱਸ ਵਿਚ ਕਰ ਕੇ ਆਖਣ ਲੱਗਾ : "ਕੁਝ ਨਈਂ ਮੇਰੇ ਵੱਸ", ਲੈ ਦੱਸ !!

47. ਮਰਨ ਤੋਂ ਡਰਦੇਓ ਬਾਦਸ਼ਾਓ

ਮਰਨ ਤੋਂ ਡਰਦੇਓ ਬਾਦਸ਼ਾਓ? ਕਮਾਲ ਕਰਦੇਓ ਬਾਦਸ਼ਾਓ। ਕਿਸੇ ਨੂੰ ਮਾਰਨ ਦੀ ਸੋਚਦੇਓ? ਕਿਸੇ ਤੇ ਮਰਦੇਓ ਬਾਦਸ਼ਾਓ। ਤੁਸੀਂ ਨਾ ਪਾਵੋ ਦਿਲਾਂ ਤੇ ਲੋਟੇ, ਤੁਸੀਂ ਤੇ ਸਰਦੇਓ ਬਾਦਸ਼ਾਓ। ਇਹ ਮੈਂ ਖਿਡਾਰੀ ਕਮਾਲ ਦਾ ਹਾਂ? ਕਿ ਆਪ ਹਰਦੇਓ ਬਾਦਸ਼ਾਓ। ਕਲੀਮ ਕੱਖਾਂ ਤੋਂ ਹੌਲ਼ੇਓ ਨਾ, ਤਦੇ ਈ ਤਰਦੇ ਓ ਬਾਦਸ਼ਾਓ।

48. ਕਿਸੇ ਦੇ ਡਰ ਨੂੰ ਕੀ ਆਖਾਂ

ਕਿਸੇ ਦੇ ਡਰ ਨੂੰ ਕੀ ਆਖਾਂ ? ਮੈਂ ਕੱਚੇ ਘਰ ਨੂੰ ਕੀ ਆਖਾਂ ? ਮੈਂ ਅਪਨੀ ਜਾਨ ਕੱਢਣੀ ਏ ਮੈਂ ਇਸ ਮੰਜ਼ਰ ਨੂੰ ਕੀ ਆਖਾਂ ? ਜੇ ਸ਼ੀਸ਼ਾ ਆਪ ਟਕਰਾਵੇ ਤੇ ਫਿਰ ਪੱਥਰ ਨੂੰ ਕੀ ਆਖਾਂ ? ਇਹ ਕੀ ਕੀ ਡਰ ਬਣਾਏ ਸੂ ਮੈਂ ਕਾਰੀਗਰ ਨੂੰ ਕੀ ਆਖਾਂ ? ' ਕਲੀਮਾ ' ਵਿੱਚ ਕੰਡੇ ਨੇ ਤੇ ਫਿਰ ਬਿਸਤਰ ਨੂੰ ਕੀ ਆਖਾਂ ?

49. ਆਗੂ ਖੋਹ ਕੇ, ਜਾਂ ਫਿਰ

ਆਗੂ ਖੋਹ ਕੇ, ਜਾਂ ਫਿਰ ਮੰਗ ਮੰਗਾ ਕੇ ਵਧਿਆ । ਉਹਦਾ ਰੁਤਬਾ ਸਾਡੇ ਬੂਹੇ ਆ ਕੇ ਵਧਿਆ । ਸਿਫ਼ਰ ਤੋਂ ਘੱਟ ਤੇ ਮੇਰਾ ਮੁੱਲ ਨਈਂ ਕੀਤਾ ਜਾਣਾ ਜਿਹੜਾ ਵਧਿਆ, ਸਿਫ਼ਰਾਂ ਪਿੱਛੇ ਲਾ ਕੇ ਵਧਿਆ । ਮੈਂ ਮਸਕੀਨ ਤੇ ਕੱਖੋਂ ਹੌਲਾ ਬੰਦਾ ਹਾਂ ਮੇਰਾ ਭਾਰ ਤੇ ਕਸਮੇ, ਧੋਖਾ ਖਾ ਕੇ ਵਧਿਆ । ਰਾਂਝਾ ਹੀਰ ਦੇ ਵਿਹੜੇ ਦੋ ਪੈਰੀਂ ਆਇਆ ਖੇੜਾ ਹੀਰ ਦੇ ਘਰ ਵੱਲ ਢੋਲ ਵਜਾ ਕੇ ਵਧਿਆ । ਯਾਰ ' ਕਲੀਮਾ ' ਵਧਣਾ ਡਾਢਾ ਔਖਾ ਕੰਮ ਸੀ ਕੀ ਦੱਸਾਂ ਮੈਂ ਕਿੰਨੇ ਧੱਕੇ ਖਾ ਕੇ ਵਧਿਆ ।

50. ਮੁਹੱਬਤ ਇਸ ਤਰਾਂ ਸੀ ਯਾਰ ਮੰਨੀ

ਮੁਹੱਬਤ ਇਸ ਤਰਾਂ ਸੀ ਯਾਰ ਮੰਨੀ । ਕਿ ਲੈ ਤੂੰ ਜਿੱਤ ਗਿਆ, ਮੈਂ ਹਾਰ ਮੰਨੀ । ਤੇਰਾ ਧੋਖਾ ਕਿਸੇ ਨੂੰ ਯਾਦ ਵੀ ਨਈਂ ਤੇ ਮੈਨੂੰ ਖ਼ਬਰ -- ਨਈਂ ਅਖ਼ਬਾਰ ਮੰਨੀ । ਨਜ਼ਰ ਨੇ ਆਖਿਆ -- ਕੱਚਾ ਘੜਾ ਏ ਤੇ ਉਹ ਦਰਿਆ ਦੇ ਅੱਧ ਵਿਚਕਾਰ ਮੰਨੀ । ਦਿਲਾਂ ਦੀ ਚੋਰੀਆਂ ਤੇ ਗੱਲ ਹੋਈ ਸ਼ੁਬਾ ਸੀ ਇੱਕ ਦਾ, ਤੇ ਚਾਰ ਮੰਨੀ । ਕਈ ਵਾਰੀ ਤੇ ਉਸ ਇਨਕਾਰ ਕੀਤਾ ਤੇ ਦੋ ਵਾਰੀ ਉਹ ਅਪਣਾ ਪਿਆਰ ਮੰਨੀ । ਖ਼ੁਦਾ ਦਾ ਸ਼ੁਕਰ ਕਰ ਝੱਲੇ ' ਕਲੀਮਾ ' ਤੇਰੀ ਰਹਿਤਲ ਤੇਰਾ ਕਿਰਦਾਰ ਮੰਨੀ ।

51. ਜੋ ਟੁੱਟ ਗਿਆ ਏ, ਜੁੜਨ ਦਾ ਫੈਦਾ ?

ਜੋ ਟੁੱਟ ਗਿਆ ਏ, ਜੁੜਨ ਦਾ ਫੈਦਾ ? ਪਰਾਈ ਸ਼ੈ ਵੱਲ ਉੜਨ ਦਾ ਫੈਦਾ ? ਜੇ ਓਹਨੇ ਚੀਕਾਂ ਚੋਂ ਐਬ ਕੱਢਣੇ ਤੇ ਫੇਰ ਰੋੜ੍ਹਨ ਰੁੜ੍ਹਨ ਦਾ ਫੈਦਾ ? ਜੇ ਥੋੜ੍ਹ ਪੂਰੀ ਨਈਂ ਕਰਨੀ ਓਹਨੇ ਤੇ ਕਮਲਿਆ ! ਫਿਰ ਥੁੜ੍ਹਨ ਦਾ ਫੈਦਾ ? ਜੇ ਉਹਦੀ ਰਾਹ ਈ ਨਈਂ ਖੋਟੀ ਹੋਣੀ ਤੇ ਫੇਰ ਕੰਡਿਆ ! ਪੁੜਨ ਦਾ ਫੈਦਾ ? ' ਕਲੀਮ ' ਵਿਹੜਾ ਜੇ ਘੂਰਦਾ ਏ ਤੇ ਫੇਰ ਵਾਪਸ ਮੁੜਨ ਦਾ ਫੈਦਾ ?

52. ਕੀ ਕਹਵਾਂ ਚਲੀ ਏ ਹਰ ਸਰਕਾਰ

ਕੀ ਕਹਵਾਂ ਚਲੀ ਏ ਹਰ ਸਰਕਾਰ ਮੇਰੀ ਧੌਣ ਤੇ। ਸਿਰ ਏ ,ਜਿਸਰਾਂ ਕਰਜ਼ਿਆਂ ਦਾ ਭਾਰ ਮੇਰੀ ਧੌਣ ਤੇ। ਦਿਲ ਜਦੋਂ ਡੁੱਬਾ ਤੇ ਸਾਹ ਲੈਣਾ ਵੀ ਔਖਾ ਹੋ ਗਿਆ ਅੱਖ ਫੇਰੀ ਸੂ,ਜਿਵੇਂ ਤਲਵਾਰ ਮੇਰੀ ਧੌਣ ਤੇ । ਦੁਸ਼ਮਣੀ ਸਾਹ ਦੀ ਤੇ ਮੌਤਾਂ ਦੀ ਸ਼ੁਰੂ ਤੋਂ ਪੈ ਗਈ ਬੇਗੁਨਾਹ ਈ ਫਸ ਗਈ ਵਿਚਕਾਰ ਮੇਰੀ ਧੌਣ ਤੇ । ਜਿਹੜੇ ਬਾਹਰੋਂ ਫੱਟ ਮਿਲੇ ਜੁੱਸੇ ਨੂੰ, ਮੇਰੇ ਸਿਰ ਪਏ ਜਿਹੜਾ ਅੰਦਰ ਮਰ ਗਿਆ ਫ਼ਨਕਾਰ ,ਮੇਰੀ ਧੌਣ ਤੇ । ਜਾਗੀਆਂ ਅੱਖਾਂ ਦੇ ਫਿਰ ਇਕ ਖ਼ਾਬ ਬੱਖੀ ਪੈ ਗਿਆ ਚੋਰ ਸੀਨੇ ਤੇ,ਤੇ ਪਹਿਰੇਦਾਰ, ਮੇਰੀ ਧੌਣ ਤੇ । ਲਿੱਪੀਅੰਤਰ : ਜਸਪਾਲ ਘਈ

53. ਏਨੇ ਸੋਹਣੇ ਨੈਣ ਕਿਸੇ ਦੇ

ਏਨੇ ਸੋਹਣੇ ਨੈਣ ਕਿਸੇ ਦੇ ਪਰ ਕੀ ਕਰੀਏ ਹੈਣ ਕਿਸੇ ਦੇ ਕਾਂ ਕਾਂ ਕਨੀਂ ਪੈ ਜਾਵੇ ਤੇ ਦਿਲ ਨੂੰ ਧੋਖੇ ਪੈਣ ਕਿਸੇ ਦੇ ਅੱਜ ਓਹ ਮਹਫ਼ਿਲ ਵਿਚ ਆਵਣਗੇ ਸਾਹ ਈ ਖੋਹ ਨਾ ਲੈਣ ਕਿਸੇ ਦੇ ਦੇ ਦੀਦਾਰ ਤੇ ਚੈਨ ਦਵਾ ਦੇ ਕੰਮ ਆ ਜਾ ਬੇਚੈਨ ਕਿਸੇ ਦੇ ਭੂਰਾ ਅੰਦਰ ਵਿਛ ਜਾਂਦਾ ਏ ਭਾਵੇਂ ਹੋਵਣ ਵੈਣ ਕਿਸੇ ਦੇ

54. ਫ਼ੇਰ ਕਰਨ ਬਰਬਾਦ ਆਈ ਏ

ਫ਼ੇਰ ਕਰਨ ਬਰਬਾਦ ਆਈ ਏ ਅੱਜ ਓਹ ਤੇਰੀ ਯਾਦ ਆਈ ਏ ਉਮਰਾਂ ਨਾਲ਼ ਨਿਭਾਣੀ ਪੈ ਗਈ ਵਿਚ ਜਦੋਂ ਔਲਾਦ ਆਈ ਏ ਸੱਕੇ ਲਾਸ਼ ਨੂੰ ਚੁੱਕਣ ਆ ਗਏ ਐਂਵੇਂ ਦੀ ਇਮਦਾਦ ਆਈ ਏ ਮੈਂ ਕੁਰਬਾਨ ਵੀ ਹੋ ਸਕਣਾ ਵਾਂ ਐਸ ਤਰਾਂ ਦੀ ਦਾਦ ਆਈ ਏ ਯਾਰ ਕਲੀਮਾ ਅੱਥਰੂ ਨਹੀਓਂ ਪਲਕਾਂ ਤੇ ਫ਼ਰਿਆਦ ਆਈ ਏ

55. ਅੱਗੇ ਰੋਗ ਉਲੱਦੀ ਬੈਠਾਂ

ਅੱਗੇ ਰੋਗ ਉਲੱਦੀ ਬੈਠਾਂ ਸਾਰੇ ਸੱਜਣ ਸੱਦੀ ਬੈਠਾਂ ਅੱਖ ਦੀ ਬੋਲੀ ਕਿਉਂ ਨਾ ਸਮਝਾਂ ਇਸ਼ਕ ਵਲੀ ਦੀ ਗੱਦੀ ਬੈਠਾਂ ਧਰਤੀ ਮੇਰੇ ਪਿਓ ਦਾ ਵੇੜ੍ਹਾ ਕੌਣ ਮੁਹਾਜਰ ? ਜੱਦੀ ਬੈਠਾਂ ਪਾਗਲ ਹੋ ਕੇ ਸਮਝਾਂ ਆਈਆਂ ਠੀਕ ਸਿਆਣੇ ਰੱਦੀ ਬੈਠਾਂ ਅੱਕੇ ਪੱਕੇ ਪੈਰਾਂ ਉੱਤੇ ਖ਼ੌਰੇ ਕੀ ਕੀ ਲੱਦੀ ਬੈਠਾਂ (ਬਰਫ਼ਾਂ ਹੇਠ ਤੰਦੂਰ)

56. ਦੁਨੀਆਂ ਬੰਦ ਪਟਾਰੀ ਵਾਂਗਰ

ਦੁਨੀਆਂ ਬੰਦ ਪਟਾਰੀ ਵਾਂਗਰ ਖੋਲ੍ਹੇ ਕੌਣ ਮਦਾਰੀ ਵਾਂਗਰ ਸਾਹ ਜੁੱਸੇ ਦਾ ਸੱਚਾ ਰਿਸ਼ਤਾ ਖੋਟਾ ਸਾਡੀ ਯਾਰੀ ਵਾਂਗਰ ਦੁੱਖਾਂ ਡਾਹਡਾ ਚਸਕਾ ਦਿੱਤਾ ਕਸਮੇ ਚੀਜ਼ ਕਰਾਰੀ ਵਾਂਗਰ ਅੱਖ ਰਾਤਾਂ ਨੂੰ ਖੁੱਲ੍ਹੀ ਰਹਿੰਦੀ ਉਸ ਬਾਜ਼ਾਰ ਦੀ ਬਾਰੀ ਵਾਂਗਰ ਇਕ ਹੀਰੇ ਨੂੰ ਕਹਿੰਦਾ ਰਹਿਨਾਂ ਕੱਟ ਕਲੇਜਾ ਆਰੀ ਵਾਂਗਰ

57. ਇਸ ਲਈ ਉਡਿਆ ਰੰਗ ਸੀ ਖ਼ੌਰੇ

ਇਸ ਲਈ ਉਡਿਆ ਰੰਗ ਸੀ ਖ਼ੌਰੇ ਆਪਣੇ ਨਾਲ਼ ਈ ਜੰਗ ਸੀ ਖ਼ੌਰੇ ਜ਼ਿੰਦਗੀ ਮੂਲ ਨਾ ਮਗਰੋਂ ਲੱਥੀ ਔਂਤਰ ਜਾਣੀ ਮੰਗ ਸੀ ਖ਼ੌਰੇ ਹਿਮੱਤ ਵੀ ਮੂੰਹ ਪਰਨੇ ਡਿੱਗੀ ਲੇਖ ਅੜਾਈ ਟੰਗ ਸੀ ਖ਼ੌਰੇ ਸੋਚਾਂ ਵਿਚ ਫ਼ਿਤੂਰ ਸੀ ਚੋਖਾ ਯਾਂ ਫ਼ਿਰ ਜ਼ਿੰਦਗੀ ਤੰਗ ਸੀ ਖ਼ੌਰੇ ਓਹ ਤੇ ਚਾਂਹਦਾ ਸੀ ਕੁਛ ਮੰਗਾਂ ਮੈਨੂੰ ਮੈਥੋਂ ਸੰਗ ਸੀ ਖ਼ੌਰੇ (ਬਰਫ਼ਾਂ ਹੇਠ ਤੰਦੂਰ)

58. ਜਿਹੜਾ ਵਿਹਰ ਖਲੋਤਾ ਸੀ ਜੱਗ ਅੱਗੇ

ਜਿਹੜਾ ਵਿਹਰ ਖਲੋਤਾ ਸੀ ਜੱਗ ਅੱਗੇ ਹਾਰ ਡਿੱਗਿਆ ਪਿਓ ਦੀ ਪੱਗ ਅੱਗੇ ਤੇਰੀ ਵਾਜ ਈ ਦੱਸੇਗੀ ਰਾਹ ਮੈਨੂੰ ਬੜੀ ਧੂੜ ਏ ਚਾਵਾਂ ਦੇ ਵੱਗ ਅੱਗੇ ਇਸ਼ਕ ਅਕਲ ਨੂੰ ਸੁੱਟ ਕੇ ਕੰਡ ਪਿੱਛੇ ਮਾਲ ਆਪ ਰਖਾਂਦਾ ਏ ਠੱਗ ਅੱਗੇ ਸੁੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ ਉਤੋਂ ਇਸ਼ਕ ਨੇ ਆਖਿਆ, ਲੱਗ ਅੱਗੇ ਬੁਰੇ ਬੰਦੇ ਦਾ ਬਣੇਗਾ ਕੀ ਖ਼ੌਰੇ ਸੱਪ ਖ਼ੌਫ਼ ਦਾ ਪਿੱਛੇ, ਤੇ ਅੱਗ ਅੱਗੇ

59. ਲੀਕਾਂ ਕੁੱਟੀ ਜਾਂਦੇ ਓ

ਲੀਕਾਂ ਕੁੱਟੀ ਜਾਂਦੇ ਓ ਧਰਤੀ ਪੁੱਟੀ ਜਾਂਦੇ ਓ ਘੰਟਾ ਘੰਟਾ ਦਿਸਦੇ ਨਈਂ ਲੰਮੀ ਛੁੱਟੀ ਜਾਂਦੇ ਓ ਦੁੱਖ ਪੱਥਰ ਨਾ ਪਿੰਡਾ ਕੱਚ ਐਵੇਂ ਟੁੱਟੀ ਜਾਂਦੇ ਓ ਮਾਵਾਂ ਕਦ ਤੱਕ ਜੀਣਗੀਆਂ ਰੁੱਖ ਤੇ ਪੁੱਟੀ ਜਾਂਦੇ ਓ ਅੱਥਰੂ ਕਿਹੜੇ ਭਾਰੇ ਨੇ ਐਵੇਂ ਸੁਟੀ ਜਾਂਦੇ ਓ (ਬਰਫ਼ਾਂ ਹੇਠ ਤੰਦੂਰ)

60. ਪੱਥਰ ਉੱਤੇ ਲੀਕ ਸਾਂ ਮੈਂ ਵੀ

ਪੱਥਰ ਉੱਤੇ ਲੀਕ ਸਾਂ ਮੈਂ ਵੀ ਏਥੋਂ ਤੱਕ ਤੇ ਠੀਕ ਸਾਂ ਮੈਂ ਵੀ ਆਦਮ ਤੱਕ ਤੇ ਸਭ ਨੂੰ ਦੱਸਣਾ ਖ਼ੌਰੇ ਕਿਥੋਂ ਤੀਕ ਸਾਂ ਮੈਂ ਵੀ ਹਰਮਲ ਜਿਸ ਦਮ ਤੀਰ ਚਲਾਇਆ ਚੀਕਾਂ ਵਿਚ ਇਕ ਚੀਕ ਸਾਂ ਮੈਂ ਵੀ ਓਹਨੇ ਗੱਲ ਸੁਈ ਵੱਲ ਮੋੜੀ ਨੱਕਿਓਂ ਢੇਰ ਬਰੀਕ ਸਾਂ ਮੈਂ ਵੀ ਉਮਰੇ! ਮੈਨੂੰ ਰੋਲ਼ ਰਹੀ ਐਂ ਤੈਨੂੰ ਨਾਲ਼ ਧਰੀਕ ਸਾਂ ਮੈਂ ਵੀ

61. ਪਿਆਰ ਦੀ ਮਾਲ਼ਾ ਜਪਦੇ ਰਹੇ ਆਂ

ਪਿਆਰ ਦੀ ਮਾਲ਼ਾ ਜਪਦੇ ਰਹੇ ਆਂ ਲੱਭਣਾ ਕੀ ਸੀ ਖਪਦੇ ਰਹੇ ਆਂ ਵਣ ਉੱਗੇ ਤੇ ਉੁਹਦੀ ਮਰਜ਼ੀ ਉਂਜ ਤੇ ਬੰਦੇ ਨੱਪਦੇ ਰਹੇ ਆਂ ਖ਼ਤ ਪੱਤਰ ਈ ਹੁੱਲੇ ਨਈਂ ਸਨ ਰੁੱਖਾਂ ਤੇ ਵੀ ਛਪਦੇ ਰਹੇ ਆਂ ਬੁੱਲ੍ਹਾ ਹੋਣਾ ਸ਼ਰਤ ਸੀ ਖ਼ੌਰੇ ਨੱਚਣਾ ਕਾਹਦਾ! ਟੱਪਦੇ ਰਹੇ ਆਂ ਅੱਜ ਇੱਕ ਘਰ ਨਾ ਬਣਿਆ ਸਾਥੋਂ ਕੱਲ੍ਹ ਪੈਰਾਂ ਤੇ ਥੱਪਦੇ ਰਹੇ ਆਂ (ਬਰਫ਼ਾਂ ਹੇਠ ਤੰਦੂਰ)

62. ਸ਼ੀਸ਼ੇ ਦਾ ਲਸ਼ਕਾਰਾ ਏ

ਸ਼ੀਸ਼ੇ ਦਾ ਲਸ਼ਕਾਰਾ ਏ ਬੇਲੀ ਕਹਿਣ ਇਸ਼ਾਰਾ ਏ ਅੱਖ ਸਮੁੰਦਰ ਹੁੰਦੀ ਏ ਚੱਖ ਲੈ ਪਾਣੀ ਖਾਰਾ ਏ ਰੂਪ ਦਾ ਮੁੱਲ ਘਟਾ ਰੱਬਾ ਲਾਗਤ ਮਿੱਟੀ ਗਾਰਾ ਏ ਭੁੱਖ ਮੁਕਾਣ ਦੇ ਪਰਚੇ ਵਿਚ ਮੇਰੇ ਨਾਂ ਲਲਕਾਰਾ ਏ ਬੋਰੀ ਬਿਸਤਰ ਬੰਨ੍ਹ ਕਲੀਮ ਹੋਰ ਕਿਸੇ ਦਾ ਵਾਰਾ ਏ (ਬਰਫ਼ਾਂ ਹੇਠ ਤੰਦੂਰ)

63. ਸਿਲਾ ਪਿਆਰ ਦਾ ਵੈਰੀਆ ਕਹਿਰ ਤੇ ਨਈਂ

ਸਿਲਾ ਪਿਆਰ ਦਾ ਵੈਰੀਆ ਕਹਿਰ ਤੇ ਨਈਂ ਤੈਨੂੰ ਦਿਲ ਈ ਦਿੱਤਾ ਏ ਜ਼ਹਿਰ ਤੇ ਨਈਂ ਹਰ ਬੰਦੇ ਦੇ ਹੱਥ ਏ ਇੱਟ ਰੋੜਾ ਇਹ ਸ਼ਹਿਰ ਵੀ ਤੇਰਾ ਈ ਸ਼ਹਿਰ ਤੇ ਨਈਂ ਸਾਹਵਾਂ ਨਾਲ਼ ਈ ਜਾਵੇਗਾ ਗ਼ਮ ਤੇਰਾ ਕਿੰਜ ਸੁੱਕੇਗੀ, ਅੱਖ ਏ ਨਹਿਰ ਤੇ ਨਈਂ ਯਾਰ ਹੱਸ ਕੇ ਲੰਘੇ ਨੇ ਗ਼ੈਰ ਵਾਂਗੂੰ ਮੇਰੇ ਲੇਖ ਦਾ ਪਿਛਲਾ ਪਹਿਰ ਤੇ ਨਈਂ ਹੱਥੀਂ ਸੰਖੀਆ ਦਿੱਤਾ ਈ ਨਫ਼ਰਤਾਂ ਦਾ ਹੁਣ ਕਦੀ ਜੇ ਕਹਵੇਂ ਵੀ ਠਹਿਰ ਤੇ ਨਈਂ (ਬਰਫ਼ਾਂ ਹੇਠ ਤੰਦੂਰ)

ਫੁਟਕਲ

1. ਸ਼ਰਮਾ ਦੇ ਤਲਵਾਰ ਨਾ ਦੇਵੀਂ, ਅੱਖਾਂ ਨੂੰ ਹਥਿਆਰ ਨਾ ਦੇਵੀਂ, ਤੈਨੂੰ ਜੀਵਨ ਕਹਿ ਬੈਠਾ ਵਾਂ, ਵੇਖੀਂ ਕਿਧਰੇ ਮਾਰ ਨਾ ਦੇਵੀਂ। 2. ਅੰਦਰ ਅੱਗ ਤੇ ਵਿੱਲੀਆਂ ਅੱਖਾਂ, ਧੁੱਖ਼ ਧੁੱਖ਼ ਮੋਈਆਂ ਗਿੱਲੀਆਂ ਅੱਖਾਂ, ਦਿਲ ਪੰਛੀ ਦਾ ਅੱਲ੍ਹਾ ਬੇਲੀ, ਤਾੜ ਲਿਆਏ ਬਿੱਲੀਆਂ ਅੱਖਾਂ। 3. ਕੀ ਸੁਣਾਵਾਂ ਬਲੋਰ ਬਰਫਾਂ ਦੀ, ਇਹ ਹਯਾਤੀ ਏ ਚੋਰ ਬਰਫਾਂ ਦੀ। ਪਹਿਲਾਂ ਸੂਰਜ਼ ਉਬਾਲ ਕੇ ਪੀਤਾ, ਫੇਰ ਕੀਤੀ ਟਕੋਰ ਬਰਫਾਂ ਦੀ। 4. ਅੰਦਰ ਫੇਰ ਕੜੱਚ ਨਾ ਹੋਵੇ ਗ਼ੈਰ ਦਾ ਦੱਸਿਆ ਸੱਚ ਨਾ ਹੋਵੇ ਮੌਤ ਤੇ ਵਾਅਦਾ ਕੋਈ ਨਈਂ ਭੁੱਲਦਾ ਬੰਦਾ ਅਸਲੋਂ ਖੱਚ ਨਾ ਹੋਵੇ 5. ਪਹਿਲਾਂ ਪਹਿਲਾਂ, ਸ਼ਰਮਾਵੇਗਾ ਥੋੜਾ ਬਹੁਤਾ ਸੋਹਣਾ ਏ ਨਾ, ਤੱੜਪਾਵੇਗਾ ਥੋੜਾ ਬਹੁਤਾ ਭੁੱਖੀ ਅੱਖ ਨੂੰ ਰੋਕ ਲਵੋ ਤੇ ਰੱਬ ਦੀ ਕਸਮੇ ਬਹੁਤਾ ਥੋੜਾ ਹੋ ਜਾਵੇਗਾ, ਥੋੜਾ ਬਹੁਤਾ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ