Punjabi Poetry : Sayyed Akbar Shah

ਪੰਜਾਬੀ ਕਵਿਤਾ/ਕਲਾਮ : ਸੱਯਦ ਅਕਬਰ ਸ਼ਾਹ

1. ਰੱਬ ਦੇ ਰੰਗ

ਅਜਬ ਰਜ਼ਾਈਂ ਤੇਰੀਆਂ, ਵਾਹ ਤੁਸਾਡੇ ਕੰਮ।
ਹਿਕ ਕਰੇਂਦੀਆਂ ਖ਼ੁਸ਼ੀਆਂ, ਹਿਕ ਕਰੇਂਦੇ ਗ਼ਮ।
ਹਿਕ ਸੈਂਦੇ ਲੇਫ਼ ਨਿਹਾਲੀਆਂ, ਹਿਕ ਅੱਗ ਤੇ ਸਾੜਨ ਚੰਮ।
ਹਿਕ ਚੜ੍ਹਦੇ ਤੁਰਕੀਆਂ ਤਾਜ਼ੀਆਂ, ਹਿਕ ਫਿਰਨ ਨੰਗੇ ਕਦਮ।
ਹਿਕਨਾਂ ਹੱਥ ਡੰਗੋਰੀਆਂ, ਹਿਕਨਾਂ ਹੱਥ ਇਲਮ।
ਹਿਕਨਾਂ ਸਾਗ ਨਾ ਲਭਦਾ, ਹਿਕਨਾਂ ਪਾਸ ਦਰੱਮ।
ਹਿਕ ਦਰ ਦਰ ਮੰਗਣ ਟੁਕੜੇ, ਹਿਕ ਤੇ ਫ਼ੈਜ਼ ਕਰਮ।

2. ਪੁਛੋ ਵੰਞ ਸਿਆਣਿਆਂ

ਅੰਬ ਨਾ ਲਗਣ ਟਾਹਲੀਆਂ, ਤੂਤ ਨਾ ਲਗਣ ਸ਼ਰੀਂਹ।
ਬਾਝ ਫ਼ਸੀਲਾਂ ਕੋਟ ਨਾ, ਬੱਦਲਾਂ ਬਾਝ ਨਾ ਮੀਂਹ।
ਬਾਜ਼ ਨਾ ਦਾਣਾ ਚੁਗਦੇ, ਦੱਭ ਨਾ ਖਾਂਦੇ ਸ਼ੀਂਹ।
ਪੁਛੋ ਵੰਞ ਸਿਆਣਿਆਂ, ਜ਼ੋਰ ਨਾ ਲਗਦਾ ਨੀਂਹ।

ਯਾਰਾਂ ਵਿਦਾ ਕਰੇਂਦਿਆਂ, ਨਿਕਲ਼ੀ ਥਰਾਂਦੀ ਜਾਨ।
ਜੇ ਮੈਂ ਆਖਾਂ ਯਾਰਾ ਜਾ ਤੂੰ, ਵਾਤੋਂ ਨਿਕਲਮ ਜਾਨ।
ਯਾਰ ਜਾਵਨ ਛਪ ਡਿਸਨੋਂ, ਡਿਸੇ ਸੁੰਞ ਜਹਾਨ।
ਆਵੈ ਇਜ਼ਰਾਈਲ ਜੇ, ਦੇਵਾਂ ਜਿੰਦ ਅਸਾਨ।
ਅਕਬਰ ਸ਼ਾਹ ਡੁਖ ਵਿਛੋੜੇ ਦਾ, ਕਿਤਨਾ ਕਰਾਂ ਮੈਂ ਬਿਆਨ।

ਔਖੀ ਲਈ ਆਹੀ ਮੈਂ ਦੋਸਤੀ, ਇਉਂ ਲਗਿਅਮ ਝੁੱਖ।
ਰੱਜ ਨਾ ਗੱਲਾਂ ਕੀਤੀਆਂ, ਰੱਜ ਨਾ ਡਿੱਠਮ ਮੁੱਖ।
ਕੋਈ ਵੰਡਾਏ ਡੁੱਖੜੇ, ਅੰਦਰ ਬਾਂਹਾਂ ਝੁੱਖ।
ਖਾਵਣ ਪੀਵਣ ਭੁਲ ਗਿਆ, ਹਿਕੇ ਯਾਰ ਦੀ ਭੁੱਖ।
ਅਕਬਰ ਸ਼ਾਹ ਬਾਝੋਂਂ ਦੋਸਤਾਂ, ਕਿਉਂ ਲਾਹਾਂ ਸੁੱਖ?

3. ਮੈਨੂੰ ਧੋ ਦੇ ਦੁਪੱਟਾ ਯਾਰ ਦਾ

ਧੋਬੀ ਮੈਨੂੰ ਧੋ ਦੇ ਦੁਪੱਟਾ ਯਾਰ ਦਾ।
ਪਿਰਮ ਨਗਰ ਘਰ ਖੁੰਬ ਚੜ੍ਹਾਈਂ,
ਦੰਗਾਲੀਂ ਨੈਣ ਇਸ਼ਕ ਦੀ ਖਾਰ ਦਾ।
ਨੈਣਾਂ ਦੀ ਟੋਭੀ ਵਿਚ ਦਰਦਾਂ ਦਾ ਪਾਣੀ,
ਸਾਬਣ ਮਲੀਂ ਇਸਤਗ਼ਫ਼ਾਰ ਦਾ।
ਤਨ ਦਾ ਪਟੜਾ ਜਿਥੇ ਮਾੜੀਂ ਪਰੀਤ ਦੀ,
ਮਾਇਆ ਲਾਈਂ ਬਹੁਤ ਪਿਆਰ ਦਾ।
ਹੱਥਾਂ ਤੇਰਿਆਂ ਵਿਚ ਕੀਮਤ ਬਾਜ਼ਾਰੀ,
ਮੋਂਧੇ ਯਾਰ ਦੇ ਦੁਹਦ ਹਜ਼ਾਰ ਦਾ।
ਰੋਕ ਰੁਪੱਯਾ ਤੈਨੂੰ ਡੇਸਾਂ ਮਜ਼ਦੂਰੀ,
ਮੇਲਾ ਡੇਖੂੰ ਸ਼ਾਹ ਮਦਾਰ ਦਾ।
ਯਾਰ ਦੀ ਬੁੱਕਲ ਮੈਂ ਦੁਪੱਟਾ ਮਰੇਸਾਂ
ਜੇਵੇਂ ਅਬਰ ਬਹਾਰ ਦਾ।
ਦਿੱਲੀ ਦੇ ਕੱਨੇ ਜੈਂਦੇ ਪਾਂਦ ਲਾਹੌਰ ਦੇ।
ਤਾਣਾ ਪੇਟਾ ਹੈ ਕਾਬਲ ਕੰਧਾਰ ਦਾ।
ਅਕਬਰ ਸ਼ਾਹ ਕਰੀਂ ਰੀਸ ਤਿਨਾਂਹ ਦੀ,
ਕਰਮ ਜਿਨ੍ਹਾਂ ਤੇ ਕਰਤਾਰ ਦਾ।

4. ਕਾਦਰ ਦੀ ਕੁਦਰਤ

ਹੈ ਹਕੀਮ ਹਕੀਕੀ ਹਾਕਮ, ਡੇਖ ਓਸ ਦੀ ਲੋਲਾਲੀ,
ਹਿਕਨਾਂ ਨੂੰ ਗ਼ਨੀ ਕਰੇ, ਹਿਕ ਦਰ ਦਰ ਫਿਰਨ ਸਵਾਲੀ।
ਹਿਰਨਾਂ ਲੰਗਰ ਹਵਾਲੇ ਕੀਤਸੁ, ਹਿਕਨਾਂ ਅੱਗ ਨਾ ਬਾਲੀ,
ਹਿਕ ਮਾਲ ਮਤਾਅ ਰਖ ਹੋਏ ਸੌਦਾਗਰ, ਹਿਕ ਵਤ ਕਰਨ ਦਲਾਲੀ।
ਹਿਕ ਬੇਗ਼ਮ ਬੇਪਰਵਾਹ ਰਹਿਣ, ਖ਼ੁਸ਼ਹਾਲ ਡੁਕਿਹਾਂਦੀ ਜਾਲੀ,
ਹਿਕ ਰਹਿ ਗਏ ਮੁਹਤਾਜ ਸਦਾ, ਹਿਕ ਫਿਰਦੇ ਡਮਕ ਵਹਾਲੀ।
ਹਿਕ ਪਾਣੀ ਕਾਰਨ ਫਿਰਨ ਤਸੇ, ਹਿਕ ਪੀਂਦੇ ਮਦ ਕਲਾਲੀ,
ਹਿਕਨਾਂ ਰੰਜ ਰੰਜੂਰ ਕੀਤਾ, ਹਿਕ ਫਿਰਦੇ ਮਸਤ ਮੁਵਾਲੀ।
ਹਿਕ ਦਿਲ ਨੂਰੋਂ ਰੌਸ਼ਨ ਹਿਕ ਦਿਲ, ਨਾਲ ਗੁਨਾਹ ਨਿਕਾਲੀ,
ਹਿਕ ਸੌਦਾਗਰ ਹੋਕੇ ਦੇਂਦੇ, ਹਿਕ ਦੁਨੀਆਂ ਕਰਨ ਸਮਹਾਲੀ।
ਪੜ੍ਹ ਦਰੂਦ ਰਸੂਲ ਅਲਾਹ ਤੇ, ਹੈ ਦਾਰੇਂਦਾ ਵਾਲੀ,
ਮਿਨਤੋਂ ਯਾਰ ਨ ਤਿੰਦੀ ਚਾਰੇ, ਜਿਨ੍ਹਾਂ ਯਾਰੀ ਦੀ ਲੱਜ ਪਾਲੀ।
ਮਤ ਗੌਸ ਮੁਅੱਜ਼ਮ ਪੀਰ ਮੁਅੱਜ਼ਮ, ਸ਼ਾਨ ਜਲੇਂਦਾ ਹੈ ਆਲੀ,
ਹੋ ਕੁਰਬਾਨ ਤਿੰਨ੍ਹਾਂ ਤੋਂ ਜਿਨ੍ਹਾਂ, ਇਸ਼ਕ ਦੀ ਮੰਜ਼ਲ ਘਾਲੀ।
ਅਕਬਰ ਸ਼ਾਹ ਕਰ ਤੌਬਾ ਤੂੰ ਭੀ, ਫੜ ਨੇਕਾਂ ਦੀ ਚਾਲੀ।

5. ਮਾਂ-ਧੀ

ਲੈ ਨੀ ਮਾਏ ਮੇਰਾ ਅੱਲਾ ਬੇਲੀ, ਭੰਬੋਰ ਨਹੀਂ ਹੁਣ ਭਾਂਦਾ,
ਓਦਰ ਗਈਆਂ ਨੀ ਮੇਰੀਆਂ ਅੱਖੀਂ, ਤਨ ਦਰਦਾਂ ਕੀਤਾ ਮਾਂਦਾ।
ਦਿਲ ਖੜਿਆ ਖਸ ਪੁੰਨਣ, ਦਿਲ ਨਹੀਂ ਅਸਾਂ ਥੀਂ ਆਂਦਾ,
ਭੁਲੀ ਗਈ ਮੈਂ ਨਾ ਗਈ, ਮੈਥੋਂ ਵਿਛੜਿਆ ਸਾਥ ਹੋਤਾਂ ਦਾ।
ਅਕਬਰ ਸ਼ਾਹ ਗ਼ਮ ਹਰ ਕੋਈ ਖਾਵੇ, ਜੈਂਦਾ ਵਕਤ ਵਿਹਾਂਦਾ।

ਆਖੇ ਮਾਂ ਸੱਸੀ ਨੂੰ ਧੀਆ ! ਸਮਝ ਮੇਰੀ ਸਮਝਾਈ,
ਜਿਹੜੇ ਵਿਦਾਅ ਨਾ ਕਰ ਗਏ ਤੈਥੋਂ, ਨਹੀਂ ਅਗੇ ਪਿਛੇ ਚੰਗਾਈ।
ਹੋਤ ਗਤੇ ਤਾਂ ਘੋਲੀ ਚਾਏ, ਤੂੰ ਨਦੀ ਜਥ ਨਾਈ,
ਧਰੋਹੀ ਧਰੋਹ ਕਰਨ ਜਦ ਕਦ ਤੋਂ, ਭੱਠ ਘਤ ਨੀ ਅਸ਼ਨਾਈ।
ਅਕਬਰ ਸ਼ਾਹ ਸੱਸੀ ਨਾਲ ਜਿਹਰੋਟੇ ਦੇ ਕਿਉਂਕਰ ਹੂ ਅਲਾਈ।

ਮੈਂ ਘੋਲੀ ਉਹ ਕਿਉਂ ਘੋਲੀ, ਦਿਲ ਜਾਨ ਜਿਨ੍ਹਾਂ ਤੋਂ ਵਾਰੇ,
ਖੋਲੀ ਆਖ ਨਾ ਮਾਏ ਨੀਂ, ਮੈਨੂੰ ਬਹੂੰ ਨੇ ਹੋਤ ਪਿਆਰੇ।
ਹੋਤਾਂ ਜਿਹਾ ਸਾਂਗ ਨ ਕੋਈ, ਤੇ ਪੁਛ ਵੇਖਾਂ ਜਗ ਸਾਰੇ,
ਰਹਿਣ ਭੰਬੋਰ ਮੁਹਾਲ ਹੋਇਮ, ਆਏ ਤਲੀਆਂ ਹੇਠ ਅੰਗਾਰੇ।
ਅਕਬਰ ਸ਼ਾਹ ਨਾ ਪਹੁੰਚੀ, ਤੱਤੀ ਰੋ ਰੋ ਦਰਦ ਪੁਕਾਰੇ।

ਅੰਮਾਂ ਨੀ ! ਰੋਜ਼ ਮੀਸਾਕੋਂ ਅਗੇ, ਕੀਤਾ ਗ਼ੁਲਾਮ ਬਲੋਚਾਂ,
ਅੰਮਾਂ ਨੀ ! ਮੈਨੂੰ ਕਾਈ ਸੁਰਤ ਨਾ ਰਹੀ, ਭਰ ਦਿੱਤਾ ਜਾਮ ਬਲੋਚਾਂ,
ਅੰਮਾਂ ਨੀ ! ਮੈਨੂੰ ਘਤ ਕੈਦ ਲਿਆ, ਜ਼ੁਲਫ਼ ਦੀ ਦਾਮ ਬਲੋਚਾਂ,
ਅੰਮਾਂ ਨੀ ! ਮੈਂ ਤਾਂ ਬੇਵਸ ਹੋ ਕਰ, ਕਰਿਆ ਸਲਾਮ ਬਲੋਚਾਂ।
ਅਕਬਰ ਸ਼ਾਹ ਹੁਣ ਮੁੜਾਂ ਕਿਵੇਂ, ਰਖ ਸਿਰ ਤੇ ਨਾਮ ਬਲੋਚਾਂ?

ਬਹਿ ਧੀਆ ! ਕਰ ਯਾਦ ਅੱਲਾ ਨੂੰ, ਛੱਡ ਖ਼ਿਆਲ ਹੋਤਾਂ ਦਾ,
ਨਿਮਾਜ਼ ਰੋਜ਼ਾ ਪੜ੍ਹ ਰਫਲ ਦੋਗ਼ਾਨਾ, ਇਹ ਕੰਮ ਰੱਬ ਨੂੰ ਭਾਂਦਾ,
ਕਰ ਨੇਕੀ ਰੱਬ ਹਾਸਲ ਹੋਵੇ, ਨਹੀਂ ਵਸਾਹ ਦਮਾਂ ਦਾ।
ਔਖੇ ਰਾਹ ਤੇ ਮੰਜ਼ਲ ਭਾਰੀ, ਤੈਨੂੰ ਖ਼ੌਫ਼ ਨਹੀਂ ਕੁਝ ਆਂਦਾ।
ਅਕਬਰ ਸ਼ਾਹ ਕਿਹਾ ਗ਼ਮ ਉਨ੍ਹਾਂ ਨੂੰ, ਰਹਿਬਰ ਸ਼ੌਕ ਜਿਨ੍ਹਾਂ ਦਾ।

ਰੋਜ਼ੇ ਨਿਮਾਜ਼ਾਂ ਰਫਲ ਦੋਗਾਨੇ, ਭੁਲ ਗਏ ਯਾਦ ਨਾ ਆਂਦੇ,
ਤਨ ਮਨ ਤੁਆਫ਼ ਕਰੇ ਲਖ ਲਖ, ਸਿਰ ਸਜਦੇ ਕਰੇ ਯਾਰਾਂ ਦੇ,
ਲੈ ਗਏ ਵਿਰਦ ਵਜ਼ੀਫ਼ੇ ਨੀ, ਜਿਥੇ ਸੌਦੇ ਹੋਏ ਦਿਲਾਂ ਦੇ,
ਹਾਜੀ ਸਾਲ ਤਮਾਮ ਅੰਦਰ, ਹੱਜ, ਕਾਅਬੇ ਦਾ ਹਿਕ ਲਾਂਹਦੇ,
ਮੁਖ ਪੁੰਨਣ ਦਿਆਂ ਡਿੱਠਿਆਂ ਮੈਨੂੰ, ਪਲ ਵਿਚ ਲੱਖ ਹੱਜਾਂ ਦੇ।
ਕੂਚੇ ਕੇਚ ਬਹਿਸ਼ਤੋਂ ਆਲਾ, ਜਿਥੇ ਹੋਏ ਵਾਸ ਸਜਨਾਂ ਦੇ,
ਅਕਬਰ ਸ਼ਾਹ ਭੰਬੋਰ ਸੱਸੀ ਨੂੰ; ਡਿਸੇ ਮਿਸਲ ਦੋਜ਼ਖ਼ਾਂ ਦੇ।

ਮਰਨੇ ਹੋਤ ਨ ਹੋਏ ਸੌਹੇਂ, ਤੂੰ ਕਿਹਾ ਮੈਨੂੰ ਡੁਖ ਲਾਇਆ,
ਡੁਖ ਮੈਨੂੰ ਤੈਨੂੰ ਕਹਾ ਲਗਾ ਸੀ, ਤੂੰ ਕਿਉਂਕਰ ਮਨੋਂ ਅਲਾਇਆ?
ਨਹੀਂ ਸ਼ਰੀਕ ਨਾ ਸਕਾ ਸੋਹਰਾ; ਤੈਨੂੰ ਦਰਦ ਤੱਤੀ ਕਿਉਂ ਆਇਆ?
ਸਦਕੇ ਕਰਾਂ ਸ਼ਰੀਕ ਸਕੇ ਨੀ; ਮੈਂ ਤੈਨੂੰ ਵੀ ਘੋਲ ਘੁਮਾਇਆ।
ਘੋਲ ਘੁਮਾਇਆ ਆਖੇਂ ਸ਼੍ਰਮ ਨਾ ਆਵੇ ਨੀ, ਮੈਂ ਮਾਦਰ ਖੀਰ ਪਿਅਇਆ।
ਖੀਰ ਤੇਰੇ ਦੀ ਨਹੀਂ ਮਿੰਨਤ ਕਾਈ, ਮੈਨੂੰ ਪਰਵਰ ਪਾਕ ਬਚਾਇਆ।
ਕਰਸੀ ਪਰਵਰ ਪਾਕ ਉਤੇ ਤੇਰੇ ਨੀ, ਕੁਝ ਮੇਰਾ ਹੱਕ ਰਖਾਇਆ।
ਹਿੱਕ ਹਿਕੋ ਹਕ ਇਸ਼ਕ ਦਾ ਜਾਣਾ, ਜੈਂ ਇਹ ਰਾਹ ਦਿਖਾਇਆ।
ਅਕਬਰ ਸ਼ਾਹ ਇਨਸਾਫ਼ ਸੱਸੀ ਦੇ; ਮੰਜ਼ਲ ਇਸ਼ਕ ਰਸਾਇਆ।

(ਕਿੱਸਾ ਸੱਸੀ ਪੁੰਨੂੰ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੱਯਦ ਅਕਬਰ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ