Punjabi Poetry : Piara Singh Sehrai

ਪੰਜਾਬੀ ਕਵਿਤਾਵਾਂ : ਪਿਆਰਾ ਸਿੰਘ ਸਹਿਰਾਈ

1. ਆਈਂ ਸਾਡੇ ਵਿਹੜੇ ਰੂਪ ਵੇ

ਆਈਂ ਸਾਡੇ ਵਿਹੜੇ ਰੂਪ ਵੇ
ਆਈਂ ਸਾਡੇ ਵਿਹੜੇ ।

ਲੈ ਰੰਗ ਸੁਰੰਗੇ ਫੁੱਲ ਵੇ
ਦਿਲ ਅਸਾਂ ਸ਼ਿੰਗਾਰੇ ।
ਤੇ ਘੋਲ ਘੱਤੇ ਨੇ ਤੈਂ ਲਈ
ਢੋਏ ਦਰ ਸਾਰੇ ।
ਸਾਡੇ ਜਜ਼ਬੇ ਅੱਖ ਉਘੇੜ ਵੇ
ਰਾਹ ਤਕਣ ਤੇਰੇ ।

ਇਹਨਾਂ ਨੈਣਾਂ ਅੰਦਰ ਪਿਆਰ ਵੇ !
ਅਸਾਂ ਰੈਣ ਗੁਜ਼ਾਰੀ ।
ਸਾਡੀ ਨੀਂਦ ਰਹੀ ਬੇ-ਖ਼ਾਬ ਵੇ,
ਤੇ ਪਲਕਾਂ ਭਾਰੀ ।
ਚੰਨਾਂ ! ਸਿੱਕਾਂ ਸਿਕ ਸਿਕ ਤੇਰੀਆਂ
ਹੋ ਗਏ ਸਵੇਰੇ ।

ਤੇਰੇ ਰਾਹਾਂ ਉਤੇ ਰੂਪ ਵੇ
ਸਾਡੇ ਭਾਗ ਨੇ ਸੁੱਤੇ ।
ਕੀ ਟੁਟਸਣ, ਜੋ ਸੈਂ ਦੇ ਗਿਆ
ਸੁਫ਼ਨੇ, ਬੇਰੁੱਤੇ ?
ਚੁੰਮ ਤੇਰੇ ਚੰਨਣਾ ਪੈਰ-ਚਿੰਨ੍ਹ
ਅਸਾਂ ਹੰਝੂ ਕੇਰੇ ।

ਤੈਂ ਬਾਝੋਂ ਮੇਰੇ ਗੀਤ ਵੇ
ਰਸ-ਹੀਣ ਅਧੂਰੇ ।
ਦਸ ਤੈਂ ਬਿਨ ਮਿਰੇ ਖ਼ਿਆਲ ਵੇ
ਚੰਨਾਂ ! ਕੌਣ ਸਰੂਰੇ ?
ਤੇਰੇ ਪੈਰਾਂ ਦੀ ਇਕ ਛੁਹ ਤਈਂ
ਰਾਹ ਸਹਿਕਣ ਮੇਰੇ ।

ਆਈਂ ਸਾਡੇ ਵਿਹੜੇ ਰੂਪ ਵੇ
ਹੋ ਗਏ ਅਵੇਰੇ ।

2. ਧਰਤੀ ਦਾ ਪਿਆਰ

ਥੰਮੇ ਸਨ ਤੂਫ਼ਾਨ ਚਿਰੋਕੇ
ਸੌਂ ਚੁਕੇ ਸਨ ਪਿਆਰ ।
ਟੁੰਬ ਜਗਾ ਗਈ ਜੀਵਨ-ਤਰਬਾਂ
ਮੁੜ ਕੋਈ ਜਾਦੂ-ਹਾਰ ।

ਸੂਰਜ-ਵੰਨਾਂ ਮੱਥਾ ਲਿਸ਼ਕੇ
ਮਘਦਾ ਹੁਸਨ-ਗ਼ਰੂਰ ।
ਛੁਹ ਨੈਣਾਂ ਦੀ ਭਰਦੀ ਜਾਵੇ
ਅੰਗ ਅੰਗ ਵਿਚ ਸਰੂਰ ।
ਜੀਵਨ ਵਿਚ ਖ਼ੁਸ਼ਬੂਆਂ-ਲਦੀ,
ਵਸ ਗਈ ਆਣ ਬਹਾਰ ।

ਗੁਆਚੀ ਸਮਿਆਂ ਦੀ ਧੁੰਦ ਅੰਦਰ
ਗਲਵਕੜੀ ਦੀ ਹੂਰ ।
ਅਜ ਆ ਉਹੋ ਰਹੀ ਏ ਮੇਰੇ
ਖਾਲੀਪਨ ਨੂੰ ਪੂਰ ।
ਹੋਸ਼ ਮੇਰੀ ਤੇ ਛਾਂਦੀ ਜਾਵੇ
ਬਣ ਬਣ ਕੋਈ ਖ਼ੁਮਾਰ ।

ਲਭਦੀ ਰਹੀ ਕਲਪਨਾ ਜਿਸਨੂੰ
ਧੁੰਦਾਂ ਦੀ ਹਿਕ ਚੀਰ ।
ਦੇਸ ਕਾਲ ਦੀਆਂ ਹੱਦਾਂ ਲੰਘ ਲੰਘ
ਆਣ ਮਿਲੀ ਉਹ ਹੀਰ ।
ਨਚ ਉਠੀ ਮੁਸਕਾਨ-ਰੂਪ ਹੋ
ਮੈਂ ਹੰਝੂਆਂ ਦੀ ਧਾਰ ।

ਛਲਦੀ ਰਹੀ ਛਲਾਵੀ ਬਣ ਬਣ
ਧੁੰਦਲੀ ਜਹੀ ਤਸਵੀਰ ।
ਖੜੀ ਏ ਮੋਹ-ਜ਼ੰਜੀਰਾਂ ਜਕੜੀ
ਬਣ ਉਹ ਕੋਈ ਅਸੀਰ ।
ਹਿਲਣ ਦੇਵੇ ਨਾ ਇਕ ਪਲ ਲਈ
ਇਹ ਧਰਤੀ ਦਾ ਪਿਆਰ ।

3. ਮਾਂ ਨੀ ਕੋਈ ਬਾਤ ਸੁਣਾ-੧

ਇਕ ਸੀ ਰਾਜਾ, ਇਕ ਸੀ ਰਾਣੀ,
ਬੀਤ ਚੁਕੇ ਦੀ ਗਲ ਪੁਰਾਣੀ,
ਜੋ ਤੂੰ ਅਪਣੀ ਅੰਮੀਂ ਕੋਲੋਂ
ਸੁਣੀ ਕਦੇ ਸੀ ਅਜ ਸੁਣਾ ।
ਮਾਂ ਨੀ ਕੋਈ ਬਾਤ ਸੁਣਾ ।

ਇਕ ਸੀ ਰਾਜਾ, ਇਕ ਸੀ ਰਾਣੀ,
ਸਤ ਧੀਆਂ ਤੂੰ ਉਸਦੀਆਂ ਜਾਣੀ,
ਸਭ ਤੋਂ ਛੋਟੀ ਬੜੀ ਪਿਆਰੀ,
ਦੇਵੇ ਦੇਸ ਨਿਕਾਲਾ ਚਾ ।
ਮਾਂ ਨੀ ਕੋਈ ਬਾਤ ਸੁਣਾ ।

ਇਕ ਸੀ ਰਾਜਾ, ਇਕ ਸੀ ਰਾਣੀ,
ਤੇ ਸ਼ਹਿਜ਼ਾਦੀ ਬੜੀ ਸਿਆਣੀ,
ਅਨਹੋਣੇ ਕੰਮ ਉਸ ਕਰਵਾਏ,
ਆਖ਼ਰ ਉਹ ਵੀ ਜਿਤੀ ਆ ।
ਮਾਂ ਨੀ ਕੋਈ ਬਾਤ ਸੁਣਾ ।

ਇਕ ਸੀ ਰਾਜਾ, ਇਕ ਸੀ ਰਾਣੀ,
ਅਤ ਸੋਹਣੀ ਦਿਲਚਸਪ ਕਹਾਣੀ,
ਸੌ ਸਾਲਾਂ ਦੀ ਨੀਂਦ ਸ਼ਜ਼ਾਦੀ
ਸੁਤੀ ਨੂੰ ਕੋਈ ਰਿਹਾ ਜਗਾ ।
ਮਾਂ ਨੀ ਕੋਈ ਬਾਤ ਸੁਣਾ ।

4. ਮਾਂ ਨੀ ! ਕੋਈ ਬਾਤ ਸੁਣਾ-੨

"ਇਕ ਸੀ ਰਾਜਾ, ਇਕ ਸੀ ਰਾਣੀ,"
ਮੈਂ ਨਹੀਂ ਸੁਣਨੀ ਗੱਲ ਪੁਰਾਣੀ,
ਕੋਈ ਨਵੀਂ ਕਹਾਣੀ ਪਾ,
ਮਾਂ ਨੀ ਕੋਈ ਬਾਤ ਸੁਣਾ ।

"ਮਹਿਲਾਂ ਦੇ ਵਿਚ ਇਕ ਸ਼ਹਿਜ਼ਾਦੀ,
ਰੂਪ ਦੀ ਟੁਕੜੀ, ਦਿਲ ਦੀ ਸਾਦੀ,"
ਇਹ ਵੀ ਸੁਣ ਸੁਣ ਲਥ ਗਿਆ ਚਾਅ,
ਮਾਂ ਨੀ ਕੋਈ ਬਾਤ ਸੁਣਾ ।

"ਕੋਹ ਕਾਫ਼ਾਂ ਦੀ ਦੇਓ-ਕਹਾਣੀ,
ਕੈਦਣ ਇਕ ਪਰੀਆਂ ਦੀ ਰਾਣੀ,"
ਨਾ, ਅਜ ਬਾਤ ਨਵੇਰੀ ਪਾ,
ਮਾਂ ਨੀ ! ਕੋਈ ਬਾਤ ਸੁਣਾ ।

"ਕਹਿੰਦੇ ਸੀ ਇਕ ਧਰਮੀ ਰਾਜਾ,
ਖ਼ੁਸ਼ ਰਹਿੰਦੀ ਸੀ ਜਿਸਦੀ ਪਰਜਾ,"
ਪਰ ਨਹੀਂ ਸਾਡਾ ਉਸ ਸੰਗ ਵਾਹ,
ਮਾਂ ਨੀ ! ਕੋਈ ਬਾਤ ਸੁਣਾ ।

ਕੋਈ ਕਹਾਣੀ ਇਸ ਧਰਤੀ ਦੀ,
ਕੋਈ ਕਹਾਣੀ ਇਸ ਬਸਤੀ ਦੀ,
ਅਜ ਕੋਈ ਬਾਤ ਏਸਦੀ ਪਾ !
ਮਾਂ ਨੀ ! ਕੋਈ ਬਾਤ ਸੁਣਾ ।

ਸਾਡਾ ਰਾਜਾ, ਸਾਡੀ ਪਰਜਾ,
ਇਹ ਕਿਉਂ ਉਚਾ ਨੀਵਾਂ ਦਰਜਾ,
ਅਜ ਮੈਨੂੰ ਇਹ ਗਲ ਸਮਝਾ,
ਇਹਨਾਂ ਦੀ ਕੋਈ ਬਾਤ ਸੁਣਾ ।

5. ਭਾਵੇਂ ਰੰਗਣ ਹਰ ਇਕ ਸਦੀ ਨੂੰ

ਭਾਵੇਂ ਰੰਗਣ ਹਰ ਇਕ ਸਦੀ ਨੂੰ
ਕਈ ਘੱਲੂ-ਘਾਰੇ ।
ਲਖ ਵੇਰਾਂ ਭਾਵੇਂ ਬਦੀ ਤੋਂ
ਪਈ ਨੇਕੀ ਹਾਰੇ ।
ਪਰ ਕਦੇ ਸੁਨਹਿਰੇ ਜਗਤ ਦਾ
ਨਾ ਉਹ ਸੁਫ਼ਨਾ ਟੁੱਟਾ,
ਜੋ ਨੈਣਾਂ ਵਿਚ ਇਸ ਧਰਤ ਦੇ
ਨਿਤ ਲਿਸ਼ਕਾਂ ਮਾਰੇ ।

6. ਲਖ ਵਾਰ ਜ਼ੁਲਮ ਦਾ ਭੂਤਨਾ

ਲਖ ਵਾਰ ਜ਼ੁਲਮ ਦਾ ਭੂਤਨਾ
ਪਿਆ ਕਿਆਮਤ ਢਾਵੇ ।
ਤੇ ਸਦੀਆਂ-ਸਿਰਜੀ ਸਭਯਤਾ
ਮਿਟੀ 'ਚ ਮਿਲਾਵੇ ।
ਪਰ ਕਦੇ ਨਹੀਂ ਉਸ ਗੀਤ ਦੀ
ਸੁੰਦਰ ਲਯ ਟੁੱਟੀ,
ਜਿਹੜਾ ਧਰਤੀ ਰਚਨਾਂ ਨਵੀਂ ਦੇ
ਸੁਆਗਤ ਵਿਚ ਗਾਵੇ ।

7. ਪ੍ਰੀਤ ਕਿਸੇ ਦੀ ਅੱਖੀਆਂ ਥਾਣੀ

ਪ੍ਰੀਤ ਕਿਸੇ ਦੀ ਅੱਖੀਆਂ ਥਾਣੀ
ਛਮ ਛਮ ਵਗਦੀ ਜਾਂਦੀ ।
ਟੁਟ ਗਈ ਖ਼ਾਬ ਚਿਰੋਕੀ, ਮੈਂ ਜੋ
ਬਰਸਾਂ ਰਹੀ ਬਣਾਂਦੀ ।
ਲਾਏਗੀ ਹੁਣ ਆਸ ਛਲਾਵੀ
ਹੋਰ ਕਦੋਂ ਤਕ ਲਾਰੇ;
ਵਿਛੜੇ ਜੀਵਨ ਨਾਲੋਂ ਸ਼ਾਲਾ
ਅਨਵਿਛੜੀ ਮਰ ਜਾਂਦੀ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਿਆਰਾ ਸਿੰਘ ਸਹਿਰਾਈ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ