Punjabi Poetry : Piara Singh Kuddowal

ਪੰਜਾਬੀ ਕਵਿਤਾਵਾਂ : ਪਿਆਰਾ ਸਿੰਘ ਕੁੱਦੋਵਾਲ

1. ਜਿਸਮ ਮੇਰਾ

ਇਹ ਜਿਸਮ ਮੇਰਾ ਤਾਂ ਡਿਗ ਸਕਦੈ ਤੇਰੀ ਤਲਵਾਰ ਨਾਲ।
ਪਰ, ਤੂੰ ਲੜ ਨਹੀਂ ਸਕੇਂਗਾ ਕਦੇ ਮੇਰੇ ਵਿਚਾਰ ਨਾਲ।

ਇਹ ਅਣਖ ਮੇਰੀ ਤਾਂ ਸਦੀਆਂ ਤੋਂ ਹੀ ਜਿੰਦਾ ਹੈ,
ਇਹ ਖ਼ਤਮ ਨਾ ਹੋਣੀ ਕਿਸੇ ਮਾਰੂ ਹਥਿਆਰ ਨਾਲ।

ਇਕ ਇਕ ਸ਼ਬਦ ਵਿਚ ਇਤਨੀ ਗਹਿਰਾਈ ਹੈ ਇੱਥੇ,
ਪੁਸਤਕਾਂ ਲਿਖੀ ਜਾਊ ਨਵੇਂ ਅਰਥਾਂ ਦੇ ਇਜ਼ਹਾਰ ਨਾਲ।

ਜੋ ਗੁੜ੍ਹਤੀ ‘ਚ ਲੈਂਦੇ ਨੇ ਆਬੇ-ਹਯਾਤ ਰਹਿਮਤ ਦਾ,
ਉਹ ਮੁੜ ਮੁੜ ਕੇ ਜੰਮਦੇ ਤੇ ਲੜਦੇ ਨੇ ਅਤਿਆਚਾਰ ਨਾਲ।

ਜੰਮੇ ਪੰਜਾਬ ਦੇ ਅਸੀਂ ਹਾਂ ਕੁੰਡਲੀਦਾਰ ਗੁਰੂਆਂ ਦੇ,
ਨਾ ਮੰਨਦੇ ਈਨ ਜ਼ਾਲਮ ਦੀ ਵੱਸ ਆਵਾਂਗੇ ਪਿਆਰ ਨਾਲ।

ਸਾਡੇ ਲਹੂ ਨੂੰ ਐਵੇਂ ਨਾ ਬਹੁਤਾ ਅਜ਼ਮਾ ਕੇ ਵੇਖ,
ਨਾ ਰੁਕਾਂਗੇ ਨਾ ਝੁਕਾਂਗੇ, ਜਿੱਤਾਂਗੇ ਜਾਂ ਮਰਾਂਗੇ ਸਤਿਕਾਰ ਨਾਲ।

ਇਹਨਾਂ ਹਰਫਾਂ ਤੇ ਕਦੇ ਵੀ ਧੂੜ ਪੈਣ ਨਾ ਦੇਣੀ,
ਪੜ੍ਹਾਂਗੇ, ਜਾਣਾਂਗੇ, ਜੀਵਾਂਗੇ ਆਪਣੇ ਸਭਿਆਚਾਰ ਨਾਲ।

2. ਮਾਰੇ ਆਪ ਮਿੱਤਰਾਂ ਨੇ

ਜਲਾਏ ਆਲ੍ਹਣੇ ਜਦੋਂ ਸਣੇ ਪੰਛੀ, ਸਰੇ ਆਮ ਮਿੱਤਰਾਂ ਨੇ।
ਉਹ ਸਮਝੇ ਆਏ ਬਚਾਵਣ ਲਈ, ਜੋ ਮਾਰੇ ਆਪ ਮਿੱਤਰਾਂ ਨੇ।

ਸਿਆਸਤ ਤੇ ਕਮਿਸ਼ਨਾਂ ਦੀ ਰਹੀ ਸਾਂਝੇਦਾਰੀ ਸਦਾ ਹੀ,
ਇੰਨਕੁਆਰੀ ਸਾਲਾਂ ਬੱਧੀ ਦੇ ਝੱਲੇ ਸੰਤਾਪ ਮਿੱਤਰਾਂ ਨੇ।

ਤਰਕਸ਼ ਤੀਰ ਰਹੇ ਟੰਗੇ ਬੱਕੀ ਜੰਡ ਨਾਲ ਬੱਝੀ ਰਹੀ,
ਮਨਸੂਬੇ ਵੇਲੇ ਤੇ ਜਦ ਬਦਲ ਲਏ ਨਾਪਾਕ ਮਿੱਤਰਾਂ ਨੇ।

ਕਿਸੇ ਡਾਕਟਰ ਨੇ ਕੀ ਕਰਨਾ ਹੈ ਇਲਾਜ ਇਸਦਾ ਹੁਣ,
ਵੱਸੇ ਹਰ ਸੈਲ ਵਿੱਚ ਮੇਰੇ ਜੋ ਚਾਹੜੇ ਤਾਪ ਮਿੱਤਰਾਂ ਨੇ।

ਪੱਥਰਾਂ ਦੇ ਸ਼ਹਿਰੀਂ ਵੱਸਦਾ ਪੱਥਰ ਜਿਹਾ ਹੋ ਬੈਠਾ ਹੈ,
ਨਾ ਗਿਆ ‘ਕੁੱਦੋਵਾਲ’ ਮੁੜਕੇ, ਕੀਤੇ ਵਿਰਲਾਪ ਮਿੱਤਰਾਂ ਨੇ।

3. ਲਾਰੇ

ਤੇਰੇ ਲਾਰਿਆਂ ਨੇ ਜਨਤਾ ਨੂੰ ਤੋੜਿਆ,
ਹਰ ਇਲੈਕਸ਼ਨ ਬਾਅਦ ਪੰਜ ਸਾਲ।
ਹਾਲ ਪੁੱਛਣ ਲਈ ਮੁੜ ਨਾ ਬਹੁੜਿਆ-
ਹਰ ਇਲੈਕਸ਼ਨ, ਬਾਅਦ ਪੰਜ ਸਾਲ।

ਸਾਡੀ ਰੂਹ ਵੀ ਪਿਆਸੀ ਲੋਕ ਮਰਦੇ,
ਤੁਸੀਂ ਆਪਣੇ ਖ਼ਜ਼ਾਨੇ ਰਹੇ ਭਰਦੇ।
ਹੋਇਆ ਮਜ਼ਦੂਰ ਖ਼ੇਤ, ਦਾ ਕੰਗਾਲ-
ਹਰ ਇਲੈਕਸ਼ਨ, ਬਾਅਦ ਪੰਜ ਸਾਲ।

ਤੇਰੇ ਜਸ਼ਨਾ ਦੇ ਖ਼ਰਚੇ ਕਈ ਲੱਖ ਦੇ,
ਇਧਰ ਕਰਜ਼ੇ ਨੇ ਕੀਤੇ ਲੋਕੀ ਕੱਖ ਦੇ।
ਖੁਦਕਸ਼ੀ ਰਹਿ ਗਈ ਇਕੋ ਇਕ ਢਾਲ-
ਹਰ ਇਲੈਕਸ਼ਨ, ਬਾਅਦ ਪੰਜ ਸਾਲ।

ਦਿਨੇ ਅਫ਼ਸਰ ਲੁੱਟੇ ਰਾਤੀਂ ਕਾਲੇ ਕੱਛੇ ਆਉਣ,
ਧੀ ਆਟੇ ਦੀ ਚਿੜੀ ਕਿਸ ਕੋਠੀ ‘ਚ ਲਕਾਉਣ।
ਕਿਵੇਂ ਰੱਖਾਂ? ਮੈਲੀਆਂ ਅੱਖਾਂ ਤੋਂ ਸੰਭਾਲ-
ਹਰ ਇਲੈਕਸ਼ਨ, ਬਾਅਦ ਪੰਜ ਸਾਲ।

ਕਾਂਗਰਸੀ, ਭਾਜਪਾਈ, ਕਾਮਨਿਸਟ, ਅਕਾਲੀ,
ਰਾਜਨੀਤਕਾਂ ਦੀ ਹੋਲੀ ਭ੍ਰਿਸ਼ਟਾਚਾਰ ਦੀ ਦੀਵਾਲੀ।
ਪੰਜਾਬ, ਕਸ਼ਮੀਰ, ਦਿੱਲੀ ਭਾਵੇਂ ਬੰਗਾਲ-
ਹਰ ਇਲੈਕਸ਼ਨ, ਬਾਅਦ ਪੰਜ ਸਾਲ।

‘ਕੁੱਦੋਵਾਲ’ ਦੀ ਲੋਕੋ ਨਹੀਂ ਜੇ ਕੋਈ ਸੁਣਵਾਈ,
ਅੱਗ ਲਾਵਾਂ ਸੜ ਮਰਾਂ, ਲਵਾਂ ਖ਼ੂਹ 'ਤੇ ਫ਼ਾਹੀ।
ਨੇਤਾ ਦੇਸ਼ ਦੇ ਨ ਕਰਦੇ ਮੂਲੋਂ ਹੀ ਖ਼ਿਆਲ-
ਹਰ ਇਲੈਕਸ਼ਨ ਬਾਅਦ ਪੰਜ ਸਾਲ।

4. ਸੁਕਰਾਤ

ਜੇ ਮਿਲੇ ਸੁਕਰਾਤ ਚਰਨ ਛੂਹ ਲਵਾਂ
ਜ਼ਹਿਰ ਖ਼ਾਤਰ ਲੋਕਾਂ ਦੀ ਜੋ ਪੀ ਗਿਆ।

ਤੱਤੀ ਤਵੀ ਤੇ ਬਹਿ ਗੁਰੁ ਅਰਜਨ ਦੱਸਿਆ
ਸੱਚ ਹੈ ਸ਼ਾਂਤੀ ਪੁੰਜ ਜੇ ਕੋਈ ਜੀ ਗਿਆ।

ਵਾਰ ਕੇ ਚਾਰੇ ਪੁੱਤਰ ਦਸਮ ਗੁਰੁ ਆਖਿਆ
ਹੈ ਸਿੱਖੀ ਖੰਡੇਧਾਰ ਜੇ ਇਸ ਲੀਹ ਗਿਆ।

ਭਗਤ ਸਿੰਘ ਨੇ ਫਾਂਸੀ ਚੜ੍ਹ ਕੇ ਦੱਸਿਆ
ਇਸ ਰਾਹ ਤੇ ਜੋ ਗਿਆ ਸਮਿਓਂ ਪਾਰ ਹੀ ਗਿਆ।

ਉਧਮ ਸਿੰਘ ਦੇ ਉਦਮ ਡਾਇਰ ਮਾਰਿਆ
ਜਾਨ ਤਲੀ 'ਤੇ ਰੱਖ ਜੋ ਲੰਡਨ ਸੀ ਗਿਆ।

‘ਕੁੱਦੋਵਾਲ’ ਤੂੰ ਵੀ ਉਠ ਤੇ “ਹੱਲਾ ਬੋਲ”
ਨਸ਼ਿਆਂ ਨੇ ਪੰਜਾਬ ਤੇਰਾ ਹੈ ਪੀ ਲਿਆ।

5. ਬਰਸਾਤਾਂ ਲਾਈਆਂ

ਸੂਰਜ ਢਲਿਆ ਰਾਤਾਂ ਆਈਆਂ,
ਫਿਰ ਅੱਖੀਆਂ ਬਰਸਾਤਾਂ ਲਾਈਆਂ।

ਉਹ ਦੂਰ, ਦੂਰ-ਦੂਰ ਵੱਸੇ,
ਹਾਲ ਦਿਲ ਮੇਰੇ ਦਾ ਕੌਣ ਦੱਸੇ।
ਤਾਰਿਆਂ ਸੰਗ ਨਿੱਤ ਬਾਤਾਂ ਪਾਈਆਂ-
ਫ਼ਿਰ ਅੱਖੀਆਂ ਬਰਸਾਤਾਂ ਲਾਈਆਂ।

ਡੰਗ ਬਿਰਹਾ ਦੇ ਬੜੇ ਨੁਕੀਲੇ ਵੇ,
ਕੋਈ ਭੇਜ ਮਾਂਦਰੀ ਕੀਲੇ ਵੇ।
ਫਿਰਨ ਸ਼ਿਕਾਰੀ ਘਾਤਾਂ ਲਾਈਆਂ-
ਫ਼ਿਰ ਅੱਖੀਆਂ ਬਰਸਾਤਾਂ ਲਾਈਆਂ।

ਤੇਰੇ ਵਾਅਦਿਆਂ ਦਾ ਇਹ ਹਾਲ ਮਾਹੀ,
ਕਿੰਨੇ ਲੰਘ ਗਏ ਸਾਉਣ ਸਿਆਲ ਮਾਹੀ।
ਬਿਰਹਾ ਦੀਆਂ ਸੌਗਾਤਾਂ ਪਾਈਆਂ-
ਫ਼ਿਰ ਅੱਖੀਆਂ ਬਰਸਾਤਾਂ ਲਾਈਆਂ।

ਤੇਰੇ ਨਾਲ ਸੀ ਜੋ ਹੁਲਾਸ ਬੜਾ,
ਉਹ ‘ਕੁੱਦੋਵਾਲ’ ਉਦਾਸ ਬੜਾ।
ਹਰ ਥਾਂ ਤੇਰੀਆਂ ਘਾਟਾਂ ਪਾਈਆਂ-
ਫ਼ਿਰ ਅੱਖੀਆਂ ਬਰਸਾਤਾਂ ਲਾਈਆਂ।

ਸੂਰਜ ਢਲਿਆ ਰਾਤਾਂ ਆਈਆਂ,
ਫ਼ਿਰ ਅੱਖੀਆਂ ਬਰਸਾਤਾਂ ਲਾਈਆਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਿਆਰਾ ਸਿੰਘ ਕੁੱਦੋਵਾਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ