Punjabi Poetry : Masud Ahmad Chaudhry
ਪੰਜਾਬੀ ਕਲਾਮ/ਕਵਿਤਾ : ਮਸਊਦ ਅਹਿਮਦ ਚੌਧਰੀ
1. ਗੀਤ-ਬਾਬਾ ਨਾਨਕ ਜੀ ਦੇ ਹਜੂਰ
ਇਸ ਜੱਗ ਨੂੰ ਪਿਆਰ ਸਿਖਾਇਆ ਬਾਬੇ ਨਾਨਕ ਨੇ।
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਕਿਸੇ ਮਨਾਈਆਂ ਲਾਤ ਮਨਾਤਾਂ
ਕਿਸੇ ਪਾਈਆਂ ਤਸਲੀਸੀ ਬਾਤਾਂ
ਕਿਸੇ ਪੂਜੀਆਂ ਸ਼ਿਵ ਦੀਆਂ ਜਾਟਾਂ
ਕਿਸੇ ਦੀਆਂ ਗੈਰਾਂ ਵੱਲ ਝਾਤਾਂ
ਵਾਹਦਤ ਦਾ ਸਬਕ ਪੜ੍ਹਾਇਆ ਬਾਬੇ ਨਾਨਕ ਨੇ।
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਕੋਈ ਬਨਾਰਸ ਦੇ ਵਲ ਧਾਇਆ
ਤੀਰਥ ਯਾਤਰਾ ਕਰ ਕੇ ਆਇਆ
ਹੈਕਲ ਵਿਚ ਕਿਸੇ ਗੀਤ ਸੁਣਾਇਆ
ਖਾਨਗਾਹਾਂ 'ਤੇ ਸੀਸ ਝੁਕਾਇਆ।
ਕਾਅਬੇ ਦਾ ਦਰਸ਼ਣ ਪਾਇਆ ਬਾਬੇ ਨਾਨਕ ਨੇ
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਕਿਧਰੇ ਛੈਣੇ ਕੋਈ ਵਜਾਏ
ਟੱਲੀਆਂ ਗਿਰਜੇ ਕੋਈ ਖੜਕਾਏ
ਕੋਈ ਕਵਾਲੀ ਉਰਸ 'ਤੇ ਗਾਏ
ਕਿਸੇ ਨੇ ਵੱਧ ਵੱਧ ਸੰਖ ਬਜਾਏ
ਹੱਕ ਸੱਚ ਦਾ ਟੱਲ ਖੜਕਾਇਆ ਬਾਬੇ ਨਾਨਕ ਨੇ
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਮੁੱਲਾਂ ਝੂਠੇ ਫਤਵੇ ਲਾਂਦੇ
ਪੰਡਤ ਵੀ ਪਏ ਸ਼ਿਰਕ ਵਧਾਂਦੇ
ਪੋਪ- ਪਾਦਰੀ ਜ਼ੁਲਮ ਕਮਾਂਦੇ
ਰਾਹਬ ਵੀ ਪਏ ਅੱਤਾਂ ਚਾਂਦੇ
ਕਰ ਚਾਨਣ ਨ੍ਹੇਰ ਮੁਕਾਇਆ ਬਾਬੇ ਨਾਨਕ ਨੇ।
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਕੋਈ ਪੂਜੇ ਅੱਗ ਦੀਆਂ ਲਾਟਾਂ
ਝੁਕਿਆ ਕੋਈ ਅੱਗੇ ਆਫ਼ਾਤਾਂ
ਕਿਸੇ ਨੇ ਵੇਖਿਆ ਵਲ ਦਾਤਾਂ
ਰੋ ਰੋ ਕਿਸੇ ਲੰਘਾਈਆਂ ਰਾਤਾਂ
ਤੌਹੀਦੀ ਰਾਹੇ ਪਾਇਆ ਬਾਬੇ ਨਾਨਕ ਨੇ।
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
ਆਈ ਨਾਨਕ ਦੀ ਜਦ ਵਾਰੀ
ਸਬਕ ਅਕਾਲ ਦਾ ਕੀਤਾ ਜਾਰੀ
ਵਿਚ ਹਲੀਮੀ ਉਮਰ ਗੁਜ਼ਾਰੀ
ਰਾਹ ਹੱਕ ਵਿਚ ਨਾ ਹਿੰਮਤ ਹਾਰੀ
ਮੱਥਾ ਨਾਲ ਪਹਾੜਾਂ ਲਾਇਆ ਬਾਬੇ ਨਾਨਕ ਨੇ।
ਨਫਰਤ ਨੂੰ ਮਾਰ ਮੁਕਾਇਆ ਬਾਬੇ ਨਾਨਕ ਨੇ।
(ਤਸਲੀਸੀ=ਈਸਾਈਅਤ, ਰਾਹਬ=ਮਜਹਬੀ ਆਗੂ,
ਹੈਕਲ=ਇਬਾਦਤਖਾਨਾ)
2. ਗੀਤ-ਢੋਲਣਾ ਵੇ ਢੋਲਣਾ
ਢੋਲਣਾ ਵੇ ਢੋਲਣਾ
ਲੱਗ ਕੇ ਸ਼ਰੀਕਾਂ ਦੇ ਪਿੱਛੇ
ਗਲੀਆਂ ਵਿਚ ਰੋਲ ਨਾ।
ਪੱਤਣਾਂ ਨੂੰ ਛੱਡ ਕੇ ਤੂੰ
ਵਤਨਾਂ ਨੂੰ ਛੱਡ ਕੇ ਤੂੰ
ਕਾਹਨੂੰ ਪ੍ਰਦੇਸ ਗਿਉਂ
ਸੱਚ ਸੱਚ ਬੋਲਣਾ
ਢੋਲਣਾ ਵੇ ਢੋਲਣਾ
ਅਖੀਆਂ ਪਿਆਸੀਆਂ ਹੋਈਆਂ
ਸਾਡੀਆਂ ਉਦਾਸੀਆਂ ਹੋਈਆਂ
ਹਾਸਿਆਂ ਦੀ ਤੱਕੜੀ ਵਿਚ
ਕੱਖਾਂ ਵਾਂਗ ਤੋਲਣਾ
ਢੋਲਣਾ ਵੇ ਢੋਲਣਾ
ਤੇਰੀਆਂ ਨਿਸ਼ਾਨੀਆਂ ਤੋਂ
ਉੱਡਪੁੱਡ ਜਾਣੀਆਂ ਤੋਂ
ਜਗ ਤੋਂ ਲੁੱਕਾ ਰੱਖਾਂ
ਤੂੰਹੋਂ ਸਾਡੇ ਕੋਲ ਨਾ
ਢੋਲਣਾ ਵੇ ਢੋਲਣਾ
3. ਗੀਤ-ਜਿਨ੍ਹਾਂ ਤੱਕਿਆ ਤੇਰੀਆਂ ਅੱਖਾਂ ਨੂੰ
ਜਿਨ੍ਹਾਂ ਤੱਕਿਆ ਤੇਰੀਆਂ ਅੱਖਾਂ ਨੂੰ
ਉਨ੍ਹਾਂ ਪੀਣ ਦੀ ਲੋੜ ਨਾ ਰਹਿੰਦੀ।
ਜਿਹੜੇ ਇਸ਼ਕ ਸਮੁੰਦਰ ਕੁਦ ਜਾਂਦੇ
ਉਨ੍ਹਾਂ ਜਿਉਣ ਦੀ ਲੋੜ ਨਾਂ ਰਹਿੰਦੀ।
ਜਿਹੜੇ ਆਸ਼ਕ ਐਨ ਯਕੀਨ ਦੇ ਨੇ
ਓਹ ਇਲਮ ਯਕੀਨ ਨੂੰ ਕੀ ਜਾਣਨ
ਜਿਨ੍ਹਾਂ ਇਸ਼ਕ ਦੇ ਐਨ ਨੂੰ ਜਾਣ ਲਿਆ
ਉਨ੍ਹਾਂ ਸ਼ੀਨ ਦੀ ਲੋੜ ਨਾ ਰਹਿੰਦੀ।
ਜਿਹੜੇ ਝੱਲੇ ਤੇਰੇ ਪਿਆਰ ਦੇ ਨੇ
ਜਿੰਦ ਜਾਨ ਤੇਰੇ ਤੋਂ ਵਾਰਦੇ ਨੇ
ਜਿਨ੍ਹਾਂ ਆਪਣੇ ਗਲਮੇ ਪਾੜ ਲਏ
ਉਨ੍ਹਾਂ ਸੀਨ ਦੀ ਲੋੜ ਨਾ ਰਹਿੰਦੀ।
ਤੇਰੇ ਹੁਸਨ ਦੀ ਲਾਟ ਤੇ ਆਏ ਜੋ
ਓਹ ਪਰਤੇ ਫੇਰ ਨਾ ਪੱਤਣਾਂ ਨੂੰ।
ਤੇਰੇ ਰੂਪ ਦੇ ਕੀਲੇ ਨਾਗਾਂ ਤੋਂ
ਕਿਸੇ ਬੀਨ ਦੀ ਲੋੜ ਨਾ ਰਹਿੰਦੀ।
ਜਿਨ੍ਹਾਂ ਤੱਕਿਆ ਤੇਰੀਆਂ ਅੱਖਾਂ ਨੂੰ
ਉਨ੍ਹਾਂ ਪੀਣ ਦੀ ਲੋੜ ਨਾ ਰਹਿੰਦੀ।
4. ਗ਼ਜ਼ਲ-ਹਵਾ ਦੇ ਹੋਠ ਤੇ ਚੇਤਰ ਤੇ ਤਜਕਰੇ ਹੋਵਣ
ਹਵਾ ਦੇ ਹੋਠ ਤੇ ਚੇਤਰ ਤੇ ਤਜਕਰੇ ਹੋਵਣ।
ਪਲਕ ਦੀ ਸ਼ਾਖ ਤੇ ਜ਼ਖ਼ਮਾਂ ਦੇ ਫੁੱਲ ਖਿੜੇ ਹੋਵਣ।
ਕਿਵੇਂ ਨਾ ਉਨ੍ਹਾਂ ਦੀ ਸਰਦਲ 'ਤੇ ਚਾਨਣੇ ਹੋਵਣ,
ਚਿਰਾਗ ਬਣ ਕੇ ਹਨ੍ਹੇਰੇ 'ਚ ਜੋ ਜਗੇ ਹੋਵਣ।
ਜੇ ਆਰਜ਼ੂ ਨਾ ਮਿਲਣ ਦੀ ਦਿਲਾਂ ਦੇ ਵਿਚ ਪੁੰਗਰੇ,
ਕਦਮ ਕਦਮ 'ਤੇ ਕੁਦਰਤ ਦੇ ਫਾਸਲੇ ਹੋਵਣ।
ਗੁਜ਼ਰ ਗਿਆ ਖੁੱਲ੍ਹੀ ਬਾਰੀ ਦੇ ਕੋਲ ਹੀ ਸੂਰਜ,
ਖੁਦਾ ਕਰੇ ਕਿ ਨਾ ਤਿਤਲੀ ਦੇ ਪਰ ਕਾਲੇ ਹੋਵਣ।
ਕੋਈ ਤੇ ਮੈਨੂੰ ਦੁਆਵਾਂ 'ਚ ਯਾਦ ਰੱਖਦਾ ਐ,
ਪਹਾੜ ਗਮ ਦੇ ਮਿਰੇ ਸਿਰ ਤੋਂ ਜੋ ਟਲੇ ਹੋਵਣ।
ਪਰਾਂ ਨੂੰ ਲੈ ਕੇ ਉਹ ਅੰਬਰਾਂ ਨੂੰ ਉਡਦੀਆਂ ਜੱਗ ਤੇ,
ਜਦੋਂ ਸਰੀਰ 'ਚ ਚਿੜੀਆਂ ਦੇ ਹੌਸਲੇ ਹੋਵਣ।
ਇਹ ਕੌਣ ਨੇਜ਼ੇ ਤੇ ਫੁੱਲ ਬਣ ਕੇ ਖਿੜਿਆ ਏ 'ਮਸਊਦ'
ਕਿ ਜਿਸ ਦੇ ਜ਼ਿਕਰ ਥੀਂ ਰਸਤੇ ਮਹਿਕ ਉਠੇ ਹੋਵਣ।
5. ਗ਼ਜ਼ਲ-ਆਪਣੇ ਸਿਰਾਂ ਨੂੰ ਦੇ ਕੇ ਕਰਜ਼ੇ ਉਤਾਰਦੇ
ਆਪਣੇ ਸਿਰਾਂ ਨੂੰ ਦੇ ਕੇ ਕਰਜ਼ੇ ਉਤਾਰਦੇ।
ਆਉਂਦੀ ਭਲਕ ਨੂੰ ਦੇਣਗੇ ਤੁਹਫ਼ੇ ਬਹਾਰ ਦੇ।
ਧਰਤੀ ਪੁਕਾਰਦੀ ਕਦੀ ਅੰਬਰ ਪੁਕਾਰਦੇ,
ਆਪਣੇ ਲਹੂ ਦੇ ਨਾਲ ਜੋ ਗੁਲਸ਼ਨ ਨਿਖਾਰਦੇ।
ਸੱਚ ਦੀ ਅਜ਼ਾਨ ਬਣ ਗਏ ਪੱਥਰਾਂ 'ਤੇ ਜੋ ਨਗਰ,
ਧਰਤੀ ਨੂੰ ਉਹ ਕਦੇ ਵੀ ਨਾ ਮਨ 'ਚੋਂ ਵਿਸਾਰਦੇ।
ਜਿਸ ਨੇ ਖਿੜਾਇਆ ਮੋਤੀਆ ਕਰਬਲ ਦੀ ਖ਼ਾਕ 'ਤੇ,
ਮੈਨੂੰ ਵੀ ਉਸ ਦੇ ਇਸ਼ਕ ਦਾ ਕਿਣਕਾ ਹੁਦਾਰ ਦੇ।
ਜਾਵਣ ਘਰਾਂ ਨੂੰ ਪਰਤ ਕੇ ਇਹ ਵੀ ਖੁਸ਼ੀ ਖੁਸ਼ੀ,
ਭੋਰਾ ਕੁ ਪੰਛੀਆਂ ਨੂੰ ਵੀ ਚੋਗਾ ਖਿਲਾਰ ਦੇ।
ਉਨ੍ਹਾਂ ਨੂੰ ਵੇਲਾ ਦੇਂਦਾ ਏ ਓੜਕ ਸਲਾਮੀਆਂ,
ਪੱਕੇ ਨੇ ਜਿਹੜੇ ਕੌਲ ਦੇ, ਸੁੱਚੇ ਵਿਹਾਰ ਦੇ।
ਮਹਿਰਮ ਦਿਲ ਦਾ ਕੋਈ ਤੇ 'ਮਸਊਦ' ਮਿਲ ਪਵੇ,
ਦਿਲ ਦੀ ਰੜੀ ਜ਼ਮੀਨ ਨੂੰ ਜਿਹੜਾ ਨਿਖਾਰ ਦੇ।