Punjabi Poetry : Kartar Singh Ballagan

ਪੰਜਾਬੀ ਕਵਿਤਾਵਾਂ : ਕਰਤਾਰ ਸਿੰਘ ਬਲੱਗਣ



1. ਜੁਝਾਰ ਸਿੰਘ ਦੀ ਸ਼ਹੀਦੀ

ਦਸਮ ਪਿਤਾ ਨੇ ਬੈਠਿਆਂ ਗੜ੍ਹੀ ਅੰਦਰ, ਡਿਗਦੀ ਪੁੱਤ ਦੀ ਜਦੋਂ ਤਲਵਾਰ ਡਿੱਠੀ । ਚੜ੍ਹੀਆਂ ਮੂੰਹ ਤੇ ਲਾਲੀਆਂ ਮਣਾਂ ਮੂੰਹੀਂ, ਜਦੋਂ ਵਗਦੀ ਲਹੂ ਦੀ ਧਾਰ ਡਿੱਠੀ । ਖਿੜ ਗਈ ਚਿਤ ਦੀ ਕਲੀ ਅਨਾਰ ਵਾਂਗੂੰ, ਜਦੋਂ ਉਜੜੀ ਕੁੱਲ ਗੁਲਜ਼ਾਰ ਡਿੱਠੀ । ਡਿੱਠੀ ਜਿੱਤ ਅਜੀਤ ਦੇ ਮੂੰਹ ਉੱਤੇ, ਉਹਦੇ ਲਹੂ ਵਿਚ ਡੁੱਬਦੀ ਹਾਰ ਡਿੱਠੀ । ਬਸਤੀ ਖੁਸ਼ੀ ਦੀ ਵੇਖ ਕੇ ਥੇਹ ਹੁੰਦੀ, ਦਸਵੇਂ ਪਾਤਸ਼ਾਹ ਮੁਸਕਰਾਣ ਲੱਗੇ । ਅਤੇ ਸੱਦ ਕੇ ਕੋਲ ਜੁਝਾਰ ਜੀ ਨੂੰ, ਬੜੇ ਚਾਅ ਦੇ ਨਾਲ ਫੁਰਮਾਣ ਲੱਗੇ । ਮੇਰੇ ਲਾਲਾਂ ਤੋਂ ਮਹਿੰਗਿਆ ਮੋਤੀਆ ਓਏ, ਆਬ ਤੇਰੇ ਤੇ ਨਵੀਂ ਚੜ੍ਹਾਣ ਲੱਗਾਂ । ਮੇਰੇ ਦੁੱਧਾਂ ਦੇ ਪਾਲਿਆ ਮੱਖਣਾ ਓਏ, ਤੈਨੂੰ ਪੱਥਰਾਂ ਨਾਲ ਟਕਰਾਣ ਲੱਗਾਂ । ਚੰਦਰਮਾ ਤੋਂ ਚਿੱਟਿਆ ਚਾਨਣਾ ਓਏ, ਤੈਨੂੰ ਤੇਗਾਂ ਦੇ ਸਾਏ ਚਮਕਾਣ ਲੱਗਾਂ । ਮੇਰੇ ਸਿਹਰਿਆਂ ਵਾਲਿਆ ਬਿਨਾਂ ਸਾਹਿਓਂ, ਤੈਨੂੰ ਮੌਤ ਦੇ ਨਾਲ ਪਰਨਾਣ ਲੱਗਾਂ । ਚਰਬੀ ਪੁੱਤਾਂ ਦੀ ਪਾ ਪਾ ਕੇ ਆਪ ਹੱਥੀਂ, ਦਾਗ ਪੰਥ ਦੇ ਸਦਾ ਲਈ ਧੋਣ ਲੱਗਾਂ । ਰੱਤ ਪਾ ਕੇ ਆਪਣੇ ਕਾਲਜੇ ਦੀ, ਅੱਜ ਮੈਂ ਸੁਰਖ਼ਰੂ ਕਿਸੇ ਤੋਂ ਹੋਣ ਲੱਗਾਂ । ਉੱਠ ਤੀਰ ਕਮਾਨ ਦੀ ਪਰਖ ਕਰ ਲੈ, ਨਾਲੇ ਜਾਂਚ ਲੈ ਧਾਰ ਕਿਰਪਾਨ ਦੀ ਤੂੰ । ਜਾਨ ਜਾਣ ਲੱਗੀ ਤਾਂ ਫਿਰ ਜਾਣ ਦੇਵੀਂ, ਰਾਖੀ ਕਰੀਂ ਪਰ ਯੋਧਿਆ ਆਨ ਦੀ ਤੂੰ । ਉਹਦੀਆਂ ਸੱਧਰਾਂ ਆਸਾਂ ਨੀ ਕੋਲ ਤੇਰੇ, ਪੁੱਤਰ ਲਾਜ ਰੱਖੀਂ ਹਿੰਦੁਸਤਾਨ ਦੀ ਤੂੰ । ਜਿਹੜੀ ਪਾਈ ਸੀ ਤੇਰੇ ਵਡੇਰਿਆਂ ਨੇ, ਰਸਮ ਕਾਇਮ ਰੱਖੀਂ ਬਲੀਦਾਨ ਦੀ ਤੂੰ । ਝੱਖੜ ਦੁੱਖਾਂ ਦੇ ਵਗਣ ਹਜ਼ਾਰ ਭਾਵੇਂ, ਐਪਰ ਝੰਵੇਂ ਨਾ ਚਿਹਰੇ ਦਾ ਫੁੱਲ ਤੇਰਾ । ਲੰਘੀਂ ਹੱਸ ਕੇ ਤੇਗ ਦੀ ਧਾਰ ਉਤੋਂ, ਪੈਣਾ ਏਸੇ ਕਸਵੱਟੀ ਤੇ ਮੁੱਲ ਤੇਰਾ । ਸ਼ੇਰ, ਜੁੱਸੇ ਨੂੰ ਫੜਕ ਕੇ ਕਹਿਣ ਲੱਗਾ, ਨਵੇਂ ਪਿਤਾ ਜੀ ਪੂਰਨੇ ਪਾ ਦਿਆਂਗਾ । ਭਾਰਤ ਮਾਂ ਦੀਆਂ ਆਸਾਂ ਤੇ ਸੱਧਰਾਂ ਤੇ, ਚੁਣ ਚੁਣ ਅਮਲ ਦੇ ਪੁਲ ਚੜ੍ਹਾ ਦਿਆਂਗਾ । ਚਾੜ੍ਹ ਚਾੜ੍ਹ ਤਲਵਾਰ ਦੀ ਤੱਕੜੀ ਤੇ, ਮੰਡੀ ਸਿਰਾਂ ਤੇ ਧੜਾਂ ਦੀ ਲਾ ਦਿਆਂਗਾ । ਤੇਰੇ ਅੰਮ੍ਰਿਤ ਦੇ ਸਾਗਰ ਚੋਂ ਘੁੱਟ ਪੀਤੈ, ਐਪਰ ਖ਼ੂਨ ਦੇ ਵਹਿਣ ਵਗਾ ਦਿਆਂਗਾ । ਕੋਈ ਭਰਮ ਨਾ ਕਰੋ ਅਜੀਤ ਜੀ ਨੂੰ, ਕੱਲ੍ਹਾ ਇਕ ਵੀ ਘੜੀ ਨਹੀਂ ਰਹਿਣ ਦਿੰਦਾ । ਛੇਤੀ ਵੀਰ ਨੂੰ ਮਿਲਾਂਗਾ ਪਾ ਜੱਫੀ, ਭੰਗ ਜੋੜੀਆਂ ਵਿਚ ਨਹੀਂ ਪੈਣ ਦਿੰਦਾ । ਹੋ ਕੇ ਵਿਦਾ ਮੁੜ ਪਰਤ ਕੇ ਕਹਿਣ ਲੱਗਾ, ਦਾਤਾ ਕਰਾਂ ਜੇ ਸੁਣੋਂ ਅਰਦਾਸ ਮੇਰੀ । ਤੇਰੀ ਮਿਹਰ ਤੇ ਬਖਸ਼ਿਸ਼ ਦੇ ਨਾਲ ਬੱਧੀ, ਇਕ ਇਕ ਸੱਧਰ ਇਕ ਇਕ ਆਸ ਮੇਰੀ । ਉਹੋ ਵਿਚ ਦਰਗਾਹ ਦੇ ਗਿਣੀ ਜਾਣੀ, ਜਿਹੜੀ ਘੜੀ ਗੁਜ਼ਰੀ ਤੇਰੇ ਪਾਸ ਮੇਰੀ । ਭਾਵੇਂ ਹਰ ਵੇਲੇ ਅੰਗ ਸੰਗ ਏਂ ਤੂੰ, ਪਰ ਨਾ ਦਰਸ ਦੀ ਲਹਿੰਦੀ ਪਿਆਸ ਮੇਰੀ । ਏਸ ਲਈ ਜਾਂਦਾ ਜਾਂਦਾ ਪਰਤਿਆ ਨਹੀਂ, ਘੜੀਆਂ ਦੋ ਚਾਰ ਹੋਰ ਜੀ ਲਵਾਂ ਮੈਂ । ਤੇਰੇ ਭਰੇ ਸਮੁੰਦਰ ‘ਚ ਜੀ ਕਰਦੈ, ਪਾਣੀ ਘੁੱਟ ਕੁ ਜਾਂਦਿਆਂ ਪੀ ਲਵਾਂ ਮੈਂ । ਜਲਾਂ ਥਲਾਂ ਦੇ ਮਾਲਕ ਨੇ ਕਿਹਾ ਅੱਗੋਂ, ਬੀੜਾ ਚੁੱਕ ਕੇ ਜਾਂ ਤਾਂ ਜਾਣਾ ਨਹੀਂ ਸੀ । ਗਾਨਾ ਬੰਨ੍ਹ ਕੇ ਮੌਤ ਦਾ ਆਪ ਹੱਥੀਂ, ਜੇ ਸੈਂ ਗਿਆ, ਤਾਂ ਪਰਤ ਕੇ ਆਣਾ ਨਹੀਂ ਸੀ । ਜਿਹੜੀਆਂ ਅੱਖਾਂ ਨੂੰ ਪਿੱਠ ਵਿਖਾਈ ਸਾਈ, ਉਨ੍ਹਾਂ ਅੱਖਾਂ ਨੂੰ ਮੂੰਹ ਵਿਖਾਣਾ ਨਹੀਂ ਸੀ । ਸੂਰਮਤਾਈ ਦੀ ਸੁਹਣਿਆਂ ਆਬ ਉਤੇ, ਪਾਣੀ ਮੰਗ ਕੇ ਦਾਗ ਤੂੰ ਲਾਣਾ ਨਹੀਂ ਸੀ । ਜਿਥੇ ਜੱਗ ਵਿਚ ਤੇਰੀ ਬਹਾਦਰੀ ਦਾ, ਪਰਲੋ ਤੀਕਰਾਂ ਕਿਲ੍ਹਾ ਆਬਾਦ ਰਹਿਸੀ। । ਓਥੇ ਸੁਹਣਿਆਂ ਪਰਤ ਕੇ ਜੰਗ ਵਿਚੋਂ, ਪਾਣੀ ਮੰਗਣ ਦੀ ਗੱਲ ਵੀ ਯਾਦ ਰਹਿਸੀ । ਚੰਨਾਂ ! ਪਾਣੀ ਕੀ ਮੇਰੇ ਤੋਂ ਮੰਗਣਾ ਏਂ, ਤੈਨੂੰ ਆਬੇ-ਹਿਯਾਤ ਪਿਆਇਆ ਏ ਮੈਂ । ਲੋਕਾਂ ਵਾਸਤੇ ਮੌਤ ਸਹੇੜ ਦਿੱਤੀ, ਜੀਵਨ ਜੋਗਿਆ ਤੈਨੂੰ ਜੀਵਾਇਆ ਏ ਮੈਂ । ਵੱਸ ਪਿਆ ਹਾਂ ਅੱਜ ਮੈਂ ਜੱਗ ਉੱਤੇ, ਲੋਕਾਂ ਭਾਣੇ ਇਹ ਝੁੱਗਾ ਲੁਟਾਇਆ ਏ ਮੈਂ । ਜਾ ਕੇ ਵੀਰ ਅਜੀਤ ਤੋਂ ਮੰਗ ਪਾਣੀ, ਤੈਨੂੰ ਉਸੇ ਦਾ ਰਾਹ ਵਿਖਾਇਆ ਏ ਮੈਂ । ਅੱਗੋਂ ਹੱਸ ਕੇ ਕਿਹਾ ਜੁਝਾਰ ਜੀ ਨੇ, ਪਾਣੀ ਬਾਝ ਨਹੀਂ ਪਿਤਾ ਘਬਰਾਂਵਦਾ ਸਾਂ । ਕਿਤੇ ਜਿਗਰਾ ਤੁਹਾਡਾ ਨਾ ਡੋਲ ਜਾਏ, ਮੈਂ ਤਾਂ ਪਿਤਾ ਜੀ ਤੁਹਾਨੂੰ ਅਜ਼ਮਾਂਵਦਾ ਸਾਂ । ਵੜਿਆ ਜੰਗ ਅੰਦਰ ਜਾ ਕੇ ਸ਼ੇਰ ਬਾਂਕਾ, ਨਾਅਰੇ ਜਾਂਦਿਆਂ ਹੀ ਮਾਰਨ ਲੱਗ ਪਿਆ । ਆਪਣੀ ਨਿੱਕੀ ਜਿਹੀ ਤੇਗ ਦੀ ਧਾਰ ਉੱਤੋਂ, ਸੀਸ ਵੈਰੀਆਂ ਦੇ ਵਾਰਨ ਲੱਗ ਪਿਆ । ਵਗਦੀ ਉਨ੍ਹਾਂ ਦੀ ਲਹੂ ਦੀ ਨਦੀ ਅੰਦਰ, ਡੁੱਬ ਜਾਣਿਆਂ ਨੂੰ ਤਾਰਨ ਲੱਗ ਪਿਆ । ਕਲਗੀ ਵਾਲੇ ਦਾ ਲਾਡਲਾ ਪੁੱਤ ਦਿਲ ਵਿਚ, ਗੱਲਾਂ ਮਰਨ ਦੀਆਂ ਧਾਰਨ ਲੱਗ ਪਿਆ । ਤਾਂ ਹੀ ਡਿੱਠਾ ਦਸ਼ਮੇਸ਼ ਦੀਆਂ ਅੱਖੀਆਂ ਨੇ, ਤਾਰਾ ਅੱਖੀਆਂ ਦਾ ਵਿੰਹਦੇ ਹੀ ਟੁੱਟ ਗਿਆ । ਡਿੱਗ ਕੇ ਜੰਗ ਦੇ ਵਿਚ ਸ਼ਹੀਦ ਹੋਇਆ, ਹੱਥੋਂ ਤੀਰ ਕਮਾਨ ਵੀ ਛੁੱਟ ਗਿਆ । ਉੱਠੇ ਸ੍ਰੀ ਦਸ਼ਮੇਸ਼ ਜੀ ਹੱਸ ਕੇ ਤੇ, ਸਾਡੇ ਜ਼ੇਰੇ ਦੇ ਵਾਂਗ ਉਹ ਜਰੇ ਨਾਹੀਂ । ਓਸ ਮੋਤੀਆਂ ਵਾਲੇ ਦੀ ਲਾਸ਼ ਉੱਤੇ, ਚਾਰ ਅੱਥਰੂ ਵੀ ਓਸ ਦੇ ਕਿਰੇ ਨਾਹੀਂ । ਲੱਗੇ ਕਹਿਣ ਇਹ ਅੱਜ ਤੋਂ ਅਮਰ ਹੋ ਗਏ, ਲੋਕੋ ਭੋਲਿਓ ਇਹ ਕੋਈ ਮਰੇ ਨਾਹੀਂ । ਦੋ ਦੇ ਕੇ ਲੱਖਾਂ ਬਚਾ ਲਏ ਨੇ, ਸੌਦੇ ਇਨ੍ਹਾਂ ਕੋਲੋਂ ਹੋਰ ਖ਼ਰੇ ਨਾਹੀਂ । ਮੇਰਾ ਤੁਸਾਂ ਦਾ ਅੱਜ ਸਰਬੰਧ ਟੁੱਟਾ, ਲਓ ਹੁਣ ਬੱਚਿਓ ਮੈਂ ਵੀ ਚੱਲਦਾ ਹਾਂ । ਤੁਸੀਂ ਪੁੱਤਰੋ ਚੱਲ ਕੇ ਥਾਂ ਮੱਲੋ, ਹੁਣ ਮੈਂ ਦੂਜਿਆਂ ਦੋਹਾਂ ਨੂੰ ਘੱਲਦਾ ਹਾਂ । (ਸਾਹਿਬਜ਼ਾਦੇ ਦੇ ਪਾਣੀ ਮੰਗਣ ਵਾਲੀ ਸਾਖੀ ਨਾਲ ਬਹੁਤੇ ਇਤਿਹਾਸਕਾਰ ਸਹਿਮਤ ਨਹੀਂ ਹਨ । ਕਵਿਤਾ ਵਿਚ ਇਤਿਸਹਾਕ ਤੱਥਾਂ ਨਾਲੋਂ ਸ਼ਰਧਾ ਭਾਰੂ ਰਹਿੰਦੀ ਹੈ ।)

2. ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ

ਸਿੱਖਾ ! ਡੁੱਲ੍ਹਿਆ ਕਿਉਂ ਏਂ ?ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ । ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾ ਵਾਲਾ, ਏਡਾ ਘਾਬਰੇਂ ਕਿਉਂ ਸਮਝਾ ਤਾਂ ਸਹੀ । ਅੜਿਆ ! ਦੱਸ ਖਾਂ ਮਾਂ ਜੀ ਨੇ ਕਿਥੇ, ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ । ਜ਼ੋਰਾਵਰ ਤੇ ਫ਼ਤਹਿ ਉਦਾਸ ਤਾਂ ਨਹੀਂ, ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ । ਹਾਏ! ਕਮਲਿਆ ਤੂੰ ਤਾਂ ਰੋ ਰਿਹਾ ਏਂ, ਓ ਕਦੇ ਸੂਰਮੇ ਹੌਸਲਾ ਹਾਰਦੇ ਨੇ । ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਹੀਂ ਮਾਰਦੇ ਨੇ ? ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ, ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ । ਰੋਏ ਜਿਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ । ਸਿੱਖ ਮਸਾਂ ਜਿਹੇ ਬੋਲਿਆ, ਪਾਤਸ਼ਾਹਾ ! ਬੰਨੀ ਜ਼ੁਲਮ ਦੀ ਜ਼ਾਲਮਾਂ ਪਾ ਦਿੱਤੀ । ਸਿੱਖੀ ਅਣਖ਼ ਦੇ ਸੁਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ । ਏਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ, ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ । ਜ਼ੋਰਾਵਰ ਤੇ ਫ਼ਤਹਿ ਸਰਹੰਦ ਅੰਦਰ, ਮਹਿਲਾਂ ਵਾਲਿਆ! ਕੰਧੀਂ ਪਏ ਚਿਣੀਂਦੇ ਨੇ । ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜ਼ੀ ਗਏ ਹਰ ਤਾਂ ਨਹੀਂ । ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ, ਕਿਧਰੇ ਡੋਲ ਗਿਆ ਜ਼ੋਰਾਵਰ ਤਾਂ ਨਹੀਂ । ਰਿਹਾ ਖੇਡਦਾ ਨਾਲ ਖਿਡੌਣਿਆਂ ਦੇ, ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ । ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ । ਛੇਤੀ ਦੱਸ ਮੈਨੂੰ ਉਨ੍ਹਾਂ ਜ਼ਾਲਮਾਂ ਨੇ, ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ । ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ, ਕੀਤੇ ਹੈਸਨ ਜੁਆਬ ਸੁਆਲ ਕੀ ਕੀ । ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜ਼ਾਦਿਆਂ ਫ਼ਤਹਿ ਗਜਾ ਦਿੱਤੀ । ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ, ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ । ਸੂਬੇ ਕਿਹਾ ਕਰੋ ਸਲਾਮ ਮੁੰਡਿਓ, ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ । ਉਨ੍ਹਾਂ ਜਦੋਂ ਤਲਵਾਰ ਦਾ ਖੌਫ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ । ਸੂਬੇ ਜ਼ੋਰ ਨਾਲ ਕਿਹਾ ਗੁਸਤਾਖ਼ ਮੁੰਡਿਓ, ਅੱਜ ਤੁਸਾਂ ਦੀ ਅਣਖ਼ ਮੁਕਾ ਦਿਆਂਗਾ । ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ । ਫ਼ਤਹਿ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ । ਅਸੀਂ ਅਸਲ ਫ਼ੌਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ । ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਜਿਹੜੇ ਸ਼ਮ੍ਹਾਂ ਤੋਂ ਵੀ ਪਹਿਲਾਂ ਜਲ ਜਾਂਦੇ । ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿਚ ਨਹੀਂ ਰਲ ਜਾਂਦੇ । ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈਂ, ਇੱਜਤ ਆਪਣੀ ਸਗੋਂ ਬਚਾ ਸਾਥੋਂ । ਮਾਸ ਬਾਜ਼ ਦੀ ਚੁੰਝ ‘ਚੋਂ ਖੋਹਣ ਲੱਗੈਂ, ਅੜਿਆ ਆਪਣਾ ਮਾਸ ਛੁਡਾ ਸਾਥੋਂ । ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ ! ਇਨ੍ਹਾਂ ਦੋਹਾਂ ਨੂੰ ਕੰਧੀਂ ਚੁਣਾ ਦਿਓ । ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮੁਕਾ ਦਿਓ । ਇਨ੍ਹਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ, ਫੜ ਕੇ ਮਿੱਟੀ ਦੇ ਵਿਚ ਮਿਲਾ ਦਿਓ । ਖੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ, ਮੇਰੇ ਜਿਗਰ ਦੀ ਅੱਗ ਬੁਝਾ ਦਿਓ । ਬੱਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦਿਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ । ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ । ਜਦੋਂ ਸੁਹਲ ਕਲੇਜੇ ਤੇ ਕੰਧ ਪਹੁੰਚੀ, ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ । ਤਦੋਂ ਵੇਖ ਕੇ ਫ਼ਤਹਿ ਸਿੰਘ ਵੱਲੋਂ, ਜ਼ੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ । “ਕੀ ਕਿਹਾ ਈ”? ਪੁਛਿਆ ਪਾਤਸ਼ਾਹ ਨੇ, “ਜ਼ੋਰਾ ਹੈਸੀ ਕਮਜੋਰੀ ਵਖਾਉਣ ਲੱਗਾ” ? ਨਹੀਂ ਪਾਤਸ਼ਾਹ ਖੌਫ਼ ਦੇ ਨਾਲ ਨਹੀਂ ਸੀ, ਜੋਰਾਵਰ ਦਾ ਚਿਤ ਘਬਰਾਉਣ ਲੱਗਾ । ਉਹ ਤਾਂ ਕਹਿੰਦਾ ਸੀ ਵੀਰਨਾ ਮੈਂ ਵੱਡਾ, ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੈਂ । ਕਿਹੜਾ ਮੂੰਹ ਵਿਖਾਵਾਂਗਾ ਪਿਤਾ ਨੂੰ ਮੈਂ, ਛੋਟਾ ਹੋ ਮੈਥੋਂ ਬਾਜੀ ਕਰਨ ਲੱਗੈਂ । ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਗ ਦਾਤਾਰ ਮੇਰਾ । ਮੇਰੀ ਤੁੱਛ ਜਿਹੀ ਭੇਟ ਮਨ਼ਜ਼ੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ । ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੌਲਾ ਹੋ ਗਿਆ ਕਰਜ ਦਾ ਭਾਰ ਮੇਰਾ । ਰੋਂਦੇ ਪਏ ਨੇ ਲੋਕ ਮੈ ਆਖਦਾ ਹਾਂ, ਸਫਲਾ ਹੋ ਗਿਆ ਅੱਜ ਪਰਵਾਰ ਮੇਰਾ । ਖੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ, ਚੋਲੀ ਆਪਣੇ ਵਤਨ ਦੀ ਰੰਗਦਾ ਹਾਂ । ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ, ਤੈਥੋਂ ਦਾਤਾ ‘ਕਰਤਾਰ’ ਇਹ ਮੰਗਦਾ ਹਾਂ ।

3. ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ

ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ ਠੰਢੇ ਬੁਰਜ ਵਿਚ ਇੱਕ ਦਿਨ ਦਾਦੀ ਮਾਤਾ, ਪਈ ਹੱਸ ਹੱਸ ਬੱਚਿਆਂ ਨੂੰ ਤੋਰੇ । ਨਾਲੇ ਦੇਵੇ ਪਈ ਤਸੱਲੀਆਂ, ਮਾਸੂਮਾਂ ਨੂੰ, ਜਿੰਦੇ ਨੀ ਨਾਲੇ ਵਿੱਚੇ ਵਿਚ ਆਂਦਰਾਂ ਨੂੰ ਖ਼ੋਰੇ । ਮੂੰਹੋਂ ਆਖੇ ਮੇਰੇ ਫੁੱਲੋ ਵੇ ਤੁਹਾਨੂੰ, ਤੱਤੀ ਵਾਅ ਪੱਤਝੜ ਦੀ ਨਾ ਲੱਗੇ । ਨਾਲੇ ਚੁੰਮ ਚੁੰਮ ਮੂੰਹ ਮੀਟੇ ਕਲੀਆਂ ਦੇ ਲਾਵੇ ਮੌਤ ਮਰ ਜਾਣੀ ਦੇ ਪਈ ਅੱਗੇ । ਆਖੇ ਮੰਜ਼ਿਲਾਂ ਦੁਰਾਡੀਆਂ ਦੇ ਰਾਹੀਓ, ਪੰਧ ਬਿਖੜੇ 'ਚ ਨਹੀਂ ਜੇ ਘਬਰਾਣਾ । ਮਿਲਦਾ ਸਮਾਂ ਨਹੀਂ ਜੇ ਲੱਖੀਂ ਤੇ ਕਰੋੜੀਂ, ਹੱਥ ਆਇਆ ਹੈ ਤੇ ਇਹਨੂੰ ਨਹੀਂ ਗਵਾਣਾ । ਮੇਰੇ ਸੋਹਣੇ ਦਸਮੇਸ਼ ਦਿਓ ਹੀਰਿਓ, ਮੁੱਲ ਤੇਗਾਂ ਉੱਤੇ ਆਪਣਾ ਪਵਾਣਾ । ਚਿੱਟੀ ਉੱਜਲੀ ਹੈ ਪੱਗ ਤੁਹਾਡੇ ਬਾਬੇ ਦੀ, ਮੇਰੇ ਬੱਚਿਓ ਨਾ ਦਾਗ ਕਿਧਰੇ ਲਾਣਾ । ਜੇ ਕੋਈ ਮਾਰੇ ਮੌਤ ਚੰਦਰੀ ਦਾ ਦਾਬਾ, ਉਹਨੂੰ ਕਹਿਣਾ ਇਹ ਤਾਂ ਸਾਡੇ ਘਰ ਦੀ ਗੋਲੀ । ਅਸਾਂ ਬੰਨ੍ਹ ਕੇ ਸ਼ਹੀਦੀਆਂ ਦੇ ਗਾਨੇ, ਏਸੇ ਮੌਤ ਦੀ ਲਿਆਉਣੀ ਅੱਜ ਡੋਲੀ । ਜੇ ਕੋਈ ਫਾਂਸੀ ਵਾਲਾ ਡਰ ਭੈੜਾ ਦੱਸੇ, ਉਹਨੂੰ ਕਹਿਣਾ ਇਹ ਜ਼ਿੰਦਗੀ ਦੀ ਬੂਟੀ । ਇਹ ਪੀਂਘ ਮਨਸੂਰਾਂ ਦੀ ਪੁਰਾਣੀ, ਸਾਡੇ ਵੱਡਿਆਂ ਨੇ ਲੱਖਾਂ ਵਾਰੀ ਝੂਟੀ ।

4. ਸਿੰਘਾ ਜੇ ਚੱਲਿਆ ਚਮਕੌਰ

ਸਿੰਘਾ ਜੇ ਚੱਲਿਆ ਚਮਕੌਰ । ਓਥੇ ਸੁੱਤੇ ਨੀ ਦੋ ਭੌਰ । ਧਰਤੀ ਚੁੰਮੀਂ ਕਰਕੇ ਗੌਰ । ਤੇਰੀ ਜਿੰਦੜੀ ਜਾਊ ਸੌਰ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਜੇ ਚੱਲਿਆ ਸਰਹੰਦ । ਓਥੇ ਉੱਸਰੀ ਖ਼ੂਨੀ ਕੰਧ । ਜਿਸ ਵਿਚ ਲੇਟੇ ਨੀ ਦੋ ਚੰਦ । ਕਲਗੀਵਾਲੇ ਦੇ ਨੇ ਫਰਜ਼ੰਦ । ਦਰਸ਼ਨ ਪਾ ਕੇ ਹੋਈਂ ਅਨੰਦ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਚੱਲਿਆਂ ਅਨੰਦਪੁਰ ਸ਼ਹਿਰ । ਓਥੇ ਵਗਦੀ ਊ ਸਰਸਾ ਨਹਿਰ । ਆਖੀਂ ਪੈ ਜੇ ਤੈਨੂੰ ਕਹਿਰ । ਤੇਰੇ ਪਾਣੀ ਦੇ ਵਿਚ ਜ਼ਹਿਰ । ਕੀਤਾ ਨਾਲ ਗੁਰਾਂ ਦੇ ਵੈਰ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ । ਸਿੰਘਾ ਚੱਲਿਆਂ ਮਾਛੀਵਾੜੇ । ਓਥੇ ਆਖੀਂ ਕਰ ਕਰ ਹਾੜੇ । ਤੇਰੇ ਫੁੱਟ ਨੇ ਬਾਗ ਉਜਾੜੇ । ਤੇਰੇ ਬਾਝ ਨਾ ਮੁਕਣ ਪੁਆੜੇ । ਕਲਗੀਧਰ ਦੀਆਂ ਪਾਈਏ ਬਾਤਾਂ । ਜੀਹਨੇ ਦੇ ਪੁੱਤਰਾਂ ਦੀਆਂ ਦਾਤਾਂ । ਦੇਸ਼ 'ਚੋਂ ਕੱਢੀਆਂ ਨ੍ਹੇਰੀਆਂ ਰਾਤਾਂ । ਮਹਿੰਗੇ ਮੁੱਲ ਲਈਆਂ ਪਰਭਾਤਾਂ

5. ਮੈਂ ਭੁਲਾਨਾ ਬੜਾ ਬੇਰੁਖ਼ੀ ਉਸਦੀ

ਮੈਂ ਭੁਲਾਨਾ ਬੜਾ ਬੇਰੁਖ਼ੀ ਉਸਦੀ, ਜੇ ਉਹ ਮੁੜ ਮੁੜ ਸਤਾਏ, ਤਾਂ ਮੈਂ ਕੀ ਕਰਾਂ? ਚਾਨਣੀ ਰਾਤ ਵਿਚ ਪੌਣਾਂ ਦੇ ਗੀਤ ਸੁਣ, ਜੇ ਕੋਈ ਯਾਦ ਉਹਦੀ ਆਏ, ਤਾਂ ਮੈਂ ਕੀ ਕਰਾਂ? ਮੈਂ ਤੇ ਮਾਯੂਸੀਆਂ ਨੂੰ ਹੀ ਅਪਣਾ ਲਿਆ, ਹੌਕਿਆਂ ਹੰਝੂਆਂ ਨੂੰ ਹੀ ਗਲ ਪਾ ਲਿਆ । ਕੋਈ ਨਾਦਾਨ ਪਰ, ਕਰ ਕੇ ਨੀਵੀਂ ਨਜ਼ਰ, ਕੋਲ ਆ ਮੁਸਕਰਾਏ, ਤਾਂ ਮੈਂ ਕੀ ਕਰਾਂ? ਮੈਂ ਤਾਂ ਕੰਨਾਂ ਨੂੰ ਹੱਥ ਲਾ ਲਿਐ ਪੀਣ ਤੋਂ, ਕਿ ਬੜਾ ਤੰਗ ਆਇਆ ਹਾਂ ਮੈਂ ਜੀਣ ਤੋਂ। ਕੋਈ ਸਾਕੀ ਮਗਰ ਜਾਮ ਨੈਣਾਂ ਦੇ ਭਰ, ਮੇਰੇ ਮੂੰਹ ਨਾਲ ਲਾਏ, ਤਾਂ ਮੈਂ ਕੀ ਕਰਾਂ? ਮੇਰੇ ਸੁਫ਼ਨੇ ਝੁਲਸ ਕੇ ਤਬਾਹ ਹੋ ਗਏ, ਮੇਰੇ ਅਰਮਾਨ ਸੜ ਕੇ ਸੁਆਹ ਹੋ ਗਏ। ਪਰ ਜੇ ਚੁੰਨੀਂ ਹਿਲਾ ਕੋਈ ਦੇ ਦੇ ਹਵਾ, ਬੁਝੇ ਭਾਂਬੜ ਮਚਾਏ, ਤਾਂ ਮੈਂ ਕੀ ਕਰਾਂ? ਮੈਂ ਤੇ ਉਹਦੀ ਗਲੀ ਵਲ ਜਾਂਦਾ ਨਹੀਂ, ਉਹਦੇ ਕੂਚੇ ਕਦੀ ਪੈਰ ਪਾਂਦਾ ਨਹੀਂ। ਪਰ ਕਿਸੇ ਮੋੜ ਤੋਂ, ਹੋਸ਼ ਦੀ ਥੋੜ ਤੋਂ ਮੈਨੂੰ ਰਾਹ ਭੁੱਲ ਜਾਏ, ਤਾਂ ਮੈਂ ਕੀ ਕਰਾਂ? ਅਣਖ ਮੇਰੀ ਇਹ ਬੰਨ੍ਹਦੀ ਏ ਦਾਅਵਾ ਪਈ, ਉਹਦੇ ਬਿਨ ਵੀ ਗੁਜ਼ਰ ਜਾਏਗੀ ਜ਼ਿੰਦਗੀ । ਪਰ ਮੇਰੇ ਜ਼ਬਤ ਦਾ, ਮੇਰੇ ਇਸ ਖ਼ਬਤ ਦਾ, ਦਿਲ ਜੇ ਧੇਖਾ ਨਾ ਖਾਏ ਤਾਂ ਮੈਂ ਕੀ ਕਰਾਂ ? ਮੈਂ ਤੇ ਗੀਤਾਂ ਦੀ ਦੁਨੀਆਂ ਤੋਂ ਰਹਿਨਾਂ ਪਰੇ, ਕਿ ਮੇਰੇ ਜ਼ਖ਼ਮ ਸੁਣ ਕੇ ਨੇ ਹੁੰਦੇ ਹਰੇ। ਪਰ ਉਹ ਚੰਚਲ ਅਦਾ ਕੋਲ ਕੰਨਾਂ ਦੇ ਆ, ਜੇ ਪਈ ਗੁਣਗੁਣਾਏ, ਤਾਂ ਮੈਂ ਕੀ ਕਰਾਂ?

6. ਵਿਸਾਖੀ ਉਤੇ ਸੁਨਿਹਾ

(ਫੌਜ ਵਿਚ ਗਏ ਕੰਤ ਨੂੰ- ਕਿਸੇ ਛੁਟੀ ਆਏ ਫੌਜੀ ਦੇ ਹਥ ਵਿਸਾਖੀ ਉਤੇ ਸੁਨਿਹਾ) ਸਦਕੇ ਜਾਂ ਅੜਿਆ ਉਹਨਾਂ ਛਾਉਣੀਆਂ ਤੋਂ, ਜਿਥੇ ਸਾਡੀ ਵੀ ਸਾਂਝ ਕੋਈ ਪਈ ਹੋਈ ਏ (ਪਰ) ਏਸ ਤਰ੍ਹਾਂ ਜਾ ਕੇ ਕੋਈ ਭੁਲਿਆ ਨਹੀਂ, ਦੁਨੀਆਂ ਹੋਰ ਵੀ ਲਾਮਾਂ ਤੇ ਗਈ ਹੋਈ ਏ ਇਕ ਗਲ ਜੇ ਦਸੇਂ ਤਾਂ ਪੁੱਛਨੀ ਹਾਂ, ਕਦੋਂ ਭਾਗ ਨਿਖੁੱਟੀਆਂ ਮਿਲਣਗੀਆਂ ਉਹਦੇ ਨਾਲ ਬੱਝੇ ਕੈਦੀ ਪਰਤ ਆਏ, ਕਦੀ ਉਹਨੂੰ ਵੀ ਛੁਟੀਆਂ ਮਿਲਣਗੀਆਂ ਕੋਲ ਬਹਾ ਮੇਰਾ ਸੁਨਿਹਾ ਦਈਂ ਓਹਨੂੰ , ਆਖੀ ‘ਖ਼ੈਰ’ ਤੇਰੇ ਸਿਰ ਦੀ ਮੰਗਦੀ ਏ ਵੇ ਬਦਰਦੀਆ ! ਨਵੀਂ ਵਿਆਹੁੜ ਤੇਰੀ, ਲੰਮੇ ਪੰਧ ਜਵਾਨੀ ਦੇ ਅੰਗਦੀ ਏ ਕਣਕਾਂ ਪੱਕੀਆਂ, ਪੱਕ ਗਿਆ ਸਬਰ ਮੇਰਾ, ਤੇਰੇ ਪੱਕੇ ਕਰਾਰ ਵੀ ਪਰਖ ਲਏ ਨੇ ਜਿਹੜੇ ਪੱਥਰਾਂ ਤੋਂ ਪੀਡੇ ਦੱਸਦਾ ਸੈਂ, ਤੇਰੇ ਹੇਜ ਪਿਆਰ ਵੀ ਪਰਖ ਲਏ ਨੇ ਉਤਲੇ ਦਿਲੋਂ ਸਾਨੂੰ ਲਾਰੇ ਰਿਹੋਂ ਲਾਂਦਾ, ਤੂੰ ਇਹ ਨੀਅਤਾਂ ਮੁਢ ਤੋਂ ਧਾਰੀਆਂ ਸਨ ਜਦ ਤੋਂ ਤੇਰੀਆਂ ਤਰੀਕਾਂ ਮੈਂ ਸੁਨਣ ਲਗੀ, ਕਣਕਾਂ ਅਜੇ ਅੰਗੂਰੀਆਂ ਮਾਰੀਆਂ ਸਨ ਤੇਰੇ ਭਾਣੇ ਤੇ ਕਲ ਦੀ ਗਲ ਜਾਪੇ, ਸਾਡੇ ਲੇਖੇ ਪਰ ਮੁਦਤਾਂ ਬਹਿੰਦੀਆਂ ਨੇ (ਵੇ) ਬੀਜ ਗਿਆ ਸੈਂ ਜਿਹੜੀ ਧਰੇਕ ਖੂਹ ਤੇ, ਉਹਦੀ ਛਾਵੇਂ ਅਜ ਮੰਜੀਆਂ ਡਹਿੰਦੀਆਂ ਨੇ ਅਖ ਝਮਕਿਆਂ ਤੇਰੇ ਤੇ ਦਿਨ ਬੀਤੇ, (ਪਰ) ਸਾਥੋਂ ਹੌਸਲਾ ਏਨਾ ਵਖਾਲੀ ਦਾ ਨਹੀਂ ਗੋਰੀ ਵਹਿੜ ਜੋ ਲਈ ਸੀ ਮੱਸਿਆ ਤੋਂ, ਉਹਦਾ ਵਛਾ ਵੀ ਹੁਣ ਤੇ ਸੰਭਾਲੀ ਦਾ ਨਹੀਂ ਕਰ ਕਰ ਰਾਖੀਆਂ ਕਣਕ ਉਗਾਈ ਤੇਰੀ, ਮਾਸ ਰਿਹਾ ਨਹੀਂ ਮੇਰਿਆਂ ਗਿਟਿਆਂ ਤੇ ਮੇਰੀ ਮਹਿੰਦੀ ਦੰਦਾਸੇ ਦੀ ਰੱਤ ਪੀ ਪੀ, ਲਾਲੀ ਚੜ੍ਹੀ ਏ ਤੇਰਿਆਂ ਸਿਟਿਆਂ ਤੇ ਤੇਰੀ ਪੈਲੀ ਦੇ ਜੋਬਨ ਤੇ ਰੂਪ ਉਤੋਂ, ਵਾਰੀ ਨੀਂਦ ਮੈਂ ਨੈਣਾਂ ਅਣ ਸੁਤਿਆਂ ਦੀ ਸਾਂਭੀ ਤੇਰੀ ਅਮਾਨਤ ਮੈਂ ਢੋਲ ਮਾਹੀਆ, ਰਾਖੀ ਰਖ ਰਖ ਕੇ ਕਾਵਾਂ ਕੁਤਿਆਂ ਦੀ ਨੱਚ ਨੱਚ ਪੈਂਦੀ ਏ ਲਾਡਲੀ ਕਣਕ ਤੇਰੀ, ਕਿਤੇ ਹਵਾ ਜੇ ਪੱਛੋਂ ਦੀ ਵੱਗ ਜਾਏ ਟੰਗਦੀ ਫਿਰਨੀ ਆਂ ਕਾਲੀਆਂ ਕੁੱਨੀਆਂ ਮੈਂ, ਕਿਸੇ ਭੈੜੀ ਦੀ ਨਜ਼ਰ ਨਾ ਲੱਗ ਜਾਏ ਉਠੇ ਲਹਿੰਦਿਓ ਧੁਖ-ਧੁਖੀ ਬੱਦਲਾਂ ਦੀ, ਲਿਸ਼ਕਣ ਬਿਜਲੀਆਂ ਪੱਛਮੀ ਗੁੱਠ ਅੰਦਰ ਬੋਹਲਾਂ ਵਾਲਿਆਂ ਦੇ ਰੱਬਾ ਬੋਹਲ ਰੱਖੀਂ, ਅੱਠੇ ਪਹਰ ਰਹਿੰਦੀ ਜਾਨ ਮੁੱਠ ਅੰਦਰ ਦੁਨੀਆਂ ਸੋਨੇ ਦੀ ਕਣੀ ਤੋਂ ਕੰਬਦੀ ਏ, ਆਪਣੇ ਹੰਝੂਆਂ ਤੋਂ ਮੈਂ ਪਈ ਤਿਲਕਨੀ ਆਂ ਲੋਕੀ ਦੰਦੇ ਕਢਾਂਦੇ ਪਏ ਦਾਤੀਆਂ ਨੂੰ, ਮੈਂ ਪਈ ਦੀਦ ਲਈ ਦੰਦੀਆਂ ਵਿਲਕਨੀ ਆਂ ਜਿਉਂ ਜਿਉਂ ਵਾਢੀਆਂ ਆਉਂਦੀਆਂ ਜਾਣ ਨੇੜੇ, ਵਢ ਵਢ ਖਾਣ ਤੇਰੇ ਖੇਤ ਚੰਦਰੇ ਵੇ ਆ ਕੇ ਸਾਂਭ ਜਾ ਆਪਣੀ ਫਸਲ ਨਾਲੇ, ਹੱਥੀਂ ਮਾਰ ਜਾ ਬੂਹੇ ਨੂੰ ਜੰਦਰੇ ਵੇ ਕਿਹੜੀ ਹਿਰਸ ਉਤੇ ਉਡਦੀ ਫਿਰਾਂ ਜੇਕਰ, ਕਿਸੇ ਬੱਚੇ ਵੀ ਬੂਹੇ ਤੇ ਚੀਕਣਾ ਨਹੀਂ ਕਿਹੜੇ ਮੂੰਹ, ਮੈਂ ਪੈਲੀ ਦੇ ਵਲ ਜਾਵਾਂ, ਮੇਰਾ ਭੱਤਾ ਜੇ ਕਿਸੇ ਉਡੀਕਣਾ ਨਹੀਂ ਬਹਿ ਬਹਿ ਕੋਲ ਸ਼ਰੀਕਣਾਂ ਕਰਨ ਹੁਜਤਾਂ, ਆਖਣ ਕਿਸ ਤਰ੍ਹਾਂ ਚਿੱਤ ਇਹ ਮਾਰ ਬੈਠੀ ਖਟੀ ਲਈ ਪ੍ਰਦੇਸਾਂ ’ਚ ਟੋਰ ਕੇ ਤੇ, ਲੋਭਣ ਦਮਾਂ ਦੀ ਕੰਤ ਵਸਾਰ ਬੈਠੀ (ਪਰ) ਤਲਬਾਂ ਤੇਰੀਆਂ ਦੀ ਸਾਨੂੰ ਤਲਬ ਕੋਈ ਨਹੀਂ, ਤੇਰਾ ਚਿੱਤ ਮੈਂ ਲੋਭੀਆ ! ਠੱਲ ਦੇਵਾਂ ਮੁਲ ਵੱਟ ਮੁਕਲਾਵੇ ਦੀ ਆਰਸੀ ਦਾ, ਸਗੋਂ ਕਹੇਂ ਤਾਂ ਭਾੜਾ ਵੀ ਘੱਲ ਦੇਵਾਂ ਛੁਟੀ ਦੇਣ ਵਾਲੇ ਨੂੰ ਇਹ ਕਹੀਂ ਜਾ ਕੇ, ਉਹਦੀ ਨੌਕਰੀ ਦਾ ਜੇ ਕੋਈ ਨੇਮ ਹੋਵੇ “ਤੈਨੂੰ ਸਾਹਬ ਜੀ ! ਛੁਟੀ ਦਾ ਮੁੱਲ ਪੈ ਜਾਏ, ਜੇਕਰ ਤੇਰੀ ਵੀ ਤੜਫਦੀ ਮੇਮ ਹੋਵੇ” ਪਰ ਤੂੰ ਸਾਹਬ ਤੇ ਮੇਮ ਨੂੰ ਤਾਂ ਆਖੇ, ਸਾਡੇ ਵਿਚ ਤੇਰਾ ਜੇਕਰ ਹਿਤ ਹੋਵੇ ਕਾਂਗੀਂ ਚੜ੍ਹੇ ਝਨਾਵਾਂ ਨੂੰ ਚੀਰ ਮਿਲਦੇ, ਜੇਕਰ ਕਿਸੇ ਦਾ ਮਿਲਣ ਤੇ ਚਿਤ ਹੋਵੇ ਵੱਜੇ ਢੋਲ, ਵਸਾਖੀ ਦਾ ਦਿਨ ਆਇਆ, ਤੇਰੇ ਦਿਲ ਦੀਆਂ ਜਾਣੀਆਂ ਮਖਣਾ ਵੇ ਤੇਰਾ ਪਿਆਰ ਵਸਾਖੀ ਦੇ ਢੋਲ ਵਰਗਾ, ਉਤੋਂ ਵੱਜਦਾ ਤੇ ਵਿਚੋਂ ਸੱਖਣਾ ਵੇ ਕਰਮਾਂ ਵਾਲੀਆਂ ਦੀ ਘਰੀਂ ਹੋਣ ਖੁਸ਼ੀਆਂ, ਅਸਾਂ ਮੂੰਹ ਭਿੱਤਾਂ ਪਿਛੇ ਕਜਣੇ ਨੇ ਲੋਕਾਂ ਟੋਰਨੇ ਮਰਦ ਵਸਾਖੀਆਂ ਨੂੰ, ਸਾਡੀ ਹਿਕ ਤੇ ਭੰਗੜੇ ਵੱਜਣੇ ਨੇ ਝੋਟੀ ਸੂਈ ਏ ਪੰਜ ਕਲਿਆਣ ਜਦ ਦੀ, ਚੋਆ ਦੁਧ ਦਾ ਅਸਾਂ ਨਹੀਂ ਚਖਿਆ ਏ ਏਸ ਭੈੜੀ ਵਸਾਖੀ ਦੀ ਹਿਰਸ ਉਤੇ, ਕੁੱਜਾ ਮਖਣ ਦਾ ਜੋੜ ਕੇ ਰਖਿਆ ਏ ਕੁੜਤੀ ਲਾਲ ਸਵਾ ਕੇ ਲਾਏ ਬੀੜੇ, ਮੇਲੇ, ਰੀਝ ਸੀ ਜਾਂਦਿਆਂ ਵੇਖਦੀ ਮੈਂ ਸਿਰ ਤੇ ਚੀਰਾ ਬੰਨ੍ਹਾ ਸੰਤਰੇ ਰੰਗਾ, ਤੈਨੂੰ ਭੰਗੜਾ ਪਾਂਦਿਆਂ ਵੇਖਦੀ ਮੈਂ ਤੇਰੇ ਲਈ ਉਣਾਇਆ ਮੈਂ ਖੇਸ ਡੱਬਾ, ਤੇਰੀ ਮਾਂ ਨੇ ਵੀ ਖਹਿੜਾ ਛਡਿਆ ਨਹੀਂ ਮੰਗਦੀ ਨਿਤ ਪ੍ਰਾਹੁਣਿਆਂ ਲਈ ਉਹੋ, ਐਪਰ ਮੈਂ ਵੀ ਚੁਰਾਸੇ ਚੋਂ ਕਢਿਆ ਨਹੀਂ ਚਾਵਾਂ ਨਾਲ ਸਰ੍ਹਾਣੇ ਤੇ ਫੁਲ ਕਢੇ, ਦਿਲ ਸੀ ਢੋਲ ਮੇਰਾ ਅੰਗ ਲਾ ਜਾਂਦਾ ਜਦੋਂ ਹਸ ਕੇ ਉਹਦੇ ਤੇ ਸਿਰ ਧਰਦਾ, ਖੇੜਾ ਮੇਰੇ ਬਗੀਚੇ ਤੇ ਆ ਜਾਂਦਾ ਵਾਲ ਵਾਲ ਮੇਰਾ ਰੀਝਾਂ ਨਾਲ ਭਰਿਆ, (ਪਰ) ਤੇਰੀ ਕੰਨੀਂ ਨਹੀਂ ਸਰਕਦੀ ਜੂੰ ਬੀਬਾ ਘੋਗਲ ਕੰਨਿਆ ਮਤੇ ਪਤੀਜ ਨਾ ਪਏਂ, ਦੇ ਲੈ ਘੁਟ ਕੇ ਕੰਨਾਂ ’ਚ ਰੂੰ ਬੀਬਾ ਤੇਰੇ ਪਿਆਰ ਦੇ ਲਾਲੀਏ ਬਿਨਾਂ ਚੰਨਾ, ਫਿਕਾ ਹੋ ਗਿਆ ਰੰਗ ਦੰਦਾਸਿਆਂ ਦਾ ਮੋਤੀ ਦੰਦ ਮੁੜ ਸਿਪੀਆਂ ਵਿਚ ਵੜ ਗਏ, ਵੈਰ ਪੈ ਗਿਆ ਬੁਲਾਂ ਤੇ ਹਾਸਿਆਂ ਦਾ ਜਿਹੜੀ ਸੂਕਣੀ ਗੁਤ ਦੀ ਸੱਪਣੀ ਨੂੰ, ਡਰਦਾ ਮਾਂਦਰੀ ਵੀ ਛੇੜ ਸਕਿਆ ਨਾ ਖੁਲ੍ਹੀ ਫਿਰੇ ਪਰਾਂਦੇ ਦੀ ਕੀਲ ਬਾਝੋਂ, ਕਦੀ ਕਿਸੇ ਵਲ ਉਸ ਨੇ ਤਕਿਆ ਨਾ ਹੁਣ ਤੇ ਅੱਕ ਗਏ ਨੇ ਸੁਨਿਹੇ ਖੜਣ ਵਾਲੇ, ਉਹਨਾਂ ਰਾਹ ਵੀ ਸਾਡਾ ਪਰਤਾ ਛਡਿਐ ਹੁਣ ਤੇ ਰਹੀ ਨਹੀਂ ਚਿੱਠੀ ਵੀ ਪਾਣ ਜੋਗੀ, ਤੇਰੀ ਮਾਂ ਸਰਨਾਵਾਂ ਲੁਕਾ ਛਡਿਐ ਜਾਂਦੀ ਵਾਰ ਦਾ ਵਾਸਤਾ ਘੱਤਨੀ ਆਂ, ਕਰਕੇ ਛੇਕੜੇ ਅਰਜ਼ ਮਨਜ਼ੂਰ ਆ ਜਾ ਤਰਲਾ ਸਾਹਬ ਦਾ ਮਾਰ-ਜਾਂ ਤਾਰ ਵਢੀਂ, ਪਰ ਵਸਾਖੀ ਤੇ ਛੁਟੀ ਜ਼ਰੂਰ ਆ ਜਾ ਚਾਰੇ ਬੱਨੇ ਜੇ ਵੈਰੀਆ ਨਾ ਆਇਓਂ, ਗਲ ਮੇਰੀ ਵੀ ਚੇਤੇ ਇਹ ਠੀਕ ਰੱਖੀਂ ਮੇਰਾ ਮੋਈ ਦਾ ਸੁਨਿਹਾ ਹੀ ਅਪੜੀਗਾ, ਇਹ ਵਸਾਖੀਓਂ ਬ੍ਹਾਦ ਉਡੀਕ ਰੱਖੀਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਬਲੱਗਣ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ