Punjabi Ghazals/Poems : Jaswinder

ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਜਸਵਿੰਦਰ

ਸਾਨੂੰ ਵੀ ਮੁਹੱਬਤ ਦੇ ਦੋ ਹਰਫ਼ ਉਠਾਲਣ ਦੇ

ਸਾਨੂੰ ਵੀ ਮੁਹੱਬਤ ਦੇ ਦੋ ਹਰਫ਼ ਉਠਾਲਣ ਦੇ।
ਮੱਥਿਆਂ 'ਤੇ ਕਰ ਜਾਵੀਂ ਹਸਤਾਖ਼ਰ ਚਾਨਣ ਦੇ।

ਜੁਗਨੂੰ ਦੇ ਖੰਭਾਂ ‘ਚੋਂ ਕੋਈ ਸੂਰਜ ਭਾਲਣ ਦੇ,
ਸਾਨੂੰ ਵੀ ਥੋੜੀ ਜਿਹੀ ਆਪਣੀ ਲੋਅ ਮਾਨਣ ਦੇ।

ਪੌਣਾਂ ਨੂੰ ਛੇੜਨ ਦੇ ਰੂਹਾਂ ਦਾ ਗੀਤ ਕੋਈ,
ਨਦੀਆਂ ਨੂੰ ਕਿਨਾਰੇ ਤੱਕ ਇਕ ਲਹਿਰ ਉਛਾਲਣ ਦੇ।

ਪਾਣੀ ਨੂੰ ਚੈਨ ਮਿਲੇ ਰੇਤੇ ਦੀ ਪਿਆਸ ਬੁਝੇ,
ਹਫ਼ਦੇ ਦਰਿਆਵਾਂ ਨੂੰ ਮਾਰੂਥਲ ਛਾਨਣ ਦੇ।

ਕੋਹਾਂ ਤੋਂ ਲੰਮੀ ਹੈ ਫੁੱਲਾਂ ਦੀ ਦਰਦ ਕਥਾ,
ਖੂਹਾਂ ਤੋਂ ਡੂੰਘੇ ਨੇ ਹਉਕੇ ਉਸ ਮਾਲਣ ਦੇ।

ਕਿਰਨਾਂ ‘ਚ ਪਰੋਵਣ ਲਈ ਚੁਣ ਫੁੱਲ, ਅਤੇ ਮੈਨੂੰ,
ਪਿਘਲਾ ਕੇ ਛਵੀਆਂ ਨੂੰ ਗੁਲਦਸਤੇ ਢਾਲਣ ਦੇ।

ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ

ਮਹਿਕਾਂ ਤੋਂ ਮਹਿਰੂਮ ਦਿਲਾਂ ਨੂੰ, ਅਹਿਸਾਸਾਂ ਦਾ ਸੰਦਲ ਦੇ ਦੇ।
ਸੱਖਣਾਪਣ ਰੂਹਾਂ ਦਾ ਭਰ ਦੇ, ਤਨਹਾਈਆਂ ਨੂੰ ਮਹਿਫ਼ਿਲ ਦੇ ਦੇ।

ਗਹਿਰੀ ਖ਼ਾਮੋਸ਼ੀ ਦਾ ਆਲਮ, ਨਾ ਹਰਕਤ ਨਾ ਜੁੰਬਿਸ਼ ਕੋਈ,
ਬਿਰਖਾਂ ਨੂੰ ਪੌਣਾਂ ਦਾ ਚੁੰਮਣ, ਤੇ ਨਦੀਆਂ ਨੂੰ ਕਲਕਲ ਦੇ ਦੇ।

ਅਰਮਾਨਾਂ ਅੰਗੜਾਈਆਂ ਭਰੀਆਂ, ਥਿਰਕਣਗੇ ਪੱਬ ਸੂਲਾਂ 'ਤੇ ਵੀ,
ਬਸ ਥੋੜੀ ਜਿਹੀ ਧਰਤੀ ਦੇ ਕੇ, ਤੇ ਪੈਰਾਂ ਨੂੰ ਪਾਇਲ ਦੇ ਦੇ।

ਸਹਿਕ ਰਹੀ ਉੱਡਣ ਦੀ ਚਾਹਤ, ਹਰਫ਼ਾਂ ਦੇ ਧੁਖਦੇ ਖੰਭਾਂ ਨੂੰ,
ਅਪਣੇ ਮੋਹ ਦੀ ਬਾਰਸ਼ ਦੇ ਦੇ, ਅਪਣੇ ਨੈਣਾਂ ਦਾ ਜਲ ਦੇ ਦੇ।

ਰੋਜ਼ ਦੀਆਂ ਤੇਹਾਂ ਮਿਟ ਜਾਵਣ, ਦੋਹਾਂ ਦੀ ਭਟਕਣ ਮੁੱਕ ਜਾਵੇ,
ਸੁੰਦਰਾਂ ਨੂੰ ਇਕ ਪੂਰਨ ਦੇ ਦੇ, ਤੇ ਪੂਰਨ ਨੂੰ ਜੰਗਲ ਦੇ ਦੇ।

ਚਾਹੇ ਮੇਰੀ ਨੀਂਦ ਚੁਰਾ ਲੈ, ਚਾਹੇ ਮੇਰੀ ਹੋਂਦ ਭੁਲਾ ਦੇ,
ਪਰ ਜੋ ਮੈਨੂੰ ਵਿਸਰ ਗਿਆ ਹੈ, ਉਹ ਸੁਪਨਾ ਪਲ ਦੋ ਪਲ ਦੇ ਦੇ।

ਮੈਂ ਤਾਂ ਖੇਤਾਂ ਵਿਚ ਤਪ ਕਰਕੇ, ਮੁਕਤੀ ਦਾ ਰਾਹ ਖੋਜ ਲਵਾਂਗਾ,
ਬਿਰਖ ਗਯਾ ਦਾ ਹੋਰ ਕਿਸੇ ਨੂੰ, ਮੈਨੂੰ ਮੇਰਾ ਰਾਹੁਲ ਦੇ ਦੇ।

ਅੱਖਾਂ ਨੂੰ ਚੁਗਣੇ ਪੈਣ ਅੰਗਿਆਰੇ ਕਦੇ ਕਦੇ

ਅੱਖਾਂ ਨੂੰ ਚੁਗਣੇ ਪੈਣ ਅੰਗਿਆਰੇ ਕਦੇ ਕਦੇ।
ਦਿੰਦੇ ਤਸੱਲੀ ਅੱਥਰੂ, ਖਾਰੇ ਕਦੇ ਕਦੇ।

ਧਰਤੀ 'ਤੇ ਆਉਂਦੇ ਟੁੱਟ ਕੇ ਤਾਰੇ ਕਦੇ ਕਦੇ,
ਚਲਦੇ ਸਿਰਾਂ ਦੀ ਫ਼ਸਲ 'ਤੇ ਆਰੇ ਕਦੇ ਕਦੇ।

ਧੁਖ਼ਦੇ ਖ਼ਤਾਂ 'ਤੇ ਕਿਸ ਤਰਾਂ ਤੇਰਾ ਪਤਾ ਲਿਖਾਂ,
ਲਗਦੇ ਨੇ ਅੱਖਰ ਪਰਬਤੋਂ ਭਾਰੇ ਕਦੇ ਕਦੇ।

ਦਰਗਾਹ ਏ ਮੇਰੇ ਯਾਰ ਦੀ ਗੋਡਾ ਨਿਵਾ ਕੇ ਜਾਹ,
ਏਥੇ ਤਾਂ ਗੋਡੀ ਚੰਨ ਵੀ ਮਾਰੇ ਕਦੇ ਕਦੇ।

ਉਹਨਾਂ ਦਾ ਕਰਕੇ ਕੌਲ ਨਾ ਆਉਣਾ ਬੁਰਾ ਤਾਂ ਹੈ,
ਚੰਗੇ ਨੇ ਲਗਦੇ ਆਉਣ ਦੇ ਲਾਰੇ ਕਦੇ ਕਦੇ।

ਤੂੰ ਕਤਲਗ਼ਾਹਾਂ ਸੂਲਾਂ ਬਾਰੇ ਹੀ ਲਿਖ ਰਿਹੈਂ,
ਲਿਖਿਆ ਵੀ ਕਰ ਗੁਲਦੌਦੀਆਂ ਬਾਰੇ ਕਦੇ ਕਦੇ।

ਹੁੰਦੀ ਹਵਾ ਦੀ ਮਾਰ ਕੀ ਜੰਗਲ ਹੀ ਜਾਣਦੈ,
ਝੜਦੇ ਨੇ ਪੱਤੇ ਸਾਰੇ ਦੇ ਸਾਰੇ ਕਦੇ ਕਦੇ।

ਸ਼ਾਇਰ ਦੀ ਕਾਨੀ ਵਕਤ ਦਾ ਪਹੀਆ ਘੁਮਾ ਦਵੇ,
ਕੁਝ ਇਸ ਤਰਾਂ ਦੇ ਹੋਣ ਵਰਤਾਰੇ ਕਦੇ ਕਦੇ।

ਇਕ ਤੂਫ਼ਾਨ ਸਮੁੰਦਰ ਵਿਚ ਹੈ ਸੌ ਤੂਫ਼ਾਨ ਮਲਾਹਾਂ ਅੰਦਰ

ਇਕ ਤੂਫ਼ਾਨ ਸਮੁੰਦਰ ਵਿਚ ਹੈ ਸੌ ਤੂਫ਼ਾਨ ਮਲਾਹਾਂ ਅੰਦਰ।
ਫਿਰ ਵੀ ਇਕ ਵਿਸ਼ਵਾਸ ਦਾ ਪੰਛੀ ਚਹਿਕ ਰਿਹਾ ਹੈ ਸਾਹਾਂ ਅੰਦਰ।

ਜ਼ਹਿਰ ਜ਼ਮਾਨੇ ਦੀ ਕੁਝ ਲੋਕੀਂ ਪੀ ਲੈਂਦੇ ਨੇ ਚੁੱਪ ਚੁਪੀਤੇ,
ਪਿੱਛੇ ਛੱਡ ਜਾਂਦੇ ਨੇ ਪੈੜਾਂ ਮਹਿਕਦੀਆਂ ਕੁਝ ਰਾਹਾਂ ਅੰਦਰ।

ਹਰ ਦੀਵਾ ਸੂਰਜ ਬਣ ਸਕਦੈ, ਹਰ ਕਤਰਾ ਸਾਗਰ ਹੋ ਸਕਦੈ,
ਜੇ ਸੁਰ ਸਾਂਝ ਦਿਲਾਂ ਵਿਚ ਹੋਵੇ ਤੇ ਇਕਸੁਰਤਾ ਬਾਹਾਂ ਅੰਦਰ।

ਦਰਦ ਜਿਨਾਂ ਦੇ ਲੇਖੀਂ ਲਿਖਿਆ, ਤੜਪ ਜਿਨਾਂ ਦੇ ਮੱਥੇ ਉਕਰੀ,
ਨਾ ਟਿਕਦੇ ਦਰਗਾਹੋਂ ਬਾਹਰ ਨਾ ਟਿਕਦੇ ਦਰਗਾਹਾਂ ਅੰਦਰ।

ਭੋਲੇ ਭਾਲੇ ਲੋਕੀਂ ਤੁਰ ਪਏ ਨੰਗੇ ਪੈਰੀਂ ਬਲਦੇ ਰਾਹੀਂ,
ਰਹਿਬਰ ਹਾਲੇ ਕੁੰਡੀ ਲਾ ਕੇ ਕਰਦੇ ਪਏ ਸਲਾਹਾਂ ਅੰਦਰ।

ਗਰਦਿਸ਼ ਦੇ ਵਿਚ ਘੁੰਮਦੇ ਘੁੰਮਦੇ ਬੰਦੇ ਕੀ ਤੋਂ ਕੀ ਬਣ ਜਾਂਦੇ,
ਬੋਦੀ ਵਾਲੇ ਤਾਰੇ ਚੜਦੇ ਲਹਿੰਦੇ ਰਹਿਣ ਨਿਗਾਹਾਂ ਅੰਦਰ।

ਦੋ ਪਲ ਵਿਹਲ ਮਿਲੇ ਤਾਂ ਆਵੋ ਅਹਿਸਾਸਾਂ ਦੇ ਨਕਸ਼ ਪਛਾਣੋ,
ਦਿਲ ਦੀਆਂ ਪਰਤਾਂ ਖੋਹਲ ਰਿਹਾ ਹਾਂ ਆਪਣੀਆਂ ਇਤਲਾਹਾਂ ਅੰਦਰ।

ਮਰ ਕੇ ਵੀ ਜਰਖ਼ੇਜ਼ ਦਿਲਾਂ ਦੀ ਮਿੱਟੀ ਵਿਚ ਮੈਂ ਉੱਗ ਪਿਆ ਹਾਂ,
ਭੋਰਾ ਸੱਚ ਨਹੀਂ ਹੈ ਮੇਰੀ ਮੌਤ ਦੀਆਂ ਅਫ਼ਵਾਹਾਂ ਅੰਦਰ।

ਜੇਕਰ ਹੋਵੇ ਮੱਚਿਆ ਪੌਣਾਂ ਵਿਚ ਕੁਹਰਾਮ

ਜੇਕਰ ਹੋਵੇ ਮੱਚਿਆ ਪੌਣਾਂ ਵਿਚ ਕੁਹਰਾਮ।
ਹਰਫ਼ਾਂ ਨੂੰ ਨਹੀਂ ਸ਼ੋਭਦਾ ਸਫ਼ਿਆਂ 'ਤੇ ਆਰਾਮ।

ਆਪ ਮੁਹਾਰੇ ਵਹਿਣ ਦੇ ਪਲ ਦੋ ਪਲ ਜਜ਼ਬਾਤ,
ਸਤਰਾਂ ਨਾਲੋਂ ਮੇਟ ਦੇ ਕੌਮੇ ਤੇ ਵਿਸ਼ਰਾਮ।

ਅੰਤਿਮ ਛੋਹਾਂ ਨਾਲ ਜਦ ਹੱਸਣੀ ਸੀ ਤਸਵੀਰ,
ਕੈਨਵਸ ਉੱਤੇ ਡੁੱਲ ਗਏ ਮੈਥੋਂ ਰੰਗ ਤਮਾਮ।

ਪਾਰਾ ਬਣ ਕੇ ਵਹਿ ਗਈ ਕਾਇਆ ਵਿਚ ਸਵੇਰ,
ਖ਼ੰਜਰ ਬਣ ਕੇ ਲਹਿ ਗਈ ਸੀਨੇ ਅੰਦਰ ਸ਼ਾਮ।

ਉੱਚੇ ਗੁੰਬਦ ਦੇਖ ਕੇ ਅਸ਼ ਅਸ਼ ਕਰਦੇ ਲੋਕ,
ਨੀਂਹਾਂ ਹੇਠਾਂ ਸਹਿਕਦੇ ਪੱਥਰ ਨੇ ਗੁੰਮਨਾਮ।

ਕਿੱਥੇ ਲੈ ਕੇ ਜਾਣਗੇ ਇਹ ਦੋਵੇਂ ਅਹਿਸਾਸ,
ਅੱਖਾਂ ਵਿਚਲੀ ਬੇਬਸੀ, ਖ਼ਾਬਾਂ ਵਿਚਲੀ ਲਾਮ।

ਆਪਣੇ ਤਾਂ ਵਿਚਕਾਰ ਸੀ ਤਪਦਾ ਰੇਗਿਸਤਾਨ,
ਕਿੰਜ ਭਲਾ ਮੈਂ ਭੇਜਦਾ ਬੱਦਲਾਂ ਹੱਥ ਪੈਗ਼ਾਮ।

ਦਿਲ ਵਿਚ ਨਹੀਂ ਉਮੰਗ ਤਾਂ ਕੀ ਚੜਨਾ ਸੀ ਰੰਗ,
ਤਲੀਆਂ ਐਵੇਂ ਲਾਉਂਦੀਆਂ ਮਹਿੰਦੀ ਸਿਰ ਇਲਜ਼ਾਮ।

ਬੁੱਝ ਭਲਾ ਮੈਂ ਕੌਣ ਹਾਂ ਕੀ ਮੇਰੀ ਪਹਿਚਾਣ,
ਇਹ ਜੋ ਮੇਰਾ ਨਾਮ ਹੈ ਇਹ ਨਹੀਂ ਮੇਰਾ ਨਾਮ।

ਬਸ ਰੇਤ ਹੀ ਰੇਤ ਉੜੇ ਹਰ ਟੁਟਦੇ ਸਿਤਾਰੇ ਦੀ

ਬਸ ਰੇਤ ਹੀ ਰੇਤ ਉੜੇ ਹਰ ਟੁਟਦੇ ਸਿਤਾਰੇ ਦੀ।
ਫਿਰ ਵੀ ਮੈਂ ਤਲਾਸ਼ ਕਰਾਂ ਧੁੜ ਤਕ ਲਿਸ਼ਕਾਰੇ ਦੀ।

ਕੱਸੀ ਤਾਂ ਮੁਰੱਬਿਆਂ ਦੇ ਖਾਲਾਂ ‘ਚ ਗੁਆਚ ਗਈ,
ਮਿਟਣੀ ਹੈ ਪਿਆਸ ਕਦੋਂ ਕੰਨੀ ਦੇ ਕਿਆਰੇ ਦੀ।

ਧੂੰਏਂ ਵਿਚ ਲਿਪਟ ਗਏ ਚਾਅ ਝੰਗ ਸਿਆਲਾਂ ਦੇ,
ਅੱਗ ਦਾ ਅਨੁਵਾਦ ਕਰੇ ‘ਵਾ ਤਖ਼ਤ ਹਜ਼ਾਰੇ ਦੀ।

ਦੋ ਦਿਨ ਦੀ ਖ਼ੁਸ਼ੀ ਮਗਰੋਂ ਨੂੜਨਗੇ ਬਦਨ ਤੇਰਾ,
ਗੋਟਾ ਇਹ ਦੁਪੱਟੇ ਦਾ ਇਹ ਲੌਣ ਗਰਾਰੇ ਦੀ।

ਇਕ ਰੋਜ਼ ਤੂੰ ਉਖੜੇਂਗੀ ਡਿੱਗੇਂਗੀ ਮੇਰੇ ਨੇੜੇ,
ਮੈਂ ਨੀਂਹ ਦਾ ਪੱਥਰ ਹਾਂ, ਤੂੰ ਇੱਟ ਚੁਬਾਰੇ ਦੀ।

ਪਹਿਨੇਗੀ ਗ਼ਜ਼ਲ ਮੇਰੀ ਮਲਮਲ ਦਾ ਲਿਬਾਸ ਕਦੋਂ,
ਸ਼ਿਅਰਾਂ ਨੂੰ ਅਜੇ ਲੜਦੀ ਹੈ ਕੰਡ ਗੁਆਰੇ ਦੀ।

ਅਸੀਂ ਅਪਣੀ ਸ਼ਨਾਖ਼ਤ ਭੀੜ ਦੇ ਅੰਦਰ ਗੁਆ ਆਏ

ਅਸੀਂ ਅਪਣੀ ਸ਼ਨਾਖ਼ਤ ਭੀੜ ਦੇ ਅੰਦਰ ਗੁਆ ਆਏ।
ਚਲੋ ਚੰਗਾ ਈ ਹੋਇਆ ਸੌ ਤਰਾਂ ਦੇ ਡਰ ਗੁਆ ਆਏ।

ਸਫ਼ਰ ਕਿੰਨਾ ਵਚਿੱਤਰ ਸੀ ਕਿ ਜਿਸ 'ਤੇ ਚਲਦਿਆਂ ਹੋਇਆਂ,
ਮੁਸਾਫ਼ਿਰ ਪੈਰ ਭੁੱਲ ਆਏ ਪਰਿੰਦੇ ਪਰ ਗੁਆ ਆਏ।

ਰਗ਼ਾਂ ਵਿਚ ਰਾਤ ਕਾਲੀ ਜ਼ਹਿਰ ਬਣ ਕੇ ਸਰਕਦੀ ਜਾਂਦੀ,
ਚਿਰਾਗ਼ਾਂ ਵਾਂਗ ਜਗਦੇ ਮਾਂਦਰੀ ਮੰਤਰ ਗੁਆ ਆਏ।

ਲਤੀਫ਼ੇ ਸੁਣ ਨਹੀਂ ਹਸਦੇ ਨਾ ਰੋਂਦੇ ਮਰਸੀਏ ਸੁਣ ਕੇ,
ਪਤਾ ਨਈਂ ਲੋਕ ਹੁਣ ਸੰਵੇਦਨਾ ਕਿੱਧਰ ਗੁਆ ਆਏ।

ਤੁਸੀਂ ਜਾਓਗੇ ਕਿੱਥੇ ਜੇ ਦਿਸ਼ਾਵਾਂ ਲਾਪਤਾ ਰਹੀਆਂ,
ਭਲਾ ਪਰਵਾਜ਼ ਦੇ ਕੀ ਅਰਥ ਜੇ ਅੰਬਰ ਗੁਆ ਆਏ।

ਕਿਵੇਂ ਬੀਜੋਗੇ ਮੋਹ ਦੇ ਹਰਫ਼ ਹੁਣ ਬੰਜਰ ਦਿਲਾਂ ਅੰਦਰ,
ਤੁਸੀਂ ਵਾਧੂ ਦੀਆਂ ਬਹਿਸਾਂ ‘ਚ ਹੀ ਵੱਤਰ ਗੁਆ ਆਏ।

ਸਿਰਾਂ 'ਤੇ ਕਿਸ਼ਤੀਆਂ ਧਰ ਕੇ ਮਲਾਹਾਂ ਨੂੰ ਪਿਆ ਮੁੜਨਾ,
ਗਏ ਸੀ ਟਾਪੂਆਂ ਦੀ ਭਾਲ ਵਿਚ, ਸਾਗਰ ਗੁਆ ਆਏ।

ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ

ਕਿਵੇਂ ਮਾਸੂਮ ਦੀਵੇ ਰਹਿਣਗੇ ਜਗਦੇ ਘਰਾਂ ਅੰਦਰ।
ਹਵਾ ਬਾਜ਼ਾਰ ਦੀ ਹੈ ਸ਼ੂਕਦੀ ਫਿਰਦੀ ਗਰਾਂ ਅੰਦਰ।

ਦਰਾਂ ਨੂੰ ਬੰਦ ਕਰਨਾ ਠੀਕ ਨਈਂ ਪੌਣਾਂ ਤਾਂ ਪੌਣਾਂ ਨੇ,
ਇਨਾਂ ਨੇ ਆ ਹੀ ਜਾਣੈਂ ਇਸ ਤਰਾ ਜਾਂ ਉਸ ਤਰਾਂ ਅੰਦਰ।

ਬੜਾ ਔਖੈ ਲੁਕੋਣਾ ਅੱਖੀਆਂ ਵਿਚ ਰੰਗ ਕੋਈ ਵੀ,
ਬੜਾ ਸੌਖੈ ਲੁਕੋਣਾ ਚਿਹਰਿਆਂ ਨੂੰ ਮਫ਼ਲਰਾਂ ਅੰਦਰ।

ਕਦੋਂ ਹੈ ਚੈਨ ਮਿਲਦਾ ਦਿਲ ‘ਚੋਂ ਕੱਢ ਕੇ ਤੀਰ ਯਾਦਾਂ ਦੇ,
ਬੜਾ ਦੁੱਖ ਦਿੰਦੀਆਂ ਰਹਿ ਜਾਂਦੀਆਂ ਜੋ ਛਿਲਤਰਾਂ ਅੰਦਰ।

ਕਦੇ ਮੈਂ ਇਉਂ ਵੀ ਉਡਦਾ ਹਾਂ ਰਹੇ ਨਾ ਯਾਦ ਏਨਾ ਵੀ,
ਕਿ ਅੰਬਰ ਨੇ ਮੇਰੇ ਅੰਦਰ ਜਾਂ ਮੈਂ ਹਾਂ ਅੰਬਰਾਂ ਅੰਦਰ।

ਹਨੇਰਾ ਰਾਤ ਦਾ ਮਹਿਮਾਨ ਹੈ ਏਨਾ ਬੁਰਾ ਵੀ ਨਹੀਂ,
ਬੁਰਾ ਹੈ ਸਿਰਫ਼ ਇਸ ਦਾ ਬੈਠ ਜਾਣਾ ਆਂਦਰਾਂ ਅੰਦਰ।

ਧਰਤ ਨਾ ਆਕਾਸ਼ ਕਿਧਰੇ ਜਲ ਨਜ਼ਰ ਆਉਂਦਾ ਨਹੀਂ

ਧਰਤ ਨਾ ਆਕਾਸ਼ ਕਿਧਰੇ ਜਲ ਨਜ਼ਰ ਆਉਂਦਾ ਨਹੀਂ।
ਪੇਸ਼ ਹੈ ਦਲਦਲ ਕਿ ਜਿਸਦਾ ਤਲ ਨਜ਼ਰ ਆਉਂਦਾ ਨਹੀਂ।

ਸੀਸ਼ਿਆਂ ਵਿਚ ਚਿਹਰਿਆਂ ਦੀ ਪਰਤ ਇੱਕੋ ਈ ਦਿਸੇ,
ਸੁਲਗ਼ਦਾ ਅੱਖਾਂ ‘ਚ ਜੋ ਜੰਗਲ ਨਜ਼ਰ ਆਉਂਦਾ ਨਹੀਂ।

ਜਿਸਮ ਦੇ ਜੁਗਰਾਫ਼ੀਏ ਵਿਚ ਕੈਦ ਬੰਦੇ ਨੂੰ ਕਦੇ,
ਰੂਹ ਦੁਆਲੇ ਲਿਪਟਿਆ ਸੰਗਲ ਨਜ਼ਰ ਆਉਂਦਾ ਨਹੀਂ।

ਲੋਕ ਢਕ ਲੈਂਦੇ ਨੇ ਮੈਲੇ ਮਨ ਦੀ ਮਿੱਟੀ ਇਸ ਕਦਰ,
ਰਿਸ਼ਤਿਆਂ ਵਿਚ ਉੱਗਿਆ ਖੱਬਲ ਨਜ਼ਰ ਆਉਂਦਾ ਨਹੀਂ।

ਦਸਤਖ਼ਤ ਪਲਕਾਂ 'ਤੇ ਹੀ ਕਰਕੇ ਪਿਛਾਂਹ ਮੁੜ ਜਾਂਦੀਆਂ,
ਬਾਰਸ਼ਾਂ ਨੂੰ ਮਨ ਦਾ ਮਾਰੂਥਲ ਨਜ਼ਰ ਆਉਂਦਾ ਨਹੀਂ।

ਸ਼ਹਿਰ ਦੀ ਆਬ-ਓ-ਹਵਾ ਇਤਰਾਜ਼ ਮੇਰੇ 'ਤੇ ਕਰੇ,
ਮੇਰੀਆਂ ਗੱਲਾਂ ‘ਚ ਕਿਉਂ ਵਲ-ਛਲ ਨਜ਼ਰ ਆਉਂਦਾ ਨਹੀਂ।

ਸੋਚਾਂ ਅੰਦਰ ਉਡਦੇ ਪਰਛਾਵੇਂ ਦੀ ਬੁੱਕਲ ਮਾਰ ਲਈ

ਸੋਚਾਂ ਅੰਦਰ ਉਡਦੇ ਪਰਛਾਵੇਂ ਦੀ ਬੁੱਕਲ ਮਾਰ ਲਈ।
ਇਸ ਮੌਲਿਕ ਅੰਦਾਜ਼ ‘ਚ ਆਪਾਂ ਸਿਖ਼ਰ ਦੁਪਹਿਰ ਗੁਜ਼ਾਰ ਲਈ।

ਖ਼ਾਬਾਂ ਦੀ ਕਿਸ਼ਤੀ ਮੈਂ ਜਿਸਦੇ ਨੈਣਾਂ ਵਿਚ ਉਤਾਰ ਲਈ,
ਉਮਰਾਂ ਤੱਕ ਤਰਸੇਵਾਂ ਰਹਿਣਾ ਉਸਦੇ ਪਰਲੇ ਪਾਰ ਲਈ।

ਜਿਸਮ ਦੇ ਰੇਗਿਸਤਾਨ ਤੋਂ ਲੈ ਕੇ ਰੂਹ ਦੇ ਮਾਨਸਰੋਵਰ ਤਕ,
ਕਿੱਥੇ ਕਿੱਥੇ ਭਟਕ ਰਿਹਾ ਹਾਂ ਮੈਂ ਤੇਰੇ ਦੀਦਾਰ ਲਈ।

ਤੇਰੀ ਰਗ਼ ਰਗ਼ ਵਿੱਚ ਪੁੜੇ ਨੇ ਕੰਡੇ ਸੌ ਜੰਜਾਲਾਂ ਦੇ,
ਫਿਰ ਕਿਉਂ ਕੈਕਟਸ ਲੈ ਆਇਐਂ ਤੂੰ ਵਿਹੜੇ ਦੇ ਸ਼ਿੰਗਾਰ ਲਈ।

ਇਸ ਮਸਰੂਫ਼ ਨਗਰ ਵਿਚ ਕੌਣ ਸੁਣੇਗਾ ਤੇਰੇ ਅਫ਼ਸਾਨੇ,
ਐਵੇਂ ਹੀ ਬਾਜ਼ਾਰ ‘ਚ ਤੂੰ ਦੁੱਖਾਂ ਦੀ ਪੰਡ ਖਿਲਾਰ ਲਈ।

ਧੁੱਪਾਂ ਨਾਲ ਲੜਾਂ ਤੇ ਵਾਦ-ਵਿਵਾਦ ਹਵਾਵਾਂ ਨਾਲ ਕਰਾਂ,
ਦੱਸੋ ਕਿਸ ਮੌਸਮ ਨੇ ਮੇਰੀ ਤਰਲ ਹਯਾਤ ਡਕਾਰ ਲਈ।

ਕਲਸਾਂ ਸੰਗ ਰਚਾ ਲਵੀਂ ਫੇਰ ਕਦੇ ਸੰਵਾਦ

ਕਲਸਾਂ ਸੰਗ ਰਚਾ ਲਵੀਂ ਫੇਰ ਕਦੇ ਸੰਵਾਦ।
ਪਹਿਲਾਂ ਸੁਣ ਕੁਝ ਭੁਰਦੀਆਂ ਕੰਧਾਂ ਦੀ ਫਰਿਆਦ।

ਰੱਖ ਪਰਾਂ ਲਿੱਸੇ ਜਿਹੇ ਹਮਦਰਦੀ ਦੇ ਬੋਲ,
ਤੇਰੇ ਤੋਂ ਹੋਣਾ ਨਹੀਂ ਹੰਝੂਆਂ ਦਾ ਅਨੁਵਾਦ।

ਤੇਹਾਂ ਉੱਤੇ ਵਰਨ ਦੀ ਏਹਨਾਂ ਤੋਂ ਸੀ ਆਸ,
ਰੂਹ ਦੇ ਛਾਲੇ ਬਣ ਗਏ ਮੇਰੇ ਸੁਹਜ ਸਵਾਦ।

ਤੂੰ ਤੂੰ ਮੈਂ ਮੈਂ ਕਰਦਿਆਂ ਸਿਰ 'ਤੇ ਆਇਆ ਕਾਲ,
ਅੱਧ ਵਿਚਾਲੇ ਰਹਿ ਗਿਆ ਸਾਰਾ ਵਾਦ-ਵਿਵਾਦ।

ਪਰਦੇਸੀ ਪੁੱਤ ਪੂੰਝਦੇ ਅੱਖਾਂ ਪੌਂਡਾਂ ਨਾਲ,
ਕਬਰਾਂ ਅੰਦਰ ਸੁੱਤੀਆਂ ਮਾਵਾਂ ਕਰਕੇ ਯਾਦ।

ਮੇਰੇ ਸੀਨੇ ਟੰਗਣੀ ਦੱਸ ਤੂੰ ਕਿਹੜੀ ਚੀਜ਼,
ਤੇਰੇ ਇਕ ਹੱਥ ਫੁੱਲ ਹੈ, ਦੂਜੇ ਹੱਥ ਫੌਲਾਦ।

ਝੀਲਾਂ ਤੀਕਰ ਪਹੁੰਚਦਿਆਂ ਤੇਹਾਂ ਦੇ ਅਰਥ ਗੁਆਚ ਗਏ

ਝੀਲਾਂ ਤੀਕਰ ਪਹੁੰਚਦਿਆਂ ਤੇਹਾਂ ਦੇ ਅਰਥ ਗੁਆਚ ਗਏ।
ਆਲਣਿਆਂ ਨੂੰ ਪਰਤੇ ਤਾਂ ਰੁੱਖਾਂ ਦੇ ਅਰਥ ਗੁਆਚ ਗਏ।

ਏਥੇ ਤਾਂ ਹਰ ਚਿਹਰੇ ਦੀ ਤਹਿ ਹੇਠਾਂ ਇਕ ਕੁਲਛੇਤਰ ਹੈ,
ਕੀ ਜਿੱਤਾਂ ਕੀ ਹਾਰਾਂ ਹੁਣ ਦੋਹਾਂ ਦੇ ਅਰਥ ਗੁਆਚ ਗਏ।

ਕੱਚੇ ਪੱਕੇ ਰੰਗ ਆਪਸ ਵਿਚ ਝਗੜ ਰਹੇ ਸਨ ਐਵੇਂ ਹੀ,
ਐਸੀ ਬਾਰਸ਼ ਆਈ ਸਭ ਰੰਗਾਂ ਦੇ ਅਰਥ ਗੁਆਚ ਗਏ।

ਮੇਰੀਆਂ ਨਮ ਅੱਖਾਂ ਤੋਂ ਲੈ ਕੇ ਤੇਰੇ ਦਿਲ ਦੀ ਸਰਦਲ ਤਕ,
ਰੇਤ ਵਿਛੀ ਸੀ ਏਨੀ ਕਿ ਹੰਝੂਆਂ ਦੇ ਅਰਥ ਗੁਆਚ ਗਏ।

ਜੰਗਲ ਛੱਡ ਇਕ ਪੰਛੀ ਸੋਨੇ ਦੇ ਪਿੰਜਰੇ ਵਿਚ ਜਾ ਬੈਠਾ,
ਚੂਰੀ ਖਾਂਦੇ ਹੀ ਉਸਦੇ ਖੰਭਾਂ ਦੇ ਅਰਥ ਗੁਆਚ ਗਏ।

ਚੰਗਾ ਸੀ ਜੋ ਚੁੱਪ ਦੀ ਭਾਸ਼ਾ ਵਿਚ ਦਿਲ ਦੀ ਗੱਲ ਕਹਿ ਲੈਂਦਾ,
ਮੂੰਹੋਂ ਬੋਲਣ ਸਾਰ ਮੇਰੇ ਸ਼ਬਦਾਂ ਦੇ ਅਰਥ ਗੁਆਚ ਗਏ।

ਕਵੀ ਹਾਂ ਸਿਰਫ਼ ਏਹੋ ਹੀ ਕਸੂਰ ਹੈ ਮੇਰਾ

ਕਵੀ ਹਾਂ ਸਿਰਫ਼ ਏਹੋ ਹੀ ਕਸੂਰ ਹੈ ਮੇਰਾ,
ਕਿ ਅੱਧੀ ਰਾਤ ਨੂੰ ਹਰਫ਼ਾਂ ਨੂੰ ਤੰਗ ਕਰਦਾ ਹਾਂ।
ਫਜ਼ੂਲ ਦੋਸ਼ ਹੈ ਮੇਰੇ 'ਤੇ ਇਹ ਹਨ੍ਹੇਰੇ ਦਾ,
ਕਿ ਸਾਰੇ ਸ਼ਹਿਰ ਦੀ ਮੈਂ ਨੀਂਦ ਭੰਗ ਕਰਦਾ ਹਾਂ।

ਮੇਰੀ ਹੈ ਰੀਝ ਮਿਲੇ ਚੋਗ ਸਾਰੇ ਬੋਟਾਂ ਨੂੰ,
ਤੇ ਐਸੇ ਖੰਭ ਵੀ ਸਹਿ ਲੈਣ ਜਿਹੜੇ ਚੋਟਾਂ ਨੂੰ,
ਨਾ ਰਾਜ ਭਾਗ ਨਾ ਸ਼ੁਹਰਤ ਨਾ ਸੁਰਗ ਦਾ ਬੂਹਾ,
ਮੈਂ ਸਿਰਫ਼ ਛੋਟੀਆਂ ਚੀਜ਼ਾਂ ਦੀ ਮੰਗ ਕਰਦਾ ਹਾਂ।

ਇਹ ਗ਼ਰਦ ਝਾੜ ਕੇ ਹਉਮੈ ਦੀ ਅਪਣੀ ਕਾਇਆ ਤੋਂ,
ਬਚਾ ਕੇ ਆ ਗਿਆ ਪੱਲੂ ਹੁਸੀਨ ਮਾਇਆ ਤੋਂ,
ਰਗ਼ਾਂ ‘ਚ ਜੰਮੀਆਂ ਬਰਫ਼ਾਂ ਨੂੰ ਤੋੜ ਕੇ ਯਾਰੋ,
ਮੈਂ ਅਪਣੀ ਹੋਂਦ ਨੂੰ ਪਤਲੀ ਪਤੰਗ ਕਰਦਾ ਹਾਂ।

ਪਹਾੜ ਯਾਰ ਨੇ ਮੇਰੇ ਤੇ ਝੀਲਾਂ ਮਾਵਾਂ ਨੇ,
ਭਰਾ ਨੇ ਬਿਰਖ ਤੇ ਭੈਣਾਂ ਇਹ ਠੰਢੀਆਂ ਛਾਵਾਂ ਨੇ,
ਸੁਗੰਧੀ ਪ੍ਰੇਮਿਕਾ ਮੇਰੀ ਤੇ ਫੁੱਲ ਬੱਚੇ ਨੇ,
ਮੈਂ ਕਿੰਨੇ ਪਿਆਰਿਆਂ ਜੀਆਂ ਦਾ ਸੰਗ ਕਰਦਾ ਹਾਂ।

ਕਿਸੇ ਵੀ ਸ਼ੂਕਦੇ ਦਰਿਆ 'ਤੇ ਪੁੱਲ ਨਾ ਹੋ ਸਕੀਆਂ,
ਮੇਰੇ ਹੀ ਹਾਲ 'ਤੇ ਗ਼ਜ਼ਲਾਂ ਨਾ ਹੱਸ ਨਾ ਰੋ ਸਕੀਆਂ।
ਇਨਾਂ ‘ਚ ਮਹਿਕ ਹਾਲੇ ਤੀਕ ਭਰ ਨਹੀਂ ਸਕਿਆ,
ਮੈਂ ਐਵੇਂ ਕਾਗ਼ਜ਼ੀ ਫੁੱਲਾਂ ਨੂੰ ਰੰਗ ਕਰਦਾ ਹਾਂ।

ਟਾਹਲੀ

ਬੂਟਾ ਸਿੰਘ ਕੋਲੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ,
ਕਿਹੜੀ ਗੱਲੋਂ ਅੱਜ ਤੂੰ ਕੁਹਾੜਾ ਹੈ ਉਠਾ ਲਿਆ?
ਕੀ ਤੂੰ ਏਸ ਚੰਦਰੇ ਦਿਹਾੜੇ ਦੀ ਉਡੀਕ ‘ਚ ਸੀ,
ਧੀਆਂ ਵਾਂਗੂੰ ਚਾਵਾਂ ਨਾਲ ਮੈਨੂੰ ਹੈ ਸੀ ਪਾਲਿਆ।

ਭੁੱਲ ਗਿਆ ਉਹ ਕੂਲ਼ੇ-ਕੂਲ਼ੇ ਪੱਤਿਆਂ ਦੇ ਗੀਤ ਮੇਰੇ,
ਭੁੱਲ ਗਿਆ ਉਹ ਛਾਵਾਂ ਜੋ ਦੁਪਹਿਰਾਂ ਨੂੰ ਤੂੰ ਮਾਣੀਆਂ।
ਭੁੱਲ ਗਿਆ ਤੂੰ ਭਰੇ ਮਨਨਾਲ ਜੋ ਸੁਣਾਈਆਂ ਮੈਨੂੰ,
ਹਉਕਿਆਂ ‘ਚ ਡੁੱਬ ਡੁੱਬ ਲੰਮੀਆਂ ਕਹਾਣੀਆਂ।

ਭੁੱਲ ਗਿਆ ਅਸੀਸਾਂ ਜੜਾਂ ਮੇਰੀਆਂ ਨੇ ਦਿੱਤੀਆਂ ਜੋ,
ਭੁੱਲ ਗਿਆ ਉਹ ਪੀਂਘਾਂ ਕੱਲ ਧੀਆਂ ਨੇ ਜੋ ਝੂਟੀਆਂ।
ਖੇਡ ਖੇਡ ਵਿਚ ਮੇਰੇ ਉੱਤੇ ਬਹਿੰਦੇ ਉੱਡ ਕੇ ਸੀ,
ਜਿਨਾਂ ਦੀਆਂ ਚਾਦਰਾਂ ਦੇ ਸੂਹੇ ਫੁੱਲ ਬੂਟੀਆਂ।

ਭੁੱਲ ਗਿਆ ਤੂੰ ਡਿੱਗੇ ਹੋਏ ਬੋਟਾਂ ਨੂੰ ਉਠਾ ਕੇ ਜਦੋਂ,
ਟਹਿਣੀ ਉੱਤੇ ਆਲਣੇ ‘ਚ ਰੱਖਦਾ ਸੀ ਬੋਚ ਕੇ।
ਤੇਰੀ ਰਾਜ਼ਦਾਰ ਧੀਆਂ ਤੇਰੀਆਂ ਦੀ ਸਖੀ ਹਾਂ ਮੈਂ,
ਆ ਗਿਐਂ ਕੁਹਾੜਾ ਲੈ ਕੇ ਅੱਜ ਤੂੰ ਕੀ ਸੋਚ ਕੇ?

ਬੂਟਾ ਸਿੰਘ ਕੋਲੋਂ ਟਾਹਲੀ ਪੁੱਛਦੀ ਹੈਰਾਨ ਹੋ ਕੇ…

ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ,
ਸੱਚ ਹੈ ਮੈਂ ਧੀਆਂ ਵਾਂਗੂੰ ਤੈਨੂੰ ਵੀ ਹੈ ਪਾਲਿਆ।
ਧੀਆਂ ਤਾਈਂ ਵੱਢਣਾ ਹੈ ਭਾਰ ਵੱਡਾ ਆਤਮਾ 'ਤੇ,
ਏਸੇ ਦੁਬਿਧਾ ਨੇ ਮੈਨੂੰ ਵਿਚੋਂ ਵਿਚ ਖਾ ਲਿਆ।

ਵੱਡੀ ਧੀ ਜੋ ਮੇਰੇ ਨਾਲ ਜੰਮੀ ਸੀ, ਜੁਆਨ ਹੋਈ,
ਤੇਰੇ ਵਿਚੋਂ ਧੀ ਨੂੰ, ਕਦੇ ਤੈਨੂੰ ਵੇਖਾਂ ਓਸ ‘ਚੋਂ।
ਇੱਕ ਧੀ ਨੂੰ ਵੱਢ ਕੇ ਹੀ ਦੂਜੀ ਘਰੋਂ ਤੋਰ ਹੋਣੀ,
ਬਚਿਆ ਨਹੀਂ ਜਾਣਾ ਮੈਥੋਂ ਹੱਤਿਆ ਦੇ ਦੋਸ਼ ਤੋਂ।

ਹੌਲੀ ਜਿਹੀ ਭੁਇੰ ਬੜੀ ਹੌਲੀ ਹੈ ਔਕਾਤ ਮੇਰੀ,
ਹੌਲੀਆਂ ਕਪਾਹਾਂ ਅਜੇ ਹੌਲੀਆਂ ਨੇ ਟਾਹਲੀਆਂ।
ਭੁਇੰ ਨਾਲੋਂ ਭਾਰੀਆਂ ਜੰਜੀਰਾਂ ਮੈਨੂੰ ਨੂੜਿਆ ਏ
ਤੇਰੇ ਨਾਲੋਂ ਭਾਰੀਆਂ ਸਿਓਨੇ ਦੀਆਂ ਬਾਲੀਆਂ।

ਧੀਆਂ ਨੇ ਤਾਂ ਫੇਰ ਵੀ ਪਰਾਏ ਘਰੀਂ ਵੱਸ ਜਾਣਾ,
ਤੇਰੀ ਗੋਦੀ ਖੇਡਦੇ ਪਰਿੰਦੇ ਕਿੱਥੇ ਰਹਿਣਗੇ?
ਜਿਵੇਂ ਜਿਵੇਂ ਚੱਲੂਗਾ ਕੁਹਾੜਾ ਮੇਰਾ ਤੇਰੇ ਉੱਤੇ,
ਓਵੇਂ ਓਵੇਂ ਸੱਕ ਮੇਰੇ ਕਾਲਜੇ ਦੇ ਲਹਿਣਗੇ।

ਬੂਟਾ ਸਿੰਘ ਭਰ ਕੇ ਗਲੇਡੂ ਮਸਾਂ ਬੋਲਿਆ…

ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼

ਲਾਟ ਹੈ ਇਕ ਜਾ ਰਹੀ ਉਡਦੇ ਪਰਾਂ ਦੇ ਨਾਲ਼ ਨਾਲ਼
ਦਰਦ ਦੀ ਗੰਗਾ ਵਗੇ ਸਹਿਮੇ ਘਰਾਂ ਦੇ ਨਾਲ਼ ਨਾਲ਼

ਖ਼ੂਬ ਹੈ ਅੰਦਾਜ਼ ਉਹਨਾਂ ਦਾ ਅਮੀਰੀ ਦੇਣ ਦਾ
ਕਰਦ ਸੋਨੇ ਦੀ ਟਿਕਾ ਗਏ ਆਂਦਰਾਂ ਦੇ ਨਾਲ਼ ਨਾਲ਼

ਧੜਕਦੇ ਦਿਲ ਦੀ ਮਿਲਾ ਦੇ ਤਾਲ ਤੂੰ ਏਧਰ ਅਸੀਂ
ਛਾਲਿਆਂ ਦੇ ਬੋਰ ਪਹਿਨੇ ਝਾਂਜਰਾਂ ਦੇ ਨਾਲ਼ ਨਾਲ਼

ਫੇਰ ਕੀ ਜੇ ਪਹੁੰਚਿਆ ਪੰਛੀ ਨਹੀਂ ਅਸਮਾਨ ਤਕ
ਮਰ ਕੇ ਉਡਦੇ ਖੰਭ ਉਸਦੇ ਅੰਬਰਾਂ ਦੇ ਨਾਲ਼ ਨਾਲ਼

ਹੰਸ ਤੇ ਬਗਲੇ ਪਛਾਣੇ ਜਾਣਗੇ ਏਸੇ ਤਰ੍ਹਾਂ
ਮੋਤੀਆਂ ਦੀ ਚੋਗ ਪਾ ਦੇ ਕੰਕਰਾਂ ਦੇ ਨਾਲ਼ ਨਾਲ਼

ਚਮਕ ਹੈ ਕਿਸਦੀ ਜਿ਼ਆਦਾ ਫੈਸਲੇ ਹੋ ਜਾਣਗੇ
ਸੁਲਗ਼ਦੇ ਜਜ਼ਬੇ ਟਿਕਾ ਦੇ ਖ਼ੰਜਰਾਂ ਦੇ ਨਾਲ਼ ਨਾਲ਼

ਨੇਰ੍ਹੀਆਂ ਵਿਚ ਬਿਰਖ ਤੇ ਬੰਦੇ ਦਾ ਇਕੋ ਹਸ਼ਰ ਹੈ
ਆਦਮੀ ਦਾ ਦਿਲ ਤੇ ਪੱਤੇ ਥਰਥਰਾਂਦੇ ਨਾਲ਼ ਨਾਲ਼

ਇਹ ਕਦੋਂ ਚੱਲੇਗਾ ਬਣ ਕੇ ਜਿੰਦਗੀ ਦਾ ਹਮਸਫ਼ਰ
ਦੌੜਦਾ ਈਮਾਨ ਹਾਲੇ ਡਾਲਰਾਂ ਦੇ ਨਾਲ਼ ਨਾਲ਼

ਪੂਰਨਾ ਤੂੰ ਜੋਗ ਲੈ ਕੇ ਮੁਕਤ ਹੋ ਸਕਦਾ ਨਹੀਂ
ਆਤਮਾ ਤੜਪੇਗੀ ਤੇਰੀ ਸੁੰਦਰਾਂ ਦੇ ਨਾਲ਼ ਨਾਲ਼

ਸਿ਼ਅਰ 'ਤੇ ਭਾਵੇਂ ਨਾ ਦੇਈਂ ਦਾਦ ਪਰ ਅਹਿਸਾਸ ਕਰ
ਕਿਸ ਤਰ੍ਹਾਂ ਮੈਂ ਤੜਪਿਆ ਹਾਂ ਅੱਖਰਾਂ ਦੇ ਨਾਲ਼ ਨਾਲ਼

ਮੌਸਮ ਨਾ-ਸਾਜ਼ਗਾਰ ਹੈ ਬਣ ਕੇ ਬਹਾਰ ਮਿਲ

ਮੌਸਮ ਨਾ-ਸਾਜ਼ਗਾਰ ਹੈ ਬਣ ਕੇ ਬਹਾਰ ਮਿਲ
ਹਰ ਪਲ ਹੀ ਸੋਗਵਾਰ ਹੈ ਦਿਲ ਦੇ ਕਰਾਰ ਮਿਲ

ਦਿਲ ਦੇ ਕਵਾੜ ਖੋਲ੍ਹ ਕੇ ਰੱਖੇ ਮੈਂ ਦੇਰ ਤੋਂ
ਤੇਰਾ ਹੀ ਇੰਤਜ਼ਾਰ ਹੈ ਹੁਣ ਵਾਰ ਵਾਰ ਮਿਲ

ਮੇਰੇ ਨਿਮਾਣੇ ਗੀਤ ਦੀ ਤੇਰੇ ਸੁਰਾਂ ਬਗ਼ੈਰ
ਬਸ ਉਮਰ ਘੜੀਆਂ ਚਾਰ ਹੈ ਬਣ ਕੇ ਸਿਤਾਰ ਮਿਲ

ਤੇਰੇ ਹੁੰਗਾਰੇ ਵਾਸਤੇ ਸਤਰਾਂ ਵੈਰਾਗੀਆਂ
ਹਰ ਸ਼ਬਦ ਬੇਕਰਾਰ ਹੈ ਖ਼ਤ ਮਿਲਣਸਾਰ ਮਿਲ

ਸਾਰੇ ਹੀ ਦਰ ਜੇ ਬੰਦ ਨੇ ਬਣ ਕੇ ਹਵਾ ਤੂੰ ਆ
ਰਾਹਾਂ ‘ਚ ਜੇ ਦੀਵਾਰ ਹੈ ਬਾਹਾਂ ਪਸਾਰ ਮਿਲ

ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ

ਹੋਰਾਂ ਲਈ ਨੇ ਗਾਗਰਾਂ ਇਕ ਦੋ ਬਥੇਰੀਆਂ
ਤੇਰੀ ਨਦੀ ਤੋਂ ਮੇਰੀਆਂ ਤੇਹਾਂ ਲੰਮੇਰੀਆਂ

ਤੇਰੇ ਸ਼ਹਿਰ ਦੇ ਬਾਣੀਏ ਲੈ ਗਏ ਉਧਾਲ਼ ਕੇ
ਜਦ ਵੀ ਉਮੰਗਾਂ ਮੇਰੀਆਂ ਹੋਈਆਂ ਲਵੇਰੀਆਂ

ਚੰਗਾ ਭਲਾ ਸੀ ਓਸਨੂੰ ਇਕਦਮ ਕੀ ਹੋ ਗਿਆ
ਪਹਿਲਾਂ ਬਣਾਉਂਦਾ ਹੈ ਤੇ ਫਿਰ ਢਾਹੁੰਦਾ ਹੈ ਢੇਰੀਆਂ

ਹਾਲੇ ਵੀ ਸਦੀਆਂ ਬਾਅਦ ਹੈ ਕੰਬਦੀ ਦਰੋਪਤੀ
ਮਰਦਾਂ ਜੁਆਰੀਆਂ ਜਦੋਂ ਨਰਦਾਂ ਬਖੇ਼ਰੀਆਂ

ਏਧਰ ਤਾਂ ਨਾਗਾਂ ਘੇਰ ਲਏ ਚਿੜੀਆਂ ਦੇ ਆਲ੍ਹਣੇ
ਉੱਡੀਆਂ ਤਾਂ ਓਧਰ ਅੰਬਰੀਂ ਕਾਗਾਂ ਨੇ ਘੇਰੀਆਂ

ਉਹਨਾਂ ਨੂੰ ਗੂੰਗੇ ਵਕਤ ਨੇ ਸੁਕਰਾਤ ਨਾ ਕਿਹਾ
ਯਾਰਾਂ ਨੇ ਏਥੇ ਪੀਤੀਆਂ ਜ਼ਹਿਰਾਂ ਬਥੇਰੀਆਂ

ਧਰਤੀ ਨੂੰ ਕੱਜਣ ਵਾਸਤੇ ਪੁੰਨਿਆਂ ਦੀ ਰਾਤ ਨੂੰ
ਮਾਈ ਨੇ ਬਹਿ ਕੇ ਚੰਨ 'ਤੇ ਕਿਰਨਾਂ ਅਟੇਰੀਆਂ

ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ ਹੁੰਦੀ

ਸਮੁੰਦਰ ਵਿਚ ਵੀ ਨਾ ਇਹ ਜਿੰਦਗੀ ਲੰਮੀ ਸਜਾ ਹੁੰਦੀ
ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ
ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ

ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ
ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ

ਥਲਾਂ ਵਿੱਚ ਸਿਰ ਤੇ ਛਾਂ ਕਰਕੇ ਗੁਜਰ ਜਾਂਦੀ ਹੈ ਜੋ ਬਦਲੀ
ਉਹ ਸਾਵੇਂ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ
ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ

ਅਸੀਂ ਤਾਂ ਸਿਰਫ਼ ਰੂਹਾਂ ‘ਚੋਂ ਕਸੀਦੇ ਦਰਦ ਲਿਖਦੇ ਹਾਂ
ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ।

ਇਕ ਦੂਜੇ ਦੇ ਨੇੜੇ ਆਏ ਤੇਰਾ ਖ਼ੰਜਰ ਮੇਰਾ ਦਿਲ

ਇਕ ਦੂਜੇ ਦੇ ਨੇੜੇ ਆਏ ਤੇਰਾ ਖ਼ੰਜਰ ਮੇਰਾ ਦਿਲ
ਬਸ ਟਕਰਾਏ ਕਿ ਟਕਰਾਏ ਤੇਰਾ ਖ਼ੰਜਰ ਮੇਰਾ ਦਿਲ

ਕੀ ਹੋਇਆ ਜੇ ਮੌਸਮ ਫਿੱਕਾ ਪਰ ਕਬਰਾਂ ਦੇ ਫੁੱਲ 'ਤੇ
ਕਿੰਨੇ ਸੋਹਣੇ ਰੰਗ ਲਿਆਏ ਤੇਰਾ ਖ਼ੰਜਰ ਮੇਰਾ ਦਿਲ

ਖੌਰੇ ਕਾਹਤੋਂ ਭੁੱਲ ਗਿਆ ਉਹ ਹੋਰ ਹਾਦਸੇ ਸਾਰੇ ਹੀ
ਪਰ ਉਸ ਤੋਂ ਨਾ ਜਾਣ ਭੁਲਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਤਾਂ ਸੁਰਖ਼ ਲਹੂ ਨੂੰ ਤਰਸੇ ਦੂਜਾ ਪਾਕ ਮੁਹੱਬਤ ਨੂੰ
ਦੋਵੇਂ ਹੀ ਡਾਢੇ ਤਿਰਹਾਏ ਤੇਰਾ ਖ਼ੰਜਰ ਮੇਰਾ ਦਿਲ

ਇਕ ਸੀ ਰਾਜਾ ਇਕ ਸੀ ਰਾਣੀ ਕਥਾ ਪੁਰਾਣੀ ਹੋ ਚੱਲੀ
ਅੱਜਕੱਲ੍ਹ ਅਖ਼ਬਾਰਾਂ 'ਤੇ ਛਾਏ ਤੇਰਾ ਖ਼ੰਜਰ ਮੇਰਾ ਦਿਲ

ਪੌਣਾਂ ਨੇ ਸਾਹ ਰੋਕ ਲਿਆ ਕੀ ਹੋਏਗਾ, ਬੇਦਰਦਾਂ ਨੇ
ਇੱਕੋ ਥਾਲੀ਼ ਵਿਚ ਟਿਕਾਏ ਤੇਰਾ ਖ਼ੰਜਰ ਮੇਰਾ ਦਿਲ

ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ

ਜਜੀਰਾ ਹਾਂ ਚੁਫੇਰੇ ਕੈਦ ਹੈ ਬਿਫਰੇ ਸਮੁੰਦਰ ਦੀ
ਚਲੋ ਕੋਈ ਤਾਂ ਖਿੜਕੀ ਸਾਹਮਣੇ ਖੁੱਲੀ, ਹੈ ਅੰਬਰ ਦੀ

ਮੇਰੇ ਮਾਸੂਮ ਜਜ਼ਬੇ ਰੋਜ਼ ਹੀ ਇਸ ਅੰਦਰ ਚਿਣੇ ਜਾਂਦੇ
ਮੇਰੇ ਸੀਨੇ ‘ਚ ਨਿੱਤ ਸਰਹਿੰਦ ਦੀ ਦੀਵਾਰ ਉਸਰਦੀ

ਜ਼ਹਿਨ ਦੇ ਆਲ੍ਹਣੇ ਵਿਚ ਦੇਰ ਤੋਂ ਜੋ ਫੜਫੜਾਉਂਦਾ ਹੈ
ਜਗਾਉਂਦੀ ਰਾਤ ਭਰ ਮੈਨੂੰ ਗੁਟਰਗੂੰ ਉਸ ਕਬੂਤਰ ਦੀ

ਘਰੋਂ ਤਾਂ ਤੁਰ ਪਿਆ ਸਾਂ, ਮੈਂ ਵੀ ਬਣ ਜਾਣਾ ਸੀ ਪੈਗੰਬਰ
ਲਿਆਉਂਦੀ ਮੋੜ ਕੇ ਮੈਨੂੰ ਨਾ ਜੇ ਆਵਾਜ਼ ਝਾਂਜਰ ਦੀ

ਘਟਾਵਾਂ ਕਾਲੀਆਂ, ਨਦੀਆਂ, ਸਮੁੰਦਰ ਰੋਜ਼ ਹੀ ਚਿਤਰੇ
ਪਤਾ ਨਹੀਂ ਪਿਆਸ ਕਿਥੋਂ ਤੀਕ ਫੈਲੀ ਹੈ ਮੁਸਵਰ ਦੀ

ਬਰੂਹਾਂ ਤੇ ਖੁਸ਼ੀ ਤੇ ਫਿਕਰ ਨਾਲੋ ਨਾਲ ਆਉਂਦੇ ਨੇ
ਜਦੋਂ ਗਮਲੇ ਦੇ ਵਿਚ ਕੋਈ ਪੱਤੀ ਹੈ ਪੁੰਗਰਦੀ

ਘਰਾਂ ਦਾ ਰਾਜ਼ ਇਹ ਗਲੀਆਂ ‘ਚ ਫਿਰ ਕੇ ਨਸ਼ਰ ਕਰ ਦੇਵੇ
ਹਵਾ ਜਾਸੂਸ ਹੈ ਕਿਹੜੀ ਖਬਰ ਰੱਖਦੀ ਘਰ ਘਰ ਦੀ

ਦਫ਼ਨ ਹੋ ਕੇ ਵੀ ਉਹ ਬੇਚੈਨ ਹੈ ਲੋਕਾਂ ‘ਚ ਆ ਬਹਿੰਦੈ
ਅਜੇ ਸੱਥਾਂ ‘ਚ ਲਗਦੀ ਹਾਜ਼ਰੀ ਉਸ ਗੈਰਹਾਜ਼ਰ ਦੀ

ਤੁਰਦੇ ਨੇ ਪੈਰ ਭਾਵੇਂ ਧੁਖ਼ਦੇ ਅੰਗਾਰਿਆਂ 'ਤੇ

ਤੁਰਦੇ ਨੇ ਪੈਰ ਭਾਵੇਂ ਧੁਖ਼ਦੇ ਅੰਗਾਰਿਆਂ 'ਤੇ
ਖਾਬਾਂ ‘ਚ ਕਹਿਕਸ਼ਾਂ ਹੈ ਨਜ਼ਰਾਂ ਸਿਤਾਰਿਆਂ 'ਤੇ

ਦਿੰਦੇ ਨੇ ਜ਼ਖ਼ਮ ਤਾਂ ਕੀ ਅਥਰੂ ਤਾਂ ਪੂੰਝਦੇ ਨੇ
ਕਿੰਨਾ ਹੈ ਮਾਣ ਸਾਨੂੰ ਮਿੱਤਰਾਂ ਪਿਆਰਿਆਂ 'ਤੇ

ਸਾਨੂੰ ਤਾਂ ਭਾ ਗਿਆ ਹੈ ਕੀ ਕੁਝ ਸਿਖਾ ਗਿਆ ਹੈ
ਪਰਵਾਨਿਆਂ ਦਾ ਆਉਣਾ ਅੱਗ ਦੇ ਇਸ਼ਾਰਿਆਂ 'ਤੇ

ਕਰੀਏ ਕੀ ਉਸ ਨਦੀ ਦਾ ਭਰ ਕੇ ਜੁ ਵਗ ਰਹੀ ਹੈ
ਇਕ ਵੀ ਛੱਲ ਨਾ ਆਈ ਤਪਦੇ ਕਿਨਾਰਿਆਂ 'ਤੇ

ਨਰਕਾਂ ਨੂੰ ਹੀ ਬਣਾਈਏ ਹੁਣ ਤਾਂ ਜਿਉਣ ਜੋਗੇ
ਉਮਰਾਂ ਗੁਜ਼ਾਰ ਲਈਆਂ ਸੁਰਗਾਂ ਦੇ ਲਾਰਿਆਂ 'ਤੇ

ਵਾਅਦਾ ਵਫ਼ਾ ਦਾ ਕਰਨਾ ਸੌਖਾ ਬੜਾ ਹੈ ਲੇਕਿਨ
ਸਦੀਆਂ ਤੋਂ ਪਰਖ਼ ਇਸਦੀ ਹੁੰਦੀ ਹੈ ਆਰਿਆਂ 'ਤੇ

ਧੁੱਪਾਂ ਉਦਾਸ ਨੇ ਕਿਤੇ ਛਾਵਾਂ ਉਦਾਸ ਨੇ

ਧੁੱਪਾਂ ਉਦਾਸ ਨੇ ਕਿਤੇ ਛਾਵਾਂ ਉਦਾਸ ਨੇ।
ਬੇਗ਼ਮਪੁਰੇ ਨੂੰ ਜਾਂਦੀਆਂ ਰਾਹਵਾਂ ਉਦਾਸ ਨੇ।

ਚੂੜੇ ਕਲੀਰੇ ਵਾਲੀਆਂ ਬਾਹਵਾਂ ਉਦਾਸ ਨੇ,
ਸਿਹਰੇ ਉਦਾਸ ਨੇ ਕਿਤੇ ਲਾਵਾਂ ਉਦਾਸ ਨੇ।

ਜਨਣੀ ਮਿਰੀ ਤੇ ਦੂਸਰੀ ਬੋਲੀ ਇਹ ਸ਼ਰਬਤੀ,
ਅਜ ਕਲ ਦੋਵੇਂ ਹੀ ਮੇਰੀਆਂ ਮਾਵਾਂ ਉਦਾਸ ਨੇ।

ਸਭ ਖ਼ੈਰ ਸੁਖ ਹੈ ਇਸ ਤਰਾਂ ਛਪਦੀ ਨਹੀਂ ਖ਼ਬਰ,
ਅਖ਼ਬਾਰ ਦੇ ਸਫ਼ੇ 'ਤੇ ਘਟਨਾਵਾਂ ਉਦਾਸ ਨੇ।

ਫੜ ਵੀ ਸਕਾਂਗੇ ਜਾਂ ਨਹੀਂ ਉਡਦੀ ਸੁਗੰਧ ਨੂੰ,
ਕੁਝ ਬੰਦਿਆਂ ਸਿਆਣਿਆਂ ਦੀਆਂ ਰਾਵਾਂ ਉਦਾਸ ਨੇ।

ਕੋਈ ਇਨਾਂ ਨੂੰ ਦੇ ਦਵੇ ਖ਼ੁਸ਼ੀਆਂ ਦੇ ਚਾਰ ਪਲ,
ਗ਼ਜ਼ਲਾਂ ਉਦਾਸ ਨੇ ਤੇ ਕਵਿਤਾਵਾਂ ਉਦਾਸ ਨੇ।

ਫਿਰਨੀ, ਪਹੀ, ਹਰਿਕ ਗਲੀ ਹੱਟੀਆਂ ਤੇ ਭੱਠੀਆਂ,
ਮੇਰੇ ਗਰਾਂ ਇਹ ਸਾਰੀਆਂ ਥਾਵਾਂ ਉਦਾਸ ਨੇ।

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ

ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ।
ਪਤਾ ਨਈਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲਗਦਾ।

ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ‘ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।

ਕਿਵੇਂ ਇਕ ਨਾਮ ਦੇਈਏ ਇਸ ‘ਚ ਸਭ ਰਿਸ਼ਤੇ ਸਮੋਏ ਨੇ,
ਲਹੂ ਵਿਚ ਦਰਦ ਜੋ ਘੁਲ਼ਿਆ ਹੈ ਸਾਡਾ ਕੀ ਨਹੀਂ ਲਗਦਾ।

ਕਿਸੇ ਨੂੰ ਜਗ ਰਹੀ ਹਰ ਚੀਜ਼ ‘ਚੋਂ ਸੂਰਜ ਨਜ਼ਰ ਆਵੇ,
ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲਗਦਾ ।

ਜਦੋਂ ਤਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ,
ਪਤਾ ਮੁੱਠੀ 'ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ।

ਛਿੜੇ ਜਦ ਕੰਬਣੀ ਖ਼ਾਬਾਂ 'ਚ ਉਸ ਵੇਲੇ ਸਮਝ ਆਉਂਦੀ,
ਕਿ ਪਾਲ਼ਾ ਸਿਰਫ਼ ਖੁਲ੍ਹੀਆਂ ਬਾਰੀਆਂ ਵਿਚਦੀ ਨਹੀਂ ਲਗਦਾ।

ਘੜੀ ਵਿਚ ਨੁਕਸ ਹੈ ਜਾਂ ਵਕ਼ਤ ਹੀ ਬੇਵਕ਼ਤ ਹੋ ਚੱਲਿਆ,
ਸਵੇਰਾ ਹੋ ਗਿਆ ਪਰ ਦਿਨ ਤਾਂ ਚੜ੍ਹਿਆ ਹੀ ਨਹੀਂ ਲਗਦਾ।

ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ

ਸੁਣੀਆਂ ਖ਼ੁਦੀ ਤੋਂ ਬੇਖ਼ੁਦੀ ਤੀਕਰ ਕਹਾਣੀਆਂ।
ਫਿਰ ਵੀ ਮੈਂ ਜ਼ਿੰਦਗੀ ਦੀਆਂ ਰਮਜ਼ਾਂ ਨਾ ਜਾਣੀਆਂ।

ਦਿਸੀਆਂ ਸੀ ਖ਼ੁਦ ਨੂੰ ਤੇਰਿਆਂ ਨੈਣਾਂ 'ਚੋਂ ਦੇਖ ਕੇ,
ਮੇਰੇ ਜ਼ਿਹਨ 'ਚ ਉਲਝੀਆਂ ਜਿੰਨੀਆਂ ਵੀ ਤਾਣੀਆਂ।

ਮੁੜ ਮੁੜ ਕੇ ਮੈਨੂੰ ਕਰ ਰਿਹੈਂ ਝੀਲਾਂ ਦੇ ਰੂਬਰੂ,
ਹਾਲੇ ਵੀ ਨਾ ਤੂੰ ਮੇਰੀਆਂ ਤੇਹਾਂ ਪਛਾਣੀਆਂ।

ਮਿਲਿਆ ਕਿਸੇ ਵੀ ਯੁੱਗ 'ਚ ਨਾ ਇਕ ਪਲ ਸਕੂਨ ਦਾ,
ਖੰਡਰ ਲਏ ਫਰੋਲ ਮੈਂ ਥੇਹਾਂ ਵੀ ਛਾਣੀਆਂ।

ਗ਼ਰਦਿਸ਼ 'ਚ ਕਾਇਨਾਤ ਹੈ, ਤਾਰੇ ਨੇ ਬੇਆਰਾਮ,
ਹੁੰਦੀਆਂ ਮਹਾਨ ਹਸਤੀਆਂ ਆਖ਼ਰ ਨਿਮਾਣੀਆਂ।

ਪੰਛੀ ਵੀ ਸਿਰ ਤੋਂ ਲੰਘ ਕੇ ਪਹੁੰਚੇ ਦੁਮੇਲ ਤਕ,
ਤੂੰ ਕਿਉਂ ਖਲੋ ਕੇ ਦੇਖਦੈਂ ਪੈੜਾਂ ਪੁਰਾਣੀਆਂ।

ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ

ਉਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ
ਵੱਗ ਹੀ ਮੁੜਦੇ ਨੇ ਹੇ ਗੋਪਾਲ ਤੇਰੇ।
ਮੁਕਟ ਲਾਹ ਕੇ ਜੇ ਵਜਾਉਂਦਾ ਬੰਸਰੀ ਤੂੰ
ਸਾਰਾ ਜੰਗਲ ਝੂਮਣਾ ਸੀ ਨਾਲ ਤੇਰੇ।

ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ
ਰਿਜ਼ਕ ਅਪਣਾ ਨਾਮ ਤੇਰੇ ਕਰ ਰਿਹਾ ਹੈ।
ਬਹੁਤ ਗੁੰਝਲਦਾਰ ਹੈ ਤੇਰਾ ਤਲਿੱਸਮ
ਬਹੁਤ ਹੀ ਬਾਰੀਕ ਨੇ ਇਹ ਜਾਲ ਤੇਰੇ।

ਸੁੱਕੀਆਂ ਝੀਲਾਂ 'ਚ ਕੀ ਹੰਸਾਂ ਦੀ ਹੋਣੀ
ਰੋੜ ਖਾ ਖਾ ਕੇ ਕਦੋਂ ਤਕ ਜੀਣਗੇ ਇਹ
ਆਉਣਗੇ ਤੇ ਕਰਨਗੇ ਖ਼ਾਲੀ ਕਿਸੇ ਦਿਨ
ਮੋਤੀਆਂ ਦੇ ਨਾਲ ਲੱਦੇ ਥਾਲ ਤੇਰੇ।

ਕਿਸ ਤਰ੍ਹਾਂ ਦਾ ਹੈ ਭਲਾ ਇਹ ਅਹਿਦ ਤੇਰਾ।
ਫੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ।
ਘੇਰਦੇ ਰਹਿੰਦੇ ਨੇ ਭੀਲਾਂ ਨੂੰ ਯੁਗਾਂ ਤੋਂ
ਗੁੰਬਦਾਂ 'ਚੋਂ ਉਡ ਕੇ ਮਖਿਆਲ ਤੇਰੇ।

ਜਲ ਵੀ ਓਹੀ, ਪੌਣ ਓਹੀ, ਰੇਤ ਓਹੀ
ਜ਼ਖ਼ਮ ਵੀ ਓਹੀ ਤੇ ਸਿੰਮਦੀ ਰੱਤ ਓਹੀ
ਤੇਰੀ ਸ਼ਹਿ 'ਤੇ ਜੋ ਕੁਰੂਖੇਤਰ 'ਚ ਚੱਲੇ
ਭਰ ਕੇ ਹੁਣ ਵੀ ਵਗਣ ਓਹੀ ਖਾਲ ਤੇਰੇ।

ਓਹੀ ਸੀਨੇ, ਸੀਨਿਆਂ ਵਿਚ ਤੀਰ ਓਹੀ
ਦਰਦ ਓਹੀ, ਦਰਦ ਦੀ ਤਾਸੀਰ ਓਹੀ
ਫ਼ਰਕ ਬਸ ਏਨਾ ਪਿਆ ਕਲਯੁਗ ਚ ਆ ਕੇ
ਬਣ ਗਏ ਕੌਰਵ ਵੀ ਭਾਈਵਾਲ ਤੇਰੇ

ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ

ਅੱਗ ਹੈ ਪਾਣੀ ਹੈ, ਇਹ ਆਕਾਸ਼ ਹੈ ਜਾਂ ਪੌਣ ਹੈ।
ਮੇਰੇ ਚੇਤਨ ਤੇ ਅਚੇਤਨ ਦੇ ਵਿਚਾਲੇ ਕੌਣ ਹੈ।

ਮਨ ਦੀਆਂ ਰੁੱਤਾਂ ਦੇ ਇਸ ਕੋਲਾਜ ਨੂੰ ਕੀ ਨਾਂ ਦਿਆਂ,
ਮੇਰੀਆਂ ਅੱਖਾਂ 'ਚ ਅੱਧਾ ਹਾੜ੍ਹ ਅੱਧਾ ਸੌਣ ਹੈ।

ਪੈਲ ਪਾ ਕੇ ਨੱਚਣਾ ਤੈਨੂੰ ਬੜਾ ਮਹਿੰਗਾ ਪਿਆ,
ਨੱਚਦੀਆਂ ਛੁਰੀਆਂ 'ਚ ਹੁਣ ਮੋਰਾ ਵੇ ਤੇਰੀ ਧੌਣ ਹੈ।

ਤੇਰੇ ਜਤ ਸਤ ਤੋਂ ਜ਼ਿਆਦਾ, ਤੇਰੇ ਤਰਲੇ ਤੋਂ ਵਧੀਕ
ਪੂਰਨਾ ਇਸ ਕਲਯੁਗੀ ਖੂਹ ਦੀ ਉਚੇਰੀ ਮੌਣ ਹੈ।

ਸਾੜ ਕੇ ਮੇਰਾ ਲਹੂ ਮਹਿਕਾਂ ਫ਼ਿਜ਼ਾ ਵਿਚ ਵੰਡਦੀ,
ਮੇਰੇ ਅੰਦਰ ਧੁਖ਼ ਰਹੀ ਇਹ ਅਗਰਬੱਤੀ ਕੌਣ ਹੈ।

ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ

ਚੰਨ ਅਸਮਾਨ 'ਚ ਕੰਬਦਾ ਵੇਖ ਗ਼ਜ਼ਬ ਦਾ ਖੇਲ
ਜਗਦੇ ਦੀਵੇ ਪੀ ਰਹੇ ਇਕ ਦੂਜੇ ਦਾ ਤੇਲ

ਰਿਸ਼ਤੇ, ਰੀਝਾਂ, ਅੱਥਰੂ ਮਿਲਣ ਬਾਜ਼ਾਰੋਂ ਆਮ
ਕੀ ਹੁਣ ਦਰਦ ਵਿਯੋਗ ਦਾ ਕੀ ਰੂਹਾਂ ਦਾ ਮੇਲ

ਥਾਏਂ ਖੜ੍ਹੀ ਉਡੀਕਦੀ ਯਾਤਰੀਆਂ ਦੀ ਭੀੜ
ਲੀਹਾਂ ਛੱਡ ਅਸਮਾਨ 'ਤੇ ਦੌੜ ਰਹੀ ਹੈ ਰੇਲ

ਘਰ ਦੀ ਹਾਲਤ ਦੇਖ ਕੇ, ਭੁੱਲ ਰੰਗੀਲੇ ਖ਼ਾਬ
ਬੁੱਢੇ ਰੁੱਖ 'ਤੇ ਚੜ੍ਹ ਗਈ ਇਕ ਕੁਰਲਾਉਂਦੀ ਵੇਲ

ਅੱਜ ਮੇਰੀ ਸੰਵੇਦਨਾ ਓਸ ਕੁੜੀ ਦੇ ਨਾਮ
ਮੇਲੇ ਵਿਚ ਜੋ ਟੋਲਦੀ ਸਸਤੇ ਅਤਰ ਫੁਲੇਲ

ਅੱਖਾਂ ਵਿਚ ਦੁਸ਼ਵਾਰੀਆਂ, ਬੁੱਲ੍ਹਾਂ ਉੱਤੇ ਗੀਤ
ਸੀਨੇ ਅੰਦਰ ਝਾੜੀਆਂ, ਗਲ ਵਿਚ ਹਾਰ ਹਮੇਲ

ਦੇਖ ਕੇ ਪੱਤੀਆਂ ਨੰਗੀਆਂ ਕੰਡਿਆਂ ਦੇ ਵਿਚਕਾਰ
ਪਾਣੀ ਪਾਣੀ ਹੋ ਗਈ ਫੁੱਲ 'ਤੇ ਪਈ ਤਰੇਲ

ਸੋਚਾਂ ਵਿਚ ਮੰਡਰਾ ਰਿਹਾ ਇਕ ਪੰਛੀ ਬੇਚੈਨ
ਜਿਸਦੇ ਨੈਣੀਂ ਗ਼ਰਦਿਸ਼ਾਂ, ਖੰਭਾਂ ਹੇਠ ਦੁਮੇਲ

ਮੈਂ ਲੋਚਾਂ ਇਸ ਡਾਲ 'ਤੇ ਪੰਛੀ ਕਰਨ ਕਲੋਲ
ਤੂੰ ਸੋਚੇਂ ਇਸ ਡਾਲ ਦੀ ਬਣਨੀ ਖੂਬ ਗੁਲੇਲ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ

ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ਼ ਛੱਡਾਂਗੇ
ਭਰੇ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ਼ ਛੱਡਾਂਗੇ

ਤੇਰਾ ਐ ਜਿ਼ੰਦਗੀ ਐਵੇਂ ਨਹੀਂ ਜੰਜਾਲ਼ ਛੱਡਾਂਗੇ
ਜਿਗਰ ਦੀ ਅੱਗ ਵਿਚ ਕੋਈ ਕੜੀ ਤਾਂ ਢਾਲ਼ ਛੱਡਾਂਗੇ

ਜਦੋਂ ਧਰਤੀ 'ਚੋਂ ਉੱਠੀ ਹੂਕ ਚੀਰੇਗੀ ਖਲਾਵਾਂ ਨੂੰ
ਅਸੀਂ ਇਸ ਡੋਲਦੇ ਅਸਮਾਨ ਨੂੰ ਸੰਭਾਲ਼ ਛੱਡਾਂਗੇ

ਅਸਾਡੇ ਅਕਸ ਇਹ ਖੰਡਿਤ ਕਰੇ ਜਦ ਰੂਬਰੂ ਹੋਈਏ
ਤੇਰੇ ਸ਼ੀਸ਼ੇ ਦੇ ਪਾਣੀ ਨੂੰ ਅਸੀਂ ਹੰਘਾਲ਼ ਛੱਡਾਂਗੇ

ਅਜੇ ਵੀ ਇਸ਼ਕ ਦੀ ਸਿ਼ੱਦਤ ਲਹੂ ਅੰਦਰ ਸਲਾਮਤ ਹੈ
ਗਵਾਚੀ ਪੈੜ ਡਾਚੀ ਦੀ ਥਲਾਂ 'ਚੋਂ ਭਾਲ਼ ਛੱਡਾਂਗੇ

ਅਜੇ ਤਾਂ ਰਿਜ਼ਕ ਦੀ ਔਖੀ ਚੜ੍ਹਾਈ ਰੋਜ਼ ਚੜ੍ਹਦੇ ਹਾਂ
ਮਿਲੀ ਜੇ ਵਿਹਲ ਆਪਾਂ ਵੀ ਕਬੂਤਰ ਪਾਲ਼ ਛੱਡਾਂਗੇ

ਪਿੰਡ ਦੀਆਂ ਮੰਜ਼ਿਲਾਂ ਉਦਾਸ ਕਰ ਜਾਂਦੀਆਂ

ਪਿੰਡ ਦੀਆਂ ਮੰਜ਼ਿਲਾਂ ਉਦਾਸ ਕਰ ਜਾਂਦੀਆਂ
ਲੰਘਾਂ ਸਰਹੰਦ 'ਚੋਂ ਤਾਂ ਅੱਖਾਂ ਭਰ ਜਾਂਦੀਆਂ

ਜਿਨ੍ਹਾਂ ਵਿਚ ਜ਼ਿੰਦਗੀ ਦੇ ਗੀਤ ਬੇਸ਼ੁਮਾਰ ਸੀ
ਸਰਸਾ ’ਚੋਂ ਕਾਸ਼ ਉਹ ਕਿਤਾਬਾਂ ਤਰ ਜਾਂਦੀਆਂ

ਜੇ ਨਾ ਲਲਕਾਰ ਉਹ ਆਨੰਦਪੁਰੋਂ ਉੱਠਦੀ
ਪਾਣੀਆਂ ’ਚ ਉੱਠੀਆਂ ਤਰੰਗਾਂ ਮਰ ਜਾਂਦੀਆਂ

ਸੱਜਦਾ ਹਵਾਵਾਂ ਵੀ ਕਰਨ ਚਮਕੌਰ ਨੂੰ
ਕੱਚੀ ਗੜ੍ਹੀ ਅੱਗੇ ਤਾਜ਼ੇ ਫੁੱਲ ਧਰ ਜਾਂਦੀਆਂ

ਮਿੱਤਰ ਪਿਆਰੇ ਨੂੰ ਜੇ ਹਾਲ ਨਾ ਉਹ ਦਸਦਾ
ਜੂਹਾਂ ਮਾਛੀਵਾੜੇ ਦੀਆਂ ਹੋਰ ਠਰ ਜਾਂਦੀਆਂ

ਸੀਨੇ 'ਚ ਲੁਕਾਈ ਦੇ ਉਹ ਦੁੱਖ ਨਾ ਜੇ ਪਾਲ਼ਦਾ
ਪਾਲ਼ਾਂ ਮਜ਼ਲੂਮਾਂ ਦੀਆਂ ਕਿਹੜੇ ਦਰ ਜਾਂਦੀਆਂ

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਵਿੰਦਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ