Punjabi Poetry : Jarnail Singh Arshi
ਪੰਜਾਬੀ ਕਵਿਤਾਵਾਂ : ਜਰਨੈਲ ਸਿੰਘ ਅਰਸ਼ੀ
1. ਜਲਾਵਤਨ ਦੇ ਜਜ਼ਬਾਤ
ਦੁਨੀਆਂ ਹੋਰ ਪਾਸੇ ਜੀਵਨ ਭਾਲਦੀ ਏ,
ਹੋਇਆ ਮੌਤ ਦੇ ਵਿਚੋਂ ਵਿਕਾਸ ਸਾਡਾ।
ਪੰਨੇ ਪੰਨੇ 'ਤੇ ਖ਼ੂਨ ਦੇ ਚਿੰਨ੍ਹ ਲੱਗੇ,
ਜ਼ਰਾ ਫੋਲ ਕੇ ਦੇਖ ਇਤਿਹਾਸ ਸਾਡਾ।
ਸਾਡੇ ਨਾਲ ਭਲਿਆ ਕਾਹਨੂੰ ਕਰੇਂ ਸੌਦਾ,
ਘਾਟਾ ਖਾਏਂਗਾ ਏਸ ਵਪਾਰ ਵਿਚੋਂ।
ਉਹਨੂੰ ਤੇਗ਼ ਦੀ ਧਾਰ ਕੀ ਆਖਦੀ ਏ
ਜੀਹਦਾ ਜਨਮ ਹੀ ਤੇਗ਼ ਦੀ ਧਾਰ ਵਿਚੋਂ।
ਅਸੀਂ ਉਹੀ ਹਾਂ 'ਮੰਨੂੰ' ਤੋਂ ਅੱਜ ਤੀਕਰ
ਜ਼ੁਲਮ ਜੋਰ ਅੱਗੇ ਜਿਹੜੇ ਅੜੇ ਹੋਏ ਹਾਂ।
ਦੁਨੀਆਂ ਆਖਦੀ ਏ ਕਤਲਗਾਹ ਜਿਸ ਨੂੰ,
ਅਸੀਂ ਓਸ ਸਕੂਲ ਵਿਚ ਪੜ੍ਹੇ ਹੋਏ ਹਾਂ।
ਬੰਦ ਦਿਲ ਦੀਆਂ ਹਸਰਤਾਂ ਬੰਦ ਲੈ ਕੇ,
ਕਈ ਵਾਰ ਅੱਧ-ਖਿੜੇ ਹੀ ਝੜੇ ਹੋਏ ਹਾਂ।
ਖਾਦ ਹੱਡੀਆਂ ਦੀ ਪਾ ਕੇ ਲਹੂ ਪਾਣੀ,
ਬੂਟਾ ਪਿਆਰੀ ਆਜ਼ਾਦੀ ਦਾ ਲਾਉਣ ਵਾਲੇ।
ਅਸੀਂ ਉਹ ਫੁੱਲ ਹਾਂ ਭੱਠੀਆਂ ਵਿਚ ਪੈ ਕੇ,
ਸਾਰੇ ਜੱਗ 'ਤੇ ਮਹਿਕ ਖਿੰਡਾਉਣ ਵਾਲੇ।
ਹੇਠਾਂ ਗਰਜ ਕੇ ਧਰਤ ਕੰਬਾ ਦੇਈਏ,
ਉਤੇ ਬਿਜਲੀਆਂ ਤਾਈਂ ਤੜਫਾਉਣ ਵਾਲੇ।
ਇਹ ਮਚਲਦੀ ਰੀਝ ਨਹੀਂ ਬੰਦ ਹੋਣੀ,
ਭਾਵੇਂ ਦਿਲਾਂ ਦੀਆਂ ਧੜਕਣਾਂ ਬੰਦ ਹੋਵਣ।
'ਭਾਰਤ ਦੇਸ਼ ਸਾਡਾ' 'ਅਰਸ਼ੀ' ਕਹਾਂਗੇ ਇਹ,
ਭਾਵੇਂ ਫਾਂਸੀਆਂ ਦੇ ਗਲੀਂ ਤੰਦ ਹੋਵਣ।
(ਇਹ ਨਜ਼ਮ ਉਨ੍ਹਾਂ ੧੯੪੨ ਵਿਚ ਬੰਗਾਲ
ਤੋਂ ਜਲਾਵਤਨ ਕੀਤੇ ਜਾਣ ਵੇਲੇ ਲਿਖੀ)
2. ਲਲਕਾਰ
ਲੂੰ ਲੂੰ ਦੇ ਵਿਚ ਮੈਂ
ਲਲਕਾਰ ਪੈਦਾ ਕਰਾਂਗਾ।
ਕਲਮ ਦੀ ਮੈਂ ਜੀਭ 'ਚੋਂ
ਤਲਵਾਰ ਪੈਦਾ ਕਰਾਂਗਾ।
ਜਿਨ੍ਹਾਂ ਸੇਜ਼ਾਂ ਦੇ ਲਈ
ਮਾਸੂਮ ਕਲੀਆਂ ਟੁੱਟਦੀਆਂ
ਉਨ੍ਹਾਂ ਸੇਜ਼ਾਂ ਹੇਠ ਮੈਂ
ਅੰਗਿਆਰ ਪੈਦਾ ਕਰਾਂਗਾ।
('ਲਲਕਾਰ' ਦੇ ਪਹਿਲੇ ਅੰਕ ਦੇ ਪਹਿਲੇ ਸਫ਼ੇ ਤੋਂ)
3. ਬੇਵਸੀ
ਮੈਂ ਉਹ ਸ਼ਾਇਰ ਹਾਂ ਦੁਨੀਆਂ ਅਨ੍ਹੇਰ ਹੋ ਜਾਏ,
ਨਵੇਂ ਚਾੜ੍ਹਨੇ ਚੰਨ ਜੇ ਭੁੱਲ ਜਾਂ ਮੈਂ।
ਹਜ਼ਰਤ ਨੂਹ ਦਾ ਮਾਤ ਤੂਫ਼ਾਨ ਪੈ ਜਾਏ,
ਝੱਖੜ ਬਣ ਕੇ ਕਦੇ ਜੇ ਝੁੱਲ ਜਾਂ ਮੈਂ।
ਸਾੜ ਸੁੱਟਾਂ ਇਹ ਧਰਤੀ ਦਾ ਤੱਲ ਸਾਰਾ,
ਕਿਤੇ ਬਣ ਹੰਝੂ ਜੇਕਰ ਡੁੱਲ੍ਹ ਜਾਂ ਮੈਂ।
ਦੁਨੀਆਂ ਨਾਂ ਮਨਸੂਰ ਦਾ ਭੁੱਲ ਜਾਵੇ,
ਜੇਕਰ ਕਲਮ ਦੀ ਨੋਕ 'ਤੇ ਤੁੱਲ ਜਾਂ ਮੈਂ।
ਪਰ ਕੀ ਕਰਾਂ! ਗ਼ੁਲਾਮਾਂ ਦਾ ਸ਼ਾਇਰ ਹਾਂ ਮੈਂ,
ਗੱਲਾਂ ਦਿਲ ਦੀਆਂ ਨਹੀਂ ਹਾਂ ਕਹਿ ਸਕਦਾ।
ਫਿਰ ਵੀ ਆਦਤ ਤੋਂ ਜ਼ਰਾ ਮਜਬੂਰ ਹਾਂ ਮੈਂ,
ਦੜ ਵੱਟ ਕੇ ਚੁੱਪ ਨਹੀਂ ਰਹਿ ਸਕਦਾ।
4. ਸੱਯਾਦ ਨੂੰ
ਐ ਸੱਯਾਦ! ਮੈਂ ਵੀ ਤਾਂ ਹੈ ਜ਼ਮਾਨਾ ਦੇਖਿਆ।
ਪਲਾਂ ਵਿਚ ਸਭ ਹੋ ਰਿਹਾ ਆਪਣਾ ਬੇਗਾਨਾ ਦੇਖਿਆ।
ਬਿਜਲੀਆਂ ਬੇਤਾਬ ਸਨ, ਜਿਨ੍ਹਾਂ ਨੂੰ ਜਾਲਣ ਦੇ ਲਈ,
ਉਨ੍ਹਾਂ ਤਿਣਕਿਆਂ ਦਾ ਮੈਂ ਬਣਾ ਕੇ ਆਸ਼ਿਆਨਾ ਦੇਖਿਆ।
ਸੁਣ ਕੇ ਜਿਸ ਨੂੰ 'ਮੁਸ਼ਕਲਾਂ' ਮੇਰੇ ਤੇ ਆਸ਼ਕ ਹੋ ਗਈਆਂ,
ਇਹੋ ਜਿਹਾ ਕਈ ਵਾਰ ਗਾ ਕੇ ਮੈਂ ਤਰਾਨਾ ਦੇਖਿਆ।
ਸੀਖਾਂ ਦੀਆਂ ਮਜ਼ਬੂਤੀਆਂ ਤੋ ਤੂੰ ਡਰਾਉਨਾਂ ਏ ਪਿਆ,
ਜਿੱਥੇ ਇਹ ਬਣਿਆ ਪਿੰਜਰਾ, ਮੈਂ ਕਾਰਖ਼ਾਨਾ ਦੇਖਿਆ।
ਤੂੰ ਤਾਂ ਇਸ ਗੁਲੇਲ ਦੇ ਮੈਨੂੰ ਡਰਾਵੇ ਦੇ ਰਿਹੈਂ,
ਮੈਂ ਤੀਰ ਤੇ ਬੰਦੂਕ ਦਾ ਹੋ ਕੇ ਨਿਸ਼ਾਨਾ ਦੇਖਿਆ।
ਇਸ ਜ਼ਿੰਦਗੀ ਦੇ ਹੁੰਦਿਆਂ, ਦਸ ਕਿਸ ਤਰ੍ਹਾਂ ਮੈਂ ਝੁਕ ਸਕਾਂ,
ਕਈਆਂ ਦਾ ਮਰਨੋ ਬਾਦ ਵੀ ਮੈਂ ਆਕੜ ਜਾਣਾ ਦੇਖਿਆ।
ਮੇਰੀ ਬਰਬਾਦੀ ਮੇਰੇ ਲਈ ਕੋਈ ਅਨੋਖੀ ਸ਼ੈਅ ਨਹੀਂ,
ਹਰ ਸਾਲ ਹੁੰਦਾ ਆਪ ਮੈਂ ਗੁਲਸ਼ਨ ਵੀਰਾਨਾ ਦੇਖਿਆ।
ਬੇਹੋਸ਼ੀ ਤੋਂ ਪਿੱਛੋਂ ਕੀ ਹੋਊ? ਇਹਦੀ ਕੋਈ ਪਰਵਾਹ ਨਹੀਂ,
ਹੋਸ਼ ਦੇ ਹੁੰਦਿਆਂ ਵੀ ਮੈਂ ਬਣ ਕੇ ਦੀਵਾਨਾ ਦੇਖਿਆ।
ਕੀ ਹੋਇਆ? ਜੇ ਪੀ ਕੇ ਮੈਂ ਦੋ ਕੁ ਝੂਟੇ ਖਾ ਗਿਆ?
ਏਥੇ ਮੈਂ ਕਈ ਸੋਫ਼ੀਆਂ ਦਾ ਲੜ-ਖੜਾਨਾ ਦੇਖਿਆ।
ਮਸਤੀ ਮੇਰੀ ਦੀ ਆਪ ਵੀ ਮੈਨੂੰ ਕੋਈ ਵੀ ਥਾਹ ਨਹੀਂ,
ਜਿਧਰ ਵੀ ਨਜ਼ਰਾਂ ਭੌਂ ਗਈਆਂ ਓਧਰ ਮੈਖ਼ਾਨਾ ਦੇਖਿਆ।
5. ਕਸਵੱਟੀ
ਫੁੱਲ ਆਪਣੀ ਹਿੱਕ ਚਿਰਵਾਉਣ ਪਹਿਲਾਂ,
ਪਿੱਛੋਂ ਕਿਸੇ ਦੀ ਹਿੱਕ ਦਾ ਹਾਰ ਬਣਦੈ।
ਸੁਰਮਾ ਆਪਣਾ ਆਪ ਪਿਸਵਾ ਲੈਂਦਾ,
ਫੇਰ ਕਿਸੇ ਦੇ ਨੈਣਾਂ ਦੀ ਧਾਰ ਬਣਦੈ।
ਏਥੇ ਜੜੀ-ਜਗੀਰਾਂ ਦੀ ਪੁੱਛ ਨਾਹੀਂ,
ਸਿਰ ਦੇਣ ਵਾਲਾ ਹੀ 'ਸਿਰਦਾਰ' ਬਣਦੈ।
6. ਇਨ੍ਹਾਂ ਨੈਣਾਂ ਦਾ ਨਹੀਂ ਇਤਬਾਰ ਕੋਈ
ਤੈਨੂੰ ਚੰਨਾ ਹੋ ਗਈ ਗ਼ਲਤ ਫਹਿਮੀ
ਤੈਨੂੰ ਪਾ ਗਿਆ ਭੁਲੇਖੇ ਵਿਚਕਾਰ ਕੋਈ।
ਨਾ ਮੈਂ ਕਿਸੇ ਦੇ ਨੈਣਾਂ ਦੇ ਤੀਰ ਖਾਧੇ,
ਕੀਤਾ ਕਿਸੇ ਨੇ ਨਹੀਂ ਸ਼ਿਕਾਰ ਕੋਈ।
ਪਰ ਫਿਰ ਵੀ ਹਮੀਂ ਨਈਂ ਬੰਨਦਾ ਮੈਂ,
ਇਨ੍ਹਾਂ ਨੈਣਾਂ ਦਾ ਨਹੀਂ ਇਤਬਾਰ ਕੋਈ।
7. ਨੌਜਵਾਨ ਨੂੰ
ਉਠ! ਇਹ ਸੰਦੇਸ਼ ਤੂੰ, ਪਹੁੰਚਾ ਦੇ ਸਾਰੇ ਦੇਸ਼ ਵਿਚ,
'ਨੌਜਵਾਨ ਠੁੱਡੇ ਨਹੀਂ ਕਿਸੇ ਦੇ ਸਹਾਰਦੇ।
ਮੌਤ ਦਾ ਨਾ ਦਿਲ ਵਿਚ ਰੱਖ ਸ਼ੇਰਾ ਡਰ ਕੋਈ,
ਪਲਦੇ ਨੇ ਮਰਦ ਸਦਾ ਹੇਠ ਤਲਵਾਰ ਦੇ।
8. ਨੇਤਾ ਜੀ ਦੀ ਅਪੀਲ
ਓਹੀ ਹੋਏ ਅੱਗੇ ਜੀਹਨੇ ਦੇਸ਼ ਖ਼ਾਤਿਰ,
ਖ਼ੂਨ ਆਪਣੇ ਜਿਗਰ ਦਾ ਪਾ ਦੇਣੈ।
ਰੌਸ਼ਨ ਕਰਨ ਲਈ ਦੇਸ਼ ਦੇ ਕੋਨਿਆਂ ਨੂੰ,
ਜੀਹਨੇ ਲਾਂਬੂ ਜੁਆਨੀ ਨੂੰ ਲਾ ਦੇਣੈ।
9. ਕਿਸਾਨ
ਪਤਾ ਨਹੀਂ ਕੀ ਦੱਬ ਕੇ ਭੁੱਲਿਆ ਏ,
ਪਟ ਪਟ ਮਿੱਟੀ ਨੂੰ ਭਰਮ ਗਵਾਈ ਜਾਂਦੈ।
ਲੋਕੀਂ ਬੈਠੇ ਨੇ ਹੇਠ ਫੁਹਾਰਿਆਂ ਦੇ,
ਇਹਨੂੰ ਮੁੜਕਾ ਇਸ਼ਨਾਨ ਕਰਾਈ ਜਾਂਦੈ।
10. ਤੀਆਂ ਵਾਲੇ ਬਰੋਟੇ ਨੂੰ
ਬੇੜੀ ਕਾਗਤਾਂ ਦੀ ਲਿਆ ਕਲਮ ਚੱਪੂ,
ਸੂਖਮ ਪਿਆਰ ਦੀ ਨਦੀ ਵਹਾ ਦਿਆਂ ਮੈਂ।
ਪੁੱਜਣਾ ਚਾਹੇਂ ਜੇ ਕਵਿਤਾ ਦੇ ਦੇਸ਼ ਅੰਦਰ,
ਇਸ 'ਤੇ ਚਾੜ੍ਹ ਕੇ ਤੈਨੂੰ ਪੁਚਾ ਦਿਆਂ ਮੈਂ।
11. ਹਿੱਕ ਉਭਾਰ
ਬੀਜ ਦਿਲ ਨੇ ਬੀਜਿਆ ਨੈਣਾਂ ਨੇ ਪਾਣੀ ਪਾ ਦਿੱਤਾ।
ਇਨ੍ਹਾਂ ਦੋਹਾਂ ਦੀ ਮਿਨ੍ਹਤ ਨੇ ਇਹ ਫਲ ਸਰੂ ਨੂੰ ਲਾ ਦਿੱਤਾ।
ਰੱਖੀਂ ਲੁਕਾ ਕੇ ਏਸ ਤੋਂ ਮੈਲੀ ਹੈ ਅੱਖ ਸੰਸਾਰ ਦੀ।
ਇਹ ਅਮਾਨਤ ਭੋਲੀਏ ਹੈ ਕਿਸੇ ਨਿੱਘੇ ਪਿਆਰ ਦੀ।
'ਕਾਰੂੰ' ਨੇ ਵੀ ਨਹੀਂ ਦੇਖੀਆਂ ਇਹ ਦੌਲਤਾਂ ਅਣ-ਡਿੱਠੀਆਂ।
ਐਵੇਂ ਨਾ ਕੋਈ ਠੱਗ ਲਵੇ ਕਰਕੇ ਤੇ ਗੱਲਾਂ ਮਿੱਠੀਆਂ।
ਨੇਕੀ ਜੇ ਰੱਖੇਂ ਸਾਂਭ ਕੇ, ਤਾਂ ਭਾਗ ਇਹ ਬਣ ਜਾਣਗੇ।
ਪਰ ਜੇ ਲਾਂਬੂ ਲਾ ਲਿਆ ਤਾਂ ਦਾਗ਼ ਇਹ ਬਣ ਜਾਣਗੇ।
ਇਹ ਮੁੱਢ ਅਗਲੇ ਯੁੱਗ ਦਾ ਤੇ ਜ਼ਿੰਦਗੀ ਦਾ ਨੂਰ ਨੇ।
'ਅਰਸ਼ੀ' ਸਿਤਾਰੇ ਇਨ੍ਹਾਂ ਨੂੰ ਚੁੰਮਣ ਦੇ ਲਈ ਮਜਬੂਰ ਨੇ।
12. ਪ੍ਰੀਤ-ਰੀਤ
'ਅਰਸ਼ੀ' ਦੁਨੀਆਂ ਤੋਂ ਵੱਧ ਸੁਆਦ ਆਉਂਦਾ,
ਕੱਚੇ ਘੜੇ 'ਤੇ ਕਿਸੇ ਲਈ ਤਰਨ ਦੇ ਵਿਚ।
ਆਪਣੇ ਆਪ ਦੇ ਲਈ ਜਿਊਣ ਨਾਲੋਂ,
ਬਹੁਤਾ ਸੁਆਦ ਹੈ ਕਿਸੇ ਲਈ ਮਰਨ ਦੇ ਵਿਚ।
13. ਵਿਯੋਗਣ ਚੰਨ ਨੂੰ
ਤੇਰੀ ਸਹੁੰ ਜੇਕਰ ਮੇਰੇ ਵਸ ਹੋਵੇ
ਚੰਨਾ! ਚੜ੍ਹਨੋਂ ਹੀ ਤੈਨੂੰ ਹਟਾ ਦੇਵਾਂ।
ਧੁਖਦੇ ਦਿਲ 'ਚੋਂ ਆਹ ਦਾ ਧੂੰ ਕੱਢ ਕੇ,
ਤੈਨੂੰ ਸਾਰੇ ਨੂੰ ਕਾਲਾ ਕਰਵਾ ਦੇਵਾਂ।
14. ਲੇਕ ਦੀਆਂ ਲਹਿਰਾਂ
ਇਹ ਕਿਸੇ ਦੀ ਯਾਦ 'ਚ ਔਂਸੀਆਂ ਨੇ,
ਜੋ ਪੈ ਪੈ ਕੇ ਤੇ ਮਿਟਦੀਆਂ ਨੇ।
ਯਾ ਨਵੇਂ ਮੇਲ ਵਿਚ ਹੋ ਪਾਗਲ,
ਇਹ ਖ਼ੁਸ਼ੀਆਂ ਕਿਧਰੇ ਲਿਟਦੀਆਂ ਨੇ।
ਚੜ੍ਹਦੀ ਉਮਰ ਜੁਆਨੀ ਦੀਆਂ,
ਇਹ ਤਾਂਘਾਂ ਭਰੀਆਂ ਆਸਾਂ ਨੇ।
ਯਾ 'ਆਉਣ ਵਾਲੇ' ਦੇ ਸੁਪਨੇ ਨੇ,
ਯਾ 'ਬੀਤ ਗਏ' ਦੀਆਂ ਲਾਸ਼ਾਂ ਨੇ।
ਹਟ ਜੋ ਵੇ ਕੰਢਿਓ ਬੇ-ਦਰਦੋ!
ਕਿਉਂ ਘੁੱਟਦੇ ਹੋ ਅਰਮਾਨਾਂ ਨੂੰ।
ਜਿੱਧਰ ਇਹ ਜਾਣਾ ਚਾਹੁੰਦੀਆਂ ਨੇ,
ਜਾਣ ਦਿਉ ਇਨ੍ਹਾਂ ਰਕਾਨਾਂ ਨੂੰ।
15. ਸ਼ਿਕਵਾ
ਤੇਰੇ ਸਬਕ ਨੂੰ ਛਿੱਕੇ 'ਤੇ ਟੰਗ ਕੇ ਤੇ,
'ਸੱਜਣ' ਫੇਰ ਅੱਜ ਠਗੀ ਕਮਾਈ ਜਾਂਦੈ।
ਨੱਕ-ਜਿੰਦ 'ਮਰਦਾਨੇ' ਦੇ ਆਈ ਹੋਈ ਏ,
'ਕੌਡਾ' ਫੇਰ ਕੜਾਹੇ ਤਪਾਈ ਜਾਂਦੈ।
ਆਪੇ ਚੱਲਣ ਦੀ ਜਿਨ੍ਹਾਂ ਨੂੰ ਜਾਚ ਦੱਸੀ,
ਅਜੇ ਤੀਕ ਉਹ ਚੱਕੀਆਂ ਚੱਲਦੀਆਂ ਨੇ।
ਸਿਰਫ਼ ਫ਼ਰਕ ਏਨੈਂ ਆਟਾ ਪੀਹਣ ਦੀ ਥਾਂ,
ਅੱਜ ਉਹ ਹੱਡ ਮਜ਼ਦੂਰਾਂ ਦੇ ਦਲਦੀਆਂ ਨੇ।
ਜਿਹੜਾ ਰੱਤ ਗ਼ਰੀਬਾਂ ਦੀ ਚੂਸਦਾ ਏ,
ਤੂੰ ਨਹੀਂ ਓਸ ਦਾ, ਸਾਫ਼ ਬਿਆਨ ਹੋਵੇ।
ਠੁਰ ਠੁਰ ਕਰੇ ਨਾ ਕੋਈ ਮਜ਼ਦੂਰ ਬੱਚਾ,
ਢਿੱਡੋਂ ਭੁੱਖਾ ਨਾ ਕੋਈ ਕਿਸਾਨ ਹੋਵੇ।
16. ਸ਼ਹੀਦਾਂ ਦੇ ਸਿਰਤਾਜ ਨੂੰ
ਦੁਨੀਆਂ 'ਤੇ ਠੰਢ ਵਰਤਾਣ ਲਈ,
ਤਵੀਆਂ 'ਤੇ ਆਸਣ ਲਾਏ ਨੇ।
ਛਾਲੇ ਨਹੀਂ, ਸ਼ਾਂਤ ਸਰੋਵਰ 'ਤੇ
ਇਹ ਪਏ ਬੁਲਬੁਲੇ ਆਏ ਨੇ।
17. ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ
ਭਰਤੀ ਜ਼ਿੰਦਗੀ ਮੁਰਦਿਆਂ ਦਿਲਾਂ ਅੰਦਰ,
ਤੇਰੇ ਪ੍ਰੇਮ ਦੇ ਮਿੱਠੇ ਤਰਾਨਿਆਂ ਨੇ।
ਆਸ਼ਕ ਸਿਖ ਦੇ ਸਬਕ ਪਰਵਾਨਿਆਂ ਤੋਂ
ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ।
18. ਪਟਨੇ ਸ਼ਹਿਰ ਦੀ ਧਰਤੀ ਨੂੰ
ਪਟਣੇ ਸ਼ਹਿਰ ਦੀਏ ਧਰਤੀਏ! ਵੰਡ ਮੋਤੀ,
ਨੀਂ! ਅੱਜ ਮੋਤੀਆਂ ਵਾਲੀ ਸਰਕਾਰ ਆਈ।
ਫੁੱਲ ਫੁੱਲ ਤੂੰ ਫੁੱਲ ਦੇ ਵਾਂਙ ਅੜੀਏ!
ਤੇਰੇ ਫੁੱਲਾਂ 'ਤੇ ਅੱਜ ਬਹਾਰ ਆਈ।
ਪੁੱਤਰ 'ਤੇਗ' ਦਾ ਹੱਥ ਵਿਚ ਤੇਗ ਲੈ ਕੇ,
ਕੱਲੀ ਜਾਨ ਨਾਲ ਜੰਗ ਮਚਾ ਦਏਗਾ।
'ਜਾਨ' ਜਾਨ ਬਚਾਇ ਕੇ ਨੱਸ ਜਾਸੀ,
ਮੱਥਾ ਮੌਤ ਨਾਲ ਜਦੋਂ ਇਹ ਲਾ ਦਏਗਾ।
ਸੱਸੀ ਵਾਂਙ ਜ਼ਾਲਮ ਜਾਬਰ ਭੁੱਜ ਜਾਣੇ,
ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ।
ਘੜੇ ਕੀ ਪਹਾੜ ਵੀ ਰੁੜ੍ਹ ਜਾਣੇ,
ਇਹਦੀ 'ਤੇਗ' 'ਚੋਂ ਫੁੱਟੀ ਝਨਾਂ ਅੰਦਰ।
19. ਪ੍ਰੇਮ-ਨੇਮ
ਤੇਰੀ ਬੇੜੀ ਦੇ ਬਣੇ ਮਲਾਹ 'ਤਾਰੂ',
ਖੱਲਾਂ ਰੰਬੀਆਂ ਨਾਲ ਲੁਹਾਣ ਵਾਲੇ।
ਜਥੇਦਾਰ ਉਹ ਤੇਰੇ ਕਹਾਂਵਦੇ ਸੀ,
ਹੇਠਾਂ ਇੰਜਣਾਂ ਦੇ ਦਰੜੇ ਜਾਣ ਵਾਲੇ।
ਐਪਰ ਅੱਜ ਦੇ ਬਹੁਤੇ ਜਥੇਦਾਰ ਤੇਰੇ,
ਚੌਧਰ ਲਈ ਨੇ ਫੁੱਟ ਵਧਾਈ ਫਿਰਦੇ।
ਪਤਾ ਨਹੀਂ ਪ੍ਰਧਾਨ 'ਪਰ-ਧਾਨ' ਹੁੰਦੈ,
ਐਵੇਂ ਹੀ ਲੇਬਲ ਪ੍ਰਧਾਨ ਦਾ ਲਾਈ ਫਿਰਦੇ।
(ਇਸ ਰਚਨਾ ਦੀਆਂ ਬਹੁਤੀਆਂ ਰਚਨਾਵਾਂ ਅਧੂਰੀਆਂ ਹਨ,
ਜੇਕਰ ਕਿਸੇ ਪਾਠਕ ਨੂੰ ਕੋਈ ਪੂਰੀ ਰਚਨਾ ਮਿਲਦੀ ਹੈ ਤਾਂ ਕ੍ਰਿਪਾ
ਕਰਕੇ ਸਾਨੂੰ ਭੇਜ ਦਿਉ; ਧੰਨਵਾਦੀ ਹੋਵਾਂਗੇ)