Punjabi Poetry : Irshad Sandhu

ਪੰਜਾਬੀ ਕਲਾਮ/ਕਵਿਤਾ : ਇਰਸ਼ਾਦ ਸੰਧੂ

1. ਸੰਨ ਸੰਤਾਲ਼ੀ 47 ਦੀ ਇਕ ਰਾਤ

ਕਿਸਮਤਾਂ ਦੀ ਮੌਤ ਸੀ ਲੇਖਾਂ ਦਾ ਫੇਰ ਸੀ
ਸਹਿਮੀਆਂ ਹਵਾਵਾਂ ਸਨ ਖ਼ੂਨੀ ਅਨ੍ਹੇਰ ਸੀ

ਹੌਕਿਆਂ ਦੇ ਜੋੜ ਸਨ ਹਾਵਾਂ ਦਾ ਭੇੜ ਸੀ
ਟੋਟੇ ਸਨ ਤਾਰਿਆਂ ਦੇ ਚੰਨ ਨੂੰ ਤਰੇੜ ਸੀ

ਅੰਬਰਾਂ ਤੇ ਸੋਗ ਸਨ ਬੱਦਲਾਂ ਦੇ ਵੈਣ ਸੀ
ਲਹੂ ਦੀਆਂ ਬਾਰਸ਼ਾਂ ਚਿ ਭੱਜੇ ਹੋਏ ਨੈਣ ਸੀ

ਚੀਕਾਂ ਦੇ ਸਾਜ਼ ਸਨ ਹਾੜਿਆਂ ਦੇ ਗੀਤ ਸੀ
ਮੇਲਾਂ ਤੇ ਮਿਲਾਪਾਂ ਵਾਲੀ ਰੁੱਤ ਗਈ ਬੀਤ ਸੀ

ਲਹੂ ਨਾਲ਼ ਭਰੀਆਂ ਕਰੂਲੀਆਂ ਦੀ ਰਾਤ ਸੀ
ਵਿਛੋੜਿਆਂ ਦੀ ਰਾਤ ਸੀ ਤੇ ਸੂਲੀਆਂ ਦੀ ਰਾਤ ਸੀ

2. ਥਾਂ ਥਾਂ ਰੱਬ ਦੀ ਰਹਿਮਤ ਵਸਦੀ (ਗ਼ਜ਼ਲ)

ਥਾਂ ਥਾਂ ਰੱਬ ਦੀ ਰਹਿਮਤ ਵਸਦੀ, ਕਿਰਦਾ ਨੂਰ ਸਵੇਰੇ।
ਅੱਜ ਵੀ ਆਉਂਦਾ ਸਾਡੇ ਪਿੰਡ ਵਿੱਚ ਵੇਖ ਸਰੂਰ ਸਵੇਰੇ।

ਮੈਂ ਸੁਣਿਆ ਜਦ ਪੱਥਰਾਂ ਪੜ੍ਹੀਆਂ ਪਾਕ ਨਬੀ ਦੀਆਂ ਨਾਅਤਾਂ,
ਅੱਲ੍ਹਾ ਅੱਲ੍ਹਾ ਕਰਦਾ ਸੀ ਹਰ ਰੁੱਖ ਦਾ ਬੂਰ ਸਵੇਰੇ।

ਉਹਦਾ ਬਿਰਦ ਪਕਾਉਂਦੇ ਪੰਛੀ ਚੋਗਾਂ ਲਈ ਉੱਡ ਜਾਂਦੇ,
ਉਹਦੀ ਆਸ ’ਤੇ ਟੁਰ ਪੈਂਦੇ ਨੇ ਸਭ ਮਜ਼ਦੂਰ ਸਵੇਰੇ।

ਕਸਮੇ ਇੱਕ ਇੱਕ ਘਰ ਤੇ ਕਸਮੇ ਇੱਕ ਇੱਕ ਵਿਹੜੇ ਅੰਦਰ,
ਰੋਜ਼ ਤੌਹੀਦੀ ਤਪਦਾ ਡਿੱਠਾ ਮੈਂ ਤੰਦੂਰ ਸਵੇਰੇ।

ਮੇਰੀ ਜੰਨਤੀ ਮਾਂ ਸੀ ਕਸਮੇ ਰੋਜ਼ ਮੁਸੱਲੇ ਉੱਤੋਂ,
ਉੱਠਦੀ ਪਾਕ ਦਰੂਦਾਂ ਵਾਲਾ ਭਰ ਕੇ ਪੂਰ ਸਵੇਰੇ।

ਆ ਕੇ ਵੇਖ ਨਮਾਜ਼ਾਂ ਪੜ੍ਹਦੇ ਅੱਜ ਵੀ ਇੱਕ ਮਸੀਤੇ,
ਸਾਡੇ ਪਿੰਡ ਦੇ ਤਗੜੇ ਮਾੜੇ ਤੇ ਮਜਬੂਰ ਸਵੇਰੇ।

ਰੱਬ ਸਲਾਮਤ ਰੱਖੇ ‘ਸੰਧੂ’ ਚਾਨਣ ਸਾਡੇ ਪਿੰਡ ਦਾ,
ਯਾਰ ਕਦੀ ਨਾ ਹੋਵਣ ਸਾਡੇ ਪਿੰਡ ਤੋਂ ਦੂਰ ਸਵੇਰੇ।

3. ਐਨੇ ਕੁ ਰੰਗ ਲਾ ਨੀ ਮਾਏ ਧਰਤੀਏ (ਗ਼ਜ਼ਲ)

ਐਨੇ ਕੁ ਰੰਗ ਲਾ ਨੀ ਮਾਏ ਧਰਤੀਏ।
ਪੂਰੇ ਹੋਵਣ ਚਾਅ ਨੀ ਮਾਏ ਧਰਤੀਏ।

ਹੱਸਦੇ ਵਸਦੇ ਚੇਤਰ ਸੂਲੀ ਚੜ੍ਹ ਗਏ ਨੇ,
ਰੰਡੀ ਹੋ ਗਈ ਵਾਅ ਨੀ ਮਾਏ ਧਰਤੀਏ।

ਐਨੇਂ ਵੀ ਨਾ ਘਰ ਉਜਾੜਣ ਚਿੜੀਆਂ ਦੇ,
ਪੁੱਤਰਾਂ ਨੂੰ ਸਮਝਾ ਨੀ ਮਾਏ ਧਰਤੀਏ।

ਬੁਰਕੀ ਬੁਰਕੀ ਕਰ ਕੇ ਸਾਡੇ ਜੀਵਨ ਨੂੰ,
ਲੋੜਾਂ ਗਈਆਂ ਖਾ ਨੀ ਮਾਏ ਧਰਤੀਏ।

ਸਾਡੀ ਕੜਮੀ ਭੁੱਖ ਨੇ ਕਸਮੇ ਤੈਨੂੰ ਵੀ,
ਦਿੱਤਾ ਗਹਿਣੇ ਪਾ ਨੀ ਮਾਏ ਧਰਤੀਏ।

ਤੂੰ ਹੀ ਤੱਤੜੀ ਮਾਂ ਏਂ ਸੱਭੇ ਮਾਵਾਂ ਦੀ,
ਤੈਨੂੰ ਸਾਰੇ ਤਾ ਨੀ ਮਾਏ ਧਰਤੀਏ।

ਕਿਸੇ ਦੇ ਘੁੱਟ ਭਰਿਆਂ ਫ਼ਰਕ ਨੀ 'ਸੰਧੂ' ਨੂੰ,
‘ਸੰਧੂ’ ਏ ਦਰਿਆ ਨੀ ਮਾਏ ਧਰਤੀਏ।

4. ਜਿਹੜੀ ਸੋਚ ਦੀ ਲੋੜ ਸੀ ਸਾਨੂੰ, ਉਹਦਾ ਕਾਲ ਏ ਚਾਚਾ (ਗ਼ਜ਼ਲ)

ਜਿਹੜੀ ਸੋਚ ਦੀ ਲੋੜ ਸੀ ਸਾਨੂੰ,ਉਹਦਾ ਕਾਲ ਏ ਚਾਚਾ
ਤਾਂ ਤੇ ਸਾਡਾ ਡੰਗਰਾਂ ਤੋਂ ਵੀ ਭੈੜਾ ਹਾਲ ਏ ਚਾਚਾ

ਮੈਨੂੰ ਤੂੰ ਇਹ ਸੋਚ ਕੇ ਦੱਸ ਖਾਂ ਆਪਣੇ ਦੇਸ਼ ਦੇ ਅੰਦਰ
ਬੇਵਸਿਆਂ ਤੇ ਬੇਹੱਸਿਆਂ ਨੂੰ ਕਿਤਵਾਂ ਸਾਲ ਏ ਚਾਚਾ

ਮੈਨੂੰ ਚੁੱਪ ਕਰਾ ਦਿੰਦੇ ਨੇ ,ਉਹਨੂੰ ਕੁਝ ਨਹੀਂ ਕਹਿੰਦੇ
ਉਹ ਤਗੜੇ ਦਾ ਪੁੱਤਰ ਵੀ ਤੇ ਕੱਲ੍ਹ ਦਾ ਬਾਲ ਏ ਚਾਚਾ

ਘਰ ਘਰ ਲੱਗੀ ਇੱਟ 'ਤੇ ਜੇ ਮਜ਼ਦੂਰ ਦਾ ਲਹੂ ਨਈਂ ਲੱਗਿਆ
ਮੈਨੂੰ ਵੀ ਫਿਰ ਦੱਸ ਖਾਂ ਇਹਦਾ ਰੰਗ ਕਿਉਂ ਲਾਲ ਏ ਚਾਚਾ

ਜੋ ਜੰਮਿਆਂ ਸਹਿੰਦੇ ਪਏ ਨੇ ਮਾੜੇ ਈ ਦੁੱਖ ਸਾਰੇ
ਆਪਣੇ ਪਿੰਡ ਤੇ ਰੱਬ ਵੀ ਖ਼ੌਰੇ ਤਗੜੇ ਨਾਲ ਏ ਚਾਚਾ

ਹੁਣ ਵੀ ਜੇ ਨਾ ਲੋਕੀਂ ਬਦਲੇ ਤੇ ਫਿਰ ਇਸ ਤੋਂ ਅੱਗੇ
ਸਿੱਧੀ ਸਾਵੀਂ ਅੰਨ੍ਹੇ ਖੂਹ ਵਿਚ ਅੰਨ੍ਹੀ ਛਾਲ ਏ ਚਾਚਾ

ਜਿਹੜੇ ਬਾਗ਼ ਨੂੰ ਲਾਉਂਦੇ ਰਹਿਗੇ ਤੋਤੇ, ਮੋਰ ਤੇ ਚਿੜੀਆਂ
ਗਿਰਝਾਂ ਤੇ ਕੁਝ ਕਾਵਾਂ ਰਲ਼ ਕੇ ਦਿੱਤਾ ਗਾਲ਼ ਏ ਚਾਚਾ

ਨਿੱਤ ਗਲੀ 'ਚੋਂ ਲੰਘਦਾ ਏ ਜੋ ਵਾਅ ਦੇ ਬੁੱਲੇ ਵਰਗਾ
ਬਾਕੀ ਦਾ ਤੂੰ ਛੱਡ, ਪਰ ਓਹਦੀ ਟੋਰ ਕਮਾਲ ਏ ਚਾਚਾ

"ਸੰਧੂ" ਇੱਕੋ ਗੱਲ ਪੁੱਛਦਾ ਏ ਦੂਰ ਕਰਨ ਵਿਚ ਸਾਨੂੰ
ਬੰਦੇ ਹੁਣ ਤੱਕ ਸਮਝੇ ਕਿਉਂ ਨਈਂ ਕੀਹਦੀ ਚਾਲ ਏ ਚਾਚਾ

5. ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ (ਗ਼ਜ਼ਲ)

ਅੱਖਾਂ ਸਾਹਵੇਂ ਕਿੰਝ ਅੱਖਾਂ ਦੇ ਸੁੱਖ ਨੇ ਇੱਟਾਂ ਢੋਈਆਂ
ਦੁੱਖ ਹੋਇਆ ਜਦ ਫੁੱਲਾਂ ਵਰਗੇ ਮੁੱਖ ਨੇ ਇੱਟਾਂ ਢੋਈਆਂ

ਐਵੇਂ ਤੇ ਨਈਂ ਬਣ ਗਏ ਮਿੱਤਰਾ ਤੇਰੇ ਮਹਿਲ ਮੁਨਾਰੇ
ਲੋੜ ਕਿਸੇ ਦੀ ਗਾਰਾ ਦਿੱਤਾ, ਭੁੱਖ ਨੇ ਇੱਟਾਂ ਢੋਈਆਂ

ਬਾਊ ਜੀ ਮੈਂ ਇੰਝ ਨਈਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ
ਛਾਂ ਨੇ ਘਰ ਘਰ ਭਾਂਡੇ ਮਾਂਜੇ, ਰੁੱਖ ਨੇ ਇੱਟਾਂ ਢੋਈਆਂ

ਹਸਦੇ ਵਸਦੇ ਦੰਦੀਆਂ ਕਢਦੇ ਸੁੱਖ ਨੂੰ ਕਿੰਝ ਸਮਝਾਵਾਂ
ਖ਼ੌਰੇ ਕਿਹੜੇ ਦੁੱਖੋਂ ਕਿਹੜੇ ਦੁੱਖ ਨੇ ਇੱਟਾਂ ਢੋਈਆਂ

ਅੱਜ ਵੀ ਇੱਟਾਂ ਢੋਵਣ ਵਾਲੇ ਉਹੀਓ ਨੇ ਨਾ ‘ਸੰਧੂ’
ਉਹ ਜਿੰਨ੍ਹਾਂ ਦੇ ਜੰਮਣੋ ਪਹਿਲਾਂ ਕੁੱਖ ਨੇ ਇੱਟਾਂ ਢੋਈਆਂ

6. ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ (ਗ਼ਜ਼ਲ)

ਇਕ ਦੂਜੇ ਦੀ ਰੱਤ ਵਗਾ ਕੇ ਕੁਝ ਨਈਂ ਮਿਲਣਾ ਸਾਨੂੰ
ਰੱਬ ਦੀ ਕਸਮ ਏ ਜੰਗਾਂ ਲਾ ਕੇ ਕੁਝ ਨਈਂ ਮਿਲਣਾ ਸਾਨੂੰ

ਇੱਕੋ ਧਰਤੀ ਮਾਂ ਏ ਸਾਡੀ, ਇਕ ਧਰਤੀ ਦੇ ਜਾਏ
ਧਰਤੀ ਮਾਂ 'ਤੇ ਬੰਬ ਚਲਾ ਕੇ ਕੁਝ ਨਈਂ ਮਿਲਣਾ ਸਾਨੂੰ

ਦੀਨ ਧਰਮ ਦੇ ਠੇਕੇਦਾਰਾਂ ਪਿੱਛੇ ਲੱਗ ਕੇ ਮਿੱਤਰੋ
ਸੋਚ ਲਓ ਮਸਜਿਦ ਮੰਦਰ ਢਾਹ ਕੇ ਕੁਝ ਨਈਂ ਮਿਲਣਾ ਸਾਨੂੰ

ਪਹਿਲੇ ਵੀ ਨੇ ਖ਼ੌਰੇ ਕਿੰਨੀਆਂ ਮਾਵਾਂ ਦੇ ਪੁੱਤ ਮਰ ਗਏ
ਫਿਰ ਮਾਵਾਂ ਦੇ ਪੁੱਤ ਮਰਵਾ ਕੇ ਕੁਝ ਨਈਂ ਮਿਲਣਾ ਸਾਨੂੰ

ਓਧਰ ਖਿੜ ਖਿੜ ਤੂੰ ਹੱਸ ਸੱਜਣਾ ਏਧਰ ਮੈਂ ਵੀ ਹੱਸਾਂ
ਇਕ ਦੂਜੇ ਵੱਲ ਘੂਰੀ ਪਾ ਕੇ ਕੁਝ ਨਈਂ ਮਿਲਣਾ ਸਾਨੂੰ

ਦੂਰੀ ਪੈ ਗਈ ਫੇਰ ਕੀ ਹੋਇਆ, ਸਾਂਝਾਂ ਤੇ ਨਈਂ ਮੁੱਕੀਆਂ
ਢੇਰ ਪੁਰਾਣੀ ਸਾਂਝ ਮੁਕਾ ਕੇ ਕੁਝ ਨਈਂ ਮਿਲਣਾ ਸਾਨੂੰ

ਸਾਡਾ ਸਾਵਾ ਚਿੱਟਾ ਵੱਸੇ, ਤੇਰਾ ਵੀ ਤਿੰਨ ਰੰਗਾ
ਇਕ ਦੂਜੇ ਦੇ ਰੰਗ ਮਿਟਾ ਕੇ ਕੁਝ ਨਈਂ ਮਿਲਣਾ ਸਾਨੂੰ

ਆ ਖਾਂ 'ਸੰਧੂ' ਇਕ ਥਾਂ ਬਹਿ ਕੇ ਵੈਰ ਦਾ ਜ਼ਹਿਰ ਮੁਕਾਈਏ
ਇਕ ਦੂਜੇ ਨੂੰ ਨਾਗ ਲੜਾ ਕੇ ਕੁਝ ਨਈਂ ਮਿਲਣਾ ਸਾਨੂੰ

7. ਕਿੰਝ ਬਦਲੇ ਨੇ ਰਾਹ ਵੇ ਢੋਲਾ (ਗ਼ਜ਼ਲ)

ਕਿੰਝ ਬਦਲੇ ਨੇ ਰਾਹ ਵੇ ਢੋਲਾ
ਵਾਹ ਵੇ ਢੋਲਾ, ਵਾਹ ਵੇ ਢੋਲਾ

ਮੁੜਕੇ ਖ਼ਵਰੇ ਕਦ ਬੀਜਾਂਗੇ
ਸਾਂਝੀ ਕਣਕ ਕਪਾਹ ਵੇ ਢੋਲਾ

ਕੀ ਖੱਟਿਆ ਏ ਮਨ-ਮਰਜ਼ੀ ਦੇ
ਗਲ਼ ਵਿਚ ਪਾ ਕੇ ਫਾਹ ਵੇ ਢੋਲਾ

ਸਤਲੁਜ ਕੰਢੇ ਰਲ਼ ਕੇ ਪੀਤੀ
ਭੁਲ ਗਿਉਂ ਗੁੜ ਦੀ ਚਾਹ ਵੇ ਢੋਲਾ

ਹਰ ਇਕ ਈਦ-ਵਿਸਾਖੀ ਲੰਘੀ
ਭਰ-ਭਰ ਠੰਢੇ ਸਾਹ ਵੇ ਢੋਲਾ

ਆ ਫਿਰ ਵਿਹੜਾ ਇੱਕੋ ਕਰੀਏ
ਕੰਧ ਨੂੰ ਦਈਏ ਢਾਹ ਵੇ ਢੋਲਾ

ਸਾਡੇ ਚੰਨ ਵੀ ਚੁੰਨ੍ਹੇ ਨਿਕਲੇ
ਸੂਰਜ ਕਾਲ਼ੇ-ਸ਼ਾਹ ਵੇ ਢੋਲਾ

ਹੋਸ਼ਾਂ ਆਈਆਂ ਜਦ ਸੀ ਪਾਈ
ਸਿਰ ਵਿਚ ਆਪ ਸਵਾਹ ਵੇ ਢੋਲਾ

ਮਯੀਅਤਾਂ ਨਾਲ਼ ਈ ਹੁੰਦੇ ਰਏ ਨੇ
ਏਥੇ ਰੋਜ਼ ਵਿਆਹ ਵੇ ਢੋਲਾ

ਹੁੰਦੇ ਨਈਂ ਪਰ ਹੋ ਜਾਂਦੇ ਨੇ
ਲੋਕੀਂ ਬੇਪਰਵਾਹ ਵੇ ਢੋਲਾ

ਮੈਥੋਂ ਵੱਧ ਉਡੀਕੇ ਤੈਨੂੰ
ਮੇਰੇ ਪਿੰਡ ਦੀ ਰਾਹ ਵੇ ਢੋਲਾ

ਹੁਣ ਨਈਂ 'ਸੰਧੂ' ਬਾਝੋਂ ਪੈਂਦੇ
ਉਹ ਕਣਕਾਂ ਦੇ ਗਾਹ ਵੇ ਢੋਲਾ

8. ਮੈਂ ਤੂੰ ਤੇ ਚੰਨ ਤਾਰੇ ਆਪੋ ਆਪ (ਗ਼ਜ਼ਲ)

ਮੈਂ ਤੂੰ ਤੇ ਚੰਨ ਤਾਰੇ ਆਪੋ ਆਪ
ਦਿਨ ਚੜ੍ਹਿਆ ਤੇ ਚਾਰੇ ਆਪੋ ਆਪ

ਮਾਪੇ ਸਨ ਤੇ ਸਾਰੇ ਇੱਕੋ ਮੁੱਠ
ਮਾਪੇ ਨਈਂ ਤੇ ਸਾਰੇ ਆਪੋ ਆਪ

ਕਿਹੜਾ ਬੰਦਾ ਏ ਤੇ ਕਿਹੜਾ ਸੱਪ
ਸੋਚੋ ਆਪਣੇ ਬਾਰੇ ਆਪੋ ਆਪ

ਪਏ ਰਹਿਨੇ ਆਂ ਮੈਂ ਤੇ ਮੇਰੀ ਜਿੰਦ
ਸ਼ਾਮੀਂ ਥੱਕੇ ਹਾਰੇ ਆਪੋ ਆਪ

'ਸੰਧੂ' ਏਥੇ ਲੋਕੀ ਜੀਭ ਦੀ ਥਾਂ
ਲਈ ਫਿਰਦੇ ਨੇ ਆਰੇ ਆਪੋ ਆਪ

9. ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ (ਗ਼ਜ਼ਲ)

ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ
ਬਾਕੀ ਦੇ ਦਸਤਾਰਾਂ ਚੰਨ ਚੜ੍ਹਾਏ ਨੇ

ਸੋਚੋ ਤੇ ਸਹੀ ਇੰਝ ਭਲਾ ਚੰਨ ਚੜ੍ਹਦੇ ਨੇ
ਅਜ ਕਲ੍ਹ ਕਿੰਝ ਅਖ਼ਬਾਰਾਂ ਚੰਨ ਚੜ੍ਹਾਏ ਨੇ

ਚੋਰ ਤੇ ਚੋਰ ਨੇ ਉਹਨਾ ਦਾ ਕੀਹ ਕਰਨਾ ਏ
ਜਿਹੜੇ ਪਹਿਰੇਦਾਰਾਂ ਚੰਨ ਚੜ੍ਹਾਏ ਨੇ

ਹੱਥੀਂ ਫਾਹੇ ਲਾ ਕੇ ਸਾਂਝ ਦੇ ਸੂਰਜ ਨੂੰ
'ਸੰਧੂ' ਕਿੰਝ ਦੀਵਾਰਾਂ ਚੰਨ ਚੜ੍ਹਾਏ ਨੇ

10. ਇਕੇ ਰੁੱਖ ਤੇ ਪਲ਼ ਕੇ ਚਿੜੀਆਂ (ਗ਼ਜ਼ਲ)

ਇਕੇ ਰੁੱਖ ਤੇ ਪਲ਼ ਕੇ ਚਿੜੀਆਂ
ਰਹਿ ਨਾ ਸਕੀਆਂ ਰਲ਼ ਕੇ ਚਿੜੀਆਂ

ਬਾਜ਼ ਕਮੀਨੇ ਕੱਚੀਆਂ ਖਾ ਗਏ
ਬੰਦੇ ਖਾ ਗਏ ਤਲ਼ ਕੇ ਚਿੜੀਆਂ

ਇੱਕ ਇੱਕ ਪਿੰਜਰੇ ਪਾ ਦਿੰਦੇ ਨੇਂ
ਮਾਪੇ ਹੱਥੀਂ ਵਲ਼ ਕੇ ਚਿੜੀਆਂ

ਮੁੜ ਕੇ ਜੰਗਲੀਂ ਜਾ ਵੜੀਆਂ ਨੇਂ
ਸ਼ਹਿਰਾਂ ਤੋਂ ਸੜ ਬਲ਼ ਕੇ ਚਿੜੀਆਂ

ਲੈ ਨੀ ਮਾਏ ਟੁਰ ਚੱਲੀਆਂ ਨੀ
ਸ਼ਗਨਾਂ ਦੇ ਰੰਗ ਮਲ਼ ਕੇ ਚਿੜੀਆਂ

ਦੁੱਖ ਦੇ ਗੀਤ ਸੁਣਾਵਨ 'ਸੰਧੂ'
ਘਰ ਘਰ ਉਮਰੋਂ ਢਲ਼ ਕੇ ਚਿੜੀਆਂ

11. ਕਿਹੜੀ ਕਿਹੜੀ ਸ਼ੈਅ ਮੈਂ ਦੱਸਾਂ ਜੋ ਨਈਂ ਭੁੱਲਦੀ ਮੈਨੂੰ (ਗ਼ਜ਼ਲ)

ਕਿਹੜੀ ਕਿਹੜੀ ਸ਼ੈਅ ਮੈਂ ਦੱਸਾਂ ਜੋ ਨਈਂ ਭੁੱਲਦੀ ਮੈਨੂੰ
ਪਿੰਡ ਦੀ ਸ਼ਾਮ ਸੁਹਾਣੀ ਚੰਨ ਦੀ ਲੋਅ ਨਈਂ ਭੁੱਲਦੀ ਮੈਨੂੰ

ਬੇਸ਼ੱਕ ਭਾਵੇਂ ਪਿੰਡ ਦੀ ਇਕ ਇਕ 'ਵਾਜ ਨੂੰ ਭੁੱਲ ਵੀ ਜਾਵਾਂ
'ਵਾਜ ਨੂੰ ਸੁਣਕੇ ਅੱਗਿਓਂ ਕਰਨੀ ਹੋਅ ਨਈਂ ਭੁੱਲਦੀ ਮੈਨੂੰ

ਪਿੰਡ ਦੇ ਓਸ ਮਦਰੱਸੇ ਅੰਦਰ ਟਾਟਾਂ ਉੱਤੇ ਬਹਿ ਕੇ
ਰਲ ਕੇ ਜਿਹੜੀ ਪੜ੍ਹਦੇ ਸਾਂ ਇੱਕ ਦੋ ਨਈਂ ਭੁੱਲਦੀ ਮੈਨੂੰ

ਪੀਠੀ ਲਾ ਕੇ ਦੇਸੀ ਘਿਉ ਵਿੱਚ ਮਾਂ ਦੇ ਹੱਥ ਦੀ ਪੱਕੀ
ਲੁਸ ਲੁਸ ਕਰਦੀ ਰੋਟੀ ਦੀ ਖੁਸ਼ਬੋ ਨਈਂ ਭੁੱਲਦੀ ਮੈਨੂੰ

12. ਭੁੱਲਾਂ ਤੇ ਮਰ ਜਾਵਾਂ

ਤਰਸ ਗਈਆਂ ਨੇ ਅੱਖਾਂ
ਦੁੱਧ ਮਧਾਣੀ ਨੂੰ
ਪਿੰਡ ਦੀ ਰਾਣੀ ਨੂੰ
ਪਿਆਰ ਪ੍ਰੀਤ 'ਚ ਗੁੰਦੀ
ਸਾਂਝ ਪੁਰਾਣੀ ਨੂੰ

ਲੱਭਦਾ ਫਿਰਨਾ ਅੱਜ ਵੀ
ਹਲ ਪੰਜਾਲ਼ੀ ਨੂੰ
ਚੰਨ ਜਿਹੇ ਹਾਲ਼ੀ ਨੂੰ
ਸਾਵੀ ਪੀਲੀ ਜੋੜੀ
ਕਰਮਾਂ ਵਾਲੀ ਨੂੰ

ਕਿੱਥੋਂ ਮੋੜ ਲਿਆਵਾਂ
ਘਿਓ ਦੀ ਚੂਰੀ ਨੂੰ
ਕੰਢੀ ਬੂਰੀ ਨੂੰ
ਕਿਹੜੀ ਜੂਹ 'ਚੋਂ ਲੱਭ ਕੇ
ਭੱਠ ਤੰਦੂਰੀ ਨੂੰ

ਕਿੰਝ ਭੁਲਾਵਾਂ ਲੰਮੀ
ਗੁੱਤ ਤੇ ਜੂੜੇ ਨੂੰ
ਅੰਬ ਲਸੂੜੇ ਨੂੰ
ਮਹਿੰਦੀ ਵਾਲੇ ਹੱਥ 'ਤੇ
ਸਾਵੇ ਚੂੜੇ ਨੂੰ

ਦਿਲ 'ਚੋਂ ਕੱਢ ਨਹੀਂ ਸਕਿਆ
ਪਿੱਪਲ ਬੋਹੜਾਂ ਨੂੰ
ਖੂਹ ਦਿਆਂ ਮੌੜਾਂ ਨੂੰ
ਸਾਡੀ ਰਹਿਤ ਬਹਿਤ ਦੇ
ਕੁੱਲ ਨਿਚੋੜਾਂ ਨੂੰ

ਭੁੱਲਾਂ ਤੇ ਮਰ ਜਾਵਾਂ
ਖੱਟ ਘੜੋਲੀ ਨੂੰ
ਛੱਜ ਭੜੋਲੀ ਨੂੰ
ਗੁੜ ਤੇ ਖੰਡ ਤੋਂ ਮਿੱਠੀ
ਮਾਂ ਦੀ ਬੋਲੀ ਨੂੰ

13. ਖੁਸ਼ੀਆਂ, ਹਾਸੇ, ਛਾਵਾਂ ਕੁਝ ਵੀ ਰਹਿੰਦਾ ਨਈਂ

ਖੁਸ਼ੀਆਂ, ਹਾਸੇ, ਛਾਵਾਂ ਕੁਝ ਵੀ ਰਹਿੰਦਾ ਨਈਂ
ਮਰ ਜਾਵਣ ਜਦ ਮਾਵਾਂ ਕੁਝ ਵੀ ਰਹਿੰਦਾ ਨਈਂ

ਚੇਤੇ ਰੱਖਿਓ ਆਪਣਾ ਵੀ ਹੱਕ ਮੰਗਣ 'ਤੇ
ਜਿੱਥੇ ਮਿਲਣ ਸਜ਼ਾਵਾਂ ਕੁਝ ਵੀ ਰਹਿੰਦਾ ਨਈਂ

ਜੋਬਨ ਰੁੱਤੇ ਮੇਰੇ ਵਰਗੇ ਰੁੱਖਾਂ ਨੂੰ
ਖਾ ਜਾਵਣ ਜੇ ਛਾਵਾਂ ਕੁਝ ਵੀ ਰਹਿੰਦਾ ਨਈਂ

ਜਿਹੜੇ ਦੇਸ 'ਚ ਥੋਬੇ ਲਾ ਕੇ ਮੂੰਹਾਂ 'ਤੇ
ਨੱਪੀਆਂ ਜਾਣ ਸਦਾਵਾਂ ਕੁਝ ਵੀ ਰਹਿੰਦਾ ਨਈਂ

ਜਿਸ ਧਰਤੀ 'ਤੇ ਭੇਸ ਵਟਾ ਕੇ ਬੰਦਿਆਂ ਦੇ
ਫ਼ਿਰਦੀਆਂ ਹੋਣ ਬਲਾਵਾਂ ਕੁਝ ਵੀ ਰਹਿੰਦਾ ਨਈਂ

14. ਦਾਣੇ ਬਦਲੇ ਛੱਜ ਨਈਂ ਬਦਲੇ

ਦਾਣੇ ਬਦਲੇ ਛੱਜ ਨਈਂ ਬਦਲੇ
ਪੱਜ ਬਦਲੇ ਨੇ ਜੱਜ ਨਈਂ ਬਦਲੇ

ਤੂੰ ਈ ਦੱਸ ਹੁਣ ਕਿੱਥੇ ਘੱਲੀਏ
ਕਰਕੇ ਜਿਹੜੇ ਹੱਜ ਨਈਂ ਬਦਲੇ

ਕੱਲ੍ਹ ਨੂੰ ਦੱਸ ਖਾਂ ਕਿੰਝ ਬਦਲਣਗੇ
ਜੋ ਸਾਡੇ ਤੋਂ ਅੱਜ ਨਈਂ ਬਦਲੇ

ਸਬ ਕੁਝ ਬਦਲ ਗਿਆ ਪਰ ਤੇਰੇ
ਲਾਰੇ, ਲੱਪੇ, ਪੱਜ ਨਈਂ ਬਦਲੇ

ਕੱਲ੍ਹ ਵੀ ਸਨ ਤੇ ਅੱਜ ਵੀ 'ਸੰਧੂ'
ਨੲਈਂ ਜਿੰਨ੍ਹਾਂ ਨੂੰ ਲੱਜ ਨਈਂ ਬਦਲੇ

15. ਰਲ਼ ਕੇ ਦੋਵੇਂ ਅਗਲੇ ਪਿਛਲੇ ਧੋਣੇ ਧੋ ਕੇ ਆਈਏ

ਰਲ਼ ਕੇ ਦੋਵੇਂ ਅਗਲੇ ਪਿਛਲੇ ਧੋਣੇ ਧੋ ਕੇ ਆਈਏ।
ਆ ਨੀ ਜਿੰਦੇ ਅੱਜ ਸੱਜਣਾਂ ਦੇ ਪਿੰਡ 'ਚੋਂ ਹੋ ਕੇ ਆਈਏ।

ਅੱਲ੍ਹਾ ਜਾਣੇ ਭੋਇਂ ਉੱਤੇ ਪੈਰ ਕਿਉਂ ਨਹੀਂ ਟਿਕਦੇ
ਜਦ ਕਦੀ ਵੀ ਤੇਰੇ ਨੇੜੇ ਝੱਟ ਖਲੋਕੇ ਆਈਏ।

ਚੰਨ ਏ ਚੁੰਨ੍ਹਾ, ਤਾਰੇ ਬੱਜਲ, ਸੂਰਜ ਗੂੰਗਾ ਬੋਲ਼ਾ
ਕੀਹਦੇ ਅੱਗੇ ਇਸ ਧਰਤੀ ਦੇ ਰੋਣੇ ਰੋ ਕੇ ਆਈਏ।

ਜੱਗ ਨੂੰ ਜਿਹੜਾ ਇਕੋ ਜਿੰਨੀਆਂ ਧੁੱਪ ਤੇ ਛਾਵਾਂ ਵੰਡੇ
ਜੀ ਕਰਦਾ ਏ ਇੰਜ ਦਾ ਕੋਈ ਅੰਬਰ ਗੋ ਕੇ ਆਈਏ।

ਯਾਰ ਨੂੰ ਮਿਲ ਕੇ ਆਵਣ ਵਾਲਾ ਦਿਸ ਪੈਂਦਾ ਏ ਦੂਰੋਂ
ਆਪਣੇ ਵੱਲੋਂ ਗੱਲ ਨੂੰ ਭਾਵੇਂ ਲੱਖ ਲੁਕੋ ਕੇ ਆਈਏ।

ਤੂੰ ਤੇ ਸਾਨੂੰ ਅੰਨੇ ਖੂਹ ਤੇ ਜੋ ਛੱਡਿਆ ਏ ਲੇਖਾ
ਤੂੰ ਵੀ ਦੱਸ ਨਾਂ ਤੈਨੂੰ ਕਿਹੜੇ ਖੂਹ ਤੇ ਜੋ ਕੇ ਆਈਏ।

ਦੁਨੀਆ ਜੰਨਤ ਬਣ ਸਕਦੀ ਏ ਧਰਤੀ ਰੱਬ ਦਾ ਵੇੜ੍ਹਾ
ਇਕ ਦੂਜੇ ਵੱਲ ਵੈਰ ਦੇ ਜੇਕਰ ਬੂਹੇ ਢੋਅ ਕੇ ਆਈਏ।

ਲੂੰ ਲੂੰ ਜਿਹਨੇ ਵਿੰਨ੍ਹ ਛੱਡਿਆ ਏ ਚੋਭਾਂ ਮਾਰਕੇ 'ਸੰਧੂ'
ਇੰਜ ਕਰੀਏ ਖ਼ਾਂ ਉਹਨੂੰ ਵੀ ਕੋਈ ਸੂਲ ਚੁਭੋਕੇ ਆਈਏ।

16. ਵੱਡੇ ਬੋਹੜ ਦੀ ਛਾਵੇਂ ਨਿੱਤ ਬਿਠਾ ਕੇ ਮਾਲ ਦੁਪਹਿਰੀਂ

ਵੱਡੇ ਬੋਹੜ ਦੀ ਛਾਵੇਂ ਨਿੱਤ ਬਿਠਾ ਕੇ ਮਾਲ ਦੁਪਹਿਰੀਂ
ਛੇੜੂ ਮੌਜ ਮਨਾਉਂਦੇ ਭੁੱਜੀਆਂ ਹੋਲਾਂ ਨਾਲ ਦੁਪਹਿਰੀਂ

ਲੱਸੀ ਨਾਲ ਤੰਦੂਰ ਦੀ ਰੋਟੀ ਉੱਤੇ ਰੱਖ ਕੇ ਖਾਣੀ
ਦੇਸੀ ਘਿਉ ਤੇ ਕੱਦੂਆਂ ਦੇ ਵਿੱਚ ਪੱਕੀ ਦਾਲ ਦੁਪਹਿਰੀਂ

ਇੱਕ ਥਾਂ ਖੇਡਣ ਲੱਗ ਜਾਂਦੇ ਸਨ ਵੰਨ ਸੁਵੰਨੀਆਂ ਖੇਡਾਂ
ਨਿੱਕੇ ਵੱਡੇ ਸਾਰੇ ਪਿੰਡ ਦੇ ਰਲ ਕੇ ਬਾਲ ਦੁਪਹਿਰੀਂ

ਜੇਠ ਤੇ ਹਾੜ੍ਹ 'ਚ ਗਰਮੀ ਤੋਂ ਜਦ ਬਹੁਤਾ ਹੁੱਸੜ ਜਾਣਾ
ਨਹਿਰ ਦੇ ਪਾਣੀ ਵਿੱਚ ਨਹਾਉਣਾ ਮਾਰ ਕੇ ਛਾਲ ਦੁਪਹਿਰੀਂ

17. ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ

ਨਾ ਵੀ ਹੋਵਣ ਤਾਂ ਵੀ ਸੋਹਣੇ ਲੱਗਦੇ ਨੇ
ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ

ਦਿਲ ਵਿਚ ਹੋਵੇ ਆਸ ਕਿਸੇ ਦੇ ਆਵਣ ਦੀ
ਓਦੋਂ ਕਾਲੇ ਕਾਂ ਵੀ ਸੋਹਣੇ ਲੱਗਦੇ ਨੇ

ਰੱਬ ਦੀ ਕਸਮ ਏ ਰੁੱਖ ਸੱਜਣਾ ਦੇ ਵਿਹੜੇ ਦੇ
ਦੇਣ ਨਾ ਭਾਵੇਂ ਛਾਂ ਵੀ ਸੋਹਣੇ ਲੱਗਦੇ ਨੇ

ਦੂਜੇ ਕੰਢੇ ਪੱਟ ਚਰੀਂਦੇ ਹੋਵਣ ਤੇ
ਘੜਿਆਂ ਨਾਲ ਝਨਾਂ ਵੀ ਸੋਹਣੇ ਲੱਗਦੇ ਨੇ

ਸੱਜਣਾ ਦੇ ਤਿਲ ਠੋਡੀ 'ਤੇ ਜਾਂ ਬੁੱਲ੍ਹੀਆਂ 'ਤੇ
ਹੋਵਣ ਜਿਹੜੀ ਥਾਂ ਵੀ ਸੋਹਣੇ ਲੱਗਦੇ ਨੇ

18. ਅੱਜ ਵੀ ਇਕ ਇਕ ਛੱਲ ਝਨਾਂ ਦੀ

ਅੱਜ ਵੀ ਇਕ ਇਕ ਛੱਲ ਝਨਾਂ ਦੀ
ਦਸਦੀ ਪਈ ਏ ਗੱਲ ਝਨਾਂ ਦੀ

ਮੇਰਾ ਨਾਂ ਮਹੀਂਵਾਲ ਜੇ ਹੋਂਦਾ
ਲਾਹ ਦੇਂਦਾ ਮੈਂ ਖੱਲ ਝਨਾਂ ਦੀ

ਲੇਖਾ ਤੇਰੇ ਨਾਲ ਪਈ ਮਿਲਦੀ
ਪਿੱਛੋਂ ਕਿਧਰੇ ਅੱਲ ਝਨਾਂ ਦੀ

ਮੈਂ ਕੱਢਣੀ ਏ ਵਿੱਚੋਂ ਸੋਹਣੀ
ਮੈਨੂੰ ਮਿੱਟੀ ਘੱਲ ਝਨਾਂ ਦੀ

ਅੱਜ ਵੇਖੀ ਏ ਘੱਟੇ ਰੁਲਦੀ
ਆਕੜ ਸੀ ਜੋ ਕੱਲ੍ਹ ਝਨਾਂ ਦੀ

19. ਸੋਚ ਰਿਹਾ ਵਾਂ ਸਾਰੀ ਉਮਰਾ ਪਿੰਡਾਂ ਦੇ ਪਿੰਡ ਖਾ ਕੇ

ਸੋਚ ਰਿਹਾ ਵਾਂ ਸਾਰੀ ਉਮਰਾ ਪਿੰਡਾਂ ਦੇ ਪਿੰਡ ਖਾ ਕੇ
ਲੋਹੜਾ ਨਈਂ ਏ ਫੇਰ ਵੀ ਭੁੱਖ ਵਡੇਰੇ 'ਚੋਂ ਨਾ ਨਿਕਲੇ

ਫੇਰੀ ਵਾਲਾ ਫੇਰੀ ਲਾ ਕੇ ਦੱਸ ਖਾਂ ਕਿੱਥੋਂ ਖਾਵੇ
ਰੋਟੀ ਦਾ ਵੀ ਖਰਚਾ ਜੇਕਰ ਫੇਰੇ 'ਚੋਂ ਨਾ ਨਿਕਲੇ

ਓਦੋਂ ਤੀਕਰ ਚੁੱਗੀਆਂ ਦੇ ਵਿੱਚ ਈਦਾਂ ਨੇ ਨਈਂ ਆਉਣਾ
ਜਿੰਨਾ ਚੀਕਰ ਚੰਨ ਦੇ ਕਾਤਿਲ ਡੇਰੇ 'ਚੋਂ ਨਾ ਨਿਕਲੇ

ਲੱਖ ਸਿਖਾਈਏ 'ਸੰਧੂ' ਭਾਵੇਂ ਮੋਤੀ ਚੋਗ ਚੁਗਾਈਏ
ਤਿੱਤਰਾਂ ਵਰਗੀ ਫਿਰ ਵੀ ਵਾਜ ਬਟੇਰੇ 'ਚੋਂ ਨਾ ਨਿਕਲੇ

20. ਪੂਰੀ ਹਿੰਮਤ ਕਰਕੇ ਹੁਣ ਤੂੰ ਜਾਗ ਪੰਜਾਬੀ ਪੁੱਤਰਾ

ਪੂਰੀ ਹਿੰਮਤ ਕਰਕੇ ਹੁਣ ਤੂੰ ਜਾਗ ਪੰਜਾਬੀ ਪੁੱਤਰਾ
ਖਾ ਜਾਵਣਗੇ ਨਈਂ ਤੇ ਕੰਗਣੀ ਕਾਗ ਪੰਜਾਬੀ ਪੁੱਤਰਾ

ਆਸਾਂ ਲਾ ਕੇ ਬੈਠੀ ਰਹੇ ਨਾ ਕਿਧਰੇ ਤੇਰੀ ਬੋਲੀ
ਆਪਣੀ ਮੰਗ ਵਿਆਹ ਲੈ ਭਰ ਕੇ ਲਾਗ ਪੰਜਾਬੀ ਪੁੱਤਰਾ

ਜੇ ਪੰਜਾਬ ਦਾ ਪੁੱਤਰ ਏਂ ਤੂੰ ਮਿਧਦਾ ਜਾਹ ਫਿਰ ਸਿਰੀਆਂ
ਜਿਹੜੇ ਜਿਹੜੇ ਆਵਣ ਰਾਹ ਵਿੱਚ ਨਾਗ਼ ਪੰਜਾਬੀ ਪੁੱਤਰਾ

21. ਸਭ ਤੋਂ ਸੋਹਣਾ ਜੱਗ ਤੋਂ ਵੱਖਰਾ ਚੇਤ ਬਹਾਰਾਂ ਵਾਂਗੂੰ

ਸਭ ਤੋਂ ਸੋਹਣਾ ਜੱਗ ਤੋਂ ਵੱਖਰਾ ਚੇਤ ਬਹਾਰਾਂ ਵਾਂਗੂੰ
ਮੇਰੇ ਲਈ ਤੇ ਪਿੰਡ ਸੀ ਮੇਰਾ ਗੂੜ੍ਹੇ ਯਾਰਾਂ ਵਾਂਗੂੰ

ਵੱਟ 'ਤੇ ਟੁਰਿਆਂ ਇੰਝ ਲੱਗਦਾ ਸੀ ਜਿਵੇਂ ਜੰਨਤ ਵਿੱਚ ਆ ਗਏ
ਖਿੜ ਖਿੜ ਹੱਸਦੇ ਫੁੱਲ ਸਰੋਂ ਦੇ ਜਦ ਮੁਟਿਆਰਾਂ ਵਾਂਗੂੰ

ਵਸਦਾ ਰਹੇ ਪੰਜਾਬ ਅਸਾਡਾ ਜੀਹਦਾ ਇਕ ਇਕ ਵਾਸੀ
ਮੇਰੇ ਲਈ ਏ ਪੀਰਾਂ ਵਲੀਆਂ ਤੇ ਅਵਤਾਰਾਂ ਵਾਂਗੂੰ

ਜਦ ਵੀ ਆਵਣ ਸੱਜਣਾ ਲਈ ਏ ਹਰ ਵੇਲੇ ਈ 'ਸੰਧੂ'
ਮਸਜਿਦ ਵਰਗੀ ਅੱਖ ਅਸਾਡੀ ਦਿਲ ਦਰਬਾਰਾਂ ਵਾਂਗੂੰ

22. ਕੀ ਤਿੱਤਰ ਕੀ ਮੋਰ ਨੇਂ ਸਾਰੇ

ਕੀ ਤਿੱਤਰ ਕੀ ਮੋਰ ਨੇਂ ਸਾਰੇ
ਖੰਬਾਂ ਪਿੱਛੇ ਚੋਰ ਨੇਂ ਸਾਰੇ

ਢਿੱਡ ਕੁਰਸੀ ਤੇ ਨਾਂ ਤੋਂ ਹਟ ਕੇ
ਦੱਸੋ ਕਾਹਦੇ ਸ਼ੋਰ ਨੇਂ ਸਾਰੇ

ਅਕਲਾਂ ਨਹੀਂ ਘਾਹ ਚਰਨੇ ਛੱਡੇ
ਤਾਂ ਤੇ ਅੱਜ ਵੀ ਢੋਰ ਨੇਂ ਸਾਰੇ

ਤੂੰ ਐਂ ਖੰਡ ਪਤਾਸਾ ਮਤਲਬ
ਬਾਕੀ ਤੇ ਫ਼ਿਰ ਭੌਰ ਨੇਂ ਸਾਰੇ

ਜਿੰਨੇ ਵੀ ਨੇਂ ਜਿਹੜੇ ਵੀ ਨੇਂ
ਰੰਗ ਹਾਲੇ ਕਮਜ਼ੋਰ ਨੇਂ ਸਾਰੇ

ਚੜ੍ਹਦਿਓਂ ਲੈ ਕੇ ਲਹਿੰਦੇ ਤੀਕਰ
ਕੰਮ ਈ ਹੋਰ ਦੇ ਹੋਰ ਨੇਂ ਸਾਰੇ

ਵਧਣਾ ਈ ਸੀ ਕੂੜ ਚੁਫ਼ੇਰੇ
ਗੁੜ ਜੋ ਦਿੱਤੇ ਖੁਰ ਨੇਂ ਸਾਰੇ

ਸਮਝ ਨਹੀਂ ਆਉਂਦੀ ਇਕ ਦੂਜੇ ਦੀ
ਟੁਰਦੇ ਪਏ ਕਿਉਂ ਟੂਰ ਨੇਂ ਸਾਰੇ

ਨਾਵਾਂ ਦੇ ਈ ਨੇੜ ਨੇਂ 'ਸੰਧੂ'
ਅੰਦਰੋਂ ਚੰਨ ਚਕੋਰ ਮੈਂ ਸਾਰੇ

23. ਅੱਜ ਵੀ ਮਾਰ ਕੇ ਢਾਵਾਂ ਇਧਰ ਵੀ ਤੇ ਉਧਰ ਵੀ

ਅੱਜ ਵੀ ਮਾਰ ਕੇ ਢਾਵਾਂ ਇਧਰ ਵੀ ਤੇ ਉਧਰ ਵੀ,
ਰੋਂਦੇ ਰੁੱਖ ਤੇ ਛਾਵਾਂ, ਇਧਰ ਵੀ ਤੇ ਉਧਰ ਵੀ ।

ਕਿੰਝ ਪੁੱਤਰਾਂ ਲਈ ਤੜਫ਼ ਤੜਫ਼ ਕੇ ਕਬਰੀਂ ਜਾ ਵੜੀਆਂ,
ਅੱਜ ਤੱਕ ਕਿੰਨੀਆਂ ਮਾਵਾਂ, ਇਧਰ ਵੀ ਤੇ ਉਧਰ ਵੀ ।

ਕੱਦ ਤੋਂ ਇੱਕ ਦੂਜੇ ਨੂੰ ਹੱਸ ਕੇ ਸੀਨੇ ਲਾਵਣ ਲਈ,
ਤਰਸ ਰਹੀਆਂ ਨੇਂ ਬਾਂਹਵਾਂ, ਇਧਰ ਵੀ ਤੇ ਉਧਰ ਵੀ ।

ਗੱਲ੍ਹਾਂ ਚੇਤੇ ਆਉਣ ਦਿਲ ਚਰੀਜਨ ਲੱਗ ਪੈਂਦੇ,
ਵੇਖ ਕੇ ਕਣਕ ਕਪਾਹਵਾਂ, ਇਧਰ ਵੀ ਤੇ ਉਧਰ ਵੀ ।

ਰੋ ਰੋ ਕੁਝ ਬਨੇਰੇ ਕਈ ਕਈ ਗੱਲਾਂ ਤੇਰੇ ਤੋਂ,
ਪੁੱਛਦੇ ਨੇਂ ਨਾਂ ਕਾਵਾਂ, ਇਧਰ ਵੀ ਤੇ ਉਧਰ ਵੀ ।

ਕਿੰਨੇ ਈ ਨੇਂ ਜਿਹੜੇ ਅੱਜ ਵੀ ਲੈ ਕੇ ਫਿਰਦੇ ਨੇਂ,
ਹੌਕੇ , ਹੰਝੂ, ਹਾਵਾਂ, ਇਧਰ ਵੀ ਤੇ ਉਧਰ ਵੀ ।

ਅੱਖਾਂ ਵਿਚ ਨੇਂ ਸੰਧੂ ਯਾਰ ਕਿਸੇ ਨੂੰ ਭੁੱਲੀਆਂ ਨਈਂ,
ਹਾਲੇ ਵੀ ਕੁਝ ਥਾਵਾਂ,ਇਧਰ ਵੀ ਤੇ ਵੀ ਇਧਰ ਵੀ ।

24. ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ

ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ
ਕੂੜ ਦੀ ਮਿੱਟੀ ਥੱਲੇ ਜੀਂਦਾ ਸੱਚ ਦਫ਼ਨਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

ਅੰਨ੍ਹਿਆਂ ਕਰਕੇ ਜੀਭਾਂ ਵੱਢ ਕੇ ਸਦੀਆਂ ਤੋਂ ਇਹ ਇਕੋ ਇਕ ਤਮਾਸ਼ਾ ਸਾਨੂੰ,
ਵਾਂਗ ਮਦਾਰੀ ਵਾਰੋ ਵਾਰੀ ਕਿੰਝ ਵਿਖਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

ਪਿਆਰ ਖ਼ਲੂਸ ਦੇ ਕੋਠੇ ਢਾਹ ਕੇ, ਲੋਭ ਦੇ ਮਹਿਲ ਮੁਨਾਰੇ ਪਾਕੇ, ਸਾਂਝ ਮੁਕਾਕੇ,
ਬੇ ਹਿੱਸਿਆਂ ਤੇ ਬੇ ਵਸੀਆਂ ਦੇ ਸ਼ਹਿਰ ਵਸਾਂਦੇ ਪਏ ਓ ,ਕੀ ਅਜ਼ਮਾਂਦੇ ਪਏ ਓ

ਕੁਝ ਨਾ ਕੁਝ ਤੇ ਸੋਚੋ, ਕੁਝ ਤੇ ਸਮਝੋ, ਆਪਣੇ ਆਪਣੇ ਕਮਲਪੁਣੇ ਵਿਚ ਲੋਕੋ,
ਕਿੰਨੇ ਚਿਰ ਤੋਂ ਹੱਥੀਂ ਆਪਣੀ ਖੱਲ ਲੁਹਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

ਇਕੋ ਮਾਂ ਦੇ ਪੁੱਤਰਾਂ ਨੂੰ ਈ ਦੀਨ ਧਰਮ ਦੇ ਨਾਂ ਤੇ ਖ਼ੌਰੇ ਕਿਹੜੀ ਗੱਲੋਂ,
ਡੰਗਰਾਂ ਵਾਂਗੂੰ ਇਕ ਦੂਜੇ ਦੇ ਨਾਲ਼ ਲੜਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

ਕਿੰਨੇ ਚਿਰ ਦਾ ਸਿਰ ਤੋਂ ਪਾਣੀ ਲੰਘ ਗਿਆ ਏ, ਜਾਗਣ ਦਾ ਪਰ ਸੁੱਤੇ ਜ਼ੇਹਨੋਂ,
ਲੋੜ੍ਹਾ ਨਈਂ ਏ ਹਾਲੇ ਤੀਕਰ ਜ਼ਿਹਨ ਬਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

ਚੇਤਰ ਰੁੱਤੇ ਕੌਣ ਖ਼ਿਜ਼ਾਵਾਂ ਵਰਗੇ ਲੋਕਾਂ ਕੋਲੋਂ 'ਸੰਧੂ' ਇਹ ਗੱਲ ਪੁੱਛੇ,
ਖਿੜ ਖਿੜ ਹੱਸਦੇ ਫੁੱਲ ਕਲੀਆਂ ਨੂੰ ਕਿੰਝ ਜ਼ਖ਼ਮਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ

25. ਹੁਣ ਤੀਕਰ ਜੇ ਰਹਿੰਦਾ ਓਵੇਂ

ਹੁਣ ਤੀਕਰ ਜੇ ਰਹਿੰਦਾ ਓਵੇਂ
ਖ਼ੌਰੇ ਕੀ ਕੀ ਸਹਿੰਦਾ ਓਵੇਂ !

ਚੁੰਮਦਾ ਨਹੀਂ ਕੋਈ ਮਾਂ ਦੇ ਵਾਂਗੂੰ
ਚੰਨ ਵੀ ਕੋਈ ਨਹੀਂ ਕਹਿੰਦਾ ਓਵੇਂ !

ਤੈਨੂੰ ਚੇਤੇ ਨਾ ਈ ਕਰਦਾ
ਦਿਨ ਵੀ ਨਹੀਂ ਨਾ ਲਹਿੰਦਾ ਓਵੇਂ !

ਦੁੱਖਾਂ ਇੰਜ ਤਾਂ ਢਾਇਆ ਏ
ਮੈਂ ਜੋ ਨਹੀਂ ਸਾਂ ਢਹਿੰਦਾ ਓਵੇਂ !

ਦਿਲ ਚਾਹੁੰਦਾ ਸੀ ਜਿੱਦਾਂ ਸਾਹਵੇਂ
ਇੱਕ ਵਾਰੀ ਤੇ ਬਹਿੰਦਾ ਓਵੇਂ !

ਯਾਦ ਈ ਇੱਕ ਦਰਿਆ ਹੁੰਦਾ ਸੀ
ਅੱਜਕੱਲ੍ਹ ਤੇ ਨਹੀਂ ਵਹਿੰਦਾ ਓਵੇਂ!

'ਸੰਧੂ' ਜਿੱਦਾਂ ਲੋਕੀਂ ਡਾਂਹਦੇ
ਸ਼ੇਅਰ ਨੂੰ ਸਿਰ ਨਹੀਂ ਡਹਿੰਦਾ ਓਵੇਂ !

26. ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ

ਥਾਂ ਥਾਂ ਫਿਰੀਆਂ ਕਾਰਾਂ ਐਵੇਂ ਭੌਂਕਦੀਆਂ
ਵਰ੍ਹਿਆਂ ਤੋਂ ਤਲਵਾਰਾਂ ਐਵੇਂ ਭੌਂਕਦੀਆਂ

ਕਿਸੇ ਨੇ ਨਾ ਦੁੱਖ ਵੰਡਾਇਆ ਮਾੜੇ ਦਾ
ਰਹੀਆਂ ਸਭ ਸਰਕਾਰਾਂ ਐਵੇਂ ਭੌਂਕਦੀਆਂ

ਜਿਹੜੇ ਦਿਨ ਮੈਂ ਮੁਨਾ ਨਾ ਲਾਇਆ ਇਹਨਾਂ ਨੂੰ
ਗਈਆਂ ਫ਼ਿਰ ਬਹਾਰਾਂ ਐਵੇਂ ਭੌਂਕਦੀਆਂ

ਮੈਂ ਦੀਵਾਰਾਂ ਓਹਲੇ ਲੁਕ ਲੁਕ ਰੋਇਆ ਨਹੀਂ
ਪਈਆਂ ਨੇਂ ਦੀਵਾਰਾਂ ਐਵੇਂ ਭੌਂਕਦੀਆਂ

ਦਿਲ ਨਹੀਂ ਮੰਨਦਾ ਤੋੜੇ ਨੇਂ ਦਿਲ ਸੱਜਣਾਂ ਨੇ
ਦਿਲ ਦੀਆਂ ਨੇਂ ਤਾਰਾਂ ਐਵੇਂ ਭੌਂਕਦੀਆਂ

ਮੈਂ ਉਹ ਕੂੰਜ ਆਂ ਜਿਹੜੀ ਵਿਛੜ ਗਈ ਤੇ ਫ਼ਿਰ
ਫਿਰਨਗੀਆਂ ਇਹ ਡਾਰਾਂ ਐਵੇਂ ਭੌਂਕਦੀਆਂ

27. ਜਦ ਅਸਮਾਨ ਤੇ ਚੜ੍ਹੀਆਂ ਥੱਲੇ ਡਿਗਣਾ ਏ

ਜਦ ਅਸਮਾਨ ਤੇ ਚੜ੍ਹੀਆਂ ਥੱਲੇ ਡਿਗਣਾ ਏ
ਫ਼ਿਰ ਵੇਖੀਂ ਤੂੰ ਬੜੀਆਂ ਥੱਲੇ ਡਿਗਣਾ ਏ

ਫ਼ਿਰ ਪਿੱਟਣਾ ਏ ਤਸਬੀ ਧਾਗੇ ਖਾਣੀ ਨੇ
ਟੁੱਟ ਕੇ ਜਿਸ ਦਿਨ ਲੜੀਆਂ ਥੱਲੇ ਡਿਗਣਾ ਏ

ਜਿਹੜੇ ਵੇਲੇ ਸੱਚ ਦੀ ਲੱਲਕਰ ਵੱਜਨੀ ਏ
ਝੂਠ ਦੀਆਂ ਸਭ ਤੜ੍ਹੀਆਂ ਥੱਲੇ ਡਿਗਣਾ ਏ

ਜਦ ਮੈਂ ਪੁੱਜ ਕੇ ਝੂਣਾ ਦਿੱਤਾ ਆਕੜ ਨੂੰ
ਕਿੰਨੀਆਂ ਈ ਫ਼ਿਰ ਅੜੀਆਂ ਥੱਲੇ ਡਿਗਣਾ ਏ

ਮੈਂ ਕੀ ਡਿਗਣਾ ਆਪ ਖਲੋਤੇ ਹੋਏ ਨੇ
ਨਾਲ਼ ਵਸਾਖੀ ਖੜ੍ਹੀਆਂ ਥੱਲੇ ਡਿਗਣਾ ਏ

ਇਸ ਘੁਮੰਡ ਦੀ ਛੱਤ ਨੇ ਵੀ ਢਹਿ ਪੈਣਾ ਏ
ਥੰਮੀਆਂ ਤੇ ਜਦ ਕੜੀਆਂ ਥੱਲੇ ਡਿਗਣਾ ਏ

ਹੋਰ ਕਿਸੇ ਨੂੰ ਲੋੜ ਨਹੀਂ ਧੱਕਾ ਦੇਵਣ ਦੀ
ਆਪ ਈ ਅੰਦਰੋਂ ਸੜੀਆਂ ਥੱਲੇ ਡਿਗਣਾ ਏ

ਵੇਖ ਲਈਂ 'ਸੰਧੂ' ਬੁਲ੍ਹੇ ਸ਼ਾਹ ਦੀ ਸਰਦਲ ਤੋਂ
ਓੜਕ ਨੂੰ ਪਾ ਪੜ੍ਹੀਆਂ ਥੱਲੇ ਡਿਗਣਾ ਏ

28. ਕਰਦੀ ਦਿਲ ਤੇ ਵਾਰ ਏ ਬੱਚੇ ਮੋਈ

ਕਰਦੀ ਦਿਲ ਤੇ ਵਾਰ ਏ ਬੱਚੇ ਮੋਈ
ਅੱਖ ਕਾਹਦੀ ਤਲਵਾਰ ਏ ਬੱਚੇ ਮੋਈ

ਜਿਹਨੂੰ ਮਿਲਦੀ ਓਹਨੂੰ ਰਾਹੇ ਛੱਡਦੀ
ਜ਼ਿੰਦਗੀ ਉਹ ਮੁਟਿਆਰ ਏ ਬੱਚੇ ਮੋਈ

ਦਿਲ ਢੱਠੇ ਪਰ ਢੱਠੀ ਨਈਂ ਜੋ ਸਾਥੋਂ
ਨਫ਼ਰਤ ਦੀ ਦੀਵਾਰ ਏ ਬੱਚੇ ਮੋਈ

ਸਾਡੇ ਲਈ ਨਾਈਂ ਆਪਣੇ ਢਿੱਡ ਲਈ ਇਥੇ
ਆਉਂਦੀ ਹਰ ਸਰਕਾਰ ਏ ਬੱਚੇ ਮੋਈ

ਖਿਝਕੇ ਜ਼ਿਹਨ ਨੇਂ ਤਾਂ ਈ ਸੋਚ ਵੀ ਸਾਡੀ
ਹਾਲੇ ਤੱਕ ਬੀਮਾਰ ਏ ਬੱਚੇ ਮੋਈ

ਸਾਡੀ ਨਈਂ ਇਹ ਮੁੱਲਾਂ ਤੇਰੀ ਕੰਧ ਏ
ਜੋ ਸਾਡੇ ਵਿਚਕਾਰ ਏ ਬੱਚੇ ਮੋਈ

ਜਿਹਨੇ ਸਾਥੋਂ ਸਾਡੇ ਯਾਰ ਨਿਖੇੜੇ
ਆਹ ਪਿਛਲੀ ਅਤਵਾਰ ਏ ਬੱਚੇ ਮੋਈ

'ਸੰਧੂ' ਯਾਰੀ ਵਾਂਗ ਨਿਭਾਈਏ ਯਾਰੀ
ਪਰ ਬੜੀ ਦੁਸ਼ਵਾਰ ਏ ਬੱਚੇ ਮੋਈ

ਫੁਟਕਲ

1.
ਅੱਪੜ ਗਏ ਆਂ ਜੱਨਤ ਵਰਗਾ ਤਖ਼ਤ ਹਜ਼ਾਰਾ ਛੱਡ ਕੇ
ਝੰਗ ਸਿਆਲੀਂ ਤੈਨੂੰ ਨੀ ਮੁਟਿਆਰੇ ਲੱਭਦੇ ਲੱਭਦੇ
ਕੀਹਦੀ ਕੀਹਦੀ ਗੱਲ ਕਰਾਂ ਮੈਂ ਕਿੰਨੇ ਈ ਨੇ ਖ਼ੌਰੇ
ਮਿੱਟੀ ਹੋ ਗਏ ਲਾਲਾਂ ਨੂੰ ਵਣਜਾਰੇ ਲੱਭਦੇ ਲੱਭਦੇ

2.
ਲਹਿੰਦੇ ਵੱਲੋਂ ਚੜ੍ਹਦੇ ਟੁਰ ਗਏ, ਚੜ੍ਹਦੇ ਵੱਲੋਂ ਲਹਿੰਦੇ
ਇਕ ਥਾਂ ਚੋਗਾ ਚੁਗਦੇ ਸਨ ਜੋ ਰਲ ਕੇ ਡਾਰਾਂ ਵਾਂਗੂੰ
ਸੋਰ ਰਿਹਾ ਵਾਂ ਇਕ ਦੂਜੇ ਦੇ ਕਿਸਰਾਂ ਵੈਰੀ ਹੋ ਗਏ
ਹੱਸਦੇ ਹੱਸਦੇ ਨਿੱਤ ਮਿਲਦੇ ਸਨ ਜੋ ਦਿਲਦਾਰਾਂ ਵਾਂਗੂੰ
3.
ਏਥੋਂ ਦੇ ਈ ਲੋਕ ਸੀ ਭਲਿਆ ਹੋਰ ਕਿਤੋਂ ਨਈਂ ਆਏ
ਜਿੰਨ੍ਹਾਂ ਭਰੀ ਪਰ੍ਹਿਆ ਵਿੱਚ ਨਿਆਂ ਨੂੰ ਵੱਟੇ ਮਾਰੇ

ਇੱਕ ਅਰਸੇ ਲਈ ਜਿੰਨ੍ਹਾਂ ਨੇ ਇੱਕ ਹਾਂ ਲਈ ਤਰਲੇ ਮਾਰੇ
ਦੁੱਖ ਹੋਇਆ ਜਦ ਉਹਨਾਂ ਓਸੇ ਹਾਂ ਨੂੰ ਵੱਟੇ ਮਾਰੇ

ਅੱਜ ਫਿਰ 'ਸੰਧੂ' ਪਿੰਡ ਦੇ ਚੌਂਕ 'ਚ ਇਕ ਮਜਬੂਰ ਨੂੰ ਲੋਕਾਂ
ਇੰਝ ਲੱਗਦਾ ਸੀ ਜਿਸਰਾਂ ਮੱਝ ਜਾਂ ਗਾਂ ਨੂੰ ਵੱਟੇ ਮਾਰੇ

  • ਮੁੱਖ ਪੰਨਾ : ਕਾਵਿ ਰਚਨਾਵਾਂ, ਇਰਸ਼ਾਦ ਸੰਧੂ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ