Punjabi Ghazals & Poems : Deepak Jaitoi

ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਦੀਪਕ ਜੈਤੋਈ

1. ਸੁਣ ਕੇ ਮਜ਼ਾ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ

ਸੁਣ ਕੇ ਮਜ਼ਾ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ ।
ਦਿਲ ਵਿਚ ਜੇ ਖੁੱਭ ਨਾ ਜਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਖੂਬੀ ਗ਼ਜ਼ਲ ਦੀ ਇਹ ਹੈ ਦਿਲ ਨੂੰ ਚੜ੍ਹਾਵੇ ਮਸਤੀ
ਜਿਹੜੀ ਦਿਮਾਗ਼ ਨੂੰ ਖਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਹਰ ਸ਼ਿਅਰ ਅਪਣੀ-ਅਪਣੀ ਪੂਰੀ ਕਹਾਣੀ ਦੱਸੇ
ਅੱਧ ’ਚੋਂ ਜੇ ਟੁੱਟ ਜਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਮਿਸਰਾ ਤਾਂ ਪਿੱਛੋਂ ਮੁੱਕੇ ਖੁੱਲ੍ਹ ਜਾਣ ਅਰਥ ਪਹਿਲਾਂ
ਉਲਝਨ ਦੇ ਵਿੱਚ ਜੋ ਪਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਬੇ-ਅਰਥ ਕੋਈ ਬਾਤ ਜਚਦੀ ਨਹੀਂ ਗ਼ਜ਼ਲ ਵਿੱਚ
ਮਅਨਾ ਸਮਝ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ ।
ਮਖ਼ਸੂਸ ਸ਼ਬਦ ਹੀ ਕੁਝ ਯਾਰੋ ਗ਼ਜ਼ਲ ਲਈ ਹਨ
ਬਾਹਿਰ ਜੇ ਉਸਤੋਂ ਜਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਹਰ ਬਾਤ ਇਸ਼ਕ ਦੇ ਵਿਚ ਰੰਗੀ ਹੋਇ ਗ਼ਜ਼ਲ ਦੀ
ਜੋ ਖੁਸ਼ਕੀਆਂ ਚੜ੍ਹਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਫੁੱਲਾਂ ਦੇ ਵਾਂਗੂ ਵੰਡਣ ਖੁਸ਼ਬੂ ਗ਼ਜ਼ਲ ਦੇ ਮਿਸਰੇ
ਜਿਸ 'ਚੋਂ ਸੜਾਂਦ ਆਵੇ; ਉਸਨੂੰ ਗ਼ਜ਼ਲ ਨਾ ਆਖੋ ।
ਮਸਤੀ ਸ਼ਰਾਬ ਵਰਗੀ; ਮੁਟਿਆਰ ਵਰਗਾ ਨਖਰਾ
ਨਜ਼ਰਾਂ 'ਚ ਨਾ ਸਮਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਸੰਗੀਤ ਦੀ ਮਧੁਰਤਾ; ਝਰਨੇ ਜਿਹੀ ਰਵਾਨੀ
ਜੇਕਰ ਨਜ਼ਰ ਨਾ ਆਵੇ; ਉਸਨੂੰ ਗ਼ਜ਼ਲ ਨਾ ਆਖੋ ।
ਸ਼ਿਅਰਾਂ ਦਾ ਅਰਥ ਓਦਾਂ ਲਭੇ ਲੁਗ਼ਾਤ ਵਿਚੋਂ
ਫਿਰ ਭੀ ਗ਼ਜ਼ਲ ਦੇ ਦਅਵੇ? ਉਸਨੂੰ ਗ਼ਜ਼ਲ ਨਾ ਆਖੋ ।
ਅਨਹੋਣੀਆਂ ਦਲੀਲਾਂ; ਉਪਮਾਵਾਂ ਅੱਤ ਅਸੰਭਵ
ਅਸ਼ਲੀਲਤਾ ਵਧਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਮਹਿਫ਼ਿਲ 'ਚ ਥਿਰਕਦੀ ਹੈ ਜਿਦਾਂ ਹੁਸੀਨ ਨਾਚੀ
ਉਹ ਰੰਗ ਨਾ ਜਮਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਬਿਰਹਾ ਦਾ ਦਰਦ ਹੋਵੇ ਜਾਂ ਵਸਲ ਦੀ ਲਤਾਫ਼ਤ
ਜਾਂ ਇਸ਼ਕ ਨਾ ਜਮਾਵੇ ਉਸਨੂੰ ਗ਼ਜ਼ਲ ਨਾ ਆਖੋ ।
ਮਹਿਬੂਬ ਨਾਲ ਗੱਲਾਂ; ਸਾਕੀ ਦੇ ਨਾਲ ਸ਼ਿਕਵੇ
ਮੰਜ਼ਰ ਨਾ ਇਹ ਦਿਖਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਦਿਲ ਦੀ ਜ਼ੁਬਾਨ ਹੈ ਇਹ ਦਾਨਿਸ਼ਵਰਾਂ ਕਿਹਾ ਹੈ
ਕੋਈ ਪਹੇਲੀ ਪਾਵੇ; ਉਸਨੂੰ ਗ਼ਜ਼ਲ ਨਾ ਆਖੋ ।
ਸੜੀਅਲ ਮਿਜ਼ਾਜ਼ 'ਦੀਪਕ'; ਡਿਗਰੀ ਦਾ ਰੁਅਬ ਪਾ ਕੇ
ਜੇ ਕਰ ਕਥਾ ਸੁਨਾਵੇ; ਉਸਨੂੰ ਗ਼ਜ਼ਲ ਨਾ ਆਖੋ ।

2. ਇਹ ਹੱਕ ਦਿਲ ਵਾਲਿਆਂ ਦਾ ਬਣਦੈ

ਇਹ ਹੱਕ ਦਿਲ ਵਾਲਿਆਂ ਦਾ ਬਣਦੈ, ਉਹ ਕਰਨ ਚਰਚੇ ਗ਼ਜ਼ਲ ਦੇ ਬਾਰੇ।
ਇਹ ਅਕਲ ਵਾਲੇ ਕਿਉਂ ਛੇੜਦੇ ਹਨ, ਫ਼ਿਜੂਲ ਕਿੱਸੇ ਗ਼ਜ਼ਲ ਦੇ ਬਾਰੇ ।
ਗ਼ਜ਼ਲ ਦੇ ਬਾਰੇ ਜੋ ਜ਼ਹਿਰ ਉਗਲਣ, ਉਹਨਾਂ ਦੀ ਖ਼ਿਦਮਤ 'ਚ ਅਰਜ਼ ਇਹ ਹੈ,
ਓਹ ਮੇਰੀ ਸੰਗਤ 'ਚ ਆਕੇ ਬੈਠਣ, ਮੈਂ ਦੱਸਾਂ ਨੁਕਤੇ ਗ਼ਜ਼ਲ ਦੇ ਬਾਰੇ।
ਗ਼ਜ਼ਲ ਅਦਬ ਦੇ ਬਗੀਚੇ ਅੰਦਰ, ਉਸੇ ਅਦਾ ਨਾਲ ਤੁਰ ਰਹੀ ਹੈ,
ਗ਼ਜ਼ਲ ਦੇ ਦੁਸ਼ਮਣ ਗੋ ਛਡਦੇ ਹਨ, ਅਜੀਬ ਸ਼ੋਸ਼ੇ ਗ਼ਜ਼ਲ ਦੇ ਬਾਰੇ।
ਉਹ ਇਸ਼ਕ ਵਾਲਾ ਹੀ ਜਾਣ ਸਕਦੈ, ਗ਼ਜ਼ਲ ਦੇ ਵਿੱਚ ਕੀ ਕੀ ਖ਼ੂਬੀਆਂ ਹਨ?
ਗ਼ਰੂਰ ਹੈ ਜਿਸਨੂੰ ਇਲਮ ਉੱਤੇ, ਓਹ ਖ਼ਾਕ ਸਮਝੇ ਗ਼ਜ਼ਲ ਦੇ ਬਾਰੇ।
ਸਿਆਸੀ ਨੁਕਤਾ ਨਜ਼ਰ ਦੇ ਲੋਕੋ! ਗ਼ਜ਼ਲ ਦਾ ਹੁਲੀਆ ਨਾ ਐਂ ਬਿਗਾੜੋ,
ਗ਼ਲਤ ਨੇ ਜਿਹੜੇ ਤੁਸੀਂ ਮਿਥੇ ਹਨ, ਸਿਆਸੀ ਟੀਚੇ ਗ਼ਜ਼ਲ ਦੇ ਬਾਰੇ।
ਨਵੀਨਤਾ ਜਿਸਨੂੰ ਆਖਦੇ ਹੋ, ਅਨਾੜੀਪਣ ਹੈ ਮਿਰੇ ਅਜ਼ੀਜ਼ੋ।
ਗ਼ਜ਼ਲ ਨੂੰ ਬੇਰੰਗ ਕਰ ਰਹੇ ਹਨ, ਨਵੇਂ ਸਲੀਕੇ ਗ਼ਜ਼ਲ ਦੇ ਬਾਰੇ।
ਗ਼ਜ਼ਲ ਹੈ ਨਾਜ਼ੁਕ ਜਹੀ ਹੁਸੀਨਾ, ਗ਼ਜ਼ਲ ਤੇ ਲੱਦੋ ਨਾ ਭਾਰੀ ਭੂਸ਼ਨ।
ਬੁਝਾਰਤਾਂ ਨਾ ਗ਼ਜ਼ਲ ’ਚ ਪਾਉ, ਵਿਚਾਰੋ ਸਾਰੇ ਗ਼ਜ਼ਲ ਦੇ ਬਾਰੇ।
ਕੋਈ ਤਾਂ ਦੱਸੋ ਕੇ ਕਿੱਥੇ ਲਿਖਿਐ, ਗ਼ਜ਼ਲ ਦਾ ਮਜ਼ਮੂਨ ਖੁਸ਼ਕ ਹੋਣਾ,
ਕਰਮ ਕਰੋ ਇਸ ਤਰ੍ਹਾਂ ਨਾ ਪਾਉ, ਨਵੇਂ ਭੁਲੇਖੇ ਗ਼ਜ਼ਲ ਦੇ ਬਾਰੇ ।
ਜੋ ਇਸ਼ਕ ਦੀ ਰਮਜ਼ ਹੀ ਨਾ ਸਮਝਣ, ਜੋ ਹੁਸਨ ਦੀ ਨਾਜ਼ੁਕੀ ਨਾ ਜਾਨਣ,
ਅਸੀਂ ਨਹੀਂ ਮੰਨ ਸਕਦੇ ਐ ਦਿਲ ! ਉਹਨਾਂ ਦੇ ਦਾਅਵੇ ਗ਼ਜ਼ਲ ਦੇ ਬਾਰੇ।
ਅਸੀਂ ਜ਼ਰਾ ਸੰਗਠਿਤ ਨਹੀਂ ਹਾਂ, ਨਹੀਂ ਤਾਂ ਐ ਸ਼ੈਖ਼! ਦਸਦੇ ਤੈਨੂੰ,
ਜੋ ਬੇ-ਵਜ੍ਹਾ ਹੀ ਬਣਾਏ ਹਨ ਤੂੰ, ਬੁਰੇ ਇਰਾਦੇ ਗ਼ਜ਼ਲ ਦੇ ਬਾਰੇ।
ਜਿਨ੍ਹਾਂ ਨੂੰ ਹੈ ਹੁਸਨ ਹੀ ਤੋਂ ਨਫ਼ਰਤ, ਉਹਨਾਂ ਨੂੰ ਕੀ ਆਖਣਾ ਐ 'ਦੀਪਕ',
ਸ਼ੁਰੂ ਤੋਂ ਹੀ ਪੁੱਠਾ ਸੋਚਦੇ ਹਨ, ਅਜਿਹੇ ਦੂਦੇ ਗ਼ਜ਼ਲ ਦੇ ਬਾਰੇ ।

3. ਮੁਸੱਲਸਲ-ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ

ਦਿਲ ਦਾ ਸ਼ੀਸ਼ਾ ਤਾਂ ਕਹੀ ਜਾਂਦੀ ਏ ਅੱਖ,
ਦਿਲ 'ਚ ਜੋ ਹੁੰਦੈ ਉਹ ਦਰਸਾਂਦੀ ਏ ਅੱਖ।
ਦਿਲ ਜੇ ਮੁਸਕਾਵੇ ਤਾਂ ਮੁਸਕਾਂਦੀ ਏ ਅੱਖ,
ਦਿਲ ਜੇ ਘਬਰਾਉਂਦੈ ਤਾਂ ਘਬਰਾਉਂਦੀ ਏ ਅੱਖ।
ਦਿਲ ਜਦੋਂ ਰੋਂਦੈ ਤਾਂ ਕੁਰਲਾਂਦੀ ਏ ਅੱਖ,
ਦਿਲ ਜੇ ਭਰ ਆਉਂਦਾ ਹੈ ਭਰ ਆਉਂਦੀ ਏ ਅੱਖ।
ਅਕਲ ਮੰਦਾਂ ਨੇ ਕਿਹੈ ਕਿ ਇਸ਼ਕ ਵਿੱਚ,
ਤਾਂ ਹੀ ਦਿਲ ਮਿਲਦੈ ਜੇ ਮਿਲ ਜਾਂਦੀ ਏ ਅੱਖ।
ਦਿਲ ਦਾ ਸਚ ਦੱਸ ਦਿੰਦੀ ਹੈ ਅੱਖ ਦੀ ਚਮਕ,
ਦਿਲ 'ਚ ਹੋਵੇ ਚੋਰ, ਸ਼ਰਮਾਂਦੀ ਏ ਅੱਖ।
ਦਿਲ ਜਦੋਂ ਅਹਿਸਾਨ ਮੰਨਦੈ ਯਾਰ ਦਾ,
ਓਦੋਂ ਅਪਣੇਂ ਆਪ ਝੁਕ ਜਾਂਦੀ ਏ ਅੱਖ।
ਦਿਲ ਦੀ ਵਹਿਸ਼ਤ ਦਾ ਹੈ ਅੱਖ ਦਿੰਦੀ ਸਬੂਤ,
ਪਿਆਰ ਦਿਲ ਦਾ ਵੀ ਤਾਂ ਸਮਝਾਂਦੀ ਏ ਅੱਖ।
ਦਿਲ 'ਚ ਜਦ ਗੁੱਸੇ ਦਾ ਭਾਂਬੜ ਮੱਚਦੈ,
ਓਸ ਵੇਲੇ ਕਹਿਰ ਬਰਸਾਂਦੀ ਏ ਅੱਖ।
ਦਿਲ ਜਦੋਂ ਹੁੰਦਾ ਹੈ ਕਿਧਰੇ ਬੇ-ਲਿਹਾਜ਼,
ਸਾਹਮਣੇਂ ਤੱਕਣੋਂ ਵੀ ਕਤਰਾਂਦੀ ਏ ਅੱਖ।
ਲੈ ਕੇ ਦਿਲ ਜਦ ਦੂਰ ਤੁਰ ਜਾਂਦਾ ਏ ਯਾਰ,
ਉਸ ਦੇ ਪਿੱਛੇ ਦੂਰ ਤਕ ਜਾਂਦੀ ਏ ਅੱਖ।
ਜ਼ਬਤ ਹੈ ਦਿਲ ਵਿੱਚ ਤਾਂ ਅੱਖ ਉਠਦੀ ਨਹੀਂ,
ਦਿਲ ਜੇ ਲਲਚਾਉਂਦੈ ਤਾ ਲਲਚਾਂਦੀ ਏ ਅੱਖ।
ਦਿਲ ਦੀ ਗੱਲ ਨਾ ਕਹਿ ਸਕੇ ਜਿੱਥੇ ਜ਼ਬਾਨ,
ਦਿਲ ਦੀ ਗੱਲ ਫਿਰ ਓਥੇ ਸਮਝਾਂਦੀ ਏ ਅੱਖ।
ਮੁਫ਼ਤ ਵਿੱਚ ਬਦਨਾਮ ਹੋ ਜਾਂਦਾ ਹੈ ਦਿਲ,
ਹਰ ਪੁਆੜਾ ਅਸਲ ਵਿੱਚ ਪਾਂਦੀ ਏ ਅੱਖ।
ਦਿਲ ਦੇ ਵਿੱਚ ਕੁਹਰਾਮ ਮੱਚ ਉਠਦਾ ਹੈ ਯਾਰ !
ਦਿਲ 'ਚ ਉੱਤਰ ਕੇ ਜਾ ਤੜਪਾਂਦੀ ਏ ਅੱਖ।
ਦਿਲ ਦੀ ਕੀ ਤਾਕਤ ਹੈ ਇਸ ਤੋਂ ਬਚ ਸਕੇ,
ਇੱਕ ਇਸ਼ਾਰੇ ਨਾਲ ਤੜਪਾਂਦੀ ਏ ਅੱਖ।
ਝੱਟ ਪਿਘਲ ਜਾਂਦਾ ਹੈ ਪੱਥਰ ਦਿਲ ਵੀ ਦੋਸਤ,
ਅੱਥਰੂ ਜਿਸ ਵਕਤ ਛਲਕਾਂਦੀ ਏ ਅੱਖ।
ਦਿਲ ਖ਼ੁਸ਼ੀ ਮਹਿਸੂਸਦਾ ਹੈ ਬੇ-ਸ਼ੁਮਾਰ,
ਜਦ ਕਰਮ ਦਿਲਬਰ ਦੇ ਫਰਮਾਂਦੀ ਏ ਅੱਖ।
ਦਿਲ ਨੂੰ ਜਦ ਚੜ੍ਹਦੀ ਹੈ ਮਸਤੀ ਇਸ਼ਕ ਦੀ,
ਫੇਰ ਬਿਨ-ਪੀਤੇ ਹੀ ਨਸ਼ਿਆਂਦੀ ਏ ਅੱਖ।
ਦਿਲ ਤਾਂ ਹੈ ਮੁਹਤਾਜ 'ਦੀਪਕ' ! ਅੱਖ ਦਾ,
ਮੁਰਦਾ-ਦਿਲ ਵਿੱਚ ਜਾਨ ਪਾ ਜਾਂਦੀ ਏ ਅੱਖ।

4. ਜ਼ਖਮ ਹਨ ਦਿਲ ਤੇ ਬਹੁਤ

ਜ਼ਖਮ ਹਨ ਦਿਲ ਤੇ ਬਹੁਤ, ਜ਼ਖਮਾਂ 'ਚ ਗਹਿਰਾਈ ਬਹੁਤ ।
ਇਸ਼ਕ ਨੇ ਇਕ ਉਮਰ ਮੇਰੀ ਜਾਨ ਤੜਪਾਈ ਬਹੁਤ।
ਹਾਦਿਸੇ ਮੇਰੇ ਕਦਮ ਹਰਗਿਜ਼ ਨਹੀਂ ਅਟਕਾ ਸਕੇ,
ਤੇਜ਼ ਤਰ ਹੋ ਕੇ ਹਨੇਰੀ ਅੱਗੋਂ ਟਕਰਾਈ ਬਹੁਤ।
ਅੱਤ ਮੁਸ਼ਕਿਲ ਵਿੱਚ ਵੀ ਮੇਰਾ ਹੌਂਸਲਾ ਟੁੱਟਿਆ ਨਹੀਂ,
ਵਕਤ ਦੇ ਚੱਕਰ ਨੇ ਕੀਤੀ ਜ਼ੋਰ-ਅਜ਼ਮਾਈ ਬਹੁਤ।
ਕੀ ਕਰਾਂ ਮੇਰੇ ਸੁਭਾਅ ਵਿੱਚ ਮਸਲਹਤ ਆਈ ਨਹੀਂ,
ਮਸਲਹਤ ਦੀ ਬਾਤ ਮੈਨੂੰ, ਯਾਰਾਂ ਸਮਝਾਈ ਬਹੁਤ।
ਨਾ ਉਲਝ ਸਕਿਆ ਕਿਸੇ ਉਲਝਣ 'ਚ ਇਹ ਦਰਵੇਸ਼ ਦਿਲ,
ਰੇਸ਼ਮੀ ਜ਼ੁਲਫ਼ਾਂ ਨੇ ਮੇਰੀ, ਰੂਹ ਉਲਝਾਈ ਬਹੁਤ।
ਨੰਗੇ ਪੈਰੀਂ ਭੀ ਰਿਹਾ ਪਰ ਸਿਰ ਰਿਹੈ ਮੇਰਾ ਬੁਲੰਦ,
ਮੇਰੀ ਇਸ ਦੀਵਨਗੀ ਤੇ ਦੁਨੀਆਂ ਮੁਸਕਾਈ ਬਹੁਤ।
ਹਿਜਰ ਵਿੱਚ ਭੀ ਮੇਰੀ ਅੱਖੀਂ ਅੱਥਰੂ ਆਏ ਨਹੀਂ,
ਮੈਨੂੰ ਤੜਪਾਉਂਦੀ ਰਹੀ ਹੈ, ਚਾਹੇ ਤਨਹਾਈ ਬਹੁਤ।
ਐ ਜਨੂੰ ਤੇਰੇ ਸਹਾਰੇ, ਜ਼ਿੰਦਗੀ ਬੀਤੀ ਕਮਾਲ,
ਅਕਲ ਬੇਸ਼ਕ ਖ਼ੁਸ਼ਨੁਮਾ ਚੀਜ਼ਾਂ ਤੇ ਲਲਚਾਈ ਬਹੁਤ।
ਬਾਂਸ ਬੰਨ੍ਹ ਕੇ ਬੌਨਿਆਂ ਨੇ ਕੱਦ ਉੱਚੇ ਕਰ ਲਏ,
ਪਰ ਅਸੀਂ ਨੀਵੇਂ ਰਹਿਣ ਵਿੱਚ ਸਮਝੀ ਦਾਨਾਈ ਬਹੁਤ।
ਸ਼ੁਕਰੀਆ ਦੀਵਾਨਗੀ ਤੂੰ ਰੱਖਿਆ ਮੈਨੂੰ ਦਲੇਰ,
ਬਿਜਲੀਆਂ ਦੇ ਸ਼ੋਰ ਤੋਂ ਇਹ ਜਾਨ ਘਬਰਾਈ ਬਹੁਤ।
ਤੂੰ ਪ੍ਰਸਤਿਸ਼ ਦੇ ਹੈਂ ਕਾਬਿਲ ਠੀਕ ਹੈ 'ਦੀਪਕ' ਇਹ ਬਾਤ,
ਤੇਰੀ ਲੋਅ ਨੇ ਜ਼ਿੰਦਗੀ ਕਵੀਆਂ ਦੀ ਰੁਸ਼ਨਾਈ ਬਹੁਤ।

5. ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ

ਇਹ ਦਿਲ ਹੀ ਜਾਣਦੈ ਦਿਲ ਤੇ ਜੋ ਯਾਰ ਗੁਜ਼ਰੀ ਹੈ ।
ਖ਼ਿਜ਼ਾਂ ਤੋਂ ਸੌ ਗੁਣਾ ਭੈੜੀ ਬਹਾਰ ਗੁਜ਼ਰੀ ਹੈ।
ਹਵਾ 'ਚ ਸੇਕ ਅਜੇ ਹੈ ਕਿ ਸੜ ਗਿਐ ਲੂੰ-ਲੂੰ,
ਹਵਾ ਹਰੇਕ ਬਦਨ ਹੀ ਦੇ ਪਾਰ ਗੁਜ਼ਰੀ ਹੈ।
ਫ਼ਲਕ ਤੋਂ ਸ਼ੁਅਲੇ ਝੜੇ, ਅੱਗ ਇਹ ਜ਼ਮੀਨ ਉਗਲੇ,
ਨਸੀਮ ਹੋ ਕੇ ਬਹੁਤ ਸ਼ਰਮਸਾਰ ਗੁਜ਼ਰੀ ਹੈ।
ਬਹਾਰ ਵਿੱਚ ਤਾਂ ਚਹਿਕਣਾ ਸੀ ਪੰਛੀਆਂ ਏਥੇ,
ਮਗਰ ਕਿਉਂ ਚੀਖ਼ਦੀ ਉਹਨਾਂ ਦੀ ਡਾਰ ਗੁਜ਼ਰੀ ਹੈ ?
ਚਮਨ 'ਚ ਵੇਖੋ ਲਹੂ ਥਾਂ-ਬ-ਥਾਂ ਕਿਵੇ ਡੁੱਲਿਐ,
ਇਹ ਬਾਤ ਦਿਲ ਨੂੰ ਬਹੁਤ ਨਾ-ਗਵਾਰ ਗੁਜ਼ਰੀ ਹੈ।
ਉਹ ਬੱਦਲੀ ਜਿਸ ਨੇ ਕਿ; ਸਿੰਜਣਾ ਸੀ ਇਹ ਮਿਰਾ ਗੁਲਸ਼ਨ,
ਉਹ ਬੱਦਲੀ ਬਰਸੇ ਬਿਨਾਂ ਬੇ-ਕਰਾਰ ਗੁਜ਼ਰੀ ਹੈ।
ਸਿਤਮਗਰਾਂ ਨੇ ਉਠਾਇਆ ਅਜੇਹਾ ਹੈ ਤੂਫ਼ਾਨ,
ਪੁਰੇ ਦੀ ਵਾ ਭੀ ਤਾਂ! ਬਣਕੇ ਗ਼ੁਬਾਰ ਗੁਜ਼ਰੀ ਹੈ।
ਕਰਾਂ ਕੀ ਜ਼ਿਕਰ ਮੈਂ ਹੋਣੀ ਦਾ ਚੰਦਰੀ ਇਹ ਹੋਣੀ,
ਜੋ ਗ਼ੁੰਚਿਆ ਤੇ ਵੀ ਅੱਜ ਵਾਰ-ਵਾਰ ਗੁਜ਼ਰੀ ਹੈ।
ਇਹ ਮੇਰਾ ਹੌਸਲਾ ਹੈ ਫਿਰ ਵੀ ਮੈਂ ਅਡੋਲ ਰਿਹਾ,
ਮਿਰੇ ਹੀ ਸਿਰ ਤੇ ਮੁਸੀਬਤ ਹਜ਼ਾਰ ਗੁਜ਼ਰੀ ਹੈ।
ਨਹੀਂ ਹੈ ਪੰਛੀਆਂ ਦਾ ਦੋਸ਼; ਹੈ ਇਹ ਮਾਲੀ ਦਾ,
ਤਬਾਹੀ ਕਹਿਕਹੇ ਲਾਉਂਦੀ ਹਜ਼ਾਰ ਗੁਜ਼ਰੀ ਹੈ।
ਚਮਨ 'ਚ ਅਮਨ ਰਹੇ, ਨਾ ਸਕੂੰ ਰਹੇ 'ਦੀਪਕ',
ਅਦੂ ਦੀ ਸੋਚ ਤਦੇ ਬੇ-ਮੁਹਾਰ ਗੁਜ਼ਰੀ ਹੈ।

(ਨਸੀਮ=ਸਵੇਰ ਦੀ ਸੁਗੰਧਿਤ ਹਵਾ, ਅਦੂ=ਦੁਸ਼ਮਣ)

6. ਮਿਟੀ ਖ਼ਲਿਸ਼ ਨਾ ਨਮਾਣੇਂ ਦਿਲ ਦੀ

ਮਿਟੀ ਖ਼ਲਿਸ਼ ਨਾ ਨਮਾਣੇਂ ਦਿਲ ਦੀ; ਕਿਸੇ ਤਰ੍ਹਾਂ ਨਾ ਕਰਾਰ ਆਇਆ ।
ਉਨ੍ਹਾ ਦੇ ਬਿਲਕੁਲ ਕਰੀਬ ਰਹਿ ਕੇ ਮੈਂ ਉਮਰ ਸਾਰੀ ਗੁਜ਼ਾਰ ਆਇਆ।
ਹੁਸੀਨ ਕਿੰਨਾ ਸੀ ਉਹ ਨਜ਼ਾਰਾ, ਕਿਵੇਂ ਕਰਾਂ ਮੈਂ ਬਿਆਨ ਯਾਰੋ,
ਜਦੋਂ ਉਹ ਆਇਆ ਖ਼ਿਲਾਰ ਜ਼ੁਲਫ਼ਾਂ; ਮਿਰੀ ਨਜ਼ਰ ਵਿੱਚ ਖ਼ੁਮਾਰ ਆਇਆ।
ਹਯਾ ਦੇ ਪਰਦੇ 'ਚ ਬੇ-ਹਯਾਈ ਮਿਰੀ ਨਜ਼ਰ ਤੋਂ ਨਾ ਵੇਖ ਹੋਈ,
ਲੁਟਾ ਕੇ ਅੱਖਾਂ ਦੀ ਰੌਸ਼ਨੀ ਮੈਂ; ਵਫ਼ਾ ਦਾ ਕਰਜ਼ਾ ਉਤਾਰ ਆਇਆ।
ਮੈਂ ਪਾਕ-ਦਾਮਨ ਹਾਂ; ਅੱਜ ਤੱਕ ਭੀ! ਮਗਰ ਹੈ ਨਾਪਾਕ ਦੁਨੀਆਂ ਤੇਰੀ,
ਤੇਰੇ ਹੀ ਬੰਦਿਆਂ ਤੋਂ ਜ਼ਖ਼ਮ ਖਾ ਕੇ ਮੈਂ ਲੱਖਾਂ ਪੀੜਾਂ ਸਹਾਰ ਆਇਆ।
ਅਸੀਂ ਤਾਂ ਸਿੰਜਿਆ ਸੀ; ਖ਼ੂਨ ਪਾ-ਪਾ ਕਿ ਇਸ ਚਮਨ ਵਿੱਚ ਬਹਾਰ ਖੇਡੇ,
ਮਗਰ ਨਾ ਆਈ ਬਹਾਰ ਅੱਜ ਤੱਕ ਨਾ ਫੁੱਲਾਂ ਉੱਤੇ ਨਿਖ਼ਾਰ ਆਇਆ।
ਸ਼ਰਾਬ ਪੀ ਕੇ ਵੀ ਕੀ ਕਰਾਂਗੇ? ਬਿਫ਼ਰਿਆ ਫਿਰਦੈ ਜਦੋਂ ਇਹ ਸਾਕੀ !
ਨਾ ਇਸ ਦੇ ਦਿਲ ਵਿੱਚ ਜਗੀ ਮੁਹੱਬਤ; ਨਾ ਇਸਦੇ ਨੈਣਾਂ 'ਚ ਪਿਆਰ ਆਇਆ।
ਬੁਝੇ ਅਨੇਕਾਂ ਘਰਾਂ ਦੇ ਦੀਵੇ; ਸੜੇ ਅਨੇਕਾਂ ਦੇ ਪਾਕ-ਦਾਮਨ,
ਅਸੀਂ ਹਾਂ ਕਿਸ ਥਾਂ ਤੋਂ ਰਾਹ ਭੁੱਲੇ? ਕਿਸੇ ਨੂੰ ਇਹ ਨਾ ਵਿਚਾਰ ਆਇਆ।
ਨਸਹੀਤਾਂ ਮੈਨੂੰ ਕਰਨ ਵਾਲੇ! ਤੂੰ ਅਪਣੀ ਬੁੱਕਲ 'ਚ ਝਾਕ ਤਾਂ ਲੈ,
ਕਿ, ਕੀ ਵਜ੍ਹਾ ਹੈ? ਮਿਰੇ ਗਰਾਂ ਵਿੱਚ ਹਨੇਰ ਉੱਠਿਆ; ਗ਼ੁਬਾਰ ਆਇਆ।
ਕੋਈ ਹੈ ਤਿਰਸ਼ੂਲ ਚੁੱਕੀ ਫਿਰਦਾ; ਹੈ ਤੁਰਦਾ ਕੋਈ ਛੁਰਾ ਲਕ੍ਹੋ ਕੇ,
ਬੜੇ ਮਹੱਜ਼ਬ ਨੇ ਲੋਕ ਅੱਜਕੱਲ੍ਹ; ਜੋ ਆਇਆ ਹਊਮੈ ਸਵਾਰ ਆਇਆ।
ਸੁਣੀ ਨਾ ਮੁਰਲੀ ਦੀ ਤਾਨ ਕਿੱਧਰੇ ? ਕਿਸੇ ਨਗਰ ਨਾ ਰਬਾਬ ਗੂੰਜੀ !
ਨਾ ਆਇਆ ਵੰਝਲੀ ਵਜਾਉਂਦਾ ਕੋਈ; ਨਾ ਹੀ ਵਜਾਉਂਦਾ ਸਿਤਾਰ ਆਇਆ।
ਚਲਨ 'ਚ ਆਈ ਨਹੀਂ ਗਿਰਵਾਟ; ਨਾ ਉਮਰ ਭਰ ਉੱਚੀ ਅੱਖ ਉੱਠੀ,
ਪਤਾ ਨਹੀਂ ਫਿਰ ਵੀ ਕਿਉਂ ਐ 'ਦੀਪਕ' ਤਿਰਾ ਬਦਾਂ ਵਿੱਚ ਸ਼ੁਮਾਰ ਆਇਆ।

7. ਦਿਲ ਇੱਕ ਹੈ ਅਰਮਾਨ ਬਹੁਤ ਨੇ

ਦਿਲ ਇੱਕ ਹੈ ਅਰਮਾਨ ਬਹੁਤ ਨੇ
ਕੁਝ ਜਜ਼ਬੇ ਬਲਵਾਨ ਬਹੁਤ ਨੇ
ਇਸ਼ਕ ਦੇ ਪੈਂਡੇ ਮੁਸ਼ਕਿਲ-ਮੁਸ਼ਕਿਲ
ਵੇਖਣ ਵਿੱਚ ਆਸਾਨ ਬਹੁਤ ਨੇ
ਲੱਭਦਾ ਹੈ ਇਨਸਾਨ ਕਿਤੇ ਹੀ
ਦੁਨੀਆਂ ਵਿੱਚ ਹੈਵਾਨ ਬਹੁਤ ਨੇ
ਮੋਮਿਨ ਬੇ-ਈਮਾਨ ਬੜੇ ਹਨ
ਕਾਫ਼ਿਰ ਬਾ-ਈਮਾਨ ਬਹੁਤ ਨੇ
ਖ਼ੁਸ਼ ਹੋ ਕੇ ਸਿਰ ਕਟਵਾਉਂਦੇ ਹਨ
ਦਿਲ ਵਾਲੇ ਨਾਦਾਨ ਬਹੁਤ ਨੇ
'ਸਰਮਦ' ਜਾਂ 'ਮਨਸੂਰ' ਹੈ ਕੋਈ
ਸ਼ਾਹ ਬਹੁਤ, ਸੁਲਤਾਨ ਬਹੁਤ ਨੇ
ਯਾਦਾਂ, ਜ਼ਖਮ, ਦਾਗ਼ ਕੁਰਲਾਟ੍ਹਾਂ
ਇਸ ਦਿਲ ਵਿੱਚ ਮਹਿਮਾਨ ਬਹੁਤ ਨੇ
ਤਿਰਸ਼ੂਲਾਂ - ਸੰਗੀਨਾਂ -ਰਫ਼ਲਾਂ
ਪੂਜਾ ਦੇ ਸਾਮਾਨ ਬਹੁਤ ਨੇ
'ਦੀਪਕ' ਵਰਗੇ ਨਿਰਧਨ ਜੱਗ ਵਿੱਚ
'ਫ਼ਨ' ਕਰਕੇ ਧਨਵਾਨ ਬਹੁਤ ਨੇ

8. ਵਿਗੜਣੋਂ, ਝਗੜਣੋਂ, ਉਲਝਣੋਂ ਰਿਹਾ

ਵਿਗੜਣੋਂ, ਝਗੜਣੋਂ, ਉਲਝਣੋਂ ਰਿਹਾ
ਮੈਂ ਗੁਸਤਾਖ਼ ਹੋਵਾਂ? ਇਹ ਹੋਣੋਂ ਰਿਹਾ
ਨਾ ਕਰ ਮਿਹਰ ਮੇਰੇ ਤੇ ਦੁਸ਼ਮਣ ਮਿਰੇ
ਤਿਰੀ ਮਿਹਰ ਬਾਝੋਂ ਮੈਂ ਮਰਣੋਂ ਰਿਹਾ
ਨਹੀਂ ਮੈਨੂੰ ਜ਼ਰਦਾਰ ਸਕਦਾ ਖ਼ਰੀਦ!
ਮੈਂ ਲਾਲਚ ਦੇ ਚੱਕਰਾਂ 'ਚ ਫਸਣੋਂ ਰਿਹਾ
ਜੋ ਪੀ ਕੇ ਸੰਭਲਦੈ; ਓਹ ਮੈਅਕਸ਼ ਨਹੀਂ
ਮੈਂ ਮੈਅਕਸ਼ ਹਾਂ ! ਪੀ ਕੇ ਸੰਭਲਣੋਂ ਰਿਹਾ
ਕਸਮ ਹੈ; ਜੇ ਜ਼ਾਲਿਮ ਤੂੰ ਛੱਡੇਂ ਕਸਰ
ਤਿਰੇ ਜ਼ੁਲਮ ਅੱਗੇ ਮੈਂ ਝੁਕਣੋਂ ਰਿਹਾ
ਮੁਖ਼ਾਲਿਫ਼ ਨੇ ਹਾਲਾਤ? ਕੁਝ ਗ਼ਮ ਨਹੀਂ
ਕਦਮ ਮੇਰਾ ਮੁਸ਼ਿਕਲ 'ਚ ਰੁਕਣੋਂ ਰਿਹਾ
ਜਵਾਨੀ 'ਚ ਇਹ ਦਿਲ ਮਚਲਿਆ ਨਹੀਂ
ਬੁੜ੍ਹਾਪੇ 'ਚ ਇਹ ਦਿਲ ਮਚਲਣੋਂ ਰਿਹਾ
ਓਹ ਬੁਜ਼ਦਿਲ ਹੈ! ਜਾਬਰ ਤੋਂ ਡਰਦਾ ਹੈ ਜੋ
ਮੈਂ ਜ਼ਾਬਰ ਤੋਂ ਡਰਨੋਂ! ਝਿਜਕਣੋਂ!! ਰਿਹਾ
ਹੈ ਸ਼ਾਇਸਤਗੀ ਓਸ ਸ਼ਾਇਰ 'ਚ ਖ਼ਾਕ?
ਜੋ ਸੂਫ਼ੀ ਰਿਹਾ ਪਰ ਨਾ ਬਕਣੋਂ ਰਿਹਾ!
ਤੁਸੀਂ ਅਪਣੀ ਮਰਜ਼ੀ ਦੇ ਮੁੱਖਤਾਰ ਹੋ
ਮੈਂ ਸਰਕਾਰ ਥੋਨੂੰ ਵਰਜਣੋਂ ਰਿਹਾ!
ਹੈ ਤੂਫ਼ਾਨ ਜ਼ੋਰਾਂ ਤੇ ਅੱਜ ਕੱਲ੍ਹ ਬਹੁਤ
ਇਹ 'ਦੀਪਕ' ਮਗਰ ਫਿਰ ਭੀ ਬੁਝਣੋਂ ਰਿਹਾ!

9. ਮੁੱਦਤ ਤੋਂ ਬਾਦ ਪੈਦਾ ਦਿਲ ਵਿੱਚ ਸ਼ਊਰ ਹੋਇਐ

ਮੁੱਦਤ ਤੋਂ ਬਾਦ ਪੈਦਾ ਦਿਲ ਵਿੱਚ ਸ਼ਊਰ ਹੋਇਐ
ਮੈਂ ਤੇ ਮਿਰੇ ਦਾ ਚੱਕਰ; ਇਸ ਦਿਲ 'ਚੋਂ ਦੂਰ ਹੋਇਐ
ਦੁਨੀਆਂ ਦੇ ਉਲਝਣਾਂ ਵਿੱਚ ਐਵੇਂ ਪਏ ਹਾਂ ਉਲਝੇ
ਅਹਿਸਾਸ ਜ਼ਿੰਦਗੀ ਨੂੰ ਏਨਾ ਜ਼ਰੂਰ ਹੋਇਐ
ਇਹ ਜ਼ਿੰਦਗੀ ਹੈ ਕੀ ਸ਼ੈਅ? ਕੀ ਉਸ ਦੀ ਹੈ ਹਕੀਕਤ?
ਮੁਸ਼ਿਕਲ ਦੇ ਨਾਲ ਕਿੱਧਰੇ! ਇਹ ਵਹਿਮ ਦੂਰ ਹੋਇਐ
ਬਿਨ ਪੀਤਿਆਂ ਹੀ ਮਸਤੀ ਰਹਿੰਦੀ ਹੈ ਹਰ ਘੜੀ ਹੁਣ
ਬਦਬਖ਼ਤ ਦਿਲ 'ਚ ਪੈਦਾ; ਐਸਾ ਸਰੂਰ ਹੋਇਐ
ਨਾ ਰੰਜ ਹੈ- ਨਾ ਗਮ ਹੈ- ਨਾ ਫ਼ਿਕਰ ਨਾ ਝੋਰਾ
ਉਹ ਖ਼ਾਹਿਸ਼ਾਂ ਦਾ ਪਰਬਤ; ਹੁਣ ਚੂਰ-ਚੂਰ ਹੋਇਐ
ਤਸਵੀਰ ਯਾਰ ਦੀ ਹੀ; ਹਰ ਸ਼ੈਅ 'ਚੋਂ ਲਿਸ਼ਕਦੀ ਏ
ਯਾ ਰੱਬ! ਨਜ਼ਰ 'ਚ ਪੈਦਾ; ਕਿੱਦਾਂ ਦਾ ਨੂਰ ਹੋਇਐ?
ਦਿਲ ਇਸ ਤਰ੍ਹਾਂ ਹੈ ਟੁੱਟਿਆ; ਟੁੱਟਦਾ ਜਿਵੇਂ ਹੈ ਤਾਰਾ
ਟੁੱਟਣ ਤੋਂ ਬਾਅਦ ਚਾਨਣ; ਕਿਉਂ ਦੂਰ-ਦੂਰ ਹੋਇਐ
ਕਿੰਨੇ ਹੁਸੀਨ ਮੰਜ਼ਰ ਪਲ ਵਿੱਚ ਬਦਲ ਗਏ ਹਨ!
ਐ ਹੁਸਨ! ਫੇਰ ਤੈਨੂੰ; ਕਾਹਦਾ ਗ਼ਰੂਰ ਹੋਇਐ
ਇੱਕ ਝਟਕਾ ਵੱਜਿਆ- ਐਸਾ ਟੁੱਟਿਆ ਤਕੱਬਰ!
ਜਿਉਂ ਸ਼ੀਸ਼ਾ ਫ਼ਰਸ਼ ਡਿੱਗਦੇ ਹੀ ਚੂਰ-ਚੂਰ ਹੋਇਐ
ਉਹ ਰਿਸ਼ਤਿਆਂ ਦੇ ਸੰਗਲ ਸਭ ਤਾਰ-ਤਾਰ ਹੋਏ
ਕੱਲ ਸੀ ਜੋ ਨੇੜ੍ਹੇ ਨੇੜ੍ਹੇ; ਅੱਜ ਦੂਰ-ਦੂਰ ਹੋਇਐ
ਇੱਕ ਹੁਕਮਰਾਨਾ ਆਦਤ ਮੁੱਦਤਾਂ ਰਹੀ ਹੈ ਜਿਸਦੀ!
ਐ ਹੁਸਨ! ਓਹੀ 'ਦੀਪਕ'! ਤੇਰਾ ਮਜੂਰ ਹੋਇਐ

10. ਹੋ ਗਈ ਭੁੱਲ ਕਰ ਲਿਆ ਵਾਅਦਾ

ਹੋ ਗਈ ਭੁੱਲ ਕਰ ਲਿਆ ਵਾਅਦਾ
ਲਾਜ ਰੱਖੇਂਗਾ ਤੂੰ ਹੀ ਦਿਲਦਾਰਾ !
ਟੁੱਟ ਜਾਵੇ ਭਰੋਸਾ ਨਾ ਮੇਰਾ
ਮੈਨੂੰ ਹੋਣਾਂ ਪਵੇ ਨਾ ਸ਼ਰਮਿੰਦਾ
ਤੇਰੀ ਰਹਿਮਤ ਦਾ ਹੈ ਬੜਾ ਚਰਚਾ
ਮੇਰੀ ਵਾਰੀ ਕਰੀਂ ਨਾ ਦਿਲ ਸੌੜਾ
ਮੈਂ ਹਾਂ ਟਾਪੂ 'ਚ ਗਿਰਦ ਹੈ ਸਾਗ਼ਰ
ਕੋਈ ਕਸ਼ਤੀ ਹੈ ਨਾ ਕੋਈ ਰਸਤਾ
ਤੇਰੀ ਮਰਜ਼ੀ ਹੈ ਜਿੱਦਾਂ ਮਰਜ਼ੀ ਕਰ
ਤੇਰੇ ਹੁੰਦਿਆਂ ਕਰਾਂ ਮੈਂ ਕਿਉਂ ਚਿੰਤਾ?
ਪਰਦੇ ਕੱਜੇ ਨੇ ਤੂੰ ਅਨੇਕਾਂ ਦੇ
ਦੋਸਤ! ਮੇਰਾ ਵੀ ਰੱਖ ਲੈ ਪਰਦਾ
ਦੇਰ ਲਾਈ ਤਾਂ ਨ੍ਹੇਰ ਪੈ ਜਾਊ
ਦੇਰ ਕਿਉਂ ਲਾਓਣੈਂ ਸੋਹਣਿਆਂ! ਆਜਾ!!
ਅੱਗੇ ਸੌ ਬਾਰ ਅਜ਼ਮਾਇਐ ਮੈਂ
ਹਰ ਦਫ਼ਾ ਉੱਤਰਿਆ ਹੈਂ ਪੂਰਾ
ਕੱਤਾਅ:
ਇਸ ਦਫ਼ਾ ਕਰ ਗਿਉਂ ਜੇ ਅਣਗਹਿਲੀ
ਮੈਨੂੰ ਕਰਨੈਂ ਸ਼ਰੀਕਾਂ ਨੇ ਰੁਸਵਾ
ਆ ਕਿ ਮੈਨੂੰ ਉਡੀਕ ਹੈ ਤੇਰੀ
ਤੇਰਾ ਰਸਤਾ ਮੈਨੂੰ ਵੇਖਦਾ ਬੈਠਾ
ਤੇਰੇ 'ਦੀਪਕ' ਦੀ ਲੋਅ ਨਾ ਬੁਝ ਜਾਵੇ
ਫੈਲ ਜਾਵੇ ਨਾ ਬਸਤੀ ਵਿੱਚ ਨ੍ਹੇਰਾ

11. ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਉਨੈਂ

ਮਿਰੇ ਦਿਲ ਤੇ ਤੂੰ ਕਿਓਂ ਖੰਜਰ ਚਲਾਉਨੈਂ?
ਨਹੱਕਾ ਖ਼ੂਨ ਕਿਉਂ ਮੇਰਾ ਬਹਾਉਨੈਂ?
ਸ਼ਰੀਕਾਂ ਦੇ ਘਰੀਂ ਚਾਨਣ ਬਿਖੇਰੇਂ
ਹਨੇਰਾ ਮੇਰੇ ਵਿਹੜੇ ਵਿਚ ਵਿਛਾਉਨੈਂ
ਮੈਂ ਤੈਨੂੰ ਪੁੱਛਦਾ ਹਾਂ ਹੁਸਨ ਵਾਲੇ!
ਅਜੇ ਕਿੰਨਾ ਕੁ ਚਿਰ ਮੈਨੂੰ ਸਤਾਉਣੈਂ
ਮੈਂ ਤੇਰਾ ਹਰ ਇਸ਼ਾਰਾ ਜਾਣਦਾ ਹਾਂ
ਤਿਰੇ ਆਖੇ ਤੋਂ ਫਿਰ ਭੀ ਫੁੱਲ ਚੜਾਉਨੈਂ
ਕੱਤਾਅ:
ਮਿਰੇ ਵੱਲ ਕਿਉਂ ਨਜ਼ਰ ਰੱਖਦੈਂ ਤੂੰ ਟੇਢੀ?
ਭਲਾ ਮੈਂ ਤੇਰਾ ਯਾਰ ਕੀ ਗੁਆਉਨੈਂ?
ਬਿਨਾਂ ਬੋਲੇ ਸਮਝਦੈਂ ਬਾਤ ਸਭ ਦੀ
ਜੇ ਮੈਂ ਬੋਲਾਂ ਬੁਰਾ ਓਸ ਦਾ ਮਨਾਉਨੈਂ
ਤੂੰ ਕਈਆਂ ਨੂੰ ਫਿਰੇਂ ਆਵਾਜ਼ ਦਿੰਦਾ
ਝਿੜਕ ਦਿੰਨੈਂ ਮੈਂ ਜਦ ਤੈਨੂੰ ਬੁਲਾਉਨੈਂ
ਮੈਂ ਜਦ ਰੋਵਾਂ ਤੂੰ ਉਦੋਂ ਮੁਸਕੁਰਾਵੇਂ
ਮੈਂ ਮੁਸਕਾਵਾਂ ਮੇਰਾ ਮੂੰਹ ਚਿੜਾਉਨੈਂ
ਖ਼ਿਆਲ ਏਨਾ ਤਾਂ ਦਿਲ ਦਾ ਕਰ ਲਿਆ ਕਰ
ਸਫ਼ਰ ਇਸ ਉਮਰ ਦਾ ਮੈਂ ਵੀ ਮੁਕਾਉਨੈਂ
ਬਹੁਤ ਕੀਤੀ ਤੂੰ ਮੇਰੀ ਅਜ਼ਮਾਇਸ਼
ਨਾ ਜਾਣੇਂ ਹੋਰ ਕਿੰਨਾ ਅਜ਼ਮਾਉਨੈਂ?
ਨਾ ਇਸ 'ਦੀਪਕ' ਤੋਂ ਇਹ ਘਰ ਹੋਇਆ ਰੌਸ਼ਨ
ਤਿਰੇ ਜਲਵੇ ਨੇ ਇਹ ਘਰ ਜਗਮਗਾਉਨੈਂ

12. ਦਿਲ 'ਚ ਸੂਰਤ ਵੱਸੀ ਹੈ ਪਿਆਰੇ ਦੀ

ਦਿਲ 'ਚ ਸੂਰਤ ਵੱਸੀ ਹੈ ਪਿਆਰੇ ਦੀ
ਕੌਣ ਚਿੰਤਾ ਕਰੇ ਗੁਜ਼ਾਰੇ ਦੀ
ਘੁਲ ਕੇ ਲਹਿਰਾਂ ਥੀਂ ਲੁਤਫ਼ ਲੈਂਦਾ ਹਾਂ
ਹੁਣ ਜ਼ਰੂਰਤ ਨਹੀਂ ਕਿਨਾਰੇ ਦੀ
ਕੁਝ ਭੀ ਹਸਤੀ ਨਾ ਰਹਿ ਸਕੀ ਕਾਇਮ
ਡਿੱਗੇ ਹੰਝੂ ਦੀ; ਟੁੱਟੇ ਤਾਰੇ ਦੀ
ਥਰ-ਥਰਾ ਉੱਠਦੀਆਂ ਨੇ ਤਲਵਾਰਾਂ
ਬਾਤ ਛਿੜਦੀ ਹੈ ਜਦ ਵੀ ਆਰੇ ਦੀ
ਹੁਣ ਮੈਂ ਖ਼ੁਦ ਹੀ ਸਹਾਰਾ ਅਪਣਾ ਹਾਂ
ਹੁਣ ਗਰਜ਼ ਹੀ ਨਹੀਂ ਸਹਾਰੇ ਦੀ
ਦੁਸ਼ਮਣੋਂ ! ਯਾਦ ਰੱਖੋ; ਇੱਕ ਬਿਜਲੀ
ਮੁੰਤਜ਼ਿਰ ਹੈ ਮਿਰੇ ਇਸ਼ਾਰੇ ਦੀ
ਕੀ ਗ਼ਰੂਰ ਇਸ ਤੇ ਕਰ ਰਿਹੈਂ ਸੱਜਣਾ?
ਜ਼ਿੰਦਗੀ ਮਿਸਲ ਹੈ ਗ਼ੁਬਾਰੇ ਦੀ
ਆਉਣਗੇ ਸਭ ਤਲੀ ਤੇ ਸਿਰ ਧਰਕੇ
ਗੂੰਜੀ ਅਵਾਜ਼ ਜਦ ਨਗਾਰੇ ਦੀ
ਹਰ ਨਜ਼ਰ ਵਿੱਚ ਇਹ ਤਾਬ ਕਿੱਥੇ ਹੈ?
ਤਾਬ ਝੱਲੇ ਤੇਰੇ ਨਜ਼ਾਰੇ ਦੀ
ਪਾਰਾ-ਪਾਰਾ ਤੂੰ ਕੀਤੈ ਦਿਲ ਮੇਰਾ
ਪੈਣੀ ਕੀਮਤ ਹੈ ਪਾਰੇ-ਪਾਰੇ ਦੀ
ਤੇਰੀ ਲੋਅ ਵਿੱਚ ਓਹ ਦਮ ਨਹੀਂ 'ਦੀਪਕ'!
ਜੋ ਹੈ ਤਾਕਤ ਤੇਰੇ ਸ਼ਰਾਰੇ ਦੀ

13. ਚਮਨ ਵਾਲੇ; ਚਮਨ ਖ਼ੁਦ ਹੀ ਉਜਾੜਣਗੇ-ਨਜ਼ਰ ਆਉਂਦੈ

ਚਮਨ ਵਾਲੇ; ਚਮਨ ਖ਼ੁਦ ਹੀ ਉਜਾੜਣਗੇ-ਨਜ਼ਰ ਆਉਂਦੈ
ਦਰਿੰਦੇ ਖੁੱਲ ਖੇਲਣਗੇ; ਦਹਾੜਣਗੇ-ਨਜ਼ਰ ਆਉਂਦੈ
ਤੂੰ ਕੀ ਰੱਬ ਏਂ? ਕੀ ਦੁਨੀਆਂ ਹੈ ਤਿਰੀ? ਕੀ ਹਨ ਤਿਰੇ ਬੰਦੇ?
ਤਿਰੇ ਬੰਦੇ ਹੀ ਤੇਰੀ ਦੁਨੀਆਂ ਸਾੜਣਗੇ-ਨਜ਼ਰ ਆਉਂਦੈ
ਤਿਰੀ ਦਰਿਆ-ਦਿਲੀ ਦਾ ਸਾਕੀਆ ! ਸਿੱਟਾ ਬੁਰਾ ਨਿਕਲੂ
ਇਹ ਬੇ-ਸਬਰੇ ਤੇਰਾ ਹੁਲੀਆ ਵਿਗਾੜਣਗੇ-ਨਜ਼ਰ ਆਉਂਦੈ
ਕੋਈ ਪੰਛੀ ਨਹੀਂ ਬਚਣਾ ਨਾ -ਬਚਣੈਂ ਆਹਲਣਾ ਕੋਈ
ਝਖੜੇ ਹੁਣ ਜੜ੍ਹੋਂ ਬੂਟੇ ਉਖਾੜਣਗੇ-ਨਜ਼ਰ ਆਉਂਦੈ
ਬੜੇ ਮਸ਼ਹੂਰ ਹਨ ਮਾਲੀ; ਖ਼ੁਦਾ ਜਾਣੇ ਕੀ ਕਰ ਗੁਜ਼ਰਨ ?
ਨਹੱਕੇ ਪੰਛੀ; ਮੁੜ ਪਿੰਜਰੇ 'ਚ ਤਾੜਣਗੇ-ਨਜ਼ਰ ਆਉਂਦੈ
ਕੁਚਲ ਕੇ ਅਧਖਿੜੇ ਗ਼ੁੰਚੇ, ਮਸਲ ਕੇ ਖ਼ੁਸ਼-ਨੁਮਾ ਕਲੀਆਂ
ਖ਼ਰੂਦੀ; ਮੁੜ ਕਲੇਜਾ ਰੱਬ ਦਾ ਪਾੜਣਗੇ-ਨਜ਼ਰ ਆਉਂਦੈ
ਜਨੂੰਨੀ, ਇਸ਼ਕ ਦੇ ਜਜ਼ਬਾਤ ਪਹਿਲਾਂ ਹੀ ਲਤੜਦੇ ਸਨ
ਦੁਬਾਰਾ ਫਿਰ 'ਲਤਾੜਣਗੇ-ਲਤਾੜਣਗੇ'-ਨਜ਼ਰ ਆਉਂਦੈ
ਤੁਅੱਸਬ ਵਿੱਚ ਭਰੇ, ਲਾਲਚ 'ਚ ਅੰਨ੍ਹੇ, ਭੁੱਖੇ ਸ਼ੁਹਰਤ ਦੇ
ਮੁਹੱਬਤ, ਤੱਕੜੀ ਵਿੱਚ ਧਰਕੇ ਹਾੜਣਗੇ-ਨਜ਼ਰ ਆਉਂਦੈ
ਇਹਨਾਂ ਮਜ਼ਹਬ-ਪ੍ਰਸਤਾਂ ਦੇ ਇਰਾਦੇ ਨੇਕ ਨਈਂ 'ਦੀਪਕ'
ਇਹ ਫਿਰ ਇਨਸਾਨੀਅਤ ਸੂਲੀ ਤੇ ਚਾੜ੍ਹਣਗੇ-ਨਜ਼ਰ ਆਉਂਦੈ

14. ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ

ਮੈਂ ਵਫ਼ਾ ਕਰਦਾ ਰਿਹਾ ਪਰ ਉਹ ਦਗ਼ਾ ਕਹਿੰਦੇ ਰਹੇ
ਬੇ-ਵਫ਼ਾ ਮੈਨੂੰ ਹੀ ਉਲਟਾ ਬੇ-ਵਫ਼ਾ ਕਹਿੰਦੇ ਰਹੇ
ਹੱਸ ਪਏ ਦੁਸ਼ਮਣ ਜੇ ਮੈਨੂੰ ਵੇਖ ਕੇ ਕੀ ਹੋ ਗਿਆ ?
ਯਾਰ ਭੀ ਇਸ ਹਾਲ ਵਿੱਚ ਮੈਨੂੰ ਬੁਰਾ ਕਹਿੰਦੇ ਰਹੇ
ਆਖ ਕੇ ਸਾਨੂੰ ਸ਼ਰਾਬੀ ! ਸੂਫ਼ੀਆਂ ਨੇ ਭੰਡਿਆ
ਪਰ ਸ਼ਰਾਬੀ ਯਾਰ ਸਾਨੂੰ ਪਾਰਸਾ ਕਹਿੰਦੇ ਰਹੇ
ਠੇਲ੍ਹਤੀ ਕਸ਼ਤੀ ਜਦ ਮੈਂ ਤੂਫ਼ਾਨ ਥੀਂ ਟਕਰਾਉਣ ਲਈ
ਠਹਿਰ ! ਆਉਂਦੇ ਹਾਂ ਅਸੀਂ ! ਇਹ ਨਾ-ਖ਼ੁਦਾ ਕਹਿੰਦੇ ਰਹੇ
ਓਸ ਥਾਂ ਤੇ ਲੈ ਗਿਆ ਇਸ ਇਸ਼ਕ ਦਾ ਪਾਗ਼ਲ-ਪੁਣਾ
ਦਰਦ ਨੂੰ ਜਿਸ ਥਾਂ ਅਸੀਂ ਦਿਲ ਦੀ ਦਵਾ ਕਹਿੰਦੇ ਰਹੇ
ਓਸ ਪਗਡੰਡੀ ਤੁਰ ਜੋ ਟਿੱਬਿਆਂ ਵਿੱਚ ਰੁਲ ਗਈ
ਔਹ ਖੜੀ ਮੰਜ਼ਿਲ ! ਗ਼ਲਤ ਹੀ ਰਹਿਨੁਮਾ ਕਹਿੰਦੇ ਰਹੇ
ਦਿਲ ਸਦਾ ਅੰਦਰ ਅਧੂਰੇ ਇਸ਼ਕ ਨੂੰ ਰੋਂਦਾ ਰਿਹਾ
ਪਰ ਸੁਣਨ ਵਾਲੇ; ਗ਼ਜ਼ਲ ਇੱਕ ਹੋਰ ਗਾ ! ਕਹਿੰਦੇ ਰਹੇ
ਮੌਤ ਪਿੱਛੋਂ ਪਿੱਟਣੈਂ ਮੇਰੇ ਸਿਵੇ ਤੇ ਦੁਸ਼ਮਣਾਂ
ਉਫ਼ ! ਅਸੀਂ 'ਦੀਪਕ' ਨੂੰ ਐਵੇਂ ਬੁਰਾ ਕਹਿੰਦੇ ਰਹੇ

15. ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ

ਕੁਝ ਕੁ ਹੱਥਾਂ ਵਿੱਚ ਸਿਮਟ ਕੇ ਰਹਿ ਗਈ ਦੌਲਤ ਤਮਾਮ
ਆਮ ਲੋਕਾਂ ਦਾ ਮਗਰ ਹੁਣ ਹੋ ਗਿਐ ਜੀਣਾ ਹਰਾਮ
ਕੁਝ ਕੁ ਪਿਆਕਾਂ ਹੀ ਤੇ ਬਖ਼ਸ਼ਿਸ਼ ਹੈ ਤਿਰੀ ਹੁਣ ਸਾਕੀਆ !
ਤਰਸਦੇ ਇੱਕ ਛਿੱਟ ਨੂੰ ਹਨ ਮੁੱਦਤਾਂ ਤੋਂ ਰਿੰਦ ਆਮ
ਜ਼ਿੰਦਗੀ; ਪਥਰਾ ਗਈ ਹੈ ਰਹਿ ਗਈ ਹੈ ਬਣ ਕੇ ਬੁੱਤ
ਹੋਰ ਕਿੰਨੀ ਦੇਰ ਤੱਕ ਚੱਲੂਗਾ ਇਹ ਬੋਦਾ-ਨਿਜ਼ਾਮ
ਖ਼ੂਨ ਤੋਂ ਮਹਿੰਗਾ ਪਸੀਨਾ ਚੋ ਕੇ ਭੀ ਭੁੱਖਾ ਹਾਂ ਮੈਂ
ਕਰ ਰਹੈ ਅੱਈਆਸ਼ੀਆਂ ਵਿਹਲੜ-ਵਿਕਾਰਾਂ ਦਾ ਗ਼ੁਲਾਮ
ਦੂਰ ਹਟ ਜਾਓ! ਤੁਸੀਂ; ਮਜ਼ਹਬ-ਪ੍ਰਸਤੋ! ਦੂਰ ਦੂਰ!
ਕਾਤਿਲਾਂ; ਨਫ਼ਰਤ-ਪ੍ਰਸਤਾਂ ਨੂੰ ਮਿਰਾ ਅੱਜ ਤੋਂ ਸਲਾਮ
ਕਿਉਂ ਦਰਿੰਦਾ ਬਣ ਗਿਐ ਹੈ? ਆਦਮੀ ਇਸ ਦੌਰ ਦਾ
ਆਬਰੂ ਲੁੱਟੇ ਉਹ; ਜਿਸ ਵਹਿਸ਼ਤ ਨੂੰ ਪਾਉਣੀ ਸੀ ਲਗਾਮ
ਸਾੜ ਸੁੱਟਣ, ਚਾਰ ਛਿੱਲੜਾਂ ਵਾਸਤੇ ਕਲੀਆਂ ਦਾ ਹੁਸਨ
ਮਾਲੀਆ! ਕੀ ਖ਼ਾਕ ਹੈ? ਗੁਲਸ਼ਨ 'ਚ ਤੇਰਾ ਇੰਤਜ਼ਾਮ
ਖ਼ੂਬ ਹੈ ਇਨਸਾਫ਼ ਤੇਰਾ! ਬੇ-ਗੁਨਾਹ ਪਿੰਜਰੇ 'ਚ ਹਨ
ਜੋ ਗੁਨਾਹ ਕਰਦੇ ਨੇ ਤੂੰ ਉਹਨਾਂ ਨੂੰ ਵੰਡਦਾ ਏਂ ਇਨਾਮ
ਕਾਲੀ ਮੰਡੀ ਦੇ ਸੌਦਾਗਰ; ਖ਼ੁਦ ਨੂੰ ਪਤਵੰਤੇ ਕਹਾਉਣ
ਪਰ ਗਿਣੇਂ ਜਾਂਦੇ ਨੇ 'ਦੀਪਕ' ਵਰਗੇ ਸ਼ਾਇਰ ਬਦਕਲਾਮ

16. ਚਿੱਟੀਆ -ਸੁਰਖ਼ -ਕਾਲੀਆਂ -ਅੱਖਾਂ

ਚਿੱਟੀਆ -ਸੁਰਖ਼ -ਕਾਲੀਆਂ -ਅੱਖਾਂ
ਤੇਰੀਆਂ ਕਰਮਾਂ ਵਾਲੀਆਂ ਅੱਖਾਂ
ਅੱਖਾਂ-ਅੱਖਾਂ 'ਚ ਹੋ ਗਿਆ ਵਾਅਦਾ
ਫੇਰ ਹੋਈਆਂ ਸੁਖਾਲੀਆਂ ਅੱਖਾਂ
ਕਿਸ ਤਰ੍ਹਾਂ ਟਲਦਾ ਦਿਲ ਮੁਹੱਬਤ ਤੋਂ
ਜਦ ਨਹੀਂ ਟਲੀਆਂ; ਟਾਲੀਆਂ ਅੱਖਾਂ
ਪੂੰਝੀਆਂ ਅੱਖਾਂ ਜਿਸ ਦੀਆਂ ਭੀ ਮੈਂ
ਉਸ ਨੇ ਮੈਨੂੰ ਵਖਾਲੀਆਂ ਅੱਖਾਂ
ਜ਼ਖ਼ਮ ਅਣਗਿਣਤ ਖਾ ਗਿਆ ਇਹ ਦਿਲ
ਕੇਰਾਂ ਲੜੀਆਂ; ਦੁਨਾਲੀਆਂ ਅੱਖਾਂ
ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਭੀ
ਰਾਹ ਵਿੱਚ ਮੈ ਵਿਛਾਲੀਆਂ ਅੱਖਾਂ
ਖੋਟ ਕੋਈ ਜ਼ਰੂਰ ਸੀ ਦਿਲ ਵਿੱਚ
ਯਾਰ ਨੇ ਤਾਂ ਚੁਰਾ ਲੀਆਂ ਅੱਖਾਂ
ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ
ਮੈਂ ਬਥੇਰਾ ਸੰਭਾਲੀਆਂ ਅੱਖਾਂ
ਜਾਣ ਵਾਲੇ ਮੈਂ ਤੇਰੇ ਗ਼ਮ ਅੰਦਰ
ਗੰਗਾ ਯਮੁਨਾ ਬਣਾ ਲੀਆਂ ਅੱਖਾਂ
ਉਫ਼! ਬੜ੍ਹਾਪੇ 'ਚ ਹੋ ਗਈਆਂ ਬੇ-ਨੂਰ
ਕਿਸ ਜਵਾਨੀ ਨੇ ਖਾ ਲੀਆਂ ਅੱਖਾਂ
ਕੀ ਕਮਾਇਆ ਤੂੰ ਇਸ਼ਕ 'ਚੋਂ 'ਦੀਪਕ'
ਐਵੇਂ ਰੋ ਰੋ ਕੇ ਗਾਲੀਆਂ ਅੱਖਾਂ

17. ਇਹ ਦੁਨੀਆਂ ਅਸੀਂ ਕਰਨ ਆਬਾਦ ਨਿਕਲੇ

ਇਹ ਦੁਨੀਆਂ ਅਸੀਂ ਕਰਨ ਆਬਾਦ ਨਿਕਲੇ
ਮਗਰ ਹੋਕੇ ਦੁਨੀਆਂ 'ਚੋਂ ਬਰਬਾਦ ਨਿਕਲੇ
ਮੁਹੱਬਤ 'ਚ ਮਰ ਜਾਵਾਂ ਪਰ ਮੇਰੇ ਲਬ 'ਚੋਂ
ਨਾ ਹੀ ਆਹ ਨਿਕਲੇ, ਨਾ ਫ਼ਰਿਆਦ ਨਿਕਲੇ
ਮਚਲਦੀ ਹੈ ਰਹਿ-ਰਹਿ ਕੇ ਦਿਲ ਵਿੱਚ ਤਮੰਨਾ
ਕਿਵੇਂ ਮੇਰੇ ਗੁਲਸ਼ਨ 'ਚੋਂ ਸਈਆਦ ਨਿਕਲੇ
ਰਿਹੈ ਜਿਸਮ ਦੀ ਕੈਦ ਵਿੱਚ ਉਮਰ ਭਰ ਦਿਲ!
ਮਗਰ ਫਿਰ ਭੀ ਅਰਮਾਨ ਆਜ਼ਾਦ ਨਿਕਲੇ
ਮਿਰਾ ਕਤਲ ਹੋਣਾ ਸੀ ਆਖ਼ੀਰ ਹੋਇਆ
ਮਿਰੇ ਹਮ-ਸਫ਼ਰ ਯਾਰ ਜੱਲਾਦ ਨਿਕਲੇ
ਗਏ ਹੱਸਦੇ ਬਜ਼ਮ 'ਚੋਂ ਰਿੰਦ ਅਕਸਰ
ਅਸੀਂ ਅਪਣਾ ਦਿਲ ਲੈ ਕੇ ਨਾਸ਼ਾਦ ਨਿਕਲੇ
ਨਿਕਲ ਨ ਸਕੀ ਜ਼ਹਿਨ 'ਚੋਂ ਤੇਰੀ ਸੂਰਤ
ਨਾ ਹੀ ਮਿਰੇ ਦਿਲ 'ਚੋਂ ਤੇਰੀ ਯਾਦ ਨਿਕਲੇ
ਜਿਨਾਂ ਨੂੰ ਮੈਂ ਸ਼ਾਗਿਰਦ ਅਪਣਾ ਬਣਾਇਆ
ਉਹ ਸ਼ਾਗਿਰਦ ਮੇਰੇ ਵੀ ਉਸਤਾਦ ਨਿਕਲੇ
ਹਿਤੈਸ਼ੀ ਨਹੀ ਕਰ ਸਕੇ ਕੋਈ ਚਾਰਾ
ਵਿਰੋਧੀ ਮਿਰੀ ਕਰਨ ਇਮਦਾਦ ਨਿਕਲੇ
ਗ਼ਮਾਂ ਦੀ ਕਹਾਣੀ ਸੁਣਾਵੇ ਜੇ ਕੋਈ
ਕਹਾਣੀ ਉਹੀ ਮੇਰੀ ਰੂਦਾਦ ਨਿਕਲੇ
ਉਹ ਕੀ ਸ਼ਿਅਰ ਹੋਇਆ? ਜੇ ਸੁਣ ਕੇ ਐ 'ਦੀਪਕ' !
ਦਿਲਾਂ 'ਚੋਂ ਨਾ ਬੇ-ਸਾਖ਼ਤਾ ਦਾਦ ਨਿਕਲੇ

(ਰੂਦਾਦ=ਹਾਲਤ ਦਾ ਬਿਆਨ, ਬੇ-ਸਾਖ਼ਤਾ=ਸੁਭਾਵਿਕ)

18. ਕੰਡੇ ਚਮਨ 'ਚ ਖਿੱਲਰੇ ਮੁੜ ਇੰਤਸ਼ਾਰ ਦੇ

ਕੰਡੇ ਚਮਨ 'ਚ ਖਿੱਲਰੇ ਮੁੜ ਇੰਤਸ਼ਾਰ ਦੇ!
ਬਲਦੀ ਚਿਖ਼ਾ 'ਚ ਸੜ ਗਏ ਸੁਪਨੇ ਬਹਾਰ ਦੇ
ਬਦਬੂਆਂ ਨਾਲ ਭਰ ਗਈ ਇਸ ਬਾਗ਼ ਦੀ ਹਵਾ!
ਤੂੰ ਐ ਨਸੀਮ! ਬਾਗ਼ ਵਿੱਚ ਮਹਿਕਾਂ ਖਿਲਾਰ ਦੇ
ਕਿਸ ਨੂੰ ਖ਼ਬਰ ਸੀ ਆਊਗੀ ਇਹ ਸਹਿਮ ਦੀ ਰੁੱਤ ਵੀ!
ਵਰਨਾ ਅਸੀਂ ਦਿਲਾਂ 'ਚ ਦਲੇਰੀ ਉਤਾਰਦੇ
ਨਫ਼ਰਤ ਦੇ ਬੀਜ; ਬੀਜ ਕੇ ਖਾਂਦੇ ਹਾਂ ਉਸਦੇ ਫਲ!
ਕਿਥੋਂ ਨਸੀਬ ਹੋਣਗੇ ? ਮੇਵੇ ਉਹ ਪਿਆਰ ਦੇ!!
ਰੰਗੀਨੀਆਂ ਦਾ ਲੁਤਫ਼ ਕੀ ਮਾਨਣਗੇ ਫ਼ਿਤਨਾਗਰ?
ਦਿਲ ਵਾਲਿਆਂ ਨੇ ਲੁਤਫ਼ ਹਨ ਮਾਣੇਂ ਬਹਾਰ ਦੇ
ਅਪਣਾਂ ਹੀ ਖ਼ੂਨ ਪੀ ਲਿਆ ਆ ਕੇ ਜਨੂੰਨ ਵਿੱਚ!
ਖ਼ੁਦ ਹੀ ਸ਼ਿਕਾਰ ਹੋ ਗਏ ਆਸ਼ਿਕ ਸ਼ਿਕਾਰ ਦੇ
ਦਿਨ-ਰਾਤ ਪਾਵਾਂ ਵਾਸਤਾ ਤੈਨੂੰ ਮੈਂ ਐ ਫ਼ਲਕ!
ਤੂੰ ਫਿਰ ਦਿਲਾਂ ’ਚ ਇਸ਼ਕ ਦ ਜਜ਼ਬਾ ਉਚਾਰ ਦੇ
ਐ ਨਾ-ਖੁਦਾ! ਜੇ ਹੋਸ਼ ਹੈ ਤੈਨੂੰ? ਤਾਂ ਬਾਤ ਸੁਣ!
ਜਿੱਦਾਂ ਬਣੇਂ ਭੰਵਰ 'ਚੋਂ ਸਫ਼ੀਨਾ ਗੁਜ਼ਾਰ ਦੇ
ਮੱਧਮ ਜਿਹੀ ਹੈ ਹੋ ਗਈ 'ਦੀਪਕ' ਦੀ ਲੋਅ ਤਾਂ ਯਾਰ!
ਪਰ ਜਗਮਗਾਏ ਦਾਗ਼; ਦਿਲੇ-ਦਾਗ਼ਦਾਰ ਦੇ

19. ਕੜਕਦੀ ਧੁੱਪ ਨੇ ਬਸਤੀ ਤੇ ਕਹਿਰ ਢਾਇਆ ਹੈ

ਕੜਕਦੀ ਧੁੱਪ ਨੇ ਬਸਤੀ ਤੇ ਕਹਿਰ ਢਾਇਆ ਹੈ
ਮਗਰ ਮਿਰੇ ਤੇ ਤਿਰੇ ਗੇਸੂਆਂ ਦਾ ਸਾਇਆ ਹੈ।
ਹਜ਼ਾਰਾਂ ਬਾਰ ਕਰਮ ਤੇਰਾ ਆਜ਼ਮਾਇਆ ਹੈ
ਹਰੇਕ ਮੋੜ ਤੇ ਤੈਨੂੰ ਕਰੀਬ ਪਾਇਆ ਹੈ।
ਕਦਮ-ਕਦਮ ਤੇ ਲਏ ਬਦਲੇ ਇਸ ਜ਼ਮਾਨੇ ਨੇ
ਮਿਰਾ ਕਦਮ ਨਾ ਕਦੀ ਦੋਸਤ ਡਗਮਗਾਇਆ ਹੈ।
ਉਲਝ ਗਿਆ ਮੈਂ ਜਦੋਂ ਵੀ ਕਿਸੇ ਮੁਸੀਬਤ ਵਿੱਚ
ਤਿਰੇ ਹੀ ਪਿਆਰ ਨੇ ਮੈਨੂੰ ਸਦਾ ਬਚਾਇਆ ਹੈ।
ਕਸਰ ਨਾ ਛੱਡੀ ਇਹਨਾਂ ਬਿਜਲੀਆਂ ਨੇ ਦਿਲਦਾਰੋ !
ਚਮਨ 'ਚੋਂ ਚੁਣ ਕੇ ਮਿਰਾ ਆਹਲਣਾ ਜਲਾਇਆ ਹੈ।
ਤਿਰਾ ਭੀ ਦਿਲ ਹੈ ਜੋ ਰੋਂਦਾ ਪਿਆ ਹੈ ਸੇਜ ਉੱਤੇ
ਮਿਰਾ ਭੀ ਦਿਲ ਹੈ ਜੋ ਸੂਲੀ ਤੇ ਮੁਸਕੁਰਾਇਆ ਹੈ।
ਮੈਂ ਗਰਦਿਸ਼ਾਂ ਦਾ ਸਤਾਇਆ ਨਹੀਂ ਸਾਂ ਮਰ ਸਕਦਾ
ਮੇਰਾ ਵਜੂਦ ਇਨ੍ਹਾਂ ਰਹਿਬਰਾਂ ਮਿਟਾਇਆ ਹੈ।
ਕਿਸੇ ਵੀ ਯਾਰ ਨੇ ਮੇਰੀ ਨਾ ਬਾਂਹ ਫੜੀ ਭੁੱਲ ਕੇ
ਜਦੋਂ ਵੀ ਲਾਇਆ ਗਲੇ ਦੁਸ਼ਮਣਾਂ ਨੇ ਲਾਇਆ ਹੈ।
ਤਮਾਮ ਸ਼ਹਿਰ ਵਿੱਚ ਖਿੰਡਿਐ ਮਣਾਂ ਮੂੰਹੀ ਚਾਨਣ
ਇਹ ਕਿਸ ਨੇ ਪਰਦਾ ਤੇਰੇ ਹੁਸਨ ਤੋਂ ਹਟਾਇਆ ਹੈ।
ਬੁਝਾ ਗਿਆ ਕੋਈ ਫਿਰ; ਇਹ ਜਗ ਰਿਹਾ 'ਦੀਪਕ'
ਹੈ ਕੌਣ ਸ਼ਖਸ਼ ਕਿ ਜਿਸਨੇ ਹਨੇਰਾ ਪਾਇਆ ਹੈ ।

20. ਨਜ਼ਰ ਚਲੇ ਜਾਣ ਤੋਂ ਬਾਦ ਰੱਬ ਨਾਲ ਗਿਲਾ

ਖੋਹ ਕੇ ਧੱਕੇ ਨਾਲ ਬੀਨਾਈ ਮਿਰੀ
ਮੁਸ਼ਕਿਲਾਂ ਵਿੱਚ ਜਾਨ ਤੂੰ ਪਾਈ ਮਿਰੀ
ਕਦ ਨਜ਼ਰ ਮੇਰੀ ਗ਼ਲਤ ਉੱਠੀ ਸੀ? ਦੋਸਤ !
ਫਿਰ ਤੂੰ ਕਿਉਂ ਛੱਡੀ ਨਾ ਰਅਨਾਈ ਮਿਰੀ
ਖ਼ੂਨ ਮੇਰਾ; ਮੂੰਹ ਚਿੜਾਉਂਦਾ ਹੈ ਮਿਰਾ
ਸਹਿ ਰਿਹੈਂ ਤੂੰ ਫਿਰ ਵੀ ਰੁਸਵਾਈ ਮਿਰੀ
ਅਜਗਰਾਂ ਵਿੱਚਕਾਰ ਮੈਂ ਘਿਰਿਆ ਹਾਂ ਅੱਜ
ਕਰ ਖ਼ਲਾਸੀ ਹੁਣ ਤਾਂ ਹਰਜਾਈ ਮਿਰੀ
ਮੇਰਾ ਕੀ ਜਾਣੈਂ? ਬੁਰਾ ਤੂੰ ਵੱਜਣੈਂ!
ਕਸ਼ਤੀ ਜੇ ਕੰਢੇ ਨਾ ਲਾਈ ਮਿਰੀ
ਇਮਤਿਹਾਨ ਏਨਾ ਨਾ ਲੈ ਹੁਣ ਸਬਰ ਕਰ
ਹੁਣ ਲਬਾਂ ਤੇ ਜਾਨ ਹੈ ਆਈ ਮਿਰੀ
ਤੇਰੀ ਰਹਿਮਤ ਤੇ ਭਰੋਸਾ ਕਰ ਲਿਆ
ਤਾਂ ਬਣੀਂ ਹਾਲਤ ਇਹ ਦੁਖਦਾਈ ਮਿਰੀ
ਆਸ਼ਕਾਂ ਨੂੰ ਮੂੰਹ ਵਿਖਾਏਂਗਾ ਕਿਵੇਂ?
ਜੇ ਨਾ ਜਾਨ ਉਲਝੀ ਤੂੰ ਸੁਲਝਾਈ ਮਿਰੀ
ਮੈਅਕਸ਼ੀ ਹੈ ਸਿਰਫ਼ ਇੱਕ ਮੇਰਾ ਕਸੂਰ
ਹੋਰ ਵੇਖੀ ਹੈ ਖ਼ਤਾ ਕਾਈ ਮਿਰੀ
ਮੈਂ ਅਗਰ ਜਿੰਦਾ ਰਹਾਂ-! ਕਿਸ ਆਸਰੇ?
ਤੂੰ ਸਮਝਦਾ ਹੀ ਹੈਂ ਕਠਿਨਾਈ ਮਿਰੀ
ਰੌਸ਼ਨੀ ਵੰਡੀ; ਸਿਲਾ ਮਿਲਿਆ ਹਨੇਰ
ਕਦਰ ਦਿਲ ਵਾਲੇ ਨੇ ਇਹ ਪਾਈ ਮਿਰੀ
ਮੈਨੂੰ 'ਦੀਪਕ' ਆਖਣੈਂ? ਫਿਰ ਕਿਸ ਨੇ ਯਾਰ
'ਰੌਸ਼ਨੀ' ਜੇ ਤੂੰ ਨਾ ਪਰਤਾਈ ਮਿਰੀ

21. ਇੱਕੋ ਕਾਫ਼ੀਏ ਦੀ ਕੈਦ ਵਿੱਚ

ਇਸ਼ਕ ਵਾਲੇ ਇਸ਼ਕ ਫ਼ਰਮਾਂਦੇ ਨੇ ਹਸਦੇ-ਖੇਡਦੇ
ਜਾਨ ਤਕ ਤੋਂ ਭੀ ਗੁਜ਼ਰ ਜਾਂਦੇ ਨੇ ਹਸਦੇ-ਖੇਡਦੇ
ਠੀਕ ਹੈ ਮਤਕਲ ਦਾ ਨਕਸ਼ ਦਿਲ ਹਿਲਾਊ ਹੈ ਬੜਾ
ਜਾਣ ਵਾਲੇ ਫੇਰ ਭੀ ਜਾਂਦੇ ਨੇ ਹਸਦੇ-ਖੇਡਦੇ
ਐ ਸਮੇਂ ਦੇ ਗੇੜ ! ਕੁਝ ਮੇਰੇ ਜਿਹੇ ਕੱਲੇ ਭੀ ਹਨ
ਜੋ ਤਿਰੇ ਸਾਹਵੇਂ ਵੀ ਡਟ ਜਾਂਦੇ ਨੇ ਹਸਦੇ-ਖੇਡਦੇ
ਬਾਗ਼ ਸੜਦੈ; ਤਾਂ ਅਜਿਹੇ ਪੰਛੀ ਭੀ ਹੁੰਦੇ ਹਨ ਕੁਝ
ਖੰਭ ਹੁੰਦਿਆ ਭੀ ਜੋ ਸੜ ਜਾਂਦੇ ਨੇ ਹਸਦੇ-ਖੇਡਦੇ
ਤੂੰ ਕਿਨਾਰੇ ਤੇ ਖੜਾ ਰੋਨੈਂ ਦਿਲਾ ! ਪਰ ਕੁਝ ਦਲੇਰ
ਚੀਰ ਦੇ ਦਰਿਆ ਨੂੰ ਔਹ ਜਾਂਦੇ ਨੇ ਹਸਦੇ-ਖੇਡਦੇ
ਬਦਤਮੀਜ਼ੀ ਵੇਖ ਕੇ ਸਾਕੀ ਦੀ; ਬਾ-ਗ਼ੈਰਤ ਪਿਆਕ!
ਜਾਮ ਅਪਣਾ ਭਰਿਆ ਛੱਡ ਜਾਂਦੇ ਨੇ ਹਸਦੇ-ਖੇਡਦੇ
ਕਿੰਨੇ ਖ਼ੁਸ਼ਕਿਸਮਤ ਨੇ 'ਦੀਪਕ'! ਜਿਹੜੇ ਇਸ ਮਹਿਫ਼ਿਲ ਦੇ ਵਿੱਚ
ਰੋਂਦਿਆਂ ਆਉਂਦੇ ਨੇ ਪਰ ਜਾਂਦੇ ਨੇ ਹਸਦੇ-ਖੇਡਦੇ

22. ਜੋ ਭੀ ਸਾਜਿਸ਼ ਦਾ ਜਾਲ ਬੁਣਦਾ ਹੈ

ਜੋ ਭੀ ਸਾਜਿਸ਼ ਦਾ ਜਾਲ ਬੁਣਦਾ ਹੈ
ਮੌਤ ਅਪਣੀਂ ਦਾ ਰਾਹ ਚੁਣਦਾ ਹੈ
ਜਿਸ ਦੇ ਸਿਰ ਵਿੱਚ ਗ਼ਰੂਰ ਸੀ ਐ ਦਿਲ !
ਓਹੀ ਬੈਠਾ ਸਿਰ ਅਪਣਾ ਧੁਣ ਦਾ ਹੈ
ਦਰਦ ਮੇਰਾ ਉਹ ਪੁੱਛੇ; ਤਾਂ ਦੱਸਾਂ !
ਕੌਣ ਪੁੱਛਦਾ ਹੈ ਕੌਣ ਸੁਣਦਾ ਹੈ
ਇਹ ਖ਼ੁਦਾ ਜਾਣੇ ਫੇਰ ਕੀ ਹੋਣੈਂ ?
ਏਸ ਵੇਲੇ ਸਵਾਲ ਹੁਣ ਦਾ ਹੈ
ਪੈਸੇ ਦੀ ਪੂਜਾ ਹੁੰਦੀ ਹੈ ਜਿੱਥੇ
ਓਥੇ ਗਾਹਕ ਨਾ ਮਿਲਦਾ ਗੁਣ ਦਾ ਹੈ
ਯਾਰ ਮੇਰਾ ਹੈ ਵਿੰਹਦਾ ਬਿਨਾਂ ਦੱਸੇ
ਇਹ ਪੁਕਾਰੇ ਬਿਨਾਂ ਵੀ ਸੁਣਦਾ ਹੈ
ਹੱਡੀਂ ਇੱਕ ਲੱਗਦੈ; ਲੱਕੜੀਂ ਦੂਜਾ
ਇੱਕ ਸੁਭਾਅ ਇਸ਼ਕ ਦਾ ਤੇ ਘੁਣ ਦਾ ਹੈ
ਆਸ਼ਕਾਂ ਦੀ ਸਭਾ 'ਚ ਗ਼ੈਰਾਂ ਦਾ
ਅੱਗਾ-ਪਿੱਛਾ ਕੁਈ ਨਾ ਪੁਣ ਦਾ ਹੈ
ਵਖਰੀ ਗੱਲ ਹੈ; ਅਮਲ ਨਹੀਂ ਕਰਦਾ
ਸ਼ੈਖ਼ ਓਦਾਂ ਤਾਂ ਪੜ੍ਹਦਾ ਗੁਣਦਾ ਹੈ
ਦਿਲ-ਪ੍ਰਸਤੋ ! ਗ਼ਰਜ਼ ਦੇ ਦੌਰ ਅੰਦਰ
ਇਸ਼ਕ ਦਾ ਰਾਹ ਕੋਈ ਚੁਣਦਾ ਹੈ
ਵਕਤ ਨੇ ਭਾਵੇਂ ਰੋਲਿਐ 'ਦੀਪਕ'
ਪਰ ਇਹ ਬਦਬਖ਼ਤ; ਪੱਕਾ ਧੁਨ ਦਾ ਹੈ

23. ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ

ਸੱਚ ਦਾ ਆਸ਼ਿਕ ਹਾਂ ਸੱਚ ਤੇ ਮਰਦਾ ਹਾਂ
ਝੂਠ ਦਾ ਦਮ ਨਾ ਮੂਲ ਭਰਦਾ ਹਾਂ
ਜ਼ਰ-ਪ੍ਰਸਤਾ ! ਡਰਾ ਨਾ ਤੂੰ ਮੈਨੂੰ !
ਮੈਂ ਜੇ ਡਰਦਾਂ, ਤਾਂ ਰੱਬ ਤੋਂ ਡਰਦਾਂ ਹਾਂ
ਡਰ ਦਿਖਾਉਂਦਾ ਹੈ 'ਨਾਸਿਰ' ਦੋਜ਼ਖ਼ ਦਾ
ਅੱਗ ਦਾ ਦਰਿਆ ਮੈਂ ਰੋਜ਼ ਤਰਦਾ ਹਾਂ
ਖ਼ੂਨ ਪੀਣਾਂ ਉਹ ਮੁੱਲਾਂ ! ਸਮਝਾਉਂਦੈ
ਮੈਅਕਸ਼ੀ ਕਾਸਤੋਂ ਮੈਂ ਕਰਦਾ ਹਾਂ ?
ਮੈਨੂੰ ਹਰ ਸ਼ਖ਼ਸ, ਖੁਦ ਜਿਹਾ ਲਗਦੈ
ਅਪਣੇਂ ਦਿਲ ਵਿੱਚ ਮੈਂ ਜਦ ਉੱਤਰਦਾ ਹਾਂ
ਐਬ ਯਾਰਾਂ ਦੇ ਢੱਕਦੈਂ ਮੈਂ ਅਕਸਰ
ਅਪਣੇਂ ਐਬਾਂ ਤੋਂ ਚੁੱਕਦਾ ਪਰਦਾ ਹਾਂ
ਸਰ ਤੇ ਪੈਂਦੀ ਹੈ ਹਰ ਬਲਾ ਟੁੱਟ ਕੇ
ਹਰ ਬਲਾ ਦਾ ਮੈਂ ਹਮਲਾ ਜਰਦਾ ਹਾਂ
ਜ਼ਾਲਿਮਾਂ ਨੂੰ ਸਲਾਮ ਨਈਂ ਕਰਦਾ
ਆਸ਼ਿਕਾਂ ਨੂੰ ਸਲਾਮ ਕਰਦਾ ਹਾਂ
ਐ ਫ਼ਲਕ ! ਤੂੰ ਵੀ ਲਾ ਲੈ ਅਪਣਾ ਜ਼ੋਰ !
ਮੈਂ ਸਤਾਇਆ ਜ਼ਮਾਨੇ ਭਰ ਦਾ ਹਾਂ
ਇਹ ਤਾਂ ਹਿੰਮਤ ਹੈ ਮੇਰੀ ਐ 'ਵਾਇਜ਼' !
ਗ਼ਰਕ ਹੋ ਕੇ ਵੀ ਮੈਂ ਉਭਰਦਾ ਹਾਂ
ਐਸੇ ਹਾਲਾਤ ਹੋ ਗਏ 'ਦੀਪਕ' !
ਮੈਂ ਨਾ ਹੁਣ ਘਾਟ ਦਾ, ਨਾ ਘਰ ਦਾ ਹਾਂ

24. ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ

ਗੱਲਾਂ ਕਰੀਏ ਭਾਵੇਂ ਰੋਜ਼ ਹਜ਼ਾਰਾਂ ਨਾਲ।
ਦੁਨੀਆਂ ਚੰਗੀ ਲੱਗਦੀ ਹੈ ਪਰ ਯਾਰਾਂ ਨਾਲ।
ਸ਼ਬਨਮ ਨਹੀਂ ਬੁਝਾ ਸਕਦੀ ਭਖ਼ਦੇ ਅੰਗਿਆਰ
ਹੰਝੂ ਲੱਖ ਟਕਰਾਉਣ ਤਿਰੇ ਰੁਖ਼ਸਾਰਾਂ ਨਾਲ।
ਖਿੰਡੀਆਂ ਜ਼ੁਲਫ਼ਾਂ- ਅੱਖਾਂ ਨਮ- ਲੱਥਾ ਚਿਹਰਾ
ਰਾਤ ਕਿੱਦਾਂ ਬੀਤੀ ਹੈ ਸਰਕਾਰਾਂ ਨਾਲ?
ਤੇਰਾ ਜਲਵਾ ਕੇਰਾਂ ਜਿਨ੍ਹਾਂ ਵੇਖ ਲਿਆ
ਫਿਰਨ ਮਾਰਦੇ ਟੱਕਰਾਂ ਉਹ ਦੀਵਾਰਾਂ ਨਾਲ਼।
ਉਹ ਤਬੀਅਤਨ; ਖੁਸ਼ਕ ਮਿਜ਼ਾਜਨ; ਇਹ ਰੰਗੀਨ
ਕੀ ਮੁਕਾਬਿਲੈ ਜ਼ਾਹਿਦ ਦਾ ਮੈਖ਼ਾਰਾਂ ਨਾਲ?
ਅੱਛਾ ! ਸਾਡਾ ਫ਼ੱਕਰਾਂ ਦਾ ਵੀ ਰੱਬ ਰਾਖੈ
ਤੂੰ ਤਾਂ ਪੀਂਘਾ ਪਾ ਲਈਆਂ ਜ਼ਰਦਾਰਾਂ ਨਾਲ।
ਦਿਲ ਵਿੱਚ ਬੜੀ ਤਮੰਨਾ ਸੀ ਫੁੱਲ ਤੋੜਨ ਦੀ
ਪੋਟੇ ਜ਼ਖ਼ਮੀ ਅਸੀਂ ਕਰਾ ਲਏ ਖਾਰਾਂ ਨਾਲ।
ਸਾਡਾ ਬੀਮਾਰਾਂ ਦਾ ਕੀ ਪੁੱਛਦਾ ਏਂ ਹਾਲ?
ਹੋਇਆ ਹੈ ਇਹ ਹਾਲ ਤਿਰੇ ਇਕਰਾਰਾਂ ਨਾਲ।
ਜਿਨ੍ਹਾਂ ਵਿੱਚ ਨਾ ਸ਼ਰਮ, ਹਯਾ, ਨਾ ਜ਼ਬਤ-ਲਿਹਾਜ਼!
ਆਢਾ ਲਾਵੇ ਕੌਣ ਉਨ੍ਹਾਂ ਬਦਕਾਰਾਂ ਨਾਲ।
ਹਰ ਇੱਕ ਯਾਰ ਨੇ ਧੋਖਾ ਕੀਤੈ ਰੱਬ ਦੀ ਸਹੁੰ!
'ਦੀਪਕ ਜੈਤੋਈ' ਵਰਗੇ ਫ਼ਨਕਾਰਾਂ ਨਾਲ।

25. ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ ਮੈਂ ਕਹਿੰਦਾ ਸੀ

ਦਿਲਾ ਇਹ ਇਸ਼ਕ ਬਰਬਾਦੀ ਕਰਾਊਗਾ ਮੈਂ ਕਹਿੰਦਾ ਸੀ
ਤਿਰੇ ਘਰ ਨੂੰ ਭੀ ਚੰਦਰਾ ਅੱਗ ਲਾਊਗਾ ਮੈਂ ਕਹਿੰਦਾ ਸੀ
ਗੁਨਾਹ ਕੋਈ ਕਰੂਗਾ ! ਫ਼ਾਇਦਾ ਕੋਈ ਉਠਾਊਗਾ!!
ਤਿਰੇ ਸਿਰ ਮੁਫ਼ਤ ਦਾ ਇਲਜ਼ਾਮ ਆਊਗਾ ਮੈਂ ਕਹਿੰਦਾ ਸੀ
ਖ਼ਲਾਅ ਵਿੱਚ ਦੂਰ ਤੱਕ ਧੁੰਦਲਾ ਜਿਹਾ ਚਾਨਣ, ਸੀ ਜੋ ਦਿਸਦਾ
ਇਹ ਚਾਨਣ, ਭੀ ਹਨੇਰੇ ਵਿੱਚ ਸਮਾਊਗਾ, ਮੈਂ ਕਹਿੰਦਾ ਸੀ
ਬੜੀ ਜ਼ਾਲਿਮ ਹੈ ਇਹ ਦੁਨੀਆਂ; ਬੜੇ ਜ਼ਾਲਿਮ ਨੇ ਇਹ ਬੰਦੇ
ਜੋ ਇਹਨਾ ਤੇ ਧਿਜੂਗਾ ਮਾਰ ਖਾਊਗਾ ਮੈਂ ਕਹਿੰਦਾ ਸੀ
ਪਤਾ ਸੀ ਏਸ ਹਲਚਲ ਦਾ ਇਹੀ ਸਿੱਟਾ ਨਿਕਲਣਾ ਏਂ
ਸਮਾਂ ਮਨਸੂਰ ਨੂੰ ਸੂਲੀ ਚੜ੍ਹਾਊਗਾ ਮੈਂ ਕਹਿੰਦਾ ਸੀ
ਹਨੇਰੀ ਨਾਲ ਟਕਰਾਕੇ ਵਿਚਾਰੇ ਰੁੱਖ ਟੁੱਟਣਗੇ
ਜ਼ਮਾਨਾ ਭੀ ਇਨ੍ਹਾਂ ਦਾ ਮੂੰਹ ਚਿੜਾਊਗਾ ਮੈਂ ਕਹਿੰਦਾ ਸੀ
ਲੜਾ ਦਿੱਤਾ ਨਾ ਆਖ਼ਿਰ ਸ਼ੈਖ਼ ਨੇ ਸਾਨੂੰ ਭੀ ਆਪਸ ਵਿੱਚ
ਇਹ ਮੂਜ਼ੀ ਸਾਨੂੰ ਆਪਸ ਵਿੱਚ ਲੜਾਊਗਾ ਮੈਂ ਕਹਿੰਦਾ ਸੀ
ਤੁਸੀਂ ਕਹਿੰਦੇ ਸੀ ਰਹਿਬਰ ਖ਼ੂਬ ਹੈ ਪਹੁੰਚਾਂਗੇ ਮੰਜ਼ਿਲ ਤੇ
ਇਹ ਰਹਿਬਰ ਹੀ ਤੁਹਾਨੂੰ ਰਾਹ ਭੁਲਾਊਗਾ ਮੈਂ ਕਹਿੰਦਾ ਸੀ
ਦਲੀਲਾਂ ਨਾਲ 'ਦੀਪਕ' ਕਦ ਕੋਈ ਅਹਿਮਕ ਸਮਝਦਾ ਹੈ
ਜੋ ਸਮਝਾਊਗਾ ਪੱਗ ਅਪਣੀਂ ਲੁਹਾਊਗਾ ਮੈਂ ਕਹਿੰਦਾ ਸੀ

26. ਉਨ੍ਹਾਂ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ

ਉਨ੍ਹਾਂ ਦੇ ਵਾਅਦੇ ਤਾਂ ਲੱਗਦੇ ਸੀ ਲਾਰਿਆਂ ਦੀ ਤਰ੍ਹਾਂ
ਯਕੀਨ ਕਰਨਾ ਪਿਆ ਸਾਨੂੰ ਵੀ ਸਾਰਿਆਂ ਦੀ ਤਰ੍ਹਾਂ
ਜਿਨ੍ਹਾਂ ਨੇ ਦਿਲ ਦੇ ਲਹੂ ਨਾਲ ਸਿੰਜਿਆ ਸੀ ਚਮਨ
ਚਮਨ 'ਚ ਫਿਰਨ ਉਹੀ ਬੇ-ਸਹਾਰਿਆਂ ਦੀ ਤਰ੍ਹਾਂ
ਚਮਨ 'ਚ ਦੋਸਤੋ! ਚੱਲੀ ਹੈ ਕਿਸ ਤਰ੍ਹਾਂ ਦੀ ਹਵਾ
ਦਿਖਾਈ ਦਿੰਦੇ ਨੇ ਫੁੱਲ ਭੀ ਅੰਗਾਰਿਆਂ ਦੀ ਤਰ੍ਹਾਂ
ਜਿਨ੍ਹਾਂ ਦੀ ਜ਼ਿੰਦਗੀ ਕਾਲੀ ਸਿਆਹ ਹੈ ਹਰ ਪੱਖ ਤੋਂ
ਓਹ ਆਸਮਾਨ ਤੇ ਚਮਕਣ ਸਿਤਾਰਿਆਂ ਦੀ ਤਰ੍ਹਾਂ
ਨਾ ਦੂਰ ਜਾਇਆ ਗਿਆ ਸਾਥੋਂ ਨਾ ਹੋ ਸਕੇ ਨੇੜੇ
ਤੜਪ ਕੇ ਰਹਿ ਗਏ ਦੋਹਾਂ ਕਿਨਾਰਿਆਂ ਦੀ ਤਰ੍ਹਾਂ
ਅਸਾਡਾ ਹੌਂਸਲਾ ਵੇਖੋ! ਗ਼ਮਾਂ ਦੇ ਝੱਖੜਾਂ ਵਿੱਚ
ਅਸੀਂ ਇਹ ਜ਼ਿੰਦਗੀ ਮਾਣੀਂ ਹੁਲਾਰਿਆਂ ਦੀ ਤਰ੍ਹਾਂ
ਕਦਰ-ਸ਼ਨਾਸ ਜੇ ਹੁੰਦੇ ਸਭਾ 'ਚ ਐ 'ਦੀਪਕ'
ਅਦੀਬ ਰਹਿੰਦੇ ਕਿਵੇਂ ਗ਼ਮ ਦੇ ਮਾਰਿਆਂ ਦੀ ਤਰ੍ਹਾਂ ?

27. ਇਸ਼ਕ ਦੀ ਬਾਤ ਸੁਣਾਉਂਦੇ ਭੀ ਹਯਾ ਆਉਂਦੀ ਹੈ

ਇਸ਼ਕ ਦੀ ਬਾਤ ਸੁਣਾਉਂਦੇ ਭੀ ਹਯਾ ਆਉਂਦੀ ਹੈ।
ਹੁਸਨ ਦਾ ਜ਼ਿਕਰ ਚਲਾਉਂਦੇ ਭੀ ਹਯਾ ਆਉਂਦੀ ਹੈ।
ਐਨੀ ਬੇ-ਲੁਤਫ਼ ਬੇ-ਨੂਰ ਹੈ ਜ਼ਿੰਦਗੀ ਅਜ ਕੱਲ੍ਹ,
ਹੁਣ ਤਾਂ ਇਹ ਉਮਰ ਹੰਢਾਉਂਦੇ ਭੀ ਹਯਾ ਆਉਂਦੀ ਹੈ।
ਅਜ ਤੇ ਇਨਸਾਨ ਦਾ ਕਿਰਦਾਰ ਹੈ ਐਨਾ ਨੀਵਾਂ,
ਅਜ ਤਾਂ ਇਨਸਾਨ ਕਹਾਉਂਦੇ ਭੀ ਹਯਾ ਆਉਂਦੀ ਹੈ।
ਕਤਲ ਕਰ ਦਿੰਦਾ ਹੈ ਫ਼ਰਿਆਦ ਇਹ ਬੋਲਾ ਮੁਨਿਸਫ਼,
ਲਬ ਤੇ ਫ਼ਰਿਆਦ ਲਿਆਉਂਦੇ ਭੀ ਹਯਾ ਆਉਂਦੀ ਹੈ।
ਵਾਅਦੇ ਤੋੜੇ ਨੇ ਉਨਾਂ ਨੇ ਕਿ ਹੁਣ ਉਹ ਵਾਅਦੇ,
ਯਾਦ ਉਹਨਾਂ ਨੂੰ ਕਰਾਉਂਦੇ ਭੀ ਹਯਾ ਆਉਂਦੀ ਹੈ।
ਐਨੇ ਬੇ ਪਰਦ ਨਜ਼ਾਰੇ ਨੇ ਕਿ ਤੌਬਾ ਮੇਰੀ,
ਉਫ਼! ਕਿ ਅਜ ਪਲਕਾਂ ਉਠਾਉਂਦੇ ਭੀ ਹਯਾ ਆਉਂਦੀ ਹੈ।
ਤੇਰੇ ਮੈਅਖ਼ਾਨੇ 'ਚ ਬਦਮਸਤਾਂ ਦੀ ਤੂਤੀ ਬੋਲੇ,
ਤੇਰ ਮੈਅਖ਼ਾਨੇ 'ਚ ਆਉਂਦੇ ਭੀ ਹਯਾ ਆਉਂਦੀ ਹੈ।
ਐਨੀ ਪਿਆਸੀ ਹੈ ਹਰਿੱਕ ਰੂਹ ਕਿ ਇਸ ਮਹਿਫ਼ਿਲ ਵਿੱਚ,
ਮੈਅ ਦਾ ਕੁਝ ਲੁਤਫ਼ ਉਠਾਉਂਦੇ ਭੀ ਹਯਾ ਆਉਂਦੀ ਹੈ।
ਸ਼ਿਕਵਾ ਕਰ ਬੈਠੇ ਸਾਂ ਇਕ ਵਾਰ ਕਿ 'ਦੀਪਕ'! ਹੁਣ ਤੱਕ,
ਯਾਰ ਥੀਂ ਅੱਖ ਮਿਲਾਉਂਦੇ ਭੀ ਹਯਾ ਆਉਂਦੀ ਹੈ।

28. ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ

ਰਹਿਣੀਆਂ ਹਨ ਮਹਿਫ਼ਿਲਾਂ ਸਭ ਨੇਰ੍ਹੀਆਂ ਦੀਪਕ ਤੋਂ ਬਾਅਦ।
ਕੌਣ ਰੌਸ਼ਨ ਕਰਸੀ ਰਾਤਾਂ ਕਾਲੀਆਂ ਦੀਪਕ ਤੋਂ ਬਾਅਦ।
ਰਿੰਦ ਸਿੱਖਣਗੇ ਸਲੀਕੇ ਮੈਅਕਸ਼ੀ ਦਾ ਕਿਸ ਤੋਂ ਦੋਸਤ,
ਮਅਰਫ਼ਤ ਸਿਖਣੀ ਹੈ ਕਿਸ ਤੋਂ ਸੂਫ਼ੀਆਂ ਦੀਪਕ ਤੋਂ ਬਾਅਦ।
ਜਿਸਦੀ ਦਰਵੇਸ਼ੀ 'ਚੋਂ ਸ਼ਹਾਨਾ ਅਦਾ ਦਿਸਦੀ ਹੈ ਸਾਫ਼,
ਕਿਥੋਂ ਲੱਭੂ ਜ਼ਿੰਦਗੀ ਇਹ ਖ਼ੂਬੀਆਂ ਦੀਪਕ ਤੋਂ ਬਾਅਦ।
ਹਰ ਬਲਾ ਦੇ ਨਾਲ ਟਕਰਾਉਣਾ ਬੜੀ ਸ਼ਿੱਦਤ ਦੇ ਨਾਲ,
ਇਹ ਮਿਸਾਲਾਂ ਤਾਂ ਨਹੀਂ ਫਿਰ ਮਿਲਣੀਆਂ ਦੀਪਕ ਤੋਂ ਬਾਅਦ।
ਖ਼ੂਨ ਅਪਣਾ ਅਪਣੇਂ ਸ਼ਾਗਿਰਦਾਂ ਨੂੰ ਮਾਂ ਦੇ ਦੁਧ ਵਾਂਗ,
ਕਿਸ ਪਿਲਾਉਣੈਂ ਦੋਸਤ! ਸਹਿ ਕੇ ਤੰਗੀਆਂ ਦੀਪਕ ਤੋਂ ਬਾਅਦ।
ਮੂੰਹ ਲਕੋ ਲੈਂਦੇ ਨੇ ਹੁਣ ਤਾਂ ਵੇਖ ਕੇ ਯਾਰਾਂ ਨੂੰ ਯਾਰ,
ਘਰ ਲੁਟਾ ਕੇ ਕੌਣ ਪਾਲੂ, ਯਾਰੀਆਂ ਦੀਪਕ ਤੋਂ ਬਾਅਦ।
ਹੁਣ ਤਾਂ ਹਰ ਸ਼ਾਇਰ ਨੂੰ ਹੈ ਦੌਲਤ ਦੀ ਜਾਂ ਸ਼ੁਹਰਤ ਦੀ ਭੁੱਖ,
ਕੌਣ ਦੱਸੂ ਫ਼ਨ ਦੀਆਂ ਬਾਰੀਕੀਆਂ ਦੀਪਕ ਤੋਂ ਬਾਅਦ।
ਜ਼ਿੰਦਗੀ ਵਿੱਚ ਚਾਪਲੂਸੀ ਕਰਨਗੇ ਪੈਦਾ ਅਦੀਬ,
ਕਿਸਨੇ ਪੈਦਾ ਕਰਨੀਆਂ ਬੇ-ਬਾਕੀਆਂ ਦੀਪਕ ਤੋਂ ਬਾਅਦ।
ਸ਼ਾਇਰੀ ਦੇ ਕਾਤਿਲਾਂ ਦੇਣੀ ਹੈ ਮਾਂ ਬੋਲੀ ਵਿਗਾੜ,
ਕਰਨੀਆਂ ਹਨ ਕਿਸਨੇ ਮੀਨਾਕਾਰੀਆਂ ਦੀਪਕ ਤੋਂ ਬਾਅਦ।
ਸ਼ਾਇਰੀ ਦੇ ਇਸ਼ਕ ਵਿੱਚ, ਦੁਨੀਆ ਤੋਂ ਹੋਕੇ ਬੇ-ਨਿਆਜ਼,
ਕਰਨੀਆਂ ਕਿਸ ਘਰ ਦੀਆਂ ਬਰਬਾਦੀਆਂ ਦੀਪਕ ਤੋਂ ਬਾਅਦ।
ਪੈਦਾ ਹੁੰਦੇ ਰਹਿਣਗੇ ਜੈਤੋਈ! ਗੋ ਸ਼ਾਇਰ ਮਹਾਨ,
ਕਿਸ ਦੇ ਪੱਲੇ ਹੋਣੀਆਂ ਉਸਤਾਦੀਆਂ ਦੀਪਕ ਤੋਂ ਬਾਅਦ।

29. ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ

ਜ਼ਿੰਦਗੀ ਕੀ ਹੈ ਹਸੀਂ ਧੋਖਾ ਹੈ ਬਾਕੀ ਕੁਝ ਨਹੀਂ ।
ਮੌਤ ਵੀ ਬੰਦੇ ਲਈ ਹਊਆ ਹੈ ਬਾਕੀ ਕੁਝ ਨਹੀਂ ।
ਇਸ਼ਕ ਕੀ ਹੈ ਯਾਰ ਦਾ ਜਲਵਾ ਹੈ ਬਾਕੀ ਕੁਝ ਨਹੀਂ ।
ਹੁਸਨ ਵੀ ਛਿਣ ਭਰ ਦਾ ਹੀ ਸੁਪਨਾ ਹੈ ਬਾਕੀ ਕੁਝ ਨਹੀਂ ।
ਪਿਆਰ ਕੀ ਹੈ ਰੂਹ ਦਾ ਨਗ਼ਮਾ ਹੈ ਬਾਕੀ ਕੁਝ ਨਹੀਂ ।
ਦਰਦ ਵੀ ਤਾਂ ਦਿਲ ਦਾ ਹੀ ਵਿਰਸਾ ਹੈ ਬਾਕੀ ਕੁਝ ਨਹੀਂ ।
ਦੌੜ ਦੌਲਤ ਵਾਸਤੇ, ਸ਼ੁਹਰਤ ਲਈ ਇਹ ਖਿੱਚ ਧੂਹ,
ਆਦਮੀ ਦੀ ਅਕਲ ਤੇ ਪਰਦਾ ਹੈ ਬਾਕੀ ਕੁਝ ਨਹੀਂ ।
ਆਦਮੀ ਮਜ਼ਹਬ ਲਈ ਕਰਦਾ ਹੈ ਕਿਉਂ ਬੰਦੇ ਦਾ ਖ਼ੂਨ,
ਜਦ ਕਿ ਮਜ਼ਹਬ ਸਿਰਫ਼ ਇਕ ਰਸਤਾ ਹੈ ਬਾਕੀ ਕੁਝ ਨਹੀਂ ।
ਰਿਸ਼ਤਿਆਂ ਦੇ ਚੱਕਰਾਂ ਵਿੱਚ ਘਿਰ ਗਏ ਦੀਵਾਨਿਉਂ!
ਆਦਮੀਅਤ ਹੀ ਬੜਾ ਰਿਸ਼ਤਾ ਹੈ ਬਾਕੀ ਕੁਝ ਨਹੀਂ ।
ਸਿਰਫ਼ ਮਤਲਬ ਤਕ ਮੁਹੱਬਤ ਹੋ ਕੇ ਸੀਮਿਤ ਰਹਿ ਗਈ,
ਦੋਸਤੀ ਵੀ ਹੁਣ ਨਿਰਾ ਸੌਦਾ ਹੈ ਬਾਕੀ ਕੁਝ ਨਹੀਂ ।
ਖ਼ੂਨ ਇੱਕੋ ਹੈ ਮਗਰ ਕਿਉਂ ਕਸ਼ਮਕਸ਼ ਆਪਸ 'ਚ ਹੈ?
ਭਾਵਨਾ ਤੇ ਹਊਮੈਂ ਦਾ ਗ਼ਲਬਾ ਹੈ ਬਾਕੀ ਕੁਝ ਨਹੀਂ ।
ਨਾ ਮੁਹੱਬਤ ਨਾ ਮੁਰੱਵਤ ਨਾ ਅਦਬ ਨਾਹੀਂ ਖ਼ਲੂਸ,
ਆਦਮੀ ਹੁਣ ਸਿਰਫ਼ ਇੱਕ ਢਾਂਚਾ ਹੈ ਬਾਕੀ ਕੁਝ ਨਹੀਂ ।
ਸ਼ਿਕਰਿਆਂ ਬਾਜ਼ਾਂ ਨੇ ਅੱਤ ਚੁੱਕੀ ਹੈ ਗੁਲਸ਼ਨ ਵਿੱਚ ਐ ਦੋਸਤ!
ਬੁਲਬੁਲਾਂ ਚਿੜੀਆਂ ਦਾ ਰੱਬ ਰਾਖਾ ਹੈ ਬਾਕੀ ਕੁਝ ਨਹੀਂ ।
ਦਿਲ ਜਲਾ ਕੇ ਜਿਸ ਨੇ ਰੱਖੀ, ਬਜ਼ਮ ਦੇ ਵਿੱਚ ਰੌਸ਼ਨੀ,
ਬਜ਼ਮ ਵਿੱਚ 'ਦੀਪਕ' ਉਹੀ ਜਗਦਾ ਹੈ ਬਾਕੀ ਕੁਝ ਨਹੀਂ ।

30. ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜਰ ਦੇਖੋ

ਕੁਝ ਜ਼ਬਤ ਕਰੋ ਯਾਰੋ! ਇਹ ਸਦਮਾ ਵੀ ਜਰ ਦੇਖੋ।
ਨਿਰਦੋਸ਼ ਲਹੂ ਡੁੱਲ੍ਹਿਆ, ਰਖਦੈ ਕੀ ਅਸਰ ਦੇਖੋ।
ਉਹ ਦੌਰ ਮੁਹੱਬਤ ਦਾ, ਸ਼ਾਇਦ ਨਾ ਕਦੀ ਆਵੇ,
ਨਫ਼ਰਤ ਦਾ ਜ਼ਮਾਨਾ ਇਹ, ਕਿੰਜ ਹੁੰਦੈ ਬਸਰ ਦੇਖੋ।
ਕੀ ਹੁੰਦਾ ਹੈ? ਕੀ ਹੋਣੈ? ਆ ਜਾਊ ਨਜ਼ਰ ਸਭ ਕੁਝ,
ਇਸ ਦਾਗ਼ਾਂ ਭਰੇ ਦਿਲ ਦੀ, ਤਸਵੀਰ ਮਗਰ ਦੇਖੋ।
ਦਹਿਸ਼ਤ ਦਾ ਜਾਂ ਵਹਿਸ਼ਤ ਦਾ, ਹੋਇਆ ਹੈ ਅਸਰ ਸ਼ਾਇਦ,
ਹਰ ਦਿਲ ਹੈ ਲਹੂ ਰੋਂਦਾ, ਹਰ ਅੱਖ ਹੈ ਤਰ ਦੇਖੋ।
ਘੱਲਿਆ ਤਾਂ ਹੈ ਕਾਸਿਦ ਮੈਂ, ਕੁਝ ਕਰਕੇ ਖ਼ਬਰ ਆਵੇ,
ਕਿਸ ਯਾਰ ਦੀ ਮਕਤਲ 'ਚੋਂ ਆਉਂਦੀ ਹੈ ਖ਼ਬਰ ਦੇਖੋ।
ਜਦ ਵਧਦਾ ਹਨੇਰਾ ਹੈ, ਹੁੰਦੀ ਹੈ ਗਹਿਰ ਸੁਣਿਐਂ,
ਅੰਤਾਂ ਦਾ ਹਨ੍ਹੇਰੈ ਹੁਣ, ਕਦ ਹੋਊ ਸਹਿਰ ਦੇਖੋ।
ਕਿੰਨਾ ਕੁ ਲਹੂ ਪੀ ਕੇ ਅੱਗ ਉਸਦੀ ਬੁੱਝੀ ਯਾਰੋ,
ਬਰਸਾਉਂਦੀ ਹੋਈ ਸ਼ੁਅਲੇ ਕਾਤਿਲ ਦੀ ਨਜ਼ਰ ਦੇਖੋ।
ਕੱਲ ਮੇਲੇ ਜਹੀ ਰੌਣਕ ਸੀ ਜਿਸਦੇ ਬਾਜ਼ਾਰਾਂ ਵਿੱਚ,
ਅੱਜ ਸੁੰਨ-ਮਸਾਨ ਜਿਹਾ ਬਣਿਐ ਇਹ ਨਗਰ ਦੇਖੋ।
ਸ਼ੀਸ਼ੇ 'ਚ ਤਰੇੜ ਪਈ, ਮਿਟਦੀ ਤਾਂ ਨਹੀਂ ਦੇਖੀ,
ਕੋਸ਼ਿਸ਼ 'ਚ ਨੇ ਸ਼ੀਸ਼ਾਗਰ, ਫ਼ਨ ਇਹਨਾ ਦਾ ਪਰ ਦੇਖੋ।
ਪੁੱਟਣਾ ਹੀ ਜੇ ਚਾਹੁੰਦੇ ਹੋ, ਰੁੱਖ ਆਦਮ ਖਾਣਾ ਇਹ,
ਜੜ ਕਿੰਨੀ ਕੁ ਡੂੰਘੀ ਹੈ, ਅੰਦਾਜ਼ਾ ਤਾਂ ਕਰ ਦੇਖੋ।
ਮੰਜ਼ਿਲ ਹੈ ਕਦੋਂ ਮਿਲਣੀ ਇਹ ਜਾਣੇ ਖ਼ੁਦਾ ਹੀ 'ਦੀਪਕ',
ਸੰਘਰਸ਼ ਤਾਂ ਚੱਲਦਾ ਹੈ, ਜਾਰੀ ਹੈ ਸਫ਼ਰ ਦੇਖੋ।

31. ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ

ਇੱਲਤ ਬੁਰੀ ਹੈ ਇਸ਼ਕ ਦਾ ਜਜ਼ਬਾ ਬੁਰਾ ਨਹੀਂ ।
ਮਾੜੀ ਬੁਰੀ ਨਜ਼ਰ ਹੈ ਪਰ ਜਲਵਾ ਬੁਰਾ ਨਹੀਂ ।
ਮਹਿਸੂਸੀ-ਆਤ ਦਿਲ ਦੀ ਐ; ਐਪਰ ਜਹਾਨ ਵਿੱਚ,
ਕੋਈ ਭੀ-ਕੁਝ ਭੀ ਕੱਖ-ਭੀ; ਅੱਛਾ ਬੁਰਾ ਨਹੀਂ ।
ਦਿਲ ਦਾ ਸੁਭਾਅ ਹੈ ਦਿਲ 'ਚ ਹੈ ਇਕ ਕੁਦਰਤੀ ਕਸ਼ਿਸ਼,
ਕਬਜ਼ਾ ਬੁਰਾ ਹੈ ਹੁਸਨ ਤੇ ਦਅਵਾ ਬੁਰਾ ਨਹੀਂ ।
ਨੁਕਤਾ ਉਠਾਇਆ ਬਜ਼ਮ ਵਿੱਚ ਉਸਨੇ ਕਮਾਲ,
ਨੁਕਤਾ ਭੀ ਇਕ ਦਲੀਲ ਹੈ ਨੁਕਤਾ ਬੁਰਾ ਨਹੀਂ ।
ਹਾਸਾ ਕਿਸੇ ਦੇ ਹਾਲ ਤੇ ਆਉਣਾ ਬਹੁਤ ਬੁਰੈ,
ਆਵੇ ਜੋ ਅਪਣੇ ਆਪ ਤੇ ਹਾਸਾ ਬੁਰਾ ਨਹੀਂ ।
ਜਿਹੜਾ ਕਿਸੇ ਦਾ ਵੀ ਬੁਰਾ ਕਰਦਾ ਨਹੀਂ ਕਦੇ,
ਉਸ ਦਾ ਭੀ ਇਸ ਜਹਾਨ ਵਿਚ ਹੁੰਦਾ ਬੁਰਾ ਨਹੀਂ ।
ਤੈਥੋਂ ਬੁਰਾ ਜੇ ਹੋ ਗਿਐ ; ਤੌਬਾ ਜ਼ਰੂਰ ਕਰ !
ਤੌਬਾ ਤੋਂ ਬਾਅਦ ਆਦਮੀ ਰਹਿੰਦਾ ਬੁਰਾ ਨਹੀਂ ।
ਵਾਅਦਾ ਨਾ ਤੋੜ ਚਾੜ੍ਹਣਾਂ ਇਹ ਹੈ ਬਹੁਤ ਬੁਰਾ,
ਪਰ ਸਰਸਰੀ ਜੇ ਵੇਖੀਏ ਵਾਅਦਾ ਬੁਰਾ ਨਹੀਂ ।
'ਦੀਪਕ' ਦੇ ਬਾਰੇ ਪੁੱਛਿਐ ? ਤਾਂ ਕਹਾਂਗਾ ਸਾਫ਼,
ਸ਼ਾਇਰ ਬੁਰਾ ਜ਼ਰੂਰ ਹੈ; ਬੰਦਾ ਬੁਰਾ ਨਹੀਂ ।

32. ਐ ਦਿਲ ! ਖੁਸ਼ੀ ਮਨਾ ਤੂੰ, ਹੋਣੀ ਤਾਂ ਟਲ ਗਈ ਹੈ

ਐ ਦਿਲ ! ਖੁਸ਼ੀ ਮਨਾ ਤੂੰ, ਹੋਣੀ ਤਾਂ ਟਲ ਗਈ ਹੈ
ਗੁੰਝਲ ਉਨ੍ਹਾਂ ਦੇ ਦਿਲ ਦੀ, ਆਖ਼ਿਰ ਨਿਕਲ ਗਈ ਹੈ
ਜਿਸ ਦਿਨ ਤੋਂ ਹੈ ਬਦਲਿਆ, ਉਸ ਸ਼ੋਖ਼ ਦਾ ਵਤੀਰਾ
ਉਸ ਦਿਨ ਤੋਂ ਯਾਰ ਆਪਣੀ, ਕਿਸਮਤ ਬਦਲ ਗਈ ਹੈ
ਜਿਸ ਥਾਂ ਮੈਂ ਜਾ ਕੇ ਬੈਠਾ, ਉਹ ਥਾਂ ਹੈ ਮਹਿਕ ਉੱਠਦੀ
ਸਾਹਾਂ 'ਚ ਖਬਰੈ ਖ਼ੁਸ਼ਬੂ, ਜ਼ੁਲਫ਼ਾਂ ਦੀ ਰਲ ਗਈ ਹੈ
ਆਪਣੀਂ ਨਜ਼ਰ ਦਾ ਤੁਹਫ਼ਾ, ਬਖ਼ਸ਼ੋ ਹਜ਼ੂਰ ਸਾਨੂੰ !!
ਐਵੇਂ ਜ਼ਰਾ ਤਬੀਅਤ, ਆਪਣੀ ਮਚਲ ਗਈ ਹੈ
ਮੈਨੂੰ ਖ਼ਬਰ ਨਹੀਂ ਕੁਝ, ਦੱਸੀਂ ਦਿਲਾ ਤੂੰ ਸੱਚ -ਸੱਚ !
ਸੁਣਿਐਂ ਮੇਰੀ ਤਬੀਅਤ, ਕੁਝ - ਕੁਝ ਸੰਭਲ ਗਈ ਹੈ
ਐ ਇਸ਼ਕ ! ਅੱਗ ਤੇਰੀ, ਐਨੀ ਸੀ ਤੇਜ਼ ਅੜਿਆ !
ਦਿਲ ਦੀ ਹੁਸੀਨ ਦੁਨੀਆਂ, ਪਲ ਭਰ 'ਚ ਜਲ ਗਈ ਹੈ
ਵਸਲਾਂ ਦੀ ਰਾਤ ਐਦਾਂ, ਦਿਨ ਚੜ੍ਹਣ ਤੀਕ ਹੋਇਆ
ਜਿੱਦਾਂ ਕਿ ਰਾਤ ਹਾਲੇ, ਦੋ-ਚਾਰ ਪਲ ਪਈ ਹੈ
ਓਸੇ ਤਰ੍ਹਾਂ ਅਜੇ ਹਨ, ਜਜ਼ਬੇ ਜਵਾਨ 'ਦੀਪਕ' !
ਆਫ਼ਤ ਕੀ ਆ ਗਈ ਹੈ, ਜੇ ਉਮਰ ਢਲ ਗਈ ਹੈ

33. ਮੋਮ ਦਾ ਪੁਤਲਾ ਜਿਹਾ, ਪੱਥਰ ਨਹੀਂ

ਮੋਮ ਦਾ ਪੁਤਲਾ ਜਿਹਾ, ਪੱਥਰ ਨਹੀਂ।
ਫੇਰ ਵੀ ਨਜ਼ਦੀਕ ਉਸਦੇ ਡਰ ਨਹੀਂ।
ਮੰਗ ਕੀਤੀ ਸੀ ਉਨ੍ਹਾਂ ਕੁਝ ਇਸ ਤਰ੍ਹਾਂ,
ਬੱਸ ਅਸਾਂ ਤੋਂ ਹੋਇਆ ਹੀ ਮੁੱਕਰ ਨਹੀਂ।
ਲੰਘਦੇ ਨੇ ਉਂਝ ਗਲ਼ੀ 'ਚੋਂ ਰੋਜ਼ ਹੀ,
ਖਟ ਖਟਾਇਆ ਪਰ ਕਦੇ ਦਰ ਨਹੀਂ।
ਦਿਲ ਕਰੇ ਜਿੱਥੇ ਘੜੀ ਪਲ ਰੁਕਣ ਨੂੰ,
ਇਸ ਤਰ੍ਹਾਂ ਦਾ ਸੜਕ 'ਤੇ ਮੰਜ਼ਰ ਨਹੀਂ।
ਵਿਛ ਗਿਆ ਰਾਹ ਸਾਡੇ ਅੱਗੇ ਆਪ ਹੀ,
ਫਿਰ ਵੀ ਸਾਥੋਂ ਪੈਰ ਹੋਇਆ ਧਰ ਨਹੀਂ।

34. ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ

ਉਸ ਹੁਸਨ ਦਾ ਜਦੋਂ ਵੀ ਮੈਂ ਮਾਣਿਆ ਨਜ਼ਾਰਾ
ਵੀਰਾਨ ਜਾਪਿਆ ਹੈ ਮੈਨੂੰ ਜਹਾਨ ਸਾਰਾ,
ਅਹਿਸਾਨ ਤੇਰਾ ਮੈਨੂੰ ਹਰਗਿਜ਼ ਨਹੀਂ ਗਵਾਰਾ
ਮੈਂ ਕਰ ਲਵਾਂਗਾ ਓਵੇਂ; ਹੋਇਆ ਜਿਵੇਂ ਗੁਜ਼ਾਰਾ,
ਤੇਰੀ ਨਜ਼ਰ 'ਚੋਂ ਪੀ ਕੇ ਉਹ ਬੱਝਿਆ ਤਰਾਰਾ
ਚੜ੍ਹਿਆ ਨਸ਼ਾ ਅਜਿਹਾ ਨਾ ਟੁੱਟਿਆ ਦੁਬਾਰਾ '
ਤੇਰੇ ਨਾਂਅ ਤੇ ਯਾਰ ਮੇਰੇ ਇਹ ਦੁਕਾਨਦਾਰੀਆਂ ਹਨ
ਹਰ ਮਨ-ਮਸੀਤ-ਮੰਦਿਰ; ਹਰ ਦਿਲ ਹੈ ਗੁਰਦਵਾਰਾ,
ਇਸ ਇਸ਼ਕ ਦੀ ਐ ਯਾਰੋ! ਬੁੱਝੂਗਾ ਰਮਜ਼ ਓਹੀ
ਜਿਸ ਨੇ ਸਮਝ ਲਿਆ ਹੈ ਉਸ ਹੁਸਨ ਦਾ ਇਸ਼ਾਰਾ,
ਇੱਕ ਉਮਰ ਬੀਤ ਚੱਲੀ; ਕਰ ਕਰ ਤੇਰੀ ਇਬਾਦਤ
ਭਖ਼ਦਾ ਪਿਐ ਅਜੇ ਵੀ ਇਸ ਦਿਲ ਵਿੱਚ ਇੱਕ ਸ਼ਰਾਰਾ,
ਤੂੰ ਬੇ-ਅਦਬੀ ਨਾ ਸਮਝੀਂ ! ਮੈਂ ਬੇ-ਅਦਬ ਨਹੀਂ ਹਾਂ
ਗ਼ੈਰਤ ਮਿਰੀ ਨੂੰ ਐਪਰ! ਜ਼ਿੱਲਤ ਨਹੀਂ ਗਵਾਰਾ,
ਲਹਿਰਾਂ ਦੇ ਨਾਲ ਘੁਲ ਕੇ; ਮੈਂ ਲੁਤਫ਼ ਲੈ ਰਿਹਾ ਹਾਂ
ਨਾ ਮਿਲੇ ਆਖ਼ੀਰ ਦਮ ਤਕ ਸੌ ਵਾਰ ਹੁਣ ਕਿਨਾਰਾ,
ਖ਼ੁਦ ਅਪਣੇ ਹੌਂਸਲੇ ਤੇ ਮੈਂ ਤਲਾਸ਼ ਕੀਤੀ ਮੰਜ਼ਿਲ !
ਨਾ ਹੀ ਭਾਲਿਆ ਵਸੀਲਾ ਨਾ ਹੀ ਭਾਲਿਆ ਸਹਾਰਾ,
ਤੇਰੇ ਤੇ ਫਿਰ ਭੀ ਯਾਰਾ! ਮੈਨੂੰ ਗਿਲਾ ਨਹੀਂ ਕੁਝ
ਚੱਕਰ 'ਚ ਹੀ ਰਿਹੈ ਜੇ ਤਕਦੀਰ ਦਾ ਸਿਤਾਰਾ ?
ਮਨਜ਼ੂਰ ਮੇਰੇ ਦਿਲ ਨੂੰ ਹਰਕਤ ਨਹੀਂ ਅਜੇਹੀ
ਕੋਈ ਕਹੇ ਕਿ 'ਦੀਪਕ'! ਔਹ ਫਿਰ ਰਿਹੈ 'ਵਿਚਾਰਾ'

35. ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ

ਹੌਸਲਾ ਕਰਕੇ ਜ਼ਰਾ ਦੀਵਾਰ ਟੱਪ ਕੇ ਵੇਖਣਾ ਸੀ।
ਰੁੱਖ ਦੀ ਇਸ ਟਾਹਣ 'ਤੇ ਇਕ ਰਾਤ ਕੱਟ ਕੇ ਵੇਖਣਾ ਸੀ।
ਧਰ ਗਿਆ ਏਂ ਓਸ ਦੇ ਸਿਰ ਤਾਅ ਉਮਰ ਦੇ ਵਾਸਤੇ ਤੂੰ,
ਇਕੱਲ ਦੇ ਇਸ ਭਾਰ ਨੂੰ ਖ਼ੁਦ ਆਪ ਚੁੱਕ ਕੇ ਵੇਖਣਾ ਸੀ।
ਤੂੰ ਹਮੇਸ਼ਾ ਪੀਣੇ ਲੋਚੇ ਅੰਮ੍ਰਿਤਾਂ ਦੇ ਘੁੱਟ ਹੀ,
ਜ਼ਿੰਦਗੀ ਦਾ ਜ਼ਹਿਰ ਵੀ ਇਕ ਵਾਰ ਚੱਖ ਕੇ ਵੇਖਣਾ ਸੀ।
ਇਸ ਪੜਾਅ 'ਤੇ ਆਣ ਕੇ ਮੁੜਨਾ ਪਿਆ ਕਿਉਂ ਫੇਰ ਪਿੱਛੇ,
ਆਪਣੀ ਹੀ ਪੈੜ ਨੂੰ ਗਹੁ ਨਾਲ ਤੱਕ ਕੇ ਵੇਖਣਾ ਸੀ।

36. ਗਲੀਏਂ ਚਿੱਕੜ ਯਾਰ, ਕਮੇਟੀ ਜਿੰਦਾਬਾਦ

ਗਲੀਏਂ ਚਿੱਕੜ ਯਾਰ, ਕਮੇਟੀ ਜਿੰਦਾਬਾਦ।
ਤੁਰਨਾ ਹੈ ਦੁਸ਼ਵਾਰ, ਕਮੇਟੀ ਜਿੰਦਾਬਾਦ ।
ਗਲੀ-ਗਲੀ ਵਿਚ ਮੋੜ-ਮੋੜ 'ਤੇ ਕੂੜੇ ਦੇ,
ਲੱਗੇ ਹਨ ਅੰਬਾਰ, ਕਮੇਟੀ ਜਿੰਦਾਬਾਦ ।
ਕਿਸ ਨੂੰ ਕਹੀਏ ? ਕੌਣ ਸੁਣੇ ਫ਼ਰਿਆਦ ਅਪਣੀ,
ਹਰ ਬੰਦੈ ਲਾਚਾਰ, ਕਮੇਟੀ ਜਿੰਦਾਬਾਦ ।
ਗਲੀਆਂ ਦੀਆਂ ਟਿਊਬਾਂ ਜਗਦੀਐਂ ਕਦੇ ਕਦੇ,
ਰਹਿੰਦੈ ਨੇਰ-ਗ਼ੁਬਾਰ, ਕਮੇਟੀ ਜਿੰਦਾਬਾਦ ।
ਕਵੀ ਠੇਕਿਉਂ ਹੋਕੇ ਜਦ ਬਸਤੀ ਪਹੁੰਚੇ,
ਭੁੱਲ ਜਾਵੇ ਘਰ-ਬਾਰ, ਕਮੇਟੀ ਜਿੰਦਾਬਾਦ ।
ਜਿੰਨਾਂ ਵੱਡਾ ਨੇਤਾ, ਓਨੇ ਘੋਟਾਲੇ,
ਵਾਹ ਮੇਰੇ ਕਰਤਾਰ, ਕਮੇਟੀ ਜਿੰਦਾਬਾਦ ।
ਬਾਜ਼ਾਰਾਂ ਵਿਚ ਟੋਏ ਚੱਪੇ-ਚੱਪੇ 'ਤੇ,
ਸੜਕਾਂ ਨਾ ਹਮਵਾਰ, ਕਮੇਟੀ ਜਿੰਦਾਬਾਦ ।
ਸ਼ਾਇਰ ਨੂੰ ਮਜ਼ਬੂਰਨ ਕਹਿਣਾ ਹੀ ਪੈਂਦੈ,
ਸੱਚ ਸਰੇ ਬਾਜ਼ਾਰ, ਕਮੇਟੀ ਜਿੰਦਾਬਾਦ ।
ਤੂੰ ਲੀਡਰ ਨਾ ਬਣਿਆ 'ਦੀਪਕ', ਰਿਹਾ ਕਵੀ,
ਲੱਖ-ਲੱਖ ਸ਼ੁਕਰ ਗੁਜ਼ਾਰ, ਕਮੇਟੀ ਜਿੰਦਾਬਾਦ ।

37. ਨਜ਼ਰ ਆਉਂਦੈ

ਚਮਨ ਵਾਲੇ ਖੁਦ ਹੀ ਚਮਨ ਉਜਾੜਣਗੇ, ਨਜ਼ਰ ਆਉਂਦੈ !
ਦਰਿੰਦੇ ਖੁਲ੍ਹ ਖੇਲ੍ਹਣਗੇ, ਦਹਾੜਣਗੇ ਨਜ਼ਰ ਆਉਂਦੈ !

ਤੂੰ ਕੀ ਰੱਬ ਏਂ ? ਕੀ ਦੁਨੀਆਂ ਹੈ ਤੇਰੀ ? ਕੀ ਹਨ ਤੇਰੇ ਬੰਦੇ?
ਤੇਰੇ ਬੰਦੇ ਹੀ ਤੇਰੀ ਦੁਨੀਆਂ ਸਾੜਣਗੇ ਨਜ਼ਰ ਆਉਂਦੈ !

ਤੇਰੀ ਦਰਿਆ-ਦਿਲੀ ਦਾ ਸਾਕੀਆ, ਸਿੱਟਾ ਬੁਰਾ ਨਿੱਕਲੂ
ਇਹ ਬੇਸਬਰੇ ਤੇਰਾ ਹੁਲੀਆ ਵਿਗਾੜਣਗੇ ਨਜ਼ਰ ਆਉਂਦੈ !

ਕੋਈ ਪੰਛੀ ਨਹੀਂ ਬਚਨਾ, ਨਾਂ ਹੀ ਆਹਲਣਾ ਕੋਈ
ਝੱਖੜ ਹੁਣ ਜੜੋਂ ਬੂਟੇ ਉਖਾੜਣਗੇ, ਨਜ਼ਰ ਆਉਂਦੈ !

ਬੜੇ ਮਸ਼ਹੂਰ ਹਨ ਮਾਲੀ, ਖੁਦਾ ਜਾਣੇ ਕੀ ਕਰ ਗੁਜ਼ਰਨ
ਨਹੱਕੇ ਪੰਛੀ ਮੁੜ ਪਿੰਜਰੇ ਤਾੜਣਗੇ, ਨਜ਼ਰ ਆਉਂਦੈ !

ਕੁਚਲ ਕੇ ਅੱਧਖਿੜੇ ਗੁੰਚੇ,ਮਸਲ ਕੇ ਖੁਸ਼ਨੁਮਾ ਕਲੀਆਂ
ਖਰੂਦੀ ਖੁਦ ਕਲੇਜਾ ਰੱਬ ਦਾ ਪਾੜਣਗੇ,ਨਜ਼ਰ ਆਉਂਦੈ !

ਤਅੱਸੁਬ ਵਿੱਚ ਭਰੇ,ਲਾਲਚ ਦੇ ਅੰਨ੍ਹੇ, ਭੁੱਖੇ ਸ਼ੋਹਰਤ ਦੇ
ਮੁਹੱਬਤ ਤੱਕੜੀ ਵਿੱਚ ਧਰਕੇ ਹਾੜਣਗੇ, ਨਜ਼ਰ ਆਉਂਦੈ !

ਇਹਨਾਂ ਮਜ਼ਹਬ ਪ੍ਰਸਤਾਂ ਦੇ ਇਰਾਦੇ ਨੇਕ ਨਹੀਂ 'ਦੀਪਕ'
ਇਹ ਫੇਰ ਇਨਸਾਨੀਅਤ ਸੂਲੀ ਚਾੜਣਗੇ, ਨਜ਼ਰ ਆਉਂਦੈ!

ਪੰਜਾਬੀ ਕਵਿਤਾਵਾਂ

39. ਬਰਖ਼ਾ ਬਹਾਰ

ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜਾਰ ਹੋਈ
ਜਿੱਦਾ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ਿੰਗਾਰ ਮੁਟਿਆਰ ਕੋਈ
ਉੱਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ 'ਤੇ ਆਉਣ ਨੂੰ ਤਰਸਦੇ ਨੇ
ਫਿਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ
ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ
ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤੱਕ, ਅਰਸ਼ੋਂ ਉਤਰੀ ਡਾਰ ਮੁਰਗ਼ਾਬੀਆਂ ਦੀ
ਵੱਟਾਂ ਟੁੱਟੀਆਂ ਇੰਝ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ
ਮੋਰ ਨੱਚਦੇ, ਕੋਇਲਾਂ ਕੂਕ ਪਈਆਂ, 'ਦੀਪਕ' ਜਗੇ ਪਤੰਗੇ ਆ ਫੜਕਦੇ ਨੇ
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾ ਨਵੇਂ ਰੱਜੇ ਬੰਦੇ ਭੁੜਕਦੇ ਨੇ
ਨਿਰਮਲ ਨੀਰ ਗੰਦਲਾਅ ਗਿਆ ਭੁਇੰ ਪੈ ਕੇ, ਅਕਸਰ ਏਦਾਂ ਹੀ ਹੁੰਦਾ ਦੁਸ਼ਵਾਰੀਆਂ ਵਿੱਚ
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿੱਚ
ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, 'ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ
ਆਸੇ-ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ-ਫ਼ੇਰੀ ਦੇ ਨਾਲ
ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤੱਕ ਮਾਰਦਾ ਵਲਾ ਜਾਂਦੈ
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ
ਰਾਤੀਂ ਜੁਗਨੂੰਆਂ ਦੇ ਝੁਰਮੁਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ 'ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ
ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ
ਲਹਿਣੇਦਾਰ ਨੂੰ ਦੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ
ਮਹਿਕ ਵੰਡ ਰਹੀਆਂ ਕਲੀਆ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੁੰ ਇਲਮ ਵਰਤਾ ਰਹੇ ਨੇ
ਲੱਗੇ ਫਲ ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਬੰਦੇ ਵੱਟੇ ਮਾਰਦੇ ਨੇ
ਜਿੱਦਾਂ ਜਾਹਲ ਅੱਗੇ ਸ਼ਰੀਫਜ਼ਾਦੇ, ਨੀਵੇਂ ਹੋ ਕੇ ਵਕਤ ਗੁਜ਼ਾਰਦੇ ਨੇ
ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ
ਰੁੱਤਾਂ ਪਰਤ ਕੇ ਅਉਂਦੀਆਂ ਯਾਰ 'ਦੀਪਕ', ਮੋਏ ਪਰਤਦੇ ਨਹੀਂ ਸੰਸਾਰ ਉੱਤੇ

40. ਰਾਹੀਆ ਤੂੰ ਰੁਕ ਨਾ

ਰਾਹੀਆ ਤੂੰ ਰੁਕ ਨਾ, ਕਿ ਨਿੱਤ ਦੇ ਮੁਸਾਫ਼ਿਰ ਨਿਰਾਸ਼ਾ ਦੇ ਨਜ਼ਦੀਕ ਢੁਕਦੇ ਨੀ ਹੁੰਦੇ,
ਇਹ ਸੂਰਜ, ਇਹ ਚੰਦਾ, ਹਵਾ ਤੇ ਸਿਤਾਰੇ ਸਦਾ ਚਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ।
ਪਹਾੜਾਂ ਦੀ ਛਾਤੀ ਨੂੰ ਛਾਣਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁਕਦੇ ਨੀ ਹੁੰਦੇ,
ਜਿਨ੍ਹਾਂ ਨੇ ਹਥੇਲੀ ਤੇ ਰੱਖੀ ਹੋਈ ਏ, ਉਹ ਦੁਨੀਆਂ ਝੁਕਾਉਂਦੇ ਨੇ ਝੁਕਦੇ ਨੀ ਹੁੰਦੇ।
ਤੇ ਤੂੰ, ਤੂੰ ਤੇ ਹੈ ਜਾਣਾ ਬੜੀ ਦੂਰ ਹਾਲੇ, ਹਜੇ ਕਿਉਂ ਹੈ ਸੂਰਤ ਤੂੰ ਰੋਣੀ ਬਣਾਈ,
ਓਹੀ ਗਲ ਕੀਤੀ ਨਾ ਕਹਿੰਦੇ ਨੇ ਜਿੱਦਾਂ ਕਿ ਕੋਹ ਨਾ ਚੱਲੀ ਤੇ ਬਾਬਾ ਜੀ ਹਾਈ ।
ਮੈਂ ਮੰਨਦਾਂ ਹਾਂ ਮੰਜ਼ਿਲ ਹੈ ਤੇਰੀ ਦੁਰਾਡੇ ਥਕੇਵਾਂ ਇਹ ਟੰਗਾਂ ਨੂੰ ਚੜ੍ਹਿਆ ਵੀ ਹੋਣਾ,
ਤੇਰੇ ਮਨ ਦਾ ਅੜੀਅਲ ਤੇ ਬੇ-ਬਾਕ ਘੋੜਾ ਕਈ ਵਾਰ ਰਸਤੇ 'ਚ ਅੜਿਆ ਵੀ ਹੋਣਾ।
ਔਰ ਤੇਰੀ ਆਜਮਾਇਸ਼ ਨੂੰ ਸਾਹਵੇਂ ਵਿਧਾਤਾ ਤੇਰੇ ਅੜਚਨਾਂ ਲੈ ਲੈ ਖੜਿਆ ਵੀ ਹੋਣਾ,
ਕਈ ਵਾਰ ਤੇਰੀ ਬਗ਼ਾਵਤ ਦਾ ਸ਼ੋਲਾ ਮੁਖ਼ਾਲਿਫ਼ ਦੇ ਵਿਹੜੇ 'ਚ ਲੜਿਆ ਵੀ ਹੋਣਾ।
ਤਾਂ ਕੀ ਹੋਇਆ ਚੰਨਿਆਂ ਇਹ ਹੋਇਆ ਈ ਕਰਦੈ, ਰੁਕਾਵਟ ਨਾ ਟੱਪੇ ਰਵਾਨੀ ਨਹੀਂ ਹੁੰਦੀ,
ਕਦਮ ਮੁਸ਼ਕਿਲਾਂ ਦੇ ਜੇ ਸੀਨੇ ਤੇ ਧਰ ਧਰ ਕੇ ਵਧਿਆ ਨਾ ਜਾਵੇ ਜਵਾਨੀ ਨਹੀਂ ਹੁੰਦੀ।
ਜੇ ਸੂਲਾਂ ਤੇ ਤੁਰਿਐਂ ਤਾਂ ਦਸ ਖਾਂ ਜਾਵਾਂ ਅਜੇਹੇ ਜਹੇ ਭਖੜੇ ਤੋਂ ਡਰਨਾ ਕੀ ਹੋਇਆ,
ਜੇ ਅੰਗਾਰਾਂ ਤੇ ਤੁਰਨ ਦਾ ਤੂੰ ਪਰਨ ਕੀਤਾ ਤਾਂ ਫਿਰ ਬੋਚ ਕੇ ਪੈਰ ਧਰਨਾ ਕੀ ਹੋਇਆ।
ਔਰ ਜੇ ਹੱਸ ਹੱਸ ਕੇ ਪਿੱਤਾ ਸੁਕਾਉਣਾ ਹੈ ਸਿੱਖਿਆ ਤਾਂ ਠੰਡੇ ਜਹੇ ਹੌਕੇ ਭਰਨਾ ਕੀ ਹੋਇਆ,
ਸਦਾ ਸ਼ੇਰ ਤਰਦਾ ਹੈ ਪਾਣੀ ਨੂੰ ਸਿੱਧਾ, ਵਹਾ ਨਾਲ ਵਹਿ ਜਾਣਾ ਤਰਨਾ ਕੀ ਹੋਇਆ ।
ਕਦਮ ਜੇ ਵਧਾਇਐ ਤਾਂ ਮੁੜ ਮੁੜ ਕੀ ਵਿਹਨੈਂ, ਤੇਰੇ ਸਿਰ ਤੇ ਫ਼ਰਜ਼ਾਂ ਦਾ ਥੱਬਾ ਹੈ ਚੰਨਿਆਂ,
ਇਹ ਰੁਕ ਰੁਕ ਕੇ ਵਧਣਾ, ਜਾਂ ਵਧ ਵਧ ਕੇ ਰੁਕਣਾ, ਤੇਰੀ ਵੀਰਤਾ ਉੱਤੇ ਧੱਬਾ ਹੈ ਚੰਨਿਆਂ।
ਕਿ ਜ਼ਮਾਨੇ ਦੇ ਚੱਕਰ ਨੂੰ ਲਲਕਰ ਕੇ ਕਹਿਦੇ, ਚੱਕਰ ਮੈਂ ਤੇਰੇ ਭੂਆਂ ਕੇ ਹਟਾਂਗਾ,
ਸੁਨੇਹਾ ਦੇ ਹੋਣੀ ਨੂੰ ਹਿੰਮਤ ਦੇ ਹੱਥੀਂ ਕਿ ਆਖਿਰ ਮੈਂ ਤੈਨੂੰ ਨਿਵਾ ਕੇ ਹਟਾਂਗਾ।
ਤੂੰ ਲਾ ਹੌਸਲੇ ਨਾਲ ਪੱਟਾਂ ਤੇ ਥਾਪੀ, ਮੁਸੀਬਤ ਨੂੰ ਕਹਿ ਤੈਨੂੰ ਢਾ ਕੇ ਹਟਾਂਗਾ,
ਤੂਫ਼ਾਨਾਂ ਨੂੰ ਕਹਿਦੇ ਕਿ ਵਧ ਵਧ ਕੇ ਆਓ, ਮੈਂ ਕਸ਼ਤੀ ਕਿਨਾਰੇ ਤੇ ਲਾ ਕੇ ਹਟਾਂਗਾ।
ਔਰ ਜਦੋਂ ਵੇਖੀ ਤੇਰੇ ਇਰਾਦੇ ਚ ਸਖ਼ਤੀ, ਤਾਂ ਸ਼ਕਤੀ ਉਦਾਲੇ ਆਪ ਘੁਮੂੰਗੀ ਤੇਰੇ,
ਇਹ ਸਾਰੀ ਦੀ ਸਾਰੀ ਖ਼ੁਦਾਈ ਦੀ ਤਾਕਤ ਤੂੰ ਵੇਖੇਂਗਾ ਪੈਰਾਂ ਨੂੰ ਚੁਮੂੰਗੀ ਤੇਰੇ।
ਤੂੰ ਵੇਂਹਦਾ ਨਹੀਂ ਕੁਦਰਤ ਦੀ ਬਾਂਹ ਲੰਬੀ ਲੰਬੀ, ਕਿਵੇਂ ਤੇਰੀ ਮਦਦ ਨੂ ਆਂਦੀ ਪਈ ਏ,
ਕੁਰਾਹੇ ਨਾ ਪੈ ਜਏਂ ਤਦੇ ਤਾਂ ਇਹ ਬਿਜਲੀ ਲਿਸ਼ਕ ਨਾਲ ਰਸਤਾ ਵਿਖਾਉਂਦੀ ਪਈ ਏ।
ਓਹ ਬੀਬਾ ਇਹ ਬਾਰਿਸ਼ ਤੇ ਮਿਲ ਕੇ ਹਨੇਰੀ, ਤੇਰੀ ਰਾਹ ਨੂੰ ਪਧਰ ਬਣਾਉਂਦੀ ਪਈ ਏ,
ਇਹ ਬਦਲ ਨਹੀਂ ਗਜਦੇ, ਕੁਦਰਤ ਦੀ ਵੀਣਾ ਤੇਰੇ ਸੁਆਗਤੀ ਗੀਤ ਗਾਉਂਦੀ ਪਈ ਏ।
ਔਰ ਹਿਫ਼ਾਜ਼ਤ ਲਈ ਤੇਰੀ ਖ਼ੂਨੀ ਦਰਿੰਦੇ ਤੇਰੇ ਅੱਗੇ ਪਿੱਛੇ ਚਲੇ ਆ ਰਹੇ ਨੇ,
ਤੇ ਰਫ਼ਤਾਰ ਤੇਰੀ 'ਚ ਸੁਸਤੀ ਨਾ ਆ ਜਏ, ਤਾਂ ਪੈਰਾਂ 'ਚ ਕੰਡੇ ਖੁਭੇ ਜਾ ਰਹੇ ਨੇ।
ਔਹ ਵੇਖ ਹੁਣ ਤਾਂ ਉਜਾਲਾ ਵੀ ਦਿੱਸਿਐ, ਤੇ ਮੰਜ਼ਿਲ ਵੀ ਬਾਹਾਂ ਉੱਲਾਰੀ ਖੜੀ ਹੈ,
ਤੂੰ ਨੱਠੀਂ ਜਾ ਜਾ ਕੇ ਬਗ਼ਲਗੀਰ ਹੋ ਜਾ ਉਡੀਕਾਂ 'ਚ ਕਰਦੀ ਇੰਤਜ਼ਾਰੀ ਖੜੀ ਹੈ ।
ਤੇਰੇ ਦਮ ਕਦਮ ਦੇ ਭਰੋਸੇ ਤੇ ਝੱਲੀ ਉਮੀਦਾਂ ਦੇ ਮੰਜ਼ਰ ਉਸਾਰੀ ਖੜੀ ਹੈ,
ਤੂੰ ਪਹੁੰਚਿਆ ਤਾਂ ਦੇਖੀਂ ਤੇਰੀ ਜੈ ਦੇ ਨਾਹਰੇ ਇਹ ਰਲ ਮਿਲ ਕੇ ਦੁਨੀਆਂ ਪੁਕਾਰੀ ਖੜੀ ਹੈ।
ਔਰ ਤੇਰੇ ਏਸ ਜੀਵਨ ਦੇ 'ਦੀਪਕ' ਦੀ ਲੌ ਨੇ, ਨਸਲ ਆਉਣ ਵਾਲੀ ਨੂੰ ਰਸਤਾ ਦਿਖਾਉਣੈਂ,
ਪਵਿੱਤਰ ਸਮਝਕੇ ਤੇਰੇ ਪੈਰਾਂ ਦਾ ਰੇਤਾ ਇਹਨਾਂ ਲੋਕਾਂ ਨੇ ਚੁੰਮ ਚੁੰਮ ਕੇ ਮੱਥੇ ਨੂੰ ਲਾਉਣੈਂ।

41. ਸਜਨੀ-ਮੇਰੀ ਸਜਨੀ ਦੁਖੀ ਨਾ ਹੋ

ਮੇਰੀ ਸਜਨੀ ਦੁਖੀ ਨਾ ਹੋ ਕਿ ਤੂੰ ਸ਼ਾਇਰ ਦੀ ਪਤਨੀ ਹੈਂ,
ਤੇ ਮੈਂ ਤੇਰੀ ਮੁਹੱਬਤ ਦੀ ਜ਼ਰਾ ਨਹੀਂ ਕਦਰ ਪਾ ਸਕਿਆ।
ਤੇਰੀ ਕੋਈ ਖੁਸ਼ੀ ਪੂਰੀ ਨਾ ਕੀਤੀ ਜ਼ਿੰਦਗੀ ਭਰ ਮੈਂ,
ਤੇਰੇ ਸਾਹਾਂ ਦਾ ਹਰ ਸੁਪਨਾ ਹਕੀਕਤ ਨਾ ਬਣਾ ਸਕਿਆ।

ਤੇਰੇ ਨੈਣਾਂ ʼਚ ਘੁੰਮਦੇ ਨਕਸ਼ ਮੈਂ ਚਿੱਤਰ ਨਹੀਂ ਸਕਿਆ,
ਤੇ ਨਾ ਆਸ਼ਾ ਭਰੀ ਮੁਸਕਾਨ ਬੁੱਲ੍ਹਾਂ ʼਤੇ ਲਿਆ ਸਕਿਆ।
ਤੇਰੀ ਖ਼ਾਹਿਸ਼ ਦੀ ਝੋਲੀ ਸੱਖਣੀ ਰਹਿ ਗਈ, ਮੇਰੀ ਸਾਥਣ!
ਹਾਏ! ਮੈਂ ਤੋੜ ਕੇ ਤਾਰੇ ਨਾ ਅੰਬਰ ਤੋਂ ਲਿਆ ਸਕਿਆ।

ਸਦਾ ਸੋਚਾਂ ਤੇ ਫਿਕਰਾਂ ਨਾਲ ਹੀ ਸ਼ਿੰਗਾਰਿਐ ਤੈਨੂੰ,
ਤੇ ਚਿੰਤਾ, ਤੇਰੀਆਂ ਇਹ ਰੁੱਖੀਆਂ ਜ਼ੁਲਫਾਂ ਬਣਾਂਦੀ ਰਹੀ।
ਜਦੋਂ ਵੀ ਝਾਤ ਪਾਈ ਤੇਰੀਆਂ ਨਜ਼ਰਾਂ ਨੇ ਸ਼ੀਸ਼ੇ ʼਤੇ,
ਮੇਰੀ ਇਹ ਬੇਬਸੀ ਓਦੋਂ ਹੀ ਤੇਰਾ ਮੂੰਹ ਚਿੜ੍ਹਾਂਦੀ ਰਹੀ।

ਮੈਂ ਮੰਨਦਾ ਹਾਂ ਜਦੋਂ ਤੇਰੀ ਪੜੋਸਣ ਪਹਿਨ-ਪੱਚਰ ਕੇ,
ਕਰੇ ʼਫੂੰ-ਫੂੰʼ ਤਾਂ ਰੂਹ ਤੇਰੀ ਤਦੋਂ ਹੋ ਤੰਗ ਜਾਂਦੀ ਏ।
ਉਦ੍ਹੇ ਬੁੱਲ੍ਹਾਂ ʼਤੇ ਗੂੜ੍ਹੀ ਸੁਰਖ ਲਾਲੀ ਵੇਖਕੇ ਸ਼ਾਇਦ,
ਤੇਰੇ ਬੁੱਲ੍ਹਾਂ ʼਤੇ ਆਈ ਸਿੱਕਰੀ ਵੀ ਸੰਗ ਜਾਂਦੀ ਏ।

ਤੇਰੇ ਕੰਨਾਂ ਦੇ ਨੇਰੂ ਆਪ ਮਿਲ ਜਾਂਦੇ ਨੇ ਸੁੰਗੜ ਕੇ,
ਜੜਾਊ ਬੁੰਦਿਆਂ ਵਾਲੀ ਜਦੋਂ ਦਿਲ ਡੰਗ ਜਾਂਦੀ ਏ।
ਫਲਾਣੀ ਨੇ ਬਣਾਈਆਂ ਐਤਕੀਂ ਸੋਨੇ ਦੀਆਂ ਵੰਗਾਂ,
ਇਹ ਸੁਣਕੇ ਤੇਰੀ ਰੰਗਤ ਝੱਟ ਹੋ ਬਦ-ਰੰਗ ਜਾਂਦੀ ਏ।

ਤੂੰ ਮੁਟਿਆਰਾਂ ਨੂੰ ਬਿਨ ਖੰਭਾਂ ਤੋਂ ਬਣੀਆਂ ਤਿਤਲੀਆਂ ਤੱਕ ਕੇ,
ਮੇਰੀ ਨਿਰ-ਭਾਗ ਕਿਸਮਤ ʼਤੇ ਸਦਾ ਹੰਝੂ ਵਗਾਨੀਂ ਏਂ।
ਪੁਸ਼ਾਕਾਂ ਰੇਸ਼ਮੀ ਜਦ ਹਾਨਣਾਂ ਦੇ ਵੇਖਨੀ ਏਂ ਤੂੰ,
ਤਾਂ ਲਾ ਕੇ ਟਾਕੀਆਂ ਖੱਦਰ ਦੇ ਲੀੜੇ ਧੋਣ ਜਾਨੀ ਏਂ।

ਤੇਰੇ ਸਾਹਾਂ ਦੀ ਕੁਝ ਕਾਹਲੀ, ਤੇ ਹਰ ਸਾਹ ਨਾਲ ਇਕ ਹਉਕਾ,
ਤੇਰੀ ਥੱਕੀ-ਹਰਾਸੀ ਜ਼ਿੰਦਗੀ ਦਾ ਹਾਲ ਦਿਸਦਾ ਏ।
ਤੇਰੇ ਹੱਥਾਂ ʼਤੇ ਮਹਿੰਦੀ ਥਾਂ ਪਏ ਚਿੱਟੇ ਜਿਹੇ ਅੱਟਣ,
ਕੋਈ ਵੇਖੇ ਤੇ ਨਾ ਰੋਵੇ, ਭਲਾ ਹੀਆ ਇਹ ਕਿਸਦਾ ਏ?

ਤੇਰੇ ਪੈਰਾਂ ਦੇ ਛਾਲੇ ਘੁੰਗਰੂ ਤੇਰੀ ਪਾਜ਼ੇਬਾਂ ਦੇ,
ਤੇ ਹਰ ਛਾਲਾ ਨਿਮਾਣਾ ਨਿੱਤ ਭਰ ਜਾਂਦਾ ਏ, ਫਿਸਦਾ ਏ।
ਬਿਨਾ ਕਜਲੇ ਤੋਂ ਪਲਕਾਂ ਸੁੰਞੀਆਂ ਤੋਂ ਸਿੰਮਦਾ ਪਾਣੀ,
ਉਹ ਪਾਣੀ ਨਹੀਂ ਤੇਰੇ ਦਿਲ ਦਾ ਕੋਈ ਨਾਸੂਰ ਰਿਸਦਾ ਏ।

ਬੁਢਾਪਾ ਆਉਣ ਤੋਂ ਪਹਿਲੋਂ ਤੇਰੇ ਗੱਲਾਂ ʼਚ ਜਿੱਲ੍ਹੜੀਆਂ,
ਤੇਰੇ ਦੁੱਖਾਂ ਤੇ ਦਰਦਾਂ ਦੀ ਕਹਾਣੀ ਕਹਿੰਦੀਆਂ ਚੰਨੀ।
ਤੂੰ ਮੈਨੂੰ ਦੋਸ਼ ਨਾ ਦੇ, ਇਹ ਗੁਨਾਹ ਮੇਰਾ ਨਹੀਂ ਬਹੁਤਾ,
ਮੇਰਾ ਏਹੀ ਗੁਨਾਹ ਹੈ, ਮੈਂ ਜ਼ਮਾਨੇ ਦੀ ਨਹੀਂ ਮੰਨੀ।

ਮੈਂ ਨਹੀਂ ਚਾਹਿਆ ਕਿਸੇ ਦੇ ਕਾਲਜੇ ਵਿਚ ਖੋਭ ਕੇ ਛੁਰੀਆਂ,
ਮੈਂ ਇਕ ਭੋਲੇ ਜਿਹੇ ਇਨਸਾਨ ਨੂੰ ਬੇਜਾਨ ਕਰ ਦੇਵਾਂ।
ਕੋਈ ਮਜਬੂਰ ਪੰਛੀ ਖੰਭ-ਹੀਣਾ ਵੇਖ ਕੇ ਬੈਠਾ,
ਉਨੂੰ ਚੁੱਕਾਂ, ਪਿਆਰਾਂ, ਫਿਰ ਛੁਰੀ ਗਰਦਨ ʼਤੇ ਧਰ ਦੇਵਾਂ।

ਮੈਂ ਨਈਂ ਚਾਹਿਆ ਕਿਸੇ ਭੁੱਖੇ ਦੇ ਮੂੰਹ ʼਚੋਂ ਖੋਹ ਲਵਾਂ ਰੋਟੀ,
ਕਿਸੇ ਕਮਜ਼ੋਰ ਨੂੰ ਲੁੱਟਾਂ, ਕਿਸੇ ਮਾੜੇ ਨੂੰ ਡਰ ਦੇਵਾਂ।
ਕਿਸੇ ਦੀ ਗੰਢ ਕੱਪਾਂ, ਸੰਨ੍ਹ ਲਾਵਾਂ, ਯਾਰ ਨੂੰ ਲੁੱਟਾਂ,
ਤੇ ਜਾਂ ਮਿੱਤਰ ਧਰੋਅ ਕਰਕੇ ਖ਼ਜ਼ਾਨੇ ਢੇਰ ਭਰ ਦੇਵਾਂ।

ਜਿਨ੍ਹਾਂ ਕੁਝ ਇਸ ਤਰ੍ਹਾਂ ਕੀਤੈ, ਉਹ ਭਾਵੇਂ ਐਸ਼ ਕਰਦੇ ਨੇ,
ਉਨ੍ਹਾਂ ਨੇ ਦਾਗ਼ ਅਪਣੇ ਮੱਥਿਆਂ ਤੋਂ ਧੋ ਨਹੀਂ ਸਕਣਾ।
ਕਿਸੇ ਦਾ ਖੂਨ ਕਰਕੇ ਹੁਸਨ ਤੇਰੇ ਨੂੰ ਮੈਂ ਸ਼ਿੰਗਾਰਾਂ,
ਇਹ ਮੈਥੋਂ ਹੋ ਨਹੀਂ ਸਕਿਆ, ਇਹ ਮੈਥੋਂ ਹੋ ਨਹੀਂ ਸਕਣਾ।

ਸਗੋਂ ਤੂੰ ਮਾਣ ਕਰਿਆ ਕਰ ਤੇਰਾ ਪੱਲਾ ਪਵਿੱਤਰ ਹੈ,
ਤੇਰੇ ਸਾਥੀ ਨੇ ਕੀ ਹੋਇਆ, ਜੇ ਕੁਝ ਦੌਲਤ ਕਮਾਈ ਨਹੀਂ।
ਕਿਸੇ ਦੀ ਮਾਂਗ ਦਾ ਸੰਧੂਰ ਧੋ ਕੇ ਰਾਕਸ਼ਾਂ ਵਾਂਗੂੰ,
ਤੇਰੀ ਸ਼ੋਭਾ ਲਈ ਬਿੰਦੀ ਤੇਰੇ ਮੱਥੇ ʼਤੇ ਲਾਈ ਨਹੀਂ।

ਕਿਸੇ ਦੇ ਪੁੱਤਰਾਂ ਦੇ ਕਾਲ਼ਜੇ ਦੀ ਰਿੰਨ੍ਹ ਕੇ ਭਾਜੀ,
ਗੁਨਾਹਾਂ ਦੀ ਭਰੀ ਰੋਟੀ, ਕਦੇ ਤੈਨੂੰ ਖੁਆਈ ਨਹੀਂ।
ਤੇਰੇ ਲੀੜੇ ਭਾਵੇਂ ਪਾਟੇ ਨੇ, ਪਰ ਇਹ ਦੁੱਧ ਧੋਤੇ ਨੇ,
ਕਿਸੇ ਦੀ ਖੱਲ ਕੂਲ਼ੀ ਰੰਗ ਕੇ ਤੈਨੂੰ ਪੁਵਾਈ ਨਹੀਂ।

ਸਬਰ ਕਰ, ਸ਼ਾਨਤੀ ਕਰ, ਪਹੁ-ਫੁਟਾਲਾ ਹੋਣ ਵਾਲਾ ਹੈ,
ਕਿਸੇ ਪਾਸੇ ਹਨੇਰੀ ਰਾਤ ਦੀ ਅਸਵਾਰੀ ਜਾਏਗੀ।
ਇਹ ʼਦੀਪਕʼ ਤਾਂ ਰਹੇ ਜਾਂ ਨਾ, ਉਹ ਯੁੱਗ ਪਰ ਆਉਣ ਵਾਲਾ ਹੈ,
ਤੇਰੇ ਪੈਰਾਂ ਦੀ ਮਿੱਟੀ ਵੀ ਜਦੋਂ ਸਤਿਕਾਰੀ ਜਾਏਗੀ।

42. ਹਵਾ ʼਚ ਦੁਰਗੰਧ ਘੁਲ ਗਈ ਹੈ, ਜੋ ਹਰ ਥਾਂ ਨਫ਼ਰਤ ਖਿਲਾਰ ਆਈ

ਹਵਾ ʼਚ ਦੁਰਗੰਧ ਘੁਲ ਗਈ ਹੈ, ਜੋ ਹਰ ਥਾਂ ਨਫ਼ਰਤ ਖਿਲਾਰ ਆਈ।
ਚਮਨ ਦੀ ਇੱਜ਼ਤ ਬਚਾਉਣ ਵਾਲੀ, ਚਮਨ ਦੀ ਇੱਜ਼ਤ ਉਤਾਰ ਆਈ।

ਉਦਾਸ ਬੁਲਬੁਲ, ਨਿਰਾਸ਼ ਜੁਗਨੂੰ, ਹੱਤਾਸ਼ ਘੁੱਗੀਆਂ, ਦੁਖੀ ਗੁਟਾਰਾਂ,
ਝੜੇ ਨੇ ਸ਼ਾਖਾਂ ਦੇ ਅਧ ਖਿੜੇ ਫੁੱਲ, ਚਮਨ ʼਚ ਕੈਸੀ ਬਹਾਰ ਆਈ।

ਜਿਧਰ ਵੀ ਉਠਦੀ ਨਜ਼ਰ ਹੈ ਯਾ ਰਬ! ਲਹੂ ਦਾ ਦਰਿਆ ਦਿਖਾਈ ਦਿੰਦੈ,
ਇਹ ਕੈਸਾ ਮੌਸਮ ਹੈ, ਬੱਦਲਾਂ ʼਚੋਂ ਸਦਾ ਬਾਰੂਦੀ ਫ਼ੁਹਾਰ ਆਈ।

ਕਿਸੇ ਨੇ ਪਾਈ ਨਾ ਖ਼ੈਰ ਇਸ ਨੂੰ, ਕਿਸੇ ਨਾ ਇਸ ਨੂੰ ਬੇਖ਼ੌਫ਼ ਕੀਤਾ,
ਇਹ ਜ਼ਿੰਦਗੀ ਦਰ ʼਤੇ ਰਹਿਬਰਾਂ ਦੇ, ਹਜ਼ਾਰ ਦਾਮਨ ਪਸਾਰ ਆਈ।

ਅਜਬ ਜਿਹਾ ਸੇਕ ਹੈ ਫ਼ਜ਼ਾ ਵਿਚ, ਇਹ ਅੱਗ ਭੜਕਣ ਦੀ ਹੈ ਨਿਸ਼ਾਨੀ,
ਇਲਾਹੀ! ਗੁਲਸ਼ਨ ਸੜੇ ਨਾ ਮੇਰਾ, ਮਸਾਂ ਹੈ ਇਸ ʼਤੇ ਬਹਾਰ ਆਈ।

ਇਹ ਗਰਮ ਮੌਸਮ, ਇਹ ਸਰਦ ਹੌਕੇ, ਇਹ ਭਰੀਆਂ ਅੱਖਾਂ, ਇਹ ਖਾਲੀ ਦਾਮਨ,
ਅਵਾਜ਼ੇ ਕੱਸਦੇ ਨੇ, ਕਹਿ ਰਹੇ ਨੇ, ਕਿ ਰੁੱਤ ਹੈ ਕਿਆ ਖ਼ੁਸ਼ਗਵਾਰ ਆਈ।

ਇਹ ਟੁੱਟੇ ਡਾਹਣੇ, ਪੁਟੀਂਦੇ ਬੂਟੇ, ਸਿਸਕਦੇ ਬੋਟ, ਉੱਜੜੇ ਆਸ਼ੀਆਨੇ,
ਪੁਕਾਰਦੇ ਸਨ, ʼਬਚਾਓ ਸਾਨੂੰʼ, ਕਿਸੇ ਨੂੰ ਗ਼ੈਰਤ ਨਾ ਯਾਰ ਆਈ।

ਇਹ ਠੀਕ ਹੈ, ਬਣ ਗਿਐ ਮੁਹੱਜ਼ਬ, ਇਹ ਬੰਦਾ ਜੰਗਲੀ ਕਹਾਉਣ ਵਾਲਾ,
ਮਗਰ ਮੁਹੱਬਤ ਬਚਾ ਨਾ ਸਕਿਆ, ਨਾ ਇਸ਼ਕ ਦੀ ਇਸ ਨੂੰ ਸਾਰ ਆਈ।

ਨਾ ਕੋਈ ਰਸਤਾ, ਨਾ ਕੋਈ ਮੰਜ਼ਿਲ, ਨਾ ਕੋਈ ਰਹਿਬਰ, ਨਾ ਕੋਈ ਰਾਖਾ,
ਕਿਧਰ ਨੂੰ ਚਲਿਆ ਹੈ ਕਾਫ਼ਿਲਾ ਇਹ, ਕਿਸੇ ਨੂੰ ਇਹ ਨਾ ਵਿਚਾਰ ਆਈ।

ਹਰੇਕ ਮਹਿਫ਼ਿਲ ʼਚ ਸੋਗ ਕਿਉਂ ਹੈ, ਹਰੇਕ ਘਰ ਵਿਚ ਵਿਲਾਪ ਹੈ ਕਿਉਂ,
ਹੈ ਪਹੁੰਚੀ ਵਹਿਸ਼ਤ ਸਿਖ਼ਰ ʼਤੇ ਕਾਹਤੋਂ, ਮਨੁਖਤਾ ਕਿਉਂ ਬਾਜ਼ੀ ਹਾਰ ਆਈ।

ਇਹ ਘਰ ਦਾ ʼਦੀਪਕʼ ਨਾ ਘਰ ਜਲਾਵੇ, ਨਾ ਗ਼ੈਰ ਕਰਦਾ ਰਹੇ ਸ਼ਰਾਰਤ,
ਓ ਦਿਲ ਪ੍ਰਸਤੋ! ਤੁਰੋ ਸੰਭਲ ਕੇ, ਹੈ ਸਿਰ ʼਤੇ ਆਫ਼ਤ ਹਜ਼ਾਰ ਆਈ।

43. ਸੁਹਣੇ ਯਾਰ ਮੇਰੇ ਆ ਜਾ ਤੋੜ ਘੇਰੇ, ਮੈਂ ਹਾਂ ਬਾਝ ਤੇਰੇ ਬੇਕਰਾਰ ਅੜਿਆ

ਸੁਹਣੇ ਯਾਰ ਮੇਰੇ ਆ ਜਾ ਤੋੜ ਘੇਰੇ, ਮੈਂ ਹਾਂ ਬਾਝ ਤੇਰੇ ਬੇਕਰਾਰ ਅੜਿਆ!
ਇਸ਼ਕ ਤੰਗ ਕਰਦੈ, ਰੋਜ਼ ਜੰਗ ਕਰਦੈ, ਦਿਲ ਇਹ ਮੰਗ ਕਰਦੈ ਦੇ ਦੀਦਾਰ ਅੜਿਆ!

ਦਿਲ ʼਚ ਅੱਗ ਭੜਕੇ, ਬਿਜਲੀ ਵਾਂਗ ਕੜਕੇ, ਸੀਨੇ ਵਿਚ ਰੜਕੇ ਛਿਲਤਰ ਹਿਜਰ ਵਾਲੀ,
ਕਾਹਤੋਂ ਦੇਰ ਲਾਉਣੈਂ, ਕਿੰਨਾ ਹੋਰ ਤਾਉਣੈਂ, ਜਾਂ ਤੂੰ ਦੱਸ ਆਉਣੈਂ ਕਿਹੜੇ ਵਾਰ ਅੜਿਆ!

ਗ਼ੈਰਾਂ ਕੋਲ ਬਹਿਨੈਂ, ਮੇਰੀ ਹਿੱਕ ਦਹਿਨੈਂ, ਕਿਹੜੇ ਪਿੰਡ ਰਹਿੰਨੈਂ, ਵਸਦੈਂ ਸ਼ਹਿਰ ਕਿਹੜੇ?
ਕੋਈ ਥਾਂ ਦੱਸ ਜਾ, ਜਾਂ ਗਰਾਂ ਦੱਸ ਜਾ, ਕਿੱਥੇ ਜਾਂ ਦੱਸ ਜਾ ਆਖ਼ਿਰਕਾਰ ਅੜਿਆ!

ਤੇਰੀਆਂ ਰਹਿਮਤਾਂ ਦੇ, ਤੇਰੀਆਂ ਬਖਸ਼ਿਸ਼ਾਂ ਦੇ, ਤੇਰੀਆਂ ਖੂਬੀਆਂ ਦੇ ਚਰਚੇ ਆਮ ਨੇ ਪਰ-
ਮੇਰੇ ਲੇਖ ਮਾੜੇ, ਮੈਨੂੰ ਹਿਜਰ ਸਾੜੇ, ਉੱਤੋਂ ਰੋਜ਼ ਤਾੜੇ ਤੇਰਾ ਪਿਆਰ ਅੜਿਆ!

ਸਾਰੀ ਰਾਤ ਰੋਵਾਂ, ਤੜਫਾਂ ਜਾਨ ਖੋਵ੍ਹਾਂ, ਨਾ ਉਮੀਦ ਹੋਵਾਂ? ਇਹ ਨਹੀਂ ਹੋ ਸਕਦਾ,
ਲਬ ʼਤੇ ਨਾਮ ਤੇਰਾ, ਸੁਬਹ ਸ਼ਾਮ ਤੇਰਾ, ਰਹਿੰਦੈ ਆਮ ਤੇਰਾ ਇੰਤਜ਼ਾਰ ਅੜਿਆ!

ਤੂੰ ਹੁਸੀਨ ਭੀ ਹੈਂ, ਮਹਿਜ਼ਬੀਨ ਭੀ ਹੈਂ, ਨਾਜ਼ਨੀਨ ਭੀ ਹੈਂ, ਇਹ ਸਭ ਠੀਕ ਹੈ ਪਰ-
ਗੁਨਾਹਗਾਰ ਹਾਂ ਮੈਂ, ਬਦਕਿਰਦਾਰ ਹਾਂ ਮੈਂ, ਤੇਰਾ ਯਾਰ ਹਾਂ ਮੈਂ ਲਾ ਦੇ ਪਾਰ ਅੜਿਆ!

ਮੰਦਰ ਵੇਖਿਆ ਮੈਂ, ਮਸਜਿਦ ਭਾਲਿਆ ਮੈਂ, ਗੁਲਸ਼ਨ ਢੂੰਡਿਆ ਮੈਂ, ਸਹਿਰਾ ਛਾਣਿਆ ਮੈਂ,
ਕਿਧਰੋਂ ਲੱਭੀ ਓ ਨਈਂ, ਕਿਧਰੇ ਵੇਖੀ ਓ ਨਈਂ, ਮੇਰੀ ਨਜ਼ਰ ਨੇ ਤੇਰੀ ਨੁਹਾਰ ਅੜਿਆ!

ਦਿਲ ਵਿਚ ਦਰਦ ਰਹਿੰਦੈ, ਚਿਹਰਾ ਜ਼ਰਦ ਰਹਿੰਦੈ, ਹਉਕਾ ਸਰਦ ਰਹਿੰਦੈ, ਮੇਰੀਆਂ ਬੁੱਲ੍ਹੀਆਂ ʼਤੇ,
ਗ਼ਮ ਦੈ ਭਾਰ ਦਿਲ ਵਿਚ, ਇੰਤਜ਼ਾਰ ਦਿਲ ਵਿਚ, ਵਿਲਕੇ ਪਿਆਰ ਦਿਲ ਵਿਚ ਵਾਰ ਵਾਰ ਅੜਿਆ!

ਉਸ ਦਾ ਨੂਰ ਦਿਸਦੈ, ਦੂਰ-ਦੂਰ ਦਿਸਦੈ, ਜਲਵਾ ਤੂਰ ਦਿਸਦੈ, ਅੱਖਾਂ ਮੀਟਿਆਂ ਤੋਂ,
ਲਭਦੈਂ ਲਾਲ ਦਿਲ ʼਚੋਂ, ਕੋਸ਼ਿਸ਼ ਨਾਲ ਦਿਲ ʼਚੋਂ, ʼਦੀਪਕʼ ਭਾਲ ਦਿਲ ʼਚੋਂ ਅਪਣਾ ਯਾਰ ਅੜਿਆ!

44. ਮਿਰੀ ਬੇਬਸੀ ਹੈ ਲਾਅਨਤ

ਮਿਰੀ ਬੇਬਸੀ ਹੈ ਲਾਅਨਤ, ਤਿਰੀ ਦਿਲਲਗੀ ਹੈ ਲਾਅਨਤ ।
ਤਿਰੀ ਹਰ ਸਿਤਮਗਰੀ ਤੇ, ਮੇਰੀ ਖ਼ਾਮੋਸ਼ੀ ਹੈ ਲਾਅਨਤ ।

ਨਾ ਤੜਪ ਹੈ ਜਜ਼ਬਿਆਂ ਵਿਚ, ਨਾ ਲਹੂ ਰਗਾਂ ਚ ਦੌੜੇ
ਹੈ ਜ਼ਮੀਰ ਮੁਰਦਾ ਜਿਸਦਾ, ਉਹ ਵੀ ਜ਼ਿੰਦਗੀ ਹੈ ਲਾਅਨਤ ।

ਜੋ ਕਿਸੇ ਦਾ ਖੂਨ ਪੀ ਕੇ, ਜਾਂ ਕਿਸੇ ਲਹੂ ਚ ਨਾਹ ਕੇ
ਹੈ ਬੁਲੰਦੀਆਂ ਤੇ ਪੁੱਜਾ, ਉਹਦੀ ਬਰਤਰੀ ਹੈ ਲਾਹਨਤ ।

ਤੈਨੂੰ ਸਭ ਪਤਾ ਸੀ ਜ਼ਾਲਮ, ਕਿ ਇਹ ਰਾਸਤਾ ਗ਼ਲਤ ਹੈ ,
ਤੂੰ ਭੁਲਾਇਐ ਕਾਫ਼ਲਾ ਖ਼ੁਦ, ਤੇਰੀ ਰਹਿਬਰੀ ਹੈ ਲਾਅਨਤ ।

ਜੇ ਤਲੀ ਮੈਂ ਅੱਡ ਬੈਠਾ, ਤੂੰ ਹੈ ਨਾਂਹ ਚ ਸਿਰ ਹਿਲਾਇਆ ,
ਮੇਰੀ ਆਜਜ਼ੀ ਹੈ ਲਾਅਨਤ, ਤੇਰੀ ਹੈਂਕੜੀ ਹੈ ਲਾਅਨਤ ।

ਮੈਂ ਬਣਾਂ ਦਯਾ ਦਾ ਪਾਤਰ, ਨਾ ਉਹ ਦਿਨ ਖ਼ੁਦਾ ਦਿਖਾਏ ,
ਮੈਂ ਕਰਾਂ ਕਬੂਲ ਬਖ਼ਸ਼ਿਸ਼, ਤਾਂ ਮਿਰੀ ਖ਼ੁਦੀ ਹੈ ਲਾਅਨਤ ।

ਤੂੰ ਜੇ ਰੌਸ਼ਨੀ ਖਿੰਡਾਉਨੈਂ, ਹੈ ਹਨੇਰ ਤੇਰੇ ਘਰ ਵਿਚ ,
ਤਾਂ ਸਮਝ ਲੈ ਯਾਰ 'ਦੀਪਕ ' ! ਤੇਰੀ ਰੌਸ਼ਨੀ ਹੈ ਲਾਹਨਤ ।

45. ਮੇਰੇ ਪਾਕ ਦਿਲ ਚ ਨਫਰਤ

ਮੇਰੇ ਪਾਕ ਦਿਲ ਚ ਨਫਰਤ, ਨਾ ਤਾਂ ਸੀ, ਨਾ ਹੈ, ਨਾ ਹੋਊ ।
ਤੇਰੇ ਜਜ਼ਬਿਆਂ ਚ ਸ਼ਿੱਦਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਤੂੰ ਹੈਂ ਇਕ ਅਜ਼ੀਮ ਹਸਤੀ, ਤੂੰ ਹੈਂ ਲਾ - ਸ਼ਰੀਕ ਵਾਹਿਦ ,
ਤੇਰੇ ਵਰਗੀ ਕੋਈ ਸੂਰਤ, ਨਾ ਤਾਂ ਸੀ, ਨਾ ਹੈਂ, ਨਾ ਹੋਊ ।

ਤੂੰ ਖ਼ੁਦਾ ਹੈਂ ਮੰਨਦੇ ਹਾਂ, ਅਸੀਂ ਸਭ ਹਾਂ ਤੇਰੇ ਬੰਦੇ
ਮੈਨੂੰ ਜ਼ਰ ਦੀ ਕੁਛ ਜ਼ਰੂਰਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਮੈਂ ਜ਼ਮੀਰ ਵੇਚ ਦੇਵਾਂ , ਤੇਰੀ ਨੇੜਤਾ ਦੀ ਖਾਤਰ ?
ਮੇਰੇ ਜ਼ਿਹਨ ਦੀ ਇਹ ਹਾਲਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਹੈ ਕਮਾਲ ਜਲਵਾ ਤੇਰਾ, ਹੈ ਅਦਾ ਕਮਾਲ ਤੇਰੀ,
ਮਿਰੀ ਪਰ ਖਰਾਬ ਨੀਅਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਇਹ ਤਅੱਸਬੀ ਗਲਾਜ਼ਤ, ਜੋ ਲਹੂ ਵਹਾ ਰਹੀ ਹੈ ,
ਮਿਰੇ ਦਿਲ ਚ ਇਹ ਗਲਾਜ਼ਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਮੈਂ ਵੀ ਹੱਕਦਾਰ ਆਖਿਰ, ਹਾਂ ਤਮਾਮ ਰਹਿਮਤਾਂ ਦਾ ,
ਕੀ ਕਹਾਂ ਮਿਰੇ ਤੇ ਰਹਿਮਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

ਤੇਰੇ ਸ਼ਾਇਰਾਨਾ ਫ਼ਨ ਦੀ, ਹੈ ਜ਼ਰੂਰ ਦੁਨੀਆਂ ਕਾਇਲ ,
ਤੈਨੂੰ 'ਦੀਪਕਾ ' ਮੁਹਾਰਤ, ਨਾ ਤਾਂ ਸੀ, ਨਾ ਹੈ, ਨਾ ਹੋਊ ।

46. ਕੱਲੀ ਹੈ ਜਾਨ ਮੇਰੀ, ਹਨ ਮੁਸ਼ਕਿਲਾਂ ਹਜ਼ਾਰਾਂ

ਕੱਲੀ ਹੈ ਜਾਨ ਮੇਰੀ, ਹਨ ਮੁਸ਼ਕਿਲਾਂ ਹਜ਼ਾਰਾਂ ।
ਕਿਸ ਕਿਸ ਦੇ ਨਾਲ ਜੂਝਾਂ, ਕੀ ਕੀ ਸਿਤਮ ਸਹਾਰਾਂ ?

ਮੁਸ਼ਕਿਲ - ਕੁਸ਼ਾ ਹੈਂ ਤੂੰ ਜਦ, ਕਰ ਦੂਰ ਮੁਸ਼ਕਿਲਾਂ ਸਭ ,
ਤੈਨੂੰ ਜੇ ਨਾ ਪੁਕਾਰਾਂ, ਫਿਰ ਕਿਸ ਨੂੰ ਮੈਂ ਪੁਕਾਰਾਂ ?

ਹਰ ਬਾਗ਼ ਲਹਿਲਹਾਉਂਦੈ, ਜਦ ਵੀ ਬਹਾਰ ਆਵੇ ,
ਮੈਂ ਬਾਗ਼ ਉਹ ਹਾਂ ਜਿਸ ਤੋਂ, ਰੁੱਸੀਆਂ ਫਿਰਨ ਬਹਾਰਾਂ ।

ਜੋ ਬਖ਼ਸ਼ਿਆ ਤੂੰ ਮੈਨੂੰ, ਮੈਂ ਵੰਡ ਦਿੱਤੈ ਸਭ ਕੁਝ ,
ਬਖ਼ਸ਼ਿਸ਼ ਤਿਰੀ ਲੁਕੋ ਕੇ, ਕਿੱਦਾਂ ਜ਼ਮੀਰ ਮਾਰਾਂ ?

ਤੇਰੀ ਨਜ਼ਰ ਤੋਂ ਓਹਲੇ, ਕੀ ਚੀਜ਼ ਹੈ ਖ਼ੁਦਾਯਾ
ਫਿਰ ਦਰਦ ਅਪਣੇ ਦਿਲ ਦਾ, ਮੁੜ ਮੁੜ ਮੈਂ ਕੀ ਚਿਤਾਰਾਂ ?

ਤੂੰ ਵਕਤ ਸਿਰ ਬਚਾਉਣੈ, ਮੁਸ਼ਕਿਲ ਦੇ ਮਾਰਿਆਂ ਨੂੰ ,
ਮੈਂ ਏਸੇ ਹੌਸਲੇ ਤੇ, ਹਿੰਮਤ ਕਦੇ ਨਾ ਹਾਰਾਂ ।

ਇਕ ਤੰਦ ਜੇ ਉਲਝਦੀ, ਸ਼ਾਇਦ ਸੰਵਾਰ ਲੈਂਦਾ ,
ਉਲਝੀ ਪਈ ਹੈ ਤਾਣੀ, ਤਾਣੀ ਕਿਵੇਂ ਸੰਵਾਰਾਂ ?

ਖੁਸ਼ਹਾਲੀਆਂ ਚ ਜਿਹੜੇ, ਭਰਦੇ ਸੀ ਯਾਰ ਪਾਣੀ ,
ਬਦਹਾਲ ਵੇਖ ਮੈਨੂੰ, ਮੂੰਹ ਵੱਟਿਆ ਹੈ ਯਾਰਾਂ ।

ਅਜ ਨੂਰੋ ਨੂਰ ਕਰਦੇ, ਦੀਪਕ ! ਹਨੇਰ ਘਰ ਦਾ ,
ਕੁਰਬਾਨ ਜਾਵਾਂ ਤੇਰੇ, ਸਦਕਾ ਤਿਰਾ ਉਤਾਰਾਂ ।

ਪੰਜਾਬੀ ਗੀਤ

37. ਆਹ ਲੈ ਮਾਏ ਸਾਂਭ ਕੁੰਜੀਆਂ

ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।
ਡਾਰ ਵਿੱਚੋਂ ਕੂੰਜ ਨਿਖੜੀ ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ ।
ਧੀਆਂ, ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਬੜੀਏ ਜਾਵੇ ।
ਕੱਲ੍ਹ ਤੱਕ ਰਾਜ ਕਰਿਆ ਅੱਜ ਖੁਸ ਗਈ ਹਕੂਮਤ ਸਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਅੱਛਾ ਸੁਖੀ ਵੱਸੇ ਅੰਮੀਏਂ ਮੇਰੇ ਰਾਜੇ ਬਾਬਲ ਦਾ ਖੇੜਾ ।
ਅਸੀਂ ਕਿਹੜਾ ਨਿੱਤ ਆਵਣਾ ਸਾਡਾ ਵੱਜਣਾ ਸਬੱਬ ਨਾਲ ਗੇੜਾ ।
ਧੀਆਂ ਪਰਦੇਸਣਾਂ ਦੀ ਹੁੰਦੀ ਚਿੜੀਆਂ ਦੇ ਵਾਂਗ ਉਡਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਬਾਪੂ ਤੇਰੇ ਪਿਆਰ ਸਦਕਾ ਅਸਾਂ ਰੱਜ ਰੱਜ ਪਹਿਨਿਆ ਹੰਢਾਇਆ ।
ਪੱਗ ਤੇਰੀ ਰੱਖੀ ਸਾਂਭ ਕੇ ਇਹਨੂੰ ਦਾਗ਼ ਨਾ ਹਵਾ ਜਿੰਨਾਂ ਲਾਇਆ ।
ਇੱਕ ਰਾਤ ਹੋਰ ਰੱਖ ਲੈ ਜਾਵਾਂ ਬਾਬਲਾ ਤੇਰੇ ਬਲਿਹਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਵੀਰਾ ਵੇ ਮੁਰੱਬੇ ਵਾਲਿਆ ਤੈਨੂੰ ਭਾਗ ਪਰਮੇਸ਼ਵਰ ਲਾਵੇ ।
ਭਾਬੀ ਸਾਨੂੰ ਮੁਆਫ਼ ਕਰ ਦਈਂ ਸਾਡੇ ਐਵੇਂ ਸੀ ਕੂੜ ਦੇ ਦਾਅਵੇ ।
ਅੱਗੇ ਤਾਂ ਤੂੰ ਰਹੀ ਹਾਰਦੀ ਅੱਜ ਤੂੰ ਜਿੱਤ ਗਈ ਮੈਂ ਹਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…
ਆਉ ਸਈਉ ਆਉ ਮਿਲ ਲਉ ਮੁੜ ਕੱਠੀਆਂ ਸਬੱਬ ਨਾਲ ਬਹਿਣਾ ।
ਤੁਸੀਂ ਵੀ ਤਾਂ ਮੇਰੇ ਵਾਂਗਰਾਂ ਸਦਾ ਬੈਠ ਨਾ ਜੈਤੋ ਵਿੱਚ ਰਹਿਣਾ ।
ਵੱਡੀਆਂ ਮਜਾਜਾਂ ਵਾਲੀਉ ਤੁਹਾਡੀ ਚਾਰ ਦਿਨ ਦੀ ਮੁਖਤਿਆਰੀ ।
ਚਾਰ ਦਿਨ ਮੌਜਾਂ ਮਾਣ ਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ ।
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ ।…

38. ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ

ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,
ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।
ਤੈਨੂੰ ਦੇਖਿਆਂ ਬਗੈਰ ਚੈਨ ਚਿੱਤ ਨੂੰ ਨਾਂ ਆਵੇ,
ਚੰਨਾਂ ਫੁੱਲਾਂ ਵਾਲੀ ਰੁੱਤ ਸਾਨੂੰ ਵੱਢ-ਵੱਢ ਖਾਵੇ।
ਤੇਰੇ ਨਾਲ ਅੱਖਾਂ ਭੁੱਲਕੇ ਮੈਂ ਲਾਈਆਂ ਰਾਂਝਣਾਂ ਵੇ..
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,
ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।
ਅਸੀਂ ਹੋ ਗਏ ਹਾਂ ਸ਼ੁਦਾਈ ਤੇਰੇ ਇਸ਼ਕੇ ਦੇ ਮਾਰੇ,
ਤੈਨੂੰ ਸਾਡੇ ਨਾਲੋਂ ਚੰਨਾਂ ਗ਼ੈਰ ਲੱਗਦੇ ਪਿਆਰੇ..
ਸਾਨੂੰ ਲਾਉਣੀਆਂ-ਬੁਝਾਉਣੀਆਂ ਨਾ ਆਈਆਂ ਰਾਂਝਣਾਂ ਵੇ..
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,
ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।
ਕਦੇ ਆਕੇ ਦੇਖੀਂ ਅੱਖੀਂ ਸਾਡੀ ਜਿੰਦ ਕੁਰਲਾਉਂਦੀ,
ਦਿਨੇਂ ਚੈਨ ਨਹੀਉਂ ਆਉਂਦਾ ਰਾਤੀਂ ਨੀਂਦ ਨਹੀਂਉਂ ਆਉਂਦੀ..
ਅਸੀਂ ਰੁੱਖਾਂ ਵਾਂਗੂੰ ਘੜੀਆਂ ਬਿਤਾਈਆਂ ਰਾਂਝਣਾਂ ਵੇ..
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,
ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।
ਸਾਡੇ ਚਾਅਵਾਂ ਕੋਲੋਂ ਪੁੱਛ ਕਿੱਦਾਂ ਹੋਏ ਬੇਕਰਾਰ,
ਤੇਰੇ ਰੋਸਿਆਂ ਤੋਂ ਵਾਰੀ ਕੇਰਾਂ ਇੱਕ ਝਾਤੀ ਮਾਰ..
ਤੈਨੂੰ ਚੇਤੇ ਆਉਂਣ ਤੇਰੀਆਂ ਉਕਾਈਆਂ ਰਾਂਝਣਾਂ ਵੇ..
ਤੇਰੀ ਦੀਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾਂ ਵੇ,
ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾਂ ਵੇ..।

  • ਮੁੱਖ ਪੰਨਾ : ਕਾਵਿ ਰਚਨਾਵਾਂ, ਦੀਪਕ ਜੈਤੋਈ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ