Punjabi Poetry : Charan Singh Safri
ਪੰਜਾਬੀ ਕਵਿਤਾਵਾਂ : ਚਰਨ ਸਿੰਘ ਸਫ਼ਰੀ
1. ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ
ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ ।
ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ।
ਅਜੀਤ ਤੇ ਜੁਝਾਰ ਵੱਡੜੇ ਜ਼ੋਰਾਵਰ ਤੇ ਫਤਿਹ ਸਿੰਘ ਛੋਟੇ ।
ਤਾਰਿਆਂ ਨੇ ਰੋ ਕੇ ਪੁਛਿਆ ਕਿੱਥੇ ਗਏ ਨੀ ਜਿਗਰ ਦੇ ਟੋਟੇ ।
ਦੋ ਚਮਕੌਰ ਵਿੱਚ ਤੇ ਦੋ ਨੇ ਕੰਧ 'ਚ ਸ਼ਹੀਦੀ ਪਾਈ ।
ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ ।
ਅੱਡੀਆਂ ਗੁਲਾਬ ਰੰਗੀਆਂ ਸੋਜ ਪੈ ਕੇ ਫਟਣ ਨੂੰ ਆਈਆਂ ।
ਛੰਭ ਦਿਆਂ ਕੰਡਿਆਂ ਨੇ ਉਹਦੇ ਪੱਬਾਂ ਤੇ ਬੂਟੀਆਂ ਪਾਈਆਂ ।
ਧੂੜ ਉਹਦੇ ਕਦਮਾਂ ਦੀ ਲੋਕਾਂ ਚੁੱਕ ਕੇ ਮੱਥੇ ਤੇ ਲਾਈ ।
ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ ।
ਕਾਲਜੇ ਨੂੰ ਧੂਹ ਪੈਂਦੀ ਕੌਣ ਲਿਖੀਆਂ ਵਿਧਾਤਾ ਦੀਆਂ ਮੋੜੇ ।
ਜ਼ਾਲਮਾਂ ਨੇ ਹਿੰਦੀਆਂ ਦੇ ਖਿੱਚ ਖਿੱਚ ਕੇ ਜਨੇਊ ਤੋੜੇ ।
ਆਂਦਰਾਂ ਦੀ ਡੋਰ ਵੱਟ ਕੇ ਉਨ੍ਹਾਂ ਬਾਮ੍ਹਣਾਂ ਦੇ ਗਲ ਵਿੱਚ ਪਾਈ ।
ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ ।
ਪੰਧ ਪਏ 'ਸਫ਼ਰੀ' ਨੂੰ ਪਿਆ ਦੁੱਖੜੇ ਤੇ ਦੁੱਖੜਾ ਸਹਿਣਾ ।
ਯਾਰੜੇ ਦਾ ਸੱਥਰ ਚੰਗਾ ਸਾਨੂੰ ਭੱਠ ਖੇੜਿਆਂ ਦਾ ਰਹਿਣਾ ।
ਸੀਨੇ ਵਿੱਚ ਲੈ ਕੇ ਸੌਂ ਗਿਆ ਦਿਲ ਆਪਣਾ ਤੇ ਪੀੜ ਪਰਾਈ ।
ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆ ਤੇ ਸੇਜ ਵਿਛਾਈ ।
ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ ।
2. ਚੰਨ ਚਮਕੇ ਤੇ ਮੱਥਾ ਪਿਆ ਦਮਕੇ
ਚੰਨ ਚਮਕੇ ਤੇ ਮੱਥਾ ਪਿਆ ਦਮਕੇ
ਅੱਜ ਪਟਨੇ ਸ਼ਹਿਰ ਰੁਸ਼ਨਾਈਆਂ ।
ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ ।
ਨਾਲੇ ਪਿਤਾ ਲਾਲ ਉੱਤੋਂ ਲਾਲ ਪਏ ਵਾਰਦੇ ।
ਨੇਕੀਆਂ ਦੀ ਵਾਅ ਵਗੀ ਵਿੱਚ ਸੰਸਾਰ ਦੇ ।
ਅੱਜ ਪਟਨੇ ਸ਼ਹਿਰ ਉਠੀ ਖ਼ੁਸ਼ੀ ਦੀ ਲਹਿਰ
ਫੁੱਲ ਪੱਤੀਆਂ ਅੰਬਰ ਬਰਸਾਈਆਂ ।
ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ ।
ਡਰ ਦੇਣ ਵਾਲਿਆਂ ਦਾ ਡੇਰਾ ਦੂਰ ਹੋ ਗਿਆ ।
ਅੱਖ ਪੱਟੀ ਚੰਨ ਨੇ ਹਨੇਰਾ ਦੂਰ ਹੋ ਗਿਆ ।
ਪੀੜ ਦਿਲ ਦੀ ਹਰਨ ਨਾਲੇ ਸਜਦੇ ਕਰਨ
ਉਹਦੇ ਦਰ ਤੇ ਚਕੋਰਾਂ ਆਈਆਂ ।
ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ ।
ਥੰਮ੍ਹੀਆਂ ਦੀ ਥਾਂ ਉਹਨੇ ਪੁੱਤਾਂ ਦੀਆਂ ਹੱਡੀਆਂ ।
ਸਿੱਖੀ ਦੇ ਮਹੱਲ ਥੱਲੇ ਚਾਈਂ ਚਾਈਂ ਗੱਡੀਆਂ ।
ਦੇਖ ਪੁੱਤਾਂ ਦਾ ਸ਼ਿੰਗਾਰਾ ਉਹਨੇ ਦੇ ਕੇ ਸਹਾਰਾ
ਗਊਆਂ ਛੁਰੀਆਂ ਦੇ ਹੇਠੋਂ ਸੀ ਛੁਡਾਈਆਂ ।
ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ ।
ਗੁਜਰੀ ਦੇ ਲਾਲ ਤੇਰਾ ਜਿਹਾ ਕੋਈ ਲਾਲ ਨਾ ।
ਸਾਰੇ ਜੱਗ ਵਿੱਚ ਕੋਈ ਲੱਭਦੀ ਮਿਸਾਲ ਨਾ ।
ਕੀਤੀ ਵੈਰੀਆਂ ਦੀ ਗਤ ਗਾਉਂਦਾ ਜੱਗ ਪਿਆ ਜੱਸ
ਤਾਹੀਂਉਂ 'ਸਫ਼ਰੀ' ਨੇ ਸਿਫ਼ਤਾਂ ਗਾਈਆਂ ।
ਮਾਤਾ ਗੁਜਰੀ ਨੂੰ ਦਿਓ ਨੀ ਵਧਾਈਆਂ ।
3. ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ
ਜਦੋਂ ਵੀ ਦੇਸ਼ ਆਜਾਦੀ ਨੇ ਲਹੂ ਮੰਗਿਆ
ਕਦੋਂ ਸਿੰਘਾਂ ਨੇ ਦਿੱਤਾ ਜਵਾਬ ਦੱਸੋ ।
ਜਦੋਂ ਵੀ ਹਿੰਦ ਨੇ ਮੋਰਚਾ ਕਿਤੇ ਲਾਇਆ
ਕਿੱਥੇ ਬਹੁੜਿਆ ਨਹੀ ਪੰਜਾਬ ਦੱਸੋ ।
ਗਿਣਤੀ ਸੌ ਚੋਂ ਸਾਡੀ ਏ ਦੋ ਬਣਦੀ
ਵਾਰ ਵਾਰ ਨਾ ਸਾਨੂੰ ਜਨਾਬ ਦੱਸੋ ।
ਸਿੰਘ ਖਾਤਿਰ ਆਜਾਦੀ ਦੀ ਮੋਏ ਕਿੰਨੇ
ਸਫਰੀ ਸ਼ਹੀਦਾਂ ਦਾ ਕਰਕੇ ਹਿਸਾਬ ਦੱਸੋ ।
ਜ਼ਾਲਮ ਰੋਜ ਜੰਮਦੇ ਤਾਂ ਵੀਂ ਮੁੱਕ ਜਾਂਦੇ
ਸਿੰਘ ਰੋਜ ਮਰਦੇ ਤਾਂ ਵੀਂ ਮੁੱਕਦੇ ਨਹੀ ।
ਜ਼ਖਮ ਮੇਰੇ ਪੰਜਾਬ ਦੇ ਕੌਣ ਵੇਂਹਦਾ
ਅੱਗੋਂ ਲੱਗੀ ਜਾਂਦੇ ਤੇ ਪਿਛਲੇ ਸੁੱਕਦੇ ਨਹੀ ।
ਗੋਲੀਆਂ ਵੈਰੀ ਜੇ ਗਿਣਕੇ ਮਾਰਦਾ ਨਹੀ
ਤੇ ਲਾਸ਼ਾਂ ਅਸੀਂ ਵੀ ਗਿਣਕੇ ਚੁੱਕਦੇ ਨਹੀ ।
ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ
ਜ਼ਾਲਮ ਬੰਦੇ ਦੀ ਮੜ੍ਹੀ ਤੇ ਥੁੱਕਦੇ ਨਹੀ ।
4. ਬੱਦਲਾਂ 'ਚੋਂ ਬਿਜਲੀ ਝਮੱਕੇ ਸੀ ਜਾਂ ਮਾਰਦੀ
(ਚਮਕੌਰ ਗੜ੍ਹੀ ਤੋਂ ਨਿਕਲਣ ਵੇਲੇ ਭਾਈ ਦਯਾ ਸਿੰਘ
ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਬਾਤ)
ਬੱਦਲਾਂ 'ਚੋਂ ਬਿਜਲੀ ਝਮੱਕੇ ਸੀ ਜਾਂ ਮਾਰਦੀ
ਹੋਈ ਰੁਸ਼ਨਾਈ ਜਾਂ ਸੁਨਿਹਰੀ ਜਿਹੀ ਤਾਰ ਦੀ
ਦਯਾ ਸਿੰਘ ਵੱਲੇ ਨਿਗ੍ਹਾ ਗਈ ਦਾਤਾਰ ਦੀ
ਪੱਟਾਂ ਉੱਤੇ ਲੋਥ ਲੈਕੇ ਬੈਠਾ ਸੀ ਜੁਝਾਰ ਦੀ
ਮੌਤ ਦੇ ਨਸ਼ੇ 'ਚ ਓਥੇ ਜ਼ਿੰਦਗੀ ਸੀ ਝੂਮਦੀ
ਬੋਲੇ ਦਯਾ ਸਿੰਘ ਲਾਸ਼ ਤੱਕ ਕੇ ਮਾਸੂਮ ਦੀ
ਜਿੰਦਗੀ ਦੇ ਦਾਤਿਆ ਸੁਨਿਹਰੀ ਬਾਜ਼ਾਂ ਵਾਲਿਆ
ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ
ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾ ਲਿਆ
ਦਾਤਾ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨੀ ਲਾ ਲਿਆ
ਲੱਗਾ ਹੋਇਐਂ ਪਾਤਸ਼ਾਹ ਤੂੰ ਪਿੱਛੇ ਕਿਹੜੀ ਗੱਲ ਦੇ
ਹਾਇ ! ਪੁੱਤਾਂ ਦਾ ਵਿਛੋੜਾ ਤਾਂ ਪੰਖੇਰੂ ਵੀ ਨੀ ਝੱਲਦੇ
ਜੀਅ ਚਾਹੁੰਦੈ ਏਥੇ ਕੁਝ ਪਿਆਰ ਜਤਲਾ ਦਿਆ
ਨਿਭਾਈ ਦੀ ਅਖੀਰ ਤੇ ਜੋ ਰੀਤ ਓਹ ਨਿਭਾ ਦਿਆਂ
ਪੱਗ ਲਾਹ ਕੇ ਸੀਸ ਦੀ ਦੋ ਟੁਕੜੇ ਬਣਾ ਦਿਆ
ਦਾਤਾ ਅੱਧੀ ਅੱਧੀ ਦੋਹਾਂ ਦੇ ਸਰੀਰ ਉੱਤੇ ਪਾ ਦਿਆਂ
ਬੜੇ ਹੀ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ
ਕੱਫ਼ਣੋਂ ਬਗੈਰ ਦੱਸੋ ਕੀਹਦੇ ਪੁੱਤ ਗਏ ਨੇ
ਪਾਤਸ਼ਾਹ:
ਬੋਲੇ ਦਸ਼ਮੇਸ ਪਿਤਾ ਮੁੱਖੋਂ ਲਲਕਾਰ ਕੇ
ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ
ਵੇਖ ਤਾਂ ਮੈਦਾਨ ਵਿੱਚ ਜ਼ਰਾ ਨਿਗ੍ਹਾ ਮਾਰ ਕੇ
ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ
ਖਾਲਸੇ ਨੂੰ ਛੱਡ ਪਿਆਰ ਪੁੱਤਾਂ ਦਾ ਜਤਾ ਦਿਆਂ !
ਓ ਦਯਾ ਸਿੰਘਾ ! ਸਿੱਖੀ 'ਚ ਵਖੇਵਾਂ ਕਿੱਦਾ ਪਾ ਦਿਆਂ ?
ਔਖ ਸੌਖ ਵੇਲੇ ਐ ਮੇਰੇ ਸਿੱਖ ਭਾਈਵਾਲ ਨੇ
ਵੇਖ ਤਾਂ ! ਮੈਦਾਨ ਵਿੱਚ ਪਏ ਕਿਹੜੇ ਹਾਲ ਨੇ
ਇਹਨਾਂ ਲਾਲਾਂ ਤੋਂ ਵੀ ਪਿਆਰੇ ਇਹ ਵੀ ਮਾਪਿਆਂ ਦੇ ਲਾਲ ਨੇ
ਉਹ ਬਿਨਾਂ ਤਨਖਾਹੋਂ ਜਿਹੜੇ ਰਹੇ ਮੇਰੇ ਨਾਲ ਨੇ
ਜਦੋਂ ਤੱਕ ਇਹਨਾਂ ਦਾ ਹਿਸਾਬ ਨਹੀਓਂ ਮੁੱਕਦਾ
ਅਜੀਤ 'ਤੇ ਜੁਝਾਰ ਦੀ ਮੈਂ ਲਾਸ਼ ਵੀ ਨੀ ਚੁੱਕਦਾ
ਦਯਾ ਸਿੰਘਾ ਮੋਹ ਵਾਲੇ ਤੂੰ ਤਿਣਕੇ ਤਰੋੜ ਦੇ
ਅਜੀਤ ਤੇ ਜੁਝਾਰ ਦਾ ਖਿਆਲ ਏਥੇ ਛੋੜ ਦੇ
ਪੰਥ ਦੇ ਸ਼ਹੀਦ ਨਹੀਓਂ ਕੱਫ਼ਣਾਂ ਨੂੰ ਲੋੜਦੇ
ਤੂੰ ਇਹਦਾ ਹੀ ਦੁਮਾਲਾ ਏਹਦੇ ਮੂੰਹ ਉੱਤੇ ਓੜਦੇ
ਦਯਾ ਸਿੰਘਾ ਕਿਓਂ ਦੇਈ ਜਾਨੈ ਮੋਹ ਦੀਆਂ ਥੰਮੀਆਂ
ਚੱਲ ! ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀਆਂ
ਮੇਰੀ ਰੂਹ ਏਸ ਮੌਤ ਨੂੰ ਰਹੀ ਐ ਲੋਚਦੀ
ਪਰ ਮੈ ਹੁਕਮ ਵਜਾ ਕੇ ਆ ਗਿਆ ਹਾਂ
ਲੋਕੀ ਕਹਿਣਗੇ ਤੇ ਕਹਿੰਦੇ ਰਹਿਣ ਲੱਖ ਵਾਰੀ
ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ
ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ
ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ
ਪਰ ਮੈਂ ਇਹ ਨਹੀਂ ਸੁਣ ਸਕਦਾ ਕਿ
ਗੋਬਿੰਦ ਸਿੰਘ ਨੇ ਪੁੱਤ ਹੋਰ 'ਤੇ ਸਿੰਘ ਹੋਰ ਸਮਝੇ !!
ਰਾਹੀ ਕੋਈ ਪ੍ਰੀਤ ਦੀਆਂ ਮੰਜ਼ਿਲਾਂ ਦਾ
ਏਦਾਂ ਮੰਜਿਲਾਂ ਮੁਕਾਂਵਦਾ ਵੇਖਿਆ ਨਾ
ਹੰਸਾਂ ਜਿਹੇ ਪਿਆਰੇ ਪੁੱਤਰਾਂ ਨੂੰ
ਮੂੰਹ ਮੌਤ ਦੇ ਪਾਂਵਦਾ ਵੇਖਿਆ ਨਾ
ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ
ਹੀਰੇ ਲਾਲ ਗੁਆਂਵਦਾ ਵੇਖਿਆ ਨਾ
ਪਿਤਾ ਕੋਈ ਵੀ ਪੁੱਤ ਦੀ ਲਾਸ਼ ਉੱਤੇ
ਗੀਤ ਖੁਸ਼ੀ ਦੇ ਗਾਂਵਦਾ ਵੇਖਿਆ ਨਾ !!
5. ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ
ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ
ਤਰੇਂਦੇ ਰਾਤ ਨੂੰ ਨਦੀਆਂ, ਦਿਨੇ ਕੁਝ ਡਰ ਵੀ ਜਾਂਦੇ ਨੇ
ਦਿਲਾਂ ਕਿਉਂ ਹੌਸਲਾ ਢਾਹਿਆ, ਇਸ਼ਕ ਦੀ ਖੇਡ ਖੇਡੀ ਜਾ
ਖਿਡਾਰੀ ਜਿੱਤ ਵੀ ਜਾਂਦੇ ਨੇ, ਖਿਡਾਰੀ ਹਰ ਵੀ ਜਾਂਦੇ ਨੇ
ਹੌਸਲਾ ਸੋਹਣੀ ਦਾ ਵੇਖੋ, ਝਨਾਂ ਵਿੱਚ ਡੁਬਦਿਆਂ ਬੋਲੀ,
ਕੱਚੇ ਦਾ ਦੋਸ਼ ਹੈ ਕਾਹਦਾ, ਕੱਚੇ ਤਾਂ ਖਰ ਹੀ ਜਾਂਦੇ ਨੇ
ਧਰ ਕੇ ਸਿਰ ਹਥੇਲੀ 'ਤੇ, ਗਲੀ ਮਹਿਬੂਬ ਦੀ ਜਾਣਾ,
ਕਈਆਂ ਦੇ ਸਿਰ ਵੀ ਜਾਂਦੇ ਨੇ, ਕਈਆਂ ਦੇ ਸਰ ਵੀ ਜਾਂਦੇ ਨੇ
ਬੜਾ ਅਫ਼ਸੋਸ ਸੱਜਣਾਂ 'ਤੇ, ਬਦਲ ਗਏ ਗੈਰ ਦੇ ਆਖੇ
ਤੂੰ ਰੱਖ ਹੌਸਲਾ 'ਸਫ਼ਰੀ' ਕਈਆਂ ਦੇ ਮਰ ਵੀ ਜਾਂਦੇ ਨੇ