Punjabi Poetry : Bishan Singh Upashak
ਪੰਜਾਬੀ ਕਵਿਤਾਵਾਂ : ਬਿਸ਼ਨ ਸਿੰਘ ਉਪਾਸ਼ਕ
1. ਛੇਤੀ ਆ ਜਾ ਹਾਣੀਆ !
ਰੀਝਾਂ ਥੱਕ ਥੱਕ ਗਈਆਂ
ਅੱਖਾਂ ਪੱਕ ਪੱਕ ਗਈਆਂ
ਤੂੰ ਨਾ ਆਇਓਂ ਢੋਲਣਾਂ-
ਪੈਲੀਆਂ ਦੇ ਬੰਨੇ ਬੰਨੇ, ਘੁੱਗੀਆਂ ਦੇ ਜੋੜੇ ਚੰਨਾਂ
ਸੁਹਲ ਜਹੀ ਜੁਆਨੀ ਮੇਰੀ, ਪਾ ਗਿਆ ਵਿਛੋੜੇ ਚੰਨਾਂ
ਰੀਝਾਂ ਥੱਕ ਥੱਕ ਗਈਆਂ ।
ਪੈਲੀਆਂ ਦੇ ਬੰਨੇਂ ਬੰਨੇਂ, ਫੁੱਟੀਆਂ ਨੇ ਗੰਦਲਾਂ
ਤੇਰੀ ਜਦੋਂ ਯਾਦ ਆਵੇ, ਪੈਣ ਮੈਨੂੰ ਦੰਦਲਾਂ
ਰੀਝਾਂ ਥੱਕ ਥੱਕ ਗਈਆਂ।
ਪੈਲੀਆਂ ਦੇ ਬੰਨੇਂ ਬੰਨੇਂ, ਜਾਣ ਵੇ ਸਹੇਲੀਆਂ
ਚੁੱਪ ਨੇ ਚੁਬਾਰੇ ਤੇਰੇ, ਸੁੰਨ ਨੇ ਹਵੇਲੀਆਂ
ਰੀਝਾਂ ਥੱਕ ਥੱਕ ਗਈਆਂ ।
ਪੈਲੀਆਂ ਦੇ ਬੰਨੇਂ ਬੰਨੇਂ, ਚੁਗਦੇ ਨੇ ਕਾਗ ਵੇ
ਆਖਦਾ ਏ ਪਾਂਧਾ, ਤੈਨੂੰ ਕਿਸੇ ਦਾ ਵਿਰਾਗ ਵੇ
ਰੀਝਾਂ ਥੱਕ ਥੱਕ ਗਈਆਂ ।
ਪੈਲੀਆਂ ਦੇ ਬੰਨੇਂ ਬੰਨੇਂ, ਟਾਹਲੀਆਂ ਦੀ ਡਾਰ ਵੇ
ਤਾਂਘ ਮੈਨੂੰ ਤੇਰੀ, ਤੈਨੂੰ ਨੌਕਰੀ ਦਾ ਪਿਆਰ ਵੇ
ਰੀਝਾਂ ਥੱਕ ਥੱਕ ਗਈਆਂ
ਅੱਖਾਂ ਪੱਕ ਪੱਕ ਗਈਆਂ
ਛੇਤੀ ਆ ਜਾ ਹਾਣੀਆ।
('ਜਾਮ-ਸੁਰਾਹੀਆਂ' ਵਿਚੋਂ)
2. ਤੇਰੇ ਬਿਨਾਂ ਜੀਣ ਦਾ ਕੀ ਹੱਜ ਹਾਣੀਆ !
ਤੇਰੇ ਬਿਨਾਂ ਜੀਣ ਦਾ ਕੀ ਹੱਜ ਹਾਣੀਆ ?
ਜਦ ਲੈ ਕੇ ਬੈਠਾਂ ਚਰਖਾ
ਅੱਖੀਆਂ ਚੋਂ ਲਗ ਜਾਏ ਵਰਖਾ
ਮੈਂ ਫੜਦੀ ਹਾਂ ਜਦ ਪੂਣੀ
ਹੋਏ ਪੀੜ ਬਿਰਹੋਂ ਦੀ ਦੂਣੀ
ਟੁੱਟਦੀ ਏ ਤੰਦ ਨਾਲੇ ਤ੍ਰਕਲਾ ਵੀ ਕੰਬਦਾ !
ਝੰਬਣੀ ਦੇ ਵਾਂਙ ਦੁੱਖ ਜਿੰਦੜੀ ਨੂੰ ਝੰਬਦਾ !
ਖੂਹ ਵਿਚ ਪੈ ਗਈ ਮੇਰੀ ਲੱਜ ਹਾਣੀਆਂ
ਤੇਰੇ ਬਿਨਾਂ…
ਜਦ ਕੋਇਲ ਕੂ ਕੂ ਕੂਕੇ
ਮੇਰਾ ਤੱਤੜੀ ਦਾ ਲੂੰ ਲੂੰ ਫੂਕੇ
ਪੀ ਪੀ ਜਾਂ ਪਪੀਹਾ ਬੋਲੇ
ਮੇਰਾ ਡੋਲ ਵਾਂਗ ਮਨ ਡੋਲੇ
ਚੰਨ ਤਾਰੇ ਆਪੋ ਵਿਚੀਂ ਬਾਤਾਂ ਜਦੋਂ ਪਾਉਂਦੇ ਨੇ
ਓਦੋਂ ਤੇਰੇ ਹਾਸੇ ਤੇ ਦਿਲਾਸੇ ਚੇਤੇ ਆਉਂਦੇ ਨੇ
ਰੱਖਾਂ ਕਿਵੇਂ ਰੂਪ ਤਾਈਂ ਕੱਜ ਹਾਣੀਆਂ ?
ਤੇਰੇ ਬਿਨਾਂ...
ਪਈ ਰੋ ਰੋ ਕੇ ਦੁੱਧ ਰਿੜਕਾਂ
ਮੈਨੂੰ ਜਣੇ ਖਣੇ ਦੀਆਂ ਝਿੜਕਾਂ
ਲਾ ਲਾ ਕੇ ਝੂਠੇ ਲਾਰੇ
ਮੈਨੂੰ ਛਡ ਗਿਉਂ ਕੀਹਦੇ ਸਹਾਰੇ ?
ਗੀਤ ਬਣੇ ਹਉਕੇ ਤੇ ਜੁਆਨੀ ਜਾਪੇ ਸੱਖਣੀ
ਪਰ ਤੇਰੀ ਯਾਦ ਅਸੀਂ ਸਾਂਭ ਸਾਂਭ ਰੱਖਣੀ
ਜੀਂਣਾਂ ਕਾਹਦਾ ? ਜੀਣ ਦਾ ਏ ਪੱਜ ਹਾਣੀਆਂ ।
ਤੇਰੇ ਬਿਨਾਂ...
('ਉਪਾਸ਼ਨਾ' ਵਿਚੋਂ)
3. ਉਹ ਨੈਣ ਛਲੀਏ, ਉਹ ਨਕਸ਼ ਪਿਆਰੇ
ਉਹ ਨੈਣ ਛਲੀਏ, ਉਹ ਨਕਸ਼ ਪਿਆਰੇ,
ਮੇਰੇ ਖਿਆਲਾਂ ਤੇ ਛਾ ਗਏ ਨੇ,
ਦਿਖਾ ਕੇ ਜਲਵੇ, ਹਸਾ ਕੇ ਜਜ਼ਬੇ,
ਉਮਰ ਨੂੰ ਰੋਣਾ ਸਿਖਾ ਗਏ ਨੇ ।
ਉਨ੍ਹਾਂ ਨੇ ਤਕਿਆ ਮੈਂ ਝੂੰਮ ਉਠਿਆ,
ਉਨ੍ਹਾਂ ਬੁਲਾਇਆ ਤਾਂ ਉਡ ਪਿਆ ਮੈਂ,
ਉਠਾ ਕੇ ਧਰਤੀ ਤੋਂ ਤਨ ਦਾ ਪਿੰਜਰਾ,
ਹਵਾ ਤੇ ਮੈਨੂੰ ਬਠਾ ਗਏ ਨੇ ।
ਇਹ ਮਨ ਜੋ ਹਸਿਆ ਬਹਾਰ ਆਈ,
ਇਹ ਮਨ ਜੋ ਰੋਇਆ ਤਾਂ ਸੌਣ ਆਇਆ,
ਗ਼ਮਾਂ ਨੂੰ ਸਨ ਉਹ ਮੁਕਾਣ ਆਏ,
ਜਿਗਰ ਤੇ ਛੁਰੀਆਂ ਚਲਾ ਗਏ ਨੇ।
ਜੋ ਜਾਨ ਹੈ ਸੀ ਉਹ ਮੌਤ ਬਖਸ਼ੀ,
ਜੋ ਗੀਤ ਹੈ ਸਨ ਉਹ ਵੈਣ ਬਖਸ਼ੇ,
ਨਾ ਸਾਜ਼ ਰੂਹ ਦਾ ਖ਼ਮੋਸ਼ ਹੋਇਆ,
ਉਹ ਜਦ ਤੋਂ ਤਾਰਾਂ ਹਿਲਾ ਗਏ ਨੇ।
ਮੈਂ ਉਠ ਕੇ ਡਿਗਿਆ ਤੇ ਡਿਗ ਕੇ ਉਠਿਆ,
ਅਗਾਹਾਂ ਨੂੰ ਤੁਰਿਆ ਪਿਛਾਂ ਨੂੰ ਮੁੜਿਆ,
ਨ ਮਸਤ ਹਾਂ ਮੈਂ ਨ ਹੋਸ਼ ਵਿਚ ਹਾਂ,
ਉਹ ਐਸੀ ਮਦਰਾ ਪਿਲਾ ਗਏ ਨੇ ।
ਨਿਗਾਹ ਮੇਰੀ ਨੂੰ ਵਿਖਾ ਕੇ ਰਸਤਾ,
ਹਨੇਰੀਆਂ ਵਿਚ ਉਹ ਆਪ ਲੁਕ ਗਏ,
ਉਦੋਂ ਤੋਂ ਹੁਣ ਤਕ ਭਟਕ ਰਿਹਾ ਹਾਂ,
ਉਹ ਐਸੇ ਦੀਵੇ ਜਗਾ ਗਏ ਨੇ ।
ਮੈਂ ਜ਼ਿੰਦਗੀ ਦੀ ਨੁਹਾਰ ਨਹੀਂਉਂ,
ਮੈਂ ਜ਼ਿੰਦਗੀ ਦਾ ਮਜ਼ਾਕ ਹਾਂ ਅੱਜ,
ਇਹ ਦਿਲ ਨਹੀਂ ਹੈ, ਹੈ ਰਾਖ ਉਸਦੀ,
ਜੋ ਆਲ੍ਹਣਾ ਉਹ ਜਲਾ ਗਏ ਨੇ ।
ਕੀ ਕਲਮ ਮੇਰੀ ਕੀ ਮੇਰੀ ਸ਼ੋਹਰਤ,
ਕੀ ਮੇਰੀ ਹਸਤੀ ਤੇ ਕੀ 'ਉਪਾਸ਼ਕ',
ਸੀ ਮੈਂ ਜਿਨ੍ਹਾਂ ਨੂੰ ਪਿਆਰ ਕੀਤਾ,
ਉਹ ਮੈਨੂੰ ਸ਼ਾਇਰ ਬਣਾ ਗਏ ਨੇ ।
4. ਦੇਖ ਕੇ ਤੇਰੇ ਚਿਹਰੇ ਦਾ ਹਾਲਾ-ਗ਼ਜ਼ਲ
ਦੇਖ ਕੇ ਤੇਰੇ ਚਿਹਰੇ ਦਾ ਹਾਲਾ
ਰੋਜ਼ ਪੀਤਾ ਜ਼ਹਿਰ ਦਾ ਪਿਆਲਾ
ਮਾਰਦੇ ਮਰ ਗਏ ਨੇ ਜੀਣ ਜੋਗੇ
ਪਰ ਨਾ ਮਰਿਆ ਅਜੇ ਮਰਨ ਵਾਲਾ
ਪਲ ਦੀ ਪਲ ਹੈ ਹੁਸੀਨਾਂ ਦੀ ਰੌਣਕ
ਆਸ਼ਕਾਂ ਦਾ ਸਦਾ ਬੋਲ ਬਾਲਾ
ਮੈਂ ‘ਉਪਾਸ਼ਕ’ ਧੁਰੋਂ ਸਰਘੀਆਂ ਦਾ
ਕਰ ਰਿਹਾ ਹਾਂ ਨਵੀਂ ਦੀਪ ਮਾਲਾ
5. ਸੁਣੋ ਮੇਰੇ ਗ਼ਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ-ਗ਼ਜ਼ਲ
ਸੁਣੋ ਮੇਰੇ ਗ਼ਮ ਮੇਰੇ ਰਾਜ਼ਦਾਨਾਂ ਦੇ ਵਾਂਗੂੰ ।
ਹੁੰਗਾਰੇ ਭਰੋ ਮਿਹਰਬਾਨਾਂ ਦੇ ਵਾਗੂੰ ।
ਮੇਰੀ ਨਾਉ ਹੈ ਹੁਣ ਤੁਸਾਂ ਦੇ ਸਹਾਰੇ,
ਲੈ ਜਾਵੋ ਜ਼ਰਾ ਬਾਦਬਾਨਾਂ ਦੇ ਵਾਂਗੂੰ ।
ਮਿਰਾ ਹਰ ਹਰਫ਼ ਹੈ ਤਜਰਬੇ ਦਾ ਹੰਝੂ,
ਨਾ ਸਮਝੋ ਇਵੇਂ ਦਾਸਤਾਨਾਂ ਦੇ ਵਾਂਗੂੰ ।
ਤੁਸਾਂ ਦੇ ਦੁਆਰੇ ਤੇ ਡਿਗਿਆ ਹਾਂ ਆ ਕੇ,
ਦਿਉ ਸਹਾਰਾ ਪਾਸਬਾਨਾਂ ਦੇ ਵਾਂਗੂੰ ।
ਇਹਦੇ ਵਿਚ ਹਜ਼ਾਰਾਂ ਅਰਮਾਨ ਜਿਉਂਦੇ,
ਜੇ ਫੋਲੋ ਕਬਰ ਕਦਰਦਾਨਾਂ ਦੇ ਵਾਗੂੰ ।
ਉਹੀ ਫੁੱਲ ਲਾਂਬੂ ਬਣੇ ਮੈਂ ਜਿਨ੍ਹਾਂ ਨੂੰ,
ਰਿਹਾ ਵੇਖਦਾ ਬਾਗ਼ਬਾਨਾਂ ਦੇ ਵਾਂਗੂੰ ।
ਉਮਰ ਇਹ ਮੇਰੀ ਔੜ ਮਾਰੀ ਏ ਧਰਤੀ,
ਜੀ ਰਹਿਮਤ ਕਰੋ ਆਸਮਾਨਾਂ ਦੇ ਵਾਂਗੂੰ ।
ਮੈਂ ਜੀਉਂਦਾ ਰਿਹਾਂ ਉਮਰ ਭਰ ਲਾਰਿਆਂ 'ਤੇ,
ਉਹ ਔਂਦੇ ਰਹੇ ਬੇ-ਜ਼ਬਾਨਾਂ ਦੇ ਵਾਂਗੂੰ ।
'ਉਪਾਸ਼ਕ' ਹਾਂ ਤੇਰੇ ਰਹੇ ਆਖਦੇ ਉਹ,
ਤੇ ਮਿਲਦੇ ਰਹੇ ਹੁਕਮਰਾਨਾਂ ਦੇ ਵਾਂਗੂੰ ।
6. ਹੋਈਆਂ ਉਦਾਸ ਤੇਰੀਆਂ ਗਲੀਆਂ ਤੇਰੇ ਬਗੈਰ-ਗ਼ਜ਼ਲ
ਹੋਈਆਂ ਉਦਾਸ ਤੇਰੀਆਂ ਗਲੀਆਂ ਤੇਰੇ ਬਗੈਰ ।
ਰਾਹਵਾਂ ਗ਼ਮਾਂ ਨੇ ਮੇਰੀਆਂ, ਮੱਲੀਆਂ ਤੇਰੇ ਬਗੈਰ ।
ਤੇਰਾ ਖ਼ਿਆਲ ਹੀ ਰਿਹੈ, ਬਣਦਾ ਤੇਰਾ ਵਜੂਦ,
ਗੱਲਾਂ ਸਦਾ ਨੇ ਤੇਰੀਆਂ, ਚੱਲੀਆਂ ਤੇਰੇ ਬਗੈਰ ।
ਥਾਂ ਹੈ ਤੇਰੇ ਮਿਲਾਪ ਦੀ, ਵਰਖਾ ਵੀ ਹੋ ਰਹੀ,
ਕਣੀਆਂ ਵੀ ਹੈਨ ਅੱਗ ਦੀਆਂ, ਡਲੀਆਂ ਤੇਰੇ ਬਗੈਰ ।
ਹੈਰਾਨ ਹਾਂ ਬਹਾਰ ਹੈ ਆਈ, ਕਿ ਇਹ ਖ਼ਿਜ਼ਾਂ,
ਕੰਡਿਆਂ ਦੇ ਹਾਰ ਬਣ ਗਈਆਂ, ਕਲੀਆਂ ਤੇਰੇ ਬਗੈਰ ।
ਦਿਲ ਨੂੰ ਯਕੀਨ ਹੈ ਕਿ ਤੂੰ, ਔਣਾ ਨਈਂ, ਫੇਰ ਵੀ,
ਨਜ਼ਰਾਂ ਤੇਰੀ ਉਡੀਕ 'ਚ ਖਲੀਆਂ ਤੇਰੇ ਬਗੈਰ ।
ਯਾਦਾਂ ਵਫ਼ਾ ਦੀ ਕੈਦ ਵਿਚ, ਖ਼ੁਸੀਆਂ ਜਲਾਵਤਨ,
ਕੀ ਕੀ ਅਸਾਂ ਮੁਸੀਬਤਾਂ, ਝੱਲੀਆਂ ਤੇਰੇ ਬਗੈਰ ।
ਜੀਣਾ ਅਜਾਬ ਹੋ ਗਿਐ, ਨੀਂਦਾਂ ਹਰਾਮ ਨੇ,
ਮਲਦੇ ਨੇ ਖ਼ਾਬ ਗੋਰੀਏ, ਤਲੀਆਂ ਤੇਰੇ ਬਗੈਰ ।
7. ਨੇਕੀ ਕੋਈ ਨਾ, ਪਾਪ ਬਥੇਰੇ
ਨੇਕੀ ਕੋਈ ਨਾ, ਪਾਪ ਬਥੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ ।
ਇਕ ਮੇਰੀ ਜਿੰਦੜੀ ਦੁੱਖ ਨੇ ਹਜ਼ਾਰਾਂ,
ਦਿਲ ਦੇ ਟੁਕੜੇ ਖਾ ਲਏ ਯਾਰਾਂ ।
ਅਜ ਜਾਨ ਆਈ ਵਿਚ ਘੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ ।
ਤੜਫ ਤੜਫ ਮੈਂ ਦੇਵਾਂ ਲਿੱਲਾਂ,
ਚੁਫੇਰੇ ਭੌਂਦੀਆ ਗਿਰਜਾਂ ਇੱਲਾਂ,
ਕਾਵਾਂ ਨੇ ਮਲ ਲਏ ਬਨੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ ।
ਘੁੰਮਣ-ਘੇਰੀ ਸਾਗਰ ਖਾਰਾ,
ਟੁੱਟੀ ਕਿਸ਼ਤੀ ਦੂਰ ਕਿਨਾਰਾ,
ਹੁਣ ਵਸ ਨਾ ਰਹੀ ਗਲ ਮੇਰੇ,
ਕਿ ਤੇਰੀ ਮੈਨੂੰ ਓਟ ਮਾਲਕਾ ।
8. ਆਪਣੀ ਰਾਮ-ਕਹਾਣੀ
ਕਾਗ਼ਜ਼ ਨੂੰ ਮੱਕਾ ਮੰਨਿਆ, ਕਲਮ ਨੂੰ ਜਾਤਾ ਕਾਸ਼ੀ ।
ਸ਼ਕਲਾਂ ਤਕ ਤਕ ਵੰਨ ਸੁਵੰਨੀਆਂ; ਕਰਦਾ ਰਿਹਾ ਅਯਾਸ਼ੀ ।
ਮੰਨ-ਮੰਦਰ ਵਿਚ ਭਾਂਤ ਭਾਂਤ ਦੀਆਂ ਟੰਗਦਾ ਰਿਹਾ ਤਸਵੀਰਾਂ,
ਆਪਣੀ ਮਰਜ਼ੀ ਨਾਲ ਮੈਂ, ਢਾਹੁੰਦਾ ਘੜਦਾ ਰਿਹਾ ਤਕਦੀਰਾਂ ।
ਹਸਦਾ ਹਸਦਾ ਫੁੱਟ ਫੁੱਟ ਰੋਇਆ, ਵਹਿਸ਼ੀ ਅਤੇ ਜਨੂੰਨੀ ।
ਨਿਤ ਮੈਂ ਆਸ਼ਾਂ ਦਾ ਗਲ ਘੁਟਿਆ, ਆਪਣਾ ਆਪੇ ਈ ਖੂਨੀ ।
ਕਾਇਰਤਾ ਨੂੰ ਖੁਦ-ਦਾਰੀ ਕਹਿ ਕਹਿ, ਮਨ ਨੇ ਲਏ ਦਲਾਸੇ ।
ਜੱਗ ਦੇ ਤੀਰ ਅਨੇਕਾਂ ਖਾ ਕੇ, ਮੂੰਹ ਤੇ ਆਂਦੇ ਹਾਸੇ ।
9. ਵਾਹ ਮੇਰਾ ਪੰਜਾਬ
ਵਾਹ ਮੇਰਾ ਪੰਜਾਬ ਜੀਹਨੂੰ ਪਈ ਕੁਲ ਦੁਨੀਆਂ ਸਤਿਕਾਰੇ ।
ਮੇਰੇ ਦੇਸ਼ ਦੀ ਮਿੱਟੀ ਦੇ ਤਾਂ ਜ਼ਰੇ ਵੀ ਨੇ ਤਾਰੇ ।
ਕੜੀਆਂ ਜਿਹੇ ਜਵਾਨ ਜਿਥੋਂ ਦੇ, ਹਾਥੀਆਂ ਵਰਗੇ ਭਾਰੇ,
ਦਹਿਲ ਜਾਂਵਦੇ ਸ਼ੇਰਾਂ ਦੇ ਦਿਲ ਮਾਰਨ ਜਦ ਲਲਕਾਰੇ ।
ਨਾਨਕੀ ਵਰਗੀਆਂ ਭੈਣਾਂ ਜਿਥੇ, ਨਾਨਕ ਵਰਗੇ "ਪੂਰੇ",
ਪੂਰਨ ਵਰਗੇ ਜੋਗੀ ਜਿਥੇ, ਨਲੂਵੇ ਵਰਗੇ ਸੂਰੇ ।
ਏਸ ਦੇਸ਼ ਲਈ ਹਿਟਲਰ ਮੋਇਆ, ਟੋਜੂ ਖਾ ਗਿਆ ਹੂਰੇ ।
ਟੁੱਟ ਗਏ ਨੇ ਸੰਗਲ ਸਾਡੇ, ਗਏ ਬਦੇਸ਼ੀ ਬੂਰੇ ।
ਚੋ ਕੇ ਖੂਨ ਦਲ੍ਹੀਜ਼ਾਂ ਤੇ, ਆਜ਼ਾਦੀ ਨੂੰ ਸਤਿਕਾਰਾਂ ।
ਦੇਸ਼ ਪੰਜਾਬ ਦੀ ਧਰਤੀ ਉਤੋਂ, ਜੰਨਤ ਨੂੰ ਵੀ ਵਾਰਾਂ ।
10. ਡਿਗਦਾ ਇਖ਼ਲਾਕ
ਅਸਮਤ ਰੋਜ਼ ਪਿਆਲੀ ਅੰਦਰ ਘੁਲਦੀ ਰਹਿੰਦੀ ਏ ।
ਦਿਲ ਦੀ ਧੜਕਣ ਅੱਡੀਆਂ ਥਲੇ ਰੁਲਦੀ ਰਹਿੰਦੀ ਏ ।
ਭੇਸ ਬਦਲ ਕੇ ਨਿਤ ਵਪਾਰੀ ਆਉਂਦੇ ਰਹਿੰਦੇ ਨੇ ।
ਪਾਪ ਦੀ ਵਗਦੀ ਨਦੀ, ਦੇਵਤੇ ਨੌਂਦੇ ਰਹਿੰਦੇ ਨੇ ।
ਬੇ ਬਸੀਆਂ ਦਾ ਮੀਂਹ ਅਖਾਂ 'ਚੋਂ ਵਸਦਾ ਰਹਿੰਦਾ ਏ,
ਸੜੇ ਕਾਲਜਾ ਫਿਰ ਵੀ ਜੋਬਨ ਹਸਦਾ ਰਹਿੰਦਾ ਏ,
11. ਅਰਜ਼ੋਈ
ਮਲਕ ਭਾਗੋ ਨੂੰ ਜਿਵੇਂ ਸਨ ਭਾਗ ਲਾਏ,
ਭਾਈ ਲਾਲੋ ਦਾ ਕੀਤਾ ਉਧਾਰ ਬਾਬਾ ।
ਮੱਕਾ ਚਰਨਾਂ ਦੇ ਨਾਲ ਘੁਮਾ ਕੇ ਤੇ,
ਜਿਵੇਂ ਸੱਚ ਦੀ ਦਸੀ ਸੀ ਸਾਰ ਬਾਬਾ ।
ਜਿਵੇਂ ਜਗ ਦੇ ਕੜੇ ਕ੍ਰੋਧ ਤਾਈਂ,
ਦਿਤਾ ਸ਼ਾਂਤੀ ਨਾਲ ਤੂੰ ਠਾਰ ਬਾਬਾ ।
ਮੋਹਰ ਲਾਈ ਸੀ ਜਿਵੇਂ ਪਹਾੜ ਉਤੇ,
ਸਤਿਨਾਮ ਦਾ ਪੰਜਾ ਮਾਰ ਬਾਬਾ ।
ਮੱਥਾ ਰਖਿਆ ਤੇਰੀ ਚੁਗਾਠ ਉਤੇ,
ਨਾਲ ਰਿਹਾ ਹਾਂ ਹੱਥ ਪਸਾਰ ਬਾਬਾ ।
ਨਾ ਮੈਂ ਦੁੱਧ ਮੰਗਾਂ ਨਾਂ ਮੈਂ ਪੁਤ ਮੰਗਾਂ,
ਨਾ ਹੀ ਧੰਨ ਮੰਗਾਂ ਬੇਸ਼ਮਾਰ ਬਾਬਾ ।
ਮੇਰੀ ਬੜੀ ਤੋ' ਬੜੀ ਹੈ ਮੰਗ ਇਹੋ,
ਦੇਵੀਂ ਘੜੀ ਦੀ ਘੜੀ ਦੀਦਾਰ ਬਾਬਾ ।
ਆਪਣੇ ਰੰਗ ਦੇ ਵਿਚ ਮਲੰਗ ਕਰ ਕੇ,
ਨਾਲੇ ਬਖ਼ਸ਼ ਦੇ ਅਪਣਾ ਪਿਆਰ ਬਾਬਾ ।
ਬਣ ਕੇ ਤੇਰਾ 'ਉਪਾਸ਼ਕ' ਮੈਂ ਕਰਾਂ ਤਰਲੇ,
ਮੈਨੂੰ ਤਾਰ ਬਾਬਾ ! ਮੈਨੂੰ ਤਾਰ ਬਾਬਾ ।
12. ਦੋ ਜਹਾਨ ਵਾਲੀ ਦੀ ਤਲਵਾਰ
ਮਚਿਆ ਸੀ ਸ਼ੋਰ, ਘੋਰ, ਚਮਕੌਰ, ਜ਼ੋਰ ਵਿਚ,
ਠਕਾ ਠਕ ਤੇਗ ਉਤੇ ਤੇਗ ਹੈ ਸੀ ਚਲਦੀ ।
ਸਵਾ ਸਵਾ ਲੱਖ ਨਾਲ ਇਕ ਦਾ ਮੁਕਾਬਲਾ ਸੀ,
ਧਾੜਾਂ ਦੀਆ ਧਾੜਾਂ ਉਹਦੀ ਮਾਰ ਪਈ ਦੁਬੱਲਦੀ ।
ਸੀਨਿਆਂ ਨੂੰ ਚੀਰਦੀ ਤੇ ਸਿਰਾਂ ਨੂੰ ਉਛਾਲਦੀ ਪਈ,
ਨ੍ਹੇਰੀ ਵਾਂਗ ਥਲਾਂ ਨੂੰ ਉਥੱਲਦੀ ਪੁਥੱਲਦੀ ।
ਸ਼ੂਕ ਸ਼ੂਕ ਚੂਸਦੀ ਸੀ ਵੈਰੀਆਂ ਦਾ ਲਹੂ ਢੇਰਾਂ,
ਟਲ ਜਾਏ ਮੌਤ ਮਾਰ ਚੰਡੀ ਦੀ ਨਾ ਟਲਦੀ ।
ਘਨਾਂ ਨਨਾਂ ਬਦਲਾਂ ਦੇ ਵਾਂਗ ਸ਼ੇਰ ਗਜਦੇ ਤੇ,
ਛਨਾਂ ਨਨਾਂ ਨਨਾਂ ਸਨ ਤੇਗਾਂ ਛਣਕਾਰੀਆਂ ।
ਛਰਾ ਰਰਾ ਮਾਰ ਮਾਰ ਨੀਲੇ ਨੇ ਛੜੱਪੇ ਐਸੇ,
ਜੰਗ ਵਿਚ ਉਹਨੇ ਜਾਨਾ ਲਖਾਂ ਹੀ ਲਤਾੜੀਆਂ ।
ਸਰਾ ਹਰਾ ਛਡ ਤੀਰ ਪੀਰ ਦਸਮੇਸ਼ ਜੀ ਨੇ,
ਇਕੋ ਇਕ ਨਾਲ ਕਈ ਛਾਤੀਆਂ ਸੀ ਪਾੜੀਆਂ ।
ਡੌਰ ਭੌਰ ਠੋਰ ਠੋਰ ਵਿਚ ਹੋਏ ਦਲ ਜ਼ਾਲਮਾਂ ਦੇ,
ਗਿਦੜਾਂ ਦੇ ਤਾਈਂ ਮਾਨੋਂ ਪਾਈਆਂ ਸਨ ਭਾਰੀਆਂ ।
ਧੰਨ ਸੀ ਉਹ ਤੇਗ ਅਤੇ ਧੰਨ ਸੀ ਸੁਬੇਗ ਦੂਲਾ,
ਐਸੀ ਤਲਵਾਰ ਵਾਲਾ ਧੰਨ ਉਹ ਦਾਤਾਰ ਸੀ ।
ਧੰਨ ਸੀ 'ਉਪਾਸ਼ਕ' ਉਹ ਬਾਜ ਅਤੇ ਤਾਜ ਵਾਲਾ,
ਧੰਨ ਧੰਨ ਧੰਨ ਦਸਮੇਸ਼ ਤਲਵਾਰ ਸੀ ।
(ਇਸ ਰਚਨਾ ਦੀਆਂ ਕਈ ਕਵਿਤਾਵਾਂ ਅਧੂਰੀਆਂ ਹਨ,
ਜਿਸ ਕੋਲ ਪੂਰੀਆਂ ਕਵਿਤਾਵਾਂ ਹੋਣ, ਸਾਨੂੰ ਭੇਜ ਦੇਵੇ,
ਧੰਨਵਾਦੀ ਹੋਵਾਂਗੇ)