Punjabi Poetry : Bawa Budh Singh

ਪੰਜਾਬੀ ਕਵਿਤਾਵਾਂ : ਬਾਵਾ ਬੁਧ ਸਿੰਘ

1. ਭੇਟਾ

ਪ੍ਰੀਤਮ ਜੀ ! ਇਹ ਛੋਹ ਤੁਸਾਡੀ,
ਪਾਰਸ ਅਰਸ਼ੀ ਆਹੀ ।
ਖੋਲ ਕਪਾਟ ਕਾਵਯ ਦੇ ਦਿਤੇ,
ਰਬੀ ਰਮਜ਼ ਬੁਝਾਈ ।
ਬਿਰਹਾਂ, ਦਰਦ, ਏ ਸੋਚ ਉਡਾਰੀ,
ਬੇਹੱਦ ਦੇਸ ਇਸ਼ਕ ਤੋਂ ।
ਭੇਟ ਅਮੋਲਕ ਮੋਤੀ ਹੰਝੂ,
ਥਾਲ ਨੈਨਾਂ 'ਚਿ ਲਿਆਈ ।

2. ਰੂਪ

ਹੀਰ ਹੈ ਸੋਹਣੀ, ਡੰਡ ਜਗ ਸਾਰੇ,
ਤਾਂਹੀ ਰਾਂਝਣਾ ਝੰਗ ਸਿਧਾਇਆ ਈ ।
ਮੌਜੂ ਚੌਧਰੀ ਦਾ ਪੁਤ ਲਾਡ ਪਲਿਆ,
ਮਝੀ ਚਾਰ ਕੇ ਚਾਕ ਸਦਾਇਆ ਈ ।
ਵੇਖ ਖ਼ਵਾਬ ਅੰਦਰ ਰੂ ਯੂਸਫ਼ੇ ਦਾ,
ਬਿਰਹਾਂ ਉਮਰ, ਜ਼ੁਲੈਖ਼ਾਂ ਨੇ ਲਾਇਆ ਈ ।
ਏਹ ਰੂਪ ਤਾਂ ਠਗ ਜਹਾਨ ਦਾ ਏ,
ਮਾਇਆ ਰਬ ਦੀ ਰੰਗ ਵਿਖਾਇਆ ਈ ।
(੧੪ ਸਿਤੰਬਰ ੧੯੨੪)

3. ਮੁਸਕ੍ਰਾਹਟ

ਮਸਤੀ ਵਿਚ ਮੀਟੀ ਕਲੀ ਮੁਸ਼ਕ ਭਿੰਨੀ,
ਲੁਕੀ ਪੱਤਰੀਂ ਝਲਕ ਵਿਖਾ ਜਾਵੇ ।
ਵਾਉ ਸਵੇਰ ਦੀ ਪੰਖੜੀ ਆਨ ਖੋਲ੍ਹੇ,
ਨਾਹਤੀ ਹੰਸਣੀ ਖੰਬ ਫੁਲਾ ਜਾਵੇ ।
ਕਿਰਨ ਸਵੇਰ ਦੀ ਖੇਡ ਦੇ ਬਦਲਾਂ ਨੂੰ,
ਛੋਹ ਕੇ ਸੰਦਲੀ ਵੇਲ ਲਵਾ ਜਾਵੇ ।
ਜਿਵੇਂ ਸਜਣਾਂ ਦੀ ਮੁਸਕ੍ਰਾਹਟ ਜਾਣੋਂ,
ਨੇਹੀਆਂ ਮੋਇਆਂ ਨੂੰ ਆਨ ਜਵਾ ਜਾਵੇ ।
('ਫੁਲਵਾੜੀ' ਮਾਰਚ ੧੯੨੫)

4. ਨੈਨ

ਨੈਨ ਦੋ ਸੋਮੇ ਪ੍ਰੇਮ ਇਸ਼ਕ ਦੇ,
ਬਿਰਹਾਂ ਨੀਰ ਪਲੱਟੇ ।
ਨੂਰ ਇਲਾਹੀ ਲਿਸ਼ਕਾਂ ਮਾਰੇ,
ਕਦੀ ਤੱਕੇ ਕਦੀ ਛੱਪੇ ।
ਸੋਮਾਂ ਮੋੜ ਜੇ ਅੰਦਰ ਵੇਖੇ,
ਰੂਪ ਅਰੂਪ ਏ ਯੱਕੇ ।
ਜ਼ਾਹਿਰ ਬਾਤਨ ਸੱਜਨ ਵੇਖਾਂ,
ਨੈਨ, ਨੈਨੀ ਜਾ ਲੱਗੇ ।
('ਫੁਲਵਾੜੀ' ਮਾਰਚ ੧੯੨੫)

5. ਨੈਨ ਸਜਨ ਦੇ

ਨੈਨ ਸਜਨ ਦੇ ਹਸ ਹਸੰਦੇ,
ਤੇ ਕੋਹ ਕਰਦੇ ਦਿਲਬਰੀਆਂ ।
ਮਸਤ ਕਟੋਰੇ ਛਲਕਨ ਮਧ ਦੇ,
ਏਹ ਪ੍ਰੇਮ ਲਵਾਈਆਂ ਝੜੀਆਂ ।
ਖਿਚ ਖਿਚ ਬਾਨ ਅਗਨ ਦੇ ਮਾਰਨ,
ਮੈਂ ਖੜੀ ਖੜੋਤੀ ਸੜੀਆਂ ।
ਨਿੱਤ ਸੜਾਂ ਸੱਜਨ ਦੇ ਬਿਰਹਾਂ,
ਬਣ ਧੂੰ ਅਕਾਸ਼ੇ ਚੜ੍ਹੀਆਂ ।
ਨਿੱਤ ਏਹ ਨੈਨ ਵਸੀਂਦੇ ਦਿੱਸਨ,
ਤੇ ਨਿੱਤ ਇਹ ਘੈਲ ਕਰਾਵਨ ।
ਵੇਖਨ, ਕੋਹਿਨ, ਪਰੇ ਹਟ ਥੀਵਨ,
ਦੋ ਭੋਲੇ ਖੇਡ ਖਿਡਾਵਨ ।
ਨਾ ਏਹ ਤੋੜ ਨਿਭਾਵਨ ਜੋਗੇ,
ਤੇ ਨਾ ਛਡ ਜੀ ਨੂੰ ਜਾਵਨ ।
ਨੈਨਾਂ ਰਲ ਮਿਲ ਪਾਏ ਝਮੇਲੇ,
ਤੇ ਫਾਥੇ ਜੀ ਕੁਹਾਵਨ ।

6. ਪ੍ਰੇਮ

ਰੁੱਨੀ ਹੀਰ ਕਬਰ ਚੋਂ ਕੂਕੀ,
ਰੱਬਾ ਪ੍ਰੇਮ ਸਲਾਮਤ ਰੱਖੀਂ ।
ਸੀਸ ਦਿੱਤਾ, ਤਾਂ ਨੇਹੁੰ ਸੰਞਾਤਾ,
ਹੁਣ ਰੁਲਦਾ ਹੌਲੀਂ ਕੱਖੀਂ ।
ਨਾ ਕੋ ਪ੍ਰੀਤਮ, ਆਸ਼ਕ ਦਿਸੇ,
ਨਾ ਦਿਲ, ਨਾ ਦਿਲ ਗਾਹਿਕ ।
ਇਸ਼ਕ ਮੁਸ਼ਕ ਦੀ ਡੱਬੀ ਵਿਕਦਾ,
ਘੁਟ ਪੀਤਾ, ਵਨਗੀ ਚੱਖੀ ।
ਨਾਰ ਨਵੇਲੀ, ਮਰਦ ਨਵੇਲੇ,
ਫ਼ੈਸ਼ਨ ਦੇ ਨਿਤ ਬਰਦੇ ।
ਮਿਲ ਮਿਲ ਜੇੜ੍ਹੇ ਨੱਚਣ, ਗੁੜਕਣ,
ਏ ਬੇ-ਮੁਹਾਰੇ ਫਿਰਦੇ ।
ਪਤਿ ਪਤਨੀ, ਪਤ ਵੇਚਨ, ਵੇਖਨ,
ਤੇ ਘੁਟ ਜ਼ਹਿਰੀ ਚੁਪ ਭਰਦੇ ।
ਫ਼ੈਸ਼ਨ ਵਾਂਗੂੰ ਆਸ਼ਕ ਬਦਲੇ,
ਨਵ-ਪ੍ਰੀਤਮ ਰੰਗ ਧਰਦੇ ।
ਲੋਕਾ ! ਦੇਵਾਂ ਹੋਕਾ, ਸੁਣਿਓ,
ਹੀਰ ਚਾਕੇ ਦੀ ਬਰਦੀ ।
ਪੇਕੇ ਸਹੁਰੇ ਹੋਰ ਲੁਕਾਈ,
ਤਕ, ਤਕ, ਉਂਗਲ ਧਰਦੀ ।
ਤੋੜਨ ਜੁੱਸੇ ਖੁਸ਼ੀ ਮਨਾਵਨ,
ਪ੍ਰੀਤ ਨ ਟੁੱਟੇ ਜ਼ੋਰੀਂ ।
ਨਾਲ ਚਾਕੇ ਮੈਂ ਅਰਸ਼ੀਂ ਫਿਰਦੀ,
ਨਿਤ ਖੁਸ਼ੀਆਂ ਦਮ ਭਰਦੀ ।
ਇਸ਼ਕ ਅਲਾਹ ਦੀ ਜ਼ਾਤ ਪਛਾਤੀ,
ਰੱਬ ਆਪ ਇਸ਼ਕ ਹੋ ਵਹਿੰਦਾ ।
ਆਸ਼ਕ ਪ੍ਰੀਤਮ ਸੜਨ ਬ੍ਰਿਹਾ ਵਿਚ,
ਤਪਸ਼ ਰੱਬੀ ਜਗ ਕਹਿੰਦਾ ।
ਇਸ਼ਕ ਬਿਨਾਂ ਜਗ ਫਿਟਾ ਜਾਣੋ,
ਕੀ ਨੇਕੀ ਕੀ ਬਦੀਆਂ ।
ਰਾਮ ਭੁਖਾ ਭਗਤੀ ਦਾ ਆਖਣ,
ਰੱਬ ਪ੍ਰੇਮ ਬੰਦੇ ਦਾ ਵਿੰਹਦਾ ।
ਜਲਵਾ ਵਿਚ ਖੂਬਾਂ ਦੇ ਉਸਦਾ,
ਉਹੀ ਸੁਣ੍ਹਪ ਸਦਾਵੇ ।
ਇਕ ਦਿਲ ਰੂਪ ਮੁਆਤਾ ਬਾਲੇ,
ਭਾਹ ਦੂਏ ਦਿਲ ਲਾਵੇ ।
ਇਕ ਅਗ ਦੁਈ ਤਪਸ਼ ਅਗੇ ਦੀ,
ਕੀਕਣ ਵਖ ਕਰਾਈਏ ।
ਪ੍ਰੀਤਮ ਆਸ਼ਿਕ ਖੇਡ ਰਬਾਨੀ,
ਰੱਬ ਈ ਇਸ਼ਕ ਅਖਾਵੇ ।

7. ਇਸ਼ਕ ਦੀ ਸਾਰ

ਜੀ ਦਈਏ ਤਾਂ ਜੀ ਨੂੰ ਪਾਈਏ,
ਦੇਕਰ ਲੈ ਵਡਿਆਈ ।
ਜਾਨ ਦੀਵੇ ਤੇ ਦਏ ਪਤੰਗਾ,
ਸਾਰ ਇਸ਼ਕ ਦੀ ਪਾਈ ।
ਉਡ ਉਡ ਬੁਲਬੁਲ ਮੂਰਖ ਫਿਰਦੀ,
ਦੇਖ ਫੁਲਾਂ ਨੂੰ ਚਹਿਕੇ ।
ਪਤਝੜ ਹੋਈ, ਗਈ ਛੱਡ ਬਾਗ਼ਾਂ,
ਕੀ ਇਸ ਯਾਰੀ ਲਾਈ ?
('ਫੁਲਵਾੜੀ' ਮਈ ੧੯੨੫)

8. ਪ੍ਰੀਤ ਨਹੀਂ ਲੁਕਦੀ

ਵਿਚ ਸ਼ੀਸ਼ਿਆਂ ਭੌਰ ਨਾ ਮੂਲ ਸੋਹਵਨ,
ਉਡ ਆਂਵਦੇ ਫੁਲਾਂ ਦੀ ਬਾਸ ਉਤੇ ।
ਬੁਲਬੁਲ ਪਿੰਜਰੇ ਵਿਚ ਨਾ ਮੂਲ ਟਹਿਕੇ,
ਦਿਲ ਅਟਕਿਆ ਫੁਲਾਂ ਦੀ ਫਾਂਸ ਉਤੇ ।
ਕੰਧਾਂ ਕੋਠਿਆਂ ਪ੍ਰੀਤ ਨਾ ਲੁਕੀ ਰਹਿੰਦੀ,
ਪਹਿਰੇ ਲਖ ਹੋਵਨ ਆਸ ਪਾਸ ਉਤੇ ।
ਹਰੀ ਬੁਧ, ਲੈ ਆਸ਼ਕਾਂ ਦਰਸ ਦੇਨਾ,
ਜੇਹੜੇ ਜੀਉਂਦੇ ਪ੍ਰੀਤ ਦੀ ਆਸ ਉਤੇ ।
ਮਿਲੀਏ ਜਦ ਉਸ ਵਸਤ ਨੂੰ, ਜਿਸ ਦਾ ਜੀ ਵਿਚ ਚਾਇ ।
ਛਿਨ ਮਾਤਰ ਜੀ ਸੁਖ ਹੈ, ਫਿਰ ਦੁਖਾਂ ਦੇ ਭਾਇ ।

9. ਪ੍ਰੇਮ ਦੇ ਰਾਹ

ਜ਼ਖ਼ਮ ਸਹਿਵਨੇ ਤੇ ਨਾਹੀਂ 'ਹਾ' ਕਰਨੀ,
ਏਹੀ ਸਜਨਾਂ ਪ੍ਰੇਮ ਦੀ ਰਾਹ ਜਾਨੀ ।
ਅੰਦਰ ਧੁਖਣ ਧੂੰਏਂ, ਜਾਲ ਸੁਆਹ ਕਰਦੇ,
ਮੂੰਹੋਂ ਕਢਣੀ ਮੂਲ ਨਾ ਆਹ ਜਾਨੀ ।
ਸਾਨੂੰ ਕੋਂਹਵਦੇ ਨਾਲ ਅਦਾ ਸੋਹਣੀ,
ਹੁਕਮ ਬੋਲਨੇ ਦਾ ਨਹੀਂ ਵਾਹ ਜਾਨੀ ।
ਪ੍ਰੇਮ ਕੁਠਿਆਂ ਦੀ ਡਰੀਂ ਆਹ ਕੋਲੋਂ,
ਮਤਾਂ ਕਰ ਦਏ ਜਗ ਫਨਾਹ ਜਾਨੀ ।
(੨ ਮਾਰਚ ੧੯੨੧)

10. ਪ੍ਰੀਤਮ ਛੋਹੁ

ਰਾਤੀਂ ਸੁਪਨੇ ਅੰਦਰ ਸਈਓ !
ਮਾਹੀ ਦਰਸ ਵਿਖਾਇਆ ।
ਅੰਗ ਛੁਹਾਇਆ, ਰੌ ਬਿਜਲੀ ਵਤ,
ਸਾਰੇ ਲਰਜ਼ਾ ਪਾਇਆ ।
ਕਰਾਮਾਤ ਕੀ ਛੋਹ ਵਿਚ ਅੜੀਓ,
ਨਾ ਜਾਣਾਂ, ਰੱਸ ਰੱਬੀ ।
ਜ਼ੱਰਾ ਜ਼ੱਰਾ ਜਿਸਮ ਮਿਰੇ ਦਾ,
ਖਿੱਚ ਮਾਹੀ ਤੜਪਾਇਆ ।

('ਫੁਲਵਾੜੀ' ਮਈ ੧੯੨੫)

11. ਹੀਰ ਮਾਂ ਨੂੰ

ਸਾਨੂੰ ਮੋੜ ਨਾ ਪ੍ਰੇਮ ਦੀ ਰਾਹ ਉਤੋਂ,
ਸਾਨੂੰ ਮਾਏ ਕਾਨੂੰਨ ਸੁਨਾ ਨਾਹੀਂ ।
ਸਾਨੂੰ ਸ਼ਰ੍ਹਾ ਦਾ ਖੌਫ਼ ਦਵਾ ਅੜੀਏ,
ਸੋਹਣੇ ਯਾਰ ਤੋਂ ਮੁਖ ਮੁੜਾ ਨਾਹੀਂ ।
ਜਿਥੇ ਨੇਹੁੰ ਲੈ ਧੁਰਾਂ ਤੋਂ ਆਨ ਲਗੀ,
ਹੁਣ ਮੁੜਨ ਔਖਾ, ਨੀ ਭਰਮਾ ਨਾਹੀਂ ।
ਸਚੇ ਰਾਹ ਤੇ ਦੁਖ ਅਨੇਕ ਦੇ ਲੈ,
ਮੁੜਸਾਂ ਮੂਲ ਨਾ, ਨੇਹੁੰ ਕੁਰਾਹ ਨਾਹੀਂ ।

12. ਬਿਰਹਾਂ-1

ਫਟ ਇਸ਼ਕ ਦੇ ਡੂੰਘੇ ਯਾਰੋ,
ਬਾਹਰੋਂ ਦਿੱਸਣ ਨਾਹੀਂ ।
ਮਲ੍ਹਮ ਪੱਟੀ ਨਾ ਵਲ ਕਰਾਵੇ,
ਮੂਰਖ ਵੈਦ ਸਦਾਈਂ ।
ਜਿਉਂ ਜਿਉਂ ਬਿਰਹਾਂ ਜ਼ਖ਼ਮ ਉਚੇੜੇ,
ਮਜ਼ਾ ਆਸ਼ਕ ਨੂੰ ਆਵੇ ।
ਹਰੀ ਬੁਧ, ਜੋ ਮਜ਼ਾ ਇਸ਼ਕ ਵਿਚ,
ਨਾ ਉਹ ਮੇਲ ਕਿਦਾਈਂ ।

13. ਬਿਰਹਾਂ-2

ਵਾਰ ਘਤਾਂ ਮੈਂ ਆਪਾ ਇਸਤੋਂ,
ਜੋ ਯਾਦ ਯਾਰ ਦੀ ਦੱਸੇ ।
ਮੈਂ ਰੋ ਰੋ ਝੜੀਆਂ ਲਾਵਾਂ ਸਾਵਨ,
ਉਹ ਸੁਖ ਸੁਖਾਈਂ ਵਸੇ ।
ਬਿਰਹਾਂ ਮੇਰਾ, ਮੈਂ ਬਿਰਹਾਂ ਦੀ,
ਪ੍ਰੇਮ ਗਵਾਈ ਦੂਈ ।
ਨਿਤ ਦੀ ਖਿਚ, ਮਾਹੀ ਦੀ ਕੁੰਡੀ,
ਜੋੜ ਜਾਨੀ ਵਲ ਰਖੇ ।

14. ਬਿਰਹਾਂ-3

ਬਿਰਹਾਂ ਵਿਚ ਬਿਰਆਨੀ ਹੋਵੇ,
ਤੇ ਸੋਜ਼ ਅੰਦਰ ਏ ਜਲਨਾ ।
ਇਕ ਕਬਾਬ ਸੀਖਾਂ ਤੇ ਤਿੜਕਨ,
ਸ਼ਮਾਂ ਦੂਜੇ ਘੁਲ ਘੁਲ ਗਲਨਾ ।
ਨਿਤ ਉਡੀਕ ਪ੍ਰੀਤਮ ਦੀ ਹੋਵੇ,
ਤੇ ਸੁਆਦ ਦਰਦ ਦੇ ਸੋਹਣੇ ।
ਦੋ ਮਿਲ ਇਕ ਨਾ ਹੋਵਨ ਬਿਨ ਤਾ,
ਏਹ ਰਬੀ ਤਪਸ਼ ਈ ਮਿਲਨਾ ।

15. ਬਸੰਤ-1

ਆਯਾ ਏ ਬਸੰਤ ਅੜੀਓ, ਛੋਹਿਆ ਏ ਬੇਅੰਤ ਅੜੀਓ,
ਰਚਨਾ ਫੁਟੰਤ ਅੜੀਓ, ਚਾਉ ਜੀਆ ਜੰਤ ਨੂੰ ।
ਅੰਬਾਂ ਦੀ ਡਾਲ ਮੰਜਰੀ, ਕਰਣੇ ਦੀ ਕਲੀ ਸੱਜਰੀ,
ਆਸ਼ਕਾਂ ਦੀ ਨੇਹੁੰ ਪੰਘਰੀ, ਚਾਉ ਵਾ ਚਲੰਤ ਨੂੰ ।
ਵਾਉ ਪਿਆਰੀ ਨੀ ਸਰਕੇ, ਬੁਝੀ ਅੱਗ ਫੇਰ ਭੜਕੇ,
ਜੋਬਨੇ ਦਾ ਨੂਰ ਤੜਕੇ, ਕਾਮਣਿ ਜਾਗੰਤ ਨੂੰ ।
ਜਗ ਨੂੰ ਬਸੰਤ ਅੜੀਓ, ਭਾਗਿਨਾਂ ਮਿਲੰਤ ਅੜੀਓ,
ਪਾਸ ਨਹੀਂ ਕੰਤ ਅੜੀਓ, ਕਰਾਂ ਕੀ ਬਸੰਤ ਨੂੰ ।
('ਕਵੀ' ਅਪ੍ਰੈਲ, ੧੯੨੭, ਮੰਜਰੀ=ਬੂਰ,
ਕਰਣਾ=ਨਿੰਬੂ ਜਾਤੀ ਦੇ ਬੂਟੇ)

16. ਬਸੰਤ-2

ਹੁਣ ਆਈ ਰੁਤ ਬਸੰਤ ਦੀ,
ਏ ਸਦਾ ਪਿਆਰੇ ਕੰਤ ਦੀ ।
ਏ ਜਿੰਦ ਜੀਆ ਜੰਤ ਦੀ,
ਸੁਰ ਰਾਗ ਏ ਬਿਅੰਤ ਦੀ ।
ਹੁਣ ਖੋਲ ਅੱਖਾਂ ਜਾਗ ਨੀ,
ਰੰਗ ਵੇਖ ਸੁਨ ਸਹੁ ਰਾਗ ਨੀ ।
ਵਾ ਦੌੜੀ ਦੌੜੀ ਆਉਂਦੀ,
ਕੀ ਸੋ ਏਹ ਲਿਆਉਂਦੀ ।
ਕੀ ਗੁਪਤ ਗਲ ਸੁਨਾਉਂਦੀ,
ਕੰਨ ਕਲੀਆਂ ਨਾਲੇ ਲਾਉਂਦੀ ।
ਜਾਨ ਪੈ ਗਈ ਬਾਗ ਨੀ,
ਉਠ ਕੁੜੇ ਤੂੰ ਜਾਗ ਨੀ ।
ਲਹੂ ਨਵਾਂ ਵਿਚ ਨਾੜੀਆਂ,
ਲਾਲ ਊਦੀ ਅੱਖੀਆਂ ।
ਵਿਚ ਬੂਟਿਆਂ ਕਿਆਰੀਆਂ,
ਫੁੱਟਨ ਏਹ ਰੂਪਾਰੀਆਂ ।
ਕੀ ਨਾਗਾਂ ਨੇ ਕਢੀਆਂ,
ਸਿਰੀਆਂ ਅੱਖਾਂ ਟੱਡੀਆਂ ।
ਹੁਣ ਜੋਸ਼ ਆਇਆ ਅੰਬ ਨੀ,
ਡਾਲੀਆਂ ਤੋਂ ਮੰਜਰੀ ।
ਏ ਮੁਸ਼ਕ ਭਿੰਨੀ ਭਿੰਨੜੀ,
ਕਿਉਂ ਮਿਚਦੀ ਏ ਜਿੰਦੜੀ ।
ਕਿਸ ਛੋਹੀ ਤਾਰ ਪਿਆਰ ਦੀ,
ਗੁੱਝੇ ਇਸ਼ਕ ਸਤਾਰ ਦੀ ।
ਕੀ ਮਿੱਟੀ ਸੋਨਾ ਹੋ ਗਈ,
ਪੈਲੀਆਂ ਸਰ੍ਹਿਓਂ ਖਿੜੀ ।
ਰੁੱਤ ਬਸੰਤੀ ਆ ਵੜੀ,
ਡਾਲੀ ਡਾਲੀ ਨੀ ਕਲੀ ।
ਖਿੜ ਖਿੜਾ ਕੇ ਹਸਦੀਆਂ,
ਪਾ ਪੁਸ਼ਾਕਾਂ ਚਿੱਟੀਆਂ ।
ਗੁਲਾਬ ਨੇ ਸਿਰੇ ਚਾਇਆ,
ਚੀਰਾ ਲਾਲ ਬੰਨ੍ਹਾਇਆ ।
ਤਲਵਾਰ ਬੰਨ੍ਹ ਲੱਕ ਆਇਆ,
ਲਾੜਾ ਰੂਪ ਸਵਾਇਆ ।
ਸਬਜ਼ੇ ਦਾ ਅਸਵਾਰ ਨੀ,
ਤੂੰ ਤੱਕ ਅੱਖ ਉਘਾੜ ਨੀ ।
ਕੋਮਲ ਕੋਮਲ ਪੱਤੀਆਂ,
ਕੀ ਪਿਆਰੇ ਪੱਤੀਆਂ ।
ਸਬਜ਼ ਜੋੜੇ ਰੱਤੀਆਂ,
ਸਿਰ ਪੈਰ ਤਾਈਂ ਮੱਤੀਆਂ ।
ਮਸਤ ਹੁਲਾਰੇ ਲੈਂਦੀਆਂ,
ਬੁੱਢੇ ਖ਼ਿਜ਼ਰ ਨੂੰ ਕੈਂਹਦੀਆਂ ।
ਘਰ ਘਰ ਖੁਸ਼ੀਆਂ ਚਾਉ ਵੇ,
ਨੱਚਨ ਕੁਦਨ ਭਾਉ ਵੇ !
ਜੋਬਨ ਜੀ ਪਰਚਾਉ ਵੇ,
ਭੌ ਬੁਢੇਪੇ ਲਾਉ ਵੇ ।
ਆਇਆ ਜੁਆਨੀ ਨੂਰ ਵੇ,
ਨਸੀਹਤਾਂ ਹੁਨ ਦੂਰ ਵੇ ।
ਸੁਨ ਖ਼ਿਜਰ ਏ ਭੱਜ ਗਿਆ,
ਜੋਬਨ ਜੁਆਨੀ ਸਜ ਗਿਆ ।
ਵਾਜਾ ਖੁਸ਼ੀ ਦਾ ਵਜ ਗਿਆ,
ਡਰ ਓਪਰੇ ਦਾ ਭੱਜ ਗਿਆ ।
ਰੂਹਾਂ ਸੁਰਗੋਂ ਤਰੁਠੀਆਂ,
ਆ ਜ਼ਿਮੀ ਤੇ ਢੱਠੀਆਂ ।
ਪਾੜ ਬੁਰਕੇ ਦੌੜੀਆਂ,
ਬਾਗ ਦੀਆਂ ਲਾੜੀਆਂ ।
ਮੂੰਹ ਖੋਲ ਦੰਦੋਂ ਬੋਲੀਆਂ,
ਕਲੀਆਂ ਕੁਆਰੀ ਮੋਤੀਆਂ ।
ਮੁਸ਼ਕ ਨਾਫੇ ਖੁਲ੍ਹ ਗਏ,
ਓਸ ਪਿਆਲੇ ਡੁਲ੍ਹ ਗਏ ।
ਆਂਵਦਾ ਨੀ ਆਂਵਦਾ,
ਦਿਲ ਦਾ ਮੈਹਰਮ ਆਂਵਦਾ ।
ਰਗ ਰਗ ਤਾਰ ਵਜਾਂਵਦਾ,
ਮੋਈ ਜਾਨ ਜੁਆਂਵਦਾ ।
ਸਾਜ਼ ਨੂੰ ਰੰਗ ਸਾਜ਼ ਦਾ,
ਯਾਰ ਦਾ ਹਮਰਾਜ ਦਾ ।
ਉਠ ਕੁੜੇ ਤੱਕ ਆ ਗਏ,
ਕੀ ਸ਼ਹੁ ਬਸੰਤ ਸੁਹਾ ਗਏ ।
ਰੱਬੀ ਕਿਰਨ ਛੁਆ ਗਏ,
ਸਾਰਾ ਰੰਗ ਵਟਾ ਗਏ ।
ਏ ਬੇਰੰਗ ਰੰਗ ਸਜਾਇਆ,
ਇਸ਼ਕੇ ਰਾਜ ਦੁਆਇਆ ।
('ਪ੍ਰੀਤਮ' ਮਾਰਚ, ੧੯੨੬, ਸਦਾ=ਆਵਾਜ਼,
ਸੋ=ਸੂਚਨਾ,ਜਾਣਕਾਰੀ, ਮੰਜਰੀ=ਬੂਰ, ਸਬਜ਼ਾ=
ਹਰਿਆਲੀ, ਪੱਤੀਆਂ=ਪਾਤੀਆਂ,ਚਿੱਠੀਆਂ,
ਓਸ=ਤ੍ਰੇਲ)

17. ਗਰਮੀਆਂ

ਵਿਚ ਮੈਦਾਨਾਂ ਗਰਮੀਆਂ ਇਹ ਸਤਾਂਦੀਆਂ,
ਹਾ ਹਾ ਗਰਮੀ ਵਾ ਵਾ ਗਰਮੀ ਤੇਜੀਆਂ ।
ਪਿੱਤਾਂ ਸੂਈਆਂ ਚੋਭ ਤੜਫਾਂਦੀਆਂ,
ਨੂਰ ਸੋਹਲੇ, ਨਾਰ ਦੀ ਅੱਖ ਬਾਜ਼ੀਆਂ ।
ਤਾ ਡਾਕੂ ਜ਼ੋਰੀ ਕੱਪੜੇ ਲੁਹਾਵੰਦਾ,
ਇਕ ਨਜ਼ਰ ਦੇ ਨਾਲ ਕਰਦੀ ਘੈਲ ਈ ।
ਹੇਠ ਉਤੇ ਅੱਗ ਦੇਹ ਭੁਨਾਵੰਦੀ,
ਝਾਲ ਝੱਲ ਨਾ ਸੱਕੇ ਇਸ ਦੀ ਕੋਈ ਵੀ ।
ਚੈਨ ਰਾਤੀਂ ਨਾ ਦਿਨੇ ਈ ਆਵੰਦੀ,
ਲੁਕਦੀ ਫਿਰਦੀ ਨੱਠ ਲੁਕਾਈ ਭੋਰ ਦੀ ।
ਲਹੂ ਮੁੜ੍ਹਕਾ ਬਣ ਉੱਡ ਹੈ ਗਿਆ,
ਕਿਸਮਤ ਵਾਲੇ ਕਈ ਪਰਬਤ ਨੱਠ ਗਏ ।
ਪਿੰਡਾ ਪੱਤਝੜ ਵਾਂਗ ਪੱਤੇ ਝੜ ਗਿਆ,
ਠੰਢਾ ਲੈ ਕੇ ਸਾਹ ਇਸ ਤੋਂ ਬਚ ਗਏ ।
('ਪ੍ਰੀਤਮ' ਜੁਲਾਈ, ੧੯੨੭, ਤਾ=
ਗਰਮੀ ਦਾ ਸੇਕ, ਭੋਰ=ਸਵੇਰ)

18. ਮੀਂਹ ਜ਼ਿੰਦਗੀ ਦਾ ਸੋਮਾ

ਮੀਂਹ ਵੱਸੇ ਰਚਨਾ ਹੱਸੇ, ਜੋਬਨ ਰੁਖੀਂ ਆਵੇ ।
ਗਰਮੀ ਸਾੜੀ ਫੁੱਲ ਕਿਆਰੀ, ਖਿੜ, ਠੰਢੇ ਸਾਹ ਉਭਾਰੇ ।
ਇਹ 'ਜੀ' ਦੇਵਨ-ਹਾਰੀ ਬਰਖਾ, ਜਾਣੀ 'ਜਾਨ' ਨਿਸ਼ਾਨੀ ।
ਧਰਤ ਵਿਚੋਂ ਉਡਨ ਪੰਖੀੜੇ, ਨਰ ਨਾਰੀ ਮੇਲ ਪਿਆਰੇ ।

ਜੁ ਗਰਮੀ ਜਿਗਰ ਜ਼ਿਮੀਂ ਵਿਚ ਲੱਧੀ, ਮੀਂਹ ਬਿਰਹਾਂ ਵਿਚਿ ਸੜਦੀ ।
ਕਦ ਉਹ ਬੂੰਦ ਪਏ ਅਰਸ਼ਾਂ ਵਾਲੀ, ਕਲੀ ਅੰਦਰ ਦੀ ਖਿੜਦੀ ।
ਰਹਿਮਤ ਹੋਈ ਯਾਰ ਦੀ, 'ਵਸਿਆ', ਹੁਣ ਤ੍ਰੇਹ ਮਿਲਨ ਦੀ ਬੁੱਝੀ ।
ਫੁਟ ਫੁਟ ਜਾਨ 'ਕੁਖਾਂ' ਚੋਂ ਨਿਕਲੇ, ਜਦ ਘਟਾ ਖਸਮ ਦੀ ਵਰ੍ਹਦੀ ।
('ਕਵੀ' ਅਗਸਤ, ੧੯੨੭)

19. ਗਰਮੀਆਂ ਦਾ ਪਹਿਲਾ ਮੀਂਹ

ਹਿਰਦਾ ਖਿੜੇ ਚਕੋਰ ਦਾ, ਜਦ ਚੰਨ ਨੂੰ ਪੇਖੇ,
ਮ੍ਰਿਗ-ਤ੍ਰਿਸ਼ਨਾ ਮੋਹਿਆ ਹਿਰਨ ਜਿਉਂ ਜਲ ਵੇਖ ਸੁਲੇਖੇ ।
ਪ੍ਰੀਤਮ ਦਰਸ਼ਨ ਬਿਰਹਨੀ, ਜਿਉਂ ਠੰਢ ਕਲੇਜੇ ।
ਗਰਮੀ ਸੜੀ ਬਨਾਸਪਤ, ਮੂੰਹ ਮੀਂਹ ਦਾ ਵੇਖੇ ।

ਤਾ ਤਾ ਕਰਦੇ ਆਦਮੀ ਜਲ ਕੁੱਖੀਂ ਬਹਿੰਦੇ ।
ਲੂਆਂ ਸਾੜੇ ਡੰਗਰ ਆ, ਤਲ ਰੁੱਖੀਂ ਰਹਿੰਦੇ ।
ਸੂਰਜ ਅੱਗ ਵਸਾਂਵਦਾ, ਸਾੜ ਬੰਦੇ ਸਹਿੰਦੇ ।
ਜੇਕਰ ਵੱਸੇ ਮੀਂਹ, ਧੰਨ, ਧੰਨ ਸੱਭੇ ਕਹਿੰਦੇ ।

ਬਰਖਾ ਬਖਸ਼ਸ਼ ਰੱਬ ਦੀ, ਘੋਲ ਮੇਹਰ ਕਰਾਵੇ ।
ਸੜਦੀ ਹਿੱਕ ਇਹ ਧਰਤ ਦੀ, ਜੀ ਠੰਢ ਪੁਵਾਵੇ ।
ਜੀਊ ਦਾਤਾ ਇਹ ਮੀਂਹ ਹੈ, ਇਹ ਖਾਲਕ ਜਾਨੋ ।
ਬਿਨ ਹਰਕਤ ਬੀਆਂ ਜਾਨ ਪਾ, ਇਹ ਆਨ ਉਗਾਵੇ ।

ਉੱਠ ਮਨੁੱਖਾ ਸੁੱਤਿਆ, ਬਨ ਖਾਲਕ ਭਾਰਾ ।
ਚੇਤਨ ਵਸਤੂ ਹੋਇ ਕੇ, ਕਿਉਂ ਬਣੇ ਨਿਕਾਰਾ ?
ਜੀ ਦਾਤਾ ਬਣ ਜਗਤ ਦਾ, ਉੱਚ ਆਦਮ ਉਗੇ,
ਨਵ ਹਰਕਤ ਜ਼ੱਰੇ ਵਿਚ ਪਾ, ਜਗ ਲਰਜ਼ੇ ਸਾਰਾ ।
('ਮੌਜੀ' ੯ ਜੁਲਾਈ, ੧੯੨੮)

20. ਮੀਂਹ ਤੇ ਭੁਆਰ ਬਾਗ ਦੀ ਬਹਾਰ

ਮੀਂਹ ਵਸੇ ਤਾਂ ਜਗ ਵਸੇ, ਸੋਹਣੇ ਫੁੱਲ ਸੁਹਾਣ,
ਫੂਹੀਆਂ ਇਹ ਠੰਡਿਆਲੀਆਂ, ਤਪਦੇ ਠੰਢ ਪੁਵਾਣ ।
ਵਿਚ ਵਿਛੋੜੇ ਕਾਮਣਾ, ਨੈਣੀ ਝੜੀ ਲਵਾਣ,
ਪੀ ਪ੍ਰਦੇਸੀ, ਵੇਖ ਝੜ, ਬਿਰਹਾਂ ਅਗਨ ਤਪਾਣ ।੧।

ਹਸ ਭੁਆਰੇ ਠੰਢੀਏ, ਮੋਤੀ ਨਾਹੀਂ ਖਲੇਰ,
ਮੈਂ ਨੈਣੀ ਛਹਿਬਰ ਲਾਇਆ, ਝੋਲੀ ਮੋਤੀ ਢੇਰ ।
ਕਲੀਏ ਨੀ ਰਸ ਭਿੰਨੀਏਂ, ਹਰੇ ਨਾ ਜ਼ਖ਼ਮ ਉਚੇੜ,
ਪੀ ਪ੍ਰਦੇਸ, ਨਾ ਭਾਂਵਦੇ, ਕੋਇਲੇ ! ਬੋਲ-ਸਵੇਰ ।੨।

ਤੂੰ ਵਸੀਂ ਵਸੀਂ ਮੇਘਲੇ, ਜੀ ਵਸ ਵਸ ਜੀ ਵਸਾ,
ਪੀ ਘਰ ਆਇਆ, ਖੋਲ੍ਹ ਅੱਖ, ਹਸ ਤਕ ਕਲੀ ਜ਼ਰਾ ।
ਤੁਠਾ ਪੀ, ਗਲ ਲਾ ਲਈ, ਦਿਤੀ ਸੂ ਤਪਸ਼ ਗਵਾ,
ਪੀ ਰਸ ਬੂੰਦ ਸੁਹਾਵਨੀ, ਸਾਵਨ ਪੀਆ ਰਿਝਾ ।੩।

ਓ ਬਦਲਯਾਰਾ ! ਵਸ ਤੂੰ, ਤੇ ਜਗ ਵਿਚ ਠੰਢ ਪਵਾ,
ਹੋਸੀ ਸਾਡੀ ਪਿਆਰੜੀ, ਉਸ ਵਲ ਜਾਈਂ ਜ਼ਰਾ ।
ਆਖੀਂ ਅਥਰ ਕੇਰਕੇ, ਸੋਹਣੀ ਨੂੰ ਭਰਮਾ,
ਤੈਂ ਵਿਛੋੜੇ ਤਪ ਰਹੇ, ਹਸ ਵਸ ਕੇ ਠੰਢ ਪਾ ।੪।
('ਫੁਲਵਾੜੀ' ਮਾਰਚ, ੧੯੨੫, ਭੁਆਰ=ਫੁਹਾਰ,
ਕਾਮਣਾ=ਇਸਤਰੀ)

21. ਸਾਵਣ ਝੜੀਆਂ

ਇੰਦਰਪੁਰੀ ਵੀ ਝੁਰਮਟ ਪਾਵਣ, ਰਲ ਮਿਲ ਪਰੀਆਂ ਖਰੀਆਂ,
ਜੋਬਨ ਭਰੀਆਂ ।
ਰੰਗ ਬਰੰਗੀ ਪਾ ਪਸ਼ਵਾਜਾਂ, ਨੇਵਰ, ਘੁੰਗਰ, ਕੜੀਆਂ,
ਵੱਜਣ ਕੜੀਆਂ ।
ਜੇਕਰ ਝਾਤ ਜ਼ਿਮੀਂ ਵਲ ਪਾਵਣ, ਬਿਜਲੀ ਲਹਿਰਾਂ ਪੜੀਆਂ,
ਕੰਬਣ ਖੜੀਆਂ ।
ਰਾਗ ਮਲ੍ਹਾਰ, ਘੰਗੋਰ ਗਰਜਦੀ, ਸਾਵਣ ਲਾਈਆਂ ਝੜੀਆਂ,
ਏ ਸ਼ੁਭ ਘੜੀਆਂ ।
ਬਿਰਹਾ ਤਪਸ਼, ਜ਼ਿਮੀ ਦੀ ਉਠੀ, ਹੰਝੂ ਨੈਣੀ ਭਰੀਆਂ,
ਏ ਜਲ ਤਰੀਆਂ ।
ਨੱਚਣ, ਵੱਸਣ, ਕੜਕਣ, ਧੜਕਣ, ਬਿਜਲੀ ਸਾਂਗਾਂ ਛੜੀਆਂ,
ਹੱਥੀਂ ਫੜੀਆਂ ।
ਬੱਦਲੀਂ ਖੇਡ ਮਚਾਈ ਸੋਹਣੀ, ਵਿਚ ਅਸਮਾਨੀ ਤਰੀਆਂ,
ਸੁੰਦਰ ਪਰੀਆਂ ।
ਮੁਜਰੇ ਪਿਛੋਂ ਝੁਕਣ ਸਲਾਮੀਂ, ਰੰਗ ਬਰੰਗੀ ਪਰੀਆਂ,
ਪੀਂਘਾਂ ਚੜ੍ਹੀਆਂ ।
('ਮੌਜੀ' ੨੧ ਜੁਲਾਈ, ੧੯੩੦, ਪਸ਼ਵਾਜਾਂ=ਪੁਸ਼ਾਕਾਂ,
ਨੇਵਰ=ਝਾਂਜਰ, ਸਾਂਗਾਂ=ਤਲਵਾਰਾਂ, ਮੁਜਰੇ=ਨਾਚ)

22. ਹੋਲੀ-੧

ਰਾਂਝਨ ਯਾਰ ਕੋਲ ਨਹੀਂ ਮੇਰੇ, ਮੈਂ ਹੋਲੀ ਭਾਹ ਲਾਵਾਂ ।
ਲੋਕੀ ਮਿਲ ਮਿਲ ਰੰਗ ਉਡਾਵਨ, ਮੈਂ ਖੇਹ ਲੈ ਸਿਰ ਪਾਵਾਂ ।
ਚਾਕ ਸਾਡੇ ਚਕ ਲਈ ਮੁਹਾਰ, ਵਾਂਗ ਮੱਝੀ ਅਰੜਾਵਾਂ ।
ਹੁਣ ਬੇਲਾ ਉਹ ਖਾਣ ਨੂੰ ਆਵੇ, ਡਰਦੀ ਪੈਰ ਨਾ ਪਾਵਾਂ ।
ਨੀ ਕੋਈ ਜਾਵੋ ਮੋੜ ਲਿਆਵੋ, ਬਿਨ ਮਾਹੀ ਮਰ ਜਾਵਾਂ ।
ਜਿਸ ਖੇੜੇ ਮੇਰੇ ਚਾਕ ਨਿਖੇੜੇ, ਬਾਲ ਮੁਆਤਾ ਲਾਵਾਂ ।
ਆ ਮਿਲ ਰਾਂਝਨ, ਸਜਨਾ ਓ, ਵਤ ਨਾ ਰੀਤ ਭੁਲਾਵਾਂ ।
ਦੋਸ ਨਿਮਾਨੀ ਕੋਈ ਨਾ ਕੀਤਾ, ਏਹ ਕਿਸਦਾ ਫਲ ਪਾਵਾਂ ।
ਤੈਨੂੰ ਆਖ ਰਹੀ, ਨਾ ਮੰਨੀ ਚਾਕਾ, ਹੁਣ ਮੈਂ ਖਾਕ ਉਡਾਵਾਂ ।
ਜੇ ਜਾਣਾ ਤੂੰ ਨੇਹੁੰ ਭੁਲਾਈ, ਆ ਦਸ, ਮੈਂ ਮਰ ਜਾਵਾਂ ।
ਜੇ ਮੈਂ ਨਾਲ ਵਿਛੋੜੇ ਮਾਰੇਂ, ਬਿਨ ਕੋਹਿਆਂ ਮਰ ਜਾਵਾਂ ।
ਏਹ ਸਿਰ ਗਲੀ ਤੇਰੀ ਘੱਲ ਦੇਸਾਂ, ਤੇ ਖੂਨੀ ਰੰਗ ਉਡਾਵਾਂ ।
ਹੋਲੀ ਲਾਲ ਗੁਲਾਲੀ ਖੇਡਾਂ, ਨੈਨੀ ਦਰਸ ਕਰਾਵਾਂ ।

23. ਹੋਲੀ-੨

ਲੋਕ ਕਹਿਣ ਹੁਣ ਹੋਲੀ ਆਈ, ਰੰਗ ਉਡਾਵਨ ਹੋਲੀ ਰੇ ।
ਜੋ ਨਹੀਂ ਪ੍ਰੇਮ ਰੰਗਣ ਵਿੱਚ ਰੱਤਾ, ਉਸਦੀ ਹੋਲੀ ਹੌਲੀ ਰੇ ।
ਰਚਨਾਂ ਦੇ ਵਿੱਚ ਜੋਬਨ ਆਇਆ, ਫੁਟ ਫੁਟ ਲਹਿਰਾਂ ਮਾਰੇ ਰੇ ।
ਆਨ ਮਿਲੇ ਕੋਈ ਪਿਆਰਾ ਸਜਨ, ਪਲ ਪਲ ਏਹੀ ਚਿਤਾਰੇ ਰੇ ।
ਖੇਹ ਉਡਾਵੇ ਰੰਗ ਗੁਲਾਲੀ, ਮਨ ਵਿਚ ਚੈਨ ਨਾ ਆਵੇ ਵੇ ।
ਪ੍ਰੀਤਮ ਦਾ ਮੁਖ ਵੇਖ ਲਏ ਜੇ, ਉਛਲੇ ਨੀਰ ਠਰਾਵੇ ਵੇ ।
ਜਗ ਵਿੱਚ ਹੋਲੀ ਹੋਲੀ ਹੁੰਦੀ, ਯਾਰਾਂ ਦੇ ਘਰ ਹੋਲੇ ਵੇ ।
ਜੇਕਰ ਪਿਆਰਾ ਹਸ ਬੁਲਾਵੇ, ਤਾਂ ਹੋਲੀ ਨਹੀਂ ਬੋਲੇ ਵੇ ।
ਪੁਸ਼ਪ ਖਿਲਾਰਨ ਰੰਗ ਉਡਾਵਨ, ਤਾਹੀਂ ਇਹ ਮਨ ਭਾਵਨ ਰੇ ।
ਜਿਸਦੀ ਲਗਨ ਲਗੀ ਮਨ ਅੰਦਰ, ਇਕ ਛਿਨ ਮੁਖ ਦਿਖਾਵਨ ਰੇ ।
ਔਹ ਲੌ ਪਯਾਰਾ ਆਇਆ ਸਜਨ, ਮੂੰਹ ਤੇ ਪਈ ਗੁਲਾਲੀ ਵੇ ।
ਸੂਰਜ ਚੜ੍ਹਿਆ ਪੂਰਬ ਵਲੋਂ, ਮੂੰਹ ਤੇ ਫਬਦੀ ਲਾਲੀ ਵੇ ।
ਲਟਕ ਮਟਕ ਕੇ ਚਾਲ ਚਲੰਦੇ, ਬਸਤਰ ਰੰਗ ਰੰਗੀਲੇ ਨੀ ।
ਖਿੜਿਆ ਬਾਗ਼ ਜੁਵਾਨੀ ਵਾਲਾ, ਸੋਹਨੇ ਫੁਲ ਸਜੀਲੇ ਨੀ ।
ਕਾਲੇ ਕੇਸ ਖੁਲ੍ਹੇ ਹੁਨ ਮੁਖ ਤੇ, ਅਲਤੇ ਰੰਗ ਸ਼ਿੰਗਾਰੇ ਨੀ ।
ਪਹੁ ਫੁਟੀ ਹੁਣ ਰਾਤ ਜੁਲੇਸੀ, ਲਾਲੀ ਦੇ ਲਸ਼ਕਾਰੇ ਨੀ ।
ਸਿਰ ਤੇ ਰੰਗ ਚੜ੍ਹਾਯਾ ਪਿਆਰੇ, ਸੋਚ ਲਈਂ ਮਨ ਅੰਦਰ ਤੂੰ ।
ਮਤ ਕੋਈ ਆਸ਼ਕ ਮਾਰ ਅਜਾਈਂ, ਖੂਨ ਕਰੇਂ ਜਗ ਮੰਦਰ ਤੂੰ ।
ਹੋਲੀ ਖੇਡੋ ਯਾਰ ਸਜੀਲੇ, ਹੋਰਾਂ ਨਾਲ ਰੰਗੀਦੇ ਹੋ ।
ਰੋ ਰੋ ਹੰਝੂ ਖੂਨ ਮੈਂ ਰੱਤਾ, ਤੁਸੀਂ ਨਾ ਮੂਲ ਭਝੀਂਦੇ ਹੋ ।
ਰੰਗ ਉਡਾਵੋ ਹੱਸ ਹਸਾਵੋ, ਮੈਂ ਵਲ ਕੰਡ ਕਰੀਂਦੇ ਹੋ ।
ਭਰ ਪਚਕਾਰੀ ਰੰਗ ਪ੍ਰੇਮ ਦੀ, ਨਾ ਮੈਂ ਵਲ ਮਰੀਂਦੇ ਹੋ ।
(ਹੌਲੀ=ਫਿੱਕੀ, ਪੁਸ਼ਪ=ਫੁੱਲ, ਅਲਤੇ=ਲਾਲ ਰੰਗ,
ਜੁਲੇਸੀ=ਚਲੀ ਜਾਵੇਗੀ, ਭਝੀਂਦੇ=ਭਿੱਜਣਾ, ਕੰਡ=ਪਿੱਠ)

24. ਜਪੁ-ਸਤਿਗੁਰ ਨਾਨਕ ਦੇਵ

ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ, ਵਾਹ ਗੁਰੂ ਨਾਨਕ,
ਰੱਬੀ ਪੀਰ ਨਾਨਕ ।
ਮੇਰਾ ਪਿਆਰ ਨਾਨਕ, ਦਿਲਦਾਰ ਨਾਨਕ, ਆਸ਼ਕਜ਼ਾਰ ਨਾਨਕ,
ਬਿਰਹਾਂ ਪੀੜ ਨਾਨਕ ।
ਕਦੀ ਪੁੱਤ ਨਾਨਕ, ਕਿਧਰੇ ਪਿਤਾ ਨਾਨਕ, ਕਦੀ ਪਤੀ ਨਾਨਕ,
ਕਦੀ ਵੀਰ ਨਾਨਕ ।
ਬੇਰੰਗ ਰੰਗ ਨਾਨਕ, ਅੰਗ ਸੰਗ ਨਾਨਕ, ਮਨ-ਤ੍ਰੰਗ ਨਾਨਕ,
ਡੋਲੇ ਧੀਰ ਨਾਨਕ ।
ਭਗਤੀ ਪ੍ਰੇਮ ਨਾਨਕ, ਬਿਰਹਾਂ ਪ੍ਰੇਮ ਨਾਨਕ, ਦਿਨੇ ਰੈਨ ਨਾਨਕ,
ਨੈਨੀ ਨੀਰ ਨਾਨਕ ।
ਕਦੀ ਸ਼ਾਹ ਨਾਨਕ, ਫਿਰ ਗਦਾ ਨਾਨਕ, ਦੱਸੇ ਰਾਹ ਨਾਨਕ,
ਦਸਤਗੀਰ ਨਾਨਕ ।
ਜਗਦੀ ਜੋਤ ਨਾਨਕ, ਭੰਬਟ ਮੋਹਿਤ ਨਾਨਕ, ਆਸ਼ਕ, ਇਸ਼ਕ,
ਮਾਸ਼ੂਕ ਜ਼ਹੀਰ ਨਾਨਕ ।
ਰੱਬੀ ਸ਼ਾਇਰ ਨਾਨਕ, ਕਵਿਤਾ ਮਾਹਿਰ ਨਾਨਕ, ਬਾਤਨ ਜ਼ਾਹਿਰ ਨਾਨਕ,
ਸੁਖਨਪੀਰ ਨਾਨਕ ।
ਕਰੇ ਵਪਾਰ ਨਾਨਕ, ਮੱਝੀਚਾਰ ਨਾਨਕ, ਖੇਡਨਹਾਰ ਨਾਨਕ,
ਖੇਤੀਗੀਰ ਨਾਨਕ ।
ਕਦੀ ਜੋਗੀ ਨਾਨਕ, ਕਦੀ ਭੋਗੀ ਨਾਨਕ, ਕਦੀ ਸਿੱਧਾਂ ਦੇ ਵਿੱਚ,
ਤਕਰੀਰ ਨਾਨਕ ।
ਬੰਦੀਛੋੜ ਨਾਨਕ, ਕੁਫ਼ਰਫੋੜ ਨਾਨਕ, ਬੰਧਨ ਤੋੜ ਨਾਨਕ,
ਭੀ ਅਸੀਰ ਨਾਨਕ ।
ਕਦੀ ਸ਼ਾਹ ਨਾਨਕ, ਤੇ ਗਦਾ ਨਾਨਕ, ਜਗ ਗਾਹ ਨਾਨਕ,
ਏ ਫ਼ਕੀਰ ਨਾਨਕ ।
ਤੂੰ ਏਂ ਯਾਰ ਨਾਨਕ, ਮੱਦਦਗਾਰ ਨਾਨਕ, ਗ਼ਮਗੁਸਾਰ ਨਾਨਕ,
ਮੈਂ ਦਲਗੀਰ ਨਾਨਕ ।
ਤੂੰ ਉਪਕਾਰ ਨਾਨਕ, ਜਗ ਗਾਹ ਆਏ, ਉਪਦੇਸ਼ ਦਿਤਾ,
ਫਿਰ ਫਿਰ ਤੀਰ ਨਾਨਕ ।
ਕਿਧਰੇ ਕਾਜ਼ੀਆਂ ਨਾਲ ਤੂੰ ਹੋਏਂ ਕਾਜ਼ੀ, ਕਿਧਰੇ ਸ਼ਾਹਾਂ ਦੇ ਨਾਲ
ਤੂੰ ਮੀਰ ਨਾਨਕ ।
ਕਦੀ ਮੱਕੇ ਕਾਬੇ, ਬਗਦਾਦ ਕਾਬਲ, ਕਦੀ ਤਾਰੇਂ ਡਾਕੂ,
ਰਾਹਗੀਰ ਨਾਨਕ ।
ਕਦੇ ਜ਼ਮੀਂ ਟੁਰਦਾ, ਅਸਮਾਨ ਉਡੇਂ, ਕਦੇ ਜ਼ਾਹਿਰ,
ਛਿਪੇ ਜਾਦੂਗੀਰ ਨਾਨਕ ।
ਕਿਧਰੇ ਤੂੰ ਹਿੰਦੂ, ਮੁਸਲਮਾਨ ਕਿਧਰੇ, ਕਿਧਰੇ ਬੋਧ ਜੈਨੀ,
ਆਲਮਗੀਰ ਨਾਨਕ ।
ਸਿੱਖਾਂ ਵਿੱਚ ਏ ਜਾਨ ਤੂੰ ਪਾ ਦਿੱਤੀ, ਕਿਧਰ ਸ਼ਾਂਤ ਵੱਸੇਂ,
ਸ਼ਮਸ਼ੀਰ ਨਾਨਕ ।
ਤੂੰ ਰੱਬ ਆਸ਼ਕ, ਮਾਸ਼ੂਕ ਸਿੱਖਾਂ, ਕਦੇ ਹੋਏ ਰਾਂਝਾ,
ਕਦੇ ਹੀਰ ਨਾਨਕ ।
ਬਖਸ਼ਨਹਾਰ ਨਾਨਕ, ਸਿੱਖੀ ਬਖਸ਼ ਮੈਨੂੰ, 'ਹਰੀ ਬੁਧ' ਹੋਇਆ,
ਦਾਮਨਗੀਰ ਨਾਨਕ ।

(ਆਸ਼ਕਜ਼ਾਰ=ਪਿਆਰ ਕਰਨ ਵਾਲਿਆਂ ਦਾ ਮਾਲਕ, ਦਸਤਗੀਰ=
ਹੱਥ ਫੜਨ ਵਾਲਾ, ਜ਼ਹੀਰ=ਗ਼ਮਗੀਨ, ਸੁਖਨਪੀਰ=ਗੱਲ ਦਾ ਪੱਕਾ,
ਖੇਤੀਗੀਰ=ਕਿਸਾਨ, ਅਸੀਰ=ਨੇੜੇ,ਵੱਡਾ, ਦਲਗੀਰ=ਉਦਾਸ,
ਸ਼ਮਸ਼ੀਰ=ਤਲਵਾਰ, ਦਾਮਨਗੀਰ=ਪੱਲਾ ਫੜਨ ਵਾਲਾ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਾਵਾ ਬੁਧ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ