Punjabi Poetry : Barkat Ram Yuman

ਪੰਜਾਬੀ ਕਵਿਤਾਵਾਂ : ਬਰਕਤ ਰਾਮ ਯੁਮਨ

1. ਮੇਰਾ ਪੰਜਾਬ

1
ਮੈਂ ਹਾਂ ਓਸ ਪੰਜਾਬ ਦੇ ਗੀਤ ਗਾਂਦਾ
ਸਾਨੀ ਜਿਦ੍ਹਾ ਕੋਈ ਅੰਦਰ ਜਹਾਨ ਨਹੀਂ ਸੀ
ਮਾਲਿਕ ਪੰਜਾਂ ਦਰਿਆਵਾਂ ਦੇ ਪਾਣੀਆਂ ਦਾ
ਜਿਦ੍ਹੀ ਭੁੱਖਿਆਂ ਵਿਲਕਦੀ ਜਾਨ ਨਹੀਂ ਸੀ

ਜਿਹੜਾ ਭਾਵੇਂ ਗ਼ੁਲਾਮ ਵੀ ਗ਼ੈਰ ਦਾ ਸੀ
ਐਪਰ ਭੁੱਲਿਆ ਅਣਖ ਤੇ ਆਨ ਨਹੀਂ ਸੀ
ਕੀਤੇ ਟੋਟੇ ਨਾ ਜਿਦ੍ਹੇ ਸੀ ਪੁਤਰਾਂ ਨੇ
ਬਣਿਆ ਜਿਦ੍ਹੇ ਅੰਦਰ ਪਾਕਿਸਤਾਨ ਨਹੀਂ ਸੀ

ਜਿਸ ਵਿਚ ਵਾਸ ਸੀ ਸਿਰਫ਼ ਪੰਜਾਬੀਆਂ ਦਾ
ਮਜ਼ਬੀ ਝਗੜਿਆਂ ਦਾ ਨਾਂ ਨਿਸ਼ਾਨ ਨਹੀਂ ਸੀ
ਜਿਦ੍ਹੇ ਬੱਚਿਆਂ ਕਿਸ ਦੀ ਚੁੱਕ ਚੜ੍ਹ ਕੇ
ਕੀਤਾ ਵੱਸਦਾ ਵਤਨ ਵੀਰਾਨ ਨਹੀਂ ਸੀ

ਕੀਹ ਸੀ ਦੇਸ਼ ਪੰਜਾਬ ਦੀ ਅਸਲ ਸੂਰਤ
ਕੁਝ ਯਾਦ ਕਰਵਾਨਾਂ ਕੁਝ ਯਾਦ ਕਰਨਾਂ
ਜੋੜੇ ਫੇਰ ਕੋਈ ਟੁੱਟਿਆਂ ਟੋਟਿਆਂ ਨੂੰ
ਟੁੱਟੇ ਦਿਲੋਂ ਪਿਆ 'ਯੁਮਨ' ਫਰਿਆਦ ਕਰਨਾਂ

2
ਸਦਕੇ ਜਾਂ ਪੰਜਾਬ ਤੋਂ ਸੋਹਣਾ ਮੇਰਾ ਦੇਸ਼
ਜਿਥੇ ਜੰਮਿਆ ਪ੍ਰਗਟਿਆਂ ਪਹੁੰਚਾ ਏਸ ਵਰੇਸ
ਲਹਿੰਦੇ ਠਾਠਾਂ ਮਾਰਦਾ ਸਿੰਧ ਜਿਹਾ ਦਰਿਆ
ਚੜ੍ਹਦੇ ਜਮਨਾ ਪੇਲਦੀ ਕਰ ਕਰ ਨਾਜ਼ ਅਦਾ

ਸਿਰ ਪਰਬਤ ਦੇ ਹੇਠ ਦੇ ਚੁੱਕ ਖਲੋਤਾ ਭਾਰ
ਪੈਰਾਂ ਦੇ ਵਿਚ ਚਮਕਦੀ ਰਜਪੂਤੀ ਤਲਵਾਰ
ਮੌਜਾਂ ਲਾਈਆਂ ਏਸ ਨੂੰ ਰਲ ਪੰਜਾਂ ਦਰਿਆਂ
ਸਤਲੁਜ ਰਾਵੀ ਬਿਆਸ ਤੇ ਜਿਹਲਮ ਅਤੇ ਝਨਾਂ

ਵੰਝੀਂ ਹਾਥ ਨ ਆਂਵਦੀ ਜਿਹਲਮ ਡੂੰਘਾ ਨੀਰ
ਇਸ਼ਕ ਝਨਾਂ ਵਿਚ ਨੱਚਦਾ ਜਿਸ ਨਚਾਈ ਹੀਰ
ਰਾਵੀ ਫਾਵੀ ਹੋ ਰਹੀ ਕਰ ਕਰ ਲੋਕ ਨਿਹਾਲ
ਕੀਤਾ ਦੇਸ਼ ਬਿਆਸ ਤੇ ਸਤਲੁਜ ਮਾਲਾ ਮਾਲ

ਨਹਿਰਾਂ ਕੂਲਾਂ ਫਿਰਦੀਆਂ ਪਿੰਡ ਪਿੰਡ ਅੰਦਰ ਜਾ
ਨਦੀਆਂ ਨਾਲੇ ਸ਼ੂਕਦੇ ਥਾਂ ਥਾਂ ਘੁੰਮਰ ਪਾ
ਲੱਗੀ ਮੌਜ ਦੁਆਬੀਆਂ ਕੰਡ੍ਹੀ ਲੋਕ ਅਮੀਰ
ਮਾਝਾ ਮਾਲਵਾ ਅਣਖੀਆਂ ਦੜਪ ਨਿਰੀ ਅਕਸੀਰ

ਵੱਸੇ ਕਾਲਰ ਏਸ ਦੀ ਗੂੰਜੇ ਪੋਠੋਹਾਰ
ਥਲ ਵਲ ਵਿਚ ਨਹੀਂ ਆਂਵਦੇ ਰੱਬ ਵਸਾਈ ਬਾਰ
ਕੱਲਰ ਸੋਨਾ ਉਗਲਦੇ ਰੰਗ ਉਛਾਲੇ ਬੇਟ
ਅੰਨ ਲੈ ਕੇ ਪੰਜਾਬ ਤੋਂ ਦੁਨੀਆ ਭਰਦੀ ਪੇਟ

ਹਰ ਭਾਂਤੀ ਦੀ ਜਿਨਸ ਤੇ ਹਰ ਭਾਂਤੀ ਫਲ ਫੁੱਲ
ਕੁਦਰਤ ਇਹਨੂੰ ਨਿਅਮਤਾਂ ਬਖ਼ਸ਼ ਦਿਤੀਆਂ ਕੁੱਲ
ਸੁਹਣੇ ਸੁਹਣੇ ਪਿੰਡ ਤੇ ਦੀਪਾਂ ਵਰਗੇ ਸ਼ਹਿਰ
ਦੌਲਤ ਠਾਠਾਂ ਮਾਰਦੀ ਰੱਬ ਲਗਾਈ ਲਹਿਰ

ਨੱਕ ਨਮੂਜ਼ ਜਹਾਨ ਦਾ ਸੋਹਣਾਂ ਸ਼ਹਿਰ ਲਾਹੌਰ
ਵਿਰਲੀ ਨਜ਼ਰੀ ਆਏਗੀ ਅੰਮ੍ਰਿਤਸਰ ਜਹੀ ਠੌਰ
ਹਰ ਮੰਡੀ ਏ ਏਸ ਦੀ ਧਨ ਦੌਲਤ ਦੀ ਖਾਨ
ਸਰਗੋਧਾ ਤੇ ਲਾਇਲਪੁਰ ਰੌਸ਼ਨ ਵਿਚ ਜਹਾਨ

ਸਿਆਲ ਕੋਟ ਮਸ਼ਹੂਰ ਏ ਖੇਡਣ ਦਾ ਸਾਮਾਨ
ਦੇਸ ਦੇਸ ਦੇ ਆਦਮੀ ਜਿਥੋਂ ਮਾਲ ਮੰਗਾਣ
ਭਾਂਡੇ ਵਿਚ ਜਗਾਧਰੀ ਦਰੀਆਂ ਵਿਚ ਖ਼ੁਸ਼ਾਬ
ਤੇਲ ਅਟਕ ਵਿਚ ਲੂਣ ਹੈ ਖਿਧੂੜੇ ਬਾਝ ਹਿਸਾਬ

ਬਲਵਾਨਾਂ ਦੀ ਧਰਤ ਇਹ ਅਣਖੀਲੇ ਵਸਨੀਕ
ਏਥੋਂ ਨਾਲੋਂ ਕਿਤੇ ਨਹੀਂ ਸੂਰਮਗਤੀ ਵਧੀਕ
ਦਰੋਪਦ ਇਹਦਾ ਸੂਰਮਾਂ ਦਰੋਣ ਇਹਦਾ ਸੀ ਲਾਲ
ਪਰਸ਼ੁਰਾਮ ਦਾ ਚਮਕਿਆ ਏਥੇ ਹੀ ਇਕਬਾਲ

ਦਾਨੀ ਇਹਦੇ ਕਰਨ ਜਹੇ ਪੋਰਸ ਇਹਦੀ ਸ਼ਾਨ
ਏਸੇ ਧਰਤੀ ਜੂਝਿਆ ਪਿਰਥੀ ਰਾਜ ਚੁਹਾਨ
ਲਵ ਕੁਸ਼ ਵਰਗੇ ਸੂਰਮੇਂ ਏਥੇ ਹੀ ਹੋਏ ਉਡਾਰ
ਮਹਾਂਭਾਰਤ ਦੇ ਯੁੱਧ ਦਾ ਏਸੇ ਈ ਚੱਕਿਆ ਭਾਰ

ਕੀਹ ਕੀਹ ਸਿਫ਼ਤ ਬਹਾਦਰਾਂ ਖੋਲ ਸਨਾਵਾਂ ਮੈਂ
ਮੂੰਹ ਦਸ਼ਮਣ ਦਾ ਮੋੜਿਆ ਉਲਟ ਵਗਾਈ ਨੈਂ
ਧੁਰੋਂ ਯੂਨਾਨੋਂ ਚੱਲਿਆ ਜਦੋਂ ਸਿਕੰਦਰ ਸ਼ਾਹ
ਤੁਰਕ ਇਰਾਨੀਂ ਕਾਬਲੀ ਕੀਤੇ ਤੁਰਤ ਤਬਾਹ

ਪਰ ਜਿਸ ਦਿਨ ਪੰਜਾਬ ਦੇ ਵੇਖੇ ਹੱਥ ਅਖ਼ੀਰ
ਹੋ ਬੇਆਸ ਬਿਆਸ ਤੋਂ ਮੁੜਿਆ ਘੱਤ ਵਹੀਰ
ਉੱਠਿਆ ਸ਼ੇਰ ਰਣਜੀਤ ਸਿੰਘ ਪਾਈ ਰਣ ਤਰਥੱਲ
ਔਂਦੇ ਹੜ ਨੂੰ ਰੋਕਿਆ ਐਸੀ ਪਾਈ ਠੱਲ

ਬੜਕਾਂ ਮਾਰੀਆਂ ਸੂਰਮੇਂ ਦਿੱਤੀ ਧਰਤ ਹਿਲਾ
ਗੜ੍ਹ ਗ਼ਜ਼ਨੀ ਨੂੰ ਤੋੜਿਆ ਹਰੀ ਸਿਘ ਨੇ ਜਾ
ਗ਼ੈਰਤ ਇਹਦੀ ਗੋਲੜੀ ਅਣਖ ਏਸ ਦੀ ਸ਼ਾਨ
ਹੱਸ ਹੱਸ ਮੌਤ ਕਬੂਲਦੇ ਪੰਜਾਬੀ ਬਲਵਾਨ

ਸੱਚ ਨਾ ਹਥੋਂ ਛੱਡਿਆ ਝੱਲੀ ਲੱਖ ਬੇਦਾਦ
ਤੱਤੀ ਥੱਮੀ ਬਨ੍ਹਿਆਂ ਭਾਵੇਂ ਗਿਆ ਪ੍ਰਹਿਲਾਦ
ਲੁੱਟਿਆ ਜਦ ਮਹਮੂਦ ਨੇ ਸ਼ੈਹਰ ਲਾਹੌਰ ਅਜੀਬ
ਅਨੰਗ ਪਾਲ ਮਹਾਰਾਜ ਨੂੰ ਹੋਈ ਹਾਰ ਨਸੀਬ

ਹਰ ਕੇ ਵੀ ਨਾ ਅਣਖ ਨੂੰ ਲੱਗਣ ਦਿੱਤਾ ਗੰਧ
ਜਿਉਂਦੀ ਜਾਨੇਂ ਚਿਖਾ ਤੇ ਚੜਿਆ ਗ਼ੈਰਤਮੰਦ
ਏਥੇ ਈ ਗੁਰੁ ਗੋਬਿੰਦ ਸਿੰਘ ਲੜੇ ਦੀਨ ਕੇ ਹੇਤ
ਗਰ ਅਰਜਨ ਨੇ ਸੀਸ ਤੇ ਸੈਹ ਲਈ ਤਪਦੀ ਰੇਤ

ਕੰਧ ਅਜੇ ਸਿਰਹੰਦ ਦੀ ਆਖੇ ਪਈ ਪੁਕਾਰ
ਦੁੱਧ ਦੀ ਦੰਦੀਂ ਬਾਲ ਕਿੰਜ ਧਰਮੋਂ ਹੋਏ ਨਿਸਾਰ
ਧਰਮੀ ਅਪਣੇ ਧਰਮ ਤੋਂ ਥਿੜਕੇ ਨਹੀਂ ਥਿੜਕਾਏ
ਗਿਆ ਹਕੀਕਤ ਧਰਮ ਦੀ ਖੋਲ ਹਕੀਕਤ ਰਾਏ

ਚਰਖੀਆਂ ਤੇ ਚਾੜ੍ਹੇ ਗਏ ਆਰਿਆਂ ਦਿੱਤੇ ਚੀਰ
ਖੱਲਾਂ ਦੇ ਵਿਚ ਮੜ੍ਹੇ ਗਏ ਹਠੋਂ ਨਾ ਹਾਰੇ ਵੀਰ
ਹੱਸ ਹੱਸ ਝੂਟਣ ਫਾਂਸੀਆਂ ਪੰਜਾਬੀ ਬਲਵਾਨ
ਕੜ ਕੜ ਚੱਲਣ ਗੋਲੀਆਂ ਖੜੇ ਛਾਤੀਆਂ ਤਾਨ

ਮਰਦ ਤੇ ਫੇਰ ਵੀ ਮਰਦ ਨੇ ਕਿਆ ਮਰਦਾਂ ਦੀ ਸ਼ਾਨ
ਔਰਤਾਂ ਵੀ ਏਥੋਂ ਦੀਆਂ ਦੁਨੀਆਂ ਤੋਂ ਬਲਵਾਨ
ਮਿਥਲਾ ਛਡੀ ਬੱਧਿਆਂ ਅਵਧ ਨਾ ਆਈ ਰਾਸ
ਓੜਕ ਏਥੇ ਈ ਕੱਟਿਆ ਸੀਤਾ ਨੇ ਬਨਵਾਸ

ਹੈ ਸੀ ਦੇਵੀ ਦਰੋਪਦੀ ਏਸੇ ਈ ਮਾਂ ਦੀ ਧੀ
ਜਿਸ ਦੇ ਨਾਂ ਨੂੰ ਸਿਮਰਦੈ ਭਾਰਤ ਦਾ ਹਰ ਜੀ
ਭਾਗੋ ਵਰਗੀ ਸ਼ੇਰਨੀ ਗੱਜੀ ਵਿਚ ਪੰਜਾਬ
ਜਾ ਬੜ੍ਹਕੀ ਵਿਚ ਦਤੀਆਂ ਕਿਹੜਾ ਝੱਲੇ ਤਾਬ

ਸ਼ੈਹਰ ਲਾਹੌਰ ਸ਼ਹੀਦ ਗੰਜ ਦਏ ਗਵਾਹੀ ਸਾਫ਼
ਪੰਜਾਬਣ ਦੇ ਸਿਦਕ ਦੀ ਝੂਠੀ ਨਹੀਂ ਜੇ ਲਾਫ਼
ਹੱਥੀਂ ਟੁਕੜੇ ਜਿਗਰ ਦੇ ਕਰ ਦਿੱਤੇ ਬਲੀਦਾਨ
ਬਦਲੇ ਅਪਣੀਂ ਅਣਖ ਦੇ ਹੱਸ ਹੱਸ ਦਿਤੀ ਜਾਨ

ਏਸੇ ਧਰਤੀਓਂ ਚਮਕਿਆ ਸੂਰਜ ਵਾਂਗ ਗਿਆਨ
ਜਿੱਥੋਂ ਲੈ ਕੇ ਰੌਸ਼ਨੀ ਰੌਸ਼ਨ ਹੋਇਆ ਜਹਾਨ
ਏਥੇ ਈ ਕੀਤੀ ਬਾਲਮੀਕ ਰਾਮਾਇਣ ਪਰਕਾਸ਼
ਜਿਸ ਨੇ ਕੀਤਾ ਜੱਗ 'ਚੋਂ ਪਾਪ ਕਰਮ ਦਾ ਨਾਸ਼

ਗੀਤਾ ਅਰਜਨ ਨੇ ਸੁਣੀਂ ਏਸੇ ਧਰਤੀ ਆਣ
ਵਿਆਸ ਜਹੇ ਵਿਦਵਾਨ ਨੇ ਏਥੇ ਈ ਰਚੇ ਪੁਰਾਨ
ਏਸੇ ਧਰਤੀ ਵੱਜਿਆ ਅਨਹਦ ਰੱਬੀ ਸਾਜ਼
ਜਿਸ ਦੀ ਲੈ ਤੇ ਨੱਚਦੀ ਕੁਦਰਤ ਕਰ ਕਰ ਨਾਜ਼

ਉੱਠੀ ਏਸੇ ਧਰਤੀਓਂੋਂ ਨਾਨਕ ਦੀ ਆਵਾਜ਼
ਖੋਲ੍ਹੇ ਬੰਦੇ ਦੇ ਲਈ ਰਬ ਓਹਦੇ ਦੇ ਰਾਜ਼
ਵਿਚ ਚੁਬਾਰੇ ਅਪਣੇ ਛੱਜੂ ਮਸਤ ਅਲਸਤ
ਮੀਆਂ ਮੀਰ ਨੇ ਕਰ ਦਿੱਤਾ ਨਿਰਨਾਂ ਬੂਦੋ ਹਸਤ

ਗੰਜ ਬਖ਼ਸ਼ ਜਹੇ ਦਾਤਿਆਂ ਬਖ਼ਸ਼ੇ ਗੰਜ ਹਜ਼ਾਰ
ਅਜਮੇਰੀ ਔਂਦਾ ਰਿਹਾ ਦਾਤੇ ਦੇ ਦਰਬਾਰ
ਵਾਕਿਫ਼ ਰੱਬੀ ਰਾਹ ਤੋਂ ਹੋਏ ਫ਼ਕੀਰ ਫ਼ਰੀਦ
ਦੌਲੇ ਪਾਈਆਂ ਜੱਲ੍ਹੀਆਂ ਸ਼ੱਮਸ ਹੋਏ ਸ਼ਹੀਦ

ਇਹ ਤੀਰਥ ਸਨਸਾਰ ਦਾ ਏਥੇ ਰੱਬ ਦਾ ਨੂਰ
ਮਿੱਟੀ ਮੱਥੇ ਲਾਇਆਂ ਪਾਪ ਹੋਣ ਸਭ ਦੂਰ
ਪਾਪ ਨੂ ਸਾੜਣ ਵਾਸਤੇ ਜਵਾਲਾ ਏ ਪ੍ਰਚੰਡ
ਚਿੰਤਪੂਰਨੀਂ ਵੈਸ਼ਨੋਂ ਪਾਵਣ ਹਿਰਦੇ ਠੰਡ

ਕਲ ਮਲ ਹਰਨੀ ਕਾਲਕਾ ਵਿਚ ਕਾਲਕਾ ਲਕਸ਼
ਕੋਟ ਕਾਂਗੜੇ ਭਗਵਤੀ ਪਿੰਡੀ ਦੇਹ ਪ੍ਰਤਕਸ਼
ਕੁਰਖੇਤਰ ਵਿਚ ਜੱਗ ਦੇ ਕੱਟੇ ਜਾਵਣ ਪਾਪ
ਰਾਮ ਤੀਰਥ ਵਿਚ ਨਾਤ੍ਹਿਆਂ ਹੋਵਣ ਦੂਰ ਸਰਾਪ

ਤੀਜਾ ਨੇਤਰ ਧਰਤ ਦਾ ਤੀਰਥ ਸ੍ਰੀ ਕਟਾਸ
ਨਰਸਿੰਘਪੁਰੀ ਦੇ ਪਰਸਿਆਂ ਕੱਟੇ ਜਮ ਕੀ ਫ਼ਾਸ
ਹਰਮੰਦਰ ਜੀ ਪਰਸਿਆਂ ਜਾਵਣ ਹਰੇ ਕਲੇਸ਼
ਨਨਕਾਣੇ ਦੀ ਧਰਤ ਵਿਚ ਸ਼ਾਂਤੀ ਦਾ ਪਰਵੇਸ਼

ਪੰਜ ਦੋਸ਼ਾਂ ਦੇ ਦਮਨ ਲਈ ਪੰਜਾ ਸੈਹਬ ਨਿਸ਼ਾਨ
ਮੁਕਤਸਰ ਵਿਚ ਨਾਤ੍ਹਿਆਂ ਮੁਕਤ ਹੋਵੇ ਇਨਸਾਨ
ਬਖ਼ਸ਼ੇ ਪੁਰੀ ਅਨੰਦ ਦੀ ਹਰ ਰੂਹ ਨੂੰ ਆਨੰਦ
ਪਤਿਤ ਪਾਵਨ ਸਨਸਾਰ ਵਿਚ ਚਮਕੌਰ ਅਤੇ ਸਰਹੰਦ

ਪਾਕਪਟਨ ਵਿਚ ਪੌਂਹਚਦੇ ਲਖ ਅਕੀਦਤਮੰਦ
ਧੌਂਕਲ ਸੰਗਤਾਂ ਜਾਂਦੀਆਂ ਕਟ ਕਟ ਲੰਮੇ ਪੰਧ
ਇਹਦੀ ਮਿੱਟੀ ਵਿਚ ਏ ਅਜਬ ਕੋਈ ਤਾਸੀਰ
ਸੋਹਣੀ ਲਾਈਆਂ ਤਾਰੀਆਂ ਚਾਕ ਪਿਆਰੇ ਹੀਰ

ਜੰਡੀ ਥੱਲੇ ਮਾਰਿਆ ਮਿਰਜ਼ਾ ਸ਼ੇਰ ਜਵਾਨ
ਇਸ਼ਕ ਪਾਲ ਗਈ ਸਾਹਿਬਾਂ ਦੇ ਕੇ ਅਪਣੀ ਜਾਨ
ਹਰ ਜ਼ੱਰੇ ਵਿਚ ਏਸ ਦੇ ਭਰਿਆ ਨੂਰ ਖ਼ੁਦਾ
ਕੁਦਰਤ ਏਥੇ ਨੱਚਦੀ ਕਰ ਕਰ ਨਾਜ਼ ਅਦਾ

ਸਾਵਣ ਕਿਣ ਮਿਣ ਸੋਂਹਵਦੀ ਬਦਲਾਂ ਦੀ ਘਨਘੋਰ
ਬਾਗ਼ੀਂ ਬੋਲਣ ਕੋਇਲਾਂ ਪੈਲਾਂ ਪਾਵਣ ਮੋਰ
ਬੁਲਬੁਲ ਫੁੱਲ ਤੇ ਚੈਹਕਦੀ ਭੌਰਿਆਂ ਦੀ ਗੁੰਜਾਰ
ਕਾਲੀ ਘਟ ਵਿਚ ਉੱਡਦੇ ਬਗਲੇ ਬੰਨ੍ਹ ਕਤਾਰ

ਏਥੇ ਸੁੱਚੇ ਪਿਆਰ ਨੇ ਭੈਣ ਭਰਾਵਾਂ ਵਿੱਚ
ਇਕ ਦੂਜੇ ਦੇ ਦਿਲ 'ਚ ਹੈ ਇਕ ਦੂਜੇ ਲਈ ਖਿੱਚ
ਭੈਣਾਂ ਸੌਹਰੇ ਬੈਠੀਆਂ ਗਾਵਣ ਵੀਰ ਦੇ ਗੀਤ
ਭੁੱਲੇ ਕਦੇ ਨਾ ਵੀਰ ਨੂੰ ਮਾਂ ਜਾਈ ਦੀ ਪ੍ਰੀਤ

ਭਾਬੀ ਅਤੇ ਦਿਉਰ ਵਿਚ ਝੂਠ ਮਠ ਦੀ ਜੰਗ
ਜੀਜਾ ਜੀ ਨੂੰ ਘੇਰ ਕੇ ਕਰਨ ਸਾਲੀਆਂ ਤੰਗ
ਗਲ ਗਲ ਅੰਦਰ ਸਾਦਗੀ ਭੋਲੇ ਪਨ ਦਾ ਜੋਸ਼
ਹੋਸ਼ ਮੰਦਾਂ ਦੇ ਵਿੰਹਦਿਆਂ ਉਡ ਜਾਂਦੇ ਨੇ ਹੋਸ਼

ਦੇਸ਼ ਮੇਰੇ ਦੀਆਂ ਰੌਣਕਾਂ ਦੇਸ਼ ਮੇਰੇ ਦੀ ਸ਼ਾਨ
ਲਗਰਾਂ ਵਾਂਗ ਸਵਾਣੀਆਂ ਕੜੀਆਂ ਵਾਂਗ ਜਵਾਨ
ਵਿਚ ਦੈਰਿਆਂ ਗੱਭਰੂ ਬੈਂਹਦੇ ਢਾਣੀਆਂ ਲਾ
ਤ੍ਰਿੰਜਣੀਂ ਕੱਤਣ ਬੀਬੀਆਂ ਕੱਠ ਛੋਪੇ ਪਾ

ਦਾਨੇਂ ਪਰ੍ਹਿਆਂ ਵਿਚ ਬੈਹ ਰੱਖਣ ਪੱਗ ਦੀ ਲਾਜ
ਘਰ ਪ੍ਰਧਾਨ ਸਵਾਣੀਆਂ ਭੋਗਣ ਸੁਖ ਦਾ ਰਾਜ
ਸਾਵਣ ਪੀਂਘਾਂ ਪੈਂਦੀਆਂ ਕਿਣ ਮਿਣ ਕਰੇ ਫੁਹਾਰ
ਰਲ ਮੁਟਿਆਰਾਂ ਗਾਂਦੀਆਂ ਝੂਟਣ ਪੀਂਘ ਹੁਲਾਰ

ਬਾਲੜੀਆਂ ਦੀ ਰਾਤ ਦਿਨ ਖੇਨੂੰ ਖੇਡਣ ਕਾਰ
ਜੁਗ ਜੁਗ ਜੀਵੇ ਬਾਬਲਾ ਧੀ ਹੋਈ ਮੁਟਿਆਰ
ਧੰਮੀਂ ਵੇਲੇ ਹਲ ਵਗਣ ਹਾਲੀ ਗਾਵਣ ਗੀਤ
ਮਿਹਨਤ ਕਰਦੇ ਮਿਹਨਤੀ ਸਾਹਿਬ ਨਾਲ ਪਰੀਤ

ਕੁਕੜ ਬਾਂਗੇ ਘੂਕਦੀ ਚਰਖੇ ਦੀ ਘੁਮਕਾਰ
ਘੁਮਕ ਮਧਾਣੀਂ ਖੜਕਦੀ ਚੂੜੇ ਦੀ ਛਣਕਾਰ
ਗੱਭਰੂ ਪਾਵਣ ਭੰਗੜੇ ਸ਼ੇਖ ਵਜਾਵੇ ਢੋਲ
ਦਿਲ ਨੂੰ ਖਿਚ ਲੈ ਜਾਂਵਦੇ ਦਰਦ ਭਰੇ ਸੱਦ ਬੋਲ

ਦੁੱਲਾ ਭੱਟੀ ਗਾਂਵਦੇ ਲਾ ਕੇ ਸੋਹਣੀ ਹੇਕ
ਵੰਝਲੀ ਏ ਜਦ ਵੱਜਦੀ ਪਾਵੇ ਦਿਲ ਨੂੰ ਛੇਕ
ਇਸ਼ਕੇ ਰੱਤੀ ਧਰਤ ਇਹ ਗੀਤਾਂ ਦਾ ਭੰਡਾਰ
ਹੱਸਣ ਖੇਡਣ ਰੋਣ ਤਕ ਗੀਤ ਫਿਰੇ ਮੁਖਤਾਰ

ਵਿਆਹ ਸ਼ਾਦੀ ਜਦ 'ਰੰਭਦੇ ਰੱਬ ਲਗਾਏ ਭਾਗ
ਓਧਰ ਗਾਵਣ ਘੋੜੀਆਂ ਏਧਰ ਗਾਣ ਸੁਹਾਗ
ਹੋਲੜ ਸੋਹਲੇ ਸਿੱਠਣੀਆਂ ਗੂੜ੍ਹੇ ਕਾਮਨ ਛੰਦ
ਰਹਿਤ ਅਖਾਣ ਬੁਝਾਰਤਾਂ ਟੱਪੇ ਬੋਲ ਅਨੰਦ

ਹਰ ਜ਼ੱਰੇ 'ਚੋਂ ਸ਼ਾਇਰੀ ਫੁੱਟੇ ਚਸ਼ਮੇ ਵਾਂਗ
ਇਸ਼ਕ ਲਗਾਵੇ ਤਾਰੀਆਂ ਚੜ੍ਹੀ ਹੁਸਨ ਦੀ ਕਾਂਗ
ਬੋਲੀ ਦੇਸ਼ ਪੰਜਾਬ ਦੀ ਬੋਲੀਆਂ ਦੀ ਸਰਦਾਰ
ਸਾਰੇ ਜਗ ਦੀਆਂ ਬੋਲੀਆਂ ਇਹ ਦੀਆਂ ਪਾਣੀ ਹਾਰ

ਮੁੱਦਾ ਕੀਹ ? ਪੰਜਾਬ ਵਿਚ ਹਰਗਿਜ਼ ਕੋਈ ਨਹੀਂ ਥੋੜ
ਹੁਸਨ ਇਸ਼ਕ ਤੇ ਵੀਰਤਾ ਕਵਿਤਾ ਪੌਂਹਚੀ ਤੋੜ
ਦੁਨੀਆਂ ਦੇ ਵਿਚ ਸਵਰਗ ਇਹ ਧਰਤੀ ਦਾ ਸ਼ੰਗਾਰ
ਮਿਹਰ ਕਰੇ ਨਿਤ ਅਪਣੀ ਇਹ ਦੇ ਤੇ ਕਰਤਾਰ

ਬਣੀਆਂ ਮੇਰੀਆਂ ਹੱਡੀਆਂ ਖਾ ਖਾ ਇਹਦਾ ਲੂਣ
ਪੰਜਾਬੀ ਅਖਵੌਣ ਵਿਚ ਵੱਧ ਜਾਂਦਾ ਏ ਖ਼ੂਨ
ਇਸ ਗੁਲਸ਼ਨ ਨੂੰ ਹਸ਼ਰ ਤਕ ਰੱਖੇ ਰੱਬ ਆਬਾਦ
ਮਾਲੀ ਦਾ ਦਿਲ ਢਾਲ ਦਏ ਬੁਲਬੁਲ ਦੀ ਫ਼ਰਿਆਦ

ਜੀਵਾਂ ਮਰਾਂ ਪੰਜਾਬ ਲਈ 'ਯੁਮਨ' ਦੀ ਅਰਜ਼ ਜਨਾਬ
ਮਰ ਕੇ ਜੰਮਾਂ ਫੇਰ ਜੇ ਜੰਮਾਂ ਵਿਚ ਪੰਜਾਬ

2. ਪੰਜਾਬ ਪੂਜਕ

ਜਮ ਜਮ ਚੁੱਮੋਂ ਹਾਜ਼ੀਓ ! ਮੱਕੇ ਦੀ ਮਿਹਰਾਬ ।
ਭਗਤੋ ਤੀਰਥ ਨੌਂਹਦਿਯੋ! ਖੱਟੋ ਲੱਖ ਸਵਾਬ!
ਅਪਣਾਂ ਇਸ਼ਟ ਮਨੌਣ ਦੀ ਹਰ ਇਕ ਨੂੰ ਹੈ ਖੁੱਲ।
ਕੋਈ ਪੂਜੇ ਪਿਆ ਮੂਰਤੀ ਵਾਚੇ ਕੋਈ ਕਿਤਾਬ।
ਮੇਰਾ ਤੁਹਾਡਾ ਸਾਥ ਕੀਹ ? ਮੇਰੀ ਮੰਜ਼ਿਲ ਵੱਖ।
ਮੈਂ ਪੂਜਕ ਪੰਜਾਬ ਦਾ, ਮੇਰਾ ਇਸ਼ਟ ਪੰਜਾਬ।

3. ਪੰਜਾਬੀ ਬੋਲੀ

ਚਮਕ ਜਿਦ੍ਹੇ ਤੋਂ ਮਿਲੀ ਸਿਤਾਰਿਆਂ ਨੂੰ,
ਜਿਦ੍ਹਾ ਫ਼ੈਜ਼ ਸੁਗੰਧੀ ਗੁਲਾਬ ਦੀ ਏ
ਕੂਲੀ ਰੇਸ਼ਮੋਂ ਤੇ ਮਿੱਠੀ ਮਾਖ਼ਿਓਂ ਤੇਂ,
ਨਿੱਘੀ ਬੋਲੀ ਪੰਜਾਬੀ ਪੰਜਾਬ ਦੀ ਏ

ਇਹ ਮਹਾਰਾਣੀ ਏ ਜੱਗ ਦੀਆਂ ਬੋਲੀਆਂ ਦੀ,
ਹਰ ਜ਼ੁਬਾਨ ਅੰਦਰ ਗੂੰਜਣ ਬੋਲ ਇਹਦੇ
ਭਰ ਭਰ ਝੋਲੀਆਂ ਵੰਡੇ ਸਾਹਿਤ ਜਗ ਨੂੰ,
ਐਨੇ ਖੁਲ੍ਹੇ ਖ਼ਜ਼ਾਨੇ ਨੇ ਕੋਲ ਇਹਦੇ

4. ਬੰਦ ਕਲੀ ਨੂੰ

ਕਲੀ ਅਜੇ ਫੁੱਲ ਨਹੀਂ ਸੀ ਬਣੀਂ । ਮੂੰਹ ਤੇ ਮੱਧਮ
ਜਹੀ ਮੁਸਕਾਨ ਆਈ ਸੀ । ਕਵੀ ਹੱਸਣ ਦੀ ਕੀਮਤ
ਤਾਰ ਚੁਕਾ ਏ । ਅਪਣੇ ਤਜ਼ਰਬੇ ਤੋਂ ਡਰਿਆ ਕਲੀ ਨੂੰ
ਖਿੜਣ ਤੋਂ ਰੋਕਦਾ ਹੋਇਆ ਆਖਦਾ ਏ:

ਕਲੀਏ ਕੱਚੀਏ ! ਰੋਕ ਕੇ ਰੱਖ ਜਜ਼ਬੇ,
ਸੱਧਰਾਂ ਦਿਲ ਦੀਆਂ ਅਜੇ ਦਬਾ ਕੇ ਰੱਖ ।
ਨ ਕਰ ਕਾਹਲੀਆਂ, ਬਾਲੜੀ ਉਮਰ ਤੇਰੀ,
ਜੱਗ ਤੋਂ ਆਪਣਾ ਆਪ ਬਚਾ ਕੇ ਰੱਖ।
ਭੌਰਾਂ ਕਾਲਿਆਂ ਹੁਸਨ ਦੇ ਡਾਕੂਆਂ ਤੋਂ,
ਜੋਬਨ ਅੱਲ੍ਹੜਾ ਅਜੇ ਛੁਪਾ ਕੇ ਰੱਖ।
ਕਿਧਰੇ ਖੱਟ ਨ ਬਹੀਂ ਰੋਣੇ ਜ਼ਿੰਦਗੀ ਦੇ,
ਹਾਸੇ ਚੁੱਪ ਦੇ ਓਹਲੇ ਲੁਕਾ ਕੇ ਰੱਖ।

ਤੂੰ ਨਹੀਂ ਜਾਣਦੀ ਬਿਜਲੀਆਂ ਕੇਰ ਦਏਗਾ,
ਲੋਭੀ ਦਿਲਾਂ ਉੱਤੇ ਮੁਸਕਰਾਨ ਤੇਰਾ ।
ਹੱਲੇ ਪੈਣਗੇ ਝੂਠਿਆਂ ਆਸ਼ਿਕਾਂ ਦੇ,
ਉਜੜ ਜਾਏਗਾ ਨਵਾਂ ਜਹਾਨ ਤੇਰਾ।

ਮੀਟੀ ਰਹੁ ਤੂੰ ਖੋਲ੍ਹ ਨ ਗੰਢ ਦਿਲ ਦੀ,
ਖਿੱਲਰ ਜਾਏ ਨ ਕਿਤੇ ਖਲਾਰ ਤੇਰਾ।
ਜਦ ਤਕ ਬੰਦ ਰਹੇਂਗੀ ਤਦ ਤਕ ਚਮਨ ਅੰਦਰ,
ਬਣਿਆ ਰਹੇਗਾ ਭਰਮ ਤੇ ਭਾਰ ਤੇਰਾ।
ਖਿੜੀਓਂ ਖੁਲ੍ਹੀਓਂ ਹੱਸੀਓਂ ਟਹਿਕੀਓਂ ਤਾਂ,
ਵੈਰੀ ਬਣੇਗਾ ਕੁਲ ਸੰਸਾਰ ਤੇਰਾ ।
ਭੌਰਾਂ ਕੀੜੀਆਂ ਮੱਖੀਆਂ ਤਿਤਲੀਆਂ ਨੇ,
ਲੈਣਾ ਲੁੱਟ ਅਣਮੋਲ ਪਿਆਰ ਤੇਰਾ ।

ਪੱਥਰ ਦਿਲ ਗੁਲਚੀਂ ਦੀ ਅੱਖ ਅੰਦਰ,
ਕੰਡੇ ਵਾਂਗ ਤੇਰਾ ਹੁਸਨ ਰੜਕਣਾ ਏਂ।
ਸੁੱਚੇ ਹੁਸਨ ਦੀ ਆਬਰੂ ਵੇਖ ਲੁਟਦੀ,
ਸੀਨਾ ਬੁਲਬੁਲ ਬੇਚੈਨ ਦਾ ਧੜਕਣਾ ਏਂ।

ਜੇ ਨ ਜੋਬਨ ਸੰਭਾਲ ਕੇ ਰੱਖਿਓ ਈ,
ਹੱਥੀਂ ਕਿਸੇ ਹਰੀਸ ਦੀ ਤੋੜੀ ਜਾਏਂਗੀ।
ਦੁਨੀਆਂ ਵੇਖ ਨਹੀਂ ਸਕਦੀ ਹੱਸਦਿਆਂ ਨੂੰ,
ਜੇਕਰ ਹੱਸੀਓਂ ਤੁਰਤ ਮਰੋੜੀ ਜਾਏਂਗੀ।
ਹਰਿਆਂ ਬੂਟਿਆਂ ਡਾਹਲੀਆਂ ਪੱਤਿਆਂ ਦੇ,
ਭਰੇ ਬਾਗ ਦੇ ਵਿੱਚੋਂ ਵਿਛੋੜੀ ਜਾਏਂਗੀ।
ਰੁਲਸੀ ਖੰਭੜੀ ਖੰਭੜੀ ਖ਼ਾਕ ਅੰਦਰ,
ਮਲੀ ਮਿੱਧੀ ਮਧੋਲੀ ਨਿਚੋੜੀ ਜਾਏਂਗੀ।

ਸੀਨਾ ਵਿੰਨ੍ਹਿਆ ਜਾਏਗਾ ਨਾਲ ਸੂਈਆਂ,
ਜਾਣਾ ਏਂ ਵੇਚਿਆ ਸਰਿ-ਬਾਜ਼ਾਰ ਤੈਨੂੰ।
ਜਦੋਂ ਕਿਸੇ ਦੇ ਗਲੇ ਦਾ ਹਾਰ ਬਣੀਓਂ,
ਸਮਝੀ ਆ ਗਈ ਨਸੀਬਾਂ ਦੀ ਹਾਰ ਤੈਨੂੰ।

ਐਵੇਂ ਘੜੀ ਦੀ ਘੜੀ ਦੀ ਐਸ਼ ਬਦਲੇ,
ਪਾਉਣਾ ਕਿਸੇ ਅੱਯਾਸ਼ ਨੇ ਮੁੱਲ ਤੇਰਾ।
ਲਾਕੇ ਹਿੱਕ ਦੇ ਨਾਲ ਉਤਾਰ ਦੇਣੈਂ,
ਕਿਸੇ ਨਸ਼ਾ ਜਵਾਨੀ ਦਾ ਕੁੱਲ ਤੇਰਾ।
ਸ਼ਮ੍ਹਾਂ ਵਾਂਗਰਾਂ ਰਾਤ ਇਕ ਉਮਰ ਤੇਰੀ,
ਸੁਬਹ ਹੁੰਦਿਆਂ ਈ ਦੀਵਾ ਗੁੱਲ ਤੇਰਾ।
ਮਸਤੀ ਭਰੇ ਪਲਸੇਟਿਆਂ ਹੇਠ ਆ ਕੇ,
ਜਾਣਾ ਜੋਬਨ ਅਣਮੁੱਲੜਾ ਰੁੱਲ ਤੇਰਾ।

'ਯੁਮਨ' ਨੱਥ ਸੁਹਾਗ ਦੀ ਲੱਥਣੀ ਏਂ,
ਰਹਿਣਾ ਰੰਗ ਹਮੇਸ਼ ਨਹੀਂ ਚੂੜਿਆਂ 'ਤੇ।
ਇੱਕੋ ਰਾਤ ਦਾ ਬਸ ਫੁੱਲ ਫਲਾ ਸਾਰਾ,
ਰੁਲਣੈਂ ਫੁੱਲ ਸਵੇਰੇ ਨੂੰ ਕੂੜਿਆਂ 'ਤੇ।

ਕਲੀ ਦਾ ਜਵਾਬ

ਕਵੀਆ ! ਰੋਕ ਕੇ ਰੱਖ ਜ਼ਬਾਨ ਆਪਣੀ,
ਭਾਂਤ ਭਾਂਤ ਦੇ ਅਫ਼ਤਰੇ ਤੋਲ ਨ ਵੇ।
ਉਤਾਂਹ ਹੋਣ ਦੇ ਮੇਰੀਆਂ ਸੱਧਰਾਂ ਨੂੰ,
ਰੀਝਾਂ ਦਿਲ ਦੀਆਂ ਪਕੜ ਮਧੋਲ ਨ ਵੇ।
ਮੇਰੀ ਜ਼ਿੰਦਗੀ ਹਾਸਿਆਂ ਭਰੀ ਤੱਕ ਕੇ,
ਮੋਏ ਸੱਪ ਵਾਙੂੰ ਵਿੱਸ ਘੋਲ ਨ ਵੇ।
ਨਿੱਸ ਮਾਰ ਨ ਕਦਮ ਉਠਾਂਦਿਆਂ ਈਂ,
ਭੈੜੇ ਬੋਲ ਕੁਲੱਛਣੇ ਬੋਲ ਨ ਵੇ।

ਤੂੰ ਨਹੀਂ ਜਾਣਦਾ ਮੇਰਿਆਂ ਜਜ਼ਬਿਆਂ ਨੇ,
ਧਰਨੀ ਨੀਂਹ ਇਕ ਨਵੇਂ ਸੰਸਾਰ ਦੀ ਏ।
ਵੈਰਾਂ ਭਰੇ ਜੱਗ ਵਿਚ ਚਾਵਾਂ ਮਰਿਆਂ ਨੇ,
ਨਵੀਂ ਖੇਡਣੀ ਖੇਡ ਪਿਆਰ ਦੀ ਏ।

ਮੈਂ ਇਹ ਮੰਨਨੀ ਆਂ ਲੁੱਟਣ ਲਈ ਮੈਨੂੰ,
ਲੁਕ ਲੁਕ ਕੀੜਿਆਂ ਨੇ ਖੀਸੇ ਫੋਲਣੇ ਨੇ ।
ਚੂਪਣ ਲੲੀ ਰਸ ਜੋਬਨ ਰਸੀਲੜੇ ਦਾ,
ਲੱਖਾਂ ਮੱਖੀਆਂ ਨੇ ਖੰਭ ਤੋਲਣੇ ਨੇ।
ਭੌਰਾਂ ਕਾਲਿਆਂ ਹੁਸਨ ਦੇ ਡਾਕੂਆਂ ਨੇ,
ਨੰਗੇ ਹੁਸਨ ਉੱਤੇ ਹੱਲੇ ਬੋਲਣੇ ਨੇ।
ਇਹ ਵੀ ਜਾਣਨੀ ਹਾਂ ਮੇਰੇ ਪਿਆਰ ਅੰਦਰ,
ਕੲੀਆਂ ਬੁਲਬੁਲਾਂ ਦੇ ਜਿਗਰ ਡੋਲਣੇ ਨੇ।

ਐਪਰ ਮੈਨੂੰ ਕੀ ਭੋਲਿਆ ਨਾਲ ਸੋਚਾਂ,
ਜਿਨ੍ਹਾਂ ਕਰਨੀਆਂ ਉਹਨਾਂ ਈ ਭਰਨੀਆਂ ਨੇ ।
ਮੇਰਾ ਚਿੱਤ ਅਡੋਲ ਜੇ ਡੋਲਿਆ ਨ,
ਥਿੜਕਣ ਵਾਲਿਆਂ ਈਂ ਸੱਟਾਂ ਜਰਨੀਆਂ ਨੇ।

ਮਕਸਦ ਖ਼ਾਸ ਲੈ ਕੇ ਆਏ ਹੋਣ ਜਿਹੜੇ,
ਰਹਿੰਦੇ ਔਕੜਾਂ ਤੋਂ ਬੇਨਿਆਜ਼ ਨੇ ਵੇ।
ਮੇਰੀ ਚੁੱਪ ਦੇ ਵਿਚ ਹੈ ਰਮਜ਼ ਜੇ ਕਰ,
ਮੇਰੇ ਹਾਸਿਆਂ ਵਿਚ ਵੀ ਰਾਜ਼ ਨੇ ਵੇ।
ਕੁਦਰਤ ਗੀਤ ਇਕ ਗੁਪਤ ਅਲਾਪ ਰਹੀ ਏ,
ਉਹਦੇ ਨਾਲ ਸੁਰ ਭਰਨ ਲੲੀ ਸਾਜ਼ ਨੇ ਵੇ।
ਹੈ ਖ਼ੁਸਬੂ ਸਦਾ ਮੱਖੀ ਸ਼ਹਿਦ ਦੀ ਨੂੰ,
ਕਾਸੇ ਭੌਰ ਪਰਚਾਣ ਲਈ ਨਾਜ਼ ਨੇ ਵੇ।

ਗੁੱਝੀਆਂ ਕੁਤਕਤਾਰੀਆਂ ਛੇੜ ਕੇ ਤੇ,
ਜਜ਼ਬੇ ਖਿੜਨ ਤੇ ਕਰਨ ਮਜ਼ਬੂਰ ਮੈਨੂੰ।
ਕੁਦਰਤ ਨਾਲ ਮੁਕਾਬਲੇ ਨਹੀਂ ਹੁੰਦੇ,
ਨੱਚਣੇ ਪੈਣਗੇ ਨਾਚ ਜ਼ਰੂਰ ਮੈਨੂੰ ।

ਜੇਕਰ ਤੇਰੇ ਉਪਦੇਸ਼ 'ਤੇ ਟੁਰੇ ਦੁਨੀਆ,
ਹਰ ਥਾਂ ਤਿਆਗ ਵਿਰਾਗ ਪਰਧਾਨ ਹੋ ਜਾਏ।
ਗੀਤਾਂ ਹਾਸਿਆਂ ਦੀ ਥਾਵੇਂ ਸੋਗ ਵਰਤੇ,
ਚਾਰੇ ਕੂਟ ਘੁੱਪ ਘੋਰ ਚੁੱਪ ਚਾਨ ਹੋ ਜਾਏ।
ਖਤਮ ਰੌਣਕਾਂ ਹੋਣ ਜਹਾਨ ਦੀਆਂ,
ਜੱਗ ਵੱਸਦਾ ਸੁੰਨ ਮਸਾਨ ਹੋ ਜਾਏ।
ਟੈਹਕਣ ਫੁੱਲ ਨਾ ਬੁਲਬੁਲਾਂ ਮਸਤ ਚੈਹਕਣ,
ਹਰੀ ਭਰੀਗਲਜ਼ਾਰ ਵੀਰਰਾਨ ਹੋ ਜਾਏ।

ਵਧਣੋਂ ਫੁੱਲਣੋਂ ਰੋਕ ਦਏ ਜ਼ਿੰਦਗੀ ਜੋ,
ਏਹੋ ਜਹੇ ਸੁਹਾਗ ਨੂੰ ਫੂਕਣਾਂ ਏਂ ।
ਜਿਹੜਾ ਸਿਲਸਿਲਾ ਈਜੱਗ ਦਾ ਖ਼ਤਮ ਕਰ ਦਏ,
ਏਹੋ ਜਹੇ ਤਿਆਗ ਨੂੰ ਫੂਕਣਾਂ ਏਂ।

ਥੋੜਾ ਬਹੁਤ ਜੋ ਸਫ਼ਰ ਹੈ ਜ਼ਿੰਦਗੀ ਦਾ,
ਪੂਰਾ ਹੱਸਦੀ ਖੇਡਦੀ ਕਰਾਂਗੀ ਮੈਂ।
ਲਾਭ ਹਾਣ ਵੱਲੇਂ ਬੇ-ਨਿਆਜ਼ ਰਹਿ ਕੇ,
ਕਦਮ ਨਵੇਂ ਸੰਸਾਰ ਵਿਚ ਧਰਾਂਗੀ ਮੈਂ।
ਭਾਵੇਂ ਛੱਡਣੀ ਪਏ ਗੋਦੀ ਡਾਲੀਆਂ ਦੀ,
ਵਿੱਛੜ ਜਾਣ ਪਰਿਵਾਰ ਦਾ ਜਰਾਂਗੀ ਮੈਂ।
ਲੱਗਣ ਲਈ ਮਹਿਬੂਬ ਦੇ ਨਾਲ ਸੀਨੇ,
ਸੀਨੇ ਛੇਕ ਪਵੌਂਦੀ ਨ ਡਰਾਂਗੀ ਮੈਂ।

ਹੋਇਆ ਕੀ ਜੇ ਬਿਜਲੀਆਂ ਕੇਰ ਦਏਗਾ,
ਲੋਭੀ ਦਿਲਾਂ ਉੱਤੇ ਮੁਸਕਾਨ ਮੇਰਾ।
ਹਾਂਡੀ ਉਬਲੇਗੀ ਕੰਡੇ ਲੂਸ ਲਏਗੀ,
ਦੱਸ ਹੋਏਗਾ ਕੀ ਨੁਕਸਾਨ ਮੇਰਾ।

ਰੁਲਿਆਂ ਬਾਝ ਨ ਪਦਵੀਆਂ ਮਿਲਦੀਆਂ ਨੇ,
ਸਦਾ ਠੋਕਰਾਂ ਈਂ ਖੜਣ ਧਿੱਕ ਉੱਤੇ।
ਉਹਨੂੰ ਖ਼ੌਫ਼ ਕੀ ਰਹਿ ਗਿਆ ਹੱਲਿਆਂ ਦਾ,
ਜਿਸ ਨੇ ਆਸਰਾ ਧਰ ਲਿਆ ਇਕ ਉੱਤੇ।
ਬਣਕੇ ਇਤਰ ਮਹਬੂਬ ਦੀ ਜ਼ੁਲਫ਼ ਚੁੱਮੇਂ,
ਸੇਕੇ ਹੱਡ ਜੋ ਮਾਹੀ ਦੀ ਸਿੱਕ ਉੱਤੇ।
ਯੂਸਫ਼ ਵਾਂਗ ਬਾਜ਼ਾਰ ਦੇ ਵਿਚ ਵਿਕਿਆਂ,
ਬਹੀਏ ਤਖ਼ਤ ਮਹਬੂਬ ਦੀ ਹਿਕ ਉੱਤੇ।

ਮਸਤੀ ਭਰੇ ਪਲਸੇਟਿਆਂ ਹੇਠ ਆ ਕੇ,
ਮੰਜ਼ਿਲ ਆਪਣੀ ਨੂੰ ਖ਼ਤਮ ਕਰਾਂਗੀ ਮੈਂ।
'ਯੁਮਨ' ਮੌਤ ਦੇ ਸਾਹਮਣੇਂ ਬੈਠ ਕੇ ਤੇ,
ਨਵੀਂ ਜ਼ਿੰਦਗੀ ਦਾ ਮੁੱਢ ਧਰਾਂਗੀ ਮੈਂ।

5. ਆ ਵੇ ਪ੍ਰੀਤਮ ਆ-ਗੀਤ

ਆ ਵੇ ਪ੍ਰੀਤਮ ਆ ।
ਕਦੇ ਮੈਂ ਵਲ ਫੇਰਾ ਪਾ ।
ਆ ਵੇ ਪ੍ਰੀਤਮ ਆ……।

ਬੋਲੇ ਮੋਰ ਜਦੋਂ ਬਨ ਅੰਦਰ
ਲੱਗੇ ਅੱਗ ਮੇਰੇ ਤਨ ਅੰਦਰ
ਸੀਨੇ ਵਿਚ ਕੁਰਲਾਟ ਇਕ ਪੈ ਜਾਏ,
ਮਨ ਵਿਚ ਭੜਕੇ ਭਾ ।
ਆ ਵੇ ਪ੍ਰੀਤਮ ਆ……।

ਸੁਹਲ ਕਲੀ 'ਤੇ ਜੋਬਨ ਛਾਇਆ
ਭੌਰੇ ਨੇ ਪ੍ਰੀਤਮ ਨੂੰ ਪਾਇਆ
ਭੂੰ ਭੂੰ ਕਰ ਜਦ ਫਿਰੇ ਕਲੀ 'ਤੇ ,
ਦੇਂਦਾ ਏ ਹੋਸ਼ ਉਡਾ ।
ਆ ਵੇ ਪ੍ਰੀਤਮ ਆ……।

ਪੀ ਪੀ ਜਦੋਂ ਪਪੀਹਾ ਬੋਲੇ
ਮੈਂ ਬਿਰਹਨ ਦਾ ਜੀਅੜਾ ਡੋਲੇ
ਆਪਣੇ ਦਰਸ਼ਨ ਦੀ ਪਿਆਸੀ ਦੀ,
ਆ ਕੇ ਪਿਆਸ ਬੁਝਾ ।
ਆ ਵੇ ਪ੍ਰੀਤਮ ਆ……।

ਛੇੜੇ ਮਨ ਹਰ ਸਾਜ਼ ਹਵਾ ਨੇ
ਬੁਲਬੁਲ ਨੇ ਦਿਲ –ਸੋਜ਼ ਤਰਾਨੇ
ਮੈਂ ਬਿਰਹਨ ਦੀ ਉਜੜੀ ਦੁਨੀਆ,
ਆ ਕੇ ਫੇਰ ਵਸਾ ।
ਆ ਵੇ ਪ੍ਰੀਤਮ ਆ……।

ਕੀ ਕੁਰਲਾਨਾ ਏਂ ਕਾਲਿਆ ਕਾਵਾਂ
ਪੀ ਵਲ ਉਡ ਤੈਨੂੰ ਚੂਰੀਆਂ ਪਾਵਾਂ
'ਯੁਮਨ' ਮਿਲਾ ਦੇ ਮਾਹੀ ਮੈਨੂੰ,
ਐਵੇਂ ਨਾ ਸਿਰ ਖਾ ।
ਆ ਵੇ ਪ੍ਰੀਤਮ ਆ……।

6. ਪਨਾਹਗੀਰਾਂ ਦੀ ਹੀਰ

(ਵੰਡ ਦੀ ਦਾਸਤਾਨ)

ਕਰੀਂ ਯਾਦ ਆਪਣੀ ਕਦੇ ਪਨਾਹਗੀਰਾ,
ਤੂੰ ਤੇ ਚਮਕਦਾ ਸੈਂ ਆਬੋ-ਤਾਬ ਅੰਦਰ
ਦੌਲਤ, ਹੁਸਨ, ਹਕੂਮਤਾਂ ਰਹਿੰਦੀਆਂ ਸਨ,
ਸਿਜਦੇ ਕਰਦੀਆਂ ਤੇਰੀ ਜਨਾਬ ਅੰਦਰ

ਵਾਹੀ, ਵਣਜ, ਮੁਲਾਜ਼ਮਤ, ਦਸਤਕਾਰੀ,
ਹਰ ਇਕ ਮੱਦ ਸੀ ਤੇਰੇ ਹਿਸਾਬ ਅੰਦਰ
ਰਾਂਝਾ ਤਖ਼ਤ ਹਜ਼ਾਰੇ ਦਾ ਚੌਧਰੀ ਸੀ,
ਤੂੰ ਸੈਂ ਚੌਧਰੀ ਸਾਰੇ ਪੰਜਾਬ ਅੰਦਰ

ਤੇਰੀ ਧੁੰਮ ਤ੍ਰਿਞਣਾਂ ਵਿਚ ਹੈਸੀ,
ਤੇਰੇ ਨਾਲ ਮਹਿਫ਼ਿਲ ਹਰ ਇਕ ਸਜਦੀ ਸੀ
ਤੇਰੇ ਨਾਲ ਸੀ ਰੌਣਕ ਅਖਾੜਿਆਂ ਦੀ,
ਤੇਰੀ ਵੰਝਲੀ ਜੱਗ ਵਿਚ ਵੱਜਦੀ ਸੀ

ਮੌਜੂ ਨਾਮ ਅਖੰਡ ਪੰਜਾਬ ਦਾ ਸੀ,
ਤੇ ਜਿਦ੍ਹੇ ਨਾਲ ਗਿਆ ਇਕਬਾਲ ਤੇਰਾ
ਦਗ਼ੇਬਾਜ਼ ਭਰਾਵਾਂ ਨੇ ਨਾਲ ਧੋਖੇ,
ਦੱਬ ਲਿਆ ਜ਼ਮੀਨ ਤੇ ਮਾਲ ਤੇਰਾ

ਤੇਰੀ ਸਾਂਝ ਦੀ ਕਿਸੇ ਨਾ ਕਦਰ ਕੀਤੀ,
ਤੇ ਰਹਿਓਂ ਸਾਂਝ ਨਿਭਾਂਦਿਆਂ ਸਾਂਝਿਆ ਓਏ
ਸੋਨਾ ਸ਼ੁੱਧ ਬੇਕਦਰਾਂ ਦੇ ਹੱਥ ਆ ਕੇ,
ਗਿਆ ਪਿੱਤਲੇ ਦੇ ਵਾਂਗਰ ਮਾਂਜਿਆ ਓਏ

ਛੇਕੇ ਹੋਣ ਥੱਲੇ ਜਿਨ੍ਹਾਂ ਭਾਂਡਿਆਂ ਦੇ,
ਖਾਲੀ ਰਹਿਣ ਉਹ ਕਦੇ ਨਾ ਭਰੇ ਜਾਂਦੇ
ਓੜਕ ਆਪਣੇ ਆਪ ਤੇ ਭਾਰ ਪੈਂਦੇ,
ਨਖ਼ਰੇ ਨਿਤ ਨਹੀਂ ਕਿਸੇ ਤੋਂ ਜਰੇ ਜਾਂਦੇ

7. ਰੁਬਾਈ-1

ਕੋਈ ਦੱਸਦਾ ਏ ਉਹ ਫੁੱਲ ਬਣ ਕੇ ਚਮਨ ਵਿਚ ਵੱਸਦਾ
ਕੇਈ ਮੰਨਦਾ ਏ ਉਹ ਪਰਬਤ ਤੇ ਜਾਂ ਬਨ ਵਿਚ ਵੱਸਦਾ
ਮੰਦਰਾਂ ਵਿਚ ਤਾਂ ਸਿਰਫ਼ ਮੂਰਤੀ ਰੱਖੀ ਏ 'ਯੁਮਨ'
ਮੂਰਤੀ ਵਾਲਾ ਏ ਇਨਸਾਨ ਦੇ ਮਨ ਵਿਚ ਵੱਸਦਾ ।

8. ਰੁਬਾਈ-2

ਹਰ ਕੋਈ ਆਂਹਦੈ ਮੈਂ ਖਾਨਾਂ ਈਮਾਨ ਦਾ ਖੱਟਿਆ
ਨੌਕਰੀ, ਵਾਹੀ ਜਾਂ ਮਜ਼ਦੂਰੀ ਦੁਕਾਨ ਦਾ ਖੱਟਿਆ
ਭਾਵੇਂ ਹੱਥ ਪੈਰ ਵੀ ਕੰਮ ਦੇਂਦੇ ਨੇ 'ਯੁਮਨ'
ਆਦਮੀ ਖਾਂਦਾ ਏ ਦਰ ਅਸਲ ਜ਼ੁਬਾਨ ਦਾ ਖੱਟਿਆ

9. ਸ਼ਰਧਾਂਜਲੀ

(ਯਮੁਨ ਜੀ ਦੇ ਸ਼ਾਗਿਰਦ ਚਮਨ ਲਾਲ ਸੁਖੀ ਵੱਲੋਂ)

ਲੈ ਗਈ ਯੁਮਨ ਨੂੰ ਬੰਨ੍ਹ ਕੇ ਮੌਤ ਜ਼ਾਲਮ,
ਜਿਹੜਾ ਅਜੇ ਨਹੀਂ ਸੀ ਏਥੋਂ ਜਾਣ ਵਾਲਾ ।
ਸੋਮੇ ਅੰਮ੍ਰਿਤ ਦੇ ਸ਼ਿਅਰਾਂ ਸੀ ਜਿਸਦੇ,
ਜਿਹੜਾ ਮੋਇਆਂ 'ਚ ਜਾਨ ਸੀ ਪਾਣ ਵਾਲਾ ।

ਧਨੀ ਕਲਮ ਦਾ ਸ਼ੀਰੀਂ ਜ਼ੁਬਾਨ ਵਾਲਾ,
ਮਾਹਰ ਫਨ ਦਾ ਕਾਮਲ ਉਸਤਾਦ ਸੀ ਉਹ ।
ਰਮਜ਼ਾਂ ਅਦਬ ਦੀਆਂ ਸੱਭੇ ਜਾਣਦਾ ਸੀ,
ਕਰਦਾ ਦਿਲੇ ਨਾਸ਼ਾਦ ਨੂੰ ਸਾਦ ਸੀ ਉਹ ।

ਨੁਕਤੇ ਸ਼ਿਅਰ ਦੇ ਖ਼ੂਬ ਪਛਾਣਦਾ ਸੀ,
ਦੇਖ ਲੈਂਦਾ ਸੀ ਝੱਟ ਬਾਰੀਕੀਆਂ ਨੂੰ ।
ਪੂਰਾ ਸੁਖ਼ਨ ਦੇ ਕੰਡੇ ਸੀ ਤੋਲ ਓਹਦਾ,
ਸਹਿੰਦਾ ਨਹੀਂ ਸੀ ਕਦੇ ਵਧੀਕੀਆਂ ਨੂੰ ।

ਅਰਸ਼ੋਂ ਓਹਦਾ ਤਖੀਅਲ ਬੁਲੰਦ ਹੈਸੀ,
ਸਦਾ ਠੋਕ ਵਿਚਾਰ ਵਿਚਾਰਦਾ ਸੀ ।
ਜਜ਼ਬਾ ਪਿਆਰ ਦਾ ਸੀ ਓਹਦੇ ਦਿਲ ਅੰਦਰ,
ਦੇਂਦਾ ਦਰਸ ਓਹ ਪ੍ਰੇਮ ਪਿਆਰ ਦਾ ਸੀ ।

ਓਹਦੇ ਜਾਣ ਨਾਲ ਪਿਆ ਖ਼ਲਾ ਜਿਹੜਾ,
ਪੂਰਾ ਨਹੀਂ ਓਹ 'ਸੁਖੀ' ਖ਼ਲਾ ਹੋਣਾ ।
ਮਾਤ ਭਾਸ਼ਾ ਪੰਜਾਬੀ ਦਾ 'ਯੁਮਨ' ਵਰਗਾ,
ਪੈਦਾ ਲਾਲ ਨਹੀਓਂ ਦੂਸਰਾ ਹੋਣਾ ।

(ਸੁਖੀ ਜੀ ਰਚਿਤ ਪੁਸਤਕ 'ਕਲਮ ਦਾ ਮਜ਼ਦੂਰ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਰਾਮ ਯੁਮਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ