Punjabi Poetry : Baldev Chander Bekal
ਪੰਜਾਬੀ ਕਵਿਤਾਵਾਂ : ਬਲਦੇਵ ਚੰਦਰ ਬੇਕਲ
1. ਨੀਲੇ ਸ਼ਾਹ ਅਸਵਾਰਾ
ਨੀਲੇ ਸ਼ਾਹ ਅਸਵਾਰਾ !
ਕਮਲਾ ਕਰ ਗਿਆ ਸਾਨੂੰ
ਤੇਰੀ ਕਲਗ਼ੀ ਦਾ ਲਿਸ਼ਕਾਰਾ
ਨੀਲੇ ਸ਼ਾਹ ਅਸਵਾਰਾ !
ਦੋ ਗੁੰਚੇ, ਦੋ ਫੁੱਲ ਹਜ਼ਾਰੇ
ਚੌਹ ਕੂੰਟਾਂ ਦੇ ਚਾਰ ਮੁਨਾਰੇ
ਵਾਰੇ, ਵਾਰੋ ਵਾਰੀ ਵਾਰੇ
ਤੜਫ਼ੇ ਆਲਮ ਸਾਰਾ । ਉਹ ! ਨੀਲੇ ਸ਼ਾਹ ਅਸਵਾਰਾ…
ਪੰਜ ਪਿਆਰੇ, ਚਾਲੀ ਮੁਕਤੇ
ਮੁਕਤੇ ਸਨ ਮੁਕਤੀ ਦੇ ਨੁਕਤੇ
ਅੰਤ ਕਿਸੇ ਨਾ ਪਾਇਆ ਤੇਰਾ
ਜਾਣੇ ਭੇਤ ਨਿਆਰਾ । ਉਹ ! ਨੀਲੇ ਸ਼ਾਹ ਅਸਵਾਰਾ…
ਹਰਦਮ 'ਬੇਕਲ' ਮਨਤਾਂ ਮੰਨਾਂ
ਆ ਗੁਜਰੀ ਦੇ ਸੋਹਣਿਆਂ ਚੰਨਾਂ
ਕਾਲੇ ਕਰਮਾ ਦੇ ਬੱਦਲਾਂ 'ਚੋਂ
ਮਾਰ ਕਦੇ ਚਮਕਾਰਾ । ਉਹ ! ਨੀਲੇ ਸ਼ਾਹ ਅਸਵਾਰਾ…
2. ਮੈਂ ਮਾਲਣ ਮਤਵਾਲੀ ਕਾਹਨਾ
ਮੈਂ ਮਾਲਣ ਮਤਵਾਲੀ ਕਾਹਨਾ !
ਮੈਂ ਮਾਲਣ ਮਤਵਾਲੀ
ਕਰੀਂ ਪੂਰੀਆਂ ਦਿਲ ਦੀਆਂ ਆਸਾਂ
ਦੀਨ ਦੁਨੀ ਦੇ ਵਾਲੀ । ਕਾਹਨਾ ! ਮੈਂ ਮਾਲਣ……
ਕੋਮਲ ਕਲੀਆਂ, ਫੁੱਲ ਮਹਿਕਦੇ
ਸਾਰੇ ਦਰਸ਼ਨ ਲਈ ਸਹਿਕਦੇ
ਕੁਬਜਾਂ ਵਾਂਗ ਕੁੱਬੀ ਹੱਥ ਜੋੜਾਂ
ਮੌੜ ਨਾ ਦੇਵੀਂ ਖਾਲੀ । ਕਾਹਨਾ ! ਮੈਂ ਮਾਲਣ……
ਕਲੀਆਂ ਚੁਣ ਚੁਣ ਹਾਰ ਬਣਾਵਾਂ
ਹਾਰ ਬਣਾਵਾਂ, ਗਲ ਵਿਚ ਪਾਵਾਂ
ਚੰਦਨ ਰਗੜਾਂ ਤਿਲਕ ਲਗਾਵਾਂ
ਇਸ ਕਰ ਕੇ ਮੈਂ ਜੋਤ ਜਗਾਵਾਂ
ਮੇਰੇ ਦਿਲ ਦੀ ਹਨੇਰੀ ਦੁਨੀਆਂ
ਹੋ ਜਾਏ ਕਿਵੇਂ ਉਜਾਲੀ । ਕਾਹਨਾ ! ਮੈਂ ਮਾਲਣ……
ਅਜ ਤੇ ਦਿਲ ਦੀ ਆਸ ਪੁਜਾ ਦੇ
ਹਰ ਇਕ ਰੀਝ ਤੇ ਰੂਪ ਚੜ੍ਹਾ ਦੇ
ਸਾਂਵਲੀਂ ! ਸਾਂਵਲੀ ਝਲਕ ਦਿਖਾ ਦੇ
'ਬੇਕਲ' ਮਨ ਦਾ ਮੋਰ ਨਚਾ ਦੇ;
ਐਸੀ ਟੇਰ ਸੁਣਾ ਮੁਰਲੀ ਦੀ-
ਝੂਮੇ ਡਾਲੀ ਡਾਲੀ । ਕਾਹਨਾ ! ਮੈਂ ਮਾਲਣ……
3. ਪਿੰਡਾਂ ਦੀਆਂ ਅਜਬ ਬਹਾਰਾਂ ਨੇ
ਪਿੰਡਾਂ ਦੀਆਂ ਅਜਬ ਬਹਾਰਾਂ ਨੇ
ਕਿਤੇ ਮਾਲ ਚਰੇ, ਕਿਤੇ ਹਲ ਵਗਦੇ,
ਕਿਤੇ ਪਾਣੀ ਭਰੇਂਦੀਆਂ ਨਾਰਾਂ ਨੇ । ਪਿੰਡਾਂ ਦੀਆਂ ......
ਪਿੱਪਲਾਂ ਦੀਆਂ ਠੰਢੀਆਂ ਛਾਵਾਂ ਨੇ,
ਮਖ਼ਮਲ ਨਾਲ ਢਕੀਆਂ ਥਾਂਵਾਂ ਨੇ,
ਕਿਸੇ ਗਿੜਦੇ ਖੂਹ ਦੀ ਰੂੰ ਰੂੰ ਵਿਚ
ਪਏ ਖੇਡਦੇ ਗੀਤ ਹਜ਼ਾਰਾਂ ਨੇ । ਪਿੰਡਾਂ ਦੀਆਂ......
ਜਦ ਪੈਲੀਆਂ ਦੇ ਵਿਚ ਰਲ ਬਹਿਣਾ
ਸੁਖ ਵੰਡ ਦੇਣੇ, ਦੁਖ ਵੰਡ ਲੈਣਾ
ਸ਼ਹਿਰਾਂ ਦਿਆਂ ਜੰਮਿਆ ਪਲਿਆਂ ਨੂੰ
ਕੀ ਇਨ੍ਹਾਂ ਗੱਲਾਂ ਦੀਆਂ ਸਾਰਾ ਨੇ । ਪਿੰਡਾਂ ਦੀਆਂ……
4. ਮੇਰਾ ਢੋਲ ਜਵਾਨੀਆਂ ਮਾਣੇ
ਯਾਰ ਜਾਣੇ ਤੇ ਭਾਵੇਂ ਨਾ ਜਾਣੇ
ਮੇਰਾ ਢੋਲ ਜਵਾਨੀਆਂ ਮਾਣੇ !
ਨੀ ਮੈਂ' ਪਾਣੀਂ ਭਰੇਨੀਆਂ ਤੜਕੇ
ਜਿੰਦ ਡੋਲੇ ਤੇ ਅੱਖ ਪਈ ਫੜਕੇ
ਵੇ ਤੂੰ ਕਿਹੜੀ ਗੱਲੋਂ ਗਿਉਂ ਲੜਕੇ ? ਯਾਰ ਜਾਣੇ……
ਵੇ ਮੈਂ ਨਿਤ ਉਡਾਨੀਆਂ ਕਾਗ ਵੇ
ਲਾਈਆਂ ਅੱਖੀਆਂ ਤੇ ਸੜ ਗਏ ਭਾਗ ਵੇ
ਧੋਵਾਂ ਰੋ ਰੋ ਜੁਦਾਈਆਂ ਦੇ ਦਾਗ਼ ਵੇ । ਯਾਰ ਜਾਣੇ……
ਤੈਨੂੰ ਯਾਦ ਕਰੇਨੀਆਂ ਢੋਲ ਵੇ !
ਆ ਜਾ ਉਡ ਕੇ ਸੱਜਨਾਂ ਦੇ ਕੋਲ ਵੇ !
ਚੰਨਾਂ ! ਜਿੰਦੜੀ ਨਾ ਮੇਰੀ ਰੋਲ ਵੇ ! ਯਾਰ ਜਾਣੇ……
5. ਮਾਹੀ ਨਾਲ ਜੇ ਅੱਖ
ਮਾਹੀ ਨਾਲ ਜੇ ਅੱਖ ਲੜਦੀ ਕਦੀ ਨਾ ।
ਮੈਂ ਰਾਹ ਜਾਂਦੇ ਦੁੱਖਾਂ ਨੂੰ ਫੜਦੀ ਕਦੀ ਨਾ ।
ਤੇਰੇ ਨੈਣ ਜੇਕਰ ਸ਼ਰਾਬੀ ਨਾ ਹੁੰਦੇ,
ਬਿਨਾਂ ਪੀਤਿਆਂ ਮਸਤੀ ਚੜ੍ਹਦੀ ਕਦੀ ਨਾ ।
ਮੇਰੇ ਦਿਲ ਦੇ ਅਰਮਾਨ ਜੇ ਨਿਕਲ ਜਾਂਦੇ,
ਮੇਰੀ ਜਾਨ ਬੁੱਲ੍ਹਾਂ ਤੇ ਅੜਦੀ ਕਦੀ ਨਾ ।
ਪੁੰਨੂੰ ਦਿਲ ਦਾ ਖੋਟਾ ਜੇ ਝਾਂਸਾ ਨਾ ਦੇਂਦਾ,
ਤੇ ਸੱਸੀ ਤਲੀਂ ਜਾ ਕੇ ਸੜਦੀ ਕਦੀ ਨਾ ।
ਪਤਾ ਹੁੰਦਾ ਜੇਕਰ ਤੂੰ ਕਰਨਾ ਸੀ 'ਬੇਕਲ'
ਤੈਨੂੰ ਦਿਲ ਦੇ ਸ਼ੀਸ਼ੇ 'ਚ ਮੜ੍ਹਦੀ ਕਦੀ ਨਾ ।