Punjabi Poetry/Shayari : Baba Najmi
ਬਾਬਾ ਨਜਮੀ ਦੀ ਪੰਜਾਬੀ ਕਵਿਤਾ
1. ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ । ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ । ਲੋਕੀ ਮੰਗ ਮੰਗਾ ਕੇ ਆਪਣਾ, ਬੋਹਲ ਬਣਾ ਕੇ ਬਹਿ ਗਏ ਨੇ; ਅਸਾਂ ਤਾਂ ਮਿੱਟੀ ਕਰ ਦਿੱਤਾ ਏ, ਸੋਨਾ ਗਾਲ ਪੰਜਾਬੀ ਦਾ । ਜਿਹੜੇ ਆਖਣ ਵਿਚ ਪੰਜਾਬੀ, ਵੁਸਅਤ ਨਹੀਂ ਤਹਿਜ਼ੀਬ ਨਹੀਂ; ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ । ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ; ਕੋਈ ਵੀ ਜਬਰਨ ਕਰ ਨਹੀਂ ਸਕਦਾ, ਵਿੰਗਾ ਵਾਲ ਪੰਜਾਬੀ ਦਾ ।
2. ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ
ਵਾਰਸ, ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਨੇ । ਕਿਸਰਾਂ ਆਖਾਂ ਮਾਂ ਬੋਲੀ ਦੇ 'ਬਰਖ਼ੁਦਾਰ' ਪੰਜਾਬੀ ਨੇ । ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ, ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ । ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ, ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ । ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ । ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ, ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ । ਖ਼ਵਾਜਾ 'ਫ਼ਰੀਦ', ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ, ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ । ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ, 'ਬਾਬਾ ਨਜਮੀ' ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ ।
3. ਅੱਗ ਵੀ ਹਿੰਮਤੋਂ ਬਹੁਤੀ ਦਿੱਤੀ
ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਭਾਂਡੇ ਪਿੱਲੇ ਰਹੇ । ਭਾਂਬੜ ਜਹੀਆਂ ਧੁੱਪਾਂ ਵਿਚ ਵੀ, ਮੇਰੇ ਲੀੜੇ ਗਿੱਲੇ ਰਹੇ । ਦੋਸ਼ ਦਿਉ ਨਾ ਝੱਖੜਾਂ ਉੱਤੇ, ਸਿਰ ਤੋਂ ਉੱਡੇ ਤੰਬੂਆਂ ਦਾ, ਕਿੱਲੇ ਠੀਕ ਨਈਂ ਠੋਕੇ ਖੌਰੇ, ਸਾਥੋਂ ਰੱਸੇ ਢਿੱਲੇ ਰਹੇ । ਏਧਰ ਗੱਭਰੂ ਲਾਸ਼ਾਂ ਡਿੱਗੀਆਂ, ਸੀਨੇ ਪਾਟੇ ਮਾਵਾਂ ਦੇ, ਓਧਰ ਠੀਕ ਨਿਸ਼ਾਨੇ ਬਦਲੇ, ਲੱਗਦੇ ਤਗ਼ਮੇਂ ਬਿੱਲੇ ਰਹੇ । ਮੈਂ ਵੀ ਧੀ ਸੀ ਡੋਲੇ ਪਾਉਣੀ, ਸੂਹਾ ਜੋੜਾ ਲੈਣ ਗਿਆ, ਵੇਖ ਕੇ ਮੇਰੀ ਹਾਲਤ ਵੱਲੇ, ਹੱਸਦੇ ਗੋਟੇ ਤਿੱਲੇ ਰਹੇ । ਰਸਤਾ, ਪੈਂਡਾ, ਵੇਲਾ ਇੱਕੋ, ਮੰਜਿਲ ਉੱਤੇ ਅਪੜਨ ਦਾ, ਪਿੱਟਣਗੇ ਤਕਦੀਰਾਂ ਬਹਿ ਕੇ, ਜ਼ਰਾ ਵੀ ਜਿਹੜੇ ਢਿੱਲੇ ਰਹੇ । ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ, ਝੁੱਗੀਆਂ ਦੇ ਫਿਰ ਕਈ ਦਿਹਾੜੇ, ਬਾਲਣ ਚੁੱਲ੍ਹੇ ਸਿੱਲ੍ਹੇ ਰਹੇ । ਸਾਡਾ ਹਾਲ ਵੀ ਪੁੱਛਣ ਜੋਗੀ, ਉਹਨਾਂ ਪੱਲੇ ਫੁਰਸਤ ਨਹੀਂ, ਜਿੰਨ੍ਹਾਂ ਦੀ ਤੰਗ ਦਸਤੀ ਦੇ ਲਈ, 'ਬਾਬਾ' ਕੱਟਦੇ ਛਿਲੇ ਰਹੇ ।
4. ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਸ਼ੀਸ਼ੇ ਉਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ। ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ । ਉਹਨਾਂ ਦਾ ਵੀ ਤੂੰਹੀਉਂ ਰੱਬ ਏਂ ਇਹਦਾ ਅੱਜ ਜਵਾਬ ਤੇ ਦੇ, ਈਦਾਂ ਵਾਲੇ ਦਿਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ । ਜਿਹਨਾਂ ਦੇ ਗਲ ਲੀਰਾਂ ਪਈਆਂ ਉਹਨਾਂ ਵੱਲੇ ਤੱਕਦੇ ਨਈਂ, ਕਬਰਾਂ ਉਤੇ ਤਿੱਲੇ ਜੜੀਆਂ ਚੱਦਰਾਂ ਚਾੜ੍ਹੀ ਜਾਂਦੇ ਨੇ । ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ, ਜਿਹੜੇ ਇੱਕ ਹਵੇਲੀ ਬਦਲੇ ਝੁੱਗੀਆਂ ਸਾੜੀ ਜਾਂਦੇ ਨੇ । ਸ਼ੀਸ਼ੇ ਉਤੇ ਮਲੇ ਸਿਆਹੀਆਂ ਹੱਕ ਏ ਮੇਰੇ ਦੁਸ਼ਮਣ ਦਾ, ਸੱਜਣਾਂ ਨੂੰ ਕੀ ਬਣੀਆਂ ਮੇਰੇ ਫੁੱਲ ਲਿਤਾੜੀ ਜਾਂਦੇ ਨੇ । ਚਲ ਉਏ 'ਬਾਬਾ ਨਜਮੀ' ਆਪਣੇ ਪਿੰਡਾਂ ਨੂੰ ਮੂੰਹ ਮੋੜ ਲਈਏ, ਸ਼ਹਿਰਾਂ ਦੇ ਵਸਨੀਕ ਤਾਂ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ ।
5. ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ
ਮੇਰੇ ਹੱਥੀਂ ਛਾਲੇ ਪਏ ਮਜ਼ਦੂਰੀ ਨਾਲ । ਫਿਰ ਵੀ ਨਹੀਉਂ ਭਰਿਆ ਛੰਨਾਂ ਚੂਰੀ ਨਾਲ । ਖੁਸ਼ੀਆਂ ਨਾਲ ਨਹੀਂ ਛੱਡੀ ਆਪਣੀ ਜੰਮਣ-ਭੋਂ, ਤੇਰੇ ਸ਼ਹਿਰ 'ਚ ਆਇਆ ਵਾਂ ਮਜ਼ਬੂਰੀ ਨਾਲ । ਮੇਰੇ ਨਾਲੋਂ ਕੁਹਝਾ ਪੁੱਤਰ ਲੰਬੜਾਂ ਦਾ, ਧਰਤੀ ਉੱਤੇ ਫਿਰਦਾ ਏ ਮਗ਼ਰੂਰੀ ਨਾਲ । 'ਭਗਤ ਸਿੰਘ' ਤੇ 'ਦੁੱਲਾ', 'ਜਬਰੂ' ਮੇਰਾ ਲਹੂ, ਕਿੰਝ ਖਲੋਵਾਂ 'ਗ਼ਜਨੀ' ਤੇ 'ਤੈਮੂਰੀ' ਨਾਲ । ਮੇਰਾ ਕਲਮ-ਕਬੀਲਾ ਉਹਨਾਂ ਵਿੱਚੋਂ ਨਈਂ, ਅੱਖਰ ਜਿਹੜੇ ਲਿਖਦੇ ਨੇ ਮਨਜੂਰੀ ਨਾਲ । ਸ਼ੀਸ਼ੇ ਵੱਲੇ ਕਰਕੇ ਕੰਡ ਖਲੋਣਾ ਨਈਂ, ਜਿੰਨਾ ਮਰਜ਼ੀ ਵੇਖੋ ਮੈਨੂੰ ਘੂਰੀ ਨਾਲ । 'ਬਾਬਾ' ਉਹ ਵੀ ਸੋਚੇ ਮੇਰੇ ਬਾਲਾਂ ਲਈ, ਜਿਸਦਾ ਖੀਸਾ ਭਰਨਾ ਵਾਂ ਕਸਤੂਰੀ ਨਾਲ ।
6. ਰੱਬ ਜਾਣੇ ਕੀ ਆਖਣ ਛੱਲਾਂ
ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ । ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ । ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ, ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ । ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ, ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ । ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ, ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ । ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲੀ ਨੂੰ, ਕਦ ਮਿਲਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ । ਮੈਨੂੰ ਤੇ ਇੰਜ ਲਗਦਾ ਏ 'ਬਾਬਾ', ਛੱਲਾਂ ਤੰਗ ਸਮੁੰਦਰ ਤੋਂ, ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ ।
7. ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ
ਜਿਸ ਧਰਤੀ 'ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ । ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ । ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ ਖਲੋ, ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ । ਇੱਟ-ਖੜਿੱਕਾ ਨਾਲ ਗਵਾਂਢੀ, ਦੇਖੋ ਆਗੂ ਵੱਲ, ਉਹਦੇ ਨਾਲ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ । ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ, ਹੌਲੀ ਹੌਲੀ ਡੁੱਬਦਾ ਜਾਵੇ, ਸੱਧਰਾਂ ਵਾਲਾ ਪੂਰ । ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਂਦਾ ਮੈਂ ਕੂਚ, ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ । ਵਿੱਚ ਹਨੇਰੇ ਫੁੱਲ ਵੀ ਦੇਵੇਂ, ਉਹਨਾਂ ਉੱਤੇ ਥੂਹ, ਸਿਖਰ ਦੁਪਹਿਰੇ ਬਲ਼ਦੇ ਪੱਥਰ ਮੈਨੂੰ ਨੇ ਮਨਜ਼ੂਰ । ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ, ਮੰਜ਼ਿਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ । ਉਹਦੇ ਵਿੱਚੋਂ ਲੱਭੇ 'ਬਾਬਾ' ਕੰਮੀਆਂ ਦੇ ਹੱਕ ਵੇਖ, ਜਿਹੜਾ ਉਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ ।
8. ਤੇਰੇ ਸ਼ਹਿਰ ਦੇ 'ਬਾਬਾ ਨਜਮੀ', ਲੋਕ ਚੰਗੇਰੇ ਹੁੰਦੇ
ਤੇਰੇ ਸ਼ਹਿਰ ਦੇ 'ਬਾਬਾ ਨਜਮੀ', ਲੋਕ ਚੰਗੇਰੇ ਹੁੰਦੇ । ਝੁੱਗੀਆਂ ਵਿੱਚ ਨਾ ਚਾਨਣ ਬਦਲੇ, ਘੁੱਪ-ਹਨੇਰੇ ਹੁੰਦੇ । ਫੁੱਲਾਂ ਦੇ ਗੁਲਦਸਤੇ ਘੱਲਦੇ ਇਕ ਦੂਜੇ ਦੇ ਵੱਲੇ, ਗਿਰਜੇ ਮੰਦਰ ਵਿੱਚ ਮਸੀਤੇ ਲੋਕ ਜੇ ਮੇਰੇ ਹੁੰਦੇ । ਮੈਂ ਵੀ ਘਰ ਦੇ ਓਬੜਾਂ ਅੱਗੇ ਰਾਜ਼ ਜੇ ਵੇਚੇ ਹੁੰਦੇ, 'ਸਰ' ਦਾ ਫੁੰਮਣ ਸਿਰ 'ਤੇ ਹੁੰਦਾ, ਲੰਡਨ ਡੇਰੇ ਹੁੰਦੇ । ਮੈਂ ਵੀ ਆਪਣੇ ਸੱਜਣਾਂ ਉੱਤੇ ਫੁੱਲਾਂ ਦਾ ਮੀਂਹ ਪਾਉਂਦਾ, ਮੇਰੇ ਵੀ ਜੇ ਲੋਕਾਂ ਵਾਂਗੂੰ, ਕਾਸ਼, ਬਨੇਰੇ ਹੁੰਦੇ । ਮੇਰੇ ਚੰਮ ਦੀਆਂ ਵੱਟੀਆਂ ਵੱਟੋ, ਲਹੂ ਨਾਲ ਭਰ ਲਓ ਦੀਵੇ, ਕਰ ਲਓ ਘਰ ਦੇ ਲੋਕੋ ਜੀਕਣ ਦੂਰ ਹਨੇਰੇ ਹੁੰਦੇ । ਮੇਰਾ ਨਾਂ ਵੀ ਹੁੰਦਾ 'ਬਾਬਾ' ਉਤਲੇ ਵਿੱਚ ਅਦੀਬਾਂ, ਮੈਂ ਵੀ ਸ਼ਾਹ ਦੇ ਚਮਚੇ ਅੱਗੇ ਹੰਝੂ ਕੇਰੇ ਹੁੰਦੇ ।
9. ਉਠ ਉਏ 'ਬਾਬਾ' ਆਪਣੀ ਜੂਹ ਦੇ
ਉਠ ਉਏ 'ਬਾਬਾ' ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ । ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ । ਖੌਰੇ ਕੋਈ ਮੰਜ਼ਲ ਭੁੱਲਿਆ ਆ ਈ ਜਾਵੇ ਪੱਖੀ, ਧੁੱਪਾਂ ਸੜੀਆਂ ਰੇਤਾਂ ਵਿਚ ਵੀ ਰੁੱਖ ਦਾ ਦੀਵਾ ਬਾਲ । ਅਸੀਂ ਵੀ ਤੇਰੇ ਆਦਮ ਜਾਏ ਉਤੋਂ ਤੇ ਨਈਂ ਡਿੱਗੇ, ਝੁੱਗੀਆਂ ਵਿਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ । ਖੌਰੇ ਉਜੜੇ ਘਰ ਦੇ ਆਲੇ ਜੱਗ ਨੂੰ ਚੰਗੇ ਲੱਗਣ, ਸਾਡੇ ਨੈਣਾਂ ਵਿਚ ਵੀ ਆਪਣੇ ਮੁੱਖ ਦਾ ਦੀਵਾ ਬਾਲ । ਰੋਟੀ ਜੋਗਾ ਵੀ ਨਈਂ ਆਟਾ ਭਾਵੇਂ ਵਿਚ ਕੁਨਾਲੀ, ਫਿਰ ਵੀ ਬੁਲ੍ਹਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ । ਉਹਨਾਂ ਵਿਚੋਂ ਮੁੱਕ ਜਾਂਦੀ ਏ ਅਣਖ ਦੀ 'ਬਾਬਾ' ਲੋ, ਜਿਹੜੇ ਲੋਕੀ ਟੁੱਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ ।
10. ਮਸਜਦ ਮੇਰੀ ਤੂੰ ਕਿਉਂ ਢਾਵੇਂ
ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ । ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ । ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ, ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ । ਰੱਬ ਕਰੇ ਤੂੰ ਮੰਦਰ ਵਾਗੂੰ ਵੇਖੇਂ ਮੇਰੀ ਮਸਜਦ ਨੂੰ, ਰਾਮ ਕਰੇ ਮੈਂ ਮਸਜਦ ਵਾਂਗੂੰ ਵੇਖਾਂ ਤੇਰੇ ਮੰਦਰ ਨੂੰ । ਡੁੱਬੇ ਵਿਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਈਂ, ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ । ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ । ਅਸਾਂ ਨਈਂ ਆਉਣਾ 'ਬਾਬਾ' ਤੇਰਾ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦੇਂਦੇ ਨੇ ਵਰਤਾਵੇ ਤੇਰੇ ਲੰਗਰ ਨੂੰ ।
11. ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ । ਹੱਥੀਂ ਮਹੁਰਾ ਖਾ ਕੇ ਮਰਨਾ ਪੈਂਦਾ ਏ । ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ, ਆਟੇ ਵਾਲਾ ਪੀਪਾ ਭਰਨਾ ਪੈਂਦਾ ਏ । ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ, ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ । ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ, ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ । ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ, ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ । ਜਿਹਨਾਂ ਦੇ ਘਰ ਬੇਰੀ 'ਬਾਬਾ' ਉਹਨਾਂ ਨੂੰ, ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ ।
12. ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ
ਮੇਰੀ ਅੱਗ ਦੇ ਉੱਤੇ ਅਪਣੀ ਪਾ ਕੇ ਅੱਗ । ਕਿਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ । ਦੀਵੇ ਨਾਲ ਨਈਂ ਜਾਣਾ ਏਸ ਹਨੇਰੇ ਨੇ, ਰੱਖ ਤਲੀ ਤੇ ਅਪਣੇ ਦਿਲ ਨੂੰ ਲਾ ਕੇ ਅੱਗ । ਏਹਦੇ ਵਰਗੀ ਦੋਜ਼ਖ਼ ਦੀ ਵੀ ਹੋਣੀ ਨਈਂ, ਚੱਲੇ ਜੇਹੜੀ ਏਥੇ ਅਸੀਂ ਹੰਢਾ ਕੇ ਅੱਗ । ਬੁੱਲੇ ਨਾਲੋਂ ਹੱਥ ਅਗੇਰੇ ਜਾਵਾਂਗਾ, ਜਦ ਮੈਂ ਨੱਚਿਆ ਅਪਣੇ ਪੈਰੀਂ ਪਾ ਕੇ ਅੱਗ । ਕਿਬਲਾ ਸਿੱਧਾ ਕਰ ਲਉ ਆਪਣਾ ਚੌਧਰੀਓ, ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ । ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਰੱਖੀ ਜੇਹੜੀ ਸੀਨੇ ਵਿਚ ਦਬਾ ਕੇ ਅੱਗ । ਖੇੜੇ ਜੇਹੜੀ ਬਾਲੀ ਮੈਨੂੰ ਸਾੜਨ ਲਈ, ਪਰਤਾਂਗਾ ਮੈਂ ਵੰਝਲੀ ਨਾਲ ਬੁਝਾ ਕੇ ਅੱਗ । ਮੈਂ ਕੀ 'ਬਾਬਾ ਨਜਮੀ' ਤੇਰੇ ਚੁਲ੍ਹੇ ਦੀ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ ।
13. ਮਿੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ
ਮਿੱਟੀ ਪਾਣੀ ਸੱਚਾ ਇਕੋ ਪੱਕੀਆਂ ਵੀ ਇੱਕ ਭੱਠੇ । ਇਹ ਕਿਉਂ ਨਾਲੀ ਵਿਚ ਨੇ ਲੱਗੀਆਂ ਉਹ ਕਿਉਂ ਮਹਿਲ ਦੇ ਮੱਥੇ । ਮਾੜੇ ਨੂੰ ਵੱਖ ਬੰਨ੍ਹਣ ਨਾਲੋਂ ਤਗੜੇ ਦੇ ਸਿੰਗ ਭੰਨੋ, ਸਾਂਝੀ ਖੁਰਲੀ ਵਿਚੋਂ ਜੇਹੜਾ ਖਾਣ ਨਹੀਂ ਦੇਂਦਾ ਪੱਠੇ । ਸਾਡੇ ਵਿਚ ਕਮੀ ਏ ਕਿਹੜੀ ਸਾਨੂੰ ਆਖੋ ਕੰਮੀਂ, ਸਾਡੇ ਨਾਲ ਖਲੋ ਕੇ ਵੇਖਣ ਰਾਜੇ ਚੀਮੇ ਚੱਠੇ । ਪਰ੍ਹਿਆ ਦੇ ਵਿੱਚ ਤਾਂ ਜਾਵਾਂਗਾ ਸ਼ਰਤ ਮੇਰੀ ਜੇ ਮੰਨੋਂ, ਕਿਸੇ ਵੀ ਇਕ ਦੀ ਖ਼ਾਤਰ ਓਥੇ ਮੰਜਾ ਕੋਈ ਨਾ ਡੱਠੇ । ਖ਼ਬਰੇ ਕਿਹੜੇ ਕੱਚੇ ਕੋਠੇ ਢਹਿਣ ਦੀ ਫੇਰ ਏ ਵਾਰੀ, ਅਸਮਾਨਾਂ ਤੇ ਕਾਲੇ ਬੱਦਲ ਫਿਰ ਹੋ ਗਏ ਨੇ ਕੱਠੇ ।
14. ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿਚ
ਮੈਨੂੰ ਕਿੰਜ ਤ੍ਰੇਲੀ ਆਵੇ ਦੁੱਖ ਦੇ ਵਿਚ । ਇਹਦੇ ਧੱਫੇ ਜਰਦਾ ਰਿਹਾਂ ਵਾਂ ਕੁੱਖ ਦੇ ਵਿਚ । ਉਨ੍ਹਾਂ ਲਾਗੇ ਉੱਚਾ ਸਾਹ ਵੀ ਪਾਪ ਜਿਹਾ, ਜਿਹੜੇ ਲੋਕੀ ਸੁੱਤੇ ਪਏ ਨੇ ਸੁੱਖ ਦੇ ਵਿਚ । ਇਹ ਵੀ ਮੁਨਕਰ ਹੋ ਨਾ ਜਾਵੇ ਮੇਰੇ ਵਾਂਗ, ਇਹਦੀ ਭੁੱਖ ਵੀ ਰੱਖ ਦੇ ਮੇਰੀ ਭੁੱਖ ਦੇ ਵਿੱਚ । ਮੌਤ ਕਿਤੇ ਵੀ ਆਵੇ ਮੇਰੀ ਸੱਧਰ ਸੁਣ, ਦੱਬਿਆ ਜਾਵਾਂ ਪਾਕਪਤਣ ਦੀ ਕੁੱਖ ਦੇ ਵਿਚ ।
15. ਝੁੱਗੀਆਂ ਵਿਚ ਵੀ ਫੇਰਾ ਪਾ ਕੇ ਵੇਖ ਲਵੇ
ਝੁੱਗੀਆਂ ਵਿਚ ਵੀ ਫੇਰਾ ਪਾ ਕੇ ਵੇਖ ਲਵੇ । ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ । ਜਿਨ੍ਹੇਂ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ, ਉਹਨੂੰ ਆਖੋ (ਮੇਰੇ ਅੰਦਰ) ਆ ਕੇ ਵੇਖ ਲਵੇ । ਮੇਰੇ ਮੁੜ੍ਹਕੇ ਨਾਲ ਖਲੋਤਾ ਤਾਜ ਮਹਿਲ, ਝੂਠਾ ਵਾਂ ਤੇ ਗੱਲ ਕਰਵਾ ਕੇ ਵੇਖ ਲਵੇ । ਮੇਰੇ ਦਮ ਨਾਲ ਗੁਟਕੇ ਵੇਹੜਾ ਮੱਕੇ ਦਾ, ਮੈਨੂੰ ਵਿਚੋਂ ਪਰ੍ਹਾਂ ਹਟਾ ਕੇ ਵੇਖ ਲਵੇ । ਸਾਡੀ ਇਕ ਇਕ ਝੁੱਗੀ ਇਕ ਮੁਸਵਦਾ ਏ, ਸੁਖ਼ਨਵਰਾਂ ਚੋਂ ਕੋਈ ਵੀ ਜਾ ਕੇ ਵੇਖ ਲਵੇ । ਤੇਰੇ ਪੁੱਤਰ ਵਾਂਗੂੰ ਮੇਰਾ ਪੁੱਤਰ ਵੀ, ਲੰਬੜਦਾਰਾ ਬਸਤਾ ਪਾ ਕੇ ਵੇਖ ਲਵੇ । ਮੇਰਾ ਇਕ ਇਕ ਮਿਸਰਾ ਦੁੱਖ ਜ਼ਮਾਨੇ ਦਾ, ਮੇਰਾ ਕੋਈ ਵੀ ਸ਼ਿਅਰ ਸੁਣਾ ਕੇ ਵੇਖ ਲਵੇ ।
16. ਉੱਠ ਗ਼ਰੀਬਾ ਭੰਗੜਾ ਪਾ
ਉੱਠ ਗ਼ਰੀਬਾ ਭੰਗੜਾ ਪਾ । ਭੁੱਖਾ ਅਪਣਾ ਢਿੱਡ ਵਜਾ । ਜਸ਼ਨੇ ਪਾਕਿਸਤਾਨ ਮਨਾ । ਉੱਠ ਗ਼ਰੀਬਾ ਭੰਗੜਾ ਪਾ । ਝੰਡਾ ਇਹਦਾ ਫੜਕੇ ਰੱਖ, ਨੀਵੀਂ ਅਪਣੀ ਕਰ ਕੇ ਅੱਖ, ਕੱਠੇ ਕਰ ਕੇ ਸਾਡੇ ਕੱਖ, ਅਪਣਾ ਠੰਢਾ ਚੁੱਲ੍ਹਾ ਤਾਅ । ਵਿਚ ਅਮਰੀਕਾ ਸਾਡਾ ਨਾਂ, ਜਦ ਤੱਕ ਸਿਰ ਤੇ ਓਹਦੀ ਛਾਂ, ਕੱਟਾ ਚੋਈਏ ਭਾਵੇਂ ਗਾਂ, ਅਹਿ ਲੈ ਝੰਡੀ ਨੱਠਾ ਜਾਹ, ਅਪਣੇ ਬਾਲਾਂ ਨੂੰ ਪਰਚਾ । ਤੈਨੂੰ ਧਰਤੀ ਸੋਹਣੀ ਲੱਗੇ, ਸ਼ਾਵਾ ਸ਼ਾਵਾ ਅੰਨ੍ਹੇ ਢੱਗੇ, ਤਾਂਹੀਉਂ ਤੈਨੂੰ ਕਰਦੇ ਅੱਗੇ, ਡਾਂਗਾਂ ਸੋਟੇ ਗੋਲੀ ਖਾਹ । ਵਿੱਚ ਸ਼ਰੀਕਾਂ ਨਾਂ ਚਮਕਾ । ਵੱਲ ਅਸਮਾਨਾਂ ਤੂੰ ਨਾ ਵੇਖ, ਸਾਡੇ ਹੱਥੀਂ ਤੇਰੇ ਲੇਖ, ਭੁੱਖਾ ਸਾਡੇ ਹੱਥਾਂ ਵੱਲੇ ਵੇਖ, ਜਿੰਨਾਂ ਦੇਈਏ ਓਨਾ ਖਾਹ । ਇਸ ਧਰਤੀ ਦੇ ਅਸੀਂ ਖ਼ੁਦਾ । ਅਸਲੀ ਪਾਕਿਸਤਾਨ ਅਸੀਂ, ਤਾਂਹੀਉਂ ਤੇ ਪਰਧਾਨ ਅਸੀਂ, ਧਰਤੀ ਵੀ ਅਸਮਾਨ ਅਸੀਂ, ਸਾਡੇ ਪੈਰਾਂ ਹੇਠਾਂ ਲਾਅ । ਸਾਡੇ ਬਹਿਕੇ ਪੈਰ ਦਬਾ । ਇਕੋ ਤੇ ਨਹੀਂ ਰਹਿਣੀ ਰੁੱਤ, ਇਕ ਦਿਹਾੜੇ ਟੁਟਣੇ ਬੁੱਤ, ਇਸ ਧਰਤੀ ਦਾ ਤੂੰ ਏਂ ਪੁੱਤ, ਸੁੱਤਾ ਤੇਰਾ ਅਜੇ ਖ਼ੁਦਾ, ਔਕੜ ਕੋਲੋਂ ਨਾ ਘਬਰਾ । ਢਿੱਡੋਂ ਭਾਵੇਂ ਭੁੱਖਾ ਰਹੁ, ਧੁੱਪੇ ਭਾਵੇਂ ਛਾਵੇਂ ਬਹੁ, ਜੀਵੇ ਜੀਵੇ ਧਰਤੀ ਕਹੁ, ਦੁੱਧ ਗ਼ਜ਼ਾ ਤੇ ਮਿੱਟੀ ਪਾ, ਸੱਧਰਾਂ ਧਰਤੀ ਲਈ ਦਫ਼ਨਾ । ਵਿਚ ਹਵਾਵਾਂ ਫਿਰਦੀ 'ਵਾਜ਼, ਆਵਣ ਵਾਲਾ ਤੇਰ ਰਾਜ, ਤੇਰੇ ਹੱਥੀਂ ਇਹਦੀ ਲਾਜ, ਅਪਣੇ ਸੁੱਤੇ ਲੇਖ ਜਗਾ । ਕੱਸ ਲੰਗੋਟਾ ਫੜ ਲੈ ਡਾਂਗ, ਕਿਉਂ ਨਹੀਂ ਦੇਂਦਾ ਅਪਣੀ ਬਾਂਗ, ਜੀਣਾ ਲਾਹਨਤ ਬੁਜ਼ਦਿਲ ਵਾਂਗ, ਤੂੰ ਵੀ ਅਪਣਾ ਘੁੰਡ ਹਟਾ । ਅਮਰੀਕਾ ਦੇ ਯਾਰਾਂ ਕੋਲ, ਧਰਤੀ ਦੇ ਗ਼ੱਦਾਰਾਂ ਕੋਲ, ਜ਼ਾਲਮ ਤੇ ਮੱਕਾਰਾਂ ਕੋਲ, ਲੋਟੇ ਤੇ ਬਦਕਾਰਾਂ ਕੋਲ, ਤੇਰਾ ਪਾਕਿਸਤਾਨ ਗਿਆ, ਆਪਣਾ ਪਾਕਿਸਤਾਨ ਬਚਾ । ਉੱਠ ਗ਼ਰੀਬਾ ਭੰਗੜਾ ਪਾ । ਭੁੱਖਾ ਅਪਣਾ ਢਿੱਡ ਵਜਾ ।
17. ਬੇ-ਹਿੰਮਤੇ ਨੇ ਜਿਹੜੇ ਬਹਿ ਕੇ
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ । ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ । ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ, ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ ।
18. ਅੱਖਾਂ ਬੱਧੇ ਢੱਗੇ ਵਾਂਗੂੰ
ਅੱਖਾਂ ਬੱਧੇ ਢੱਗੇ ਵਾਂਗੂੰ ਗੇੜਾਂ ਮੈਂ ਤੇ ਖੂਹ ਬਾਬਾ । ਮਾਲਕ ਜਾਣੇ ਖੂਹ ਦਾ ਪਾਣੀ ਜਾਵੇ ਕਿਹੜੀ ਜੂਹ ਬਾਬਾ । ਰੱਬ ਜਾਣੇ ਕੱਲ੍ਹ ਕੇਹੜਾ ਦਿਨ ਸੀ ਲੋਕਾਂ ਦੀਵੇ ਬਾਲੇ ਸਨ, ਮੈਂ ਵੀ ਨਾਲ ਸ਼ਰੀਕਾਂ ਰਲਿਆ ਅਪਣੀ ਕੁੱਲੀ ਲੂਹ ਬਾਬਾ ।
19. ਉਹਦੇ ਕੋਲੋਂ ਚਾਰ ਦਿਹਾੜੇ ਲੱਭੇ ਸਨ
ਉਹਦੇ ਕੋਲੋਂ ਚਾਰ ਦਿਹਾੜੇ ਲੱਭੇ ਸਨ, ਸਦੀਆਂ ਜਿੱਡੇ ਰੌਲੇ ਪੱਲੇ ਪੈ ਗਏ ਨੇ । ਫ਼ਜਰੇ ਲੈਣ ਚੜ੍ਹੇ ਸਾਂ ਆਟਾ ਬਾਲਾਂ ਲਈ, ਪਰਤੇ ਆਂ ਤੇ ਧੌਲੇ ਪੱਲੇ ਪੈ ਗਏ ਨੇ ।
20. ਸਵਾਲ
ਇੱਕੋ ਤੇਰਾ ਮੇਰਾ ਪਿਉ, ਇੱਕੋ ਤੇਰੀ ਮੇਰੀ ਮਾਂ । ਇਕੋ ਸਾਡੀ ਜੰਮਣ ਭੌਂ, ਤੂੰ ਸਰਦਾਰ ਮੈਂ ਕੰਮੀਂ ਕਿਉਂ ?
21. ਹੋਕਾ
ਉੱਠ ਕਬਰ 'ਚੋਂ 'ਵਾਰਿਸ' 'ਬੁੱਲਿਆ' ਮੀਆਂ ਮੁਹੰਮਦਾ, ਜਾਗ ਫਰੀਦਾ, ਅੱਪੜ ਬਾਹੂ, ਬਹੁੜ- ਹੁਸੈਨਾ, ਲਹਿਜਿਆਂ ਦੇ ਫੜ ਹੱਥੀਂ ਟੋਕੇ ਥਾਉਂ ਥਾਈਂ ਉੱਠ ਖਲੋਤੇ ਵੱਢਿਓ! ਖੇਡ ਵਿਗਾੜਨ ਲੱਗੇ ਮੇਲਾ ਫੇਰ ਉਜਾੜਨ ਲੱਗੇ ਸਦੀਆਂ ਦਾ ਪੰਜਾਬ ਤੁਹਾਡਾ ਫਿਰ ਇੱਕ ਵਾਰੀ ਵੰਡਣਾ ਚਾਹੁੰਦੇ ਆਪਣੇ ਘਰ ਨੂੰ ਵੰਡਣਾ ਚਾਹੁੰਦੇ । ਰੱਖ ਬੰਦੂਕਾਂ ਤੁਹਾਡੇ ਮੋਢੇ ਆਪਣਾ ਕੱਦ ਵਧਾਉਣਾ ਚਾਹੁੰਦੇ ਕੱਢ ਤੁਹਾਨੂੰ ਵਿਚ ਸਮੁੰਦਰੋਂ ਆਪਣਾ ਨਾਂ ਚਮਕਾਉਣਾ ਚਾਹੁੰਦੇ । ਇਹ ਮੈਂ ਕਿੰਝ ਨਜ਼ਾਰਾ ਵੇਖਾਂ, ਚੰਨ ਦੇ ਬਦਲੇ ਤਾਰਾ ਵੇਖਾਂ ਇਹ ਮੈਂ ਕਿੰਝ ਨਜ਼ਾਰਾ ਵੇਖਾਂ, ਚੰਨ ਦੇ ਬਦਲੇ ਤਾਰਾ ਵੇਖਾਂ ਸਾਡਾ ਵਿਰਸਾ ਮੁੱਖ ਤੁਸੀਂ, ਸਾਡੇ ਸਿਰ ਦੇ ਰੁੱਖ ਤੁਸੀਂ । ਨਵੇਂ ਮਦਾਰੀ ਆ ਕੇ ਤੱਕੋ ਜਿਵੇਂ ਡੱਕੇ ਜਾਂਦੇ ਡੱਕੋ । ਅਜੇ ਤਾਂ ਪਿਛਲੀ ਵੰਡ ਨਹੀਂ ਭੁੱਲੀ, ਬੂਥੇ ਵੱਜੀ ਚੰਡ ਨਹੀਂ ਭੁੱਲੀ ।
22. ਆਪਣੇ ਮੂੰਹ ਨੂੰ ਡੱਕਾ ਲਾ ਓਏ ਸੀਦੇ ਸ਼ਾਹ
ਆਪਣੇ ਮੂੰਹ ਨੂੰ ਡੱਕਾ ਲਾ, ਓਏ ਸੀਦੇ ਸ਼ਾਹ। ਇੰਝ ਨਾ ਆਪਣਾ ਕੱਦ ਵਧਾ, ਓਏ ਸੀਦੇ ਸ਼ਾਹ। ਨਿੰਦਿਆ ਮੇਰੀ ਮਾਂ ਬੋਲੀ ਦੀ ਕਰ ਕੇ ਤੂੰ, ਦਿੱਤੀ ਆ ਆਪਣੀ ਜ਼ਾਤ ਵਿਖਾ, ਓਏ ਸੀਦੇ ਸ਼ਾਹ। ਹੇਠ ਸਦਾ ਨਹੀਂ ਮੰਜਾ ਰਹਿਣਾ ਚੌਧਰ ਦਾ, ਰਜਵੀਂ ਲੱਭੇ, ਜਰ ਕੇ ਖਾਹ, ਓਏ ਸੀਦੇ ਸ਼ਾਹ। (ਸੀਦੇ ਸ਼ਾਹ ਕਦੀ ਪਾਕਿਸਤਾਨ ਦਾ ਵਿਦਿਆ ਮੰਤਰੀ ਹੁੰਦਾ ਸੀ। ਉਸ ਨੇ ਪੰਜਾਬੀ ਭਾਸ਼ਾ ਬਾਰੇ ਕੁਝ ਮੰਦੇ ਲਫ਼ਜ਼ ਬੋਲੇ ਸਨ। ਬਾਬਾ ਨਜ਼ਮੀ ਨੂੰ ਆਪਣੀ ਸੰਵੇਦਨਾ ਹਿਤ ਜੇਲ ਦੀ ਹਵਾ ਵੀ ਖਾਣੀ ਪਈ ਸੀ)
23. ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ
ਇੰਝ ਭਰੇ ਨੇ ਬਕਸੇ ਕੁੰਡੇ ਵੱਜਦੇ ਨਈਂ। ਫ਼ਿਰ ਵੀ ਸ਼ਹਿਰ ਦੇ ਲੋਕੀਂ ਸਿਰ ਨੂੰ ਕੱਜਦੇ ਨਈਂ। ਲਿੱਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ। ਕਈਆਂ ਨੂੰ ਲਿਸ਼ਕਾਈਏ, ਫ਼ਿਰ ਵੀ ਸੱਜਦੇ ਨਈਂ। ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ। ਵਿੱਚ ਮੈਦਾਨੇ ਮਰ ਜਾਨੇ ਆਂ, ਭੱਜਦੇ ਨਈਂ। ਹੱਕ ਨਾ ਮੰਗੋ ਗ਼ਾਸਿਬ1 ਕੋਲੋਂ ਨਰਮੀ ਨਾਲ। ਫੁੱਲਾਂ ਨਾਲ ਕਦੀ ਵੀ ਪੱਥਰ ਭੱਜਦੇ ਨਈਂ। ਖੌਰੇ ਕਿਹੜੀ ਚੱਸ ਏ ਉਹਦੇ ਅੱਖਰਾਂ ਵਿੱਚ। ਸਦੀਆਂ ਬਹਿ ਦੁਹਰਾਈਏ ਤਾਂ ਵੀ ਰੱਜਦੇ ਨਈਂ। ਪਲਦਾ ਪਿਆ ਵਾਂ ਮੈਂ ਸਦੀਆਂ ਤੋਂ ਇਹਨਾਂ ਹੇਠ। ਇਹ ਜ਼ੁਲਮਾਂ ਦੇ ਬੱਦਲ ਸਿਰ 'ਤੇ ਅੱਜ ਦੇ ਨਈਂ। 1. ਧੱਕੇ ਨਾਲ ਹੱਕ ਖੋਹਣ ਵਾਲਾ
24. ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ
ਝੱਖੜਾਂ ਅੱਗੇ ਤਾਹਿਓਂ ਅੜਿਆ ਹੋਇਆ ਵਾਂ । ਲੋਕਾਂ ਨਾਲੋਂ ਵੱਖ ਨਾ ਖੜਿਆ ਹੋਇਆ ਵਾਂ । ਅੱਜ ਵੀ ਜਿਹੜੇ ਕਹਿਣ ਕਸੀਦੇ ਹਾਕਮ ਦੇ, ਉਨ੍ਹਾਂ ਸ਼ਾਇਰਾਂ ਕੋਲੋਂ ਸੜਿਆ ਹੋਇਆ ਵਾਂ । ਜਿਹੜੇ ਨਾਲ ਟੁਰੇ ਸਨ, ਕਿਧਰ ਟੁਰ ਗਏ ਨੇ, ਵਖਤਾਂ ਨੂੰ ਮੈਂ 'ਕੱਲਾ' ਫੜਿਆ ਹੋਇਆ ਵਾਂ । ਇਕ ਦੂਜੇ ਦੀਆਂ ਲਾਸ਼ਾਂ ਉੱਤੇ ਭੁੜਕਣ ਲੋਕ, ਰੱਬਾ! ਕਿਹੜੀ ਨਗਰੀ ਵੜਿਆ ਹੋਇਆ ਵਾਂ । ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ, ਬੁੱਲ੍ਹੇ ਦੇ ਮਦਰੱਸੇ ਪੜ੍ਹਿਆ ਹੋਇਆ ਵਾਂ । ਤੱਕੜੀ ਫੜ ਕੇ ਜੋ ਵੀ ਡੰਡੀ ਮਾਰੇਗਾ, ਸਮਝੋ ਉਹਦੇ ਨਾਲ ਮੈਂ ਲੜਿਆ ਹੋਇਆ ਵਾਂ ।
25. ਧੀਆਂ
ਜਣੇ ਖਣੇ ਦਾ ਆਹਜੀ ਹੋਇਆ ਧੀਆਂ ਲਈ ਧੀਆਂ ਕੋਲੋਂ ਲੁਕ ਲੁਕ ਰੋਇਆ ਧੀਆਂ ਲਈ ਉੱਚਾ ਕਦ ਸੀ ਆਪਣੀ ਜੂਹ ਦੇ ਲੋਕਾਂ ਤੋਂ ਦਾਜ ਬਣਾਉਂਦਾ ਕੁੱਬਾ ਹੋਇਆ ਧੀਆਂ ਲਈ ਫ਼ਜ਼ਰ ਤੋਂ ਲੈ ਕੇ ਸ਼ਾਮਾਂ ਤੀਕਰ ਸੜਕਾਂ ਤੇ ਲੂੰ ਲੂੰ ਮੁੜ੍ਹਕੇ ਵਿਚ ਡਬੋਇਆ ਧੀਆਂ ਲਈ ਵਿਚ ਧੀਆਂ ਦੇ ਬਹਿਕੇ ਇਹ ਮੈਂ ਖੋਲ੍ਹਾਂਗਾ ਜੋ ਮੈਂ ਪਰਨੇ ਵਿਚ ਲਕੋਇਆ ਧੀਆਂ ਲਈ ਮੇਰੀ ਅੱਜ ਦਿਹਾੜੀ ਚੰਗੀ ਲੱਗੀ ਜੇ ਅੱਜ ਲਵਾਂਗਾ ਮਿੱਠਾ ਖੋਇਆ ਧੀਆਂ ਲਈ ਵਿਚ ਹਵਾਵਾਂ ਹੂਕਾਂ ਕੂਕਾਂ ਚੀਕਾਂ ਨੇ ਫਿਰ ਕੋਈ ਮੇਰੇ ਵਰਗਾ ਮੋਇਆ ਧੀਆਂ ਲਈ ਸਦੀਆਂ ਹੋਈਆਂ ਹੁਣ ਤੱਕ ਲੱਭਦਾ ਫਿਰਨਾ ਵਾਂ ਹੈ ਕੋਈ ਬਾਬਲ ਜੋ ਨਹੀਂ ਰੋਇਆ ਧੀਆਂ ਲਈ ਹੋਰ ਕਿਸੇ ਵੀ ਹੱਟੀ ਉੱਤੋਂ ਲੱਭਣਾ ਨਹੀਂ ਇਹ ਮੈਂ ਜਿਹੜਾ ਹਾਰ ਪਰੋਇਆ ਧੀਆਂ ਲਈ ਲੋਕੀ ਤੇਲ ਨੇ ਚੋਂਦੇ ਬਾਬਾ ਸ਼ਗਨਾਂ ਤੇ ਮਜ਼ਦੂਰਾਂ ਨੇ ਮੁੜ੍ਹਕਾ ਚੋਇਆ ਧੀਆਂ ਲਈਂ
26. ਚੰਗਿਆੜੇ
ਆਕੜ ਸੱਤ ਅਸਮਾਨਾਂ ਜਿੱਡੀ ਪੱਲੇ ਚਾਰ ਦਿਹਾੜੇ ਕਦ ਤੱਕ ਜੀਣਗੇ ਬਾਬਾ ਨਜਮੀ ਭੁੱਬਲ਼ ਦੇ ਚੰਗਿਆੜੇ ਫੜ ਸਰਦਾਰ ਮੇਰੀ ਥਾਂ ਤੇ ਬੰਨ੍ਹ ਲੈ ਪੁੱਤਰ ਮੇਰਾ ਮੇਰੇ ਨਾਲੋਂ ਬਹੁਤੇ ਇਹਨੇ ਕਰ ਲਏ ਯਾਦ ਪਹਾੜੇ ਉਹਦੇ ਕੋਲ਼ ਵੀ ਲਗਦਾ ਮੈਨੂੰ ਅੱਪੜ ਗਏ ਅਮਰੀਕੀ ਤਾਂਹੀਓਂ ਕਿਧਰੇ ਪਿਆ ਵਸਾਵੇ ਕਿਧਰੇ ਪਿਆ ਉਜਾੜੇ
27. ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ
ਗੰਦੇ ਅੰਡੇ, ਇਧਰ ਵੀ ਨੇ ਓਧਰ ਵੀ ਕੁਝ ਮੁਸ਼ਟੰਡੇ, ਇਧਰ ਵੀ ਨੇ ਓਧਰ ਵੀ ਕਿਹਨਾਂ ਦੇ ਗੁਣ ਗਾਣੇ ਦੱਸੋ ਮੁੱਲਾਂ ਜੀ ਹਲਵੇ ਮੰਡੇ, ਇਧਰ ਵੀ ਨੇ ਓਧਰ ਵੀ ਜਿਹਨਾਂ ਸਿੰਗ ਵਿਖਾ ਕੇ ਖਾਧਾ ਅਜ਼ਲਾਂ ਤੋਂ ਲੋਕੋ ਸੰਢੇ, ਇਧਰ ਵੀ ਨੇ ਓਧਰ ਵੀ ਗੋਡੀ ਕੋਈ ਨਹੀਂ ਦੇਂਦਾ ਸਿਰਫ਼ ਵਿਖਾਲੇ ਲਈ ਰੰਬੇ ਚੰਡੇ, ਇਧਰ ਵੀ ਨੇ ਓਧਰ ਵੀ ਰਲਕੇ ਕਿਉਂ ਨਹੀਂ ਚੁਕਦੇ ਅਪਣੀ ਧਰਤੀ ਦੇ ਜਿਹੜੇ ਕੰਡੇ, ਇਧਰ ਵੀ ਨੇ ਓਧਰ ਵੀ ਏਥੇ ਸੱਚ ਉਛਾਲਣ ਵਾਲੇ ਲੋਕਾਂ ਨੂੰ ਪੈਂਦੇ ਡੰਡੇ, ਇਧਰ ਵੀ ਨੇ ਓਧਰ ਵੀ
28. ਪੁੱਛੋ ਵੀ
ਕਿਹੜੀ ਸ਼ੈਅ ਦਾ ਮੁੱਲ ਘਟਾਇਆ, ਪੁੱਛੋ ਵੀ ਕਿਹੜਾ ਵੱਖਰਾ ਤੀਰ ਚਲਾਇਆ, ਪੁੱਛੋ ਵੀ ਜਿੰਨੇ ਵੀ ਨੇ ਬੈਠੇ ਵਿਚ ਅਸੰਬਲੀ ਦੇ ਕੋਰਾ ਲੱਠਾ ਜਿਹਨੇ ਪਾਇਆ, ਪੁੱਛੋ ਵੀ ਜਿਹਨੇ ਤੁਹਾਨੂੰ ਦਿੱਤੇ ਫੁੱਲ ਬਹਾਰਾਂ ਦੇ ਸਾਡੇ ਵੇੜ੍ਹੇ ਕਿਉਂ ਨਹੀਂ ਆਇਆ, ਪੁੱਛੋ ਵੀ ਸਾਡੇ ਨਾਂ 'ਤੇ ਜਿਹੜਾ ਕਰਜ਼ਾ ਲੈਂਦੇ ਨੇ ਕਿੱਥੇ ਜਾਂਦਾ ਉਹ ਸਰਮਾਇਆ, ਪੁੱਛੋ ਵੀ ਅਪਣੇ ਸੂਟਾਂ ਵੱਲੇ ਵੇਖੀਂ ਜਾਂਦੇ ਓ ਮੈਂ ਕਿਉਂ ਪਾਟਾ ਕੁੜਤਾ ਪਾਇਆ, ਪੁੱਛੋ ਵੀ ਸਾਇਕਲ ਵਾਲੇ ਵਾਰਸ ਬਣੇ ਪਜਾਰੋ ਦੇ ਐਨਾ ਪੈਸਾ ਕਿੱਥੋਂ ਆਇਆ, ਪੁੱਛੋ ਵੀ ਅਸਾਂ ਤੇ ਚੁੱਕ ਬਠਾਇਆ 'ਬਾਬਾ' ਕੁਰਸੀ 'ਤੇ ਇਹਨਾਂ ਸਾਨੂੰ ਕਿਹਾ ਪਰਾਇਆ, ਪੁੱਛੋ ਵੀ
29. ਹਾਲ ਸਿਆਸਤਦਾਨਾਂ ਦਾ
ਦੱਸਾਂ ਕੀ ਮੈਂ ਹਾਲ, ਸਿਆਸਤਦਾਨਾਂ ਦਾ ਕਿਬਲਾ ਕਾਅਬਾ ਮਾਲ, ਸਿਆਸਤਦਾਨਾਂ ਦਾ ਜਲਸੇ ਵਿਚ ਜਲੂਸਾਂ ਕਦੇ ਵੀ ਹੋਇਆ ਨਹੀਂ ਮਰਿਆ ਹੋਵੇ ਬਾਲ, ਸਿਆਸਤਦਾਨਾਂ ਦਾ ਨੱਠੋ ਲੋਕੋ ਖ਼ੈਰ ਮਨਾਓ ਧਰਤੀ ਦੀ ਆਇਆ ਫੇਰ ਭੂਚਾਲ, ਸਿਆਸਤਦਾਨਾਂ ਦਾ ਸਾਡੇ ਮੂੰਹ ਤੇ ਆਖਣ ਸਾਨੂੰ ਆਣ ਗ਼ਰੀਬ ਵੇਖੋ ਯਾਰ ਕਮਾਲ, ਸਿਆਸਤਦਾਨਾਂ ਦਾ ਅੱਪੜ ਜਾਵਣ ਜਿਸ ਦਿਨ ਵਿਚ ਅਸੰਬਲੀ ਦੇ ਤੱਕਣਾ ਫੇਰ ਜਲਾਲ, ਸਿਆਸਤਦਾਨਾਂ ਦਾ ਅਸੀਂ ਆਂ ਭੋਲ਼ੇ ਪੰਛੀ ਫਸਣਾ ਫੇਰ ਅਸਾਂ ਲੱਗਾ ਫੇਰ ਏ ਜਾਲ, ਸਿਆਸਤਦਾਨਾਂ ਦਾ ਹੁਣ ਤੇ ਪਾ ਲਓ ਜੱਫੀਆਂ ਕੱਲ੍ਹ ਪਰਛਾਵਾਂ ਵੀ ਖਹਿ ਨਹੀਂ ਸਕਦਾ ਨਾਲ, ਸਿਆਸਤਦਾਨਾਂ ਦਾ ਸਾਡੀ ਫੇਰ ਚੰਗੇਰ ਨੇ ਖਾਲੀ ਰਹਿਣਾ ਏ ਭਰ ਜਾਣਾ ਏ ਥਾਲ, ਸਿਆਸਤਦਾਨਾਂ ਦਾ ਜਿੰਨਾ ਤੀਕ ਇਲੈਕਸ਼ਨ 'ਬਾਬਾ' ਹੁੰਦਾ ਨਈਂ ਰਿਸ਼ਤਾ ਸਾਡੇ ਨਾਲ਼, ਸਿਆਸਤਦਾਨਾਂ ਦਾ
30. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ। ਚੜੀ ਹਨੇਰੀ , ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ। ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ। ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ। ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ। ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ ਬਾਬਾ ਫੁੱਲਾਂ ਦੀ ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ।
31. ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ
ਸਾਡੇ ਲਈ ਤਾਂ ਲਾਲ ਇਸ਼ਾਰੇ ਰਹਿ ਗਏ ਨੇ । ਚੁੱਕਣ ਦੇ ਲਈ ਪੱਥਰ ਭਾਰੇ ਰਹਿ ਗਏ ਨੇ । ਇੰਝ ਖਲੋਤੇ ਵਿਦਿਆ ਕਰਕੇ ਡੋਲੀ ਨੂੰ, ਵਿੱਚ ਮੈਦਾਨੇ ਜਿਸਰਾਂ ਹਾਰੇ ਰਹਿ ਗਏ ਨੇ । ਜਿਹਨਾਂ ਮੁੜ੍ਹਕਾ ਦਿੱਤਾ ਬੂਟੇ ਬੂਟੇ ਨੂੰ, ਪੱਕਾ ਫੱਲ ਤੇ ਤੱਕਦੇ ਸਾਰੇ ਰਹਿ ਗਏ ਨੇ । ਉਹਦੇ ਕੋਲ ਵੀ ਸਾਡਾ ਦਿਲ ਪ੍ਰਚਾਵਣ ਲਈ, ਜੰਨਤ ਵਰਗੇ ਫਿੱਕੇ ਲਾਰੇ ਰਹਿ ਗਏ ਨੇ । ਸਦੀਆਂ ਵਾਂਗੂੰ ਅੱਜ ਵੀ ਖਾਲੀ ਕੰਮੀਆਂ ਦੇ, ਸੱਧਰਾਂ ਵਾਲੇ ਮਹਿਲ ਉਸਾਰੇ ਰਹਿ ਗਏ ਨੇ । ਸੇਕ ਪਿਆ ਏ ਵੱਧਦਾ 'ਬਾਬਾ' ਭੁੱਬਲ ਦਾ, ਹਾਲੇ ਉਹਦੇ ਵਿੱਚ ਅੰਗਾਰੇ ਰਹਿ ਗਏ ਨੇ । ਨਫ਼ਰਤ ਵਾਲੀ ਭਰੀ ਹਵਾ ਏ ਪਾੜ ਦਿਓ, ਜਿਹੜੇ ਬਾਲਾਂ ਹੱਥ ਗੁਬਾਰੇ ਰਹਿ ਗਏ ਨੇ ।
32. ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ
ਨਦੀਆਂ ਤੇ ਦਰਿਆਵਾਂ ਉੱਤੇ ਪੁਲ ਤਾਮੀਰ ਕਰੇਗਾ ਕੌਣ? ਖਿਲਰੇ ਤਸਬੀਹ ਵਾਲੇ ਦਾਣੇ, ਹੁਣ ਜੰਜ਼ੀਰ ਕਰੇਗਾ ਕੌਣ? ਸਾਰੇ ਲੋਕਾਂ ਹੱਥ ਨੇ ਰੰਗੇ, ਇੱਕ ਦੂਜੇ ਦੇ ਲਹੂ ਦੇ ਨਾਲ਼, ਵਿੱਚ ਮਿਆਨਾ ਦੇ ਤਲਵਾਰਾਂ ਵਿੰਗੇ ਤੀਰ ਕਰੇਗਾ ਕੌਣ? ਹੌਲ਼ੀ ਹੌਲ਼ੀ ਵੱਢਦੇ ਪਏ ਨੇ ਮੇਰਾ ਜੁੱਸਾ ਜਿਹੜੇ ਲੋਕ, ਉਹਨਾਂ ਕੋਲੋਂ ਪੁੱਛੋ ਮੈਨੂੰ ਲੀਰੋ ਲੀਰ ਕਰੇਗਾ ਕੌਣ? ਰੱਖ ਸਿਰਾਂ ਤੇ ਲੀਤੇ ਲੋਕਾਂ ਵਡੇਆਈ ਦੇ ਕਾਲ਼ੇ ਨਾਗ, ਸੱਪ ਕਦੇ ਵੀ ਮੀਤ ਨਈਂ ਬਣਦੇ, ਇਹ ਤਕਦੀਰ ਕਰੇਗਾ ਕੌਣ? ਰਾਂਝਾ ਬਣ ਕੇ ਟੁਰਦੀ ਜਾਵਾਂ ਜੇ ਮੈਂ ਪਿੰਡ ਸਿਆਲਾਂ ਦੇ, ਵਾਰਸ ਵਾਂਗੂੰ 'ਬਾਬਾ ਨਜਮੀ' 'ਕੱਠੀ ਹੀਰ ਕਰੇਗਾ ਕੌਣ?
33. ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ
ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ। ਲੱਖਾਂ ਸੱਪਾਂ ਵਿੱਚ ਸਪੇਰਾ 'ਕੱਲਾ ਮੈਂ। ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ ਦੇ, ਬਾਂਗਾਂ ਦੇਵਾਂ ਮੱਲ ਬਨੇਰਾ 'ਕੱਲਾ ਮੈਂ। ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ, ਕਿੱਡਾ ਵੱਡਾ ਜਿਗਰਾ ਮੇਰਾ 'ਕੱਲਾ ਮੈਂ। ਮੈਨੂੰ ਕਾਗਜ਼ ਕਲਮ ਸਿਆਹੀ ਦੇਂਦੇ ਰਹੋ, ਕਰ ਦੇਵਾਂਗਾ ਦੂਰ ਹਨੇਰਾ 'ਕੱਲਾ ਮੈਂ। ਮੇਰਾ ਨਾਂਅ ਏ 'ਨਜਮੀ', ਰੱਬਾ ਮੂਸਾ ਨਈਂ, ਕਿਸਰਾਂ ਵੇਖਾਂ ਜਲਵਾ ਤੇਰਾ, 'ਕੱਲਾ ਮੈਂ।
34. ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ
ਬੁੱਲ੍ਹਾਂ ਉੱਤੇ ਸਿੱਕਰੀ ਜੰਮੀ, ਰਹੇ ਨਾ ਪੰਜ ਦਰਿਆਵਾਂ ਵਿੱਚ। ਫੁੱਲ ਪਏ ਨੇ ਕਬਰਾਂ ਉੱਤੇ, ਕੰਡੇ ਪਏ ਨੇ ਰਾਹਵਾਂ ਵਿੱਚ। ਤਿੱਤਰ ਖੰਬੀ ਬੱਦਲੀ ਵਰਗੀ, ਇਹ ਮਨਜ਼ੂਰ ਆਜ਼ਾਦੀ ਨਈਂ, ਬੋਲਣ ਦੀ ਆਜ਼ਾਦੀ ਦੇ ਕੇ, ਪਹਿਰੇ ਗਲ਼ੀਆਂ ਰਾਹਵਾਂ ਵਿੱਚ। ਮੇਰੇ ਸ਼ਹਿਰ ਦਿਓ ਵਸਨੀਕੋ, ਰਲ਼ ਕੇ ਉਸਨੂੰ ਮਾਰ ਦਿਓ, ਪਿਓ ਵੀ ਭਾਵੇਂ ਨਜ਼ਰੀਂ ਆਵੇ, ਪਾਉਂਦਾ ਫੁੱਟ ਭਰਾਵਾਂ ਵਿੱਚ। ਅਸੀਂ ਤਾਂ ਚੁੱਪਾਂ ਇਸ ਲਈ ਵੱਟੀਆਂ, ਵਿਗੜੇ ਖੇਡ ਨਾ 'ਬਾਬਾ' ਜੀ, ਦੁਸਮਣ ਕਮਲ਼ਾ ਸਮਝ ਰਿਹਾ ਏ, ਜ਼ੋਰ ਰਿਹਾ ਨਾ ਬਾਹਵਾਂ ਵਿੱਚ।
35. ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ
ਲੋਕੀਂ ਸਮਝਣ ਮੀਂਹ ਵਿੱਚ ਭਿੱਜਿਆ, ਮੈਂ ਤੇ ਰੋਂਦਾ ਹਟਿਆ ਵਾਂ। ਨਜਮੀ ਯਾਰ ਹਰਾ ਨੀ ਹੋਣਾ, ਮੈ ਯਾਰਾਂ ਦਾ ਚੱਟਿਆ ਵਾਂ। ਕੱਲ੍ਹ ਤੱਕ ਮੈਨੂੰ ਦੇਖ ਕੇ ਜਿਹੜੇ, ਆਪਣਾ ਰੂਪ ਸੰਵਾਰਦੇ ਰਹੇ। ਇੱਕ ਤਰੇੜ ਪਈ ਏ ਮੈਨੂੰ, ਗਿਆ ਰੂੜੀ ਤੇ ਸੁੱਟਿਆ ਵਾਂ। ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਈਂ। ਮਾਂ ਬੋਲੀ ਦੇ ਹੱਕ ਦੀ ਖਾਤਰ, ਲੋਕਾਂ ਅੱਗੇ ਡਟਿਆ ਵਾਂ।
36. ਮੇਰਾ ਜ਼ੁਰਮ
ਸਾਰੀ ਦੁਨੀਆਂ ਦੇ ਮਜ਼ਦੂਰੋ, ਫਜ਼ਰੇ ਸ਼ਿਕਰ ਦੁਪਹਿਰੇ ਸ਼ਾਮੀ, ਮੁਰਦਾ ਵਿੱਚ ਮਸ਼ੀਨਾਂ ਦੇ, ਜਾਨਾਂ ਪਾਵਣ ਵਾਲਿਓ ਲੋਕੋ, ਮਿੱਟੀ ਸੋਨਾਂ ਕਰਨਿਓ ਲੋਕੋ, ਫਿਰ ਵੀ ਭੁੱਖੇ ਮਰਨਿਓ ਲੋਕੋ, ਮੇਰਾ ਇੱਕ ਐਲਾਨ ਸੁਣੋ, ਪੂਰੇ ਨਾਲ ਧਿਆਨ ਸੁਣੋ, ਸੱਨ੍ਹੀਆਂ ਥੌੜੇ ਰੰਬੇ ਕਹੀਆਂ, ਕਾਂਡੀ ਤੇਸੀ ਗੈਂਤੀ ਛੱਡੋ, ਡਾਗਾਂ ਸੋਟੇ ਸ਼ਮਕਾਂ ਸ਼ਾਂਟੇ, ਇੱਟਾਂ ਵੱਟੇ ਜੋ ਵੀ ਲੱਭੇ, ਮੇਰੇ ਵੱਲੇ ਲੈਕੇ ਨੱਠੋ, ਮੈਨੂੰ ਆਕੇ ਮਾਰੋ ਕੁੱਟੋ, ਮੇਰੀ ਆਕੇ ਸੰਘੀ ਘੁੱਟੋ, ਮੇਰੇ ਚਿੱਟੇ ਕਾਗਜ਼ ਪਾੜੋ, ਲਿਖੀਆਂ ਸੱਭੇ ਲਿਖਤਾਂ ਸਾੜੋ, ਮੇਰਾ ਜ਼ੁਰਮ ਵੀ ਸੁਣ ਲਓ ਮੈਥੋਂ, ਮੈਂ ਤੁਹਾਡੇ ਵਿੱਚੋਂ ਹੋਕੇ, ਤੁਹਾਡੇ ਵੱਲ ਦੀ ਗਲ ਨਈਂ ਕਰਦਾ, ਮੈਂ ਤੁਹਾਡਾ ਮੁਜ਼ਰਮ ਜੇ। ਮੈ ਤੁਹਾਡਾ ਮੁਜ਼ਰਮ ਜੇ।।
37. ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ
ਸ਼ੱਕਰ ਨਾਲੋਂ ਮਿੱਠੀ ਲੱਗੀ, ਮਿੱਟੀ ਤੇਰੀ ਧਰਤੀ ਦੀ ਸੂਲਾਂ ਵਾਂਗੂੰ ਚੁਭਿਆ ਮੈਨੂੰ, ਚੌਕੀਦਾਰ ਮਦੀਨੇ ਦਾ। ਸੱਭੇ ਸੋਚਾਂ, ਸੱਭੇ ਸਧਰਾਂ, ਵੇਖ ਕੇ ਮਿੱਟੀ ਹੋਈਆਂ ਨੇ ਏਥੇ ਵੀ ਸਰਦਾਰਾਂ ਹੱਥ ਏ, ਕਾਰੋਬਾਰ ਮਦੀਨੇ ਦਾ। ਫਜਰ ਤੋਂ ਲੈਕੇ ਸ਼ਾਮਾ ਤੀਕਰ ਟੁੱਕਰ ਪੂਰਾ ਹੁੰਦਾ ਨਈਂ ਬਾਬਾ ਨਜਮੀ ਕਿੰਝ ਖਰੀਦਾਂ, ਜਾ ਕੇ ਹਾਰ ਮਦੀਨੇ ਦਾ।
38. ਰੱਬਾ ਥੱਲੇ ਆਉਂਦਾ ਕਿਉਂ ਨਹੀਂ
ਹਾਲ ਉਏ ਹਾਲ ਉਏ ਹਾਲ ਉਏ ਰੱਬਾ ਮਾਰੇ ਸਾਡੇ ਲਾਲ ਉਏ ਰੱਬਾ ਮਾਵਾਂ ਬੋਦੇ ਵਾਹ ਕੇ ਘੱਲੇ ਸੁਹਣੇ ਬਸਤੇ ਪਾ ਕੇ ਘੱਲੇ ਫੁੱਲਾਂ ਵਾਂਗੂੰ ਹੱਸਦੇ ਨਿਕਲੇ ਢਿੱਲੀਆਂ ਟਾਈਆਂ ਕਸਦੇ ਨਿਕਲੇ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਹੱਥ ਹਿਲਾ ਕੇ ਭੈਣਾਂ ਵੱਲੇ ਸੰਗੀ ਬੇਲੀ ਰਲ ਕੇ ਚੱਲੇ ਮਾਵਾਂ ਪੁੱਤਰ ਜਾਂਦੇ ਵੇਖੇ ਮੁੜ ਨਹੀਂ ਘਰ ਨੂੰ ਆਂਦੇ ਵੇਖੇ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਰੱਬਾ ਇਹ ਨਿਆਂ ਨਹੀਂ ਤੇਰਾ ਸ਼ਿਕਵਾ ਸ਼ਿਕਵਾ ਸ਼ਿਕਵਾ ਮੇਰਾ ਸਾਡੇ ਮੁਸਤਕਬਿਲ ਦੇ ਦੀਵੇ ਅੱਲਾਹ ਦੀ ਸਹੁੰ ਦਿਲ ਦੇ ਦੀਵੇ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਖ਼ੌਰੇ ਕਿਧਰੋਂ ਸ਼ਿਮਰਾਂ ਜਾਏ ਬਾਬਾ ਨਜਮੀ ਅੰਦਰ ਆਏ ਕਿੱਧਰੇ ਵੀ ਨਹੀਂ ਐਵੇਂ ਹੋਇਆ ਵਿਚ ਪਸ਼ੌਰੇ ਜਿਵੇਂ ਹੋਇਆ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਇਲਮ ਦਾ ਬੂਹਾ ਵੜ ਕੇ ਬੈਠੇ ਕਾਗ਼ਜ਼ ਕਲਮ ਸੀ ਫੜ ਕੇ ਬੈਠੇ ਕਲਮਾ ਪੜ੍ਹ ਪੜ੍ਹ ਮਾਰੇ ਸਾਡੇ ਕਬਰਾਂ ਵਿਚ ਉਤਾਰੇ ਸਾਡੇ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਕੀਹਦਾ ਕੀਹਦਾ ਸੋਗ ਮਨਾਈਏ ਕੀਹਦੇ ਕੀਹਦੇ ਵੱਲੇ ਜਾਈਏ ਕੀਹਦਾ ਕੀਹਦਾ ਦੁਖ ਵੰਡਾਈਏ ਕਿਹਨੂੰ ਕਿਹਨੂੰ ਜਾ ਦਫ਼ਨਾਈਏ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਅੱਖਾਂ ਦੇ ਖੋਹ ਖ਼ਾਲੀ ਹੋਏ ਲੋਕੀ ਅੱਜ ਨੇ ਏਨਾ ਰੋਏ ਰੋਂਦਾ ਅਸਾਂ ਜ਼ਮਾਨਾ ਤੱਕਿਆ ਅਪਣਾ ਅਸਾਂ ਬਿਗਾਨਾ ਤੱਕਿਆ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਜਿਉਂਦੀ ਜਾਨੇ ਮਾਵਾਂ ਮੋਈਆਂ ਅੰਨ੍ਹੀਆਂ ਗੂੰਗੀਆਂ ਝੱਲੀਆਂ ਹੋਈਆਂ ਕੰਧਾਂ ਦੇ ਨਾਲ ਬਾਬਲ ਵੱਜੇ ਭੈਣਾਂ ਆਪਣੇ ਸਿਰ ਨਹੀਂ ਕੱਜੇ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਅਮਨ ਦੇ ਦਿਲ ਤੇ ਵੱਜੀਆਂ ਛੁਰੀਆਂ ਜੱਗ ਤੇ ਗਈਆਂ ਖ਼ਬਰਾਂ ਬੁਰੀਆਂ ਅੱਜ ਦਾ ਦਿਹਾੜਾ ਅੱਤ ਕੁਲਹਿਣਾ ਸਦੀਆਂ ਤੀਕਰ ਚੇਤੇ ਰਹਿਣਾ ਹਾਲ ਉਏ ਹਾਲ ਉਏ ਹਾਲ ਉਏ ਰੱਬਾ ਕੋਈ ਵੀ ਦਹਿਸ਼ਤਗਰਦ ਨਾ ਛੱਡਣਾ ਵੜਿਆ ਵਿਚ ਪਤਾਲੋਂ ਕੱਢਣਾ ਰੱਬਾ ਥੱਲੇ ਆਉਂਦਾ ਕਿਉਂ ਨਹੀਂ ਜ਼ਾਲਮ ਨੂੰ ਨੱਥ ਪਾਉਂਦਾ ਕਿਉਂ ਨਹੀਂ ਹਾਲ ਉਏ ਹਾਲ ਉਏ ਹਾਲ ਉਏ ਰੱਬਾ
39. ਹੂਰ
ਸਵਾਲ: ਮੇਰੇ ਨਾਲੋਂ ਵਾਲ ਵੀ ਤੇਰੇ ਲੰਮੇ ਨੇ, ਮੇਰੇ ਨਾਲੋਂ ਰੰਗ ਵੀ ਤੇਰਾ ਚਿੱਟਾ ਏ, ਮੇਰੇ ਨਾਲੋਂ ਅੱਖ ਵੀ ਤੇਰੀ ਚੰਗੀ ਏ, ਮੇਰੇ ਨਾਲੋਂ ਨੱਕ ਵੀ ਤੇਰਾ ਤਿੱਖਾ ਏ, ਪਰ ਮੁਟਿਆਰੇ ਦੱਸ ਨੀ ਮੈਨੂੰ, ਸਿਰ ਤੇ ਪਾਟੀ ਚਾਦਰ ਕਿਉਂ? ਰੇਸ਼ਮ ਵਰਗੇ ਜੁੱਸੇ ਤੇ ਖੱਦਰ ਕਿਉਂ? ਤੇਰੇ ਸਿਰ ਤੇ ਜੂੜਾ ਕਿਉਂ ਨਈਂ? ਹੱਥੀਂ ਰੰਗਲਾ ਚੂੜਾ ਕਿਉਂ ਨਈਂ? ਕੋਕਾ ਕਿਥੇ ਤੇਰੇ ਨੱਕ ਦਾ? ਬੁੱਲਾਂ ਉੱਤੇ ਰੰਗ ਨਈਂ ਸੱਕ ਦਾ? ਸਿਰ ਤੋਂ ਲੈਕੇ ਪੈਰਾਂ ਤਿੱਕਰ, ਇੱਕ ਮੁਕੱਮਲ ਤਸਵੀਰ, ਸੋਹਣੀ ਸੱਸੀ ਲੱਗੇਂ ਹੀਰ। ਹੁਲੀਆ ਮੈਨੂੰ ਦੱਸੇ ਤੇਰਾ, ਬਾਲੀ ਵਾਰਸ ਕੋਈ ਨਈਂ ਤੇਰਾ ਜਵਾਬ: ਇੰਝ ਨਾ ਕਓ ਨੀ ਖ਼ੈਰੀ ਸੱਲਾ, ਯੁੱਗ ਯੁੱਗ ਜੀਵੇ ਮੇਰਾ ਮੱਲਾ। ਇਸ ਧਰਤੀ ਦਾ ਨੂਰ ਨੀ ਅੱੜੀਏ, ਜਿਸ ਦਾ ਨਾਂਅ ਮਜ਼ਦੂਰ ਨੀ ਅੱੜੀਏ, ਜਿਸ ਦੀ ਮੈਂ ਹਾਂ ਹੂਰ ਨੀ ਅੱੜੀਏ, ਉਸਨੂੰ ਐਵੇਂ ਚੰਗੀ ਲੱਗਾਂ… ਉਸਨੂੰ ਐਵੇਂ ਚੰਗੀ ਲੱਗਾਂ…
40. ਹਕੂਮਤ
ਏਹੋ ਜਹੀ ਕਮਜ਼ੋਰ ਹਕੂਮਤ ਬਾਬਾ ਜੀ । ਵੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ । ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ, ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ ।