Punjabi Poetry : Avtar Singh Azad

ਪੰਜਾਬੀ ਕਵਿਤਾ : ਅਵਤਾਰ ਸਿੰਘ ਆਜ਼ਾਦ

ਵਾਰ ਜੰਗ-ਚਮਕੌਰ

ਮਾਰੂ ਸੁਰਾਂ ਉਠਾਈਆਂ, ਵੱਜ ਪਏ ਨਗਾਰੇ ।
ਸਾਮ੍ਹਣੇ ਹੋ ਕੇ ਮੌਤ ਦੇ ਯੋਧੇ ਬੁੱਕਾਰੇ ।
ਖਿੱਦੋ ਵਾਂਗੂੰ ਧੜਾਂ ਤੋਂ ਸਿਰ ਤੇਗ਼ ਉਤਾਰੇ ।
ਢੱਠੇ ਤੇ ਕਈ ਢਹਿ ਰਹੇ ਨੇ, ਬੁਰਜ ਮੁਨਾਰੇ ।
ਲੋਥਾਂ ਲਹੂ ਵਿਚ ਤਰਦੀਆਂ, ਹੋਣੀ ਹੁੰਕਾਰੇ ।
ਕੜਕ ਕਮਾਨਾਂ ਉਠੀਆਂ, ਫਨੀਅਰ ਸ਼ੁੰਕਾਰੇ ।
ਅੰਬਰ ਪਏ ਕੰਬਾਂਵਦੇ, ਜੁਆਨਾਂ ਦੇ ਨਾਅਰੇ ।
ਘਾਇਲ ਖਾਣ ਘੁਮਾਟੀਆਂ, ਐਉਂ ਡਿੱਗਣ ਵਿਚਾਰੇ
ਜਿਵੇਂ ਸ਼ਰਾਬੀ ਮਸਤ ਹੋ ਡਿੱਗ ਹੋਸ਼ ਵਿਸਾਰੇ ॥੧॥

ਇਕ ਧਿਰ ਸੱਚਾ ਸਤਿਗੁਰੂ, ਸੰਗ ਸੂਰੇ ਚਾਲੀ ।
ਇਕ ਧਿਰ ਲੱਖਾਂ ਮੁਗ਼ਲ ਦਲ, ਛਾਏ ਘਟ-ਕਾਲੀ ।
ਓਟ ਗੁਰਾਂ ਨੂੰ ਸਾਈਂ ਦੀ, ਲਿਸ਼ਕੇ ਮੁੱਖ ਲਾਲੀ ।
ਵੱਡਾ ਕਰਕੇ ਹੌਸਲਾ, ਉਹ ਧਨਖ ਸੰਭਾਲੀ,
ਜਿਸ ਦਾ ਸੁੱਟਿਆ ਤੀਰ ਨਾ ਕਦੇ ਜਾਂਦਾ ਖਾਲੀ ।
ਬਾਣ ਓਸ ਨੂੰ ਬਖ਼ਸ਼ਦੇ, ਰੁਤਬਾ ਜਿਸ ਆਲੀ ।
ਮਾਰਨ ਕਦੇ ਨਾ ਕਾਇਰ ਨੂੰ, ਬੀਰ ਰਸ ਦੇ ਪਾਲੀ ।
ਉੱਚੇ ਹਰਖ ਤੇ ਸੋਗ ਤੋਂ ਦੋ ਜੱਗ ਦੇ ਵਾਲੀ ।
ਜ਼ੁਲਮ ਮਿਟਾਵਣ ਲਈ ਹੈ ਅੱਜ ਤੇਗ਼ ਉਛਾਲੀ ॥੨॥

ਵਧੇ ਅਗਾਂਹਾਂ ਮਲੇਰੀਏ, ਵੰਗਾਰਾਂ ਪਾਉਂਦੇ ।
ਕਾਂਗ ਵਾਂਗ ਨੇ ਮੁਗ਼ਲ ਦਲ ਸਤਿਗੁਰ ਵਲ ਧਾਉਂਦੇ ।
ਤੇਗ਼ਾਂ, ਨੇਜ਼ੇ, ਬਰਛੀਆਂ, ਸਾਂਗਾਂ ਲਿਸ਼ਕਾਉਂਦੇ ।
ਰੱਤੇ ਅੰਦਰ ਜੋਸ਼ ਦੇ ਧਰਤੀ ਕੰਬਾਉਂਦੇ ।
'ਹੱਥੀਂ ਫੜ ਲੌ ਗੁਰੂ ਨੂੰ', ਲਲਕਾਰਾਂ ਲਾਉਂਦੇ ।
ਵਧਦਾ ਵੈਰੀ ਆ ਰਿਹਾ ਪਇ ਸ਼ੇਰ ਤਕਾਉਂਦੇ ।
ਖਿੱਚ ਭਗੌਤੇ ਸਾਰ ਦੇ ਕੰਧੀਂ ਚੜ੍ਹ ਆਉਂਦੇ ।
ਕਢਦਾ ਸਿਰੀ ਉਤਾਂਹ ਜੋ, ਧਰਤੀ ਪਟਕਾਉਂਦੇ ।
ਲਹੂ ਮਿੱਝ ਦੇ ਵਹਿਣ ਵਿਚ ਦੁਸ਼ਮਣ ਨੂੰ ਰੁੜ੍ਹਾਉਂਦੇ ॥੩॥

ਏਧਰ ਤਾਂ ਸਿੰਘ ਸੂਰਮੇ ਜੌਹਰ ਦਿਖਲਾ ਰਹੇ ।
ਓਧਰ ਸੱਚੇ ਪਾਤਸ਼ਾਹ ਉਡਣੇ ਨੇ ਉਡਾ ਰਹੇ ।
ਪੰਜ ਪੰਜ ਇਕ ਇਕ ਵਿਚ ਨੇ ਪਰੋ, ਜਗ ਵਿਸਮਾ ਰਹੇ ।
ਚੁਣ ਚੁਣ ਵੱਡੇ ਅਫ਼ਸਰਾਂ ਗਲ ਮੌਤ ਦੇ ਲਾ ਰਹੇ ।
ਖ਼ਵਾਜੇ ਵਰਗੇ ਮਹਾਂ ਨੀਚ ਲੁਕ ਜਾਨ ਬਚਾ ਰਹੇ ।
ਡਰਦੇ ਹੋਣ ਨਾ ਸਾਮ੍ਹਣੇ ਨੇ ਨੱਕ ਵਢਵਾ ਰਹੇ ।
ਵੇਖ ਸਿੰਘਾਂ ਦਾ ਤੇਜ ਬਲ, ਝੁਰ ਰਹੇ, ਪਛਤਾ ਰਹੇ ।
ਲੀਕ ਲੁਆ ਵਰਅੱਮ ਨੂੰ, ਮੂੰਹ ਪਿਛ੍ਹਾਂ ਭੁਆ ਰਹੇ ।
ਘੇਰਾ ਪਾ ਬਹਿ ਜਾਈਏ, ਇਹ ਮਤੇ ਪਕਾ ਰਹੇ ॥੪॥

ਵੈਰੀ ਮੂੰਹ ਸਿਕਵਾਇ ਕੇ ਹਟ ਗਏ ਪਿਛੇਰੇ,
ਲੈ ਲਿਆ ਕੱਚੀ ਗੜ੍ਹੀ ਨੂੰ ਓਹਨਾਂ ਵਿਚ ਘੇਰੇ ।
ਬਦਲਾਂ ਪੱਲੂ ਸੁੱਟਿਆ ਸੂਰਜ ਚੌਫੇਰੇ ।
ਰੋਕਣ ਕੀਕਣ ਨੂਰ ਨੂੰ ਐਪਰ ਅੰਧੇਰੇ ?
ਭੂਏ ਹੋ ਮ੍ਰਿਗਾਵਲੀ ਲਾ ਫੰਧ ਘਨੇਰੇ,
ਫੜਨਾ ਚਾਹੇ ਸ਼ੇਰ ਨੂੰ, ਪਰ ਕਿੱਥੇ ਜੇਰੇ !
ਭਬਕ ਇਕੋ ਹੀ ਸਿੰਘ ਦੀ, ਸਾਹ ਕਰੇ ਉਖੇਰੇ ।
ਸਫ਼ਾਂ ਸਾਫ਼ ਹੋ ਜਾਂਦੀਆਂ, ਜਿਧਰ ਮੂੰਹ ਫੇਰੇ ।
ਵਿਹਰੇ ਜਿਹੜਾ, ਓਸ ਦੇ ਕਰ ਦੇਂਦਾ ਬੇਰੇ ॥੫॥

ਚੰਨ ਵਿਚਾਲੇ ਤਾਰਿਆਂ ਜਿਉਂ ਸੋਭਾ ਪਾਵੇ ।
ਤਿਉਂ ਸਿੰਘਾਂ ਵਿਚ ਸਤਿਗੁਰੂ ਸੱਚਾ ਸੋਹਾਵੇ ।
ਇਹ ਗੁਰਮਤਾ ਹੈ ਹੋ ਰਿਹਾ, ਕੀਤਾ ਕੀ ਜਾਵੇ ?
ਕਿਹੜਾ ਗੜ੍ਹੀਓਂ ਬਾਹਰ ਜਾ ਵਰਅੱਮ ਵਿਖਾਵੇ ?
ਕੁਝ ਚਿਰ ਬਾਅਦ ਇਕ ਗੱਭਰੂ, ਪਿੜ ਚੁੰਗੀ ਲਾਵੇ ।
ਬਲ ਬਲ ਉੱਠੇ ਜੋਸ਼ ਵਿਚ, ਜਾਮੇ ਨਾ ਮਾਵੇ ।
ਤੇਗ਼ਾ ਉਸ ਦਾ ਮਿਆਨ 'ਚੋਂ ਬਾਹਰ ਪਿਆ ਆਵੇ ।
ਲਿਸ਼ਕ ਓਸ ਦੇ ਮੱਥੇ ਦੀ ਸੂਰਜ ਸਹਿਮਾਵੇ ।
ਬਲੀ ਪਿਤਾ ਦਾ ਪੁੱਤ ਉਹ, ਦੁਨੀਆਂ ਜਸ ਗਾਵੇ ॥੬॥

ਆਖੇ-'ਸਤਿਗੁਰ ਪਾਤਸ਼ਾਹ ਮੈਂ ਤੇਰਾ ਜਾਇਆ ।
ਅਪਣੀ ਛਾਓਂ ਹੇਠ ਤੂੰ ਰੱਖਿਆ, ਲਡਿਆਇਆ ।
ਵਡਿਆਇਆ, ਦੁਲਰਾਇਆ, ਸੁਖ-ਐਸ਼ ਭੁਗਾਇਆ ।
ਸੁਫ਼ਨੇ ਅੰਦਰ ਨਾ ਕਦੇ ਮੱਥੇ ਵੱਟ ਪਾਇਆ ।
ਰੱਖਿਆ ਨਾਉਂ 'ਅਜੀਤ', ਤੂੰ ਅਜੀਤ ਬਣਾਇਆ ।
ਵੇਲਾ ਆਇਆ ਅਮਲ ਦਾ, ਮੈਂ ਸਨਮੁਖ ਆਇਆ ।
ਬਰਕਤ ਦੇ ਕੇ ਆਪਣੀ ਕਲਗੀਧਰ ਰਾਇਆ,
ਮੈਨੂੰ ਰਣ ਵਿਚ ਭੇਜ ਤੂੰ, ਮੈਂ ਤਰਲਾ ਪਾਇਆ ।
ਮਰਨੋਂ ਕਦੇ ਨਾ ਡਰਾਂਗਾ, ਜੇ ਥਾਪੜਾ ਲਾਇਆ' ॥੭॥

ਅੱਗੇ ਹੋ ਮੂੰਹ ਚੁੰਮਦੇ, ਕੰਡ ਥਾਪੀ ਲਾਉਂਦੇ ।
'ਸ਼ਾਵਾ ! ਪੁੱਤ੍ਰ ਸਿੰਘ ਦੇ !!' ਮੁੱਖੋਂ ਫਰਮਾਉਂਦੇ ।
ਗਾਤਰੇ ਦੇ ਵਿਚ ਆਪ ਉਠ ਤਲਵਾਰ ਨੇ ਪਾਉਂਦੇ ।
ਪਾ ਕੇ ਜੱਫੀ ਅੰਤਲੀ, ਅਰਦਾਸ ਸੁਧਾਉਂਦੇ ।
ਤੇ ਫੇਰ ਆਪਣੇ ਲਾਲ ਨੂੰ ਉਪਦੇਸ਼ ਸੁਣਾਉਂਦੇ,
'ਸਨਮੁਖ ਵੀਰਾਂ ਜੂਝਿਆਂ, ਦਿਓਤੇ ਜਸ ਗਾਉਂਦੇ ।
ਮਰਦੇ ਜੋ ਨੇ ਧਰਮ ਲਈ, ਮਰ ਜੀਵਨ ਪਾਉਂਦੇ ।
ਪਰ ਜੋ ਦੇਂਦੇ ਪਿੱਠ ਨੇ, ਕੁਲ ਨੂੰ ਸ਼ਰਮਾਉਂਦੇ ।
ਤਾਂ ਤੇ ਪੁੱਤ੍ਰ ਨਾ ਮੁੜੀਂ, ਇਕ ਵੀ ਸਾਹ ਆਉਂਦੇ ॥੮॥

ਪੀ ਕੇ ਤੂੰ ਦੁਧ ਸਿੰਘਣੀ ਦਾ ਹੋਸ਼ ਸੰਭਾਲੀ,
ਆਦਿ ਸਤਿਗੁਰੂ ਆਪ ਮੁੜ ਕੀਤੀ ਰਖਵਾਲੀ ।
ਸਫਲ ਜੁਆਨੀ ਕਰਨ ਦੀ ਰੁੱਤ ਆਈ ਲਾਲੀ ।
ਡੋਲ੍ਹ ਆਪਣਾ ਖ਼ੂਨ ਤੂੰ ਭਾਰਤ ਦੇ ਮਾਲੀ ।
ਕੰਗਾਲੀ ਨੂੰ ਬਖ਼ਸ਼ ਦੇ ਇਕ ਵੇਰ ਖੁਸ਼੍ਹਾਲੀ ।
ਸ਼ਕਤੀ ਤੇਰੀ ਤੇਗ਼ ਨੂੰ ਉਹ ਬਖ਼ਸ਼ੀ ਆਲੀ ।
ਸਫ਼ਾ ਜ਼ੁਲਮ ਦੀ ਕਈ ਵੇਰ ਜਿਸ ਅੱਗੇ ਗਾਲੀ ।
ਕਰ ਬੀਬਾ ਹਿੰਦਵਾਨ ਦੀ ਤੂੰ ਜਿੰਦ ਸੁਖਾਲੀ' ॥੯॥

ਆਗਿਆ ਲੈ ਗੁਰ ਪਿਤਾ ਦੀ ਪਿੜ ਸੂਰਾ ਵੜਿਆ ।
ਕਲਗੀ ਜਿਗਾ ਸੁਹਾ ਰਿਹਾ, ਸਿਰ ਮੋਤੀਆਂ ਜੜਿਆ ।
ਜ਼ਾਲਮ ਦਲ ਨੂੰ ਵੇਖ ਕੇ ਰੋਹ ਕਹਿਰੀ ਚੜ੍ਹਿਆ ।
ਅੜਿਆ ਜੋ ਵੀ ਸਾਮ੍ਹਣੇ ਉਹ ਪਲ ਵਿਚ ਝੜਿਆ ।
ਅੱਗ ਵਰ੍ਹਾਂਦੇ ਨੈਣ ਪਇ, ਤੇਗ਼ਾ ਹੱਥ ਫੜਿਆ ।
ਸੱਥਰ ਫਿਰੇ ਵਿਛਾਂਵਦਾ, ਲੋਹੇ ਵਿਚ ਮੜ੍ਹਿਆ ।
ਛਾਲਾਂ ਮਾਰੇ ਚਿੱਤਰਾ, ਕੁਈ ਸਵ੍ਹੇਂ ਨਾ ਖੜਿਆ ।
ਸ਼ਾਹਬਾਜ਼ ਦੇ ਨਾਲ ਹੈ, ਕਦ ਕਾਉਂ ਲੜਿਆ ।
ਲਸ਼ਕਰ ਵੇਖੋ ਕਾਇਰਾਂ ਦਾ ਕੀਕਰ ਚੜ੍ਹਿਆ ॥੧੦॥

ਬਿਜਲੀ ਵਾਕਰ ਤੇਗ਼ ਜ਼ਨ ਵਧ ਤੇਗ਼ਾ ਵਾਹੇ ।
ਵਾਢੀ ਵਿੱਚ ਕਿਸਾਨ ਜਿਉਂ ਵੱਢ ਲਾਂਗੇ ਲਾਹੇ ।
ਓਵੇਂ ਸਿੰਘ ਅਜੀਤ ਪਿਆ ਅੱਜ ਪ੍ਰਲੈ ਲਿਆਏ ।
ਸਿਟਿਆਂ ਵਾਂਗੂੰ ਧੜਾਂ ਤੋਂ ਸਿਰ ਲਾਹ ਬੁੜ੍ਹਕਾਏ ।
ਮੱਚ ਪੁਕਾਰਾਂ ਜਾਂਦੀਆਂ, ਮੂੰਹ ਜਿਧਰ ਭੁਆਏ ।
ਪਾਣੀ ਫੇਰ ਨਾ ਮੰਗ ਸਕੇ, ਹੱਥ ਜਿਹਨੂੰ ਲਾਏ ।
ਪਿੜ ਨੂੰ ਪਿਆ ਸੁਹਾਗ ਕੇ, ਮੈਦਾਨ ਬਣਾਏ ।
ਵੇਖ ਮਰਦ ਦਾ ਹੌਸਲਾ, ਦੁਸ਼ਮਣ ਸ਼ਰਮਾਏ,
ਜਣਿਆ ਜਿਸ ਨੇ ਬਲੀ ਇਹ ਧੰਨ ! ਧੰਨ ! ਉਹ ਮਾਂ ਏ ॥੧੧॥

ਰੀਝਾਂ ਲਾਹ ਲਾਹ ਸੂਰਮਾ, ਅੜ ਅੜ ਕੇ ਲੜਦਾ ।
ਜਿਉਂ ਜਿਉਂ ਲਗਦੇ ਘਾਉ ਨੇ, ਤਿਉਂ ਤਿਉਂ ਰੋਹ ਚੜ੍ਹਦਾ ।
ਨ੍ਹਾਤਾ ਅਪਣੇ ਲਹੂ ਨਾਲ, ਰੂਪ ਬਣਿਆ ਹੜ੍ਹ ਦਾ ।
ਰੋਹੜ ਲਿਜਾ ਰਿਹਾ ਪਾਪ ਨੂੰ, ਬੱਲੇ ਓਇ ਮਰਦਾ !
ਭੂਏ ਹੋਏ ਸ਼ੇਰ ਦੀ ਮੁੱਛ ਕੌਣ ਏ ਫੜਦਾ ?
ਕਿਹੜਾ ਮੱਚਦੇ ਭਾਂਬੜਾਂ ਦੀ ਕੰਨੀਂ ਖੜਦਾ ?
ਆਉਂਦਾ ਵਿਚ ਲਪੇਟ ਦੇ ਜੋ ਵੀ ਸੋ ਸੜਦਾ ।
ਇੱਕੋ ਰੇਲਾ ਲੋਹੜ ਦਾ ਜਦ ਚੁੱਕੇ ਪੜਦਾ,
ਵੱਡੀਆਂ ਗੈਂਬਰੀ ਗੇਲੀਆਂ ਨੂੰ ਰੋਹੜ ਹੈ ਖੜਦਾ ॥੧੨॥

ਭਬਕਿਆ ਅੱਜ ਅਜੀਤ ਸਿੰਘ, ਧਰਤੀ ਪਈ ਹਿੱਲੇ ।
ਸੁੱਟੇ ਫ਼ਨੀਅਰ ਸ਼ੂਕਦੇ, ਓਹਦੀ ਧਨਖ਼ ਦੇ ਚਿੱਲੇ ।
ਗੂੰਜ ਉੱਠੇ ਚਮਕੌਰ ਦੇ ਲਹੂ ਰੰਗੇ ਟਿੱਲੇ ।
ਹੋ ਗਏ ਮੁਗ਼ਲਾਂ ਸੰਦੜੇ ਛਣਕੰਙਣ ਢਿੱਲੇ ।
ਜੀਕਰ ਕਾਲੇ ਬੱਦਲੀਂ ਬਿਜਲੀ ਪਈ ਵਿੱਲੇ ।
ਐਉਂ ਹੀ ਸਤਿਗੁਰ-ਲਾਡਲਾ, ਕੱਢ ਕੱਢ ਕੇ ਗਿੱਲੇ,
ਕਾਂਗਾਂ ਦੇਂਦੇ ਲਸ਼ਕਰਾਂ ਵਿਚਕਾਰੇ ਠਿੱਲੇ ।
ਸੱਚ ਮੁੱਚ ਉਸ ਵਰਯਾਮ ਨੂੰ ਦਿਓਤੇ ਨਾ ਮਿੱਲੇ ।
ਜਿਸ ਨੇ ਪੁੱਟੇ ਜੜ੍ਹਾਂ ਤੋਂ ਪਾਪਾਂ ਦੇ ਕਿੱਲੇ ॥੧੩॥

ਮੁਗ਼ਲ ਦਲਾਂ ਦੇ ਅਫ਼ਸਰਾਂ ਇਹ ਵੇਖ ਲੜਾਈ ।
ਹੈਰਾਨੀ ਵਿਚ ਡੁੱਬ ਕੇ ਮੂੰਹ ਉਂਗਲੀ ਪਾਈ ।
ਗੜ੍ਹੀ ਵਿਚਾਲੇ ਸਤਿਗੁਰੂ ਨੈਣ ਏਧਰ ਲਾਈ,
ਵੇਖਣ ਆਪਣੇ ਖ਼ੂਨ ਦੀ ਪਾਵਨ ਗਰਮਾਈ ।
ਪਾਸ ਖਲੋਤੇ ਸੂਰਮੇ ਕਰ ਕਰ ਵਡਿਆਈ ।
ਆਖਣ-'ਸੱਚੇ ਪਾਤਸ਼ਾਹ ! ਧੰਨ ! ਧੰਨ ! ਕਮਾਈ ।
ਤੇਰੇ ਬੀਰ-ਸਪੁਤ੍ਰ ਨੇ ਜੋ ਤੇਗ਼ ਅੱਜ ਵਾਹੀ,
ਓਹਨੇ ਤੇਰੀ ਕੀਰਤੀ ਦਿੱਤੀ ਕਰ ਸੁਆਈ ।
ਜੀਤੋ ਜੀ ਦੀ ਕੁੱਖ ਹੈ ਜੋਧੇ ਸਫ਼ਲਾਈ ॥੧੪॥

ਤਿੰਨ ਪਿਆਰੇ ਨਾਲ ਜੋ ਪਏ ਤੇਗ਼ਾਂ ਵਾਂਹਦੇ,
ਸਨਮੁਖ ਹੋਣੋਂ ਉਨ੍ਹਾਂ ਦੇ ਵੈਰੀ ਘਬਰਾਂਦੇ ।
ਬਾਜ਼ਾਂ ਵਾਂਗ ਉਹ ਉੱਡ ਉੱਡ ਤੱਰਾਰਾਂ ਲਾਂਦੇ ।
ਬਿਦਦੇ ਜ਼ਰਾ ਨਾ ਕਾਲ ਨੂੰ, ਰਣ ਲੁੱਡੀ ਪਾਂਦੇ ।
ਟੁੱਟੀਆਂ ਤੇਗ਼ਾਂ ਲੜਦਿਆਂ, ਬਰਛੇ ਲਿਸ਼ਕਾਂਦੇ ।
ਬੁਰਜਾਂ ਜਹੇ ਜੁਆਨ ਫੜ ਪਲ ਅੰਦਰ ਢਾਂਦੇ ।
ਗੁਰ-ਸੁਤ ਦੀ ਨੇ ਢਾਲ ਬਣ ਮੂੰਹੋਂ ਮੂੰਹ ਖਾਂਦੇ,
ਹੋਲੀ ਖੇਡਣ ਲਹੂ ਦੀ, ਮਿੱਝ ਦੇ ਵਿਚ ਨ੍ਹਾਂਦੇ ।
ਇਹ ਉਹ ਬੀਰ ਜੁ ਧਰਮ ਦੀ ਨੇ ਧੁਜਾ ਫਹਿਰਾਂਦੇ ॥੧੫॥

ਪਹਿਰ ਸਵਾ ਤੋਂ ਵਧ ਹੀ ਸਾਂਗਾਂ ਖੜਕਾ ਕੇ,
ਹੌਲੀ ਹੌਲੀ ਸੂਰਮੇ ਤੁਰੇ ਤੋੜ ਨਿਭਾ ਕੇ ।
ਪੈਰ ਪਿਛਾਂਹ ਨਾ ਰੱਖਿਆ, ਕਰ ਸਨਮੁਖ ਸਾਕੇ ।
ਵਰਿਆ ਲਾੜੀ ਮੌਤ ਨੂੰ ਸਭ ਰੀਝਾਂ ਲਾਹ ਕੇ ।
ਇਕ ਇਕ ਲੜਦਾ ਸਇਆਂ ਨੂੰ ਰਣ ਵਿਚ ਲਿਟਾ ਕੇ,
ਢੇਰ ਉਸਾਰ ਹੈ ਸਉਂ ਗਿਆ, ਨਵ-ਜੀਵਨ ਪਾ ਕੇ ।
ਅਪਣੇ ਵਾਹ ਵਾਹ ਕਰ ਰਹੇ, ਧੰਨ ! ਧੰਨ ! ਸੁਣਾ ਕੇ ।
ਮੰਨਣ ਦੁਸ਼ਮਣ ਬੀਰਤਾ, ਮੁੜ ਮੁੜ ਵਡਿਆ ਕੇ ।
ਬਖ਼ਸ਼ਿਸ਼ ਪਈ ਆਕਾਸ਼ ਤੋਂ ਇਹਨਾਂ ਵਲ ਝਾਕੇ ॥੧੬॥

ਸਾਥੀ ਜਦੋਂ ਸ਼ਹੀਦ ਹੋ ਸੱਚ-ਖੰਡ ਸਿਧਾਏ ।
ਹਾਇ ! ਘੇਰੇ ਵਿਚ ਤਦ ਸਤਿਗੁਰ-ਸੁਤ ਆਏ ।
ਕੋਮਲ ਸੁਹਲ ਸਰੀਰ ਜੋ ਫੁੱਲ ਨੂੰ ਸ਼ਰਮਾਏ ।
ਨੇਜ਼ੀਂ ਗਿਆ ਅੜੁੰਬਿਆ, ਕੋਈ ਤਰਸ ਨਾ ਖਾਏ ।
ਪੈ ਰਹੇ ਤੀਰ ਚੁਫੇਰਿਓਂ, ਪਰ ਨਾ ਘਬਰਾਏ ।
ਕਰੜੇ ਜਾਂਦੀ ਵਾਰ ਦੇ ਪਿਆ ਹੱਥ ਵਿਖਾਏ ।
ਜਿਧਰ ਨਜ਼ਰ ਭੁਆਂਵਦਾ ਪ੍ਰਲੈ ਮਚ ਜਾਏ ।
ਨੀਂਦ ਸਦੀਵੀ ਲੈਣ ਲਈ, ਪਿਆ ਸੇਜ ਸਜਾਏ ।
ਸਿਰ ਸੈਂਕੜੇ ਹੇਠ ਸੁੱਟ ਸਉਂ ਫ਼ਿਕਰ ਮਿਟਾਏ ॥੧੭॥

ਸੁੱਤਾ ਵੇਖ ਅਜੀਤ ਸਿੰਘ, ਕਲਗੀਧਰ ਸੁਆਮੀ,
ਛੱਡ ਜੈਕਾਰਾ ਆਖਦੇ, 'ਧੰਨ ! ਅੰਤਰ ਜਾਮੀ !
ਧੋਤੀ ਮੇਰੇ ਖ਼ੂਨ ਨੇ ਵਗ ਉਹ ਬਦਨਾਮੀ,
ਜਿਸ ਤੋਂ ਭਾਰਤ ਵਰਸ਼ ਨੂੰ ਹੈ ਮਿਲੀ ਗ਼ੁਲਾਮੀ ।
ਅੱਜ ਪਤਾ ਹੈ ਲੱਗ ਗਿਆ ਖਾਸੀਂ ਤੇ ਅਮੀਂ,
ਮੇਰੇ ਸਿੰਘ-ਆਦਰਸ਼ ਵਿਚ ਹੈ ਰਤਾ ਨਾ ਖ਼ਾਮੀ ।
ਮੈਂ ਨਹੀਂ ਲੋੜੀ ਅਣਖ ਦੀ ਹੋਵੇ ਨੀਲਾਮੀ,
ਤਨ, ਮਨ, ਧਨ ਸਰਵਸਵ ਦੀ ਕੀਤੀ ਕੁਰਬਾਨੀ ।
ਲਾਜ ਮੇਰੀ ਹੈ ਰੱਖ ਲਈ ਸੁਤ ਦੀ ਵਰਯਾਮੀ' ॥੧੮॥

ਕਲਗੀਧਰ ਦਾ ਲਾਡਲਾ ਇਕ ਹੋਰ ਸਜੀਲਾ,
ਪਿਆਰਾ ਨਾਮ ਜੁਝਾਰ ਸਿੰਘ, ਜੋਧਾ ਅਣਖੀਲਾ ।
ਮੱਸ ਨ ਭਿੱਜੀ ਹੈ ਅਜੇ, ਅੰਗ ਅੰਗ ਮਟਕੀਲਾ ।
ਨੂਰੀ ਮੁਖੜਾ ਵੇਖ ਕੇ ਪਏ ਸੂਰਜ ਪੀਲਾ ।
ਕਲਗੀ ਸੀਸ ਸੁਹਾ ਰਹੀ, ਗਭਰੂ ਗਭਰੀਲਾ ।
ਹੋ ਗਿਆ ਵੀਰ ਸ਼ਹੀਦ ਵੇਖ ਉਠਿਆ ਰੰਗੀਲਾ ।
ਆਗਿਆ ਮੰਗੇ ਪਿਤਾ ਤੋਂ ਜੰਗ ਲਈ ਫੁਰਤੀਲਾ,
'ਮੈਨੂੰ ਸਮਰ ਉੜੀਕਦਾ'; ਆਖੇ ਸੁਘੜੀਲਾ ।
ਕਰ ਰਿਹਾ ਸੱਚਾ ਪਾਤਸ਼ਾਹ ਇਹ ਅਚਰਜ ਲੀਲ੍ਹਾ ॥੧੯॥

ਅਪਣੇ ਅਣਖੀ ਲਾਲ ਨੂੰ, ਸਤਿਗੁਰ ਗਲ ਲਾਉਂਦੇ ।
ਜੱਫੀ ਦੇ ਵਿਚ ਘੁੱਟ ਕੇ, ਨੈਣ ਨੈਣੀਂ ਪਾਉਂਦੇ ।
ਛੋਟੇ ਅੰਗਾਂ ਵਿਚ ਨੇ ਸ਼ਕਤੀ ਰੁਮਕਾਉਂਦੇ ।
ਫੇਰ ਫੇਰ ਹੱਥ ਕੰਡ ਤੇ ਵੀਰਤਵ ਜਗਾਉਂਦੇ ।
ਕਿਵੇਂ ਵੀਰ ਰਣ ਮੰਡਦੇ, ਪੁਤ ਨੂੰ ਬਤਲਾਉਂਦੇ ।
ਮੁੜਨਾ ਸ਼ੇਰ ਨ ਜਾਣਦਾ, ਮੁਖੋਂ ਫ਼ਰਮਾਉਂਦੇ,
ਕਹਿੰਦੇ-'ਪੁੱਤ ਸ਼ਾਹਬਾਜ਼ ਦੇ, ਜਦ ਝਪਟ ਚਲਾਉਂਦੇ;
ਰੰਗ ਨਵਾਂ ਆਕਾਸ਼ ਨੂੰ ਦੇ ਜਗ ਵਿਸਮਾਉਂਦੇ ॥੨੦॥

ਤੁਰਿਆ ਬੱਚਾ ਸ਼ੇਰ ਦਾ ਲਾਉਂਦਾ ਲਲਕਾਰਾਂ ।
ਰਣ ਵਿਚ ਜਿਉਂ ਹੀ ਉਤਰਿਆ ਗਈਆਂ ਪੈ ਪੁਕਾਰਾਂ ।
ਪੰਜ ਕੁ ਸਾਥੀ ਨਾਲ ਜੋ ਉਹ ਧੂਹ ਤਲਵਾਰਾਂ,
ਛਾਂਗਣ ਲੱਗੇ ਸਿਰਾਂ ਨੂੰ, ਵੱਗਣ ਲਹੂ ਧਾਰਾਂ ।
ਕੁਦ ਕੁਦ ਪੈਣ ਗ਼ਨੀਮ ਤੇ, ਪਾਂਦੇ ਖਲ੍ਹਿਆਰਾਂ ।
ਨਸੀਆਂ ਅੱਗੇ ਚਿਤ੍ਰਿਆਂ ਹਿਰਨਾਂ ਦੀਆਂ ਡਾਰਾਂ ।
ਸ਼ਾਂ ਸ਼ਾਂ ਤੀਰ ਸ਼ੁੰਕਾਰਦੇ, ਅਣੀਆਂ ਦੀਆਂ ਆਰਾਂ,
ਸੀਨਿਆਂ ਵਿਚੋਂ ਪਾਰ ਹੋ ਕੱਢਣ ਲਲਿਆਰਾਂ ।
ਧੰਨ ਸਿੰਘਾਂ ਦੇ ਹੌਸਲੇ, ਧੰਨ ! ਧੰਨ ! ਨੇ ਕਾਰਾਂ ॥੨੧॥

ਉਡਦਾ ਫਿਰੇ ਜੁਝਾਰ ਸਿੰਘ, ਹੱਥ ਖੜਗ ਨਚਾਏ ।
ਪਾਣੀ ਫੇਰ ਨ ਮੰਗਦਾ, ਜਿਸ ਨੂੰ ਛੋਹ ਜਾਏ ।
ਘੋੜੇ ਸਣੇ ਸਵਾਰ ਨੂੰ ਐਉਂ ਜੋਧਾ ਢਾਏ,
ਜੀਕਰ ਰੁਖ ਨੂੰ ਵੱਢ ਕੇ ਤਰਖਾਣ ਵਿਛਾਏ ।
ਨੇਜ਼ਾ ਜਦ ਹੈ ਸੂਤਦਾ, ਧਰਤੀ ਥੱਰਾਏ ।
ਬਿਫਰੇ ਹੋਏ ਸ਼ੇਰ ਦੇ ਜੋ ਨੇੜੇ ਆਏ,
ਬਣ ਕੇ ਬੁਰਕੀ ਕਾਲ ਦੀ ਲਹੂ ਨਾਲ ਨੁਹਾਏ ।
ਵਾਰ ਇੱਕ ਦੇ ਨਾਲ ਉਹ ਪੰਜ ਪਰੋ ਦਿਖਲਾਏ ।
ਵੇਖ ਵੀਰਤਾ ਵੀਰ ਦੀ ਵਰਯੱਮ ਵਿਸਮਾਏ ॥੨੨॥

ਸ਼ਾਵਾ ਗ਼ਾਜ਼ੀ ਮਰਦ ਦੇ, ਬੁਲਬਲੀਆਂ ਪਾਂਦਾ,
ਲਪਕ ਲਪਕ ਕੇ ਝਪਟਦਾ, ਸ਼ਕਤੀ ਦਿਖਲਾਂਦਾ ।
ਚੰਡੀ ਦੇ ਪਰਚੰਡ ਤੋਂ, ਰਣ ਭਾਂਬੜ ਲਾਂਦਾ,
ਜੋਗਣੀਆਂ ਨੂੰ ਖ਼ੂਨ ਦੇ ਖੱਪਰ ਪੀਵਾਂਦਾ ।
ਸਿਰ ਕਚਕੋਲ ਉਨ੍ਹਾਂਦੜੇ ਹੱਥੀਂ ਪਕੜਾਂਦਾ ।
ਗਿੱਦੜਾਂ, ਲੂਮੜਾਂ ਲਈ ਹੈ ਪਿਆ ਜੱਗ ਰਚਾਂਦਾ ।
ਇਕ ਦੋ ਕੀ ਉਹ ਸਇਆਂ ਦੇ ਨਾ ਕਾਬੂ ਆਂਦਾ ।
ਵਾਂਹਦਾ ਤੇਗ਼ ਕਿ ਸੂਰਮਾ ਰੀਝਾਂ ਪਿਆ ਲਾਂਹਦਾ ।
ਤੇਜ ਇਹਦੇ ਬਲਕਾਰ ਦਾ ਨਾ ਝੱਲਿਆ ਜਾਂਦਾ ॥੨੩॥

ਪੁਰਜ਼ਾ ਪੁਰਜ਼ਾ ਹੋਂਵਦੇ ਆਖ਼ਰ ਇਹ ਗ਼ਾਜ਼ੀ,
ਨਾਲ ਪੁਗਾਂਦੇ ਸਿਰਾਂ ਦੇ, ਜੋ ਲਾਈ ਬਾਜ਼ੀ ।
ਇਕ ਇਕ ਲੇਟਿਆ ਸੈਆਂ ਤੇ, ਵਾਹ ! ਕ੍ਰਿਸ਼ਮਾ ਸਾਜ਼ੀ ।
ਲਈ ਸ਼ਹੀਦੀ ਦੀ ਸਨਦ ਗੁਰ-ਘਰ ਤੋਂ ਤਾਜ਼ੀ ।
ਏਸ ਸ਼ਹਾਦਤ ਗਾਹ ਨੂੰ, ਢੂੰਢ ਢੂੰਢ ਨਮਾਜ਼ੀ,
ਮਨ ਖੁਟਿਆਰ ਦੀ ਭੁਲਣਗੇ ਖ਼ੁਦਗਰਜ਼ੀ-ਆਜ਼ੀ ।
ਇਹ ਉਹ ਨੇ ਭਵ ਸਿੰਧ ਦੇ ਬਣ ਗਏ ਜਹਾਜ਼ੀ,
ਜਿਨ੍ਹਾਂ ਲੰਘਾਣੇ ਪੂਰ ਕਈ ਹੋ ਰਜ਼ਾ ਤੇ ਰਾਜ਼ੀ ।
ਬਖ਼ਸ਼ੀ ਅੰਤਾਂ ਤੀਕ ਗਈ ਇਨ੍ਹਾਂ ਉਮਰ-ਦਰਾਜ਼ੀ ॥੨੪॥

ਸੁੱਤਾ ਵੇਖ ਜੁਝਾਰ ਸਿੰਘ ਸਤਿਗੁਰ ਫ਼ਰਮਾਇਆ,
'ਸਾਈਂ ! ਸੇਵਕ ਜੋੜ ਹੱਥ ਅੱਜ ਸ਼ੁਕਰ ਮਨਾਇਆ ।
ਮਿਲੀ ਅਮਾਨਤ ਤੁਧ ਨੂੰ ਸੌਂਪੀ ਜੱਗ-ਰਾਇਆ ।
ਖ਼ਿਆਨਤ ਕੀਤੀ ਨਾ ਰਤਾ, ਨਾ ਰਲਾ ਰਲਾਇਆ ।
ਸ਼ੁਕਰ ! ਤੇਰਾ ਤੈਂ ਲਈ ਹੀ ਲੱਗੇ, ਧੰਨ ! ਦਾਇਆ !
ਮੇਰੀ ਕੀਤੀ ਘਾਲ ਨੂੰ ਮਿੱਠਾ ਫਲ ਆਇਆ ।
ਕਿਉਂ ਕਰ ਰਖਦਾ ਪਾਸ ਮੈਂ ਜੋ ਸੀ ਤੁਧ ਮਾਇਆ,
ਵਾਪਸ ਤੈਨੂੰ ਕਰਦਿਆਂ, ਮਨ ਨਾ ਭਰਮਾਇਆ ।
ਰੱਖੀਂ ਆਪਣੀ ਮਿਹਰ ਦਾ ਇਹਨਾਂ ਤੇ ਸਾਇਆ ॥੨੫॥

1. ਜੀਵਨ ਇਕ ਤੂਫ਼ਾਨ

ਜਾਗ੍ਰਤ ਦਾ ਬੇਤਾਬ ਸੁਨੇਹਾ,
ਵਿਗਸਣ ਦਾ ਕੋਈ ਸ਼ੌਕ ਨਿਰਾਲਾ;
ਮਚਦੀਆਂ ਅਸਮਾਨਾਂ ਨੂੰ ਛੂੰਹਦੀਆਂ
ਲਾਟਾਂ ਦੀ ਨ੍ਰਿਤ-ਤਾਨ,
ਜੀਵਨ ਇਕ ਤੂਫ਼ਾਨ ।

ਮਾਰੂ ਲਹਿਰਾਂ ਦੀ ਤੁਗ਼ਿਆਨੀ,
ਪੌਣਾਂ ਦੀ ਮੂੰਹ-ਜ਼ੋਰ ਰਵਾਨੀ,
ਬਿਜਲੀਆਂ ਦੀ ਤੜਫਣਿ ਤੋਂ ਉਪਜਿਆ
ਸਦ-ਜੀਂਦਾ ਅਰਮਾਨ;
ਜੀਵਨ ਇਕ ਤੂਫ਼ਾਨ ।

ਮਿੱਟੀ ਨੂੰ ਜਾਂ ਚੁੰਮਣ ਲਾਵੇ,
ਫੁੱਲ, ਕਲੀਆਂ, ਸਬਜ਼ੇ ਲਹਿਕਾਵੇ,
ਬਦਲੇ ਬ੍ਰਹਿਮੰਡਾਂ ਦਾ ਨਕਸ਼ਾ,
ਇਸ ਦੀ ਹਰ ਮੁਸਕਾਨ,
ਜੀਵਨ ਇਕ ਤੂਫ਼ਾਨ ।

ਰੂਹਾਂ ਦੀ ਹੈ ਬਾਜ਼-ਉਡਾਰੀ,
ਜਾਂ ਬੇਖ਼ੌਫ਼ ਜਿਹੀ ਇਕ ਤਾਰੀ,
ਜ਼ਿਮੀਂ, ਆਕਾਸ਼ੀਂ ਤੇ ਨਖਯਤਰੀਂ,
ਏਸੇ ਦਾ ਘਮਸਾਨ,
ਜੀਵਨ ਇਕ ਤੂਫ਼ਾਨ ।

2. ਵਿਸ਼ਵ-ਨਾਚ

ਡਮ ਡਮ ਡੌਰੂ ਡਮਕ ਰਿਹਾ ਹੈ,
ਇਸ ਦੇ ਇਸ ਗੰਭੀਰ ਤਾਲ ਤੇ
ਹੋਵੇ ਪਿਆ ਉਹ ਨਾਚ,

ਜਿਸ ਵਿਚ ਜਗ-ਰਚਨਾ ਦੀ ਹਰ ਸ਼ੈ
ਆਪ ਮੁਹਾਰੀ ਨੱਚ ਉੱਠੀ ਹੈ
ਵਲਵਲੇ ਵਿਚ ਗਵਾਚ ।

ਨਚਣ ਆਕਾਸ਼, ਨੱਚਣ ਚੰਦ ਤਾਰੇ,
ਨੱਚਣ ਦੇਵਤਾ ਹੋਸ਼ ਵਿਸਾਰੇ,
ਨੱਚਣ ਆਦਮੀ, ਨੱਚਣ ਮੋਹਣੀਆਂ
ਨੱਚਣ ਪਏ ਪਿਸਾਚ ।

ਖੁਲੀ ਸਮਾਧੀ ਮਹਾਂ ਰਿਸ਼ੀਆਂ ਦੀ,
ਨੱਚ ਪਈ ਮਹਾਂ-ਕਾਲ ਦੀ ਜੋਤੀ,
ਨੱਚੇ ਸਵਰਗ, ਪਤਾਲ;
ਏਸ ਨਾਚ ਨੇ ਕਵਿ-ਹਿਰਦੇ ਵਿਚ
ਲੈ ਆਂਦਾ ਭੂਚਾਲ ।

ਇਹ ਉਹ ਨਾਚ ਜਿਦ੍ਹੀ ਸਰਗਮ 'ਚੋਂ
ਪਰਲੈ ਦੇ ਪਰਛਾਵੇਂ,
ਕਾਲ-ਜੀਭ ਦਾ ਰੂਪ ਵਟਾ ਕੇ
ਬ੍ਰਹਿਮੰਡਾਂ ਨੂੰ ਲੈ ਰਹੇ ਨੇ
ਅਪਣੇ ਵਿਚ ਕਲਾਵੇ ।

ਮੋਹ-ਨਿੰਦਰਾ ਖੁਲ੍ਹ ਗਈ ਹੈ ਆਪੇ,
ਸਾਜ ਸਮਾਜ ਪੁਰਾਤਨਤਾ ਦਾ
ਗੁੰਮਦਾ ਗੁੰਮਦਾ ਜਾਪੇ ।
ਮਹਾਂ-ਅਸਤਾਚਲ ਦੀ ਕੁਖ ਖੁਲ੍ਹੀ
ਨੱਚਦੇ ਪੁਰੀਆਂ, ਭਵਨ ਓਸ ਵਿਚ
ਹੈਨ ਸਮਾਈ ਜਾਂਦੇ ।

ਹੋ ਰਹੇ ਨਿਰਾਕਾਰ ਆਕਾਰੀ,
ਮਹਾਂ ਸੁੰਨ ਦੇ ਦੇਸ ਵਿਚਾਲੇ,
ਫਿਰ ਇਕ ਨਵੀਂ ਅਜ਼ਲ ਦੀ ਸਜਣੀ
ਹੋਵੇ ਪਈ ਤਿਆਰੀ ।

ਏਸ ਨਾਚ ਵਿਚ ਨੱਚਦੇ ਨੱਚਦੇ,
ਮਹਾ-ਜੋਤਿ ਵਿਚ ਰਚਦੇ ਰਚਦੇ,
ਆ ਛੇਤੀ ਗੁੰਮ ਜਾਈਏ;
ਤੇ ਉਸ ਨਵੀਂ ਅਜ਼ਲ ਦੀ ਕਾਨੀ
ਪਿਛਲੇ ਬ੍ਰਹਮਾ ਪਾਸੋਂ ਖੋਹ ਕੇ
ਆਪਾਂ ਹੀ ਫੜ ਵਾਹੀਏ ।

ਨਵਾਂ ਜਗਤ, ਨਵਾਂ ਦਸਤੂਰ,
ਨਵੇਂ ਅਸੀਂ, ਉਠ ਨਵ-ਪ੍ਰਭਾਤ ਵਿਚ
ਨਵਿਆਂ ਲਈ ਬਣਾਈਏ ।

3. ਵਿਸ਼ਵ-ਵੇਦਨਾ

ਵਿਸ਼ਵ-ਵੇਦਨਾ ਕੂਕ ਉਠੀ ਏ,
ਧਰਤੀ ਦੇ ਹਰ ਕਿਣਕੇ ਵਿਚੋਂ;
ਧੁਰ ਪਾਤਾਲੋਂ, ਧੁਰ ਆਕਾਸ਼ੋਂ
ਬਣ ਕੰਬਦੀ ਫਰਯਾਦ;
ਕੌਣ ਜੁ ਲੱਭੇ ਇਸਦੇ ਅੰਦਰੋਂ
ਅਨੰਤ ਰਸਿਕ ਫਿਰ ਸੁਆਦ ?

ਦਯਾ ਵਿਹੂਣ ਮਨੁੱਖ ਹੋ ਗਿਆ,
ਭੁਲਿਆ ਸਾਂਝ-ਪਿਆਰ;
ਮਚ ਗਈ ਹਾ ਹਾ ਕਾਰ ਚੁਫੇਰੇ,
ਬ੍ਰਹਿਮੰਡਾਂ ਦੇ ਸੀਨਿਆਂ ਵਿਚੋਂ
ਉਠਿਆ ਦਰਦ ਪੁਕਾਰ ।

ਵਿਸ਼ਵ-ਸਾਜ਼ ਦੀ ਉਹ ਮਾਧੁਰਤਾ,
ਜਿਸ ਦਾ ਇਕ ਇਕ ਗੀਤ,
ਭਰਦਾ ਹੈਸੀ ਸੁੰਨ ਮੰਡਲੀਂ
ਸੁਧਾ ਮਈ ਸੰਗੀਤ;
ਹਾਇ ਓਸ 'ਚੋਂ ਅੱਜ ਨਿਕਲ ਰਹੇ,
ਕਲਵਲ ਖਾਂਦੇ ਤੇ ਤੜਫੜਾਂਦੇ
ਪੀੜਤ ਸੋਗੀ ਵੈਣ !

ਸਿਸਕੀਆਂ, ਹਉਕੇ, ਪੀੜਾਂ ਚਸਕਾਂ,
ਅਥਰੂ, ਆਹੀਂ, ਟੀਸਾਂ, ਕਸਕਾਂ,
ਟੁਟਦੇ ਤਾਰਿਆਂ ਵਾਂਗ ਕੰਬ ਕੇ,
ਦਰਦ ਨਾਲ ਅਤਿ ਬਿਹਬਲ ਹੋ ਹੋ,
ਦਿਲੀ ਵੇਦਨਾ ਕਹਿਣ ।

ਧਰਤੀ ਤੇ ਕੁਹਰਾਮ ਮੱਚਿਆ,
ਆਕਾਸ਼ਾਂ ਵਿਚ ਭਿੜਨ ਸਤਾਰੇ;
ਸਾਗਰਾਂ ਅੰਦਰੋਂ ਨਿਕਲਣ ਲਾਟਾਂ,
ਪਾਤਾਲਾਂ ਵਿਚ ਮੌਤ ਬੁੱਕਾਰੇ;
ਕੌਣ ਸੁਣੇ ਹੁਣ ਗੀਤ ਕਵੀ ਦੇ ?
ਕੌਣ ਉਸ ਨੂੰ ਦੇ ਦਾਦ ?
ਵਿਸ਼ਵ-ਸੁਆਦ ਜਦ ਪੀੜਾ ਬਣ ਕੇ
ਕਰੇ ਪਿਆ ਫ਼ਰਯਾਦ !

ਪੂਰਬ ਦੀ ਪਹੁ ਫਟਦੀ ਅੰਦਰੋਂ
ਨਿਰਦੋਸ਼ਾਂ ਦਾ ਖ਼ੂਨ,
ਦੱਸ ਰਿਹਾ ਸੰਕੇਤ ਨਾਲ ਏ
ਇਹ ਹੈ ਓਹ ਜਨੂਨ:
ਜਿਨ੍ਹੇਂ ਮਨੁੱਖਤਾ ਨੂੰ ਫੜ ਕੋਹਿਆ
ਬਣ ਕੇ ਮਹਾਂ ਮਲਊਨ ।

ਅਸਤਾਚਲ ਦੀ ਸੋਗੀ ਲਾਲੀ,
ਸੈਨਤ ਨਾਲ ਸੁਝਾਵੇ ਮੈਨੂੰ
ਸਾਂਝੀਵਾਲੀ ਤੋਂ ਬਿਨ ਹੁੰਦੀ,
ਈਕਣ ਹੀ ਬਦ-ਹਾਲੀ ।
ਏਸ ਵਿਸ਼ਵ-ਵੇਦਨਾ ਵਿਚੋਂ
ਇਕ ਜੀਉਂਦਾ ਅਹਿਸਾਸ,
ਹੁੰਦਾ ਪਿਆ ਹੈ ਸਾਫ਼ ਕਵੀ ਨੂੰ
ਮਹਾਂ ਹਨੇਰਾਂ ਦੀ ਗੋਦੀ ਵਿਚ
ਪਲੇ ਪਿਆ ਪ੍ਰਕਾਸ਼ ।

4. ਮੇਰੇ ਸਾਥੀ

੧.

ਇਕ ਬੀਬਾ ਸਾਊ ਐਡੀਟਰ,
ਜੋ ਪੰਤਾਲੀਆਂ ਤੋਂ ਨਹੀਂ ਲੰਘਿਆ,
ਪਰ ਮਿਹਨਤ ਦੀ ਝੰਮਣੀ ਨਾਲ
ਐਉਂ ਜਾਪੇ ਜਿਉਂ ਉਮਰ ਓਸ ਦੀ ਵਿਚੋਂ
ਝੜ ਗਏ ਨੇ ਸਠ ਸਾਲ ।

ਮੇਜ਼ ਉੱਤੇ ਦਿਨ ਭਰ ਸਿਰ ਸੁੱਟੀ
ਨੈਣਾਂ ਰਾਹੀਂ ਰੱਤ ਵਗਾਂਦਾ,
ਕਿਸੇ ਮਸ਼ੀਨ ਵਾਂਗ ਹੱਥ ਉਸ ਦਾ,
ਕਾਗਜ਼ਾਂ ਉਤੇ ਕਲਮ ਚਲਾਂਦਾ ।

ਸਿਆਲ, ਉਨ੍ਹਾਲੇ, ਸੰਝ, ਸਵੇਰੇ,
ਲੇਖਾਂ ਲਈ, ਕਹਾਣੀਆਂ ਦੇ ਲਈ,
ਉਹ ਰਹਿੰਦਾ, ਗ਼ਲਤਾਨ !
ਮਣਾਂ ਮੂੰਹੀਂ ਕਾਗਜ਼ ਲਿਖ ਥੱਕੀ,
ਹਾਇ ! ਓਸ ਦੀ ਜਾਨ ।

੨.

ਮਾੜੂਆ ਜਿਹਾ ਯੁਵਕ ਇੱਕ ਹੈ,
ਜਿਸ ਦੀ ਧੌਣ ਉਤੇ ਹੈ ਪੈ ਗਿਆ
ਪੰਜ ਬੱਚਿਆਂ, ਬੀਵੀ ਦਾ ਭਾਰ,
ਪੁੰਗਰਨ ਤੋਂ ਪਹਿਲਾਂ ਹੀ ਸਉਂ ਗਏ
ਜਿਸ ਦੇ ਜਵਾਨ ਅਰਮਾਨ !

ਟੁੱਟੀ ਜਹੀ ਪਤਲੂਨ ਅੜਾ,
ਦਿਨ ਭਰ ਲੱਤਾਂ ਮਾਰ ਮਾਰ ਕੇ
ਹੈ ਸ਼ੁਹਦਾ ਥੱਕ ਜਾਂਦਾ;
ਇਕ ਧਨੀ ਦਾ ਪੇਟ ਭਰਨ ਲਈ,
ਆਪ ਅਧ-ਭੁੱਖਾ ਰਹਿ ਕੇ
ਕਈ ਅਮੀਰਾਂ ਦੇ ਬੂਹਿਆਂ ਤੇ
ਜਾ ਜਾ ਤਰਲਾ ਪਾਂਦਾ ।

ਮਿਹਨਤ ਨਾਲ ਸਰੀਰ ਓਸ ਦਾ
ਕਾਨੇ ਵਾਂਗੂੰ ਕੁੜਿਆ,
ਆਮਦਨ ਥੋੜ੍ਹੀ, ਖਰਚ ਵਧੀਕ,
ਖ਼ੂਨ ਸੁਕ ਗਿਆ ਨਾੜਾਂ ਵਿਚੋਂ,
ਧਨਖ ਵਾਂਗ ਲੱਕ ਉੜਿਆ ।

੩.

ਇਕ ਕਲਰਕ ਮੈਨੇਜਰ ਕਹਿ ਕੇ
ਜਿਸ ਨੂੰ ਟਪਲਾ ਲਾਇਆ;
ਪੀਲਾ ਮੂੰਹ, ਤੇ ਜਿਸ ਦੇ ਨੈਣ,
ਕਿਸੇ ਉਜਾੜ ਖਡੱਲ ਵਾਕਰਾਂ
ਡੂੰਘੇ ਦਿਸਦੇ ਹੈਨ ।

ਚਿਠੀਆਂ ਲਿਖ ਲਿਖ, ਟਾਈਪ ਕਰ ਕਰ
ਹਾਰਿਆ, ਹੰਭਿਆ, ਹੁਟਿਆ,
ਖ਼ੁਦਦਾਰੀ, ਆਜ਼ਾਦੀ ਵੇਚ,

੫.

ਕਲਰਕ, ਐਡੀਟਰ, ਕੰਪਾਜ਼ੀਟਰ
ਇਹ ਸਾਰੇ ਮਜ਼ਦੂਰ,
ਇਕ ਮਗ਼ਰੂਰ ਧਨੀ ਨੂੰ ਕਰ ਰਹੇ
ਆਪਣੀ ਲਿਆਕਤ,
ਆਪਣੀ ਮਿਹਨਤ ਨਾਲ
ਹੋਰ ਮਗ਼ਰੂਰ ।

ਮਹਿਲ ਉਦ੍ਹੇ ਅਸਮਾਨ ਘਰੂੰਦੇ,
ਦਰਜਨਾਂ ਬੈਂਕਾਂ ਨਾਲ ਓਸ ਦਾ
ਚੱਲੇ ਪਿਆ ਵਿਹਾਰ,
ਸਿੱਧੇ ਮੂੰਹ ਉਪਜਾਊਆਂ ਨਾਲ,
ਗੱਲ ਕਰਨੀ ਵੀ ਹੱਤਕ ਸਮਝੇ,
ਕੈਸੀ ਉਲਟੀ ਕਾਰ !

੬.

ਮੈਂ ਵੇਖਾਂ ਆ ਰਿਹਾ ਭੁਚਾਲ,
ਨਾ ਮਜ਼ਦੂਰੋ ਤੁਸੀਂ ਘਾਬਰੋ,
ਏਸ ਭੁਚਾਲ ਬਦਲ ਹੈ ਦੇਣੀ,
ਪਿਛਲੀ ਸਾਰੀ ਚਾਲ ।

ਮਿਹਨਤ ਨੂੰ ਸਤਿਕਾਰ ਮਿਲੇਗਾ,
ਕਿਰਤੀ ਦਾ ਭੰਡਾਰ ਭਰੇਗਾ,
ਖ਼ੂਨ ਪੀਣੀਆਂ ਜੋਕਾਂ ਹੱਥੋਂ,
ਮਿਲ ਜਾਊ ਛੁਟਕਾਰਾ ।

ਹਰ ਪਾਸੇ ਗੂੰਜੇਗਾ ਵੀਰੋ,
ਤੁਹਾਡੀ ਮਿਹਨਤ ਤੇ ਪੁਰਸ਼ਾਰਥ ਦਾ,
ਨਾਅਰਾ ਅਤ ਪਿਆਰਾ ।

5. ਬੇ-ਦਰਦੀ

ਹਸੀ ਬਸੰਤ, ਕਲੀ ਮੁਸਕਾਈ,
ਮਤਵਾਲੇ ਭੰਵਰਾਂ ਮਧੁ ਪੀ ਕੇ,
ਪ੍ਰੀਤ-ਰਾਗਨੀ ਗਾਈ ।

ਇਕ ਪਾਸੇ ਸੰਵਰੀ ਬਨਰਾਇ,
ਖੇਲਣ ਲੱਗੇ ਪਾਣੀ,
ਦੂਜੇ ਪਾਸੇ ਕਵੀ ਵੇਖਦਾ,
ਪਤਲੀਆਂ ਝੀਤਾਂ ਥਾਣੀ:
ਧਧਕ ਰਹੀਆਂ ਲਾਟਾਂ ਵਿਚਕਾਰੇ
ਸੁੰਦਰਤਾ ਝੁਲਸਾਈ ।

ਤੇ ਇਹ ਦਰਦ ਉਪਜਾਊ ਝਾਕੀ
ਤਕਿ ਕੋਇਲ ਕੁਰਲਾਈ ।
ਸੋਹਣੀਆਂ ਨਾਰਾਂ, ਕੂਲੇ ਬਾਲ,
ਮੌਤ ਦੀਆਂ ਦਾੜ੍ਹਾਂ ਵਿਚਕਾਰੇ,
ਪੀਹ ਰਿਹਾ ਮਹਾਂ ਕਾਲ ।
ਨਾ ਕੋਈ ਤਰਸ ਤੇ ਨਾ ਹਮਦਰਦੀ,
ਵਾਂਗ ਪਿਸਾਚਣੀਆਂ ਦੇ ਨਚ ਰਹੀ
ਕਲ-ਜੀਭੀ ਬੇ-ਦਰਦੀ ।

6. ਉਡੀਕ

ਪਿਆਰ ਅਛੋਹ,
ਬੇਦਾਗ਼ ਸੁੰਦਰਤਾ,
ਆਪੋ ਵਿਚ ਕੜਿੰਗੜੀ ਪਾਈ
ਡੋਲ੍ਹ ਰਹੇ ਗੁਮਰਾਹੀਆਂ ।

ਪੁਤਲੀਆਂ ਨੈਣ ਨਸ਼ੀਲਿਆਂ ਦੀਆਂ,
ਦੂਰ ਵਲਿੱਖੀਂ ਕਿਸੇ ਸਿੱਕ ਰਹੇ
ਸੱਜਣ ਨੂੰ ਗਲ ਨਾਲ ਲਾਣ ਲਈ
ਸਧਰੀਂ ਭਰ ਉਮ੍ਹਲਾਈਆਂ ।

ਪ੍ਰੀਤ-ਅਮ੍ਰਿਤ ਪੀਵਣ ਲਈ ਬੁਲ੍ਹੀਆਂ,
ਸੂਤਵੀਆਂ ਤੇ ਨਰਮ ਗੁਲਾਬੀ,
ਜਾਪਣ ਪਈਆਂ
ਜੁੱਗਾਂ ਤੋਂ ਤਿਰਹਾਈਆਂ ।

ਅਨ-ਦੇਖੇ, ਅਨ-ਮਾਣੇ
ਜਵਾਨ ਹੁਸਨ ਦੀਆਂ ਲਿਸ਼ਕਾਂ,
ਜਾਗਦੇ ਅਰਮਾਨਾਂ ਗਲ ਲਗੀਆਂ
ਮਚਲਨ ਤੇ ਹਨ ਆਈਆਂ ।

7. ਮੇਰਾ ਗੀਤ

ਮੁਤਰੰਨਮ ਰਸਿਕ ਹਿਲੋਰਿਆਂ ਨੂੰ,
ਮੂੰਹ-ਜ਼ੋਰ ਦਿਲੀ ਅਰਮਾਨਾਂ ਨੂੰ,
ਨੱਚਦੇ ਭਾਵਾਂ ਦੇ ਵਿਚ ਸਮੋ,
ਮੈਂ ਆਪ ਮੁਹਾਰਾ ਗਾਣ ਲੱਗਾ ।

ਤੂਫ਼ਾਨ ਕੋਈ ਵਲਵਲਿਆਂ ਦਾ,
ਪ੍ਰੀਤਾਂ ਦੀ ਗੋਦੇ ਪਲਿਆਂ ਦਾ,
ਬਿਹਬਲ ਤਾਨਾਂ ਦਾ ਰੂਪ ਵਟਾ,
ਮੈਨੂੰ ਅਪਣੇ ਵਿਚ ਵਹਾਣ ਲੱਗਾ ।

ਮੈਂ ਵਹਿੰਦਾ ਜਾਂ, ਮੈਂ ਵਹਿੰਦਾ ਜਾਂ,
ਬੇਹੋਸ਼ੀ ਵਿਚ ਕੁਝ ਕਹਿੰਦਾ ਜਾਂ,
ਨਾ ਪਤਾ ਕਿ ਕੀ ਹਾਂ ਆਖ ਰਿਹਾ,
ਨਹੀਂ ਖ਼ਬਰ ਕਿ ਕਿਹਨੂੰ ਸੁਨਾਣ ਲੱਗਾ ।

ਉਹ ਰੂਪ ਤਸੱਵਰ ਵਿਚ ਜਿਹਨੂੰ,
ਮੈਂ ਰੋਜ਼ ਅਜ਼ਲ ਦੇ ਅੰਕਿਆ ਸੀ,
ਉਹ ਏਸ ਬੇਹੋਸ਼ੀ ਅੰਦਰ ਵੀ,
ਅਣ-ਸੋਚੀ ਹਲ-ਚਲ ਲਿਆਣ ਲੱਗਾ ।

ਲਿਸ਼ਕਾਰ ਜਿਧਰ ਉਹ ਪਾਂਦਾ ਏ,
ਲੱਖ ਮੋਅਜਜ਼ਾ ਹੋ ਹੋ ਜਾਂਦਾ ਏ,
ਜਾਦੂ ਉਨ੍ਹਾਂ ਨੈਣ ਨਸ਼ੀਲਿਆਂ ਦਾ,
ਹਰ ਕਿਣਕੇ ਨੂੰ ਨਸ਼ਿਆਣ ਲੱਗਾ ।

ਇਹ ਸੂਰਜ, ਇਹ ਚੰਨ, ਇਹ ਤਾਰੇ,
ਮੇਰਾ ਗੀਤ-ਅਸਰ ਲੈ ਕੇ ਸਾਰੇ,
ਨੱਚ ਰਹੇ ਅਨੰਤ ਆਦਿ ਤੋਂ ਹਨ,
ਮੈਂ ਅੱਜ ਇਹ ਰਾਜ਼ ਉਘੜਾਣ ਲੱਗਾ ।

ਮੇਰੀ ਵਿਸਮਾਦੀ ਸੁੰਦਰਤਾ,
ਮਨ-ਮੋਹਕ ਰੂਹ ਦੀ ਨਿਰਮਲਤਾ,
ਨਿਖਰੀ ਹੈ ਫਿਰ ਸਜਰਾਈ ਲੈ,
ਹੜ੍ਹ ਜਲਵਿਆਂ ਦਾ ਜੇ ਆਣ ਲੱਗਾ ।

8. ਗੂੰਜ ਰਹੀਆਂ ਨੇ

ਮੈਂ ਆਕਾਸ਼ਾਂ ਦੇ ਮੰਡਲਾਂ ਤੋਂ ਉੱਚਾ ਫਿਰਾਂ,
ਮੈਂ ਪੁਰੀਆਂ, ਨਖਿਅਤਰਾਂ ਦੇ ਅੰਦਰ ਸੁਣਾਂ;
ਗੂੰਜ ਰਹੀਆਂ ਨੇ ਮੇਰੇ ਗੀਤ ਦੀਆਂ ਸੁਰਾਂ ।

ਮੈਂ ਉਡਦਾ ਜਾਵਾਂ, ਮੈਂ ਉਡਦਾ ਜਾਵਾਂ,
ਜਿੱਥੇ ਚਾਹਾਂ ਬਹਾਂ, ਜਿੱਥੇ ਚਾਹਾਂ ਰਹਾਂ ।
ਮੈਂ ਅੰਤਾਂ ਦੀਆਂ ਹੱਦਾਂ ਕੁੱਲ ਤੋੜੀਆਂ,
ਹੁਣ ਅਨੰਤਾਂ ਦੇ ਦੇਸ ਗਾਵਾਂ, ਨੱਚਾਂ, ਖਿੜਾਂ ।

ਮੈਂ ਪਿਆਰ ਵਿਚ ਪਿਆਰੇ ਦਾ ਹੀ ਰੂਪ ਬਣਿਆਂ,
ਤਾਹੀਏਂ ਹੱਸ ਓਸੇ ਵਾਂਗ ਬ੍ਰਹਿਮੰਡ ਨੂੰ ਹਸਾਂ ।
ਮੈਂ ਨਾ ਲੋੜ ਪ੍ਰਤੀਤਾਂ ਸੂਰਜਾਂ ਤੇ ਚੰਨਾਂ ਦੀ,
ਜੋਤ ਆਪਣੇ ਅੰਦਰ ਜਗੀ ਨਿੱਤ ਮੈਂ ਤਕਾਂ ।

ਪ੍ਰੀਤ ਚੁੰਮਣਾਂ ਨੇ ਮਿਟੀ ਮੇਰੀ ਚੁੰਮ ਚੁੰਮ ਕੇ,
ਪਿਆਰ-ਸ਼ਬਨਮਾਂ ਨੇ ਓਹਦੇ ਵਿਚ ਗੁੰਮ ਗੁੰਮਕੇ,
ਮੈਨੂੰ ਆਖਿਆ ਸੰਗੀਤ ਨਾਲ ਮੰਡਲ ਭਰਾਂ ।
ਮੇਰੇ ਨੈਣਾਂ ਨੇ ਜੱਫੀ ਵਿਚ ਲਿਆ ਓਸ ਨੂੰ,
ਜਿਦ੍ਹੇ ਸਰੂਰ ਨਸ਼ੇ ਵਿਚ ਪਿਆ ਉਡਾਰੀਆਂ ਲਵਾਂ ।

ਮੈਂ ਨਹੀਂ ਲੱਭਦਾ ਕਿਸੇ ਦੀ ਰੰਗੀਨ ਉਂਗਲੀ,
ਨਾ ਮੈਂ ਕਾਲੀਆਂ ਜ਼ੁਲਫ਼ਾਂ ਵਿਚ ਬੱਝਣਾਂ ਚਹਾਂ ।
ਮੈਂ ਤਾਂ ਆਪ ਉਹ ਰੰਗੀਨ ਜਿਦ੍ਹੀਆਂ ਰੰਗਣਾਂ,
ਹਰ ਸ਼ੈ ਨੂੰ ਰੰਗੀਨ ਨੇ ਬਣਾਂਦੀਆਂ ਪਈਆਂ ।

ਮੈਂ ਆਕਾਸ਼ਾਂ ਦੇ ਮੰਡਲਾਂ ਤੋਂ ਉੱਚਾ ਫਿਰਾਂ,
ਮੈਂ ਪੁਰੀਆਂ, ਨਖਿਅਤਰਾਂ ਦੇ ਅੰਦਰ ਸੁਣਾਂ;
ਗੂੰਜ ਰਹੀਆਂ ਨੇ ਮੇਰੇ ਗੀਤ ਦੀਆਂ ਸੁਰਾਂ ।

9. ਕਵੀ ਦਾ ਗਿਲਾ

ਕਿਸੇ ਨਵੇਂ ਰੂਹਾਂ ਦੇ ਦੇਸ,
ਇੱਕੋ ਮਾਰ ਹੰਭਲਾ ਕਵੀ ਰੂਹ ਪਹੁੰਚੀ,
ਲੈ ਆਪਣਾ ਨਿਰਾਲਾ ਸੰਦੇਸ ।

ਲਿਸ਼ ਲਿਸ਼ ਕਰਦਾ ਕਵੀ ਦਾ ਮੱਥਾ,
ਚਾਂਦੀਓਂ ਚਿੱਟੇ ਕੇਸ,
ਨੈਣਾਂ ਵਿਚ ਫ਼ਰਯਾਦ ਝਾਕਦੀ
ਬੁਲ੍ਹਾਂ 'ਚੋਂ ਦਰਦ ਕਲੇਸ਼ ।

ਢਲੇ ਪਈ ਨਵਿਆਂ ਤਾਰਿਆਂ ਦੀ ਜੋਤਨਾ,
ਹੋ ਰਹੀ ਅਨੇਕਾਂ ਚੰਦਾਂ ਦੀ ਸਾਜਣਾਂ,
ਨਵਿਆਂ ਸਿਆਰਿਆਂ ਨੂੰ ਨਵੇਂ ਬ੍ਰਹਿਮੰਡ ਲਈ
ਨਵਾਂ ਬ੍ਰਹਮਾ ਰਿਹਾ ਸਾਜ ।
ਵੇਖ ਇਹ ਨਜ਼ਾਰਾ ਕਵੀ ਚੀਖ ਮਾਰ ਕੂਕਿਆ :
"ਕਿਹੜਾ ਉਹ ਕਸੂਰ ਜਿਦ੍ਹੇ ਲਈ ਪੁਰਾਣੇ ਜਗਤ ਵਿਚ
ਮੇਰੀ ਏਸ ਆਤਮਾ ਨੂੰ ਹਾਇ ! ਗਿਆ ਪਟਕਿਆ ?

ਕਲ੍ਹੇ ਦੇ ਸਮੁੰਦਰਾਂ ਦੀ ਮਾਰੂ ਤੁਗ਼ਿਆਨੀ ਵਿਚ
ਦਿਨੇ ਰਾਤ ਅੱਠੇ ਪਹਿਰ ਚੀਖ਼ਾਂ ਰਿਹਾ ਮਾਰਦਾ;
ਇਸ਼ਕ-ਇਸ਼ਕ, ਪਿਆਰ-ਪਿਆਰ,
ਪ੍ਰੀਤ ਮੈਂ ਪੁਕਾਰਦਾ,
ਥੱਕ ਗਿਆ; ਐਪਰ ਉਹ ਮੇਰੇ ਮਿੱਠੇ ਬੋਲ;
ਧਰਤੀ ਪੁਰਾਣੀ ਦੇ ਪੁਰਾਣੇ ਵਸਨੀਕਾਂ ਨੇ,
ਕਰ ਅਣ-ਸੁਣੇ ਦਿੱਤੇ ਮਿੱਟੀ ਵਿਚ ਰੋਲ !

ਸਦੀਆਂ ਤੋਂ ਪਹਿਲਾਂ ਮੈਨੂੰ ਦਿੱਤਾ ਗਿਆ ਅਕਾਰ,
ਲੁਕਿਆਂ ਭਵਿਖਤਾਂ ਦੇ ਸੁਫਨਿਆਂ ਨੂੰ ਅੰਕਿਆ
ਮੇਰੀ ਆਤਮਾ ਦੀ ਕਾਨੀ ਦੀ ਹੁਲਾਰ ।

ਇਹ ਵੀ ਜਿਹੜੇ ਤਾਰੇ ਤੇ ਸਿਆਰੇ ਪਏ ਸਾਜਦੇ ਹੋ,
ਆਪਣੇ ਤੋਂ ਮੈਨੂੰ ਨੇ ਪੁਰਾਣੇ ਸਾਰੇ ਜਾਪਦੇ,
ਕਿਉਂਕਿ ਜਿਹੜੇ ਤੱਤਾਂ ਨਾਲ ਰਚਨਾ ਇਨ੍ਹਾਂ ਦੀ ਹੋਵੇ,
ਉਨ੍ਹਾਂ 'ਚੋਂ ਪੁਰਾਣੇ ਅੰਸ਼ ਸਾਫ ਪਏ ਨੇ ਝਾਕਦੇ ।

ਗੁੰਮ ਜਾਵੇ ਪਿਛਲੀ ਸਾਮਗਰੀ ਤੇ ਸਾਜ,
ਨਵਿਆਂ ਤੱਤਾਂ ਦੇ ਪੈਰੋਂ ਨਵਾਂ ਬ੍ਰਹਿਮੰਡ ਸਜੇ
ਜਿਦ੍ਹੇ ਵਿਚ ਹੋਵੇ ਨਿਰਾ ਸਾਂਝ ਦਾ ਹੀ ਰਾਜ ।

ਓਸ ਦੇਸ ਵਿਚ ਮੈਂ ਹਸ ਹਸ ਜਾਵਾਂਗਾ,
ਸਜਰੇ ਪਿਆਰ ਦਾ ਤ੍ਰਾਨਾ ਜਾ ਸੁਣਾਵਾਂਗਾ,
ਨੱਚਾਂਗਾ ਲੈ ਲੈ ਸੁਆਦ;
ਐਪਰ ਨਾ ਜਾਣਾ ਉਹ ਨਿਰਾਲਾ ਦੇਸ ਕਵੀ ਲਈ
ਹੋਵੇਗਾ ਕਦੋਂ ਆਬਾਦ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਅਵਤਾਰ ਸਿੰਘ ਆਜ਼ਾਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ