Punjabi Janam Geet

ਜਨਮ ਗੀਤ

1. ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ

'ਰੱਤਾ ਰੱਤਾ ਫੁੱਲ ਸਦਾ ਰੰਗ ਲਾਲ, ਕਿਹੜੀ ਸੁਹਾਗਣ ਤੋੜਿਆ ?'
'ਰੱਤਾ ਰੱਤਾ ਫੁੱਲ ਸਦਾ ਰੰਗ ਲਾਲ, ਭਾਬੋ ਸੁਹਾਗਣ ਤੋੜਿਆ।'

'ਅੱਧੀ ਅੱਧੀ ਰਾਤ ਹੋਈ ਪਰਭਾਤ, ਕਿਹਦੇ ਘਰ ਮੰਡਲ ਵੱਜਿਆ ?'
'ਅੱਧੀ ਅੱਧੀ ਰਾਤ ਹੋਈ ਪਰਭਾਤ, ਮੇਰੇ ਘਰ ਮੰਡਲ ਨਹੀਂ ਵੱਜਿਆ।'

'ਪੁੱਤਰਾਂ ਵਾਲੀਆਂ ਦੇ ਮੈਲੇ ਮੈਲੇ ਵੇਸ, ਤੇਰੇ ਸੂਹੇ ਤੇ ਸਾਵੇ ਨੀ ਕਪੜੇ।'
'ਪੁੱਤਰਾਂ ਵਾਲੀਆਂ ਦੀ ਭਿੱਜੀ ਭਿੱਜੀ ਸੇਜ, ਤੇਰੀ ਸੇਜੇ ਚੰਬਾ ਨੀ ਖਿੜਿਆ।'

'ਕੀ ਕਰਾਂ ਮੈਂ ਏਨ੍ਹਾਂ ਸੂਹੇ ਤੇ ਸਾਵੇ, ਮੇਰੀ ਗੋਦੀ ਬਾਲਕ ਨਹੀਂ ਖੇਡਿਆ।
ਕੀ ਕਰਾਂ ਮੈਂ ਇਹ ਮਰੂਆ ਤੇ ਚੰਬਾ, ਮੇਰੀ ਸੇਜੇ ਪੁੱਤਰ ਨਹੀਂ ਖੇਡਿਆ।'

ਉਸਰੀ ਏ ਕੋਠੀ ਲੱਖ ਚੂਨੇਦਾਰ, ਪੁਤਰਾਂ ਬਾਝੋਂ ਅੱਜ ਨਹੀਂ ਸਜਦੀ।
'ਬਾਲਾਂਗਾ ਦੀਵਾ ਧਰਾਂਗਾ ਪਸਾਰ, ਪੁਤਰਾਂ ਬਾਝੋਂ ਸੋਹਣੀ ਪਈ ਲਗਦੀ।'

'ਇਕ ਲੱਖ ਦੇਵਾਂ, ਦੇਵਾਂ ਲਖ ਚਾਰ, ਪੁੱਤਰ ਲਿਆ ਦੇ ਕਿਸੇ ਹੱਟ ਤੋਂ।'
'ਇਕ ਲੱਖ ਦੇ ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ।'

2. ਰੀਸੀਂ ਪੁੱਤਰ ਨਹੀਂ ਜੰਮਦੇ

'ਬੀਬਾ, ਅੱਧੀ ਅੱਧੀ ਰਾਤੀ ਤੇ ਪਿਛਲਾ ਈ ਪਹਿਰ,
ਕਿਸ ਘਰ ਮੰਡਲ ਵੇ ਵੱਜਿਆ ?'
'ਗੋਰੀਏ, ਰਾਜੇ ਦੀ ਨਗਰੀ ਤੇ ਵਸੇ ਸਾਰਾ ਦੇਸ,
ਮੈਂ ਕੀ ਜਾਣਾਂ ਕੀਹਦੇ ਨੀ ਵੱਜਿਆ।'

'ਬੀਬਾ, ਭੈਣ ਤੁਹਾਡੀ ਗਾਉਂਦੀ ਏ ਗੀਤ,
ਨਾਮ ਤੁਹਾਡਾ ਜੀ ਲੈਂਦੀ ਏ।'
'ਗੋਰੀਏ, ਵੱਡੇ ਵੀਰੇ ਘਰ ਜੰਮਿਆ ਏ ਲਾਲ,
ਉਸ ਘਰ ਮੰਡਲ ਨੀ ਵੱਜਿਆ।'

ਬੀਬਾ, ਕਾਹੇ ਦਾ ਮੰਡਲ, ਕਾਹੇ ਦੀ ਡੋਰ,
ਕਾਹੇ ਦੇ ਕਾਰਨ ਵੱਜਿਆ ?'
'ਗੋਰੀਏ, ਸੋਨੇ ਦਾ ਮੰਡਲ, ਰੇਸ਼ਮ ਦੀ ਡੋਰ,
ਨੈਣਾਂ ਦੇ ਕਾਰਨ ਜੀ ਵੱਜਿਆ।'

'ਬੀਬਾ, ਭੰਨ ਸੁੱਟਾਂ ਮੰਡਲ ਕਰਾਂ, ਟੁਕੜੇ ਚਾਰ
ਮੈਂ ਘਰ ਮੰਡਲ ਨਹੀਂ ਵੱਜਿਆ।'
'ਗੋਰੀਏ, ਨਾ ਭੰਨ ਮੰਡਲ, ਨਾ ਕਰ ਟੁਕੜੇ ਚਾਰ
ਕਰਮਾਂ ਦੀ ਸੇਤੀ ਨਹੀਂ ਵੱਜਿਆ।'

'ਬੀਬਾ, ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ,
ਮੈਂ ਵੇ ਕਿਸੇ ਦੀ ਕੀ ਲੱਗਦੀ ?'
'ਗੋਰੀਏ, ਪੁੱਤਰਾਂ ਦੀਆਂ ਮਾਵਾਂ ਦੇ ਮੈਲੇ ਮੈਲੇ ਵੇਸ,
ਤੇਰੇ ਉਪਰ ਸੋਹਵੇ ਨੀ ਕਾਸ਼ਨੀ।'

'ਬੀਬਾ, ਲਾਹ ਸੁੱਟਾਂ ਸੂਹੇ ਤੇ ਕਰਾਂ ਮੈਲਾ ਵੇਸ,
ਪੁੱਤਰ ਲਿਆ ਦਿਓ ਜੀ ਮੁੱਲ ਦਾ।'
'ਗੋਰੀਏ, ਰੀਸੀਂ ਰੀਸੀਂ ਕੱਤਿਆ ਈ ਸੂਤ,
ਰੀਸੀਂ ਤੇ ਪੁੱਤ ਨਹੀਂ ਜੰਮਦੇ।'

'ਵੇ ਤੂੰ, ਚੱਲ ਮੇਰੇ ਕੌਂਤਾ ਚੱਲੀਏ ਬਜ਼ਾਰ,
ਪੁੱਤਰ ਲਿਆਈਏ ਜੀ ਮੁੱਲ ਦਾ।'
'ਗੋਰੀਏ, ਹੱਟੀਂ ਵਿਕੇ ਮਸਰਾਂ ਦੀ ਦਾਲ,
ਪੁੱਤਰ ਹੱਟਾਂ ਵਿਚ ਨਹੀਂ ਵਿਕਦੇ।'

'ਗੋਰੀਏ, ਇੱਕ ਲੱਖ ਦਿਆਂ ਲੱਖ ਚਾਰ,
ਪੁੱਤਰ ਹੱਟਾਂ ਵਿੱਚ ਨਹੀਂ ਵਿਕਦੇ।
ਗੋਰੀਏ, ਰੀਸੀਂ ਰੀਸੀਂ ਕੱਤਿਆ ਈ ਨਿੱਕੜਾ ਸੂਤ,
ਰੀਸੀਂ ਪੁੱਤ ਨਹੀਂ ਜੰਮਦੇ।'

3. ਦਾਈਏ, ਪੁੱਤ ਦਿੱਤਾ ਕਰਤਾਰ

ਲਾਲਾ, ਕੋਠੇ ਦੇ ਉੱਪਰ ਕੋਟ ਵੇ ਕਿਨ ਉਸਾਰਿਆ?
ਕੋਠੇ ਦੇ ਉੱਪਰ ਕੋਟ ਵੇ ਰਾਮ ਉਸਾਰਿਆ।

ਬਾਗ ਦੇ ਉੱਪਰ ਬਾਗ ਮਾਲੀ ਚੰਬਾ ਲਾਇਆ।
ਪੁੱਤ ਦੇ ਉਪਰ ਪੁੱਤ ਸੁਹਾਗਣ ਜਾਇਆ।

'ਮਾਈ ਨੂੰ ਸੱਦ ਲਿਆਵਾਂ, ਨਾਜੋ ਤੇਰਾ ਕੀਹ ਕੀ ਦੁਖੇ ?'
'ਦਾਈ ਨੂੰ ਸੱਦ ਲਿਆਵੋ, ਕਲੇਜੇ ਮੇਰੇ ਦਰਦ ਉਠੇ।'

ਆਪ ਘੋੜੇ ਅਸਵਾਰ, ਭਲਾ ਜੀ ਅੱਗੇ ਤਾਂ ਦੋ ਨਫ਼ਰ ਹੋਏ,
ਪੁੱਛਦਾ ਨਗਰ ਬਜਾਰ, 'ਦਾਈ ਮਾਈ ਕਿਹੜਾ ਘਰ ?'

ਅੰਙਣ ਚੰਬੇ ਦਾ ਬੂਟਾ, ਖੇਲੰਦੜਾ ਪੂਤ, ਦਾਈ ਮਾਈ ਇਹੋ ਘਰ।
'ਜੇ ਘਰ ਜੰਮੇਂਗਾ ਪੁਤ, ਦਾਈ ਮਾਈ ਕੀ ਜੀ ਮਿਲੇ ?'

'ਪੰਜ ਰੁਪਈਏ ਰੋਕ, ਸਿਰੇ ਨੂੰ ਚੋਪ, ਦਾਈ ਮਾਈ ਇਹੋ ਮਿਲੇ।'
ਆਪ ਘੋੜੇ ਅਸਵਾਰ ਭਲਾ ਜੀ, ਦਾਈ ਮਾਈ ਪਾਲਕੀਆਂ।

ਦਾਈ ਮਾਈ ਵੜੀ ਦਰਵਾਜ਼ੇ, ਭਲਾ ਜੀ ਬੜੇ ਬੜੇ ਸ਼ੁਭ ਸ਼ਗਨ ਹੋਏ।
ਜੱਚਾ ਰਾਣੀ, ਆ ਨੀ ਪਲੰਘ 'ਤੇ ਲੇਟ, ਮਲਾਂ ਤੇਰਾ ਪੇਟ, ਹੌਲਾ ਤੇਰਾ ਪੇਟ ਹੋਏ।

ਜੱਚਾ ਰਾਣੀ ਨੀ, ਸੱਦ ਤੂੰ ਢੋਲ, ਕਰੇ ਪੂਰਾ ਬੋਲ,
ਦਾਈ ਮਾਈ ਵਿਦਿਆ ਕਰੇ।

ਦਾਈਏ, ਪੁੱਤ ਦਿੱਤਾ ਕਰਤਾਰ, ਜਾਇਆ ਮੇਰੀ ਨਾਰ,
ਪੰਜ ਰੁਪਈਏ ਰੋਕ, ਨਗਾਰੇ ਦੀ ਚੋਟ, ਦਾਈ ਮਾਈ ਵਿਦਿਆ ਹੋਈ।

4. ਵੀਰਾਂ ਘਰ ਸੋਹਿਲੜੇ

ਅੰਙਣ ਖਜੂਰਾਂ ਮੈਂ ਲਾਈਆਂ, ਮਨ ਮੇਰਿਆ।
ਮੈਂ ਘਰ ਕੰਮ ਜ਼ਰੂਰ, ਵੀਰਾਂ ਘਰ ਸੋਹਿਲੜੇ।

ਮਾਈ ਮੇਰੀ ਨੇ ਭਾਜੀ ਘੱਲੀ, ਮਨ ਮੇਰਿੜਆ,
ਪੇਈਏ ਤੇ ਜਾਣਾ ਜ਼ਰੂਰ, ਵੀਰਾਂ ਘਰ ਸੋਹਿਲੜੇ।

ਦੇਈਂ ਨੀ ਸੱਸੇ ਝੱਗਾ-ਟੋਪੀ, ਸੱਸੂ ਮੇਰੜੀਏ,
ਮੈਂ ਪੇਈਅੜੇ ਜਾਣਾ ਜ਼ਰੂਰ, ਵੀਰਾਂ ਘਰ ਸੋਹਿਲੜੇ।

ਲੈ ਲੈ ਨੀ ਨੂੰਹੇਂ ਝੱਗਾ-ਟੋਪੀ, ਨੂੰਹੇਂ ਮੇਰੜੀਏ,
ਆਪਨੜੇ ਘਰ ਕਾਜ, ਦਿਓਰਾਂ ਘਰ ਸੋਹਿਲੜੇ।

ਪੀੜੀਂ ਵੇ ਦਿਓਰਾ ਘੋੜੀ ਮੇਰੀ, ਦਿਓਰਾ ਮੇਰੜਿਆ,
ਮੈਂ ਪੇਈਅੜੇ ਜਾਣਾ ਜ਼ਰੂਰ, ਵੀਰਾਂ ਘਰ ਸੋਹਿਲੜੇ।

ਕਾਹਨੂੰ ਜਾਣਾ ਭਾਬੀ ਪੇਈਅੜੇ, ਭਾਬੀ ਮੇਰੜੀਏ,
ਆਪਣੜੇ ਘਰ ਕਾਜ, ਦਿਓਰਾਂ ਘਰ ਸੋਹਿਲੜੇ।

ਕਿਹੜੀ ਭੈਣ ਨੂੰ ਸੱਦਾ ਦਿੱਤਾ, ਵੀਰਾ ਮੇਰੜਿਆ ?
ਕਿਹੜੀ ਤੇ ਆਈ ਜ਼ਰੂਰ, ਵੀਰਾਂ ਘਰ ਸੋਹਿਲੜੇ।

ਵੱਡੀ ਤੇ ਭੈਣ ਨੇ ਸੱਦਾ ਦਿੱਤਾ, ਵੀਰਾ ਮੇਰਿੜਆ।
ਛੋਟੀ ਤੇ ਆਈ ਜ਼ਰੂਰ, ਵੀਰਾਂ ਘਰ ਸੋਹਿਲੜੇ।

5. ਜੰਮਦੜਾ ਪੱਟ-ਵਲ੍ਹੇਟਿਆ

ਹਰਿਆ ਨੀ ਮਾਏ, ਹਰਿਆ ਨੀ ਭੈਣੇ,
ਹਰਿਆ ਤੇ ਭਾਗੀਂ ਭਰਿਆ।
ਜਿੱਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
ਸੋਈਓ ਦਿਹਾੜਾ ਭਾਗੀਂ ਭਰਿਆ।

ਜੰਮਦੜਾ ਹਰਿਆ ਪੱਟ ਨੀ ਵਲ੍ਹੇਟਿਆ,
ਕੁੱਛੜ ਦੇਓ ਏਨ੍ਹਾਂ ਮਾਈਆਂ।
ਮਾਈਆਂ ਤੇ ਦਾਈਆਂ, ਨਾਲੇ ਸਕੀਆਂ ਭਰਜਾਈਆਂ,
ਹੋਰ ਚਾਚੇ ਤਾਏ ਦੀਆਂ ਜਾਈਆਂ।

ਕੀ ਕੁਛ ਏਨ੍ਹਾਂ ਦਾਈਆਂ ਤੇ ਮਾਈਆਂ,
ਕੀ ਕੁਛ ਸਕੀਆਂ ਭਰਜਾਈਆਂ ?
ਪੰਜ ਰੁਪਈਏ ਏਨ੍ਹਾਂ ਦਾਈਆਂ ਤੇ ਮਾਈਆਂ,
ਸੁੱਚੇ ਤੇਵਰ ਭਰਜਾਈਆਂ।

6. ਫੁੱਲ-ਝੜੀਆਂ

ਨਨਦ ਤੇ ਭਾਬੋ ਰਲ ਬੈਠੀਆਂ,
ਪੀਆ ਕੀਤੇ ਸੂ ਕੌਲ ਕਰਾਰ,
ਜੇ ਘਰ ਜੰਮੇਗਾ ਗੀਗੜਾ ਨੀ,
ਬੀਬੀ, ਦੇਵਾਂਗੀ ਫੁੱਲ-ਝੜੀਆਂ।

ਅੱਧੀ ਅੱਧੀ ਰਾਤੀਂ ਤੇ ਪਿਛਲਾ ਈ ਪਹਿਰ,
ਭਾਬੋ ਨੇ ਗੀਗੜਾ ਜੀ ਜੰਮਿਆ।
ਲੈ ਦੇ ਨੀ ਭਾਬੋ, ਦੇ ਫੁੱਲ-ਝੜੀਆਂ,
ਅੜੀਏ ਪੂਰਾ ਤੇ ਹੋਇਆ ਈ ਕਰਾਰ।

ਨਾ ਤੇਰੇ ਬਾਪ ਘੜਾਈਆਂ ਨੀ ਬੀਬੀ,
ਨਾ ਤੇਰੇ ਵੱਡੜੇ ਵੀਰ।
ਫੁੱਲ-ਝੜੀਆਂ ਬਾਦਸ਼ਾਹਾਂ ਦੇ ਵਿਹੜੇ ਬੀਬੀ,
ਸਾਡੇ ਨਾ ਫੁੱਲ-ਝੜੀਆਂ।

ਤੇਵਰਾਂ ਵਿੱਚੋਂ ਜੋ ਤੇਵਰ ਚੰਗੇਰਾ,
ਪੀਆ, ਸੋ ਮੇਰੀ ਨਣਦੀ ਨੂੰ ਦੇ।
ਤੇਵਰ ਬੇਵਰ ਘਰ ਰਖ ਬੀਬੀ,
ਮੈਂ ਲੈਣੀਆਂ ਫੁੱਲ-ਝੜੀਆਂ।

ਗਹਿਣਿਆਂ ਵਿੱਚੋਂ ਗਹਿਣਾ ਆਰਸੀ,
ਵੇ ਪੀਆ, ਸੋ ਮੇਰੀ ਨਣਦੀ ਨੂੰ ਦੇ।
ਆਰਸੀ-ਪਾਰਸੀ ਘਰ ਰਖ ਭਾਬੋ,
ਨੀ ਮੈਂ ਲੈਣੀਆਂ ਫੁੱਲ-ਝੜੀਆਂ।

ਕਾਲੀਆਂ ਵਿਚੋਂ ਬੂਰੀ ਚੰਗੇਰੀ ਏ ਪੀਆ,
ਸੋ ਮੇਰੀ ਨਣਦੀ ਨੂੰ ਦੇ।
ਕਾਲੀਆਂ ਬੂਰੀਆਂ ਘਰ ਰਖ ਭਾਬੋ,
ਨੀ ਮੈਂ ਲੈਣੀਆਂ ਫੁੱਲ-ਝੜੀਆਂ।

ਰੁੱਸੀ ਰੁੱਸੀ ਨਣਦੀ ਆ ਗਈ ਵੇ ਪੀਆ,
ਲੰਘ ਗਈ ਆ ਦਰਿਆ।
ਦੇਰਾਣੀਆਂ ਜੇਠਾਣੀਆਂ ਪੁੱਛਣ ਲੱਗੀਆਂ,
ਕੀ ਕੁਝ ਲਿਆਈਏਂ ਵਧਾਈ ?

ਅੜੀਓ ਵੀਰ ਤੇ ਮੇਰਾ ਰਾਜੇ ਦਾ ਨੌਕਰ,
ਭੈਣੋ ਭਾਈ ਨੇ ਜੰਮੀ ਏ ਧੀ।
ਬਾਰ੍ਹੀਂ ਬਰਸੀਂ ਵੀਰ ਖੱਟ ਘਰ ਆਇਆ,
ਭੈਣੋ ਰੁੱਠੜੀ ਭੈਣ ਮਨਾਈ।

ਥਾਲ ਭਰਿਆ ਸੁੱਚੇ ਮੋਤੀਆਂ ਨੀ ਭੈਣੋ,
ਉੱਪਰ ਫੁੱਲ-ਝੜੀਆਂ।
ਲੈ ਨੀ ਬੀਬੀ, ਦੇ ਅਸੀਸਾਂ ਅੜੀਏ,
ਪੂਰਾ ਤੇ ਹੋਇਆ ਈ ਕਰਾਰ।
ਭਾਈ ਭਤੀਜਾ ਮੇਰਾ ਜੁਗ ਜੁਗ ਜੀਵੇ,
ਮੇਰੀ ਭਾਬੋ ਦਾ ਅਟੱਲ ਸੁਹਾਗ।

7. ਘਰ ਨੰਦ ਦੇ ਮਿਲਣ ਵਧਾਈਆਂ

ਘਰ ਨੰਦ ਦੇ ਮਿਲਣ ਵਧਾਈਆਂ, ਜੀ ਘਰ ਨੰਦ ਦੇ।
ਅੱਧੀ ਰਾਤੀਂ ਮੇਰਾ ਗੋਬਿੰਦ ਜੰਮਿਆ, ਜੱਗ ਵਿਚ ਧੁੰਮਾਂ ਪਾਈਆਂ।
ਮਥਰਾ ਦੇ ਵਿਚ ਜਨਮ ਲਿਆ ਸੀ, ਗੋਕਲ ਮਿਲਣ ਵਧਾਈਆਂ।
ਘਰ ਨੰਦ ਦੇ ਮਿਲਣ ਵਧਾਈਆਂ, ਜੀ ਘਰ ਨੰਦ ਦੇ।
ਕਾਹੇ ਦਾ ਤੇਰਾ ਬਣਿਆ ਪੰਘੂੜਾ, ਕਾਹੇ ਡੋਰਾਂ ਪਾਈਆਂ।
ਚੰਦਨ ਦਾ ਤੇਰਾ ਬਣਿਆ ਪੰਘੂੜਾ, ਰੇਸ਼ਮ ਡੋਰਾਂ ਪਾਈਆਂ।
ਪੱਟ ਦੇ ਪੰਘੂੜੇ ਮੇਰਾ ਗੋਬਿੰਦ ਖੇਡੇ, ਹੂਟੇ ਦੇਵਣ ਦਾਈਆਂ।
ਰਲਮਿਲ ਸਖੀਆਂ ਦੇਵਣ ਝੂਟੇ, ਮੈਂ ਵੀ ਦੇਵਣ ਆਈਆਂ।
ਘਰ ਨੰਦ ਦੇ ਮਿਲਣ ਵਧਾਈਆਂ, ਜੀ ਘਰ ਨੰਦ ਦੇ।

8. ਸੋਹਿਲਾ

ਧੰਨ ਤੇਰੀ ਮਾਂ ਭਲੀ, ਵੇ ਮਹਾਰਾਜ,
ਜਿਨ ਤੂੰ ਬੇਟੜਾ ਜਾਇਆ।
ਧੰਨ ਤੇਰੀ ਚਾਚੀ ਭਲੀ, ਵੇ ਮਹਾਰਾਜ,
ਜਿਨ ਤੇਰਾ ਛੱਜ ਰਖਾਇਆ।
ਧੰਨ ਤੇਰੀ ਭੈਣ ਭਲੀ, ਵੇ ਮਹਾਰਾਜ,
ਜਿਨ ਤੈਨੂੰ ਕੁੱਛੜ ਖਿਡਾਇਆ।
ਧੰਨ ਤੇਰੀ ਮਾਮੀ ਭਲੀ, ਵੇ ਮਹਾਰਾਜ,
ਜਿਨ ਤੇਰਾ ਸੋਹਿਲਾ ਗਾਇਆ।

9. ਜੇ ਤੂੰ ਆਂਦੀ ਡੋਲੀ

ਸੁੱਚੇ ਨੀ ਮੈਂ ਵਾਰ ਵਾਰ ਪਈ ਡੋਹਲਾਂ।
ਹੀਰੇ ਨੀ ਮੈਂ ਵਾਰ ਵਾਰ ਪਈ ਡੋਹਲਾਂ।

ਵਹੁਟੀ ਦੇ ਘੁੰਡ ਉੱਤੇ, ਘੁੰਡ ਦੀ ਕਨਾਰੀ ਉੱਤੇ।
ਘੋੜੀ ਦੇ ਲਾੜੇ ਉੱਤੇ; ਲਾੜੇ ਦੇ ਸਰਬਾਹਲੇ ਉੱਤੇ।
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਹਲਾਂ।
ਹੀਰੇ ਨੀ ਮੈਂ ਵਾਰ ਵਾਰ ਪਈ ਡੋਹਲਾਂ।

ਜੇ ਤੂੰ ਬੈਠੋਂ ਖਾਰੇ, ਤੇਰੇ ਬਾਪ ਰੁਪਈਏ ਵਾਰੇ।
ਜੇ ਤੂੰ ਚੜ੍ਹਿਓਂ ਘੋੜੀ, ਤੇਰੇ ਨਾਲ ਭਰਾਵਾਂ ਜੋੜੀ।
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਹਲਾਂ।
ਹੀਰੇ ਨੀ ਮੈਂ ਵਾਰ ਵਾਰ ਪਈ ਡੋਹਲਾਂ।

ਜੋ ਤੂੰ ਵੱਢੀ ਜੰਡੀ, ਤੇਰੀ ਮਾਂ ਨੇ ਸ਼ੱਕਰ ਵੰਡੀ।
ਜੇ ਤੂੰ ਆਂਦੀ ਡੋਲੀ, ਤੇਰੀ ਮਾਂ ਤੇਰੇ ਤੋਂ ਘੋਲੀ।
ਸੁੱਚੇ ਨੀ ਮੈਂ ਵਾਰ ਵਾਰ ਪਈ ਡੋਹਲਾਂ।
ਹੀਰੇ ਨੀ ਮੈਂ ਵਾਰ ਵਾਰ ਪਈ ਡੋਹਲਾਂ।

  • ਮੁੱਖ ਪੰਨਾ : ਪੰਜਾਬੀ ਲੋਕ ਕਾਵਿ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ