Punjabi Heyre

ਹੇਰੇ/ਹੇਅਰੇ

"ਆਮ ਬੋਲ-ਚਾਲ ਵਿੱਚ ‘ਹੇਰੇ’ ਨੂੰ ਦੋਹਾ ਵੀ ਕਿਹਾ ਜਾਂਦਾ ਹੈ। ਮਹਾਨ ਕੋਸ਼ ਅਨੁਸਾਰ ਹੇਰੇ ਤੋਂ ਭਾਵ ‘‘ਲੰਮੀ ਹੇਕ ਨਾਲ ਗਾਇਆ ਹੋਇਆ ਇੱਕ ਪੰਜਾਬੀ ਗੀਤ, ਇਹ ਖ਼ਾਸ ਕਰਕੇ ਵਿਆਹ ਸਮੇਂ ਗਾਈਦਾ ਹੈ।’’ ਹੇਰਾ ਦੋ ਤੁਕਾਂ ਦਾ ਇੱਕ ਗੀਤ ਹੁੰਦਾ ਹੈ, ਜੋ ਦੋਹਰਾ ਛੰਦ ਨਾਲ ਨੇੜਤਾ ਰੱਖਦਾ ਹੈ। ਇਸ ਦੀਆਂ ਦੋਵੇਂ ਤੁਕਾਂ ਨੂੰ ਉੱਚੀ ਹੇਕ ਤੇ ਲੰਮੀ ਸੁਰ ਵਿੱਚ ਗਾਇਆ ਜਾਂਦਾ ਹੈ। ਦੂਜੀ ਤੁਕ ਦੇ ਅੰਤਲੇ ਸ਼ਬਦ ਤੋਂ ਪਹਿਲਾਂ ਕੋਈ ਸੰਬੋਧਨੀ ਵਿਸ਼ੇਸ਼ਣ ਵਰਤਿਆ ਜਾਂਦਾ ਹੈ। ਸੁਭਾਅ ਪੱਖੋਂ ਪ੍ਰਸੰਸਾਤਮਕ ਅਤੇ ਵਿਅੰਗਾਤਮਕ ਦੋਵੇਂ ਤਰ੍ਹਾਂ ਦੇ ਹੇਰੇ ਮਿਲਦੇ ਹਨ। "(ਅਮਰਜੀਤ ਕੌਰ ਥੂਹੀ)

ਸ਼ਗਨ ਜਾਂ ਮੰਗਣੇ ਦੀ ਰਸਮ ਵੇਲੇ

ਅੱਜ ਦਾ ਦਿਨ ਮੈਂ ਮਸਾਂ ਲਿਆ, ਸੁੱਖ ਸਰੀਂ ਦੇ ਨਾਲ।
ਹੋਰ ਵਧਾਵਾ ਕੀ ਕਰਾਂ, ਮੈਂ ਤਾਂ ਮੰਗਲ ਗਾਂਵਦੀ ਚਾਰ।

ਸੁਰਮਾ ਪੁਆਈ ਦੀ ਰਸਮ ਵੇਲੇ

ਪਹਿਲੀ ਸਲਾਈ ਰਸ ਭਰੀ, ਦੂਜੀ ਸਲਾਈ ਤਾਰ
ਤੀਜੀ ਸਲਾਈ ਤਾਂ ਪਾਵਾਂ, ਜੇ ਮੋਹਰਾਂ ਦੇਵੇਂ ਚਾਰ।

ਪਹਿਲੀ ਸਲਾਈ ਵੇ ਦਿਓਰਾ ਰਸ ਭਰੀ, ਦੂਜੀ ਵੇ ਗੁਲਨਾਰ,
ਤੀਜੀ ਸਲਾਈ ਤਾਂ ਪਾਵਾਂ, ਜੇ ਮੋਹਰਾਂ ਦੇਵੇਂ ਵੇ ਦਿਓਰ ਜੁ ਸਾਡਿਆ ਵੇ ਚਾਰ।

ਪਹਿਲੀ ਸਲਾਈ ਦਿਉਰਾ ਰਸ ਭਰੀ ਕੋਈ ਦੂਜੀ ਸ਼ਗਨਾਂ ਦੇ ਨਾਲ਼
ਤੀਜੀ ਸਲਾਈ ਦਿਉਰਾ ਤਾਂ ਪਾਵਾਂ ਜੇ ਤੂੰ ਗਲ਼ ਨੂੰ ਕਰਾਵੇ ਵੇ ਦਿਉਰ ਜੁ ਮੰਗਿਆ ਵੇ – ਹਾਰ।

ਜੰਞ ਚੜ੍ਹਨ ਵੇਲੇ

ਜੁੱਤੀ ਵੇ ਤੇਰੀ ਮੈਂ ਕੱਢੀ ਵੀਰਾ, ਸੁੱਚੀ ਜ਼ਰੀ ਦੇ ਨਾਲ
ਖੜ੍ਹੀਆਂ ਦੇਖਣ ਸਾਲੀਆਂ, ਤੇਰੀ ਲੁਕ-ਲੁਕ ਦੇਖੂ ਨਾਰ।

ਸਿਖਰ ਦੁਪਹਿਰੇ ਵੀਰਾ ਜੰਨ ਚੜ੍ਹਿਆ, ਕੋਈ ਧੁੱਪ ਲੱਗੇ ਕੁਮਲਾ।
ਜੇ ਮੈਂ ਹੋਵਾਂ ਬੱਦਲ਼ੀ, ਸੂਰਜ ਲਵਾਂ ਵੇ ਜੱਗੋਂ ਪਿਆਰਿਆ ਵੇ ਛੁਪਾ।

ਹੱਥ ਤਾਂ ਬੰਨ੍ਹਿਆਂ ਵੀਰਾ ਕੰਗਣਾ ਕਿਆ ਵੇ, ਡੌਲੇ ਬੰਨ੍ਹੇ ਬਾਜੂਬੰਦ,
ਵੀਰਾਂ ਵਿੱਚ ਵੀਰਾ ਇਓਂ ਸਜੇ, ਜਿਉਂ ਤਾਰਿਆਂ ਵਿੱਚ ਵੇ ਵੀਰਨ ਸਾਡਿਆ ਵੇ ਚੰਦ।

ਸਿਖਰ ਦੁਪਹਿਰ ਦਿਉਰ ਜੰਞ ਚੜ੍ਹਿਆ, ਕੋਈ ਧੁੱਪ ਲੱਗੇ ਕੁਮਲਾ,
ਜੇ ਮੈਂ ਹੋਵਾਂ ਬੱਦਲ਼ੀ ਦਿਉਰਾ, ਸੂਰਜ ਲਵਾਂ ਛੁਪਾ।

ਪੰਜੇ ਭਾਈ ਚੌਧਰੀ ਵੀਰਾ ਪੰਜੇ ਭਾਈ ਵੇ ਠਾਣੇਦਾਰ
ਮਾਰ ਪਲਾਕੀ ਬੈਠਦੇ ਵੇ ਕੋਈ ਉੱਠਦੇ ਪੱਬਾਂ ਦੇ ਵੇ ਦਿਉਰ ਜੁ ਮੰਗਿਆ ਵੇ – ਹਾਰ।

ਦਿਓਰਾ ਗੱਡੀ ਵੇ ਤੇਰੀ ਰੁਣਝੁਣੀ, ਕੋਈ ਬਲ਼ਦ ਕਲਹਿਰੀ ਮੋਰ,
ਛੁੱਟਦਿਆਂ ਹੀ ਉੱਡ ਜਾਣਗੇ, ਨਵੀਂ ਬੰਨੋ ਦੇ ਵੇ ਅੰਤ ਪਿਆਰਿਆ ਵੇ ਕੋਲ਼।

ਸਹੁਰੇ ਘਰ-ਬਾਰ ਰੁਕਾਈ ਵੇਲੇ

ਕੁੜਤਾ ਵੀ ਲਿਆਇਆ ਮੰਗ ਕੇ ਵੇ ਜੀਜਾ, ਐਨਕਾਂ ਲਿਆਇਆ ਚੁਰਾ
ਜੇ ਹੁੰਦੀਆਂ ਮੇਰੇ ਵੀਰ ਦੀਆਂ ਵੇ, ਤੈਥੋਂ ਸਾਵੀਆਂ ਲੈਂਦੀ ਲੁਹਾ।

ਜੀਜਾ ਜੀਜਾ ਕਰ ਰਹੀ, ਤੂੰ ਮੇਰੇ ਬੁਲਾਇਆਂ ਬੋਲ,
ਮੈਂ ਤੇਰੇ ਤੋਂ ਇਉਂ ਘੁੰਮਾਂ, ਜਿਉਂ ਲਾਟੂ ਤੋਂ ਡੋਰ।

ਚਾਂਦੀ ਦਾ ਮੇਰਾ ਤਖ਼ਤਾ ਜੀਜਾ ਜੀ ਵੇ ਕੋਈ ਸੋਨੇ ਦੀ ਮੇਖ਼
ਪਿਓ ਮੇਰੇ ਘਰ ਢੁੱਕ ਕੇ ਤੈਂ ਤਾਂ ਨਵੇਂ ਲਿਖਾ ਲਏ ਜੀ ਅੱਜ ਦਿਨ ਸ਼ਾਦੀਏ ਵੇ – ਲੇਖ।

ਤੈਨੂੰ ਮੈਂ ਸਿੱਟਾ ਤੂੜੀ ਦੇ ਵਿੱਚ,
ਆਈਆਂ ਮੱਝੀਆਂ ਚਰ ਗਈਆਂ, ਤੈਨੂੰ ਪੱਥਾਂ ਗੋਹੇ ਦੇ ਵਿੱਚ।

ਪ੍ਰਸ਼ਨ
ਅੱਠ ਖੂਹੇ, ਨੌਂ ਪਾੜਛੇ ਵੇ ਕੋਈ ਪਾਣੀ ਘੁੰਮਣ ਘੇਰ
ਜੇ ਤੂੰ ਐਡਾ ਚਤਰ ਹੈਂ ਦੱਸ ਪਾਣੀ ਕਿੰਨੇ ਵੇ ਸਮਝ ਗਿਆਨੀਆ ਵੇ – ਸ਼ੇਰ।

ਉੱਤਰ
ਅੱਠੇ ਖੂਹ ਨੌਂ ਪਾੜਛੇ ਵੇ ਕੋਈ ਪਾਣੀ ਘੁੰਮਣ ਘੇਰ
ਜਿੰਨੇ ਤੇਰੇ ਅਰਸ਼ ਦੇ ਨੀ ਕੋਈ ਪਾਣੀ ਓਨੇ ਨੀ ਸਮਝ ਗਿਆਨਣੇ ਨੀ – ਸ਼ੇਰ।

ਮੇਲਣਾਂ ਵੱਲੋਂ ਕੁੜਮਾਂ ਅਤੇ ਬਰਾਤੀਆਂ ਨੂੰ ਰੋਟੀ ਵੇਲੇ

ਭੱਜਿਆ ਫਿਰੇਂ ਵਿਚੋਲਿਆ ਵੇ ਕੋਈ ਬਣਿਆ ਫਿਰੇਂ ਵੇ ਤੂੰ ਮੁਖ਼ਤਿਆਰ
ਚਾਰ ਦਿਨਾਂ ਨੂੰ ਵੱਜਣਗੇ ਖੌਂਸੜੇ ਵੇ ਵਡਿਆ ਚੌਧਰੀਆ ਵੇ – ਤਿਆਰ।

ਹਰੇ ਵੇ ਸਾਫ਼ੇ ਵਾਲਿਆ, ਤੇਰੇ ਸਾਫ਼ੇ ’ਤੇ ਬੈਠੀ ਜੂੰ
ਹੋਰਾਂ ਨੇ ਛੱਡੀਆਂ ਗੋਰੀਆਂ, ਤੇਰੀ ਗੋਰੀ ਨੇ ਛੱਡਿਆ ਤੂੰ।

ਛੰਨਾ ਭਰਿਆ ਦੁੱਧ ਦਾ, ਕੁੜਮ ਜੀ ਠੰਡਾ ਕਰਕੇ ਪੀ
ਜੇ ਥੋਡਾ ਪੁੱਤ ਲਾਡਲਾ, ਵੇ ਸਾਡੀ ਪੁੱਤਾਂ ਬਰਾਬਰ ਧੀ।

ਡੋਲੀ ਤੋਰਨ ਵੇਲੇ

ਅੰਦਰ ਵੀ ਸਾਡੇ ਬੱਤਖਾਂ, ਕਰਦੀਆਂ ਬੱਤੋ ਬੱਤ
ਧੀ ਵਾਲਿਆਂ ਦੀ ਬੇਨਤੀ, ਜੀ ਅਸੀਂ ਬੰਨ੍ਹ ਖਲੋਤੇ ਹੱਥ।

ਵੇ ਜੀਜਾ ਡੱਬੀ ਸਾਡੀ ਕੱਚ ਦੀ, ਵਿੱਚ ਸੋਨੇ ਦੀ ਡਲੀ,
ਜੇ ਤੂੰ ਫੁੱਲ ਗੁਲਾਬ ਦਾ, ਸਾਡੀ ਭੈਣ ਚੰਬੇ ਦੀ ਵੇ ਜੀਜਾ ਸਾਡਿਆ ਵੇ ਕਲੀ।

ਵੇ ਜੀਜਾ ਗੱਡੀ ਤੇਰੀ ਰੁਣਝੁਣੀ, ਕੋਈ ਵਿੱਚ ਵਿਛਾਵਾਂ ਖੇਸ,
ਰੋਂਦੀ ਭੇਣ ਨੂੰ ਲੈ ਚੱਲੇ, ਸਾਡੀ ਕੋਈ ਨਾ ਜਾਂਦੀ ਵੇ ਅੰਤ ਪਿਆਰਿਆ ਵੇ ਪੇਸ਼।

ਛੰਨਾ ਭਰਿਆ ਦੁੱਧ ਦਾ, ਵੇ ਜੀਜਾ ਘੁੱਟੀਂ-ਘੁੱਟੀਂ ਪੀ,
ਮੂੰਹ ਤੇਰੇ ’ਤੇ ਲਾਲੀ ਨਾ, ਮਾਂ ਨਾ ਖੁਆਇਆ ਵੇ ਜੱਗ ਜਿਊਣਿਆ ਵੇ ਘੀ।

ਡੋਲੀ ਲੈ ਕੇ ਘਰ ਪਹੁੰਚਣ ਵੇਲੇ

ਉਤਰ ਭਾਬੋ ਗੱਡੀਓਂ, ਵੇਖ ਸਹੁਰੇ ਦਾ ਦੁਆਰ
ਕੰਧਾਂ ਚਿੱਤਮ-ਚਿੱਤੀਆਂ, ਕਲੀ ਚਮਕਦਾ ਬਾਰ।

ਉੱਤਰ ਵਹੁਟੀਏ ਡੋਲ਼ੀਓਂ, ਦੇਖ ਸਹੁਰੇ ਦਾ ਨੀਂ ਦੁਆਰ,
ਕੰਧਾਂ ਚਿੱਤਮ-ਚੀਤੀਆਂ, ਕੋਈ ਕਲੀ ਚਮਕਦੇ ਨੀਂ ਭਾਬੋ ਸਾਡੀਏ ਨੀਂ ਬਾਰ।

ਚੰਨਣ-ਚੌਂਕੀ ਮੈਂ ਡਾਹੀ ਭਾਬੋ, ਆਣ ਖਲੋਤੀ ਤੂੰ
ਮੁੱਖ ਤੋਂ ਪੱਲਾ ਚੱਕ ਦੇ, ਤੇਰਾ ਸਿਓਨੇ ਵਰਗਾ ਮੂੰਹ।

ਭਾਬੋ ਆਈ ਮਨ ਵਧਿਆ, ਵਿਹੜਾ ਵਧਿਆ ਗਜ਼ ਚਾਰ
ਗਜ਼-ਗਜ਼ ਵਧਿਆ ਚਉਂਤਰਾ, ਕੋਈ ਗਿੱਠ ਕੁ ਵਧਿਆ ਬਾਰ।

ਭਾਬੋ ਸੂਹੇ ਤੇਰੇ ਕੱਪੜੇ, ਕੋਈ ਕਾਲ਼ੇ ਤੇਰੇ ਨੀਂ ਕੇਸ,
ਧੰਨ ਜਿਗਰਾ ਤੇਰੇ ਮਾਪਿਆਂ, ਜਿਨ੍ਹਾਂ ਤੋਰ ਦਿੱਤੀ ਤੂੰ ਨੀਂ ਜੱਗੋਂ ਪਿਆਰੀਏ ਨੀਂ ਪਰਦੇਸ।

ਅੰਦਰ ਲਿਪਾਂ ਵੀਰਾ ਬਾਹਰ ਲਿਪਾਂ, ਵਿਹੜੇ ਕਰਾਂ ਛਿੜਕਾਅ,
ਮੱਥਾ ਟੇਕਣਾ ਭੁੱਲ ਗਿਆ, ਤੈਨੂੰ ਨਵੀਂ ਬੰਨੋ ਦਾ ਵੇ ਵੀਰਨ ਸਾਡਿਆ ਵੇ ਚਾਅ।

ਨੀਂ ਕੁੜੀਏ ਚੁਟਕੀ ਮਾਰਾਂ ਰਾਖ਼ ਦੀ, ਕਿਆ ਨੀਂ ਤੈਨੂੰ ਲਵਾਂ ਰੁਮਾਲ ਬਣਾ,
ਅਤਰ ਫੁਲੇਲ ਲਗਾਇਕੇ, ਤੈਨੂੰ ਜੇਬ ’ਚ ਲਵਾਂ ਮੈਂ ਨੀਂ ਅੰਤ ਪਿਆਰੀਏ ਨੀਂ ਪਾ।

  • ਮੁੱਖ ਪੰਨਾ : ਪੰਜਾਬੀ ਲੋਕ ਕਾਵਿ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ