Punjabi Ghazals : Barkat Ram Yuman

ਪੰਜਾਬੀ ਗ਼ਜ਼ਲਾਂ : ਬਰਕਤ ਰਾਮ ਯੁਮਨ

1. ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ

ਜ਼ੁਬਾਨੋ ਨਿਕਲਦੇ ਸ਼ਬਦੋ ! ਵਿਨੈ ਦਾ ਰੂਪ ਪਲਟਾਓ ।
ਖ਼ਿਆਲੋ ! ਸਿਮਟਕੇ ਪ੍ਰੀਤਮ ਦੀ ਮਿੱਠੀ ਯਾਦ ਬਣ ਜਾਓ ।

ਤੁਹਾਡੇ ਹੰਝੂਆਂ ਦਾ ਅੱਖੀਓ ! ਕੁਝ ਮੁੱਲ ਪੈ ਸਕਦੈ,
ਜੇ ਇੰਜ ਥਾਂ ਥਾਂ ਤੇ ਇਹਨਾਂ ਮੋਤੀਆਂ ਦੇ ਢੇਰ ਨਾ ਲਾਓ ।

ਛੁਰੀ ਪੁੱਟੀ ਗਈ ਸੀਨੇ 'ਚੋਂ ਤਾਂ ਕੁਝ ਸੁਆਦ ਨਹੀਂ ਰਹਿਣਾ,
ਦਿਆਲੂ ਕਾਤਿਲੋ ! ਜਿੰਦ ਨੂੰ ਅਜੇ ਕੁਝ ਹੋਰ ਤੜਫਾਓ ।

ਇਹ ਲੁਕ ਲੁਕ ਸੁਫ਼ਨਿਆਂ ਵਿਚ ਆਉਣ ਵੀ ਕੋਈ ਆਉਣ ਹੁੰਦਾ ਏ?
ਖੁਲ੍ਹੇ ਦਰ ਅੱਖੀਆਂ ਦੇ ਨੇ ਝਿਜਕ ਕਾਹਦੀ ? ਚਲੇ ਆਓ ।

ਮਿਲਣ ਵਾਲੇ ਤਾਂ ਅੜੀਓ ! ਅੰਤਲੇ ਦਮ ਵੀ ਨੇ ਆ ਮਿਲਦੇ,
ਅਜੇ ਮਾਯੂਸ ਨਾ ਹੋਵੋ ਨੀ ਡਾਵਾਂਡੋਲ ਆਸਾਓ ।

ਸੰਭਲ ਜਾਈਏ ਤਾਂ ਮੁਸ਼ਕਿਲ ਦੂਰ ਨਸ ਜਾਂਦੀ ਏ ਰਾਹ ਛੱਡ ਕੇ,
ਤਰੌਹ ਕੁਝ ਹੋਰ ਵੱਧ ਜਾਂਦੈ ਤੁਸੀਂ ਜਿੰਨਾ ਵੀ ਘਬਰਾਓ ।

ਕਿਸੇ ਦੇ ਨਖ਼ਰਿਆਂ ਨੇ ਭੇਂਟ ਹਾਲਾਂ ਹੋਰ ਮੰਗਣੀ ਏਂ,
ਨੀ ਰੀਝੋ ਰਹਿੰਦੀਓ ! ਐਵੇਂ ਨਾ ਝੁਰ ਝੁਰ ਮਰਦੀਆਂ ਜਾਓ ।

ਤੁਹਾਡੇ ਆਉਣ ਤੇ ਬਿਰਹੋਂ ਦੇ ਭਾਂਬੜ ਹੋਰ ਵੀ ਭੜਕੇ,
ਸੱਜਣ ਦੇ ਸ਼ਹਿਰ ਵਿਚਦੀ ਹੋ ਕੇ ਆਈਓ ਠੰਢੀਓ ਵਾਓ ।

'ਯੁਮਨ' ਜੀ, ਕੀ ਮੁਸੀਬਤ ਮੰਗ ਲਈ ਜੇ ਇਸ਼ਕ ਗਲ ਪਾ ਕੇ,
ਕਿ ਇਕ ਪਲ ਪਿਆਰ ਕਰ ਬੈਠੇ ਤਾਂ ਸਾਰੀ ਉਮਰ ਪਛਤਾਓ ।

2. ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ

ਔਖਾ ਏ ਵਿਛੋਤਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ ।
ਜਿੱਧਰ ਵੀ ਨਜ਼ਰ ਕੀਤੀ, ਓਧਰ ਹੀ ਧਰੀ ਮੁਸ਼ਕਿਲ ।

ਉਹ ਮਿਲ ਕੇ ਕਦੋਂ ਬੈਠਾ, ਉਹ ਰਲ ਕੇ ਕਦੋਂ ਟੁਰਿਆ,
ਜਿਸ ਕਹਿ ਤਾਂ ਲਈ ਸੌਖੀ, ਪਰ ਸੁਣ ਕੇ ਜਰੀ ਮੁਸ਼ਕਿਲ ।

ਦੁਸ਼ਮਣ ਵੀ ਨਾ ਫਸ ਜਾਵੇ, ਜ਼ੁਲਫ਼ਾਂ ਦੇ ਸਿਕੰਜੇ ਵਿਚ,
ਇਸ ਫਾਹੀ 'ਚ ਜੋ ਫਸਿਆ, ਹੋਵੇਗਾ ਬਰੀ ਮੁਸ਼ਕਿਲ ।

ਭੁੱਲ ਕੇ ਵੀ ਹਵਸ ਉੱਤੇ, ਠੱਗਿਆ ਨ ਦਿਲਾ ਜਾਵੀਂ,
ਜੜ੍ਹ ਚੱਟੀ ਹੋਈ ਇਹਦੀ, ਹੁੰਦੀ ਏ ਹਰੀ ਮੁਸ਼ਕਿਲ ।

ਦਮ ਗਿਣਵੇਂ 'ਯੁਮਨ' ਰਹਿ ਗਏ, ਔਖੀ ਏ ਦਵਾ ਫੁਰਨੀ,
ਬਸ ਚਾਰਾਗਰੋ ਜਾਵੋ, ਹੁਣ ਚਾਰਾਗਰੀ ਮੁਸ਼ਕਿਲ ।

3. ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ

ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ ।
ਕੁਝ ਨਾ ਕੁਝ ਤਾਂ ਪੀ ਕੇ ਠੇਡੇ ਖਾਣ ਦੇ ਵਿਚ ਹੈ ਸਵਾਦ ।

ਪੀਣ ਵਿਚ ਵੀ ਰਿੰਦ ਨੂੰ ਓਨਾ ਨ ਸ਼ਾਇਦ ਮਿਲ ਸਕੇ,
ਸਾਕੀਆ! ਜਿੰਨਾ ਤੇਰੇ ਤਰਸਾਣ ਦੇ ਵਿਚ ਹੈ ਸਵਾਦ ।

ਚੁੱਪ ਨ ਕਰ ਮੁੱਲਾਂ ! ਜ਼ਰਾ ਟੁਰਿਆ ਚਲ ਆਪਣੀ ਲੀਕ ਤੇ,
ਆਉਣ ਲੱਗਾ ਕੁਝ ਤੇਰੇ ਸਮਝਾਣ ਦੇ ਵਿਚ ਹੈ ਸਵਾਦ ।

ਤੂੰ ਸਮਝਨਾ ਏਂ, ਤੇਰੇ ਖੁਲ੍ਹ ਜਾਣ ਲਈ ਹਾਂ ਲੋਚਦਾ ?
ਮੈਥੋਂ ਪੁੱਛ, ਕਿੰਨਾ ਤੇਰੇ ਸ਼ਰਮਾਣ ਦੇ ਵਿਚ ਹੈ ਸਵਾਦ ।

ਦਿਲ ਤੋਂ ਚਾਹੁੰਦੇ ਵੀ ਜ਼ਬਾਨੋ ਹਾਂ ਕਿਉਂ ਨਹੀਂ ਆਖਦੇ,
ਆਪ ਹੀ ਜਾਣੋ ਕਿ ਕੀ ਕਲਪਾਣ ਦੇ ਵਿਚ ਹੈ ਸਵਾਦ ।

ਕੀ ਸਵਾਦ ਆਇਆ 'ਯੁਮਨ' ਇਸ਼ਕੋਂ ਬਚਾ ਲਈ ਜ਼ਿੰਦਗੀ ?
ਯਾਰ ਦੇ ਨਾਂ ਤੋਂ ਫਿਦਾ ਹੋ ਜਾਣ ਦੇ ਵਿਚ ਹੈ ਸਵਾਦ ।

4. ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ

ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ ? ਨ ਪੁੱਛ
ਰਾਤ ਉਸਦੀ ਗਿਣਦਿਆਂ ਤਾਰੇ ਕਿਵੇਂ ਬੀਤੀ ? ਨ ਪੁੱਛ

ਪੀ ਲਈਂ ਜਿਥੋਂ ਵੀ ਜਿੰਨੀ ਵੀ ਜਿਹੋ ਜਿਹੀ ਮਿਲ ਗਈ,
ਕਿੰਨੀ ਕਿਉਂ ਕਿਥੋਂ ਕਿਹੋ ਜਿਹੀ ਤੇ ਕਦੋਂ ਪੀਤੀ ? ਨ ਪੁੱਛ

ਚੀਜ਼ ਸੀ ਵੇਖਣ ਦੀ ਇਹ ਈਸਾ ਜੇ ਅੱਖੀਂ ਵੇਖਦੋਂ
ਆਖ਼ਰੀ ਹਿਚਕੀ ਤੇਰੇ ਬੀਮਾਰ ਕਿੰਝ ਲੀਤੀ ? ਨ ਪੁੱਛ

ਵੇਖ ਲਈ ਦੁਨੀਆ ਤੇਰੀ ਓਇ ਮਾਲਿਕਾ ਦੁਨੀਆ ਦਿਆ,
ਤੇਰੀ ਦੁਨੀਆ ਵਿਚ 'ਯੁਮਨ' ਦੇ ਨਾਲ ਕੀ ਬੀਤੀ ? ਨ ਪੁੱਛ

5. ਪਤਾ ਵੀ ਸੂ ਕਿਸੇ ਤੇ ਵਿਛੜਣ ਵਿਚ ਨੁਕਸਾਨ ਕਿੰਨਾ ਏ

ਪਤਾ ਵੀ ਸੂ ਕਿਸੇ ਤੇ ਵਿਛੜਣ ਵਿਚ ਨੁਕਸਾਨ ਕਿੰਨਾ ਏ।
ਵਸਾਹ ਮੁੜ ਵੀ ਕਰੀ ਜਾਂਦਾ, ਇਹ ਦਿਲ ਨਾਦਾਨ ਕਿੰਨਾ ਏ।

ਭਰੀ ਮਹਿਫ਼ਿਲ ’ਚੋਂ ਮੈਨੂੰ ਈਂ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿਚ ਵੀ ਮਾਣ ਕਿੰਨਾ ਏ?

ਨਿਰਾਸ਼ਾ, ਬੇਵਸੀ, ਹਸਰਤ, ਪਰੇਸ਼ਾਨੀ, ਪਸ਼ੇਮਾਨੀ,
ਉਜੜ ਗਏ ਦਿਲ ਦੇ ਪਰਚਣ ਲਈ, ਅਜੇ ਸਾਮਾਨ ਕਿੰਨਾ ਏ?

ਜਿੱਚਰ ਛੱਲਾਂ ਦੇ ਵਿਚ ਫਸੀਏ ਨਾ, ਅੰਦਾਜ਼ੇ ਨਹੀਂ ਲਗਦੇ,
ਕਿਨਾਰੇ ਬੈਠਿਆਂ ਨੂੰ ਕੀ ਪਤਾ, ਤੂਫ਼ਾਨ ਕਿੰਨਾ ਏ?

‘ਯੁਮਨ’ ਭਗਵਾਨ ਬਣ ਸਕਦੈ ਕਿ ਨਹੀਂ, ਇਹ ਫੇਰ ਸੋਚਾਂਗੇ,
ਅਜੇ ਤਾਂ ਜਾਚਣਾ ਏਂ ਇਹ ਆਦਮੀ ਇਨਸਾਨ ਕਿੰਨਾ ਏ?

6. ਦੋਸਤ ਆਪਣੇ ਇਸ ਤਰ੍ਹਾਂ ਕੁਝ ਕਰਮ ਫ਼ਰਮਾਂਦੇ ਰਹੇ

ਦੋਸਤ ਆਪਣੇ ਇਸ ਤਰ੍ਹਾਂ ਕੁਝ ਕਰਮ ਫ਼ਰਮਾਂਦੇ ਰਹੇ ।
ਦੁਸ਼ਮਣਾਂ ਦੀ ਦੁਸ਼ਮਣੀ ਦੇ ਕੁਲ ਗਿਲੇ ਜਾਂਦੇ ਰਹੇ ।

ਰਹਿਮਤਾਂ ਤੋਂ ਫ਼ੈਜ਼ ਕੀ ਪਾਣਾ ਸੀ ਉਹਨਾਂ ਬੁਜ਼ਦਿਲਾਂ,
ਕਹਿਰ ਤੋਂ ਡਰਦੇ ਗੁਨਾਹ ਕਰਦੇ ਜੋ ਘਬਰਾਂਦੇ ਰਹੇ ।

ਕੁਝ ਸਚਾਈਆਂ ਨੇ ਭਰਮ ਦਿਲ ਦਾ ਗਵਾਇਆ ਬਾਰ ਬਾਰ,
ਕੁਝ ਭੁਲੇਖੇ ਸਨ ਕਿ ਜੋ ਰਹਿ ਰਹਿ ਕੇ ਭਰਮਾਂਦੇ ਰਹੇ ।

ਕਿਸ ਕਦਰ ਘਾਟੇ ਦਾ ਸੌਦਾ ਸੀ 'ਯੁਮਨ' ਸਾਡਾ ਪਿਆਰ,
ਪਲ ਕੁ ਪਲ ਹੱਸਣ ਤੇ ਸਾਰੀ ਉਮਰ ਪਛਤਾਂਦੇ ਰਹੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਬਰਕਤ ਰਾਮ ਯੁਮਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ